ਸੰਸਾਰਕ ਧਰਮਾਂ ਤੋਂ ਵਿਲੱਖਣਤਾ ਰੱਖਦੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ

0
821

ਸੰਸਾਰਕ ਧਰਮਾਂ ਤੋਂ ਵਿਲੱਖਣਤਾ ਰੱਖਦੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ

ਗਿਆਨੀ ਅਵਤਾਰ ਸਿੰਘ

ਜਿਵੇਂ ਸਰੀਰਕ ਵਿਕਾਸ ਲਈ ਭੋਜਨ ਅਤੇ ਜੀਵਤ ਰਹਿਣ ਲਈ ਸੁਆਸ ਜ਼ਰੂਰੀ ਹਨ, ਉਸੇ ਤਰ੍ਹਾਂ ਧਰਮ ਵੀ ਬੰਦੇ ਦੀ ਰੂਹਾਨੀਅਤ ਖ਼ੁਰਾਕ ਹੈ, ਜਿਸ ਤੋਂ ਬਿਨਾਂ ਜੀਵਨ ਪ੍ਰਫੁਲਿਤ ਨਹੀਂ ਹੁੰਦਾ। ਬੰਦੇ ਦੀ ਸੋਚ, ਉਦਾਰਵਾਦੀ ਨਹੀਂ ਬਣਦੀ।  ਬੰਦਾ; ਤੰਗਦਿਲੀ ਕਾਰਨ ਅਸ਼ਾਂਤ ਰਹਿ ਕੇ ਆਪਣੇ ਸਰੀਰ, ਪਰਵਾਰ ਤੇ ਸਮਾਜ ਲਈ ਦੁਖਦਾਇਕ ਬਣ ਜਾਂਦਾ ਹੈ।  ਮਨ ਦੀ ਸ਼ਾਂਤੀ ਅਤੇ ਖੇੜਾ ਦੁਨਿਆਵੀ ਬਾਜ਼ਾਰਾਂ ’ਚੋਂ ਨਹੀਂ ਮਿਲਦੇ।  ਇਸ ਨੂੰ ‘ਧਰਮ’ ਦੇ ਨਿਯਮਾਂ ’ਚ ਰਹਿ ਕੇ ਕਮਾਉਣਾ ਪੈਂਦਾ ਹੈ, ਉਹ ਵੀ ਬਿਨਾਂ ਕਿਸੇ ਧਨ-ਪਦਾਰਥ ਦੇ ਖਰਚ ਕੀਤਿਆਂ। ਜਿੱਥੇ ਸਮਾਜ ’ਚ ਹਰ ਚੀਜ਼ ਦੀ ਕੀਮਤ ਹੈ, ਓਥੇ ਧਰਮ; ਅਮੁੱਲ ਹੈ, ‘‘ਅਮੁਲੁ ਧਰਮੁ’’ (ਜਪੁ)।  ‘ਧਰਮ’; ਮਨੁੱਖ ਨੂੰ ਇਨਸਾਨ ਬਣਾਉਂਦਾ ਹੈ, ਜਿਸ ਸਦਕਾ ਬੰਦਾ; ਬੰਦੇ ਨੂੰ ਪਿਆਰ ਕਰਨ ਲੱਗਦਾ ਹੈ, ਕੁਦਰਤ ਨੂੰ ਪਿਆਰ ਕਰਦਾ ਹੈ। ਚਾਰੋਂ ਤਰਫ਼ ਪਿਆਰ ਤੇ ਖ਼ੁਸ਼ਹਾਲੀ ਵੇਖ ਨਿਰਾਸ ਜੀਵਨ ਵੀ ਮਹਿਕ ਉੱਠਦਾ ਹੈ, ਪਰ ਇਹ ਸਮਝ ਅਤੇ ਸਮਰੱਥਾ; ਅਜਿਹੇ ਗੁਣਾਂ ਦੇ ਸਰੋਤ ਪਾਸੋਂ ਹੀ ਮਿਲਦੀ ਹੈ, ਜਿਸ ਨੂੰ ਗੁਰਬਾਣੀ ’ਚ ‘ਗੁਰੂ’ ਕਿਹਾ ਗਿਆ ਹੈ।

ਕਲਿਯੁਗੀ ਸਮਾਜ ’ਚ ਮਨੁੱਖ ਲਈ ਸੱਚੇ ਗੁਰੂ ਦੀ ਚੋਣ ਕਰਨਾ ਅਸੰਭਵ ਕਾਰਜ ਹੁੰਦਾ ਹੈ ਕਿਉਂਕਿ ਅੰਨ੍ਹੇ ਲਈ ਗੁਰੂ ਹੀ ਅੱਖਾਂ ਹਨ। ਅੱਖਾਂ ਤੋਂ ਬਿਨਾਂ ਜੇ ਰੌਸ਼ਨੀ ਵਿਖਾਈ ਦੇਵੇ ਤਾਂ ਗੁਰੂ ਦੀ ਕੀ ਲੋੜ? ਇਸ ਲਈ ਕਰਤਾਰ (ਕੁਦਰਤ ਦਾ ਮਾਲਕ) ਹੀ ਬੰਦੇ ਨੂੰ ਗੁਰੂ ਰੂਪ ਅੱਖਾਂ ਮੁਹੱਈਆ ਕਰਾਉਂਦਾ ਹੈ ਭਾਵ ਪ੍ਰਭੂ ਆਪ ਹੀ ਸੱਚੇ ਗੁਰੂ ਦਾ ਰੂਪ ਧਾਰ ਕੇ ਅੰਨ੍ਹਿਆਂ ਦੇ ਸਾਹਮਣੇ ਆ ਖੜ੍ਹਦਾ ਹੈ, ‘‘ਹਰਿ ਹਰਿ ਆਪਿ ਮਿਲਾਇ ਗੁਰੁ; ਮੈ ਦਸੇ ਹਰਿ ਧਨੁ ਰਾਸਿ ’’ (: /੯੯੬) ਭਾਵ ਹੇ ਹਰੀ ! ਤੂੰ ਆਪ ਕਿਰਪਾ ਕਰਕੇ ਮੈਨੂੰ ਗੁਰੂ ਮਿਲਾ ਦੇਹ ਤਾਂ ਜੋ ਉਹ ਤੇਰੇ ਬਾਰੇ, ਤੇਰੇ ਨਾਮ ਬਾਰੇ ਸਮਝਾਵੇ।

ਇਤਿਹਾਸਕ ਪ੍ਰਮਾਣ ਹੈ ਕਿ ਗੁਰੂ ਅੰਗਦ ਸਾਹਿਬ ਜੀ ਅਤੇ ਗੁਰੂ ਅਮਰਦਾਸ ਜੀ ਲੰਮੇ ਸਮੇਂ ਤੱਕ ਸੱਚੇ ਗੁਰੂ ਦੀ ਸ਼ਰਨ ਨਾ ਪਾ ਸਕੇ। ਸਤਿਗੁਰੂ ਮਿਲਣ ਤੋਂ ਬਾਅਦ ਗੁਰੂ ਅਮਰਦਾਸ ਜੀ ਦੇ ਵਚਨ ਹਨ ਕਿ ਜਿਸ ਅਕਾਲ ਪੁਰਖ ਨੇ ਰੌਸ਼ਨ ਅੱਖਾਂ ਲੈ ਕੇ (ਭਾਵ ਆਪਣੇ ਨਾਲ਼ੋਂ ਵਿਛੋੜ ਕੇ ਜੂਨਾਂ ’ਚ ਪਾਇਆ) ਅੰਨ੍ਹੇ ਕੀਤੇ ਸੀ ਉਹੀ ਮਾਲਕ; ਗੁਰੂ ਰੂਪ ਅੱਖਾਂ ਦੇ ਕੇ ਆਪਣੇ ਦੀਦਾਰ ਕਰਵਾ ਦਿੰਦਾ ਹੈ, ‘‘ਨਾਨਕ ! ਜਿਨਿ ਅਖੀ ਲੀਤੀਆ; ਸੋਈ ਸਚਾ ਦੇਇ ’’ (: /੮੩), ਭੱਟ ਭਿੱਖਾ ਜੀ ਹੋਰ ਸਪਸ਼ਟ ਕਰਦੇ ਹਨ ਕਿ ਦਇਆਲੂ (ਮਾਲਕ) ਨੇ ਕਿਰਪਾ ਕਰਕੇ ਗੁਰੂ (ਅਮਰਦਾਸ ਜੀ) ਨੂੰ ਮਿਲਾਇਆ ਹੈ, ‘‘ਗੁਰੁ ਦਯਿ (ਨੇ) ਮਿਲਾਯਉ ਭਿਖਿਆ!’’ (ਸਵਈਏ ਮਹਲੇ ਤੀਜੇ ਕੇ/ਭਟ ਭਿਖਾ/੧੩੯੬), ਪਰ ਇਹ ਵੇਦਨਾ ਪ੍ਰਗਟ ਕਰਨ ਤੋਂ ਪਹਿਲਾਂ ਹੋਈ ਭਟਕਣਾ ਨੂੰ ਵੀ ਭੱਟ ਭਿੱਖਾ ਜੀ ਬਿਆਨ ਕਰਨਾ ਨਾ ਭੁੱਲੇ, ‘‘ਰਹਿਓ ਸੰਤ ਹਉ ਟੋਲਿ; ਸਾਧ ਬਹੁਤੇਰੇ ਡਿਠੇ ਸੰਨਿਆਸੀ ਤਪਸੀਅਹ; ਮੁਖਹੁ ਪੰਡਿਤ ਮਿਠੇ ਬਰਸੁ ਏਕੁ ਹਉ ਫਿਰਿਓ; ਕਿਨੈ ਨਹੁ ਪਰਚਉ ਲਾਯਉ ਕਹਤਿਅਹ ਕਹਤੀ ਸੁਣੀ; ਰਹਤ ਕੋ ਖੁਸੀ ਆਯਉ ’’ (ਸਵਈਏ ਮਹਲੇ ਤੀਜੇ ਕੇ/ਭਟ ਭਿਖਾ/੧੩੯੬), ਸੋ ਬੰਦੇ ਲਈ ਸੱਚੇ ਗੁਰੂ ਦਾ ਮਿਲਾਪ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੁੰਦਾ।

ਗੁਰੂ ਗ੍ਰੰਥ ਸਾਹਿਬ ਫ਼ਲਸਫ਼ੇ ਦਾ ਆਧਾਰ ਗੁਰੂ ਨਾਨਕ ਸੋਚ ਹੈ, ਨਾਨਕ ਵਿਚਾਰਧਾਰਾ ਹੈ, ਜਿਨ੍ਹਾਂ ਨੇ 4 ਉਦਾਸੀਆਂ ਰਾਹੀਂ 50-60 ਹਜ਼ਾਰ ਕਿਲੋਮੀਟਰ ਯਾਤਰਾ ਕਰ ਜਗ੍ਹਾ-ਜਗ੍ਹਾ ਮਾਨਵਤਾ ਨੂੰ ਰੌਸ਼ਨ ਅੱਖਾਂ ਬਖ਼ਸ਼ ਕੇ ਅਕਾਲ ਪੁਰਖ (ਨਿਰਾਕਾਰ, ਅਦ੍ਰਿਸ਼, ਸਰਬ ਵਿਆਪਕ, ਜੋਤਿ ਸਰੂਪ, ਅਬਿਨਾਸ਼ੀ ਮਾਲਕ) ਦਾ ਦੀਦਾਰ ਕਰਵਾਇਆ। ਇਸ ਰੂਹਾਨੀਅਤ ਯਾਤਰਾ ਦਾ ਮਨੋਵਿਗਿਆਨਕ ਪੱਖ ਸਮਝਣਾ ਵੀ ਜ਼ਰੂਰੀ ਹੈ ਤਾਂ ਜੋ ਗੁਰਬਾਣੀ ਨੂੰ ‘ਨਵੇਂ ਯੁੱਗ ਦਾ ਧਰਮ’ ਕਹਿਣਾ, ਕਿਸ ਨੂੰ ਵਧਾ ਕੇ ਕਹੀ ਹੋਈ ਗੱਲ ਨਾ ਜਾਪੇ।

ਜੋਗੀਆਂ ਨੇ ਸਵਾਲ ਕੀਤਾ ‘‘ਤੇਰਾ ਕਵਣੁ ਗੁਰੂ ? ਜਿਸ ਕਾ ਤੂ ਚੇਲਾ ’’ (: /੯੪੨), ਜਵਾਬ ਸੀ ‘‘ਸਬਦੁ ਗੁਰੂ; ਸੁਰਤਿ ਧੁਨਿ ਚੇਲਾ ’’ (: /੯੪੩), ਇਸ ਜਵਾਬ ’ਚ ਸੰਕੇਤਕ ਭਾਵ ਬੜੇ ਗਹਿਰੇ ਹਨ।  ਦਰਅਸਲ ਬੰਦਾ; ਜੋ ਵੀ ਕੰਮ ਕਰਦਾ ਹੈ ਉਸ ਦੇ ਪਿੱਛੇ ਉਸ ਦੀ ਸੋਚ ਕਾਰਜਸ਼ੀਲ ਹੁੰਦੀ ਹੈ। ਸਮਾਜ ’ਚ ਚੰਗੇ ਮੰਦੇ ਕੰਮ; ਸੋਚ ਆਧਾਰਿਤ ਹੀ ਕੀਤੇ ਜਾਂਦੇ ਹਨ।  ਗੁਰੂ ਨਾਨਕ ਜੀ ਮੁਤਾਬਕ ਸੰਸਾਰ ’ਚ ਸੁਰਤਿ ਬਿਨਾਂ ਕੋਈ ਪੈਦਾ ਹੀ ਨਹੀਂ ਹੋਇਆ ‘‘ਏਕਾ ਸੁਰਤਿ; ਜੇਤੇ ਹੈ ਜੀਅ ਸੁਰਤਿ ਵਿਹੂਣਾ; ਕੋਇ ਕੀਅ ’’ (: /੨੫), ਤਾਂ ਤੇ ਹਰ ਬੰਦੇ ਅੰਦਰ ਸੁਰਤਿ ਪ੍ਰਧਾਨ ਹੈ, ‘‘ਜੇਹੀ ਸੁਰਤਿ; ਤੇਹਾ ਤਿਨ ਰਾਹੁ ’’; ਗੁਰੂ ਨਾਨਕ ਜੀ ਮੁਤਾਬਕ ਤੀਖਣ ਬੁੱਧੀ ਵਾਲ਼ਾ ਰਾਹ ਹੀ ਖੋਟੀ ਮੱਤ ਨੂੰ ਪਲਟਾਉਂਦਾ ਹੈ ‘‘ਸੁਰਤੀ ਕੈ ਮਾਰਗਿ ਚਲਿ ਕੈ; ਉਲਟੀ ਨਦਰਿ ਪ੍ਰਗਾਸੀ ’’ (: /੧੩੨੯)

ਸੁਰਤਿ ਦਾ ਉਲਟ ਕੇ ਪ੍ਰਕਾਸ਼ਮਈ ਹੋਣ ਦਾ ਅਰਥ ਹੈ ‘ਮਾਯਾ ਨਾਲ਼ ਪਾਏ ਪਿਆਰ ਦੀ ਬਜਾਇ ਰੱਬੀ ਵਜੂਦ ਨੂੰ ਸਵੀਕਾਰਨਾ, ਪਿਆਰ ਕਰਨਾ, ਜੋ ਨਿਰਾਕਾਰ ਵੀ ਹੈ ਅਤੇ ਕਣ-ਕਣ ’ਚ ਵਿਆਪਕ ਵੀ’ ਭਾਵ ਰੱਬੀ ਪਿਆਰ ਹੀ ਸਮਾਜਿਕ ਪਿਆਰ ਪੈਦਾ ਕਰਾਉਂਦਾ ਹੈ, ਇਸ ਦੌਰਾਨ ਰੱਬ ਦੇ ਡਰ-ਅਦਬ ’ਚ ਚੱਲਣਾ ਬੰਦੇ ਦੇ ਪੈਰ ਬਣ ਜਾਂਦੇ ਹਨ (ਜੋ ਮਾੜੇ ਪਾਸੇ ਨਹੀਂ ਜਾਣ ਦਿੰਦੇ), ਪਿਆਰ ਸਰੂਪ ਹੱਥ ਹਨ ਭਾਵ ਪਰਉਪਕਾਰੀ ਭਾਵਨਾ ਬਣ ਜਾਂਦੀ ਹੈ ਅਤੇ (ਮਾਯਾ ਦੀ ਬਜਾਇ) ਰੱਬੀ ਯਾਦ ਨਾਲ਼ ਸੁਰਤ ਜੋੜਨਾ ਅੱਖਾਂ ਬਣ ਜਾਂਦੀਆਂ ਹਨ, ‘‘ਭੈ ਕੇ ਚਰਣ, ਕਰ ਭਾਵ ਕੇ; ਲੋਇਣ ਸੁਰਤਿ ਕਰੇਇ ’’ (: /੧੩੯), ਇਹੀ ਅਕਾਲ ਪੁਰਖ ਦਾ ਦੀਦਾਰ ਹੈ।  ਨਹੀਂ ਤਾਂ ਸੋਚੋ ਕਿ ‘‘ਸਹ ਦੇਖੇ ਬਿਨੁ, ਪ੍ਰੀਤਿ ਊਪਜੈ; ਅੰਧਾ ਕਿਆ ਕਰੇਇ ?’’ (: /੮੩) ਭਾਵ ਮਾਲਕ ਨੂੰ ਅੱਖਾਂ ਨਾਲ਼ ਵੇਖੇ ਬਿਨਾਂ ਪ੍ਰੀਤ ਪੈਦਾ ਨਹੀਂ ਹੋ ਸਕਦੀ।  ਅੱਖਾਂ (ਭਾਵ ਗੁਰੂ) ਵਿਹੂਣਾ ਅੰਨ੍ਹਾ ਕੀ ਕਰ ਸਕਦਾ ਹੈ, ਅੰਨ੍ਹਾ ਕਿਸ ਨਾਲ਼ ਪਿਆਰ ਪਾ ਸਕਦਾ ਹੈ?

ਇੱਥੇ ਇਹ ਵਿਚਾਰ ਵੀ ਲਾਭਕਾਰੀ ਰਹੇਗੀ ਕਿ ‘ਰੱਬ ਕੀ ਹੈ?, ਇਸ ਦਾ ਨਿਵਾਸ ਸਥਾਨ ਕਿੱਥੇ ਹੈ? ਕਿਉਂਕਿ ਰੱਬ ਨੂੰ ਹਰ ਧਰਮ ਮੰਨਦਾ ਹੈ, ਪਰ ਇਸ ਬਾਰੇ ਇੱਕ ਰਾਇ ਨਾ ਹੋਣ ਕਾਰਨ ਹੀ ਲੜਾਈਆਂ ਹੁੰਦੀਆਂ ਹਨ।  ਹਿੰਦੂ; ਆਕਾਰ (ਦੇਵੀ-ਦੇਵਤੇ, ਮੂਰਤੀ, ਕੁਦਰਤੀ ਸ਼ਕਤੀਆਂ ਆਦਿ) ਨੂੰ ਰੱਬ ਮੰਨਦਾ ਹੈ।  ਸੁਰਗ ਨੂੰ ਰੱਬ ਦਾ ਨਿਵਾਸ ਸਥਾਨ ਭਾਵ ਹਿੰਦੂ ਮੁਤਾਬਕ ਕੁਦਰਤ (ਜੋ ਇਨ੍ਹਾਂ ਲਈ ਰੱਬ ਹੈ) ਕਦੇ ਨਾਸ਼ ਨਹੀਂ ਹੋਵੇਗੀ।, ਇਸਲਾਮ; ਅੱਲ੍ਹਾ ਨੂੰ ਰੱਬ ਮੰਨਦਾ ਹੈ, ਜਿਸ ਦਾ ਨਿਵਾਸ ਸਥਾਨ ਸਰਬ ਵਿਆਪਕ ਜਾਂ ਨਿਰਾਕਾਰ ਨਹੀਂ ਬਲਕਿ ਮਸਜਿਦ ਵਿੱਚ ਹੈ ਜਾਂ ਸੱਤ ਅਕਾਸ਼ ਉੱਤੇ, ‘‘ਅਲਹੁ ਏਕੁ ਮਸੀਤਿ ਬਸਤੁ ਹੈ; ਅਵਰੁ ਮੁਲਖੁ ਕਿਸੁ ਕੇਰਾ ’’ (ਭਗਤ ਕਬੀਰ ਜੀ/੧੩੪੯) ਭਾਵ ਜੇ ਅੱਲ੍ਹਾ; ਸਰਬ ਵਿਆਪਕ ਨਹੀਂ, ਕੇਵਲ ਮਸਜਿਦ ਵਿੱਚ ਹੀ ਹੈ ਤਾਂ ਸਾਰਾ ਜਹਾਨ ਕਿਸ ਦੇ ਆਸਰੇ ਜੀਵਤ ਹੈ?, ਈਸਾਈਆਂ ਦਾ ਰੱਬ ਵੀ ਸਰਬ ਵਿਆਪਕ ਨਹੀਂ ਬਲਕਿ ਸੱਤ ਅਕਾਸ਼ ਉੱਪਰ ਬਿਰਾਜਮਾਨ ਹੈ।  ਮਸੀਹੀ ਅਕੀਦੇ ਮੁਤਾਬਕ ਈਸਾ ਮਸੀਹ (ਯਿਸੂ ਮਸੀਹ) ਪਰਮੇਸ਼ਰ ਦੇ ਇਕਲੌਤੇ ਪੁੱਤਰ ਹਨ ਅਤੇ ਪਵਿੱਤਰ ਤ੍ਰਿਮੂਰਤਿ (ਤਸਲੀਮ) ਦੇ ਦੂਜੇ ਸਦੱਸ ਹੁੰਦੇ ਹੋਏ ਆਪ ਹੀ ਪਰਮੇਸ਼ਰ ਹਨ।, ਆਧੁਨਿਕ ਜੈਨ ਧਰਮ; ਮਹਾਂਵੀਰ ਦੀ ਵਿਚਾਰਧਾਰਾ ਹੈ, ਜੋ 24ਵੇਂ ਤੀਰਥੰਕਰ ਮੰਨੇ ਗਏ।  ਜੈਨ ਦਾ ਅਰਥ ਹੈ ‘ਮਨ ਨੂੰ ਜਿੱਤਣ ਵਾਲ਼ਾ’; ਇਸ ਤੋਂ ਹੀ ਸਪਸ਼ਟ ਹੈ ਕਿ ਜੈਨੀਆਂ ਲਈ ਮਨ ਨੂੰ ਜਿੱਤਣਾ ਹੀ ਰੱਬ ਹੈ।, ਬੋਧ ਧਰਮ; ਮਹਾਤਮਾ ਬੁੱਧ ਦੀ ਵਿਚਾਰਧਾਰਾ ਹੈ, ਇਨ੍ਹਾਂ ਮੁਤਾਬਕ ਸਦਾਚਾਰੀ ਜੀਵਨ ਹੀ ਮੁਕਤੀ ਹੈ (ਭਾਵ ਰੱਬ ਹੈ)। ਬੋਧੀ ਵੀ ਰੱਬ ਨੂੰ (ਸਿੱਖਾਂ ਵਾਙ) ਨਿਰਾਕਾਰ ਜਾਂ (ਹਿੰਦੂ ਵਾਙ) ਆਕਾਰ ਰੂਪ ’ਚ ਨਹੀਂ ਮੰਨਦੇ।  ਗੁਰਬਾਣੀ ਦਾ ਰੱਬ; ਜੋਤਿ ਸਰੂਪ, ਸਰਬ ਵਿਆਪਕ, ਅਦ੍ਰਿਸ਼, ਨਿਰਾਕਾਰ, ਅਬਿਨਾਸ਼ੀ ਹੈ ਭਾਵ ਕੁਦਰਤ ਵਾਙ ਕਦੇ ਨਾਸ਼ ਨਹੀਂ ਹੁੰਦਾ। ਗੁਰਬਾਣੀ; ਕੁਦਰਤ ਦਾ ਵਜੂਦ ਸਦੀਵੀ ਨਹੀਂ ਮੰਨਦੀ ‘‘ਦ੍ਰਿਸਟਿਮਾਨ ਸਭੁ ਬਿਨਸੀਐ; ਕਿਆ ਲਗਹਿ ਗਵਾਰ ?’’ (: /੮੦੮) ਭਾਵ ਦੁਨਿਆਵੀ ਅੱਖਾਂ ਨਾਲ਼ ਵਿਖਾਈ ਦੇਣ ਵਾਲ਼ਾ ਸਭ ਕੁਝ ਸਦੀਵੀ ਨਹੀਂ ਰਹੇਗਾ ਇਸ ਨਾਲ਼ ਨਾ ਜੁੜ, ਇਸ ਦੀ ਭਗਤੀ ਨਾ ਕਰ, ਇਸ ਤੋਂ ਪ੍ਰਭਾਵਤ ਨਾ ਹੋ।

ਗੁਰਬਾਣੀ; ਰੱਬ ਨੂੰ ਜੋਤਿ ਸਰੂਪ ’ਚ ਮੰਨਦੀ ਹੋਈ ਜੋਤਿ ਨੂੰ ਹੀ ‘ਆਤਮਾ, ਰੂਹ, ਜਿੰਦ’ ਕਹਿੰਦੀ ਹੈ।  ਅਕਾਲ ਪੁਰਖ ਦਾ ਅਟੁੱਟ ਹਿੱਸਾ (ਭਾਗ) ਹੋਣ ਕਾਰਨ ਇਸ ਦਾ ਵਜੂਦ ਵੀ ਸਦੀਵੀ ਸਥਿਰ ਹੈ, ‘‘ਕਹੁ ਕਬੀਰ ! ਇਹੁ ਰਾਮ ਕੀ ਅੰਸੁ ਜਸ ਕਾਗਦ ਪਰ ਮਿਟੈ ਮੰਸੁ ’’ (ਭਗਤ ਕਬੀਰ ਜੀ/੮੭੧) ਭਾਵ ਜਿਵੇਂ ਕਾਗਜ਼ ਅਤੇ ਸਿਆਹੀ ਵੱਖਰੇ ਨਹੀਂ ਹੋ ਸਕਦੇ ਇਉਂ ਰੱਬ ਅਤੇ ਆਤਮਾ ਵੱਖ ਨਹੀਂ ਹੋ ਸਕਦੇ ਭਾਵ ਇੱਕ ਦਾ ਖ਼ਾਤਮਾ (ਮੌਤ) ਤੇ ਦੂਜਾ ਸਦੀਵੀ ਸਥਿਰ ਨਹੀਂ ਹੋ ਸਕਦਾ, ਇਸ ਲਈ ਆਤਮਾ ਨੂੰ (ਰੱਬ ਵਾਙ) ਅਮਰ ਮੰਨਿਆ ਗਿਆ ਹੈ। ਆਤਮਾ ਉੱਤੇ ਚੜ੍ਹੀ ਮਲ਼ੀਨਤਾ ਨੂੰ ਬੰਦੇ ਦੇ ‘ਭਾਗ, ਨਸੀਬ, ਅੰਤਹਿਕਰਣ, ਜਨਮ ਜਨਮ ਕੀ ਮਲੁ (ਮੈਲ਼), ਕਰਮਾਂ ਦਾ ਫਲ਼, ਹਨ੍ਹੇਰਾ, ਅਗਿਆਨਤਾ’ ਆਦਿ ਕਿਹਾ ਗਿਆ ਹੈ, ਜਿਸ ਦੇ ਬਾਹਰੀ 4 ਪ੍ਰਮੁੱਖ ਚਿੰਨ੍ਹ ਹਨ ‘ਸੁਰਤਿ, ਮਤਿ, ਮਨਿ, ਬੁਧਿ’, ‘‘ਤਿਥੈ ਘੜੀਐ; ਸੁਰਤਿ ਮਤਿ ਮਨਿ ਬੁਧਿ ’’ (ਜਪੁ), ‘ਸੁਰਤਿ’ ਤੋਂ ਭਾਵ ਭੂਤਕਾਲ ਦਾ ਅਨੁਭਵ, ‘ਮਤਿ’ ਤੋਂ ਭਾਵ ਮਮਤਾ/ਅਹੰਕਾਰ, ‘ਮਨ’ ਤੋਂ ਭਾਵ ਸੰਕਲਪ ਤੇ ਵਿਕਲਪ (ਖ਼ਿਆਲ ਬਣਾਉਣੇ ਤੇ ਮਿਟਾਉਣੇ), ‘ਬੁਧਿ’ ਤੋਂ ਭਾਵ ਨਵੇਂ ਸੋਚ ਵਿਚਾਰ ਪੈਦਾ ਕਰ ਉਨ੍ਹਾਂ ਉੱਤੇ ਵਿਸ਼ਵਾਸ ਬਣਾਉਣਾ।  ਇਸ ਮਲ਼ੀਨਤਾ ਨੂੰ ਵੇਖਣਾ ਅਤੇ ਧੋਣਾ ਹੀ ਅੰਤਰਗਤਿ ਇਸ਼ਨਾਨ ਹੈ ‘‘ਅੰਤਰਗਤਿ ਤੀਰਥਿ; ਮਲਿ ਨਾਉ ’’ (ਜਪੁ) ਭਾਵ ਅੰਦਰਲੇ ਤੀਰਥ ਉੱਤੇ ਮਲ਼ ਮਲ਼ (ਰਗੜ ਰਗੜ) ਕੇ ਇਸ਼ਨਾਨ ਕਰਨਾ ਹੈ, ਅੰਦਰ ਰੱਬ ਨੂੰ ਵੇਖਣਾ ਹੈ ਭਾਵ ਜਦ ਮਲ਼ੀਨਤਾ (ਮਨੁੱਖੀ ਕਮਜ਼ੋਰੀ) ਮਿਟ ਜਾਏਗੀ ਤਾਂ ਅੰਦਰੋਂ ਰੱਬ ਦਾ ਅਟੁੱਟ ਭਾਗ ਆਤਮਾ, ਜੋ ਨੂਰ ਹੀ ਨੂਰ ਹੈ, ਜੋ ਨਿਰਭਉ ਨਿਰਵੈਰ ਹੈ, ਸਰਬ ਸ਼ਕਤੀਮਾਨ ਹੈ, ਉਸ ਦਾ ਦਰਸ਼ਨ (ਅਹਿਸਾਸ) ਹੀ ਰੱਬੀ ਮਿਲਾਪ ਹੈ। 

ਦਰਅਸਲ ਜਿਸ ਰੱਬ ਦੀ ਵਿਆਖਿਆ ਗੁਰਬਾਣੀ ਕਰਦੀ ਹੈ, ਉਸ ਦੇ ਦਰਸ਼ਨ ਭਾਵ ਉਸ ਦਾ ਅਹਿਸਾਸ; ਸੱਚਾ ਗੁਰੂ ਹੀ ਅੰਗ-ਸੰਗ ਰਹਿ ਰਹਿ ਕੇ, ਵਿਸ਼ਵਾਸ ਰੂਪ ਸਹਾਰਾ ਦੇ ਦੇ ਕੇ, ਜੋਤਿ ਸਰੂਪ ਵਜੋਂ ਬਖ਼ਸ਼ਸ਼ ਕਰ ਕਰ ਕੇ, ਕਰਵਾ ਸਕਦਾ ਹੈ।  ਬਾਕੀ ਸਭ ਧਰਮਾਂ ਲਈ ‘ਗੁਰੂ, ਪੈਗ਼ੰਬਰ ਜਾਂ ਮਹਾਤਮਾ’ ਆਦਿ ਦਾ ਸਰਬ ਸ਼ਕਤੀਮਾਨ ਹੋਣਾ ਬਹੁਤਾ ਜ਼ਰੂਰੀ ਨਹੀਂ ਕਿਉਂਕਿ ਬਹੁਤ ਕੁਝ ਦੁਨਿਆਵੀ ਗਿਆਨ ਜਾਂ ਕਾਲਪਨਿਕ ਆਧਾਰਿਤ ਹੈ, ਜਿਸ ਦਾ ਕਿਸੇ ਦੂਸਰੇ ਨੂੰ ਅਹਿਸਾਸ ਨਹੀਂ ਕਰਵਾਇਆ ਜਾ ਸਕਦਾ।  ਜੋ ਪਾਖੰਡੀ ਗੁਰੂ; ਸਾਰੇ ਧਾਰਮਿਕ ਚਿੰਨ੍ਹਾਂ ਦੀ ਇੱਕ ਥਾਂ ਵਰਤੋਂ ਕਰਕੇ ਜਨਤਾ ਨੂੰ ਆਪਣੇ ਉਦਾਰਵਾਦੀ ਹੋਣ ਦਾ ਭੁਲੇਖਾ ਪਾਉਂਦੇ ਹਨ, ਉਨ੍ਹਾਂ ਦੀ ਨਿਜੀ ਸਮਝ ਕੇਵਲ ਸਮਾਜਿਕ ਪੱਧਰ ਤੱਕ ਹੀ ਹੁੰਦੀ ਹੈ, ਜਿਸ ਕਾਰਨ ਮਨ ਨੂੰ ਨਾ ਜਿੱਤ ਸਕਣ ਕਰਕੇ ਕਈ ਵਾਰ ਦੁਨਿਆਵੀ ਜੇਲ੍ਹ ਯਾਤਰਾ ਕਰਨੀ ਪੈਂਦੀ ਹੈ।  ਕੁਕਰਮ ਤੇ ਪਾਖੰਡ ਦਾ ਫਲ਼; ਕਰਤਾਰ ਦੀ ਸੱਚੀ ਦਰਗਾਹ ਵਿੱਚ ਮਿਲਣਾ ਨਿਸ਼ਚਿਤ ਹੈ, ਜਿਸ ਦੀ ਸ਼ੁਰੂਆਤ ਇੱਥੋਂ ਹੀ ਹੋ ਚੁੱਕੀ ਹੁੰਦੀ ਹੈ।

ਉਕਤ ਕੀਤੀ ਗਈ ਵਿਚਾਰ ਕਿ ਹਰ ਬੰਦੇ ਨੂੰ ਸੁਰਤਿ; ਰੱਬੀ ਬਖ਼ਸ਼ਸ਼ ਵਜੋਂ ਮਿਲੀ ਦਾਤ ਹੈ, ਜਿਸ ਨੇ ਰੂਹਾਨੀਅਤ ਯਾਤਰਾ ਦੌਰਾਨ ਚੇਲਾ ਬਣਨਾ ਹੈ।  ਸੁਰਤਿ ਦਾ ਸਦਪ੍ਰਯੋਗ ਕਰਵਾਉਣ ਲਈ ਜਗਤ ਰਚੇਤਾ ਆਪ ਹੀ ਗੁਰੂ ਨੂੰ ਅਗਵਾਈ ਕਰਨ ਲਈ ਸੰਸਾਰ ’ਚ ਭੇਜਦਾ ਹੈ। ਗੁਰੂ ਅਤੇ ਚੇਲੇ ਦੇ ਪਹਿਲੇ ਮਿਲਾਪ ਦੌਰਾਨ ‘‘ਸਬਦੁ ਗੁਰੂ; ਸਰਤਿ ਧੁਨਿ ਚੇਲਾ’’ ਮੁੱਢਲੀ ਸ਼ਰਤ ਰੱਖੀ ਗਈ ਹੈ।  ਜਿਸ ਸਰੀਰ ਵਿੱਚੋਂ ਸੁਰਤਿ ਹੀ ਗੁਰੂ ਸਬਦੁ (ਸਿਖਿਆ) ਦੇ ਅਧੀਨ ਵਿਚਰ ਰਹੀ ਹੋਵੇ ਉੱਥੇ ਅੱਖ, ਕੰਨ, ਹੱਥ, ਪੈਰ, ਸਿਰ ਆਦਿ ਸਭ ਸਫਲ ਹੋ ਜਾਂਦੇ ਹਨ, ‘‘ਚਰਣ ਪਰ ਸਕਯਥ (ਸਫਲ); ਚਰਣ ਗੁਰ ਅਮਰ ਪਵਲਿ ਰਯ (ਰਾਹਤੇ ਚਲਦੇ) ਹਥ ਪਰ ਸਕਯਥ; ਹਥ ਲਗਹਿ ਗੁਰ ਅਮਰ ਪਯ (ਚਰਨੀਂ) ਜੀਹ (ਜੀਭ) ਪਰ ਸਕਯਥ; ਜੀਹ ਗੁਰ ਅਮਰੁ ਭਣਿਜੈ ਨੈਣ ਪਰ ਸਕਯਥ; ਨਯਣਿ ਗੁਰੁ ਅਮਰੁ ਪਿਖਿਜੈ ਸ੍ਰਵਣ ਪਰ ਸਕਯਥ; ਸ੍ਰਵਣਿ ਗੁਰੁ ਅਮਰੁ ਸੁਣਿਜੈ ਸਕਯਥੁ ਸੁ ਹੀਉ (ਹਿਰਦਾ); ਜਿਤੁ ਹੀਅ ਬਸੈ, ਗੁਰ ਅਮਰਦਾਸੁ ਨਿਜ ਜਗਤ ਪਿਤ ਸਕਯਥੁ ਸੁ ਸਿਰੁ, ਜਾਲਪੁ ਭਣੈ; ਜੁ ਸਿਰੁ ਨਿਵੈ ਗੁਰ ਅਮਰ ਨਿਤ ’’ (ਸਵਈਏ ਮਹਲੇ ਤੀਜੇ ਕੇ/ਭਟ ਜਾਲਪ/੧੩੯੪), ਅਜਿਹਾ ਨਿਮਰ ਅਤੇ ਰੌਸ਼ਨ ਦਿਮਾਗ਼; ਬੰਦੇ ਦੀ ਕਥਨੀ ਤੇ ਕਰਨੀ ਇੱਕ ਸਮਾਨ ਬਣਾ ਦਿੰਦਾ ਹੈ। ਉਹ ਆਪਣੇ ਮਾਲਕ ਦੇ ਡਰ-ਅਦਬ ’ਚ ਹਮੇਸ਼ਾਂ ਵਿਚਰਦਾ ਹੈ, ਜਿਸ ਦਾ ਫਲ਼; ਸਮਾਜਿਕ ਪਿਆਰ ਹੈ।  ਸਮਾਜਿਕ ਵਿਤਕਰੇ, ਅੰਧ ਵਿਸ਼ਵਾਸ, ਅਡੰਬਰ (ਪਾਖੰਡ), ਵਹਿਮ ਭਰਮ ਉਸ ਅਵਸਥਾ ਲਈ ਬਹੁਤ ਹੇਠਲੀਆਂ ਗੱਲਾਂ (ਛੋਟੀ ਸੋਚ) ਬਣ ਕੇ ਰਹਿ ਜਾਂਦੀਆਂ ਹਨ।

ਜਗਤ ਦਾ ਮਾਲਕ ਅਕਾਲ ਪੁਰਖ ਅਬਿਨਾਸ਼ੀ ਹੈ, ਉਸ ਦਾ ਸਰੂਪ ਗੁਰੂ; ਕਿਵੇਂ ਨਾਸ਼ਵਾਨ ਹੋ ਸਕਦਾ ਹੈ? ਗੁਰੂ ਰਾਮਦਾਸ ਜੀ ਦੁਆਰਾ ਸਰੀਰਕ ਯਾਤਰਾ ਮੁਕੰਮਲ ਕਰਨ ਉਪਰੰਤ ਗੁਰਿਆਈ ਫ਼ਰਜ਼ ਨਿਭਾ ਰਹੇ ਗੁਰੂ ਅਰਜਨ ਸਾਹਿਬ ਜੀ ਦੇ ਰੂ-ਬਰੂ ਹੋ ਕੇ ਭੱਟ ਹਰਬੰਸ ਜੀ ਪੁਕਾਰ ਉੱਠੇ ਕਿ ਕੌਣ ਕਹਿੰਦਾ ਹੈ ਕਿ ਗੁਰੂ ਰਾਮਦਾਸ ਜੀ ਚੜ੍ਹਾਈ ਕਰ ਗਏ, ‘‘ਹਰਿਬੰਸ ਜਗਤਿ ਜਸੁ ਸੰਚਰ; ਸੁ ਕਵਣੁ ਕਹੈ ਸ੍ਰੀ ਗੁਰੁ ਮੁਯਉ ?’’ (ਸਵਈਏ ਮਹਲੇ ਪੰਜਵੇਂ ਕੇ/ਭਟ ਹਰਿਬੰਸ/੧੪੦੯), ਜਦ ਅਕਾਲ ਪੁਰਖ ਵਾਙ ਗੁਰੂ ਅਬਿਨਾਸ਼ੀ ਹੈ ਤਾਂ ਗੁਰੂ ’ਚ ਅਭੇਦ ਹੋਏ ਚੇਲੇ (ਸੁਰਤਿ) ਦਾ ਖ਼ਾਤਮਾ ਕਿਵੇਂ ਹੋ ਸਕਦਾ ਹੈ? ਇਹ ਉੱਚੇ ਵਿਚਾਰ ਕੇਵਲ ਬ੍ਰਹਮਗਿਆਨੀ ਪੱਧਰ ਦੇ ਹੀ ਰਹਿ ਜਾਂਦੇ ਹਨ, ‘‘ਕਉਨੁ ਮੂਆ ਰੇ ! ਕਉਨੁ ਮੂਆ ?  ਬ੍ਰਹਮ ਗਿਆਨੀ ਮਿਲਿ ਕਰਹੁ ਬੀਚਾਰਾ; ਇਹੁ ਤਉ ਚਲਤੁ ਭਇਆ ਰਹਾਉ ’’ (: /੮੮੫) ਭਾਵ ਸੰਸਾਰ ਇੱਕ ਖੇਡ ਹੈ, ਜਿੱਥੇ ਕੋਈ ਨਹੀਂ ਮਰਿਆ, ਨਾ ਰੱਬ, ਨਾ ਗੁਰੂ ਅਤੇ ਨਾ ਚੇਲਾ (ਕਿਉਂਕਿ ਇੱਥੇ ਪਹੁੰਚਿਆ ਚੇਲਾ ਆਪਣੀ ਮਲ਼ੀਨਤਾ ਨੂੰ ਖ਼ਤਮ ਕਰ ਕੇਵਲ ਆਤਮਾ (ਰੱਬੀ ਜੋਤਿ) ਪੱਖੋਂ ਹੀ ਵਜੂਦ ਬਣਾਈ ਬੈਠਾ ਹੁੰਦਾ ਹੈ)।

ਪ੍ਰਚਲਿਤ ਰਸਮਾਂ ਕੀਤੀ ਗਈ ਧਰਮ ਦੀ ਵਿਆਖਿਆ : (1). ਸਦੀਆਂ ਤੋਂ ਧਰਮ ਦੀ ਕੀਤੀ ਗਈ ਨਿਰਮੂਲ ਵਿਆਖਿਆ, ਜਿੱਥੇ ਆਪਣੇ ਜਾਤੀ ਅਹੰਕਾਰ ਤੇ ਸੁਆਰਥ ਨੂੰ ਪ੍ਰਮੁੱਖ ਰੱਖਿਆ ਗਿਆ ਕਿਉਂਕਿ ਧਰਮ ਦੇ ਬਣੇ ਠੇਕੇਦਾਰਾਂ ਨੇ ਆਪਣੇ ਆਪ ਨੂੰ ਕਦੇ ਨੀਚਾਂ ’ਚ ਖੜ੍ਹਾ ਨਾ ਪਾਇਆ ਜਦਕਿ ਗੁਰੂ ਨਾਨਕ ਸਾਹਿਬ ਜੀ ਨੀਚਾਂ ’ਚ ਜਾ ਖੜ੍ਹੋਤੇ ਕਿਉਂਕਿ ਰੱਬ ਦੀ ਮਿਹਰ ਹੀ ਨਿਆਸਰਿਆਂ ’ਤੇ ਹੁੰਦੀ ਹੈ, ਅਹੰਕਾਰੀਆਂ ਉੱਤੇ ਨਹੀਂ, ‘‘ਨੀਚਾ ਅੰਦਰਿ ਨੀਚ ਜਾਤਿ; ਨੀਚੀ ਹੂ ਅਤਿ ਨੀਚੁ ਨਾਨਕੁ ਤਿਨ ਕੈ ਸੰਗਿ ਸਾਥਿ; ਵਡਿਆ ਸਿਉ ਕਿਆ ਰੀਸ ਜਿਥੈ ਨੀਚ ਸਮਾਲੀਅਨਿ; ਤਿਥੈ ਨਦਰਿ ਤੇਰੀ, ਬਖਸੀਸ ! ’’ (: /੧੫)

(2). ਈਦ ਵਾਲ਼ੇ ਦਿਨ, ਜਦ ਚਾਰੋਂ ਤਰਫ਼ ਬਕਰੇ ਕੱਟ ਰਹੇ ਹੋਣ, ਓਥੇ ਬਕਰਿਆਂ ਦਾ ਕੋਈ ਹਮਾਇਤੀ ਬਣ ਕੇ ਆ ਖੜ੍ਹੇ ਅਤੇ ਕਹੇ ‘‘ਜੀਅ ਬਧਹੁ ਸੁ ਧਰਮੁ ਕਰਿ ਥਾਪਹੁ; ਅਧਰਮੁ ਕਹਹੁ ਕਤ ਭਾਈ ! ਆਪਸ ਕਉ ਮੁਨਿਵਰ ਕਰਿ ਥਾਪਹੁ; ਕਾ ਕਉ ਕਹਹੁ ਕਸਾਈ ?’’ (ਭਗਤ ਕਬੀਰ ਜੀ/੧੧੦੩) ਤਾਂ ਕਿੰਨੇ ਕੁ ਵਿਰੋਧ ਦਾ ਸਾਹਮਣਾ ਕਰਨਾ ਪਏਗਾ, ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ, ਇਸੇ ਤਰ੍ਹਾਂ ਸਦੀਆਂ ਤੋਂ ਪਤੀ ਦੀ ਚਿਖ਼ਾ ’ਚ ਚੁੱਕ ਕੇ ਸੁੱਟੀ ਜਾਂਦੀ ਔਰਤ ਨਾਲ਼ ਖੜ੍ਹਨ ਵਾਲ਼ਾ ਕੋਈ ਮਰਦ ਅਗੰਮੜਾ ਹੀ ਹੋ ਸਕਦਾ ਹੈ, ‘‘ਸਤੀਆ ਏਹਿ ਆਖੀਅਨਿ; ਜੋ ਮੜਿਆ ਲਗਿ ਜਲੰਨਿ੍ ਨਾਨਕ ! ਸਤੀਆ ਜਾਣੀਅਨਿ੍; ਜਿ ਬਿਰਹੇ ਚੋਟ ਮਰੰਨਿ੍ ’’ (: /੭੮੭) ਭਾਵ ਪਤੀ ਨਾਲ਼ ਚਿਖ਼ਾ ’ਚ ਫੂਕਣਾ, ਸਤੀ ਹੋਣਾ (ਪਿਆਰ ਦਾ ਇਜ਼ਹਾਰ) ਨਹੀਂ, ਸਗੋਂ ਰੱਬ ਤੋਂ ਪਏ ਵਿਛੋੜੇ ਨੂੰ ਸਮਝ ਕੇ ਕੁਰਲਾਅ ਉੱਠਣਾ ਹੀ ਸੱਚਾ ਪਿਆਰ ਹੈ, ‘‘ਬਿਰਹਾ ਬਿਰਹਾ ਆਖੀਐ; ਬਿਰਹਾ ! ਤੂ ਸੁਲਤਾਨੁ   ਫਰੀਦਾ ! ਜਿਤੁ ਤਨਿ ਬਿਰਹੁ ਊਪਜੈ; ਸੋ ਤਨੁ ਜਾਣੁ ਮਸਾਨੁ ’’ (ਬਾਬਾ ਫਰੀਦ ਜੀ/੧੩੭੯)

(3). ਸਦੀਆਂ ਤੋਂ ਨਸ਼ੇ ਨੂੰ ਧਰਮ ਦਾ ਅਟੁੱਟ ਅੰਗ ਮੰਨਿਆ ਗਿਆ।  ਭਗਤ ਕਬੀਰ ਜੀ; ਜੋ ਮੰਨੀ ਜਾਂਦੀ ਸਵਰਗ ਨਗਰੀ ਬਨਾਰਸ ਦੇ ਹਰ ਪਾਖੰਡ ਤੋਂ ਵਾਕਫ਼ ਸਨ, ਉਨ੍ਹਾਂ ਨੇ ਪਾਖੰਡ ਨੰਗਾ ਕਰਦਿਆਂ ਕਿਹਾ ‘‘ਕਬੀਰ ! ਭਾਂਗ ਮਾਛੁਲੀ ਸੁਰਾ ਪਾਨਿ; ਜੋ ਜੋ ਪ੍ਰਾਨੀ ਖਾਂਹਿ ਤੀਰਥ ਬਰਤ ਨੇਮ ਕੀਏ; ਤੇ ਸਭੈ ਰਸਾਤਲਿ ਜਾਂਹਿ ’’ (ਸਲੋਕ/ਭਗਤ ਕਬੀਰ ਜੀ/੧੩੭੭)  ਭਾਵ ਭੰਗ ਪੀਣੀ, ਸ਼ਰਾਬ ਪੀਣੀ, ਕਾਮ ਉਤੇਜਨਾ ਲਈ ਮੱਛੀ ਵੀ ਖਾਣੀ ਅਤੇ ਇਸ ਦੇ ਨਾਲ਼ ਨਾਲ਼ ਤੀਰਥ ਯਾਤਰਾ, ਵਰਤ-ਨੇਮ ਆਦਿਕ ਧਾਰਮਿਕ ਪ੍ਰਚੰਡ ਵੀ ਜੋ ਲੋਕ ਕਰਦੇ ਹਨ ਉਹ ਸਾਰੇ ਨੀਵੇਂਪਣ (ਗਿਰਾਵਟ, ਨਰਕ) ਵੱਲ ਵਧ ਰਹੇ ਹੁੰਦੇ ਹਨ, ਉਨ੍ਹਾਂ ਦੀ ਸੁਰਤਿ; ਆਮ ਨਾਗਰਿਕਾਂ ਤੋਂ ਵੀ ਹੇਠਾਂ ਡਿੱਗ ਜਾਂਦੀ ਹੈ।

ਗੁਰੂ ਅਮਰਦਾਸ ਜੀ ਮੁਤਾਬਕ ਨਸ਼ੇ ਕਾਰਨ ਨੀਵੀਂ ਹੋਈ ਸੋਚ; ਆਪਣਿਆਂ ਅਤੇ ਪਰਾਇਆਂ ਵਿੱਚ ਵੀ ਅੰਤਰ ਕਰਨਯੋਗ ਨਹੀਂ ਰਹਿ ਜਾਂਦੀ।  ਜਦ ਉੱਚੀ ਸੁਰਤਿ ਹੀ ਇਨਸਾਨੀਅਤ ਦਾ ਪੈਮਾਨਾ ਹੋਵੇ ਓਥੇ ਇਖ਼ਲਾਕਹੀਣ ਬੋਲ; ਬੰਦੇ ਦੇ ਆਪਣੇ ਮਾਲਕ ਨਾਲੋਂ ਸੰਬੰਧ ਤੋੜ ਦਿੰਦੇ ਹਨ, ਜਿਸ ਮਾਲਕ ਦੀ ਮਿਹਰ ਨਾਲ਼ ਗੁਰੂ ਮਿਲਣਾ ਹੈ ਅਤੇ ਰੱਬੀ ਪਿਆਰ ’ਚ ਭਿੱਜ ਕੇ ਉਸ ਦੇ ਦਰ ’ਤੇ ਕਬੂਲ ਹੋਣਾ ਹੁੰਦਾ ਹੈ, ‘‘ਜਿਤੁ ਪੀਤੈ, ਮਤਿ ਦੂਰਿ ਹੋਇ; ਬਰਲੁ ਪਵੈ ਵਿਚਿ ਆਇ   ਆਪਣਾ ਪਰਾਇਆ ਪਛਾਣਈ; ਖਸਮਹੁ ਧਕੇ ਖਾਇ ਜਿਤੁ ਪੀਤੈ ਖਸਮੁ ਵਿਸਰੈ; ਦਰਗਹ ਮਿਲੈ ਸਜਾਇ ਝੂਠਾ ਮਦੁ (ਨਸ਼ਾ), ਮੂਲਿ ਪੀਚਈ; ਜੇ ਕਾ ਪਾਰਿ ਵਸਾਇ ਨਾਨਕਨਦਰੀ ਸਚੁ ਮਦੁ ਪਾਈਐ; ਸਤਿਗੁਰੁ ਮਿਲੈ ਜਿਸੁ ਆਇ (ਕੇ) ਸਦਾ ਸਾਹਿਬ ਕੈ ਰੰਗਿ ਰਹੈ; ਮਹਲੀ ਪਾਵੈ ਥਾਉ ’’ (: /੫੫੪)

(4). ਪਰਵਾਰਿਕ ਜ਼ਿੰਮੇਵਾਰੀਆਂ ਦਾ ਤਿਆਗ ਕਰ ਜੰਗਲ਼ ਨੂੰ ਧਰਮ ਕਮਾਉਣ ਲਈ ਵਿਸ਼ੇਸ਼ ਸਥਾਨ ਮੰਨਿਆ ਗਿਆ, ਜਿੱਥੇ ਨੰਗੇ ਰਹਿਣਾ ਅਤੇ ਭੀਖ ਮੰਗ ਕੇ ਖਾਣਾ; ਕੁਦਰਤ ਦੇ ਨਿਯਮਾਂ ਵਿਰੁਧ (ਵਿਕਸਿਤ ਹੋਣ ਦੀ ਬਜਾਇ) ਬੰਦੇ ਦੀ ਸੁਰਤਿ ਪਿਛਾਂਹ (ਜੰਗਲ਼ੀ ਮਾਨਵ) ਵੱਲ ਮੁੜਨ ਲੱਗੀ।  ਅਜਿਹੇ ਗਿਆਨ ਵਿਹੂਣੇ ਸਮਾਜ ਲਈ ਗੁਰੂ ਜੀ ਨੇ ਵਚਨ ਕੀਤੇ ‘‘ਕਾਹੇ ਰੇ ! ਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ; ਤੋਹੀ ਸੰਗਿ ਸਮਾਈ ਰਹਾਉ ’’ (: /੬੮੪)

(5). ਪੱਥਰ ਪੂਜਾ ਅਤੇ ਤੀਰਥ ਯਾਤਰਾ ਨੇ ਬੰਦੇ ਨੂੰ ਬਿਬੇਕੀ ਬਣਾਉਣ ਦੀ ਬਜਾਇ ਅੰਨ੍ਹੀ ਸ਼ਰਧਾ ’ਚ ਜਕੜ ਕੇ ਰੱਖਿਆ, ਇਸ ਬਾਬਤ ਭਗਤ ਰਾਮਾਨੰਦ ਜੀ; ਜਿਨ੍ਹਾਂ ਨੇ ਰਸਾਤਲ ਵੱਲ ਵਧਦੀ ਮਨੁੱਖੀ ਸੋਚ ਨੂੰ ਉੱਚਾ ਚੁੱਕਣ ਲਈ ਸੰਘਰਸ਼ ਕਰਦਿਆਂ ਕਿਹਾ ‘‘ਜਹਾ ਜਾਈਐ; ਤਹ ਜਲ ਪਖਾਨ (ਪੱਥਰ) ਤੂ ਪੂਰਿ ਰਹਿਓ ਹੈ; ਸਭ ਸਮਾਨ ਬੇਦ ਪੁਰਾਨ ਸਭ; ਦੇਖੇ ਜੋਇ ਊਹਾਂ ਤਉ ਜਾਈਐ; ਜਉ ਈਹਾਂ ਹੋਇ ’’ (ਬਸੰਤੁ/ਭਗਤ ਰਾਮਾਨੰਦ ਜੀ/ ੧੧੯੫) ਭਾਵ ਹੇ ਪ੍ਰਭੂ !  ਸਾਰੇ ਵੇਦ, ਪੁਰਾਨ ਆਦਿ ਵਾਚ ਲਏ, ਉਨ੍ਹਾਂ ਦੇ ਦੱਸੇ ਮੁਤਾਬਕ ਓਥੇ (ਤੀਰਥ ਯਾਤਰਾ ਤੇ ਮੂਰਤੀ-ਪੱਥਰ ਪੂਜਾ ਵੱਲ) ਤਾਂ ਜਾਈਏ ਜੇ ਤੂੰ ਇੱਥੇ (ਸਾਡੇ ਅੰਦਰ) ਨਾ ਹੋਵੇਂ, ਇਸ ਲਈ ਜਿੱਥੇ ਜਾਂਦੇ ਹਾਂ (ਓਥੇ ਤੂੰ ਨਹੀਂ ਬਲਕਿ) ਪੱਥਰ ਅਤੇ ਪਾਣੀ ਵੇਖੀਦਾ ਹੈ ਜਦਕਿ ਤੂੰ ਤਾਂ ਸਰਬ ਵਿਆਪਕ ਹੈਂ।

ਸੋ ਸਦੀਆਂ ਤੋਂ ਸਮਾਜਿਕ ਪੱਧਰ ’ਤੇ ਕੀਤੀ ਗਈ ਧਰਮ ਦੀ ਵਿਆਖਿਆ ’ਚ ਅਨੇਕਾਂ ਊਣਤਾਈਆਂ ਆਈਆਂ, ਜਿਨ੍ਹਾਂ ਨੂੰ ਧਰਮ ਮੰਨ ਅੰਧ ਵਿਸ਼ਵਾਸੀਆਂ ਨੇ ਆਪਣਾ ਜੀਵਨ, ਜਿੱਥੇ ਅਜਾਈਂ ਗਵਾਇਆ ਓਥੇ ਤਰਕਵਾਦੀ ਸੋਚ ਨੂੰ ਇਸ ਤੋਂ ਅਗਾਂਹ ਕੁਝ ਵਿਖਾਈ ਨਾ ਦਿੰਦਾ ਵੇਖ ਨਾਸਤਿਕ ਬਣਨ ਲਈ ਰਾਹ ਖੋਲ੍ਹ ਦਿੱਤੇ।  ਇਨ੍ਹਾਂ ਨਾਸਤਿਕ ਅਤੇ ਕਰਮਕਾਂਡੀਆਂ ਨੇ ਸੱਚੇ ਧਰਮ ਦੇ ਸਾਰੇ ਰਾਹ ਹੀ ਬੰਦ ਕਰ ਦਿੱਤੇ, ਜਿੱਥੋਂ ਰੱਬ ਦੀ ਮਿਹਰ ਸਦਕਾ ਕੁਝ ਮਰਜੀਵੜੇ ਅਗੰਮੀ ਸੋਚ ਰੱਖਣ ਵਾਲ਼ਿਆਂ ਨੇ ਮਨੁੱਖਤਾ ਅੰਦਰ ਕ੍ਰਾਂਤੀਕਾਰੀ ਬਲਬਲੇ ਪੈਦਾ ਕਰਨੇ ਸਨ। ਇਸ ਜੱਦੋ-ਜਹਿਦ ’ਚ ਸੱਚ ਨੂੰ ਬਚਾਉਣ ਬਦਲੇ (ਭਾਵ ਸੱਚ ਨੂੰ ਉਜਾਗਰ ਕਰਨ ਲਈ) ਰੂਹਾਨੀਅਤ ਤਲ ’ਤੇ ਵਿਚਰਨ ਵਾਲ਼ੀਆਂ ਅਨੇਕਾਂ ਰੂਹਾਂ ਨੂੰ  ਸ਼ਹਾਦਤਾਂ ਦੇਣੀਆਂ ਪਈਆਂ ਤਾਂ ਜੋ ਸਮਾਜ ’ਚ ਸਦਾ ਧਰਮ ਪ੍ਰਤੀ ਕ੍ਰਾਂਤੀਕਾਰੀ ਜਜ਼ਬਾਤ ਪੈਦਾ ਹੁੰਦੇ ਰਹਿਣ, ਜਿਨ੍ਹਾਂ ਬਾਬਤ ਗੁਰਬਾਣੀ ’ਚ ਉਚਾਰੇ ਕਈ ਸ਼ਬਦ ਵੀ ਧਰਮ ਦਾ ਅੰਗ ਬਣ ਗਏ; ਜਿਵੇਂ ਕਿ ਭਗਤ ਕਬੀਰ ਜੀ ਦੇ ਵਚਨ ਹਨ ‘‘ਸੂਰਾ ਸੋ ਪਹਿਚਾਨੀਐ; ਜੁ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕਟਿ ਮਰੈ; ਕਬਹੂ ਛਾਡੈ ਖੇਤੁ ’’ (ਮਾਰੂ/ ਭਗਤ ਕਬੀਰ ਜੀ/ ੧੧੦੫), ਗੁਰੂ ਨਾਨਕ ਜੀ ਦੇ ਵਚਨ ਹਨ ‘‘ਜਉ ਤਉ; ਪ੍ਰੇਮ ਖੇਲਣ ਕਾ ਚਾਉ ਸਿਰੁ ਧਰਿ ਤਲੀ; ਗਲੀ ਮੇਰੀ ਆਉ ਇਤੁ ਮਾਰਗਿ; ਪੈਰੁ ਧਰੀਜੈ   ਸਿਰੁ ਦੀਜੈ; ਕਾਣਿ ਕੀਜੈ ’’ (: /੧੪੧੨), ਗੁਰੂ ਅਰਜਨ ਸਾਹਿਬ ਨੇ ਫ਼ੁਰਮਾਇਆ ‘‘ਪਹਿਲਾ ਮਰਣੁ ਕਬੂਲਿ; ਜੀਵਣ ਕੀ ਛਡਿ ਆਸ ਹੋਹੁ ਸਭਨਾ ਕੀ ਰੇਣੁਕਾ; ਤਉ ਆਉ ਹਮਾਰੈ ਪਾਸਿ ’’ (: /੧੧੦੨), ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਵਚਨ ਹਨ ‘‘ਭੈ ਕਾਹੂ ਕਉ ਦੇਤ ਨਹਿ; ਨਹਿ ਭੈ ਮਾਨਤ ਆਨ ’’ (: /੧੪੨੭), ਆਦਿ।

ਸੋ ਧਰਮ ਇੱਕ ਜੀਵਨ ਸੰਘਰਸ਼ ਹੈ, ਕਰਤਾਰੀ ਖੇਡ ਹੈ। ਇੱਥੇ ਓਹੀ ਜਿੱਤਦਾ ਹੈ, ਜਿਸ ਦਾ ਸਹਾਈ ਕਰਤਾਰ ਬਣਦਾ ਹੈ। ਇਹੀ ਰੱਬੀ ਪੈਗ਼ਾਮ ਦੇਣ ਲਈ ਗੁਰੂ ਸੰਸਾਰ ’ਚ ਆ ਕੇ ਮਨੁੱਖ ਜਾਤੀ ਦੀ ਰਹਿਨੁਮਾਈ ਕਰਦਾ ਹੈ। ਧਾਰਮਿਕ ਲਿਬਾਸ ’ਚ ਬੈਠੇ ਸੁਆਰਥੀ, ਵਿਹਲੜ ਤੇ ਪਾਖੰਡੀ ਇਸ ਘੋਲ਼ (ਮਨੁੱਖਤਾ ਦੇ ਭਲੇ ਲਈ ਗੱਲ ਕਰਨ) ਤੋਂ ਸਦਾ ਪਾਸਾ ਵੱਟ ਕੇ ਆਪਣਾ ਜੀਵਨ ਸੁਖਦਾਈ ਭੋਗਣ ਨੂੰ ਤਰਜੀਹ ਦਿੰਦੇ ਰਹਿੰਦੇ ਹਨ ਕਿਉਂਕਿ ਉਨ੍ਹਾਂ ’ਚ ਮੁਕਾਬਲਾ ਕਰਨ ਦੀ ਹਿੰਮਤ ਹੀ ਨਹੀਂ ਹੁੰਦੀ। ਕਿਰਤ ਕਰਨਾ, ਨਾਮ ਜਪਣਾ ਤੇ ਵੰਡ ਛਕਣਾ; ਇਸ ਯੁੱਧ ’ਚ ਮਜ਼ਬੂਤ ਹਥਿਆਰ ਮੰਨੇ ਗਏ ਹਨ, ਜੋ ਸਮਾਜਿਕ ਸੰਘਰਸ਼ ’ਚ ਏਕਤਾ ਅਤੇ ਰੱਬੀ ਭਰੋਸੇ ਨੂੰ ਭਰਦੇ ਰਹਿੰਦੇ ਹਨ।

ਸੋ ਧਰਮ; ਬੰਦੇ ਦੀ ਬੁਨਿਆਦੀ ਜ਼ਰੂਰਤ ਹੈ, ਜਿਸ ਰਾਹੀਂ ਬੰਦਾ ਸਭ ਨੂੰ ਸਮਾਨ ਦ੍ਰਿਸ਼ਟੀ ਨਾਲ਼ ਵੇਖ ਸਕਦਾ ਹੈ। ਕੁਦਰਤ ਦਾ ਸਤਿਕਾਰ ਕਰਨ ਲੱਗਦਾ ਹੈ। ਦੂਸਰੇ ਦੇ ਵਿਚਾਰਾਂ ਦੀ ਕਦਰ ਕਰਦਾ ਹੋਇਆ ਉਸ ਨੂੰ ਸੁਤੰਤਰਤਾ ਦਾ ਅਹਿਸਾਸ ਕਰਵਾਉਂਦਾ ਹੈ। ਇਹੀ ਉਹ ਕਾਰਨ ਹਨ ਜਿਨ੍ਹਾਂ ਕਰਕੇ ਗੁਰਬਾਣੀ ’ਚ ਭਿੰਨ ਭਿੰਨ ਜਾਤਾਂ ਨਾਲ਼ ਸੰਬੰਧਿਤ ਸੁਤੰਤਰ ਅਤੇ ਮਾਨਵ ਹਿਤਕਾਰੀ ਵਿਚਾਰਾਂ ਨੂੰ ਸਮਾਨਤਾ ਦਿੱਤੀ ਗਈ। ਦਰਜਨ ਤੋਂ ਵੱਧ ਬੋਲੀਆਂ ਨੂੰ ਇੱਕ ਮਾਲਾ ’ਚ ਪਰੋਇਆ ਗਿਆ। ਨਾ ਦੇਸ਼ ਦਾ ਵਿਤਕਰਾ, ਨਾ ਭਾਸ਼ਾ ਦਾ, ਨਾ ਕਿਸੇ ਵਿਸ਼ੇਸ਼ ਪਹਿਰਾਵੇ ਦਾ ਭੇਦਭਾਵ।  ਔਰਤ ਨੂੰ ਮਰਦ ਵਾਙ ਸੁਤੰਤਰਤਾ ਦੇਣ ਵਾਲ਼ਾ ਸਿੱਖ ਧਰਮ; ਦੁਨੀਆ ’ਚ ਪਹਿਲਾ ਧਰਮ ਹੈ ਅਤੇ ਰਹੇਗਾ ਵੀ, ਇਸ ਲਈ ਵਿਸ਼ਵ ਪੱਧਰ ਦੇ ਅਨੇਕਾਂ ਵਿਦਵਾਨਾਂ ਨੇ ਇਸ ਨੂੰ ਨਵੇਂ ਯੁੱਗ ਦਾ ਧਰਮ ਕਿਹਾ ਹੈ।  ਸੰਬੰਧਿਤ ਕਿੱਤਿਆਂ ਦੀਆਂ ਮਿਸਾਲਾਂ ਦੇ ਦੇ ਕੇ ਬੰਦੇ ਨੂੰ ਸੱਚ ਨਾਲ਼ ਜੋੜਿਆ ਗਿਆ ਹੈ, ਜਿਸ ਕਾਰਨ ਹਰ ਬੰਦੇ ਲਈ ਅਪਣਾਉਣਾ ਸੁਖਾਲਾ ਹੋ ਗਿਆ।

ਅੱਜ ਇਹ ਸਚਾਈ ਤੋਂ ਅਸੀਂ ਸਾਰੇ ਹੀ ਵਾਕਫ਼ ਹਾਂ ਕਿ ਹਰ ਜੂਨ ਦੀਆਂ ਕਈ ਕਈ ਨਸਲਾਂ ਹਨ; ਜਿਵੇਂ ਮੱਖੀ ਦੀਆਂ ਕਈ ਕਿਸਮਾਂ, ਸੱਪ ਦੀਆਂ ਕਈ ਨਸਲਾਂ ਆਦਿ, ਇਸੇ ਤਰ੍ਹਾਂ ਮਨੁੱਖ ਜੂਨ ਦੀਆਂ ਵੀ ਘੱਟੋ ਘੱਟ ਤਿੰਨ ਨਸਲਾਂ ਹਨ ‘ਨਾਸਤਿਕ, ਪਾਖੰਡੀ ਅਤੇ ਰੱਬ ਦੇ ਪਿਆਰੇ’; ਇਨ੍ਹਾਂ ਦੀ ਪਹਿਚਾਣ ‘ਹੱਥ, ਪੈਰ ਜਾਂ ਅੱਖਾਂ’ ਦੇ ਵੱਧ ਘੱਟ ਹੋਣ ਕਰਕੇ ਨਹੀਂ ਹੁੰਦੀ ਬਲਕਿ ‘ਸੁਰਤਿ ਦੇ ਵਿਕਾਸ’ ਪੱਖੋਂ ਹੁੰਦੀ ਹੈ, ਇਸ ਲਈ ਗੁਰੂ ਨਾਨਕ ਸਾਹਿਬ ਜੀ ਨੇ ਸਿੱਧ ਗੋਸਟਿ ’ਚ ਪੁੱਛੇ ਗਏ ਸਵਾਲ ਕਿ ‘‘ਦੁਨੀਆ ਸਾਗਰੁ ਦੁਤਰੁ ਕਹੀਐ; ਕਿਉ ਕਰਿ ਪਾਈਐ ਪਾਰੋ ’’ (: /੯੩੮) ਭਾਵ ਦੁਨਿਆਵੀ ਸਫ਼ਰ ਬੜਾ ਕਠਿਨ ਕਿਹਾ ਜਾਂਦਾ ਹੈ, ਇਸ ਨੂੰ ਲੰਘਣ ਲਈ (ਸਾਡੇ ਵਾਙ ਜੰਗਲ਼ ਇਕਾਂਤ ’ਚ ਆਉਣ ਤੋਂ ਇਲਾਵਾ) ਕਿਵੇਂ ਪਾਰ ਪਾਈਏ, ਇਸ ਦਾ ਜਵਾਬ ਗੁਰੂ ਜੀ ਨੇ ਇਉਂ ਦਿੱਤਾ ‘‘ਸੁਰਤਿ ਸਬਦਿ ਭਵ ਸਾਗਰੁ ਤਰੀਐ; ਨਾਨਕਨਾਮੁ ਵਖਾਣੇ ਰਹਹਿ ਇਕਾਂਤਿ, ਏਕੋ ਮਨਿ ਵਸਿਆ; ਆਸਾ ਮਾਹਿ ਨਿਰਾਸੋ ਅਗਮੁ ਅਗੋਚਰੁ ਦੇਖਿ (ਕੇ) ਦਿਖਾਏ; ਨਾਨਕੁ ਤਾ ਕਾ ਦਾਸੋ ’’ (ਰਾਮਕਲੀ ਗੋਸਟਿ/: /੯੩੮)

ਸੋ ਧਾਰਮਿਕ ਸਥਾਨਾਂ ’ਤੇ ਜਾਣਾ ਸਾਡੇ ਲਈ ਇੱਕ ਰਸਮ ਮਾਤਰ ਨਾ ਬਣ ਕੇ ਰਹਿ ਜਾਵੇ, ਸਾਡੀ ਸੁਰਤਿ (ਚੇਲੇ) ਦਾ ਸਬਦੁ ਗੁਰੂ ਨਾਲ਼ ਸੁਮੇਲ ਹੋਣਾ ਵੀ ਜ਼ਰੂਰੀ ਹੈ ਤਾਂ ਜੋ ਅਸੀਂ ਨਾਸਤਿਕ ਅਤੇ ਪਾਖੰਡੀ ਮਨੁੱਖ ਜਾਤੀ ਤੋਂ ਉੱਚਾ ਉੱਠ ਕੇ ਰੱਬ ਦੇ ਪਿਆਰੇ ਵਾਲ਼ੀ ਵਿਲੱਖਣ ਜ਼ਿੰਦਗੀ ਦਾ ਅਨੰਦ ਮਾਣ ਸਕੀਏ, ਜਿਸ ਦਾ ਸਦੀਵੀ ਟਿਕਾਣਾ ਗੁਰੂ ਅਤੇ ਅਕਾਲ ਪੁਰਖ ਦੀ ਗੋਦ ਹੈ।