ਇਨਕਲਾਬੀ ਅਤੇ ਕ੍ਰਾਂਤੀਕਾਰੀ ਗੁਰੂ ਨਾਨਕ ਸਾਹਿਬ

0
911

ਇਨਕਲਾਬੀ ਅਤੇ ਕ੍ਰਾਂਤੀਕਾਰੀ ਗੁਰੂ ਨਾਨਕ ਸਾਹਿਬ

ਕਿਰਪਾਲ ਸਿੰਘ ਬਠਿੰਡਾ 88378-13661

ਦੁਨੀਆਂ ਵਿੱਚ ਬਹੁਤ ਸਾਰੀਆਂ ਮਹਾਨ ਸ਼ਖ਼ਸੀਅਤਾਂ ਨੇ ਜਨਮ ਲਿਆ, ਜੋ ਇਨਕਲਾਬੀ ਜਾਂ ਕ੍ਰਾਂਤੀਕਾਰੀ ਦੇ ਲਕਬ ਨਾਲ ਮਸ਼ਹੂਰ ਹੋਈਆਂ। ਇਨ੍ਹਾਂ ਕ੍ਰਾਂਤੀਕਾਰੀਆਂ ਨੇ ਕਿਸੇ ਨਾ ਕਿਸੇ ਇੱਕ ਖੇਤਰ ’ਚ ਐਸੇ ਮਾਰਕੇ ਮਾਰੇ ਭਾਵ ਖੋਜ ਕੀਤੀ, ਜਿਸ ਨਾਲ ਲੋਕਾਂ ਨੂੰ ਹੋਰ ਸਹੂਲਤਾਂ ਮਿਲਣ ਲੱਗੀਆਂ। ਮਿਸਾਲ ਦੇ ਤੌਰ ’ਤੇ ਇੱਕ ਵਿਗਿਆਨੀ ਨੇ ਬਿਜਲੀ ਦੀ ਖੋਜ ਕੀਤੀ, ਇੱਕ ਨੇ ਬਿਜਲੀ ਦੇ ਬਲਬ ਦੀ ਅਤੇ ਇੱਕ ਨੇ ਬਿਜਲੀ ਦੇ ਮੋਟਰ ਨਿਯਮਾਂ ਦੀ ਖੋਜ ਕੀਤੀ, ਜਿਨ੍ਹਾਂ ਦੀ ਵਰਤੋਂ ਕਰਦਿਆਂ ਲੋਕ ਕਹਿਣਾ ਸ਼ੁਰੂ ਕਰ ਦਿੰਦੇ ਹਨ ਕਿ ਇਸ ਖੋਜ ਨੇ ਤਾਂ ਸਾਡੇ ਜੀਵਨ ਵਿੱਚ ਕ੍ਰਾਂਤੀ ਲਿਆ ਦਿੱਤੀ। ਕ੍ਰਾਂਤੀਕਾਰੀ ਸ਼ਬਦ; ਵਿਸ਼ੇਸ਼ ਤੌਰ ’ਤੇ ਆਪਾ ਤਿਆਗਣ ਵਾਲੇ ਉਨ੍ਹਾਂ ਜੋਧਿਆਂ ਲਈ ਵਰਤਿਆ ਜਾਂਦਾ ਹੈ ਜੋ ਗਰੀਬ ਤੇ ਮਜ਼ਲੂਮਾਂ ਦੀ ਲੁੱਟ ਅਤੇ ਜ਼ੁਲਮ ਕਰਨ ਵਾਲੇ ਜਾਂ ਮਾੜੇ ਰਾਜ ਪ੍ਰਬੰਧ ਵਾਲੀਆਂ ਸਰਕਾਰਾਂ ਵਿਰੁੱਧ ਬਗਾਵਤ ਕਰਕੇ ਇਸ ਵਿਸ਼ਵਾਸ ਨਾਲ ਰਾਜ ਪਲਟਾ ਲੈ ਆਂਦੇ ਹਨ ਤਾਂ ਕਿ ਨਵਾਂ ਰਾਜ ਪ੍ਰਬੰਧ ਉਨ੍ਹਾਂ ਦੇ ਦੇਸ਼ ਜਾਂ ਪ੍ਰਾਂਤ ਦੇ ਲੋਕਾਂ ਨੂੰ ਇਨਸਾਫ਼ ਅਤੇ ਸਹੂਲਤਾਂ ਦੇਵੇ। ਗੁਰੂ ਨਾਨਕ ਜੀ ਵੀ ਇੱਕ ਐਸਾ ਕ੍ਰਾਂਤੀਕਾਰੀ ਰਹਿਬਰ ਸੀ ਜਿਨ੍ਹਾਂ ਨੇ ਕੇਵਲ ਇੱਕ ਖ਼ੇਤਰ ਵਿੱਚ ਹੀ ਨਹੀਂ ਬਲਕਿ ਚੀਨ, ਰੂਸ ਤੋਂ ਲੈ ਕੇ ਅਫ਼ਗਾਨਿਸਤਾਨ ਅਫ਼ਰੀਕਾ ਤੱਕ ਅਤੇ ਤਿੱਬਤ, ਨੇਪਾਲ, ਭੂਟਾਨ, ਬਰਮਾ ਤੋਂ ਲੈ ਕੇ ਸ਼੍ਰੀ ਲੰਕਾ ਤੱਕ ਹਰ ਦੇਸ਼, ਧਰਮ ਅਤੇ ਜਾਤ ਦੇ ਗ਼ਰੀਬ ਲੋਕਾਂ ਦੇ ਹਮਦਰਦ ਬਣ ਕੇ ਮਨੁੱਖਤਾ ਨਾਲ ਸਬੰਧਿਤ ਹਰ ਸਮਾਜਿਕ, ਧਾਰਮਿਕ, ਰਾਜਨੀਤਿਕ ਅਤੇ ਆਰਥਿਕਤਾ ਖੇਤਰ (ਜੋ ਵੀ ਮਨੁੱਖ ਦੇ ਜੀਵਨ ’ਤੇ ਕਿਸੇ ਨਾ ਕਿਸੇ ਢੰਗ ਨਾਲ ਮਾੜਾ ਪ੍ਰਭਾਵ ਪਾਉਂਦੇ ਸਨ) ਉੱਪਰ ਕੇਵਲ ਆਪਣੇ ਵਿਚਾਰ ਹੀ ਪ੍ਰਗਟ ਨਹੀਂ ਕੀਤੇ ਬਲਕਿ ਐਸੇ ਪ੍ਰਬੰਧ ਰਾਹੀਂ ਲੁੱਟ-ਖਸੁੱਟ ਕਰ ਰਹੇ ਪੁਜਾਰੀ ਅਤੇ ਰਾਜਿਆਂ ਤੇ ਉਨ੍ਹਾਂ ਦੇ ਅਹਿਕਾਰਾਂ ਦਾ ਸਖ਼ਤ ਸ਼ਬਦਾਂ ’ਚ ਲਾਜਵਾਬ ਢੰਗ ਨਾਲ ਵਿਰੋਧ ਕੀਤਾ ਤੇ ਉਨ੍ਹਾਂ ਨੂੰ ਸਰਬ ਕਲਿਆਣਕਾਰੀ ਕੰਮਾਂ ਵੱਲ ਧਿਆਨ ਦੇਣ ਲਈ ਕਿਹਾ। ਮਿਸਾਲ ਵਜੋਂ ਹਿੰਦੂ ਪੁਜਾਰੀ ਵਰਗ ਵੱਲੋਂ ਮਨੁੱਖਾਂ ਨੂੰ ਚਾਰ ਵਰਨ- ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ ਵਿੱਚ ਵੰਡ ਦਿੱਤਾ ਗਿਆ ਸੀ ਤੇ ਆਪਣੇ ਆਪ ਨੂੰ ਸਭ ਤੋਂ ਉੱਤਮ ਵਰਗ ਬ੍ਰਾਹਮਣ ਘੋਸ਼ਿਤ ਕਰ ਲਿਆ, ਬਾਕੀ ਤਿੰਨਾਂ ਦਾ ਧਰਮ ਬ੍ਰਾਹਮਣ ਦੀ ਸੇਵਾ ਕਰਨਾ ਬਣਾ ਲਿਆ। ਇਨ੍ਹਾਂ ਵਿੱਚੋਂ ਸ਼ੂਦਰ ਦੀ ਦਸ਼ਾ ਤਾਂ ਐਸੀ ਬਣਾ ਦਿੱਤੀ ਗਈ ਕਿ ਉਸ ਦੀ ਜ਼ਿੰਦਗੀ ਪਸ਼ੂਆਂ ਨਾਲੋਂ ਵੀ ਭੈੜੀ ਤੇ ਨਰਕ ਬਰਾਬਰ ਹੋ ਗਈ। ਚਾਰੇ ਵਰਗਾਂ ਦੀਆਂ ਨਾਰੀਆਂ ਦੇ ਅਧਿਕਾਰ ਹੋਰ ਵੀ ਸੀਮਤ ਕਰਕੇ ਮਰਦ ਪ੍ਰਧਾਨ ਸਮਾਜ ਸਿਰਜ ਲਿਆ। ਚਾਰੇ ਵਰਗਾਂ ਦੇ ਲੋਕਾਂ ਨੂੰ ਅੱਗੋਂ ਅਨੇਕਾਂ ਜਾਤਾਂ ਪਾਤਾਂ ਦੀ ਵੰਡ ’ਚ ਵੰਡ ਕੇ ਸਮਾਜਕ ਏਕਤਾ ਖੇਰੂੰ ਖੇਰੂੰ ਕਰ ਦਿੱਤੀ ਤਾਂ ਕਿ ਇਹ ਕਦੀ ਵੀ ਇਕੱਠੇ ਹੋ ਕੇ ਪੁਜਾਰੀ ਵਰਗ ਜਾਂ ਰਾਜ ਪ੍ਰਬੰਧ ਵਿਰੁੱਧ ਵਿਦਰੋਹ ਨਾ ਕਰ ਸਕਣ।

ਗੁਰੂ ਨਾਨਕ ਸਾਹਿਬ ਜੀ ਨੇ ਪਹਿਲਾ ਕ੍ਰਾਂਤੀਕਾਰੀ ਕਦਮ 9 ਸਾਲ ਦੀ ਆਯੂ ਵਿੱਚ ਉਠਾਉਂਦਿਆਂ ਆਪਣੇ ਪਿਤਾ ਪੁਰਖੀ ਹਿੰਦੂ ਧਰਮ ’ਚ ਪ੍ਰਚਲਿਤ ਰੀਤੀ-ਰਿਵਾਜ ਅਨੁਸਾਰ ਜਨੇਊ ਪਾਉਣ ਦੀ ਰਸਮ ਮੌਕੇ ਰਿਸ਼ਤੇਦਾਰਾਂ ਤੇ ਭਾਈਚਾਰੇ ਦੇ ਭਰੇ ਇਕੱਠ ਵਿੱਚ ਜਨੇਊ ਪਾਉਣ ਤੋਂ ਬਾ-ਦਲੀਲ ਢੰਗ ਨਾਲ ਮਨ੍ਹਾ ਕਰ ਦਿੱਤਾ। ਇਸੇ ਕਦਮ ਨਾਲ ਵਰਨ-ਵੰਡ ਅਤੇ ਮਰਦ/ਇਸਤਰੀ ਦੇ ਫਰਕ ਨੂੰ ਤੋੜ ਸੁੱਟਿਆ। ਸਮਾਜ ਦੀ ਚੱਲੀ ਆ ਰਹੀ ਰੀਤ ਮੁਤਾਬਕ ਜਦੋਂ ਸਾਰੇ ਰਿਸ਼ਤੇਦਾਰ ਅਤੇ ਭਾਈਚਾਰਾ ਇਕੱਠਾ ਹੋ ਚੁੱਕਾ ਸੀ, ਉਨ੍ਹਾਂ ਦੀ ਸੇਵਾ ਲਈ ਪਕਵਾਨ ਤਿਆਰ ਹੋ ਗਏ ਤੇ ਪਰਿਵਾਰ ਦਾ ਪ੍ਰੋਹਿਤ ਹਰਦਿਆਲ ਬਾਲਕ ਨਾਨਕ ਦੇ ਗਲ਼ੇ ਵਿੱਚ ਜਨੇਊ ਪਾਉਣ ਲੱਗਾ ਤਾਂ ਉਨ੍ਹਾਂ ਇਹ ਜਨੇਊ ਪਾਉਣ ਦਾ ਕਾਰਨ ਪੁੱਛ ਕੇ ਸਭ ਨੂੰ ਹੈਰਾਨ ਕਰ ਦਿੱਤਾ। ਪ੍ਰੋਹਿਤ ਨੇ ਦੱਸਿਆ ਕਿ ਹਿੰਦੂ ਧਰਮ ਅਨੁਸਾਰ ਹਰ ਇਨਸਾਨ ਨੂੰ ਜਨੇਊ ਪਾਉਣਾ ਜ਼ਰੂਰੀ ਹੈ, ਜੋ ਧਰਮੀ ਹੋਣ ਦੀ ਨਿਸ਼ਾਨੀ ਹੈ। ਗੁਰੂ ਜੀ ਨੇ ਕਿਹਾ ਮੇਰੀ ਭੈਣ ਮੈਥੋਂ 5 ਸਾਲ ਵੱਡੀ ਹੈ ਉਸ ਦੇ ਤਾਂ ਜਨੇਊ ਪਾਇਆ ਨਹੀਂ। ਜਵਾਬ ਮਿਲਿਆ ਕਿ ਇਸਤਰੀ ਜਨੇਊ ਪਾਉਣ ਦੀ ਅਧਿਕਾਰੀ ਨਹੀਂ। ਦੂਸਰਾ ਸਵਾਲ ਕਿ ਜੇ ਕੇਵਲ ਮਰਦ ਹੀ ਜਨੇਊ ਪਾਉਣ ਦਾ ਅਧਿਕਾਰੀ ਹੈ ਤਾਂ ਤੇਰੇ ਅਤੇ ਮੇਰੇ ਜਨੇਊ ਵਿੱਚ ਅੰਤਰ ਕਿਉਂ ? ਪ੍ਰੋਹਿਤ ਹਰਦਿਆਲ ਨੇ ਕਿਹਾ ਕਿ ਮੇਰੇ ਜਨੇਊ ਵਰਗਾ ਵੀ ਤੁਹਾਡੇ ਨਹੀਂ ਪਾਇਆ ਜਾ ਸਕਦਾ ਕਿਉਂਕਿ ਸ਼ਾਸਤਰਾਂ ਅਨੁਸਾਰ ਬ੍ਰਾਹਮਣ ਨੂੰ ਕਪਾਹ ਦਾ, ਖੱਤਰੀ ਨੂੰ ਸਣ ਦਾ, ਵੈਸ਼ ਨੂੰ ਮੀਢੇ ਦੀ ਉੱਨ ਦਾ ਜਨੇਊ ਧਾਰਨ ਕਰਵਾਇਆ ਜਾਂਦਾ ਹੈ ਅਤੇ ਸ਼ੂਦਰ ਜਨੇਊ ਪਹਿਨਣ ਦਾ ਅਧਿਕਾਰੀ ਨਹੀਂ ਹੈ। ਬ੍ਰਾਹਮਣ ਹੋਣ ਦੇ ਨਾਂ ’ਤੇ ਮੇਰੇ ਵਰਗਾ ਕਪਾਹ ਦਾ ਜਨੇਊ ਤੇਰੇ ਖੱਤਰੀ ਦੇ ਨਹੀਂ ਪਾਇਆ ਜਾ ਸਕਦਾ। ਇਸ ਮੌਕੇ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਕਿ ਜਿਹੜਾ ਜਨੇਊ ਭੈਣ ਤੇ ਭਰਾ ਨੂੰ ਬਰਾਬਰ ਹੱਕ ਨਾ ਦੇਵੇ ਤੇ ਮਨੁੱਖਤਾ ’ਚ ਵੰਡੀਆਂ ਪਾਵੇ ਮੈਂ ਉਸ ਨੂੰ ਪਾਉਣ ਤੋਂ ਇਨਕਾਰੀ ਹਾਂ। ਆਤਮਾ ਸਭ ਵਿੱਚ ਇਕਸਮਾਨ ਹੈ, ਇਸ ਲਈ ਜੇ ਤੇਰੇ ਕੋਲ ਆਤਮਾ ਦੇ ਕੰਮ ਆਉਣ ਵਾਲਾ ਜਨੇਊ ਹੈ ਜਿਸ ਦੇ ਧਾਰਨ ਕਰਨ ਨਾਲ ਮੈਂ ਸਮਾਨ ਦ੍ਰਿਸ਼ਟੀ ਵਾਲਾ ਹੋ ਕੇ ਦਇਆ, ਸੰਤੋਖ, ਜਤ (ਇੰਦਰੀਆਂ ਨੂੰ ਵੱਸ ਵਿੱਚ ਰੱਖਣਾ) ਉੱਚਾ ਆਚਰਨ ਆਦਿਕ ਗੁਣ ਪੈਦਾ ਕਰ ਸਕਾਂ, ਜੋ ਕਦੇ ਮੈਲ਼ਾ ਵੀ ਨਾ ਹੋਵੇ ਤੇ ਨਾ ਹੀ ਅੱਗ ਆਦਿ ਸਾੜ ਸਕੇ ਤਾਂ ਉਹ ਜਨੇਊ ਮੇਰੇ ਗਲ਼ ’ਚ ਪਾ ਦੇਹ।  ਕੇਵਲ ਚਾਰ ਕੌਂਡੀਆਂ ਦੇ ਕੇ ਮੁੱਲ ਲਿਆਂਦਾ ਗਿਆ ਜਨੇਊ ਸੁੱਚੇ ਚੌਂਕੇ ’ਤੇ ਬੈਠ ਕੇ ਮੇਰੇ ਗਲ਼ ਵਿੱਚ ਪਾ ਕੇ ਕਹਿ ਦੇਵੇਂਗਾ ਕਿ ਅੱਜ ਤੋਂ ਤੇਰਾ ਗੁਰੂ ਬ੍ਰਾਹਮਣ ਹੋ ਗਿਆ, ਮੈਨੂੰ ਮਨਜ਼ੂਰ ਨਹੀਂ । ਇਹ ਜਨੇਊ ਮਰਨ ਤੋਂ ਬਾਅਦ ਸਰੀਰ ਨਾਲ ਇੱਥੇ ਹੀ ਸੜ ਜਾਣਾ ਹੈ ਤੇ ਆਤਮਾ, ਬਿਨਾਂ ਜਨੇਊ ਤੋਂ ਹੀ ਚਲਾ ਜਾਏਗਾ: ‘‘ਦਇਆ ਕਪਾਹ, ਸੰਤੋਖੁ ਸੂਤੁ ; ਜਤੁ ਗੰਢੀ, ਸਤੁ ਵਟੁ ਏਹੁ ਜਨੇਊ ਜੀਅ ਕਾ, ਹਈ ; ਪਾਡੇ  ! ਘਤੁ ਨਾ ਏਹੁ ਤੁਟੈ, ਮਲੁ ਲਗੈ, ਨਾ ਏਹੁ ਜਲੈ, ਜਾਇ ਧੰਨੁ ਸੁ ਮਾਣਸ, ਨਾਨਕਾ  ! ਜੋ, ਗਲਿ ਚਲੇ ਪਾਇ ਚਉਕੜਿ ਮੁਲਿ ਅਣਾਇਆ ; ਬਹਿ ਚਉਕੈ, ਪਾਇਆ ਸਿਖਾ ਕੰਨਿ ਚੜਾਈਆ ; ਗੁਰੁ ਬ੍ਰਾਹਮਣੁ ਥਿਆ ਓਹੁ ਮੁਆ, ਓਹੁ ਝੜਿ ਪਇਆ ; ਵੇਤਗਾ ਗਇਆ ’’ (ਮ: ੧/ ੪੭੧)

ਕਰਮਕਾਂਡੀ ਰੀਤਾਂ ਨੂੰ ਧਰਮ ਦਾ ਨਾਂ ਦੇ ਕੇ ਆਪਣੀ ਆਰਥਿਕਾ ਨਾਲ਼ ਜੋੜੀ ਬੈਠੇ ਪੁਜਾਰੀ ਵਰਗ ਲਈ ਇਨਕਲਾਬੀ ਗੁਰੂ ਨਾਨਕ ਦੀ ਇਹ ਪਹਿਲੀ ਕਰਾਰੀ ਚੋਟ ਸੀ। ਪੁਜਾਰੀ ਭਲੀ ਭਾਂਤ ਸਮਝ ਗਿਆ ਕਿ ਨਾਨਕ ਸੋਚ ਸਾਡੇ ਪਰਿਵਾਰ ਅਤੇ ਵਰਗ ਲਈ ਕਿੰਨੀ ਨੁਕਸਾਨਦੇਹ ਹੈ। ਮਨੁੱਖਤਾ ਲਈ ਇਸ ਸਾਂਝੇ ਸੰਦੇਸ਼ ਨੇ ਸਾਡੀ ਮੰਨੂੰਵਾਦੀ ਸੋਚ ਨੂੰ ਮਾਰਨਾ ਹੈ। ਇਸੇ ਛਲ-ਕਪਟ ਨੀਤੀ ਨੇ ਗੁਰੂ ਸਿਧਾਂਤ ਅਤੇ ਇਤਿਹਾਸ ਵਿੱਚ ਵਿਗਾੜਨ ਵਿੱਚ ਹਰ ਹੀਲਾ ਵਰਤਿਆ। ਗੁਰੂ ਘਰ ਵਿੱਚ ਫੁੱਟ ਪਾਉਣ ਦੀਆਂ ਤਰਕੀਬਾਂ ਸੋਚਣ ਲੱਗ ਪਏ ਜੋ ਅੱਜ ਤੱਕ ਲਗਾਤਰ ਜਾਰੀ ਹਨ। ਸਿੱਖ ਇਤਿਹਾਸ ਵਿੱਚ ਰਲਾਵਟ ਅਤੇ ਗੁਰਬਾਣੀ ਦੀ ਗ਼ਲਤ ਵਿਆਖਿਆ ਕਰਕੇ ਸਿੱਖੀ ਸਿਧਾਂਤ ਨੂੰ ਵਿਗਾੜ ਕੇ ਪੇਸ਼ ਕਰਨਾ ਇਸੇ ਨੀਤੀ ਦਾ ਹਿੱਸਾ ਹੈ ਜਿਸ ਕਾਰਨ ਅੱਜ ਪੰਥ ਦੀ ਏਕਤਾ ਲੀਰੋ ਲੀਰ ਹੋਈ ਪਈ ਹੈ, ਜਿਸ ਬਾਰੇ ਬਹੁਤ ਕੁੱਝ ਦੱਸਣ ਦੀ ਜ਼ਰੂਰਤ ਨਹੀਂ।

ਗੁਰੂ ਨਾਨਕ ਦੇਵ ਜੀ ਨੇ ਪਹਿਲੀ ਉਦਾਸੀ (ਲੰਮੀ ਯਾਤਰਾ) 28 ਸਾਲ ਦੀ ਉਮਰ ਵਿੱਚ 1497 ਈ. ਨੂੰ ਅਰੰਭ ਕੀਤੀ ਜੋ 1509 ਈ. ’ਚ ਸਮਾਪਤ ਹੋਈ, ਇਸ ਦੌਰਾਨ ਗੁਰੂ ਜੀ ਹਿੰਦੂ ਧਰਮ ਦੇ ਪ੍ਰਮੁੱਖ ਧਾਰਮਿਕ ਸਥਾਨਾਂ ਕਰੂਕਸ਼ੇਤਰ, ਹਰਿਦੁਆਰ, ਦਿੱਲੀ, ਮੱਥਰਾ, ਬਿੰਦਰਾਬਨ, ਅਯੁੱਧਿਆ, ਬਨਾਰਸ, ਗਯਾ, ਢਾਕਾ, ਕਲਕੱਤਾ, ਜਗਨਨਾਥ ਪੁਰੀ ਆਦਿ ’ਤੇ ਉਚੇਚੇ ਪਹੁੰਚ ਕੇ ਨਿਰਾਰਥਕ ਰੀਤਾਂ, ਰਸਮਾਂ, ਮਨੌਤਾਂ, ਮਰਯਾਦਾਵਾਂ ਅਤੇ ਵਹਿਮਾਂ-ਭਰਮਾਂ ਦਾ ਖੰਡਨ ਕੀਤਾ। ਗੰਗਾ ਦੇ ਕੰਢੇ ਹਰਿਦੁਆਰ ਤੀਰਥ ਦੇ ਮੇਲੇ ’ਤੇ ਗੰਗਾ ਕਿਨਾਰੇ ਸ਼ਰਾਧਾਂ ਮੌਕੇ ਪਿੱਤਰਾਂ ਨੂੰ ਚੜ੍ਹਦੇ ਵੱਲ ਮੂੰਹ ਕਰਕੇ ਪਾਣੀ ਦੇ ਰਹੇ ਪਾਂਡਿਆਂ ਨੂੰ ਸਮਝਾਉਣ ਲਈ ਉਲਟ (ਲਹਿੰਦੇ ਵੱਲ) ਪਾਣੀ ਦੇਣਾ ਸ਼ੁਰੂ ਕਰ ਦਿੱਤਾ। ਜਦ ਉਲਟੀ ਮੱਤ ਵਾਲਿਆਂ ਨੇ ਹਿੰਦੂ ਮਰਿਆਦਾ ਵਿਰੁੱਧ ਉਲਟੀ ਦਿਸ਼ਾ ਵੱਲ ਦਿੱਤੇ ਜਾਂਦੇ ਇਸ ਪਾਣੀ ਨੂੰ ਨਿਰਾਰਥ ਕਰਮ ਵਜੋਂ ਵੇਖਿਆ ਤਾਂ ਪਾਣੀ ਦੇ ਰਹੇ ਗੁਰੂ ਜੀ ਕੋਲ਼ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਤੇ ਇਸ ਉਲਟੀ ਵਹਿੰਦੀ ਗੰਗਾ (ਵਿਪਰੀਤ ਰੀਤ ਕਰਮ) ਦਾ ਕਾਰਨ ਪੁੱਛਿਆ ਤਾਂ ਗੁਰੂ ਜੀ ਨੇ ਉਨ੍ਹਾਂ ਨੂੰ ਉਲਟਾ ਸਵਾਲ ਕਰ ਦਿੱਤਾ ਕਿ ਤੁਸੀਂ ਪੂਰਬ ਵੱਲ ਪਾਣੀ ਕਿਉਂ ਸੁੱਟ ਰਹੇ ਹੋ ? ਜਵਾਬ ਮਿਲਿਆ ਕਿ ਪੂਰਬ ਵੱਲ ਪਿੱਤਰ ਲੋਕ ਹੈ ਜਿੱਥੇ ਸਾਡੇ ਪੂਰਬਜ਼ ਪਿੱਤਰ ਰਹਿ ਰਹੇ ਹਨ ਇਸ ਲਈ ਅਸੀਂ ਆਪਣੇ ਪਿੱਤਰਾਂ ਨੂੰ ਪਾਣੀ ਦੇ ਰਹੇ ਹਾਂ। ਗੁਰੂ ਨੇ ਸਹਿਜ ਨਾਲ ਜਵਾਬ ਦਿੱਤਾ ਕਿ ਪੱਛਮ ਵੱਲ ਕਰਤਾਰਪੁਰ ਵਿਖੇ ਮੇਰੇ ਖੇਤ ਹਨ ਜਿਨ੍ਹਾਂ ਵਿੱਚ ਪੈਲ਼ੀ ਸੁੱਕ ਰਹੀ ਹੈ ਇਸ ਲਈ ਮੈਂ ਉਨ੍ਹਾਂ ਨੂੰ ਪਾਣੀ ਦੇ ਰਿਹਾ ਹਾਂ। ਪਾਂਡੇ ਖਿੱਝ ਕੇ ਬੋਲੇ ਕਿ ਤੇਰਾ ਸੁੱਟਿਆ ਹੋਇਆ ਪਾਣੀ 150 ਕੋਹ ਦੀ ਦੂਰੀ ’ਤੇ ਕਿਵੇਂ ਪਹੁੰਚ ਸਕਦਾ ਹੈ ? ਗੁਰੂ ਜੀ ਨੇ ਕਿਹਾ ਕਿ ਜੇ ਮੇਰਾ ਸੁੱਟਿਆ ਪਾਣੀ 150 ਕੋਹ ਨਹੀਂ ਜਾ ਸਕਦਾ ਤਾਂ ਤੁਹਾਡਾ ਸੁੱਟਿਆ ਪਾਣੀ ਕ੍ਰੋੜਾ ਕੋਹ ਦੂਰ ਕਿਵੇਂ ਜਾਏਗਾ ? ਪਿੱਤਰਾਂ ਦੇ ਨਾਂ ’ਤੇ ਜਜਮਾਨਾਂ ਘਰੋਂ ਖਾਧਾ ਭੋਜਨ ਅਤੇ ਲਏ ਪਦਾਰਥ ਤੁਸੀਂ ਪਿੱਤਰਾਂ ਨੂੰ ਕਿਵੇਂ ਪਹੁੰਚਾਉਂਦੇ ਹੋ ?

ਧਰਮ-ਚਰਚਾ ਦੌਰਾਨ ਹੁੰਦੀਆਂ ਗੋਸਟੀਆਂ ’ਚ ਹਿੰਦੂਆਂ ਦਾ ਗੁਰੂ ਬ੍ਰਾਹਮਣ (ਪੰਡਿਤ); ਸਦਾ ਗੁਰੂ ਸਾਹਿਬਾਨ ਦੇ ਤਰਕ-ਸੰਗਤ ਗਿਆਨ ਸਾਮ੍ਹਣੇ ਹਾਰਦਾ ਰਿਹਾ, ਜਿਸ ਉਪਰੰਤ ਗੁਰੂ ਜੀ ਲੋਕਾਂ ਨੂੰ ਸਮਝਾਉਂਦਿਆਂ ਆਖਦੇ ਕਿ (ਪੰਡਿਤ) ਵੇਦ (ਆਦਿਕ ਧਰਮ-ਪੁਸਤਕਾਂ) ਨੂੰ (ਜੀਵਨ ਦੀ ਅਗਵਾਈ ਵਾਸਤੇ) ਨਹੀਂ ਵਿਚਾਰਦਾ ਬਲਕਿ ਬਹਿਸ-ਚਰਚਾ ਕਰਨ ਲਈ ਹੀ ਇਨ੍ਹਾਂ ਨੂੰ ਪੜ੍ਹਦਾ ਹੈ (ਮਨੁੱਖਤਾ ਵਾਙ ਇਹ ਗੁਰੂ ਵੀ ਸੰਸਾਰ-ਸਮੁੰਦਰ ਦੀਆਂ ਵਿਕਾਰ-ਲਹਿਰਾਂ ’ਚ ਡੁੱਬ ਰਿਹਾ ਹੈ), ਜੋ ਆਪ ਡੁੱਬਿਆ ਹੋਵੇ ਉਹ ਬਜ਼ੁਰਗਾਂ (ਪਿਤਰਾਂ) ਨੂੰ ਕਿਵੇਂ ਤਾਰੇਗਾ ? ਦਰਅਸਲ ਰੱਬ ਸਰਬ ਵਿਆਪਕ ਹੈ, ਸੱਚੇ ਗੁਰੂ ਰਾਹੀਂ ਉਸ ਬਾਰੇ ਸਮਝ ਆਉਂਦੀ ਹੈ ਭਾਵੇਂ ਕਿ ਅਜਿਹੇ ਵਿਰਲੇ ਹੀ ਹੋਣ: ‘‘ਵਾਚੈ ਵਾਦੁ, ਬੇਦੁ ਬੀਚਾਰੈ ਆਪਿ ਡੁਬੈ, ਕਿਉ ਪਿਤਰਾ ਤਾਰੈ  ? ਘਟਿ ਘਟਿ ਬ੍ਰਹਮੁ; ਚੀਨੈ ਜਨੁ ਕੋਇ ਸਤਿਗੁਰੁ ਮਿਲੈ, ਸੋਝੀ ਹੋਇ ’’ (ਮ: ੧/੯੦੪), ਭਗਤ ਕਬੀਰ ਜੀ, ਜੋ ਖ਼ੁਦ ਬਨਾਰਸ ਦੇ ਸਨ ਉਨ੍ਹਾਂ ਵੀ ਮਨੁੱਖਤਾ ਨੂੰ ਚਾਨਣ ਵਿਖਾਉਣ ਲਈ ਬੁਲੰਦ ਆਵਾਜ਼ ਕਰਦਿਆਂ ਅਨੇਕਾਂ ਵਾਰ ਇਨ੍ਹਾਂ ਪੰਡਿਤਾਂ ਦੀ ਛਲ-ਕਪਟ ਨੀਤੀ ਕਾਰਨ ਸਰੀਰਕ ਕਸ਼ਟ ਸਹਾਰੇ. ਉਨ੍ਹਾਂ ਦੇ ਵੀ ਇਸ ਵਿਸ਼ੇ ਪ੍ਰਥਾਇ ਵਚਨ ਹਨ ‘‘ਜੀਵਤ ਪਿਤਰ ਮਾਨੈ ਕੋਊ; ਮੂਏਂ ਸਿਰਾਧ ਕਰਾਹੀ ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ; ਕਊਆ ਕੂਕਰ ਖਾਹੀ ’’ (ਭਗਤ ਕਬੀਰ ਜੀ/੩੩੨)

ਮੰਨ ਲਈਏ ਕਿ ਜਜਮਾਨਾਂ ਦੁਆਰਾ ਕੀਤੀ ਠੱਗੀ ਕਮਾਈ ’ਚੋਂ ਬ੍ਰਾਹਮਣ ਗੁਰੂ ਨੂੰ ਦਿੱਤੇ ਦਾਨ ਕਾਰਨ ਪਦਾਰਥਾਂ ਦਾ ਕੁੱਝ ਹਿੱਸਾ ਪਿੱਤਰਾਂ ਕੋਲ ਪਹੁੰਚਦਾ ਵੀ ਹੋਵੇ ਤਾਂ ਪਰਲੋਕ ਵਿੱਚ ਉਹ ਪਦਾਰਥ ਜ਼ਰੂਰ ਸਿਞਾਣਿਆ ਜਾਂਦਾ ਹੋਵੇਗਾ ਤਾਂ ਤੇ ਜਜਮਾਨ ਦੀ ਠੱਗੀ-ਕਮਾਈ ਨੇ ਪੰਡਿਤ ਠੱਗ ਰਾਹੀਂ ਆਪਣੇ ਪਿਤਰਾਂ ਨੂੰ (ਭੀ) ਚੋਰ ਬਣ ਦਿੱਤਾ। (ਅਗੋਂ) ਪ੍ਰਭੂ ਇਹ ਨਿਆਂ ਕਰਦਾ ਹੈ ਕਿ (ਇਹ ਚੋਰੀ ਦਾ ਮਾਲ ਅਪੜਾਉਣ ਵਾਲੇ ਬ੍ਰਾਹਮਣ) ਦਲਾਲ ਦੇ ਹੱਥ ਵੱਢੇ ਜਾਂਦੇ ਹਨ: ‘‘ਜੇ ਮੋਹਾਕਾ ਘਰੁ ਮੁਹੈ ; ਘਰੁ ਮੁਹਿ, ਪਿਤਰੀ ਦੇਇ ਅਗੈ ਵਸਤੁ ਸਿਞਾਣੀਐ ; ਪਿਤਰੀ ਚੋਰ ਕਰੇਇ ਵਢੀਅਹਿ ਹਥ ਦਲਾਲ ਕੇ ; ਮੁਸਫੀ (ਨਿਆਂ) ਏਹ ਕਰੇਇ ’’ ਦਰਅਸਲ ਗੁਰੂ ਜੀ ਨੇ ਸਮਝਾਇਆ ਕਿ ਬੰਦੇ ਨੂੰ ਉਹੀ ਅਗਾਂਹ ਮਿਲਦਾ ਹੈ ਜੋ ਇੱਥੇ ਸਮਾਜਕ ਜ਼ਿੰਦਗੀ ’ਚ ਰਹਿ ਕੇ ਆਪਣੇ ਹੱਥੀਂ ਨੇਕ ਕਿਰਤ ਕਰਦਿਆਂ ਕਮਾਉਂਦਾ ਹੈ ਤੇ ਉਸ ਵਿੱਚੋਂ ਵੀ ਲੋੜਵੰਦਾਂ ਨੂੰ ਵੰਡਦਾ ਹੈ, ‘‘ਨਾਨਕ  ! ਅਗੈ ਸੋ ਮਿਲੈ ; ਜਿ ਖਟੇ, ਘਾਲੇ, ਦੇਇ ’’ (ਮ: ੧/੪੭੨), ਗੁਰੂ ਜੀ ਦੀਆਂ ਇਨ੍ਹਾਂ ਇਨਕਲਾਬੀ ਦਲੀਲਾਂ ਅੱਗੇ ਪਾਂਡਾ ਲਾਚਾਰ ਹੁੰਦਾ ਵੇਖੀਦਾ ਸੀ ਜੋ ਸਦਾ ਵਕਤੀ ਰਾਜਿਆਂ ਨੂੰ ਆਪਣੀਆਂ ਬੇਟੀਆਂ ਦੇ ਰਿਸ਼ਤੇ ਕਰਵਾ ਕੇ ਸਦਾ ਗੁਰੂ ਘਰ ਅਤੇ ਗੁਰੂ ਸਿਧਾਂਤ ਨੂੰ ਰਾਜਸੀ ਦਬਾਅ ਕਾਰਨ ਨੁਕਸਾਨ ਪਹੁੰਚਾਉਂਦਾ ਰਿਹਾ, ਜੋ ਹੁਣ ਤੱਕ ਜਾਰੀ ਹੈ।

ਹਰਿਦੁਆਰ ਵਿਖੇ ਜਿੱਥੇ ਇਹ ਪਿੱਤਰਾਂ ਨੂੰ ਪਾਣੀ ਦੇਣ ਵਾਲ਼ੀ ਘਟਨਾ ਵਾਪਰੀ ਓਥੇ ਸੰਨ 1984 ਤੱਕ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਸੁਭਾਇਮਾਨ ਸੀ ਜਿਸ ਨੂੰ 1984 ਦੇ ਸਿੱਖ ਕਤਲੇਆਮ ਦੀ ਆਡ ਵਿੱਚ ਢਾਹ ਦਿੱਤਾ ਗਿਆ, ਇਸ ਤਰ੍ਹਾਂ ਜਗਨਨਾਥ ਪੁਰੀ ਵਿਖੇ ਕੀਤੀ ਜਾਂਦੀ ਥਾਲ ’ਚ ਦੀਵੇ ਰੱਖ ਕੇ ਆਰਤੀ ਦਾ ਖੰਡਨ ਕਰਦਿਆਂ ਉਚਾਰੇ ਗਏ ਗੁਰੂ ਨਾਨਕ ਜੀ ਵੱਲੋਂ ਸ਼ਬਦ ‘‘ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ; ਤਾਰਿਕਾ ਮੰਡਲ ਜਨਕ ਮੋਤੀ ਧੂਪੁ ਮਲਆਨਲੋ ਪਵਣੁ ਚਵਰੋ ਕਰੇ; ਸਗਲ ਬਨਰਾਇ ਫੂਲੰਤ ਜੋਤੀ ’’ (: /੧੩) ਵਾਲ਼ੀ ਜਗ੍ਹਾ ’ਤੇ ਵੀ ਹੁਣ ਤੱਕ ‘ਮੰਗੂ ਮੱਠ’ ਦੇ ਨਾਂ ਨਾਲ਼ ਜਾਣੀ ਜਾਂਦੀ ਇਤਿਹਾਸਕ ਜਗ੍ਹਾ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ। ਇਹ ਘਟਨਾਵਾਂ ਉਸ ਸਮੇਂ ਵਾਪਰ ਰਹੀਆਂ ਹਨ ਜਦ ਇੱਕ ਪਾਸੇ ਹਿੰਦੂ ਜਥੇਬੰਦੀਆਂ 1992 ’ਚ ਢਾਹੀ ਬਾਬਰੀ ਮਸਜਿਦ ਵਾਲ਼ੀ ਥਾਂ ’ਤੇ ਰਾਮ ਮੰਦਿਰ ਬਣਾਉਣ ਲਈ ਸੁਪਰੀਮ ਕੋਰਟ ’ਚ ਕੇਸ ਲੜ ਰਹੀਆਂ ਹਨ ਅਤੇ ਦੂਜੇ ਪਾਸੇ 550ਵੇਂ ਸਾਲ ਵਜੋਂ ਗੁਰੂ ਨਾਨਕ ਸਾਹਿਬ ਜੀ ਨੂੰ ਯਾਦ ਕੀਤਾ ਜਾ ਰਿਹਾ ਹੈ। ਮਾਨਵ ਹਿਤਕਾਰੀ ਸਰਬ ਸਾਂਝੀ ਗੁਰੂ ਨਾਨਕ ਸੋਚ ਦਾ ਪ੍ਰਚਾਰ ਪ੍ਰਸਾਰ ਕਿਨ੍ਹਾਂ ਲਈ ਮਾਫ਼ਕ ਨਹੀਂ ਜਾਂ ਸੁਖਾਂਦਾ ਨਹੀਂ, ਅਜਿਹੇ ਲੋਕ ਮਨੁੱਖਤਾ ਦੇ ਦੁਸ਼ਮਣ ਹੀ ਹੋਣਗੇ।

ਹਰਿਦੁਆਰ ਵਿਖੇ ਹੀ ਇੱਕ ਦੂਸਰੀ ਘਟਨਾ ’ਚ ਇੱਕ ਵੈਸ਼ਨਵ ਸਾਧ ਜੋ ਬਹੁਤ ਹੀ ਸੁੱਚ ਅਤੇ ਸੰਜਮ ਨਾਲ ਤਿਆਰ ਕੀਤੇ ਚੌਂਕੇ ਦੇ ਦੁਆਲੇ ਲਕੀਰਾਂ ਖਿੱਚ ਕੇ ਉੱਪਰ ਬੈਠਾ ਆਪਣਾ ਭੋਜਨ ਤਿਆਰ ਕਰ ਰਿਹਾ ਸੀ। ਗੁਰੂ ਜੀ ਨੇ ਭਾਈ ਮਰਦਾਨੇ ਜੀ ਨੂੰ ਉਸ ਸਾਧ ਕੋਲੋਂ ਅੱਗ ਲੈਣ ਲਈ ਭੇਜਿਆ ਤਾਂ ਕਿ ਭੋਜਨ ਤਿਆਰ ਕੀਤਾ ਜਾ ਸਕੇ। ਜਦੋਂ ਭਾਈ ਮਰਦਾਨਾ ਅੱਗ ਲੈਣ ਲਈ ਪਹੁੰਚੇ ਤਾਂ ਵੈਸ਼ਨਵ ਸਾਧ ਦੇ ਚੌਂਕੇ ’ਤੇ ਉਨ੍ਹਾਂ ਦੀ ਛਾਂ ਪੈ ਜਾਣ ’ਤੇ ਵੈਸ਼ਨਵ; ਭਾਈ ਸਾਹਿਬ ’ਤੇ ਬਹੁਤ ਕ੍ਰੋਧਿਤ ਹੋਇਆ ਕਿ ਤੈਂ ਨੀਚ ਮਰਾਸ਼ੀ ਨੇ ਬਹੁਤ ਸੁੱਚਮਤਾ ਨਾਲ ਬਣਾਇਆ ਮੇਰਾ ਚੌਂਕਾ ਭਿੱਟ ਦਿੱਤਾ, ਜਿਸ ਕਰਕੇ ਮੇਰਾ ਸਾਰਾ ਭੋਜਨ ਹੀ ਭ੍ਰਿਸ਼ਟ ਹੋ ਗਿਆ। ਵੈਸ਼ਨਵ ਸਾਧ ਇੰਨਾ ਕ੍ਰੋਧਿਤ ਹੋਇਆ ਕਿ ਬਲਦੀ ਹੋਈ ਚੁਆਤੀ ਮਰਦਾਨਾ ਜੀ ਦੇ ਮਾਰਨ ਲਈ ਉਸ ਦੇ ਮਗਰ ਦੌੜਿਆ। ਦੋੜਦੇ ਦੋੜਦੇ ਦੋਵੇਂ ਗੁਰੂ ਨਾਨਕ ਜੀ ਕੋਲ ਪਹੁੰਚੇ। ਗੁਰੂ ਜੀ ਦੁਆਰਾ ਕਾਰਨ ਪੁੱਛਣ ’ਤੇ ਮਰਦਾਨੇ ਨੇ ਹੱਡ-ਬੀਤੀ ਸੁਣਾ ਦਿੱਤੀ। ਗੁਰੂ ਜੀ ਨੇ ਕਿਹਾ ਵੈਸ਼ਨਵ ਜੀ ! ਤੁਸੀਂ ਤਾਂ ਆਪ ਹੀ ਆਪਣੇ ਕ੍ਰੋਧ ਦੇ ਨਾਲ-ਨਾਲ ਮੇਰੇ ਲਈ ਅੱਗ ਵੀ ਲੈ ਆਏ ਇੰਨੀ ਖੇਚਲ ਕਰਨ ਦੀ ਕੀ ਲੋੜ ਸੀ। ਭਾਈ ਸਾਹਿਬ ਜੀ ਨੂੰ ਹੀ ਦੇ ਦਿੰਦੇ। ਵੈਸ਼ਨਵ ਸਾਧੂ ਦਾ ਗੁੱਸਾ ਝੱਲਿਆ ਨਹੀਂ ਸੀ ਜਾਂਦਾ ਤੇ ਕਹਿਣ ਲੱਗਾ ਇਸ ਮਰਾਸ਼ੀ ਨੇ ਮੇਰਾ ਚੌਕਾ ਭਿੱਟ ਦਿੱਤਾ ਹੈ ਇਸ ਲਈ ਮੈਂ ਇਸ ਨੂੰ ਜਿਊਂਦਾ ਨਹੀਂ ਛੱਡਣਾ। ਗੁਰੂ ਜੀ ਨੇ ਸਮਝਾਇਆ ਕਿ ਭੈੜੀ ਮਤ (ਮਨੁੱਖ ਦੇ ਅੰਦਰ ਦੀ) ਮਿਰਾਸਣ ਹੈ, ਬੇ-ਤਰਸੀ ਕਸਾਇਣ ਹੈ, ਪਰਾਈ ਨਿੰਦਿਆ ਅੰਦਰਲੀ ਚੂਹੜੀ ਹੈ ਤੇ ਕ੍ਰੋਧ ਚੰਡਾਲਣੀ (ਹੈ, ਜਿਸ) ਨੇ (ਤੇਰੇ ਵਰਗੇ ਵੈਸ਼ਨਵ ਨੂੰ ਵੀ) ਠੱਗ ਰੱਖਿਆ ਹੈ। ਜੇ ਇਹ ਚਾਰੇ ਅੰਦਰ ਹੀ ਬੈਠੀਆਂ ਰਹਿਣ ਤਾਂ (ਬਾਹਰ ਚੌਂਕਾ ਸੁੱਚਾ ਰੱਖਣ ਲਈ) ਲਕੀਰਾਂ ਕੱਢਣ ਦਾ ਕੀ ਲਾਭ ?, ‘‘ਕੁਬੁਧਿ ਡੂਮਣੀ, ਕੁਦਇਆ ਕਸਾਇਣਿ; ਪਰ ਨਿੰਦਾ ਘਟ ਚੂਹੜੀ; ਮੁਠੀ ਕ੍ਰੋਧਿ ਚੰਡਾਲਿ ਕਾਰੀ ਕਢੀ ਕਿਆ ਥੀਐ ; ਜਾਂ ਚਾਰੇ ਬੈਠੀਆ ਨਾਲਿ ’’ ਗੁਰੂ ਜੀ ਨੇ ਸਚਾਈ ਬਿਆਨ ਕਰਦਿਆਂ ਕਿਹਾ ਕਿ ਜੋ ਮਨੁੱਖ ‘ਸੱਚ’ ਨੂੰ (ਚੌਂਕਾ ਸੁੱਚਾ ਕਰਨ ਦੀ) ਜੁਗਤਿ ਬਣਾਂਦੇ ਹਨ, ਉੱਚੇ ਆਚਰਨ ਨੂੰ (ਚੌਂਕੇ ਦੀਆਂ) ਲਕੀਰਾਂ, ਰੱਬੀ ਨਾਮ ਜਪਣ ਨੂੰ (ਤੀਰਥ) ਇਸ਼ਨਾਨ ਸਮਝਦੇ ਹਨ, ਉਹੀ ਪਾਪ ਰਹਿਤ ਸਰੀਰ ਭੋਗਦਿਆਂ ਪ੍ਰਭੂ ਦੀ ਹਜ਼ੂਰੀ ਵਿੱਚ ਚੰਗੇ ਗਿਣੇ ਜਾਂਦੇ ਹਨ, ‘‘ਸਚੁ ਸੰਜਮੁ, ਕਰਣੀ ਕਾਰਾਂ; ਨਾਵਣੁ, ਨਾਉ ਜਪੇਹੀ ਨਾਨਕ  ! ਅਗੈ ਊਤਮ ਸੇਈ, ਜਿ ਪਾਪਾਂ ਪੰਦਿ ਦੇਹੀ ’’ (ਮ: ੧/੯੧)

ਜਦ ਗੁਰੂ ਜੀ ਜਗਨਨਾਥ ਪੁਰੀ ਪਹੁੰਚੇ ਤਾਂ ਉੱਥੇ ਜਗੰਨਾਥ (ਸ਼੍ਰੀ ਕ੍ਰਿਸ਼ਨ ਜੀ ਦਾ ਇੱਕ ਨਾਮ) ਦੀ ਆਰਤੀ ਹੋ ਰਹੀ ਸੀ। ਦੇਵਤੇ ਦੀ ਮੂਰਤੀ ਜਾਂ ਕਿਸੇ ਪੂਜਯ ਅੱਗੇ ਦੀਵੇ ਘੁਮਾ ਕੇ ਪੂਜਾ ਕਰਨ ਨੂੰ ਆਰਤੀ ਕਹਿੰਦੇ ਹਨ। ਭਾਰਤ ’ਚ ਹਿੰਦੂਆਂ ਦੇ ਚਾਰ ਧਾਮਾਂ ’ਚੋਂ ਇਹ ਵੀ ਇੱਕ ਮੱਠ (ਧਾਮ) ਹੈ। ਹਿੰਦੂ ਮਤ ਅਨੁਸਾਰ ਚਾਰ ਵਾਰੀ ਚਰਨਾਂ ਅੱਗੇ, ਦੋ ਵਾਰੀ ਨਾਭੀ ਉੱਤੇ, ਇੱਕ ਵਾਰੀ ਮੂੰਹ ਉੱਤੇ ਅਤੇ ਸੱਤ ਵਾਰੀ ਸਾਰੇ ਸਰੀਰ ਉੱਤੇ ਦੀਵੇ ਘੁਮਾਣੇ, ਆਰਤੀ ਕਰਨ ਸਮੇਂ ਲਾਜ਼ਮੀ ਹੁੰਦਾ ਹੈ। ਦੀਵੇ ਇੱਕ ਤੋਂ ਲੈ ਕੇ ਇੱਕ ਸੌ ਤੱਕ ਹੋ ਸਕਦੇ ਹਨ। ਗੁਰੂ ਨਾਨਕ ਦੇਵ ਜੀ ਨੇ ਇਸ ਆਰਤੀ ਨੂੰ ਅਰਥਹੀਣ ਕਹਿ ਕੇ ਕਰਤਾਰ ਦੀ ਕੁਦਰਤ ’ਚ ਹੋ ਰਹੀ ਨਿਰੰਤਰ ਸੱਚੀ ਆਰਤੀ ਦੇ ਮਹੱਤਵ ਨੂੰ ਦਰਸਾਇਆ ਤੇ ਸੰਦੇਸ਼ ਦਿੱਤਾ ਕਿ ਜਿਸ ਪੱਥਰ ਦੀ ਮੂਰਤੀ ਨੂੰ ਤੁਸੀਂ ਜਗੰਨਾਥ (ਜਗਤ ਦਾ ਅਸਲ ਮਾਲਕ) ਕਹਿ ਰਹੇ ਹੋ, ਅਸਲ ’ਚ ਇਹ ਉਹ ਮਾਲਕ ਨਹੀਂ, ਉਸ ਦੀ ਜੋਤ ਤਾਂ ਸ੍ਰਿਸ਼ਟੀ ਦੇ ਜ਼ਰੇ ਜ਼ਰੇ ਵਿੱਚ ਰੁਮਕ ਰਹੀ ਹੈ। ਤੁਹਾਡੇ ਦੁਆਰਾ ਕੀਤੀ ਜਾਂਦੀ ਆਰਤੀ ਜਗੰਨਾਥ ਦੀ ਆਰਤੀ ਨਹੀਂ ਅਖਵਾ ਸਕਦੀ ਕਿਉਂਕਿ ਉਸ ਦੀ ਆਰਤੀ ਤਾਂ ਆਪਣੇ ਆਪ ਹੀ ਹੋ ਰਹੀ ਹੈ। ਉਸ ਆਰਤੀ ’ਚ ਸਾਰਾ ਆਕਾਸ਼ (ਮਾਨੋ) ਥਾਲ ਹੈ। ਸੂਰਜ ਤੇ ਚੰਦ (ਉਸ ਥਾਲ ਵਿੱਚ ਰੱਖੇ) ਦੀਵੇ ਹਨ। ਤਾਰਿਆਂ ਦੇ ਸਮੂਹ ਮੰਡਲ (ਥਾਲ ਵਿੱਚ) ਮੋਤੀ ਰੱਖੇ ਸਮਝੋ । ਮਲਯ ਪਰਬਤ ਵੱਲੋਂ ਆਉਣ ਵਾਲੀ ਹਵਾ; ਧੂਪ (ਧੁਖਾ ਰਹੀ) ਸਮਝੋ। ਹਵਾ ਚੌਰ ਕਰ ਰਹੀ ਹੈ। ਸਾਰੀ ਬਨਸਪਤੀ ਜੋਤਿ ਸਰੂਪ ਜਗੰਨਾਥ (ਸਿਰਜਣਹਾਰ) ਲਈ ਫੁੱਲ ਅਰਪਣ ਕਰ ਰਹੀ ਹੈ। ਜਨਮ ਮਰਨ ਨਾਸ ਕਰਨ ਵਾਲੇ ਜਗਤ ਦੇ ਮਾਲਕ ਦੀ (ਕੁਦਰਤ ਵਿੱਚ) ਬਹੁਤ ਹੀ ਸੁੰਦਰ ਆਰਤੀ ਹੋ ਰਹੀ ਹੈ ! (ਸਭ ਜੀਵਾਂ ’ਚ ਰੁਮਕ ਰਹੀ) ਇੱਕੋ ਜੀਵਨ-ਰੌ ਆਰਤੀ ਵਾਸਤੇ ਨਾਗਾਰੇ ਵੱਜਦੇ ਸਮਝੋ। (ਸਰਬ ਵਿਆਪਕ ਹੋਣ ਕਾਰਨ ਉਸ ਜਗੰਨਾਥ ਦੀਆਂ) ਹਜ਼ਾਰਾਂ ਅੱਖਾਂ ਹਨ, ਹਜ਼ਾਰਾਂ ਸ਼ਕਲਾਂ ਹਨ, ਹਜ਼ਾਰਾਂ ਪੈਰ ਹਨ, ਹਜ਼ਾਰਾਂ ਨੱਕ ਹਨ (ਪਰ ਅਦ੍ਰਿਸ਼ ਹੋਣ ਕਾਰਨ) ਉਸ ਦੀ ਕੋਈ ਅੱਖ ਨਹੀਂ, ਕੋਈ ਸ਼ਕਲ ਨਹੀਂ, ਕੋਈ ਪੈਰ ਨਹੀਂ, ਕੋਈ ਨੱਕ ਆਦਿ ਨਹੀਂ।  ਜਗੰਨਾਥ ਦੇ ਅਜਿਹੇ ਕੌਤਕਾਂ ਨੇ ਮੇਰੇ ਵਰਗੇ ਰੱਬੀ ਆਸ਼ਕਾਂ ਨੂੰ ਵਿਸਮਾਦਿਤ ਕੀਤਾ ਹੋਇਆ ਹੈ ਭਾਵ ਹਾਜ਼ਰਾ-ਹਜ਼ੂਰ ਕਾਰਜਸ਼ੀਲ ਹੋਣ ਕਾਰਨ ਮੈਨੂੰ ਪ੍ਰਭਾਵਤ ਕੀਤਾ ਹੋਇਆ ਹੈ। ਸਭ ਵਿੱਚ ਉਸ ਇੱਕ ਦੀ ਜੋਤੀ ਵਰਤ ਰਹੀ ਹੈ। ਉਸ ਜੋਤਿ ਦੇ ਪ੍ਰਕਾਸ਼ ਨਾਲ ਹੀ ਸਾਰੇ ਜੀਵਾਂ ਵਿੱਚ ਚਾਨਣ (ਸੂਝ-ਬੂਝ) ਹੈ, ਪਰ ਇਸ ਜੋਤਿ ਦੀ ਸਮਝ ਗੁਰੂ ਸਿੱਖਿਆ ਨਾਲ ਹੀ ਹੁੰਦੀ ਹੈ (ਭਾਵ ਗੁਰੂ ਰਾਹੀਂ ਹੀ ਅਸਲੀ ਅਤੇ ਨਕਲੀ ਜਗੰਨਾਥ ਦਾ ਪਤਾ ਲਗਦਾ ਹੈ)। (ਇਸੇ) ਆਰਤੀ ਦਾ ਭਾਗ ਹੈ ਕਿ ਜੋ ਕੁਝ ਵਾਪਰ ਰਿਹਾ ਹੈ, ਉਹ ਉਸ ਦੀ ਰਜ਼ਾ ’ਚ ਹੀ ਹੈ ਤਾਂ ਤੇ ਉਸ ਦੀ ਆਰਤੀ ’ਚ ਸ਼ਾਮਲ ਸੱਚੇ ਭਗਤ ਲਈ ਇਹ ਭਾਣਾ) ਚੰਗਾ ਲੱਗੇ (ਸੱਚੇ ਜਗੰਨਾਥ ਦੀ ਰਜ਼ਾ ’ਚ ਤੁਰਨਾ ਹੀ ਉਸ ਦੀ ਆਰਤੀ ਕਰਨੀ ਹੈ)। ਸਰਬ ਪਿਆਪਕ ਜਗੰਨਾਥ ਦੇ ਚਰਨ-ਰੂਪ ਕੌਲ-ਫੁੱਲਾਂ (ਗੁਣਾਂ) ਲਈ ਮੇਰਾ ਮਨ ਲਲਚਾਂਦਾ ਹੈ, ਹਰ ਦਿਨ ਇਹੀ ਪਿਆਸ ਲੱਗੀ ਹੋਈ ਹੈ, ਜਿਸ ਬਾਬਤ ਬੇਨਤੀ ਕਰਦਾ ਰਹਿੰਦਾ ਹਾਂ ਕਿ ਹੇ ਜਗੰਨਾਥ ਜੀ ! ਆਪਣਾ ਮਿਹਰ ਰੂਪ ਅੰਮ੍ਰਿਤ ਜਲ ਨਾਨਕ ਪਪੀਹੇ ਨੂੰ ਬਖ਼ਸ਼, ਜਿਸ ਸਦਕਾ ਤੇਰੇ ਸਦੀਵੀ ਵਜੂਦ (ਨਾਮ) ’ਚ ਨਿਵਾਸ ਰਹੇ: ‘‘ਗਗਨ ਮੈ ਥਾਲੁ, ਰਵਿ ਚੰਦੁ ਦੀਪਕ ਬਨੇ; ਤਾਰਿਕਾ ਮੰਡਲ ਜਨਕ ਮੋਤੀ ਧੂਪੁ ਮਲਆਨਲੋ, ਪਵਣੁ ਚਵਰੋ ਕਰੇ ; ਸਗਲ ਬਨਰਾਇ ਫੂਲੰਤ ਜੋਤੀ ਕੈਸੀ ਆਰਤੀ ਹੋਇ  ! ਭਵ ਖੰਡਨਾ  ! ਤੇਰੀ ਆਰਤੀ ਅਨਹਤਾ ਸਬਦ; ਵਾਜੰਤ ਭੇਰੀ ਰਹਾਉ ਸਹਸ ਤਵ ਨੈਨ, ਨਨ ਨੈਨ ਹਹਿ ਤੋਹਿ ਕਉ; ਸਹਸ ਮੂਰਤਿ, ਨਨਾ ਏਕ ਤੋਹੀ ਸਹਸ ਪਦ ਬਿਮਲ, ਨਨ ਏਕ ਪਦ; ਗੰਧ ਬਿਨੁ, ਸਹਸ ਤਵ ਗੰਧ, ਇਵ ਚਲਤ ਮੋਹੀ ਸਭ ਮਹਿ ਜੋਤਿ ; ਜੋਤਿ ਹੈ ਸੋਇ ਤਿਸ ਦੈ ਚਾਨਣਿ, ਸਭ ਮਹਿ ਚਾਨਣੁ ਹੋਇ ਗੁਰ ਸਾਖੀ, ਜੋਤਿ ਪਰਗਟੁ ਹੋਇ ਜੋ ਤਿਸੁ ਭਾਵੈ, ਸੁ ਆਰਤੀ ਹੋਇ ਹਰਿ ਚਰਣ ਕਵਲ ਮਕਰੰਦ, ਲੋਭਿਤ ਮਨੋ; ਅਨਦਿਨੋ, ਮੋਹਿ ਆਹੀ ਪਿਆਸਾ ਕ੍ਰਿਪਾ ਜਲੁ ਦੇਹਿ, ਨਾਨਕ ਸਾਰਿੰਗ ਕਉ; ਹੋਇ ਜਾ ਤੇ, ਤੇਰੈ ਨਾਇ ਵਾਸਾ ’’ (ਮ: ੧/੧੩)

41 ਸਾਲ ਦੀ ਉਮਰ ਵਿੱਚ 1510 ਈ. ਤੋਂ 1515 ਈ. ਤੱਕ ਦੱਖਣ ਦਿਸ਼ਾ ਦੀ ਦੂਸਰੀ ਉਦਾਸੀ ਦੌਰਾਨ ਜਾਣ ਸਮੇਂ ਸਿਰਸਾ, ਬੀਕਾਨੇਰ, ਅਜਮੇਰ, ਇੰਦੌਰ, ਉਜੈਨ, ਬਿਦਰ, ਹੈਦਰਾਬਾਦ, ਮਦਰਾਸ, ਪਾਂਡੀਚਰੀ ਅਤੇ ਸ਼੍ਰੀ ਲੰਕਾ ਮੁੱਖ ਟਿਕਾਣੇ ਰਹੇ। ਵਾਪਸੀ ਸਮੇਂ ਸੋਮਨਾਥ, ਦੁਆਰਕਾ, ਕੱਛ, ਮਾਂਡਵੀ ਅਤੇ ਬਹਾਵਲਪੁਰ ਮੁੱਖ ਪੜਾਅ ਸਨ। ਇਹ ਉਦਾਸੀ ਜੈਨ ਅਤੇ ਬੁੱਧ ਧਰਮ ਦੇ ਅਸਥਾਨਾਂ ਦੀ ਉਦਾਸੀ ਕਰਕੇ ਜਾਣੀ ਜਾਂਦੀ ਹੈ। ਸਰੋਹੀ ਅਤੇ ਮਾਉਂਟਆਬੂ ਦੇ ਅਸਥਾਨਾਂ ’ਤੇ ਬਹੁਤ ਸਾਰੇ ਜੈਨ ਸਾਧੂ ਮੱਠਾਂ ਵਿੱਚ ਰਹਿੰਦੇ ਸਨ। ਇੱਥੇ ਅਨ੍ਹਭੀ ਨਾਂ ਦੇ ਜੈਨ ਮੁਖੀ ਨਾਲ ਆਪ ਦੀ ਵਿਚਾਰ-ਚਰਚਾ ਹੋਈ। ਗੁਰੂ ਜੀ ਨੇ ਜੈਨ ਧਰਮ ਦੀਆਂ ਨਿਰਾਰਥਕ ਰਸਮਾਂ, ਜੋ ਮਨੁੱਖ ਨੂੰ ਸੁਚੱਜੇ ਜੀਵਨ ਦੀ ਬਜਾਏ ਕੁਚੀਲ ਬਣਾਉਂਦੀਆਂ ਹਨ, ਦਾ ਖੰਡਨ ਕੀਤਾ।

ਤੀਸਰੀ ਉਦਾਸੀ ਦੌਰਾਨ ਆਪ ਨੇ ਉੱਤਰ ਦਿਸ਼ਾ ਵਿੱਚ ਜੰਮੂ, ਕਸ਼ਮੀਰ, ਗੜ੍ਹਵਾਲ, ਬਦਰੀਨਾਥ, ਤਿੱਬਤ, ਭੂਟਾਨ ਤੇ ਨੇਪਾਲ ਆਦਿਕ ਇਲਾਕਿਆ ਦਾ ਦੌਰਾ ਕੀਤਾ ਜਿੱਥੇ ਉਸ ਸਮੇਂ ਜੋਗ ਮੱਤ ਦਾ ਪ੍ਰਭਾਵ ਸੀ। ਇਨ੍ਹਾਂ ਪਹਾੜੀ ਇਲਾਕਿਆਂ ਵਿੱਚ ਸਿੱਧਾਂ ਜੋਗੀਆਂ ਦੇ ਟਿਕਾਣੇ ਸਨ। ਜੋਗੀ ਸੁਰਤਿ ਜੋੜ ਕੇ ਅਨਹਦ ਸ਼ਬਦ ਸੁਣਨ ਲਈ ਮਦ (ਸ਼ਰਾਬ) ਪੀਂਦੇ ਸਨ। ਜਦ ਗੁਰੂ ਜੀ ਸੁਮੇਰ ਪਰਬਤ ’ਤੇ ਸਿੱਧਾਂ ਕੋਲ ਪਹੁੰਚੇ ਤਾਂ ਉਹਨਾਂ ਆਪ ਜੀ ਨੂੰ ਪੀਣ ਲਈ ਮਦ ਦਾ ਪਿਆਲਾ ਪੇਸ਼ ਕੀਤਾ। ਗੁਰੂ ਜੀ ਨੇ ਪੁੱਛਿਆ ਕਿ ਇਸ ਵਿੱਚ ਕੀ ਪਾਇਆ ਹੈ ਤਾਂ ਸਿੱਧਾਂ ਨੇ ਕਿਹਾ ਕਿ ਇਸ ਵਿੱਚ ਕੋਈ ਬੁਰੀ ਚੀਜ਼ ਨਹੀਂ ਸਗੋਂ ਗੁੜ ਅਤੇ ਧਾਵੈ ਦੇ ਫੁੱਲ ਹਨ। ਉੱਥੇ ਗੁਰੂ ਜੀ ਨੇ ਮਨੁੱਖੀ ਜੀਵਨ ਦੀ ਲੋਰ ਅਤੇ ਮਸਤੀ ਲਈ ਲੋੜੀਂਦੀ ਮਦ ਨੂੰ ਇਸ ਤਰ੍ਹਾਂ ਪਰਿਭਾਸ਼ਤ ਕੀਤਾ ਕਿ (ਹੇ ਜੋਗੀ !) ਪਰਮਾਤਮਾ ਨਾਲ ਡੂੰਘੀ ਸਾਂਝ ਨੂੰ ਗੁੜ ਬਣਾ, ਪ੍ਰਭੂ-ਚਰਨਾਂ ਵਿੱਚ ਜੁੜੀ ਸੁਰਤ ਨੂੰ ਮਹੂਏ ਦੇ ਫੁੱਲ ਬਣਾ, ਉੱਚੇ ਆਚਰਨ ਨੂੰ ਕਿੱਕਰਾਂ ਦੇ ਸੱਕ ਬਣਾ ਕੇ (ਇਹਨਾਂ ਵਿੱਚ) ਰਲਾ। ਸਰੀਰਕ ਮੋਹ ਨੂੰ ਸਾੜਨਾ ਸ਼ਰਾਬ ਕੱਢਣ ਵਾਲ਼ੀ ਭੱਠੀ ਤਿਆਰ ਕਰ, ਪ੍ਰਭੂ-ਚਰਨਾਂ ਵਿੱਚ ਪਿਆਰ ਜੋੜਨਾ ਠੰਡਾ ਪੋਚਾ ਬਣਾ ਜੋ ਅਰਕ ਕੱਢਣ ਵਾਲੀ ਨਾਲੀ ਉੱਤੇ ਫੇਰਨਾ ਹੁੰਦਾ ਹੈ। ਇਸ ਸਾਰੇ ਮਿਲਵੇਂ ਰਸ ਵਿੱਚੋਂ (ਰੂਹਾਨੀਅਤ ਨੂੰ ਪ੍ਰਫੁਲਿਤ ਕਰਨ ਵਾਲ਼ਾ) ਰੱਬੀ ਨਾਮ ਅੰਮ੍ਰਿਤ ਨਿਕਲਦਾ ਹੈ, ਜੋ ਭਗਤ ਦੀ ਸੁਰਤ ਨੂੰ ਸਦੀਵੀ ਸਥਿਰਤਾ ਤੇ ਅਨੰਦਿਤ ਰੱਖਦਾ ਹੈ, ਪਰ ਜੇ ਜੋਗੀ ! (ਤੁਹਾਡੀ ਸੁਰਤ ਦਾ ਸਹਾਰਾ ਬਣਿਆ ਨਸ਼ਾ ਕੁਝ ਸਮੇਂ ਲਈ ਹੀ ਹੁੰਦਾ ਹੈ, ਇਸ ਲਈ ਜਿਸ ਨਸ਼ੇ ਨਾਲ ਮਨ ਸਦਾ) ਸਹਜ ਵਿੱਚ ਟਿਕਿਆ ਰਹੇ, ਜਿਸ ਨਾਲ ਰੱਬੀ ਚਰਨਾਂ (ਗੁਣਾਂ) ’ਚ ਦਿਨ ਰਾਤ ਲਿਵ ਬਣੀ ਰਹੇ, ਜਿਸ ਨਾਲ ਮਨੁੱਖ ਆਪਣੇ ਗੁਰੂ ਦੇ ਸ਼ਬਦ ਨੂੰ ਸਦਾ ਇੱਕ-ਰਸ ਆਪਣੇ ਅੰਦਰ ਟਿਕਾਈ ਰੱਖਦਾ ਹੈ, ਉਹ ਕੋਈ ਸਦੀਵੀ ਮਸਤੀ ਦੇਣ ਵਾਲਾ ਨਸ਼ਾ ਹੀ ਹੋ ਸਕਦਾ ਹੈ, ਪਰ ਗੁਣਾਂ ਦਾ ਮਾਲਕ ਪ੍ਰਭੂ ਉਸ ਨੂੰ ਅਡੋਲਤਾ ਵਿੱਚ ਰੱਖ ਕੇ ਇਹ ਨਸ਼ਾ ਪਿਲਾਂਦਾ ਹੈ, ਜਿਸ ਉੱਤੇ ਆਪ ਮਿਹਰ ਦੀ ਨਜ਼ਰ ਕਰਦਾ ਹੈ। ਜੋ ਇਸ ਅੰਮ੍ਰਿਤ ਰਸ ਦਾ ਵਪਾਰੀ ਬਣ ਜਾਏ ਉਹ (ਤੁਹਾਡੇ ਵਾਙ) ਹੋਛੇ ਸ਼ਰਾਬ ਦੇ ਨਸ਼ੇ ’ਚ ਗ਼ਲਤਾਨ ਨਹੀਂ ਹੁੰਦਾ। ਜਿਸ ਨੇ ਗੁਰੂ ਉਪਦੇਸ਼ ਰਾਹੀਂ ਇਹ ਅੰਮ੍ਰਿਤ ਰਸ ਪੀਤਾ ਹੈ, ਉਹ ਪੀਂਦਿਆਂ ਹੀ ਪ੍ਰਭੂ ਦੀਆਂ ਨਜ਼ਰਾਂ ’ਚ ਕਬੂਲ ਹੋ ਜਾਂਦਾ ਹੈ, ਉਹ ਰੱਬੀ ਦਰਬਾਰ-ਹਜ਼ੂਰੀ ਦਾ ਨਿੱਘ ਮਾਣਦਾ ਰਹਿੰਦਾ ਹੈ, ਉਸ ਲਈ ਮੁਕਤੀ ਤੇ ਬੈਕੁੰਠ ਅਰਥਹੀਣ ਹਨ ਕਿਉਂਕਿ ਉਹ (ਮਾਯਾ ਤੋਂ) ਵਿਰਕਤ ਰਹਿੰਦਾ ਹੈ, ਉਹ ਜ਼ਿੰਦਗੀ ਨੂੰ ਅਜਾਈਂ ਜੂਏ ’ਚ ਨਹੀਂ ਗਵਾਂਦਾ, ਉਸ ਦਾ ਮਾਲਕ ਸਦੀਵੀ ਹੈ: ‘‘ਗੁੜੁ ਕਰਿ ਗਿਆਨੁ, ਧਿਆਨੁ ਕਰਿ ਧਾਵੈ ; ਕਰਿ ਕਰਣੀ ਕਸੁ ਪਾਈਐ ਭਾਠੀ ਭਵਨੁ, ਪ੍ਰੇਮ ਕਾ ਪੋਚਾ; ਇਤੁ ਰਸਿ, ਅਮਿਉ ਚੁਆਈਐ ਬਾਬਾ  ! ਮਨੁ ਮਤਵਾਰੋ ਨਾਮ ਰਸੁ ਪੀਵੈ ; ਸਹਜ ਰੰਗ ਰਚਿ ਰਹਿਆ ਅਹਿਨਿਸਿ ਬਨੀ ਪ੍ਰੇਮ ਲਿਵ ਲਾਗੀ; ਸਬਦੁ ਅਨਾਹਦ ਗਹਿਆ ਰਹਾਉ ਪੂਰਾ ਸਾਚੁ ਪਿਆਲਾ ਸਹਜੇ; ਤਿਸਹਿ ਪੀਆਏ, ਜਾ ਕਉ ਨਦਰਿ ਕਰੇ ਅੰਮ੍ਰਿਤ ਕਾ ਵਾਪਾਰੀ ਹੋਵੈ; ਕਿਆ ਮਦਿ ਛੂਛੈ ਭਾਉ ਧਰੇ ਗੁਰ ਕੀ ਸਾਖੀ, ਅੰਮ੍ਰਿਤ ਬਾਣੀ; ਪੀਵਤ ਹੀ ਪਰਵਾਣੁ ਭਇਆ ਦਰ ਦਰਸਨ ਕਾ ਪ੍ਰੀਤਮੁ ਹੋਵੈ; ਮੁਕਤਿ ਬੈਕੁੰਠੈ ਕਰੈ ਕਿਆ  ? ਸਿਫਤੀ ਰਤਾ ਸਦ ਬੈਰਾਗੀ; ਜੂਐ ਜਨਮੁ ਹਾਰੈ ਕਹੁ ਨਾਨਕ  ! ਸੁਣਿ ਭਰਥਰਿ ਜੋਗੀ ! ਖੀਵਾ ਅੰਮ੍ਰਿਤ ਧਾਰੈ ’’ (ਮ: ੧/੩੬੦)

 ਗੁਰੂ ਜੀ ਨੇ ਗੋਰਖ, ਚਰਪਟ, ਮਛੰਦਰ ਅਤੇ ਲੋਹਾਰੀਪਾ ਆਦਿ ਸਿੱਧਾਂ ਨਾਲ ਹੋਈ ਵਾਰਤਾਲਾਪ ’ਤੇ ਅਧਾਰਿਤ ‘ਸਿਧ ਗੋਸ਼ਟਿ’ ਵਰਗੀ ਲੰਮੀ ਰਚਨਾ ਲਿਖੀ ਤਾਂ ਜੋ ਸਿੱਖ ਵੀ ਇਸ ਵਿਚਾਰ ਚਰਚ ਦੇ ਹਰ ਪਹਿਲੂ ਨੂੰ ਸਮਝ ਸਕਣ।

ਜੋਗੀ ਨੇ (ਜੋਗ ਦਾ) ਗਿਆਨ-ਮਾਰਗ ਇਉਂ ਦੱਸਿਆ-ਅਸੀਂ ਦੁਨੀਆ ਦੇ ਸੰਸਾਰਕ ਝੰਬੇਲਿਆਂ ਤੋਂ ਵੱਖਰੇ ਜੰਗਲ ਵਿੱਚ ਕਿਸੇ ਰੁੱਖ-ਬਿਰਖ ਹੇਠ ਰਹਿੰਦੇ ਹਾਂ ਤੇ ਗਾਜਰ-ਮੂਲੀ ਉੱਤੇ ਗੁਜ਼ਾਰਾ ਕਰਦੇ ਹਾਂ, ਤੀਰਥਾਂ ’ਤੇ ਇਸ਼ਨਾਨ ਕਰਦੇ ਹਾਂ, ਇਸ ਦਾ ਫਲ਼ ਮਿਲਦਾ ਹੈ ‘ਸੁਖ’ ਤੇ (ਮਨ ਨੂੰ) ਕੋਈ ਮੈਲ਼ (ਭੀ) ਨਹੀਂ ਲੱਗਦੀ। ਗੋਰਖਨਾਥ ਦਾ ਚੇਲਾ ਲੋਹਾਰੀਪਾ ਬੋਲਿਆ ਕਿ ਇਹੀ ਹੈ ਜੋਗ ਦੀ ਜੁਗਤੀ, ਜੋਗ ਦੀ ਵਿਧੀ: ‘‘ਹਾਟੀ ਬਾਟੀ ਰਹਹਿ ਨਿਰਾਲੇ; ਰੂਖਿ ਬਿਰਖਿ ਉਦਿਆਨੇ ਕੰਦ ਮੂਲੁ ਅਹਾਰੋ ਖਾਈਐ; ਅਉਧੂ ਬੋਲੈ ਗਿਆਨੇ ਤੀਰਥਿ ਨਾਈਐ, ਸੁਖੁ ਫਲੁ ਪਾਈਐ; ਮੈਲੁ ਲਾਗੈ ਕਾਈ ਗੋਰਖ ਪੂਤੁ ਲੋਹਾਰੀਪਾ ਬੋਲੈ; ਜੋਗ ਜੁਗਤਿ ਬਿਧਿ ਸਾਈ ’’ (: /੯੩੯) ਗੁਰੂ ਜੀ ਨੇ ਇਸ ਦਾ ਜਵਾਬ ਦਿੱਤਾ ਕਿ ਗ੍ਰਹਿਸਤ ’ਚ ਕੰਮ-ਕਾਰ ਕਰਦਿਆਂ ਹੱਟੀ ਜਾਂ ਰਸਤੇ ’ਚ ਅਵਿੱਦਿਆ ਦੀ ਨੀਂਦ ਨਾ ਆਵੇ, ਪਰਾਏ ਘਰ ਵੱਲ ਨਾ ਤੱਕੇ, ਪਰ ਅਜਿਹਾ ਮਨ ਦਾ ਟਿਕਾਅ ਰੱਬੀ ਯਾਦ ਤੋਂ ਬਿਨਾਂ ਅਸੰਭਵ ਹੈ। ਗੁਰੂ ਨੇ ਜਿਸ ਮਨੁੱਖ ਨੂੰ ਇਹ ਨਾਮ ਵਸਤੂ ਖਰੀਦਣ ਦਾ ਟਿਕਾਣਾ, ਸ਼ਹਿਰ ਤੇ ਘਰ ਵਿਖਾ ਦਿੱਤਾ ਉਹ ਮੁੜ ਦੁਨੀਆ ਦੇ ਕਾਰ-ਹਿਾਰ ਕਰਦਿਆਂ ਵੀ ਨਹੀਂ ਡੋਲਦਾ। ਉਸ ਦੀ ਨੀਂਦ ਤੇ ਖ਼ੁਰਾਕ ਵੀ ਘਟ ਜਾਂਦੀ ਹੈ, ਇਹੀ ਹੈ ਜ਼ਿੰਦਗੀ ਲਈ ਅਸਲ ਵਿਚਾਰ ਜਾਂ ਤੱਤ ਗਿਆਨ : ‘‘ਹਾਟੀ ਬਾਟੀ ਨੀਦ ਆਵੈ; ਪਰ ਘਰਿ ਚਿਤੁ ਡੁੋਲਾਈ ਬਿਨੁ ਨਾਵੈ ਮਨੁ ਟੇਕ ਟਿਕਈ; ਨਾਨਕ  ! ਭੂਖ ਜਾਈ ਹਾਟੁ ਪਟਣੁ ਘਰੁ ਗੁਰੂ ਦਿਖਾਇਆ; ਸਹਜੇ ਸਚੁ ਵਾਪਾਰੋ ਖੰਡਿਤ ਨਿਦ੍ਰਾ ਅਲਪ ਅਹਾਰੰ; ਨਾਨਕ  ! ਤਤੁ ਬੀਚਾਰੋ ’’ (: /੯੩੯)

ਸਿਧਾਂ ਦਾ ਇੱਕ ਸਵਾਲ ਸੀ ਕਿ ਜੇ ਦੁਨੀਆ ਦੇ ਧੰਧਿਆਂ ’ਚ ਭੀ ਅਡੋਲ ਰਹਿ ਕੇ ‘ਨਾਮ’ ਵਿਹਾਝਿਆ ਜਾ ਸਕਦਾ ਹੈ ਤਾਂ ਤੁਸੀਂ ਕਿਸ ਕਾਰਨ ਘਰ ਛੱਡ ਕੇ ਉਦਾਸੀ ਪਹਿਰਾਵਾ ਪਾਇਆ ਹੈ। ਕਿਹੜੀ ਵਸਤੂ ਦੇ ਵਾਪਾਰੀ ਹੋ ਅਤੇ ਆਪਣੇ ਸੰਗੀ ਸਾਥੀਆਂ ਨੂੰ ਪਾਰ ਕਿਵੇਂ ਲੰਘਾਉਂਦੇ ਹੋ: ‘‘ਕਿਸੁ ਕਾਰਣਿ, ਗ੍ਰਿਹੁ ਤਜਿਓ ਉਦਾਸੀ  ? ਕਿਸੁ ਕਾਰਣਿ, ਇਹੁ ਭੇਖੁ ਨਿਵਾਸੀ  ? ਕਿਸੁ ਵਖਰ ਕੇ ਤੁਮ ਵਣਜਾਰੇ  ? ਕਿਉ ਕਰਿ ਸਾਥੁ ਲੰਘਾਵਹੁ ਪਾਰੇ  ?੧੭’’ ਗੁਰੂ ਜੀ ਨੇ ਇਸ ਦਾ ਜਵਾਬ ਇਉਂ ਦਿੱਤਾ: ‘‘ਗੁਰਮੁਖਿ ਖੋਜਤ, ਭਏ ਉਦਾਸੀ ਦਰਸਨ ਕੈ ਤਾਈ, ਭੇਖ ਨਿਵਾਸੀ ਸਾਚ ਵਖਰ ਕੇ ਹਮ ਵਣਜਾਰੇ ਨਾਨਕ  ! ਗੁਰਮੁਖਿ ਉਤਰਸਿ ਪਾਰੇ ੧੮’’ (ਰਾਮਕਲੀ ਗੋਸਟਿ/ਮ: ੧/੯੩੯)

ਚੌਥੀ ਉਦਾਸੀ ਦੌਰਾਨ ਗੁਰੂ ਨਾਨਕ ਸਾਹਿਬ ਜੀ ਪੱਛਮ ਦਿਸ਼ਾ ਵੱਲ ਸਥਿਤ ਇਸਲਾਮ ਦੇ ਕੇਂਦਰੀ ਅਸਥਾਨ ਮੱਕੇ ਨੂੰ ਗਏ। ਮੁਸਲਮਾਨੀ ਵੇਸ ਧਾਰਨ ਕਰਕੇ ਕਰਤਾਰਪੁਰ ਤੋਂ ਸਿੰਧ ਦੇ ਰਸਤੇ ਹੁੰਦੇ ਹੋਏ ਹਾਜੀਆਂ ਨਾਲ ਮੱਕੇ ਪਹੁੰਚੇ, ‘‘ਬਾਬਾ ਫਿਰਿ ਮਕੇ ਗਇਆ; ਨੀਲ ਬਸਤ੍ਰ ਧਾਰੇ ਬਨਵਾਰੀ ਆਸਾ ਹਥਿ ਕਿਤਾਬ ਕਛਿ; ਕੂਜਾ ਬਾਂਗ ਮੁਸਲਾ ਧਾਰੀ ਬੈਠਾ ਜਾਇ ਮਸੀਤ ਵਿਚਿ; ਜਿਥੈ ਹਾਜੀ ਹਜਿ ਗੁਜਾਰੀ ਜਾ ਬਾਬਾ ਸੁਤਾ ਰਾਤਿ ਨੋ; ਵਲਿ ਮਹਰਾਬੇ ਪਾਇ ਪਸਾਰੀ ਜੀਵਣਿ ਮਾਰੀ ਲਤਿ ਦੀ; ਕੇਹੜਾ ਸੁਤਾ ਕੁਫਰ ਕੁਫਾਰੀ ? ਲਤਾ ਵਲਿ ਖੁਦਾਇ ਦੇ; ਕਿਉ ਕਰਿ ਪਇਆ ਹੋਇ ਬਜਿਗਾਰੀ ਟੰਗੋਂ ਪਕੜਿ ਘਸੀਟਿਆ; ਫਿਰਿਆ ਮਕਾ ਕਲਾ ਦਿਖਾਰੀ ਹੋਇ ਹੈਰਾਨੁ; ਕਰੇਨਿ ਜੁਹਾਰੀ ੩੨’’ (ਭਾਈ ਗੁਰਦਾਸ ਜੀ/ਵਾਰ ਪਉੜੀ ੩੨)

ਗੁਰੂ ਜੀ ਵੱਲੋਂ ਰਾਤ ਨੂੰ ਸੁਤਿਆਂ ਮਹਿਰਾਬ ਵੱਲ ਪੈਰ ਹੋ ਗਏ ਅਤੇ ਕਾਜੀਆਂ ਵੱਲੋਂ ਇਸ ਦਾ ਬੁਰਾ ਮਨਾਇਆ ਗਿਆ, ਜਿਸ ਉਪਰੰਤ ਹੋਈ ਵਿਚਾਰ ਚਰਚਾ ਦੌਰਾਨ ਗੁਰੂ ਜੀ ਨੇ ਕਿਹਾ ਕਿ ਜਿਸ ਪਾਸੇ ਅੱਲ੍ਹਾ ਨਹੀਂ ਉਸ ਪਾਸੇ ਮੇਰੇ ਪੈਰ ਕਰ ਦਿਓ। ਜਵਾਬ ਸੁਣ ਕੇ ਕਾਜੀ ਸਮੇਤ ਸਾਰੇ ਹਾਜੀਆਂ ਦੀਆਂ ਅੱਖਾਂ ਖੁੱਲ੍ਹ ਆਈਆਂ ਤੇ ਪੈਰਾਂ ’ਤੇ ਢਹਿ ਪਏ। ਹਾਜੀਆਂ ਅਤੇ ਮੱਕੇ ਦੇ ਮੌਲਵੀਆਂ ਨੇ ਪਛਾਣ ਲਿਆ ਕਿ ਆਪ ਆਮ ਇਨਸਾਨ ਨਹੀਂ। ਉਨ੍ਹਾਂ ਗੁਰੂ ਸਾਹਿਬ ਤੋਂ ਪੁੱਛਿਆ ਕਿ ਹਿੰਦੂ ਧਰਮ ਅਤੇ ਇਸਲਾਮ ਵਿੱਚੋਂ ਕਿਸ ਨੂੰ ਉੱਤਮ ਮੰਨਦੇ ਹੋ ? ਗੁਰੂ ਜੀ ਦੇ ਇਸ ਜਵਾਬ ਨੂੰ ਭਾਈ ਗੁਰਦਾਸ ਜੀ ਇਉਂ ਲਿਖਦੇ ਹਨ : ‘‘ਪੁਛਨਿ ਗਲ ਈਮਾਨ ਦੀ; ਕਾਜੀ ਮੁਲਾਂ ਇਕਠੇ ਹੋਈ ਵਡਾ ਸਾਂਗ ਵਰਤਾਇਆ; ਲਖਿ ਸਕੈ ਕੁਦਰਤਿ ਕੋਈ ਪੁਛਨਿ ਫੋਲਿ ਕਿਤਾਬ ਨੋ; ਹਿੰਦੂ ਵਡਾ ਕਿ ਮੁਸਲਮਾਨੋਈ ? ਬਾਬਾ ਆਖੇ ਹਾਜੀਆ; ਸੁਭਿ ਅਮਲਾ ਬਾਝਹੁ ਦੋਨੋ ਰੋਈ ਹਿੰਦੂ ਮੁਸਲਮਾਨ ਦੁਇ; ਦਰਗਹ ਅੰਦਰਿ ਲਹਨਿ ਢੋਈ ਕਚਾ ਰੰਗੁ ਕਸੁੰਭ ਦਾ; ਪਾਣੀ ਧੋਤੈ, ਥਿਰ ਰਹੋਈ ਕਰਨਿ ਬਖੀਲੀ (ਨਿੰਦਿਆ) ਆਪਿ ਵਿਚਿ; ਰਾਮ ਰਹੀਮ ਇਕ ਥਾਇ ਖਲੋਈ ਰਾਹਿ ਸੈਤਾਨੀ; ਦੁਨੀਆਂ ਗੋਈ (ਭਾਵ ਕੁਰਾਹੇ ਪਈ)੩੩’’ (ਭਾਈ ਗੁਰਦਾਸ ਜੀ/ਵਾਰ ਪਉੜੀ ੩੩)

ਉਦਾਸੀਆਂ ਉਪਰੰਤ ਗੁਰੂ ਸਾਹਿਬ ਦਾ 1521 ਈ. ਵਿੱਚ ਏਮਨਾਬਾਦ (ਸੈਦਪੁਰ) ਜਾਣਾ ਹੋਇਆ। ਆਪ ਸਥਾਪਤ ਜਾਤੀ ਪ੍ਰਬੰਧ ਅਨੁਸਾਰ ਨੀਵੀਂ ਸਮਝੀ ਜਾਂਦੀ ਜਾਤ ਦੇ ਕਿਰਤੀ ਸਿੱਖ ਭਾਈ ਲਾਲੋ ਜੀ ਦੇ ਘਰ ਠਹਿਰੇ। ਲਾਲੋ ਜੀ ਦੀ ਕਿਰਤ ਨੂੰ ਵਡਿਆਉਂਦਿਆਂ ਅਤੇ ਕਿਰਤੀਆਂ ਦਾ ਸ਼ੋਸ਼ਣ ਕਰਨ ਵਾਲੇ ਉੱਚ ਜਾਤ ਦੇ ਮਲਿਕ ਭਾਗੋ ਦੇ ਅਭਿਮਾਨ ਨੂੰ ਝੰਜੋੜਦਿਆਂ ਇਹ ਸ਼ਬਦ ਉਚਾਰਣ ਕੀਤਾ:‘‘ਨੀਚਾ ਅੰਦਰਿ ਨੀਚ ਜਾਤਿ ; ਨੀਚੀ ਹੂ, ਅਤਿ ਨੀਚੁ ਨਾਨਕੁ ਤਿਨ ਕੈ ਸੰਗਿ ਸਾਥਿ; ਵਡਿਆ ਸਿਉ ਕਿਆ ਰੀਸ ਜਿਥੈ, ਨੀਚ ਸਮਾਲੀਅਨਿ; ਤਿਥੈ, ਨਦਰਿ ਤੇਰੀ ਬਖਸੀਸ  !’’ (ਮ: ੧/੧੫)

 ਆਪ ਨੇ ਕਿਰਤ ਨੂੰ ਧਰਮ ਦਾ ਪਵਿੱਤਰ ਮਾਰਗ ਦੱਸਿਆ ਅਤੇ ਦੂਸਰਿਆਂ ਦੀ ਕਿਰਤ ’ਤੇ ਪਲਣ ਵਾਲੇ ਵਿਹਲੜਾਂ ਨੂੰ ਰੱਤ ਪੀਣੇ ਪਾਪੀ ਕਹਿ ਕੇ ਫਿਟਕਾਰਿਆ। ਇਨ੍ਹਾਂ ਦਿਨਾਂ ਵਿੱਚ ਬਾਬਰ ਕਾਬਲ ਤੋਂ ਚੱਲ ਕੇ ਹਿੰਦੋਸਤਾਨ ਦੇ ਪੱਛਮੀ ਹਿੱਸੇ ਵਿੱਚ ਕਾਬਜ਼ ਹੋਣਾ ਸ਼ੁਰੂ ਕਰ ਚੁੱਕਾ ਸੀ। ਲੋਕਾਂ ਨੂੰ ਲੁੱਟਿਆ ਅਤੇ ਕੁੱਟਿਆ ਜਾ ਰਿਹਾ ਸੀ। ਮਾਸੂਮ ਬੱਚਿਆਂ ’ਤੇ ਵੀ ਜ਼ੁਲਮ ਹੋ ਰਿਹਾ ਸੀ। ਇਸਤ੍ਰੀਆਂ ਦੀ ਬੇਪਤੀ ਹੋ ਰਹੀ ਸੀ। ਉਸ ਸਮੇਂ ਦੀ ਰਾਜਨੀਤਕ ਅਤੇ ਸਮਾਜਿਕ ਸਥਿਤੀ ਦੇ ਕਰੂਪ ਚਿਹਰੇ ਅਤੇ ਇਸ ਪ੍ਰਤੀ ਸਥਾਪਿਤ ਧਰਮਾਂ ਦੀ ਨਿਰਾਰਥਿਕ ਉਦਾਸੀਨਤਾ ਅਤੇ ਆਪ੍ਰਸੰਗਿਕਤਾ ਬਾਰੇ ਗੁਰੂ ਨਾਨਕ ਜੀ ਨੇ ਭਾਈ ਲਾਲੋ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਹੇ (ਭਾਈ) ਲਾਲੋ ਜੀ ! ਮੈਨੂੰ ਜਿਹੋ ਜਿਹੀ ਖਸਮ-ਪ੍ਰਭੂ ਵੱਲੋਂ ਪ੍ਰੇਰਨਾ ਮਿਲੀ ਹੈ ਉਸੇ ਅਨੁਸਾਰ ਤੈਨੂੰ ਦੱਸ ਰਿਹਾ ਹਾਂ (ਜੋ ਇਸ ਸ਼ਹਿਰ ਸ਼ੈਦਪੁਰ ’ਚ ਵਾਪਰੀ ਹੈ)। (ਬਾਬਰ) ਕਾਬਲ ਤੋਂ (ਫ਼ੌਜ, ਮਾਨੋ) ਪਾਪ-ਜ਼ੁਲਮ ਦੀ ਜੰਞ ਇਕੱਠੀ ਕਰ ਕੇ ਆ ਚੜ੍ਹਿਆ ਹੈ, ਜੋ ਜ਼ੋਰ-ਧੱਕੇ ਨਾਲ ਹਿੰਦ-ਦੀ-ਹਕੂਮਤ ਰੂਪ ਕੰਨਿਆ ਨੂੰ ਦਾਨ ਵਜੋਂ ਮੰਗ ਰਿਹਾ ਹੈ। (ਸੈਦਪੁਰ ਵਿੱਚੋਂ) ਹਯਾ ਤੇ ਧਰਮ ਦੋਵੇਂ ਅਲੋਪ ਹੋ ਚੁੱਕੇ ਹਨ, ਚਾਰੋਂ ਤਰਫ਼ ਝੂਠ ਹੀ ਝੂਠ ਚੌਧਰੀ ਬਣਿਆ ਫਿਰਦਾ ਹੈ। (ਬਾਬਰ ਦੇ ਸਿਪਾਹੀਆਂ ਵੱਲੋਂ ਸੈਦਪੁਰ ਦੀਆਂ ਇਸਤ੍ਰੀਆਂ ਉੱਤੇ ਇੰਨੇ ਅੱਤਿਆਚਾਰ ਹੋ ਰਹੇ ਹਨ ਕਿ ਮਾਨੋ) ਸ਼ੈਤਾਨ (ਇਸ ਸ਼ਹਿਰ ਵਿੱਚ) ਵਿਆਹ ਪੜ੍ਹਾ ਰਿਹਾ ਹੋਵੇ। ਕਾਜ਼ੀਆਂ ਅਤੇ ਬ੍ਰਾਹਮਣਾਂ ਦੀ (ਸਾਊਆਂ ਵਾਲੀ) ਮਰਯਾਦਾ ਮੁੱਕ ਚੁੱਕੀ ਹੈ। ਮੁਸਲਮਾਨ ਔਰਤਾਂ (ਭੀ ਇਸ ਜ਼ੁਲਮ ਦਾ ਸ਼ਿਕਾਰ ਹੋ ਰਹੀਆਂ ਹਨ ਜੋ) ਇਸ ਬਿਪਤਾ ਵਿੱਚ (ਆਪਣੀ ਧਰਮ-ਪੁਸਤਕ) ਕੁਰਾਨ (ਦੀਆਂ ਆਇਤਾਂ) ਪੜ੍ਹ ਰਹੀਆਂ ਹਨ ਤੇ ਖ਼ੁਦਾ ਅੱਗੇ ਪੁਕਾਰ ਕਰ ਰਹੀਆਂ ਹਨ। ਉੱਚੀਆਂ ਜਾਤਾਂ ਦੀਆਂ, ਨੀਵੀਆਂ ਜਾਤਾਂ ਦੀਆਂ ਅਤੇ ਹੋਰ ਭੀ ਸਭ ਹਿੰਦੂ ਇਸਤ੍ਰੀਆਂ-ਇਹਨਾਂ ਸਾਰੀਆਂ ਉੱਤੇ ਇਹੀ ਅੱਤਿਆਚਾਰ ਹੋ ਰਹੇ ਹਨ। ਹੇ ਨਾਨਕ ! (ਇਸ ਖ਼ੂਨੀ ਵਿਆਹ ਵਿੱਚ ਸੈਦਪੁਰ ਨਗਰ ਦੇ ਅੰਦਰ ਹਰ ਪਾਸੇ) ਵਿਰਲਾਪ ਹੋ ਰਹੇ ਹਨ ਤੇ ਲਹੂ ਦਾ ਕੇਸਰ ਛਿੜਕਿਆ ਜਾ ਰਿਹਾ ਹੈ : ‘‘ਜੈਸੀ ਮੈ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨੁ; ਵੇ ਲਾਲੋ  ! ਪਾਪ ਕੀ ਜੰਞ ਲੈ ਕਾਬਲਹੁ ਧਾਇਆ; ਜੋਰੀ ਮੰਗੈ ਦਾਨੁ, ਵੇ ਲਾਲੋ  ! ਸਰਮੁ ਧਰਮੁ ਦੁਇ ਛਪਿ ਖਲੋਏ; ਕੂੜੁ ਫਿਰੈ ਪਰਧਾਨੁ, ਵੇ ਲਾਲੋ  ! ਕਾਜੀਆ ਬਾਮਣਾ ਕੀ ਗਲ ਥਕੀ; ਅਗਦੁ ਪੜੈ ਸੈਤਾਨੁ, ਵੇ ਲਾਲੋ  ! ਮੁਸਲਮਾਨੀਆ ਪੜਹਿ ਕਤੇਬਾ; ਕਸਟ ਮਹਿ ਕਰਹਿ ਖੁਦਾਇ, ਵੇ ਲਾਲੋ  ! ਜਾਤਿ ਸਨਾਤੀ, ਹੋਰਿ ਹਿਦਵਾਣੀਆ; ਏਹਿ ਭੀ ਲੇਖੈ ਲਾਇ, ਵੇ ਲਾਲੋ  ! ਖੂਨ ਕੇ ਸੋਹਿਲੇ ਗਾਵੀਅਹਿ; ਨਾਨਕ  ! ਰਤੁ ਕਾ ਕੁੰਗੂ ਪਾਇ, ਵੇ ਲਾਲੋ  !’’ (ਮ: ੧/੭੨੩)

ਗੁਰੂ ਜੀ ਅਜੇ ਭਾਈ ਲਾਲੋ ਜੀ ਕੋਲ਼ ਹੀ ਠਹਿਰੇ ਹੋਏ ਸਨ ਜਦ ਬਾਬਰ ਦੀਆਂ ਫ਼ੌਜਾਂ ਨੇ ਏਮਨਾਬਾਦ ਸ਼ਹਿਰ ’ਤੇ ਹਮਲਾ ਕੀਤਾ। ਹਾਕਮਾਂ ਦੇ ਅਣਮਨੁੱਖੀ ਵਤੀਰੇ ਨੂੰ ਗੁਰੂ ਸਾਹਿਬ ਨੇ ਅੱਖੀਂ ਡਿੱਠਾ।  52 ਸਾਲਾਂ ਦੇ ਗੁਰੂ ਨਾਨਕ ਜੀ ਨੇ ਇਸ ਕਹਿਰ ਨੂੰ ਦੇਖ ਕੇ ਚੁਣੌਤੀ ਭਰੀ ਸੁਰ ਵਿੱਚ ਕਿਹਾ – ਖੁਰਾਸਾਨ ਦੇਸ਼ ਦੀ ਸਪੁਰਦਗੀ (ਕਿਸੇ ਹੋਰ ਨੂੰ) ਦੇ ਕੇ (ਬਾਬਰ ਮੁਗ਼ਲ ਨੇ ਹਮਲਾ ਕਰ) ਹਿੰਦੁਸਤਾਨ ਨੂੰ ਆ ਸਹਮ ਪਾਇਆ। (ਜੋ ਲੋਕ ਆਪਣੇ ਫ਼ਰਜ਼ ਭੁਲਾ ਕੇ ਰੰਗ ਰਲੀਆਂ ਮਨਾਉਣ ਵਿੱਚ ਪੈ ਜਾਂਦੇ ਹਨ ਉਨ੍ਹਾਂ ਨੂੰ ਸਜ਼ਾ ਭੁਗਤਣੀ ਹੀ ਪੈਂਦੀ ਹੈ, ਇਸ ਦਾ ਜ਼ਿੰਮਾ) ਕਰਤਾਰ ਆਪਣੇ ਉੱਤੇ ਨਹੀਂ ਲੈਂਦਾ। (ਸੋ ਫ਼ਰਜ਼ ਭੁਲਾ ਚੁੱਕੇ ਪਠਾਣ ਹਾਕਮਾਂ ਨੂੰ ਫ਼ਰਜ਼ ਦਾ ਅਹਿਸਾਸ ਕਰਵਾਉਣ ਲਈ ਕਰਤਾਰ ਨੇ) ਮੁਗ਼ਲ-ਬਾਬਰ ਨੂੰ ਜਮਰਾਜ ਬਣਾ ਕੇ (ਹਿੰਦੁਸਤਾਨ ’ਤੇ) ਚੜ੍ਹਾ ਲਿਆਂਦਾ: ‘‘ਖੁਰਾਸਾਨ ਖਸਮਾਨਾ ਕੀਆ; ਹਿੰਦੁਸਤਾਨੁ ਡਰਾਇਆ ਆਪੈ ਦੋਸੁ ਦੇਈ ਕਰਤਾ; ਜਮੁ ਕਰਿ ਮੁਗਲੁ ਚੜਾਇਆ ’’ (ਮ: ੧/੩੬੦) ਪਰ ਆਪਣੇ ਫ਼ਰਜ਼ਾਂ ਨੂੰ ਚੇਤੇ ਰੱਖਦਿਆਂ ਗ਼ਰੀਬ ਜੰਤਾਂ ’ਤੇ ਅਯਾਸ਼ੀ ਪਠਾਣ ਹਾਕਮਾਂ ਵੱਲੋਂ ਟੈਕਸਾਂ ਦਾ ਬੋਝ ਪਾਉਣ ਅਤੇ ਜੁਲਮ ਕਰਨ ਵਾਲੇ ਰਾਜਿਆਂ ਅਤੇ ਭ੍ਰਿਸ਼ਟ ਹੋ ਚੁੱਕੇ ਉਨ੍ਹਾਂ ਦੇ ਚਾਕਰਾਂ ਨੂੰ ਵੰਗਾਰਦਿਆਂ ਫ਼ੁਰਮਾਇਆ, ‘‘ਰਾਜੇ ਸੀਹ ਮੁਕਦਮ ਕੁਤੇ ਜਾਇ ਜਗਾਇਨਿ੍ ਬੈਠੇ ਸੁਤੇ ਚਾਕਰ ਨਹਦਾ ਪਾਇਨਿ੍ ਘਾਉ ਰਤੁ ਪਿਤੁ ਕੁਤਿਹੋ; ਚਟਿ ਜਾਹੁ ’’ (: /੧੨੮੮)

ਸੋ ਅੰਤ ’ਚ ਗੁਰੂ ਨਾਨਕ ਸਾਹਿਬ ਜੀ ਇਹ ਪਾਵਨ ਤੇ ਅੰਮ੍ਰਿਤਮਈ ਵਚਨ ਵੀ ਵਾਚਣਯੋਗ ਹੈ, ਜਿਸ ਸਦਕਾ ਉਨ੍ਹਾਂ ਅੰਦਰ ਇੰਨਾ ਰੱਬੀ ਵਿਸ਼ਵਾਸ, ਦ੍ਰਿੜ੍ਹ ਇਰਾਦਾ, ਸਮਾਜਕ ਪਿਆਰ, ਸਵੈਮਾਣ, ਨਿਡਰਤਾ, ਨਿਮਰਤਾ, ਤਰਕ ਸੰਗਤ ਦਲੀਲ ਰੱਖਣ ਦੀ ਹਿੰਮਤ ਆਈ, ‘‘ਜਉ ਤਉ; ਪ੍ਰੇਮ ਖੇਲਣ ਕਾ ਚਾਉ ਸਿਰੁ ਧਰਿ ਤਲੀ; ਗਲੀ ਮੇਰੀ ਆਉ ਇਤੁ ਮਾਰਗਿ; ਪੈਰੁ ਧਰੀਜੈ ਸਿਰੁ ਦੀਜੈ; ਕਾਣਿ (ਮੁਥਾਜੀ) ਕੀਜੈ ’’ (: /੧੪੧੨), ਗੁਰੂ ਜੀ ਇੱਕ ਵਿਅਕਤੀ ਨਹੀਂ ਬਲਕਿ ਅਕਾਲ ਪੁਰਖ ਖ਼ੁਦ ਸਨ, ਜਿਨ੍ਹਾਂ ਨੇ ਆਪਣੀ ਸੰਸਾਰਕ ਯਾਤਰਾ ਨਾਲ਼ ਕ੍ਰੋੜਾਂ ਮਨੁੱਖਾਂ ਦੀ ਰੂੜ੍ਹਵਾਦੀ, ਪਰੰਪਰਾਵਾਦੀ, ਕਰਮਕਾਂਡੀ ਸੋਚ ਨੂੰ ਬਦਲਣ ਦਾ ਸਾਹਸ ਜੁਟਾਇਆ। ਅਜਿਹਾ ਪਰਿਵਰਤਨ ਇੱਕ ਮਹਾਨ ਸ਼ਕਤੀ ਅਕਾਲ ਪੁਰਖ ਦਾ ਸੇਵਕ ਬਣ ਕੇ, ਉਸ ਉੱਤੇ ਭਰੋਸਾ ਰੱਖ ਕੇ ਹੀ, ਲਿਆਂਦਾ ਜਾ ਸਕਦਾ ਹੈ ਜਾਂ ਕਹਿ ਦੇਈਏ ਕਿ ਅਕਾਲ ਪੁਰਖ ਆਪ ਕਰਵਾ ਰਿਹਾ ਹੁੰਦਾ ਹੈ।