ਬਾਣੀਕਾਰਾਂ ਦੁਆਰਾ ਕੀਤੀ ਧਰਮ ਦੀ ਵਿਆਖਿਆ ਅਤੇ ਸਿੱਖ ਸੋਚ (ਭਾਗ ਪਹਿਲਾ)
ਗਿਆਨੀ ਅਵਤਾਰ ਸਿੰਘ
ਬਾਣੀਕਾਰਾਂ ਦੁਆਰਾ ਕੀਤੀ ਗਈ ਧਰਮ (ਪੂਰਨ ਸੱਚ) ਦੀ ਵਿਆਖਿਆ ਇੱਕ ਐਸਾ ਵਿਸ਼ਾ (ਸਿਲੇਬਸ) ਹੈ, ਜੇਕਰ ਇਸ ਨੂੰ ਪਹਿਲੀ ਜਮਾਤ ਵਾਲ਼ਾ ਧਿਆਨ ਨਾਲ਼ ਪੜ੍ਹੇ ਤਾਂ ਉਸ ਨੂੰ ਦੂਸਰੀ ਜਮਾਤ ਦਾ ਵਿਸ਼ਾ ਜਾਪਦਾ ਹੈ। ਦੂਸਰੀ ਜਮਾਤ ਵਾਲ਼ਾ ਪੜ੍ਹੇ ਤਾਂ ਉਸ ਨੂੰ ਤੀਜੀ ਜਮਾਤ ਦਾ ਸਿਲੇਬਸ ਪ੍ਰਤੀਤ ਹੁੰਦਾ ਹੈ। 10ਵੀਂ ਜਮਾਤ ਵਾਲ਼ੇ ਨੂੰ ਕਾਲਜ ਪੱਧਰ ਦਾ, ਕਾਲਜ ਵਾਲ਼ੇ ਨੂੰ ਯੂਨੀਵਰਸਿਟੀ ਦਾ ਅਤੇ ਯੂਨੀਵਰਸਿਟੀ ਦੇ ਵਿਦਿਆਰਥੀ ਨੂੰ ਅਗਾਂਹ ਹੋਰ ਗਹਿਰਾ, ਹੋਰ ਗਹਿਰਾ ਪ੍ਰਤੀਤ ਹੁੰਦਾ ਹੈ ਯਾਨੀ ਕਿ ਗੁਰਬਾਣੀ ਦੀ ਪਰਤ ਦਰ ਪਰਤ ਗਹਿਰਾਈ ਨੂੰ ਖੋਜੀ ਸਿੱਖ; ਪੜਚੋਲਦਾ-ਪੜਚੋਲਦਾ ਪਿਆਜ਼ ਦੇ ਛਿਲਕੇ ਵਾਙ ਹੋਰ ਗਹਿਰਾ, ਹੋਰ ਗਹਿਰਾ ਚਲਾ ਜਾਂਦਾ ਹੈ। ਇਸ ਦੇ ਨਾਲ਼-ਨਾਲ਼ ਉਹ ਆਪਣੀ ਸਮਝ ਨੂੰ ਭੀ ਤੁੱਛ ਸਮਝਣ ਲੱਗਦਾ ਹੈ, ਪਰ ਜੇ ਕੋਈ ਸਿੱਖ ਕਹੇ ਕਿ ‘ਮੈ ਪੂਰਨ ਤੌਰ ’ਤੇ ਧਰਮ ਨੂੰ ਜਾਣ ਲਿਆ’ ਤਾਂ ਇਸ ਦਾ ਭਾਵ ਹੈ ਕਿ ਉਹ ‘ਧਰਮ’ ਬਾਰੇ ਕੁੱਝ ਨਹੀਂ ਜਾਣਦਾ। ਉਹ ਆਪਣੀ ਮਨਮਤ ਜਾਂ ਦਿਮਾਗ਼ੀ ਯੋਗਤਾ ਨੂੰ ਹੀ ‘ਧਰਮ’ ਸਮਝ ਬੈਠਾ ਹੈ।
ਧਰਮ ਦੇ ਸੂਖਮ ਰਾਜ਼; ਪੰਜ ਗਿਆਨ ਇੰਦ੍ਰਿਆਂ (ਨੱਕ, ਕੰਨ, ਅੱਖ, ਜੀਭ, ਚਮੜੀ) ਵਾਲ਼ੇ ਬੌਧਿਕ (ਦਿਮਾਗ਼ੀ ਜਾਂ ਸਮਾਜਿਕ) ਗਿਆਨ ਨਾਲ਼ ਪਕੜ ’ਚ ਨਹੀਂ ਆਉਂਦੇ। ਗੁਰਬਾਣੀ ਨੂੰ ਵਿਚਾਰ-ਵਿਚਾਰ; ਸਿੱਖ ਅੰਦਰ ਵਧਦਾ ਅਨੁਭਵ ਹੀ ਇਨ੍ਹਾਂ ਨੂੰ ਜਾਣਨ ’ਚ ਸਹਾਈ ਹੁੰਦਾ ਹੈ ਜਾਂ ਕਹਿ ਲਈਏ ਕਿ ਇਹ ਅਵਸਥਾ ਮਾਨਣ ਲਈ ਸ਼ਬਦ-ਭਾਵ ’ਚ ਧਿਆਨ ਜੋੜਨਾ, ਨਿਰਾਕਾਰ ਨੂੰ ਸਿਮਰ-ਸਿਮਰ ਸੁਰਤਿ ਉੱਚੀ ਕਰਨਾ ਤੇ ਗੁਰਮਤਿ ਰੌਸ਼ਨੀ ’ਚ ਖ਼ੁਦ ਨੂੰ ਪੜਚੋਲਨਾ ਜ਼ਰੂਰੀ ਹੁੰਦਾ ਹੈ। ਇਸ ਅਭਿਆਸ ’ਚੋਂ ਪ੍ਰਤੱਖ ਹੁੰਦੇ ਸੱਚ ’ਤੇ ਬੱਝਦਾ ਭਰੋਸਾ; ਸਿੱਖ ਦੇ ਮੂੰਹੋਂ ਜੋ ਬੋਲ ਬੁਲਾਉਂਦਾ ਹੈ; ਉਹ ਹੋਰਾਂ ਦੀ ਸੋਚ ਨੂੰ ਭੀ ਤੀਰ ਵਾਙ ਵਿੰਨ੍ਹ ਦਿੰਦਾ ਹੈ ਕਿਉਂਕਿ ਉਹੀ ਅਸਲ ਗੁਰਮਤਿ ਹੈ, ਸੱਚਾ ਧਰਮ ਹੈ; ਜੈਸਾ ਕਿ ਕਬੀਰ ਜੀ ਦੇ ਬਚਨ ਹਨ, ‘‘ਕਬੀਰ ! ਸਾਚਾ ਸਤਿਗੁਰੁ ਮੈ ਮਿਲਿਆ; ਸਬਦੁ ਜੁ ਬਾਹਿਆ ਏਕੁ ॥ ਲਾਗਤ ਹੀ ਭੁਇ ਮਿਲਿ ਗਇਆ; ਪਰਿਆ ਕਲੇਜੇ ਛੇਕੁ ॥੧੫੭॥’’ (ਭਗਤ ਕਬੀਰ/੧੩੭੨) ਭਾਵ ਹੇ ਕਬੀਰ ! (ਆਪਣਾ ਅਨੁਭਵ ਸਾਂਝਾ ਕਰ, ਜੋ ਕਿ ਇਉਂ ਹੈ) ਮੈਨੂੰ ਅਸਲ ਗੁਰੂ ਮਿਲ ਗਿਆ। ਉਸ ਨੇ (ਮੇਰੇ ਤੰਗਦਿਲੀ ਠਹਿਰਾਅ ਨੂੰ ਪਹਿਚਾਣ ਕੇ) ਉਪਦੇਸ਼ ਰੂਪ ਤੀਰ ਚਲਾਇਆ, ਜਿਸ ਨੇ ਮੈਨੂੰ ਤਸੱਲੀ ਕਰਾ ਕੇ ਬਿਬੇਕੀ ਬਣਾ ਦਿੱਤਾ ਤੇ ਮੈ ਆਪਣੇ ਦਿਮਾਗ਼ੀ ਮਾਣ ਤੋਂ ਹੇਠਾਂ ਡਿੱਗ ਪਿਆ। ਕਬੀਰ ਜੀ ਨੂੰ ਯਕੀਨ ਹੋ ਗਿਆ ਕਿ ਸਤਿਗੁਰੂ ਦਾ ਸ਼ਬਦ-ਤੀਰ; ਪੂਰੇ ਸਮਾਜ ਨੂੰ ਪਵਿੱਤਰ ਕਰ ਸਕਦਾ ਹੈ, ਮੇਰੇ ਵਰਗੀ ਇੱਕ ਨਿਮਾਣੀ ਦੇਹ ਪਵਿੱਤਰ ਨਾ ਹੋਵੇ, ਐਸੀ ਕਿਹੜੀ ਔਖ ਹੈ, ‘‘ਦੇਹੀ ਕਿਸ ਕੀ ਬਾਪੁਰੀ; ਪਵਿਤ੍ਰੁ ਹੋਇਗੋ ਗ੍ਰਾਮੁ ॥’’ (ਭਗਤ ਕਬੀਰ/੧੩੭੦), ਪਰ ਜੋ; ਧਰਮ ਨਾਲ਼ ਉਪਜਦੇ ਇਸ ਆਤਮ-ਵਿਕਾਸ ਤੋਂ ਸੱਖਣੇ ਹਨ, ਉਨ੍ਹਾਂ ਦੇ ਮੂੰਹੋਂ ਸੁਣੀ ਧਰਮ ਦੀ ਗੱਲ; ਉਸ ਕੜਛੀ ਵਰਗੀ ਹੈ, ਜੋ ਸਬਜ਼ੀ ਅੰਦਰ ਘੁੰਮਦੀ ਤਾਂ ਹੈ, ਪਰ ਉਸ ਦਾ ਸਵਾਦ ਨਹੀਂ ਮਾਣਦੀ, ‘‘ਕੜਛੀਆ ਫਿਰੰਨਿ੍; ਸੁਆਉ ਨ ਜਾਣਨਿ੍ ਸੁਞੀਆ ॥ ਸੇਈ ਮੁਖ ਦਿਸੰਨਿ੍; ਨਾਨਕ ! ਰਤੇ ਪ੍ਰੇਮ ਰਸਿ (’ਚ)॥’’ (ਮਹਲਾ ੫/੫੨੧) ਇਸੇ ਕਾਰਨ ‘ਆਦਿ ਗ੍ਰੰਥ’ ਜੀ ਦੀ ਸੰਪਾਦਨ ਕਰਨ ਵਾਲ਼ੇ ਗੁਰੂ ਸਾਹਿਬ ਨੇ ਆਪਣੇ ਵੱਲੋਂ ਖ਼ਾਸ ਸ਼ਬਦ ਉਚਾਰੇ ਕਿ ਧਰਮ ਨੂੰ ਪਹਿਲਾਂ ਆਪ ਕਮਾ ਕੇ ਹੀ ਹੋਰਾਂ ਕੋਲ਼ ਧਰਮ ਦੀ ਗੱਲ ਕਰਨੀ ਲਾਹੇਵੰਦ ਹੁੰਦੀ ਹੈ, ‘‘ਪ੍ਰਥਮੇ ਮਨੁ ਪਰਬੋਧੈ ਅਪਨਾ; ਪਾਛੈ ਅਵਰ ਰੀਝਾਵੈ ॥ ਰਾਮ ਨਾਮ ਜਪੁ ਹਿਰਦੈ ਜਾਪੈ; ਮੁਖ ਤੇ ਸਗਲ ਸੁਨਾਵੈ ॥’’ (ਮਹਲਾ ੫/੩੮੧) ਯਾਨੀ ਕਿ ਗੁਰਮਤਿ ਉੱਤੇ ਖ਼ੁਦ ਦਾ ਪੂਰਾ ਭਰੋਸਾ ਬਣਨ ਤੋਂ ਪਹਿਲਾਂ ਕੀਤੀ ਧਰਮ ਦੀ ਕੋਈ ਗੱਲ; ਸਰੋਤੇ ਦੇ ਕੰਨਾਂ ਰਾਹੀਂ ਇਉਂ ਆਰ-ਪਾਰ ਹੋ ਜਾਂਦੀ ਹੈ; ਜਿਵੇਂ ਕਿ ਬਾਂਸ ’ਚ ਮਾਰੀ ਫੂਕ; ਆਰ-ਪਾਰ ਹੁੰਦੀ ਹੈ, ਅੰਦਰ ਨਹੀਂ ਰੁਕਦੀ।
ਬਾਣੀਕਾਰਾਂ ਦੇ ‘ਧਰਮ’ ਬਾਰੇ ਨਜ਼ਰੀਏ ਨੂੰ ਜੇਕਰ ਸੰਖੇਪ ’ਚ ਸਮਝੀਏ ਤਾਂ ਉਹ ਹੈ ਕਿ ‘ਕੁਦਰਤ ਦੀ ਹਰ ਵਸਤੂ, ਜੀਵ-ਜੰਤ, ਮਨੁੱਖ, ਗ੍ਰਹਿ ਆਦਿ ਰੱਬ ਦੇ ਹੁਕਮ ’ਚ ਹਨ। ਪਰਮਾਤਮਾ ਨੇ ਇਨ੍ਹਾਂ ਸਭ ਨੂੰ ਐਨੀ ਕੁ ਸੋਝੀ ਦਿੱਤੀ ਹੈ, ਜਿਸ ਨਾਲ਼ ਇਹ ਆਪਣਾ ਜੀਵਨ ਨਿਰਬਾਹ (ਖਾਣ-ਪਾਣ, ਬੱਚੇ ਪੈਦਾ ਕਰਨ ਆਦਿ ਵਿਕਾਸ) ਕਰ ਸਕਦੇ ਹਨ। ਇਸ ਸਬੰਧ ’ਚ ਗੁਰੂ ਨਾਨਕ ਜੀ ਦੇ ਬੋਲ ਹਨ, ‘‘ਏਕਾ ਸੁਰਤਿ; ਜੇਤੇ ਹੈ ਜੀਅ ॥ ਸੁਰਤਿ ਵਿਹੂਣਾ; ਕੋਇ ਨ ਕੀਅ ॥ ਜੇਹੀ ਸੁਰਤਿ; ਤੇਹਾ ਤਿਨ ਰਾਹੁ ॥ ਲੇਖਾ ਇਕੋ ਆਵਹੁ ਜਾਹੁ ॥’’ (ਮਹਲਾ ੧/੨੫) ਅਰਥ : ਜਿੰਨੇ ਭੀ ਜੀਵ-ਜੰਤ ਹਨ, ਇਨ੍ਹਾਂ ਸਭ ਨੂੰ; ਪ੍ਰਭੂ ਨੇ ਸੋਝੀ ਦਿੱਤੀ ਹੈ। ਇਸ ਅਕਲ ਤੋਂ ਸੱਖਣਾ ਕੋਈ ਪੈਦਾ ਹੀ ਨਹੀਂ ਕੀਤਾ। ਜੈਸੀ-ਜੈਸੀ ਅਕਲ (ਜੀਵ-ਜੰਤਾਂ ਦੇ ਹਿਸੇ) ਆਈ, ਉਸੇ ਅਨੁਸਾਰ ਹਰ ਕੋਈ ਜੰਮਦਾ ਹੈ, ਜੀਵਨ ਜਿਉਂਦਾ ਹੈ ਤੇ ਆਖ਼ਿਰ ਮਰ ਜਾਂਦਾ ਹੈ। ਇਹੀ ਪ੍ਰਭੂ ਦੀ ਖੇਡ ਹੈ, ਲੀਲ੍ਹਾ ਹੈ।
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਫਿਰ ਸਭ ਨੂੰ ਇੱਕ ਜੈਸੀ ਸਮਝ ਕਿਉਂ ਨਹੀਂ ? ਇਸ ਦਾ ਜਵਾਬ ਗੁਰੂ ਅਮਰਦਾਸ ਜੀ ਅਨੁਸਾਰ ਹੈ ਕਿ ਸਿਰਜਣਹਾਰ ਨੇ ਆਪਣੀ ਸਰਬ ਵਿਆਪਕ ਜੋਤਿ-ਰੌਸ਼ਨੀ ਦਾ ਅਹਿਸਾਸ; ਹਰ ਇੱਕ ਨੂੰ ਵੱਧ-ਘੱਟ ਕਰਾਇਆ ਹੈ, ‘‘ਏਕਾ ਜੋਤਿ; ਜੋਤਿ ਹੈ ਸਰੀਰਾ ॥ ਸਬਦਿ (ਰਾਹੀਂ) ਦਿਖਾਏ; ਸਤਿਗੁਰੁ ਪੂਰਾ ॥ ਆਪੇ ਫਰਕੁ ਕੀਤੋਨੁ ਘਟ ਅੰਤਰਿ; ਆਪੇ ਬਣਤ ਬਣਾਵਣਿਆ ॥੧॥’’ (ਮਹਲਾ ੩/੧੨੫) ਯਾਨੀ ਕਿ ਜਿਨ੍ਹਾਂ ਉੱਤੇ ਮਾਲਕ; ਵੱਧ ਮਿਹਰਬਾਨ ਹੋਇਆ, ਉਨ੍ਹਾਂ ਅੰਦਰ ਚੇਤਨਾ ਵਧ ਗਈ ਤੇ ਬਾਕੀਆਂ ’ਚ ਘੱਟ ਰਹਿ ਗਈ, ‘‘ਸਭਨਾ ਉਪਰਿ; ਨਦਰਿ ਪ੍ਰਭ ਤੇਰੀ ॥ ਕਿਸੈ ਥੋੜੀ; ਕਿਸੈ ਹੈ ਘਣੇਰੀ ॥ ਤੁਝ ਤੇ ਬਾਹਰਿ ਕਿਛੁ ਨ ਹੋਵੈ; ਗੁਰਮੁਖਿ ਸੋਝੀ ਪਾਵਣਿਆ ॥੩॥’’ (ਮਹਲਾ ੩/੧੧੯) ਭਾਵ ਇਸ ਸਚਾਈ ਨੂੰ ਕੋਈ ਗੁਰਮੁਖ ਹੀ ਜਾਣਦਾ ਹੈ, ਜੋ ਗੁਰੂ ਸ਼ਬਦ-ਗਿਆਨ ਰੂਪ ਦਰਪਣ ਰਾਹੀਂ ਸਵੈ-ਪੜਚੋਲ ਕਰ-ਕਰ ਆਤਮ-ਪ੍ਰਕਾਸ ਨੂੰ ਮਹਿਸੂਸ ਕਰ ਆਪਣੀ ਸੁਰਤਿ ਉੱਚੀ ਕਰ ਚੁੱਕਾ ਹੁੰਦਾ ਹੈ। ਇਸ ਆਤਮ ਤੀਰਥ (ਅੰਤਰਗਤਿ ਤੀਰਥਿ (’ਤੇ) ਮਲਿ ਨਾਉ ..॥੨੧॥ ਜਪੁ) ਉੱਤੇ ਘੱਟ-ਵੱਧ ਕੀਤੇ ਇਸ਼ਨਾਨ ਕਾਰਨ ਹੀ ਅੰਦਰੂਨੀ ਜੋਤਿ (ਊਰਜਾ) ਦਾ ਹਰ ਇੱਕ ਦੀ ਸੁਰਤਿ ਨੂੰ ਘੱਟ-ਵੱਧ ਅਹਿਸਾਸ ਹੁੰਦਾ ਹੈ, ਅਕਲ ’ਚ ਅੰਤਰ ਪੈਂਦਾ ਹੈ।
ਇਹ ਭੀ ਸਵਾਲ ਉਪਜ ਸਕਦਾ ਹੈ ਕਿ ਬਹੁਤੇ ਨਾਸਤਿਕ ਬੰਦਿਆਂ ਅੰਦਰ ਤੀਖਣ ਬੁਧੀ ਵੇਖੀਦੀ ਹੈ। ਇਸ ਬਾਰੇ ਜਾਣਨਾ ਹੈ ਕਿ ਦਾਰਸ਼ਨਿਕ, ਮਨੋਵਿਗਿਆਨ ਆਦਿ ਦਾ ਮੰਨਣਾ ਹੈ ਕਿ ਗਿਆਨ; ਤਿੰਨ ਤਰੀਕਿਆਂ ਨਾਲ਼ ਵਧਦਾ ਹੈ (1). ਵੇਖਣ ਨਾਲ਼ (2). ਸੁਣਨ ਨਾਲ਼ (3) ਛੋਹਣ ਨਾਲ਼। ਧਾਰਮਿਕ ਗ੍ਰੰਥਾਂ ’ਚ ਲਿਖਿਆ ਹੈ ਕਿ ਪੰਜ ਗਿਆਨ ਇੰਦ੍ਰਿਆਂ ਰਾਹੀਂ ਮਨੁੱਖ ਦੀ ਸਮਝ ’ਚ ਵਾਧਾ ਹੁੰਦਾ ਹੈ।
ਜ਼ਰਾ ਸੋਚਣਾ ਬਣਦਾ ਹੈ ਕਿ ਜਦ ਮਾਨਵ ਜਾਤੀ ਜੰਗਲ਼ਾਂ ’ਚ ਨੰਗੇ (ਬਸਤਰ ਰਹਿਤ) ਰਹਿੰਦੀ ਸੀ ਤਾਂ ਪਹਿਲੀ ਵਾਰ ਨੰਗੇਜ ਨੂੰ ਢੱਕਣ ਦੀ ਸੋਝੀ ਕਿਸ ਤਰ੍ਹਾਂ ਹੋਈ ? ਕੀ ਗਿਆਨ ਇੰਦ੍ਰਿਆਂ ਰਾਹੀਂ ? ਜਵਾਬ ਹੈ : ਨਹੀਂ। ਦਰਅਸਲ ਜਿਸ ਮਾਲਕ ਨੇ ਇਹ ਜਗਤ-ਖੇਡ ਰਚੀ ਹੈ, ਉਸ ਵੱਲੋਂ ਸਭ ਨੂੰ ਮਿਲੀ ਘੱਟ-ਵੱਧ ਸੁਰਤਿ ’ਚ ਭੀ ਦਿਨ ਪ੍ਰਤੀ ਦਿਨ ਉਹੀ ਵਾਧਾ ਕਰਦਾ ਆਉਂਦਾ ਹੈ ਵਰਨਾ ਅਜੋਕਾ ਮਾਨਸਿਕ ਵਿਕਾਸ; ਹਜ਼ਾਰਾਂ ਸਾਲ ਪਹਿਲਾਂ ਹੀ ਕਿਉਂ ਨਾ ਹੋ ਗਿਆ। ਬਾਂਦਰ, ਚਿੰਪੈਂਜ਼ੀ ਤੇ ਮਨੁੱਖ ਆਦਿ ’ਚ ਹੋਇਆ ਸੁਰਤਿ-ਵਿਕਾਸ ਭੀ ਕੁਦਰਤੀ ਹੈ, ਨਾ ਕਿ ਕਿਸੇ ਨੂੰ ਵੇਖਣ, ਸੁਣਨ ਜਾਂ ਛੋਹਣ ਨਾਲ਼। ਇਸ ਲਈ ਜੇਕਰ ਕੋਈ ਅੱਜ ਨਾਸਤਿਕ ਬਣ ਕੇ ਅਕਲਮੰਦ ਹੈ ਤਾਂ ਇਸ ਪਿੱਛੇ ਭੀ ਉਸ ਅੰਦਰ ਪਹਿਲਾਂ ਕਦੇ ਆਸਤਿਕ ਭਾਵਨਾ ਜਾਗੀ ਹੈ, ਜਿਸ ਨੇ ਉਸ ਦੀ ਚੇਤਨਾ ’ਚ ਹੁਣ ਵਾਧਾ ਕੀਤਾ ਹੈ ਭਾਵੇਂ ਕਿ ਇਸ ਬਾਰੇ ਉਸ ਨੂੰ ਖ਼ੁਦ ਭੀ ਪਤਾ ਨਹੀਂ ਹੁੰਦਾ।
ਆਧੁਨਿਕ ਯੁਗ ਦੇ ਸਭ ਤੋਂ ਵੱਡੇ ਖਗੋਲ ਵਿਗਿਆਨੀ ‘ਐਲਬਰਟ ਆਈਨਸਟਾਈਨ’ (1879-1955) ਦਾ ਈਸ਼ਵਰ ਬਾਰੇ ਮੰਨਣਾ ਹੈ ਕਿ ਅਰਬਾਂ ਸਾਲ ਪਹਿਲਾਂ ਪੁਲਾੜ ’ਚ ਰੌਸ਼ਨੀ ਪੈਦਾ ਹੋਈ। ਜਿਸ ਭੀ ਸ਼ਕਤੀ ਨੇ ਇਹ ਬਣਾਈ, ਉਸ ਦੇ ਧਿਆਨ ’ਚ ਜ਼ਰੂਰ ਸੀ ਕਿ ਇੱਕ ਦਿਨ ਇਸ ਦਾ ਪ੍ਰਯੋਗ ਕਰਨ ਵਾਲ਼ੇ ਜੀਵ-ਜੰਤਾਂ ਨੂੰ ਅੱਖਾਂ ਭੀ ਦੇਣੀਆਂ ਹਨ ਵਰਨਾ ਪੁਲਾੜ ’ਚ ਰੌਸ਼ਨੀ ਦਾ ਕੀ ਕੰਮ ? ਇਹ ਭੀ ਹੋ ਸਕਦਾ ਹੈ ਕਿ 2-4 ਹਜ਼ਾਰ ਸਾਲ ਬਾਅਦ ਅਦ੍ਰਿਸ਼/ਨਿਰਾਕਾਰ-ਸ਼ਕਤੀ ਨੂੰ ਪ੍ਰਤੱਖ ਮਹਿਸੂਸ ਕਰਨ ਵਾਲ਼ੇ ਯੰਤਰ ਭੀ ਰੱਬ, ਮਨੁੱਖ ਪਾਸੋਂ ਬਣਾ ਲਵੇ; ਜਿਵੇਂ ਕਿ ਖਗੋਲ ਵਿਗਿਆਨ ਅਨੁਸਾਰ ਪੁਲਾੜ ’ਚ ਡਾਰਕ ਐਨਰਜੀ (68.2%) ਤੇ ਡਾਰਕ ਮੈਟਰ (26.8%) ਹੈ ਭਾਵੇਂ ਕਿ ਇਨ੍ਹਾਂ ਨੂੰ ਪ੍ਰਤੱਖ ਵਿਖਾਉਣ ਵਾਲ਼ਾ ਕੋਈ ਯੰਤਰ ਭੀ ਨਹੀਂ। ਐਸੇ ਹੀ ਜਗਤ-ਰਚਨਾ ਪਿੱਛੇ ਪ੍ਰਭੂ ਦੀ ਗੁਪਤ ਮੌਜੂਦਗੀ ਨੂੰ ਇੱਕ ਦਿਨ ਜ਼ਰੂਰ ਸਵੀਕਾਰਿਆ ਜਾਏਗਾ। ਬਾਣੀਕਾਰਾਂ ਨੇ ਆਪਣੀਆਂ ਲਿਖਤਾਂ ’ਚ ਇਸ ‘ਸੱਚ’ ਬਾਰੇ ਜੋ ਬਿਆਨ ਕੀਤਾ ਹੈ, ਉਹ ਸਮੇਂ ਤੋਂ ਬਹੁਤ ਪਹਿਲਾਂ ਕੀਤਾ ਗਿਆ ਹੈ ਤਾਹੀਓਂ ਬਹੁਤਾਤ ਨੂੰ ਹਜ਼ਮ ਨਹੀਂ ਹੋ ਰਿਹਾ ਭਾਵ ਇਸ ਪ੍ਰਤੀ ਭਰੋਸਾ ਨਹੀਂ ਬੱਝ ਰਿਹਾ; ਉਞ ਭਾਵੇਂ ਧਾਰਮਿਕ ਲਿਬਾਸ ਭੀ ਧਾਰਨ ਕੀਤਾ ਹੈ। ਇਹ ਚਿੰਤਾ ਜ਼ਰੂਰ ਹੈ ਕਿ ਸਾਇੰਸ ਦੇ ਪ੍ਰਮਾਣ ਨਾਲ਼ ਰੱਬ ’ਤੇ ਬਣੀ ਸਿੱਖ ਦੀ ਸ਼ਰਧਾ ਨੂੰ ਤੋੜਨ ਵਾਲ਼ੇ ਅਜੋਕੇ ਅਖੌਤੀ ਸਿੱਖ ਪ੍ਰਚਾਰਕ; ਤਦ ਤੱਕ ਆਪਣਾ ਅਤੇ ਹੋਰ ਬਹੁਤਿਆਂ ਦਾ ਕੀਮਤੀ ਮਨੁੱਖਾ ਜਨਮ ਬਰਬਾਦ ਕਰ ਚੁੱਕੇ ਹੋਣਗੇ।
ਬਾਣੀਕਾਰਾਂ ਨੇ ਉਸ (ੴ) ਸ਼ਕਤੀ ਦੇ ਕੁਦਰਤ ’ਚੋਂ ਦਰਸ਼ਨ ਕਰਾਉਣ ਲਈ ਦੋ ਆਪਾ ਵਿਰੋਧੀ ਸ਼ਕਤੀਆਂ ਦੇ ਇੱਕੋ ਜਗ੍ਹਾ ਸੁਮੇਲ ਨੂੰ ਆਧਾਰ ਬਣਾਇਆ ਹੈ; ਜਿਵੇਂ ਕਿ ਧਰਤੀ ’ਤੇ 71% ਪਾਣੀ ਹੈ; ਫਿਰ ਭੀ 29% ਸੁੱਕੀ ਧਰਤੀ ਨੂੰ ਆਪਣੇ ਅੰਦਰ ਨਹੀਂ ਡੋਬ ਰਿਹਾ। ਲੱਕੜੀ ’ਚ ਅੱਗ ਹੈ; ਫਿਰ ਭੀ ਲੱਕੜ ਨੂੰ ਨਹੀਂ ਸਾੜਦੀ। ਇਸ ਸਬੰਧੀ ਬਚਨ ਹਨ, ‘‘ੲੰੀਧਨ ਤੇ ਬੈਸੰਤਰੁ ਭਾਗੈ ॥ ਮਾਟੀ ਕਉ ਜਲੁ ਦਹ ਦਿਸ ਤਿਆਗੈ ॥’’ (ਮਹਲਾ ੫/੯੦੦) ਯਾਨੀ ਜੇਕਰ ਬੱਕਰੀ ਅਤੇ ਸ਼ੇਰ; ਇਕੱਠੇ ਦੋਸਤ ਬਣ ਕੇ ਰਹਿ ਰਹੇ ਹਨ ਤਾਂ ਇਨ੍ਹਾਂ ਪਿੱਛੇ ਜ਼ਰੂਰ ਕੋਈ ਗੁਪਤ ਸ਼ਕਤੀ ਮੌਜੂਦ ਹੈ। ਜਿਸ ਦੇ ਡਰ ਕਾਰਨ ਇਹ ਅਸੰਭਵ ਕਾਰਜ ਸੰਭਵ ਹੁੰਦਾ ਪਿਆ ਹੈ। ਇਸ ਬਾਰੇ ਬਚਨ ਹਨ, ‘‘ਭੈ ਵਿਚਿ; ਪਵਣੁ ਵਹੈ ਸਦਵਾਉ ॥ ਭੈ ਵਿਚਿ; ਚਲਹਿ ਲਖ ਦਰੀਆਉ ॥ ਭੈ ਵਿਚਿ; ਅਗਨਿ ਕਢੈ ਵੇਗਾਰਿ ॥ ਭੈ ਵਿਚਿ; ਧਰਤੀ ਦਬੀ ਭਾਰਿ ॥.. ਸਗਲਿਆ ਭਉ ਲਿਖਿਆ ਸਿਰਿ ਲੇਖੁ ॥ ਨਾਨਕ ! ਨਿਰਭਉ ਨਿਰੰਕਾਰੁ ਸਚੁ ਏਕੁ ॥੧॥’’ (ਆਸਾ ਕੀ ਵਾਰ/ਮਹਲਾ ੧/੪੬੪) ਯਾਨੀ ਹਰ ਕੋਈ ਉਹ ਪਰਮਾਤਮਾ ਦੇ ਡਰ ਅੰਦਰ ਹੈ ਭਾਵੇਂ ਕਿ ਕਿਸੇ ਭੀ ਜੀਵ-ਜੰਤ, ਮਨੁੱਖ, ਆਦਿ ਨੂੰ (ਗੁਰੂ ਤੋਂ ਬਿਨਾਂ) ਉਸ ਦਾ ਅਹਿਸਾਸ ਨਹੀਂ ਹੁੰਦਾ।
ਮਨੁੱਖ ਜਿਸ ਤਰ੍ਹਾਂ ਦੇ ਇਸ਼ਟ ਦੀ ਪੂਜਾ ਕਰਦਾ ਹੈ, ਉਸ ਅੰਦਰ ਵੈਸੇ ਹੀ ਗੁਣ ਉਪਜਦੇ ਹਨ। ਭਗਤ ਨਾਮਦੇਵ ਜੀ ਦੇ ਬਚਨ ਹਨ ਕਿ ਜੋ ਮਨੁੱਖ; ਪਾਰਬਤੀ (ਔਰਤ) ਦੀ ਪੂਜਾ ਕਰਦਾ ਹੈ, ਉਸ ਅੰਦਰ ਔਰਤਾਂ ਵਾਲ਼ੇ ਗੁਣ ਜਨਮ ਲੈ ਲੈਂਦੇ ਹਨ, ‘‘ਮਹਾ ਮਾਈ ਕੀ ਪੂਜਾ ਕਰੈ ॥ ਨਰ ਸੈ ਨਾਰਿ ਹੋਇ ਅਉਤਰੈ ॥੩॥’’ (ਭਗਤ ਨਾਮਦੇਵ/੮੭੪), ਜੋ ਪੱਥਰ (ਮੂਰਤੀ ਜਾਂ ਫੋਟੋ) ਦੀ ਪੂਜਾ ਕਰਦੇ ਹਨ, ਉਹ ਪੱਥਰ ਵਾਙ ਗੁਣਾਂ ਤੋਂ ਸੱਖਣੇ ਹੁੰਦੇ ਹਨ, ‘‘ਜੋ ਪਾਥਰ ਕਉ ਕਹਤੇ ਦੇਵ ॥ ਤਾ ਕੀ ਬਿਰਥਾ ਹੋਵੈ ਸੇਵ ॥ ਜੋ ਪਾਥਰ ਕੀ ਪਾਂਈ ਪਾਇ ॥ ਤਿਸ ਕੀ ਘਾਲ ਅਜਾਂਈ ਜਾਇ ॥੧॥’’ (ਮਹਲਾ ੫/੧੧੬੦), ਪਰ ਜੋ ਸਭ ਨੂੰ ਡਰ ਅੰਦਰ ਰੱਖਣ ਵਾਲ਼ੇ ਨਿਡਰ-ਪ੍ਰਭੂ ਦੀ ਭਗਤੀ ਕਰਦੇ ਹਨ, ਉਹ ਆਪ ਭੀ ਨਿਡਰ ਹੋ ਕੇ ਸਵਾ-ਸਵਾ ਲੱਖ ਨਾਲ਼ ਲੜਦਾ ਹੈ, ‘‘ਨਿਰਭਉ ਜਪੈ; ਸਗਲ ਭਉ ਮਿਟੈ ॥’’ (ਸੁਖਮਨੀ/ਮਹਲਾ ੫/੨੯੩), ਪਰ ਅਫ਼ਸੋਸ ਕਿ ਸਾਇੰਸ ਨੂੰ ਹੀ ਪੂਰਨ ਗਿਆਨ ਸਮਝ; ਬਹੁਤਾ ਜਾਗਿਆ ਮਹਿਸੂਸ ਕਰ ਬੈਠਾ ਅਜੋਕਾ ਸਿੱਖ; ਸਿੱਖ ਸੰਗਤਾਂ ਦੁਆਰਾ ਧਾਰਨ ਕੀਤੀ ਜਾਂਦੀ ਛੋਟੀ ਕ੍ਰਿਪਾਨ ਬਾਰੇ ਦੋ ਸ਼ਬਦ ਬੋਲਣ ਦੀ ਹਿੰਮਤ ਨਹੀਂ ਜੁਟਾ ਰਿਹਾ, ਜੋ ਕਿ ਧਰਮ ਨਾਲ਼ ਪਨਪਦੀ ਜ਼ਿੰਦਗੀ (ਪੀਰੀ) ਦੀ ਸੁਰੱਖਿਆ (ਮੀਰੀ) ਲਈ ਅਤਿ ਜ਼ਰੂਰੀ ਹੈ। ‘ਜਨੇਊ’ ਵਾਙ ਧਾਗੇ ’ਚ ਧਾਰਨ ਕੀਤੀ ਛੋਟੀ ਕ੍ਰਿਪਾਨ ਤੋਂ ਭਾਵ ਸਿੱਖ ਸੰਗਤਾਂ ਅੰਦਰ ਕੌਮੀ (ਪੀਰੀ) ਜਜ਼ਬਾ ਮਰ ਚੁੱਕਾ ਹੈ।
—ਚਲਦਾ—-
ਬਾਣੀਕਾਰਾਂ ਦੁਆਰਾ ਕੀਤੀ ਧਰਮ ਦੀ ਵਿਆਖਿਆ ਅਤੇ ਸਿੱਖ ਸੋਚ (ਭਾਗ ਦੂਜਾ)