ਗੁਰੂ ਨਾਨਕ ਸਾਹਿਬ ਦੀ ਆਧੁਨਿਕਤਾ ਨੂੰ ਦੇਣ

0
835

ਗੁਰੂ ਨਾਨਕ ਸਾਹਿਬ ਦੀ ਆਧੁਨਿਕਤਾ ਨੂੰ ਦੇਣ

ਸ. ਗੁਰਤੇਜ ਸਿੰਘ ਸਾਬਕਾ IAS

ਨੋਟ- ਇਸ ਲੇਖ ਨੂੰ ਸਮਝਣ ਲਈ ਕੁਝ ਆਸਾਨ ਸ਼ਬਦ ਪਾਏ ਗਏ ਹਨ ਤਾਂ ਜੋ ਪਾਠਕ ਪੂਰਾ ਲਾਭ ਉਠਾ ਸਕਣ, ਇਹ ਲੇਖ ਹਰ ਗੁਰਸਿੱਖ ਨੂੰ ਸਮਝਣਾ ਬੜਾ ਜ਼ਰੂਰੀ ਹੈ, ਜੀ। (ਗਿਆਨੀ ਅਵਤਾਰ ਸਿੰਘ)

1. ਗੁਰੂ ਨਾਨਕ ਜੀ (1469-1539) ਦਾ ਜੀਵਨ-ਕਾਲ ਕਈ ਪੱਖਾਂ ਤੋਂ ਮੱਧਕਾਲ ਅਤੇ ਆਧੁਨਿਕ ਕਾਲ ਨੂੰ ਨਿਖੇੜਨ ਵਾਲੀ ਇੱਕ ਚਾਨਣ-ਵੰਡਦੀ ਲੀਕ ਦਾ ਪ੍ਰਤੀਕ ਜਾਣਿਆ ਜਾ ਸਕਦਾ ਹੈ। ਅਜੋਕੇ ਸਮਿਆਂ ਦੇ ਮਨੁੱਖੀ ਸਰੋਕਾਰ, ਜਿਨ੍ਹਾਂ ਦੀ ਪਿੱਠ ਉੱਤੇ ਮੌਜੂਦਾ ਸਮਾਜਕ, ਆਰਥਕ ਅਤੇ ਸਿਆਸੀ ਢਾਂਚੇ ਉਸਰੇ ਹੋਏ ਹਨ, ਦੀਆਂ ਜੜ੍ਹਾਂ ਲੱਭਣ ਲਈ ਸਾਨੂੰ ਗੁਰੂ ਨਾਨਕ ਜੀ ਦੇ ਜੀਵਨ-ਕਾਲ ਤੱਕ ਪਹੁੰਚ ਕਰਨ ਦੀ ਲੋੜ ਪੈਂਦੀ ਹੈ। ਮਨੁੱਖ ਦਾ ਬੌਧਿਕ ਵਿਕਾਸ ਆਦਿ ਕਾਲ ਤੋਂ ਨਿਰੰਤਰ ਜਾਰੀ ਰਿਹਾ ਹੈ, ਪਰ ਗੁਰੂ ਜੀ ਤੋਂ ਪਹਿਲਾਂ ਦੀਆਂ ਪ੍ਰਸਥਿਤੀਆਂ ਦੀ ਆਧੁਨਿਕ ਸਮਿਆਂ ਲਈ ਉਸਾਰੂ ਪ੍ਰਸੰਗਕਤਾ ਸਥਾਪਤ ਕਰਨਾ ਬਹੁਤਾ ਲਾਹੇਵੰਦ ਸਾਬਤ ਹੁੰਦਾ ਨਹੀਂ ਜਾਪਦਾ। ਅੱਜ ਦੀ ਮਨੁੱਖਤਾ ਨੂੰ ਟੁੰਬਣ ਵਾਲੇ ਅਤੇ ਆਪਣੇ ਗਰਭ ਵਿੱਚ ਮਨੁੱਖੀ ਵਿਕਾਸ ਦੀ ਚਰਮ-ਸੀਮਾ ਨੂੰ ਪਹੁੰਚਾਉਣ ਵਾਲੇ ਤੱਥਾਂ ਨੂੰ ਪਾਲ਼ ਰਹੇ ਸਰੋਕਾਰਾਂ ਦੀ ਨਿਸ਼ਾਨਦੇਹੀ ਕਰਨ ਲਈ ਸਾਨੂੰ ਗੁਰੂ ਵੱਲ ਹੀ ਪਰਤਣਾ ਪਵੇਗਾ। ਸਮੁੱਚੇ ਮਨੁੱਖੀ ਭਾਈਚਾਰੇ ਦੇ ਪਰਮ-ਸੁੱਖ ਦੀ ਤੀਬਰ ਚਾਹ ਲੈ ਕੇ, ਜੋ ‘‘ਬਲਿਓ ਚਰਾਗੁ ਅੰਧੵਾਰ ਮਹਿ, ਸਭ ਕਲਿ ਉਧਰੀ ਇਕ ਨਾਮ ਧਰਮ ॥’’ (ਮ: ੫, ਪੰਨਾ ੧੩੮੭), ਉਹ ਗੁਰੂ ਨਾਨਕ ਜੀ ਹੀ ਸਨ, ਜਿਨ੍ਹਾਂ ਦੇ ਸਰਬ-ਸਾਂਝੇ ‘ਨਾਮ-ਧਰਮ’ ਨੇ ਮਨੁੱਖਤਾ ਨੂੰ ਹੇਠਾਂ ਤੋਂ ਫੜ ਕੇ ਉੱਚਾ ਚੁੱਕਣ ਦਾ ਰਾਹ ਦਰਸਾਇਆ।
2. ਮਨੁੱਖੀ ਜੀਵਨ ਦੀ ਨੁਹਾਰ, ਪ੍ਰਮਾਤਮਾ ਦੇ ਮਨੁੱਖੀ ਇਤਿਹਾਸ ਨਾਲ ਰਿਸ਼ਤੇ ਦੇ ਰਹੱਸ ਬਾਰੇ ਵਿਚਾਰਾਂ ਦੀ ਘਾਟ ਨਹੀਂ, ਪਰ ਜਾਪਦਾ ਹੈ ਕਿ ਮੁਕੰਮਲ ਰਹੱਸ ਨੂੰ ਗੁਰੂ ਨਾਨਕ ਜੀ ਨੇ ਸਭ ਤੋਂ ਪਹਿਲਾਂ ਜਾਣਿਆ ਅਤੇ ਪ੍ਰਚਾਰਿਆ। ਭਾਈ ਗੁਰਦਾਸ ਜੀ ਦੇ ਬਚਨ ‘‘ਪਹਿਲਾ ਬਾਬੇ ਪਾਯਾ ਬਖਸੁ ਦਰਿ.. ।’’ (ਭਾਈ ਗੁਰਦਾਸ ਜੀ, ਵਾਰ ੧ ਪਉੜੀ ੨੪) ਏਸ ਸਥਿਤੀ ਵੱਲ ਇਸ਼ਾਰਾ ਕਰਦਾ ਹੈ। ਗੁਰੂ ਜੀ ਨੇ ਆਪਣੀ ਬਾਣੀ ਵਿੱਚ ਕਈ ਇਸ਼ਾਰੇ ਏਸ ਹਾਲਤ ਨੂੰ ਸਮਝਾਉਣ ਲਈ ਕੀਤੇ ਹਨ; ਜਿਵੇਂ ਕਿ ‘‘ਹਉ ਆਪਹੁ ਬੋਲਿ ਨ ਜਾਣਦਾ; ਮੈ ਕਹਿਆ ਸਭੁ ਹੁਕਮਾਉ ਜੀਉ ॥’’ (ਮ: ੧, ਪੰਨਾ ੭੬੩) ਏਸ ਬਚਨ ਵਿੱਚ ਉਹ ਨਿਰੋਲ ਪ੍ਰਮਾਤਮਾ ਦੇ ਹੁਕਮਾਂ ਦੀਆਂ ਸੀਮਾਵਾਂ ਅੰਦਰ ਰਹਿਣ ਦੇ ਆਪਣੇ ਨਿਸ਼ਚੇ ਨੂੰ ਵੀ ਦ੍ਰਿੜ੍ਹਾਉਂਦੇ ਹਨ। ਅਤਿਅੰਤ ਸ਼ੁਕਰਾਨੇ ਦੇ ਘਰ ਵਿੱਚ ਨਿਵਾਸ ਕਰਦੇ ਹੋਏ ਗੁਰੂ ਜੀ ਨੇ ਅਤਿ ਦੀ ਹਲੀਮੀ ਨਾਲ ਏਸ ਦਾਤ ਨੂੰ ਸਵੀਕਾਰ ਕੀਤਾ ਜਦੋਂ ਉਨ੍ਹਾਂ ਫ਼ੁਰਮਾਇਆ, ‘‘ਹਉ ਢਾਢੀ ਵੇਕਾਰੁ; ਕਾਰੈ ਲਾਇਆ ॥’’ (ਮ: ੧, ਪੰਨਾ ੧੫੦), ਗੁਰੂ ਨਾਨਕ ਜੀ ਦੀ ਬਾਣੀ ਤੋਂ ਲੈ ਕੇ ਸਾਹਿਬ ਦਸਵੇਂ ਪਾਤਸ਼ਾਹ ਦੇ ਬਹਾਦਰ ਸ਼ਾਹ ਦੇ ਕਾਜ਼ੀ ਨਾਲ ਹੋਏ ਸੰਵਾਦ ਤੱਕ ਇਹ ਉਪਦੇਸ਼ ਨਿਰੰਤਰ ਮਿਲਦੇ ਹਨ ਕਿ ਏਸ ਪਾਵੇ (ਰੁਤਬੇ) ਨੂੰ ਪ੍ਰਾਪਤ ਕਰਨ ਲਈ ਮਨੁੱਖ ਯਤਨ ਤਾਂ ਕਰ ਸਕਦਾ ਹੈ, ਵੱਡੀਆਂ ਕਠਨ ਘਾਲਣਾਵਾਂ ਵੀ ਘਾਲ ਸਕਦਾ ਹੈ ਪ੍ਰੰਤੂ ਇਹ ਯਕੀਨੀ ਨਹੀਂ ਬਣਾ ਸਕਦਾ ਕਿ ਉਨ੍ਹਾਂ ਦਾ ਨਤੀਜਾ ਪ੍ਰਮਾਤਮਾ ਦੇ ਦਰ ਉੱਤੇ ਅਜਿਹੀ ਪ੍ਰਵਾਨਗੀ ਅਤੇ ਬਖ਼ਸ਼ਿਸ਼ ਵਿੱਚ ਹੀ ਨਿਕਲੇਗਾ : ‘‘ਠਾਕੁਰ ਹਾਥਿ ਵਡਾਈਆ; ਜੈ ਭਾਵੈ ਤੈ ਦੇਇ ॥’’ (ਮ: ੧, ਪੰਨਾ ੯੩੫), ਜਿਨ੍ਹਾਂ ਨੇ ਭਾਰੀ ਤਪੱਸਿਆਵਾਂ ਕੀਤੀਆਂ, ਬਾਲਣ ਵਾਂਗ ਆਪਣੇ ਹੱਡ ਬਾਲੇ, ਚਿਲ਼ੇ ਕੱਟੇ ਅਤੇ ਇਹ ਪ੍ਰਾਪਤੀ ਨ ਕਰ ਸਕੇ, ਉਨ੍ਹਾਂ ਵਿੱਚੋਂ ਇੱਕ ਸਨ ਨੀਮ (ਅੱਧ-ਪਚੱਧਾ)-ਨਾਸਤਕ ਸੋਚ ਵਾਲੇ ਮਹਾਤਮਾ ਬੁੱਧ। ਅਨੇਕਾਂ ਕਸ਼ਟਾਂ, ਭੁੱਖਾਂ ਨੇ ਉਨ੍ਹਾਂ ਦੇ ਸਰੀਰ ਨੂੰ ਕੇਵਲ ਨਾਸ਼ ਹੋਣ ਦੇ ਕੰਢੇ ਹੀ ਲਿਆ ਖੜ੍ਹਾ ਕੀਤਾ। ਪ੍ਰਮਾਤਮਾ ਦੇ ਅਨੁਭਵ ਤੋਂ ਸੱਖਣੇ ਮਹਾਤਮਾ ਬੁੱਧ ਜੀ ਵਰਗਿਆਂ ਨੂੰ ਆਖ਼ਰ ਸੋਝੀ ਹੋਈ ਕਿ ਮਨੁੱਖ ਦੀ ਗਤੀ ਨੂੰ ਸਮਝਣ ਲਈ, ਜੀਵਨ ਦੇ ਪਰਮ-ਸੱਤ ਨੂੰ ਜਾਣਨ ਲਈ ਸਾਧਿਆ ਬੌਧਿਕ ਚਿੰਤਨ ਹੀ ਸਭ ਤੋਂ ਵੱਧ ਕਾਰਗਰ ਸਾਬਤ ਹੋ ਸਕਦਾ ਹੈ। ਭਾਈ ਸਾਹਿਬ ਕਹਿੰਦੇ ਜਾਪਦੇ ਹਨ ਕਿ ਗੁਰੂ ਨਾਨਕ ਜੀ ਨੇ ਪਹਿਲਾਂ ਆਪਣੀਆਂ ਮਨੋ-ਬਿਰਤੀਆਂ, ਮਨੋਵੇਗਾਂ ਨੂੰ ਸਾਕਾਰਾਤਮਕ ਲੀਹਾਂ ਉੱਤੇ ਤੋਰ ਕੇ ਆਪਣੇ-ਆਪ ਨੂੰ ਪਰਮ-ਸੱਚ ਨੂੰ ਜਾਣਨ ਦੇ ਵੱਧ ਤੋਂ ਵੱਧ ਕਾਬਲ ਬਣਾਇਆ। ਅੰਤ ਰੱਬੀ ਮਿਹਰ ਸਦਕਾ ਅਜਿਹੇ ਰੁਤਬੇ ਨੂੰ ਹਾਸਲ ਕੀਤਾ। ਗੁਰੂ ਨਾਨਕ ਦੇ ਫ਼ਲਸਫ਼ੇ ਵਿੱਚ ਪ੍ਰਮਾਤਮਾ ਦੇ ਹੁਕਮ ਅਤੇ ਮਿਹਰ ਨੂੰ ਸਾਰਥਕਤਾ ਦਾ ਮੂਲ ਜਾਣਨਾ ਮਨੁੱਖੀ ਕਲਿਆਣ ਦਾ ਅਮਿੱਟ ਧੁਰਾ ਬਣਿਆ। ਏਸ ਸਮੁੱਚੇ ਅਨੁਭਵ ਨੂੰ ਆਪਣੇ-ਆਪ ਵਿੱਚ ਬੌਧਿਕ ਅਤੇ ਪਰਾ-ਬੌਧਿਕ ਦਾ ਸਿਖ਼ਰ ਵੀ ਆਖ ਸਕਦੇ ਹਾਂ। ਏਹੋ ਗੁਰੂ ਨਾਨਕ ਦੀ ਆਧੁਨਿਕਤਾ ਨੂੰ ਪਹਿਲੀ ਦੇਣ ਸੀ। ਏਸ ਪਹਿਲੂ ਦੀ ਅਣਹੋਂਦ ਹੀ ਸ਼ਾਇਦ ਨਾਸਤਿਕਤਾ ਦੀ ਛੂਹ ਪ੍ਰਾਪਤ ਫ਼ਲਸਫ਼ੇ ਦੇ ਆਧਾਰ ਉੱਤੇ ਉਸਰੇ ਸੋਵੀਅਤ ਸਾਮਰਾਜ ਅਤੇ ਸਮਾਜ ਦੇ ਰੇਤ ਦੇ ਮਹਿਲ ਵਾਂਗ ਢਹਿ-ਢੇਰੀ ਹੋ ਜਾਣ ਦਾ ਮੂਲ ਕਾਰਨ ਹੈ।
3. ਪਰਮ-ਸੱਤ ਦੀ ਗਤੀ ਅਤੇ ਉਸ ਦੇ ਹੁਕਮ ਅੰਦਰ ਰਹਿਣ ਦੀਆਂ ਸੀਮਾਵਾਂ ਨੂੰ ਜਾਣਨ ਤੋਂ ਬਾਅਦ ਗੁਰੂ ਨਾਨਕ ਜੀ ਨੇ ਸਾਰੇ ਜੱਗ ਦੀਆਂ ਸਮੱਸਿਆਵਾਂ ਦਾ ਜਾਤੀ ਅਨੁਭਵ ਕਰਨ ਲਈ ਇੱਕ ਵੱਡਾ ਹੰਭਲਾ ਮਾਰਿਆ, ਜਿਸ ਨੂੰ ਭਾਈ ਗੁਰਦਾਸ ਜੀ ਨੇ ‘‘ਪਹਿਲਾ ਬਾਬੇ ਪਾਯਾ ਬਖਸੁ ਦਰਿ’’ ਉਪਰੰਤ ਕਿਹਾ ‘‘ਪਿਛੋ ਦੇ ਫਿਰਿ ਘਾਲਿ ਕਮਾਈ।’’ ਕੀਤੀ ਸ਼ਬਦਾਂ ਵਿੱਚ ਬਿਆਨਿਆ ਹੈ। ਏਸ ਮਹਾਂ ਯੱਗ, ਸੰਸਾਰ-ਮੰਥਨ ਦਾ ਵਿਸਥਾਰ ਨਾਲ ਕੀਤਾ ਯਤਨ ਜਨਮ ਸਾਖੀਆਂ ਵਿੱਚ ਮਿਲਦਾ ਹੈ, ਜਿਸ ਨੂੰ ਨਾ ਸਮਝਣ ਦੀ ਹੈਂਕੜ ਨਾਲ ਜੂਝ ਰਹੇ ਕੁਝ ਪੱਛਮੀ ਵਿਦਵਾਨਾਂ ਨੇ ਏਸ ਵਰਤਾਰੇ ਨੂੰ ‘ਇਤਿਹਾਸ ਦੀ ਜ਼ੱਦ ਤੋਂ ਬਾਹਰ’ (Hagiography) ਦੀ ਸੰਗਿਆ ਦਿੱਤੀ ਹੈ। ਇਨ੍ਹਾਂ ਘਾਲਣਾਵਾਂ ਦਾ ਭਾਈ ਗੁਰਦਾਸ ਦੀਆਂ ਵਾਰਾਂ ਵਿੱਚ ਭਰਪੂਰ ਜ਼ਿਕਰ ਮਿਲਦਾ ਹੈ। ਇਹ ਅਭਿਆਨ ਗੁਰੂ ਨਾਨਕ ਜੀ ਨੂੰ ਸਾਰੇ ਸੰਸਾਰ ਦੇ ਦੌਰੇ ਉੱਤੇ ਲੈ ਗਿਆ : ‘‘ਬਾਬੇ ਡਿਠੀ ਪਿਰਥਮੀ; ਨਵੈ ਖੰਡਿ ਜਿਥੈ ਤਕਿ ਆਹੀ।’’ (ਭਾਈ ਗੁਰਦਾਸ ਜੀ, ਵਾਰ ੧ ਪਉੜੀ ੨੮), ਉਨ੍ਹਾਂ ਤੋਂ ਪਹਿਲਾਂ ਹੋਏ ਸਾਰੇ ਪੈਗ਼ੰਬਰਾਂ, ਅਵਤਾਰਾਂ ਨੇ ਰਲ਼ ਕੇ ਏਨਾਂ ਭ੍ਰਮਣ ਮਨੁੱਖ-ਮਾਤਰ ਦੀਆਂ ਸਮੱਸਿਆਵਾਂ ਜਾਣਨ ਅਤੇ ਉਨ੍ਹਾਂ ਦਾ ਹੱਲ ਸੁਲਝਾਉਣ ਲਈ ਨਹੀਂ ਕੀਤਾ, ਜਿੰਨਾਂ ਗੁਰੂ ਨਾਨਕ ਜੀ ਨੇ ‘‘ਚੜ੍ਹਿਆ ਸੋਧਣਿ ਧਰਤਿ ਲੁਕਾਈ ॥’’ (ਭਾਈ ਗੁਰਦਾਸ ਜੀ, ਵਾਰ ੧ ਪਉੜੀ ੨੪) ਵਚਨਾਂ ਮੁਤਾਬਕ ਕੀਤਾ। ਗੁਰੂ ਜੀ ਨੇ ਇੱਕ ਆਧੁਨਿਕ ਤੱਤ-ਵੇਤਾ ਵਿਗਿਆਨੀ ਅਥਵਾ ਸਮਾਜਕ ਖੋਜੀ ਦੀ ਰੀਤ ਚਲਾਈ। ਸੰਸਾਰ ਦੇ ਵੱਧ ਤੋਂ ਵੱਧ ਜਾਗਦੇ ਮਨੁੱਖਾਂ ਨਾਲ ਸੰਪਰਕ ਕਰ ਕੇ ਉਨ੍ਹਾਂ ਦੀਆਂ ਮੁੱਢਲੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਉਨ੍ਹਾਂ ਦੇ ਹੱਲ ਲਈ ਆਪਣੇ ਸੁਝਾਅ ਪੇਸ਼ ਕੀਤੇ। ਵੱਡੇ-ਵੱਡੇ ਧਰਮ ਦੇ ਠੇਕੇਦਾਰਾਂ ਨਾਲ ਆਪ ਨੇ ਸੈਮੀਨਾਰਾਂ ਦੀ ਤਰਜ਼ ਉੱਤੇ ਗੋਸ਼ਟੀਆਂ ਰਚਾਈਆਂ ਅਤੇ ਲਾਹੇਵੰਦ ਨਿਸ਼ਕਰਸ਼ (ਨਤੀਜੇ) ਕੱਢਣ ਦੇ ਢੰਗ-ਤਰੀਕੇ ਈਜਾਦ (ਪ੍ਰਗਟ) ਕੀਤੇ। ਪੁਰਾਤਨ ਅਵਤਾਰਾਂ, ਪੈਗ਼ੰਬਰਾਂ ਦੀ ਇੱਕ-ਤਰਫ਼ੇ ਪ੍ਰਵਚਨ ਕਰਨ ਦੀ ਰੀਤ ਨੂੰ ਛੱਡ ਕੇ ਸੰਵਾਦ ‘‘ਜਬ ਲਗੁ ਦੁਨੀਆ ਰਹੀਐ; ਨਾਨਕ ! ਕਿਛੁ ਸੁਣੀਐ ਕਿਛੁ ਕਹੀਐ ॥’’ (ਮ: ੧, ਪੰਨਾ ੬੬੧) ਦੇ ਨਵੇਂ ਸਾਧਨ, ਮਿਆਰ ਅਤੇ ਹੱਦਾਂ-ਬੰਨੇ ਸਿਰਜੇ ‘‘ਮਨੁ ਸਚ ਕਸਵਟੀ ਲਾਈਐ; ਤੁਲੀਐ ਪੂਰੈ ਤੋਲਿ ॥’’ (ਮ: ੧, ਪੰਨਾ ੨੨), ਵੱਧ ਤੋਂ ਵੱਧ ਆਮ ਲੋਕਾਂ ਨਾਲ ਸੰਪਰਕ ਕਰ ਕੇ ਨਵੇਂ ਨਿਆਰੇ ਢੰਗ-ਤਰੀਕਿਆਂ ਨਾਲ ਉਹਨਾਂ ਦੇ ਅੰਤਰ-ਮਨਾਂ ਤੱਕ ਪਹੁੰਚ ਕੀਤੀ; ਜਿਵੇਂ ਕਿ ਅੱਜ ਦੀਆਂ ਸੰਚਾਰ ਪੱਧਤੀਆਂ ਕਰ ਰਹੀਆਂ ਹਨ। ਵਾਰਤਾਲਾਪ ਵਿੱਚ ਸੁਣਨ ਦੀ ਪ੍ਰਕਿਰਿਆ, ਕਹਿਣ ਅਤੇ ਮੰਨਣ ਦੇ ਮਹੱਤਵ ਦੀ ਵਿਸਥਾਰ ਨਾਲ ਵਿਆਖਿਆ ਕੀਤੀ। ਦੈਵੀ ਕਾਬਲੀਅਤ ਨਾਲ ਉਹਨਾਂ ਸੰਚਾਰ ਪੱਧਤੀ ਅਤੇ ਸਿੱਖਿਆ ਪ੍ਰਣਾਲੀ ਦੇ ਮੁੱਢਲੇ ਨੇਮਾਂ ਨੂੰ ਲਾਗੂ ਕੀਤਾ। ਇਸ ਦਾ ਵਿਸ਼ਲੇਸ਼ਣ ਕਰੀਏ ਤਾਂ ਜਾਣਾਂਗੇ ਕਿ ਉਹਨਾਂ ਦੇ ਭ੍ਰਮਣ ਨੇ ਹੈਰਾਨੀਜਨਕ ਹੱਦ ਤੱਕ ਅਚੇਤ ਮਨੁੱਖੀ-ਮਨਾਂ ਨੂੰ ਟੁੰਬਿਆ: ‘‘ਜਿਥੇ ਬਾਬਾ ਪੈਰ ਧਰਿ, ਪੂਜਾ ਆਸਣੁ ਥਾਪਣਿ ਸੋਆ।’’ (ਭਾਈ ਗੁਰਦਾਸ ਜੀ, ਵਾਰ ੧ ਪਉੜੀ ੨੭)
4. ਏਸੇ ਨਵੀਂ ਵਿਕਸਤ ਕੀਤੀ ਸੋਚ-ਪੱਧਤੀ ਦਾ ਇੱਕ ਅਹਿਮ ਅੰਗ ਸੀ ‘ਲੋਕਾਂ ਦੀ ਆਪਣੀ ਬੋਲੀ ਨੂੰ ਫ਼ਲਸਫ਼ੇ, ਕੋਮਲ-ਕਲਾਵਾਂ, ਇਤਿਹਾਸ, ਸਾਹਿਤ, ਪ੍ਰਬੰਧਕੀ ਮਸਲਿਆਂ, ਤਕਨੀਕੀ ਬਾਰੀਕੀਆਂ ਆਦਿ ਨੂੰ ਬਿਆਨ ਕਰਨ ਦਾ ਇੱਕ ਵਧੀਆ ਜ਼ਰੀਆ ਬਣਾਉਣਾ’। ਇਸ ਮਕਸਦ ਲਈ ਗੁਰੂ ਜੀ ਨੇ ਸਭ ਤੋਂ ਪੁਰਾਤਨ ਬੋਲੀ ਪੰਜਾਬੀ ਦੀ ਪਹਿਲਾਂ ਲਿਪੀ ਬਣਾਈ। ਲਿਪੀ ਵੀ ਐਸੀ ਕਿ ਹਰ ਕਿਸਮ ਦੀ ਆਵਾਜ਼ ਨੂੰ ਲਿਖਤ ਵਿੱਚ ਢਾਲਣ ਦੇ ਸਮਰੱਥ ਹੋਵੇ। ਉਹਨਾਂ ਆਪਣੇ ਗੂੜੇ ‘‘ਸੁਣਿ ਮੁੰਧੇ ਹਰਣਾਖੀਏ ! ਗੂੜਾ ਵੈਣੁ ਅਪਾਰੁ ॥’’ (ਮ: ੧, ਪੰਨਾ ੧੪੧੦) ਭਾਵ ‘ਗੂੜਾ ਵੈਣੁ (ਬਚਨ) ਅਪਾਰੁ’ ਵੀ ਏਸੇ ਬੋਲੀ ਵਿੱਚ ਏਹੋ ਲਿਪੀ ਵਰਤ ਕੇ ਲਿਖਿਆ। ਲਿਖਣ-ਪ੍ਰਬੰਧ ਇਸ ਪ੍ਰਕਾਰ ਦਾ ਕੀਤਾ ਕਿ ਨਾ ਉਸ ਵਿੱਚ ਅੱਖਰ, ਲਗ, ਮਾਤ੍ਰਾ ਦਾ ਵਾਧਾ ਕੀਤਾ ਜਾ ਸਕੇ, ਨਾ ਘਾਟਾ। ਨਿਸ਼ਚੇ ਹੀ ਉਹਨਾਂ ਦੇ ਸਾਹਮਣੇ ਅਨੇਕਾਂ ਨਜ਼ੀਰਾਂ (ਮਿਸਾਲਾਂ) ਸਨ, ਜੋ ਦੱਸਦੀਆਂ ਸਨ ਕਿ ਲਿਖਤਾਂ ਦਾ ਮੁਹਾਂਦਰਾ ਵਿਗਾੜਨ ਵਿੱਚ ਆਖੇਪਕਾਰਾਂ (ਮੂਲ ਸਿਧਾਂਤ ਨੂੰ ਵਿਗਾੜਨ ਦੇ ਮਾਹਰਾਂ) ਨੇ ਵੱਡੀਆਂ ਮੱਲਾਂ ਮਾਰੀਆਂ ਸਨ। ਮਹਾਤਮਾ ਬੁੱਧ ਦਾ ਇੱਕ ਵੀ ਪ੍ਰਵਚਨ ਉਸੇ ਰੂਪ ਵਿੱਚ ਨਹੀਂ ਮਿਲਦਾ, ਜਿਸ ਰੂਪ ਵਿੱਚ ਉਹਨਾਂ ਕਦੇ ਉਚਾਰਿਆ ਹੋਵੇਗਾ। ਪੈਗ਼ੰਬਰਾਂ ਦੇ ਕਹੇ ਲਫ਼ਜ਼ ਦੀਵਾ ਲੈ ਕੇ ਭਾਲ਼ਿਆਂ ਵੀ ਅੰਜੀਲ ਵਿੱਚ ਨਹੀਂ ਲੱਭਦੇ। ਕੇਵਲ 18 ਸਲੋਕਾਂ ਤੋਂ ਵਧ ਕੇ ਸ੍ਰੀ ਮਦ ਭਗਵਤ ਗੀਤਾ 18 ਅਧਿਆਇ ਬਣ ਚੁੱਕੀ ਹੈ। ਅਸੀਂ ਜਾਣਦੇ ਹਾਂ ਕਿ ਕਬੀਰ ਬੀਜਕ (ਗ੍ਰੰਥ) ਵਿੱਚ ਅਸਾਧਾਰਣ ਵਾਧਾ ਹੋਇਆ ਹੈ, ਜਿਸ ਨੇ ਏਸ ਨੂੰ ਭੀਮਕਾਯ ਗ੍ਰੰਥ ਬਣਾ ਦਿੱਤਾ ਹੈ। ਨਾ ਜਾਣੇ ਕਿੰਨੇ ਮਹਾਂ-ਪੁਰਖਾਂ ਦੇ ਮਨੁੱਖਤਾ ਨੂੰ ਸੇਧ ਦੇਣ ਲਈ ਉਚਾਰੇ ਕੀਮਤੀ ਬੋਲ ਆਖੇਪਕਾਰਾਂ ਦੇ ਢਹੇ ਚੜ੍ਹ ਕੇ ਘੱਟੇ ਵਿੱਚ ਰੁਲ਼ ਗਏ ਹੋਣਗੇ। ਇਹ ਕਹਿਣਾ ਵੀ ਸੰਭਵ ਨਹੀਂ ਕਿ ਕਿੰਨੇ ਹੀਰੇ, ਰਤਨ ਆਖੇਪਕਾਰਾਂ ਨੇ ਕੌਡੀਆਂ ਵਿੱਚ ਜੜ੍ਹ ਦਿੱਤੇ ਹੋਣਗੇ। ਗੁਰੂ ਨਾਨਕ ਮਹਾਂ-ਪਰੋਪਕਾਰੀ ਨੇ ਆਪਣੇ ਜਗਤ-ਕਲਿਆਣਕਾਰੀ ਬੋਲਾਂ ਨੂੰ ਸਾਂਭਣ ਦਾ ਅਜਿਹਾ ਨਿੱਗਰ ਉਪਰਾਲਾ ਕੀਤਾ ਕਿ ਅੱਜ ਵੀ ਉਹ ਸਾਨੂੰ ਉਸੇ ਰੂਪ ਵਿੱਚ ਓਹੋ ਨਿਰਮਲ ਆਭਾ ਪ੍ਰਸਾਰਦੇ (ਵੰਡਦੇ) ਨਜ਼ਰ ਆ ਰਹੇ ਹਨ। ਉਹਨਾਂ ਦਾ ਪੰਜਾਬੀ ਬੋਲੀ ਨੂੰ ਅਦੁੱਤੀ ਬਲ ਬਖ਼ਸ਼ਣ ਦਾ ਕਾਰਨਾਮਾ ਇੰਨਾ ਮਹਾਨ ਹੈ ਕਿ ਉਹਨਾਂ ਨੂੰ ਹਰ ਆਉਣ ਵਾਲੇ ਯੁੱਗ ਦੇ ਹਾਣ ਦਾ ਸਥਾਪਤ ਕਰਨ ਲਈ ਕਾਫ਼ੀ ਹੈ।
5. ਗੁਰੂ ਨੇ ਇੱਕ ਬੇਹੱਦ ਸਾਧੇ ਹੋਏ ਮਨ ਵਾਲੇ ਓਸ ਵਿਗਿਆਨੀ ਵਾਂਗ, ਜਿਹੜਾ ਆਪਣੇ ਪ੍ਰਬਲ ਮਨੋ-ਵੇਗਾਂ ਉੱਤੇ ਕਾਬੂ ਪਾ ਕੇ, ਖੰਡਿਤ ਬਿਰਤੀਆਂ ਨੂੰ ਇਕਾਗਰ ਕਰ ਕੇ ਆਪਣੀ ਸਾਧਨਾ ਦੇ ਕੇਂਦਰ ਉੱਤੇ ਆਪਣਾ ਧਿਆਨ ਟਿਕਾਅ ਕੇ ‘ਜੋ ਵੇਖੀਦਾ ਸੋ ਆਖੀਦਾ’ ਹੈ, ਦੇ ਪ੍ਰਮਾਣ ਅਨੁਸਾਰ ਅਕਾਲ ਪੁਰਖ ਦੇ ਗੁਣਾਂ ਦਾ ਨਿਰੂਪਣ ਕੀਤਾ। ਏਸ ਵਿਰਾਟ ਵਿਧੀ ਰਾਹੀਂ ਉਹਨਾਂ ਨੇ ਅਕਾਲ ਪੁਰਖ ਨੂੰ ‘ਆਦਿ ਤੋਂ ਸਥਾਪਿਤ, ਜੁਗਾਂ ਦੇ ਗੇੜਾਂ ਵਿੱਚ ਅਟੱਲ, ਹੁਣ ਭੀ ਸੱਚ ਅਤੇ ਸਦ-ਰਹਿਣਾ’ ਮਨਮੋਹਣਾ ਸੱਤ-ਸਰੂਪ ਪ੍ਰਗਟ ਕੀਤਾ। ਆਪਣੀਆਂ ਮਹੱਤਵਾਕਾਂਖਿਆਵਾਂ (ਨਿਜੀ ਇਛਾਵਾਂ) ਲਈ ਸੂਈ ਦੇ ਨੱਕੇ ਜਿੰਨੀ ਵੀ ਥਾਂ ਨਾ ਰੱਖੀ। ਇਹ ਐਸਾ ਕਾਰਨਾਮਾ ਹੈ, ਜੋ ਵੱਡੇ-ਵੱਡੇ ਵਲੀ, ਅਵਤਾਰ, ਪੈਗ਼ੰਬਰ ਵੀ ਨਾ ਕਰ ਸਕੇ; ਨਾ ਹੀ ਪਰਬਤਾਂ ਦੀਆਂ ਟੀਸੀਆਂ ਦੇ ਹਾਣ ਦੇ ਵਿਗਿਆਨੀ। ਆਪਣੇ ਵਿਚਾਰਾਂ ਦੀ ਮਹੱਤਤਾ ਸਥਾਪਤ ਕਰਨ ਲਈ ਕਈਆਂ ਨੇ ਪ੍ਰਮਾਤਮਾ ਤੋਂ ਬੇਕਾਬੂ ਬੁਰਿਆਈ ਦੇ ਸੰਕਲਪ ਨੂੰ ਸਿਰਜਿਆ। ਨਾਸਤਕ ਬੁੱਧ ਧਰਮ ਨੂੰ ਵੀ ‘ਮਾੜੇ’ ਦੇ ਸੰਕਲਪ ਦੀ ਲੋੜ ਭਾਸੀ। ਵਿਗਿਆਨੀਆਂ ਵੱਲ ਆਈਏ ਤਾਂ ਇਸ ਪ੍ਰਵਿਰਤੀ ਨੂੰ ਹੋਰ ਬਲਵਾਨ ਹੁੰਦਾ ਵੇਖਾਂਗੇ। ਇੱਕ ਪ੍ਰਮੁੱਖ ਵਿਗਿਆਨੀ ਨੇ ਆਪਣੇ ਵੱਡੇ ਸਹਿਯੋਗੀ ਨੂੰ ਪੱਤਰ ਲਿਖਿਆ ਕਿ ਮਨੁੱਖ ਤਾਂ ਅਜੇ ਵੀ ਆਪਣੇ ਦਿਮਾਗ਼ ਦਾ ਛੋਟਾ ਜਿਹਾ ਹਿੱਸਾ ਵਰਤ ਰਿਹਾ ਹੈ; ਅਸੀਂ ਬਾਂਦਰਾਂ (ਦੇ ਦਿਮਾਗ਼) ਤੋਂ ਵਿਕਾਸ ਕਰ ਕੇ ਏਥੇ ਪਹੁੰਚਣ ਨੂੰ ਏਸ ਤੱਥ ਤੋਂ ਨਿਖੇੜ ਕੇ ਕਿਵੇਂ ਠੁੰਮ੍ਹਣਾ (ਸਹਾਰਾ) ਦੇ ਸਕਦੇ ਹਾਂ ? ਓਸ ਨੂੰ ਚੁੱਪ ਰਹਿਣ ਦੀ ਹਿਦਾਇਤ ਕਰਦਿਆਂ ਸੰਖੇਪ ਜਵਾਬ ਦਿੱਤਾ ਗਿਆ, ‘ਆਪਣੇ ਬੱਚੇ ਨੂੰ ਆਪੇ ਨਾ ਮਾਰੋ।’ ਗੁਰੂ ਨਾਨਕ ਪਾਤਸ਼ਾਹ ਨੇ ਐਸਾ ਕੋਈ ਹਰਬਾ (ਸਾਜ਼ਸ਼) ਨਾ ਵਰਤਿਆ ਅਤੇ ਹਰ ਕਿਸਮ ਦੀ ਸੰਗ, ਭਰਮ, ਦੁਬਿਧਾ ਦਾ ਤਿਆਗ ਕਰ ਕੇ ਹਰ ਹਾਲ; ਨਿਰੋਲ ਸੱਚ ਦਾ ਪੱਲਾ ਫੜੀ ਰੱਖਿਆ। ਇਹ ਏਨੀ ਵੱਡੀ ਗੱਲ ਹੈ ਕਿ ਚੋਟੀ ਦੇ ਸੰਸਾਰੀ ਮਨੁੱਖਾਂ ਨੂੰ ਇਸ ਪੱਧਰ ਤੱਕ ਪੁੱਜਣ ਲਈ ਅਜੇ ਸਦੀਆਂ ਲੱਗ ਜਾਣਗੀਆਂ। ‘ਏਸ ਪ੍ਰਸਤਾਵ ਵਿੱਚ ਮੇਰੇ ਲਈ ਕੀ ਹੈ ?’ ਉੱਤੇ ਨਿਰੰਤਰ ਕਾਂ-ਅੱਖ ਰੱਖਣ ਵਾਲੇ ਲੋਕ; ਗੁਰੂ ਨਾਨਕ ਜੀ ਨੂੰ ਕਿਵੇਂ ਸਮਝਣਗੇ ?
6. ਮਾੜੇ, ਸੇਟਨ (Satan-devil), ਸ਼ੈਤਾਨ ਦੇ ਸੰਕਲਪ ਨੂੰ ਗੁਰੂ ਜੀ ਨੇ ਸਿਧਾਂਤਹੀਣ ਅਤੇ ਆਪੇ ਪਛਾਣੇ ਸੱਚ ਦੇ ਵਿਪਰੀਤ ਪਾਇਆ। ਅਜਿਹੇ ਸੰਕਲਪ ਨੂੰ ਤਿਆਗਣ ਲਈ ਉਹ ਇੱਕ ਪਲ਼ ਵੀ ਨਾ ਝਿਜਕੇ ਹਾਲਾਂਕਿ ਏਸ ਦਾ ਸਹਾਰਾ ਲੈ ਕੇ ਅਨੇਕਾਂ ਮਹਾਂਪੁਰਖਾਂ (ਜਾਂ ਉਹਨਾਂ ਦੇ ਚੇਲਿਆਂ) ਨੇ ਆਪਣੀਆਂ ਝੋਲੀਆਂ ‘ਫੋਕੇ ਯਸ਼’ ਨਾਲ ਭਰੀਆਂ। ਭਾਈ ਗੁਰਦਾਸ ਜੀ ਨੇ ਏਸ ਸਥਿਤੀ ਦੀ ਵਿਆਖਿਆ ਕਰਦਿਆਂ ਕਿਹਾ ਹੈ, ‘‘ਹਉਮੈ ਅੰਦਰਿ ਸਭਿ ਕੋ; ਡੁਬੇ ਗੁਰੂ ਸਣੇ ਬਹੁ ਚੇਲੇ।’’ (ਭਾਈ ਗੁਰਦਾਸ ਜੀ, ਵਾਰ ੧ ਪਉੜੀ ੨੬), ਇਹ ਅੱਖਰ ਲਿਖਦਿਆਂ ਉਹਨਾਂ ਦੀ ਨਜ਼ਰ ‘ਜਤੀ, ਸਤੀ, ਸਾਧਿਕ, ਸਿਧ, ਨਾਥ, ਦੇਵੀਆਂ, ਦੇਵ, ਰਿਖੀਸਰ, ਭੈਰਉ, ਖੇਤਰਪਾਲ, ਗਣ, ਗੰਧਰਬ, ਅਪਸਰਾ, ਕਿਨਰ, ਰਾਖਸ਼’ ਅਤੇ ਕਈ ਕੌਮਾਂ ਦੇ ‘ਪੀਰ ਪੈਗ਼ੰਬਰ’ ਆਦਿ ਸਭ ਸਨ। ਆਪਣੇ ਮਹੱਤਵ ਨੂੰ ਸਥਾਪਤ ਕਰਨ ਤੋਂ ਗੁਰੇਜ਼ ਕਰ ਕੇ ਨਿਰੋਲ ਸੱਚ ਦੇ ਲੜ ਲੱਗੇ ਰਹਿਣਾ ਕੇਵਲ ਗੁਰੂ ਨਾਨਕ ਜੀ ਦੇ ਹਿੱਸੇ ਹੀ ਆਇਆ ਹੈ। ਤਾਂ ਹੀ ਤਾਂ ਕਥਾ ਚੱਲੀ ਸੀ ਪ੍ਰਮਾਤਮਾ ਨੂੰ ਰਿਝਾਅ ਕੇ ਇੱਕ ਪਾਈਆ ਗਰੀਬੀ (ਹਲੀਮੀ) ਦਾ ਦਾਨ ਮੰਗਣ ਵਾਲੇ ਸਾਧਕ ਦੀ। ਅਕਾਲ ਪੁਰਖ ਦਾ ਜਵਾਬ ਸੀ, ‘ਇਹ ਨਹੀਂ ਹੋ ਸਕਦਾ; ਮੇਰੇ ਘਰ ਇਹ ਵਸਤ ਹੈ ਨਹੀਂ। ਕੁੱਲ ਗਰੀਬੀ ਇੱਕ ਸੇਰ ਸੀ; ਓਸ ਵਿੱਚੋਂ ਇਕੱਲਾ ਨਾਨਕ ਤਿੰਨ ਪਾ ਲੈ ਗਿਆ; ਅੱਧਾ ਪਾਈਆ ਸਾਰੇ ਸੰਸਾਰ ਵਿੱਚ ਵੰਡੀ ਹੋਈ ਹੈ। ਬਾਕੀ ਕੇਵਲ ਅੱਧਾ ਪਾ ਹੀ ਹੈ।’
7. ਆਪਣੇ ਚੇਲੇ ਮੁੰਨਣ ਦੀ ਥਾਂਵੇਂ, ਆਪਣੇ ਵਾੜੇ ਵਿੱਚ ਭੇਡਾਂ ਇਕੱਠੀਆਂ ਕਰਨ ਦੀ ਬਜਾਏ ਜਗਤ-ਗੁਰੂ ਨਾਨਕ ਜੀ ਨੇ ਹਰ ਧਰਮ ਦੇ ਮਨੁੱਖ ਦੇ ਜੀਵਨ-ਮੁਕਤ ਹੋ ਕੇ, ਪ੍ਰਮਾਤਮਾ ਰੂਪ ਧਾਰ ਕੇ ਸੰਸਾਰ ਵਿੱਚ ਆਜ਼ਾਦੀ ਨਾਲ ਵਿਚਰਨ ਦਾ ਗਾਡੀ ਰਾਹ ਸਦਾ ਲਈ ਸਥਾਪਤ ਕੀਤਾ। ਮਰਨ ਤੋਂ ਬਾਅਦ ਮੁਕਤੀ ਦੇ ਭਰਮ ਨੂੰ ਤਿਆਗਿਆ, ਨਰਕ-ਸਵਰਗ ਦੇ ਲਾਰੇ ਤਿਆਗੇ ਅਤੇ ਪ੍ਰਮਾਤਮਾ ਦੇ ਗੁਣਾਂ ਨੂੰ ਸਹਿਜੇ-ਸਹਿਜੇ ਗ੍ਰਹਿਣ ਕਰਦਿਆਂ ਅਕਾਲ-ਰੂਪ ਹੋ ਸੰਸਾਰ ਉੱਤੇ ਜਿਊਣ ਦੀ ਜਾਚ ਦੱਸੀ। ਮੁਕਤੀ, ਨਿਰਵਾਣ ਜਾਂ ਪ੍ਰਮਾਤਮਾ ਦੀ ਪ੍ਰਾਪਤੀ, ਜੋ ਆਮ ਸਾਧਕਾਂ ਦੇ ਜੀਵਨ ਦਾ ਇੱਕੋ-ਇੱਕ ਨਿਸ਼ਾਨਾ ਹੈ, ਗੁਰੂ ਨਾਨਕ ਜੀ, ਜਿਨ੍ਹਾਂ ਨੇ ‘‘ਪਹਿਲਾ ਬਾਬੇ ਪਾਯਾ ਬਖਸੁ ਦਰਿ.. ।’’ (ਭਾਈ ਗੁਰਦਾਸ ਜੀ, ਵਾਰ ੧ ਪਉੜੀ ੨੪), ਪ੍ਰਾਪਤ ਕੀਤਾ ਹੋਇਆ ਸੀ, ਉਨ੍ਹਾਂ ਨੂੰ ਗੁਰੂ ਮੰਨਣ ਵਾਲਿਆਂ ਲਈ ਇਹ ਅਧਿਆਤਮਕ ਜੀਵਨ ਦਾ ਪਹਿਲਾ ਕਦਮ ਹੈ। ਓਸ ਤੋਂ ਬਾਅਦ ਦਾ ਜੀਵਨ ਪ੍ਰਮਾਤਮਾ-ਰੂਪ ਹੋ ਕੇ ਸੰਸਾਰ ਦੇ ਭਲੇ ਹਿਤ, ਆਪਣੇ ਆਲੇ-ਦੁਆਲੇ ਨੂੰ ਸੰਭਾਲ਼ਦੇ-ਸੁਆਰਦੇ, ਆਪਣੀ ਘਾਲ-ਕਮਾਈ ਉੱਤੇ ਨਿਰਭਰ ਹੁੰਦਿਆਂ ਆਪਣੇ ਤੋਂ ਕਮਜ਼ੋਰਾਂ ਦੀ ਮਦਦ ਕਰਦੇ ਹੋਏ ‘‘ਘਾਲਿ ਖਾਇ, ਕਿਛੁ ਹਥਹੁ ਦੇਇ ॥’’ (ਮ: ੧, ਪੰਨਾ ੧੨੪੫), ਗ੍ਰਹਿਸਥੀ ਜੀਵਨ ਜਿਊਣ ਦਾ ਹੀ ਗੁਰੂ ਦਾ ਉਪਦੇਸ਼ ਹੈ। ਆਧੁਨਿਕ ਸਮਿਆਂ ਵਿੱਚ ਹਰ ਉੱਤਮ ਨਿਸ਼ਠਾਵਾਨ (ਸ਼ਰਧਾਵਾਨ) ਮਨੁੱਖ, ਹਰ ਸੰਸਥਾ ਅਤੇ ਹਰ ‘ਵੈਲਫ਼ੇਅਰ’ ਰਾਜ ਆਪਣਾ ਏਹੋ ਨਿਸ਼ਾਨਾ ਜਾਣਦਾ ਹੈ। ਗੁਰੂ ਨਾਨਕ ਤੋਂ ਪਹਿਲਾਂ ਕਿਸੇ ਸਰਕਾਰ ਦਾ ਇਹ ਨਿਸ਼ਾਨਾ ਨਹੀਂ ਸੀ। ‘‘ਰਾਜੇ ਸੀਹ ਮੁਕਦਮ ਕੁਤੇ ॥’’ (ਮ: ੧, ਪੰਨਾ ੧੨੮੮) ਦੀ ਪ੍ਰਵਿਰਤੀ ਪ੍ਰਧਾਨ ਸੀ। ਏਥੋਂ ਤੱਕ ਕਿ ਕਈ ਧਾਰਮਕ ਸੰਸਥਾਵਾਂ ਵੀ ਸਰਕਾਰ ਦੀ ਤਰਜ਼ ਉੱਤੇ ਲੋਕਾਂ ਦਾ ਸ਼ੋਸ਼ਣ ਕਰਦੀਆਂ ਰਹੀਆਂ ਸਨ। ਇਹ ਉਹਨਾਂ ਦੀਆਂ ਧਾਰਮਕ ਭਾਵਨਾਵਾਂ ਤੱਕ ਨੂੰ ਅਧਿਆਤਮਕ ਅਤੇ ਸਮਾਜਕ ਗ਼ੁਲਾਮੀ ਵਿੱਚ ਜਕੜਨ ਵੱਲ ਵਧਦੀਆਂ ਸਨ। ਯੂਰਪ ਵਿੱਚ ਰੋਮਨ ਕੈਥੋਲਿਕ ਚਰਚ ਤਕਰੀਬਨ ਰਾਜਿਆਂ ਜਿੰਨੀਆਂ ਜ਼ਮੀਨਾਂ ਉੱਤੇ ਕਾਬਜ਼ ਸੀ ਅਤੇ ਉਸ ਦੇ ਮੁਜਾਰਿਆਂ ਦੀ ਹਾਲਤ ਸਰਕਾਰੀ ਮੁਜਾਰਿਆਂ ਨਾਲੋਂ ਬਦਤਰ (ਬਹੁਤ ਮਾੜੀ) ਸੀ। ਚਰਚ ਗ਼ੁਲਾਮ ਵੀ ਰੱਖਦਾ ਸੀ। ਹੋਰ ਨੇੜੇ ਆਈਏ ਤਾਂ ਅਮਰੀਕਨ ਸੰਵਿਧਾਨ ਵਿੱਚ ਅਜ਼ਾਦੀ ਦੇ ਸੋਹਲੇ ਗਾਉਣ ਵਾਲਾ ਅਮਰੀਕਾ ਦਾ ਪਹਿਲਾ ਸਦਰ ਜੌਰਜ ਵਸ਼ਿੰਗਟਨ ਵੀ ਆਪਣੇ ਖੇਤਾਂ ਵਿੱਚ ਗ਼ੁਲਾਮਾਂ ਦੀ ਮਦਦ ਨਾਲ ਖੇਤੀ ਕਰਦਾ ਸੀ। ਫ਼ਰਾਂਸ ਦੀ ਕ੍ਰਾਂਤੀ ਨਾਲ ਸਬੰਧਤ ਮਨੁੱਖੀ ਅਧਿਕਾਰਾਂ (Rights of Man) ਦਾ ਦਸਤਾਵੇਜ਼ ਵੀ ਗੁਰੂ ਨਾਨਕ ਜੀ ਤੋਂ ਢਾਈ ਸੌ ਸਾਲ ਬਾਅਦ ’ਚ ਲਿਖਿਆ ਗਿਆ।
8. ਗੁਰੂ ਨਾਨਕ ਜੀ ਦੇ ਸਮੇਂ ਔਰਤ ਦਾ ਅਤਿ ਨੀਵਾਂ ਸਮਾਜਕ ਰੁਤਬਾ ਅਤੇ ਹੋ ਰਹੀ ਦੁਰਦਸ਼ਾ ਇਤਿਹਾਸ ਤੋਂ ਗੁੱਝੀ ਨਹੀਂ ਸੀ। ਜਗਤ-ਜਣਨੀ ਦੀ ਦੁਰਦਸ਼ਾ ਬਿਆਨ ਕਰਦੇ ਹਜ਼ਾਰਾਂ ਕਿੱਸੇ, ਵਰਣਨ, ਕਹਾਣੀਆਂ ਅਤੇ ਕਵਿਤਾਵਾਂ; ਹਰ ਬੋਲੀ ਵਿੱਚ ਮਿਲਦੇ ਹਨ। ਇੱਕ ਹੈ ਜੋ ਚੰਦ ਲਫ਼ਜ਼ਾਂ ਵਿੱਚ ਸੰਸਾਰ ਦੇ ਇਤਿਹਾਸ ਦੇ ਸਭ ਤੋਂ ਹੌਲਨਾਕ ਦਰਦ ਨੂੰ ਬਿਆਨ ਕਰਦਾ ਹੈ : ‘ਅਬਲਾ ! ਹਾਏ ! ਤੇਰੀ ਯਹੀ ਕਹਾਨੀ, ਆਂਚਲ ਮੇਂ ਦੂਧ ਔਰ ਆਂਖੋਂ ਮੇਂ ਪਾਨੀ।’ ਜੇ ਇਸ ਪ੍ਰਸਥਿਤੀ (ਹਾਲਾਤ) ਦੇ ਮੁੱਢ ਵੱਲ ਜਾਈਏ ਤਾਂ ਜਾਣਾਂਗੇ ਕਿ ਸੱਭਿਅਕ ਸਮਾਜ ਦਾ ਨਿਰਮਾਣ ਕਰਨ ਵਾਲੇ ਸਾਰੇ ਰਿਸ਼ੀਆਂ, ਮੁਨੀਆਂ, ਅਵਤਾਰਾਂ, ਪੈਗ਼ੰਬਰਾਂ ਨੇ ਅੰਤਮ ਸੱਚ ਨੂੰ ਪੁਰਸ਼ ਰੂਪ ਵਿੱਚ ਹੀ ਵੇਖਿਆ ਅਤੇ ਪ੍ਰਚਾਰਿਆ। ਮਰਦ ਪ੍ਰਧਾਨ ਸਮਾਜ ਦੀ ਨੀਂਹ ਏਸੇ ਭ੍ਰਾਂਤੀ ਉੱਤੇ ਰੱਖੀ ਗਈ ਸੀ। ‘ਨਾਸਤਕ ਧਰਮਾਂ’ ਨੇ ਵੀ ਏਸ ਸਥਿਤੀ ਨੂੰ ਅਪਣਾਅ ਲਿਆ। ਮਹਾਂ ਪਰਿਨਿਰਵਾਣ (ਵਰਖਾ) ਦੇ ਸਮੇਂ ਘਾਹ ਦੇ ਬਿਸਤਰ ਉੱਤੇ ਲੇਟਿਆਂ ਨੂੰ ਪ੍ਰਮੁੱਖ ਚੇਲੇ ਆਨੰਦ ਨੇ ਬੇਨਤੀ ਕੀਤੀ, ‘ਮਹਾਂ ਮੁਨੀ, ਔਰਤ ਨੂੰ ਸੰਘ ਵਿੱਚ ਸ਼ਾਮਲ ਕਰਨ ਦੀ ਇਜਾਜ਼ਤ ਦਿਉ।’ ਸ਼ਾਕਯ ਸਿੰਘ ਇੱਕ ਪਲ ਚੁੱਪ ਰਹੇ; ਸਮੇਂ ਦੇ ਅੱਥਰੇ ਘੋੜੇ ਨੂੰ ਸਰਪਟ ਦੌੜਦਿਆਂ ਜਾਣ ਕੇ ਬੋਲੇ, ‘ਇਜਾਜ਼ਤ ਹੈ ਆਨੰਦ ! ਪਰ ਜਿਸ ਧਰਮ ਨੇ ਹਜ਼ਾਰ ਸਾਲ ਰਹਿਣਾ ਸੀ, ਹੁਣ ਮਸਾਂ ਪੰਜ ਸੌ ਸਾਲ ਹੀ ਕੱਟੇਗਾ।’ ਅੱਜ ਦਾ ਸੰਸਾਰ ਔਰਤ-ਮਰਦ ਬਰਾਬਰੀ ਪ੍ਰਵਾਨ ਕਰਨ ਵੱਲ ਵਧ ਰਿਹਾ ਹੈ। ਕਿਤੇ ਨਾ ਕਿਤੇ, ਏਸ ਨਵੇਂ ਵਿਚਾਰ ਦੀ ਜੜ੍ਹ ਵਿੱਚ ਗੁਰੂ ਨਾਨਕ ਜੀ ਦੇ ਉਹ ਮਹਾਂਵਾਕ ਹਨ, ਜਿਨ੍ਹਾਂ ਨੂੰ ਉਹਨਾਂ ਨੇ ਸੱਚ ਦੇ ਜਲੌਅ (ਸ਼ਾਨ) ਵਿੱਚ ਖੜ੍ਹ ਕੇ ਉਚਾਰਿਆ ਸੀ : ‘‘ਸੁੰਨ ਮੰਡਲ ਇਕੁ ਜੋਗੀ ਬੈਸੇ ॥ ਨਾਰਿ ਨ ਪੁਰਖੁ; ਕਹਹੁ ਕੋਊ ਕੈਸੇ ?॥’’ (ਮ: ੧, ਪੰਨਾ ੬੮੫) ਮਾਰੂ ਰਾਗ ਵਿੱਚ ਆਪ ਨੇ ਫ਼ੁਰਮਾਇਆ ਸੀ : ‘‘ਆਪੇ ਪੁਰਖੁ; ਆਪੇ ਹੀ ਨਾਰੀ ॥’’ (ਮ: ੧, ਪੰਨਾ ੧੦੨੦), ਇਹਨਾਂ ਲੀਹਾਂ ਉੱਤੇ ਚੱਲਦਿਆਂ ਉਹਨਾਂ ਵੱਲੋਂ ਸਦਾ ‘‘ਤੂ ਮੇਰਾ ਪਿਤਾ; ਤੂ ਹੈ ਮੇਰਾ ਮਾਤਾ ॥’’ (ਮ: ੫, ਪੰਨਾ ੧੧੪੪) ਪ੍ਰਚਾਰਿਆ ਗਿਆ। ਗੁਰੂ ਨਾਨਕ ਨੇ ਪ੍ਰਮਾਤਮਾ ਨੂੰ ਲਿੰਗ-ਭੇਦ ਤੋਂ ਉਤਾਂਹ ਹੋ ਕੇ ਵੇਖਿਆ ਸੀ ਅਤੇ ਮਰਦ-ਪ੍ਰਧਾਨ ਸਮਾਜ ਦੀ ਰੱਤਾ ਕਾਣ (ਅਹਿਸਾਨ) ਨਾ ਰੱਖਦਿਆਂ ਉਵੇਂ ਹੀ ਪ੍ਰਗਟ ਕੀਤਾ। ਦੂਸਰਿਆਂ ਦੀਆਂ ਮਜਬੂਰੀਆਂ ਦੂਸਰੇ ਜਾਣਨ !
9. ਜਿਸ ਤਰ੍ਹਾਂ ਦਾ ਸਰਬ-ਸਾਂਝਾ ਮਨੁੱਖੀ ਸਮਾਜ ਗੁਰੂ ਜੀ ਸਿਰਜਣਾ ਲੋਚਦੇ ਸਨ, ਉਹ ਕੇਵਲ ਗਿਆਨ ਦੀ ਪੱਕੀ-ਪੀਢੀ ਨੀਂਹ ਉੱਤੇ ਹੀ ਉਸਾਰਿਆ ਜਾ ਸਕਦਾ ਸੀ। ਅਜੇ ਸੰਸਾਰ ਓਸ ਸੰਕਲਪ ਤੋਂ ਕੋਹਾਂ ਦੂਰ ਹੈ ਪਰ ਫੇਰ ਵੀ ਗਿਆਨ ਅੱਜ ਦੇ ਸੰਸਾਰ ਦਾ ਧੁਰਾ ਹੈ ਅਤੇ ਏਸ ਦਾ ਰਚੈਤਾ ਵੀ। ਅੱਜ ਅਗਿਆਨਤਾ ਏਨਾ ਵੱਡਾ ਕਲੰਕ ਹੈ, ਜਿੰਨਾ ਵੱਡਾ ਇਹ ਪਹਿਲਾਂ ਕਦੇ ਵੀ ਨਹੀਂ ਸੀ। ਗੁਰੂ ਜੀ ਨੇ ਏਸ ਮਰਮ (ਰਾਜ਼) ਨੂੰ ਸਦੀਆਂ ਪਹਿਲਾਂ ਭਾਂਪ ਲਿਆ ਸੀ ‘‘ਸਤਿਗੁਰੁ ਹੈ ਗਿਆਨੁ; ਸਤਿਗੁਰੁ ਹੈ ਪੂਜਾ ॥’’ (ਮ: ੪, ਪੰਨਾ ੧੦੬੯), ਗੁਰੂ ਗ੍ਰੰਥ ਸਾਹਿਬ ਵਿੱਚ ਦੋ ਵਾਰ ਆਏ ਇੱਕ ਸ਼ਬਦ ਵਿੱਚ ਆਪ ਆਖਦੇ ਹਨ ਕਿ ਮਨਾਂ ਦੇ ਅੰਨ੍ਹੇ ਲੋਕ ਅੰਨ੍ਹੇ ਖੂਹ ਵਾਂਗ ਖ਼ਤਰਨਾਕ ਹੁੰਦੇ ਹਨ। ਉਹਨਾਂ ਦੀ ਸਮਝ ਪੁੱਠੇ ਕਮਲ ਵਾਂਗ ਸੱਖਣੀ ਰਹਿੰਦੀ ਹੈ। ਉਹ ਨਾ ਸ਼ਬਦਾਂ ਦਾ ਭੇਦ ਜਾਣਨ, ਨਾ ਉੱਤਮ ਰੀਤਾਂ ਪਛਾਣਨ। ਉਹ ਨਿਰੇ ਕਰੂਪ ਦਿੱਸ ਆਉਂਦੇ ਹਨ। ਨਾ ਉਹ ਨਾਦ ਦੀ ਸੁੱਧ ਰੱਖਦੇ ਹਨ, ਨਾ ਬੌਧਿਕ ਪ੍ਰਵਿਰਤੀ, ਨਾ ਰਸਾਂ ਦੀ ਵਾਕਫ਼ੀਅਤ। ਪਸ਼ੂ ਪ੍ਰਵਿਰਤੀਆਂ ਨੂੰ ਪਾਲ਼ਦੇ ਇਹ ਲੋਕ ਅਸਲ ਖੋਤੇ ਹਨ, ਜੋ ਗੁਣਹੀਣਤਾ ਉੱਤੇ ਗਰਬ ਕਰਦੇ ਹਨ, ‘‘ਮਨਹੁ ਜਿ ਅੰਧੇ ਕੂਪ; ਕਹਿਆ ਬਿਰਦੁ ਨ ਜਾਣਨ੍ੀ ॥ ਮਨਿ ਅੰਧੈ ਊਂਧੈ ਕਵਲਿ; ਦਿਸਨਿ੍ ਖਰੇ ਕਰੂਪ ॥ ਇਕਿ ਕਹਿ ਜਾਣਹਿ, ਕਹਿਆ ਬੁਝਹਿ; ਤੇ ਨਰ ਸੁਘੜ ਸਰੂਪ ॥ ਇਕਨਾ ਨਾਦ ਨ ਬੇਦ ਨ ਗੀਅ ਰਸੁ; ਰਸ ਕਸ ਨ ਜਾਣੰਤਿ ॥ ਇਕਨਾ ਸੁਧਿ ਨ ਬੁਧਿ ਨ ਅਕਲਿ ਸਰ; ਅਖਰ ਕਾ ਭੇਉ ਨ ਲਹੰਤਿ ॥ ਨਾਨਕ ! ਸੇ ਨਰ ਅਸਲਿ ਖਰ; ਜਿ ਬਿਨੁ ਗੁਣ, ਗਰਬੁ ਕਰੰਤਿ ॥’’ (ਮ: ੧, ਪੰਨਾ ੧੨੪੬)
10. ਆਪ ਨੇ ਅੰਧਵਿਸ਼ਵਾਸ, ਮਾਨਸਿਕ ਡਰ, ਭੈ, ਭਰਮ, ਬੇਲੋੜੀ ਸ਼ਰਧਾ ਦੀ ਜਕੜ ਅਤੇ ਨਰਕ-ਸਵਰਗ ਦੇ ਛਲਾਵਿਆਂ ਆਦਿ ਨੂੰ ਆਪਣੇ ਮਤ ਦੇ ਅਨੁਯਾਈ ਬਣਾਉਣ ਲਈ ਨਹੀਂ ਵਰਤਿਆ ਹਾਲਾਂਕਿ ਓਦੋਂ ਇਹ ਬੜਾ ਸੌਖਾ ਤਰੀਕਾ ਸੀ। ਅਨੇਕਾਂ ਫ਼ਰੇਬੀ ਸੰਤਾਂ, ਡੇਰੇਦਾਰਾਂ, ਬਹਿਰੂਪੀਆਂ, ਪਾਖੰਡੀਆਂ ਦੇ ਚੇਲਿਆਂ ਦੀ ਭਰਮਾਰ ਦੱਸਦੀ ਹੈ ਕਿ ਇਹ ਹਰਬੇ (ਚਾਲਾਂ) ਅੱਜ ਵੀ ਓਨੇਂ ਹੀ ਕਾਰਗਰ ਹਨ। ਮੁਕਾਬਲੇ ਵਿੱਚ ਆਪ ਦਾ ਪ੍ਰਚਾਰ ਹੈ, ‘‘ਅਕਲੀ ਸਾਹਿਬੁ ਸੇਵੀਐ; ਅਕਲੀ ਪਾਈਐ ਮਾਨੁ ॥ ਅਕਲੀ ਪੜਿ੍ ਕੈ ਬੁਝੀਐ; ਅਕਲੀ ਕੀਚੈ ਦਾਨੁ ॥ ਨਾਨਕੁ ਆਖੈ ਰਾਹੁ ਏਹੁ; ਹੋਰਿ ਗਲਾਂ ਸੈਤਾਨੁ ॥’’ (ਮ: ੧, ਪੰਨਾ ੧੨੪੫)
11. ਅਜਿਹੇ ਮੱਤ ਵੀ ਹਨ ਜੋ ਨਿਰੋਲ ਕਰਾਮਾਤਾਂ ਉੱਤੇ ਆਧਾਰਿਤ ਹਨ। ਧਰਮ ਪੁਸਤਕਾਂ ਵਿੱਚ ਲਿਖੇ ਅਜਿਹੇ ਬਿਆਨ ਵੀ ਹਨ ਕਿ ਫ਼ਲਾਨੀਆਂ-ਫ਼ਲਾਨੀਆਂ ਕਰਾਮਾਤਾਂ ਨਹੀਂ ਵਾਪਰੀਆਂ ਤਾਂ ਸਾਡਾ ਯਕੀਨ, ਇਮਾਨ ਵਿਅਰਥ ਹੈ। ਜਦੋਂ ਨਾਨਕ ਜੀ ਨੇ ਜੋਗੀਆਂ ਸਾਹਮਣੇ ਆਪਣੇ ਜਗਤ ਉਧਾਰ ਦਾ ਮਨਸੂਬਾ ਰੱਖਿਆ ਤਾਂ ਜੋਗੀਆਂ ਨੇ ਏਸ ਨੂੰ ਮੋਮ ਦੇ ਦੰਦਾਂ ਨਾਲ ਲੋਹਾ ਖਾਣ ਤੁਲ ਜਾਣ ਕੇ ਪੁੱਛਿਆ ਕਿ ਕਿਹੜੀ ਕਰਾਮਾਤ ਹੈ ਤੇਰੇ ਕੋਲ ਜਿਸ ਰਾਹੀਂ ਏਸ ਮਨਸੂਬੇ ਨੂੰ ਹਕੀਕਤ ਵਿੱਚ ਤਬਦੀਲ ਕਰੇਂਗਾ ? ਆਪ ਦਾ ਜੁਆਬ ਸੀ, ‘ਸਾਧ ਸੰਗਤ ਅਤੇ ਸੱਚੇ ਨਾਮ ਬਿਨਾਂ ਮੇਰੇ ਕੋਲ ਕੋਈ ਕਰਾਮਾਤ ਨਹੀਂ।’ ਇਹਨਾਂ ਲਫ਼ਜ਼ਾਂ ਨਾਲ ਉਹਨਾਂ ਨੇ ‘ਨਿਆਂ ਆਧਾਰਤ ਲੋਕ-ਰਾਜ’ ਨੂੰ ਪਰਿਵਰਤਨ ਦਾ ਵੱਡਾ ਜ਼ਰੀਆ ਸੰਸਾਰ ਦੇ ਤਖ਼ਤੇ ਉੱਤੇ ਪਹਿਲੀ ਵਾਰ ਪ੍ਰਗਟ ਕੀਤਾ, ਜਿਸ ਤੋਂ ਬਿਨਾਂ ਅੱਜ-ਕੱਲ੍ਹ ਰਾਜ-ਪ੍ਰਬੰਧ ਦਾ ਤਸੱਵਰ (ਖ਼ਿਆਲ) ਕਰਨਾ ਵੀ ਅਸੰਭਵ ਹੈ। ਗਿਆਨਵਾਨ ਲੋਕ ਹੀ ਲੋਕਤੰਤਰ ਦਾ ਆਧਾਰ ਹੋ ਸਕਦੇ ਹਨ। ਗਿਆਨ ਨੂੰ ਆਪ ਨੇ ਸਦੀਵੀ ਪਵਿੱਤਰਤਾ ਦਾ ਸੋਮਾ ਦੱਸਿਆ : ‘‘ਗਿਆਨਿ ਮਹਾ ਰਸਿ ਨਾਈਐ ਭਾਈ ! ਮਨੁ ਤਨੁ ਨਿਰਮਲੁ ਹੋਇ ॥’’ (ਮ: ੧, ਪੰਨਾ ੬੩੭)
12. ਉਪਰੋਕਤ ਅੰਧਵਿਸ਼ਵਾਸ ਦਾ ਇੱਕ ਪਹਿਲੂ ਲੋਕਾਂ ਨੂੰ ਇਹ ਆਖ ਕੇ ਵਰਗਲਾਉਂਦਾ ਹੈ ਕਿ ‘ਤੁਹਾਨੂੰ ਕਿਸੇ ਹੋਰ ਤਰੱਦਦ (ਯਤਨ) ਦੀ ਲੋੜ ਨਹੀਂ; ਤੁਸੀਂ ਸਿਰਫ਼ ਫ਼ਲਾਨੇ ਪੈਗ਼ੰਬਰ ਵਿੱਚ ਯਕੀਨ ਹੋਣ ਸਦਕਾ ਹੀ ਸਵਰਗ ਵਿੱਚ ਪਹੁੰਚ ਜਾਓਗੇ।’ ਇਹ ਵਹਿਮ ਅਨੇਕਾਂ ਸਾਮੀ ਅਤੇ ਹਿੰਦੀ ਧਰਮਾਂ ਵਿੱਚ ਪ੍ਰਚੱਲਤ ਹੈ। ਗੁਰੂ ਨਾਨਕ ਨੇ ਏਸ ਪਹੁੰਚ ਨੂੰ ਮੁੱਢੋਂ ਹੀ ਰੱਦ ਕੀਤਾ। ਮੱਕੇ ਵਿੱਚ ਹਾਜੀਆਂ ਨੇ ਪੁੱਛਿਆ ਕਿ ਹਿੰਦੂ ਮੱਤ ਚੰਗਾ ਹੈ ਜਾਂ ਮੁਸਲਮਾਨ ਮੱਤ ? ਗੁਰੂ ਦਾ ਜੁਆਬ ਸੀ ‘ਸ਼ੁਭ ਅਮਲਾਂ ਦਾ ਮੱਤ ਸਭ ਤੋਂ ਸ੍ਰੇਸ਼ਠ ਹੈ’ ‘‘ਗਲੀ ਭਿਸਤਿ ਨ ਜਾਈਐ; ਛੁਟੈ ਸਚੁ ਕਮਾਇ ॥’’ (ਮ: ੧, ਪੰਨਾ ੧੪੧), ਇਹ ਸੋਚ ਅਤੇ ਪਹੁੰਚ ਏਨੀਂ ਸਾਰਥਕ ਹੈ ਕਿ ਅਜੇ ਉਹ ਜ਼ਮਾਨਾ ਨਹੀਂ ਆਇਆ ਜੋ ਏਸ ਨੂੰ ਅਪਣਾਅ ਕੇ ਆਪਣੇ-ਆਪ ਨੂੰ ਆਧੁਨਿਕਤਾ ਦੇ ਹਾਣ ਦਾ ਪ੍ਰਮਾਣਿਤ ਕਰ ਸਕੇ।
13. ਗੁਰੂ ਨਾਨਕ ਜੀ ਦੇ ਉਪਦੇਸ਼ ਦਾ ਅੰਤਮ ਫਲ਼ ਹੈ ‘ਕੁਲ-ਨਾਸ਼, ਧਰਮ-ਨਾਸ਼, ਕਰਮ-ਨਾਸ਼, ਭਰਮ-ਨਾਸ਼ ਖ਼ਾਲਸਾ’ ਜਿਸ ਨੇ ਗੁਰੂ ਪਾਸ ਪ੍ਰਾਪਤ ਅੰਮ੍ਰਿਤ ਨੂੰ ਲੱਭ ਲਿਆ ਅਤੇ ਮਨੁੱਖਾ ਜੀਵਨ ਦਾ ਅਧਿਆਤਮਕ ਟੀਚਾ ਸਰ ਕੀਤਾ, ‘‘ਜਿਸੁ ਜਲ ਨਿਧਿ ਕਾਰਣਿ, ਤੁਮ ਜਗਿ ਆਏ; ਸੋ ਅੰਮ੍ਰਿਤੁ ਗੁਰ ਪਾਹੀ ਜੀਉ ॥ ਛੋਡਹੁ ਵੇਸੁ, ਭੇਖ, ਚਤੁਰਾਈ; ਦੁਬਿਧਾ, ਇਹੁ ਫਲੁ ਨਾਹੀ ਜੀਉ ॥’’ (ਮ: ੧, ਪੰਨਾ ੫੯੮), ਇਹ ਨਵਾਂ ਮਨੁੱਖ ਏਨਾਂ ਸਬਲ ਹੋ ਨਿੱਬੜਿਆ ਕਿ ਏਸ ਨੇ ਅੱਠ ਨੌ ਸਦੀਆਂ ਦੀ ਗ਼ੁਲਾਮੀ ਨੂੰ ਸੱਪ ਦੀ ਕੁੰਜ ਵਾਂਗ ਲਾਹ ਕੇ ਵਗਾਹ ਮਾਰਿਆ। ਇਉਂ ਏਸ ਨੇ ਮੋਮ ਦੇ ਦੰਦਾਂ ਨਾਲ ਲੋਹਾ ਚੱਬਿਆ। ਏਸ ਨੇ ਮੁਕਤੀ ਪ੍ਰਾਪਤ ਕਰ ਕੇ ਲੋਕ-ਸੇਵਾ ਨੂੰ ਆਪਣਾ ਆਦਰਸ਼ ਬਣਾਇਆ ਅਤੇ ਏਸ ਨੂੰ ਅਧਿਆਤਮਕ ਤਰੱਕੀ ਜਾਣਿਆ। ਗੁਰੂ ਨਾਨਕ ਜੀ ਨੇ ਦੱਸਿਆ ਕਿ ਹਰ ਸਮਾਜ ਅਜਿਹੇ ਮਨੁੱਖ ਸੰਗਠਿਤ ਕਰ ਕੇ ਸਦੀਵੀ ਸੁਖ-ਚੈਨ ਦਾ ਰਾਹ ਉਲੀਕ ਸਕਦਾ ਹੈ। ਤਾਂ ਹੀ ਆਪ ‘ਜਗਤ ਗੁਰੂ’ ਅਖਵਾਏ ‘‘ਜਗਤੁ ਗੁਰੂ; ਗੁਰੁ ਨਾਨਕ ਦੇਉ ॥’’ (ਭਾਈ ਗੁਰਦਾਸ ਜੀ, ਵਾਰ ੨੪ ਪਉੜੀ ੨)
14. ਮਨੁੱਖਤਾ ਨੂੰ ਏਥੇ ਪਹੁੰਚਾਉਣ ਲਈ ਗੁਰੂ ਨੇ ਇੱਕ ਪ੍ਰੌੜ੍ਹ (ਸੁਲਝੇ ਹੋਏ/ਪੱਕੇ) ਮਨੋਵਿਗਿਆਨੀ ਵਾਂਗ ਕੰਮ ਕੀਤਾ। ਸਭ ਤੋਂ ਪਹਿਲਾਂ ਆਪ ਨੇ ਕੇਵਲ ਪ੍ਰਮਾਤਮਾ ਨੂੰ ‘ਸੱਚਾ ਪਾਤਸ਼ਾਹ’ ਜਾਣਿਆ ‘‘ਸਚੇ ਕੀ ਸਿਰਕਾਰ; ਜੁਗੁ ਜੁਗੁ ਜਾਣੀਐ ॥’’ (ਮ: ੧, ਪੰਨਾ ੧੪੨), ਉਹਨਾਂ ਪ੍ਰੇਰਨਾ ਦਿੱਤੀ ਕਿ ‘‘ਪਹਿਲਾ ਮਰਣੁ ਕਬੂਲਿ; ਜੀਵਣ ਕੀ ਛਡਿ ਆਸ ॥’’ (ਮ: ੫, ਪੰਨਾ ੧੧੦੨) ਭਾਵ ‘‘ਸਿਰੁ ਧਰਿ ਤਲੀ; ਗਲੀ ਮੇਰੀ ਆਉ ॥’’ (ਮ: ੧, ਪੰਨਾ ੧੪੧੨) ਅਤੇ ਏਸ ਪ੍ਰਕਿਰਿਆ (ਯੁਕਤੀ) ਨੂੰ ਹੀ ਪ੍ਰਮਾਤਮਾ ਨਾਲ ਪਿਆਰ ਕਰਨ ਦੀ ਚਰਮ-ਸੀਮਾ (ਅੰਤਮ ਉਪਾਅ) ਦੱਸਿਆ: ‘‘ਜਉ ਤਉ; ਪ੍ਰੇਮ ਖੇਲਣ ਕਾ ਚਾਉ ॥’’ (ਮ: ੧, ਪੰਨਾ ੧੪੧੨), ਨਿਰਭਉ ਵਿੱਚ ਸਮਾ ਕੇ ਪਹਿਲਾਂ ਮੌਤ ਕਬੂਲ ਕਰ ਚੁੱਕੇ ਮਨੁੱਖ ਨੂੰ ਗੁਰੂ ਉਪਦੇਸ਼ ਨੇ ਏਨਾਂ ਸਬਲ ਬਣਾ ਦਿੱਤਾ ਕਿ ਉਹ ‘ਸੂਰਮਾ’ ਬਣ ਕੇ ‘‘ਹਉ ਗੋਸਾਈ ਦਾ ਪਹਿਲਵਾਨੜਾ ॥’’ (ਮ: ੫, ਪੰਨਾ ੭੪) ਬਣ ਕੇ ਨਿਡਰ ਹੋ ਗਿਆ ‘‘ਮੂਏ ਕਉ; ਕਹੁ, ਮਾਰੇ ਕਉਨੁ ?॥ ਨਿਡਰੇ ਕਉ ਕੈਸਾ ਡਰੁ ਕਵਨੁ ?॥’’ (ਮ: ੧, ਪੰਨਾ ੨੨੧) ਅਤੇ ਨਿਹੱਥੇ, ਨਿਮਾਣੇ, ਨਪੀੜੇ (ਬੰਧੀ), ਲਿਤਾੜੇ ਲੋਕਾਂ ਦੇ ਪ੍ਰਮਾਤਮਾ ਵੱਲੋਂ ਬਖ਼ਸ਼ੇ ਹੱਕਾਂ ਨੂੰ ਮਹਿਫ਼ੂਜ਼ (ਸੁਰੱਖਿਅਤ) ਰੱਖਣ ਲਈ ਨਿਰੰਤਰ ਜੂਝਿਆ। ਕਬੀਰ ਜੀ ਦੇ ਸੁਪਨੇ ਨੂੰ ਓਨ੍ਹਾਂ ਨੇ ਸੱਚ ਕਰ ਵਿਖਾਇਆ : ‘‘ਸੂਰਾ ਸੋ ਪਹਿਚਾਨੀਐ; ਜੁ ਲਰੈ ਦੀਨ ਕੇ ਹੇਤ ॥ ਪੁਰਜਾ ਪੁਰਜਾ ਕਟਿ ਮਰੈ; ਕਬਹੂ ਨ ਛਾਡੈ ਖੇਤੁ ॥’’ (ਭਗਤ ਕਬੀਰ ਜੀ, ਪੰਨਾ ੧੧੦੫), ਮੈਦਾਨੇ ਜੰਗ ਦੇ ਜੋ ਨੇਮ ਓਨ੍ਹਾਂ ਨੇ ਆਪਣੇ-ਆਪ ਲਈ ਸਿਰਜੇ, ਉਹ ਸਾਰੇ ਸੰਸਾਰ ਦੇ ਜੰਗੀ ਨੇਮਾਂ ਤੋਂ ਵਿਲੱਖਣ ਸਨ। ਉਹ ਮਾਨਵ-ਪ੍ਰੇਮ, ਇਸਤਰੀ-ਸਤਿਕਾਰ, ਭਰਾਤਰੀ-ਭਾਵ ਅਤੇ ਸਾਊਪੁਣੇ ਨਾਲ ਏਨੇਂ ਓਤ-ਪੋਤ ਹਨ ਕਿ ਸਿਪਾਹੀ ਨੂੰ ਇੱਕ ਪਰਮ-ਸਾਧਕ ਨਾਲੋਂ ਨਿਖੇੜਨਾ ਅਸੰਭਵ ਹੋ ਜਾਂਦਾ ਹੈ। ਸੰਤ-ਸਿਪਾਹੀ ਦਾ ਇਹ ਸੰਕਲਪ ਮਨੁੱਖੀ ਬਿਹਤਰੀ ਦਾ ਜਾਮਨ ਬਣਾ ਕੇ, ਮਨੁੱਖੀ ਅਧਿਆਤਮਕ ਵਿਕਾਸ ਦੀ ਚਰਮ-ਸੀਮਾ ਦੇ ਆਦਰਸ਼ ਵਜੋਂ ਘੜ ਕੇ ਗੁਰੂ ਨੇ ਮਾਨਵਤਾ ਨੂੰ ਤੋਹਫ਼ੇ ਦੇ ਤੌਰ ਉੱਤੇ ਪਰੋਸਿਆ। ਐਸਾ ਪੁਖ਼ਤਾ ਪ੍ਰਬੰਧ ਦਇਆ-ਨਿਧਾਨ ਨੇ ਕੀਤਾ ਕਿ ਜਦੋਂ ਵੀ ਮਨੁੱਖਤਾ ਏਸ ਨੂੰ ਅਪਣਾਅ ਲਵੇਗੀ ਓਸ ਦੇ ਸਾਰੇ ਦੁੱਖ-ਦਰਦ, ਕਲਹ-ਕਲੇਸ਼; ਓਸ ਨਾਲੋਂ ਤੁਰੰਤ ਝੜ ਜਾਣਗੇ। ਮਨੁੱਖਤਾ ਨੇ ਗੁਰੂ ਨਾਨਕ ਜੀ ਦੇ ਏਸ ਆਦਰਸ਼ ਦੇ ਹਾਣ ਦਾ ਹੋ ਕੇ ਅਜੇ ਉੱਭਰਨਾ ਹੈ।
15. ਪਹਿਲੇ ਸਮਿਆਂ ਵਿੱਚ ਪੁਜਾਰੀਵਾਦ ਦੇ ਫੈਲਾਏ ਆਤੰਕ ਅਤੇ ਸ਼ੋਸ਼ਣ ਨੇ ਗੁਰੂ ਨਾਨਕ ਜੀ ਦਾ ਧਿਆਨ ਆਪਣੇ ਵੱਲ ਖਿੱਚਿਆ। ਉਹਨਾਂ ਵੇਖਿਆ ਕਿ ਸਾਰੇ ਜਗਤ ਨੂੰ ਕੋਹਣ ਦਾ ਕੰਮ ਕਰਨ ਵਾਲੇ ਮੱਥੇ ’ਤੇ ਟਿੱਕੇ ਲਾ ਕੇ ਪੁਜਾਰੀ ਬਣੇ ਹੋਏ ਹਨ: ‘‘ਮਥੈ ਟਿਕਾ ਤੇੜਿ ਧੋਤੀ ਕਖਾਈ; ॥ ਹਥਿ ਛੁਰੀ, ਜਗਤ ਕਾਸਾਈ ॥’’ (ਮ: ੧, ਪੰਨਾ ੪੭੨), ਧਨਾਸਰੀ ਰਾਗ ਵਿੱਚ ਆਪ ਨੇ ਫ਼ੁਰਮਾਇਆ ਕਿ ਕਾਜ਼ੀ, ਬ੍ਰਾਹਮਣ ਅਤੇ ਜੋਗੀ ਸਾਰੇ ਮਨੁੱਖਤਾ ਦੇ ਉਜਾੜੇ ਦਾ ਪੱਕਾ ਬੰਦੋਬਸਤ ਬਣਾਈ ਬੈਠੇ ਹਨ : ‘‘ਕਾਦੀ ਕੂੜੁ ਬੋਲਿ, ਮਲੁ ਖਾਇ ॥ ਬ੍ਰਾਹਮਣੁ ਨਾਵੈ, ਜੀਆ ਘਾਇ ॥ ਜੋਗੀ; ਜੁਗਤਿ ਨ ਜਾਣੈ ਅੰਧੁ ॥ ਤੀਨੇ; ਓਜਾੜੇ ਕਾ ਬੰਧੁ ॥’’ (ਮ: ੧, ਪੰਨਾ ੬੬੨), ਮਨੁੱਖ ਅਤੇ ਪ੍ਰਮਾਤਮਾ ਦੇ ਵਿਚਾਲੇ ਆਪੇ ਬਣੇ ਵਿਚੋਲਿਆਂ ਦੀਆਂ ਖ਼ਤਰਨਾਕ ਕਰਤੂਤਾਂ ਨੂੰ ਗੁਰੂ ਜੀ ਨੇ ਨਸ਼ਰ (ਪ੍ਰਗਟ) ਕੀਤਾ ਅਤੇ ਨਕਾਰਿਆ। ਬਾਬਰਵਾਣੀ ਵਾਲੇ ਸ਼ਬਦ ਵਿੱਚ ਉਹਨਾਂ ਇਹਨਾਂ ਲੋਕਾਂ ਨੂੰ ਘੋਰ ਅੰਧ-ਵਿਸ਼ਵਾਸ ਫੈਲਾਉਣ ਦੇ ਵੱਡੇ ਸੋਮੇ ਬਣੇ ਵੇਖਿਆ। ਇਹਨਾਂ ਨੂੰ ਕਲਾਮ ਪੜ੍ਹ ਕੇ ਦੁਸ਼ਮਣ ਫ਼ੌਜਾਂ ਨੂੰ ਅੰਨ੍ਹਿਆਂ ਕਰਨ ਦੇ ਦਾਅਵੇ ਕਰਦਿਆਂ ਵੇਖਿਆ। ਅਜਿਹੇ ਦਾਅਵੇ ਕਦੇ ਸੋਮਨਾਥ ਦੇ ਪੁਜਾਰੀਆਂ ਨੇ ਕਰ ਕੇ ਹਿੰਦੁਸਤਾਨ ਦੀ ਸਦੀਆਂ ਦੀ ਗ਼ੁਲਾਮੀ ਦਾ ਮੁੱਢ ਬੰਨ੍ਹਿਆ ਸੀ। ਯਕੀਨਨ ਗੁਰੂ ਜੀ ਦੇ ਧਿਆਨ ਵਿੱਚ ਕਰੂਸੇਡਸ (Crusades 1095-1291) ਵੀ ਸਨ, ਜਿਨ੍ਹਾਂ ਨੂੰ ਛੇੜ ਕੇ ਪੋਪ ਅਰਬਨ ਦੂਜੇ ਨੇ ਦੋ ਸਦੀਆਂ ‘ਸੱਭਿਅਤਾਵਾਂ ਦਾ ਭੇੜ’ ਕਰਵਾਇਆ ਅਤੇ ਲੱਖਾਂ ਲੋਕਾਂ ਦੇ ਦੁੱਖਾਂ ਦਾ ਕਾਰਨ ਬਣਿਆ। ਗੁਰੂ ਨਾਨਕ ਸਾਹਿਬ ਨੇ ਦੱਸਿਆ ਕਿ ਆਪਣੇ-ਆਪ ਨੂੰ ਸਵਰਗ ਪਹੁੰਚਾਉਣ ਲਈ ਆਪੂੰ ਥਾਪੇ ਵਿਚੋਲੇ ਤਾਂ ਪੁਜਾਰੀਆਂ ਨੇ ਕੀ ਹੋਣਾ ਸੀ ਇਹ ਜਮਾਂ ਦੀ ਮਾਰ ਤੋਂ ਆਪਣੇ-ਆਪ ਨੂੰ ਵੀ ਨਹੀਂ ਬਚਾਅ ਸਕਦੇ ‘‘ਕਾਜੀ ਮੁਲਾਂ ਹੋਵਹਿ ਸੇਖ ॥ ਜੋਗੀ ਜੰਗਮ ਭਗਵੇ ਭੇਖ ॥ ਕੋ ਗਿਰਹੀ ਕਰਮਾ ਕੀ ਸੰਧਿ ॥ ਬਿਨੁ ਬੂਝੇ ਸਭ ਖੜੀਅਸਿ ਬੰਧਿ ॥’’ (ਮ: ੧, ਪੰਨਾ ੧੧੬੯) ਇਹਨਾਂ ਕਾਰਨਾਂ ਸਦਕਾ ਗੁਰੂ ਨੇ ਪੁਜਾਰੀਵਾਦ ਨੂੰ ਬੀਤੇ ਕਾਲੇ ਸਮਿਆਂ ਤੋਂ ਉਪਜੀ ਸੰਸਥਾ ਤਸੱਵਰ (ਸੋਚ) ਆਖਦਿਆਂ ਆਪਣੀ ਵਿਚਾਰਧਾਰਾ ਵਿੱਚੋਂ ਏਸ ਨੂੰ ਮੁਕੰਮਲ ਤੌਰ ਉੱਤੇ ਮਨਫ਼ੀ (ਅਣਡਿੱਠ) ਕਰ ਦਿੱਤਾ। ਆਉਣ ਵਾਲੇ ਯੁੱਗਾਂ ਦੀ ਲੋੜ ਨੂੰ ਭਾਂਪਦਿਆਂ ਪਰਮਾਤਮਾ ਅਤੇ ਮਨੁੱਖ ਦੇ ਰਿਸ਼ਤੇ ਵਿੱਚੋਂ ਵਿਚੋਲਿਆਂ ਨੂੰ ਸਦਾ ਲਈ ਖਾਰਜ ਕਰ ਦਿੱਤਾ।
16. ਅੰਤ ਵਿੱਚ ਕਹਿਣਾ ਬਣਦਾ ਹੈ ਕਿ ਗੁਰੂ ਨਾਨਕ ਜੀ ਨਾ ਕੇਵਲ ਆਧੁਨਿਕ ਸਮਿਆਂ ਦੇ ਜ਼ਿੰਮੇਵਾਰ ਜ਼ਾਮਨ (ਗਵਾਹ) ਹਨ ਬਲਕਿ ਉਹਨਾਂ ਪ੍ਰਵਿਰਤੀਆਂ (ਰੁਝਾਨਾਂ) ਨੂੰ ਸਾਜਣ ਵਾਲੇ ਵੀ ਹਨ, ਜਿਨ੍ਹਾਂ ਨੇ ਮਨੁੱਖ ਮਾਤਰ ਨੂੰ ਮੱਧ-ਕਾਲ ਦੇ ਹਨ੍ਹੇਰੇ ਵਿੱਚੋਂ ਕੱਢ ਕੇ ਸਿੱਧਾ ਆਧੁਨਿਕ ਸਮਿਆਂ ਦੇ ਦਰਵਾਜ਼ੇ ਉੱਤੇ ਲਿਆ ਖੜ੍ਹਾ ਕੀਤਾ। ਉਹਨਾਂ ਆਉਣ ਵਾਲੇ ਸਮਿਆਂ ਲਈ ਵੀ ਵੱਡਮੁੱਲੀ ਅਗਵਾਈ ਪ੍ਰਦਾਨ ਕੀਤੀ। ਹੋਣਾ ਵੀ ਇਉਂ ਹੀ ਚਾਹੀਦਾ ਸੀ ਕਿਉਂਕਿ ਜਿਸ ਪ੍ਰਮਾਤਮਾ ਦਾ ਰੂਪ ਹੋ ਕੇ ਆਪ ਸੰਸਾਰ ਉੱਤੇ ਵਿਚਰੇ ਹਨ, ਉਹ ‘‘ਸਾਹਿਬੁ ਮੇਰਾ ਨੀਤ ਨਵਾ..॥’’ (ਮ: ੧, ਪੰਨਾ ੬੬੦) ਹੈ। ਉਹ ਕਦੇ ਪੁਰਾਣਾ ਨਹੀਂ ਹੁੰਦਾ, ‘‘ਸਚੁ ਪੁਰਾਣਾ ਨਾ ਥੀਐ; ਨਾਮੁ ਨ ਮੈਲਾ ਹੋਇ ॥’’ (ਮ: ੩, ਪੰਨਾ ੧੨੪੮), ਗੁਰੂ ਜੀ ਦੀ ਏਸ ਸਦੀਵੀ ਪ੍ਰਸੰਗਕਤਾ ਨੂੰ ਜਿਨ੍ਹਾਂ ਪ੍ਰਵਾਨ ਕੀਤਾ ਉਹਨਾਂ ਅਨੇਕਾਂ ਗੁੰਝਲਾਂ, ਜੰਜਾਲਾਂ ਤੋਂ ਮੁਕਤੀ ਪ੍ਰਾਪਤ ਕੀਤੀ ‘‘ਫੂਟੋ ਆਂਡਾ ਭਰਮ ਕਾ; ਮਨਹਿ ਭਇਓ ਪਰਗਾਸੁ ॥ ਕਾਟੀ ਬੇਰੀ ਪਗਹ ਤੇ; ਗੁਰਿ ਕੀਨੀ ਬੰਦਿ ਖਲਾਸੁ ॥’’ (ਮ: ੫, ਪੰਨਾ ੧੦੦੨)
ਗੁਰੂ ਨਾਨਕ ਨੇ ਕੋਈ ਐਸੀ ਸ਼ਰਤ ਨਹੀਂ ਰੱਖੀ ਕਿ ਉਹਨਾਂ ਦਾ ਪ੍ਰਗਟ ਕੀਤਾ ਸੱਚ ਕੇਵਲ ਉਹਨਾਂ ਨੂੰ ਰਹਿਬਰ ਮੰਨਣ ਵਾਲਿਆਂ ਤੱਕ ਹੀ ਸੀਮਤ ਰਹੇ। ਨਿੱਤਯਾਨੰਦ ਸੁਆਮੀ ਦੇ ਗੁਰੂ; ਸੁਆਮੀ ਬ੍ਰਹਮਾਨੰਦ ਜੋਗੀ ਦੀ ਆਖ਼ਰੀ ਇੱਛਾ ਸੀ ਕਿ ਉਹਨਾਂ ਨੂੰ ਇੱਕ ਜੀਵਨ ਹੋਰ ਮਿਲੇ ਜਿਸ ਵਿੱਚ ਉਹ ਗੁਰੂ ਦੇ ਪਾਵਨ ਉਪਦੇਸ਼ ਦਾ ਭਰਪੂਰ ਫ਼ਾਇਦਾ ਉਠਾ ਸਕਣ। ਰਾਮ ਤੀਰਥ ਦੰਡੀ ਸੁਆਮੀ ਨੇ ਗੁਰੂ ਦੀ ਬਾਣੀ ਨੂੰ ਸੰਪੂਰਨ ਤੌਰ ਉੱਤੇ ਨਿਰਦੋਸ਼, ਸਰਬ-ਫਲ਼-ਦਾਇਨੀ ਜਾਣਿਆ ਅਤੇ ਆਪਣਾ ਜੀਵਨ ਏਸ ਦੇ ਲੜ ਲੱਗ ਕੇ ਸਫਲ ਕੀਤਾ; ਜਿਵੇਂ ਜਿਵੇਂ ਗੁਰੂ ਨਾਨਕ ਦੀ ਸਭ ਧਰਮਾਂ ਨੂੰ ਪਵਿੱਤਰਤਾ ਅਤੇ ਖੁਸ਼ਬੂ ਬਖ਼ਸ਼ਣ ਦੀ ਰੀਤ ‘‘ਅਗੋਂ ਪੀਰ ਮੁਲਤਾਨ ਦੇ; ਦੁਧਿ ਕਟੋਰਾ ਭਰਿ ਲੈ ਆਈ। ਬਾਬੇ ਕਢਿ ਕਰਿ ਬਗਲ ਤੇ; ਚੰਬੇਲੀ, ਦੁਧ ਵਿਚਿ ਮਿਲਾਈ। ਜਿਉ ਸਾਗਰ ਵਿਚਿ; ਗੰਗ ਸਮਾਈ ॥’’ (ਭਾਈ ਗੁਰਦਾਸ ਜੀ, ਵਾਰ ੧ ਪਉੜੀ ੪੪), ਨੂੰ ਦੁਨੀਆ ਦੇ ਲੋਕ ਜਾਣਨਗੇ; ਤਿਵੇਂ ਤਿਵੇਂ ਉਹ ਅਨੇਕਾਂ ਪਾਪਾਂ, ਦੁੱਖਾਂ ਤੋਂ ਬਚਣ ਦਾ ਗਾਡੀ ਰਾਹ ਲੱਭ ਲੈਣਗੇ।
ਅਲ ਕਾਇਦਾ ਦੇ ਜਹਾਦ ਦੇ ਸੰਦਰਭ ਵਿੱਚ ਸੰਸਾਰ ਭਰ ਦੇ ਮੁਸਲਮਾਨਾਂ ਨੂੰ ਅਸਲ ਇਸਲਾਮ ਸੰਬੰਧੀ ਵਾਕਫ਼ੀਅਤ ਦੇਣ ਲਈ ਕੈਨੇਡਾ ਵਿੱਚ ਇੱਕ ਕਿਤਾਬ ਛਪੀ (Tarek Fatah, Pakistan: Chasing A Mirage ISBN 978-0-470-84116-7.)। ਭੂਮਿਕਾ ਵਿੱਚ ਲੇਖਕ ਆਖਦਾ ਹੈ, ‘ਮੁਸਲਮਾਨਾਂ ਨੂੰ ਇਸਲਾਮ ਦੇ ਅਸਲ ਰੂਪ ਵੱਲ ਪਰਤਣਾ ਚਾਹੀਦਾ ਹੈ ਜਿਸ ਦੀ ਵਿਆਖਿਆ ਗੁਰੂ ਨਾਨਕ ਨੇ ਆਪਣੇ ਪਵਿੱਤਰ ਕਲਾਮ ਵਿੱਚ ਕੀਤੀ ਹੈ’ : ‘‘ਮਿਹਰ ਮਸੀਤਿ ਸਿਦਕੁ ਮੁਸਲਾ; ਹਕੁ ਹਲਾਲੁ ਕੁਰਾਣੁ ॥ ਸਰਮ ਸੁੰਨਤਿ, ਸੀਲੁ ਰੋਜਾ; ਹੋਹੁ ਮੁਸਲਮਾਣੁ ॥ ਕਰਣੀ ਕਾਬਾ, ਸਚੁ ਪੀਰੁ; ਕਲਮਾ ਕਰਮ ਨਿਵਾਜ ॥ ਤਸਬੀ ਸਾ ਤਿਸੁ ਭਾਵਸੀ; ਨਾਨਕ ! ਰਖੈ ਲਾਜ ॥’’ (ਮ: ੧, ਪੰਨਾ ੧੪੦)
ਜਦੋਂ ਗੁਰੂ ਨਾਨਕ ਜੀ ਦੇ ਸਰਬ-ਕਲਿਆਣਕਾਰੀ ਉਪਦੇਸ਼; ਲੋਕ-ਮਨਾਂ ਵਿੱਚ ਵਸ ਜਾਣਗੇ ਓਦੋਂ ‘ਈਮਾਂ ਦੀ ਹਰਾਰਤ’ (ਧਰਮ ਦੇ ਨਾਂ ’ਤੇ ਝਗੜੇ) ਲੋਕਾਂ ਵਿੱਚੋਂ ਖ਼ਤਮ ਹੋ ਜਾਵੇਗੀ ‘ਮਸਜਿਦ ਤੋਂ ਬਨਾ ਦੀ ਸ਼ਬ ਭਰ ਮੇਂ ਈਮਾਂ ਕੀ ਹਰਾਰਤ ਵਾਲੋਂ ਨੇ। ਮਨ ਅਪਨਾ ਪੁਰਾਨਾ ਪਾਪੀ ਹੈ ਬਰਸੋਂ ਮੇਂ ਨਮਾਜ਼ੀ ਬਨ ਨਾ ਸਕਾ।’; ਓਦੋਂ ਮਨ, ਸੱਚੇ ਦੀ ਪ੍ਰਸਤਿਸ਼ (ਬੰਦਗੀ) ਵਿੱਚ ਸਾਰਥਕ ਪ੍ਰਾਰਥਨਾਵਾਂ ਕਰਨ ਯੋਗ ਹੋ ਜਾਣਗੇ। ਮਾਨਵਤਾ ਨੂੰ ਸਮਝ ਪੈ ਜਾਵੇਗੀ ਕਿ ਸਭ ਰਸਤੇ ਓਸੇ ਇੱਕ ਪ੍ਰਮਾਤਮਾ ਦੇ ਦਰ ਉੱਤੇ ਪੁੱਜਣ ਲਈ ਕਿਰਿਆਸ਼ੀਲ ਹਨ ਜਿਹੜਾ ‘‘ਸਭਨਾ ਕਾ ਮਾ ਪਿਉ ਆਪਿ ਹੈ; ਆਪੇ ਸਾਰ ਕਰੇਇ ॥’’ (ਮ: ੩, ਪੰਨਾ ੬੫੩), ਫੇਰ ਧਰਮ ਪਰਿਵਰਤਨ ਦੀ ਲੋੜ, ਜੋ ਸਭ ਪੁਆੜਿਆਂ ਦੀ ਜੜ੍ਹ ਹੈ, ਨੂੰ ਮੱਧ-ਯੁੱਗ ਦੀ ਪੁਜਾਰੀ ਜਮਾਤ ਦੀ ਬਿਮਾਰ ਮਾਨਸਿਕਤਾ ਦੀ ਉਪਜ ਜਾਣ ਕੇ ਤਿਆਗ ਦਿੱਤਾ ਜਾਵੇਗਾ। ਲੋਕਾਂ ਦੇ ਧਰਮ-ਪਰਿਵਰਤਨ ਲਈ ਕਰੂਸੇਡਜ਼ ਨੂੰ ਅੱਗੇ ਤੋਰਦੀਆਂ ਸੈਨਾਵਾਂ (Salvation Army) ਅਤੇ ਜਹਾਦੀ ਵਾਪਸ ਬੁਲਾ ਲਏ ਜਾਣਗੇ। ਸਿਆਸੀ ਧੌਂਸ ਨਾਲ ਗੁਰੂ ਨਾਨਕ ਜੀ ਦੁਆਰਾ ਹੋਂਦ ਵਿੱਚ ਲਿਆਂਦੀ ਸਾਂਝੀ ਸੱਭਿਅਤਾ ਦੇ ਗਲ਼ੇ ਘੁੱਟਣ (ਗਲ਼ਾਂ ਵਿੱਚ ਟਾਇਰ ਪਾ ਕੇ ਸਾੜਨ) ਦੀਆਂ ਕੁਚੇਸ਼ਟਾਵਾਂ (ਬਦਨੀਤੀਆਂ) ਬੰਦ ਹੋਣਗੀਆਂ; ਸਭ ਪਾਸੇ ਅਮਨ-ਚੈਨ ਹੋਵੇਗਾ। ਪੰਜਵੇਂ ਨਾਨਕ ਜੀ ਦੇ ਇਹ ਸ਼ਬਦ ਓਸ ਸਮੇਂ ਦਾ ਸਿੰਘ ਨਾਦ ਹੋਣਗੇ: ‘‘ਹੁਣਿ ਹੁਕਮੁ ਹੋਆ ਮਿਹਰਵਾਣ ਦਾ ॥ ਪੈ ਕੋਇ ਨ ਕਿਸੈ ਰਞਾਣਦਾ ॥ ਸਭ ਸੁਖਾਲੀ ਵੁਠੀਆ; ਇਹੁ ਹੋਆ ਹਲੇਮੀ ਰਾਜੁ ਜੀਉ ॥’’ (ਮ: ੫, ਪੰਨਾ ੭੪), ਆਧੁਨਿਕ ਮਨੁੱਖ ਇਹ ਪ੍ਰਾਪਤੀ ਕਰਨ ਦੇ ਯੋਗ ਹੈ ਬਸ਼ਰਤੇ ਕਿ ਇਹ ਗੁਰੂ ਨਾਨਕ ਜੀ ਦੇ ਬਚਨਾਂ ਨੂੰ ਸਦ-ਜੀਵਨ ਦੇਣ ਵਾਲਾ ਅੰਮ੍ਰਿਤ ਜਾਣ ਕੇ ਦਿਲਾਂ ਵਿੱਚ ਥਾਂ ਦੇਵੇ। ਕਾਸ਼ ! ਓਹ ਸੁਲੱਖਣੀ ਘੜੀ ਛੇਤੀ ਆਵੇ, ਜਿਸ ਵਿੱਚ ਮਨੁੱਖਤਾ ਸ਼ਹੀਦਾਂ ਦੇ ਸਿਰਤਾਜ ਦੀ ਆਵਾਜ਼ ਨਾਲ ਆਵਾਜ਼ ਮਿਲਾ ਕੇ ਗੁਰੂ ਨਾਨਕ ਨੂੰ ਸੰਬੋਧਤ ਹੋ ਕੇ ਆਖੇ : ‘‘ਅੰਮ੍ਰਿਤਾ ਪ੍ਰਿਅ ! ਬਚਨ ਤੁਹਾਰੇ ॥ ਅਤਿ ਸੁੰਦਰ ਮਨਮੋਹਨ ਪਿਆਰੇ; ਸਭਹੂ ਮਧਿ ਨਿਰਾਰੇ ॥੧॥ ਰਹਾਉ ॥ ਰਾਜੁ ਨ ਚਾਹਉ; ਮੁਕਤਿ ਨ ਚਾਹਉ; ਮਨਿ ਪ੍ਰੀਤਿ ਚਰਨ ਕਮਲਾਰੇ ॥’’ (ਮ: ੫, ਪੰਨਾ ੫੩੪)