ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ

0
1139

ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ

ਰਣਜੀਤ ਸਿੰਘ, B.Sc., M.A., M.Ed., ਸਟੇਟ ਤੇ ਨੈਸ਼ਨਲ ਅਵਾਰਡੀ ਹੈਡਮਾਸਟਰ (ਸੇਵਾ ਮੁਕਤ)

105, ਮਾਇਆ ਨਗਰ ਸਿਵਲ ਲਾਈਨਜ਼ (ਲੁਧਿਆਣਾ)-9915515436

ਸਤਿ ਗੁਰ ਪ੍ਰਸਾਦਿ

ਹਰ ਸਾਲ ਜਦੋਂ ਪੋਹ ਦਾ ਮਹੀਨਾ ਆਉਂਦਾ ਹੈ ਤਾਂ ਮਨ ਵਿੱਚ ਕਈ ਕਿਸਮ ਦੀਆਂ ਤਰੰਗਾਂ ਉੱਠਦੀਆਂ ਹਨ। ਕਦੀ ਮਨ ਵਿੱਚ ਉਦਾਸੀ ਛਾ ਜਾਂਦੀ ਹੈ, ਕਦੀ ਉਹੋ ਹੀ ਮਨ ਚੜ੍ਹਦੀ ਕਲਾ ਵਿੱਚ ਆ ਜਾਂਦਾ ਹੈ ਤੇ ਕਦੇ ਵੈਰਾਗ ਵਿੱਚ ਚਲਾ ਜਾਂਦਾ ਹੈ। ਇਨ੍ਹਾਂ ਦਿਨਾਂ ਵਿੱਚ ਮਸਤਕ ਆਪਣੇ ਆਪ ਉਨ੍ਹਾਂ ਗੁਰਮੁਖ ਪਿਆਰਿਆਂ ਅੱਗੇ ਵੀ ਸਿਜਦਾ ਕਰਦਾ ਹੈ, ਜਿਨ੍ਹਾਂ ਨੇ ਆਪਣੇ ਫ਼ਰਜ਼ਾਂ ਨੂੰ ਪਛਾਣਦਿਆਂ ਹੋਇਆਂ ਅਤੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਗੁਰੂ ਪਰਿਵਾਰ ਦੀ ਹਰ ਪੱਖੋਂ ਅੰਤਮ ਸਮੇਂ ਤੱਕ ਸੇਵਾ ਕੀਤੀ।

ਦੁਨੀਆਂ ਭਰ ਦੇ ਇਤਿਹਾਸ ਵਿੱਚ ਸੱਤ ਅਤੇ ਨੌ ਸਾਲ ਦੀ ਉਮਰ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਇੱਕ ਨਿਵੇਕਲਾ ਅਸਥਾਨ ਰੱਖਦੀ ਹੈ। ਜੋ ਦ੍ਰਿੜ੍ਹਤਾ ਅਤੇ ਆਪਣੇ ਧਰਮ ਦੀ ਪਰਪੱਕਤਾ ਦਾ ਸਬੂਤ ਜ਼ਾਲਮ ਸੂਬੇਦਾਰ ਵਜ਼ੀਰ ਖ਼ਾਨ ਦੀ ਕਚਿਹਰੀ ਵਿੱਚ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਹਿ ਸਿੰਘ ਜੀ ਨੇ ਦਿੱਤਾ ਉਹ ਇਤਿਹਾਸ ਦਾ ਸੁਨਿਹਰੀ ਪੰਨਾ ਹੋ ਨਿਬੜਿਆ। ਅਨੇਕਾਂ ਤਸੀਹੇ ਅਤੇ ਲਾਲਚ ਬੱਚਿਆਂ ਦੇ ਦ੍ਰਿੜ੍ਹ ਇਰਾਦੇ ਨੂੰ ਡੁਲਾ ਨਹੀਂ ਸਕੇ। ਮਾਤਾ ਗੁਜਰ ਕੌਰ ਜੀ ਦੀ ਦ੍ਰਿੜ੍ਹਤਾ ਅਤੇ ਪੋਤਿਆਂ ਨੂੰ ਦਿੱਤੀ ਗਈ ਸਿੱਖਿਆ ਵੀ ਅੱਜ ਦੀਆਂ ਮਾਤਾਵਾਂ ਲਈ ਚਾਨਣ ਮੁਨਾਰਾ ਹੈ।

ਸਰਸਾ ਨਦੀ ਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਬਿਖਰ ਗਿਆ ਤਾਂ ਮਾਤਾ ਗੁਜਰੀ ਜੀ ਆਪਣੇ ਪੋਤਿਆਂ ਨੂੰ ਲੈ ਕੇ ਨਦੀ ਦੇ ਕੰਢੇ ਦੇ ਨਾਲ-ਨਾਲ ਚੱਲ ਪਏ ਅਤੇ ਉਹ ਕੁੰਮੇ ਮਾਸ਼ਕੀ ਤੇ ਬੀਬੀ ਲਛਮੀ ਦੀ ਛਨ ਵਿੱਚ ਜਾ ਪਹੁੰਚੇ। ਗੰਗੂ ਬ੍ਰਾਹਮਣ ਕੁੰਮੇ ਮਾਸ਼ਕੀ ਦੀ ਛੰਨ ਵਿੱਚ ਆ ਕੇ ਮਾਤਾ ਜੀ ਨੂੰ ਮਿਲਿਆ ਅਤੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਆਪਣੇ ਪਿੰਡ ਸਹੇੜੀ ਲੈ ਗਿਆ। ਕੁਝ ਸ਼ਾਹੀ ਫ਼ੌਜ ਦੇ ਡਰ ਅਤੇ ਕੁੱਝ ਇਨਾਮ ਦੇੇ ਲਾਲਚ ਵਿੱਚ ਉਸ ਦੀ ਨੀਅਤ ਵਿਗੜ ਗਈ ਅਤੇ ਉਸ ਨੇ ਮਾਤਾ ਜੀ ਅਤੇ ਬੱਚਿਆਂ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ। ਪਹਿਲਾਂ ਉਨ੍ਹਾਂ ਨੂੰ ਮੋਰਿੰਡਾ ਥਾਣੇ ਵਿੱਚ ਰੱਖਿਆ ਗਿਆ ਅਤੇ ਫਿਰ ਸੂਬਾ ਸਰਹੰਦ ਅੱਗੇ ਪੇਸ਼ ਕਰਕੇ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ ਗਿਆ।

ਵਜ਼ੀਰ ਖ਼ਾਨ ਨੇ ਇਹ ਵੀ ਘੋਸ਼ਣਾ ਕਰਵਾ ਦਿੱਤੀ ਕਿ ਜੇਕਰ ਕਿਸੇ ਨੇ ਗੁਰੂ ਦੇ ਪਰਿਵਾਰ ਦੀ ਜਾਂ ਸਿੰਘਾਂ ਦੀ ਮਦਦ ਕੀਤੀ ਤਾਂ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਕੋਹਲੂ ਵਿੱਚ ਪੀੜ ਕੇ ਖ਼ਤਮ ਕਰ ਦਿੱਤਾ ਜਾਵੇਗਾ। ਇਤਿਹਾਸ ਲੱਖਾਂ ਕਰੋੜਾਂ ਲੋਕਾਂ ਵਿੱਚੋਂ ਕੇਵਲ ਕੁੱਝ ਕੁ ੳਂੁਗਲਾਂ ’ਤੇ ਗਿਣੇ ਜਾਣ ਵਾਲਿਆਂ ਨੂੰ ਹੀ ਸੰਭਾਲ਼ ਕੇ ਰੱਖਦਾ ਹੈ। ਇਤਿਹਾਸ ਵਿੱਚ ਆਪਣਾ ਨਾਂ ਦਰਜ ਕਰਵਾਉਣ ਵਾਲਾ ਗੁਰੂ ਪਿਆਰ ਦੇ ਇਸ਼ਕ ਵਿੱਚ ਭਿੱਜਿਆ ਹੋਇਆ ਅਜਿਹਾ ਇੱਕ ਵਿਅਕਤੀ ਬਾਬਾ ਮੋਤੀ ਰਾਮ ਮਹਿਰਾ ਹੋ ਨਿਬੜਿਆ। ਇਹ ਵਜ਼ੀਰ ਖ਼ਾਨ ਦੇ ਫ਼ੌਜਦਾਰ ਦੀ ਹਿੰਦੂ ਰਸੋਈ ਵਿੱਚ ਲਾਂਗਰੀ ਸੀ। ਇਹ ਹਿੰਦੂ ਕੈਦੀਆਂ ਨੂੰ ਭੋਜਨ ਵਰਤਾਉਂਦਾ ਸੀ। ਜਦੋਂ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਲਈ ਭੋਜਨ ਭੇਜਿਆ ਗਿਆ ਤਾਂ ਮਾਤਾ ਜੀ ਨੇ ਮੁਗਲ ਰਸੋਈ ਦੇ ਖਾਣੇ ਅਤੇ ਨਾਲ ਹੀ ਦੀਵਾਨ ਸੁੱਚਾ ਨੰਦ ਦੇ ਘਰ ਤੋਂ ਆਏ ਭੋਜਨ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਜਦੋਂ ਇਸ ਗੱਲ ਦਾ ਪਤਾ ਬਾਬਾ ਮੋਤੀ ਰਾਮ ਨੂੰ ਲੱਗਾ ਤੇ ਉਹ ਬਹੁਤ ਫਿਕਰਮੰਦ ਹੋਏ।

ਬਾਬਾ ਮੋਤੀ ਰਾਮ ਮਹਿਰਾ ਜੀ ਸਿੱਖ ਗੁਰੂਆਂ ਦੇ ਸ਼ਰਧਾਲੂ ਸਨ ਅਤੇ ਆਪਣੇ ਘਰ ਵਿੱਚ ਸਿੱਖਾਂ ਦੀ ਪ੍ਰਸ਼ਾਦੇ ਪਾਣੀ ਨਾਲ ਸੇਵਾ ਕਰਿਆ ਕਰਦੇ ਸਨ। ਮੋਤੀ ਰਾਮ ਜੀ ਦੀ ਮਾਤਾ ਅਤੇ ਪਤਨੀ ਸਿੱਖਾਂ ਲਈ ਪ੍ਰਸ਼ਾਦਾ ਤਿਆਰ ਕਰਿਆ ਕਰਦੀ ਸੀ। ਬਾਬਾ ਮੋਤੀ ਰਾਮ ਮਹਿਰਾ ਜੀ ਨੇ ਆਪਣੀ ਮਾਤਾ ਲਧੋ ਅਤੇ ਪਤਨੀ ਭੋਲੀ ਨੂੰ ਘਰ ਆ ਕੇ ਦੱਸਿਆ ਕਿ ਮਾਤਾ ਗੁਜਰੀ ਅਤੇ ਗੁਰੂ ਸਾਹਿਬ ਦੇ ਛੋਟੇ ਸਾਹਿਬਜ਼ਾਦੇ ਠੰਡੇ ਬੁਰਜ ਵਿੱਚ ਕੈਦ ਹਨ ਤੇ ਉਨ੍ਹਾਂ ਨੇ ਮੁਗਲ ਰਸੋਈ ਤੋਂ ਆਇਆ ਭੋਜਨ ਨਹੀਂ ਛਕਿਆ ਅਤੇ ਉਹ ਰਾਤ ਭੁੱਖੇ ਹੀ ਸੌ ਗਏ ਹਨ। ਇਹ ਸੁਣ ਕੇ ਸਾਰੇ ਬਹੁਤ ਪ੍ਰੇਸ਼ਾਨ ਹੋਏ। ਮੋਤੀ ਰਾਮ ਜੀ ਨੇ ਕਿਹਾ ਕਿ ਮੈਂ ਉਨ੍ਹਾਂ ਲਈ ਰਾਤ ਨੂੰ ਗਰਮ ਦੁੱਧ ਲੈ ਕੇ ਜਾਵਾਂਗਾ ਭਾਵੇਂ ਕਿ ਪਹਿਰਾ ਬਹੁਤ ਸਖ਼ਤ ਹੈ। ਉਨ੍ਹਾਂ ਦੀ ਮਾਤਾ ਤੇ ਪਤਨੀ ਨੇ ਕਿਹਾ ਵਜ਼ੀਰ ਖ਼ਾਨ ਦਾ ਹੁਕਮ ਹੈ ਕਿ ਜੇ ਕਿਸੇ ਨੇ ਗੁਰੂ ਸਾਹਿਬ ਦੇ ਪਰਿਵਾਰ ਦੀ ਕਿਸੇ ਤਰ੍ਹਾਂ ਮਦਦ ਕੀਤੀ ਤਾਂ ਉਸ ਨੂੰ ਪਰਿਵਾਰ ਸਮੇਤ ਕੋਹਲੂ ਵਿੱਚ ਪੀੜ ਦਿੱਤਾ ਜਾਵੇਗਾ। ਫਿਰ ਵੀ ਅਸੀਂ ਹੁਕਮ ਦੀ ਪਰਵਾਹ ਨਾ ਕਰਦਿਆਂ ਹੋਇਆ ਗੁਰੂ ਸਾਹਿਬ ਦੇ ਪਰਿਵਾਰ ਦੀ ਮਦਦ ਕਰਾਂਗੇ। ਮੋਤੀ ਰਾਮ ਜੀ ਦੀ ਪਤਨੀ ਨੇ ਆਪਣੇ ਗਹਿਣੇ ਵੀ ਆਪਣੇ ਪਤੀ ਨੂੰ ਫੜਾ ਦਿੱਤੇ ਕਿ ਕਿਸੇ ਤਰੀਕੇ ਤੁਸੀਂ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਆ ਕੇ ਆਓ। ਬਾਬਾ ਮੋਤੀ ਰਾਮ ਜੀ ਪ੍ਰਸੰਨ ਹੋਏ ਤੇ ਕਿਹਾ ਕਿ ਮੈਂ ਮੌਤ ਦੀ ਪਰਵਾਹ ਨਹੀਂ ਕਰਦਾ। ਗੁਰੂ ਸਾਹਿਬ ਮੁਗਲਾਂ ਦੇ ਅਨਿਆਂ ਦੇ ਵਿਰੁੱਧ ਲੜ ਰਹੇ ਹਨ, ਅਸੀਂ ਉਨ੍ਹਾਂ ਦੀ ਮਦਦ ਜ਼ਰੂਰ ਕਰਾਂਗੇ। ਜੇ ਅਸੀਂ ਗੁਰੂ ਜੀ ਦੇ ਪਰਿਵਾਰ ਦੀ ਸੇਵਾ ਨਾ ਕੀਤੀ ਤਾਂ ਇਤਿਹਾਸ ਸਾਨੂੰ ਕਦੇ ਮਾਫ਼ ਨਹੀਂ ਕਰੇਗਾ।

ਇਸ ਤਰ੍ਹਾਂ ਬਾਬਾ ਮੋਤੀ ਰਾਮ ਜੀ ਮਹਿਰਾ ਦੁੱਧ ਦਾ ਗੜਵਾ ਤੇ ਗਹਿਣੇ ਲੈ ਕੇ ਚੱਲ ਪਏ ਅਤੇ ਮਾਤਾ ਜੀ ਦੇ ਬੱਚਿਆਂ ਨੂੰ ਗਰਮ-ਗਰਮ ਦੁੱਧ ਪਿਆਇਆ। ਇਸ ਤਰ੍ਹਾਂ ਤਿੰਨ ਰਾਤਾਂ ਬਾਬਾ ਜੀ, ਮਾਤਾ ਜੀ ਤੇ ਬੱਚਿਆਂ ਨੂੰ ਦੁੱਧ ਪਿਆਉਂਦੇ ਰਹੇ। ਮਾਤਾ ਜੀ ਨੇ ਬਾਬਾ ਮੋਤੀ ਰਾਮ ਨੂੰ ਅਸੀਸਾਂ ਬਖਸ਼ਸ ਕੀਤੀਆਂ।

ਅਖੀਰ ਤੇਰ੍ਹਾਂ ਪੋਹ ਨੂੰ ਸੂਬੇਦਾਰ ਵਜ਼ੀਰ ਖ਼ਾਨ ਦੇ ਹੁਕਮ ਦੀ ਤਾਮੀਲ ਕਰਦਿਆਂ ਦੋਵੇਂ ਸਾਹਿਬਜ਼ਾਦਿਆਂ ਨੂੰ ਦੀਵਾਰਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ। ਇਸ ਉਪਰੰਤ ਮਾਤਾ ਗੁਜਰ ਕੌਰ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ। ਇਨ੍ਹਾਂ ਤਿੰਨਾ ਦੀਆਂ ਲਾਸ਼ਾਂ ਨੂੰ ਹੰਸਲਾ ਨਦੀ ਕੋਲ ਲਾਵਾਰਸ ਰੱਖ ਦਿੱਤਾ ਗਿਆ। ਦੀਵਾਨ ਟੋਡਰ ਮਲ ਦੇ ਪੁੱਤਰਾਂ ਨੇ ਸੋਨੇ ਦੀਆਂ ਮੋਹਰਾਂ ਵਿਛਾ ਕੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦਾ ਸਸਕਾਰ ਕਰਨ ਲਈ 78000 ਸੋਨੇ ਦੀਆਂ ਮੋਹਰਾਂ ਵਿਛਾ ਕੇ ਜ਼ਮੀਨ ਖਰੀਦੀ। ਬਾਬਾ ਮੋਤੀ ਰਾਮ ਮਹਿਰਾ ਜੀ ਨੇ ਅਟਾ ਜੰਗਲ ਵਿੱਚੋਂ ਲਕੜ ਲਿਆਉਣ ਦੀ ਸੇਵਾ ਕੀਤੀ। ਇਸ ਤਰ੍ਹਾਂ ਦੁਨੀਆਂ ਦੀ ਸਭ ਤੋਂ ਮਹਿੰਗੀ ਜ਼ਮੀਨ ਖ਼ਰੀਦ ਕੇ ਸਸਕਾਰ ਕੀਤਾ ਗਿਆ।

ਗੰਗੂ ਬ੍ਰਾਹਮਣ ਦਾ ਭਰਾ ਪੰਮਾ; ਬਾਬਾ ਮੋਤੀ ਰਾਮ ਜੀ ਨਾਲ ਵਜ਼ੀਰ ਖ਼ਾਨ ਦੇ ਫ਼ੌਜਦਾਰ ਕੋਲ ਹਿੰਦੂ ਰਸੋਈ ਵਿੱਚ ਨੌਕਰੀ ਕਰਦਾ ਸੀ। ਉਸ ਨੇ ਵਜ਼ੀਰ ਖ਼ਾਨ ਕੋਲ ਚੁਗਲੀ ਕੀਤੀ ਕਿ ਬਾਬਾ ਮੋਤੀ ਰਾਮ ਮਹਿਰਾ ਠੰਡੇ ਬੁਰਜ ਵਿੱਚ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਗਰਮ ਦੁੱਧ ਪਿਲਾਉਂਦਾ ਰਿਹਾ ਹੈ। ਇਹ ਸੁਣ ਕੇ ਵਜ਼ੀਰ ਖ਼ਾਨ ਕ੍ਰੋਧ ਵਿੱਚ ਅੱਗ-ਭਬੂਕਾ ਹੋ ਗਿਆ ਅਤੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਮੋਤੀ ਰਾਮ ਦੀਆਂ ਮਸ਼ਕਾਂ ਬੰਨ੍ਹ ਕੇ ਮੇਰੇ ਸਾਹਮਣੇ ਪੇਸ਼ ਕੀਤਾ ਜਾਵੇ। ਹੁਕਮ ਸੁਣਦਿਆਂ ਹੀ ਸਿਪਾਹੀ ਮੋਤੀ ਰਾਮ ਨੂੰ ਬੰਨ੍ਹ ਕੇ ਵਜ਼ੀਰ ਖ਼ਾਂ ਦੇ ਸਾਹਮਣੇ ਲੈ ਆਏ। ਵਜ਼ੀਰ ਖ਼ਾਂ ਕੜਕ ਕੇ ਬੋਲਿਆ ਕਿ ਮੋਤੀ ਰਾਮ ਤੂੰ ਗੁਰੂ ਗੋਬਿੰਦ ਸਿੰਘ ਦੀ ਮਾਤਾ ਤੇ ਬੱਚਿਆਂ ਨੂੰ ਦੁੱਧ ਪਿਆ ਕੇ ਮੇਰੇ ਹੁਕਮ ਦੀ ਉਲੰਘਣਾ ਕੀਤੀ ਹੈ ਤੇਰਾ ਇਹ ਬਹੁਤ ਵੱਡਾ ਗੁਨਾਹ ਹੈ। ਤੈਨੂੰ ਪਤਾ ਹੈ ਕਿ ਇਸ ਦੀ ਸਜ਼ਾ ਕੀ ਹੈ ? ਜੋ ਮੈਂ ਸਜ਼ਾ ਦਾ ਐਲਾਨ ਕਰਵਾਇਆ ਤੈਨੂੰ ਪਤਾ ਨਹੀਂ ? ਜੇ ਤੂੰ ਇਸ ਤੋਂ ਬਚਣਾ ਚਾਹੁੰਦਾ ਹੈ ਤਾਂ ਇਸਲਾਮ ਕਬੂਲ ਕਰ ਲੈ ਨਹੀਂ ਤਾਂ ਤੈਨੂੰ ਤੇ ਤੇਰੇ ਪਰਿਵਾਰ ਨੂੰ ਕੋਹਲੂ ਵਿੱਚ ਪੀੜ ਕੇ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ। ਮੋਤੀ ਰਾਮ ਮਹਿਰਾ ਨੇ ਜਵਾਬ ਦਿੱਤਾ ਕਿ ਮੈਨੂੰ ਮੌਤ ਦਾ ਕੋਈ ਡਰ ਨਹੀਂ। ਜੇ ਤੇਰੇ ਡਰਾਵੇ ਨਾਲ ਗੁਰੂ ਦੇ ਸੱਤ ਤੇ ਨੌਂ ਸਾਲ ਦੇ ਲਾਲ ਆਪਣੇ ਧਰਮ ਤੋਂ ਨਹੀਂ ਡੋਲੇ ਤਾਂ ਮੈਂ ਤਾਂ ਉਨ੍ਹਾਂ ਤੋਂ ਉਮਰ ਵਿੱਚ ਬਹੁਤ ਵੱਡਾ ਤੇ ਜਵਾਨ ਹਾਂ, ਇਸ ਲਈ ਮੈਨੂੰ ਮੌਤ ਦੀ ਕੋਈ ਪ੍ਰਵਾਹ ਨਹੀਂ।  ਮੈਂ ਮਰ ਤਾਂ ਜਾਵਾਂਗਾ ਪਰ ਆਪਣਾ ਧਰਮ ਨਹੀਂ ਛੱਡਾਂਗਾ।

ਇਹ ਜਵਾਬ ਸੁਣ ਕੇ ਸੂਬੇ ਨੇ ਹੁਕਮ ਕੀਤਾ ਕਿ ਇਸ ਦੇ ਸਾਰੇ ਪਰਿਵਾਰ ਨੂੰ ਬੰਨ੍ਹ ਕੇ ਤੇਲੀਆਂ ਦੇ ਮਹੱਲੇ ਲੈ ਕੇ ਆਵੋ। ਹੁਕਮ ਦੀ ਤਾਮੀਲ ਕਰਦਿਆਂ ਸਿਪਾਹੀ ਬਾਬਾ ਮੋਤੀ ਰਾਮ ਦੀ ਮਾਤਾ ਲਧੋ, ਉਸ ਦੀ ਪਤਨੀ ਭੋਲੀ ਤੇ ਸੱੱਤ ਸਾਲ ਦੇ ਪੁੱਤਰ ਨਰਾਇਣੇ ਨੂੰ ਬੰਨ੍ਹ ਕੇ ਤੇਲੀਆਂ ਦੇ ਮਹੱਲੇ ਕੋਹਲੂ ਦੇ ਕੋਲ ਲੈ ਕੇ ਆ ਗਏ। ਸੂਬੇ ਦੇ ਹੁਕਮ ਤੇ ਸਿਪਾਹੀਆਂ ਨੇ ਪਹਿਲਾਂ ਪੂਰੇ ਪਰਿਵਾਰ ਨੂੰ ਕੋਰੜੇ ਮਾਰ-ਮਾਰ ਕੇ ਅਧ ਮੋਇਆ ਕਰ ਦਿੱਤਾ। ਇੱਕ ਵਾਰ ਫਿਰ ਵਜ਼ੀਰ ਖ਼ਾਨ ਨੇ ਮੋਤੀ ਰਾਮ ਜੀ ਨੂੰ ਪੁੱਛਿਆ ਕਿ ਜੇ ਅਜੇ ਵੀ ਇਸਲਾਮ ਕਬੂਲ ਕਰ ਲਵੋ ਤਾਂ ਤੇਰੀ ਜਾਨ ਬਖ਼ਸ਼ੀ ਜਾ ਸਕਦੀ ਹੈ। ਇਹ ਸੁਣਦਿਆਂ ਸਾਰੇ ਪਰਿਵਾਰ ਨੇ ਧਰਮ ਛੱਡਣ ਤੋਂ ਇਨਕਾਰ ਕਰ ਦਿੱਤਾ। ਸੂਬੇ ਨੇ ਗੁੱਸੇ ਵਿੱਚ ਆ ਕੇ ਹੁਕਮ ਦਿੱਤਾ ਕਿ ਸਾਰੇ ਪਰਿਵਾਰ ਨੂੰ ਕੋਹਲੂ ਵਿੱਚ ਪੀੜ ਦਿੱਤਾ ਜਾਵੇ। ਮੁਸਲਮਾਨ ਹਾਕਮਾਂ ਦਾ ਗ਼ੈਰ ਧਰਮੀਆਂ ਪ੍ਰਤੀ ਧਮਕੀ ਭਰਿਆ ਇਹੀ ਅੰਦਾਜ਼ ਹੁੰਦਾ ਸੀ ਕਿ ਇਸਲਾਮ ਕਬੂਲ ਕਰ ਲਓ, ਨਹੀਂ ਤਾਂ ਮਾਰ ਦਿੱਤੇ ਜਾਵੋਗੇ ਕਿਉਂਕਿ ਇਉਂ ਕਰਨ ਨਾਲ ਉਨ੍ਹਾਂ ਦਾ ਡਰ ਚਾਰੇ ਪਾਸੇ ਫੈਲਦਾ ਹੈ, ਜਿਸ ਤੋਂ ਹੋਰਾਂ ਨੂੰ ਇਸਲਾਮ ਕਬੂਲ ਕਰਵਾਉਣ ਅਤੇ ਡਰ ਦਾ ਅਹਿਸਾਸ ਕਰਵਾਇਆ ਜਾਂਦਾ ਸੀ।

ਸਭ ਤੋਂ ਪਹਿਲਾਂ ਜਲਾਦ ਨੇ ਮੋਤੀ ਰਾਮ ਦੇ ਸੱਤ ਸਾਲਾ ਪੁੱਤਰ ਨੂੰ ਮਾਂ ਦੀ ਗੋਦ ਵਿੱਚੋਂ ਧੱਕੇ ਨਾਲ ਖੋਹ ਕੇ ਕੋਹਲੂ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ। ਉਸ ਤੋਂ ਬਾਅਦ ਜਲਾਦਾਂ ਨੇ ਮੋਤੀ ਰਾਮ ਦੀ 70 ਸਾਲਾ ਮਾਤਾ ਲਧੋ ਜੀ ਨੂੰ ਵੀ ਕੋਹਲੂ ਵਿੱਚ ਪੀੜ ਕੇ ਸ਼ਹੀਦ ਕੀਤਾ। ਸਾਰੇ ਲੋਕ ਇਹ ਕੁੱਝ ਵੇਖ ਕੇ ਤ੍ਰਾਹ-ਤ੍ਰਾਹ ਕਰ ਰਹੇ ਸਨ। ਫਿਰ ਮੋਤੀ ਰਾਮ ਦੀ ਪਤਨੀ ਬੀਬੀ ਭੋਲੀ ਨੂੰ ਕੋਹਲੂ ਵਿੱਚ ਪੀੜ ਕੇ ਸ਼ਹੀਦ ਕੀਤਾ ਗਿਆ। ਅਖੀਰ ਆਪਣੀ ਹਾਰ ਅਤੇ ਬੇਇੱਜ਼ਤੀ ਮਹਿਸੂਸ ਕਰਦਿਆਂ ਹੋਇਆਂ ਸੂਬੇ ਨੇ ਬਾਬਾ ਮੋਤੀ ਰਾਮ ਜੀ ਨੂੰ ਵੀ ਮੌਤ ਦੇ ਘਾਟ ਉਤਾਰ ਕੇ ਸ਼ਹੀਦ ਕਰ ਦਿੱਤਾ। ਇਸ ਤਰ੍ਹਾਂ ਬਾਬਾ ਮੋਤੀ ਰਾਮ ਮਹਿਰਾ ਜੀ ਨੇ ਧਰਮ ਤੇ ਗੁਰੂ ਸਾਹਿਬ ਤੋਂ ਆਪਣਾ ਸਾਰਾ ਪਰਿਵਾਰ ਵਾਰ ਕੇ ਸਿੱਖ ਇਤਿਹਾਸ ਵਿੱਚ ਆਪਣਾ ਨਾਂ ਸਦਾ ਲਈ ਅਮਰ ਕਰਵਾ ਲਿਆ। ਹਰ ਸਾਲ ਪੋਹ ਦੇ ਮਹੀਨੇ ਵਿੱਚ ਜਿੱਥੇ ਦੁਨੀਆ ਭਰ ਦੇ ਨਾਨਕ ਨਾਮ ਲੇਵਾ ਸਿੱਖ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਨਤਮਸਤਕ ਹੁੰਦੇ ਹਨ ਉੱਥੇ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਅਦੁੱਤੀ ਕੁਰਬਾਨੀ ਨੂੰ ਵੀ ਸਿਜਦਾ ਕਰਦੇ ਹਨ।

ਬਾਬਾ ਮੋਤੀ ਰਾਮ ਜੀ ਇੱਕ ਗਰੀਬ ਪਰਿਵਾਰ ਨਾਲ ਸੰਬੰਧ ਰੱਖਣ ਵਾਲੇ ਗੁਰੂ ਚਰਨਾ ਦੇ ਭੋਰੇ ਸਨ। ਬਾਬਾ ਮੋਤੀ ਰਾਮ ਮਹਿਰਾ ਜੀ ਭਾਈ ਹਿੰਮਤ ਸਿੰਘ ਜੀ ਦੇ ਚਾਚਾ ਜੀ ਸਨ। ਇਨ੍ਹਾਂ ਦੀ ਯਾਦ ਵਿੱਚ ਠੰਡੇ ਬੁਰਜ ਦੇ ਕੋਲ ਇੱਕ ਸਮਾਰਕ ਬਣਿਆ ਹੋਇਆ ਹੈ। ਬਾਅਦ ਵਿੱਚ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਵੇਂ ਸਮਾਰਕ ਲਈ ਰੋਜ਼ਾ ਸ਼ਰੀਫ ਦੇ ਸਾਹਮਣੇ ਇਕ ਹਜ਼ਾਰ ਵਰਗ ਗਜ ਪਲਾਟ ਦੇ ਦਿੱਤਾ ਜਿੱਥੇ ਬਾਬਾ ਮੋਤੀ ਰਾਮ ਮਹਿਰਾ ਚੈਰੀਟੇਬਲ ਟਰਸਟ ਵੱਲੋਂ 27 ਅਕਤੂਬਰ 1935 ਨੂੰ ਯਾਦਗਾਰ ਬਨਾਈ ਗਈ ਸੀ। ਜਿੱਥੇ ਹਰ ਸਾਲ 25 ਤੋਂ 27 ਦਸੰਬਰ ਤੱਕ ਮੇਲਾ ਲੱਗਦਾ ਹੈ। ਉਨ੍ਹਾਂ ਦੇ ਉਹ ਪਵਿਤਰ ਗਲਾਸਾਂ ਨੂੰ ਅਜੇ ਵੀ ਸੰਭਾਲ ਕੇ ਰੱਖਿਆ ਹੋਇਆ ਹੈ, ਜਿਸ ਵਿੱਚ ਗੁਰੂ ਦੇ ਲਾਲਾਂ ਨੂੰ ਦੁੱਧ ਪਿਆਉਂਦੇ ਰਹੇ ਸਨ। ਅੱਜ ਜ਼ਾਲਮ ਵਜੀਰ ਖ਼ਾਨ ਦੀ ਕੋਈ ਯਾਦਗਾਰ ਨਹੀਂ, ਪਰ ਅਮਰ ਸ਼ਹੀਦਾਂ ਦੇ ਰੌਸ਼ਨ ਸਿਤਾਰਿਆਂ ਦਾ ਜਗਮਗ ਨੂਰ ਹਰ ਪਾਸੇ ਵਰ੍ਹ ਰਿਹਾ ਹੈ। ਅੱਜ ਇਨ੍ਹਾਂ ਦੀ ਯਾਦ ਵਿੱਚ ਫ਼ਤਿਹਗੜ੍ਹ ਸਾਹਿਬ ਵਿਖੇ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਅਕੈਡਮੀ ਵਡੀਆਂ ਸੇਵਾਵਾਂ ਨਿਭਾ ਰਹੀ ਹੈ।