ਸਲਾਮਤ ਰਹੇਂ ਮੇਰੇ ਕਾਬਲ ਕਿਸਾਨ ਤੂੰ……

0
366

ਸਲਾਮਤ ਰਹੇਂ ਮੇਰੇ ਕਾਬਲ ਕਿਸਾਨ ਤੂੰ……

                   – ਗੁਰਪ੍ਰੀਤ ਸਿੰਘ, (USA)

ਮੁਸੀਬਤਾਂ ਦਾ ਮਾਰਿਆ, ਝੂਠੀ ਸ਼ਾਨ ਕਾਰਨ ਹਾਰਿਆ।

ਮਾਰਦਾ ਸੀ ਜਿਹੜਾ ਮਿਹਨਤ ਦਾ ਲਲਕਾਰਾ ਜਿਹਾ,

ਬਣਾ ਦਿੱਤਾ ਗਿਆ ਹੁਣ ਨਕਾਰਾ ਜਿਹਾ……

ਠੰਢੀਆਂ ਹਵਾਵਾਂ ਦੇ ਝੋਂਕਿਆਂ ਨੂੰ, ਬੇਵੱਸ ਜਿਹੇ ਨਿਕਲ਼ੇ ਹੌਂਕਿਆਂ ਨੂੰ,

ਫਿਰ ਵੀ ਆਖੇ ਜੀ ਆਇਆਂ ਤੂੰ, ਮੰਨ ਲਿਆ ਕਿਉਂ ਤੂੰ ਹੋਣੀ  ?

ਜ਼ਮਾਨੇ ਦੇ ਧੋਖਿਆਂ ਨੂੰ……..

ਤੇਰੀ ਵੀ ਕਾਹਦੀ ਖ਼ੁਦਾਈ ਯਾਰਾ! ਐਵੇਂ ਦੋਸ਼ ਦੇਈਏ ਸੋਕਿਆਂ ਨੂੰ।

ਦੁਕਾਨਾਂ ਵਾਲੇ ਲੁੱਟਣ ਮੌਜ ਬਹਾਰਾਂ, ਅੱਗ ਲਗਦੀ ਸਦਾ ਖੋਖਿਆਂ ਨੂੰ।

ਕਿਉਂ ਨਾ ਕਰੇ ਇੱਕ ਵਰਤਾਰਾ ? ਦੇਰ ਹੋ ਗਈ ਦੁੱਖ ਫ਼ਰੋਲਿਆਂ ਨੂੰ…….

ਰਾਤ ਲਗਦੀ ਬੜੀ ਹੀ ਲੰਮੇਰੀ, ਸੁੱਖ ਦੀ ਸਵੇਰ, ਉਡੀਕ ਤੇਰੀ।

ਸੁਪਨਾ ਵੀ ਆਇਆ ਨਾ ਭੈੜਾ, ਛੱਡ ਭੋਲਿਆ! ਨੀਂਦ ਦਾ ਖਹਿੜਾ।

ਕਰ ਲੈ ਤਿੱਖਾ, ਹੱਕਾਂ ਦੇ ਟੋਕਿਆਂ ਨੂੰ ……

ਤੂੰ ਹੀ ਆਦਮੀ ਕੰਮ ਦਾ, ਮੁੱਲ ਵੱਟਣ ਸਾਰੇ ਤੇਰੇ ਚੰਮ ਦਾ।

ਹੱਡ ਭੰਨਵੀਂ ਮਿਹਨਤ ਕਰ ਕੇ ਚਾਹੇ ਨਾ ਥੱਕਦਾ,

ਰੱਖ ਲੈ ਖ਼ਿਆਲ ਭੋਰਾ, ਆਪਣੇ ਵੀ ਦਮ ਦਾ।

ਕਰ ਦੇ ਨੰਗਾ ਮੀਸਣੇ, ਲਾਲਚੀ ਹੱਥਠੋਕਿਆਂ ਨੂੰ…..

ਦੋ ਤਿੰਨ ਸਾਲ, ਛੱਡ ਦੇ ਖ਼ਿਆਲ ਫ਼ਸਲ ਉਗਾਉਣ ਵਾਲੇ।

ਬੰਕਰ ਵੀ ਬਣਾ ਲੈ, ਇੱਕ ਦੋ ਆਪਣੇ ਖੇਤ ਦੁਆਲੇ।

ਡਟ ਕੇ ਕਰ ਮੁਕਾਬਲਾ, ਭਜਾ ਦੇ ਚੋਰ-ਉੁਚੱਕਿਆਂ ਨੂੰ …..

ਮੁਸੀਬਤਾਂ ਦਾ ਮਾਰਿਆ ਪਰ ਬੜਾ ਪਿਆਰਾ ਇਨਸਾਨ ਤੂੰ।

ਦੁਨੀਆਂ ਸਾਰੀ ’ਚ ਮਹਾਨ ਤੂੰ, ਜ਼ਿੰਦਗੀ ’ਚ ਪਾਵੇਂ ਜਾਨ ਤੂੰ।

ਜੁਗਾਂ ਤੱਕ ਸਲਾਮਤ ਰਹੇਂ ਮੇਰੇ ਕਾਬਲ ਕਿਸਾਨ ਤੂੰ…….