JAAP (Part 2)

0
858

ਕੀ ‘ਜਾਪ’ ਰਚਨਾ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਣਸ਼ੈਲੀ (ਵਿਆਕਰਨ) ਰਾਹੀਂ ਅਖੌਤੀ ਸਾਬਤ ਕੀਤਾ ਜਾ ਸਕਦਾ ਹੈ? (ਭਾਗ-2)

ਪਿਛਲੇ ਲੇਖ (ਭਾਗ-1) ’ਚ ਆਪਾਂ ਕੁਝ ‘ਜਾਪ’ ਰਚਨਾ ਦੇ ਸ਼ਬਦਾਂ ਨੂੰ ਆਧਾਰ ਬਣਾ ਕੇ ‘ਗੁਰਬਾਣੀ’ ਦੇ ਸ਼ਬਦਾਂ ਦੀ ਕਸੌਟੀ (ਲਿਖਣਸ਼ੈਲੀ) ’ਤੇ ਪਰਖਿਆ ਸੀ ਜੋ ਕਿ ਗੁਰਬਾਣੀ ਸ਼ਬਦ ਅਤੇ ਕੁਝ ਜਾਪ ਰਚਨਾ ਦੇ ਸ਼ਬਦਾਂ ਦੀ ਲਿਖਣਸ਼ੈਲੀ ਸਮਾਨੰਤਰ ਪਾਈ ਗਈ ਸੀ। ਜਦਕਿ ਕੁਝ ਵੀਰਾਂ ਨੇ ਗੁਰਬਾਣੀ ਅਤੇ ਜਾਪ ਰਚਨਾ ਦੇ ਉਹਨਾਂ ਸ਼ਬਦਾਂ ਨੂੰ ਹੀ ਆਧਾਰ ਬਣਾ ਕੇ ਜਾਪ ਰਚਨਾ ਨੂੰ ਗੁਰਬਾਣੀ ਦੀ ਲਿਖਣਸ਼ੈਲੀ ਨਾਲ ਮੇਲ ਨਾ ਹੋਣ ਕਾਰਨ ਅਖੌਤੀ ਕਿਹਾ ਸੀ। ਚਾਹੀਦਾ ਤਾਂ ਇਹ ਸੀ ਕਿ ਇਹ ਵੀਰ ਆਪਣੇ ਵੱਲੋਂ ਦਿੱਤੀ ਗਈ ਗ਼ਲਤ ਜਾਣਕਾਰੀ ਬਾਰੇ ਸਿੱਖ ਸਮਾਜ ’ਤੋਂ ਮਾਫ਼ੀ ਮੰਗਦੇ ਜਾਂ ਫਿਰ ਇਹਨਾਂ ਵੱਲੋਂ ਗੁਰਬਾਣੀ ਦੇ ਸ਼ਬਦਾਂ ਦੀ ਲਈ ਗਈ ਟੇਕ ਅਤੇ ਮੇਰੇ ਵੱਲੋਂ ਵਰਤੇ ਗਏ ਗੁਰਬਾਣੀ ਦੇ ਸ਼ਬਦਾਂ ਦੇ ਬੁਨਿਆਦੀ ਅੰਤਰ ਬਾਰੇ ਸਵਾਲ ਪੁੱਛਦੇ। ਪਰ ਅਜੇਹਾ ਨਾ ਕਰਕੇ ਇਹਨਾਂ ਵੀਰਾਂ ਵੱਲੋਂ ਸ਼ਬਦਾਂ ਦੇ ਅਰਥ ਕਰਵਾਉਣ ਨੂੰ ਤਰਜੀਹ ਦਿੱਤੀ ਗਈ। ਸ਼ਾਇਦ ਇਸ ਲਈ, ਕਿਉਂਕਿ ਅਰਥਾਂ ਨੂੰ ਮੰਨਣ ਜਾਂ ਨਾ ਮੰਨਣ ਬਾਰੇ ਕੋਈ ਮਜ਼ਬੂਰ ਨਹੀਂ ਕਰ ਸਕਦਾ ਜਦਕਿ ਗੁਰਬਾਣੀ ਵਿਆਕਰਣ ’ਚ ਇਹਨਾਂ ਨੂੰ ਮੰਨਣਾ ਜ਼ਰੂਰੀ ਹੋ ਜਾਣਾ ਸੀ। ਜਦ ‘ਜਾਪ’ ਰਚਨਾ ਨੂੰ ਰੱਦ ਕੀਤਾ ਗਿਆ ਹੀ ਗੁਰਬਾਣੀ ਦੀ ਲਿਖਣਸ਼ੈਲੀ ਦੇ ਆਧਾਰ ’ਤੇ ਸੀ ਤਾਂ ਫਿਰ ਵਿਸ਼ੇ ਦਾ ਆਧਾਰ ਵੀ ਵਿਆਕਰਣ ਹੀ ਹੋਣਾ ਚਾਹੀਦਾ ਸੀ ਨਾ ਕਿ ਪਦ ਅਰਥ।
ਖ਼ੈਰ, ਅੱਜ ਦੇ ਵਿਸ਼ੇ ’ਚ ਭਾਗ-1 ਦੌਰਾਨ ਲਏ ਗਏ ਸ਼ਬਦਾਂ ਦੇ ਅਰਥਾਂ ਨੂੰ ਵੀਚਾਰਿਆ ਜਾਵੇਗਾ ਤਾਂ ਜੋ ਪੁੱਛੇ ਗਏ ਸਵਾਲਾਂ ਦੇ ਜਵਾਬ ਦੇ ਨਾਲ ਨਾਲ ਜਾਪ ਰਚਨਾ ਅਤੇ ਗੁਰਬਾਣੀ ਦੀ ਲਿਖਣਸ਼ੈਲੀ ਨੂੰ ਹੋਰ ਵੀ ਖੋਲਿਆ ਜਾ ਸਕੇ। ਅਗਾਂਹ ਵੀਚਾਰ ਕਰਨ ’ਤੋਂ ਪਹਿਲਾਂ ਪਿਛਲੇ ਲੇਖ (ਭਾਗ-1) ’ਚ ਇਸਤੇਮਾਲ ਕੀਤੇ ਗਏ‘‘ਪੁਰਖ, ਅਨੂਪ, ਰੂਪ (ਅਰੂਪ), ਸਾਹ ਅਤੇ ਹੈਂ’’ ਸ਼ਬਦਾਂ ਦੀ ਇਸ ਜਾਣਕਾਰੀ ਨੂੰ ਧਿਆਨ ’ਚ ਰੱਖਣਾ ਬਹੁਤ ਜ਼ਰੂਰੀ ਹੈ:- (1). ਗੁਰਬਾਣੀ ’ਚ ਸ਼ਬਦ ਪੁਰਖੁ-329 ਵਾਰ ਅਤੇਪੁਰਖ-180 ਵਾਰ ਹੈ ਪਰ ਮੇਰੇ ਵੱਲੋਂ ਭਾਗ-1 ’ਚ ਪੁਰਖ ਸ਼ਬਦ ਕੇਵਲ 46 ਵਾਰ ਹੀ ਵਰਤਿਆ ਗਿਆ ਸੀ। ਆਖਿਰ ਕਿਉਂ ?
(2). ਗੁਰਬਾਣੀ ’ਚ ਸ਼ਬਦ ਅਨੂਪੁ-18 ਵਾਰ ਅਤੇ ਅਨੂਪ-33 ਵਾਰ ਜਦਕਿ ਮੈਂ ਅਨੂਪ ਸ਼ਬਦ ਕੇਵਲ-23 ਵਾਰ ਹੀ ਵਰਤਿਆ ਸੀ।

(3). ਗੁਰਬਾਣੀ ’ਚ ਸ਼ਬਦ ਰੂਪੁ-114 ਵਾਰ ਅਤੇ ਰੂਪ-133 ਵਾਰ ਪਰ ਮੈਂ ਰੂਪ ਸ਼ਬਦ ਕੇਵਲ-47 ਵਾਰ ਹੀ ਵਰਤਿਆ ਸੀ।

(4). ਗੁਰਬਾਣੀ ’ਚ ਸ਼ਬਦ ਸਾਹੁ-58 ਵਾਰ ਅਤੇ ਸਾਹ-63 ਵਾਰ ਪਰ ਮੈਂ ਸਾਹ ਸ਼ਬਦ ਕੇਵਲ-11 ਵਾਰ ਹੀ ਵਰਤਿਆ ਸੀ। ਆਖਿਰ ਕਿਉਂ? ਆਦਿ।

ਥੋੜੀ ਜਿਹੀ ਵੀ ਗੁਰਬਾਣੀ ਲਿਖਣਸ਼ੈਲੀ ਦੀ ਸਮਝ ਰੱਖਣ ਵਾਲਾ ਵਿਅਕਤੀ ਇਹਨਾਂ ਦੇ ਅਰਥ ਕਰਨ ਦੀ ਮੰਗ ਨਹੀਂ ਰੱਖ ਸਕਦਾ ਸੀ ਕਿਉਂਕਿ ਮੇਰੇ ਵੱਲੋਂ ਗੁਰਬਾਣੀ ਵਿੱਚੋਂ ਵਰਤੇ ਗਏ ਸ਼ਬਦ ਅਤੇ ਜਾਪ ਰਚਨਾ ਵਾਲੇ ਸ਼ਬਦ ਇੱਕੋ ਜਿਹੇ ਅਰਥ ਰੱਖਦੇ ਸਨ।
ਪੁਰਖ, ਅਨੂਪ, ਰੂਪ (ਅਰੂਪ) ਅਤੇ ਸਾਹ ਸ਼ਬਦ ਇੱਕ ਵਚਨ ਪੁਲਿੰਗ ਹਨ ਜਿਨ੍ਹਾਂ ਦੇ ਅੰਤ ਵਿੱਚ ਔਕੁੜ ਆਉਣਾ ਚਾਹੀਦਾ ਸੀ ਪਰ ਨਾ ਆਉਣ ਦੇ ਕੁਝ ਕਾਰਨ ਹਨ ਜਿਹਨਾਂ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਕਿਤੇ ਕਿਤੇ ਬਹੁਵਚਨ ਵਿਸ਼ੇਸ਼ਣ ਜਾਂ ਇਸਤ੍ਰੀ ਲਿੰਗ ਵਿਸ਼ੇਸ਼ਣ ਰੂਪ ’ਚ ਵੀ ਇਹ ਸ਼ਬਦ ਦਰਜ ਹਨ ਪਰ ਇੱਕ ਵਚਨ ਨਾਉਂ ਸ਼ਬਦ ਨਾਲ ਔਕੁੜ ਨਾ ਆਉਣ ਦੇ ਦੋ ਹੀ ਮੁਖ ਕਾਰਨ ਹਨ:-
(ੳ). ਇਨ੍ਹਾਂ ਸ਼ਬਦ ਨਾਲ ਸਬੰਧਕੀ ਸ਼ਬਦ ਆਇਆ ਹੋਵੇਗਾ ਜਿਵੇਂ ਕਿ ‘‘ਸਤਿ ਪੁਰਖ ਤੇ ਭਿੰਨ ਨ ਕੋਊ ॥ ਗਉੜੀ ਬ.ਅ. (ਮ:੫/੨੫੦) (ਸਬੰਧਕੀ ਸ਼ਬਦ ‘ਤੇ’)
ਨਾਨਕ! ਤਿਸੁ ਪੁਰਖ ਕਾ ਕਿਨੈ ਅੰਤੁ ਨ ਪਾਇਆ ॥ ਗਉੜੀ ਸੁਖਮਨੀ (ਮ:੫/੨੮੪) (ਸਬੰਧਕੀ ਸ਼ਬਦ ‘ਕਾ’)
ਮਾਲ ਕੈ ਮਾਣੈ ਰੂਪ ਕੀ ਸੋਭਾ, ਇਤੁ ਬਿਧੀ ਜਨਮੁ ਗਵਾਇਆ ॥੧॥ ਰਹਾਉ ॥ ਸਿਰੀਰਾਗੁ (ਮ:੧/੨੪) (ਸਬੰਧਕੀ ਸ਼ਬਦ ‘ਕੀ’)
ਅਗਮ ਰੂਪ ਕਾ ਮਨ ਮਹਿ ਥਾਨਾ ॥ ਗਉੜੀ (ਮ:੫/੧੮੬) (ਸਬੰਧਕੀ ਸ਼ਬਦ ‘ਕਾ’)
ਸਾਚੇ ਸਾਹ ਕੀ ਮਨ ਮਹਿ ਟੇਕ ॥ ਗਉੜੀ (ਮ:੫/੧੯੭) (ਸਬੰਧਕੀ ਸ਼ਬਦ ‘ਕੀ’)
ਸੇਵਕ ਸਚੇ ਸਾਹ ਕੇ ਸੇਈ ਪਰਵਾਣੁ ॥ ਗਉੜੀ ਕੀ ਵਾਰ:੧ (ਮ:੪/੩੧੫) (ਸਬੰਧਕੀ ਸ਼ਬਦ ‘ਕੇ’) ਆਦਿ।
(ਜਾਂ)
(ਅ)ਇਹ ਸ਼ਬਦ ਸੰਬੋਧਨ ਰੂਪ ’ਚ ਇਸਤੇਮਾਲ ਕੀਤੇ ਹੋਣਗੇ। ਇਹੀ ਨਿਯਮ ਜਾਪ ਰਚਨਾ ਦਾ ਆਧਾਰ ਹੈ, ਜਿਵੇਂ:-
ਅੰਤਰਜਾਮੀ ਪੁਰਖ ਬਿਧਾਤੇ! ਸਰਧਾ ਮਨ ਕੀ ਪੂਰੇ ॥ ਸੋਹਿਲਾ ਗਉੜੀ (ਮ:੫/ਅੰਗ ੧੩)
ਤੁਮ ਦਾਤੇ ਤੁਮ ਪੁਰਖ ਬਿਧਾਤੇ! ਤੁਧੁ ਜੇਵਡੁ ਅਵਰੁ ਨ ਸੂਰਾ ਜੀਉ ॥ ਮਾਝ (ਮ:੫/ਅੰਗ ੯੯)
ਅੰਤਰਜਾਮੀ ਪੁਰਖ ਬਿਧਾਤੇ! ਸਰਧਾ ਮਨ ਕੀ ਪੂਰੇ ॥ ਸੋਹਿਲਾ ਗਉੜੀ (ਮ:੫/ਅੰਗ ੧੩)
ਤੁਮ ਦਾਤੇ ਤੁਮ ਪੁਰਖ ਬਿਧਾਤੇ! ਤੁਧੁ ਜੇਵਡੁ ਅਵਰੁ ਨ ਸੂਰਾ ਜੀਉ ॥ ਮਾਝ (ਮ:੫/ਅੰਗ ੯੯)
ਤੂੰਹੀ ਰਸ ਤੂੰਹੀ ਜਸ, ਤੂੰਹੀ ਰੂਪ, ਤੂਹੀ ਰੰਗ ॥ ਗਉੜੀ (ਮ:੫/ਅੰਗ ੨੧੩)
ਭਲਾ ਭਲਾ ਭਲਾ ਤੇਰਾ ਰੂਪ ॥ ਗਉੜੀ ਸੁਖਮਨੀ (ਮ:੫/ਅੰਗ ੨੭੯)
ਦਾਸ ਅਨਿੰਨ, ਮੇਰੋ ਨਿਜ ਰੂਪ ॥ ਸਾਰੰਗ (ਭ. ਨਾਮਦੇਵ/ਅੰਗ ੧੨੫੨) (ਪ੍ਰਮਾਤਮਾ ਵੱਲੋਂ ਆਪ ਬੋਲਣਾ)
ਆਪੇ ਸਾਹ ਵਡੇ ਪ੍ਰਭ ਸੁਆਮੀ! ਹਮ ਵਣਜਾਰੇ ਹਹਿ ਤਾ ਚੇ ॥ ਗਉੜੀ (ਮ:੪/ਅੰਗ ੧੬੯)
ਮੇਰਾ ਮਨੁ ਤਨੁ ਜੀਉ ਰਾਸਿ ਸਭ ਤੇਰੀ, ਜਨ ਨਾਨਕ ਕੇ ਸਾਹ ਪ੍ਰਭ ਸਾਚੇ ॥ ਗਉੜੀ (ਮ:੪/ਅੰਗ ੧੬੯)
ਰਾਮ ਨਾਮ ਧਨੁ ਸੰਚਵੈ, ਸਾਚ ਸਾਹ ਭਗਵੰਤ ॥ ਗਉੜੀ ਥਿਤੀ (ਮ:੫/ਅੰਗ ੨੯੭)
ਤੂ ਸਚਾ ਸਾਹਿਬੁ ਆਪਿ ਹੈ, ਸਚੁ ਸਾਹ ਹਮਾਰੇ ॥ ਗਉੜੀ ਕੀ ਵਾਰ:੧ (ਮ:੪/ਅੰਗ ੩੦੮)
ਤੇਰੇ ਬਚਨ ਅਨੂਪ ਅਪਾਰ ਸੰਤਨ ਆਧਾਰ ਬਾਣੀ ਬੀਚਾਰੀਐ ਜੀਉ ॥ ਸਿਰੀਰਾਗੁ (ਮ:੫/ਅੰਗ ੮੦)
ਮੋਹਨ ਲਾਲ ਅਨੂਪ ਸਰਬ ਸਾਧਾਰੀਆ ॥ ਗਉੜੀ (ਮ:੫/ਅੰਗ ੨੪੧)
ਮੋਹਨ ਤੇਰੇ ਬਚਨ ਅਨੂਪ ਚਾਲ ਨਿਰਾਲੀ ॥ ਗਉੜੀ (ਮ:੫/ਅੰਗ ੨੪੮) ਆਦਿ।
(ਨੋਟ:- ਮੈ ਇਹਨਾਂ ਸ਼ਬਦਾਂ ਨੂੰ ਹੀ ਪਿਛਲੇ ਲੇਖ ’ਚ ਸ਼ਾਮਲ ਕੀਤਾ ਸੀ। ਇਹਨਾਂ ਸ਼ਬਦਾਂ ਦੀ ਪਹਿਚਾਣ ਇਹ ਹੁੰਦੀ ਹੈ ਕਿ ਅਰਥ ਕਰਨ ਲੱਗਿਆਂ ਸ਼ਬਦ ਦੇ ਅਗੇਤਰ ‘ਤੂੰ’ ਸ਼ਬਦ ਵਰਤਨਾ ਪੈਂਦਾ ਹੈ। ਜਾਪ ਰਚਨਾ ਦੇ ਔਕੁੜ ਰਹਿਤ ਸ਼ਬਦਾਂ ਦੇ ਅਗੇਤਰ ‘ਤੂੰ’ ਲਗਾਈਏ ਤਾਂ ਅਰਥ ਇਉਂ ਹੋਣਗੇ:- ਅਰੂਪ ਹੈਂ ॥ ਅਨੂਪ ਹੈਂ ॥ ਭਾਵ ਤੂੰ ਰੂਪ ਰਹਿਤ ਹੈਂ ਅਤੇ ਉਪਮਾ ਰਹਿਤ ਹੈਂ। ਗੁਰਬਾਣੀ ਦਾ ਵੀ ਫ਼ੁਰਮਾਨ ਹੈ:- ‘‘ਉਪਮਾ ਜਾਤ ਨ ਕਹੀ ਮੇਰੇ ਪ੍ਰਭ ਕੀ, ਉਪਮਾ ਜਾਤ ਨ ਕਹੀ ॥’’ ਬਿਲਾਵਲੁ (ਮ:੫/ਅੰਗ ੮੩੭) ਆਦਿ।
ਅਜੇਹੇ ਹੋਰ ਸ਼ਬਦਾਂ ਨੂੰ ਗੁਰਬਾਣੀ ਅਤੇ ਜਾਪ ਰਚਨਾ ਵਿੱਚੋਂ ਹੇਠ ਦਿੱਤੀ ਬਿਧੀ ਅਨੁਸਾਰ ਵੀਚਾਰਿਆ ਜਾ ਸਕਦਾ ਹੈ।
(1). ਕਿ ਸਾਹਾਨ ਸਾਹ ਹੈਂ ॥ (ਜਾਪ ਰਚਨਾ)
ਸਾਹਨ ਮਹਿ ਤੂੰ ਸਾਚਾ ਸਾਹਾ ਵਾਪਾਰਨ ਮਹਿ ਵਾਪਾਰੀ ॥ ਗੂਜਰੀ ਅਸਟ (ਮ:੫/ਅੰਗ ੫੦੭)
ਸੁਤਹ ਸਿਧ ਰੂਪੁ ਧਰਿਓ ਸਾਹਨ ਕੈ ਸਾਹਿ ਜੀਉ ॥ ਸਵਈਏ ਮਹਲੇ ਚਉਥੇ ਕੇ (ਭਟ ਗਯੰਦ/ਅੰਗ ੧੪੦੩) ਆਦਿ।
(2). ਮਿਤਿ ਗਤਿ ਅਖੰਡ ॥੬॥੯੨॥ ਗਤਿ ਮਿਤਿ ਅਪਾਰ ॥ (ਜਾਪ ਰਚਨਾ)
ਨਾਨਕ! ਦਾਸ ਤਾ ਕੀ ਸਰਨਾਈ, ਜਾ ਕੋ ਸਬਦੁ ਅਖੰਡ ਅਪਾਰ ॥ ਬਿਲਾਵਲੁ (ਮ:੫/ ਅੰਗ ੮੦੭)
ਅਖੰਡ ਪੂਰਨ ਜਾ ਕੋ ਪ੍ਰਤਾਪੁ ॥ ਬਸੰਤੁ (ਮ:੫/ਅੰਗ ੧੧੮੩)
ਤਾ ਕੀ ਗਤਿ ਮਿਤਿ ਕਹੀ ਨ ਜਾਇ ॥ ਗਉੜੀ ਸੁਖਮਨੀ (ਮ:੫/ਅੰਗ ੨੯੪)
ਤੁਮ੍ਹਰੀ ਗਤਿ ਮਿਤਿ ਕਹਿ ਨ ਸਕਹ ਪ੍ਰਭ! ਹਮ ਕਿਉ ਕਰਿ ਮਿਲਹ ਅਭਾਗੀ ॥ ਧਨਾਸਰੀ (ਮ:੪/ਅੰਗ ੬੬੭)
ਹਮ ਬਾਰਿਕ ਕਛੂਅ ਨ ਜਾਨਹ ਗਤਿ ਮਿਤਿ, ਤੇਰੇ ਮੂਰਖ ਮੁਗਧ ਇਆਨਾ ॥ ਜੈਤਸਰੀ (ਮ:੪/ਅੰਗ ੬੯੭)
ਤੁਮਰੀ ਗਤਿ ਮਿਤਿ ਤੁਮ ਹੀ ਜਾਨਹੁ, ਜੀਉ ਪਿੰਡੁ ਸਭੁ ਤੁਮਰੋ ਮਾਲ ॥ ਬਿਲਾਵਲੁ (ਮ:੫/ਅੰਗ ੮੨੮)
ਤਾ ਕੀ ਗਤਿ ਮਿਤਿ ਅਵਰੁ ਨ ਜਾਣੈ, ਗੁਰ ਬਿਨੁ ਸਮਝ ਨ ਹੋਈ ॥ ਰਾਮਕਲੀ (ਮ:੧/ ਅੰਗ ੮੭੯)
ਕਰਤੇ ਕੀ ਮਿਤਿ ਕਰਤਾ ਜਾਣੈ, ਕੈ ਜਾਣੈ ਗੁਰੁ ਸੂਰਾ ॥ ਰਾਮਕਲੀ ਓਅੰਕਾਰ (ਮ:੧/ਅੰਗ ੯੩੦)
ਤੇਰੀ ਗਤਿ ਮਿਤਿ ਤੂਹੈ ਜਾਣਹਿ, ਕਿਆ ਕੋ ਆਖਿ ਵਖਾਣੈ ॥ ਰਾਮਕਲੀ ਗੋਸਟਿ (ਮ:੧/ਅੰਗ ੯੪੬)
ਪ੍ਰਭ ਕੀ ਗਤਿ ਮਿਤਿ ਕੋਇ ਨ ਪਾਵੈ ॥ ਮਾਰੂ ਸੋਲਹੇ (ਮ:੧/ਅੰਗ ੧੦੨੫) ਆਦਿ।
(3). ਨ ਰਾਗੇ ॥ ਨ ਰੰਗੇ ॥ ਨ ਰੂਪੇ ॥ ਨ ਰੇਖੇ ॥੭॥੧੯੫॥ (ਜਾਪ ਰਚਨਾ)
ਰੂਪੁ ਨ ਰੇਖਿਆ ਮਿਤਿ ਨਹੀ ਕੀਮਤਿ, ਸਬਦਿ ਭੇਦਿ ਪਤੀਆਇਦਾ ॥ ਮਾਰੂ ਸੋਲਹੇ (ਮ:੧/ਅੰਗ ੧੦੩੪)
ਸਭ ਕੈ ਮਧਿ ਸਭ ਹੂ ਤੇ ਬਾਹਰਿ, ਰਾਗ ਦੋਖ ਤੇ ਨਿਆਰੋ ॥ ਸੂਹੀ (ਮ:੫/ਅੰਗ ੭੮੫)
ਰੂਪੁ ਨ ਰੇਖਿਆ ਜਾਤਿ ਨ ਹੋਤੀ, ਤਉ ਅਕੁਲੀਣਿ ਰਹਤਉ ਸਬਦੁ ਸੁ ਸਾਰੁ ॥ ਰਾਮਕਲੀ ਗੋਸਟਿ (ਮ:੧/ਅੰਗ ੯੪੫)
ਤੁਧੁ ਰੂਪੁ ਨ ਰੇਖਿਆ ਜਾਤਿ, ਤੂ ਵਰਨਾ ਬਾਹਰਾ ॥ ਮਾਰੂ ਵਾਰ:੨ (ਮ:੫/ਅੰਗ ੧੦੯੬) ਆਦਿ।
(4). ਅਭੇਦ ਹੈਂ ਅਭੰਗ ਹੈਂ ॥ ਅਲੇਖ ਹੈਂ ॥੧॥੧੩੩॥ (ਜਾਪ ਰਚਨਾ)
ਅਛਲ ਅਛੇਦ ਅਭੇਦ ਪ੍ਰਭ ਐਸੇ ਭਗਵਾਨ ॥ ਬਿਲਾਵਲੁ (ਮ:੫/ਅੰਗ ੮੧੬)
ਅਛਲ ਅਛੇਦ ਅਭੇਦ ਦਇਆਲ ॥ ਗੋਂਡ (ਮ:੫/ਅੰਗ ੮੬੮)
ਉਲਟਿ ਭੇਦ ਮਨੁ ਬੇਧਿਓ ਪਾਇਓ ਅਭੰਗ ਅਛੇਦ ॥ ਗਉੜੀ ਬਾਵਨ ਅਖਰੀ (ਭ. ਕਬੀਰ/ਅੰਗ ੩੪੦)
ਤੂ ਪੁਰਖੁ ਅਲੇਖ ਅਗੰਮ ਨਿਰਾਲਾ ॥ ਮਾਰੂ ਸੋਲਹੇ (ਮ:੧/ਅੰਗ ੧੦੩੮) ਆਦਿ।
(5). ਅਨਾਦਿ ਹੈਂ ॥ ਜੁਗਾਦਿ ਹੈਂ ॥੨॥੧੩੪॥ (ਜਾਪ ਰਚਨਾ)
ਤੂ ਆਦਿ ਜੁਗਾਦਿ ਕਰਹਿ ਪ੍ਰਤਿਪਾਲਾ ॥ ਮਾਰੂ ਸੋਲਹੇ (ਮ:੧/ਅੰਗ ੧੦੩੧)
ਆਦਿ ਜੁਗਾਦਿ ਅਨਾਦਿ ਕਲਾ ਧਾਰੀ ਤਿ੍ਰਹੁ ਲੋਅਹ ॥ ਸਵਈਏ ਮਹਲੇ ਚਉਥੇ ਕੇ (ਭਟ ਸਲ੍ਹ/ਅੰਗ ੧੪੦੬) ਆਦਿ।
(6). ਅਜਪਾ ਜਪ ਹੈਂ ॥ (ਜਾਪ ਰਚਨਾ)
ਅਜਪਾ ਜਾਪੁ ਨ ਵੀਸਰੈ ਆਦਿ ਜੁਗਾਦਿ ਸਮਾਇ ॥ ਮਲਾਰ ਕੀ ਵਾਰ (ਮ:੧/ਅੰਗ ੧੨੯੧) ਆਦਿ।
(7). ਸਰਬੰ ਹਰਤਾ ॥ ਸਰਬੰ ਕਰਤਾ ॥ (ਜਾਪ ਰਚਨਾ)
ਗੁਰਦੇਵ ਕਰਤਾ ਸਭਿ ਪਾਪ ਹਰਤਾ ਗੁਰਦੇਵ ਪਤਿਤ ਪਵਿਤ ਕਰਾ ॥ ਗਉੜੀ ਬ.ਅ. (ਮ:੫/ਅੰਗ ੨੫੦)
ਤੂ ਆਪੇ ਆਪਿ ਆਪਿ ਸਭੁ ਕਰਤਾ, ਕੋਈ ਦੂਜਾ ਹੋਇ ਸੁ ਅਵਰੋ ਕਹੀਐ ॥ ਵਡਹੰਸ ਕੀ ਵਾਰ (ਮ:੪/ਅੰਗ ੫੯੪)
ਨਾਨਕ! ਸਭੁ ਕਿਛੁ ਆਪੇ ਕਰਤਾ, ਆਪਿ ਕਰਾਵੈ ਸੋਈ ॥ ਸੂਹੀ (ਮ:੩/ਅੰਗ ੭੬੯) ਆਦਿ।
(8). ਸਰਬੰ ਪ੍ਰਾਣੰ ॥ (ਜਾਪ ਰਚਨਾ)
ਗੁਰਮੁਖਿ ਜਾਤਿ ਪਤਿ ਸਭੁ ਆਪੇ ॥ ਮਾਝ (ਮ:੩/ਅੰਗ ੧੧੭ ਵਿਸਰੁ ਨਾਹੀ ਪ੍ਰਭ ਪ੍ਰਾਣ ਅਧਾਰੇ ਜੀਉ ॥ ਗਉੜੀ (ਮ:੫/ਅੰਗ ੨੧੭)
ਤੂੰ ਦਾਤਾ ਭੁਗਤਾ ਤੂੰਹੈ ਤੂੰ ਪ੍ਰਾਣ ਅਧਾਰਾ ॥ ਗਉੜੀ (ਮ:੧/ਅੰਗ ੨੨੮)
ਖੋਜਤ ਸੰਤ ਫਿਰਹਿ ਪ੍ਰਭ ਪ੍ਰਾਣ ਅਧਾਰੇ ਰਾਮ ॥ ਬਿਹਾਗੜਾ (ਮ:੫/ਅੰਗ ੫੪੫)
ਗੋਬਿੰਦਾ ਮੇਰੇ ਗੋਬਿੰਦਾ ਪ੍ਰਾਣ ਅਧਾਰਾ ਮੇਰੇ ਗੋਬਿੰਦਾ ॥ ਰਾਮਕਲੀ (ਮ:੫/ਅੰਗ ੯੨੪)
ਅਟਲ ਅਖੰਡ ਪ੍ਰਾਣ ਸੁਖਦਾਈ, ਇਕ ਨਿਮਖ ਨਹੀ ਤੁਝੁ ਗਾਇਓ ॥ ਮਾਰੂ (ਮ:੫/ ਅੰਗ ੧੦੧੭)
ਜੀਉ ਪ੍ਰਾਣ ਜਿਨਿ ਰਚਿਓ ਸਰੀਰ ॥ ਭੈਰਉ (ਮ:੫/ਅੰਗ ੧੧੩੭)
ਜੀਅ ਪ੍ਰਾਣ ਤੁਮ੍ਹ ਪਿੰਡ ਦੀਨ੍ਹ ॥ ਬਸੰਤੁ (ਮ:੫/ਅੰਗ ੧੧੮੧)
ਜੀਅ ਪ੍ਰਾਣ ਮਹਿ ਰਵਿ ਰਹੇ ॥ ਬਸੰਤੁ (ਮ:੫/ਅੰਗ ੧੧੮੧)
ਹੇ ਪ੍ਰਾਣ ਨਾਥ ਗੋਬਿੰਦਹ! ਕਿ੍ਰਪਾ ਨਿਧਾਨ ਜਗਦ ਗੁਰੋ ॥ ਸਲੋਕ ਸਹਸਕਿ੍ਰਤੀ (ਮ:੫/ ਅੰਗ ੧੩੫੮) ਆਦਿ।
(9). ਸਰਬੰ ਤ੍ਰਾਣੰ ॥੨॥੧੪੩॥ (ਜਾਪ ਰਚਨਾ)
ਤੇਰਾ ਮਾਣੁ ਤਾਣੁ ਪ੍ਰਭ ਤੇਰਾ ॥ ਮਾਝ (ਮ:੫/ਅੰਗ ੧੦੬)
ਤੇਰਾ ਤਾਣੁ ਤੂਹੈ ਦੀਬਾਣੁ ॥ ਆਸਾ (ਮ:੧/ਅੰਗ ੩੫੫) ਆਦਿ।
(10). ਨ ਪੋਤ੍ਰੈਨ ਪੁਤ੍ਰੈ ॥ ਨ ਸਤ੍ਰੈ ਨ ਮਿਤ੍ਰੈ ॥ (ਜਾਪ ਰਚਨਾ)
ਮਿਤ੍ਰ ਸਤ੍ਰ ਪੇਖਿ ਸਮਤੁ ਬੀਚਾਰਿਓ, ਸਗਲ ਸੰਭਾਖਨ ਜਾਪੁ ॥੧॥ ਸਾਰੰਗ (ਮ:੫/ ਅੰਗ ੧੨੧੭) ਆਦਿ।
(11). ਨ ਜਾਤੈ ਨ ਪਾਤੈ ॥੪॥੧੪੮॥ (ਜਾਪ ਰਚਨਾ)
ਗੁਰਮੁਖਿ ਜਾਤਿ ਪਤਿ ਸਭੁ ਆਪੇ ॥ ਮਾਝ (ਮ:੩/ਅੰਗ ੧੧੭)
ਹਰਿ ਭਗਤਾ ਕੀ ਜਾਤਿ ਪਤਿ ਹੈ, ਭਗਤ ਹਰਿ ਕੈ ਨਾਮਿ ਸਮਾਣੇ ਰਾਮ ॥ ਸੂਹੀ (ਮ:੩/ਅੰਗ ੭੬੮) ਆਦਿ।
(12). ਕਿ ਜਾਹਿਰ ਜਹੂਰ ਹੈਂ ॥ (ਜਾਪ ਰਚਨਾ)
ਸੰਤ ਸਹਾਈ ਨਾਨਕਾ ਵਰਤੈ ਸਭ ਜਾਹਰੁ ॥ ਗਉੜੀ ਕੀ ਵਾਰ:੧ (ਮ:੪/ਅੰਗ ੩੧੫)
ਆਪੇ ਗੁਪਤੁ ਵਰਤਦਾ ਆਪੇ ਹੀ ਜਾਹਰਿ ॥ ਬਿਹਾਗੜੇ ਕੀ ਵਾਰ (ਮ:੪/ਅੰਗ ੫੫੫)
ਸਤਿਗੁਰਿ ਸੰਗਿ ਦਿਖਾਇਆ ਜਾਹਰਿ ॥ ਰਾਮਕਲੀ ਕੀ ਵਾਰ:੨ (ਮ:੫/ਅੰਗ ੯੬੫)
ਵਿਸਮਾਦੁ ਦੇਖੈ ਹਾਜਰਾ ਹਜੂਰਿ ॥ ਆਸਾ ਕੀ ਵਾਰ (ਮ:੧/ਅੰਗ ੪੬੪)
ਸਭਨਾ ਕਾ ਸਹੁ ਏਕੁ ਹੈ, ਸਦ ਹੀ ਰਹੈ ਹਜੂਰਿ ॥ ਗੂਜਰੀ ਕੀ ਵਾਰ:੧ (ਮ:੩/ਅੰਗ ੫੧੦)
ਹਾਜਰਾ ਹਜੂਰਿ ਦਰਿ ਪੇਸਿ ਤੂੰ ਮਨਂੀ ॥ ਤਿਲੰਗ (ਭ. ਨਾਮਦੇਵ/ਅੰਗ ੭੨੭)
ਕਰਨ ਕਰਾਵਨ ਹਾਜਰਾ ਹਜੂਰਿ ॥੧॥ ਰਹਾਉ ॥ ਮਾਲੀ ਗਉੜਾ (ਮ:੫/ਅੰਗ ੯੮੭)
ਸਦ ਹਜੂਰਿ ਹਾਜਰੁ ਹੈ ਨਾਜਰੁ, ਕਤਹਿ ਨ ਭਇਓ ਦੂਰਾਈ ॥ ਮਾਰੂ (ਮ:੫/ਅੰਗ ੧੦੦੦)
ਜਨ ਨਾਨਕ! ਹਰਿ ਜਪਿ ਹਾਜਰਾ ਹਜੂਰਿ ॥ ਭੈਰਉ (ਮ:੪/ਅੰਗ ੧੧੩੪)
ਹਾਜਰੁ ਹਜੂਰਿ ਹਰਿ ਵੇਪਰਵਾਹਾ ॥ ਮਲਾਰ (ਮ:੩/ਅੰਗ ੧੨੬੧) ਆਦਿ।
(13). ਹਮੇਸੁਲ ਸਲਾਮ ਹੈਂ ॥ (ਜਾਪ ਰਚਨਾ)
ਤੂ ਸਦਾ ਸਲਾਮਤਿ ਨਿਰੰਕਾਰ ॥੧੬॥ ਜਪੁ (ਮ:੧/ਅੰਗ ੩)
ਹਮਰਾ ਰਾਜਨੁ ਸਦਾ ਸਲਾਮਤਿ ਤਾ ਕੋ ਸਗਲ ਘਟਾ ਜਸੁ ਗਾਇਓ ॥ ਸਾਰੰਗ (ਮ:੫/ ਅੰਗ ੧੨੩੫)
ਨਿਰੰਕਾਰੁ ਪ੍ਰਭੁ ਸਦਾ ਸਲਾਮਤਿ ਕਹਿ ਨ ਸਕੈ ਕੋਊ ਤੂ ਕਦ ਕਾ ॥ ਸਵਈਏ ਮਹਲੇ ਚਉਥੇ ਕੇ (ਭਟ ਗਯੰਦ/ਅੰਗ ੧੪੦੩) ਆਦਿ।
(14). ਕਿ ਅਜਬ ਸਰੂਪ ਹੈਂ ॥ (ਜਾਪ ਰਚਨਾ)
ਅਜਬ ਕੰਮ ਕਰਤੇ ਹਰਿ ਕੇਰੇ ॥ ਮਾਝ (ਮ:੩/ਅੰਗ ੧੧੮) ਆਦਿ।
(15). ਓਅੰਕਾਰ ਆਦਿ ॥੭॥੧੬੭॥ (ਜਾਪ ਰਚਨਾ)
ਓਅੰਕਾਰ ਆਦਿ ਮੈ ਜਾਨਾ ॥ ਗਉੜੀ ਬਾਵਨ ਅਖਰੀ (ਭ. ਕਬੀਰ/ਅੰਗ ੩੪੦) ਆਦਿ।
(16). ਅਨਟੁਟ ਭੰਡਾਰ ॥ (ਜਾਪ ਰਚਨਾ)
ਅਮੁਲ ਵਾਪਾਰੀਏ ਅਮੁਲ ਭੰਡਾਰ ॥ ਜਪੁ (ਮ:੧/ਅੰਗ ੫)
ਤੇਰੀ ਭਗਤਿ ਤੇਰੀ ਭਗਤਿ ਭੰਡਾਰ ਜੀ ਭਰੇ ਬਿਅੰਤ ਬੇਅੰਤਾ ॥ ਸੋਪੁਰਖੁ ਆਸਾ (ਮ:੪/ਅੰਗ ੧੧)
ਤੋਟਿ ਨ ਆਵਈ ਤੇਰੇ ਜੁਗਹ ਜੁਗਹ ਭੰਡਾਰ ॥ ਸਿਰੀਰਾਗੁ (ਮ:੧/ਅੰਗ ੫੩)
ਭਰੇ ਭੰਡਾਰ ਅਖੂਟ ਅਤੋਲ ॥ ਗਉੜੀ (ਮ:੫/ਅੰਗ ੧੮੬)
ਖਾਤ ਖਰਚਤ ਬਿਲਛਤ ਰਹੇ ਟੂਟਿ ਨ ਜਾਹਿ ਭੰਡਾਰ ॥ ਗਉੜੀ ਬ.ਅ. (ਮ:੫/ਅੰਗ ੨੫੩)
ਤੋਟਿ ਨ ਆਵੈ ਕਦੇ ਮੂਲਿਪੂਰਨ ਭੰਡਾ ਬਿਲਾਵਲੁ ਮ:੫/ਅੰਗ ੮੧੭)
ਤੋਟਿ ਨ ਆਵੈ ਅਖੁਟ ਭੰਡਾਰ ॥ ਰਾਮਕਲੀ (ਮ:੫/ਅੰਗ ੮੯੩)
ਦੇਦੇ ਤੋਟਿ ਨਹੀ ਭੰਡਾਰ ॥ ਭੈਰਉ (ਮ:੫/ਅੰਗ ੧੧੪੪)
ਅਖੁਟ ਭੰਡਾਰ ਭਰੇ ਕਦੇ ਤੋਟਿ ਨ ਆਵੈ ਸਦਾ ਹਰਿ ਸੇਵਹੁ ਭਾਈ ॥ ਪ੍ਰਭਾਤੀ (ਮ:੩/ ਅੰਗ ੧੩੩੩)
ਨਾਮੁ ਪਦਾਰਥੁ ਪਾਇਆ ਅਤੁਟ ਭਰੇ ਭੰਡਾਰ ॥ ਸਲੋਕ ਵਾਰਾਂ ਤੇ ਵਧੀਕ (ਮ:੩/ ਅੰਗ ੧੪੧੪) ਆਦਿ।
(17). ਪਰਮੇਸ੍ਵਰ ਹੈਂ ॥ (ਜਾਪ ਰਚਨਾ)
ਪਾਰਬ੍ਰਹਮ ਪੂਰਨ ਪਰਮੇਸਰ! ਨਾਨਕ! ਨਾਮੁ ਧਿਆਈਐ ॥ ਗਉੜੀ (ਮ:੫/ਅੰਗ ੨੪੯)
ਪਰਮੇਸਰ ਕਾ ਆਸਰਾ ਸੰਤਨ ਮਨ ਮਾਹਿ ॥੧॥ ਰਹਾਉ ॥ ਬਿਲਾਵਲੁ (ਮ:੫/ਅੰਗ ੮੧੨)
ਬਿਨੁ ਗੁਰ ਪਰਮੇਸਰ ਕੋਈ ਨਾਹੀ ॥ ਮਾਰੂ ਸੋਲਹੇ (ਮ:੧/ਅੰਗ ੧੦੨੮)
ਪੋਥੀ ਪਰਮੇਸਰ ਕਾ ਥਾਨੁ ॥ ਸਾਰੰਗ (ਮ:੫/ਅੰਗ ੧੨੨੬)
ਕਰਿ ਕਿਰਪਾ ਪੂਰਨ ਪਰਮੇਸਰ! ਨਿਹਚਲੁ ਸਚੁ ਸਬਦੁ ਨੀਸਾਣੁ ॥੧॥ ਰਹਾਉ ॥ ਕਲਿਆਨ (ਮ:੫/ਅੰਗ ੧੩੨੩) ਆਦਿ।
(18). ਪਰ ਤੇ ਪਰ ਹੈਂ ॥ ਉਪਮਾ ਅਪਾਰ ॥ (ਜਾਪ ਰਚਨਾ)
ਧਰਤੀ ਹੋਰੁ ਪਰੈ ਹੋਰੁ ਹੋਰੁ ॥ ਜਪੁ (ਮ:੧/ਅੰਗ ੩)
ਤਿਸ ਤੇ ਪਰੈ ਨਾਹੀ ਕਿਛੁ ਕੋਇ ॥ ਗਉੜੀ ਸੁਖਮਨੀ (ਮ:੫/ਅੰਗ ੨੮੩)
ਤੂ ਪਰੈ ਪਰੈ ਅਪਰੰਪਰੁ ਸੁਆਮੀ ਮਿਤਿ ਜਾਨਹੁ ਆਪਨ ਗਾਤੀ ॥ ਧਨਾਸਰੀ (ਮ:੪/ ਅੰਗ ੬੬੮)
ਤੂ ਪਰੈ ਪਰੈ ਅਪਰੰਪਰੁ ਸੁਆਮੀ ਤੂ ਆਪਨ ਜਾਨਹਿ ਆਪਿ ਜਗੰਨਾਥ ॥ ਕਾਨੜਾ (ਮ:੪/ਅੰਗ ੧੨੯੬)
ਸਭ ਤੇ ਪਰੈ ਪਰੈ ਤੇ ਊਚਾ ਗਹਿਰ ਗੰਭੀਰ ਅਥਾਹਿਓ ॥ ਕਾਨੜਾ (ਮ:੫/ਅੰਗ ੧੨੯੯)
ਪਾਰਬ੍ਰਹਮ ਅਪਰੰਪਰ ਦੇਵਾ ॥ ਮਾਝ (ਮ:੫/ਅੰਗ ੯੮)
ਆਦਿ ਪੁਰਖ ਅਪਰੰਪਰ ਦੇਵ ॥ ਗਉੜੀ (ਮ:੫/ਅੰਗ ੧੮੭)
ਹੇ ਅਪਰੰਪਰ ਹਰਿ ਹਰੇ ਹਹਿ ਭੀ ਹੋਵਨਹਾਰ ॥ ਗਉੜੀ ਬ.ਅ. (ਮ:੫/ਅੰਗ ੨੬੧)
ਪਾਰਬ੍ਰਹਮ ਅਪਰੰਪਰ ਸੁਆਮੀ ਸਿਮਰਤ ਪਾਰਿ ਪਰਾਨਾ ॥ ਧਨਾਸਰੀ (ਮ:੫/ਅੰਗ ੬੭੨)
ਤੂ ਅਪਰੰਪਰ ਠਾਕੁਰ ਮੇਰੇ ॥੧॥ ਰਹਾਉ ॥ ਬਿਲਾਵਲੁ (ਮ:੫/ਅੰਗ ੮੦੫)
ਆਦਿ ਪੁਰਖ ਅਪਰੰਪਰ ਦੇਵ ॥ ਬਸੰਤੁ (ਮ:੫/ਅੰਗ ੧੧੮੧) ਆਦਿ।
(19). ਭਵ ਭੰਜਨ ਹੈਂ ॥ (ਜਾਪ ਰਚਨਾ)
ਭਵ ਖੰਡਨਾ ਤੇਰੀ ਆਰਤੀ ॥ ਸੋਹਿਲਾ ਧਨਾਸਰੀ (ਮ:੧/ਅੰਗ ੧੩)
ਜਨਮ ਮਰਣ ਭਵ ਭੰਜਨੁ ਗਾਈਐ ਪੁਨਰਪਿ ਜਨਮੁ ਨ ਹੋਈ ਜੀਉ ॥ ਸੋਰਠਿ (ਮ:੧/ਅੰਗ ੫੯੯)
ਅਨਹਦ ਚੋਜ ਭਗਤ ਭਵ ਭੰਜਨ ਅਨਹਦ ਵਾਜੇ ਧੁਨੀਐ ਰਾਮ ॥ ਸੂਹੀ (ਮ:੫/ਅੰਗ ੭੮੩) ਆਦਿ।
(20). ਪਰਮਾਤਮ ਹੈਂ ॥ (ਜਾਪ ਰਚਨਾ)
ਜਿਨੀ ਆਤਮੁ ਚੀਨਿਆ ਪਰਮਾਤਮੁ ਸੋਈ ॥ ਆਸਾ (ਮ:੧/ਅੰਗ ੪੨੧) ਆਦਿ।
(21). ਸਰਬਾਤਮ ਹੈਂ ॥ (ਜਾਪ ਰਚਨਾ)
ਉਧੌ ਅਕ੍ਰੂਰੁ ਬਿਦਰੁ ਗੁਣ ਗਾਵੈ ਸਰਬਾਤਮੁ ਜਿਨਿ ਜਾਣਿਓ ॥ ਸਵਈਏ ਮਹਲੇ ਪਹਿਲੇ ਕੇ (ਭਟ ਕਲ੍ਹ/ਅੰਗ ੧੩੮੯) ਆਦਿ।
(22). ਨਮੋ ਸੂਰਜ ਸੂਰਜੇ ਨਮੋ ਚੰਦ੍ਰ ਚੰਦ੍ਰੇ ॥ (ਜਾਪ ਰਚਨਾ)
ਤੁਧੁ ਆਪੇ ਧਰਤੀ ਚੰਦੁ ਸੂਰਜੁ ਦੁਇ ਦੀਵੇ ॥ ਸਿਰੀਰਾਗੁ ਕੀ ਵਾਰ (ਮ:੪/ਅੰਗ ੮੩)
ਭੈ ਵਿਚਿ ਸੂਰਜੁ ਭੈ ਵਿਚਿ ਚੰਦੁ ॥ ਆਸਾ ਕੀ ਵਾਰ (ਮ:੧/ਅੰਗ ੪੬੪)
ਸੂਰਜੁ ਚੰਦੁ ਸਿਰਜਿਅਨੁ ਅਹਿਨਿਸਿ ਚਲਤੁ ਵੀਚਾਰੋ ॥੧॥ ਵਡਹੰਸ ਅਲਾਹਣੀਆ (ਮ:੧/ਅੰਗ ੫੮੦)
ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ॥ ਧਨਾਸਰੀ (ਮ:੧/ਅੰਗ ੬੬੩)
ਚੰਦੁ ਸੂਰਜੁ ਦੁਇ ਚਾਨਣੇ ਪੂਰੀ ਬਣਤ ਬਣਾਈ ॥ ਰਾਮਕਲੀ ਕੀ ਵਾਰ:੧ (ਮ:੩/ਅੰਗ ੯੪੭)
ਚੰਦੁ ਸੂਰਜੁ ਦੁਇ ਜੋਤਿ ਸਰੂਪੁ ॥ ਰਾਮਕਲੀ (ਭ. ਕਬੀਰ/ਅੰਗ ੯੭੨) ਆਦਿ।
(23). ਦੁਕਾਲੰ ਪ੍ਰਣਾਸੀ ਦਿਆਲੰ ਸਰੂਪੇ ॥ ਸਦਾ ਅੰਗ ਸੰਗੇ ਅਭੰਗੰ ਬਿਭੂਤੇ ॥ (ਜਾਪ ਰਚਨਾ)
ਅੰਗ ਸੰਗ ਭਗਵਾਨ ਪਰਸਨ ਪ੍ਰਭ! ਨਾਨਕ! ਪਤਿਤ ਉਧਾਰ ॥ ਗੂਜਰੀ ਅਸਟ (ਮ:੫/ਅੰਗ ੫੦੮)
ਰੂਪ ਨ ਧੂਪ ਨ ਗੰਧ ਨ ਦੀਪਾ, ਓਤਿ ਪੋਤਿ ਅੰਗ ਅੰਗ ਸੰਗਿ ਮਉਲੀ ॥ ਬਿਲਾਵਲੁ (ਮ:੫/ਅੰਗ ੮੨੨)
ਸਦਾ ਸਦਾ ਸਦਾ ਦਇਆਲ ॥ ਗਉੜੀ ਸੁਖਮਨੀ (ਮ:੫/ਅੰਗ ੨੭੫)
ਗੋਪਾਲ ਦਾਮੋਦਰ ਦੀਨ ਦਇਆਲ ॥ ਗਉੜੀ ਸੁਖਮਨੀ (ਮ:੫/ਅੰਗ ੨੯੫)
ਸਰਨਿ ਨਾਨਕ! ਪ੍ਰਭ ਪੁਰਖ ਦਇਆਲ ॥੧੩॥ ਗਉੜੀ ਥਿਤੀ (ਮ:੫/ਅੰਗ ੨੯੯)
ਦੀਨ ਦਇਆਲ ਭਰੋਸੇ ਤੇਰੇ ॥ ਗਉੜੀ (ਭ. ਕਬੀਰ/ਅੰਗ ੩੩੭)
ਭਗਤ ਤੇਰੇ ਦਇਆਲ ਓਨ੍ਹਾ ਮਿਹਰ ਪਾਇ ॥ ਗੂਜਰੀ ਕੀ ਵਾਰ:੨ (ਮ:੫/ਅੰਗ ੫੨੨)
ਦਇਆਲ ਪੁਰਖ ਮਿਹਰਵਾਨਾ ॥ ਸੋਰਠਿ (ਮ:੫/ਅੰਗ ੬੨੮)
ਦਇਆਲ ਤੇਰੈ ਨਾਮਿ ਤਰਾ ॥ ਧਨਾਸਰੀ (ਮ:੧/ਅੰਗ ੬੬੦)
ਪ੍ਰਭ ਦਇਆਲ ਕਿਰਪਾਲ ਹਜੂਰਿ ॥ ਧਨਾਸਰੀ (ਮ:੫/ਅੰਗ ੬੭੬)
ਸਾ ਮਤਿ ਦੇਹੁ ਦਇਆਲ ਪ੍ਰਭ! ਜਿਤੁ ਤੁਮਹਿ ਅਰਾਧਾ ॥ ਧਨਾਸਰੀ (ਮ:੫/ਅੰਗ ੬੭੭)
ਅਛਲ ਅਛੇਦ ਅਭੇਦ ਦਇਆਲ ॥ ਗੋਂਡ (ਮ:੫/ਅੰਗ ੮੬੮)
ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ ॥੧॥ ਰਹਾਉ ॥ ਮਲਾਰ (ਮ:੫/ਅੰਗ ੧੨੭੩) ਆਦਿ।
ਯਾਦ ਰਹੇ ਉਪਰੋਕਤ ਗੁਰਬਾਣੀ ਸ਼ਬਦ ਅਤੇ ਜਾਪ ਰਚਨਾ ਦੇ ਸ਼ਬਦਾਂ ਦੀ ਲਿਖਣਸ਼ੈਲੀ ਔਕੁੜ ਰਹਿਤ ਇੱਕ ਸਮਾਨ ਹੈ। ਅਗਰ ‘ਗੁਰਬਾਣੀ’ ਦੇ ਸ਼ਬਦ ਸੰਬੋਧਨ ਰੂਪ ’ਚ ਹਨ ਤਾਂ ‘ਜਾਪ’ ਰਚਨਾ ਦੇ ਸ਼ਬਦ ਸੰਬੋਧਨ ਰੂਪ ’ਚ ਕਿਉਂ ਨਹੀਂ ਹੋ ਸਕਦੇ? ਇਸ ਭਾਵਨਾ ਨੂੰ ਹੋਰ ਇਸ ਸ਼ਬਦ ਵੀਚਾਰ ਰਾਹੀਂ ਵਧੇਰੇ ਸਮਝਿਆ ਜਾ ਸਕਦਾ ਹੈ:-
(ੳ). ਕਿਰਿਆ (Verb) ਸ਼ਬਦ ਕਿਸੇ ਵਾਕ ਦੇ ਭੂਤ ਕਾਲ, ਵਰਤਮਾਨ ਕਾਲ ਅਤੇ ਭਵਿਖ ਕਾਲ ਨੂੰ ਦਰਸਾਉਂਦਾ ਹੈ।
(ਅ). ਕਿਰਿਆ (Verb) ਸ਼ਬਦ ਕਿਸੇ ਵਾਕ ਦੇ ਉਤਮ ਪੁਰਖ (ਇੱਕ ਵਚਨ ਜਾਂ ਬਹੁ ਵਚਨ), ਮੱਧਮ ਪੁਰਖ (ਇੱਕ ਵਚਨ ਜਾਂ ਬਹੁ ਵਚਨ) ਅਤੇ ਅਨ੍ਯ ਪੁਰਖ (ਇੱਕ ਵਚਨ ਜਾਂ ਬਹੁ ਵਚਨ) ਨੂੰ ਦਰਸਾਉਂਦਾ ਹੈ।
(ਨੋਟ:- ਮੱਧਮ ਪੁਰਖ+ਇੱਕ ਵਚਨ+ਵਰਤਮਾਨ ਕਿਰਿਆ (Verb) ਰੂਪ ਸ਼ਬਦ ਗੁਰਬਾਣੀ ਵਿੱਚ ਹੈਂ ਜਾਂ ਹਹਿ ਹੁੰਦਾ ਹੈ, ਜਿਸ ਨੂੰ ਹਮੇਸ਼ਾਂ ਬਿੰਦੀ ਸਹਿਤ ਪੜ੍ਹਨਾ ਚਾਹੀਦਾ ਹੈ ਬੇਸ਼ੱਕ ਗੁਰਬਾਣੀ ’ਚ ਬਹੁਤ ਥਾਂ ਬਿੰਦੀ ਨਹੀਂ ਲੱਗੀ) ਜਿਵੇਂ:-
ਤੇਰਾ ਸਬਦੁ ਤੂੰਹੈ ਹਹਿ ਆਪੇ, ਭਰਮੁ ਕਹਾ ਹੀ ॥ ਗਉੜੀ (ਮ:੩/ਅੰਗ ੧੬੨)
ਹੇ ਅਪਰੰਪਰ ਹਰਿ ਹਰੇ! ਹਹਿ ਭੀ ਹੋਵਨਹਾਰ ॥ ਗਉੜੀ ਬ.ਅ. (ਮ:੫/ਅੰਗ ੨੬੧)
ਅਬ ਹਮ ਤੁਮ ਏਕ ਭਏ ਹਹਿ, ਏਕੈ ਦੇਖਤ ਮਨੁ ਪਤੀਆਹੀ ॥ ਗਉੜੀ (ਭ. ਕਬੀਰ/ਅੰਗ ੩੩੯)
ਤੂ ਭੰਨਣ ਘੜਣ ਸਮਰਥੁ ਦਾਤਾਰੁ ਹਹਿ ਤੁਧੁ ਅਗੈ ਮੰਗਣ ਨੋ ਹਥ ਜੋੜਿ ਖਲੀ ਸਭ ਹੋਈ ॥ ਬਿਹਾਗੜੇ ਕੀ ਵਾਰ (ਮ:੪/ਅੰਗ ੫੪੯)
ਤੂ ਕਰਣ ਕਾਰਣ ਸਮਰਥੁ ਹਹਿ ਕਰਤੇ! ਮੈ ਤੁਝ ਬਿਨੁ ਅਵਰੁ ਨ ਕੋਈ ॥ ਸੋਰਠਿ ਕੀ ਵਾਰ (ਮ:੪/ ਅੰਗ ੬੫੩)
ਤੂ ਗੁਣਦਾਤਾ ਨਿਧਾਨੁ ਹਹਿ, ਅਸੀ ਅਵਗਣਿਆਰ ॥ ਮਲਾਰ ਕੀ ਵਾਰ (ਮ:੧/ਅੰਗ ੧੨੮੪)
ਤੂੰ ਥਾਨ ਥਨੰਤਰਿ ਭਰਪੂਰੁ ਹਹਿ ਕਰਤੇ! ਸਭ ਤੇਰੀ ਬਣਤ ਬਣਾਵਣੀ ॥ ਕਾਨੜੇ ਕੀ ਵਾਰ (ਮ:੪/ਅੰਗ ੧੩੧੪)
ਤੂ ਸਚਾ ਸਾਹਿਬੁ ਆਪਿ ਹੈ, ਸਚੁ ਸਾਹ ਹਮਾਰੇ ॥ ਗਉੜੀ ਕੀ ਵਾਰ:੧ (ਮ:੪/ਅੰਗ ੩੦੮) ਆਦਿ।
ਉਪਰੋਕਤ ਸ਼ਬਦਾਂ ’ਚ ਕਿਰਿਆ (Verb) ਸ਼ਬਦ ਹਹਿ ਅਤੇ ਹੈ ਨੂੰ ਹੈਂ (ਬਿੰਦੀ ਸਹਿਤ) ਪੜ੍ਹਨ ਦੀ ਪ੍ਰੇਰਨਾ ਸਾਨੂੰ ਇਸ ਪੰਕਤੀ ’ਤੋਂ ਵੀ ਮਿਲਦੀ ਹੈ:-
ਤੂ ਜੁ ਦਇਆਲੁ ਕਿ੍ਰਪਾਲੁ ਕਹੀਅਤੁ ਹੈਂ, ਅਤਿਭੁਜ ਭਇਓ ਅਪਾਰਲਾ ॥ ਮਲਾਰ (ਭ. ਨਾਮਦੇਵ/ਅੰਗ ੧੨੯੨)
ਯਾਦ ਰਹੇ ਇਹਨਾਂ ਪੰਕਤੀਆਂ ਦੇ ਅਰਥ ਕਰਨ ਲੱਗਿਆਂ ਅਗੇਤਰ ‘ਤੂੰ’ ਸ਼ਬਦ ਲਗਾਉਣਾ ਹੀ ਪਵੇਗਾ। ਜੋ ਕਿ ਸੰਬੋਧਨ ਦਾ ਸੂਚਕ ਹੈ। ਜਾਪ ਰਚਨਾ ’ਚ ਇਹ ਕਿਰਿਆ (Verb) ਸ਼ਬਦ ਹੈਂ (ਬਿੰਦੀ ਸਹਿਤ) ਬਹੁਤਾਤ ’ਚ ਮਿਲਣਾ ਗੁਰਬਾਣੀ ਅਤੇ ਜਾਪ ਰਚਨਾ ਦਾ ਲਿਖਾਰੀ ਇੱਕ ਹੋਣ ਦਾ ਪ੍ਰਤੱਕ ਸਬੂਤ ਹੈ ਜਿਸ ਦੀ ਨਾ ਸਮਝ ਹੋਣ ਕਾਰਨ ਕੁਝ ਸੱਜਣ ਜਾਪ ਰਚਨਾ ਨੂੰ ਅਖੌਤੀ ਕਹਿ ਕੇ ਗੁਰਬਾਣੀ ਪ੍ਰਤੀ ਸਤਿਕਾਰ ਵਿਖਾਉਣਾ ਇੱਕ ਮਜ਼ਾਕ ਬਣ ਕੇ ਰਹਿ ਗਿਆ ਹੈ।
ਗੁਰਬਾਣੀ ਵਿੱਚ ਕਿਰਿਆ (Verb) ਸ਼ਬਦ ਹਹਿ ਅਨ੍ਯ ਪੁਰਖ+ ਬਹੁ ਵਚਨ+ ਵਰਤਮਾਨ ਦੇ ਰੂਪ ’ਚ ਵੀ ਮਿਲਦਾ ਹੈ ਸ਼ਬਦ ਵੀਚਾਰ ਕਰਦਿਆਂ ਧਿਆਨ ਰੱਖਣ ਦੀ ਜ਼ਰੂਰਤ ਹੈ ਜਿਵੇਂ :- ਸਹਸ ਤਵ ਨੈਨ, ਨਨ ਨੈਨ ਹਹਿ ਤੋਹਿ ਕਉ, ਸਹਸ ਮੂਰਤਿ, ਨਨਾ ਏਕ ਤੋੁਹੀ ॥ ਸੋਹਿਲਾ ਧਨਾਸਰੀ (ਮ:੧/ਅੰਗ ੧੩) ਸਭਿ ਰਸ ਭੋਗਣ ਬਾਦਿ ਹਹਿ, ਸਭਿ ਸੀਗਾਰ ਵਿਕਾਰ ॥ ਸਿਰੀਰਾਗੁ (ਮ:੧/ਅੰਗ ੧੯)
ਨਾਨਕ! ਆਏ ਸੇ ਪਰਵਾਣੁ ਹਹਿ, ਜਿਨ ਗੁਰਮਤੀ ਹਰਿ ਧਿਆਇ ॥ ਸਿਰੀਰਾਗੁ (ਮ:੩/ਅੰਗ ੨੮) ਆਦਿ।
(ਇਹਨਾਂ ਸ਼ਬਦਾਂ ਨਾਲ ਬਿੰਦੀ ਲੱਗਣ ਦੀ ਪ੍ਰੇਰਨਾ ਗੁਰਬਾਣੀ ਦੇ ਇਸ ਵਾਕ ’ਤੋਂ ਮਿਲਦੀ ਹੈ:- ਏਕਲ ਮਾਟੀ ਕੁੰਜਰ ਚੀਟੀ, ਭਾਜਨ ਹੈਂ ਬਹੁ ਨਾਨਾ ਰੇ ॥ ਮਾਲੀਗਉੜਾ (ਭ. ਨਾਮਦੇਵ/ਅੰਗ ੯੮੮) ਯਾਦ ਰਹੇ ਅਰਥ ਕਰਨ ਲੱਗਿਆਂ ਇਹਨਾਂ ਸ਼ਬਦ ਦੇ ਅਗੇਤਰ ਤੂੰ ਸ਼ਬਦ ਨਹੀਂ ਲੱਗੇਗਾ।)
ਗੁਰੂ ਰੂਪ ਸੰਗਤ ਜੀ! ਉਪਰੋਕਤ ਸ਼ਬਦ ਮੈਂ ਲੇਖ ਦੇ ਵਿਸਥਾਰ ਕਾਰਨ ਸੀਮਤ ਹੀ ਵਰਤੇ ਹਨ ਹੋਰ ਵੀ ਅਨੇਕਾਂ ਸ਼ਬਦ ਗੁਰਬਾਣੀ ਅਤੇ ਜਾਪ ਰਚਨਾ ਦੀ ਲਿਖਣਸ਼ੈਲੀ (ਵਿਆਕਰਣ), ਪਦ ਅਰਥ ਅਤੇ ਭਾਵ ਅਰਥ ਪੱਖੋਂ ਸਮਾਨੰਤਰ ਹੋਣ ਦਾ ਪ੍ਰਤੀਕ ਮੌਜ਼ੂਦ ਹਨ। ਕੋਈ ਇਸ ਸਚਾਈ ਨੂੰ ਮੰਨੇ ਜਾਂ ਨਾ ਮੰਨੇ ਪਰ ਦੂਸਰਿਆਂ ਦੀਆਂ ਭਾਵਨਾ ਨੂੰ ਸਮਝਦਿਆਂ ਅਗਰ ਅਸੀਂ ਇਸ ਰਚਨਾ ਪ੍ਰਤੀ ਆਪਣੇ ਵੱਲੋਂ ਵਰਤੀ ਜਾਂਦੀ ਘਟੀਆ ਸ਼ਬਦਾਵਲੀ ਨੂੰ ਬੰਦ ਨਹੀਂ ਕਰਦੇ ਤਾਂ ਹੰਕਾਰੀ ਬਿ੍ਰਤੀ ਹੋਣ ਕਾਰਨ ਸਾਨੂੰ ਗੁਰੂ ਜੀ ਦੇ ਸਿੱਖ ਅਖਵਾਉਣ ਦਾ ਕੀ ਹੱਕ ਹੈ? ਆਪਣੇ ਆਪ ਲਈ ਬੇਸ਼ੱਕ ਕੋਈ ਇਸ ਰਚਨਾ ਬਾਰੇ ਮੂਲੀ ਹੈ, ਗ਼ਾਜਰ ਹੈ। ਭਿੰਡੀ ਹੈ, ਤੋਰੀ ਹੈ। ਆਦਿ ਆਖੀ ਜਾਵੇ।
ਮੇਰੀ ਆਪ ਜੀ ਅੱਗੇ ਬੇਨਤੀ ਹੈ ਕਿ ਅਗਰ ਆਪ ਜੀ ਨੂੰ ਕੁਝ ਵੀ ਇਸ ਵੀਚਾਰ ’ਚ ਸਚਾਈ ਲੱਗੇ ਤਾਂ ਇਹ ਵੀਚਾਰ ਵੱਧ ’ਤੋਂ ਵੱਧ ਸਿੱਖ ਸਮਾਜ ਨਾਲ ਸਾਂਝੀ ਕੀਤੀ ਜਾਵੇ ਤਾਂ ਜੋ ਗੁਰੂ ਦੋਖੀ ਬਿ੍ਰਤੀਆਂ ’ਤੋਂ ਸਿੱਖ ਸਮਾਜ ਪਹਿਲਾਂ ਹੀ ਸੁਚੇਤ ਰਹੇ। ਅਗਾਂਹ ਲਈ ਪੁੱਛੇ ਜਾਣ ਵਾਲੇ ਸਵਾਲਾਂ ’ਤੋਂ ਪਹਿਲਾਂ ਹੁਣ ਤੱਕ ਹੋਈ ਵੀਚਾਰ ਬਾਰੇ ਆਪਣਾ ਨਜ਼ਰੀਆ ਸਪੱਸ਼ਟ ਕਰਨਾ ਜ਼ਰੂਰੀ ਹੋਵੇਗਾ।

ਗਿਆਨੀ ਅਵਤਾਰ ਸਿੰਘ, ਸੰਪਾਦਕ ‘ਮਿਸ਼ਨਰੀ ਸੇਧਾਂ’ ਜਲੰਧਰ-98140-35202
  ਮਿਤੀ 31-05-2014