ਵੱਡੇ ਸਾਕੇ ਵਰਤਾਉਣ ਵਾਲੀਆਂ ਬਹਾਦਰ ਜਿੰਦਾਂ ਲਈ ਸ਼ਰਧਾ ਦੇ ਫੁੱਲ !

0
277

ਵੱਡੇ ਸਾਕੇ ਵਰਤਾਉਣ ਵਾਲੀਆਂ ਬਹਾਦਰ ਜਿੰਦਾਂ ਲਈ ਸ਼ਰਧਾ ਦੇ ਫੁੱਲ !

ਅਵਤਾਰ ਸਿੰਘ ਮਿਸ਼ਨਰੀ (5104325827)

ਗੁਰਮਤਿ ਵਿੱਚ ਗਿਆਨਮਈ ਸ਼ਰਧਾ ਪ੍ਰਵਾਨ ਹੈ, ਨਾ ਕਿ ਅੰਨ੍ਹੀ ਸ਼ਰਧਾ ਜਾਂ ਮਿੱਥ (ਝੂਠ)। ਸਾਹਿਬਜ਼ਾਦਿਆਂ ਨਾਲ ਵਾਪਰਿਆ ਸਾਕਾ ਸੱਚ ਅਤੇ ਇਤਿਹਾਸਕ ਹੈ। ‘ਸਾਕਾ’ ਸੰਸਕ੍ਰਿਤ ਦਾ ਸ਼ਬਦ ਹੈ, ਜਿਸ ਦਾ ਅਰਥ ਹੈ: ਕੋਈ ਐਸਾ ਕਰਮ, ਜੋ ਕੌਮੀ ਇਤਿਹਾਸ ’ਚ ਚਾਨਣ ਮੁਨਾਰਾ ਬਣਿਆ ਰਹੇ। ਸਿੱਖਾਂ ਤੋਂ ਪਹਿਲਾਂ ਵੀ ਕਈ ਸਾਕੇ ਵਾਪਰੇ; ਜਿਵੇਂ ਮਨਸੂਰ, ਸਰਮਦ ਅਤੇ ਗਲੀਲੀਓ ਵਰਗੇ ਉੱਚਕੋਟੀ ਦੇ ਸੂਫੀ ਅਤੇ ਵਿਗਿਆਨੀਆਂ ਨਾਲ਼, ਪਰ ਜੋ ਛੋਟੀ ਜਿਹੀ ਸਿੱਖ ਕੌਮ ਨੇ ਲਾਸਾਨੀ ਸਾਕੇ ਵਰਤਾਏ ਅਤੇ ਸਰੀਰ ’ਤੇ ਹੰਢਾਏ ਉਹ ਬੇਹੱਦ ਲਾਮਿਸਾਲ ਹਨ। ਸਿੱਖ ਧਰਮ ਦੇ ਬਾਨੀ ਗੁਰੂ ਬਾਬਾ ਨਾਨਕ ਜੀ ਨੇ ਪੁਜਾਰੀਵਾਦ, ਬ੍ਰਾਹਮਣੀ ਕਰਮਕਾਂਡ, ਅਖੌਤੀ ਰੀਤਾਂ-ਰਸਮਾਂ, ਸਰਕਾਰੀ ਜ਼ੁਲਮ ਅਤੇ ਅਨਿਆਇ ਵਿਰੁਧ ਉੱਠ ਖੜੇ ਹੋਣ ਅਤੇ ਤਰਕ-ਸੰਗਤ ਸੱਚਾ ਗਿਆਨ ਵਰਤਾਉਣਾ ਵੀ ਇੱਕ ‘ਸਾਕਾ’ ਹੀ ਕਹਾਂਗੇ। ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਸਾਹਿਬ ਜੀ ਨੇ ਅਸਹਿ ਤੇ ਅਕਹਿ ਕਸ਼ਟ ਸਹਾਰਦੇ ਹੋਏ ਸ਼ਬਦ ਗੁਰੂ ਦੀ ਸ਼ਾਨ ਅਤੇ ‘ਸਭੇ ਸਾਝੀਵਾਲ ਸਦਾਇਨਿ’ ਦੇ ਸਿਧਾਂਤ ਲਈ ‘ਸ਼ਹੀਦੀ ਸਾਕਾ’ ਵਰਤਾਇਆ। ਗੁਰੂ ਤੇਗ਼ ਬਹਾਦਰ ਜੀ ਨੇ ਮਜਲੂਮਾਂ ਦਾ ਧਰਮ ਬਚਾਉਣ ਲਈ ਆਪਾ ਵਾਰਿਆ, ਸਿੱਖ ਦੇਗਾਂ ਵਿੱਚ ਉਬਲੇ ਅਤੇ ਆਰਿਆਂ ਨਾਲ ਚੀਰੇ ਗਏ, ਇਉਂ ਸਾਕਿਆਂ ਦੀ ਲੜੀ ਹੀ ਚੱਲ ਪਈ। ਇਸੇ ਸਾਕਾ ਲੜੀ ਦੇ ਅਨਮੋਲ ਹੀਰੇ, ਗੁਰਮਤਿ ਗਿਆਤਾ ਦੇ ਸੱਚੇ ਸੁੱਚੇ ਮੋਤੀ, ਗੁਰੂ ਗੋਬਿੰਦ ਸਿੰਘ ਜੀ ਦੇ ਲਖ਼ਤੇ ਜਿਗਰ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫ਼ਤਿਹ ਸਿੰਘ (ਚਾਰੇ ਸਾਹਿਬਜ਼ਾਦਿਆਂ) ਨੇ ਕ੍ਰਮਵਾਰ ਚਮਕੌਰ ਸਾਹਿਬ ਅਤੇ ਸਰਹਿੰਦ ਵਿਖੇ ਲਾਮਿਸਾਲ ਸਾਕੇ ਵਰਤਾ ਕੇ ਵਿਲੱਖਣ ਅਤੇ ਅਮਿੱਟ ਸ਼ਹੀਦੀ ਇਤਿਹਾਸ ਸਿਰਜਿਆ।

‘ਸਾਹਿਬਜ਼ਾਦਾ’ ਫ਼ਾਰਸੀ ਦਾ ਸ਼ਬਦ ਹੈ, ਜਿਸ ਦੀ ਸੰਗਿਆ ਹੈ-ਬਾਦਸ਼ਾਹਜਾਦਹ, ਰਾਜਕੁਮਾਰ, ਸੁਆਮੀ ਦਾ ਬੇਟਾ ਅਤੇ ਸਿੱਖਾਂ ਵਿੱਚ ਗੁਰੂ ਸਪੁੱਤਰ ਹੈ। ਸਾਹਿਬਜ਼ਾਦੇ ਪੁੱਤਰਾਂ ਨੂੰ ਵੀ ਕਿਹਾ ਜਾਂਦਾ ਹੈ। ਕਈ ਵਾਰ ਸਿਆਣੇ ਲੋਕ ਇੱਕ ਦੂਜੇ ਦਾ ਹਾਲ-ਚਾਲ ਪੁੱਛਦੇ ਸਮੇਂ ਕਹਿੰਦੇ ਹਨ ਕਿ ਤੁਹਾਡੇ ਸਾਹਿਬਜ਼ਾਦਿਆਂ ਦਾ ਕੀ ਹਾਲ ਹੈ ? ਸੁੱਖ ਨਾਲ ਆਪ ਜੀ ਦੇ ਕਿੰਨੇ ਸਾਹਿਬਜ਼ਾਦੇ ਹਨ ? ਪਰ ਆਮ ਤੌਰ ’ਤੇ ਸਾਹਿਬਜ਼ਾਦੇ ਲਕਬ ਗੁਰੂ ਸਪੁੱਤਰਾਂ ਲਈ ਹੀ ਵਧੇਰੇ ਢੁੱਕਦਾ ਹੈ ਕਿਉਂਕਿ ਉਨ੍ਹਾਂ ਅੰਦਰ ਲਾਸਾਨੀ ਗੁਣ ਅਤੇ ਗੁਰੂ ਜਜ਼ਬਾ ਵੀ ਸੀ। ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਜੀ ਦੇ ਦਸਵੇਂ ਜਾਨਸ਼ੀਨ (ਉਤਰਾਧਿਕਾਰੀ) ਗੁਰੂ ਗੋਬਿੰਦ ਸਿੰਘ ਜੀ, ਜਿਨ੍ਹਾਂ ਦੇ ਚਾਰ ਸਪੁੱਤਰ ਸਨ, ਸਿੱਖ ਸੰਗਤਾਂ ਸਤਿਕਾਰ ਵਜੋਂ ਉਨ੍ਹਾਂ ਨੂੰ ਸਾਹਿਬਜ਼ਾਦੇ ਅਤੇ ਬਾਬਾ ਜੀ ਕਹਿੰਦੀਆਂ ਸਨ। ਚਾਰੇ ਸਾਹਿਜ਼ਾਦਿਆਂ ਦੀ ਮਾਤਾ; ਮਾਤਾ ਜੀਤ ਕੌਰ ਜੀ ਹਨ, ਜਿਨ੍ਹਾਂ ਦੀ ਸੁੰਦਰਤਾ ਨੇ ਉਨ੍ਹਾਂ ਨੂੰ ਮਾਤਾ ਸੁੰਦਰੀ ਨਾਂ ਨਾਲ ਪ੍ਰਸਿੱਧ ਕੀਤਾ ਹੈ। ਪੁਰਾਣੇ ਸਮੇਂ ਜਦ ਲੜਕੀ ਵਿਆਹ ਕੇ ਸਹੁਰੇ ਘਰ ਜਾਂਦੀ ਸੀ ਤਾਂ ਸਹੁਰੇ ਘਰ ਉਸ ਨੂੰ ਨਵਾਂ ਨਾਂ ਦੇਣ ਦੀ ਪਰੰਪਰਾ ਸੀ। ਕੁਝ ਇਤਿਹਾਸਕਾਰਾਂ ਨੂੰ ਦੋ ਮਾਤਾਵਾਂ (ਮਾਤਾ ਜੀਤ ਕੌਰ ਜੀ ਅਤੇ ਮਾਤਾ ਸੁੰਦਰ ਕੌਰ ਜੀ) ਹੋਣ ਦਾ ਭੁਲੇਖਾ ਵੀ ਪਿਆ ਜਾਪਦਾ ਹੈ, ਉਨ੍ਹਾਂ ਮੁਤਾਬਕ ਵੱਡਾ ਸਾਹਿਬਜ਼ਾਦਾ (ਬਾਬਾ ਅਜੀਤ ਸਿੰਘ) ਛੋਟੀ ਮਾਤਾ ਸੁੰਦਰ ਕੌਰ ਜੀ ਦੀ ਕੁੱਖੋਂ (26 ਜਨਵਰੀ 1687 ’ਚ) ਜਨਮ ਲੈਂਦੇ ਹੈ ਅਤੇ ਛੋਟੇ ਤਿੰਨੇ ਸਾਹਿਬਜ਼ਾਦੇ ਵੱਡੀ ਮਾਤਾ ਜੀਤ ਕੌਰ ਜੀ, ਜਿਨ੍ਹਾਂ ਦਾ ਵਿਆਹ 21 ਜੂਨ 1677 ਨੂੰ ਹੋਇਆ, ਦੀ ਕੁੱਖੋਂ ਬਾਬਾ ਜੁਝਾਰ ਸਿੰਘ ਜੀ ਦਾ ਜਨਮ 14 ਮਾਰਚ 1691, ਬਾਬਾ ਜ਼ੋਰਾਵਰ ਸਿੰਘ ਜੀ ਦਾ ਜਨਮ 28 ਨਵੰਬਰ 1696 ਅਤੇ ਬਾਬਾ ਫ਼ਤਿਹ ਸਿੰਘ ਜੀ ਦਾ ਜਨਮ 1698 ਈ. ’ਚ ਹੁੰਦਾ ਹੈ ਭਾਵ ਵੱਡੀ ਮਾਤਾ ਦਾ ਪਹਿਲਾ ਬੱਚਾ ਵਿਆਹ ਤੋਂ 14 ਸਾਲ ਬਾਅਦ ! !  ਵੈਸੇ ਗੁਰੂ ਘਰ ਵਿੱਚ ਇੱਕ ਨਾਰੀ ਨੂੰ ਹੀ ਮਾਨਤਾ ਹੈ-‘‘ਏਕਾ ਨਾਰੀ ਜਤੀ ਹੋਇ; ਪਰ ਨਾਰੀ ਧੀ ਭੈਣ ਵਖਾਣੈ।’’ (ਭਾਈ ਗੁਰਦਾਸ ਜੀ/ਵਾਰ ੬ ਪਉੜੀ ੮) ਬਹੁ ਪਤਨੀ ਵਿਆਹ ਇਸਲਾਮ ’ਚ ਹੈ, ਸਿੱਖ ਧਰਮ ’ਚ ਨਹੀਂ।

ਸਿੱਖ ਰਹਿਤ ਮਰਯਾਦਾ ਵਿੱਚ ਵੀ ਲਿਖਿਆ ਹੈ ਕਿ ਆਮ ਹਾਲਤਾਂ ਵਿੱਚ ਸਿੱਖ ਇੱਕ ਹੀ ਪਤਨੀ ਨਾਲ ਵਿਆਹ ਕਰੇ, ਹਾਂ ਜੇ ਕਿਸੇ ਖ਼ਾਸ ਹਾਲਤ ਵਿੱਚ ਪਹਿਲੀ ਪਤਨੀ ਚੜ੍ਹਾਈ ਕਰ ਜਾਵੇ ਜਾਂ ਸੰਤਾਨ ਨਾ ਹੋਵੇ ਤਾਂ ਦੂਜਾ ਵਿਆਹ ਕਰਨ ਦੀ ਮਨਾਹੀ ਨਹੀਂ। ਸਿੱਖ ਧਰਮ ਨਾਰੀ ਅਤੇ ਪੁਰਸ ਨੂੰ ਬਰਾਬਰ ਮਾਨਤਾ ਦਿੰਦਾ ਹੈ। ਜੇ ਪੁਰਸ ਵੱਧ ਵਿਆਹ ਕਰਵਾ ਸਕਦਾ ਹੈ ਤਾਂ ਫਿਰ ਨਾਰੀ ਕਿਉਂ ਨਹੀਂ ?

ਸਾਹਿਬਜ਼ਾਦਿਆਂ ਦੀ ਪਾਲਣ ਪੋਸ਼ਣਾ ਅਤੇ ਪੜ੍ਹਾਈ ਦਾਦੀ-ਮਾਤਾ ਗੁਜਰੀ ਜੀ ਅਤੇ ਮਾਮਾ ਕ੍ਰਿਪਾਲ ਚੰਦ ਜੀ ਦੀ ਦੇਖ-ਰੇਖ ਵਿੱਚ ਹੋਈ। ਸਾਹਿਬਜ਼ਾਦਿਆਂ ਦਾ ਪੂਰਾ ਸਮਾਂ ਗੁਰੂ ਦੀ ਹਜ਼ੂਰੀ ਵਿੱਚ ਹੀ ਬੀਤਿਆ। ਗੁਰੂ ਗੋਬਿੰਦ ਸਿੰਘ ਜੀ ਦੇ ਹੋਣਹਾਰ ਸਪੁੱਤਰ ਗੁਰੂ ਜੀ ਦੀ ਆਗਿਆ ਦਾ ਪਾਲਣ ਕਰਦੇ ਹੋਏ ਅਣਖ ਦੀ ਜ਼ਿੰਦਗੀ ਜੀਏ ਅਤੇ ਜ਼ਾਲਮਾਂ ਨਾਲ ਲੋਹਾ ਲੈਂਦੇ ਹੋਏ ਸ਼ਹੀਦ ਹੋਏ। ਵੱਡੇ ਸਾਹਿਬਜ਼ਾਦਿਆਂ ਦੀ ਸਾਰੀ ਜ਼ਿੰਦਗੀ ਹੀ ਮਾਨਵਤਾ ਦੇ ਅਧਿਕਾਰਾਂ ਲਈ ਜੰਗਾਂ ਯੁੱਧਾਂ ਵਿੱਚ ਬੀਤੀ। ਉਨ੍ਹਾਂ ਨੂੰ ਆਮ ਬੱਚਿਆਂ ਵਾਂਗ ਸੁੱਖਾਂ ਤੇ ਲਾਡਾਂ ਭਰਿਆ ਬਚਪਨ ਹੰਢਾਉਣਾ ਪਸੰਦ ਨਹੀਂ ਸੀ। ਉਸ ਵੇਲੇ ਜ਼ਾਲਮ ਮੁਗਲਾਂ ਅਤੇ ਉਨ੍ਹਾਂ ਦੇ ਝੋਲ਼ੀ ਚੁੱਕ ਹਿੰਦੂ ਪਹਾੜੀ ਰਾਜਿਆਂ ਨਾਲ, ਜੋ ਗੁਰੂ ਦੀ ਅਗਵਾਈ ਵਿੱਚ ਜੰਗਾਂ ਹੋਈਆਂ, ਉਨ੍ਹਾਂ ਨੇ ਆਪਣੀ ਅੱਖਾਂ ਸਾਹਮਣੇ ਦੇਖੀਆਂ ਅਤੇ ਸਰੀਰ ’ਤੇ ਹੰਢਾਈਆਂ। ਉਨ੍ਹਾਂ ਨੂੰ ਵਿਰਸੇ ਵਿੱਚ ਹੀ ਅਜਿਹੇ ਬੀਰ ਰਸੀ ਕਾਰਨਾਮਿਆਂ ਦੀ ਗੁੜ੍ਹਤੀ ਮਿਲਦੀ ਰਹੀ।

ਜੇ ਛੋਟੀ ਉੱਮਰ ਵਿੱਚ ਸਾਹਿਬਜ਼ਾਦੇ ਮਿਸਾਲ ਬਣ ਗਏ ਤਾਂ ਸਾਨੂੰ ਵੀ ਆਪਣੀ ਜ਼ਿੰਦਗੀ ’ਚ ਕੌਮ, ਧਰਮ, ਮਾਨਵਤਾ ਲਈ ਕੁਝ ਕਰ ਗੁਜ਼ਰਨਾ ਚਾਹੀਦਾ ਹੈ। ਉਨ੍ਹਾਂ ਬੀਰ ਬਹਾਦਰ ਗੁਰੂ ਕੇ ਲਾਲਾਂ ਦੀਆਂ ਬੀਰ ਗਾਥਾਵਾਂ ਆਪਣੇ ਬੱਚਿਆਂ ਨੂੰ ਪੜ੍ਹਾ-ਸੁਣਾ ਕੇ ਯੂਨੀਵਰਸਲ ਸਿੱਖ ਧਰਮ ਦੇ ਵਿਰਸੇ ਨਾਲ ਜੋੜਨਾ ਚਾਹੀਦਾ ਹੈ ਤਾਂ ਕਿ ਸਾਡੇ ਬੱਚੇ ਵੀ ਸਿੱਖੀ ਸਿਧਾਂਤਾਂ ਦੇ ਧਾਰਨੀ, ਮਾਡਲ ਅਤੇ ਪ੍ਰਚਾਰਕ ਬਣ ਕੇ, ਸਿੱਖ ਕੌਮ ਦਾ ਸਿਰ ਉੱਚਾ ਕਰ ਸਕਣ। ਐਸੀਆਂ ਬੀਰ ਬਹਾਦਰ ਜਿੰਦਾਂ, ਜਿੰਨ੍ਹਾਂ ਨੇ ਬਹੁਤ ਵੱਡੀ ਮੁਗਲ ਹਕੂਮਤ ਦੀ ਈਨ ਨਾ ਮੰਨੀ ਤੇ ਜ਼ਾਲਮ ਰਾਜ ਦੀਆਂ ਜੜ੍ਹਾਂ ਪੁੱਟਦਿਆਂ ਸ਼ਹਾਦਤਾਂ ਦੇ ਜਾਮ ਪੀਤੇ; ਅਜਿਹੇ ਹੋਣਹਾਰ ਪ੍ਰਵਾਨਿਆਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕੋਟਿ ਕੋਟਿ ਪ੍ਰਨਾਮ !