ਅਸੰਖ ਜਪ; ਅਸੰਖ ਭਾਉ ॥ ਅਸੰਖ ਪੂਜਾ; ਅਸੰਖ ਤਪ ਤਾਉ ॥ ਅਸੰਖ; ਗਰੰਥ ਮੁਖਿ ਵੇਦ ਪਾਠ ॥ ਅਸੰਖ ਜੋਗ; ਮਨਿ ਰਹਹਿ ਉਦਾਸ ॥ ਅਸੰਖ ਭਗਤ; ਗੁਣ ਗਿਆਨ ਵੀਚਾਰ ॥ ਅਸੰਖ ਸਤੀ; ਅਸੰਖ ਦਾਤਾਰ ॥ ਅਸੰਖ ਸੂਰ; ਮੁਹ ਭਖ ਸਾਰ ॥ ਅਸੰਖ ਮੋਨਿ; ਲਿਵ ਲਾਇ ਤਾਰ ॥ ਕੁਦਰਤਿ ਕਵਣ; ਕਹਾ ਵੀਚਾਰੁ ॥ ਵਾਰਿਆ ਨ ਜਾਵਾ; ਏਕ ਵਾਰ ॥ ਜੋ ਤੁਧੁ ਭਾਵੈ; ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ; ਨਿਰੰਕਾਰ ! ॥੧੭॥
ਉਚਾਰਨ ਸੇਧ: ਰਹਹਿਂ, ਮੁੰਹ, ਕਹਾਂ, ਜਾਵਾਂ।
(ਨੋਟ: ਇਸ (69 ਸ਼ਬਦਾਂ ਵਾਲੀ) ਪਉੜੀ ਦਾ ਵਿਸ਼ਾ, ਪਿਛਲੀ ਪਉੜੀ ਨੰਬਰ 16 ਦੇ ਵਿਸ਼ੇ ‘‘ਕਰਤੇ ਕੈ ਕਰਣੈ, ਨਾਹੀ ਸੁਮਾਰੁ ॥’’ਵਿੱਚੋਂ ਕੇਵਲ ਉਸ ਪੱਖ ਨੂੰ ‘ਨਿਰਾਕਾਰ’ ਦੇ ਸਨਮੁਖ ਬਿਆਨ ਕੀਤਾ ਗਿਆ ਹੈ, ਜਿਸ ਨੂੰ ਦੁਨਿਆਵੀ (ਮਨੁੱਖੀ) ਸੋਚ ਆਸਤਿਕ ਨਜ਼ਰੀਏ ਨਾਲ ਵੇਖਦੀ ਹੈ। ਇਸ ਲਈ ਪਉੜੀ ਨੰਬਰ 17, 18 ਤੇ 19 ਵਿੱਚ ਦਰਜ ਜ਼ਿਆਦਾਤਰ ਨਾਂਵ, ਵਿਸ਼ੇਸ਼ਣ ਤੇ ਕਿਰਿਆ ਵਾਚੀ ਸ਼ਬਦ ਬਹੁ ਵਚਨ ਹਨ, ਸਿਵਾਏ ਤਿੰਨੇ ਪਉੜੀਆਂ ਦੀਆਂ ਅਖ਼ੀਰਲੀਆਂ 4 ਤੁਕਾਂ ਦੇ, ਜੋ ‘ਨਿਰਾਕਾਰ’ ਨੂੰ ਸੰਬੋਧਨ ਰੂਪ ’ਚ ਬਿਆਨ ਕਰਨ ਵਾਸਤੇ, ਉੱਤਮ ਪੁਰਖ (ਇੱਕ ਵਚਨ) ਵੱਲੋਂ ਬੇਨਤੀ ਕੀਤੀ ਗਈ ਹੈ।
ਇਸ ਪਉੜੀ ਵਿੱਚ ਦਰਜ ਜ਼ਿਆਦਾਤਰ ਬਹੁ ਵਚਨ ਨਾਂਵ (‘ਜਪ, ਭਾਉ, ਪੂਜਾ, ਤਪ ਤਾਉ, ਪਾਠ, ਉਦਾਸ, ਵੀਚਾਰ’ ਜੋਗ ਆਦਿ) ਸ਼ਬਦਾਂ ਨੂੰ ‘ਭਾਵ ਵਾਚਕ ਨਾਂਵ’ ਮੰਨਣ ਦੀ ਬਜਾਏ ‘ਆਮ ਨਾਂਵ’ ਮੰਨਣਾ ਵਧੇਰੇ ਸਾਰਥਕ ਰਹੇਗਾ; ਜਿਵੇਂ: ‘ਜਪ ਕਰਨ ਵਾਲੇ (ਜਪੀ), ਪਿਆਰ ਕਰਨ ਵਾਲੇ (ਪ੍ਰੇਮੀ), ਪੂਜਾ ਕਰਨ ਵਾਲੇ (ਪੂਜਾਰੀ), ਤਪਾਂ ਦਾ ਸੇਕ ਸਹਾਰਨ ਵਾਲੇ (ਤਪੱਸਵੀ), ਪਾਠ ਕਰਨ ਵਾਲੇ (ਪਾਠੀ), ਉਦਾਸ (ਤਿਆਗ) ਧਾਰਨ ਵਾਲੇ (ਤਿਆਗੀ), ਵੀਚਾਰ ਕਰਨ ਵਾਲੇ (ਵਿਚਾਰ ਸ਼ਾਸਤਰੀ), ਜੋਗ ਭਾਵ ਜੋਗੀ’ ਆਦਿ ਕਿਉਂਕਿ ਪ੍ਰਚੱਲਤ ਅਰਥ ਇਉਂ ਕੀਤੇ ਹਨ ਕਿ ‘ਅਸੰਖ ਜੀਵ ਜਪ ਕਰ ਰਹੇ ਹਨ’ ਪਰ ਇਉਂ ਅਰਥ ਕੀਤਿਆਂ ‘ਜਪੁ’ (ਤਪੁ, ਜੋਗੁ,ਅੰਤ ਔਕੜ) ਹੋਣਾ ਸੀ ਜਦਕਿ ਇਸ ਪਉੜੀ ’ਚ ‘ਅਸੰਖ’ (ਵਿਸ਼ੇਸ਼ਣ) ਆਪਣੇ ਸਾਰੇ ਹੀ ਨਾਂਵ ਸ਼ਬਦਾਂ ਨੂੰ ਬਹੁ ਵਚਨ ਬਣਾ ਰਿਹਾ ਹੈ, ਇਸ ਲਈ ‘‘ਕਰਤੇ ਕੈ ਕਰਣੈ, ਨਾਹੀ ਸੁਮਾਰੁ ॥’’ ਨੂੰ ਬਿਆਨ ਕਰਨ ਲਈ ਆਮ ਨਾਂਵ ਸ਼ਬਦਾਂ ਦੀ ਜ਼ਰੂਰਤ ਹੈ, ਨਾ ਕਿ ਭਾਵ ਵਾਚਕ ਨਾਂਵ ‘ਜਪ, ਤਪ, ਜੋਗ’ ਆਦਿ ਦੀ।)
ਪਦ ਅਰਥ: ਅਸੰਖ-ਸੰਖ (‘100 ਹਜ਼ਾਰ= 1 ਲੱਖ, 100 ਲੱਖ= 1 ਕ੍ਰੋੜ, 100 ਕ੍ਰੋੜ= 1 ਅਰਬ, 100 ਅਰਬ=1 ਖਰਬ, 100 ਖਰਬ= 1 ਨੀਲ, 100 ਨੀਲ= 1 ਪਦਮ, 100 ਪਦਮ = 1 ਸੰਖ’ ਭਾਵ 1 ਨੂੰ 17 ਬਿੰਦੀਆਂ, ਸੰਖਿਅਕ ਵਿਸ਼ੇਸ਼ਣ), ਜਿਸ ਦੇ ਅਗੇਤਰ ‘ਅ’ ਲੱਗਣ ਨਾਲ ਅਰਥ ਅਣਗਿਣਤ (ਬੇਸ਼ੁਮਾਰ) ਬਣ ਗਿਆ।, ਤਪ ਤਾਉ-ਤਪਾਂ ਦਾ ਤਪਣਾ (ਸੇਕ) (‘ਤਪ’ ਬਹੁ ਵਚਨ ਨਾਂਵ ਤੇ ‘ਤਾਉ’ ਇੱਕ ਵਚਨ)।, ਮੁਖਿ– ਮੂੰਹ ਨਾਲ (ਕਰਣ ਕਾਰਕ) ਜਾਂ ਮੂੰਹ ਤੋਂ (ਅਪਾਦਾਨ ਕਾਰਕ)।, ਜੋਗ- ਜੋਗੀ (ਬਹੁ ਵਚਨ ਨਾਂਵ)।, ਮਨਿ– ਮਨ ਵਿੱਚ (ਅਧਿਕਰਣ ਕਾਰਕ)।, ਰਹਹਿ– ਰਹਿੰਦੇ ਹਨ (ਬਹੁ ਵਚਨ ਕਿਰਿਆ)।, ਉਦਾਸ-ਉਪਰਾਮ (ਵਿਰਕਤ, ਤਿਆਗੀ, ਬਹੁ ਵਚਨ ਨਾਂਵ)।, ਸਤੀ-ਸੰਤੋਖੀ (ਬਹੁ ਵਚਨ ਨਾਂਵ)।, ਦਾਤਾਰ-ਦਾਤੇ (ਬਹੁ ਵਚਨ ਨਾਂਵ)।, ਸੂਰ-ਸੂਰਮੇ, ਜੋਧੇ (ਬਹੁ ਵਚਨ ਨਾਂਵ)।, ਭਖ– ਖਾਣਾ, ਸਹਾਰਨਾ (ਇਸਤ੍ਰੀ ਲਿੰਗ ਨਾਂਵ)।, ਮੁਹ ਭਖ ਸਾਰ– ਮੂੰਹਾਂ ’ਤੇ ਸਾਰ (ਲੋਹਾ, ਜੰਗੀ ਹਥਿਆਰਾਂ ਦੇ ਹਮਲੇ) ਸਹਾਰਨ ਵਾਲੇ (ਬਹੁ ਵਚਨ ਨਾਂਵ)। ਮੋਨਿ– ਮੋਨੀ (ਮੂੰਹੋਂ ਕੁਝ ਨਾ ਬੋਲਣ ਵਾਲੇ, ਬਹੁ ਵਚਨ )।, ਲਿਵ ਲਾਇ ਤਾਰ– (ਮੋਨ ਧਾਰਨ ਦੀ) ਇੱਕ ਤਾਰ ਸਮਾਧੀ ਲਗਾਉਣੀ (‘ਲਿਵ ਤੇ ਤਾਰ’– ਇਸਤ੍ਰੀ ਲਿੰਗ ਅਤੇ ‘ਲਾਇ’ ਲਾ ਕੇ (ਕਿਰਿਆ ਵਿਸ਼ੇਸ਼ਣ),ਕੁਦਰਤਿ ਕਵਣ– ਮੇਰੀ ਕੀ ਤਾਕਤ ਹੈ?, ਏਕ ਵਾਰ– ਇੱਕ ਵਾਰੀ ਵੀ (ਸੰਖਿਅਕ ਕਿਰਿਆ ਵਿਸ਼ੇਸ਼ਣ)।, ਭਾਵੈ– ਪਸੰਦ ਹੈ (ਇੱਕ ਵਚਨ ਅਨ੍ਯ ਪੁਰਖ ਕਿਰਿਆ)।
‘‘ਅਸੰਖ ਜਪ; ਅਸੰਖ ਭਾਉ ॥’’ ਇਸ ਵਾਕ ’ਚ ਦਰਜ ‘ਅਸੰਖ’ ਸ਼ਬਦ ਗੁਰਬਾਣੀ ਵਿੱਚ 59 ਵਾਰ ਦਰਜ ਹੈ, ਜਿਨ੍ਹਾਂ ਵਿੱਚੋਂ 12 ਵਾਰ ਕੇਵਲ ਇਨ੍ਹਾਂ ਤਿੰਨ ਪਉੜੀਆਂ ਵਿੱਚ ਹੀ ਦਰਜ ਹੈ, ਜੋ ਹਮੇਸ਼ਾਂ ਗਿਣਤੀ ਦਾ ਸੂਚਕ ਹੈ; ਜਿਵੇਂ:
‘‘ਖੋਜਤ ਫਿਰੇ ‘ਅਸੰਖ’, ਅੰਤੁ ਨ ਪਾਰੀਆ ॥’’ (ਮ: ੫/੨੪੦)
‘‘ਜੋ ਮਨਿ ਚਿਤਿ ਇਕੁ ਅਰਾਧਦੇ, ਤਿਨ ਕੀ ਬਰਕਤਿ ਖਾਹਿ, ‘ਅਸੰਖ’ ਕਰੋੜੇ ॥’’ (ਮ: ੪/੩੦੬)
‘‘ਜਾ ਕਉ ਖੋਜਹਿ ‘ਅਸੰਖ’ ਮੁਨੀ, ਅਨੇਕ ਤਪੇ ॥’’ (ਮ: ੫/੪੫੫)
‘‘ਅਸੰਖ’’ ਕੋਟਿ, ਅਨ ਪੂਜਾ ਕਰੀ ॥’’ (ਭਗਤ ਨਾਮਦੇਵ/੧੧੬੩)
‘‘ਕਟੇ ਪਾਪ ‘ਅਸੰਖ’, ਨਾਵੈ (ਨਾਮ ਦੀ) ਇਕ ਕਣੀ ॥’’ (ਮ: ੧/੧੨੮੩)
‘‘ਖੰਡ ਪਤਾਲ ‘ਅਸੰਖ’, ਮੈ ਗਣਤ ਨ ਹੋਈ ॥’’ (ਮ: ੧/੧੨੮੩)
‘‘ਸੁਤੜੇ ‘ਅਸੰਖ’, ਮਾਇਆ ਝੂਠੀ ਕਾਰਣੇ ॥’’ (ਮ: ੫/੧੪੨੫) ਆਦਿ।
ਗੁਰੂ ਨਾਨਕ ਸਾਹਿਬ ਜੀ ‘ਅਸੰਖ’ ਸ਼ਬਦ ਨੂੰ ‘ਸੰਖ’ ਸ਼ਬਦ ਦੇ ਅਗੇਤਰ ‘ਅ’ ਲਗਾ ਕੇ ਇਉਂ ਬਿਆਨ ਕਰ ਰਹੇ ਹਨ: ‘‘ਕਰਮ ਧਰਮ ਬਹੁ, ਸੰਖ ਅਸੰਖ ॥’’ (ਮ: ੧/੪੧੩)
‘ਜਪ’-ਇਹ (ਅੰਤ ਮੁਕਤਾ) ਸ਼ਬਦ ਗੁਰਬਾਣੀ ਵਿੱਚ 40 ਵਾਰ ਦਰਜ ਹੈ, ਜਿਸ ਵਿੱਚੋਂ 39 ਵਾਰ ਨਾ-ਪੱਖੀ ਸੋਚ (‘‘ਸਭਿ ਜਪ ਸਭਿ ਤਪ, ਸਭ ਚਤੁਰਾਈ ॥ (ਮ: ੧/੪੧੨), ਇਕਿ ਜਪ ਤਪ ਕਰਿ ਕਰਿ, ਤੀਰਥ ਨਾਵਹਿ ॥’’ (ਮ: ੧/੧੦੨੪) ਆਦਿ।) ਲਈ ਦਰਜ ਹੈ ਪਰ ਕੇਵਲ ਇੱਕ ਵਾਰ ਹਾਂ-ਪੱਖੀ ਸੋਚ ‘‘ਜਪ ਤਪ ਕਾ ਬੰਧੁ ਬੇੜੁਲਾ, ਜਿਤੁ ਲੰਘਹਿ ਵਹੇਲਾ ॥’’ (ਮ: ੧/੭੨੯) ਖ਼ਾਤਰ ਦਰਜ ਹੈ। ਵਧੇਰੇ ਜਾਣਕਾਰੀ ਲਈ ਵੇਖੋ ‘ਜਪੁ’ ਸਿਰਲੇਖ ਦੀ ਵਿਆਖਿਆ।
‘‘ਅਸੰਖ ਪੂਜਾ; ਅਸੰਖ ਤਪ ਤਾਉ ॥’’-ਇਸ ਪੰਕਤੀ ’ਚ ਦਰਜ ‘ਪੂਜਾ’ ਸ਼ਬਦ ਗੁਰਬਾਣੀ ਵਿੱਚ 107 ਵਾਰ ਦਰਜ ਹੈ; ਜਿੱਥੇ ਗੁਰੂ ਜੀ ਨੇ ‘‘ਪੂਜਾ ਕਰੈ ਸਭੁ ਲੋਕੁ ਸੰਤਹੁ ! ਮਨਮੁਖਿ ਥਾਇ ਨ ਪਾਈ ॥’’ (ਮ: ੩/੯੧੦)
‘‘ਪੂਜਾ ਕਰਹਿ ਪਰੁ ਬਿਧਿ ਨਹੀ ਜਾਣਹਿ, ਦੂਜੈ ਭਾਇ ਮਲੁ ਲਾਈ ॥’’ (ਮ: ੩/੯੧੦)
‘‘ਅੰਤਰਿ ‘ਪੂਜਾ’ ਪੜਹਿ ਕਤੇਬਾ, ਸੰਜਮੁ ਤੁਰਕਾ ਭਾਈ ॥’’ (ਮ: ੧/੪੭੧)
‘‘ਜਪੁ ਤਪ ਸੰਜਮ ਵਰਤ ਕਰੇ ਪੂਜਾ, ਮਨਮੁਖ ਰੋਗੁ ਨ ਜਾਈ ॥’’ (ਮ: ੪/੭੩੨) ਆਦਿ ਪਾਵਨ ਵਾਕਾਂ ਰਾਹੀਂ ਗੁਰਸਿੱਖਾਂ ਨੂੰ (ਅਖੌਤੀ ਪੂਜਾ ਤੋਂ) ਸੁਚੇਤ ਕੀਤਾ ਹੈ ਉੱਥੇ ‘‘ਹਰਿ ਕੀ ਪੂਜਾ ਦੁਲੰਭ (ਮੁਸ਼ਕਲ ਨਾਲ ਮਿਲਦੀ) ਹੈ ਸੰਤਹੁ ! ਕਹਣਾ ਕਛੂ ਨ ਜਾਈ ॥’’ (ਮ: ੩/੯੧੦) ਬਖਿਆਨ ਕਰਕੇ ‘‘ਪੂਜਾ ਕੀਚੈ, ਨਾਮੁ ਧਿਆਈਐ; ਬਿਨੁ ਨਾਵੈ, ‘ਪੂਜ’ ਨ ਹੋਇ ॥’’ (ਮ: ੧/੪੮੯)
‘‘ਸਤਿਗੁਰੁ ਹੈ ਗਿਆਨੁ, ਸਤਿਗੁਰੁ ਹੈ ‘ਪੂਜਾ’ ॥’’ (ਮ: ੪/੧੦੬੯)
‘‘ਕਬੀਰ ! ਪਾਪੀ ਭਗਤਿ ਨ ਭਾਵਈ, ਹਰਿ ‘ਪੂਜਾ’ ਨ ਸੁਹਾਇ ॥’’ (ਭਗਤ ਕਬੀਰ/੧੩੬੮) ਆਦਿ, ਵਾਕਾਂ ਰਾਹੀਂ ਰੱਬੀ ਪੂਜਾ (ਸੱਚੀ ਭਗਤੀ) ਕਰਨ ਲਈ ਪ੍ਰੇਰਿਤ ਕੀਤਾ ਗਿਆ ਹੈ ਪਰ ਸੰਬੰਧਤ ਪੰਕਤੀ ਵਿੱਚ ਅਸਲੀ-ਨਕਲੀ ਪੂਜਾ ਦਾ ਵਰਣਨ ਨਹੀਂ ਬਲਕਿ‘‘ਤੇਰੀ ਅਨਿਕ ਤੇਰੀ ਅਨਿਕ ਕਰਹਿ, ਹਰਿ ਪੂਜਾ ਜੀ ! ਤਪੁ ਤਾਪਹਿ ਜਪਹਿ ਬੇਅੰਤਾ ॥’’ (ਆਸਾ ਸੋ ਪੁਰਖ) ਸਿਧਾਂਤ ਨੂੰ ਰੂਪਮਾਨ ਕੀਤਾ ਗਿਆ ਹੈ।
‘‘ਤਪ ਤਾਉ ॥’’- ਇਹ ਜੁੜਤ ਸ਼ਬਦ ਗੁਰਬਾਣੀ ਵਿੱਚ 3 ਵਾਰ (ਗੁਰੂ ਨਾਨਕ ਸਾਹਿਬ ਜੀ ਦੁਆਰਾ) ਦਰਜ ਹੈ, ਜਿਸ ਦਾ ਅਰਥ ਹੈ‘ਤਪਾਂ ਦਾ ਤਾਉ’ (ਸੇਕ, ਗ਼ਰਮੀ)। ਸੰਬੰਧਤ ਪੰਕਤੀ ਤੋਂ ਇਲਾਵਾ 2 ਵਾਰ ਹੋਰ ਦਰਜ ਹੈ; ਜਿਵੇਂ:
‘‘ਭਉ ਖਲਾ, ਅਗਨਿ ‘ਤਪ ਤਾਉ’ ॥’’ (ਜਪੁ /ਮ: ੧)
‘‘ਹੋਇ ਅਨੰਦੁ, ਸਦਾ ਮਨਿ ਚਾਉ ॥ ਏਹਾ ਭਗਤਿ, ਏਹੋ ‘ਤਪ ਤਾਉ’ ॥’’ (ਮ: ੧/੩੫੦)
ਸੋ, ਅਸੰਖ ਜਪ; ਅਸੰਖ ਭਾਉ ॥ ਅਸੰਖ ਪੂਜਾ; ਅਸੰਖ ਤਪ ਤਾਉ ॥’’ ਭਾਵ ਹੇ ਨਿਰਾਕਾਰ ਮਾਲਕ ! (ਤੇਰੇ ਦੁਆਰਾ ਰਚੇ ਸੰਸਾਰ ’ਚ ਤੈਨੂੰ ਖ਼ੁਸ਼ ਕਰਨ ਲਈ) ਬੇਸ਼ੁਮਾਰ ਜਪ, ਤਪ, ਪਿਆਰ, ਪੂਜਾ-ਪਾਠ ਕੀਤੇ ਜਾ ਰਹੇ ਹਨ ਤੇ ਅਣਗਿਣਤ ਤਪਾਂ ਰਾਹੀਂ ਗਰਮਾਇਸ਼ ਝੱਲੀ ਜਾ ਰਹੀ ਹੈ।
‘‘ਅਸੰਖ; ਗਰੰਥ ਮੁਖਿ ਵੇਦ ਪਾਠ ॥’’-ਇਸ ਵਾਕ ਵਿੱਚ ‘ਅਸੰਖ’ ਸ਼ਬਦ ‘ਗਰੰਥ’ ਸ਼ਬਦ ਦਾ ਵਿਸ਼ੇਸ਼ਣ ਨਹੀਂ ਕਿਉਂਕਿ ਇਸ ਵਾਕ ਵਿੱਚ ਦਰਜ ਸ਼ਬਦ ‘ਮੁਖਿ’ ਦਾ ਅਰਥ ਹੈ ‘ਮੂੰਹ ਨਾਲ ਜਾਂ ਮੁਖ ਤੋਂ’, ਇਸ ਲਈ ਕੋਈ ਵੀ ‘ਗਰੰਥ’ ਮੂੰਹ ਨਾਲ ਜਾਂ ਮੁਖ ਤੋਂ ਪਾਠ ਨਹੀਂ ਕਰ ਸਕਦਾ ਬਲਕਿ ਬੰਦੇ ਕਰਦੇ ਹਨ। ‘ਅਸੰਖ’ ਸ਼ਬਦ ਇਸ ਵਾਕ ਵਿੱਚ ਬੰਦਿਆਂ ਵਾਸਤੇ ਹੈ, ਜਿਸ ਕਾਰਨ ‘ਅਸੰਖ’ ਅਤੇ‘ਗਰੰਥ’ ਸਬਦਾਂ ਵਿਚਕਾਰ ਵਿਸ਼ਰਾਮ ਦੇਣਾ ਜ਼ਰੂਰੀ ਹੈ।
‘‘ਅਸੰਖ ਜੋਗ; ਮਨਿ ਰਹਹਿ ਉਦਾਸ ॥’’- ਇਸ ਪੰਕਤੀ ’ਚ ਦਰਜ ‘ਜੋਗ’ ਸ਼ਬਦ ਗੁਰਬਾਣੀ ’ਚ 79 ਵਾਰ ਦਰਜ ਹੈ, ਜਿਸ ਦੇ ਅਰਥ ਹਨ ‘ਜੋਗੀ, ਲਈ (ਵਾਸਤੇ), ਜੁੜਨਾ (ਮਿਲਾਪ), ਲਾਭਕਾਰੀ (ਉਚਿਤ), ਜੋਗੀਆਂ ਦੀ ਮਰਯਾਦਾ’ ਆਦਿ; ਜਿਵੇਂ:
(1). ‘ਜੋਗ’ ਭਾਵ ‘ਰੱਬੀ ਮਿਲਾਪ, ਰੱਬ ਨਾਲ ਜੁੜੇ ਹੋਏ’ 5 ਵਾਰ; ਜਿਵੇਂ: ‘‘ਸਦਾ ਅਲਿਪਤੁ; ਜੋਗ ਅਰੁ ਜੁਗਤੇ ॥’’ (ਮ: ੫/੧੮੧)
‘‘ਐਸੀ ਜੁਗਤਿ, ਜੋਗ ਕਉ ਪਾਲੇ ॥’’ (ਮ: ੧/੮੭੭) (ਰੱਬੀ ਮਿਲਾਪ ਨੂੰ ਪਾਲਦੀ ਹੈ, ਕਮਾਉਂਦੀ ਹੈ।)
‘‘ਸਤਿਗੁਰ ਜੋਗ ਕਾ ਤਹਾ ਨਿਵਾਸਾ; ਜਹ, ਅਵਿਗਤ ਨਾਥੁ ਅਗਮ ਧਨੀ ॥’’ (ਮ: ੫/੮੮੩) ਭਾਵ ਰੱਬੀ ਮਿਲਾਪ ਵਾਲੇ ਸਤਿਗੁਰੂ ਦਾ ਉੱਥੇ ਨਿਵਾਸ ਹੈ, ਜਿੱਥੇ ਅਦ੍ਰਿਸ਼ਟ, ਅਪਹੁੰਚ ਸੁਆਮੀ ਮਾਲਕ ਵੱਸਦਾ ਹੈ।
‘‘ਇਹੁ ਰਾਜ ਜੋਗ ਗੁਰ ਰਾਮਦਾਸ ! ਤੁਮ੍ ਹੂ ਰਸੁ ਜਾਣੇ ॥’’ (ਭਟ ਕਲੵ /੧੩੯੮) (ਹੇ ਗੁਰੂ ਰਾਮਦਾਸ ਜੀ ! ‘ਰਾਜ ਜੋਗ ਰਸੁ’-ਭਾਵ ਰੱਬੀ ਮਿਲਾਪ ਦਾ ਅਨੰਦ ਤੈਂ ਹੀ ਜਾਣਿਆ ਹੈ।)
‘‘ਗੁਰ ਅਰਜੁਨ ! ਕਲੵੁਚਰੈ; ਤੈ, ਰਾਜ ਜੋਗ ਰਸੁ ਜਾਣਿਅਉ ॥’’ (ਭਟ ਕਲੵ /੧੪੦੭)
(2). ‘ਜੋਗ ਜੁਗਤੀ’ ਭਾਵ ‘ਰੱਬੀ ਮਰਯਾਦਾ’ 7 ਵਾਰ; ਜਿਵੇਂ:
‘‘ਜੋਗ ਜੁਗਤਿ; ਸੁਨਿ ਆਇਓ ਗੁਰ ਤੇ ॥’’ (ਮ: ੫/੨੦੮)
‘‘ਜੋਗ ਜੁਗਤਿ ਕੀ; ਕੀਮਤਿ ਪਾਵੈ ॥’’ (ਮ: ੧/੨੨੩)
‘‘ਅੰਜਨ ਮਾਹਿ ਨਿਰੰਜਨਿ ਰਹੀਐ; ਜੋਗ ਜੁਗਤਿ ਇਵ ਪਾਈਐ ॥’’ (ਮ: ੧/੭੩੦)
‘‘ਜੋਗ ਜੁਗਤਿ ਕੀ, ਇਹੈ ਪਾਂਇ ॥’’ (ਮ: ੧/੧੧੮੯) (ਭਾਵ ਰੱਬੀ ਮਰਯਾਦਾ ਦੀ ਇਹੀ ਅਸਲੀਅਤ ਹੈ।) ਆਦਿ।
(3). ‘ਜੋਗ’ ਭਾਵ ‘ਲਾਭਕਾਰੀ (ਉਚਿਤ, ਲਾਇਕ)’ 6 ਵਾਰ; ਜਿਵੇਂ:
‘‘ਨਾਨਕ ! ਸਦਾ ਧਿਆਈਐ; ਧਿਆਵਨ ਜੋਗ ॥’’ (ਮ: ੫/੨੬੯)
‘‘ਪ੍ਰਭ ਕੇ ਸੰਤ; ਉਧਾਰਨ ਜੋਗ ॥’’ (ਮ: ੫/੩੮੭)
‘‘ਗੁਨ ਗਾਵਹੁ ਨਿਤ ਰਾਮ ਕੇ; ਇਹ ਅਵਖਦ ਜੋਗ ॥’’ (ਮ: ੫/੮੦੭)
‘‘ਹੇ ਸਰਣਿ ਜੋਗ ਦਯਾਲਹ ! ਦੀਨਾ ਨਾਥ ! ਮਯਾ ਕਰੋ ॥’’ (ਮ: ੫/੧੩੫੮) (ਹੇ ਸ਼ਰਨ ਦੇਣ ਲਾਇਕ ਸਮਰਥ ਦਿਆਲੂ ! ਗ਼ਰੀਬਾਂ ਦੇ ਮਾਲਕ ! ਮਿਹਰ ਕਰ।) ਆਦਿ।
(4). ‘ਜੋਗ’ ਭਾਵ ਲਈ (ਵਾਸਤੇ, ਖ਼ਾਤਰ); ਜਿਵੇਂ:
‘‘ਤੇਰੈ ਕਾਜਿ ਨ; ਅਵਰਾ ਜੋਗ ॥’’ (ਮ: ੫/੮੮੯) (ਭਾਵ ਮਰਨ ਉਪਰੰਤ ਮਾਯਾ ਹੇ ਮਨੁੱਖ ! ਤੇਰੇ ਕਿਸੇ ਕੰਮ ਵਿੱਚ ਨਹੀਂ ਬਲਕਿ ਹੋਰਾਂ ਲਈ ਰਹਿ ਜਾਂਦੀ ਹੈ।)
‘‘ਮਨ ਮਹਿ ਝੂਰੈ ਰਾਮਚੰਦੁ, ਸੀਤਾ ਲਛਮਣ ਜੋਗੁ ॥’’ (ਮ: ੧/੧੪੧੨) (ਭਾਵ ਬਰਛੀ ਨਾਲ ਜਖ਼ਮੀ ਹੋਏ ਲਸ਼ਮਨ ਵਾਸਤੇ ਅਤੇ ਰਾਵਨ ਦੁਆਰਾ ਚੁੱਕੀ ਗਈ ਸੀਤਾ ਕਾਰਨ, ਸੀਤਾ ਲਈ ਰਾਮ ਚੰਦ੍ਰ ਮਨ ਵਿੱਚ ਦੁੱਖੀ ਹੁੰਦਾ ਹੈ।) ਆਦਿ।
ਬੇਸ਼ੱਕ ਗੁਰਬਾਣੀ ਅਸਲ ਜੋਗ (ਰੱਬੀ ਮਿਲਾਪ) ਨੂੰ ਜਾਣਨ ਵਾਲੇ ਵਿਰਲੇ ਹੀ ਮੰਨਦੀ ਹੈ; ਜਿਵੇਂ: ‘‘ਐਸੋ ਜਨੁ ਬਿਰਲੋ ਹੈ ਸੇਵਕੁ; ਜੋ, ਤਤ ਜੋਗ ਕਉ ਬੇਤੈ ॥’’ (ਮ: ੫/੧੩੦੨) ਪਰ ਸੰਬੰਧਤ ਪੰਕਤੀ ‘‘ਅਸੰਖ ਜੋਗ; ਮਨਿ ਰਹਹਿ ਉਦਾਸ ॥’’ ਵਿੱਚ ‘ਮਨਿ ਰਹਹਿ ਉਦਾਸ॥’’ ਦਰਜ ਹੋਣ ਕਾਰਨ ‘ਜੋਗ’ ਦਾ ਅਰਥ ਜੋਗੀ (ਆਮ ਨਾਂਵ, ਬਹੁ ਵਚਨ) ਬਣ ਜਾਂਦਾ ਹੈ, ਜੋ ਸੰਬੰਧਤ ਪੰਕਤੀ ਤੋਂ ਇਲਾਵਾ 2 ਵਾਰ ਹੋਰ ਦਰਜ ਹੈ; ਜਿਵੇਂ: ‘‘ਆਪਹਿ ਜੋਗ; ਆਪ ਹੀ ਜੁਗਤਾ ॥’’ (ਮ: ੫/੮੦੩) (ਭਾਵ ਰੱਬ ਆਪ ਹੀ ਅਸਲ ਜੋਗੀ ਹੈ ਆਪ ਹੀ ਆਪਣੇ ਨਾਲ ਜੁੜਿਆ ਹੋਇਆ ਹੈ।)
‘‘ਜੋਗ ਸਿਧ ਆਸਣ ਚਉਰਾਸੀਹ; ਏ ਭੀ, ਕਰਿ ਕਰਿ ਰਹਿਆ ॥’’ (ਮ: ੫/੬੪੨) (ਭਾਵ ਜੋਗੀਆਂ, ਸਿਧਾਂ ਦੇ 84 ਆਸਣ ਵੀ ਕਰ ਲਏ, ਲਗਾ ਲਏ।)
‘ਉਦਾਸ’– ਇਹ ਸ਼ਬਦ ਗੁਰਬਾਣੀ ਵਿੱਚ 18 ਵਾਰ ‘ਬਹੁ ਵਚਨ ਸਰੂਪ ’ਚ ‘ਉਦਾਸ’ (ਅੰਤ ਮੁਕਤਾ) ਅਤੇ 16 ਵਾਰ ਇੱਕ ਵਚਨ ਸਰੂਪ ’ਚ ‘ਉਦਾਸੁ’ (ਅੰਤ ਔਕੜ) ਦਰਜ ਹੈ; ਜਿਵੇਂ:
‘‘ਮਨ ਰੇ ! ਗ੍ਰਿਹ ਹੀ ਮਾਹਿ ‘ਉਦਾਸੁ’ ॥’’ (ਮ: ੩/੨੬)
‘‘ਕਹਿ ਕਬੀਰ ! ਹਉ ਭਇਆ ‘ਉਦਾਸੁ’ ॥’’ (ਭਗਤ ਕਬੀਰ/੩੩੧)
‘‘ਸੋ ਉਦਾਸੀ; ਜਿ ਪਾਲੇ ‘ਉਦਾਸੁ’ ॥’’ (ਮ: ੧/੯੫੨)
‘‘ਇਹੁ ਜਗੁ ਜਰਤਾ ਦੇਖਿ ਕੈ; ਭਇਓ ਕਬੀਰੁ ‘ਉਦਾਸੁ’ ॥’’ (ਭਗਤ ਕਬੀਰ/੧੩੬੬)
‘ਉਦਾਸ’ ਜਾਂ ‘ਉਦਾਸੁ’ ਦਾ ਅਰਥ ਹੈ ‘ਮੋਹ ਰਹਿਤ, ਵਿਰਕਤ, ਨਿਰਲੇਪ, ਤਿਆਗੀ’ ਆਦਿ, ਪਰ ਇਹ ਸ਼ਬਦ ‘ਨਾਂਵ ਤੇ ਵਿਸ਼ੇਸ਼ਣ’ ਸਰੂਪ ’ਚ ਦਰਜ ਹੈ, ਜਿਸ ਦੀ ਪਹਿਚਾਣ ਕਰਨੀ ਆਸਾਨ ਹੈ; ਜਿਵੇਂ:
(1). ਨਾਂਵ-ਜਿਨ੍ਹਾਂ ਦੇ ਸਮਾਨੰਤਰ ਕੋਈ ਹੋਰ (ਆਮ ਜਾਂ ਖ਼ਾਸ) ਨਾਂਵ ਸ਼ਬਦ ਦਰਜ ਨਾ ਹੋਵੇ; ਜਿਵੇਂ:
‘‘ਵਿਚੇ ਗ੍ਰਿਸਤ; ਉਦਾਸ ਰਹਾਈ ॥’’ (ਮ: ੪/੪੯੪) (‘ਉਦਾਸ ਰਹਾਈ’ ਭਾਵ ਵਿਰਕਤ (ਤਿਆਗੀ) ਰਹਿੰਦਾ ਹੈ।)
‘‘ਬਨੁ ਬਨੁ ਫਿਰਤ ਉਦਾਸ; ਬੂੰਦ ਜਲ ਕਾਰਣੇ ॥’’ (ਮ: ੫/੧੩੬੨) (‘ਉਦਾਸ ਫਿਰਤ’ ਭਾਵ ਵਿਰਕਤ (ਤਿਆਗੀ) ਹੋਇਆ ਫਿਰਦਾ ਹੈ।)
‘‘ਨਰਕਿ ਪਰਹਿ ਤੇ ਮਾਨਈ; ਜੋ ਹਰਿ ਨਾਮ ‘ਉਦਾਸ’ ॥’’ (ਭਗਤ ਕਬੀਰ/੧੩੬੯)
‘‘ਬਿਖਿਆ ਮਾਹਿ ਉਦਾਸ ਹੈ; ਹਉਮੈ ਸਬਦਿ ਜਲਾਇਆ ॥’’ (ਮ: ੩/੮੫੨)
‘‘ਵਿਚੇ ਗਿਰਹ ਉਦਾਸ; ਅਲਿਪਤ ਲਿਵ ਲਾਇਆ ॥’’ (ਮ: ੪/੧੨੪੯) ਆਦਿ।
ਇਸੇ ਤਰ੍ਹਾਂ ਹੀ ਸੰਬੰਧਤ ਪੰਕਤੀ ‘‘ਅਸੰਖ ਜੋਗ; ਮਨਿ ਰਹਹਿ ਉਦਾਸ ॥’’ ਵਿੱਚ ‘ਉਦਾਸ ਰਹਹਿ’ ਭਾਵ ਤਿਆਗੀ ਬਣੇ ਰਹਿੰਦੇ ਹਨ, ਕਾਰਨ ਹੀ ‘ਉਦਾਸ’ ਸ਼ਬਦ ਬਹੁ ਵਚਨ ਨਾਂਵ ਬਣ ਗਿਆ ਹੈ।
(2). ਵਿਸ਼ੇਸ਼ਣ- ਜਿਨ੍ਹਾਂ ਦੇ ਸਮਾਨੰਤਰ ਕੋਈ ਨਾਂਵ ਸ਼ਬਦ ਦਰਜ ਹੋਵੇ; ਜਿਵੇਂ:
‘‘ਚਲਤਾ ਤੁਮਾਰੇ ਦੇਖਿ ਮੋਹੀ; ‘ਉਦਾਸ ਧਨ’ ਕਿਉ ਧੀਰਏ ॥’’ (ਮ: ੫/੨੪੭) (‘ਉਦਾਸ ਧਨ’ ਭਾਵ ਵਿਰਕਤ ਇਸਤ੍ਰੀ)
‘‘ਰਵਿਦਾਸ ਦਾਸ ਉਦਾਸ !’’ ਤਜੁ ਭ੍ਰਮੁ; ਤਪਨ ਤਪੁ ਗੁਰ ਗਿਆਨ ॥’’ (ਭਗਤ ਰਵਿਦਾਸ/੪੮੬)
‘‘ਕਹਿ ਰਵਿਦਾਸ ! ‘ਉਦਾਸ ਦਾਸ ਮਤਿ’; ਜਨਮ ਮਰਨ ਭੈ ਭਾਗੀ ॥’’ (ਭਗਤ ਰਵਿਦਾਸ/੧੧੦੬) (‘ਉਦਾਸ ਦਾਸ ਮਤਿ’ ਭਾਵ ਦਾਸ ਦੀ ਮਤ ਵਿਰਕਤ, ਨਿਰਲੇਪ) ਆਦਿ।
(ਨੋਟ: ਇਨ੍ਹਾਂ ਪੰਕਤੀਆਂ ’ਚ ‘ਧਨ’, ‘ਦਾਸ ਮਤਿ’ (ਇਸਤ੍ਰੀ ਲਿੰਗ ਨਾਂਵ) ਤੇ ‘ਰਵਿਦਾਸ’ (ਪੁਲਿੰਗ ਨਾਂਵ, ਸੰਬੋਧਨ) ਦਰਜ ਹੋਣ ਕਾਰਨ ‘ਉਦਾਸ’ (ਅੰਤ ਮੁਕਤਾ) ਸ਼ਬਦ, ਇਨ੍ਹਾਂ ਦਾ ਵਿਸ਼ੇਸ਼ਣ ਬਣ ਗਿਆ ਹੈ।)
ਸੋ, ‘‘ਅਸੰਖ; ਗਰੰਥ ਮੁਖਿ ਵੇਦ ਪਾਠ ॥ ਅਸੰਖ ਜੋਗ; ਮਨਿ ਰਹਹਿ ਉਦਾਸ ॥’’ ਭਾਵ ਬੇਸ਼ੁਮਾਰ ਮਨੁੱਖ ਆਪਣੇ ਮੂੰਹ ’ਤੋਂ ਵੇਦ ਆਦਿਕ ਗ੍ਰੰਥਾਂ ਦੇ ਪਾਠ ਕਰਦੇ ਹਨ ਤੇ ਅਣਗਿਣਤ ਯੋਗੀ, ਆਪਣੇ ਮਨ ’ਚ (ਗ੍ਰਹਿਸਤ ਜੀਵਨ ਦੀ ਜ਼ਿੰਮੇਵਾਰੀ ਤੋਂ) ਉਪਰਾਮ (ਵਿਰਕਤ) ਰਹਿੰਦੇ ਹਨ।
‘‘ਅਸੰਖ ਭਗਤ; ਗੁਣ ਗਿਆਨ ਵੀਚਾਰ ॥’’-ਇਸ ਪੰਕਤੀ ’ਚ ਦਰਜ ‘ਭਗਤ’ (ਬਹੁ ਵਚਨ ਨਾਂਵ) ਸ਼ਬਦ, ਗੁਰਬਾਣੀ ’ਚ 293 ਵਾਰ ਦਰਜ ਹੈ; ਜਿਵੇਂ:
‘‘ਤੇਰੇ ‘ਭਗਤ’ ਤੇਰੇ ‘ਭਗਤ’ ਸਲਾਹਨਿ ਤੁਧੁ ਜੀ ! ਹਰਿ ਅਨਿਕ ਅਨੇਕ ਅਨੰਤਾ ॥’’ (ਸੋ ਪੁਰਖੁ ਆਸਾ /ਮ: ੪/੧੧)
‘‘ਭਗਤ’’ ਜਨਾ ਕਉ ਰਾਖਦਾ, ਆਪਣੀ ਕਿਰਪਾ ਧਾਰਿ ॥’’ (ਮ: ੫/੪੬)
‘‘ਨਾਨਕ ! ‘ਭਗਤ’ ਸੁਖੀਏ ਸਦਾ, ਸਚੈ ਨਾਮਿ ਰਚੰਨਿ ॥’’ (ਮ: ੩/੭੦)
‘‘ਭਗਤ’’ ਮੁਖੈ ਤੇ ਬੋਲਦੇ, ਸੇ ਵਚਨ ਹੋਵੰਦੇ ॥’’ (ਮ: ੪/੩੧੬)
‘‘ਧੰਨੁ ਸੁ ਤੇਰੇ ‘ਭਗਤ’, ਜਿਨ੍ੀ ਸਚੁ ਤੂੰ ਡਿਠਾ ॥’’ (ਮ: ੫/੯੬੬) ਆਦਿ।
‘‘ਅਸੰਖ ਸਤੀ; ਅਸੰਖ ਦਾਤਾਰ ॥’’-ਇਸ ਪੰਕਤੀ ’ਚ ਦਰਜ ‘ਸਤੀ’ ਸ਼ਬਦ ਵੀਚਾਰਨ ਦਾ ਵਿਸ਼ਾ ਹੈ ਕਿਉਂਕਿ ਇਸ ਦੇ ਪ੍ਰਚੱਲਤ ਅਰਥ ‘ਦਾਨੀ’ ਕੀਤੇ ਜਾਂਦੇ ਹਨ, ਜੋ ‘ਦਾਤਾਰ’ ਸ਼ਬਦ ਦਾ ਅਰਥ ਵੀ ਹੈ।
‘ਦਾਨੀ’ ਸ਼ਬਦ ਗੁਰਬਾਣੀ ਵਿੱਚ 26 ਵਾਰ ਦਰਜ ਹੈ, ਜਿਸ ਦੇ ਅਰਥ ‘ਗਿਣਤੀ ਦੇ 7, ਮੋਏ ਹੋਏ ਪਤੀ ਨਾਲ ਪ੍ਰਾਣ ਦੇਣ ਵਾਲੀ ਇਸਤ੍ਰੀ, ਨੇਕ ਇਸਤ੍ਰੀ (ਉਚਾ ਆਚਰਨ), ਦਾਨੀ (ਧਰਮੀ ਬੰਦੇ), ਸੰਤੋਖੀ, ਸਦਾ ਸਥਿਰ ਰੱਬੀ ਨਾਮ’ ਆਦਿ ਹਨ; ਜਿਵੇਂ:
(1). ‘ਸਤੀ’ ਭਾਵ ‘ਗਿਣਤੀ ਦੇ ਸੱਤ’; ਜਿਵੇਂ 2 ਵਾਰ : ‘‘ਸਤੀ ਪਹਰੀ ਸਤੁ ਭਲਾ, ਬਹੀਐ ਪੜਿਆ ਪਾਸਿ ॥’’ (ਮ: ੨/੧੪੬)
‘‘ਸਤੀ ਰੰਨੀ ਘਰੇ ਸਿਆਪਾ, ਰੋਵਨਿ ਕੂੜੀ ਕੰਮੀ ॥’’ (ਮ: ੧/੧੪੧੨) (‘ਸਤੀ’ ਭਾਵ ਦੋ-ਦੋ ਅੱਖਾਂ ਤੇ ਕੰਨ, ਇੱਕ-ਇੱਕ ਮੂੰਹ, ਨੱਕ ਤੇ ਕਾਮ ਇੰਦ੍ਰੀ, ਕੁਲ-7)
(2). ‘ਸਤੀ’ ਭਾਵ ਪਤੀ ਦੀ ਚਿਖਾ ’ਚ ਸੜ ਕੇ ਆਤਮ ਹੱਤਿਆ ਕਰਨ ਵਾਲੀ ਔਰਤ; ਜਿਵੇਂ 4 ਵਾਰ :
‘‘ਕਿਰਤਿ ਸੰਜੋਗਿ, ਸਤੀ ਉਠਿ ਹੋਈ ॥’’ (ਮ: ੫/੧੮੫)
‘‘ਬਿਨੁ ਸਤ, ਸਤੀ ਹੋਇ ਕੈਸੇ ਨਾਰਿ ॥’’ (ਭਗਤ ਕਬੀਰ/੩੨੮)
‘‘ਸੂਰੁ ਕਿ ਸਨਮੁਖ ਰਨ ਤੇ ਡਰਪੈ, ਸਤੀ ਕਿ ਸਾਂਚੈ ਭਾਂਡੇ ॥’’ (ਭਗਤ ਕਬੀਰ/੩੩੮) (ਉਹ ਸਤੀ ਕਾਹਦੀ, ਜੋ ਮਰਨ ਦੀ ਬਜਾਏ ਲੰਬੀ ਉਮਰ ਤੱਕ ਜੀਵਤ ਰਹਿਣ ਦੇ ਭਰਮ ਕਾਰਨ ਭਾਂਡੇ ਹੀ ਸੰਭਾਲੀ ਜਾਵੇ?)
‘‘ਕਬੀਰ ! ਸਤੀ ਪੁਕਾਰੈ ਚਿਹ ਚੜੀ, ਸੁਨੁ ਹੋ ਬੀਰ ਮਸਾਨ ॥’’ (ਭਗਤ ਕਬੀਰ/੧੩੬੮)
(3). ‘ਸਤੀ’ ਭਾਵ ਨੇਕ ਔਰਤ (ਉਚਾ ਆਚਰਣ); ਜਿਵੇਂ 8 ਵਾਰ :
‘‘ਨਾ ਹਉ ਜਤੀ ‘ਸਤੀ’ ਨਹੀ ਪੜਿਆ, ਮੂਰਖ ਮੁਗਧਾ ਜਨਮੁ ਭਇਆ ॥’’ (ਸੋ ਪੁਰਖੁ ਆਸਾ /ਮ: ੧/੧੨) (‘ਸਤੀ’ ਭਾਵ ਉਚਾ ਆਚਰਣ)
‘‘ਧੰਨੁ ‘ਸਤੀ’, ਦਰਗਹ ਪਰਵਾਨਿਆ ॥’’ (ਮ: ੫/੧੮੫) (‘ਸਤੀ’ ਭਾਵ ਨੇਕ ਔਰਤ)
ਨਾ ਹਉ ਜਤੀ ‘ਸਤੀ’ ਨਹੀ ਪੜਿਆ, ਮੂਰਖ ਮੁਗਧਾ ਜਨਮੁ ਭਇਆ ॥ (ਮ: ੧/੩੫੭) (‘ਸਤੀ’ ਭਾਵ ਉਚਾ ਆਚਰਣ)
‘‘ਗਊਤਮ ‘ਸਤੀ’ ਸਿਲਾ ਨਿਸਤਰੀ ॥’’ (ਭਗਤ ਨਾਮਦੇਵ/੮੭੪) (ਭਾਵ ਗੌਤਮ ਰਿਸ਼ੀ ਦੀ ਨੇਕ ਇਸਤ੍ਰੀ (ਅਹਿਲਿਆ) ਨੂੰ ਪੱਥਰ (ਮੂਰਤੀ) ਵਿੱਚੋਂ (ਰਾਮ ਚੰਦਰ ਨੇ) ਆਜ਼ਾਦ (ਮੁਕਤ) ਕੀਤਾ।)
‘‘ਜਤੀ ‘ਸਤੀ’ ਕੇਤੇ ਬਨਵਾਸੀ, ਅੰਤੁ ਨ ਕੋਈ ਪਾਇਦਾ ॥’’ (ਮ: ੧/੧੦੩੪) (‘ਸਤੀ’ ਭਾਵ ਉਚਾ ਆਚਰਣ)
‘‘ਨਾ ਤਦਿ, ਜਤੀ ‘ਸਤੀ’ ਬਨਵਾਸੀ ॥’’ (ਮ: ੧/੧੦੩੫) (‘ਸਤੀ’ ਭਾਵ ਉਚਾ ਆਚਰਣ)
‘‘ਜਾਚਹਿ; ਜਤੀ, ‘ਸਤੀ’, ਸੁਖਵਾਸੀ ॥’’ (ਮ: ੫/੧੦੭੪) (‘ਸਤੀ’ ਭਾਵ ਉਚਾ ਆਚਰਣ)
‘‘ਜਤੀ ‘ਸਤੀ’ ਪ੍ਰਭੁ ਨਿਰਮਲਾ; ਮੇਰੇ ਹਰਿ ਭਗਵੰਤਾ ॥’’ (ਮ: ੫/੧੦੯੫) (‘ਸਤੀ’ ਭਾਵ ਉਚਾ ਆਚਰਣ)
(4). ‘ਸਤੀ’ ਭਾਵ ‘ਸਦਾ ਸਥਿਰ ਰੱਬੀ ਨਾਮ’; ਜਿਵੇਂ 2 ਵਾਰ :
‘‘ਕਹੁ ਨਾਨਕ ! ਗੁਰਿ ਨਾਮੁ ਦ੍ਰਿੜ੍ਹਾਇਆ, ਹਰਿ ਹਰਿ ਨਾਮੁ ਹਰਿ ‘ਸਤੀ’ ॥’’ (ਮ: ੪/੫੭੪)
‘‘ਇਕਨਾ ਨੋ ਨਾਉ ਬਖਸਿਓਨੁ, ਅਸਥਿਰੁ ਹਰਿ ‘ਸਤੀ’ ॥’’ (ਮ: ੩/੯੪੮)
(5). ‘ਸਤੀ’ ਭਾਵ ‘ਦਾਨੀ ਜਾਂ ਧਰਮੀ ਬੰਦੇ’; ਜਿਵੇਂ 10 ਵਾਰ :
‘‘ਗਾਵਨਿ ਜਤੀ ‘ਸਤੀ’ ਸੰਤੋਖੀ, ਗਾਵਹਿ ਵੀਰ ਕਰਾਰੇ ॥’’ (ਜਪੁ /ਮ: ੧)
‘‘ਇਕਿ ‘ਸਤੀ’ ਕਹਾਵਹਿ, ਤਿਨ੍ ਬਹੁਤੁ ਕਲਪਾਵੈ (ਮਾਯਾ ਦੁਖੀ ਕਰਦੀ ਹੈ)॥’’ (ਮ: ੫/੩੭੦)
‘‘ਸਤੀ’’ (ਧਰਮੀ ਬੰਦੇ) ਪਾਪੁ ਕਰਿ, ਸਤੁ (ਧਰਮ) ਕਮਾਹਿ ॥’’ (ਮ: ੧/੯੫੧) ਆਦਿ।
(ਨੋਟ: ਗੁਰਬਾਣੀ ਅਨੁਸਾਰ ‘ਦਾਨੀ’ (ਦੂਸਰਿਆਂ ਲਈ ਧਨ ਖ਼ਰਚ ਕਰਨ ਵਾਲੇ) ਬੰਦੇ ਉਹੀ ਹੁੰਦੇ ਹਨ, ਜਿਨ੍ਹਾਂ ਨੂੰ ਪਹਿਲਾਂ ਮਾਯਾ ਵੱਲੋਂ ਕੁਝ ਸਬਰ-ਸੰਤੋਖ ਹੋਵੇ, ਫਾਲਤੂ ਖ਼ਰਚੇ ਵਿੱਚ ਸੰਜਮ ਰੱਖਣ ‘‘ਸਤੀਆ ਮਨਿ ਸੰਤੋਖੁ ਉਪਜੈ, ਦੇਣੈ ਕੈ ਵੀਚਾਰਿ ॥’’ (ਮ: ੧/੪੬੬) ਇਸ ਲਈ ਸੰਬੰਧਤ ਪੰਕਤੀ ‘‘ਅਸੰਖ ਸਤੀ; ਅਸੰਖ ਦਾਤਾਰ ॥’’ ਵਿੱਚ ‘ਸਤੀ’ ਦਾ ਅਰਥ ‘ਦਾਨੀ’ ਦੀ ਬਜਾਏ ‘ਸੰਤੋਖੀ’ਜ਼ਿਆਦਾ ਉਚਿਤ ਜਾਪਦਾ ਹੈ ਕਿਉਂਕਿ ਸੰਤੋਖੀ ਹੀ ‘ਦਾਤਾਰ’ (ਦਾਨੀ) ਬਣਦੇ ਹਨ।)
ਸੋ, ‘‘ਅਸੰਖ ਭਗਤ; ਗੁਣ ਗਿਆਨ ਵੀਚਾਰ ॥ ਅਸੰਖ ਸਤੀ; ਅਸੰਖ ਦਾਤਾਰ ॥’’ ਭਾਵ ਬੇਸ਼ੁਮਾਰ ਭਗਤ ਚੰਗੇ ਗੁਣਾਂ ਅਤੇ ਗਿਆਨ ਦੀ ਕਈ ਤਰ੍ਹਾਂ ਵੀਚਾਰ-ਚਰਚਾ ਕਰਦੇ ਰਹਿੰਦੇ ਹਨ, ਅਸੰਖ ਹੀ ਬ੍ਰਹਮਚਾਰੀ (ਕਿਰਤ ਵਿਹੂਣੇ) ਹਨ ਤੇ ਅਣਗਿਣਤ ਹੀ ਉਨ੍ਹਾਂ ਨੂੰ ਦਾਤਾਂ ਦੇਣ ਵਾਲ਼ੇ (ਦਾਨੀ ਬਣੇ ਬੈਠੇ) ਹਨ।
‘‘ਅਸੰਖ ਸੂਰ; ਮੁਹ ਭਖ ਸਾਰ ॥’’-ਇਸ ਪੰਕਤੀ ’ਚ ਦਰਜ ‘ਸੂਰ’ ਸ਼ਬਦ, ਗੁਰਬਾਣੀ ਵਿੱਚ 41 ਵਾਰ ਦਰਜ ਹੈ, ਜੋ ਆਮ ਤੌਰ ’ਤੇ 2 ਅਰਥ (‘ਸੂਰਜ’ ਤੇ ‘ਸੂਰਮਾ’) ਲਈ ਦਰਜ ਹੈ; ਜਿਵੇਂ:
(1). (‘ਸੂਰ’ ਭਾਵ ਸੂਰਜ) ‘‘ਕੇਤੇ ਇੰਦ ਚੰਦ ‘ਸੂਰ’ ਕੇਤੇ, ਕੇਤੇ ਮੰਡਲ ਦੇਸ ॥’’ (ਜਪੁ /ਮ: ੧)
‘‘ਰੇ ਮਨ ! ਐਸੀ ਹਰਿ ਸਿਉ ਪ੍ਰੀਤਿ ਕਰਿ, ਜੈਸੀ ਚਕਵੀ ‘ਸੂਰ’ ॥’’ (ਮ: ੧/੬੦)
‘‘ਨਾਮੁ ਜਪਤ ਕੋਟਿ ‘ਸੂਰ’ ਉਜਾਰਾ, ਬਿਨਸੈ ਭਰਮੁ ਅੰਧੇਰਾ ॥’’ (ਮ: ੫/੭੦੦) ਆਦਿ।
(2). (‘ਸੂਰ’ ਭਾਵ ਸੂਰਮਾ) ‘‘ਤਿਥੈ, ਜੋਧ ਮਹਾਬਲ ‘ਸੂਰ’ ॥’’ (ਜਪੁ /ਮ: ੧)
‘‘ਪੰਡਿਤ ਗੁਣੀ ‘ਸੂਰ’ ਹਮ ਦਾਤੇ, ਏਹਿ ਕਹਹਿ ਬਡ ਹਮ ਹੀ ॥’’ (ਭਗਤ ਕਬੀਰ/੩੩੪)
‘‘ਭੈ ਵਿਚਿ, ਜੋਧ ਮਹਾਬਲ ‘ਸੂਰ’ ॥’’ (ਮ: ੧/੪੬੪) ਆਦਿ।
‘‘ਮੁਹ ਭਖ ਸਾਰ।’’- ਇਸ ਉਪਵਾਕ ’ਚ ‘ਮੁਹ’ ਸ਼ਬਦ ਬਹੁ ਵਚਨ ਹੈ, ਜੋ ਗੁਰਬਾਣੀ ਵਿੱਚ 24 ਵਾਰ ਦਰਜ ਹੈ; ਜਿਵੇਂ:
‘‘ਜਿ, ਬਿਨੁ ਸਤਿਗੁਰ ਸੇਵੇ ਆਪੁ ਗਣਾਇਦੇ; ਤਿਨ ਅੰਦਰਿ ਕੂੜੁ, ਫਿਟੁ ਫਿਟੁ ‘ਮੁਹ’ ਫਿਕੇ ॥’’ (ਮ: ੪/੩੦੪)
‘‘ਨਿੰਦਕਾ ਕੇ ‘ਮੁਹ’ ਕਾਲੇ ਕਰੇ; ਹਰਿ ਕਰਤੈ, ਆਪਿ ਵਧਾਈ ॥’’ (ਮ: ੪/੩੦੭
‘‘ਗੁਰਸਿਖਾ ਕੇ ‘ਮੁਹ’ ਉਜਲੇ ਕਰੇ ਹਰਿ ਪਿਆਰਾ; ਗੁਰ ਕਾ ਜੈਕਾਰੁ, ਸੰਸਾਰਿ ਸਭਤੁ ਕਰਾਏ ॥’’ (ਮ: ੪/੩੦੮) ਆਦਿ।
‘ਭਖ’ ਦਾ ਅਰਥ ਹੈ ਖਾਣਾ, ਸਹਾਰਨਾ (ਇਸਤ੍ਰੀ ਲਿੰਗ), ਪਰ ਗੁਰਬਾਣੀ ਵਿੱਚ 3 ਵਾਰ ‘ਭਖੁ’ (ਪੁਲਿੰਗ ਨਾਂਵ) ਸ਼ਬਦ ਵੀ ਦਰਜ ਹੈ ਜਿਸ ਦਾ ਅਰਥ ਹੈ ਖਾਣਯੋਗ, ਭੋਜਨ; ਜਿਵੇਂ:
‘‘ਲੋਭੀ ਜੰਤੁ ਨ ਜਾਣਈ; ‘ਭਖੁ’ ਅਭਖੁ ਸਭ ਖਾਇ ॥’’ (ਮ: ੫/੫੦)
‘‘ਓਨਾ ਦਾ ‘ਭਖੁ’ ਸੁ ਓਥੈ ਨਾਹੀ; ਜਾਇ ਕੂੜੁ ਲਹਨਿ ਭੇਡਾਰੇ ॥’’ (ਮ: ੪/੩੧੨
‘‘ਅਭਖੁ ਭਖਹਿ, ‘ਭਖੁ’ ਤਜਿ ਛੋਡਹਿ; ਅੰਧੁ ਗੁਰੂ ਜਿਨ ਕੇਰਾ ॥’’ (ਮ: ੧/੧੨੯੦)
ਗੁਰਬਾਣੀ ਵਿੱਚ ‘ਭਖਿ’ ਸ਼ਬਦ ਤਦ ਕਿਰਿਆ ਵਿਸ਼ੇਸ਼ਣ ਹੁੰਦਾ ਹੈ ਜਦ ਇਸ ਦੇ ਸਮਾਨੰਤਰ ਕਿਰਿਆ ਸ਼ਬਦ ਹੋਵੇ; ਜਿਵੇਂ 1 ਵਾਰ:
‘‘ਅਸੰਖ ਮਲੇਛ, ਮਲੁ ‘ਭਖਿ’ ਖਾਹਿ ॥’’ (ਜਪੁ /ਮ: ੧)
‘ਸਾਰ’-ਇਹ ਸ਼ਬਦ ਗੁਰਬਾਣੀ ਵਿੱਚ 104 ਵਾਰ ਦਰਜ ਹੈ। ਇਸ ਪੰਕਤੀ ਵਿੱਚ ਇਸ ਦਾ ਸਰੂਪ ‘ਸਾਰੁ’ (ਅੰਤ ਔਕੜ) ਹੋਣਾ ਸੀ, ਅਗਰ ਇਸ ਪਉੜੀ ਵਿੱਚ ਪ੍ਰਮਾਤਮਾ ਦਾ ਬਹੁ ਆਕਾਰੀ ਸਰੂਪ ਵਰਣਨ ਨਾ ਕੀਤਾ ਹੁੰਦਾ, ਇਸ ਲਈ ਇਸ ਸ਼ਬਦ ਨੂੰ ਵੀਚਾਰਨਾ ਜ਼ਰੂਰੀ ਹੈ। ਜਿਸ ਦੇ ਅਰਥ ਹਨ ‘ਸੰਭਾਲ, ਕਦਰ (ਕੀਮਤ), ਖ਼ਬਰ (ਜਾਣਕਾਰੀ), ਸ੍ਰੇਸ਼ਟ, ਲੋਹਾ, ਬਰਾਬਰ, ਨਿਚੋੜ’ ਆਦਿ; ਜਿਵੇਂ:
(1). ‘ਸਾਰ’ ਭਾਵ ‘ਸ੍ਰੇਸ਼ਟ’; ਜਿਵੇਂ:
‘‘ਸਤੁ ਸੰਤੋਖੁ ਦਇਆ ਕਮਾਵੈ; ਏਹ ਕਰਣੀ ‘ਸਾਰ’ ॥’’ (ਮ: ੫/੫੧)
‘‘ਹਮਰਾ ਧਨੁ ਮਾਧਉ ਗੋਬਿੰਦੁ ਧਰਣੀਧਰੁ; ਇਹੈ ‘ਸਾਰ’ ਧਨੁ ਕਹੀਐ ॥’’ (ਭਗਤ ਕਬੀਰ/੩੩੬)
‘‘ਸਾਚਾ ਸਾਹਿਬੁ ਮਨਿ ਵਸੈ, ਭਾਈ ! ਏਹਾ ਕਰਣੀ ‘ਸਾਰ’ ॥’’ (ਮ: ੫/੬੦੮)
‘‘ਜਿਨਿ ਪੀਆ ‘ਸਾਰ’ ਰਸੁ, ਤਜੇ ਆਨ ਰਸ; ਹੋਇ ਰਸ ਮਗਨ, ਡਾਰੇ ਬਿਖੁ ਖੋਇ ॥’’ (ਭਗਤ ਰਵਿਦਾਸ/੮੫੮)
‘‘ਗੁਰ ਸੇਵਾ ਤੇ; ਕਰਣੀ ‘ਸਾਰ’ ॥’’ (ਮ: ੩/੧੦੬੬)
‘‘ਮਨ ਰੇ ! ਨਾਮ ਕੋ ਸੁਖ ‘ਸਾਰ’ ॥’’ (ਮ: ੫/੧੨੨੩)
‘‘ਰਾਮ ਭਜੁ ਮਿਲਿ ਸਾਧਸੰਗਤਿ, ਇਹੈ ਜਗ ਮਹਿ ‘ਸਾਰ’ ॥’’ (ਮ: ੫/੧੨੨੭)
(2). ‘ਸਾਰ’ ਭਾਵ ‘ਕਦਰ (ਮੁਲ, ਕੀਮਤ)’; ਜਿਵੇਂ:
‘‘ਪੜਿ ਪੜਿ ਪੰਡਿਤ ਮੋਨੀ ਥਕੇ; ਚਉਥੇ ਪਦ ਕੀ ‘ਸਾਰ’ ਨ ਪਾਵਣਿਆ ॥’’ (ਮ: ੩/੧੧੭)
‘‘ਖੋਟੇ ਕਉ ਖਰਾ ਕਹੈ; ਖਰੇ ‘ਸਾਰ’ ਨ ਜਾਣੈ ॥’’ (ਮ: ੧/੨੨੯)
‘‘ਮੇਰਾ ਹਰਿ ਪ੍ਰਭੁ ਸੁੰਦਰੁ; ਮੈ ‘ਸਾਰ’ ਨ ਜਾਣੀ ॥’’ (ਮ: ੪/੫੬੧)
‘‘ਸਬਦੈ ‘ਸਾਰ’ ਨ ਜਾਣਈ; ਬਿਖੁ ਭੂਲਾ ਗਾਵਾਰੁ ॥’’ (ਮ: ੩/੫੮੯)
‘‘ਗਿਆਨੁ ਧਿਆਨੁ ਕਿਛੁ ਕਰਮੁ ਨ ਜਾਣਾ; ‘ਸਾਰ’ ਨ ਜਾਣਾ ਤੇਰੀ ॥’’ (ਮ: ੫/੭੫੦)
‘‘ਤੂੰ ਸਾਗਰੋ ਰਤਨਾਗਰੋ; ਹਉ ‘ਸਾਰ’ ਨ ਜਾਣਾ ਤੇਰੀ ਰਾਮ ॥’’ (ਮ: ੫/੭੭੯)
‘‘ਅੰਮ੍ਰਿਤ ਕੀ ‘ਸਾਰ’ ਸੋਈ ਜਾਣੈ; ਜਿ ਅੰਮ੍ਰਿਤ ਕਾ ਵਾਪਾਰੀ ਜੀਉ ॥’’ (ਮ: ੧/੯੯੩)
‘‘ਪ੍ਰੇਮ ਕੀ ‘ਸਾਰ’ ਸੋਈ ਜਾਣੈ; ਜਿਸ ਨੋ ਨਦਰਿ ਤੁਮਾਰੀ ਜੀਉ ॥’’ (ਮ: ੩/੧੦੧੬)
‘‘ਗੁਰ ਕੇ ਭੈ ਕੀ ‘ਸਾਰ’ ਨ ਜਾਣਹਿ ॥’’ (ਮ: ੩/੧੦੫੪)
‘‘ਜੋ ਜੀਐ (ਦਿਲ) ਕੀ ‘ਸਾਰ’ ਨ ਜਾਣੈ ॥’’ (ਮ: ੪/੧੦੭੦)
‘‘ਬਾਝੁ ਗੁਰੂ ਜਗਤੁ ਬਉਰਾਨਾ; ਨਾਵੈ (ਨਾਮ ਦੀ) ‘ਸਾਰ’ ਨ ਪਾਈ ॥’’ (ਮ: ੧/੧੨੮੭)
‘‘ਪਾਪ ਪੁੰਨ ਕੀ ‘ਸਾਰ’ ਨ ਜਾਣੈ; ਭੂਲਾ ਫਿਰੈ ਅਜਾਈ ॥’’ (ਮ: ੧/੧੩੨੯)
(3). ‘ਸਾਰ’ ਭਾਵ ‘ਖ਼ਬਰ (ਜਾਣਕਾਰੀ)’; ਜਿਵੇਂ:
‘‘ਸਤਿਗੁਰ ਕੇ ਜੀਅ ਕੀ ‘ਸਾਰ’ ਨ ਜਾਪੈ; ਕਿ ਪੂਰੈ ਸਤਿਗੁਰ ਭਾਵੈ ॥’’ (ਮ: ੪/੩੧੭) (ਸਤਿਗੁਰ ਦੇ ਦਿਲ ਦੀ ਜਾਣਕਾਰੀ)
‘‘ਰਤਨ ਵਿਗਾੜਿ ਵਿਗੋਏ ਕੁਤਂੀ; ਮੁਇਆ ‘ਸਾਰ’ ਨ ਕਾਈ ॥’’ (ਮ: ੧/੩੬੦) (ਮਰਿਆਂ ਦੀ ਕੋਈ ਖ਼ਬਰ ਨਹੀਂ)
‘‘ਦੋਹਾਗਣੀ ਪਿਰ ਕੀ ‘ਸਾਰ’ ਨ ਜਾਣਹੀ; ਕਿਆ ਕਰਿ ਕਰਹਿ ਸੀਗਾਰੁ ॥’’ (ਮ: ੩/੪੩੦) (ਭੈੜੇ ਲੱਛਣਾਂ ਵਾਲੀ ਪਤੀ ਦੇ ਦਿਲ ਦੀ ਖ਼ਬਰ ਨ ਜਾਣਦੀ)
‘‘ਚਲਣ ‘ਸਾਰ’ ਨ ਜਾਣਨੀ; ਕਾਜ ਸਵਾਰਣਹਾਰ ॥’’ (ਮ: ੨/੭੮੭) (ਮੌਤ ਦੀ ਜਾਣਕਾਰੀ)
‘‘ਸਹ ਕੀ ‘ਸਾਰ’; ਸੁਹਾਗਨਿ ਜਾਨੈ ॥’’ (ਭਗਤ ਰਵਿਦਾਸ/੭੯੩) (ਮਾਲਕ (ਖਸਮ) ਦੀ ਜਾਣਕਾਰੀ)
‘‘ਤਤੈ ‘ਸਾਰ’ ਨ ਜਾਣੀ ਗੁਰੂ ਬਾਝਹੁ; ਤਤੈ ਸਾਰ ਨ ਜਾਣੀ ॥’’ (ਮ: ੩/੯੨੦) (ਗੁਰੂ ਤੋਂ ਬਿਨਾ ਅਸਲੀਅਤ ਦੀ ਜਾਣਕਾਰੀ ਨ ਜਾਣੈ)
(4). ‘ਸਾਰ’ ਭਾਵ ‘ਸੰਭਾਲ, ਦੇਖਭਾਲ, ਪਰਵਰਿਸ਼’; ਜਿਵੇਂ:
‘‘ਭਗਤਾ ਕੀ ‘ਸਾਰ’ ਕਰਹਿ, ਆਪਿ ਰਾਖਹਿ; ਜੋ ਤੇਰੈ ਮਨਿ ਭਾਣੇ ॥’’ (ਮ: ੩/੬੦੧)
‘‘ਜਨ ਕੀ ਕੀਨੀ; ਪਾਰਬ੍ਰਹਮਿ ‘ਸਾਰ’ ॥’’ (ਮ: ੫/੬੮੩)
‘‘ਜਿਨਿ ਉਪਾਈ ਮੇਦਨੀ; ਸੋਈ ਕਰਦਾ ‘ਸਾਰ’ ॥’’ (ਮ: ੫/੭੨੪)
‘‘ਵਿਚਿ ਉਪਾਏ ਸਾਇਰਾ; ਤਿਨਾ ਭਿ ‘ਸਾਰ’ ਕਰੇਇ ॥’’ (ਮ: ੨/੯੫੫)
‘‘ਸਭਨਾ ‘ਸਾਰ’ ਕਰੇ ਸੁਖਦਾਤਾ; ਆਪੇ ਰਿਜਕੁ ਪਹੁਚਾਇਦਾ ॥’’ (ਮ: ੩/੧੦੬੦)
‘‘ਹਰਿ ਜੀ, ਮੇਰੀ ‘ਸਾਰ’ ਕਰੇ; ਹਮ ਹਰਿ ਕੇ ਬਾਲਕ ॥’’ (ਮ: ੫/੧੧੦੧)
‘‘ਨਾਨਕ ! ਸੋ ਸਾਲਾਹੀਐ; ਜਿ ਸਭਨਾ ‘ਸਾਰ’ ਕਰੇਇ ॥’’ (ਮ: ੩/੧੩੭੬)
‘‘ਸੋਈ ਜੀਉ ਨ ਵਜਦਾ; ਜਿਸੁ ਅਲਹੁ ਕਰਦਾ ‘ਸਾਰ’ ॥’’ (ਮ: ੫/੧੩੮੩)
(5). ‘ਸਾਰ’ ਭਾਵ ‘ਬਰਾਬਰ, ਮਾਤ੍ਰ’; ਜਿਵੇਂ 1 ਵਾਰ:
‘‘ਙਣਿ ਘਾਲੇ ਸਭ ਦਿਵਸ ਸਾਸ (ਸੁਆਸ); ਨਹ ਬਢਨ ਘਟਨ ਤਿਲੁ ‘ਸਾਰ’ ॥’’ (ਮ: ੫/੨੫੪)
(6). ‘ਸਾਰ’ ਭਾਵ ‘ਫ਼ੈਸਲਾ, ਨਿਬੇੜਾ’; ਜਿਵੇਂ 1 ਵਾਰ:
‘‘ਕਰਣੀ ਉਪਰਿ; ਹੋਵਗਿ ਸਾਰ ॥’’ (ਮ: ੧/੧੧੬੯)
(7). ‘ਸਾਰ’ ਭਾਵ ‘ਲੋਹਾ, ਸਖ਼ਤ’; ਜਿਵੇਂ:
‘‘ਸਿਮਰਤ ਨਾਨਕ ਤਰੇ ਸਾਰ ॥’’ (ਮ: ੫/੯੮੭) (ਭਾਵ ਹੇ ਨਾਨਕ ! ਰੱਬੀ ਨਾਮ ਸਿਮਰਿਆਂ ਲੋਹੇ (ਵਰਗਾ ਵਿਕਾਰਾਂ ਨਾਲ ਸਖ਼ਤ) ਸੰਸਾਰ ਤਰ ਗਏ।)
(ਨੋਟ: ਗੁਰਬਾਣੀ ਲਿਖਤ ਅਨੁਸਾਰ, ਜਦ ਜੁੜਤ ਸ਼ਬਦ ਅਰਥ ਦੇਣ ਤਾਂ ਪਹਿਲਾ ਸ਼ਬਦ ਬਹੁ ਵਚਨ ਤੇ ਬਾਅਦ ਵਾਲਾ ਇੱਕ ਵਚਨ ਹੁੰਦਾ ਹੈ; ਜਿਵੇਂ:
‘‘ਅਸੰਖ ਪੂਜਾ; ਅਸੰਖ ਤਪ ਤਾਉ ॥’’ (ਤਪਾਂ ਦਾ ਸੇਕ)
‘‘ਹਉ ਵਿਚਿ ਪਾਪ ਪੁੰਨ ਵੀਚਾਰੁ ॥’’ (ਮ: ੧/੪੬੬) (ਪਾਪਾਂ ਤੇ ਪੂੰਨਾਂ ਦਾ ਵੀਚਾਰ)
‘‘ਊਚੇ ਕੂਕਹਿ ਵਾਦਾ ਗਾਵਹਿ, ਜੋਧਾ ਕਾ ਵੀਚਾਰੁ ॥’’ (ਮ: ੧/੪੬੯) (ਜੋਧਿਆਂ ਦਾ ਵੀਚਾਰ)
‘‘ਮਨ ਕੀ ਪਤ੍ਰੀ ਵਾਚਣੀ, ਸੁਖੀ ਹੂ ਸੁਖੁ ਸਾਰੁ ॥’’ (ਮ: ੩/੧੦੯੩) (ਸੁੱਖਾਂ ਵਿੱਚੋਂ ਸ੍ਰੇਸ਼ਟ ਸੁੱਖ)
‘‘ਗੁਰ ਪੀਰਾਂ ਕੀ ਚਾਕਰੀ, ਮਹਾਂ ਕਰੜੀ ਸੁਖ ਸਾਰੁ ॥’’ (ਮ: ੪/੧੪੨੨) (ਸੁੱਖਾਂ ਦਾ ਸਾਰ (ਨਿਚੋੜ)
‘ਤਾ ਲਿਖੀਐ, ਸਿਰਿ ਗਾਵਾਰਾ ਗਾਵਾਰੁ ॥’’ (ਜਪੁ /ਮ: ੧) (ਮੂਰਖਾਂ ਸਿਰ ਮੂਰਖ)
‘‘ਦਾਨਾ ਤੂ ਬੀਨਾ ਤੁਹੀ, ਦਾਨਾ ਕੈ ਸਿਰਿ ਦਾਨੁ ॥’’ (ਮ: ੧/੯੩੪) (ਦਾਨਾਂ ਵਿੱਚੋਂ ਸ੍ਰੇਸ਼ਟ ਦਾਨ)
‘‘ਦਾਨਾ ਕੈ ਸਿਰਿ ਦਾਨੁ, ਵੀਚਾਰਾ ॥’’ (ਮ: ੧/੧੦੩੫) (ਦਾਨਾਂ ਵਿੱਚੋਂ ਸ੍ਰੇਸ਼ਟ ਦਾਨ) ਆਦਿ।
ਪਰ ਸੰਬੰਧਤ ਪਉੜੀ ਵਿੱਚ ਪ੍ਰਮਾਤਮਾ ਦੇ ਬਹੁ ਆਕਾਰੀ ਸਰੂਪ ਨੂੰ ਬਿਆਨ ਕਰਦਿਆਂ ਸਾਰੇ ਹੀ ਸ਼ਬਦ ਬਹੁ ਵਚਨ ਰੂਪਾਂ ਵਿੱਚ ਦਰਜ ਮਿਲ ਰਹੇ ਹਨ; ਜਿਵੇਂ: ‘‘ਗਰੰਥ ਮੁਖਿ ਵੇਦ ਪਾਠ॥, ਮਨਿ ਰਹਹਿ ਉਦਾਸ ॥ ਗੁਣ ਗਿਆਨ ਵੀਚਾਰ ॥’’ ਆਦਿ ਸ਼ਬਦ ਬਣਤਰ ਕਾਰਨ ਹੀ ‘‘ਮੁਹ ਭਖ ਸਾਰ ॥’’ ਸਰੂਪ ਦਰਜ ਕੀਤਾ ਹੋਇਆ ਜਾਪਦਾ ਹੈ ਕਿਉਂਕਿ ਗੁਰਬਾਣੀ ਵਿੱਚ ਲੋਹੇ ਨੂੰ ‘ਸਾਰੁ’(ਔਕੜ ਸਹਿਤ) ਲਿਖਿਆ ਗਿਆ ਹੈ; ਜਿਵੇਂ:
‘‘ਨਾਨਕ ! ਕਥਨਾ ਕਰੜਾ ‘ਸਾਰੁ’ ॥’’ (ਜਪੁ /ਮ: ੧)
‘‘ਕੈਹਾ ਕੰਚਨੁ ਤੁਟੈ ‘ਸਾਰੁ’ ॥’’ (ਮ: ੧/੧੪੩)
‘‘ਪਹਿਰਾ ਅਗਨਿ ਹਿਵੈ ਘਰੁ ਬਾਧਾ; ਭੋਜਨੁ ‘ਸਾਰੁ’ ਕਰਾਈ ॥’’ (ਮ: ੧/੧੪੭)
‘‘ਚਬੇ ਤਤਾ ਲੋਹ ‘ਸਾਰੁ’; ਵਿਚਿ ਸੰਘੈ ਪਲਤੇ ॥’’ (ਮ: ੪/੩੧੭)
‘‘ਗਿਆਨੁ ਨ ਗਲੀਈ ਢੂਢੀਐ; ਕਥਨਾ ਕਰੜਾ ‘ਸਾਰੁ’ ॥’’ (ਮ: ੧/੪੬੫)
‘‘ਬਿਨੁ ਦੰਤਾ; ਕਿਉ ਖਾਈਐ ‘ਸਾਰੁ’ ॥’’ (ਮ: ੧/੯੪੦)
‘‘ਤ੍ਰੈ ਗੁਣ ਮੇਟੇ; ਖਾਈਐ ‘ਸਾਰੁ’ ॥’’ (ਮ: ੧/੯੪੦)
‘‘ਮੈਣ ਕੇ ਦੰਤ; ਕਿਉ ਖਾਈਐ ‘ਸਾਰੁ’ ॥’’ (ਮ: ੧/੯੪੩)
‘‘ਸਬਦੁ ਕਮਾਈਐ; ਖਾਈਐ ‘ਸਾਰੁ’ ॥’’ (ਮ: ੧/੯੪੩)
‘‘ਮੈਨ ਦੰਤ ਨਿਕਸੇ ਗੁਰ ਬਚਨੀ; ‘ਸਾਰੁ’ ਚਬਿ ਚਬਿ ਹਰਿ ਰਸੁ ਪੀਜੈ ॥’’ (ਮ: ੪/੧੩੨੪)
‘‘ਅਸੰਖ ਮੋਨਿ; ਲਿਵ ਲਾਇ ਤਾਰ ॥’’-ਇਸ ਪੰਕਤੀ ’ਚ ਦਰਜ ‘ਮੋਨਿ’ ਸ਼ਬਦ ਬਹੁ ਵਚਨ ਹੈ, ਜੋ ਹਮੇਸ਼ਾਂ ਅੰਤ ਸਿਹਾਰੀ ਰਹਿੰਦਾ ਹੈ, ਗੁਰਬਾਣੀ ’ਚ 9 ਵਾਰ ‘ਮੋਨਿ’ (ਇੱਕ ਵਚਨ ਤੇ ਬਹੁ ਵਚਨ) ਸਰੂਪ ਦਰਜ ਹੈ; ਜਿਵੇਂ:
‘‘ਲੁੰਜਿਤ, ਮੁੰਜਿਤ, ਮੋਨਿ, ਜਟਾਧਰ; ਅੰਤਿ ਤਊ ਮਰਨਾ ॥’’ (ਭਗਤ ਕਬੀਰ/੪੭੬)
‘‘ਸਿਵ ਬਿਰੰਚਿ ਅਰੁ ਸਗਲ ਮੋਨਿ ਜਨ; ਗਹਿ ਨ ਸਕਾਹਿ ਗਤਾ ॥’’ (ਮ: ੫/੪੯੮)
‘‘ਬੋਲਿ ਸੁਧਰਮੀੜਿਆ ! ਮੋਨਿ ਕਤ ਧਾਰੀ? ਰਾਮ ॥’’ (ਮ: ੫/੫੪੭)
‘‘ਮੋਨਿ ਭਇਓ ਕਰਪਾਤੀ ਰਹਿਓ; ਨਗਨ ਫਿਰਿਓ ਬਨ ਮਾਹੀ ॥’’ (ਮ: ੫/੬੪੧) ਆਦਿ।
‘‘ਲਿਵ ਲਾਇ ਤਾਰ ॥’’ ਗੁਰਬਾਣੀ ਵਿੱਚ ‘ਲਿਵ ਤਾਰ’ (ਇਸਤ੍ਰੀ ਲਿੰਗ) ਜੁੜਤ ਸ਼ਬਦ 6 ਵਾਰ ਦਰਜ ਹੈ; ਜਿਵੇਂ:
‘‘ਚੁਪੈ ਚੁਪ ਨ ਹੋਵਈ; ਜੇ, ਲਾਇ ਰਹਾ ‘ਲਿਵ ਤਾਰ’ ॥’’ (ਜਪੁ /ਮ: ੧)
‘‘ਨਾਨਕ ! ਹਰਿ ਨਾਮੁ ਜਿਨੀ ਆਰਾਧਿਆ; ਅਨਦਿਨੁ ਹਰਿ ‘ਲਿਵ ਤਾਰ’ ॥’’ (ਮ: ੩/੯੦)
‘‘ਅਨਹਦਿ ਰਾਤਾ; ‘ਏਕ ਲਿਵ ਤਾਰ’ ॥’’ (ਮ: ੧/੧੧੮੮)
‘‘ਊਡਾਂ ਬੈਸਾ; ‘ਏਕ ਲਿਵ ਤਾਰ’ ॥’’ (ਮ: ੧/੧੨੭੫)
‘‘ਕਲਿਪ ਤਰੁ ਰੋਗ ਬਿਦਾਰੁ, ਸੰਸਾਰ ਤਾਪ ਨਿਵਾਰੁ; ਆਤਮਾ ਤ੍ਰਿਬਿਧਿ, ਤੇਰੈ ‘ਏਕ ਲਿਵ ਤਾਰ’ ॥’’ (ਭਟ ਕਲੵ /੧੩੯੧)
ਸੋ, ‘‘ਅਸੰਖ ਸੂਰ; ਮੁਹ ਭਖ ਸਾਰ ॥ ਅਸੰਖ ਮੋਨਿ; ਲਿਵ ਲਾਇ ਤਾਰ ॥’’ ਭਾਵ ਅਸੰਖ ਯੋਧੇ (ਰਣ ਭੂਮੀ ’ਚ ਸਾਹਮਣੇ ਤੋਂ ਆਪਣੇ) ਮੂੰਹ ਉੱਤੇ ਲੋਹੇ ਦੇ ਪ੍ਰਹਾਰ ਖਾਂਦੇ ਹਨ (ਭਾਵ ਪਿੱਠ ਨਾ ਵਿਖਾਉਣ ਵਾਲ਼ੇ ਖੱਤਰੀ ਧਰਮ ਦਾ ਪਾਲਣ ਕਰਦੇ ਹਨ) ਤੇ ਬੇਸ਼ੁਮਾਰ ਮੌਨਧਾਰੀ (ਧਰਮ ਚਰਚਾ ਤੋਂ ਦੂਰ ਰਹਿ ਕੇ) ਨਿਰੰਤਰ ਸਮਾਧੀ ਲਾ ਕੇ ਰੱਖਦੇ ਹਨ।
(ਨੋਟ: ਅਗਾਂਹ ਪੰਕਤੀਆਂ ਦੀ ਵਿਸਥਾਰ ਨਾਲ ਵੀਚਾਰ ਪਿੱਛੇ ਕੀਤੀ ਜਾ ਚੁੱਕੀ ਹੈ, ਇੱਥੇ ਕੇਵਲ ਪੰਕਤੀ ਅਰਥ ਹੀ ਦਿੱਤੇ ਜਾ ਰਹੇ ਹਨ।)
ਕੁਦਰਤਿ ਕਵਣ ? ਕਹਾ ਵੀਚਾਰੁ॥ ਵਾਰਿਆ ਨ ਜਾਵਾ, ਏਕ ਵਾਰ॥
ਅਰਥ : ਹੇ ਨਿਰਾਕਾਰ ਮਾਲਕ ! (ਤੇਰੇ ਵਿਸ਼ਾਲਤਾ ਅੱਗੇ) ਮੇਰੀ ਕਿੰਨੀ ਕੁ ਕੁਦਰਤਿ (ਸਮਰੱਥਾ ਹੈ ? ਤਾਂ ਜੋ ਤੇਰੀ ਹੋਂਦ ਬਾਰੇ ਪੂਰਾ) ਅਨੁਮਾਨ ਲਗਾ ਸਕਾਂ, ਬੇਸ਼ੱਕ ਮੈਂ ਇੱਕ ਵਾਰ (ਤੇਰੇ ’ਚ) ਵਾਰਿਆ (ਅਭੇਦ ਹੀ) ਕਿਉਂ ਨਾ ਹੋ ਜਾਵਾਂ (ਫਿਰ ਵੀ ਤੇਰਾ ਪੂਰਾ ਮੁਲ-ਅੰਕਣ ਨਹੀਂ ਕਰ ਸਕਦਾ)।
ਜੋ ਤੁਧੁ ਭਾਵੈ; ਸਾਈ ਭਲੀ ਕਾਰ॥ ਤੂ ਸਦਾ ਸਲਾਮਤਿ, ਨਿਰੰਕਾਰ॥੧੭॥
ਅਰਥ : ਹੇ ਨਿਰਾਕਾਰ ! ਜੋ ਤੈਨੂੰ ਪਸੰਦ ਹੈ (ਮਿਹਰ ਕਰ) ਉਹੀ ਕਾਰ-ਵਿਹਾਰ (ਮੈਨੂੰ ਵੀ) ਚੰਗਾ ਲੱਗੇ (ਕਿਉਂਕਿ ਮੈਂ ਵਕਤੀ ਮਹਿਮਾਨ ਹਾਂ ਤੇ) ਤੂੰ ਸਦੀਵੀ ਸਥਿਰ ਮਾਲਕ ।੧੭।
(ਨੋਟ: ਤੂ ਸਦਾ ਸਲਾਮਤਿ; ਨਿਰੰਕਾਰ ॥੧੭॥ ਪੰਕਤੀ ਦੇ ਅੰਤ ਵਿੱਚ ਅੰਕ ੧੭ ਪਉੜੀ ਦੀ ਸਮਾਪਤੀ ਨੂੰ ਦਰਸਾਉਂਦਾ ਹੈ।)