‘ਚੇਤ’ ਮਹੀਨੇ ਰਾਹੀਂ ਦਿੱਤਾ ਗੁਰਮਤਿ ਸੰਦੇਸ਼

0
150

‘ਚੇਤ’ ਮਹੀਨੇ ਰਾਹੀਂ ਦਿੱਤਾ ਗੁਰਮਤਿ ਸੰਦੇਸ਼

ਕਿਰਪਾਲ ਸਿੰਘ ਬਠਿੰਡਾ

ਵਿਆਕਰਨਿਕ ਤੌਰ ’ਤੇ ਗੁਰਬਾਣੀ ’ਚ ਸ਼ਬਦ ‘ਚੇਤ’ (ਮੁਕਤਾ ਅੰਤ), ‘ਚੇਤੁ’ (ਔਂਕੜ ਅੰਤ) ਅਤੇ ‘ਚੇਤਿ’ (ਸਿਹਾਰੀ ਅੰਤ); ਤਿੰਨ ਰੂਪਾਂ ’ਚ ਮਿਲਦਾ ਹੈ। ਜਿਨ੍ਹਾਂ ਦੇ ਪ੍ਰਕਰਨ ਅਨੁਸਾਰ ਅਰਥ ਭਾਵੇਂ ਵੱਖਰੇ ਵੱਖਰੇ ਹੋ ਸਕਦੇ ਹਨ, ਪਰ ਉਚਾਰਨ ਤਿੰਨਾਂ ਸ਼ਬਦਾਂ ਦਾ ਇੱਕੇ ਤਰ੍ਹਾਂ ‘ਚੇਤ’ ਹੀ ਹੈ। ‘ਚੇਤੁ’ (ਔਂਕੜ ਅੰਤ) ਇਕ ਵਚਨ ਪੁਲਿੰਗ ਸ਼ਬਦ ਹੈ, ਜਿਸ ਦਾ ਅਰਥ ਹੈ ‘ਚੇਤ ਦਾ ਮਹੀਨਾ’। ਗੁਰਬਾਣੀ ਮੁਤਾਬਕ ‘ਚੇਤ’ ਅਤੇ ‘ਵੈਸਾਖ’ ਦੋ ਮਹੀਨੇ ਬਸੰਤ ਰੁੱਤ ਵਿੱਚ ਆਉਂਦੇ ਹਨ, ਜੋ ਆਨੰਦ ਦਾਇਕ ਅਤੇ ਸੁੱਖਾਂ ਭਰਪੂਰ ਹੁੰਦੇ ਹਨ ‘‘ਰੁਤਿ ਸਰਸ ਬਸੰਤ ਮਾਹ; ਚੇਤੁ ਵੈਸਾਖ ਸੁਖ ਮਾਸੁ ਜੀਉ (ਰੁਤੀ/ਮਹਲਾ /੯੨੮), ਚੜਿ ਚੇਤੁ ਬਸੰਤੁ ਮੇਰੇ ਪਿਆਰੇ ! ਭਲੀਅ ਰੁਤੇ ’’ (ਮਹਲਾ /੪੫੨) ਭਾਵ ਹੇ ਮੇਰੇ ਪਿਆਰੇ ! ਜਦ ਚੇਤ ਮਹੀਨਾ ਚੜ੍ਹਦਾ ਹੈ ਤਾਂ ਬਸੰਤ ਦੀ ਸੋਹਣੀ ਰੁੱਤ ਆਉਂਦੀ ਹੈ।

‘‘ਚੇਤੁ ਬਸੰਤੁ ਭਲਾ; ਭਵਰ ਸੁਹਾਵੜੇ ਬਨ ਫੂਲੇ ਮੰਝ ਬਾਰਿ; ਮੈ ਪਿਰੁ ਘਰਿ ਬਾਹੁੜੈ ’’ ਰਹਾਉ (ਬਾਰਹਮਾਹਾ/ਮਹਲਾ /੧੧੦੭) ਭਾਵ ਚੇਤ ਮਹੀਨੇ ’ਚ ਬਸੰਤ (ਦਾ ਮੌਸਮ) ਚੰਗਾ ਲੱਗਦਾ ਹੈ, (ਤਦ) ਖੁਲ੍ਹੀ ਜੂਹ ਵਿਚ ਬਨਸਪਤੀ ਨੂੰ ਫੁੱਲ ਲੱਗ ਪੈਂਦੇ ਹਨ, (ਜਿਨ੍ਹਾਂ ਉੱਤੇ ਬੈਠੇ ਹੋਏ) ਭਵਰ-ਭੌਰੇ; ਸੋਹਣੇ ਲੱਗਦੇ ਹਨ।

ਬਿਕ੍ਰਮੀ ਕੈਲੰਡਰ ਦੇ ਸੂਰਜੀ ਸਾਲ ਦਾ ਚੇਤ ਬਾਰ੍ਹਵਾਂ ਭਾਵ ਅਖੀਰਲਾ ਮਹੀਨਾ ਹੈ ਅਤੇ ਵੈਸਾਖ ਸਾਲ ਦਾ ਪਹਿਲਾ ਮਹੀਨਾ ਹੁੰਦਾ ਹੈ। ਹਾਸੇ ਵਾਲ਼ੀ ਗੱਲ ਇਹ ਹੈ ਕਿ ਬਿਕ੍ਰਮੀ ਕੈਲੰਡਰ ਵਿੱਚ ਚੰਦਰ ਸਾਲ ਦਾ ਚੇਤ ਮਹੀਨਾ; ਦੋ ਭਾਗਾਂ ’ਚ ਵੰਡਿਆ ਹੋਇਆ ਹੈ ਭਾਵ ਇਸ ਦਾ ਪਹਿਲਾ ਅੱਧ (ਵਦੀ ਪੱਖ) ਪਿਛਲੇ ਸਾਲ ’ਚ ਰਹਿ ਜਾਂਦਾ ਹੈ ਅਤੇ ਦੂਸਰਾ ਅੱਧ (ਸੁਦੀ ਪੱਖ) ਨਵੇਂ ਸਾਲ ’ਚ ਆਉਂਦਾ ਹੈ; ਫਲਸਰੂਪ ਬਿਕ੍ਰਮੀ ਕੈਲੰਡਰ ਦਾ ਚੰਦਰ ਸਾਲ ਚੇਤ ਸੁਦੀ ੧ ਤੋਂ ਨਵਾਂ ਸਾਲ ਸ਼ੁਰੂ ਹੁੰਦਾ ਹੈ ਅਤੇ ਚੇਤ ਮਹੀਨੇ ਦੀ ਮੱਸਿਆ ’ਤੇ ਸਮਾਪਤ ਹੁੰਦਾ ਹੈ। ਬਿਕ੍ਰਮੀ ਕੈਲੰਡਰ ਨੂੰ ਛੱਡ ਕੇ ਦੁਨੀਆਂ ਦਾ ਐਸਾ ਕੋਈ ਹੋਰ ਕੈਲੰਡਰ ਨਹੀਂ ਹੈ ਜਿਸ ਦੇ ਕਿਸੇ ਮਹੀਨੇ ਨੂੰ ਦੋ ਹਿੱਸਿਆਂ ’ਚ ਵੰਡ ਕੇ ਉਸ ਦਾ ਅੱਧਾ ਭਾਗ ਇੱਕ ਸਾਲ ’ਚ ਆਉਂਦਾ ਹੋਵੇ ਅਤੇ ਬਾਕੀ ਦਾ ਅੱਧਾ ਦੂਸਰੇ ਸਾਲ ’ਚ।

ਨਾਨਕਸ਼ਾਹੀ ਕੈਲੰਡਰ ’ਚ ਕੇਵਲ ਸੂਰਜੀ ਮਹੀਨਿਆਂ ਦੀ ਵਰਤੋਂ ਕੀਤੀ ਗਈ ਹੈ, ਜਿਸ ਦੇ ਸਾਲ ਦਾ ਪਹਿਲਾ ਮਹੀਨਾ ਚੇਤ ਅਤੇ ਅਖੀਰਲਾ ਮਹੀਨਾ ਫੱਗਣ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ’ਚ ਦਰਜ ਤੁਖਾਰੀ ਮਹਲਾ ੧ ਅਤੇ ਮਾਝ ਮਹਲਾ ੫ ਦੋਵੇਂ ਬਾਰਹ ਮਾਹਾ ਬਾਣੀਆਂ ਵੀ ਨਾਨਕਸ਼ਾਹੀ ਕੈਲੰਡਰ ਦੇ ਮਹੀਨਿਆਂ ਦੀ ਤਰਤੀਬ ਦੀ ਪ੍ਰੋੜ੍ਹਤਾ ਕਰਦੀਆਂ ਹਨ ਕਿਉਂਕਿ ਇਨ੍ਹਾਂ ਦੋਵੇਂ ਬਾਰਹ ਮਾਹ ਦੀ ਤਰਤੀਬ ਵੀ ਨਾਨਕਸ਼ਾਹੀ ਕੈਲੰਡਰ ਦੇ ਮਹੀਨਿਆਂ ਦੀ ਤਰਤੀਬ ਨਾਲ ਮੇਲ ਖਾਂਦੀ ਹੈ ਯਾਨੀ ਕਿ ਗੁਰਬਾਣੀ ਵਿੱਚ ਵੀ ਪਹਿਲਾ ਮਹੀਨਾ ਚੇਤ ਅਤੇ ਅਖੀਰਲਾ ਮਹੀਨਾ ਫੱਗਣ ਲਿਖਿਆ ਮਿਲਦਾ ਹੈ।

‘ਚੇਤਿ’ (ਸਿਹਾਰੀ ਅੰਤ) ਦੇ ਅਧਿਕਰਣ ਕਾਰਕ ਅਰਥ ਬਣਦੇ ਹਨ; ਜਿਵੇਂ ਕਿ ‘‘ਚੇਤਿ, ਗੋਵਿੰਦੁ ਅਰਾਧੀਐ; ਹੋਵੈ ਅਨੰਦੁ ਘਣਾ (ਬਾਰਹਮਾਹਾ ਮਹਲਾ /੧੩੩) (ਚੇਤ ਮਹੀਨੇ ’ਚ ਸਾਰੀ ਬਨਸਪਤੀ ਹਰੀ ਭਰੀ ਹੋਣ ਕਾਰਨ ਅਤੇ ਫੁੱਲ ਖਿੜਨ ਕਰਕੇ ਹਰ ਪਾਸੇ ਅਨੰਦ ਭਰਪੂਰ ਦ੍ਰਿਸ਼ ਨਜ਼ਰ ਆਉਂਦਾ ਹੈ ਪਰ ਆਤਮਕ ਤੌਰ ’ਤੇ ਖੇੜਾ ਤਾਂ ਹੀ ਹੋਵੇਗਾ ਜੇ) ਚੇਤ ਮਹੀਨੇ ’ਚ ਪ੍ਰਮਾਤਮਾ ਦੀ ਅਰਾਧਨਾ ਕਰੀਏ (ਕਿਉਂਕਿ) ਸਿਮਰਨ ਦੀ ਬਰਕਤਿ ਨਾਲ ਹੀ ਆਤਮਕ ਅਨੰਦ ਮਿਲਦਾ ਹੈ।

‘‘ਕਤਿਕ ਕੂੰਜਾਂ, ਚੇਤਿ ਡਉ; ਸਾਵਣਿ ਬਿਜੁਲੀਆਂ ’’ (ਭਗਤ ਫਰੀਦ ਜੀ/੪੮੮) ਭਾਵ ਕੱਤਕ ਦੇ ਮਹੀਨੇ ਕੂੰਜਾਂ (ਆਉਂਦੀਆਂ ਹਨ); ਚੇਤ ਵਿਚ (ਗ਼ਰਮੀ ਨਾਲ਼) ਜੰਗਲ਼ਾਂ ਨੂੰ ਅੱਗ (ਲੱਗ ਜਾਂਦੀ ਹੈ)। ਸਾਉਣ ਮਹੀਨੇ ਵਿਚ ਬਿਜਲੀਆਂ (ਚਮਕਦੀਆਂ ਹਨ)।

ਗੁਰਬਾਣੀ ਅੰਦਰ ‘ਚੇਤੁ’ ਸ਼ਬਦ; ਹੁਕਮੀ ਭਵਿਖਤ ਕਾਲ ਦੀ ਇੱਕ ਵਚਨ ਕਿਰਿਆ ਵਜੋਂ ਵੀ ਵਰਤਿਆ ਗਿਆ ਹੈ। ਓਥੇ ਅਰਥ ਹੋਣਗੇ (ਹੇ ਮਨ !)…. ‘ਤੂੰ ਚੇਤੇ ਕਰ; ਜਿਵੇਂ ਕਿ ‘‘ਜੋ ਕੀਚੈ, ਸੋ ਹਰਿ ਜਾਣਦਾ; ਮੇਰੇ ਮਨ  ! ਹਰਿ ਚੇਤੁ ’’ (ਮਹਲਾ /੮੪) ਭਾਵ ਜੋ ਕੁਛ ਆਦਮੀ ਕਰਦਾ ਹੈ, (ਸਭ ਥਾਈਂ ਵਿਆਪਕ ਹੋਣ ਕਰਕੇ) ਹਰੀ ਉਹ ਸਭ ਕੁਝ ਜਾਣਦਾ ਹੈ (ਤਾਂ ਤੇ) ਹੇ ਮੇਰੇ ਮਨ  ! ਉਸ ਹਰੀ ਨੂੰ ਚੇਤੇ ਕਰ।

‘ਚੇਤੁ’ ਹੁਕਮੀ ਭਵਿਖ ਕਾਲ ਕਿਰਿਆ ਵਾਙ ‘ਚੇਤਿ’ (ਸਿਹਾਰੀ ਅੰਤ) ਵੀ ਹੁਕਮੀ ਭਵਿਖ ਕਾਲ ਕਿਰਿਆ ਹੈ। ਇਨ੍ਹਾਂ ਦੋਵੇਂ ਸ਼ਬਦਾਂ ਦੇ ਅਰਥਾਂ ’ਚ ਕੋਈ ਫ਼ਰਕ ਨਹੀਂ; ਜਿਵੇਂ ਕਿ ‘‘ਮਨ ਮੇਰੇ  ! ਅਨਦਿਨੁ ਜਾਗੁ, ਹਰਿ ਚੇਤਿ ’’ (ਮਹਲਾ /੩੪) ਭਾਵ ਹੇ ਮੇਰੇ ਮਨ ! ਹਰ ਵੇਲੇ (ਵਿਕਾਰਾਂ ਦੇ ਹੱਲਿਆਂ ਵੱਲੋਂ) ਸੁਚੇਤ ਰਹੁ ਤੇ ਪਰਮਾਤਮਾ ਨੂੰ ਚੇਤੇ ਰੱਖ।

‘‘ਰਮਈਆ ਕੇ ਗੁਨ ਚੇਤਿ ਪਰਾਨੀ ’’ (ਸੁਖਮਨੀ/ਮਹਲਾ /੨੬੬) ਹੇ ਜੀਵ  !  ਸੋਹਣੇ ਰਾਮ ਦੇ ਗੁਣ ਚੇਤੇ ਕਰ।

‘ਚੇਤਿ’ ਸ਼ਬਦ ਕਿਰਿਆ ਵਿਸ਼ੇਸ਼ਣ ਵੀ ਹੈ। ਇਸ ਦਾ ਅਰਥ ਹੈ ‘ਚੇਤ ਕੇ, ਚੇਤੇ ਕਰਕੇ’ ; ਜਿਵੇਂ ਕਿ ‘‘ਗੁਰ ਕੈ ਭਾਣੈ ਚਲੈ ਦਿਨੁ ਰਾਤੀ; ਨਾਮੁ ਚੇਤਿ, ਸੁਖੁ ਪਾਇਦਾ ’’ (ਮਹਲਾ /੧੦੬੨)  ਭਾਵ ਜੋ ਮਨੁੱਖ ਦਿਨ ਰਾਤ ਗੁਰੂ ਦੇ ਹੁਕਮ ਵਿਚ ਤੁਰਦਾ ਹੈ, ਹਰਿ-ਨਾਮ ਨੂੰ ਚੇਤੇ ਕਰਕੇ ਉਹ ਆਤਮਕ ਆਨੰਦ ਮਾਣਦਾ ਹੈ।

ਕੁਝ ਪ੍ਰਚਾਰਕ ਅਕਸਰ ਮਨਘੜਤ ਸਾਖੀ ਸੁਣਾਉਂਦੇ ਹਨ ਕਿ ‘ਸਿੱਖਾਂ ਨੇ ਗੁਰੂ ਅਰਜਨ ਸਾਹਿਬ ਜੀ ਨੂੰ ਬੇਨਤੀ ਕਰਦਿਆਂ ਪੁੱਛਿਆ ਕਿ ਮਹਾਰਾਜ ਜੀ  ! ਹਿੰਦੂ ਤਾਂ ਹਰ ਮਹੀਨੇ ਸੰਗਰਾਂਦ ਮਨਾ ਲੈਂਦੇ ਹਨ; ਸਿੱਖ ਕੀ ਕਰਨ ? ਸਿੱਖਾਂ ਦੀ ਇਹ ਬੇਨਤੀ ਸੁਣ ਕੇ ਗੁਰੂ ਸਾਹਿਬ ਜੀ ਨੇ ਮਾਝ ਰਾਗੁ ’ਚ ਬਾਰਹ ਮਾਹ ਦੀ ਬਾਣੀ ਉਚਾਰਨ ਕੀਤੀ ਅਤੇ ਹੁਕਮ ਕੀਤਾ ਤੁਸੀਂ ਸੰਗਰਾਂਦ ਵਾਲੇ ਦਿਨ ਇਸ ਬਾਣੀ ਦਾ ਪਾਠ ਕਰਕੇ ਸੰਗਰਾਂਦ ਮਨਾ ਲਿਆ ਕਰੋ।’ ਐਸੇ ਪ੍ਰਚਾਰਕ ਸੰਗਰਾਂਦ ਵਾਲ਼ੇ ਦਿਨ ਵਿਆਖਿਆ ਵੀ ਇਉਂ ਕਰਦੇ ਹਨ ਕਿ ਜਿਸ ਦਿਨ ਸੂਰਜ ਇੱਕ ਰਾਸ਼ੀ ’ਚੋਂ ਨਿਕਲ ਕੇ ਦੂਸਰੀ ਰਾਸ਼ੀ ’ਚ ਪ੍ਰਵੇਸ਼ ਕਰਦਾ ਹੈ, ਉਸ ਦਿਨ ਸੰਗਰਾਂਦ ਦਾ ਪਵਿੱਤਰ ਦਿਹਾੜਾ ਹੁੰਦਾ ਹੈ। ਵੈਸੇ ਸੁਣਾਈ ਜਾਂਦੀ ਇਹ ਸਾਖੀ ਮੂਲੋਂ ਹੀ ਮਨਘੜਤ ਅਤੇ ਗੁਰਮਤਿ ਵਿਰੁਧ ਹੈ ਕਿਉਂਕਿ ਗੁਰਬਾਣੀ ਅੰਦਰ ਸੰਗਰਾਂਦ ਤੇ ਰਾਸ਼ੀਆਂ ਦੇ ਨਾਮ ਦਰਜ ਨਹੀਂ ਹਨ ਅਤੇ ਨਾ ਹੀ ਕਿਸੇ ਖ਼ਾਸ ਦਿਨ ਨੂੰ ਪਵਿਤਰ ਜਾਂ ਅਪਵਿਤਰ ਯਾਨੀ ਮਾੜਾ ਮੰਨਿਆ ਗਿਆ ਹੈ। ਗੁਰੂ ਸਾਹਿਬ ਜੀ ਨੇ ਤਾਂ ਉਸ ਦਿਨ ਨੂੰ ਹੀ ਚੰਗਾ ਕਿਹਾ ਜਿਸ ਦਿਨ ਪ੍ਰਭੂ ਦੀ ਯਾਦ ਚੇਤੇ ਰਹੇ ਅਤੇ ਜਿਸ ਦਿਨ ਵਿਸਰ ਜਾਵੇ ਉਹੀ ਫਿਟਕਾਰਯੋਗ ਹੈ; ਜਿਵੇਂ ਕਿ ਵਾਕ ਹੈ ‘‘ਨਾਨਕ ! ਸੋਈ ਦਿਨਸੁ ਸੁਹਾਵੜਾ; ਜਿਤੁ, ਪ੍ਰਭੁ ਆਵੈ ਚਿਤਿ (’) ਜਿਤੁ ਦਿਨਿ ਵਿਸਰੈ ਪਾਰਬ੍ਰਹਮੁ; ਫਿਟੁ ਭਲੇਰੀ ਰੁਤਿ ’’ (ਮਹਲਾ /੩੧੮) ਅਤੇ ‘‘ਸੋਈ ਦਿਵਸੁ ਭਲਾ ਮੇਰੇ ਭਾਈ ! ਹਰਿ ਗੁਨ ਗਾਇ; ਪਰਮ ਗਤਿ ਪਾਈ ਰਹਾਉ ’’ (ਮਹਲਾ /੩੯੫)

ਜੇ ਬਾਰਹ ਮਾਹ ਦੀ ਬਾਣੀ ਕੇਵਲ ਸੰਗਰਾਂਦ ਮਾਨਉਣ ਲਈ ਹੁੰਦੀ ਤਾਂ ਬਾਰਹ ਮਾਹ ਤਾਂ ਪਹਿਲਾਂ ਹੀ ਤੁਖਾਰੀ ਰਾਗੁ ’ਚ ਗੁਰੂ ਨਾਨਕ ਸਾਹਿਬ ਜੀ ਨੇ ਉਚਾਰਨ ਕੀਤਾ ਹੋਇਆ ਸੀ, ਜੋ ਗੁਰੂ ਗ੍ਰੰਥ ਸਾਹਬਿ ਜੀ ਦੇ ਅੰਕ ੧੧੦੮ ’ਤੇ ਦਰਜ ਹੈ। ਦੂਸਰੀ ਗੱਲ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਤਾਂ ਭਗਤ ਕਬੀਰ ਸਾਹਿਬ ਜੀ ਅਤੇ ਗੁਰੂ ਅਮਰਦਾਸ ਜੀ ਨੇ ਦੋ ਬਾਣੀਆਂ ਹਫਤੇ ਦੇ ੭ ਦਿਨਾਂ ਦੇ ਨਾਮ ’ਤੇ ਸਤ ਵਾਰ ਉਚਾਰਨ ਕੀਤੀਆਂ ਅਤੇ ਚੰਦਰ ਮਹੀਨੇ ਦੀਆਂ ੧੫ ਥਿਤਾਂ ਦੇ ਨਾਮ ’ਤੇ ਤਿੰਨ ਬਾਣੀਆਂ – ਬਿਲਾਵਲੁ ਮਹਲਾ ੧ ਥਿਤੀ (ਅੰਕ ੮੩੯-੮੪੦), ਥਿਤੀ ਗਉੜੀ ਮਹਲਾ ੫ (ਅੰਕ ੨੯੬-੩੦੦) ਅਤੇ ਰਾਗੁ ਗਉੜੀ ਥਿਤੰੀ ਕਬੀਰ ਜੀ ਕੰੀ ॥ (ਅੰਕ ੩੪੩-੩੪੪), ਇਨ੍ਹਾਂ ਤਿੰਨਾਂ ਹੀ ਬਾਣੀਆਂ ’ਚ ਕਿਸੇ ਖ਼ਾਸ ਥਿਤ ਨੂੰ ਚੰਗਾ ਸਮਝ ਕੇ ਉਸ ਦਿਨ ਨੂੰ ਮਨਾਉਣ ਦੀ ਸਿੱਖਿਆ ਨਹੀਂ ਦਿੱਤੀ ਬਲਕਿ ਇਨ੍ਹਾਂ ਤਿਥਾਂ ਰਾਹੀਂ ਇੱਕ ਅਕਾਲ ਪੁਰਖ ਦੇ ਗੁਣਾਂ ਦਾ ਵਰਣਨ ਕੀਤਾ ਹੈ ਤਾਂ ਜੋ ਹਰੀ ਦੇ ਨਾਮ ਨਾਲ ਜੁੜਨ ਅਤੇ ਪ੍ਰਭੂ ਤੋਂ ਬਿਨਾਂ ਹੋਰ ਆਸਾਂ ਅਤੇ ਚੰਗੇ ਮਾੜੇ ਦਿਨਾਂ ਦੇ ਵਹਿਮਾਂ ਭਰਮਾਂ ਦਾ ਤਿਆਗ ਕਰਨ ਦਾ ਉਪਦੇਸ਼ ਦਿੱਤਾ ਹੈ ਜਿਵੇਂ ਕਿ ਬਾਬਾ ਕਬੀਰ ਜੀ ਸਮਝਾਉਂਦੇ ਹਨ ਕਿ ਚੰਦਰਮਾਂ ਦੀਆਂ ਘਟਦੀਆਂ ਵਧਦੀਆਂ ਕਲਾਵਾਂ ਨਾਲ ਬਣੀਆਂ ਥਿੱਤਾਂ, ਮੱਸਿਆ, ਪੂਰਨਮਾਸ਼ੀ ਆਦਿਕ ਨਾਲ ਜੋੜੇ ਹੋਏ ਕਰਮ-ਧਰਮ ਕਰ ਕੇ ਮਰਨ ਪਿੱਛੋਂ ਕਿਸੇ ਮੁਕਤੀ ਦੀ ਆਸ ਰੱਖਣ ਦੀ ਥਾਂ ਜਿਵੇਂ ਮੱਸਿਆ ਵਾਲੇ ਦਿਨ ਅਸਮਾਨ ’ਚ ਚੰਦਰਮਾ ਨਹੀਂ ਰਹਿੰਦਾ ਉਸੇ ਤਰ੍ਹਾਂ ਮਨ ’ਚੋਂ ਦੁਨਿਆਵੀ ਆਸ ਦੂਰ ਕਰੋ, ਘਟ ਘਟ ਦੀ ਜਾਣਨ ਵਾਲੇ ਸਰਬ-ਵਿਆਪਕ ਪਰਮਾਤਮਾ ਨੂੰ ਹਿਰਦੇ ਵਿਚ ਵਸਾਓ ਤਾਂ ਇਸੇ ਜਨਮ ਵਿਚ ਵਿਕਾਰਾਂ ਦੁੱਖਾਂ ਅਤੇ ਭਰਮਾਂ-ਵਹਿਮਾਂ ਤੋਂ ਖ਼ਲਾਸੀ ਹਾਸਲ ਕਰ ਲਵੋਗੇ ਤੁਹਾਡਾ ਨਿਰੋਲ ਆਪਣਾ ਸ੍ਰੇਸ਼ਟ ਅਸਲਾ ਮਘ ਪਏਗਾ, ਸਤਿਗੁਰੂ ਦਾ ਸ਼ਬਦ ਅਨੁਭਵੀ ਰੂਪ ਵਿਚ ਫੁਰੇਗਾ ‘‘ਅੰਮਾਵਸ ਮਹਿ ਆਸ ਨਿਵਾਰਹੁ ਅੰਤਰਜਾਮੀ ਰਾਮੁ ਸਮਾਰਹੁ ਜੀਵਤ ਪਾਵਹੁ ਮੋਖ ਦੁਆਰ ਅਨਭਉ ਸਬਦੁ; ਤਤੁ ਨਿਜੁ ਸਾਰ ’’ (ਥਿਤੀ ਭਗਤ ਕਬੀਰ ਜੀ/੩੪੩)

ਗੁਰੂ ਨਾਨਕ ਸਾਹਿਬ ਸਮਝਾਉਂਦੇ ਹਨ ਕਿ ਜਿਵੇਂ ਮੱਸਿਆ ਨੂੰ ਚੰਦ ਆਕਾਸ਼ ਵਿਚ ਗੁਪਤ ਰਹਿੰਦਾ ਹੈ ਤਿਵੇਂ ਪਰਮਾਤਮਾ ਹਰੇਕ ਦੇ ਹਿਰਦੇ ਵਿਚ ਗੁਪਤ ਵੱਸਦਾ ਹੈ। ਹੇ ਆਤਮਕ ਜੀਵਨ ਦੀ ਸੂਝ ਦੇ ਖੋਜੀ ਮਨੁੱਖ ! ਗੁਰੂ ਦੇ ਸ਼ਬਦ ਦੀ ਵੀਚਾਰ ਰਾਹੀਂ ਇਸ ਭੇਤ ਨੂੰ ਸਮਝ ਕਿ ਜਿਵੇਂ ਚੰਦ੍ਰਮਾ ਪੂਰਨਮਾਸੀ ਨੂੰ ਆਕਾਸ਼ ਵਿਚ ਹਰ ਪਾਸੇ ਚਾਨਣ ਦੇ ਰਿਹਾ ਹੈ, ਤਿਵੇਂ ਪਰਮਾਤਮਾ ਦੀ ਜੋਤਿ ਸਾਰੇ ਸੰਸਾਰ ਵਿਚ ਹੈ। ਉਹ ਕਰਤਾਰ ਆਪ ਹੀ ਸਭ ਜੀਵਾਂ ਨੂੰ ਪੈਦਾ ਕਰ ਕੇ ਸਭ ਦੀ ਸੰਭਾਲ ਕਰ ਰਿਹਾ ਹੈ। ਜਿਸ ਮਨੁੱਖ ਨੂੰ ਗੁਰੂ ਪਾਸੋਂ ਇਹ ਸੂਝ ਮਿਲ ਜਾਂਦੀ ਹੈ, ਉਹ, ਪਰਮਾਤਮਾ ਵਿਚ ਸਦਾ ਲੀਨ ਰਹਿੰਦਾ ਹੈ ਜਦਕਿ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਕੁਰਾਹੇ ਪੈ ਕੇ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ ‘‘ਅਮਾਵਸਿਆ, ਚੰਦੁ ਗੁਪਤੁ ਗੈਣਾਰਿ (ਅਕਾਸ਼) ਬੂਝਹੁ ਗਿਆਨੀ ਸਬਦੁ ਬੀਚਾਰਿ ਸਸੀਅਰੁ (ਚੰਦ) ਗਗਨਿ (’) ਜੋਤਿ ਤਿਹੁ ਲੋਈ ਕਰਿ ਕਰਿ ਵੇਖੈ ਕਰਤਾ ਸੋਈ ਗੁਰ ਤੇ ਦੀਸੈ; ਸੋ ਤਿਸ ਹੀ ਮਾਹਿ ਮਨਮੁਖਿ ਭੂਲੇ ਆਵਹਿ ਜਾਹਿ ੧੯’’ (ਥਿਤੀ ਮਹਲਾ /੮੪੦)

ਗੁਰੂ ਅਰਜਨ ਸਾਹਿਬ ਜੀ ਵੀ ਸਮਝਾਉਂਦੇ ਹਨ ਕਿ ਮੱਸਿਆ ਵਾਲ਼ੀ ਹਨ੍ਹੇਰੀ ਰਾਤ ਵਿੱਚ ਵੀ ਜੋ ਪਰਮਾਤਮਾ ਦੀ ਸੇਵਾ-ਭਗਤੀ ਵਿੱਚ ਜੁੜਦਾ ਹੈ। ਉਸ ਅੰਦਰ ਸੰਤੋਖ ਆ ਜਾਂਦਾ ਹੈ। ਹਿਰਦਾ ਖਿੜ ਜਾਂਦਾ ਹੈ। ਤਨ ਮਨ ਠੰਡਾ ਰਹਿੰਦਾ ਹੈ ਯਾਨੀ ਵਿਕਾਰਾਂ ਤੋਂ ਛੁਟਕਾਰਾ ਹੋ ਜਾਂਦਾ ਹੈ‘‘ਅਮਾਵਸ, ਆਤਮ ਸੁਖੀ ਭਏ; ਸੰਤੋਖੁ ਦੀਆ ਗੁਰਦੇਵ ਮਨੁ ਤਨੁ ਸੀਤਲੁ ਸਾਂਤਿ ਸਹਜ; ਲਾਗਾ ਪ੍ਰਭ ਕੀ ਸੇਵ ’’ (ਥਿਤੀ ਮਹਲਾ /੩੦੦)

ਸੋ ਉਕਤ ਤਿੰਨੇ ਹੀ ਬਾਣੀਕਾਰਾਂ ਵੱਲੋਂ ਉਚਾਰਨ ਕੀਤੀ ‘ਥਿਤੀ’ ਬਾਣੀ ਦੀ ਵੀਚਾਰ ਕਰਨ ਨਾਲ ਇਹ ਸਮਝ ਆਉਂਦੀ ਹੈ ਕਿ ਜਿਵੇਂ ਮੱਸਿਆ ਵਾਲੇ ਦਿਨ ਅਕਾਸ਼ ’ਚ ਚੰਦਰਮਾ ਵਿਖਾਈ ਨਹੀਂ ਦਿੰਦਾ, ਠੀਕ ਉਸੇ ਤਰ੍ਹਾਂ ਗੁਰੂ ਦੀ ਸਿੱਖਿਆ ਨਾਲ, ਰੱਬ ਦੀ ਸੇਵਾ ਭਗਤੀ ਕੀਤਿਆਂ ਮਨ ਦੀ ਭੈੜੀ ਮੱਤ ਅਤੇ ਹਉਮੈ ਖ਼ਤਮ ਹੋ ਜਾਂਦੀ ਹੈ। ਇਹੋ ਸਿੱਖਿਆ ਭਗਤ ਕਬੀਰ ਸਾਹਿਬ ਜੀ ਅਤੇ ਗੁਰੂ ਅਮਰਦਾਸ ਜੀ ਵੱਲੋਂ ‘ਸਤ ਵਾਰ’ ਦੇ ਨਾਮ ਹੇਠ ਉਚਾਰਨ ਕੀਤੀਆਂ ਬਾਣੀਆਂ ’ਚੋਂ ਮਿਲਦੀ ਹੈ; ਜਿਵੇਂ ਕਿ

‘‘ਆਦਿਤ ਕਰੈ ਭਗਤਿ ਆਰੰਭ ਕਾਇਆ ਮੰਦਰ ਮਨਸਾ ਥੰਭ ਅਹਿਨਿਸਿ ਅਖੰਡ ਸੁਰਹੀ ਜਾਇ ਤਉ ਅਨਹਦ ਬੇਣੁ ਸਹਜ ਮਹਿ ਬਾਇ ’’ (ਸਤ ਵਾਰ ਭਗਤ ਕਬੀਰ ਜੀ/੩੪੪) ਭਾਵ ਜੇ ਕੋਈ; ਐਤਵਾਰ (ਹਫਤੇ ਦੇ ਪਹਿਲੇ ਹੀ) ਦਿਨ ਤੋਂ ਹਰੀ ਦੇ ਗੁਣ ਗਾਉਣੇ ਆਰੰਭ ਕਰਦਾ ਹੈ ਤਾਂ ਇਹ ਭਗਤੀ ਉਸ ਦੇ ਸਰੀਰ-ਘਰ ਅੰਦਰ ਥੰਮ੍ਹੀ ਦਾ ਕੰਮ ਕਰਦੀ ਹੈ, ਉਸ ਦੇ ਮਨ ਨੂੰ ਸਹਾਰਾ ਦੇਂਦੀ ਹੈ ਭਾਵ ਉਸ ਦੇ ਗਿਆਨ-ਇੰਦ੍ਰੇ ਇਧਰ ਓਧਰ ਭਟਕਣੋਂ ਹਟ ਜਾਂਦੇ ਹਨ। ਭਗਤੀ ਨਾਲ ਸੁਗੰਧਤ ਹੋਈ ਉਸ ਦੀ ਸੁਰਤ ਦਿਨ ਰਾਤ ਪ੍ਰਭੂ-ਚਰਨਾਂ ਨਾਲ਼ ਜੁੜੀ ਰਹਿੰਦੀ ਹੈ। ਇਸ ਅਡੋਲਤਾ ਕਾਰਨ ਮਨ ਦੇ ਅੰਦਰ ਮਾਨੋ ਇੱਕ-ਰਸ ਬੰਸਰੀ ਵੱਜਦੀ ਹੈ। (ਨੋਟ: ਹਫਤੇ ਦੇ ਪਹਿਲੇ ਦਿਨ ਤੋਂ ਇਹ ਭਾਵ ਨਹੀਂ ਕਿ ਜੇ ਦੂਸਰੇ ਜਾਂ ਤੀਸਰੇ ਦਿਨ ਤੋਂ ਪ੍ਰਭੂ ਦੇ ਗੁਣ ਗਾਉਣੇ ਸ਼ੁਰੂ ਕੀਤੇ ਜਾਣ ਤਾਂ ਉਸ ਦਾ ਲਾਭ ਨਹੀਂ ਹੁੰਦਾ ਬਲਕਿ ਇਹ ਮਤਲਬ ਇਹ ਹੈ ਕਿ ਜਦੋਂ ਸੋਝੀ ਆ ਜਾਵੇ ਉਸੇ ਸਮੇਂ ਹਰੀ ਦੇ ਗੁਣ ਗਾਉਣੇ ਸ਼ੁਰੂ ਕਰ ਦੇਣੇ ਚਾਹੀਦੇ ਹਨ। ਕਿਸੇ ਖ਼ਾਸ ਦਿਨ ਦੀ ਉਡੀਕ ਨਹੀਂ ਕਰਨੀ ਚਾਹੀਦੀ।

‘‘ਆਦਿਤ ਵਾਰਿ ਆਦਿ ਪੁਰਖੁ ਹੈ ਸੋਈ ਆਪੇ ਵਰਤੈ ਅਵਰੁ ਕੋਈ ਓਤਿ ਪੋਤਿ ਜਗੁ ਰਹਿਆ ਪਰੋਈ ਆਪੇ ਕਰਤਾ ਕਰੈ, ਸੁ ਹੋਈ ਨਾਮਿ ਰਤੇ, ਸਦਾ ਸੁਖੁ ਹੋਈ ਗੁਰਮੁਖਿ ਵਿਰਲਾ ਬੂਝੈ ਕੋਈ ’’ (ਸਤ ਵਾਰ ਮਹਲਾ /੮੪੧) ਭਾਵ ਹਫ਼ਤੇ ਦੇ ਅਰੰਭਕ ਦਿਨ ਐਤਵਾਰ ਵਾਙ ਸਾਰੇ ਜਗਤ ਦਾ ਅਰੰਭਕ ਮੂਲ ਅਕਾਲ ਪੁਰਖ ਹੈ, ਜੋ ਹਰ ਥਾਂ ਵਿਆਪਕ ਹੈ। ਉਸ ਤੋਂ ਇਲਾਵਾ ਹੋਰ ਕੋਈ ਨਹੀਂ। ਉਹ ਪਰਮਾਤਮਾ ਸਾਰੇ ਜਗਤ ਨੂੰ ਤਾਣੇ ਪੇਟੇ ਵਾਂਗ ਆਪਣੀ ਰਜ਼ਾ ਵਿਚ ਪ੍ਰੋ ਰੱਖਦਾ ਹੈ। ਜਗਤ ਵਿਚ ਉਹੀ ਵਾਪਰਦਾ ਹੈ ਜੋ ਕਰਤਾਰ ਆਪ ਚਾਹੁੰਦਾ ਹੈ। ਉਸ ਦੇ ਨਾਮ ਵਿਚ ਰੰਗੇ ਹੋਏ ਮਨੁੱਖ; ਸਦਾ ਆਨੰਦ ਮਾਣਦੇ ਹਨ ਭਾਵੇਂ ਕਿ ਗੁਰੂ ਦੇ ਸਨਮੁਖ ਰਹਿਣ ਵਾਲਾ ਐਸਾ ਕੋਈ ਵਿਰਲਾ ਹੀ ਮਨੁੱਖ ਹੁੰਦਾ ਹੈ, ਜੋ ਇਹ ਰਾਜ਼ ਸਮਝਦਾ ਹੈ।

‘‘ਸੋਮਵਾਰਿ ਸਸਿ ਅੰਮ੍ਰਿਤੁ ਝਰੈ ਚਾਖਤ ਬੇਗਿ ਸਗਲ ਬਿਖ ਹਰੈ ਬਾਣੀ ਰੋਕਿਆ ਰਹੈ ਦੁਆਰ ਤਉ ਮਨੁ ਮਤਵਾਰੋ ਪੀਵਨਹਾਰ ’’ (ਸਤ ਵਾਰ ਭਗਤ ਕਬੀਰ ਜੀ/੩੪੪) ਭਾਵ ਹਫ਼ਤੇ ਦੇ ਪਹਿਲੇ ਹੀ ਦਿਨ ਐਤਵਾਰ ਤੋਂ ਹਰਿ ਕੇ ਗੁਨ ਗਾਉਣ ਦੀ ਕਿਰਿਆ ਜੇ ਜਾਰੀ ਰਹੇ ਤਾਂ ਦੂਸਰੇ ਦਿਨ ਸੋਮਵਾਰ (ਆਦਿਕ ਨੂੰ ਵੀ ਸ਼ਾਂਤੀ ਠੰਢ ਦਾ ਅੰਮ੍ਰਿਤ ਵਰ੍ਹਦਾ ਹੈ, ਇਹ ਅੰਮ੍ਰਿਤ) ਚੱਖਣ ਨਾਲ ਮਨ ਦੇ ਵਿਕਾਰ ਦੂਰ ਹੋ ਜਾਂਦੇ ਹਨ, ਸਤਿਗੁਰੂ ਦੀ ਬਾਣੀ ਨਾਲ ਮਨੁੱਖ ਦਾ ਵਿਕਾਰਾਂ ਵੱਲੋਂ ਰੋਕਿਆ ਮਨ ਪ੍ਰਭੂ ਦੇ ਦਰ ’ਤੇ ਟਿਕਿਆ ਰਹਿੰਦਾ ਹੈ ਅਤੇ ਰੱਬੀ ਰੰਗ ਵਿੱਚ ਮਸਤ ਹੋਇਆ ਮਨ ਸਹਿਜੇ ਸਹਿਜੇ ਅੰਮ੍ਰਿਤ ਪੀਂਦਾ ਹੈ।

‘‘ਸੋਮਵਾਰਿ ਸਚਿ ਰਹਿਆ ਸਮਾਇ ਤਿਸ ਕੀ ਕੀਮਤਿ ਕਹੀ ਜਾਇ ਆਖਿ ਆਖਿ ਰਹੇ; ਸਭਿ ਲਿਵ ਲਾਇ ਜਿਸੁ ਦੇਵੈ ਤਿਸੁ ਪਲੈ ਪਾਇ ਅਗਮ ਅਗੋਚਰੁ; ਲਖਿਆ ਜਾਇ ਗੁਰ ਕੈ ਸਬਦਿ ਹਰਿ ਰਹਿਆ ਸਮਾਇ ’’ (ਸਤ ਵਾਰ ਮਹਲਾ /੮੪੧) ਭਾਵ ਜਿਹੜਾ ਮਨੁੱਖ ਐਤਵਾਰ, ਸੋਮਵਾਰ ਆਦਿ ਨੂੰ ਭਾਵ ਹਰ ਦਿਨ ਗੁਰੂ ਉਪਦੇਸ਼ ਰਾਹੀਂ ਸਦਾ ਥਿਰ ਪਰਮਾਤਮਾ ਦੀ ਯਾਦ ਵਿਚ ਲੀਨ ਰਹਿੰਦਾ ਹੈ ਉਸ ਦਾ ਆਤਮਕ ਜੀਵਨ ਇੰਨਾ ਉੱਚਾ ਹੋ ਜਾਂਦਾ ਹੈ, ਜਿਸ ਦਾ ਮੁੱਲ ਨਹੀਂ ਪੈ ਸਕਦਾ, ਪਰ ਇਹ ਦਾਤਿ ਹਰ ਇੱਕ ਨੂੰ ਨਸੀਬ ਨਹੀਂ ਹੁੰਦੀ। ਕੇਵਲ ਉਸੇ ਨੂੰ ਪ੍ਰਾਪਤ ਹੁੰਦੀ ਹੈ, ਜਿਸ ਨੂੰ ਪਰਮਾਤਮਾ ਆਪ ਦੇਂਦਾ ਹੈ। ਪਰਮਾਤਮਾ ਅਪਹੁੰਚ ਹੈ, ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਉਸ ਦਾ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ। ਗੁਰੂ ਦੇ ਸ਼ਬਦ ਨਾਲ਼ ਮਨੁੱਖ; ਪਰਮਾਤਮਾ ਵਿਚ ਲੀਨ ਰਹਿ ਸਕਦਾ ਹੈ।

ਸੋ ਉਕਤ ਵੀਚਾਰ ਤੋਂ ਮਾਲੂਮ ਹੁੰਦਾ ਹੈ ਕਿ ਗੁਰਬਾਣੀ ਕਿਸੇ ਖ਼ਾਸ ਤਿਥ ਜਾਂ ਖ਼ਾਸ ਦਿਨ ਨੂੰ ਚੰਗਾ ਜਾਂ ਮਾੜਾ ਨਹੀਂ ਮੰਨਦੀ ਬਲਕਿ ਇਨ੍ਹਾਂ ਦੀ ਟੇਕ ਲੈ ਕੇ ਅਸਲ ਮਨੋਰਥ ਨੂੰ ਸਮਝਣਾ ਹੈ। ਬੇਲੋੜੀਆਂ ਇਛਾਵਾਂ ਨੂੰ ਸਕੋਚ ਕੇ ਪ੍ਰਭੂ ਦੀ ਯਾਦ ਵਿੱਚ ਜੁੜਨਾ ਹੈ। ਇਹੀ ਜ਼ਿੰਦਗੀ ਦਾ ਅਸਲ ਲਾਹਾ ਹੈ। ਖ਼ਾਸ ਥਿਤਾਂ ਜਾਂ ਖ਼ਾਸ ਦਿਨਾਂ ਨੂੰ ਮਹੱਤਵ ਦੇਣ ਵਾਲ਼ਿਆਂ ਨੂੰ ਤਾਂ ਸਤਿਗੁਰੂ ਜੀ ਮੁਗਧ ਗਵਾਰ ਕਹਿੰਦੇ ਹਨ ‘‘ਸਤਿਗੁਰ ਬਾਝਹੁ ਅੰਧੁ ਗੁਬਾਰੁ ਥਿਤੀ ਵਾਰ ਸੇਵਹਿ ਮੁਗਧ ਗਵਾਰ ’’ (ਸਤ ਵਾਰ ਮਹਲਾ /੮੪੩)

ਉਕਤ ਗੁਰਬਾਣੀ ਸਿਧਾਂਤ ਦੀ ਵੀਚਾਰ ਤੋਂ ਬਾਅਦ ਸਾਫ਼ ਹੈ ਕਿ ਗੁਰੂ ਅਰਜਨ ਸਾਹਿਬ ਜੀ ਨੇ ਬਾਰਹ ਮਾਹਾ ਦੀ ਬਾਣੀ ਕਿਸੇ ਸੰਗਰਾਂਦ ਦੇ ਦਿਹਾੜੇ ਨੂੰ ਪਵਿੱਤਰ ਸਮਝ ਕੇ ਉਚਾਰਨ ਨਹੀਂ ਕੀਤੀ ਬਲਕਿ ਪੂਰੇ ਮਹੀਨਿਆਂ ਸਮੇਂ ਕੁਦਰਤੀ ਮੌਸਮ ਅਨੁਸਾਰ ਬਦਲਦੀਆਂ ਰੁੱਤਾਂ ਦਾ ਹਰ ਜੀਵਨ ਅਤੇ ਬਨਸਪਤੀ ’ਤੇ ਪੈਂਦੇ ਪ੍ਰਭਾਵ ਨੂੰ ਮਿਸਾਲ ਵਜੋਂ ਲਿਆ ਗਿਆ ਹੈ। ਸਰੀਰ ਉੱਤੇ ਪੈਂਦੇ ਇਸ ਮੌਸਮੀ ਪ੍ਰਭਾਵ ਵਾਙ ਹੀ ਪ੍ਰਭੂ ਦਾ ਨਾਮ ਜਪਦਿਆਂ ਅੰਦਰੂਨੀ ਆਤਮਾ, ਰੂਹ ਆਦਿ ਨੂੰ ਠੰਢਕ ਮਿਲਦੀ ਹੈ। ਦੋਵੇਂ ਬਾਰਹ ਮਾਹਾਂ ਵਿੱਚ ਦਰਜ ‘ਚੇਤ’ ਮਹੀਨੇ ਰਾਹੀਂ ਗੁਰੂ ਨਾਨਕ ਸਾਹਿਬ ਅਤੇ ਗੁਰੂ ਅਰਜਨ ਸਾਹਿਬ ਜੀ ਨੇ ਮਾਨਵਤਾ ਲਈ ਦਿੱਤੇ ਸੰਦੇਸ਼ ਨੂੰ ਹੇਠਾਂ ਸੰਖੇਪ ਮਾਤਰ ਵਿਚਾਰਿਆ ਗਿਆ ਹੈ। ਪਹਿਲਾਂ ਗੁਰੂ ਅਰਜਨ ਸਾਹਿਬ ਜੀ ਦੇ ਬਚਨ ਹਨ :

ਚੇਤਿ, ਗੋਵਿੰਦੁ ਅਰਾਧੀਐ; ਹੋਵੈ ਅਨੰਦੁ ਘਣਾ ॥ ਸੰਤ ਜਨਾ ਮਿਲਿ ਪਾਈਐ; ਰਸਨਾ ਨਾਮੁ ਭਣਾ ॥

ਅਰਥ : ਚੇਤ ਮਹੀਨੇ ਵਿਚ ਬਸੰਤ ਰੁੱਤ ਆਉਂਦੀ ਹੈ, ਜਿਸ ਨਾਲ਼ ਹਰ ਪਾਸੇ ਖਿੜੀ ਫੁਲਵਾੜੀ ਮਨ ਨੂੰ ਖ਼ੁਸ਼ ਕਰ ਦਿੰਦੀ ਹੈ; ਇਉਂ ਅੰਦਰੂਨੀ ਆਨੰਦ ਤਾਂ ਮਿਲਦਾ ਹੈ ਜੇਕਰ ਇਸ ਮਹੀਨੇ ਪਰਮਾਤਮਾ ਨੂੰ ਰਸਨਾ ਨਾਲ਼ ਜਪੀਏ, ਪਰ ਇਹ ਯੁਕਤੀ ਸਤਿ ਸੰਗੀਆਂ ਨੂੰ ਮਿਲ ਕੇ ਪ੍ਰਾਪਤ ਹੁੰਦੀ ਹੈ।

 ਜਿਨਿ ਪਾਇਆ ਪ੍ਰਭੁ ਆਪਣਾ; ਆਏ ਤਿਸਹਿ ਗਣਾ ॥ ਇਕੁ ਖਿਨੁ ਤਿਸੁ ਬਿਨੁ ਜੀਵਣਾ; ਬਿਰਥਾ ਜਨਮੁ ਜਣਾ ॥

ਅਰਥ : ਉਸ ਨੂੰ ਹੀ ਜਗਤ ਵਿਚ ਜੰਮਿਆ ਜਾਣੋ (ਉਸੇ ਦਾ ਜਨਮ ਸਫਲਾ ਸਮਝੋ) ਜਿਸ ਨੇ ਸਿਮਰਨ ਨਾਲ਼ ਆਪਣੇ ਪਰਮਾਤਮਾ ਦਾ ਮਿਲਾਪ ਹਾਸਲ ਕਰ ਲਿਆ। ਉਸ ਨੂੰ ਮਹਿਸੂਸ ਹੋਣ ਲੱਗਦਾ ਹੈ ਕਿ ਰੱਬ ਦੀ ਯਾਦ ਤੋਂ ਬਿਨਾ ਇਕ ਖਿਨ ਮਾਤ੍ਰ ਸਮਾ ਗੁਜ਼ਾਰਿਆਂ ਭੀ ਜ਼ਿੰਦਗੀ ਵਿਅਰਥ ਬੀਤ ਗਈ।

ਜਲਿ ਥਲਿ ਮਹੀਅਲਿ ਪੂਰਿਆ; ਰਵਿਆ ਵਿਚਿ ਵਣਾ ॥ ਸੋ ਪ੍ਰਭੁ ਚਿਤਿ ਨ ਆਵਈ; ਕਿਤੜਾ ਦੁਖੁ ਗਣਾ ॥

ਅਰਥ : ਉਹ ਪ੍ਰਭੂ ਪਾਣੀ ਵਿਚ, ਧਰਤੀ ਵਿਚ, ਅਕਾਸ਼ ਵਿਚ, ਜੰਗਲਾਂ ਵਿਚ ਯਾਨੀ ਕਿ ਹਰ ਥਾਂ ਵਿਆਪਕ ਹੈ, ਫਿਰ ਭੀ ਜੇਕਰ ਕਿਸੇ ਦੇ ਹਿਰਦੇ ਵਿਚ ਨਾ ਆਵੇ ਤਾਂ ਉਸ ਦੀ ਦੁਖਦਾਈ ਮਾਨਸਿਕ ਪੀੜਾ ਬਿਆਨ ਨਹੀਂ ਕੀਤੀ ਜਾ ਸਕਦੀ।

ਜਿਨੀ ਰਾਵਿਆ ਸੋ ਪ੍ਰਭੂ; ਤਿੰਨਾ ਭਾਗੁ ਮਣਾ ॥ ਹਰਿ ਦਰਸਨ ਕੰਉ ਮਨੁ ਲੋਚਦਾ; ਨਾਨਕ  ! ਪਿਆਸ ਮਨਾ ॥ ਚੇਤਿ, ਮਿਲਾਏ ਸੋ ਪ੍ਰਭੂ; ਤਿਸ ਕੈ ਪਾਇ ਲਗਾ ॥੨॥’’ (ਬਾਰਹਮਾਹਾ ਮਹਲਾ ੫/੧੩੩)

ਅਰਥ : ਜਿਨ੍ਹਾਂ ਨੇ ਐਸਾ ਸਰਬ ਵਿਆਪਕ ਪ੍ਰਭੂ ਆਪਣੇ ਹਿਰਦੇ ਵਿਚ ਵਸਾਇਆ ਹੈ, ਉਹਨਾਂ ਦੇ ਵੱਡੇ ਭਾਗ ਹਨ। ਗੁਰੂ ਸਾਹਿਬ ਜੀ ਆਪਣੇ ’ਤੇ ਢੁਕਾਅ ਕੇ ਮਿਸਾਲ ਦਿੰਦੇ ਹਨ ਕਿ ਨਾਨਕ ਦਾ ਮਨ ਐਸੇ ਹਰੀ ਦੇ ਦੀਦਾਰ ਨੂੰ ਤਾਂਘਦਾ ਹੈ। ਮਨ ਵਿਚ ਐਸੇ ਹਰੀ-ਦਰਸ਼ਨ ਦੀ ਪਿਆਸ ਸਦਾ ਬਣੀ ਰਹਿੰਦੀ ਹੈ।

ਹੇਠਾਂ ਗੁਰੂ ਨਾਨਕ ਸਾਹਿਬ ਜੀ ਦੁਆਰਾ ‘ਚੇਤ’ ਮਹੀਨੇ ਰਾਹੀਂ ਦਿੱਤੇ ਸੰਦੇਸ਼ ਦੀ ਸੰਖੇਪ ਵਿਚਾਰ ਹੈ :

‘‘ਚੇਤੁ ਬਸੰਤੁ ਭਲਾ; ਭਵਰ ਸੁਹਾਵੜੇ ॥ ਬਨ ਫੂਲੇ ਮੰਝ ਬਾਰਿ; ਮੈ ਪਿਰੁ, ਘਰਿ ਬਾਹੁੜੈ ॥

ਅਰਥ : ਚੇਤ ਯਾਨੀ ਬਸੰਤ ਦਾ ਮੌਸਮ ਪਿਆਰਾ ਲੱਗਦਾ ਹੈ। (ਇਸ ਮਹੀਨੇ) ਖੁਲ੍ਹੀ ਜੂਹ ਵਿਚ ਬਨਸਪਤੀ ਨੂੰ ਫੁੱਲ ਲੱਗ ਪੈਂਦੇ ਹਨ ਤੇ ਫੁੱਲਾਂ ਉੱਤੇ ਬੈਠੇ ਭਵਰੇ (ਭੌਰੇ) ਸੋਹਣੇ ਲੱਗਦੇ ਹਨ; ਇਉਂ ਹੀ ਮੇਰੇ ਹਿਰਦੇ ਦਾ ਕੌਲ-ਫੁੱਲ ਖਿੜ ਸਕਦਾ ਹੈ, ਜੇਕਰ ਮੇਰਾ ਪਤੀ-ਪ੍ਰਭੂ ਹਿਰਦੇ-ਘਰ ਵਿਚ ਆ ਵੱਸੇ।

ਪਿਰੁ ਘਰਿ ਨਹੀ ਆਵੈ, ਧਨ ਕਿਉ ਸੁਖੁ ਪਾਵੈ; ਬਿਰਹਿ ਬਿਰੋਧ ਤਨੁ ਛੀਜੈ ॥ ਕੋਕਿਲ ਅੰਬਿ ਸੁਹਾਵੀ ਬੋਲੈ; ਕਿਉ ਦੁਖੁ ਅੰਕਿ ਸਹੀਜੈ ॥

ਅਰਥ : ਉਸ ਜੀਵ-ਇਸਤ੍ਰੀ ਨੂੰ ਆਤਮਕ ਆਨੰਦ ਨਹੀਂ ਆ ਸਕਦਾ, ਜਿਸ ਦਾ ਪ੍ਰਭੂ-ਪਤੀ ਹਿਰਦੇ-ਘਰ ਵਿਚ ਨਾ ਹੋਵੇ। ਪ੍ਰਭੂ-ਪਤੀ ਦੇ ਵਿਛੋੜੇ ਕਾਰਨ ਉਸ ਦਾ ਸਰੀਰ (ਕਾਮਾਦਿਕ ਵੈਰੀਆਂ ਦੇ) ਹੱਲਿਆਂ ਨਾਲ ਕਮਜ਼ੋਰ ਹੋ ਜਾਂਦਾ ਹੈ ਭਾਵੇਂ ਕਿ (ਚੇਤ ਮਹੀਨੇ ’ਚ) ਕੋਇਲ ਅੰਬ ਦੇ ਰੁੱਖ ਉੱਤੇ ਮਿੱਠੇ ਬੋਲ ਬੋਲਦੀ ਪਈ ਹੈ ਪਰ ਪ੍ਰਭੂ ਤੋਂ ਵਿਛੜੀ ਰੂਹ ਨੂੰ ਇਹ ਬੋਲ ਮਿੱਠੇ ਨਹੀਂ ਲੱਗਦੇ, ਚੋਭਵੇਂ ਦੁਖਦਾਈ ਲੱਗਦੇ ਹਨ। ਇਹ ਦੁੱਖ ਉਸ ਤੋਂ ਸਹਾਰਿਆ ਨਹੀਂ ਜਾਂਦਾ।

ਭਵਰੁ ਭਵੰਤਾ ਫੂਲੀ ਡਾਲੀ; ਕਿਉ ਜੀਵਾ ਮਰੁ ਮਾਏ ॥ ਨਾਨਕ  ! ਚੇਤਿ ਸਹਜਿ ਸੁਖੁ ਪਾਵੈ; ਜੇ ਹਰਿ ਵਰੁ ਘਰਿ ਧਨ ਪਾਏ ॥੫॥’’ (ਬਾਰਹਮਾਹਾ ਮਹਲਾ ੧/੧੧੦੮)

ਅਰਥ : ਮਨ-ਭੌਰਾ ਅੰਦਰਲੀ ਰੂਹਾਨੀਅਤ ਖ਼ੁਰਾਕ ਨੂੰ ਛੱਡ ਕੇ ਦੁਨਿਆਵੀ ਰੰਗ-ਤਮਾਸ਼ਿਆਂ ਰੂਪ ਫੁੱਲਾਂ, ਡਾਲੀਆਂ ਉੱਤੇ ਭਟਕਦਾ ਰਹਿੰਦਾ ਹੈ। ਇਹ ਆਤਮਕ ਜੀਵਨ ਨਹੀਂ ਸਗੋਂ ਰੂਹਨੀਅਤ ਮੌਤ ਹੈ। ਜੇ ਜੀਵ-ਇਸਤ੍ਰੀ ਹਿਰਦੇ-ਘਰ ’ਚੋਂ ਹੀ ਪ੍ਰਭੂ-ਪਤੀ ਨੂੰ ਲੱਭ ਲਏ ਤਾਂ ਚੇਤ ਮਹੀਨੇ ਵਿਚ (ਬਸੰਤ ਦੇ ਬਾਹਰੀ ਮੌਸਮ ਵਾਙ) ਅਡੋਲਤਾ ਵਿਚ ਟਿਕ ਕੇ ਆਤਮਕ ਆਨੰਦ ਮਾਣ ਸਕਦੀ ਹੈ।

ਸੋ ਉਕਤ ਦੋਵੇਂ ਬਾਰਹ ਮਾਹਾਂ ਦੇ ਕੇਵਲ ‘ਚੇਤ’ ਮਹੀਨੇ ਦੀ ਵੀਚਾਰ ਕਰਦਿਆਂ ਹੀ ਸਪਸ਼ਟ ਹੋ ਗਿਆ ਹੈ ਗੁਰਬਾਣੀ ਸਿਧਾਂਤ; ਚੇਤ ਮਹੀਨੇ ਦੀ ਉਸ ਅਖੌਤੀ ਸੰਗਰਾਂਦ ਨੂੰ ਪਵਿੱਤਰ ਨਹੀਂ ਮੰਨਦਾ, ਜਿਸ ਦਿਨ ਸੂਰਜ; ਮੀਨ ਰਾਸ਼ੀ ’ਚ ਪ੍ਰਵੇਸ਼ ਕਰਦਾ ਹੈ ਭਾਵੇਂ ਕਿ ਕੁੱਝ ਸਿੱਖ ਪ੍ਰਚਾਰਕ ਚੇਤ ਮਹੀਨੇ ਦਾ ਸ਼ਬਦ ਸੁਣਾਉਂਦਿਆਂ ਸੰਗਰਾਂਦ ਨੂੰ ਪਵਿੱਤਰ ਦਿਹਾੜਾ ਕਹੀ ਜਾਣ। ਸਿੱਖਾਂ ਵੱਲੋਂ ਆਮ ਦਿਨਾਂ ਨੂੰ ਵਿਸ਼ੇਸ਼ ਦਿਨ ਬਣਾ ਬਣਾ ਸਜਾਏ ਜਾਂਦੇ ਦੀਵਾਨ ਗੁਰਮਤਿ ਦੇ ਅਸਲ ਸੰਦੇਸ਼ ਤੋਂ ਦੂਰ ਕਰਦੇ ਹਨ। ਕੁੱਝ ਡੇਰਿਆਂ ਅੰਦਰ ਤਾਂ ਲਗਾਤਾਰ ਪੰਜ ਮੱਸਿਆ; ਫਲਾਣੇ ਸਰੋਵਰ ’ਚ ਇਸ਼ਨਾਨ ਕਰਨ ਨਾਲ਼ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ, ਬਾਰੇ ਵੀ ਕਹਿੰਦੇ ਰਹਿੰਦੇ ਹਨ। ਜੇ ਸੋਮਵਾਰ ਵਾਲੇ ਦਿਨ ਮੱਸਿਆ ਆ ਜਾਵੇ ਤਾਂ ਸੋਨੇ ’ਤੇ ਸੁਹਾਗਾ। ਇਸੇ ਤਰ੍ਹਾਂ ਮਾਘ ਦੇ ਮਹੀਨੇ ਦੀ ਸੰਗਰਾਂਦ ਨੂੰ ਇਸ਼ਨਾਨ ਕਰਨ ਦੇ ਵਿਸ਼ੇਸ਼ ਲਾਭ ਦੱਸੇ ਜਾਂਦੇ ਹਨ। ਇਸ ਨੂੰ ਗੁਰਮਤਿ ਨਹੀਂ ਬਲਕਿ ਹਿੰਦੂ ਗ੍ਰੰਥਾਂ ਦੀ ਸਿੱਖਿਆ ਕਹਿਣਾ ਬਣਦਾ ਹੈ। ਜੇਕਰ ਇਸ ਸਮਾਜਿਕ ਭਰਮ ਵਿੱਚ ਇਕੱਠੀ ਹੁੰਦੀ ਸੰਗਤ ਨੂੰ ਸਹੀ ਗੁਰਮਤਿ ਸੇਧ ਦੇਣ ਦਾ ਉਪਰਾਲਾ ਕੀਤਾ ਜਾਵੇ ਤਾਂ ਐਸੇ ਅਖੌਤੀ ਦਿਹਾੜੇ ਵੀ ਸਾਰਥਿਕ ਲਾਭ ਦੇਣ ਵਿੱਚ ਤਬਦੀਲ ਹੋ ਸਕਦੇ ਹਨ।

ਅਗਲੀ ਵਾਰ ਵੈਸਾਖ ਮਹੀਨੇ ਰਾਹੀਂ ਦਿੱਤੇ ਗੁਰਮਤਿ ਸੰਦੇਸ਼ ਦੀ ਵਿਚਾਰ ਕਰਨ ਦਾ ਯਤਨ ਕੀਤਾ ਜਾਏਗਾ, ਜੀ।