ਸਿਮਰਨ ਕਿਵੇਂ ਕਰਨਾ ਹੈ

0
551

ਸਿਮਰਨ ਕਿਵੇਂ ਕਰਨਾ ਹੈ

ਪ੍ਰੋਫ਼ੈਸਰ ਸਾਹਿਬ ਸਿੰਘ

ਤੁਸੀਂ ਸਕੂਲਾਂ ਕਾਲਜਾਂ, ਦਫ਼ਤਰਾਂ ਤੇ ਅਮੀਰ ਲੋਕਾਂ ਦੇ ਘਰਾਂ ਵਿਚ ਕੰਧ ਨਾਲ ਲਟਕਾਇਆ ਹੋਇਆ ਕਲਾਕ ਨਿੱਤ ਵੇਖਦੇ ਹੋਵੋਗੇ। ਕਲਾਕ ਦੇ ਹੇਠਲੇ ਵਧਵੇਂ ਹਿੱਸੇ ਵਿਚ ਪਤਲੀ ਲੰਮੀ ਡੰਡੀ ਵਾਲਾ ਇਕ ਚੰਗਾ ਵਜ਼ਨੀ ਭਾਰ ਲਟਕਾਇਆ ਹੁੰਦਾ ਹੈ, ਜੋ ਹਰ ਵੇਲੇ ਸੱਜੇ ਖੱਬੇ ਹਿਲਦਾ ਰਹਿੰਦਾ ਹੈ। ਅੰਗ੍ਰੇਜ਼ੀ ਵਿਚ ਇਸ ਨੂੰ ‘ਪੈਂਡੂਲਮ’ ਆਖਦੇ ਹਨ। ਕਦੇ ਕਲਾਕ ਦਾ ਸਾਹਮਣਾ ਡਾਇਲ ਚੁੱਕ ਕੇ ਕਲਾਕ ਦੇ ਅੰਦਰਲੇ ਪੁਰਜ਼ੇ ਵੇਖੋ। ਇਹ ਪੁਰਜ਼ੇ ਬੜੇ ਸੁੰਦਰ, ਪਤਲੇ ਤੇ ਨਾਜ਼ੁਕ ਦਿੱਸਦੇ ਹਨ। ਪੁਰਜ਼ਿਆਂ ਦੀ ਆਪੋ ਵਿਚ ਦੀ ਸਾਂਝ ਤੋਂ ਅੰਞਾਣ ਬੰਦਾ ਇਹਨਾਂ ਨਾਜ਼ੁਕ ਪੁਰਜ਼ਿਆਂ ਦੇ ਨਾਲ ਇਤਨੇ ਵਜ਼ਨੀ ਭਾਰ ਨੂੰ ਬੱਧਾ ਵੇਖ ਕੇ ਕੁਝ ਹੈਰਾਨੀ ਜਿਹੀ ਵਿਚ ਇਤਰਾਜ਼ ਕਰ ਉੱਠਦਾ ਹੈ ਕਿ ਇਕ ਪਾਸੇ ਇਹ ਬਾਰੀਕ ਨਾਜ਼ੁਕ ਪੁਰਜ਼ੇ ਤੇ ਦੂਜੇ ਪਾਸੇ ਇਹ ਇਤਨਾ ਭਾਰ-ਇਹਨਾਂ ਦੋਹਾਂ ਦਾ ਮੂਲ ਨਹੀਂ ਫਬਦਾ, ਪਰ ਵਾਕਫ਼ ਆਦਮੀ ਜਾਣਦਾ ਹੈ ਕਿ ਪੈਂਡੂਲਮ ਨੂੰ ਕਲਾਕ ਨਾਲੋਂ ਵੱਖਰਾ ਕਰ ਦੇਈਏ ਤਾਂ ਪੁਰਜ਼ਿਆਂ ਦੀ ਚਾਲ ਬੇ-ਥਵੀ ਹੋ ਜਾਂਦੀ ਹੈ ਤੇ ਕਲਾਕ ਠੀਕ ਵਕਤ ਦੇਣ ਜੋਗਾ ਨਹੀਂ ਰਹਿ ਜਾਂਦਾ।

ਇਹੀ ਹਾਲ ਮਨੁੱਖ ਦੀ ਜੀਵਨ-ਤੋਰ ਦਾ ਹੈ। ਦੁਨੀਆ ਦੀਆਂ ਜ਼ਿਮੇਵਾਰੀਆਂ ਤੋਂ ਖਿੱਝ-ਅੱਕ ਕੇ ਕਈ ਅੰਞਾਣ ਬੰਦੇ ਇਹ ਮਿਥ ਲੈਂਦੇ ਹਨ ਕਿ ਜੇ ਦੁਨੀਆ ਦੇ ਧੰਦਿਆਂ ਦਾ ਭਾਰ ਸਿਰ ਤੋਂ ਲਹਿ ਜਾਏ ਤਾਂ ਹੌਲੇ ਫੁੱਲ ਹੋ ਕੇ ਕਿਤੇ ਇਕਾਂਤ ਵਿਚ ਪਰਮਾਤਮਾ ਦਾ ਸਿਮਰਨ ਕੀਤਾ ਜਾ ਸਕਦਾ ਹੈ। ਇਹ ਵੱਡਾ ਭਾਰਾ ਭੁਲੇਖਾ ਹੈ। ਜਗਤ ਦੀਆਂ ਜ਼ਿੰਮੇਵਾਰੀਆਂ ਦਾ ਭਾਰ ਹੀ ਮਨੁੱਖ ਦੀ ਜੀਵਨ-ਤੋਰ ਨੂੰ ਸਾਵਾਂ-ਪੱਧਰਾ ਰੱਖਦਾ ਹੈ ਤੇ ਇਸ ਭਾਰ ਨੂੰ ਚੁੱਕੀ ਰੱਖ ਕੇ ਹੀ ਪਰਮਾਤਮਾ ਦਾ ਸਿਮਰਨ ਕੀਤਾ ਜਾ ਸਕਦਾ ਹੈ।

ਭਗਤ ਨਾਮਦੇਵ ਜੀ ਦੇ ਮਿੱਤਰ ਤ੍ਰਿਲੋਚਨ ਜੀ ਨੇ ਇਕ ਵਾਰੀ ਨਾਮਦੇਵ ਜੀ ਨੂੰ ਕੱਪੜੇ ਛਾਪਦਿਆਂ ਵੇਖ ਕੇ ਇਉਂ ਸਮਝਿਆ ਕਿ ਨਾਮਦੇਵ ਜੀ ਪਰਮਾਤਮਾ ਦੀ ਯਾਦ ਵਿਸਾਰ ਕੇ ਦੁਨੀਆ ਦੇ ਜੰਜਾਲ ਵਿਚ ਫਸ ਗਏ ਹਨ। ਇਤਰਾਜ਼ ਕੀਤੇ ਨੇ, ਤਾਂ ਨਾਮਦੇਵ ਜੀ ਨੇ ਆਖਿਆ-ਇਕ ਮੁੰਡਾ ਕਾਗਜ਼ ਦੀ ਗੁੱਡੀ ਉਡਾਂਦਾ ਹੈ, ਆਪਣੇ ਨਾਲ ਦੇ ਹਾਣੀਆਂ ਨਾਲ ਗੱਪਾਂ ਭੀ ਮਾਰੀ ਜਾਂਦਾ ਹੈ, ਪਰ ਉਸ ਦੀ ਸੁਰਤ ਆਪਣੀ ਗੁੱਡੀ ਵਿਚ ਹੀ ਰਹਿੰਦੀ ਹੈ। ਜਵਾਨ ਕੁੜੀਆਂ ਪਾਣੀ ਭਰਨ ਜਾਂਦੀਆਂ ਹਨ, ਪਾਣੀ ਦੀਆਂ ਭਰੀਆਂ ਗਾਗਰਾਂ ਵਲਟੋਹੀਆਂ ਸਿਰ ਉੱਤੇ ਰੱਖੀਂ ਆਉਂਦੀਆਂ ਹਨ, ਆਪੋ ਵਿਚ ਹੱਸਦੀਆਂ ਖੇਡਦੀਆਂ ਹਨ, ਪਰ ਉਹਨਾਂ ਦਾ ਧਿਆਨ ਆਪਣੀਆਂ ਗਾਗਰਾਂ ਵਿਚ ਹੁੰਦਾ ਹੈ। ਅੰਞਾਣੇ ਵੱਛੇ ਵਾਲੀ ਥਾਂ ਨੂੰ ਗਾਂ ਦਾ ਮਾਲਕ ਚੁਗਣ ਵਾਸਤੇ ਚੌਣੇ ਛੱਡ ਆਉਂਦਾ ਹੈ, ਗਾਂ ਬਾਹਰ ਜੂਹ ਵਿਚ ਘਾਹ ਚੁਗਦੀ ਹੈ, ਪਰ ਉਸ ਦੀ ਸ਼ੁਰਤ ਆਪਣੇ ਵੱਛੇ ਵਿਚ ਹੁੰਦੀ ਹੈ। ਬੱਚੇ ਦੀ ਮਾਂ ਬੱਚੇ ਨੂੰ ਪੰਘੂੜੇ ਵਿਚ ਸੁਆ ਕੇ ਘਰ ਦਾ ਕੰਮ-ਕਾਜ ਕਰਦੀ ਹੈ, ਪਰ ਉਸ ਦਾ ਧਿਆਨ ਹਰ ਵੇਲੇ ਆਪਣੇ ਬੱਚੇ ਵਿਚ ਹੀ ਟਿਕਿਆ ਰਹਿੰਦਾ ਹੈ। ਜਿਵੇਂ ਸੁਨਿਆਰਾ ਗਹਿਣੇ ਘੜਦਾ ਗਾਹਕ ਨਾਲ ਗੱਲਾਂ ਕਰਦਾ ਹੋਇਆ ਭੀ ਧਿਆਨ ਸੋਨੇ ਵਿਚ ਰੱਖਦਾ ਹੈ, ਤਿਵੇਂ ਕਿਰਤ-ਕਾਰ ਕਰਦਿਆਂ ਮਨੁੱਖ ਨੇ ਆਪਣੀ ਸੁਰਤ ਦੀ ਡੋਰ ਪਰਮਾਤਮਾ ਦੇ ਚਰਨਾਂ ਵਿਚ ਜੋੜੀ ਰੱਖਣੀ ਹੈ। ਫ਼ੁਰਮਾਂਦੇ ਹਨ  ‘‘ਆਨੀਲੇ ਕਾਗਦੁ; ਕਾਟੀਲੇ ਗੂਡੀ; ਆਕਾਸ ਮਧੇ ਭਰਮੀਅਲੇ   ਪੰਚ ਜਨਾ ਸਿਉ ਬਾਤ ਬਤਊਆ; ਚੀਤੁ ਸੁ ਡੋਰੀ ਰਾਖੀਅਲੇ   ਮਨੁ ਰਾਮ ਨਾਮਾ ਬੇਧੀਅਲੇ   ਜੈਸੇ ਕਨਿਕ ਕਲਾ; ਚਿਤੁ ਮਾਂਡੀਅਲੇ ਰਹਾਉ   ਆਨੀਲੇ ਕੁੰਭੁ; ਭਰਾਈਲੇ ਊਦਕ; ਰਾਜ ਕੁਆਰਿ ਪੁਰੰਦਰੀਏ   ਹਸਤ ਬਿਨੋਦ ਬੀਚਾਰ ਕਰਤੀ ਹੈ; ਚੀਤੁ ਸੁ ਗਾਗਰਿ ਰਾਖੀਅਲੇ   ਮੰਦਰੁ ਏਕੁ; ਦੁਆਰ ਦਸ ਜਾ ਕੇ; ਗਊ ਚਰਾਵਨ ਛਾਡੀਅਲੇ   ਪਾਂਚ ਕੋਸ ਪਰ ਗਊ ਚਰਾਵਤ; ਚੀਤੁ ਸੁ ਬਛਰਾ ਰਾਖੀਅਲੇ   ਕਹਤ ਨਾਮਦੇਉ ਸੁਨਹੁ ਤਿਲੋਚਨ ! ਬਾਲਕੁ ਪਾਲਨ ਪਉਢੀਅਲੇ   ਅੰਤਰਿ ਬਾਹਰਿ ਕਾਜ ਬਿਰੂਧੀ; ਚੀਤੁ ਸੁ ਬਾਰਿਕ ਰਾਖੀਅਲੇ (ਭਗਤ ਨਾਮਦੇਵ/੯੭੨)

[ਪਦ ਅਰਥ : ਆਨੀਲੇ-ਲਿਆਂਦਾ। ਕਾਟੀਲੇ-ਕੱਟ ਕੇ ਬਣਾਈ । ਮਧੇ-ਵਿਚ। ਭਰਮੀਅਲੇ-ਉਡਾਈ । ਬਾਤ ਬਤਊਆ-ਗੱਲ-ਬਾਤ, ਗੱਪਾਂ ॥੧॥

ਬੇਧੀਅਲੇ-ਵਿੱਝ ਗਿਆ ਹੈ। ਕਨਿਕ-ਸੋਨਾ। ਕਲਾ-ਹੁਨਰ। ਕਨਿਕ ਕਲਾ-ਸੋਨੇ ਦਾ ਕਾਰੀਗਰ, ਸੁਨਿਆਰਾ। ਮਾਂਡੀਅਲੇ-(ਸੋਨੇ ਵਿਚ) ਜੁੜਿਆ ਰਹਿੰਦਾ ਹੈ॥੧॥ ਰਹਾਉ॥

ਕੁੰਭ-ਘੜਾ। ਉਦਕ-ਪਾਣੀ। ਕੁਆਰਿ-ਕੁਆਰੀ। ਰਾਜ ਕੁਆਰਿ-ਜਵਾਨ ਕੁਆਰੀਆਂ। ਪੁਰੰਦਰੀਏ (ਪੁਰੰ-ਅੰਦਰੋਂ) ਸ਼ਹਿਰ ਵਿਚੋਂ। ਹਸਤ-ਹਸਦੀਆਂ। ਬਿਨੋਦ-ਹਾਸੇ ਦੀਆਂ ਗੱਲਾਂ ॥੨॥

ਪਾਲਨ-ਪੰਘੂੜਾ। ਪਉਢੀਅਲੇ-ਪਾਇਆ ਹੁੰਦਾ ਹੈ। ਬਿਰੂਧੀ-ਰੁੱਝੀ ਹੋਈ॥੪॥

ਅਰਥ : ਹੇ ਤ੍ਰਿਲੋਚਨ ! (ਜਿਵੇਂ ਸੁਨਿਆਰੇ ਦਾ ਮਨ) ਹੋਰਨਾਂ ਨਾਲ ਗੱਲਾਂ ਬਾਤਾਂ ਕਰਦਿਆਂ ਭੀ ਕੁਠਾਲੀ ਵਿਚ ਪਾਏ ਸੋਨੇ ਵਿਚ ਜੁੜਿਆ ਰਹਿੰਦਾ ਹੈ, ਤਿਵੇਂ ਮੇਰਾ ਮਨ ਪਰਮਾਤਮਾ ਦੇ ਨਾਮ ਵਿਚ ਜੁੜਿਆ ਹੋਇਆ ਹੈ ॥੧॥ ਰਹਾਉ॥

ਹੇ ਤ੍ਰਿਲੋਚਨ  ! (ਵੇਖ, ਮੁੰਡਾ) ਕਾਗ਼ਜ਼ ਲਿਆਉਂਦਾ ਹੈ, ਉਸ ਦੀ ਗੁੱਡੀ ਕੱਟਦਾ ਹੈ ਤੇ ਗੁੱਡੀ ਨੂੰ ਅਸਮਾਨ ਵਿਚ ਉਡਾਂਦਾ ਹੈ, ਸਾਥੀਆਂ ਨਾਲ ਗੱਲਾਂ ਭੀ ਮਾਰੀ ਜਾਂਦਾ ਹੈ, (ਪਰ ਉਸ ਦਾ ਮਨ, ਗੁੱਡੀ ਦੀ) ਡੋਰ ਵਿਚ ਟਿਕਿਆ ਰਹਿੰਦਾ ਹੈ॥੧॥

ਹੇ ਤ੍ਰਿਲੋਚਨ ! ਜਵਾਨ ਕੁੜੀਆਂ ਸ਼ਹਿਰ ਵਿਚੋਂ (ਬਾਹਰ ਜਾਂਦੀਆਂ ਹਨ), ਆਪੋ ਆਪਣਾ ਘੜਾ ਚੁੱਕ ਲੈਂਦੀਆਂ ਹਨ, ਪਾਣੀ ਨਾਲ ਭਰਦੀਆਂ ਹਨ, (ਆਪੋ ਵਿਚ) ਹੱਸਦੀਆਂ ਹਨ, ਹਾਸੇ ਦੀਆਂ ਗੱਲਾਂ ਤੇ ਹੋਰ ਕਈ ਵਿਚਾਰਾਂ ਕਰਦੀਆਂ ਹਨ, ਪਰ ਆਪਣਾ ਚਿੱਤ ਆਪੋ ਆਪਣੇ ਘੜੇ ਵਿਚ ਰੱਖਦੀਆਂ ਹਨ॥੨॥

ਹੇ ਤਿਲੋਚਨ ! ਇੱਕ ਘਰ ਹੈ ਜਿਸ ਦੇ ਦਸ ਬੁਹੇ ਹਨ। ਜਿਸ ਘਰੋਂ ਮਨੁੱਖ, ਗਊਆਂ ਚਾਰਨ ਲਈ ਛੱਡਦਾ ਹੈ। ਇਹ ਗਾਈਆਂ ਪੰਜਾਂ ਕੋਹਾਂ ’ਤੇ ਜਾ ਚੁਗਦੀਆਂ ਹਨ, ਪਰ ਆਪਣਾ ਚਿੱਤ ਆਪਣੇ ਵੱਛੇ ਵਿਚ ਰਖਦੀਆਂ ਹਨ। (ਤਿਵੇਂ ਹੀ ਦਸ-ਇੰਦ੍ਰੀਆਂ ਵਾਲੇ ਇਸ ਸਰੀਰ ਵਿਚੋਂ ਮੇਰੇ ਗਿਆਨ-ਇੰਦ੍ਰੇ ਸਰੀਰ ਦੇ ਨਿਰਬਾਹ ਲਈ ਕੰਮ-ਕਾਰ ਕਰਦੇ ਹਨ, ਪਰ ਮੇਰੀ ਸੁਰਤ ਪਰਮਾਤਮਾ ਦੇ ਚਰਨਾਂ ਵਿਚ ਹੀ ਹੈ) ॥੩॥

ਹੇ ਤ੍ਰਿਲੋਚਨ ! ਸੁਣ, ਨਾਮਦੇਵ (ਇਕ ਹੋਰ ਦ੍ਰਿਸ਼ਟਾਂਤ) ਆਖਦਾ ਹੈ-ਮਾਂ ਆਪਣੇ ਬਾਲ ਨੂੰ ਪੰਘੂੜੇ ਵਿਚ ਪਾਂਦੀ ਹੈ, ਅੰਦਰ ਬਾਹਰ ਘਰ ਦੇ ਕੰਮਾਂ ਵਿਚ ਰੁੱਝੀ ਰਹਿੰਦੀ ਹੈ, ਪਰ ਆਪਣੀ ਸੁਰਤ ਆਪਣੇ ਬੱਚੇ ਵਿਚ ਰੱਖਦੀ ਹੈ ।੪॥੧॥]

ਇਹਨਾਂ ਦੋਹਾਂ ਮਿੱਤਰਾਂ ਦੀ ਇਸ ਗੱਲ-ਬਾਤ ਦਾ ਤੱਤ ਥੋੜੇ ਲਫ਼ਜ਼ਾਂ ਵਿਚ ਕਬੀਰ ਜੀ ਨੇ ਇਉਂ ਦੱਸਿਆ ਹੈ  ‘‘ਨਾਮਾ ਮਾਇਆ ਮੋਹਿਆ; ਕਹੈ ਤਿਲੋਚਨੁ ਮੀਤ   ਕਾਹੇ ਛੀਪਹੁ ਛਾਇਲੈ; ਰਾਮ ਲਾਵਹੁ ਚੀਤੁ ੨੧੨ (ਭਗਤ ਕਬੀਰ/੧੩੭੫),  ਨਾਮਾ ਕਹੈ ਤਿਲੋਚਨਾ ! ਮੁਖ ਤੇ ਰਾਮੁ ਸੰਮ੍ਾਲਿ   ਹਾਥ ਪਾਉ ਕਰਿ ਕਾਮੁ ਸਭੁ; ਚੀਤੁ ਨਿਰੰਜਨ ਨਾਲਿ ੨੧੩’’ (ਭਗਤ ਕਬੀਰ/੧੩੭੬)

 ਨੋਟ: ਇਹਨਾਂ ਸਲੋਕਾਂ ਵਿਚ ਕਬੀਰ ਜੀ; ਭਗਤ ਨਾਮਦੇਵ ਜੀ ਅਤੇ ਤ੍ਰਿਲੋਚਨ ਜੀ ਦਾ ਜ਼ਿਕਰ ਕਰਦੇ ਹਨ। ਇਸ ਗੱਲ ਤੋਂ ਇਹ ਸਾਬਤ

ਕਿ ਇਹ ਦੋਵੇਂ ਭਗਤ ਕਬੀਰ ਜੀ ਤੋਂ ਪਹਿਲਾਂ ਹੋਏ ਹਨ। ਨਾਮਦੇਵ ਜੀ ਬੰਬਈ ਪ੍ਰਾਂਤ ਦੇ ਜ਼ਿਲ੍ਹਾ ਸਤਾਰਾ ਦੇ ਰਹਿਣ ਵਾਲੇ ਸਨ, ਫਿਰ ਭੀ ਇਹ ਇਤਨੇ ਉੱਘੇ ਹੋ ਚੁਕੇ ਸਨ ਕਿ ਬਨਾਰਸ ਦੇ ਵਸਨੀਕ ਕਬੀਰ ਜੀ ਇਹਨਾਂ ਨੂੰ ਜਾਣਦੇ ਸਨ।

ਕਬੀਰ ਜੀ ਇਹਨਾਂ ਸਲੋਕਾਂ ਵਿਚ ਨਾਮਦੇਵ ਅਤੇ ਤ੍ਰਿਲੋਚਨ ਜੀ ਦੀ ਆਪੋ ਵਿਚ ਹੋਈ ਗੱਲ-ਬਾਤ ਦਾ ਜ਼ਿਕਰ ਕਰਦੇ ਹਨ। ਇਹ ਸਾਰਾ ਖ਼ਿਆਲ ਉਹੀ ਹੈ, ਜੋ ਨਾਮਦੇਵ ਜੀ ਨੇ ਰਾਮਕਲੀ ਰਾਗ ਦੇ ਉਪਰ-ਲਿਖੇ ਸ਼ਬਦ ਵਿਚ ਦਿੱਤਾ ਹੈ। ਨਾਮਦੇਵ ਜੀ ਦੇ ਉਸ ਸ਼ਬਦ ਦਾ ਸੰਖੇਪ ਭਾਵ ਕਬੀਰ ਜੀ ਇਹਨਾਂ ਦੋ ਸਲੋਕਾਂ ਵਿਚ ਦੇ ਰਹੇ ਹਨ। ਇਸ ਤੋਂ ਇਹ ਸਾਫ਼ ਨਤੀਜਾ ਨਿਕਲਦਾ ਹੈ ਕਿ ਕਬੀਰ ਜੀ ਦੇ ਪਾਸ ਨਾਮਦੇਵ ਜੀ ਦਾ ਉਹ ਸਾਰਾ ਸ਼ਬਦ ਮੌਜੂਦ ਸੀ। ਕੋਈ ਅਜਬ ਗੱਲ ਨਹੀਂ ਕਿ ਨਾਮਦੇਵ ਜੀ ਦੀ ਸਾਰੀ ਹੀ ਬਾਣੀ ਕਬੀਰ ਜੀ ਦੇ ਪਾਸ ਹੋਵੇ ਕਿਉਂਕਿ ਦੋਵੇਂ ਹਮ-ਖ਼ਿਆਲ ਸਨ ਅਤੇ ਦੋਵੇਂ ਹੀ ਬ੍ਰਾਹਮਣ ਦੇ ਧਾਰਮਿਕ ਦਬਾਉ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਸਨ।

[ਪਦ ਅਰਥ : ਛੀਪਹੁ-ਠੇਕ ਰਹੇ ਹੋ। ਛਾਇਲੈ-ਰਜਾਈਆਂ ਦੇ ਅੰਬਰੇ॥੨੧੨॥

ਪਾਉ-ਪੈਰ। ਕਾਮੁ ਸਭੁ-(ਘਰ ਦਾ) ਸਾਰਾ ਕੰਮ-ਕਾਜ। ਨਿਰੰਜਨ – ਅੰਜਨ-ਰਹਿਤ, ਜਿਸ ਉਤੇ ਮਾਇਆ ਦੀ ਕਾਲਖ ਅਸਰ ਨਹੀਂ ਕਰ ਸਕਦੀ॥੨੧੩॥]

ਅਰਥ : ਤ੍ਰਿਲੋਚਨ ਆਖਦਾ ਹੈ – ਹੇ ਮਿੱਤਰ ਨਾਮਦੇਵ  ! ਤੂੰ ਤਾਂ ਮਾਇਆ ਵਿਚ ਫਸਿਆ ਜਾਪਦਾ ਹੈਂ। ਇਹ ਅੰਬਰੇ ਕਿਉਂ ਠੇਕ ਰਿਹਾ ਹੈਂ ? ਪਰਮਾਤਮਾ ਦੇ ਚਰਨਾਂ ਨਾਲ ਕਿਉਂ ਚਿੱਤ ਨਹੀਂ ਜੋੜਦਾ ?॥੨੧੨॥

ਨਾਮਦੇਵ (ਅੱਗੋਂ) ਉਤਰ ਦੇਂਦਾ ਹੈ – ਹੇ ਤ੍ਰਿਲੋਚਨ !  ਮੂੰਹ ਨਾਲ ਪਰਮਾਤਮਾ ਦਾ ਨਾਮ ਲੈ। ਹੱਥ ਪੈਰ ਵਰਤ ਕੇ ਸਾਰਾ ਕੰਮ-ਕਾਜ ਕਰ ਅਤੇ ਆਪਣਾ ਚਿੱਤ ਮਾਇਆ ਰਹਿਤ ਪਰਮਾਤਮਾ ਨਾਲ ਜੋੜ॥੨੧੩॥]

ਤੁਸੀਂ ਰੇਲ-ਗੱਡੀ ਵਿਚ ਸਫ਼ਰ ਕਰ ਰਹੇ ਹੋ, ਗੱਡੀ ਦੇ ਪਹੀਆਂ ਦਾ ਖੜਾਕ ਸੁਣਨਾ ਸ਼ੁਰੂ ਕਰੋ । ਪਹਿਲਾਂ ਕੁਝ ਖਰ੍ਹਵਾ ਜਿਹਾ ਜਾਪੇਗਾ, ਪਰ ਤੁਸੀਂ ਇਸ ਦੇ ਨਾਲ ‘ਤੂੰ ਹੀ ਤੂੰ’ ‘ਵਾਹਿ-ਗੁਰੂ’ ਦੀ ਸੁਰ ਰਲਾ ਦਿਉ। ਵੇਖੋ, ਕੈਸੀ ਮਸਤੀ-ਭਰੀ ਮੌਜ ਬਣ ਜਾਂਦੀ ਹੈ।

ਤੁਸੀਂ ਟਾਂਗੇ ਤੇ ਬੈਠੇ ਹੋ। ਘੋੜੇ ਦੇ ਟਾਪਾਂ ਵਲ ਕੰਨ ਲਾ ਦਿਉ ਤੇ ਟਾਪਾਂ ਦੇ ਤਾਲ ਨਾਲ ਆਪਣੇ ਅੰਦਰ ਧੁਨੀ ਛੇੜ ਦਿਓ ‘ਤੂੰ ਹੀ ਤੂੰ’ ਦੀ? ਸਾਥੀ ਰਾਹੀਆਂ ਦੀਆਂ ਗੱਪਾਂ ਵਲੋਂ ਹਟ ਕੇ ਆਪਣੇ ਆਪ ਤੁਹਾਡਾ ਮਨ ‘ਤੂੰ ਹੀ ਤੂੰ’ ਦੀ ਮੌਜ ਵਿਚ ਜੁੜ ਜਾਏਗਾ।

ਤੁਸੀਂ ਪੈਦਲ ਤੁਰੇ ਜਾ ਰਹੇ ਹੋ। ਮਨ ਕਦੇ ਵਿਹਲਾ ਤਾਂ ਰਹਿ ਨਹੀਂ ਸਕਦਾ, ਕਈ ਫੁਰਨੇ ਇਸ ਦੇ ਅੰਦਰ ਉੱਠਦੇ ਰਹਿੰਦੇ ਹਨ, ਪਰ ਤੁਸੀਂ ਆਪਣੇ ਪੈਰਾਂ ਦੇ ਤਾਲ ਨਾਲ ਆਪਣੇ ਅੰਦਰ ‘ਤੂੰ ਹੀ ਤੂੰ’ ‘ਵਾਹਿ-ਗੁਰੂ’ ਦੀ ਸੁਰ ਛੇੜ ਦਿਉ। ਵੇਖੋ, ਕੈਸੇ ਸੌਖੇ ਤਰੀਕੇ ਨਾਲ ਪੈਂਡਾ ਮੁੱਕਦਾ ਹੈ !

ਤੁਸੀਂ ਕਿਸੇ ਪਹਾੜੀ ਨਦੀ ਦੇ ਕੰਢੇ ਬੈਠੇ ਹੋ। ਪੱਥਰਾਂ ਨਾਲ ਵੱਜਦੇ ਪਾਣੀ ਦੇ ਖੜਾਕ ਨਾਲ ਤੁਸੀਂ ‘ਤੂੰ ਹੀ ਤੂੰ’ ਰਲਾ ਦਿਉ। ਵੇਖੋ, ਕੈਸੀ ਮਸਤੀ ਦੀ ਹਾਲਤ ਬਣਦੀ ਹੈ  ! ਦੁਨੀਆ ’ਤੇ ਦੁਨੀਆ ਦੇ ਸਾਰੇ ਚਿੰਤਾ-ਫ਼ਿਕਰ ਕਿਤੇ ਜਾਂਦੇ ਨਹੀਂ ਲੱਭਣੇ।

ਰਾਤ ਸੌਣ ਵੇਲੇ ਤੁਸੀਂ ਆਪਣੇ ਮੰਜੇ ’ਤੇ ਲੇਟੇ ਹੋ। ਅੰਦਰ ਬਾਹਰ ਆਉਂਦੇ ਜਾਂਦੇ ਆਪਣੇ ਸਾਹ ਦੇ ਨਾਲ ਤੁਸੀਂ ‘ਤੂੰ ਹੀ ਤੂੰ’ ‘ਵਾਹਿ-ਗੁਰੂ’ ਦੀ ਸੁਰ ਮੇਲ ਦਿਉ। ਵੇਖੋ, ਕੀ ਮੌਜ ਬਣਦੀ ਹੈ।

ਤੁਸੀਂ ਵਗਦੇ ਖੂਹ ਦੀ ਗਾਧੀ (ਉਹ ਲੱਕੜ, ਜਿਸ ਨੂੰ ਬਲ਼ਦ ਖਿੱਚ ਕੇ ਹਲ਼ਟ ਨੂੰ ਘੁੰਮਾ ਪਾਣੀ ਕੱਢਦੈ) ’ਤੇ ਬੈਠੇ ਹੋ। ਖੂਹ ਦਾ ਰਾਗ ਸੁਣੋ ਤੇ ਉਸ ਰਾਗ ਦੇ ਨਾਲ ਆਪਣੇ ‘ਵਾਹਿ-ਗੁਰੂ’ ਨੂੰ ਜੋੜ ਦਿਉ। ਫਿਰ ਇਉਂ ਜਾਪੇਗਾ ਕਿ ‘‘ਹਰਹਟ ਭੀ ਤੂੰ ਤੂੰ ਕਰਹਿ; ਬੋਲਹਿ ਭਲੀ ਬਾਣਿ ’’ (ਮਹਲਾ /੧੪੨੦) ਆਪਣਾ ਮਾਲਕ ਆਪਣੇ ਕੋਲ ਬੈਠਾ ਜਾਪੇਗਾ। ਉੱਚੀ ਬੋਲਣ ਨੂੰ ਜੀਅ ਨਹੀਂ ਕਰੇਗਾ ‘‘ਸਾਹਿਬੁ ਸਦਾ ਹਦੂਰਿ ਹੈ; ਕਿਆ ਉਚੀ ਕਰਹਿ ਪੁਕਾਰ ’’ (ਮਹਲਾ /੧੪੨੦)

ਬੱਸ  ! ਇਸ ਤਰ੍ਹਾਂ ਤੁਰਦਿਆਂ-ਫਿਰਦਿਆਂ, ਉੱਠਦਿਆਂ ਬੈਠਦਿਆਂ, ਕੰਮ-ਕਾਰ ਕਰਦਿਆਂ ਖਸਮ-ਪ੍ਰਭੂ ਨੂੰ ਗਲੇ ਦਾ ਹਾਰ ਬਣਾਣਾ ਹੈ। ਸਾਹਿਬ ਪੰਚਮ ਪਾਤਿਸ਼ਾਹ ਫ਼ੁਰਮਾਂਦੇ ਹਨ ‘‘ਊਠਤ ਬੈਠਤ ਸੋਵਤ ਧਿਆਈਐ   ਮਾਰਗਿ ਚਲਤ; ਹਰੇ ਹਰਿ ਗਾਈਐ   ਸ੍ਰਵਨ ਸੁਨੀਜੈ; ਅੰਮ੍ਰਿਤ ਕਥਾ   ਜਾਸੁ ਸੁਨੀ ਮਨਿ ਹੋਇ ਅਨੰਦਾ; ਦੂਖ ਰੋਗ ਮਨ ਸਗਲੇ ਲਥਾ ਰਹਾਉ   ਕਾਰਜਿ ਕਾਮਿ; ਬਾਟ ਘਾਟ ਜਪੀਜੈ   ਗੁਰ ਪ੍ਰਸਾਦਿ; ਹਰਿ ਅੰਮ੍ਰਿਤੁ ਪੀਜੈ   ਦਿਨਸੁ ਰੈਨਿ; ਹਰਿ ਕੀਰਤਨੁ ਗਾਈਐ   ਸੋ ਜਨੁ; ਜਮ ਕੀ ਵਾਟ ਪਾਈਐ   ਆਠ ਪਹਰ; ਜਿਸੁ ਵਿਸਰਹਿ ਨਾਹੀ   ਗਤਿ ਹੋਵੈ, ਨਾਨਕ ! ਤਿਸੁ ਲਗਿ ਪਾਈ (ਮਹਲਾ /੩੮੬)

ਇਥੇ ਇਕ ਹੋਰ ਗੱਲ ਦਾ ਭੀ ਧਿਆਨ ਰੱਖਣਾ ਹੈ। ਕਿਰਸਾਣ ਆਪਣੇ ਫ਼ਸਲ-ਬੰਨੇ ਦੀ ਰਾਖੀ ਆਦਿਕ ਦਾ ਖ਼ਿਆਲ ਤਾਂ ਹਰ ਵੇਲੇ ਰੱਖਦਾ ਹੈ, ਪਰ ਜਿਸ ਨੇ ਬੀਜਣ ਵੇਲੇ ਵੱਤਰ ਦਾ ਵੇਲਾ ਹੀ ਖੁੰਝਾ ਦਿੱਤਾ ਹੋਵੇ, ਉਸ ਦਾ ਫ਼ਸਲ ਬਣਨਾ ਹੀ ਕਿੱਥੋਂ ਹੋਇਆ ? ਅੱਠੇ ਪਹਿਰ ਪਰਮਾਤਮਾ ਦੇ ਚਰਨਾਂ ਦਾ ਧਿਆਨ ਰੱਖਣਾ-ਇਹ ਅਸਲ ਵਿਚ ਨਾਮ-ਫ਼ਸਲ ਦੀ ਰਾਖੀ ਤੇ ਪਰਵਰਿਸ਼ ਹੈ। ਇਸ ਦੇ ਬੀਜਣ ਦਾ ਅਸਲੀ ਸਮਾ ਹੈ ਅੰਮ੍ਰਿਤ ਵੇਲਾ, ਪਰਭਾਤ ਦਾ ਵੇਲਾ, ਜਦੋਂ ਚਿੜੀ ਚੁਹਕਦੀ ਹੈ ਤੇ ਰੱਬ ਦੇ ਆਸ਼ਿਕਾਂ ਦੇ ਅੰਦਰ ਸਿਮਰਨ ਦੇ ਤਰੰਗ ਉੱਠਦੇ ਹਨ ‘‘ਚਿੜੀ ਚੁਹਕੀ ਪਹੁ ਫੁਟੀ; ਵਗਨਿ ਬਹੁਤੁ ਤਰੰਗ   ਅਚਰਜ ਰੂਪ ਸੰਤਨ ਰਚੇ; ਨਾਨਕਨਾਮਹਿ ਰੰਗ ’’ (ਮਹਲਾ /੩੧੯)

 [ਪਦ ਅਰਥ: ਚੁਹਕੀ-ਬੋਲੀ। ਪਹੁ ਫੁਟੀ-ਪਹੁ-ਫੁਟਾਲਾ ਹੋਇਆ, ਅੰਮ੍ਰਿਤ ਵੇਲਾ ਹੋਇਆ। ਤਰੰਗ-ਲਹਿਰਾਂ, ਸਿਮਰਨ ਦੇ ਤਰੰਗ। ਨਾਮਹਿ-ਨਾਮ ਵਿਚ।

ਅਰਥ : ਜਦੋਂ ਪਹੁ-ਫੁਟਾਲਾ ਹੁੰਦਾ ਹੈ ਤੇ ਚਿੜੀ ਚੂਕਦੀ ਹੈ, ਉਸ ਵੇਲੇ (ਭਗਤ ਦੇ ਹਿਰਦੇ ਵਿਚ ਸਿਮਰਨ ਦੇ) ਰੰਗ ਬਹੁਤ ਉੱਠਦੇ ਹਨ। ਹੇ ਨਾਨਕ !  ਜਿਨ੍ਹਾਂ ਗੁਰਮੁਖਾਂ ਦਾ ਪਰਮਾਤਮਾ ਦੇ ਨਾਮ ਵਿਚ ਪਿਆਰ ਹੁੰਦਾ ਹੈ ਉਨ੍ਹਾਂ ਨੇ (ਇਸ ਪਹੁ-ਫੁਟਾਲੇ ਦੇ ਸਮੇ) ਅਚਰਜ ਰੂਪ ਰਚੇ ਹੁੰਦੇ ਹਨ (ਭਾਵ, ਉਹ ਬੰਦੇ ਇਸ ਸਮੇ ਪਰਮਾਤਮਾ ਦੇ ਅਚਰਜ ਕੌਤਕ ਆਪਣੀਆਂ ਅੱਖਾਂ ਦੇ ਸਾਹਮਣੇ ਲਿਆਉਂਦੇ ਹਨ)॥੧॥]

ਸਿੱਖ-ਬਬੀਹਾ ਅੰਮ੍ਰਿਤ ਵੇਲੇ ਉੱਠ ਕੇ ਨਾਮ ਦੀ ਵਰਖਾ ਵਾਸਤੇ ਅਰਜ਼ੋਈ ਕਰਦਾ ਹੈ। ਦਾਤਾਰ-ਪ੍ਰਭੂ ਦੇ ਹੁਕਮ ਵਿਚ ਗੁਰੂ-ਮੇਘ (ਬੱਦਲ) ਬਾਣੀ ਦੀ ਰਾਹੀਂ ਵਰਖਾ ਕਰਦਾ ਹੈ ਤੇ ਗੁਰਬਾਣੀ ਦੀ ਵਿਚਾਰ ਵਿਚ ਭਿੱਜ ਕੇ ਸਿੱਖ ਦੇ ਹਿਰਦੇ ਵਿਚ ਹਰਿਆਵਲ ਹੋ ਜਾਂਦੀ ਹੈ।

ਗੁਰੂ ਅਮਰਦਾਸ ਜੀ ਫ਼ੁਰਮਾਂਦੇ ਹਨ ‘‘ਬਾਬੀਹਾ ਅੰਮ੍ਰਿਤ ਵੇਲੈ ਬੋਲਿਆ; ਤਾਂ ਦਰਿ ਸੁਣੀ ਪੁਕਾਰ   ਮੇਘੈ ਨੋ ਫੁਰਮਾਨੁ ਹੋਆ; ਵਰਸਹੁ ਕਿਰਪਾ ਧਾਰਿ   ਹਉ ਤਿਨ ਕੈ ਬਲਿਹਾਰਣੈ; ਜਿਨੀ ਸਚੁ ਰਖਿਆ ਉਰਿ ਧਾਰਿ   ਨਾਨਕ  ! ਨਾਮੇ ਸਭ ਹਰੀਆਵਲੀ; ਗੁਰ ਕੈ ਸਬਦਿ ਵੀਚਾਰਿ (ਮਹਲਾ /੧੨੮੫)

[ਪਦ ਅਰਥ : ਦਰਿ-ਪ੍ਰਭੂ ਦੇ) ਦਰ ’ਤੇ। ਮੇਘੈ ਨੋ-(ਗੁਰੂ) ਬੱਦਲ ਨੂੰ। ਉਰਿ-ਹਿਰਦੇ ਵਿਚ।

ਅਰਥ : (ਜਦੋਂ ਜੀਵ-) ਪਪੀਹਾ ਅੰਮ੍ਰਿਤ ਵੇਲੇ ਅਰਜ਼ੋਈ ਕਰਦਾ ਹੈ ਤਾਂ ਉਸ ਦੀ ਅਰਦਾਸ ਪਰਮਾਤਮਾ ਦੀ ਦਰਗਾਹ ਵਿਚ ਸੁਣੀ ਜਾਂਦੀ ਹੈ। (ਪਰਮਾਤਮਾ ਵਲੋਂ ਗੁਰੂ-) ਬੱਦਲ ਨੂੰ ਹੁਕਮ ਹੁੰਦਾ ਹੈ ਕਿ ਇਸ ਅਰਜ਼ੋਈ ਕਰਨ ਵਾਲੇ ਉਤੇ) ਮਿਹਰ ਕਰ ਕੇ ਨਾਮ ਦੀ ਵਰਖਾ ਕਰੋ।

ਜਿਨ੍ਹਾਂ ਮਨੁੱਖਾਂ ਨੇ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਇਆ ਹੈ, ਮੈਂ ਉਹਨਾਂ ਤੋਂ ਸਦਕੇ ਹਾਂ । ਹੇ ਨਾਨਕ  ! ਸਤਿਗੁਰੂ ਦੇ ਸ਼ਬਦ ਦੀ ਰਾਹੀਂ (‘ਨਾਮ’ ਦੀ) ਵੀਚਾਰ ਕੀਤਿਆਂ (ਭਾਵ ਨਾਮ ਸਿਮਰਿਆਂ) ‘ਨਾਮ’ ਦੀ ਬਰਕਤ ਨਾਲ ਸਾਰੀ ਸ੍ਰਿਸ਼ਟੀ ਹਰੀ-ਭਰੀ ਹੋ ਜਾਂਦੀ ਹੈ ॥੧॥

ਗੁਰੂ ਰਾਮਦਾਸ ਜੀ ਲਿਖਦੇ ਹਨ, ਸਤਿਗੁਰੂ ਸਮੁੰਦਰ ਹੈ, ਜਿਸ ਵਿਚ ਨਾਮ-ਰਤਨ ਭਰੇ ਪਏ ਹਨ। ਜਿਹੜੇ ਭਾਗਾਂ ਵਾਲੇ ਸਤਿਗੁਰੂ ਦੀ ਬਾਣੀ ਵਿਚ ਜੁੜਦੇ ਹਨ ਉਹਨਾਂ ਨੂੰ ਇਹ ਰਤਨ ਆਪਣੇ ਅੰਦਰੋਂ ਹੀ ਲੱਭ ਪੈਂਦਾ ਹੈ। ਗੁਰੂ ਤੇ ਗੋਬਿੰਦ ਵਿਚ ਮਨ ਜੋੜੋ। ਆਪ ਫ਼ੁਰਮਾਂਦੇ ਹਨ ‘‘ਰਤਨਾ ਰਤਨ ਪਦਾਰਥ; ਬਹੁ ਸਾਗਰੁ ਭਰਿਆ ਰਾਮ   ਬਾਣੀ ਗੁਰਬਾਣੀ ਲਾਗੇ; ਤਿਨ੍ ਹਥਿ ਚੜਿਆ ਰਾਮ   ਗੁਰਬਾਣੀ ਲਾਗੇ, ਤਿਨ੍ ਹਥਿ ਚੜਿਆ; ਨਿਰਮੋਲਕੁ ਰਤਨੁ ਅਪਾਰਾ   ਹਰਿ ਹਰਿ ਨਾਮੁ ਅਤੋਲਕੁ ਪਾਇਆ; ਤੇਰੀ ਭਗਤਿ ਭਰੇ ਭੰਡਾਰਾ   ਸਮੁੰਦੁ ਵਿਰੋਲਿ ਸਰੀਰੁ ਹਮ ਦੇਖਿਆ; ਇਕ ਵਸਤੁ ਅਨੂਪ ਦਿਖਾਈ   ਗੁਰ ਗੋਵਿੰਦੁ, ਗੁੋਵਿੰਦੁ ਗੁਰੂ ਹੈ; ਨਾਨਕ ! ਭੇਦੁ ਭਾਈ ’’ (ਮਹਲਾ /੪੪੨)