ਜਪੁ ਪਉੜੀ 1 ਤੋਂ 4
ਜ਼ਰੂਰੀ ਬੇਨਤੀ : ਕਈ ਵਿਦਵਾਨ ਸੱਜਣਾਂ ਨੇ ਗੁਰਬਾਣੀ ਦਾ ਟੀਕਾ ਕੀਤਾ ਹੈ। ਗੁਰਮਤਿ ਸਿਧਾਂਤਾਂ ਨੂੰ ਸਮਝਣ ਤੇ ਸਮਝਾਉਣ ਦਾ ਯਤਨ ਕੀਤਾ ਹੈ। ਫਿਰ ਵੀ ਗੁਰਬਾਣੀ ’ਚ ਅਨੇਕਾਂ ਗਹਿਰੇ ਰਾਜ਼ ਛੁਪੇ ਹਨ, ਜੋ ਅਜੇ ਪਕੜ ’ਚੋਂ ਬਾਹਰ ਹਨ। ਇਹੀ ਕਾਰਨ ਹੈ ਕਿ ਗੁਰਬਾਣੀ ਦੇ ਮੂਲ ਮੁੱਦਿਆਂ ’ਤੇ ਸਿੱਖਾਂ ਅੰਦਰ ਆਮ ਰਾਇ ਨਹੀਂ ਬਣਦੀ। ‘ਜਪੁ’ ਬਾਣੀ ਦੇ ਇਸ ਟੀਕੇ ’ਚ ਸੰਖੇਪ ਜਿਹੇ ਸ਼ਬਦਾਂ ਨਾਲ਼ ਗੁਰਮਤਿ ਦੇ ਕਈ ਪੱਖ ਵਿਚਾਰਨ ਦਾ ਨਿਮਾਣਾ ਜਿਹਾ ਯਤਨ ਕੀਤਾ ਹੈ ਤਾਂ ਕਿ ਗੁਰਬਾਣੀ ਬਾਰੇ ਕਈ ਬੇਲੋੜੇ ਸੰਦੇਹ ਦੂਰ ਹੋਣ। ਇਹ ਵਿਚਾਰ ਭਾਵੇਂ ਸਭ ਦੀ ਤਸੱਲੀ ਨਾ ਕਰਾ ਸਕੇ, ਪਰ ਜਗਿਆਸੂ ਮਨ ਅੰਦਰ ਗੁਰਮਤਿ ਨੂੰ ਸਮਝਣ ਲਈ ਹੋਰ ਤਾਂਘ ਜ਼ਰੂਰ ਪੈਦਾ ਕਰੇਗੀ।
ਗੁਰਬਾਣੀ ਦੇ ਸੰਦਰਭ ’ਚ ਦੋ ਸ਼ਬਦ
ਗੁਰਬਾਣੀ; ਮਨੁੱਖ ਦੇ ਹਿਰਦੇ ਨੂੰ ਨਵੇਂ, ਨਰੋਏ ਰੂਪ ’ਚ ਢਾਲ਼ਦੀ ਹੈ। ਗੁਰਬਾਣੀ ਰਾਹੀਂ ਉਪਜਦੇ ਆਤਮਿਕ ਚਾਨਣ/ਬਲ ਨਾਲ਼ ਮਨ ’ਚ ਸ਼ਾਂਤੀ, ਦਿਮਾਗ਼ ’ਚ ਸਥਿਰਤਾ ਤੇ ਆਸ਼ਾਵਾਦੀ ਵਿਚਾਰ ਪਨਪਣ ਲੱਗਦੇ ਹਨ। ਅੰਧ ਵਿਸ਼ਵਾਸ ’ਚ ਬਰਬਾਦ ਹੁੰਦਾ ਬੇਲੋੜਾ ਸਮਾਂ ਤੇ ਊਰਜਾ ਬਚਦੇ ਹਨ। ਗੁਰਬਾਣੀ ’ਤੇ ਅਮਲ ਕਰਦਿਆਂ ਸਿੱਖ ਆਪਣੇ ਪਰਵਾਰਿਕ, ਸਮਾਜਿਕ ਅਤੇ ਕੌਮੀ ਫ਼ਰਜ਼ਾਂ ਨੂੰ ਸਿੱਦਕ ਨਾਲ਼ ਨਿਭਾਉਂਦਾ ਹੋਇਆ ਲੋਕ-ਪ੍ਰਲੋਕ ’ਚ ਸੁਰਖ਼ਰੂ ਹੁੰਦਾ ਹੈ।
ਇੱਕ ਪੂਰਨ ਤੇ ਸਫਲ ਜ਼ਿੰਦਗੀ ’ਚ ਪੰਜ ਗਿਆਨ ਇੰਦ੍ਰਿਆਂ (ਅੱਖ, ਨੱਕ, ਕੰਨ, ਜੀਭ ਤੇ ਚਮੜੀ) ਵਾਲ਼ਾ ਸਮਾਜਿਕ ਜਾਂ ਦਿਮਾਗ਼ੀ ਗਿਆਨ ਅਤੇ ਬਾਣੀਕਾਰਾਂ ਦੇ ਅਨੁਭਵ/ਤਜਰਬੇ ਵਾਲ਼ਾ ਅਲੌਕਿਕ ਰੂਹਾਨੀਅਤ ਗਿਆਨ; ਦੋਵੇਂ ਅਹਿਮ ਹੁੰਦੇ ਹਨ, ਪਰ ਬਾਣੀਕਾਰਾਂ ਦਾ ਗਿਆਨ; ਤਦ ਤੱਕ ਕਿਸੇ ਹਿਰਦੇ ਨੂੰ ਅਨੰਦਿਤ ਤੇ ਦਿਮਾਗ਼ ਨੂੰ ਸਥਿਰ ਨਹੀਂ ਕਰ ਸਕਦਾ ਜਦ ਤੱਕ ਇਹ ਖ਼ੁਦ ਦਾ ਅਨੁਭਵ ਭਾਵ ਆਤਮ ਪ੍ਰਕਾਸ਼ ਬਣ ਦਿਮਾਗ਼ ਨੂੰ ਸੰਤੁਸ਼ਟ/ਸ਼ਾਂਤ ਨਹੀਂ ਕਰਦਾ, ਸੰਦੇਹ ਮੁਕਤ ਨਹੀਂ ਕਰਦਾ।
ਸਮੁੱਚੀ ਗੁਰਬਾਣੀ; 6 ਗੁਰੂ ਸਾਹਿਬਾਨ, 15 ਭਗਤ ਸਾਹਿਬਾਨ, 11 ਭੱਟ ਸਾਹਿਬਾਨ ਅਤੇ 3 ਗੁਰਸਿੱਖਾਂ ਦੇ ਆਤਮ ਪ੍ਰਕਾਸ਼ ਵਾਲ਼ਾ ਅਨੁਭਵੀ ਬਲ ਹੈ, ਜੋ ਇੱਕ ਝਰਨੇ ਸਮਾਨ ਹੈ ਤੇ ਸੁੱਤੇ ਸਿੱਧ ਪਾਣੀ ਵਾਙ ਨਿਰੰਤਰ ਵਹਿੰਦਾ ਹੈ ਭਾਵ ਜੀਵਨ ਦੇ ਅੰਤ ਤੱਕ ਨਵੇਂ ਨਵੇਂ ਵਿਚਾਰ ਫੁਟਦੇ ਰਹਿੰਦੇ ਹਨ ਜਦ ਕਿ ਸਮਾਜਿਕ ਗਿਆਨ; ਇਸ ਦੇ ਮੁਕਾਬਲੇ ਬਹੁਤ ਸੀਮਤ ਹੁੰਦਾ ਹੈ। ਮਿਸਾਲ ਵਜੋਂ ਗੁਰੂ ਨਾਨਕ ਸਾਹਿਬ ਜੀ ਨੇ ਜਿੱਥੇ ‘ਜੀਵਨ, ਕੁਦਰਤ ਅਤੇ ਨਿਰਾਕਾਰ’ ਦੀ ਸਚਾਈ ਨੂੰ ਇਉਂ ਬਿਆਨ ਕਰ ਦਿੱਤਾ ਜਿਵੇਂ ਕਿ ਬਹੁਤ ਨੇੜਿਓਂ ਤੱਕਿਆ ਹੋਵੇ; ਓਥੇ 20-22 ਸਾਲ ਤੱਕ ਸਮਾਜਿਕ ਵਿਦਿਆ ਲੈਣ ਵਾਲ਼ਾ ਡਾਕਟਰ; ਸਰੀਰ ਦੇ ਭੀ ਇੱਕੋ ਰੋਗ ਦਾ ਮਾਹਰ ਬਣਦਾ ਹੈ, ਸਾਰੇ ਰੋਗਾਂ ਦਾ ਨਹੀਂ। ਵਿਸ਼ਾਲ ਕੁਦਰਤ ਅਤੇ ਅਪਹੁੰਚ ਨਿਰਾਕਾਰ ਬਾਰੇ ਉਸ ਕੋਲ਼ ਸਮਝ ਹੋਣੀ ਤਾਂ ਬਹੁਤ ਦੂਰ ਦੀ ਗੱਲ ਹੈ।
ਬਾਣੀਕਾਰਾਂ ਦੇ ਹਿਰਦੇ ’ਚੋਂ ਸੁੱਤੇ ਸਿੱਧ ਉਪਜਿਆ ਖ਼ਾਸ-ਖ਼ਾਸ ਗਿਆਨ ਹੀ ਗੁਰਬਾਣੀ ਹੈ; ਜਿਵੇਂ ਕਿ ਭਗਤ ਸੂਰਦਾਸ ਜੀ ਦੇ ਮਾਤਰ ਇਹੀ ਬੋਲ ਹਨ, ‘‘ਛਾਡਿ ਮਨ ! ਹਰਿ ਬਿਮੁਖਨ ਕੋ ਸੰਗੁ ॥’’ (ਭਗਤ ਸੂਰਦਾਸ ਜੀ, ਪੰਨਾ ੧੨੫੩) ਭਾਵ ਹੇ ਮਨ ! ਹਰੀ ਤੋਂ ਬੇਮੁੱਖ ਹੋਏ ਲੋਕਾਂ ਦੀ ਸੰਗਤ ਨਾ ਕਰ। ਕੀ ਭਗਤ ਸੂਰਦਾਸ ਜੀ ਨੂੰ ਸਾਰੀ ਉਮਰ ’ਚ ਇਹੀ ਅਹਿਸਾਸ ਹੋਇਆ ਹੈ ? ਜਵਾਬ ਹੈ : ਨਹੀਂ। ਇਸੇ ਤਰ੍ਹਾਂ ਕੁੱਝ ਹੋਰ ਭਗਤਾਂ ਦੇ ਭੀ ਗੁਰਬਾਣੀ ’ਚ 1-1 ਜਾਂ 2-2 ਸ਼ਬਦ ਹੀ ਹਨ। ਗੁਰੂ ਸਾਹਿਬਾਨ ਨੇ ਭੀ ਸਾਰੀ ਉਮਰ ’ਚ ਕੀਤੀਆਂ ਵਿਚਾਰ-ਗੋਸਟੀ ਦਾ ਬਹੁਤ ਅਹਿਮ ਭਾਗ ਲਿਖ ਕੇ ਸੰਭਾਲ਼ਿਆ ਹੈ।
ਸੋ ਜਿੱਥੇ ਬਾਣੀਕਾਰਾਂ ਨੇ ਸਾਰੀ ਉਮਰ ’ਚ ਜਿੰਨਾ ਮਹਿਸੂਸ ਕੀਤਾ ਉਹ ਸਾਰਾ ਬਿਆਨ ਕਰਨਾ ਅਸੰਭਵ ਹੈ; ਓਥੇ ਬਿਆਨ ਕੀਤੇ ਖ਼ਾਸ ਗਿਆਨ (ਗੁਰਬਾਣੀ) ਨੂੰ ਗੁਰਸਿੱਖ ਨੇ ਸਾਰੀ ਉਮਰ ਸਮਝਣਾ ਹੈ ਤੇ ਆਪਣੇ ਆਪ ਨੂੰ ਪੜਚੋਲਦੇ ਰਹਿਣਾ ਹੈ। ‘ਜਪੁ’; ਅਲੌਕਿਕ ਗਿਆਨ ਭਰਪੂਰ ਅਤੇ ਇਸ ਨੂੰ ਪ੍ਰਗਟ ਕਰਨ ਵਾਲ਼ੇ ਸਤਿਗੁਰੂ ਅੱਗੇ ਬੇਨਤੀ ਕਰਨ ਨਾਲ਼ ਸੰਬੰਧਿਤ ਬਾਣੀ ਹੈ। ਜਿਸ ਨੂੰ ਵਿਚਾਰਨ ਤੋਂ ਪਹਿਲਾਂ ਗੁਰਮਤਿ ਦੀ ਸੰਖੇਪ ਜਿਹੀ ਵਿਚਾਰ ਜ਼ਰੂਰੀ ਹੈ; ਜਿਵੇਂ ਕਿ
(1). ‘ੴ’ ਬਾਰੇ ਬਾਣੀਕਾਰਾਂ ਦੇ ਬੋਲ : ਗੁਰਬਾਣੀ ਦਾ ਇਹ ਅਲੌਕਿਕ ਗਿਆਨ ਹੈ, ਜੋ ਇਸ ਲੋਕ ਭਾਵ ਸੰਸਾਰ ਨਾਲ਼ ਸੰਬੰਧਿਤ ਨਹੀਂ ਯਾਨੀ ਸੰਸਾਰ ਤੋਂ ਵੱਖਰਾ ਗਿਆਨ, ਪਰਾਲੌਕਿਕ ਗਿਆਨ, ਅਦ੍ਰਿਸ਼-ਨਿਰਾਕਾਰ ਬਾਰੇ ਗਿਆਨ। ਇਹ, ਪੰਜ ਗਿਆਨ ਇੰਦ੍ਰਿਆਂ ਰਾਹੀਂ ਉਪਜਿਆ ਗਿਆਨ ਨਹੀਂ। ਇਹ ਅਨੁਭਵ ਰੂਪ ਅੱਖਾਂ ਨਾਲ਼ ਮਾਣਿਆ ਜਾ ਸਕਦਾ ਹੈ; ਜਿਵੇਂ ਕਿ ਬਚਨ ਹਨ, ‘‘ਨਾਨਕ ! ਸੇ ਅਖੜੀਆਂ ਬਿਅੰਨਿ; ਜਿਨੀ ਡਿਸੰਦੋ ਮਾ ਪਿਰੀ ॥’’ (ਮਹਲਾ ੫/੫੭੭) ਅਰਥ : ਉਹ (ਰੂਹਾਨੀਅਤ) ਅੱਖਾਂ ਹੋਰ ਹਨ, ਜਿਨ੍ਹਾਂ ਰਾਹੀਂ ਮੇਰਾ ਪਤੀ-ਪਰਮੇਸ਼ਰ ਵੇਖੀਦਾ ਹੈ।
ਗੁਰਬਾਣੀ ਦੇ ਇਸ ਗਿਆਨ ਦਾ ਲਾਹਾ ਲੈਣ ਲਈ ਹਿਰਦੇ ’ਚ ਭਰੋਸਾ ਹੋਣਾ ਜ਼ਰੂਰੀ ਹੈ ਕਿਉਂਕਿ ਇਸ ਦੀ ਵਧੇਰੇ ਸਪਸ਼ਟਤਾ ਲਈ ਸਮਾਜ ’ਚੋਂ ਕੋਈ ਮਿਸਾਲ ਨਹੀਂ ਦਿੱਤੀ ਜਾ ਸਕਦੀ। ਇਸ ਇਲਾਹੀ ਗਿਆਨ (ਭਾਵ ‘ੴ’ ਸ਼ਕਤੀ) ਲਈ ਗੁਰਬਾਣੀ ’ਚ 442 ਵਾਰ ‘ਅਗੰਮ, ਅਗੋਚਰ’ ਸ਼ਬਦ ਵਰਤੇ ਹਨ। ਜਿਨ੍ਹਾਂ ਦੇ ਅਰਥ ਹਨ ‘ਪੰਜ ਗਿਆਨ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ’।
ਗੁਰਬਾਣੀ ਦਾ ਇਹੀ ਗਿਆਨ; ਸਿੱਖ ਲਈ ਨਿਤਨੇਮ ਬਣਾਇਆ ਹੈ। ਤਕਰੀਬਨ 100 ਸਾਲ (17ਵੀਂ ’ਚ) ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ 13 ਅੰਕ ਸਿੱਖਾਂ ਦਾ ਨਿਤਨੇਮ ਸਨ। ਸਿੱਖਾਂ ਲਈ ਹਦਾਇਤ ਹੈ ਕਿ ਉਹ ਅਰਦਾਸ ਰਾਹੀਂ ਗੁਰੂ ਪਾਸੋਂ ਨਿੱਤ ‘ਭਰੋਸਾ ਦਾਨ’ ਮੰਗਣ।
(2). ਕੁਦਰਤ (ਜਿਸ ਵਿੱਚ ‘ਤਾਰੇ, ਬਨਸਪਤੀ, ਜੀਵਨ ਆਦਿ ਹਨ) ਦਾ ਤੱਥਾਂ ਆਧਾਰਿਤ ਕੀਤਾ ਗਿਆ ਵਿਸ਼ਲੇਸ਼ਣ : ਗੁਰਬਾਣੀ ’ਚ ਦਰਜ ਇਹ ਸਚਾਈ; ਸਮਾਜ ਵਿੱਚੋਂ ਭੀ ਮਿਸਾਲਾਂ ਦੇ ਕੇ ਸਮਝਾਈ ਜਾ ਸਕਦੀ ਹੈ। ਇਸ ਨੂੰ ਸਮਝਣ ਤੇ ਅਪਣਾਉਣ ਲਈ ‘ਭਰੋਸਾ ਦਾਨ’ ਮੰਗਣ ਦੀ ਲੋੜ ਨਹੀਂ। ਆਧੁਨਿਕ ਵਿਗਿਆਨਿਕ ਕਾਢਾਂ ਭੀ ਇਸ ਗਿਆਨ ਨਾਲ਼ ਸਹਿਮਤ ਹਨ ਤਾਹੀਓਂ ਇਸ ਉੱਤੇ ਕਦੇ ਕਿੰਤੂ-ਪਰੰਤੂ ਨਹੀਂ ਕੀਤਾ। ਬਾਣੀਕਾਰਾਂ ਦਾ ਇਹ ਵਿਸ਼ਲੇਸ਼ਣ; ਉਕਤ ਨੰਬਰ 1 ਵਾਲ਼ੇ ਅਲੌਕਿਕ ਗਿਆਨ ਉੱਤੇ ਭੀ ‘ਭਰੋਸਾ’ ਕਾਇਮ ਕਰਾਉਂਦਾ ਹੈ ਕਿਉਂਕਿ ਜੇਕਰ ਇਸ ਗਿਆਨ ਨੂੰ ਕੋਈ ਆਧੁਨਿਕ ਖੋਜ ਗ਼ਲਤ ਸਾਬਤ ਕਰ ਦਿੰਦੀ ਤਾਂ ਅਲੌਕਿਕ ਗਿਆਨ ਪ੍ਰਤੀ ਭੀ ਸੰਦੇਹ ਉਪਜਣ ਦੀ ਸੰਭਾਵਨਾ ਰਹਿੰਦੀ। ਕੁੱਝ ਤਰਕ ਦੇ ਪੈਰੋਕਾਰ ਸਿੱਖ; ਗੁਰਬਾਣੀ ਦੇ ਇਸੇ ਗਿਆਨ ਨੂੰ ਗੁਰਮਤਿ ਦਾ ਨਿਚੋੜ ਸਮਝਣ ਦੀ ਭੁੱਲ ਕਰਦੇ ਹਨ ਯਾਨੀ ਕਿ ‘ੴ’ ਬਾਰੇ ਬਿਆਨ ਕੀਤੇ ਵਿਸ਼ਵਾਸ ਆਧਾਰਿਤ ਰੂਹਾਨੀਅਤ ਅਨੁਭਵ ਨੂੰ ਗੁਰਮਤਿ ਦਾ ਤਤਸਾਰ ਨਹੀਂ ਮੰਨਦੇ ਜਦ ਕਿ ਭਗਤ ਨਾਮਦੇਵ ਜੀ ਨੇ ਅਲੌਕਿਕ ਸ਼ਕਤੀ ਦੀ ਵਿਆਖਿਆ ਕਰਦਿਆਂ ਆਪਣੇ ਇੱਕ ਸ਼ਬਦ ਦੇ ਰਹਾਉ ਬੰਦ (ਜੋ ਕਿ ਪੂਰੇ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ) ’ਚ ਬਿਆਨ ਕੀਤਾ, ‘‘ਪਹਿਲ ਪੁਰਸਾਬਿਰਾ ॥ ਅਥੋਨ ਪੁਰਸਾਦਮਰਾ ॥ ਅਸਗਾ ਅਸ ਉਸਗਾ ॥ ਹਰਿ ਕਾ ਬਾਗਰਾ; ਨਾਚੈ ਪਿੰਧੀ ਮਹਿ ਸਾਗਰਾ ॥੧॥ ਰਹਾਉ ॥’’ (ਭਗਤ ਨਾਮਦੇਵ/੬੯੪) ਅਰਥ : ਪਹਿਲੇ ਪਹਿਲ ਆਦਿ ਪੁਰਸ਼ (ੴ) ਪ੍ਰਗਟਿਆ। ਉਸ ਆਦਿ ਪੁਰਸ਼ ਤੋਂ ਮਾਇਆ (ਕੁਦਰਤ) ਬਣੀ। ਇਸ ਕੁਦਰਤ ਅਤੇ ਉਹ ਆਦਿ ਪੁਰਸ਼ (ੴ) ਵਿੱਚ ਬਹੁਤਾ ਅੰਤਰ ਨਹੀਂ ਭਾਵ ਉਹ ਆਦਿ ਪੁਰਸ਼; ਇਸ ਕੁਦਰਤ ’ਚ ਹੀ ਰਮਿਆ ਹੈ। ਜਿਸ ਕਾਰਨ ਇਹ ਕੁਦਰਤ ਮਾਨੋ ਉਸ ਪੁਰਸ਼ ਦਾ ਸੋਹਣਾ ਬਾਗ਼ ਹੈ। ਭਾਵੇਂ ਇਸ ਵਿੱਚ (ਖ਼ੁਸ਼ੀ ਤੇ ਗ਼ਮੀ ਕਾਰਨ ਹਰ ਮਨੁੱਖ) ਇਉਂ ਨੱਚਦਾ ਹੈ; ਜਿਵੇਂ (ਖੂਹ ਦੀਆਂ) ਟਿੰਡਾਂ ’ਚ ਪਾਣੀ (ਕਦੇ ਭਰਦਾ, ਕਦੇ ਖ਼ਾਲੀ ਹੁੰਦਾ ਹੈ)। ਭਗਤ ਜੀ ਨਾਲ਼ ਹੀ ਇਹ ਕਹਿਣਾ ਨਹੀਂ ਭੁੱਲੇ ਕਿ ਇਨ੍ਹਾਂ ਇਲਾਹੀ ਬੋਲਾਂ ’ਤੇ ਤਰਕ ਨਾ ਕਰ ਬੈਠਨਾ, ‘‘ਤਰਕੁ ਨ ਚਾ ॥ ਭ੍ਰਮੀਆ ਚਾ ॥’’ ਭਾਵ (ਹੇ ਭਾਈ ! ਇਸ ਸਚਾਈ ਉੱਤੇ) ਤਰਕ ਨਾ ਕਰ, ਭਰਮ ’ਚ ਨਾ ਪੈ।
‘ਤਰਕ’ ਅਤੇ ‘ਭਰਮ’ ਇੱਕੋ ਸਿੱਕੇ ਦੇ ਦੋ ਪਹਿਲੂ ਹਨ। ਤਰਕ ’ਚ ਭਰਮ ਤੇ ਭਰਮ ’ਚ ਤਰਕ ਹੁੰਦਾ ਹੈ। ਭਰਮ ਤੋਂ ਭਾਵ ਦੁਬਿਧਾ ਹੈ, ਭੁਲੇਖਾ ਹੈ, ਇਸ ਲਈ ਦਿਮਾਗ਼ ਦਾ ਸਥਿਰ ਹੋਣਾ, ਦੁਬਿਧਾ ਮੁਕਤ ਹੋਣਾ ਜ਼ਰੂਰੀ ਹੈ। ਭਗਤ ਜੀ ਦੀ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਭੀ ਅਲੌਕਿਕ ਸ਼ਕਤੀ ‘ੴ’ ਦੀ ਵਿਆਖਿਆ ਕਰਦਿਆਂ ਕਿਹਾ ਕਿ ਜਿਸ (ਪੁਰਸ਼) ਤੋਂ ਕੁਦਰਤ ਬਣੀ, ਉਹ ਹੁਣ ਭੀ ਸਰਬ ਵਿਆਪਕ ਹੋ ਸਭ ਨੂੰ ਵੇਖਦਾ, ਸੰਭਾਲ਼ਦਾ ਹੈ, ‘‘ਆਪੀਨ੍ੈ ਆਪੁ ਸਾਜਿਓ; ਆਪੀਨ੍ੈ ਰਚਿਓ ਨਾਉ ॥ ਦੁਯੀ ਕੁਦਰਤਿ ਸਾਜੀਐ; ਕਰਿ ਆਸਣੁ ਡਿਠੋ ਚਾਉ ॥’’ (ਆਸਾ ਕੀ ਵਾਰ/ਮਹਲਾ ੧/੪੬੩)
(3). ਪ੍ਰਾਚੀਨ ਮੱਤਾਂ ’ਚ ਧਰਮ ਦੀ ਕੀਤੀ ਗਈ ਅੱਧ–ਅਧੂਰੀ ਤੇ ਗ਼ਲਤ ਵਿਆਖਿਆ ਨੂੰ ਬੜੇ ਪਿਆਰ ਨਾਲ਼ ਰੱਦ ਕਰਨਾ : ਗੁਰਬਾਣੀ ’ਚ ਪੁਰਾਤਨ ਮੱਤਾਂ ਦੀਆਂ ਕਈ ਕਾਲਪਨਿਕ ਕਹਾਣੀਆਂ ਨੂੰ ਸਿੱਧੇ ਰੱਦ ਕਰਨ ਜਾਂ ਝੂਠੀਆਂ ਕਹਿਣ ਦੀ ਬਜਾਇ ਬਾਣੀਕਾਰਾਂ ਨੇ ਉਨ੍ਹਾਂ ਦੀ ਮਿਸਾਲ ਦੇ ਕੇ ਸਚਾਈ ਵਾਲ਼ੀ ਵੱਡੀ ਲਕੀਰ ਖਿੱਚੀ ਹੈ; ਮਿਸਾਲ ਵਜੋਂ ਸਮੁੰਦਰ ਨੂੰ ਰਿੜਕ ਕੇ 14 ਰਤਨ ਕੱਢਣ ਵਾਲ਼ੀ ਮਿੱਥ ਨੂੰ ਮਿਸਾਲ ਬਣਾ ਗੁਰੂ ਨਾਨਕ ਜੀ ਨੇ ਆਪਣੇ ਅੰਦਰੋਂ ਹੀ ਆਤਮ ਪ੍ਰਕਾਸ਼ ਰੂਪ 14 ਰਤਨ ਕੱਢੇ ਸਨ, ਦਾ ਜ਼ਿਕਰ ਬਾਬਾ ਸੱਤਾ ਬਲਵੰਡ ਜੀ ਇਉਂ ਕੀਤਾ, ‘‘ਮਾਧਾਣਾ ਪਰਬਤੁ ਕਰਿ, ਨੇਤ੍ਰਿ ਬਾਸਕੁ; ਸਬਦਿ ਰਿੜਕਿਓਨੁ ॥ ਚਉਦਹ ਰਤਨ ਨਿਕਾਲਿਅਨੁ; ਕਰਿ ਆਵਾ ਗਉਣੁ ਚਿਲਕਿਓਨੁ ॥’’ (ਬਲਵੰਡ ਸਤਾ/ ੯੬੭) ਅਰਥ : ਉਸ (ਗੁਰੂ ਨਾਨਕ ਸਾਹਿਬ) ਨੇ ਆਪਣੀ ਉੱਚੀ ਸੁਰਤ ਨੂੰ ਮਧਾਣੀ ਬਣਾ ਅਤੇ ਸ਼ੇਸ਼ਨਾਗ-ਸੱਪ ਨੂੰ (ਮਧਾਣੀ ਨੂੰ ਘੁਮਾਉਣ ਵਾਲ਼ੀ) ਰੱਸੀ ਬਣਾ ਇਲਾਹੀ ਬਾਣੀ ਰਾਹੀਂ ਆਪਣੇ ਆਪ ਨੂੰ ਰਿੜਕਿਆ, ਪੜਚੋਲਿਆ। ਜਿਸ ਨਾਲ਼ ਉਸ ਨੇ (ਆਪਣੇ ਅੰਦਰੋਂ ਹੀ ਰੱਬੀ ਨੂਰ/ਆਤਮ-ਪ੍ਰਕਾਸ਼ ਰੂਪ) ਚੌਦ੍ਹਾਂ ਰਤਨ ਕੱਢ ਲਏ। ਜਿਨ੍ਹਾਂ ਨਾਲ਼ ਆਵਾਗਮਣ (’ਚ ਰਹਿਣ ਵਾਲ਼ਾ ਜੀਵਨ) ਸੋਹਣਾ ਬਣਾ ਦਿੱਤਾ ਭਾਵ ਸ਼ਰਧਾਵਾਨ ਸਿੱਖਾਂ ਨੂੰ ਆਵਾਗਮਣ ਮੁਕਤ ਕਰ ਦਿੱਤਾ। ਇੱਥੇ ਸ਼ੇਸ਼ਨਾਗ-ਸੱਪ ਨੂੰ ਰੱਸੀ ਬਣਾਉਣ ਤੋਂ ਭਾਵ ਮਨ ਨੂੰ ਕਾਬੂ ਕਰਨਾ ਹੈ, ਨਾ ਕਿ ਕਿਸੇ ਸਮੁੰਦਰ ਨੂੰ ਰਿੜਕ ਕੇ 14 ਰਤਨ ਕੱਢਣ ਨੂੰ ਸਹੀ ਠਹਿਰਾਇਆ ਹੈ। ਸੋ ਜਿਸ ਤਰ੍ਹਾਂ ਇੱਥੇ ਕਲਪਿਤ ਮਿੱਥ ਨੂੰ ਅਸਿੱਧੇ ਤੌਰ ’ਤੇ ਰੱਦ ਕਰ ਇਲਾਹੀ ਬਾਣੀ ਰਾਹੀਂ ਮਨ ਨੂੰ ਨੀਵਾਂ ਤੇ ਸੁਰਤਿ ਨੂੰ ਉੱਚਾ ਕਰਨ ਦਾ ਢੰਗ ਬਿਆਨ ਕੀਤਾ ਹੈ; ਉਸੇ ਤਰ੍ਹਾਂ ਸਮੁੱਚੀ ਗੁਰਬਾਣੀ ’ਚ ਧਰਮ ਦੇ ਨਾਂ ’ਤੇ ਪਰੋਸਿਆ ਹਰ ਝੂਠ ਰੱਦ ਕੀਤਾ ਹੈ। ਕਈ ਅਣਜਾਣ ਸਿੱਖ; ਐਸੀਆਂ ਮਨਘੜਤ ਕਹਾਣੀਆਂ ਨੂੰ ਗੁਰਬਾਣੀ ’ਚ ਦਰਜ ਹੋਣ ਕਾਰਨ ਸੱਚ ਸਮਝ ਬੈਠਦੇ ਹਨ।
ਉਕਤ ਬਿਆਨ ਕੀਤਾ ਤੁਲਨਾਤਮਿਕ ਗਿਆਨ ਭਾਵੇਂ ਕਿ ਗੁਰਬਾਣੀ ਦਾ ਹੀ ਭਾਗ ਹੈ, ਪਰ ਇਸ ਨੂੰ ਨਿਤਨੇਮ ’ਚ ਸ਼ਾਮਲ ਨਹੀਂ ਕੀਤਾ ਤਾਂ ਕਿ ਬੇਲੋੜੇ ਵਿਵਾਦਾਂ ’ਚ ਪੈ ਕੇ ਸਿੱਖ ਆਪਣਾ ਹੀ ਕੀਮਤੀ ਜਨਮ ਅਜਾਈਂ ਨਾ ਗਵਾ ਲੈਣ।
ਦੂਸਰੇ ਪੜਾਅ ’ਚ ਗੁਰਮਤਿ ਦੇ ਇਹ ਪੱਖ ਭੀ ਸੰਖੇਪ ’ਚ ਵਿਚਾਰਨੇ ਜ਼ਰੂਰੀ ਹੈ :
(ੳ). ‘ੴ’ ਨਾਲ਼ ਨੇੜਤਾ ਕਾਇਮ ਕਰਨ ਲਈ ਸਤਿਗੁਰੂ ਦੀ ਮਿਹਰ ਦਾ ਹੋਣਾ, ਬੜਾ ਜ਼ਰੂਰੀ ਹੈ ਤਾਹੀਓਂ ਮੂਲ ਮੰਤਰ ਦੇ ਅੰਤ ’ਚ ‘ਗੁਰ ਪ੍ਰਸਾਦਿ’ ਭਾਵ ਗੁਰੂ ਦੀ ਕਿਰਪਾ ਨਾਲ਼ (ੴ ਮਿਲਦਾ ਹੈ), ਦਰਜ ਹੈ। ਇਸੇ ਲਈ ਨਿਤਨੇਮ ’ਚ ਪ੍ਰਭੂ ਦੇ ਗੁਣ ਗਾਉਣ ਦੇ ਨਾਲ਼-ਨਾਲ਼ ਇਨ੍ਹਾਂ ਨੂੰ ਪ੍ਰਗਟ ਕਰਨ ਵਾਲ਼ੇ ਗੁਰੂ ਜੀ ਅੱਗੇ ਬੇਨਤੀ ਕਰਨ ਨੂੰ ਭੀ ਜ਼ਰੂਰੀ ਸਮਝਿਆ ਹੈ; ਜਿਵੇਂ ਕਿ ‘ਜਪੁ’ ਬਾਣੀ ਦੀਆਂ 5 ਤੋਂ 15 ਪਉੜੀਆਂ ’ਚ ਗੁਰੂ ਨਾਲ਼ ਸੰਬੰਧਿਤ ਬਾਣੀ ਹੈ ਅਤੇ ‘ਸੋ ਦਰੁ’ (ਰਹਰਾਸਿ ਵਾਲ਼ੇ 9 ਸ਼ਬਦਾਂ) ਵਿੱਚ ‘‘ਹਰਿ ਕੇ ਜਨ ਸਤਿਗੁਰ ਸਤਪੁਰਖਾ ! ਬਿਨਉ ਕਰਉ ਗੁਰ ਪਾਸਿ ॥’’ (ਮਹਲਾ ੪/੧੦) ਵਾਲ਼ਾ ਸ਼ਬਦ; ਸ਼ਾਮਲ ਕੀਤਾ ਹੈ।
(ਅ). ‘ੴ’ ਤੋਂ ਵਿੱਥ ਜਾਂ ਦੂਰੀ ਬਣਨ ਦੇ ਤਿੰਨ ਕਾਰਨ ਹੁੰਦੇ ਹਨ (1). ਅਗਿਆਨਤਾ (2). ਕਿਸੇ ਹੋਰ ’ਤੇ ਭਰੋਸਾ (3). ਭਰਮ ਜਾਂ ਦੁਬਿਧਾ। ਗੁਰਬਾਣੀ ’ਚ ਇਨ੍ਹਾਂ ਨੂੰ ਧਿਆਨ ’ਚ ਰੱਖਦਿਆਂ ਨਵੇਕਲ਼ੇ ਸ਼ਬਦ; ‘ਦੂਜੈ+ਭਾਇ’ (151 ਵਾਰ) ਦਰਜ ਕੀਤੇ ਹਨ, ਜੋ ਭਗਤ ਬਾਣੀ ਵਿੱਚ ਭੀ ਨਹੀਂ ਹਨ। ਇਨ੍ਹਾਂ ਦੇ ਅਰਥ ਹਨ (‘ੴ’ ਦੀ ਥਾਂ ਕਿਸੇ) ‘ਹੋਰ ਨਾਲ਼ ਪਾਏ ਪਿਆਰ ਕਾਰਨ’ ਯਾਨੀ ਕਿਸੇ ਹੋਰ ਨੂੰ ਸ੍ਰਿਸ਼ਟੀ ਦਾ ‘ਕਰਤਾ’ (ਪੈਦਾ ਕਰਨ ਵਾਲ਼ਾ), ‘ਧਰਤਾ’ (ਰਿਜ਼ਕ ਦੇਣ ਵਾਲ਼ਾ) ਤੇ ‘ਹਰਤਾ’ (ਨਾਸ ਕਰਨ ਵਾਲ਼ਾ) ਮੰਨਣ ਨਾਲ਼।
ਗੁਰਮਤਿ ਦੀ ਇਸ ਵਿਲੱਖਣਤਾ ਬਾਰੇ ਭਾਈ ਗੁਰਦਾਸ ਜੀ ਨੇ ਬਚਨ ਕੀਤੇ, ‘‘ਮਾਰਿਆ ਸਿਕਾ ਜਗਤ੍ਰਿ ਵਿਚਿ; ਨਾਨਕਿ (ਨੇ) ਨਿਰਮਲ ਪੰਥ ਚਲਾਇਆ।’’ (ਵਾਰ ੧ ਪਉੜੀ ੪੫), ਭਗਤ ਕਬੀਰ ਜੀ ਦੇ ਬਚਨ ਹਨ, ‘‘ਪੰਡਿਤ ਮੁਲਾਂ; ਜੋ ਲਿਖਿ ਦੀਆ ॥ ਛਾਡਿ ਚਲੇ ਹਮ; ਕਛੂ ਨ ਲੀਆ ॥’’ (ਭਗਤ ਕਬੀਰ ਜੀ/੧੧੫੯), ਵੈਸੇ ਗੁਰਬਾਣੀ ਦਾ ਸੰਦੇਸ਼; ਹਰ ਵਰਗ ਲਈ ਹੈ, ‘‘ਖਤ੍ਰੀ ਬ੍ਰਾਹਮਣ ਸੂਦ ਵੈਸ; ਉਪਦੇਸੁ ਚਹੁ ਵਰਨਾ ਕਉ ਸਾਝਾ ॥ ਗੁਰਮੁਖਿ ਨਾਮੁ ਜਪੈ, ਉਧਰੈ ਸੋ ਕਲਿ ਮਹਿ; ਘਟਿ ਘਟਿ ਨਾਨਕ ਮਾਝਾ ॥’’ (ਮਹਲਾ ੫/੭੪੮) ਅਰਥ : ਸਾਰਿਆਂ ਲਈ ਇਹੀ ਸਾਂਝਾ ਸੰਦੇਸ਼ ਹੈ ਕਿ ਜੋ ਭੀ ਗੁਰੂ ਦੀ ਰਾਹੀਂ ਸਰਬ ਵਿਆਪਕ ਰਾਮ ਦਾ ਨਾਮ ਜਪੇਗਾ, ਓਹੀ ਸੰਸਾਰ-ਸਮੁੰਦਰ ’ਚੋਂ ਪਾਰ ਹੋਏਗਾ (ਬਾਕੀਆਂ ਨੇ ਅਵੱਸ਼ ਡੁੱਬਣਾ ਹੈ)।
ਗਿਆਨ ਅਤੇ ਅਗਿਆਨ ਦੀ ਪਰਖ ਹੈ ਕਿ ਗਿਆਨਵਾਨ ਬੰਦਾ; ਥੋੜ੍ਹੇ ਸ਼ਬਦਾਂ ’ਚ ਬਹੁਤ ਕੁੱਝ ਕਹਿ ਜਾਂਦਾ ਹੈ ਜਦ ਕਿ ਨਾਸਮਝ ਵੱਧ ਸ਼ਬਦ ਤੇ ਵੱਧ ਸਮਾਂ ਲੈ ਕੇ ਭੀ ਆਪਣੀ ਗੱਲ-ਬਾਤ ਨੂੰ ਸਪਸ਼ਟ ਨਹੀਂ ਸਕਦਾ। ਬਾਣੀਕਾਰਾਂ ਨੇ ਸੰਖੇਪ ਸ਼ਬਦਾਵਲੀ ’ਚ ਹਰ ਵਿਸ਼ੇ ਨੂੰ ਸਰਲ ਤੇ ਸਪਸ਼ਟ ਕੀਤਾ ਹੈ, ਜੋ ਉਨ੍ਹਾਂ ਦੇ ਤੀਖਣ ਦਿਮਾਗ਼ ਦਾ ਪ੍ਰਤੀਕ ਹੈ; ਜਿਵੇਂ ਕਿ
(1). ਸੰਖੇਪ ਸ਼ਬਦਾਵਲੀ : ਗੁਰੂ ਨਾਨਕ ਸਾਹਿਬ ਜੀ ਦੇ ਇਹ ਮਾਤਰ 17 ਕੁ ਸ਼ਬਦ ਹਨ, ‘‘ਭੁਲਣ ਅੰਦਰਿ ਸਭੁ ਕੋ; ਅਭੁਲੁ ਗੁਰੂ ਕਰਤਾਰੁ ॥ (ਮਹਲਾ ੧/੬੧), ਸੁਚਿ ਹੋਵੈ ਤਾ; ਸਚੁ ਪਾਈਐ ॥ (ਮਹਲਾ ੧/੪੭੨), ਘਾਲਿ ਖਾਇ; ਕਿਛੁ ਹਥਹੁ ਦੇਇ ॥’’ (ਮਹਲਾ ੧/੧੨੪੫) ਜਿਨ੍ਹਾਂ ਰਾਹੀਂ ਐਨਾ ਗਿਆਨ ਬਖ਼ਸ਼ਿਆ (1/2). ਗੁਰੂ ਤੇ ਰੱਬ ਅਭੁੱਲ ਹਨ (3). ਬਾਕੀ ਸਾਰਾ ਜਗਤ ਭੁੱਲਣਹਾਰ ਹੈ ਭਾਵ ਸਚਾਈ ਤੋਂ ਅਣਜਾਣ ਹੈ (4/5). ਜੇ ਹਿਰਦੇ ’ਚੋਂ ਕਰਤਾਰ ਲੱਭ ਲਈਏ ਤਾਂ ਹੀ ਮਨ ਸ਼ੁੱਧ ਹੁੰਦਾ ਹੈ (ਨਾ ਕਿ ਕੋਈ ਸਰੀਰਕ ਕੰਮ ਕਰਨ ਨਾਲ਼; ਜਿਵੇਂ ਕਿ ਤੀਰਥ ਇਸ਼ਨਾਨ ਕਰਨਾ, ਮੌਨ ਧਾਰਨਾ ਜਾਂ ਵਰਤ ਆਦਿ ਰੱਖਣਾ) (6/7). ਗ੍ਰਿਹਸਤੀ ਜੀਵਨ ’ਚ ਹੱਥੀਂ ਕਿਰਤ ਕਰਨੀ ਹੈ ਤੇ ਉਸ ਨਾਲ਼ ਲੋੜਵੰਦਾਂ ਦਾ ਸਹਾਰਾ ਭੀ ਬਣਨਾ ਹੈ, ਆਦਿ।
ਸ਼ਬਦਾਂ ਦੀ ਇਹ ਸੰਖੇਪਤਾ; ਸਮੁੱਚੀ ‘ਜਪੁ’ ਬਾਣੀ ਅੰਦਰ ਭੀ ਹੈ। ਜਿਸ ਦੇ ਮਾਤਰ 2148 ਸ਼ਬਦ ਹਨ। ਜਿਨ੍ਹਾਂ ਰਾਹੀਂ ‘ੴ’ ਦੀ ਹੋਂਦ, ਉਸ ਦਾ ਨਿਵਾਸ ਸਥਾਨ, ਉਸ ਦਾ ਹੁਕਮ, ਉਸ ਦੀਆਂ ਦਾਤਾਂ/ਬਖ਼ਸ਼ਸ਼ਾਂ, ਕੁਦਰਤ ਦੀ ਵਿਸ਼ਾਲਤਾ, ਸਤਿਗੁਰੂ ਦੀ ਅਹਿਮੀਅਤ, ਸਫਲ ਜੀਵਨ ’ਚ ਆਉਂਦੇ ਪੰਜ ਰੂਹਾਨੀਅਤ ਬਦਲਾਅ (ਧਰਮਖੰਡ, ਗਿਆਨਖੰਡ, ਸਰਮਖੰਡ, ਕਰਮਖੰਡ ਅਤੇ ਸਚਖੰਡਿ) ਆਦਿ ਨੂੰ ਪੂਰਨ ਸਪਸ਼ਟ ਕੀਤਾ ਹੈ। ਇਨ੍ਹਾਂ ਨੂੰ ਖੋਲ੍ਹਣ ਲਈ ਹੀ ਫ਼ਿਲਾਸਫ਼ਰਾਂ, ਦਾਰਸ਼ਨਿਕਾਂ ਨੇ ਟੀਕੇ ਕੀਤੇ, ਜੋ ਹੁਣ ਭੀ ਜਾਰੀ ਹਨ ਤੇ ਅਗਾਂਹ ਭੀ ਹੁੰਦੇ ਰਹਿਣੇ ਹਨ।
(2). ਸਰਲਤਾ : ਭਿੰਨ-ਭਿੰਨ ਕਿੱਤਿਆਂ ਨਾਲ਼ ਸੰਬੰਧਿਤ ਬਾਣੀਕਾਰਾਂ ਨੇ ਆਪਣੇ ਇਲਾਹੀ ਅਨੁਭਵ ਨੂੰ ਸਥਾਨਿਕ ਰਹੁ-ਰੀਤਾਂ ਦੀ ਮਿਸਾਲ ਸਮੇਤ ਆਮ ਬੋਲੀਆਂ (ਭਾਵ ਕਈ ਭਾਸ਼ਾਵਾਂ) ’ਚ ਕਲਮਬੰਦ ਕੀਤਾ ਹੈ। ਇਸੇ ਲਈ ਗੁਰਬਾਣੀ ਤੋਂ ਗ਼ੈਰ ਪੰਜਾਬੀ ਤੇ ਗ਼ੈਰ ਭਾਰਤੀ ਭੀ ਲਾਹਾ ਲੈ ਲੈਂਦੇ ਹਨ; ਜਿਵੇਂ ਫ਼ਾਰਸੀ-ਅਰਬੀ ਭਾਸ਼ਾ ਤੋਂ ਜਾਣੂ ਬੰਦੇ ਨੂੰ ਇਹ ਗਿਆਨ ਸਹਿਜੇ ਹੀ ਸਮਝ ਆ ਜਾਂਦਾ ਹੈ, ‘‘ਜਨ ਪਿਸਰ ਪਦਰ ਬਿਰਾਦਰਾਂ; ਕਸ ਨੇਸ ਦਸਤੰਗੀਰ ॥ (ਮਹਲਾ ੧/੭੨੧), ਭਿਸਤੁ; ਪੀਰ ਲਫਜ, ਕਮਾਇ ਅੰਦਾਜਾ ॥’’ (ਮਹਲਾ ੫/੧੦੮੩), ਸੰਸਕ੍ਰਿਤ ਭਾਸ਼ਾ ਦੇ ਜਾਣਕਾਰਾਂ ਨੂੰ ਇਹ ਗਿਆਨ ਸੁੱਤੇ ਹੀ ਸਮਝ ਆ ਜਾਂਦਾ ਹੈ, ‘‘ਨਿਹਫਲੰ ਤਸੵ ਜਨਮਸੵ; ਜਾਵਦ ਬ੍ਰਹਮ ਨ ਬਿੰਦਤੇ ॥ (ਮਹਲਾ ੧/੧੩੫੩), ਮ੍ਰਿਗੀ ਪੇਖੰਤ ਬਧਿਕ; ਪ੍ਰਹਾਰੇਣ, ਲਖੵ ਆਵਧਹ ॥ ਅਹੋ ਜਸੵ ਰਖੇਣ ਗੋਪਾਲਹ; ਨਾਨਕ ! ਰੋਮ ਨ ਛੇਦੵਤੇ ॥’’ (ਸਲੋਕ ਸਹਸਿਤੀ/ਮਹਲਾ ੫/੧੩੫੪) ਇਸੇ ਸਰਲਤਾ ਕਾਰਨ ਗੁਰਬਾਣੀ; ਸਮੁੱਚੀ ਮਾਨਵਤਾ ਦੀ ਰੂਹਾਨੀਅਤ ਖ਼ੁਰਾਕ ਬਣ ਜਾਂਦੀ ਹੈ।
(3). ਸਪਸ਼ਟਤਾ : ਸੂਖਮ ਵਿਸ਼ਿਆਂ ਨੂੰ ਗੁਰਬਾਣੀ ’ਚ ਦੂਹਰੇ ਸਵਾਲ ਜਾਂ ਦੂਹਰੇ ਜਵਾਬ ਨਾਲ਼ ਸਪਸ਼ਟ ਕੀਤਾ ਹੈ; ਜਿਵੇਂ ਕਿ ‘ਜਪੁ’ ਬਾਣੀ ਦੀ ਪਹਿਲੀ ਤੇ ਦੂਜੀ ਪਉੜੀ ’ਚ ਹੀ ਦਰਜ ਹੈ, ‘‘ਕਿਵ ਸਚਿਆਰਾ ਹੋਈਐ ? ਕਿਵ ਕੂੜੈ ਤੁਟੈ ਪਾਲਿ ?..॥੧॥ (ਜਪੁ), ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਨ ਕੋਇ ..॥੨॥’’ (ਜਪੁ) ਇਨ੍ਹਾਂ ਵਾਕਾਂ ’ਚ ਇੱਕੋ ਵਿਸ਼ਾ; ਦੋ ਦੋ ਵਾਰ ਦੁਹਰਾਇਆ ਹੈ। ਸਚਿਆਰ ਹੋਣਾ ਹੀ ਕੂੜ ਦੀ ਕੰਧ ਢਹਿਣਾ ਹੈ। ‘ਹਰ ਕੋਈ ਹੁਕਮ ’ਚ ਹੈ’ (ਹੁਕਮੈ ਅੰਦਰਿ ਸਭੁ ਕੋ), ਇਸੇ ਨੂੰ ਮੁੜ ਦੁਹਰਾਇਆ ਕਿ ਹੁਕਮ ਤੋਂ ਆਕੀ ਕੋਈ ਨਹੀਂ (ਬਾਹਰਿ ਹੁਕਮ ਨ ਕੋਇ)।
ਜਿੱਥੇ ਪ੍ਰਾਚੀਨ ਮੱਤਾਂ ਨੇ ਵਿਕਾਰੀ ਜੀਵਨ ਨੂੰ ਮਾੜਾ ਦੱਸਿਆ ਹੈ। ਉਨ੍ਹਾਂ ਮੁਤਾਬਕ ਆਹ ਕੰਮ ਕਰਨਾ ਪਾਪ ਹੈ ਤੇ ਆਹ ਕੰਮ ਕਰਨਾ ਪੁੰਨ ਹੈ; ਜਿਵੇਂ ਕਿ ਬਚਨ ਹਨ, ‘‘ਸਿਮ੍ਰਿਤਿ ਸਾਸਤ੍ਰ ਪੁੰਨ ਪਾਪ ਬੀਚਾਰਦੇ; ਤਤੈ ਸਾਰ ਨ ਜਾਣੀ ॥’’ (ਅਨੰਦ/ਮਹਲਾ ੩/੯੨੦) ਜਦ ਕਿ ਗੁਰਬਾਣੀ ਨੇ ਮਾੜੇ ਕੰਮ ਦਾ ਫਲ਼ (ਨਤੀਜਾ) ਭੀ ਸਪਸ਼ਟ ਕੀਤਾ ਹੈ; ਜਿਵੇਂ ਕਿ ‘‘ਨਿਮਖ ਕਾਮ ਸੁਆਦ ਕਾਰਣਿ; ਕੋਟਿ ਦਿਨਸ ਦੁਖੁ ਪਾਵਹਿ ॥’’ (ਮਹਲਾ ੫/੪੦੩) ਭਾਵ ਨਿਮਖ ਮਾਤਰ ਦੇ ਇੰਦ੍ਰੀ ਰਸ ਕਾਰਨ ਕਾਮੀ ਪੁਰਸ਼; ਕ੍ਰੋੜਾਂ ਜੂਨਾਂ ’ਚ ਦੁੱਖ ਭੋਗਦੇ ਹਨ।
ਗੁਰੂ ਗ੍ਰੰਥ ਸਾਹਿਬ ਵਿਖੇ ਗੁਰੂ ਨਾਨਕ ਜੋਤਿ-ਸ਼ਕਤੀ ਭੀ ਗੁਪਤ ਰੂਪ ’ਚ ਗਤੀਸ਼ੀਲ ਹੈ, ਜੋ 10 ਸਰੀਰਕ ਜਾਮਿਆਂ ’ਚ ਵਿਚਰਦੀ ਰਹੀ ਹੈ; ਜਿਵੇਂ ਕਿ ਗੁਰੂ ਨਾਨਕ ਜੀ ਤੋਂ ਗੁਰੂ ਅੰਗਦ ਸਾਹਿਬ ’ਚ ਆਈ, ਦਾ ਜ਼ਿਕਰ ਸੱਤਾ ਬਲਵੰਡ ਜੀ ਨੇ ਕੀਤਾ, ‘‘ਜੋਤਿ ਓਹਾ, ਜੁਗਤਿ ਸਾਇ; ਸਹਿ (ਨਾਨਕ–ਸ਼ਾਹ ਨੇ) ਕਾਇਆ ਫੇਰਿ ਪਲਟੀਐ ॥’’ (ਬਲਵੰਡ ਸਤਾ/੯੬੬), ਇਹੀ ਜੋਤਿ; ਗੁਰੂ ਰਾਮਦਾਸ ਜੀ ਰਾਹੀਂ ਗੁਰੂ ਅਰਜਨ ਸਾਹਿਬ ’ਚ ਆਈ, ਦਾ ਜ਼ਿਕਰ ਭੱਟ ਮਥੁਰਾ ਜੀ ਨੇ ਕੀਤਾ ਹੈ, ‘‘ਰਾਮਦਾਸਿ ਗੁਰੂ ਜਗ ਤਾਰਨ ਕਉ; ਗੁਰ ਜੋਤਿ ਅਰਜੁਨ ਮਾਹਿ ਧਰੀ ॥’’ (ਭਟ ਮਥੁਰਾ/੧੪੦੯) ਆਦਿ। ਸ਼ਰਧਾਵਾਨ ਸਿੱਖ ਨੂੰ ਆਤਮ-ਪ੍ਰਕਾਸ਼ ਰਾਹੀਂ ਅਲੌਕਿਕ ਗਿਆਨ ਦਾ ਅਹਿਸਾਸ ਕਰਾਉਣ ’ਚ ਇਹੀ ਜੋਤਿ-ਸ਼ਕਤੀ ਸਹਾਇਤਾ ਕਰਦੀ ਹੈ ਜਾਂ ਇਹ ਕਹਿ ਲਈਏ ਕਿ ‘ੴ’ ਨਾਲ਼ ਪੂਰਨ ਸੰਬੰਧ ਸਥਾਪਿਤ ਹੋਣ ਤੱਕ ਇਹੀ ਜੋਤਿ; ਆਤਮਿਕ ਰੌਸ਼ਨੀ ਦਾ ਝਲਕਾਰਾ ਦਿੰਦੀ ਹੈ ਭਾਵ ਜ਼ਿੰਦਗੀ ’ਚ ਕੁੱਝ ਅਚਨਚੇਤ ਵਾਪਰਦਾ ਹੈ, ਜੋ ਭਰੋਸੇ ਨੂੰ ਟੁੱਟਣ ਨਹੀਂ ਦਿੰਦਾ ਵਰਨਾ ਧਰਮ ਦੇ ਇਸ ਬਿਖਮ ਪੈਂਡੇ ’ਤੇ ਚੱਲਣਾ ਐਰੇ ਗ਼ੈਰੇ ਦਾ ਕੰਮ ਨਹੀਂ। ਇਸ ਪ੍ਰਥਾਇ ਗੁਰੂ ਜੀ ਦੇ ਬਚਨ ਹਨ, ‘‘ਆਖਣਿ ਅਉਖਾ; ਸਾਚਾ ਨਾਉ ॥’’ (ਸੋ ਦਰੁ/ਮਹਲਾ ੧) ਗੁਰੂ ਅੰਗਦ ਸਾਹਿਬ ਜੀ ਦੇ ਬਚਨ ਹਨ ਕਿ ਉਸ (ਕਰਤਾਰ) ਨਾਲ਼ ਪਿਆਰ ਕਰੋ, ਜਿਸ ਨੇ ਕੁਦਰਤ ਬਣਾਈ ਹੈ, ‘‘ਕਰਤਾ ਸੋ ਸਾਲਾਹੀਐ; ਜਿਨਿ (ਨੇ) ਕੀਤਾ ਆਕਾਰੁ ॥’’ (ਮਹਲਾ ੨/੧੨੩੯) ਪਰ ਉਹ, ਮਨੁੱਖੀ ਸ਼ਕਤੀ (ਗਿਆਨ ਇੰਦ੍ਰਿਆਂ) ਨਾਲ਼ ਵਿਖਾਈ ਨਹੀਂ ਦਿੰਦਾ; ਜਿਵੇਂ ਕਿ ਬਚਨ ਹਨ, ‘‘ਵਿਣੁ ਡਿਠਾ, ਕਿਆ ਸਾਲਾਹੀਐ ? ਅੰਧਾ ਅੰਧੁ ਕਮਾਇ ॥’’ (ਮਹਲਾ ੩/੬੪੬) ਅਰਥ : (ਜੋ ਅਨੁਭਵੀ ਅੱਖ ਤੋਂ) ਬਿਨਾਂ ਵਿਖਾਈ ਨਹੀਂ ਦਿੰਦਾ, ਉਸ ਨੂੰ ਕਿਵੇਂ ਸਿਮਰੀਏ, ਇਸ ਲਈ ਅੰਨ੍ਹਾ ਸਮਾਜ; ਅੰਨ੍ਹਿਆਂ ਵਾਲ਼ੇ ਕੰਮ ਕਰਦਾ ਹੈ।
ਮਿਸਾਲ ਵਜੋਂ ਗੁਰਬਾਣੀ ਅਤੇ ਇੱਕ ਆਮ ਕਵਿਤਾ ਦੇ ਅਰਥ ਆਪਣੀ ਸਮਝ ਨਾਲ਼ (ਯਾਨੀ ਕਿ ਬਿਨਾਂ ਕਿਸੇ ਵਿਆਖਿਆਕਾਰ ਜਾਂ ਕੋਸ਼ ਦੀ ਮਦਦ ਤੋਂ) ਲਿਖ ਕੇ ਰੱਖ ਲੈਣੇ ਚਾਹੀਦੇ ਹਨ ਤੇ ਕੁੱਝ ਸਮੇਂ ਬਾਅਦ ਉਨ੍ਹਾਂ ਨੂੰ ਮੁੜ ਵਾਚਣ ਨਾਲ਼ ਗੁਰਬਾਣੀ ਦੇ ਪਹਿਲਾਂ ਕੀਤੇ ਅਰਥ ਖ਼ੁਦ ਨੂੰ ਨਾਸਮਝ ਸਾਬਤ ਕਰ ਦਿੰਦੇ ਹਨ ਜਦ ਕਿ ਸਧਾਰਨ ਕਵਿਤਾ ਦੇ ਓਹੀ ਅਰਥ; ਬਾਅਦ ’ਚ ਭੀ ਸਹੀ ਜਾਪਦੇ ਹਨ। ਇਸ ਅਨੁਭਵੀ ਵਿਕਾਸ ’ਚ ਨਾਨਕ ਜੋਤਿ ਹੀ ਗੁਪਤ ਕਲਾ ਵਰਤ ਰਹੀ ਹੁੰਦੀ ਹੈ।
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੁੱਲ 5870 ਸ਼ਬਦ ਹਨ। ਜਿਨ੍ਹਾਂ ਵਿੱਚੋਂ 2632 ਸ਼ਬਦਾਂ ’ਚ ਇੱਕ ‘ਰਹਾਉ’ ਅਤੇ 25 ਸ਼ਬਦਾਂ ’ਚ ਦੋ ਦੋ ‘ਰਹਾਉ’ ਬੰਦ ਭਾਵ ‘ਰਹਾਉ ਦੂਜਾ’ ਭੀ ਹੈ। ਜਿਸ ਤਰ੍ਹਾਂ ‘ਰਹਾਉ’ ਤੁੱਕ; ਪੂਰੇ ਸ਼ਬਦ ਦਾ ਕੇਂਦਰੀ ਭਾਵ ਹੁੰਦੀ ਹੈ; ਵੈਸੇ ਹੀ ਪਹਿਲੇ ਸਤਿਗੁਰੂ, ਗੁਰੂ ਨਾਨਕ ਸਾਹਿਬ ਜੀ ਦੀ ‘ਜਪੁ’ ਬਾਣੀ; ਸਮੁੱਚੀ ਗੁਰਬਾਣੀ ਦਾ ਕੇਂਦਰੀ ਭਾਵ ਹੈ। ਇਸ ਨੂੰ ਨਿੱਤ ਦਾ ਨੇਮ (ਨਿਤਨੇਮ) ਬਣਾਉਣ ਲਈ ਗੁਰੂ ਗ੍ਰੰਥ ਸਾਹਿਬ ਜੀ ਦੇ ਆਰੰਭ ’ਚ ਦਰਜ ਕੀਤਾ ਗਿਆ ਹੈ। ਸਮੁੱਚੀ ਗੁਰਬਾਣੀ; ‘ਜਪੁ’ ਜੀ ਦੀ ਵਿਆਖਿਆ ਹੈ। ਇਸੇ ਲਈ ‘ਜਪੁ’ ਨੂੰ ਵਿਚਾਰਨ ਤੋਂ ਪਹਿਲਾਂ ਗੁਰਮਤਿ ਬਾਰੇ ਉਕਤ ਸੰਖੇਪ ਜਿਹੀ ਵਿਚਾਰ ਕਰਨੀ ਜ਼ਰੂਰੀ ਸੀ ਤਾਂ ਜੋ ‘ਜਪੁ’ ਦੇ ਸ਼ਾਬਦਿਕ ਅਰਥਾਂ ਨਾਲ਼ ਸੁੱਤੇ ਹੀ ਭਾਵਾਰਥ ਸਪਸ਼ਟ ਹੋ ਜਾਵੇ।
ਦਾਸ ਸੰਨ 1996 ਤੋਂ ਗੁਰਬਾਣੀ ਨੂੰ ਵਿਆਕਰਨਿਕ ਨਿਯਮਾਂ ਰਾਹੀਂ ਵਾਕ ਦੇ ਅਤਿ ਨੇੜੇ ਰਹਿ ਕੇ ਵਾਚ ਰਿਹਾ ਹੈ ਯਾਨੀ ਕਿ ਕਿਸੇ ਸਾਖੀ ਦੀ ਟੇਕ ਨਹੀਂ ਲਈ। ‘ਜਪੁ’ ਬਾਣੀ ਨੂੰ ਭੀ ਵਿਆਖਿਆਕਾਰਾਂ ਦੇ ਭਿੰਨ ਭਿੰਨ ਦ੍ਰਿਸਟੀਕੋਣ ਤੋਂ ਸਮਝਿਆ ਤੇ ਮਹਿਸੂਸ ਹੋਇਆ ਕਿ ਗੁਰਮਤਿ ਦੇ ਮੂਲ (ਇਸ ਇਲਾਹੀ ਬਾਣੀ) ਬਾਰੇ ਆਪਣਾ ਨਜ਼ਰੀਆ ਸਿੱਖ ਸੰਗਤ ਨਾਲ਼ ਸਾਂਝਾ ਕਰਾਂ। ਉਮੀਦ ਹੈ ਕਿ ਇਸ ਲਈ ਕੱਢਿਆ ਸਮਾਂ; ਬਰਬਾਦ ਨਹੀਂ ਜਾਏਗਾ।
‘ਜਪੁ’ ਬਾਣੀ ਅੰਦਰ 2 ਸਲੋਕ ਤੇ 38 ਪਉੜੀਆਂ ਹਨ। ਆਮ ਸੋਚ ਅਨੁਸਾਰ ਤਾਂ 40 ਵਾਰ ‘ਨਾਨਕ/ਨਾਨਕੁ’ ਮੋਹਰ ਹੋਣੀ ਚਾਹੀਦੀ ਹੈ, ਪਰ ਹੈ ਮਾਤਰ 30 ਵਾਰ (ਨਾਨਕ 28 ਵਾਰ, ਨਾਨਕੁ 2 ਵਾਰ); ਦੋ ਪਉੜੀਆਂ ’ਚ 2-2 ਵਾਰ ਭੀ ਹੈ। ਐਸਾ ਕਿਉਂ ? ਇਸ ਬਾਰੇ ਵਿਚਾਰ ‘ਜਪੁ’ ਬਾਣੀ ਨੂੰ ਸਮਝਣ ਤੋਂ ਬਾਅਦ ਅੰਤ ’ਚ ਕੀਤੀ ਗਈ ਹੈ। ਇਨ੍ਹਾਂ ਸ਼ਾਬਦਿਕ ਅਰਥਾਂ ’ਚ ਗੁਰਬਾਣੀ ਲਿਖਤ ਨੂੰ ਆਧਾਰ ਬਣਾਇਆ ਹੋਣ ਕਾਰਨ ਇਸ ਬਾਰੇ ਐਨੀ ਕੁ ਜਾਣਕਾਰੀ ਹੋਣਾ ਜ਼ਰੂਰੀ ਹੈ (1). ਗੁਰਬਾਣੀ ’ਚ ਇੱਕ ਵਚਨ ਪੁਲਿੰਗ ਨਾਂਵ ਨੂੰ ਔਂਕੜ ਅੰਤ ਹੁੰਦਾ ਹੈ; ਜਿਵੇਂ ਕਿ ‘ਨਾਨਕੁ, ਕਬੀਰੁ, ਗੁਰੁ, ਪ੍ਰਭੁ, ਰਾਮੁ, ਅਲਹੁ, ਪਾਰਬ੍ਰਹਮੁ, ਦੁਖੁ, ਸੁਖੁ, ਮਾਰਗੁ, ਰਾਹੁ, ਪਾਤਿਸਾਹੁ, ਸਬਦੁ, ਸਿਮਰਨੁ, ਪ੍ਰਸਾਦੁ (ਜਿਸ ਦਾ ਅਰਥ ਹੈ : ਕਿਰਪਾ)’ (2). ਪਰ ਜੇ ਇਹੀ ਇੱਕ ਵਚਨ ਸ਼ਬਦ ਸੰਬੋਧਨ ਰੂਪ ’ਚ ਹੋਣ ਭਾਵ ‘ਹੇ ਨਾਨਕ !, ਹੇ ਗੁਰ, ਹੇ ਅਲਹ, ਹੇ ਪਾਤਿਸਾਹ !’ ਅਰਥ ਦੇਣ ਤਾਂ ਇਨ੍ਹਾਂ ਦੀ ਔਂਕੜ ਹਟ ਜਾਂਦੀ ਹੈ ਯਾਨੀ ਇਉਂ ਲਿਖੇ ਹੁੰਦੇ ਹਨ ‘ਨਾਨਕ, ਕਬੀਰ, ਗੁਰ, ਅਲਹ, ਪਾਤਿਸਾਹ’ (3). ਜੇ ਇਨ੍ਹਾਂ ਇੱਕ ਵਚਨ ਸ਼ਬਦਾਂ ਨਾਲ਼ ਕੋਈ ਸੰਬੰਧਕੀ ਚਿੰਨ੍ਹ ‘ਦਾ, ਦੀ, ਕਾ, ਕੇ, ਕੀ, ਤੇ, ਕਉ, ਵਿਚਿ, ਨਾਲਿ, ਉਪਰਿ, ਅੰਤਰਿ’ ਆਦਿ ਹੋਵੇ ਤਾਂ ਭੀ ਇਹ ਔਂਕੜ ਰਹਿਤ ‘ਨਾਨਕ, ਗੁਰ, ਮਾਰਗ, ਰਾਹ, ਪਾਤਿਸਾਹ’ ਵਾਙ ਹੁੰਦੇ ਹਨ (4). ਜੇਕਰ ਇਨ੍ਹਾਂ ਇੱਕ ਵਚਨ ਸ਼ਬਦਾਂ ਦੇ ਅੰਤ ’ਚ ਸਿਹਾਰੀ ਹੋਵੇ; ਜਿਵੇਂ ‘ਨਾਨਕਿ, ਕਬੀਰਿ, ਗੁਰਿ, ਅਲਹਿ, ਪ੍ਰਭਿ, ਪਾਤਿਸਾਹਿ’ ਤਾਂ ਇਨ੍ਹਾਂ ਦੇ ਅਰਥ ਹੁੰਦੇ ਹਨ ‘ਨਾਨਕ ਨੇ, ਗੁਰੂ ਨੇ, ਕਬੀਰ ਨੇ, ਪ੍ਰਭੂ ਨੇ, ਅਲਾਹ ਨੇ, ਪਾਤਿਸ਼ਾਹ ਨੇ’, ਪਰ ਇੱਥੇ ਧਿਆਨ ਰਹੇ ਕਿ ਇਹ ਸਾਰੇ ਵਿਅਕਤੀ ਵਿਸ਼ੇਸ਼ ਨਾਂਵ (ਵਿਅਕਤੀਆਂ ਨਾਲ਼ ਸੰਬੰਧਿਤ ਇੱਕ ਵਚਨ ਨਾਂਵ) ਹਨ ਅਤੇ ਵਸਤੂ ਵਾਚਕ ਸ਼ਬਦਾਂ ਦੀ ਸਿਹਾਰੀ ਅੰਤ; ਜਿਵੇਂ ‘ਸਬਦਿ, ਸਿਮਰਨਿ, ਪ੍ਰਸਾਦਿ, ਰਾਹਿ, ਮਾਰਗਿ, ਦੁਖਿ, ਸੁਖਿ’ ਦੇ ਅਰਥ ਹੁੰਦੇ ਹਨ ‘ਸ਼ਬਦ ਵਿੱਚ ਜਾਂ ਸ਼ਬਦ ਨਾਲ਼, ਸਿਮਰਨ ਵਿੱਚ ਜਾਂ ਸਿਮਰਨ ਨਾਲ਼, ਰਾਹ ਵਿੱਚ ਜਾਂ ਰਾਹ ਨਾਲ਼, ਪ੍ਰਸਾਦ (ਜਿਸ ਦਾ ਅਰਥ ਹੈ : ਕਿਰਪਾ) ਵਿੱਚ ਜਾਂ ਕਿਰਪਾ ਰਾਹੀਂ, ਦੁੱਖ ਵਿੱਚ ਜਾਂ ਦੁੱਖ ਨਾਲ਼’ (5). ਜੇਕਰ ਇਨ੍ਹਾਂ ਦੇ ਅਰਥ ਨਾ ਇਹ ਹੋਣ ‘ਹੇ ਨਾਨਕ !, ਹੇ ਗੁਰ !’ ਅਤੇ ਨਾ ਹੀ ਇਨ੍ਹਾਂ ਨਾਲ਼ ਕੋਈ ਸੰਬੰਧਕੀ ਚਿੰਨ੍ਹ ‘ਦਾ, ਦੀ, ਕਾ, ਕੇ, ਕਉ’ ਆਦਿ, ਪਰ ਮੁਕਤਾ ਅੰਤ ਹੋਣ; ਜਿਵੇਂ ‘ਦੁਖ, ਸੁਖ, ਰਾਹ, ਮਾਰਗ, ਪ੍ਰਸਾਦ (ਜਿਸ ਦਾ ਅਰਥ ਹੈ : ਕੜਾਹ ਪ੍ਰਸ਼ਾਦ)’ ਤਾਂ ਇਹ ਸਾਰੇ ‘ਬਹੁ ਵਚਨ ਨਾਂਵ’ ਹੁੰਦੇ ਹਨ ਕਿਉਂਕਿ ਬਹੁ ਵਚਨ ਨਾਂਵਾਂ ਦੇ ਸਿਹਾਰੀ ਅੰਤ (ਪਾਤਿਸਾਹਿ) ਜਾਂ ਔਂਕੜ ਅੰਤ (ਪਾਤਿਸਾਹੁ) ਨਹੀਂ ਹੁੰਦਾ। (6). ਇਸਤਰੀ ਲਿੰਗ ਨਾਂਵ ਇਹ ਹਨ (ੳ). ਮੁਕਤਾ ਅੰਤ ਵਾਲ਼ੇ; ਜਿਵੇਂ ‘ਕਪਾਹ, ਭੁਖ, ਦੇਹ, ਚੁਪ, ਧਨ (ਜਿਸ ਦਾ ਅਰਥ ਹੈ : ਔਰਤ)’ ਜਾਂ (ਅ). ਦੂਜੀਆਂ ਭਾਸ਼ਾਵਾਂ ਦੇ ਸਿਹਾਰੀ ਅੰਤ ਸ਼ਬਦ; ਜਿਵੇਂ ‘ਸੁਰਤਿ, ਮਤਿ, ਬੁਧਿ, ਮੂਰਤਿ, ਕਾਮਣਿ (ਜਿਸ ਦਾ ਅਰਥ ਹੈ : ਔਰਤ), ਅਕਲਿ, ਈਦਿ, ਖਬਰਿ’ ਆਦਿ। ਧਿਆਨ ਰਹੇ ਕਿ ਅਨਭਾਸ਼ਾ ਦੇ ਇਹ ਸਿਹਾਰੀ ਅੰਤ ਨਾਂਵ; ‘ਸੁਰਤ ਵਿੱਚ ਜਾਂ ਸੁਰਤ ਨਾਲ਼, ਮਤ ਵਿੱਚ ਜਾਂ ਮਤ ਨਾਲ਼, ਔਰਤ ਵਿੱਚ ਜਾਂ ਔਰਤ ਨਾਲ਼’ ਅਰਥ ਬਿਲਕੁਲ ਭੀ ਨਹੀਂ ਦਿੰਦੇ ਕਿਉਂਕਿ ਇਹ (ਸਿਹਾਰੀ); ਸੰਬੰਧਿਤ ਬੋਲੀ ’ਚ ਮੂਲਕ ਹੈ ਭਾਵ ਉਚਾਰੀ ਜਾਂਦੀ ਹੈ।
ਗਿਆਨੀ ਅਵਤਾਰ ਸਿੰਘ
‘ਜਪੁ’ ਬਾਣੀ ਦੀ ਸੰਖੇਪ ’ਚ ਬਹੁ ਪੱਖੀ ਵਿਚਾਰ
ੴ ਸਤਿ ਨਾਮੁ, ਕਰਤਾ ਪੁਰਖੁ, ਨਿਰਭਉ, ਨਿਰਵੈਰੁ, ਅਕਾਲ ਮੂਰਤਿ, ਅਜੂਨੀ, ਸੈਭੰ, ਗੁਰ ਪ੍ਰਸਾਦਿ॥
ਪਦ ਅਰਥ : ੴ– ਜਗਤ ਨੂੰ ਰਚਨ ਵਾਲ਼ਾ, ਰਿਜ਼ਕ ਦੇਣ ਵਾਲ਼ਾ ਤੇ ਨਾਸ ਕਰਨ ਵਾਲ਼ਾ ਇੱਕੋ (ਮਾਲਕ) ਹੈ (ਨਾ ਕਿ ਤਿੰਨ ਦੇਵਤੇ ‘ਬ੍ਰਹਮਾ, ਵਿਸ਼ਨੂੰ, ਮਹੇਸ), ਉਹ ਇੱਕ ਰਸ ਕਣ-ਕਣ ’ਚ ਵਿਆਪਕ ਹੈ।
ਉਚਾਰਨ : ਇੱਕ ਓਅੰਕਾਰ (ਇੱਕ ਵਚਨ ਪੁਲਿੰਗ)।
ਨੋਟ : ੴ ਵਿੱਚ ‘੧’; ਅੰਕ ਗਣਿਤ ਦਾ ਪਹਿਲਾ ਅੱਖਰ ਹੈ ਅਤੇ ‘ੳ’; ਪੰਜਾਬੀ ਵਰਣਮਾਲਾ ਦਾ ਪਹਿਲਾ ਅੱਖਰ।
ਸਤਿ ਨਾਮ– (ੴ) ਸਦੀਵੀ ਸਥਿਰ ਹੈ, ਇਹੀ ਉਸ ਦੀ ਪ੍ਰਸਿੱਧੀ ਹੈ, ਵਡੱਪਣ ਹੈ, ਨਾਮਣਾ ਹੈ।
ਵਿਚਾਰ : ‘ਸਤਿ’ ਸ਼ਬਦ; ‘ੴ’ ਦਾ ਵਿਸ਼ੇਸ਼ਣ ਹੈ, ਨਾ ਕਿ ‘ਨਾਮੁ’ ਦਾ। ਜੇ ‘ਨਾਮੁ’ ਦਾ ਵਿਸ਼ੇਸ਼ਣ ਹੁੰਦਾ ਤਾਂ ਸੰਖੇਪ ਮੂਲ ਮੰਤਰ ’ਚ ਇਹ, ‘ਨਾਮੁ’ ਤੋਂ ਇਲਾਵਾ ‘ਗੁਰ’ ਨਾਲ਼ (ੴ ਸਤਿ ਗੁਰ ਪ੍ਰਸਾਦਿ) ਨਾ ਹੁੰਦਾ, ਜੋ ਗੁਰਬਾਣੀ ’ਚ 524 ਵਾਰ ਹੈ। ਸੋ ‘ਸਤਿ’; ਉਸੇ ਤਰ੍ਹਾਂ ‘ੴ’ ਦਾ ਵਿਸ਼ੇਸ਼ਣ ਹੈ; ਜਿਵੇਂ ਕਿ ਮੂਲ ਮੰਤਰ ਦੇ ਬਾਕੀ ਸ਼ਬਦ ‘ਨਿਰਭਉ, ਨਿਰਵੈਰੁ, ਸੈਭੰ’ ਆਦਿ ‘ੴ’ ਦੇ ਵਿਸ਼ੇਸ਼ਣ ਹਨ। ‘ੴ’ ਦਾ ਇਹ ‘ਸਤਿ’ ਰੂਪ; ਗੁਰਬਾਣੀ ਅਨੁਸਾਰ ਕੁਦਰਤ ਬਣਨ ਤੋਂ ਪਹਿਲਾਂ ਦਾ ਹੈ; ਜਿਵੇਂ ਕਿ ਬਚਨ ਹਨ ‘‘ਕਿਰਤਮ ਨਾਮ ਕਥੇ ਤੇਰੇ; ਜਿਹਬਾ ॥ ਸਤਿ ਨਾਮੁ ਤੇਰਾ; ਪਰਾ ਪੂਰਬਲਾ ॥’’ (ਮਹਲਾ ੫/੧੦੮੩) ਅਰਥ : (ਹੇ ਪ੍ਰਭੂ ਜੀ ! ਮਨੁੱਖਾਂ ਦੀ) ਜੀਭ (ਆਪਣੇ ਆਪਣੇ ਦੁਆਰਾ) ਬਣਾਏ ਤੇਰੇ ਨਾਮ (ਜਿਵੇਂ ਗੋਬਿੰਦ, ਗੁਪਾਲ, ਹਰੀ, ਅੱਲ੍ਹਾ, ਰਾਮ, ਵਿਸ਼ਨੂੰ, ਸ਼ਿਵ ਆਦਿ) ਜਪਦੀ ਹੈ ਭਾਵੇਂ ਕਿ ਤੇਰਾ ਮੁੱਢ ਕਦੀਮਾਂ ਦਾ ਨਾਮ; ‘ਸਤਿ’ ਭਾਵ ਸਦੀਵੀ ਸਥਿਰ ਹੈ। ਉਸ ਸਮੇਂ ਕਿਰਤਮ ਨਾਮ ਬਣਾਉਣ ਵਾਲ਼ੇ ਇਹ ਮਨੁੱਖ ਹੀ ਨਹੀਂ ਸਨ, ਸ੍ਰਿਸ਼ਟੀ ਹੀ ਨਹੀਂ ਸੀ। ‘ਜਪੁ’ ਬਾਣੀ ਦੇ ਅਰੰਭਕ ਸਲੋਕ ‘‘ਆਦਿ ਸਚੁ ਜੁਗਾਦਿ ਸਚੁ..॥’’ ਵਿੱਚ ਭੀ ‘ੴ’ ਦੇ ਇਸ ‘ਸਤਿ’ ਸਰੂਪ ਦੀ ਹੀ ਵਿਆਖਿਆ ਹੈ।
ਕਿਰਤਮ ਉਹ ਨਾਮ ਹੁੰਦੇ ਹਨ, ਜੋ ਸਮਾਜਿਕ ਕੰਮ-ਕਾਰ ਵੇਖ ਕੇ ਮਨੁੱਖਾਂ ਦੁਆਰਾ ਰੱਖੇ ਹੁੰਦੇ ਹਨ; ਜਿਵੇਂ ਸਭ ਨੂੰ ਮਰਦਾ ਵੇਖ ਪਰਮਾਤਮਾ ਦਾ ਨਾਂ ‘ਅਮਰ, ਅਟਲ, ਅਬਿਨਾਸ਼ੀ, ਅਜੂਨੀ’ ਰੱਖ ਲਿਆ। ਮਾਇਆ ਗ੍ਰਸਤ ਮਨੁੱਖਾਂ ਨੂੰ ਵੇਖ ਪ੍ਰਭੂ ਨਾਂ ‘ਨਿਰਮਲ, ਨਿਰਮੋਹ, ਨਿਰਲੇਪ’ ਰੱਖ ਲਿਆ। ਚਾਰੋਂ ਤਰਫ਼ ਡਰ ਵੇਖ ਅੱਲ੍ਹਾ ਦਾ ਨਾਂ ‘ਨਿਰਭਉ, ਨਿਰਭੈ, ਨਿਡਰ’ ਰੱਖਿਆ ਗਿਆ, ਆਦਿ।
ਕਰਤਾ ਪੁਰਖੁ– ਕੁਦਰਤ ਨੂੰ ਰਚਨ ਵਾਲ਼ਾ; (ਇਕਲੌਤਾ) ਪੁਰਸ਼ ਹੈ।
ਵਿਚਾਰ : ਗੁਰਬਾਣੀ; ਸਮੂਹ ਜੀਵ-ਜੰਤਾਂ ਨੂੰ ਇਸਤਰੀਆਂ ਮੰਨਦੀ ਹਨ, ‘‘ਇਸੁ ਜਗ ਮਹਿ ਪੁਰਖੁ ਏਕੁ ਹੈ; ਹੋਰ ਸਗਲੀ ਨਾਰਿ ਸਬਾਈ ॥’’ (ਮਹਲਾ ੩/੫੯੧), ਕਿਉਂਕਿ ਗੁਰਮਤਿ ਨੇ ਧਰਮ ਦਾ ਸੰਬੰਧ ਸਰੀਰ ਨਾਲ਼ ਨਹੀਂ ਬਲਕਿ ਜੀਵਾਤਮਾ (ਜੀਵ+ਆਤਮਾ/ਜਿੰਦ, ਰੂਹ) ਨਾਲ਼ ਬਿਆਨ ਕੀਤਾ ਹੈ। ਇਸੇ ਲਈ ਗੁਰਬਾਣੀ ’ਚ ਅਕਸਰ ਇਸਤਰੀ ਲਿੰਗ ਸ਼ਬਦ (ਕੁਲਖਣੀ, ਸੁਲਖਣੀ, ਕਾਮਣਿ, ਦੁਹਾਗਨਿ, ਸੁਹਾਗਣਿ, ਡੁੰਮਣੀ, ਧਨ, ਕੂੜਿਆਰਿ, ਭੈਣ, ਮਾਇ’ ਆਦਿ) ਦਰਜ ਹਨ।
ਜੇਕਰ ‘ਪੁਰਖੁ’ ਦਾ ਅਰਥ ‘ਇੱਕ ਰਸ ਸਰਬ ਵਿਆਪਕ’ ਕਰੀਏ ਤਾਂ ਇਹੀ ਅਰਥ ‘ੴ’ ਦੇ ਪਿਛੇਤਰ ਲੱਗੀ ‘ਕਾਰ’ ਦੇ ਹਨ; ਜੈਸਾ ਕਿ ‘ਧੁੰਨਕਾਰ, ਜੈ ਜੈਕਾਰ’ ਸ਼ਬਦਾਂ ਦੇ ਪਿਛੇਤਰ ਲੱਗੀ ‘ਕਾਰ’ ਨੇ ‘ਧੁੰਨ’ ਤੇ ‘ਜੈ ਜੈ’ ਨੂੰ ਇੱਕ ਰਸ ਵਿਆਪਕ ਕੀਤਾ ਹੈ। ‘ੴ’ ਦੀ ‘ਕਾਰ’ ਦਾ ਅਰਥ ਨਾ ਕੱਢਣ ਨਾਲ਼ ‘੧ਓ’ ਬਣਤਰ ਵਿੱਚੋਂ ਉਸ ਦਾ ਨਿਵਾਸ ਸਥਾਨ ਸਪਸ਼ਟ ਨਹੀਂ ਹੁੰਦਾ ਕਿ ਉਹ ਕਿੱਥੇ ਵੱਸਦਾ ਹੈ।
ਗੁਰਬਾਣੀ ਵਿੱਚ ਮੂਲ ਮੰਤਰ ਤੋਂ ਇਲਾਵਾ ‘ਕਰਤਾ ਪੁਰਖੁ’ ਸੰਯੁਕਤ ਸ਼ਬਦ 17 ਵਾਰ ਦਰਜ ਹਨ। ਜਿਨ੍ਹਾਂ ਵਿੱਚੋੋਂ ਗੁਰੂ ਨਾਨਕ ਸਾਹਿਬ ਜੀ ਨੇ ਭੀ 3 ਵਾਰ ਵਰਤੇ ਹਨ; ਜਿਵੇਂ ਕਿ ‘‘ਤੂ ਕਰਤਾ ਪੁਰਖੁ ਅਗੰਮੁ ਹੈ; ਰਵਿਆ ਸਭ ਠਾਈ ॥’’ (ਮਹਲਾ ੧/੧੨੯੧), ਇਸ ਵਾਕ ’ਚ ‘ਰਵਿਆ ਸਭ ਠਾਈ’ ਦਾ ਅਰਥ ਪਹਿਲਾਂ ਹੀ ‘ਸਰਬ ਵਿਆਪਕ’ ਹੈ। ‘ਪੁਰਖੁ’ ਦਾ ਮੁੜ ਇਹ ਅਰਥ ਕਰਨਾ, ਸਹੀ ਨਹੀਂ। ਇੱਕ ਹੋਰ ਸ਼ਬਦ ’ਚ ਆਪ ਜੀ ਨੇ ਬਚਨ ਕੀਤਾ, ‘‘ਤੂੰ ਕਰਤਾ ਪੁਰਖੁ ਅਗੰਮੁ ਹੈ; ਆਪਿ ਸ੍ਰਿਸਟਿ ਉਪਾਤੀ ॥’’ (ਮਹਲਾ ੧/੧੩੮) ਇੱਥੇ ‘ਆਪਿ ਸ੍ਰਿਸਟਿ ਉਪਾਤੀ’ ਭਾਵ ਜਗਤ-ਰਚਨਾ ਹੋਣ ਤੋਂ ਪਹਿਲਾਂ ਹੀ ‘ੴ’ ਨੂੰ ‘ਕਰਤਾ ਪੁਰਖੁ ਅਗੰਮੁ’ ਕਿਹਾ ਹੈ ਤਾਂ ਫਿਰ ‘ਪੁਰਖੁ’ ਦਾ ਅਰਥ ‘ਸਰਬ ਵਿਆਪਕ’ ਕਾਹਦੇ ਲਈ ? ਆਪਣੇ ਤੀਜੇ ਸ਼ਬਦ ’ਚ ਭੀ ਆਪ ਜੀ ਫ਼ੁਰਮਾ ਰਹੇ ਹਨ, ‘‘ਆਪੇ ਕਰਤਾ ਪੁਰਖੁ ਬਿਧਾਤਾ ॥ ਜਿਨਿ, ਆਪੇ ਆਪਿ ਉਪਾਇ, ਪਛਾਤਾ ॥ ਆਪੇ ਸਤਿਗੁਰੁ, ਆਪੇ ਸੇਵਕੁ; ਆਪੇ ਸ੍ਰਿਸਟਿ ਉਪਾਈ ਹੇ ॥੧॥’’ (ਮਹਲਾ ੧/੧੦੨੫) ਅਰਥ : ਕਰਤਾ ਪੁਰਖ ਆਪ ਹੀ (ਜਗਤ-ਰਚਨਾ ਦਾ) ਸਿਰਜਣਹਾਰ ਹੈ। ਜਿਸ ਨੇ ਆਪਣੇ ਆਪ ਹੀ (ਸ੍ਰਿਸ਼ਟੀ) ਪੈਦਾ ਕਰ (ਇਸ ਨੂੰ) ਸੰਭਾਲਿਆ ਹੋਇਆ ਹੈ ਭਾਵ ਰਿਜ਼ਕ ਦਿੱਤਾ ਹੈ। (ਇਸ ਬਤੌਰ ਸੰਭਾਲ਼ ’ਚ ਉਹ) ਆਪ ਹੀ ਸਤਿਗੁਰੂ ਬਣਦਾ ਹੈ, ਆਪ ਹੀ ਸੇਵਕ ਹੁੰਦਾ ਹੈ (ਕਿਉਂਕਿ ਇਸੇ ਨਿਯਮ ’ਚ ਉਸ ਨੇ) ਆਪ ਸ੍ਰਿਸ਼ਟੀ ਪੈਦਾ ਕੀਤੀ ਹੈ (ਤਾਂ ਜੋ ਸਭ ਕੁੱਝ ਉਸ ਦੇ ਹੱਥ ’ਚ ਰਹੇ; ਜਿਵੇਂ ਕਿ ਬਚਨ ਹਨ, ‘‘ਜਿਸੁ ਹਥਿ (’ਚ) ਜੋਰੁ; ਕਰਿ ਵੇਖੈ ਸੋਇ ॥’’ ਜਪੁ)।
ਸੋ ‘ਕਰਤਾ’ ਦੇ ਨਾਲ਼ ‘ਪੁਰਖੁ’ ਹੋਣ ਦਾ ਅਰਥ ‘ਪੈਦਾ ਕਰਨ ਵਾਲ਼ਾ ਕਰਤਾਰ ਮਰਦ ਹੈ, ਨਾ ਕਿ ਔਰਤ’, ਵਧੇਰੇ ਢੁੱਕਦਾ ਹੈ ਕਿਉਂਕਿ ਆਮ ਧਾਰਨਾ ਹੈ ਕਿ ਹਰ ਉਤਪਤੀ ਔਰਤ ਤੋਂ ਹੁੰਦੀ ਹੈ; ਜਿਵੇਂ ਸਨਾਤਨ ਮੱਤ ਦਾ ਮੰਨਣਾ ਹੈ ਕਿ ਅਰੰਭ ’ਚ ਇਕਲੌਤੀ ਮਾਤਾ ਨੇ ਕਿਸੇ ਯੁਕਤੀ ਨਾਲ਼ ਤਿੰਨ ਪੁੱਤਰਾਂ (ਬ੍ਰਹਮਾ, ਵਿਸ਼ਨੂੰ, ਸ਼ਿਵ) ਨੂੰ ਜਨਮ ਦਿੱਤਾ। ਜਿਨ੍ਹਾਂ ਨੇ ਅਗਾਂਹ ਸਾਰੇ ਜੀਵ-ਜੰਤ ਪੈਦਾ ਕੀਤੇ, ਰਿਜ਼ਕ ਦਿੱਤਾ ਤੇ ਮਾਰਿਆ। ਇਸ ਸੰਬੰਧ ’ਚ ਸਤਿਗੁਰੂ ਦੇ ਬਚਨ ਹਨ, ‘‘ਏਕਾ ਮਾਈ ਜੁਗਤਿ ਵਿਆਈ; ਤਿਨਿ ਚੇਲੇ ਪਰਵਾਣੁ ॥ ਇਕੁ ਸੰਸਾਰੀ, ਇਕੁ ਭੰਡਾਰੀ; ਇਕੁ ਲਾਏ ਦੀਬਾਣੁ ..॥੩੦॥ (ਜਪੁ)
ਯਹੂਦੀ, ਈਸਾਈ ਆਦਿ ਭੀ ਮੰਨਦੇ ਹਨ ਕਿ ਜਗਤ-ਰਚਨਾ ਕਰਨ ਲਈ ਪਹਿਲਾਂ ਬਾਬਾ ਆਦਮ ਦੀ ਪੱਸਲੀ ਕੱਢ ਕੇ ਪ੍ਰਭੂ ਨੇ ਬੀਬੀ ਹਵਾ ਬਣਾਈ। ਜਿਸ ਨੇ ਅਗਾਂਹ ਸਾਰੀ ਜਗਤ ਰਚਨਾ ਕੀਤੀ। ਸੰਸਕ੍ਰਿਤ ਕੋਸ਼ਾਂ ’ਚ ਤਾਂ ਔਰਤ ਨੂੰ ‘ਜਨਨੀ’ (ਜਨਮ ਦੇਣ ਵਾਲ਼ੀ) ਹੀ ਲਿਖਿਆ ਹੈ। ਗੁਰੂ ਸਾਹਿਬ ਦਾ ਮੱਤ ਹੈ ਕਿ ਜਗਤ-ਰਚਨਾ ਕਰਨ ਵਾਲ਼ਾ ਕਰਤਾਰ; ਪੁਰਸ਼ ਹੈ, ਨਾ ਕਿ ਕੋਈ ਔਰਤ।
ਇਹ ਭੀ ਵਿਚਾਰਨਾ ਜ਼ਰੂਰੀ ਹੈ ਕਿ ‘ਪੁਰਖੁ’ ਦਾ ਅਰਥ ‘ਸਰਬ ਵਿਆਪਕ’ ਦੀ ਥਾਂ ਜੇਕਰ ‘ਪੁਰਸ਼’ (ਮਰਦ) ਕਰੀਏ ਤਾਂ ਭਗਤ-ਜਨਾਂ ਨੂੰ ਮਾਲਕ ਦੀਆਂ ਇਸਤਰੀਆਂ ਸਮਝਣ ’ਚ ਵੱਧ ਸਫਲਤਾ ਮਿਲਣੀ ਹੈ, ਜੋ ਗੁਰਮਤਿ ਦੀ ਵਿਲੱਖਣਤਾ ਦਾ ਪ੍ਰਤੀਕ ਹੈ।
ਉਕਤ ਭਗਤ ਨਾਮਦੇਵ ਜੀ ਨੇ ਭੀ ਕਰਤਾਰ ਨੂੰ ਅਰੰਭਕ ਪੁਰਸ਼ ਮੰਨਿਆ ਹੈ, ‘‘ਪਹਿਲ ਪੁਰਸਾਬਿਰਾ ॥ ਅਥੋਨ ਪੁਰਸਾਦਮਰਾ ॥’’ (ਭਗਤ ਨਾਮਦੇਵ/੬੯੪) ਅਰਥ : ਪਹਿਲੇ ਪਹਿਲ ਆਦਿ ਪੁਰਸ਼ (ੴ) ਪ੍ਰਗਟਿਆ। ਇਸ ਪਿੱਛੋਂ ਉਸ ਆਦਿ ਪੁਰਸ਼ ਤੋਂ ਮਾਇਆ (ਕੁਦਰਤ) ਬਣੀ ਹੈ। ਧਿਆਨ ਰਹੇ ਕਿ ‘ਆਦਿ ਪੁਰਸ਼’ ਨਾਂ ਭੀ ਕਿਰਤਮ ਨਾਮ ਹੈ, ਜੋ ਸਭ ਨੂੰ ਜਨਮ ਲੈਂਦੇ ਵੇਖ ਪ੍ਰਭੂ ਦਾ ਰੱਖਿਆ ਗਿਆ। ਵੈਸੇ ‘ੴ’ ਅਜੂਨੀ ਹੈ, ਜੋ ਕਦੇ ਜਨਮ ਨਹੀਂ ਲੈਂਦਾ।
ਅਕਾਲ ਮੂਰਤਿ– (ੴ ਦੀ ਸਤਿ) ਹੋਂਦ (ਸਰੂਪ); ਸਮੇਂ ਦੇ ਪ੍ਰਭਾਵ ਤੋਂ ਰਹਿਤ ਹੈ ਭਾਵ ਉਸ ਉੱਤੇ ਬਚਪਨ, ਜਵਾਨੀ ਤੇ ਬੁਢੇਪੇ ਵਾਲ਼ਾ ਸਮਾਂ ਨਹੀਂ ਆਉਂਦਾ।
ਅਜੂਨੀ– ਜੂਨਾਂ ਤੋਂ ਰਹਿਤ ਹੈ ਭਾਵ ਜੰਮਦਾ ਮਰਦਾ ਨਹੀਂ, ਆਵਾਗਮਣ ’ਚ ਨਹੀਂ ਪੈਂਦਾ।
ਸੈਭੰ– ਆਪਣੇ ਆਪ ਹੀ ਪ੍ਰਗਟ ਹੋਣ ਵਾਲ਼ਾ ਹੈ।
ਉਚਾਰਨ : ਇਸ ਦਾ ਪਾਠ ‘ਸੈਭਙ੍’ ਹੈ, ਨਾ ਕਿ ‘ਸੈਭੰਗ’। (ਸ੍ਵੈ ਭਾਵ ਆਪਣੇ ਆਪ ਹੀ; ਭੰ-ਪ੍ਰਕਾਸ਼, ਪ੍ਰਗਟ ਹੋਣਾ)।
ਵਿਚਾਰ : ਜੇਕਰ ਇਹ ਮੰਨੀਏ ਕਿ ‘ੴ’; ਆਪਣੇ ਆਪ ਤੋਂ ਪੈਦਾ ਹੋਇਆ ਹੈ ਤਾਂ ਇਹ ਭੀ ਮੰਨਣਾ ਪਵੇਗਾ ਕਿ ਉਸ ਤੋਂ ਪਹਿਲਾਂ ਉਹ ਹੈ ਹੀ ਨਹੀਂ ਸੀ, ਪਰ ਐਸਾ ਮੰਨਣਾ ਗੁਰਮਤਿ ਵਿਰੁਧ ਹੈ। ਗੁਰਬਾਣੀ ਦੇ ਬਚਨ ਹਨ ਕਿ ਜਗਤ ਉਤਪਤੀ ਕਈ ਵਾਰ ਹੋਈ ਹੈ, ਪਰ ਇਸ ਦਾ ਸਿਰਜਣਹਾਰ ਸਦਾ ਕਾਇਮ ਰਹਿੰਦਾ ਹੈ, ‘‘ਕਈ ਬਾਰ ਪਸਰਿਓ ਪਾਸਾਰ ॥ ਸਦਾ ਸਦਾ ਇਕੁ ਏਕੰਕਾਰ ॥’’ (ਸੁਖਮਨੀ/ਮਹਲਾ ੫/੨੭੬)
ਦਰਅਸਲ ਜੋ ਅਜੂਨੀ ਹੈ, ਉਹ ਜੰਮਦਾ (ਮਰਦਾ) ਭੀ ਨਹੀਂ, ਫਿਰ ਆਪਣੇ ਆਪ ਤੋਂ ਕਿਵੇਂ ਪੈਦਾ ਹੋਏਗਾ ਕਿਉਂਕਿ ਆਪਣੇ ਆਪ ਪੈਦਾ ਹੋਣਾ ਭੀ ਜਨਮ ਲੈਣਾ ਹੈ, ਜੂਨਾਂ ’ਚ ਆਉਣਾ ਹੈ। ਇਸ ਲਈ ‘ਸੈਭੰ’ ਦਾ ਅਰਥ ਇਹ ਵਧੇਰੇ ਢੁੱਕਦਾ ਹੈ ਕਿ ‘ੴ’ ਭਗਤ ਦੇ ਹਿਰਦੇ ’ਚ ਆਪ ਹੀ ਪ੍ਰਗਟ ਹੁੰਦਾ ਹੈ। ਮਨੁੱਖਤਾ ਦੇ ਕਲਿਆਣ ਲਈ ਆਪ ਹੀ ਸਤਿਗੁਰੂ ਨੂੰ ਸੰਸਾਰ ’ਚ ਭੇਜਦਾ ਹੈ। ਉਸ ਦੀ ਸਿੱਖਿਆ ਉੱਤੇ ਅਮਲ ਕਰਾ-ਕਰਾ ਭਗਤ ਦੇ ਹਿਰਦੇ ’ਚ ਆਪਣੇ ਆਪ ਨੂੰ ਪ੍ਰਗਟ ਕਰਦਾ ਹੈ ਯਾਨੀ ਭਗਤ ਰਾਹੀਂ ਆਪਣੀ ਹੋਂਦ ਨੂੰ ਜੱਗ ਜ਼ਾਹਰ ਕਰਦਾ ਹੈ; ਜਿਵੇਂ ਕਿ ਭਗਤ ਰਵਿਦਾਸ ਜੀ ਦੇ ਬਚਨ ਹਨ, ‘‘ਪ੍ਰਭ ਤੇ ਜਨੁ ਜਾਨੀਜੈ; ਜਨ ਤੇ ਸੁਆਮੀ ॥’’ (ਭਗਤ ਰਵਿਦਾਸ/੯੩) ਅਰਥ : ਹਰੀ ਦੀ ਕਿਰਪਾ ਨਾਲ਼ ਭਗਤ; ਜਗਤ ’ਚ ਪ੍ਰਸਿੱਧ ਹੁੰਦਾ ਹੈ ਅਤੇ ਭਗਤ ਦੀ ਪ੍ਰਸਿੱਧੀ ਵਿੱਚੋਂ ਹਰੀ ਦਾ ਦਰਸ਼ਨ-ਦੀਦਾਰ ਹੁੰਦਾ ਹੈ।
ਗੁਰੂ ਅਰਜਨ ਸਾਹਿਬ ਜੀ ਦੇ ਭੀ ਬਚਨ ਹਨ, ‘‘ਅਕਾਲ ਮੂਰਤਿ ਅਜੂਨੀ ਸੰਭਉ; ਕਲਿ ਅੰਧਕਾਰ ਦੀਪਾਈ ॥’’ (ਮਹਲਾ ੫/੯੧੬) ਅਰਥ : ਸਤਿ ਹੋਂਦ ਵਾਲ਼ਾ (ਅਕਾਲ ਮੂਰਤਿ) ਤੇ ਜੂਨਾਂ ਤੋਂ ਰਹਿਤ ਪ੍ਰਭੂ; ਕਲਜੁਗੀ ਹਨ੍ਹੇਰੇ/ਪ੍ਰਭਾਵ ਨੂੰ ਮਿਟਾ ਕੇ (ਗੁਰਸਿੱਖ ਦੇ ਹਿਰਦੇ ’ਚ) ਆਪਣੇ ਆਪ ਨੂੰ ਪ੍ਰਗਟ ਕਰ ਚਾਨਣ ਕਰ ਦਿੰਦਾ ਹੈ ਭਾਵ ਜਗਤ ਨੂੰ ਆਪਣੇ ਇਲਾਹੀ ਗੁਣਾਂ ਤੋਂ ਜਾਣੂ ਕਰਾ ਦਿੰਦਾ ਹੈ।
ਗੁਰ ਪ੍ਰਸਾਦਿ– ਗੁਰੂ ਦੀ ਕਿਰਪਾ ਨਾਲ਼ (ੴ ਮਿਲਦਾ ਹੈ)।
ਪਦ ਅਰਥ : ਗੁਰ ਪ੍ਰਸਾਦਿ- ਗੁਰ (ਕੈ) ਪ੍ਰਸਾਦਿ (ਨਾਲ਼)। ਗੁਰ-ਸੰਬੰਧ ਕਾਰਕ, ਇੱਕ ਵਚਨ ਪੁਲਿੰਗ ਨਾਂਵ। ਪ੍ਰਸਾਦਿ-ਕਰਣ ਕਾਰਕ, ਇੱਕ ਵਚਨ ਪੁਲਿੰਗ ਨਾਂਵ।
ਮੂਲ ਮੰਤਰ ਦੇ ਸੰਖੇਪ ਅਰਥ : ਜਗਤ ਨੂੰ ਰਚਨਹਾਰ (Generator/ਬ੍ਰਹਮਾ), ਪਾਲਣਹਾਰ (Operator/ਵਿਸ਼ਨੂੰ) ਤੇ ਨਾਸ ਕਰਨ ਵਾਲ਼ਾ (Destroyer/ਸ਼ਿਵ ਭਾਵ GOD); ਜ਼ਰਰੇ-ਜ਼ਰਰੇ ਵਿੱਚ ਰਮਿਆ ਹੋਇਆ (ਆਦਿ ਕਾਲ ਤੋਂ) ਇੱਕ ਹੈ। ਸਦੀਵੀ ਸਥਿਰ (ਸਤਿ); ਉਸ ਦਾ ਨਾਮਣਾ (ਨਾਮੁ) ਹੈ। ਸ੍ਰਿਸ਼ਟੀ ਦਾ ਰਚਨਹਾਰ (ਕਰਤਾ); ਪੁਰਸ਼ (ਪੁਰਖੁ) ਹੈ। ਡਰ ਅਤੇ ਵੈਰ ਭਾਵਨਾ ਤੋਂ ਰਹਿਤ ਹੈ (ਨਿਰਭਉ, ਨਿਰਵੈਰੁ)। ਸਮੇਂ ਦੇ ਪ੍ਰਭਾਵ ਤੋਂ ਮੁਕਤ (ਅਕਾਲ) ਹੋਂਦ (ਮੂਰਤਿ) ਵਾਲ਼ਾ ਆਵਾਗਮਣ ਤੋਂ ਰਹਿਤ ਹੈ (ਅਜੂਨੀ)। ਆਪਣੇ ਆਪ ਨੂੰ (ਭਗਤ ਦੇ ਹਿਰਦੇ ਅੰਦਰ) ਪ੍ਰਗਟ ਕਰ ਲੈਂਦਾ ਹੈ (ਪਰ ਉਸ ਅਗੰਮੀ ਹੋਂਦ ਦਾ ਅਹਿਸਾਸ) ਗੁਰੂ ਦੀ ਕਿਰਪਾ ਨਾਲ਼ ਹੁੰਦਾ ਹੈ।
ਵਿਚਾਰ : (ੳ). ‘ੴ’ ਦਾ ਪ੍ਰਚਲਿਤ ਉਚਾਰਨ ‘ਇੱਕ ਓਅੰਕਾਰ’ ਰਿਹਾ ਹੈ, ਜੋ ਕਿ ਸਹੀ ਭੀ ਜਾਪਦਾ ਹੈ, ਪਰ ਅੱਜ ਕੱਲ੍ਹ ਇਸ ਨੂੰ ‘ਏਕੰਕਾਰ ਜਾਂ ਏਕੋ’ ਭੀ ਪੜ੍ਹਿਆ ਜਾ ਰਿਹਾ ਹੈ। ਇਸ ਦਾ ਇੱਕ ਕਾਰਨ ਰਾਧਾ ਸੁਆਮੀਆਂ ਦੇ ਪੰਜ ਨਾਵਾਂ (ਓਅੰਕਾਰ, ਰਰੰਕਾਰ, ਜੋਤਿ ਨਿਰੰਜਨ, ਸੋਹੰ ਤੇ ਸਤਿਨਾਮ) ’ਚ ਪਹਿਲਾ ਸ਼ਬਦ ‘ਓਅੰਕਾਰ’ ਦਾ ਹੋਣਾ ਹੈ। ਰਾਧਾ ਸੁਆਮੀ ਮੱਤ ਨੇ ਆਪਣੀਆਂ ਕਿਤਾਬਾਂ ਵਿੱਚ ‘ੴ’ ਦਾ ਉਚਾਰਨ ‘ਏਕੋ’ ਕੀਤਾ ਹੈ, ਪਰ ਅਫ਼ਸੋਸ ਕਿ ਆਧੁਨਿਕ ਅਖਵਾਉਣ ਵਾਲ਼ੇ ਸਿੱਖ; ਵਿਰੋਧ ਕਰਨ ਦੀ ਬਜਾਇ ਉਨ੍ਹਾਂ ਦੀ ਬੁਰੀ ਮਨਸ਼ਾ ਨੂੰ ਹੀ ਸਹੀ ਠਹਿਰਾਅ ਰਹੇ ਹਨ।
ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੇ ਸਿਰਲੇਖ ਵਿੱਚ ‘ਮਹਲਾ ੧’ ਦੇ ਉਚਾਰਨ ਬਾਰੇ ਇਉਂ ਲਿਖਿਆ ਹੈ ‘‘ਰਾਗੁ ਸਿਰੀਰਾਗੁ ਮਹਲਾ ਪਹਿਲਾ ੧ ਘਰੁ ੧ ॥ ਮੋਤੀ ਤ ਮੰਦਰ ਊਸਰਹਿ…॥ (ਮਹਲਾ ੧/੧੪), ਸੋਰਠਿ ਮਹਲਾ ੧ ਪਹਿਲਾ ਦੁਤੁਕੀ ॥ ਤੂ ਗੁਣਦਾਤੌ ਨਿਰਮਲੋ ਭਾਈ ! ਨਿਰਮਲੁ ਨਾ ਮਨੁ ਹੋਇ ॥’’ (ਮਹਲਾ ੧/੬੩੭) ਯਾਨੀ ‘੧’ ਦੇ ਨਾਲ਼ ‘ਪਹਿਲਾ’ ਲਿਖ ਕੇ ਸਪਸ਼ਟ ਕੀਤਾ ਹੈ ਕਿ ‘੧’ ਨੂੰ ‘ਪਹਿਲਾ’ ਪੜ੍ਹਨਾ ਹੈ, ਨਾ ਕਿ ‘ਇੱਕ’, ਪਰ ‘ੴ’ ਵਾਲ਼ੇ ‘੧’ ਬਾਰੇ ਕੋਈ ਸੰਕੇਤ ਨਹੀਂ, ਇਸ ਲਈ ਇਸ ਨੂੰ ਅੰਕ ਗਣਿਤ ਦਾ ‘ਇੱਕ’ ਪੜ੍ਹਨਾ ਹੈ, ਨਾ ਕਿ ‘ਪਹਿਲਾ’।
ਗੁਰਬਾਣੀ ’ਚ ਭਾਵੇਂ ਦਰਜਨ ਤੋਂ ਵੱਧ ਭਾਸ਼ਾਵਾਂ ਹਨ, ਪਰ ਮੂਲ ਲਿਪੀ; ਪੰਜਾਬੀ/ਗੁਰਮੁਖੀ ਹੈ। ਪੰਜਾਬੀ ’ਚ ‘੧’ ਨੂੰ ‘ਇੱਕ’ ਤੇ ਹਿੰਦੀ/ਸੰਸਕ੍ਰਿਤ ’ਚ ‘ਏਕ’ ਪੜ੍ਹਦੇ ਹਨ। ਗੁਰਬਾਣੀ ਦੇ ਪਹਿਲੇ ਹੀ ਅੰਕ ‘੧’ ਨੂੰ ਪੰਜਾਬੀ ਦੀ ਥਾਂ ਸੰਸਕ੍ਰਿਤ ਭਾਸ਼ਾ ਦਾ ‘ਏਕ’ ਮੰਨ ਕੇ ਉਸ ਉੱਤੇ ‘ਓ’ ਨੂੰ ‘ਹੋੜੇ’ ਵਜੋਂ ‘ਏਕੋ’ ਪੜ੍ਹਨਾ; ਆਪਣੀ ਗੁਰਮੁਖ ਲਿਪੀ ਦਾ ਨਿਰਾਦਰ ਹੈ। ਗਣਿਤ ਦਾ ਪਹਿਲਾ ਅੰਕ ‘੧’ (ਇੱਕ) ਅਤੇ ਵਰਣਮਾਲਾ ਦਾ ਪਹਿਲਾ ਅੱਖਰ ‘ੳ’ ਹੁੰਦਾ ਹੈ, ਜਿਸ ਨੂੰ ਇੱਥੇ ਹੋੜਾ ਭੀ ਲੱਗਾ ਹੈ। ਅੰਕ ਗਣਿਤ ਧੁਨੀ ਅਤੇ ਵਰਣਮਾਲਾ ਧੁਨੀ ਦੀ ਕਿਸੇ ਭੀ ਭਾਸ਼ਾ ਵਿੱਚ ਸੰਧੀ ਨਹੀਂ ਹੋਈ ਤਾਂ ਕਿ ‘ਏਕ+ਓ’ ਨੂੰ ‘ਏਕੋ’ ਮੰਨ ਲਿਆ ਜਾਏ। ਸਹੀ ਉਚਾਰਨ ਅਲੱਗ ਅਲੱਗ ਧੁਨੀ ਵਜੋਂ ‘ਇੱਕ ਓਅੰਕਾਰ’ ਬਣਦਾ ਹੈ।
‘ੴ’ ਦਾ ਉਚਾਰਨ ‘ਏਕੋ’ ਕਰਨ ਨਾਲ਼ ਜਿੱਥੇ ‘ੳ’ ਛੱਡਿਆ ਗਿਆ; ਓਥੇ ਇਸ ਦੀ ਪਿਛੇਤਰ ‘ਕਾਰ’ ਭੀ ਰਹਿ ਗਈ ਜਦ ਕਿ ਇਹ ਸ਼ਬਦ; ਗੁਰਬਾਣੀ ਅੰਦਰ 568 ਵਾਰ ਹੈ। ਐਨੀ ਵਾਰ ਛਾਪੇ ਦੀ ਗ਼ਲਤੀ ਸਮਝੀ ਜਾਣਾ, ਬਿਲੁਕਲ ਗ਼ਲਤ ਹੈ।
‘ੴ’ ਦਾ ‘ਏਕੰਕਾਰ’ ਪਾਠ ਕਰਨ ਵਾਲ਼ੇ ਭੀ ਭਾਈ ਗੁਰਦਾਸ ਜੀ ਦੇ ਇਸ ਵਾਕ ਦਾ ਹਵਾਲਾ ਦਿੰਦੇ ਹਨ, ‘‘ਏਕਾ ਏਕੰਕਾਰੁ ਲਿਖਿ ਦੇਖਾਲਿਆ।’’, ਪਰ ਇਸ ਦੇ ਨਾਲ਼ ਹੀ ਅਗਲੀ ਤੁਕ ‘‘ਊੜਾ ਓਅੰਕਾਰੁ ਪਾਸਿ ਬਹਾਲਿਆ।’’ ਨੂੰ ਨਹੀਂ ਵਾਚਦੇ, ਜਿਸ ਵਿੱਚ ਭਾਈ ਸਾਹਿਬ ਨੇ ‘ੴ’ ਦੇ ‘ਊੜੇ’ ਤੋਂ ‘ਓਅੰਕਾਰ’ ਬਣਾਇਆ ਹੈ। ਪੂਰਾ ਸ਼ਬਦ ਹੈ, ‘‘ਏਕਾ ਏਕੰਕਾਰੁ ਲਿਖਿ ਦੇਖਾਲਿਆ। ਊੜਾ ਓਅੰਕਾਰੁ ਪਾਸਿ ਬਹਾਲਿਆ। ਸਤਿ ਨਾਮੁ ਕਰਤਾਰ; ਨਿਰਭਉ ਭਾਲਿਆ। ਨਿਰਵੈਰਹੁ ਜੈਕਾਰੁ ਅਜੂਨਿ ਅਕਾਲਿਆ।’’ (ਭਾਈ ਗੁਰਦਾਸ ਜੀ/ਵਾਰ ੩ ਪਉੜੀ ੧੫)
ਗੁਰਬਾਣੀ ’ਚ ਮੂਲ ਮੰਤਰ; ਗੁਰੂ ਨਾਨਕ ਸਾਹਿਬ ਜੀ ਦੁਆਰਾ ਉਚਾਰਿਆ ਹੈ। ਇਸ ਦੇ ਪਹਿਲਾ ਸ਼ਬਦ ‘ੴ’ ਨੂੰ ਧਿਆਨ ’ਚ ਰੱਖ ਕੇ ਹੀ ਆਪ ਜੀ ਨੇ ‘‘ਰਾਮਕਲੀ ਮਹਲਾ ੧ ਦਖਣੀ ਓਅੰਕਾਰੁ’’ ਸਿਰਲੇਖ ਅਧੀਨ 54 ਪਉੜੀਆਂ ’ਚ ਇੱਕ ਲੰਬੀ ਰਚਨਾ ਕੀਤੀ, ਜਿਸ ਦੀ ਪਹਿਲੀ ਪਉੜੀ ਹੈ, ‘‘ਓਅੰਕਾਰਿ (ਤੋਂ) ਬ੍ਰਹਮਾ ਉਤਪਤਿ ॥ ਓਅੰਕਾਰੁ; ਕੀਆ ਜਿਨਿ ਚਿਤਿ (’ਚ)॥ ਓਅੰਕਾਰਿ (ਤੋਂ) ਸੈਲ ਜੁਗ ਭਏ ॥ ਓਅੰਕਾਰਿ (ਤੋਂ) ਬੇਦ ਨਿਰਮਏ ॥ ਓਅੰਕਾਰਿ ਸਬਦਿ ਉਧਰੇ ॥ ਓਅੰਕਾਰਿ ਗੁਰਮੁਖਿ ਤਰੇ ॥ ਓਨਮ ਅਖਰ ਸੁਣਹੁ ਬੀਚਾਰੁ ॥ ਓਨਮ ਅਖਰੁ ਤ੍ਰਿਭਵਣ ਸਾਰੁ ॥੧॥’’ (ਓਅੰਕਾਰ/ਮਹਲਾ ੧/੯੩੦) ਅਰਥ : ਓਅੰਕਾਰ ਤੋਂ (ਅਖੌਤੀ ਜਗਤ-ਰਚੇਤਾ) ਬ੍ਰਹਮਾ ਵਰਗੇ ਪੈਦਾ ਹੋਏ। ਓਅੰਕਾਰ ਨੂੰ ਜਿਸ ਨੇ ਆਪਣੇ ਮਨ ’ਚ ਵਸਾਇਆ, (ਉਸ ਨੂੰ ਯਕੀਨ ਹੋ ਗਿਆ ਕਿ) ਓਅੰਕਾਰ ਤੋਂ ਸਦਾ ਪਹਾੜ (ਭਾਵ ਸ੍ਰਿਸ਼ਟੀ) ਬਣੀ। ਵੇਦ ਆਦਿਕ ਗ੍ਰੰਥ ਭੀ ਓਅੰਕਾਰ (ਦੀ ਮਿਹਰ) ਨਾਲ਼ ਪ੍ਰਗਟ ਹੋਏ। ਓਅੰਕਾਰ (ਦੀ ਕਿਰਪਾ) ਨਾਲ਼ ਗੁਰੂ ਸ਼ਬਦ ਰਾਹੀਂ ਗੁਰਮੁਖ (ਵਿਕਾਰਾਂ ਤੋਂ) ਬਚਦੇ ਹਨ ਭਾਵ ਸੰਸਾਰ ਤੋਂ ਪਾਰ ਲੰਘਦੇ ਹਨ। ‘ਓਅੰ ਨਮਹ’ ਅੱਖਰ ਬਾਰੇ ਸਮਝੋ ਕਿਉਂਕਿ ‘ਓਅੰ ਨਮਹ’ ਅੱਖਰ ਭਾਵ ਪ੍ਰਭੂ; ਤਿੰਨੇ ਲੋਕਾਂ (ਸੁਰਗ ਲੋਕ, ਮਾਤ ਲੋਕ ਭਾਵ ਧਰਤੀ ਅਤੇ ਪਤਾਲ ਲੋਕ) ਵਿੱਚ ਰਮਿਆ ਹੋਇਆ ਹੈ।
ਸੋ ਸਨਾਤਨ ਮੱਤ ਦੇ ‘ਓਅੰ’ (ॐ) ਸ਼ਬਦ ਵਿੱਚ ਹੀ ਵਾਧਾ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ‘ੴ’ ਲਿਖਿਆ ਹੈ। ‘ਓਅੰ’ ਦੇ ਅਰਥ ‘ਬ੍ਰਹਮਾ, ਵਿਸ਼ਨੂੰ ਤੇ ਸ਼ਿਵ’ ਕੀਤੇ ਜਾਂਦੇ ਹਨ ਯਾਨੀ ਸ੍ਰਿਸ਼ਟੀ ਨੂੰ ਬਣਾਨ ਵਾਲ਼ਾ (ਬ੍ਰਹਮਾ), ਰਿਜ਼ਕ ਦੇਣ ਵਾਲ਼ਾ (ਵਿਸ਼ਨੂੰ) ਅਤੇ ਨਾਸ ਕਰਨ ਵਾਲ਼ਾ (ਸ਼ਿਵ)। ਗੁਰੂ ਸਾਹਿਬ ਨੇ ‘ਓਅੰ’ ਦੇ ਅਗੇਤਰ ‘੧’ ਲਗਾ ਕੇ ਤਿੰਨ ਦੀ ਥਾਂ ਇੱਕੋ ਸ਼ਕਤੀ ਮੰਨੀ ਅਤੇ ‘੧ਓ’ ਦੇ ਉੱਪਰ ‘ਕਾਰ’ ਲਗਾ ਕੇ ਉਸ ਨੂੰ ਸਾਰੇ ਜੀਵ-ਜੰਤੂਆਂ ਅੰਦਰ ਵਿਆਪਕ ਭੀ ਕਿਹਾ। ਇਹ ਅਰਥ; ਕੱਟੜਵਾਦੀ ਪੰਡਿਤਾਂ ਨੂੰ ਮਾਫ਼ਕ ਨਹੀਂ, ਇਸ ਲਈ ਡੇਰੇਦਾਰਾਂ ਰਾਹੀਂ ‘ੴ’ ਦਾ ਉਚਾਰਨ ਬਦਲਿਆ ਜਾਂਦਾ ਹੈ ਤਾਂ ਜੋ ‘ੴ’ ਦੇ ਅਰਥ; ‘ਓਅੰ’ (ॐ) ਦੇ ਉਕਤ ਕਲਪਿਤ ਅਰਥਾਂ ਨੂੰ ਰੱਦ ਨਾ ਕਰਨ।
॥ ਜਪੁ ॥
‘ਜਪੁ’ ਸ਼ਬਦ ਦਾ ਅਰਥ ਹੈ : (‘ੴ’ ਦੀ) ਯਾਦ, ਸਿਮਰਨ, ਚੇਤਾ ਭਾਵ ‘ਜਪੁ’ ਸਿਰਲੇਖ ਅਧੀਨ ਰਚੀ ਬਾਣੀ; ‘ੴ’ ਦਾ ਚੇਤਾ ਕਰਾਉਣ ਨਾਲ਼ ਸੰਬੰਧਿਤ ਹੈ।
ਵਿਚਾਰ : ‘ਜਪੁ’ ਇੱਕ ਵਚਨ ਪੁਲਿੰਗ ਨਾਂਵ ਹੈ। ਇਸ ਦਾ ਅਰਥ ‘ਜਪਣਾ’ ਜਾਂ ‘ਸਿਮਰਨ ਕਰਨਾ’ (ਕਿਰਿਆਵਾਚੀ) ਨਹੀਂ ਹੋ ਸਕਦਾ। ‘ਜਪੁ ਜੀ ਸਾਹਿਬ, ਰਹਰਾਸਿ ਸਾਹਿਬ ਜਾਂ ਕੀਰਤਨ ਸੋਹਿਲਾ’; ਗੁਰੂ ਗ੍ਰੰਥ ਸਾਹਿਬ ਅੰਦਰ ਕਿਸੇ ਭੀ ਬਾਣੀ ਦੇ ਸਿਰਲੇਖ ਨਹੀਂ ਹਨ। ਇਹ ਸ਼ਬਦ; ਸਤਿਕਾਰ ਵਜੋਂ ਕੇਵਲ ਗੁਟਕਿਆਂ ’ਚ ਲਿਖੇ ਮਿਲਦੇ ਹਨ।
‘ਜਪੁ’; ਗੁਰੂ ਗ੍ਰੰਥ ਸਾਹਿਬ ਜੀ ਦੀ ਆਰੰਭਕ ਬਾਣੀ ਦਾ ਨਾਂ ਹੈ, ਜੋ ਸਿਰਲੇਖ ਹੈ। ਇਸ ਵਿੱਚ 38 ਪਉੜੀਆਂ ਅਤੇ ਦੋ ਸਲੋਕ (ਇੱਕ ਅਰੰਭਕ ‘‘ਆਦਿ ਸਚੁ; ਜੁਗਾਦਿ ਸਚੁ..॥੧॥’’ ਤੇ ਦੂਜਾ ਸਮਾਪਤੀ ’ਚ ‘‘ਪਵਣੁ ਗੁਰੂ; ਪਾਣੀ ਪਿਤਾ..॥੧॥’’) ਹਨ।
ਆਦਿ ਸਚੁ, ਜੁਗਾਦਿ ਸਚੁ॥ ਹੈ ਭੀ ਸਚੁ, ਨਾਨਕ ! ਹੋਸੀ ਭੀ ਸਚੁ॥ ੧॥
ਪਦ ਅਰਥ : ਆਦਿ- ਕੁਦਰਤ ਬਣਨ ਤੋਂ ਪਹਿਲਾਂ ਦੇ ਸਮੇਂ ’ਚ। ਜੁਗਾਦਿ- ਜੁਗਾਂ ਦੇ ਆਦਿ ਵਿੱਚ, ਜੁਗਾਂ ਦੇ ਮੁੱਢ/ਸ਼ੁਰੂ ਵਿੱਚ। ਸਚੁ- ਸਦਾ ਸਥਿਰ ਭਾਵ ਕੁਦਰਤ ਵਾਙ ਨਾਸ ਨਾ ਹੋਣ ਵਾਲ਼ਾ। ਹੈ ਭੀ- ਹੁਣ ਭੀ ਯਾਨੀ ਵਰਤਮਾਨ ਸਮੇਂ ਦੌਰਾਨ ਭੀ। ਨਾਨਕ- ਹੇ ਨਾਨਕ ! (ਸੰਬੋਧਨ ਕਾਰਕ)। ਹੋਸੀ ਭੀ- ਹੋਵੇਗਾ ਭੀ ਯਾਨੀ ਕੁਦਰਤ ਦੇ ਨਾਸ ਹੋਣ ਤੋਂ ਬਾਅਦ ਭੀ ਰਹੇਗਾ।
ਨੋਟ : ਮੂਲ ਮੰਤਰ ਵਾਲ਼ਾ ‘ਸਤਿ’ ਸ਼ਬਦ ਸੰਸਕ੍ਰਿਤ ਦਾ ਹੈ, ਜੋ ਤਤਸਮ ਮੰਨਿਆ ਜਾਂਦਾ ਹੈ ਅਤੇ ‘ਸਚੁ’; ਤਦਭਵ ਸ਼ਬਦ ਹੈ ਯਾਨੀ ਤਤਸਮ (ਸਤਿ) ਦੀ ਨਕਲ ਕੀਤਾ ਸ਼ਬਦ। ਦੋਵਾਂ ਦੇ ਅਰਥਾਂ ’ਚ ਕੋਈ ਫ਼ਰਕ ਨਹੀਂ, ਪਰ ਇਹ ਧਿਆਨ ਰਹੇ ਕਿ ‘ਸਤਿ’ ਦੀ ਸਿਹਾਰੀ ਸੰਸਕ੍ਰਿਤ ’ਚ ਉਚਾਰਨ ਹੁੰਦੀ ਹੈ ਜਦ ਕਿ ‘ਸਚੁ’ ਦਾ ਔਂਕੜ ਅੰਤ; ਵਿਆਕਰਨਿਕ ਨਿਯਮਾਂ ’ਚ ਹੈ ਭਾਵ ਇਹ ਜਾਣਕਾਰੀ ਦਿੰਦਾ ਹੈ ਕਿ ‘ਸਚੁ’ ਇੱਕ ਵਚਨ ਪੁਲਿੰਗ ਨਾਂਵ ਹੈ, ਨਾ ਕਿ ‘ਸਤਿ’ ਦੇ ਉਚਾਰਨ ‘ਸਤ੍ਯ’ ਵਾਙ ਉਚਾਰਨ ਦਾ ਭਾਗ ਹੈ।
ਅਰਥ : ਹੇ ਨਾਨਕ ! (ਆਖ ਕਿ ‘ੴ’); ਜਗਤ ਰਚਨਾ ਤੋਂ ਪਹਿਲਾਂ ਭੀ ਸਥਿਰ (ਸਤਿ) ਸੀ। ਚਾਰ ਜੁਗਾਂ ਦੀ ਅਰੰਭਤਾ ਸਮੇਂ ਭੀ ਮੌਜੂਦ (ਸਤਿ) ਸੀ। ਹੁਣ ਭੀ (ਸਭ ਥਾਂ) ਮੌਜੂਦ (ਸਤਿ) ਹੈ ਅਤੇ ਕਿਆਮਤ ਤੋਂ ਬਾਅਦ ਭੀ ਸਦਾ ਕਾਇਮ (ਸਤਿ) ਰਹੇਗਾ। ੧।
ਵਿਚਾਰ : (ੳ). ਉਕਤ ਸਲੋਕ; ‘ੴ’ ਦੇ ਨਿਰਾਕਾਰ/ਨਿਰਗੁਣ ਰੂਪ ਦੀ ਸੰਖੇਪ ਵਿਆਖਿਆ ਹੈ ਤੇ ‘ਜਪੁ’ ਬਾਣੀ ਦਾ ਅੰਤਮ ਸਲੋਕ (ਪਵਣੁ ਗੁਰੂ, ਪਾਣੀ ਪਿਤਾ..॥); ‘ੴ’ ਦੇ ‘ਸਰਗੁਨ’ ਰੂਪ ਭਾਵ ਵਿਖਾਈ ਦੇਣ ਵਾਲ਼ੀ ਕੁਦਰਤ ਦੀ ਵਿਆਖਿਆ ਕਰਨ ਦੇ ਨਾਲ਼-ਨਾਲ਼ ਇਸ ਵਿੱਚ ਗੁਰਮੁਖਿ ਦੀ ਸਫਲ ਜੀਵਨ ਯਾਤਰਾ ਨੂੰ ਭੀ ਬਿਆਨ ਕਰਦਾ ਹੈ। ਗੁਰਬਾਣੀ ਅੰਦਰ ‘ੴ’ ਦੇ ਇਹ ਦੋਵੇਂ (ਸਰਗੁਨ/ਨਿਰਗੁਨ) ਰੂਪ ਬਿਆਨ ਕੀਤੇ ਹਨ; ਜਿਵੇਂ ਕਿ ‘‘ਨਿਰਗੁਨੁ ਆਪਿ; ਸਰਗੁਨੁ ਭੀ ਓਹੀ ॥ ਕਲਾ ਧਾਰਿ; ਜਿਨਿ ਸਗਲੀ ਮੋਹੀ ॥’’ (ਮਹਲਾ ੫/੨੮੮) ‘ਸਰਗੁਨ’ ਤੋਂ ਭਾਵ ਹੈ ‘ਮਾਇਆ ਦੇ ਤਿੰਨ ਗੁਣ (ਰਜੋ, ਤਮੋ, ਸਤੋ)’, ਜੋ ਵਿਖਾਈ ਦਿੰਦਾ ਜਗਤ ਹੈ ਅਤੇ ‘ਨਿਰਗੁਨ’ ਤੋਂ ਭਾਵ ਹੈ ‘ਇਨ੍ਹਾਂ ਤਿੰਨੇ ਗੁਣਾਂ ਤੋਂ ਰਹਿਤ’, ਜੋ ਅਦ੍ਰਿਸ਼ ਹੈ। ‘ਰਜੋ’ ਗੁਣ ’ਚ ਮਨੁੱਖ ਪਰਵਾਰਿਕ ਭੱਜ-ਦੌੜ ਕਰਦਾ ਹੈ। ‘ਤਮੋ’ ’ਚ ‘ਹਨ੍ਹੇਰਾ, ਅਗਿਆਨਤਾ’ ਹੁੰਦੀ ਹੈ ਯਾਨੀ ਆਪਤ ਪ੍ਰਕਾਸ਼ ਨਾ ਹੋਣਾ, ਇਸ ਲਈ ਸਦਾ ਭਰਮ ’ਚ ਰਹਿੰਦਾ ਹੈ। ‘ਸਤੋ’ ਦਾ ਅਰਥ ਹੈ ‘ਸਮਾਜ ਵਿੱਚ ਕੁੱਝ ਨੇਕ ਕੰਮ ਕਰਨੇ, ਜਿਨ੍ਹਾਂ ਬਦਲੇ ਕੋਈ ਦੁਨਿਆਵੀ ਇੱਛਾ ਭੀ ਮਨ ’ਚ ਰੱਖੀ ਹੁੰਦੀ ਹੈ ਭਾਵ ਵਿਖਾਵੇ ਮਾਤਰ ਕੀਤੇ ਗਏ ਧਾਰਮਿਕ ਕੰਮ। ਇਹ ਤਿੰਨੇ ਗੁਣ; ਮਾਇਆ ਦੇ ਹਨ। ਇਨ੍ਹਾਂ ਦੀ ਹੀ ਵਿਆਖਿਆ ਵੇਦ ਆਦਿਕ ਗ੍ਰੰਥ ਕਰਦੇ ਰਹਿੰਦੇ ਹਨ, ‘‘ਜਨਮਿ ਮਰੈ; ਤ੍ਰੈ ਗੁਣ ਹਿਤਕਾਰੁ ॥ ਚਾਰੇ ਬੇਦ ਕਥਹਿ ਆਕਾਰੁ ॥ ਤੀਨਿ ਅਵਸਥਾ ਕਹਹਿ ਵਖਿਆਨੁ ॥ ਤੁਰੀਆਵਸਥਾ ਸਤਿਗੁਰ ਤੇ ਹਰਿ ਜਾਨੁ ॥’’ (ਮਹਲਾ ੧/੧੫੪) ਭਾਵ ਚੌਥਾ ਪਦ (ਤੁਰੀਆ ਅਵਸਥਾ) ਗੁਰੂ ਦੀ ਰਾਹੀਂ ਹਰੀ ਨੂੰ ਜਾਣਨ ਉਪਰੰਤ ਪ੍ਰਾਪਤ ਹੁੰਦਾ ਹੈ।
(ਅ). ਉਕਤ ਸਲੋਕ ਦੇ ਅੰਤ ’ਚ ਲਿਖਿਆ ਅੰਕ ੧; ‘ਜਪੁ’ ਦੇ ਅਰੰਭਕ ਸਲੋਕ ਦੀ ਸਮਾਪਤੀ ਦਾ ਪ੍ਰਤੀਕ ਹੈ। ਇਸ ਨਾਲ਼ ਮਿਲਦਾ-ਜੁਲਦਾ ਇੱਕ ਸਲੋਕ; ਗੁਰੂ ਅਰਜਨ ਸਾਹਿਬ ਜੀ ਨੇ ਸੁਖਮਨੀ ਸਾਹਿਬ ਦੀ 17ਵੀਂ ਅਸ਼ਟਪਦੀ ਨਾਲ਼ ਇਉਂ ਦਰਜ ਕੀਤਾ ਹੈ, ‘‘ਸਲੋਕੁ॥ ਆਦਿ ਸਚੁ; ਜੁਗਾਦਿ ਸਚੁ ॥ ਹੈ ਭਿ ਸਚੁ; ਨਾਨਕ ! ਹੋਸੀ ਭਿ ਸਚੁ ॥੧॥’’ (ਸੁਖਮਨੀ/ਮਹਲਾ ੫/੨੮੫) ਇੱਥੇ ‘ਸਲੋਕੁ’ ਭੀ ਲਿਖਿਆ ਹੈ। ‘ਜਪੁ’ ਬਾਣੀ ਦਾ ਅਰੰਭਕ ਸਲੋਕ; ਮੂਲ ਮੰਤਰ ਦਾ ਭਾਗ ਨਹੀਂ ਬਲਕਿ ਲੰਬੀ ‘ਜਪੁ’ ਬਾਣੀ ਦੇ ਅਰੰਭ ’ਚ ਆਪਣੇ ਇਸ਼ਟ (‘ੴ’) ਨੂੰ ਸੰਖੇਪ ਸ਼ਬਦਾਂ ’ਚ ਯਾਦ ਕੀਤਾ ਹੈ, ਜਿਸ ਨੂੰ ਸਾਹਿਤਿਕ ਭਾਸ਼ਾ ’ਚ ਮੰਗਲਾਚਰਨ ਕਿਹਾ ਜਾਂਦਾ ਹੈ। ਮੰਗਲਾਚਰਨ; ਕਿਸੇ ਲੰਬੀ ਰਚਨਾ ਦੇ ਅਰੰਭ ’ਚ ਜਾਂ ਅੰਤ ’ਚ ਆਪਣੇ ਇਸ਼ਟ ਨੂੰ ਸੰਖੇਪ ਸ਼ਬਦਾਂ ਰਾਹੀਂ ਯਾਦ ਕਰਨਾ ਹੁੰਦਾ ਹੈ; ਜਿਵੇਂ ਕਿ ਚਿੱਠੀ-ਪੱਤਰ ਲਿਖਦਿਆਂ ਸ਼ੁਰੂ ’ਚ ‘ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫ਼ਤਿਹ।’ ਲਿਖੀਦਾ ਹੈ।
ਜੇਕਰ ਇਸ ਸਲੋਕ ਨੂੰ ਭੀ ਮੂਲਮੰਤਰ ਦਾ ਭਾਗ ਮੰਨੀਏ ਅਤੇ ਇਹ ਭੀ ਕਹੀਏ ਕਿ ਗੁਰਬਾਣੀ ਅੰਤਰ ਸਾਰੇ ਮੂਲ ਮੰਤਰ; ਗੁਰੂ ਅਰਜਨ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਦਿਆਂ ਲੰਬੀਆਂ ਰਚਨਾਵਾਂ ਨਾਲ਼ ਦਰਜ ਕੀਤੇ ਹਨ ਤਾਂ ਮੰਨਣਾ ਪਵੇਗਾ ਕਿ ‘ਜਪੁ’ ਬਾਣੀ ਦੀ ਅਰੰਭਤਾ; ਗੁਰੂ ਨਾਨਕ ਸਾਹਿਬ ਜੀ ਨੇ ਹੇਠਲੀ ਪਉੜੀ ‘‘ਸੋਚੈ, ਸੋਚਿ ਨ ਹੋਵਈ..॥’’ ਤੋਂ ਕੀਤੀ ਹੈ ਯਾਨੀ ਕਿ ਬਿਨਾਂ ਆਪਣੇ ਇਸ਼ਟ ਨੂੰ ਯਾਦ ਕੀਤਿਆਂ, ਜੋ ਕਿ ਸਹੀ ਨਹੀਂ ਹੋਵੇਗਾ।
ਗੁਰੂ ਗ੍ਰੰਥ ਸਾਹਿਬ ਜੀ ਦੇ ਅਰੰਭ ਵਿੱਚ ਲਿਖੇ ‘ਤਤਕਰੇ’ ਵਿੱਚ ਭੀ ‘ਜਪੁ’ ਨੂੰ ਬਾਣੀ ਦਾ ਸਿਰਲੇਖ ਮੰਨ ਕੇ ਇਸ ਦੀ ਅਰੰਭਤਾ ਦਾ ਸੰਕੇਤ ਸਾਮ੍ਹਣੇ ਹੀ ‘ਅੰਕ ੧’ ਲਿਖਿਆ ਹੈ। ਜੇਕਰ ਮੂਲ ਮੰਤਰ ‘ੴ’ ਤੋਂ ‘‘ਨਾਨਕ ਹੋਸੀ ਭੀ ਸਚੁ॥੧॥’’ ਤੱਕ ਹੋਵੇ ਤਾਂ ਗੁਰੂ ਗ੍ਰੰਥ ਸਾਹਿਬ ਦੇ ਅਰੰਭ ’ਚ ਕਿਹੜੀ ਬਾਣੀ ਹੈ, ਇਹ ਜਾਣਕਾਰੀ ਕਿਸੇ ਪਾਸਿਓਂ ਨਹੀਂ ਮਿਲਣੀ ਕਿਉਂਕਿ ‘ਜਪੁ’ ਸਿਰਲੇਖ ਭੀ ਮੂਲ ਮੰਤਰ ਬਣ ਗਿਆ।
ਸੋਚੈ, ਸੋਚ ਨ ਹੋਵਈ; ਜੇ, ਸੋਚੀ ਲਖ ਵਾਰ॥
ਉਚਾਰਨ : ਹੋਵ+ਈ, ਸੋਚੀਂ।
ਪਦ ਅਰਥ : ਸੋਚੈ- ਸ਼ੌਚ ਯਾਨੀ ਸਰੀਰ ਧੋਣ ਨਾਲ਼। ਸੋਚ-(ਮਨ) ਸਾਫ਼, ਨਿਰਮਲ। ਸੋਚੀ- ਮੈ ਧੋਵਾਂ (ਉਤਮ ਪੁਰਖ ਇੱਕ ਵਚਨ ਕਿਰਿਆ)।
ਨੋਟ : ਉਕਤ ਪੰਕਤੀ ’ਚ ‘ਸੋਚੈ’ ਤੇ ‘ਸੋਚ’ ਤਦਭਵ ਸ਼ਬਦ ਹਨ। ਜੇਕਰ ਤਤਸਮ ‘ਸੌਚੈ’ ਤੇ ‘ਸੌਚ’ ਹੁੰਦੇ ਤਾਂ ਉਚਾਰਨ ‘ਸ਼ੌਚੈ’ ਤੇ ‘ਸ਼ੌਚ’ ਹੁੰਦਾ।
ਅਰਥ : (ਤੀਰਥਾਂ ਆਦਿਕ ’ਤੇ ਸਰੀਰਕ) ਇਸ਼ਨਾਨ ਕੀਤਿਆਂ (ਮਨ) ਨਿਰਮਲ ਨਹੀਂ ਹੁੰਦਾ ਭਾਵੇਂ ਮੈਂ ਲੱਖਾਂ ਵਾਰ (ਐਸੇ) ਇਸ਼ਨਾਨ ਕਰਾਂ।
ਚੁਪੈ, ਚੁਪ ਨ ਹੋਵਈ; ਜੇ, ਲਾਇ ਰਹਾ ਲਿਵ ਤਾਰ॥
ਉਚਾਰਨ : ਹੋਵ+ਈ, ਰਹਾਂ।
ਪਦ ਅਰਥ : ਚੁਪੈ- ਚੁਪ ਰਹਿਣ ਨਾਲ਼, ਮੌਨ ਧਾਰਨ ਨਾਲ਼। ਚੁਪ-(ਮਨ) ਸ਼ਾਂਤ, ਫੁਰਨਾ ਰਹਿਤ। ਲਾਇ-ਲਗਾ ਕੇ। ਰਹਾ- ਬੈਠਾ ਰਹਾਂ (ਉਤਮ ਪੁਰਖ ਇੱਕ ਵਚਨ ਕਿਰਿਆ)।
ਅਰਥ : ਮੌਨ ਧਾਰਨ ਨਾਲ਼ ਭੀ ਮਨ ਸ਼ਾਂਤ ਨਹੀਂ ਹੁੰਦਾ ਭਾਵੇਂ ਮੈਂ ਨਿਰੰਤਰ ਸਮਾਧੀ ਲਾ ਕੇ ਬੈਠਾ ਰਹਾਂ।
ਭੁਖਿਆ, ਭੁਖ ਨ ਉਤਰੀ; ਜੇ, ਬੰਨਾ ਪੁਰੀਆ ਭਾਰ॥
ਉਚਾਰਨ : ਭੁੱਖਿਆਂ, ਬੰਨ੍ਹਾ, ਪੁਰੀਆਂ।
ਪਦ ਅਰਥ : ਭੁਖਿਆ- ਤ੍ਰਿਸ਼ਨਾ ਅਧੀਨ ਰਹਿਣ ਨਾਲ਼। ਭੁਖ-(ਮਾਇਆ ਦੀ) ਖਿੱਚ, ਤ੍ਰਿਸ਼ਨਾ। ਬੰਨਾ- ਮੈ ਬੰਨ੍ਹ ਲਵਾਂ, ਇਕੱਠੇ ਕਰ ਲਵਾਂ (ਉਤਮ ਪੁਰਖ ਇੱਕ ਵਚਨ ਕਿਰਿਆ)। ਪੁਰੀਆ ਭਾਰ- ਤਿੰਨੇ ਲੋਕਾਂ (ਸੁਰਗ ਲੋਕ, ਮਾਤ ਲੋਕ ਤੇ ਪਤਾਲ ਲੋਕ) ਦੇ ਸਾਰੇ ਪਦਾਰਥ।
ਅਰਥ : ਤ੍ਰਿਸ਼ਨਾ ’ਚ ਰਹਿਣ ਨਾਲ਼ ਮਾਇਆ ਦੀ ਭੁੱਖ ਕਦੇ ਨਹੀਂ ਮਿਟਦੀ ਭਾਵੇਂ ਮੈਂ ਸਭ ਪੁਰੀਆਂ ਦੇ ਪਦਾਰਥ ਇਕੱਠੇ ਕਰ ਲਵਾਂ।
ਸਹਸ ਸਿਆਣਪਾ ਲਖ ਹੋਹਿ; ਤ, ਇਕ ਨ ਚਲੈ ਨਾਲਿ॥
ਉਚਾਰਨ : ਸਿਆਣਪਾਂ, ਹੋਹਿਂ।
ਪਦ ਅਰਥ : ਸਹਸ- ਹਜ਼ਾਰ। ਹੋਹਿ-(ਮਨ ’ਚ) ਟਿਕੀਆਂ ਹੋਣ, ਹੁੰਦੀਆਂ ਹੋਣ। ਇਕ- ਨਾ ਮਾਤਰ ਸਿਆਣਪ ਭੀ। ਚਲੈ- ਚੱਲਦੀ ਹੈ (ਅਨ ਪੁਰਖ ਇੱਕ ਵਚਨ ਕਿਰਿਆ)।
ਅਰਥ : (ਉਕਤ ਬਿਆਨ ਕੀਤੀਆਂ) ਹਜ਼ਾਰਾਂ, ਲੱਖਾਂ ਸਿਆਣਪਾਂ ਭਾਵੇਂ ਦਿਮਾਗ਼ ’ਚ ਹੋਣ ਤਾਂ ਭੀ (ਮਨ ਸ਼ਾਂਤ ਕਰਨ ’ਚ) ਇੱਕ ਭੀ ਕੰਮ ਨਹੀਂ ਆਉਂਦੀ, ਇਸ ਲਈ ਬਚਨ ਕੀਤੇ ਹਨ, ‘‘ਮਨਮੁਖ ਕਰਮ ਕਰੈ, ਅਜਾਈ (ਫ਼ਜ਼ੂਲ)॥’’ (ਮਹਲਾ ੫/੧੩੪੮)
ਵਿਚਾਰ : ਉਕਤ ਕੀਤੇ ਜਾਣ ਵਾਲ਼ੇ ਧਾਰਮਿਕ ਕੰਮ; ਬੰਦੇ ਦੀ ਸਮਝਦਾਰੀ ਜਾਂ ਸਿਆਣਪ ਨਾਲ਼ ਜੁੜੇ ਹੁੰਦੇ ਹਨ ਤਾਹੀਓਂ ਹਰ ਕੋਈ ਪੀੜ੍ਹੀ ਦਰ ਪੀੜ੍ਹੀ ਇਨ੍ਹਾਂ ਨੂੰ ਅਪਣਾਈ ਰੱਖਦਾ ਹੈ। ਗੁਰੂ ਸਾਹਿਬ ਨੇ ਤਿੰਨ ਕੁ ਮਿਸਾਲਾਂ (ਤੀਰਥ ਇਸ਼ਨਾਨ, ਮੌਨ ਵਰਤ ਆਦਿ) ਦੇ ਕੇ ਅੰਤ ’ਚ ਇਸ ਪ੍ਰਸੰਗ ਨੂੰ ਅਸੀਮ (ਹਜ਼ਾਰ) ਕਹਿ ਕੇ ਵਿਸ਼ਾ ਸਮੇਟਿਆ ਹੈ। ਇਹੀ ਯੁਕਤੀ ਹਰ ਪਉੜੀ-ਵਿਸ਼ੇ ਦੇ ਅੰਤ ’ਚ ਸੰਕੇਤ ਮਾਤਰ ਹੈ। ਇਸ ਨੂੰ ਧਿਆਨ ’ਚ ਰੱਖਦਿਆਂ ਹੀ 32ਵੀਂ ਪਉੜੀ ‘‘ਇਕ ਦੂ ਜੀਭੌ ਲਖ ਹੋਹਿ; ਲਖ ਹੋਵਹਿ ਲਖ ਵੀਸ ..॥੩੨॥ (ਜਪੁ) ਦੇ ਸਹੀ ਅਰਥ ਪਕੜ ’ਚ ਆਉਣੇ ਹਨ।
ਗੁਰੂ ਸਾਹਿਬ ਨੇ ਇਨ੍ਹਾਂ ਕਰਮਕਾਂਡਾਂ ਨੂੰ ਮੂਲੋਂ ਹੀ ਰੱਦ ਕਰ ਦਿੱਤਾ ਤਾਂ ਤੇ ਜਗਿਆਸੂ ਮਨ ’ਚ ਇਹ ਸਵਾਲ ਉੱਠਣਾ ਸੁਭਾਵਕ ਹੈ ਕਿ ..
ਕਿਵ ਸਚਿਆਰਾ ਹੋਈਐ ? ਕਿਵ ਕੂੜੈ ਤੁਟੈ ਪਾਲਿ ? ॥
ਪਦ ਅਰਥ : ਕਿਵ- (ਫਿਰ) ਕਿਸ (ਤਰੀਕੇ) ਨਾਲ਼। ਸਚਿਆਰਾ- ਸਥਿਰ, ਰੱਬ ਵਾਙ ਅਡੋਲ, ਸ਼ਾਂਤ-ਚਿੱਤ। ਹੋਈਐ- ਹੋਇਆ ਜਾ ਸਕਦਾ ਹੈ। ਕੂੜੈ ਪਾਲਿ- ਝੂਠ ਦੀ ਕੰਧ ਭਾਵ ਜਨਮ ਜਨਮ ਦੀ ਮੈਲ਼। ਤੁਟੈ-ਨਾਸ ਹੋਵੇ, ਨਿਰਮਲ ਹੋਈਏ।
ਅਰਥ : (ਤਾਂ ਫਿਰ ਮਨ ਨੂੰ) ਸ਼ਾਂਤ ਕਿਵੇਂ ਕਰੀਏੇ ਅਤੇ ਝੂਠ ਦੀ ਕੰਧ (ਪਰਦਾ) ਕਿਵੇਂ ਢਹਿ ਢੇਰੀ ਹੋਵੇ ?
ਹੁਕਮਿ ਰਜਾਈ ਚਲਣਾ; ਨਾਨਕ ! ਲਿਖਿਆ ਨਾਲਿ॥ ੧॥
ਉਚਾਰਨ : ਹੁਕਮ, ਰਜ਼ਾਈ।
ਪਦ ਅਰਥ : ਹੁਕਮਿ ਰਜਾਈ- ਰਜ਼ਾ ਦੇ ਮਾਲਕ ਦੇ ਹੁਕਮ ਵਿੱਚ, ਹੁਕਮੀ ਦੇ ਹੁਕਮ ਅਨੁਸਾਰ। ਚੱਲਣਾ- ਚੱਲਣ ਨੂੰ ਸਮਝਣਾ ਹੈ, ਸਵੀਕਾਰ ਕਰਨਾ ਹੈ। ਨਾਨਕ- ਹੇ ਨਾਨਕ ! ਲਿਖਿਆ ਨਾਲਿ- (ਜੋ ਜਨਮ ਤੋਂ) ਨਾਲ਼ ਲਿਖਿਆ ਹੈ।
ਅਰਥ : ਹੇ ਨਾਨਕ ! ਰਜ਼ਾ ਦੇ ਮਾਲਕ ਦੇ ਹੁਕਮ ’ਚ ਚੱਲਣ ਨੂੰ ਮੰਨਣਾ ਹੈ (ਜੋ ਪੈਦਾਇਸ਼ ਤੋਂ ਹਰ ਇੱਕ ਦੇ) ਨਾਲ਼ ਲਿਖਿਆ ਹੋਇਆ ਹੈ ਭਾਵ ਜਿਸ ਹੁਕਮ ’ਚ ਤੇਰੇ ਸਮੇਤ ਹਰ ਕੋਈ ਚੱਲਦਾ ਹੈ, ਉਸ ਨੂੰ ਪਛਾਣਨਾ ਹੈ।
ਵਿਚਾਰ : ਪਹਿਲੀ ਪਉੜੀ ਦੇ ਅੰਤ ’ਚ ਕੀਤੀ ਇਹ ਹੁਕਮ ਸੰਖੇਪ ਵਿਆਖਿਆ, ਅਗਲੀਆਂ 4 ਪਉੜੀਆਂ ਤੱਕ ਜਾਰੀ ਰਹਿਣੀ ਹੈ। ਦੂਜੀ ਪਉੜੀ ’ਚ ਪੰਕਤੀ ਹੈ, ‘‘ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ, ਨ ਕੋਇ॥’’ ਭਾਵ ਹਰ ਕੋਈ ਰਜ਼ਾ ਦੇ ਮਾਲਕ ਦੇ ਹੁਕਮ ਅੰਦਰ ਹੈ। ਹੁਕਮ ਤੋਂ ਆਕੀ ਕੋਈ ਨਹੀਂ। ਹੁਣ ਸਵਾਲ ਹੈ ਕਿ ਕੀ ‘ਕੂੜੈ ਪਾਲਿ’; ਮਾਲਕ ਦੇ ਹੁਕਮ ’ਚ ਬਣੀ ਹੈ ? ਜੇਕਰ ਹਾਂ, ਤਾਂ ਫਿਰ ਉਹ ਕਿਹੜਾ ਹੁਕਮ ਹੈ, ਜਿਸ ਵਿੱਚ ਚੱਲ ਕੇ ਇਹ ਖ਼ਤਮ ਹੋਣੀ ਹੈ ? ਇਸ ਸਵਾਲ ਦਾ ਜਵਾਬ ਜਾਣਨਾ ਬੜਾ ਜ਼ਰੂਰੀ ਹੈ ਕਿਉਂਕਿ ਗੁਰਬਾਣੀ ਅੰਦਰ ਇਹ ਪਹਿਲਾ ਸਵਾਲ ਹੈ ਜਿਸ ਰਾਹੀਂ ਗੁਰਮਤਿ ਦੀ ਸਿਰਮੌਰਤਾ (ਸਚਖੰਡ ਅਵਸਥਾ) ਪ੍ਰਗਟ ਹੋਣੀ ਹੈ।
ਗੁਰਬਾਣੀ ਅਨੁਸਾਰ ਜਗਤ-ਰਚਨਾ ਇੱਕ ਖੇਲ (ਖੇਡ) ਹੈ। ਅਕਾਲ ਪੁਰਖ ਦਾ ਸੁਭਾਅ; ਹਰ ਜੀਵਨ ’ਚੋਂ ਪ੍ਰਗਟ ਹੋਣਾ ਹੈ। ਮਿਸਾਲ ਵਜੋਂ ਬੱਚਾ; ਇੱਕ ਖਿਡੌਣੇ ਨਾਲ਼ ਜ਼ਿਆਦਾ ਦਿਨ ਨਹੀਂ ਖੇਡ ਸਕਦਾ। ਉਸ ਨੂੰ ਹਰ ਦਿਨ ਨਵੇਂ ਖਿਲੌਣੇ ਚਾਹੀਦੇ ਹਨ। ਜੇਕਰ ਉਹ ਰੇਤ ਨਾਲ਼ ਖੇਡੇ ਤਾਂ ਭੀ ਮਿਟੀ ਦੇ ਨਵੇਂ ਨਵੇਂ ਰੂਪ ਬਣਾ ਕੇ ਖੇਡਦਾ ਹੈ। ਖੇਡ ਭੀ ਓਹੀ ਹੁੰਦੀ ਹੈ, ਜੋ ਆਪਣਾ ਰੂਪ ਬਦਲਦੀ ਰਹੇ। ਇੱਕ ਗੋਟੀ ਮਰੇਗੀ ਤਾਂ ਹੀ ਦੂਜੀ ਜਿੱਤੇਗੀ। ਬੱਚੇ ਦੇ ਸੁਭਾਅ ਵਾਙ ਅਕਾਲ ਪੁਰਖ ਨੂੰ ਭੀ ਜਗਤ-ਰਚਨਾ ਵਾਰ-ਵਾਰ ਜੰਮਦੀ-ਮਰਦੀ, ਪਸੰਦ ਹੈ। ਇਸ ਖੇਡ ਦਾ ਆਧਾਰ; ਮਿੱਟੀ ਦੀ ਥਾਂ ਜੀਵਾਂ ਦੁਆਰਾ ਕੀਤੇ ਚੰਗੇ-ਮੰਦੇ ਕੰਮ ਹੁੰਦੇ ਹਨ। ਇਨ੍ਹਾਂ ਕੰਮਾਂ ਦੇ ਫਲ਼ ਨੂੰ ਨਸੀਬ ਜਾਂ ਸਿਰ ਦੇ ਲੇਖ ਕਿਹਾ ਹੈ। ਚੰਗੇ-ਮੰਦੇ ਨਸੀਬ ਅਨੁਸਾਰ ਹੀ ਮਾਲਕ ਦਾ ਹੁਕਮ ਹਰ ਇੱਕ ਲਈ ਭਿੰਨ ਭਿੰਨ ਵਾਪਰਦਾ ਹੈ ਤਾਹੀਓਂ ਕੋਈ ਸੁਖੀ ਤੇ ਕੋਈ ਦੁਖੀ। ਗੁਰਬਾਣੀ ਦੇ ਬਚਨ ਹਨ, ‘‘ਸਭੇ ਪੁਰੀਆ ਖੰਡ ਸਭਿ; ਸਭੇ ਜੀਅ ਜਹਾਨ ॥ ਹੁਕਮਿ ਚਲਾਏ ਆਪਣੈ; ਕਰਮੀ ਵਹੈ ਕਲਾਮ ॥’’ (ਮਹਲਾ ੧/੧੨੪੧) ਅਰਥ : ਹੇ ਨਾਨਕ ! (ਆਖ ਕਿ) ਸਾਰੇ ਲੋਕਾਂ (ਸੁਰਗ, ਮਾਤ, ਪਤਾਲ) ਨੂੰ, ਧਰਤੀ ਦੇ ਸਾਰੇ ਦੀਪਾਂ/ਟਾਪੂਆਂ ਨੂੰ ਅਤੇ ਜਗਤ ਦੇ ਸਾਰੇ ਜੀਵ-ਜੰਤੂਆਂ ਨੂੰ (ਪ੍ਰਭੂ); ਆਪਣੇ ਹੁਕਮ ਅੰਦਰ ਰੱਖਦਾ ਹੈ। ਇਸ ਹੁਕਮ ’ਚ ਵਿਚਰਦਿਆਂ ਕੀਤੇ ਚੰਗੇ-ਮੰਦੇ ਕੰਮਾਂ ਅਨੁਸਾਰ ਫਿਰ ਹੁਕਮ ਰੂਪ ਕਲਮ ਚੱਲਦੀ ਹੈ ਭਾਵ ਨਸੀਬ ਲਿਖਿਆ ਜਾਂਦਾ ਹੈ। ਇਹੀ ਹੁਕਮ-ਨਸੀਬ; ਪੈਦਾਇਸ਼ ਤੋਂ ਸਾਰਿਆਂ ਦੇ ‘ਲਿਖਿਆ ਨਾਲਿ’ ਹੈ, ਕੂੜ ਦੀ ਪਾਲਿ ਹੈ, ਜਨਮ ਜਨਮ ਦੀ ਮੈਲ਼ ਹੈ।
ਸੋ ‘ਕੂੜੈ ਪਾਲਿ’, ਜੋ ਹਰ ਬੰਦੇ ਦੇ ਕਰਮਾਂ ਦਾ ਚੰਗਾ-ਮੰਦਾ ਫਲ਼ (ਨਸੀਬ) ਹੋਣ ਕਾਰਨ ਬਚਪਨ ਤੋਂ ‘ਨਾਲਿ ਲਿਖਿਆ’ ਹੈ। ਉਸੇ ਮੁਤਾਬਕ ਮਾਲਕ ਦਾ ਹੁਕਮ; ਜਨਮ ਲੈਂਦਿਆਂ ਹਰ ਇੱਕ ਲਈ ਵੱਖਰਾ-ਵੱਖਰਾ ਵਾਪਰਦਾ ਹੈ। ਇਸ ਨੂੰ 31ਵੀਂ ਪਉੜੀ ’ਚ ਮਾਲਕ ਦੇ ਭੰਡਾਰੇ, ਪਦਾਰਥਾਂ ਦੇ ਖ਼ਜ਼ਾਨਿਆਂ ਦੀ ਮਿਸਾਲ ਦੇ ਕੇ ਬਚਪਨ ਤੋਂ ਇੱਕੋ ਵਾਰ ਪਾਇਆ ਨਸੀਬ (ਖ਼ਜ਼ਾਨਾ) ਭੀ ਲਿਖਿਆ ਹੈ, ‘‘ਆਸਣੁ ਲੋਇ ਲੋਇ ਭੰਡਾਰ ॥ ਜੋ ਕਿਛੁ ਪਾਇਆ; ਸੁ ਏਕਾ ਵਾਰ… ॥੩੧॥’’, ਇਸੇ ਨਸੀਬ-ਹੁਕਮ ’ਚ ਜੀਵ-ਜੰਤਾਂ ਨੂੰ ਵਿਚਰਦਿਆਂ ਮਾਲਕ ਆਪ ਵੇਖਦਾ ਹੈ ਤਾਹੀਓਂ ਵਾਰ-ਵਾਰ ਕਿਹਾ ਹੈ, ‘‘ਕਰਿ ਕਰਿ ਵੇਖੈ; ਸਿਰਜਣਹਾਰੁ ..॥੩੧॥’’ (ਜਪੁ) ਭਾਵ ਜੀਵਾਂ ਨੂੰ ਪੈਦਾ ਕਰ ਕਰ ਕੇ (ਹੁਕਮ ’ਚ ਚੱਲਦੇ) ਵੇਖਦਾ ਹੈ, ਜਿਸ ਨੂੰ ਸੰਭਾਲਣਾ ਭੀ ਕਹਿ ਸਕਦੇ ਹਾਂ।
ਮਾਲਕ ਦੇ ਹੁਕਮ ’ਚ ਚੱਲਣਾ; ਜਿਵੇਂ ਕਿ ਸੂਰਜ, ਚੰਦ, ਤਾਰੇ ਆਦਿ ਚੱਲਦੇ ਹਨ ਅਤੇ ਮਾਲਕ ਦੀ ਰਜ਼ਾ ਨੂੰ ਸਮਝਦਿਆਂ ਉਸ ਵਿੱਚ ਚੱਲਦਾ, ਆਪਣੇ ਆਪ ਨੂੰ ਸਵੀਕਾਰ ਲੈਣਾ; ਦੋਵਾਂ ’ਚ ਬੜਾ ਅੰਤਰ ਹੈ। ਜੋ ਇਹ ਸਮਝਦਾ ਹੈ ਕਿ ਮੈਂ ਮਾਲਕ ਦੇ ਹੁਕਮ ’ਚ ਚੱਲ ਰਿਹਾ ਹਾਂ; ਉਹ ਮਾਲਕ ਦੇ ਡਰ-ਅਦਬ ’ਚ ਭੀ ਰਹਿੰਦਾ ਹੈ। ਉਸ ਦੇ ਪ੍ਰੇਮ-ਰੰਗ ’ਚ ਭਿੱਜ ਕੇ ਉਸ ਨੂੰ ਯਾਦ ਕਰਦਾ ਹੈ, ਸਿਮਰਨ ਕਰਦਾ ਹੈ। ਉਹ ਬੇਝਿੱਜਕ ਹੋ ਕੇ ਸਚਾਈ ’ਤੇ ਪਹਿਰਾ ਦਿੰਦਾ ਹੈ ਕਿਉਂਕਿ ਉਸ ਨੂੰ ਭਰੋਸਾ ਹੈ ਕਿ ਮੇਰਾ ਸਾਥੀ; ਆਪ ਅਕਾਲ ਪੁਰਖ ਹੈ। ਉਹ ਵਿਕਾਰਾਂ ਤੋਂ ਸੁਚੇਤ ਰਹਿੰਦਾ ਹੈ, ਪਰ ਜੋ ਨਹੀਂ ਮੰਨਦਾ ਕਿ ਮੈਂ ਮਾਲਕ ਦੇ ਹੁਕਮ ’ਚ ਹਾਂ ਭਾਵੇਂ ਕਿ ਉਹ ਹੈ ਭੀ, ਉਸ ਦੇ ਹਿਰਦੇ ’ਚ ਮਾਲਕ ਦਾ ਕੋਈ ਡਰ-ਅਦਬ ਨਹੀਂ ਹੋਏਗਾ। ਉਹ ਆਪਣੀ ਮੱਤ ਨੂੰ ਮਹੱਤਵ ਦਿੰਦਾ ਦਿੰਦਾ ਆਪਣਾ ਅਹੰਕਾਰ ਵਧਾਏਗਾ, ਜੋ ‘ਕੂੜੈ ਪਾਲਿ’ ਹੈ। ਜਿਸ ਨੇ ਰੱਬ ਤੋਂ ਦੂਰੀ ਬਣਾ ਦਿੱਤੀ। ਗੁਰੂ ਨਾਨਕ ਸਾਹਿਬ ਦੇ ਬਚਨ ਹਨ ਕਿ ਗੁਰੂ ਦੀ ਸ਼ਰਨ ਤੋਂ ਬਿਨਾਂ ਇਹ ਮਾੜਾ ਨਸੀਬ ਨਹੀਂ ਮਿਟਦਾ, ‘‘ਲੇਖੁ ਨ ਮਿਟਈ ਹੇ ਸਖੀ ! ਜੋ ਲਿਖਿਆ ਕਰਤਾਰਿ (ਨੇ)॥’’ (ਓਅੰਕਾਰ/ਮਹਲਾ ੧/੯੩੭), ਜੋ ਸਾਰਿਆਂ ਦੇ ‘ਲਿਖਿਆ ਨਾਲਿ’ ਹੈ, ‘‘ਸਰਬ ਜੀਆ ਸਿਰਿ (’ਤੇ) ਲੇਖੁ ਧੁਰਾਹੂ; ਬਿਨੁ ਲੇਖੈ, ਨਹੀ ਕੋਈ ਜੀਉ ॥’’ (ਮਹਲਾ ੧/੫੯੮) ਅਰਥ : ਸਾਰੇ ਜੀਵ-ਜੰਤਾਂ ਦੇ ਸਿਰ ਉੱਤੇ (ਭਾਵ ਜ਼ਿੰਮੇ) ਧੁਰ ਦਰਗਾਹ ਤੋਂ (ਭਾਵ ਪੈਦਾਇਸ਼ ਤੋਂ) ਲੇਖ ਲਿਖਿਆ ਹੋਇਆ ਹੈ। ਇਸ ਲੇਖ-ਨਸੀਬ ਤੋਂ ਬਿਨਾਂ ਕੋਈ ਜ਼ਿੰਦਗੀ ਨਹੀਂ ਹੁੰਦਾ। ਕੇਵਲ ਅਕਾਲ ਪੁਰਖ ਜ਼ਿੰਮੇ ਹੀ ਇਹ ਲੇਖ ਨਹੀਂ ਹਨ ਤਾਹੀਓਂ ਉਹ ਅਜੂਨੀ ਹੈ, ‘‘ਜਿਨਿ ਏਹਿ ਲਿਖੇ; ਤਿਸੁ ਸਿਰਿ ਨਾਹਿ…॥੧੯॥’’ ਅਰਥ : ਜਿਸ ਅਕਾਲ ਪੁਰਖ ਨੇ ਜੀਵਾਂ ਦੇ ਜ਼ਿੰਮੇ ਲੇਖ ਲਿਖੇ ਹਨ, ਉਸ ਦੇ ਆਪਣੇ ਸਿਰ ’ਤੇ ਕੋਈ ਲੇਖ ਨਹੀਂ।
ਉਕਤ ਪਉੜੀ ਦੇ ਅੰਤ ’ਚ ਦੁਬਾਰਾ ਆਇਆ ‘ਅੰਕ ੧’; ‘ਜਪੁ’ ਬਾਣੀ ਦੀਆਂ 38 ਪਉੜੀਆਂ ’ਚੋਂ ਪਹਿਲੀ ਪਉੜੀ ਦੀ ਸਮਾਪਤੀ ਦਾ ਪ੍ਰਤੀਕ ਹੈ। ਇਸ ਪਉੜੀ ਦੇ ਅੰਤ ’ਚ ਉਪਦੇਸ਼ ਹੈ ਕਿ ਰਜ਼ਾ ਦੇ ਮਾਲਕ ਦੇ ਹੁਕਮ ’ਚ ਚੱਲਦਾ ਹਾਂ, ਨੂੰ ਸਵੀਕਾਰ ਕਿਉਂਕਿ (ਦੂਜੀ ਪਉੜੀ ’ਚ ਬਚਨ ਹਨ ਕਿ) ਉਸ ਹੁਕਮ ਵਿੱਚ ਪੂਰਾ ਬ੍ਰਹਿਮੰਡ ਹੀ ਚੱਲਦਾ ਪਿਆ ਹੈ, ਨਾ ਕਿ ਤੂੰ ਇਕਲੌਤਾ।
ਹੁਕਮੀ ਹੋਵਨਿ ਆਕਾਰ; ਹੁਕਮੁ, ਨ ਕਹਿਆ ਜਾਈ॥
ਪਦ ਅਰਥ : ਹੁਕਮੀ- ਹੁਕਮ ਵਿੱਚ। ਹੋਵਨਿ- ਹੁੰਦੇ ਹਨ। ਆਕਾਰ-ਪੂਰਾ ਬ੍ਰਹਿਮੰਡ, ਸਾਰੇ ਜੀਵ-ਜੰਤ।
ਨੋਟ : ਅਕਾਸ਼ ਗੰਗਾ ’ਚ 5% ਸਾਧਾਰਨ ਪਦਾਰਥ (ਤਾਰੇ, ਗ੍ਰਹਿ, ਉਪ ਗ੍ਰਹਿ) ਹੈ।, 26.8% ਡਾਰਕ ਮੈਟਰ ਹੈ, ਜੋ 5% ਸਾਧਾਰਨ ਪਦਾਰਥ ਨੂੰ ਗੁਰੂਤਾਕਰਸ਼ਨ ਬਲ ਨਾਲ਼ ਅੰਦਰ ਨੂੰ (ਭਾਵ ਬਲੈਕ ਹੋਲ ਵੱਲ) ਖਿੱਚਦਾ ਹੈ ਤੇ 68.2% ਡਾਰਕ ਐਨਰਜੀ ਹੈ, ਜੋ ਸਧਾਰਨ ਪਦਾਰਥ ਨੂੰ ਰੌਸ਼ਨੀ ਦੀ ਗਤੀ (ਲਗਭਗ 3 ਲੱਖ/299782.458 ਕਿਲੋਮੀਟਰ ਪ੍ਰਤੀ ਸਕਿੰਟ) ਨਾਲ਼ ਬਾਹਰ ਨੂੰ ਯਾਨੀ ਕਿ ਬਲੈਕ ਹੋਲ ਤੋਂ ਦੂਰ ਧਕੇਲ ਰਹੀ ਹੈ।
ਅਰਥ : (ੴ ਦੇ) ਹੁਕਮ ’ਚ ਸਾਰੇ ਹੀ ਜੀਵ-ਜੰਤ ਪੈਦਾ ਹੁੰਦੇ ਹਨ (ਇਸ ਤੋਂ ਵੱਧ) ਹੁਕਮ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ।
ਹੁਕਮੀ, ਹੋਵਨਿ ਜੀਅ; ਹੁਕਮਿ ਮਿਲੈ ਵਡਿਆਈ॥
ਉਚਾਰਨ : ਹੋਵਨ੍ਹ, ਹੁਕਮ।
ਪਦ ਅਰਥ : ਜੀਅ- ਸੂਖਮ ਸਰੀਰ, ਅਦ੍ਰਿਸ਼ ਰੂਹਾਂ, ਜਿੰਦਾਂ। ਹੁਕਮਿ- ਹੁਕਮ ਵਿੱਚ, ਹੁਕਮ ਨਾਲ਼, ਹੁਕਮ ਰਾਹੀਂ। ਮਿਲੈ- ਮਿਲਦੀ ਹੈ।
ਅਰਥ : ਰੱਬ ਦੇ ਹੁਕਮ ਨਾਲ਼ (ਇਨ੍ਹਾਂ ਸਾਰੇ ਸਰੀਰਾਂ ਅੰਦਰ) ਸੂਖਮ ਸਰੀਰ ਪੈਂਦੇ ਹਨ। ਹੁਕਮ ਵਿੱਚ ਹੀ (ਚੰਗੇ ਨਸੀਬ ਨਾਲ਼ ਕਿਸੇ ਨੂੰ ਲੋਕ-ਪ੍ਰਲੋਕ ’ਚ) ਇੱਜ਼ਤ ਮਿਲਦੀ ਹੈ; ਜਿਵੇਂ ਕਿ ਵਾਕ ਹੈ, ‘‘ਜਿਸ ਨੋ ਬਖਸੇ; ਸਿਫਤਿ ਸਾਲਾਹ॥ ਨਾਨਕ ! ਪਾਤਿਸਾਹੀ ਪਾਤਿਸਾਹੁ ॥੨੫॥’’
ਹੁਕਮੀ, ਉਤਮੁ ਨੀਚੁ; ਹੁਕਮਿ ਲਿਖਿ, ਦੁਖ ਸੁਖ ਪਾਈਅਹਿ॥
ਉਚਾਰਨ : ਪਾਈਅਹਿਂ।
ਪਦ ਅਰਥ : ਹੁਕਮੀ- ਹੁਕਮ ਵਿੱਚ (ਹੁਕਮਿ ਤੋਂ ਕਾਵਿ ਪ੍ਰਭਾਵ ਕਾਰਨ ‘ਹੁਕਮੀ’ ਬਣਿਆ ਹੈ; ਅਰਥ ਓਹੀ ਹਨ)। ਉਤਮੁ ਨੀਚੁ- ਚੰਗਾ ਮਾੜਾ। ਹੁਕਮਿ ਲਿਖਿ- ਹੁਕਮ ਲਿਖੇ ਅਨੁਸਾਰ, ਹੁਕਮ ਦੁਆਰਾ ਲਿਖੇ ਲੇਖ ਰਾਹੀਂ। ਪਾਈਅਹਿ- ਪਾਏ ਜਾਂਦੇ ਹਨ, ਪਾਈਦੇ ਹਨ।
ਅਰਥ : ਰੱਬ ਦੇ ਹੁਕਮ ਵਿੱਚ ਚੰਗਾ ਲੇਖ ਲਿਖਿਆ ਹੋਣ ਕਾਰਨ (ਕਈ ਗੁਰੂ ਸਿੱਖਿਆ ਰਾਹੀਂ) ਅਨੰਦਮਈ ਜੀਵਨ ਭੋਗਦੇ ਹਨ। ਮਾੜਾ ਨਸੀਬ ਲਿਖਿਆ ਹੋਣ ਕਾਰਨ (ਕਈ) ਰੱਬ ਦੇ ਹੁਕਮ ਵਿੱਚ ਦੁੱਖ ਭੋਗਦੇ ਹਨ।
ਵਿਚਾਰ : ਗੁਰਮਤਿ ਅਨੁਸਾਰ ਕੋਈ ਭੀ ਮਨੁੱਖ; ਆਪਣੇ ਆਪ ‘ਉਤਮੁ’ (ਚੰਗੇ ਨਸੀਬ ਵਾਲ਼ਾ) ਜਾਂ ‘ਨੀਚੁ’ (ਮਾੜੇ ਨਸੀਬ ਵਾਲ਼ਾ) ਨਹੀਂ ਬਣਦਾ। ਇਹ ਸਭ ਮਾਲਕ ਦੀ ਖੇਡ ਹੈ; ਜਿਵੇਂ ਕਿ ਵਾਕ ਹੈ, ‘‘ਜਿਸੁ ਹਥਿ (’ਚ) ਜੋਰੁ; ਕਰਿ ਵੇਖੈ ਸੋਇ ॥ ਨਾਨਕ ! ਉਤਮੁ ਨੀਚੁ ਨ ਕੋਇ ॥੩੩॥’’
ਇਕਨਾ ਹੁਕਮੀ ਬਖਸੀਸ; ਇਕਿ, ਹੁਕਮੀ ਸਦਾ ਭਵਾਈਅਹਿ॥
ਉਚਾਰਨ : ਬਖ਼ਸ਼ੀਸ਼, ਭਵਾਈਅਹਿਂ।
ਪਦ ਅਰਥ : ਇਕਨਾ- ਕਈਆਂ ਨੂੰ, ਅਨੇਕਾਂ ਨੂੰ। ਇਕਿ- ਕਈ, ਅਨੇਕਾਂ। ਭਵਾਈਅਹਿ- ਭਵਾਏ ਜਾਂਦੇ ਹਨ, ਭਰਮਾਏ ਜਾਂਦੇ ਹਨ, ਕੁਰਾਹੇ ਪਾਏ ਜਾਂਦੇ ਹਨ, ਆਵਾਗਮਣ ’ਚ ਪਾਏ ਜਾਂਦੇ ਹਨ।
ਅਰਥ : ਰੱਬ ਦੇ ਹੁਕਮ ਵਿੱਚ (ਲਿਖੇ ‘ਉਤਮੁ’ ਨਸੀਬ ਨਾਲ਼) ਕਈਆਂ ਉੱਤੇ ਬਖ਼ਸ਼ਸ਼ (ਹੋਈ ਹੁੰਦੀ ਹੈ ਤੇ) ਕਈ (ਨੀਚੁ ਨਸੀਬ ਵਾਲ਼ੇ); ਰੱਬ ਦੇ ਹੁਕਮ ਲਿਖੇ ਅਨੁਸਾਰ ਸਦਾ ਆਵਾਗਮਣ ’ਚ ਭੇਜੇ ਜਾਂਦੇ ਹਨ; ਜਿਵੇਂ ਕਿ ਵਾਕ ਹੈ, ‘‘ਜਮਿ ਜਮਿ (ਕੇ) ਮਰੈ; ਮਰੈ, ਫਿਰਿ ਜੰਮੈ ॥ ਬਹੁਤੁ ਸਜਾਇ; ਪਇਆ ਦੇਸਿ ਲੰਮੈ ॥’’ (ਮਹਲਾ ੫/੧੦੨੦) ‘ਦੇਸਿ+ਲੰਮੈ’ ਦਾ ਅਰਥ ਹੈ, ‘ਲੰਬੇ ਦੇਸ ਵਿੱਚ, ਕਈ ਜੂਨਾਂ ’ਚ ਭਾਵ ਮਰਨ ਤੋਂ ਬਾਅਦ ਮੁੜ ਛੇਤੀ ਛੇਤੀ ਮਨੁੱਖਾ ਜਨਮ ਨਸੀਬ ਨਾ ਹੋਣਾ।
ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ, ਨ ਕੋਇ॥
ਪਦ ਅਰਥ : ਹੁਕਮੈ ਅੰਦਰਿ- ਹੁਕਮ ਵਿੱਚ (ਇੱਥੇ ‘ਹੁਕਮ ਅੰਦਰਿ’ ਹੋਣਾ ਸੀ, ਪਰ ਕਾਵਿ ਪਿੰਗਲ ਨੇ ‘ਹੁਕਮੈ ਅੰਦਰਿ’ ਕੀਤਾ ਹੈ)। ਸਭੁ ਕੋ- ਹਰ ਕੋਈ। ਬਾਹਰਿ ਹੁਕਮ- ਹੁਕਮ ਦੇ ਬਾਹਰ, ਹੁਕਮ ਤੋਂ ਆਕੀ। ਕੋਇ- ਕੋਈ ਭੀ।
ਅਰਥ : (ਕੁੱਲ ਮਿਲਾ ਕੇ) ਹਰ ਕੋਈ ਰੱਬ ਦੀ ਰਜ਼ਾ ਅੰਦਰ ਹੈ (ਭਾਵੇਂ ਕੋਈ ‘ਉਤਮੁ’ ਹੈ ਜਾਂ ‘ਨੀਚੁ’ ਕਿਉਂਕਿ ਰੱਬ ਦੇ) ਹੁਕਮ ਤੋਂ ਆਕੀ ਕੋਈ ਨਹੀਂ।
ਵਿਚਾਰ : ਇਸ ਪਉੜੀ ’ਚ 7 ਕੁ ਉਦਾਹਰਨਾਂ ਦੇ ਕੇ ਪਉੜੀ-ਪ੍ਰਸੰਗ ਨੂੰ ਇੱਥੇ ਅਸੀਮ-ਅਸੀਮ ਕਹਿ ਕੇ ਪਹਿਲੀ ਪਉੜੀ ਵਾਙ ਸਮੇਟਿਆ ਹੈ।
ਨਾਨਕ ! ਹੁਕਮੈ ਜੇ ਬੁਝੈ; ਤ, ਹਉਮੈ ਕਹੈ ਨ ਕੋਇ॥੨॥
ਪਦ ਅਰਥ : ਹੁਕਮੈ- ਹੁਕਮ ਨੂੰ। ਜੇ-ਜੇਕਰ, ਅਗਰ। ਬੁਝੈ- ਸਮਝ ਜਾਏ, ਜਾਣ ਲਏ। ਨ ਹਉਮੈ ਕਹੈ- ਅਹੰਕਾਰ ਵਾਲ਼ੀ ਗੱਲ ਨਹੀਂ ਕਹਿੰਦਾ, ਹਰ ਕੰਮ ਦਾ ਮਹੱਤਵ ਆਪਣੇ ਉੱਤੇ ਨਹੀਂ ਲੈਂਦਾ। ਕੋਇ- ਕੋਈ ਭੀ।
ਅਰਥ : ਹੇ ਨਾਨਕ ! (ਆਖ ਕਿ ਸਭ ਮਾਲਕ ਦੇ ਹੁਕਮ ’ਚ ਹਨ, ਇਉਂ) ਹੁਕਮ ਨੂੰ ਜੇ ਕੋਈ ਸਮਝ ਲਏ ਤਾਂ (ਆਪਣੀ ਮੱਤ ਨੂੰ ਸ੍ਰੇਸ਼ਟ ਸਮਝ) ਕੋਈ ਅਹੰਕਾਰ ਨਹੀਂ ਕਰਦਾ (ਇਹੀ ‘ਕੂੜੈ ਪਾਲਿ’ ਨੂੰ ਖ਼ਤਮ ਕਰਨ ਦੀ ਯੁਕਤੀ ਹੈ, ਸਚਿਆਰ ਹੋਣਾ ਹੈ)।
ਗਾਵੈ ਕੋ ਤਾਣੁ; ਹੋਵੈ ਕਿਸੈ ਤਾਣੁ॥ ਗਾਵੈ ਕੋ; ਦਾਤਿ ਜਾਣੈ ਨੀਸਾਣੁ॥
ਉਚਾਰਨ : ਨੀਸ਼ਾਣ।
ਪਦ ਅਰਥ : ਗਾਵੈ ਕੋ- ਕੋਈ ਗਾਉਂਦਾ ਹੈ। ਤਾਣੁ- ਬਲ ਨੂੰ। ਦਾਤਿ ਨੀਸਾਣੁ- ਦਾਤ ਦੇ ਚਿੰਨ੍ਹ ਨੂੰ (ਜਿਵੇਂ ਪੁੱਤਰ, ਵਸਤੂ, ਪਦਾਰਥ ਆਦਿ)। ਜਾਣੈ- ਜਾਣਦਾ ਹੈ।
ਅਰਥ : (ਮਾਲਕ ਦੇ ਹੁਕਮ ਅਨੁਸਾਰ) ਜਿਸ ਕਿਸੇ ਕੋਲ਼ ਸਰੀਰਕ ਬਲ ਹੁੰਦਾ ਹੈ, ਉਹ ਆਪਣੇ ਬਲ ਨੂੰ ਗਾਉਂਦਾ ਹੈ ਭਾਵ ਆਪਣੀ ਤਾਕਤ ’ਤੇ ਮਾਣ ਕਰਦਾ ਹੈ। ਕੋਈ (ਰੱਬ ਦੀ) ਦਾਤ ਦੇ (ਕਿਸੇ) ਚਿੰਨ੍ਹ ਨੂੰ ਗਾਉਂਦਾ ਹੈ ਭਾਵ ਉਸ ਵਿੱਚ ਹੀ ਮਗਨ ਰਹਿੰਦਾ ਹੈ।
ਗਾਵੈ ਕੋ; ਗੁਣ ਵਡਿਆਈਆ ਚਾਰ॥ ਗਾਵੈ ਕੋ; ਵਿਦਿਆ ਵਿਖਮੁ ਵੀਚਾਰੁ॥
ਉਚਾਰਨ : ਵਡਿਆਈਆਂ।
ਪਦ ਅਰਥ : ਚਾਰ- ਸੁੰਦਰ, ਸੋਹਣੀਆਂ (ਬਹੁ ਵਚਨ ਵਿਸ਼ੇਸ਼ਣ)। ਵਿਖਮੁ ਵੀਚਾਰੁ- ਕਠਿਨ ਵਿਚਾਰ, ਅਸਧਾਰਨ ਗਿਆਨ।
ਅਰਥ : ਕੋਈ (ਸਮਾਜ ਦੇ) ਸੁੰਦਰ ਗੁਣ, ਸੋਹਣੀਆਂ ਵਡਿਆਈਆਂ ਨੂੰ ਗਾਉਂਦਾ ਹੈ ਭਾਵ ਕੋਈ ਸੁੰਦਰ ਗੁਣ ਤੇ ਚੰਗੀ ਮਹਿਮਾ ਹੋਣ ਤੋਂ ਪ੍ਰਭਾਵਤ ਹੈ। ਕੋਈ ਵਿਦਿਆ ਲੈ ਕੇ ਬੜੇ ਕਠਿਨ ਗਿਆਨ ਨੂੰ ਗਾਉਂਦਾ ਹੈ ਯਾਨੀ ਧਾਰਮਿਕ ਗ੍ਰੰਥਾਂ ਦਾ ਅਧਿਐਨ ਕਰਨ ਨੂੰ ਸਿਰਮੌਰ ਹੈ।
ਗਾਵੈ ਕੋ; ਸਾਜਿ, ਕਰੇ ਤਨੁ ਖੇਹ॥ ਗਾਵੈ ਕੋ; ਜੀਅ ਲੈ, ਫਿਰਿ ਦੇਹ॥
ਪਦ ਅਰਥ : ਸਾਜਿ-ਸਾਜ ਕੇ, (ਤਨੁ) ਰਚ ਕੇ। ਕਰੇ- (ਮਾਲਕ) ਕਰਦਾ ਹੈ। ਖੇਹ-ਮਿੱਟੀ, ਸੁਆਹ। ਜੀਅ- ਸੂਖਮ ਰੂਹਾਂ। ਲੈ- ਲੈ ਕੇ। ਦੇਹ- ਦੇ ਦਿੰਦਾ ਹੈ।
ਅਰਥ : ਕੋਈ (ਇਹ ਸਮਝ ਕੇ ਮਾਲਕ ਨੂੰ) ਯਾਦ ਕਰਦਾ ਹੈ (ਕਿ ਉਹ ਸਾਰੇ ਸਰੀਰ) ਰਚ ਕੇ (ਫਿਰ) ਨਸ਼ਟ ਕਰ ਦਿੰਦਾ ਹੈ। (ਸਰੀਰਾਂ ਵਿੱਚੋਂ) ਰੂਹਾਂ ਕੱਢ ਕੇ ਮੁੜ (ਹੋਰ ਸਰੀਰਾਂ ਨੂੰ) ਦੇ ਦੇਂਦਾ ਹੈ ਭਾਵ ਬਜ਼ੁਰਗਾਂ ਨੂੰ ਮਾਰ-ਮਾਰ ਨਵੇਂ ਬੱਚੇ ਪੈਦਾ ਕਰਦਾ ਹੈ।
ਗਾਵੈ ਕੋ; ਜਾਪੈ ਦਿਸੈ ਦੂਰਿ॥ ਗਾਵੈ ਕੋ; ਵੇਖੈ ਹਾਦਰਾ ਹਦੂਰਿ॥
ਪਦ ਅਰਥ : ਜਾਪੈ- ਜਾਪਦਾ ਹੈ। ਦਿਸੈ- ਵਿਖਾਈ ਦਿੰਦਾ ਹੈ, ਮਹਿਸੂਸ ਹੁੰਦਾ ਹੈ। ਦੂਰਿ-ਸੰਸਾਰ ਤੋਂ ਵੱਖਰਾ, ਸੱਤ ਆਕਾਸ਼ ਉੱਪਰ। ਹਾਦਰਾ ਹਦੂਰਿ- ਹਾਜ਼ਰ-ਨਾਜ਼ਰ, ਅੰਗ-ਸੰਗ, ਬਹੁਤ ਨੇੜੇ, ਸਰਬ ਵਿਆਪਕ।
ਅਰਥ : ਕਿਸੇ ਨੂੰ ਉਹ, ਦੂਰ (ਸੰਸਾਰ ਤੋਂ ਵੱਖਰਾ ਬੈਠਾ) ਪ੍ਰਤੀਤ ਹੁੰਦਾ ਹੈ, ਮਹਿਸੂਸ ਹੁੰਦਾ ਹੈ (ਤਾਂ ਭੀ ਉਸ ਦੇ ਗੁਣ) ਗਾਉਂਦਾ ਹੈ। ਕੋਈ (ਸਭ ਦੇ) ਅੰਗ-ਸੰਗ (ਸਮਝ ਕੇ ਉਸ ਨੂੰ) ਸਿਮਰਦਾ ਹੈ।
ਕਥਨਾ ਕਥੀ, ਨ ਆਵੈ ਤੋਟਿ॥ ਕਥਿ ਕਥਿ ਕਥੀ, ਕੋਟੀ ਕੋਟਿ ਕੋਟਿ॥
ਉਚਾਰਨ : ਕੋਟੀਂ।
ਪਦ ਅਰਥ : ਕਥਨਾ- ਬਿਆਨ ਕਰ ਕਰ। ਕਥੀ- ਕਥਿਆ ਹੈ, ਆਖਿਆ ਹੈ। ਤੋਟਿ-ਘਾਟ, ਅੰਤ। ਕਥਿ ਕਥਿ- ਬਿਆਨ ਕਰ ਕਰ ਕੇ। ਕੋਟੀ ਕੋਟਿ ਕੋਟਿ- ਕਰੋੜਾਂ ਨੇ ਕਰੋੜਾਂ ਵਾਰ।
ਅਰਥ : (ਅਨੇਕਾਂ ਨੇ ਹੁਕਮ ਦੇ ਮਾਲਕ ਬਾਰੇ) ਬਿਆਨ ਕਰ ਕਰ ਦੱਸਿਆ ਹੈ (ਜਿਨ੍ਹਾਂ ਦੀ ਗਿਣਤੀ ਕੀਤਿਆਂ ਕੋਈ) ਅੰਤ ਨਹੀਂ ਆਉਂਦਾ ਭਾਵ ਗਿਣਤੀ ਤੋਂ ਬਾਹਰ ਹਨ। (ਸਦੀਆਂ ਤੋਂ) ਕਰੋੜਾਂ ਨੇ ਕਰੋੜਾਂ ਵਾਰ (ਰੱਬ ਬਾਰੇ) ਬਿਆਨ ਕਰ ਕਰ ਕੇ ਦੱਸਿਆ ਹੈ, ਤਾਂ ਭੀ ਅੰਤ ਨਾ ਜਾਣਿਆ; ਜਿਵੇਂ ਕਿ 27ਵੀਂ ਪਉੜੀ ’ਚ ਹੈ, ‘‘ਹੋਰਿ ਕੇਤੇ ਗਾਵਨਿ; ਸੇ ਮੈ ਚਿਤਿ ਨ ਆਵਨਿ; ਨਾਨਕੁ ਕਿਆ ਵੀਚਾਰੇ .. ॥੨੭॥’’ (ਜਪੁ)
ਵਿਚਾਰ : ਰੱਬ ਨੂੰ ਗਾਉਣ ਵਾਲ਼ੇ ਉਕਤ 8 ਸਾਧਨ; 4 ਕੁ ਤੁਕਾਂ ’ਚ ਬਿਆਨ ਕੀਤੇ ਹਨ। ਵੈਸੇ ਮਾਲਕ ਨੂੰ ਗਾਉਣ ਵਾਲ਼ਿਆਂ ਦੀ ਗਿਣਤੀ; ਕੁਦਰਤ ਵਿੱਚੋਂ ਖ਼ਤਮ ਹੋਣ ਵਾਲ਼ੀ ਨਹੀਂ, ਪਰ ਸ਼ਬਦਾਂ ਦੀ ਸੰਖੇਪਤਾ ਨੂੰ ਧਿਆਨ ’ਚ ਰੱਖਦਿਆਂ ਇਸ ਤੁਕ ’ਚ ਚੱਲਦੀ ਗਿਣਤੀ ਨੂੰ ਅਸੀਮ-ਅਸੀਮ ਕਹਿ ਕੇ ਇੱਥੇ ਹੀ ਸਮੇਟਿਆ ਹੈ। ‘ਜਪੁ’ ਬਾਣੀ ਦੀ ਹਰ ਪਉੜੀ ਦਾ ਅੰਤ; ਇਸੇ ਤਰ੍ਹਾਂ ‘ਆਦਿ ਆਦਿ’ ਕਰਕੇ ਜਾਣਨਾ ਹੈ।
ਦੇਂਦਾ ਦੇ, ਲੈਂਦੇ ਥਕਿ ਪਾਹਿ॥ ਜੁਗਾ ਜੁਗੰਤਰਿ, ਖਾਹੀ ਖਾਹਿ॥
ਉਚਾਰਨ : ਦੇਂਦਾ, ਲੈਂਦੇ, ਪਾਹਿਂ, ਜੁਗਾਂ, ਖਾਹਿਂ (‘ਖਾਹੀ’ ਬਿੰਦੀ ਰਹਿਤ)।
ਪਦ ਅਰਥ : ਦੇਂਦਾ-ਦੇਣ ਵਾਲ਼ਾ, ਦੇਵਣਹਾਰ (ਇੱਕ ਵਚਨ ਪੁਲਿੰਗ ਨਾਂਵ)। ਦੇ- ਦੇ ਰਿਹਾ ਹੈ। ਲੈਂਦੇ- ਲੈਣ ਵਾਲ਼ੇ, ਦਾਤਾਂ ਪਾਉਣ ਵਾਲ਼ੇ ਜੀਵ (ਬਹੁ ਵਚਨ ਪੁਲਿੰਗ ਨਾਂਵ)। ਥਕਿ ਪਾਹਿ- ਥੱਕ ਜਾਂਦੇ ਹਨ ਭਾਵ ਪੰਜ ਕਰਮ ਇੰਦ੍ਰੇ (ਹੱਥ, ਪੈਰ, ਮੂੰਹ, ਗੁਦਾ ਤੇ ਲਿੰਗ) ਜਵਾਬ ਦੇ ਜਾਂਦੇ ਹਨ। ਜੁਗਾ ਜੁਗੰਤਰਿ- ਅਨੇਕਾਂ ਜੁਗਾਂ ਤੋਂ, ਸਦਾ ਤੋਂ, ਆਦਿ ਤੋਂ, ਮੁੱਢ ਤੋਂ। ਖਾਹੀ ਖਾਹਿ- (ਦਾਤਾਂ) ਖਾਂਦੇ ਆ ਰਹੇ ਹਨ, ਭੋਗਦੇ ਜਾ ਰਹੇ ਹਨ।
ਅਰਥ : (ਜੀਵਾਂ ਨੂੰ ਦਾਤਾਂ) ਦੇਣ ਵਾਲ਼ਾ (ਦਾਤਾਰ ਪਿਤਾ; ਸਭ ਨੂੰ ਦਾਤਾਂ) ਦੇ ਰਿਹਾ ਹੈ (ਪਰ ਦਾਤਾਂ ਨੂੰ) ਲੈਣ ਵਾਲ਼ੇ (ਕਰਮ ਇੰਦ੍ਰੇ) ਜਵਾਬ ਦੇ ਜਾਂਦੇ ਹਨ। ਆਦਿ ਕਾਲ ਤੋਂ (ਇਉਂ ਜੀਵ; ਰੱਬੀ ਦਾਤਾਂ) ਭੋਗਦੇ ਆ ਰਹੇ ਹਨ।
ਹੁਕਮੀ ਹੁਕਮੁ, ਚਲਾਏ ਰਾਹੁ॥ ਨਾਨਕ ! ਵਿਗਸੈ ਵੇਪਰਵਾਹੁ॥ ੩॥
ਉਚਾਰਨ : ਰਾਹ, ਵੇਪਰਵਾਹ।
ਪਦ ਅਰਥ : ਹੁਕਮੀ- ਹੁਕਮ ਦਾ ਮਾਲਕ, ਰਜ਼ਾ ਵਾਲ਼ਾ। ਹੁਕਮੀ ਹੁਕਮੁ- ਰਜ਼ਾ ਵਾਲ਼ੇ ਦਾ ਹੁਕਮ। ਰਾਹੁ- ਜਗਤ ਦਾ ਕਾਰ-ਵਿਹਾਰ। ਵਿਗਸੈ- ਪ੍ਰਸੰਨ ਰਹਿੰਦਾ ਹੈ। ਵੇਪਰਵਾਹੁ- ਅਚਿੰਤ ਮਾਲਕ।
ਅਰਥ : ਹੇ ਨਾਨਕ ! ਰਜ਼ਾ ਵਾਲ਼ੇ ਦਾ ਹੁਕਮ ਹੀ ਜਗਤ ਕਾਰ-ਵਿਹਾਰ (ਸਾਰਾ ਕੰਮ ਕਾਜ) ਚਲਾ ਰਿਹਾ ਹੈ (ਫਿਰ ਭੀ ਉਹ) ਬੇਫ਼ਿਕਰ ਅਚਿੰਤ ਮਾਲਕ; ਸਦਾ ਅਨੰਦਿਤ ਰਹਿੰਦਾ ਹੈ।
ਵਿਚਾਰ : ਉਕਤ ਵਿਚਾਰ ਤੋਂ ਬਾਅਦ ਐਸਾ ਕੋਈ ਸੰਦੇਹ ਨਹੀਂ ਰਹਿ ਜਾਂਦਾ ਕਿ ‘ਕੂੜੈ ਪਾਲਿ’ ਨੂੰ ਖ਼ਤਮ ਕਰਨ ਲਈ ਰਜ਼ਾ ਦੇ ਮਾਲਕ ਦੇ ਕਿਸੇ ਖ਼ਾਸ ਹੁਕਮ ’ਚ ਚੱਲਣਾ ਹੈ। ਐਸਾ ਮੰਨਣ ਵਾਲ਼ਾ ਹਰੇਕ ਸਮਝੇਗਾ ਕਿ ਮੈਂ ਤਾਂ ਹੁਕਮ ’ਚ ਚੱਲਦਾ ਹਾਂ, ਪਰ ਮੇਰੇ ਵਿਚਾਰਾਂ ਨਾਲ਼ ਅਸਹਿਮਤ ਬੰਦਾ, ਹੁਕਮ ’ਚ ਨਹੀਂ ਚੱਲਦਾ ਕਿਉਂਕਿ ਹਰ ਕੋਈ ‘‘ਇਕ ਦੂ ਇਕੁ ਸਿਆਣਾ ॥’’ ਹੈ।
ਪਹਿਲੀ ਪਉੜੀ ਤੋਂ ਹੁਕਮ ਦੀ ਵਿਆਖਿਆ ਹੀ ਚੱਲ ਰਹੀ ਹੈ। ਐਨਾ ਵਿਆਪਕ; ਹੁਕਮ ਦਾ ਕਾਰਜ-ਖੇਤਰ ਹੋਣ ਦੇ ਬਾਵਜੂਦ ਭੀ ਰਜ਼ਾ ਵਾਲ਼ਾ ਅਨੰਦਿਤ ਹੈ, ‘‘ਵਿਗਸੈ ਵੇਪਰਵਾਹੁ’’ ਯਾਨੀ ਜਿਸ ਦੇ ਹੁਕਮ ’ਚ ਪੂਰਾ ਬ੍ਰਹਿਮੰਡ ਗਤੀਸ਼ੀਲ ਹੈ; ਉਹ ਨਾ ਦੁਖੀ ਹੈ, ਨਾ ਚਿੰਤਤ। ‘ੴ’ ਦਾ ਇਹੀ ਸੁਭਾਅ; ਰੂਹਾਨੀਅਤ ਦੀ ਮੰਜ਼ਲ (ਸਚਖੰਡ) ਵਾਲ਼ੀ 37ਵੀਂ ਪਉੜੀ ’ਚ ਇਉਂ ਵਰਣਨ ਕੀਤਾ ਹੈ, ‘‘ਜਿਵ ਜਿਵ ਹੁਕਮੁ; ਤਿਵੈ ਤਿਵ ਕਾਰ ॥ ਵੇਖੈ ਵਿਗਸੈ; ਕਰਿ ਵੀਚਾਰੁ .. ॥੩੭॥’’ ਇਸ ਤੋਂ ਜਾਪਦਾ ਹੈ ਕਿ ਤੀਰਥ ਇਸ਼ਨਾਨ, ਮੌਨ ਵਰਤ ਆਦਿ ਸਰੀਰਕ ਕੰਮ ਕਰਨ ਵਾਲ਼ੇ ਇੱਕ ਚੌਰਾਹੇ ’ਚ ਖੜ੍ਹੇ ਵਾਙ ਹਨ। ਉਨ੍ਹਾਂ ਲਈ ਟੀਚਾ ਸਪਸ਼ਟ ਕਰਨਾ ਹੈ ਤਾਂ ਕਿ ਉਹ, ਪੁਸ਼ਤਾਂ ਤੋਂ ਗ੍ਰਹਿਣ ਕੀਤੇ ਕਰਮਕਾਂਡੀ ਮਾਰਗ ਨੂੰ ਛੱਡ ਸਕਣ। ਸਚਖੰਡ ਨਿਵਾਸੀ ਅੰਦਰ ਇਹ ਭਰੋਸਾ ਹੁੰਦਾ ਹੈ ਕਿ ਸਾਰੀ ਜਗਤ-ਕਾਰ; ਰਜ਼ਾ ਵਾਲ਼ੇ ਦੇ ਹੁਕਮ ’ਚ ਹੈ। ਮੈਂ ਭੀ ਉਸ ਦੀ ਰਜ਼ਾ ਅੰਦਰ ਹਾਂ, ਇਹ ਮੰਨ ਕੇ, ਸਵੀਕਾਰ ਕਰਕੇ ਹੀ ‘ਕੂੜੈ ਪਾਲਿ’ ਮਿਟਦੀ ਹੈ।
ਸਾਚਾ ਸਾਹਿਬੁ, ਸਾਚੁ ਨਾਇ; ਭਾਖਿਆ, ਭਾਉ ਅਪਾਰੁ॥
ਪਦ ਅਰਥ : ਸਾਚਾ- ਸਦੀਵੀ ਸਥਿਰ। ਸਾਹਿਬੁ-ਮਾਲਕ, ਰਜ਼ਾ ਦਾ ਮਾਲਕ। ਸਾਚੁ-ਸਥਿਰ, ਅਟੱਲ, ਨਿਸ਼ਚਿਤ। ਨਾਇ- ਨ੍ਯਾਇ, ਨਿਆਇ, ਇਨਸਾਫ਼। ਭਾਖਿਆ- ਬੋਲੀ, ਭਾਸ਼ਾ। ਭਾਉ-ਪ੍ਰੇਮ, ਪਿਆਰ। ਅਪਾਰੁ-ਜਿਸ ਦਾ ਉਰਲਾ ਤੇ ਪਰਲਾ ਕਿਨਾਰਾ ਨਜ਼ਰ ਨਾ ਆਵੇ ਯਾਨੀ ਬੇਅੰਤ।
ਨੋਟ : ਉਕਤ ਸ਼ਬਦ ਤੋਂ ਇਲਾਵਾ ਗੁਰਬਾਣੀ ’ਚ ‘ਨਾਇ’ ਦੇ ਦੋ ਹੀ ਅਰਥ ਹਨ (1). ਨਾਮ ਵਿੱਚ ਜਾਂ ਨਾਮ ਰਾਹੀਂ; ਜਿਵੇਂ ‘‘ਸਾਚਾ ਸਾਹਿਬੁ ਸਾਚੈ+ਨਾਇ ॥ (ਸੋ ਦਰੁ/ਮਹਲਾ ੧/੯) ਭਾਵ ਸਥਿਰ ਮਾਲਕ; ਸਥਿਰ ਨਾਮ ਰਾਹੀਂ ਮਿਲਦਾ ਹੈ। (2). ਇਸ਼ਨਾਨ ਕਰਕੇ, ਨਹਾ ਕੇ; ਜਿਵੇਂ ‘‘ਤੀਰਥਿ ਨਾਵਾ, ਜੇ ਤਿਸੁ ਭਾਵਾ; ਵਿਣੁ ਭਾਣੇ ਕਿ ਨਾਇ ਕਰੀ ॥’’ (ਜਪੁ) ਭਾਵ (ਹੇ ਪ੍ਰਭੂ !) ਤੀਰਥ ’ਤੇ ਜਾ ਕੇ ਤਾਂ ਇਸ਼ਨਾਨ ਕਰਾਂ, ਜੇ ਇਉਂ ਕੀਤਿਆਂ ਤੂੰ ਪ੍ਰਸੰਨ ਹੋਵੇਂ। ਨਹੀਂ ਤਾਂ ਨਹਾ ਕੇ ਕੀ ਕਰਾਂਗਾ ? ਧਿਆਨ ਰਹੇ ਕਿ ਦੂਜੇ ਵਾਕ ’ਚ ‘ਨਾਇ’ ਨਾਲ਼ ਕੋਈ ‘ਸਾਚਿ’ ਜਾਂ ‘ਸਾਚੈ’ ਵਿਸ਼ੇਸ਼ਣ ਨਹੀਂ ਹੈ।
ਉਕਤ ਵਾਕ ’ਚ ਸੰਯੁਕਤ ਸ਼ਬਦ ਹਨ ‘ਸਾਚੁ ਨਾਇ’। ਇੱਥੇ ‘ਸਾਚੁ’ ਦਾ ਅਰਥ ‘ਸਾਚ ਵਿੱਚ’ ਜਾਂ ‘ਸਾਚ ਰਾਹੀਂ’ ਨਹੀਂ ਹੋ ਸਕਦਾ ਤਾਹੀਓਂ ‘ਨਾਇ’ ਦਾ ਅਰਥ ‘ਨਿਆਇ’ (ਇੱਕ ਵਚਨ ਪੁਲਿੰਗ ਨਾਉ) ਕੀਤਾ ਹੈ।
ਗੁਰਬਾਣੀ ਦੇ ਉਕਤ ਵਾਕ ’ਚ ਇਹ ਇਕਲੌਤਾ ਸ਼ਬਦ ਹੈ, ਜਿਸ ਦਾ ਵਿਸ਼ੇਸ਼ਣ (ਸਾਚੁ); ‘ਨਾਇ’ ਵਾਙ ਸਿਹਾਰੀ ਅੰਤ (ਸਾਚਿ) ਜਾਂ ਦੁਲਾਵਾਂ ਅੰਤ (ਸਾਚੈ) ਨਹੀਂ ਕਿਉਂਕਿ ਕਾਵਿ ਪਿੰਗਲ ਨੇ ‘ਸਾਚੁ’ ਦੇ ‘ਚੁ’ ਨੂੰ ਦੀਰਘ ਮਾਤਰਾ ‘ਚੈ’ ਨਹੀਂ ਹੋਣ ਦਿੱਤਾ; ਜਿਵੇਂ ਕਿ ਇਹ ਵਾਕ ਹਨ, ‘‘ਤ੍ਰਿਪਤਿ ਅਘਾਵਨੁ ਸਾਚੈ+ਨਾਇ ॥ (ਮਹਲਾ ੫/੩੭੭), ਸਾਚੈ+ਨਾਇ ਵਡਾਈ ਪਾਵਹੁ ॥ (ਮਹਲਾ ੩/੮੩੨), ਨਾਨਕ ! ਭੀਜੈ, ਸਾਚੈ+ਨਾਇ ॥’’ (ਮਹਲਾ ੧/੧੨੩੭)
ਅਰਥ : (ਰਜ਼ਾ ਵਾਲ਼ਾ) ਸਦੀਵੀ ਸਥਿਰ ਮਾਲਕ ਹੈ (ਉਸ ਦਾ) ਇਨਸਾਫ਼ ਢੰਗ ਸਦਾ ਕਾਇਮ ਹੈ (ਭਾਵ ਐਸਾ ਨਹੀਂ ਕਿ ਮਾੜੇ ਕੰਮ ਕਰਕੇ ਕੋਈ ਪੁੱਛੇਗਾ ਨਹੀਂ)। ਉਸ ਦੀ ਬੋਲੀ ਪਿਆਰ ਭਰਪੂਰ ਹੈ (ਭਾਵ ਉਹ ਕ੍ਰੋਧਿਤ ਹੋ ਕੇ ਕਿਸੇ ਨੂੰ ਵੱਧ ਸਜ਼ਾ ਨਹੀਂ ਦਿੰਦਾ)।
ਆਖਹਿ, ਮੰਗਹਿ, ਦੇਹਿ ਦੇਹਿ; ਦਾਤਿ ਕਰੇ, ਦਾਤਾਰੁ॥
ਉਚਾਰਨ : ਆਖਹਿਂ, ਮੰਗਹਿਂ, ਦੇਹ ਦੇਹ।
ਪਦ ਅਰਥ : ਆਖਹਿ- ਆਖਦੇ ਹਨ। ਮੰਗਹਿ- ਮੰਗਦੇ ਹਨ। ਦੇਹਿ ਦੇਹਿ- (ਆਹ ਦਾਤ) ਦੇਹ (ਓਹ ਦਾਤ) ਦੇਹ। ਦਾਤਾਰੁ- ਦਾਤਾਂ ਦੇਣ ਵਾਲ਼ਾ ਮਾਲਕ।
ਅਰਥ : (ਬਿਨਾਂ ਮੰਗਿਆਂ ਮਿਲੀਆਂ ਦਾਤਾਂ ਤੋਂ ਇਲਾਵਾ; ਕਈ ਉਸ ਦੇ ਦਰ ’ਤੇ, ਹੋਰ ਭੀ ਫ਼ਰਿਆਦਾਂ) ਕਰਦੇ ਹਨ, (ਬਹੁਤ ਕੁੱਝ) ਮੰਗਦੇ ਹਨ (ਕਿ ਇਹ ਜਾਂ ਔਹ ਭੀ) ਦੇਹ ਦੇਹ (ਭਾਵੇਂ ਕਿ) ਦਾਤਾਰ-ਪਿਤਾ (ਲੋੜ ਅਨੁਸਾਰ ਸਭ ਨੂੰ) ਦਾਤ ਦੇਂਦਾ ਰਹਿੰਦਾ ਹੈ।
ਫੇਰਿ, ਕਿ ਅਗੈ ਰਖੀਐ ? ਜਿਤੁ, ਦਿਸੈ ਦਰਬਾਰੁ॥
ਪਦ ਅਰਥ : ਫਿਰਿ- ਤਾਂ ਫਿਰ। ਕਿ- ਕਿਹੜੀ (ਭੇਟਾ) ? ਅਗੈ- (ਮਾਲਕ) ਅੱਗੇ। ਰਖੀਐ- ਰੱਖੀ ਜਾ ਸਕਦੀ ਹੈ। ਜਿਤੁ- ਜਿਸ ਨਾਲ਼। ਦਰਬਾਰੁ- ਮਾਲਕ ਦਾ ਦਰ-ਘਰ, ਰਜ਼ਾ ਵਾਲ਼ੇ ਦਾ ਦਰਸ਼ਨ ਹੋਵੇ।
ਅਰਥ : (ਪਹਿਲਾ ਸਵਾਲ : ਦਾਤਾਰ-ਪਿਤਾ ਪਾਸੋਂ ਮਿਲੀਆਂ ਦਾਤਾਂ ਵਿੱਚੋਂ ਜੇ ਉਸ ਨੂੰ ਕੋਈ ਪ੍ਰਵਾਨ ਨਹੀਂ ਤਾਂ) ਫਿਰ ਕਿਹੜੀ (ਭੇਟਾ ਉਸ) ਅੱਗੇ ਰੱਖੀ ਜਾਏ, ਜਿਸ ਨਾਲ਼ (ਉਸ ਦਾ) ਦਰ-ਘਰ ਨਜ਼ਰ ਆਵੇ ਯਾਨੀ ਕਿ ਉਸ ਦਾ ਦਰਸ਼ਨ ਹੋਵੇ ?
ਮੁਹੌ, ਕਿ ਬੋਲਣੁ ਬੋਲੀਐ ? ਜਿਤੁ, ਸੁਣਿ ਧਰੇ ਪਿਆਰੁ॥
ਉਚਾਰਨ : ਮੁਹੌਂ।
ਪਦ ਅਰਥ : ਮੁਹੌ- ਮੂੰਹ ਤੋਂ, ਜ਼ਬਾਨ ਨਾਲ਼। ਕਿ- ਕਿਹੜਾ। ਬੋਲਣੁ- ਬੋਲ, ਬਚਨ। ਬੋਲੀਐ- ਬੋਲਣਾ ਚਾਹੀਦਾ ਹੈ। ਜਿਤੁ- ਜਿਸ ਨਾਲ਼। ਸੁਣਿ-ਸੁਣ ਕੇ, ਧਿਆਨ ਦੇ ਕੇ।
ਅਰਥ : (ਦੂਜਾ ਸਵਾਲ: ) ਜ਼ਬਾਨ ’ਚੋਂ ਕਿਹੜਾ ਬਚਨ ਬੋਲਣਾ ਚਾਹੀਦਾ ਹੈ, ਜਿਸ ਨਾਲ਼ (ਕੀਤੀ ਬੇਨਤੀ) ਸੁਣ ਕੇ ਮੈਨੂੰ ਪਿਆਰ ਕਰੇ ?
ਅੰਮ੍ਰਿਤ ਵੇਲਾ, ਸਚੁ ਨਾਉ; ਵਡਿਆਈ ਵੀਚਾਰੁ॥
ਉਚਾਰਨ : ਨਾਉਂ।
ਪਦ ਅਰਥ : ਅੰਮ੍ਰਿਤ ਵੇਲਾ- ਸੂਰਜ ਚੜ੍ਹਨ ਤੋਂ ਤਿੰਨ ਘੰਟੇ ਪਹਿਲਾਂ ਸ਼ੁਰੂ ਹੋਇਆ ਇਕਾਂਤ ਸਮਾਂ, ਜੋ ਸੂਰਜ ਚੜ੍ਹਨ ਤੱਕ ਰਹਿੰਦਾ ਹੈ। ਸਚੁ ਨਾਉ- (ਮਾਲਕ ਦਾ) ਸਥਿਰ ਨਾਮ।
ਅਰਥ : (ਜਵਾਬ : ਇਕਾਂਤ) ਅੰਮ੍ਰਿਤ ਵੇਲ਼ੇ; ਸਥਿਰ (ਕਰਨ ਵਾਲ਼ਾ) ਨਾਮ ਜਪਣਾ ਹੈ ਅਤੇ ਮਾਲਕ ਦੀ ਮਹਿਮਾ ਭਰਪੂਰ ਵਿਚਾਰ ਕਰਨੀ ਹੈ।
ਵਿਚਾਰ : ਅੰਮ੍ਰਿਤ ਵੇਲ਼ੇ ਨੂੰ ਐਨਾ ਮਹੱਤਵ ਦੇਣ ਦੇ ਦੋ ਕਾਰਨ ਹਨ (1). ਕਿ ਦਿਨ ਦੀ ਸ਼ੁਰੂਆਤ ਮਾਲਕ ਨੂੰ ਯਾਦ ਕਰਨ ਨਾਲ਼ ਹੋਵੇ। (2). ਦੇਰੀ ਨਾਲ਼ ਉੱਠਣ ਨਾਲ਼ ਸਮਾਜਿਕ ਕਾਰ-ਵਿਹਾਰ; ਸੁਰਤਿ ਨੂੰ ਵਧੇਰੇ ਅਸ਼ਾਂਤ ਕਰ ਦਿੰਦੇ ਹਨ; ਜਿਵੇਂ ਕਿ ਬਚਨ ਹਨ, ‘‘ਸਬਾਹੀ ਸਾਲਾਹ; ਜਿਨੀ ਧਿਆਇਆ ਇਕ ਮਨਿ (ਨਾਲ਼)॥ ਸੇਈ ਪੂਰੇ ਸਾਹ; ਵਖਤੈ ਉਪਰਿ ਲੜਿ ਮੁਏ ॥ ਦੂਜੈ ਬਹੁਤੇ ਰਾਹ; ਮਨ ਕੀਆ ਮਤੀ ਖਿੰਡੀਆ ॥ ਬਹੁਤੁ ਪਏ ਅਸਗਾਹ; ਗੋਤੇ ਖਾਹਿ, ਨ ਨਿਕਲਹਿ ॥’’ (ਮਹਲਾ ੧/੧੪੬) ਅਰਥ : ਜੋ ਅੰਮ੍ਰਿਤ ਵੇਲ਼ੇ ਇੱਕ ਮਨ ਹੋ ਕੇ ਰੱਬ ਦੀ ਸਿਫ਼ਤ-ਸਾਲਾਹ ਕਰਦੇ ਹਨ ਓਹੀ ਅਸਲ ਬਾਦਿਸ਼ਾਹ ਹਨ ਕਿਉਂਕਿ ਸਹੀ ਵਕਤ ’ਤੇ ਆਪਣੇ ਮਨ ਨਾਲ਼ ਉਨ੍ਹਾਂ ਨੇ ਯੁੱਧ ਕਰ ਕੇ ਸਫਲਤਾ ਪਾ ਲਈ ਹੁੰਦੀ ਹੈ। ਦਿਨ ਦੇ ਦੂਜੇ ਪਹਿਰ ਯਾਨੀ ਸੂਰਜ ਚੜ੍ਹਨ ’ਤੇ ਮਨ ਦੇ ਵੇਗ (ਪ੍ਰਵਾਹ) ਕਈ ਪਾਸੇ ਫੈਲ ਜਾਂਦੇ ਹਨ। ਦੁਨਿਆਵੀ ਤਰੰਗਾਂ ’ਚ ਬਹੁਤੇ ਲੋਕ ਗੋਤੇ ਖਾਂਦੇ ਹਨ/ਡੁੱਬ ਜਾਂਦੇ ਹਨ, ਨਿਕਲਦੇ ਨਹੀਂ ਭਾਵ ਰੱਬ ਨਾਲ਼ ਧਿਆਨ ਨਹੀਂ ਜੋੜ ਸਕਦੇ।
ਜਿਵੇਂ ਕਈ ਦਿਨਾਂ ਦੀ ਖੜ੍ਹੀ ਗੱਡੀ ਧੱਕਾ ਲਗਾ ਕੇ ਚੱਲ ਪੈਂਦੀ ਹੈ; ਉਸੇ ਤਰ੍ਹਾਂ ਜਦ ਮਾਲਕ ਨਾਲ਼ ਪਿਆਰ ਪੈਦਾ ਹੋ ਜਾਏ, ਫਿਰ ਜਗਿਆਸੂ; ਕੰਮ-ਧੰਦਾ ਕਰਦਿਆਂ ਭੀ ਨਿਰੰਤਰ ਉਸ ਨੂੰ ਯਾਦ ਰੱਖਦਾ ਹੈ; ਜਿਵੇਂ ਕਿ ਭਗਤ ਨਾਮਦੇਵ ਜੀ ਅਤੇ ਭਗਤ ਤ੍ਰਿਲੋਚਨ ਜੀ ਦੀ ਆਪਸੀ ਗੱਲ-ਬਾਤ ’ਚੋਂ ਪ੍ਰਗਟ ਹੁੰਦਾ ਹੈ, ‘‘ਨਾਮਾ ਕਹੈ ਤਿਲੋਚਨਾ ! ਮੁਖ ਤੇ ਰਾਮੁ ਸੰਮ੍ਾਲਿ ॥ ਹਾਥ ਪਾਉ ਕਰਿ ਕਾਮੁ ਸਭੁ; ਚੀਤੁ ਨਿਰੰਜਨ ਨਾਲਿ ॥’’ (ਭਗਤ ਕਬੀਰ/੧੩੭੬) ਅਰਥ : ਭਗਤ ਨਾਮਦੇਵ ਜੀ; ਭਗਤ ਤ੍ਰਿਲੋਚਨ ਜੀ ਨੂੰ ਕਹਿੰਦੇ ਹਨ ਕਿ ਆਪਣਾ ਮਨ; ਮਾਇਆ ਤੋਂ ਨਿਰਲੇਪ ਪ੍ਰਭੂ ਨਾਲ਼ ਲਗਾ ਕੇ ਜ਼ਬਾਨ ਤੋਂ ਰਾਮ-ਰਾਮ ਜਪਿਆ ਕਰ ਭਾਵੇਂ ਕਿ ਹੱਥਾਂ ਪੈਰਾਂ ਨਾਲ਼ ਆਪਣਾ ਕੰਮ ਕਾਰ ਕਰਦਾ ਰਹਿ।
ਐਸਾ ਰੌਸ਼ਨ ਦਿਮਾਗ਼; ਰੱਬ ਨੂੰ ਸਿਮਰਨ ਲਈ ਕਿਸੇ ਖ਼ਾਸ ਵੇਲ਼ੇ ਦੀ ਉਡੀਕ ਨਹੀਂ ਕਰਦਾ ਸਗੋਂ ਐਲਾਨੀਆ ਆਖਦਾ ਹੈ ਕਿ ‘‘ਜੇ ਵੇਲਾ ਵਖਤੁ ਵੀਚਾਰੀਐ; ਤਾ ਕਿਤੁ ਵੇਲਾ ਭਗਤਿ ਹੋਇ ?॥ ਅਨਦਿਨੁ ਨਾਮੇ ਰਤਿਆ; ਸਚੇ ਸਚੀ ਸੋਇ ॥ ਇਕੁ ਤਿਲੁ ਪਿਆਰਾ ਵਿਸਰੈ; ਭਗਤਿ ਕਿਨੇਹੀ ਹੋਇ ?॥ ਮਨੁ ਤਨੁ ਸੀਤਲੁ ਸਾਚ ਸਿਉ; ਸਾਸੁ ਨ ਬਿਰਥਾ ਕੋਇ ॥’’ (ਮਹਲਾ ੩/੩੫) ਅਰਥ : ਹਰ ਦਿਨ ਸੱਚੇ ਦੇ ਨਾਮ-ਰੰਗ (ਪਿਆਰ) ’ਚ ਭਿੱਜੇ ਰਹਿਣ ਨਾਲ਼ ਅਭੁੱਲ ਸ਼ੋਭਾ ਮਿਲਦੀ ਹੈ। ਸਥਿਰ ਮਾਲਕ ਨਾਲ਼ ਜੁੜ ਕੇ ਤਨ ਮਨ ਸ਼ਾਂਤ ਰਹਿੰਦਾ ਹੈ ਕਿਉਂਕਿ ਕੋਈ ਇੱਕ ਸੁਆਸ ਭੀ (ਰੱਬ ਦੀ ਯਾਦ ਤੋਂ ਬਿਨਾਂ) ਅਜਾਈਂ ਨਹੀਂ ਜਾਂਦਾ। ਐਸਾ ਪ੍ਰਤੀਤ ਹੁੰਦਾ ਹੈ ਕਿ ਇੱਕ ਸਕਿੰਟ ਲਈ ਪਿਆਰਾ ਪ੍ਰਭੂ ਭੁਲ ਜਾਏ ਤਾਂ ਸਮਝੋ ਕਾਹਦੀ ਭਗਤੀ ਕੀਤੀ ਯਾਨੀ ਦਾਤਾਰ ਦੇ ਪ੍ਰੇਮ ਰੰਗ ’ਚ ਰੰਗਿਆ ਭਗਤ; ਇੱਕ ਸਕਿੰਟ ਮਾਲਕ ਦੀ ਯਾਦ ਤੋਂ ਸੱਖਣਾ ਰਹਿਣ ਨੂੰ ਭੀ ਵਿਅਰਥ ਜੀਵਨ ਜੀਵਿਆ, ਸਮਝਦਾ ਹੈ। ਉਸ ਅਨੁਸਾਰ ਮਾਲਕ ਦੀ ਭਗਤੀ ਕਰਨ ਲਈ ਜੇ ਖ਼ਾਸ ਸਮਾਂ ਚੁਣੀਏ ਤਾਂ ਕਿਸ ਵੇਲ਼ੇ (ਸੁਆਸ-ਸੁਆਸ ਜਪਣ ਵਾਲ਼ੀ) ਭਗਤੀ ਹੋਵੇਗੀ ਭਾਵ ਨਹੀਂ ਹੋ ਸਕਦੀ।
ਕਰਮੀ, ਆਵੈ ਕਪੜਾ; ਨਦਰੀ, ਮੋਖ ਦੁਆਰੁ॥
ਪਦ ਅਰਥ : ਕਰਮੀ- (ਰੱਬ ਦੀ) ਮਿਹਰ ਨਾਲ਼। ਆਵੈ- ਮਿਲਦਾ ਹੈ। ਕਪੜਾ- ਸਰੀਰ ਰੂਪੀ ਚੋਲ਼ਾ; ਜਿਵੇਂ ਕਿ ਵਾਕ ਹੈ ‘‘ਕਪੜੁ ਰੂਪੁ ਸੁਹਾਵਣਾ; ਛਡਿ ਦੁਨੀਆ ਅੰਦਰਿ ਜਾਵਣਾ॥’’ (ਮਹਲਾ ੧/੪੭੦)। ਨਦਰੀ- (ਗੁਰੂ ਦੀ) ਮਿਹਰ ਭਰੀ ਦ੍ਰਿਸ਼ਟੀ ਨਾਲ਼। ਮੋਖ ਦੁਆਰੁ- ਮੁਕਤੀ ਦਾ ਬੂਹਾ, ਸੁਚੱਜਾ ਰਾਹ।
ਅਰਥ : ਰੱਬ ਦੀ ਮਿਹਰ ਨਾਲ਼ ਸਰੀਰ ਰੂਪ ਕੱਪੜਾ ਮਿਲਦਾ ਹੈ (ਤੇ ਗੁਰੂ ਦੀ) ਕਿਰਪਾ ਨਾਲ਼ ਮੁਕਤੀ ਦਾ ਬੂਹਾ ਲੱਭੀਦਾ ਹੈ ਯਾਨੀ ਮਾਇਆਵੀ ਬੰਧਨਾਂ ਤੋਂ ਛੁਟਕਾਰਾ ਹੁੰਦਾ ਹੈ।
ਨਾਨਕ ! ਏਵੈ ਜਾਣੀਐ; ਸਭੁ ਆਪੇ ਸਚਿਆਰੁ॥ ੪॥
ਉਚਾਰਨ : ਏਵੈਂ।
ਪਦ ਅਰਥ : ਨਾਨਕ- ਹੇ ਨਾਨਕ ! ਏਵੈ- ਇਸ ਤਰ੍ਹਾਂ, ਇਉਂ। ਜਾਣੀਐ- ਜਾਣਨਾ ਚਾਹੀਦਾ ਹੈ। ਸਭੁ- ਸਭੁ ਕਿਛੁ, ਸਾਰਾ ਕਾਰ-ਵਿਹਾਰ। ਆਪੇ- ਆਪ ਹੀ (ਕਾਵਿ ਤੋਲ ਕਾਰਨ ‘ਆਪਿ’ ਤੋਂ ਇੱਥੇ ‘ਆਪੇ’ ਬਣਿਆ ਹੈ ਤਾਂ ਜੋ ‘ਹੀ’ ਲਿਆ ਜਾ ਸਕੇ)। ਸਚਿਆਰੁ- ਅਸਲ ਹੋਂਦ ਵਾਲ਼ਾ।
ਅਰਥ : ਹੇ ਨਾਨਕ ! ਇਉਂ ਜਾਣਨਾ ਚਾਹੀਦਾ ਹੈ ਕਿ ਸਾਰਾ ਕਾਰ-ਵਿਹਾਰ; ਸਚਿਆਰ-ਪਿਤਾ ਆਪ ਹੀ ਹੈ ਭਾਵ ਦਾਤਾਰ-ਪਿਤਾ ਹੀ ਸਰਬ ਵਿਆਪਕ ਹੋ ਕੇ ਸਭ ਕੁੱਝ ਕਰਦਾ ਪਿਆ ਹੈ।
ਵਿਚਾਰ : ਉਕਤ ਪੰਕਤੀ ’ਚ ‘ਸਭੁ’ ਦਾ ਅਰਥ; ‘ਸਭ ਥਾਈਂ’ (ਮਾਲਕ ਆਪ ਹੀ ਵਿਆਪਕ ਹੈ) ਨਹੀਂ ਹੋ ਸਕਦਾ ਕਿਉਂਕਿ ‘ਸਭੁ’ (ਔਂਕੜ ਅੰਤ/ਪੁਲਿੰਗ ਪੜਨਾਂਵ) ਹੈ। ‘ਸਭ ਥਾਈਂ’ ਅਰਥ ਲੈਣ ਲਈ ‘ਸਭ’ ਮੁਕਤਾ ਅੰਤ ਹੋਣਾ ਜ਼ਰੂਰੀ ਹੈ; ਜਿਵੇਂ ਕਿ ਹੇਠਲੇ ਵਾਕਾਂ ’ਚ ਹੈ :
ਸਭ ਤੇਰੀ; ਤੂੰ ਸਭਨੀ ਧਿਆਇਆ ॥ (ਮਹਲਾ ੪/੧੧) ‘ਸਭ’ (ਲੁਕਾਈ, ਇਸਤ੍ਰੀ ਲਿੰਗ)
ਸਭ ਦੁਨੀਆ; ਆਵਣ ਜਾਣੀਆ ॥ (ਮਹਲਾ ੧/੨੬)
ਪਹਿਲੀ ਪਉੜੀ ਤੋਂ ਇਸ ਚੌਥੀ ਪਉੜੀ ਦੀ ਸਮਾਪਤੀ (ਏਵੈ ਜਾਣੀਐ; ਸਭੁ ਆਪੇ ਸਚਿਆਰੁ॥) ਤੱਕ ਸਚਖੰਡ ਦੀ ਵਿਆਖਿਆ ਹੈ। ਮਾਲਕ ਦੇ ਹੁਕਮ ਦੀ ਵਿਆਖਿਆ ਹੈ। ਹੁਕਮ ਅਨੁਸਾਰ ਸਰੀਰ ਮਿਲਦਾ ਹੈ, ‘‘ਕਰਮੀ, ਆਵੈ ਕਪੜਾ’’, ਹੁਕਮ ਵਿੱਚ ਹੀ ‘ਕੂੜੈ ਪਾਲਿ’ (ਬਣਦੀ ਹੈ ਤੇ ਉਸ) ਤੋਂ ਮੁਕਤੀ ਹੁੰਦੀ ਹੈ, ‘‘ਨਦਰੀ, ਮੋਖ ਦੁਆਰੁ॥’’, ਹੁਕਮ ’ਚ ਹੀ ਮਨੁੱਖ ਨੂੰ ਅੰਮ੍ਰਿਤ ਵੇਲ਼ੇ ਦੀ ਸੰਭਾਲ਼ ਕਰਾਉਣ ਲਈ ਸਤਿਗੁਰੂ ਜੀ ਜਨਮ ਲੈਂਦੇ ਹਨ। ਸੋ ਹੁਕਮ ਦੀ ਐਨੀ ਵਿਸ਼ਾਲ ਵਿਆਖਿਆ ਤੋਂ ਬਾਅਦ ਕੋਈ ਸੰਦੇਹ ਨਹੀਂ ਰਹਿਣਾ ਚਾਹੀਦਾ ਕਿ ‘ਕੂੜੈ ਪਾਲਿ’ ਮਿਟਾ ਕੇ ਸਚਿਆਰ ਬਣਨ ਲਈ ਕਿਸੇ ਖ਼ਾਸ ਹੁਕਮ ’ਚ ਚੱਲਣਾ ਹੈ, ਜਿਸ ਵਿੱਚ ਜੀਵ-ਜੰਤ ਨਹੀਂ ਚੱਲ ਰਹੇ।