ਹਮ ਧਨਵੰਤ ਭਾਗਠ; ਸਚ ਨਾਇ ॥

0
927

ਗਉੜੀ ਗੁਆਰੇਰੀ ਮਹਲਾ ੫ ॥

ਹਮ ਧਨਵੰਤ ਭਾਗਠ; ਸਚ ਨਾਇ ॥ ਹਰਿ ਗੁਣ ਗਾਵਹ ਸਹਜਿ ਸੁਭਾਇ ॥੧॥ ਰਹਾਉ ॥

ਅਰਥ: ਸੱਚ (ਰੱਬ) ਦੇ ਨਾਮ ਵਿੱਚ ਜੁੜ ਕੇ ਅਸੀਂ ਧਨ ਵਾਲੇ, ਭਾਗਾਂ ਵਾਲੇ ਹਾਂ। ਹੁਣ ਸਹਿਜ-ਸੁਭਾਏ (ਸੁੱਤੇ-ਸਿੱਧ) ਹੀ ਹਰੀ ਦੇ ਗੁਣ ਗਾਉਂਦੇ ਰਹਿੰਦੇ ਹਾਂ।

ਪੀਊ ਦਾਦੇ ਕਾ; ਖੋਲਿ ਡਿਠਾ ਖਜਾਨਾ ॥ ਤਾ ਮੇਰੈ ਮਨਿ; ਭਇਆ ਨਿਧਾਨਾ ॥੧॥

ਅਰਥ: ਜਦ ਗੁਰੂ ਨਾਨਕ ਜੀ ਤੋਂ ਲੈ ਕੇ (ਇਕੱਤਰ ਕੀਤਾ ਰੱਬੀ ਸ਼ਬਦ ਰੂਪ) ਖ਼ਜ਼ਾਨਾ ਮੈਂ ਵਿਚਾਰ ਕੇ ਵੇਖਿਆ ਤਾਂ ਮੇਰੇ ਮਨ ’ਚ (ਰੱਬੀ ਗੁਣ ਰੂਪ) ਖ਼ਜ਼ਾਨਾ ਪ੍ਰਗਟ ਹੋਇਆ।

ਰਤਨ ਲਾਲ, ਜਾ ਕਾ ਕਛੂ ਨ ਮੋਲੁ ॥ ਭਰੇ ਭੰਡਾਰ ਅਖੂਟ ਅਤੋਲ ॥੨॥

ਅਰਥ: (ਰੱਬੀ ਗੁਣ) ਕੀਮਤੀ ਜਵਾਹਰ ਮੋਤੀ ਹਨ, ਜਿਨ੍ਹਾਂ ਦੀ ਬਾਜ਼ਾਰ ’ਚੋਂ ਕੋਈ ਕੀਮਤ ਨਹੀਂ ਪੈ ਸਕਦੀ। ਇਹ ਭਰੇ ਹੋਏ ਖ਼ਜ਼ਾਨੇ ਅਮੋਲਕ ਤੇ ਨਾ ਮੁੱਕਣ ਵਾਲੇ ਹਨ (ਤਾਂ ਤੇ ਆਓ)

ਖਾਵਹਿ ਖਰਚਹਿ ਰਲਿ ਮਿਲਿ, ਭਾਈ !॥ ਤੋਟਿ ਨ ਆਵੈ; ਵਧਦੋ ਜਾਈ ॥੩॥

ਅਰਥ: ਹੇ ਸਤਸੰਗੀਓ! ਸਾਰੇ ਹੀ ਰਲ਼-ਮਿਲ ਕੇ ਖ਼ੁਦ ਮਾਣੀਏ ਅਤੇ ਹੋਰਾਂ ਨੂੰ ਵੰਡੀਏ (ਇਉਂ ਇਹ) ਮੁਕਦੇ ਨਹੀਂ ਸਗੋਂ ਹੋਰ ਵਧਦੇ ਜਾਂਦੇ ਹਨ।

ਕਹੁ ਨਾਨਕ ! ਜਿਸੁ ਮਸਤਕਿ ਲੇਖੁ ਲਿਖਾਇ ॥ ਸੁ ਏਤੁ ਖਜਾਨੈ; ਲਇਆ ਰਲਾਇ ॥੪॥ (ਗਉੜੀ/ਮਹਲਾ ੫/੧੮੬)

ਅਰਥ: (ਪਰ) ਹੇ ਨਾਨਕ! ਆਖ ਕਿ (ਕੇਵਲ ਓਹੀ ਇਨ੍ਹਾਂ ਦਾ ਵਣਜ ਕਰਦਾ ਹੈ) ਜਿਸ ਮੱਥੇ ’ਤੇ ਨਸੀਬ ਲਿਖਿਆ ਹੋਵੇ। ਉਹੀ ਇਸ (ਨਾਮ) ਖ਼ਜ਼ਾਨੇ ’ਚ ਰਲ਼ ਸਕਦਾ ਹੈ ਭਾਵ ਉਹੀ ਸਤਸੰਗਿ ’ਚ ਬੈਠ ਕੇ ਰੱਬੀ ਉਸਤਤਿ ਕਰ ਸਕਦਾ ਹੈ, ਕਰਾ ਸਕਦਾ ਹੈ।

ਗਿਆਨੀ ਅਵਤਾਰ ਸਿੰਘ