ਯਾਦਦਾਸ਼ਤ ਤੇਜ਼ ਕਰਨ ਦਾ ਢੰਗ

0
61

ਯਾਦਦਾਸ਼ਤ ਤੇਜ਼ ਕਰਨ ਦਾ ਢੰਗ

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ, 28,

ਪ੍ਰੀਤ ਨਗਰ, ਲੋਅਰ ਮਾਲ ਪਟਿਆਲਾ। ਫੋਨ ਨੰ: 0175-2216783

ਹਾਵਰਡ ਯੂਨੀਵਰਸਿਟੀ ਲਗਾਤਾਰ ਨਵੀਆਂ ਖੋਜਾਂ ਵਿਚ ਜੁਟੀ ਰਹਿੰਦੀ ਹੈ। ਇਹ ਜਾਣੀ ਬੁੱਝੀ ਗੱਲ ਹੈ ਕਿ ਉਮਰ ਵਧਣ ਨਾਲ ਯਾਦਦਾਸ਼ਤ ਘਟਦੀ ਹੈ। ਕਈਆਂ ਦੀ ਤਾਂ ਪੂਰੀ ਤਰ੍ਹਾਂ ਹੀ ਚਲੀ ਜਾਂਦੀ ਹੈ। ਲੋਕ ਅਜਿਹਿਆਂ ਨੂੰ ਸੱਤਰਿਆ-ਬਹੱਤਰਿਆ ਕਹਿ ਦਿੰਦੇ ਹਨ।

ਆਪੋ ਆਪਣੇ ਕੰਮਾਂ ਵਿਚ ਰੁੱਝੇ ਬਹੁਤ ਲੋਕ ਨਾਵਾਂ ਨੂੰ ਭੁੱਲਣ ਲੱਗ ਜਾਂਦੇ ਹਨ ਜਾਂ ਲਿਸਟਾਂ ਵਿਚਲੇ ਕੰਮ ਕਰਨੇ ਭੁੱਲ ਜਾਂਦੇ ਹਨ। ਉਨ੍ਹਾਂ ਲਈ ਇਹ ਜਾਣਕਾਰੀ ਫ਼ਾਇਦੇਮੰਦ ਸਾਬਤ ਹੋ ਸਕਦੀ ਹੈ।

ਮਨੁੱਖੀ ਮਨ ਯਾਦਾਂ ਨੂੰ ਤਿੰਨ ਸਟੇਜਾਂ ਵਿੱਚ ਵੰਡ ਕੇ ਸਾਂਭਦਾ ਹੈ :-

  1. ਪੱਕੀ ਕੱਚੀ ਪੂਰੀ ਗੱਲ :- ਇਹ ਕੁੱਝ ਸਮੇਂ ਤੱਕ ਗੱਲ ਇੰਨ-ਬਿੰਨ ਪੂਰੀ ਯਾਦ ਰਹਿ ਜਾਂਦੀ ਹੈ।
  2. ਸੰਵਾਰ ਕੇ ਸਾਂਭਣਾ :- ਕੁੱਝ ਚਿਰ ਬਾਅਦ ਉਹੀ ਗੱਲ ਥੋੜ੍ਹਾ ਬਹੁਤ ਝਾੜ ਕੇ ਲੋੜ ਅਨੁਸਾਰ ਹਿੱਸਾ ਸਾਂਭ ਲਿਆ ਜਾਂਦਾ ਹੈ।
  3. ਰੋਜ਼ਮਰਾ ਦਾ ਹਿੱਸਾ ਬਣਨਾ :– ਗਰਮ ਦੁੱਧ ਦਾ ਸੜਿਆ ਲੱਸੀ ਵੀ ਫੂਕਾਂ ਮਾਰ ਕੇ ਪੀਂਦਾ ਹੈ। ਉਸੇ ਤਰ੍ਹਾਂ ਕੋਈ ਯਾਦ ਸਾਵਧਾਨੀ ਵਜੋਂ ਰੋਜ਼ਮਰਾ ਦੀ ਜ਼ਿੰਦਗੀ ਦਾ ਹਿੱਸਾ ਹੀ ਬਣ ਜਾਂਦੀ ਹੈ। ਮਿਸਾਲ ਵਜੋਂ-ਮੋੜ ਉੱਤੇ ਐਕਸੀਡੈਂਟ ਹੋਇਆ ਸੀ ਤਾਂ ਉਮਰ ਭਰ ਉਸ ਥਾਂ ਤੋਂ ਧਿਆਨ ਨਾਲ ਚੁਫ਼ੇਰਾ ਵੇਖ ਕੇ ਹੀ ਮੋੜ ਕੱਟਿਆ ਜਾਂਦਾ ਹੈ।

ਦਿਮਾਗ਼ ਦੇ ਕੁੱਝ ਮਹੀਨ ਹਿੱਸੇ ਲਗਾਤਾਰ ਯਾਦਾਂ ਉਘਾੜਨ ਵਿਚ ਜੁਟੇ ਰਹਿੰਦੇ ਹਨ। ਦਿਨ ਵਿਚ ਸੈਂਕੜੇ ਤੋਂ ਵੱਧ ਵਾਰ ਚੀਜ਼ਾਂ ਯਾਦ ਕਰਨ ਦੀ ਲੋੜ ਪੈਂਦੀ ਹੈ। ਉਸ ਵਾਸਤੇ ਖ਼ਰਬਾਂ ਸੈੱਲ ਅਤੇ ਉਨ੍ਹਾਂ ਦੇ ਜੋੜ ਲਗਾਤਾਰ ਕੰਮ ਕਰਦੇ ਹਨ। ਇਸ ਦੌਰਾਨ ਹੋਈ ਟੁੱਟ ਭੱਜ ਨੂੰ ਰਿਪੇਅਰ ਕਰਨ ਲਈ ਵੱਖ ਸੈੱਲਾਂ ਦੀ ਯੂਨਿਟ ਲਗਾਤਾਰ ਕੰਮ ਕਰਦੀ ਹੈ। ਸਾਨੂੰ ਭਾਵੇਂ ਆਮ ਜਿਹੀ ਗੱਲ ਹੀ ਜਾਪੇ ਪਰ, ‘ਕੱਲ ਕੀ ਖਾਧਾ ਸੀ’, ਵਰਗੀ ਮਾਮੂਲੀ ਜਿਹੀ ਗੱਲ ਨੂੰ ਯਾਦ ਕਰਨ ਲਈ ਸਾਰਾ ਸਿਸਟਮ ਹਿਲਜੁਲ ਕਰਦਾ ਹੈ। ਇਹੋ ਜਿਹੀਆਂ ਸੈਂਕੜੇ ਗੱਲਾਂ ਰੋਜ਼ ਯਾਦ ਕਰ ਕੇ ਦਿਮਾਗ਼ ਜਵਾਬ ਲੱਭ ਕੇ ਦਿੰਦਾ ਹੈ। ਇਸੇ ਲਈ ਦਿਮਾਗ਼ ਨੂੰ ਚੁਸਤ ਰੱਖਣ ਅਤੇ ਵੇਲੇ ਸਿਰ ਪੂਰਾ ਆਰਾਮ ਦੇਣ ਦੀ ਲੋੜ ਹੁੰਦੀ ਹੈ।

ਯਾਦਦਾਸ਼ਤ ਉਘਾੜਣ ਲਈ ਦੋ ਤਰੀਕੇ ਹੁੰਦੇ ਹਨ। ਪਹਿਲਾ, ਬਾਹਰੀ ਸੁਣੇਹੇ ਤੇ ਦੂਜਾ, ਅੰਦਰੂਨੀ। ਸੈੱਲਾਂ ਰਾਹੀਂ ਪਹੁੰਚੀਆਂ ਤਰੰਗਾਂ ਜਿਸ ਤਰੀਕੇ ਛਪਦੀਆਂ ਹਨ, ਉਨ੍ਹਾਂ ਨੂੰ ਇਕ ਯੂਨਿਟ ਦੇ ਇੱਕ ਨੁੱਕਰੇ ਤਹਿ ਬਣਾ ਕੇ, ਯਾਦ ਦੇ ਰੂਪ ਵਿੱਚ ਰੱਖ ਲਿਆ ਜਾਂਦਾ ਹੈ। ਫੇਰ ਦਿਮਾਗ਼ ਉਸ ਯਾਦ ਨੂੰ ਆਪਣੀ ਲਿਆਕਤ ਅਨੁਸਾਰ ਚੰਗੀ, ਮਾੜੀ, ਬੇਹੂਦਾ, ਸ਼ਰਮਸਾਰ, ਭਿਆਨਕ ਆਦਿ ਲੇਬਲ ਲਾ ਕੇ ਸਾਂਭ ਲੈਂਦਾ ਹੈ। ਉਸ ਤੋਂ ਬਾਅਦ ਇਸ ਯਾਦ ਦੀ ਛਾਂਟੀ ਕੀਤੀ ਜਾਂਦੀ ਹੈ ਕਿ ਕਿੰਨਾ ਹਿੱਸਾ ਉਸ ਵਿੱਚੋਂ ਪੱਕੀ ਯਾਦ ਬਣਾ ਕੇ ਰੱਖਣਾ ਹੈ। ਇਸ ਤੋਂ ਬਾਅਦ ਕਿਸ ਕਿਸਮ ਦਾ ਕਦਮ ਪੁੱਟਣਾ ਹੈ-ਸ਼ਾਂਤ ਰਹਿਣਾ ਹੈ, ਭੜਕਣਾ ਹੈ, ਬਦਲਾ ਲੈਣਾ ਹੈ ਜਾਂ ਹੌਲੀ-ਹੌਲੀ ਭੁਲਾ ਦੇਣਾ ਹੈ-ਬਾਰੇ ਫ਼ੈਸਲਾ ਲਿਆ ਜਾਂਦਾ ਹੈ।

ਇਸ ਯਾਦ ਉੱਤੇ ਬਾਹਰੀ ਅਸਰ ਹੁੰਦੇ ਹਨ :- ਉਸ ਸਮੇਂ ਦਾ ਤਣਾਓ, ਗੁੱਸਾ, ਲੜਾਈ, ਪਿਆਰ, ਮੌਤ ਆਦਿ। ਜੇ ਯਾਦ ਪਿਆਰੀ ਹੋਵੇ ਜਾਂ ਡੂੰਘੀ ਸੱਟ ਲੱਗ ਗਈ ਹੋਵੇ ਤਾਂ ਛੇਤੀ ਭੁੱਲਦੀ ਨਹੀਂ। ਤਣਾਓ ਅਧੀਨ ਜੁੜੀਆਂ ਯਾਦਾਂ ਹੌਲੀ-ਹੌਲੀ ਫਿੱਕੀਆਂ ਪੈਣ ਲੱਗ ਪੈਂਦੀਆਂ ਹਨ ਤੇ ਦੁਬਾਰਾ ਧਿਆਨ ਕਰਨ ਉੱਤੇ ਪੂਰੀ ਯਾਦ ਉਘਾੜੀ ਨਹੀਂ ਜਾਂਦੀ। ਕਈ ਵਾਰ ਬਿਲਕੁਲ ਉਸੇ ਤਰ੍ਹਾਂ ਦੀ ਘਟਨਾ ਦਿਸ ਪਵੇ ਤਾਂ ਛਪੀ ਹੋਈ ਯਾਦ ਦਾ ਕੁੱਝ ਹਿੱਸਾ ਉੱਘੜ ਕੇ ਸਾਹਮਣੇ ਆ ਜਾਂਦਾ ਹੈ।

ਸਾਡੇ ਸੁੱਤਿਆਂ ਹੋਇਆਂ ਵੀ ਦਿਮਾਗ਼ ਦਾ ਇੱਕ ਹਿੱਸਾ ਹਮੇਸ਼ਾ ਜਾਗਦਾ ਹੋਇਆ, ਸਾਫ਼-ਸਫ਼ਾਈ ਕਰਦਾ ਅਤੇ ਯਾਦਾਂ ਨੂੰ ਇੱਧਰ-ਉੱਧਰ ਸਾਂਭਦਾ ਜਾਂ ਝਾੜਦਾ ਰਹਿੰਦਾ ਹੈ। ਇਸੇ ਕਰਕੇ ਕਦੇ ਕਦਾਈਂ ਸੁੱਤਿਆਂ ਵੀ ਮੂੰਹ ਉੱਤੇ ਮੁਸਕਾਨ, ਹਾਸਾ ਜਾਂ ਮੂੰਹੋਂ ਕੁਬੋਲ ਨਿਕਲ ਜਾਂਦੇ ਹਨ।

ਯਾਦਦਾਸ਼ਤ ਵਧਾਉਣ ਬਾਰੇ ਅਨੇਕ ਖੋਜਾਂ ਹੋ ਚੁੱਕੀਆਂ ਹਨ ਇਸ ਬਾਬਤ 30 ਸਾਲਾਂ ਦੀ ਹਾਵਰਡ ਯੂਨੀਵਰਸਿਟੀ ਵੱਲੋਂ ਕੀਤੀ ਖੋਜ ਦੇ ਕੁੱਝ ਅੰਸ਼ ਸਾਂਝੇ ਕਰ ਰਹੀ ਹਾਂ :-

  1. ਹੋਰ ਨਵੀਆਂ ਚੀਜ਼ਾਂ ਸਿੱਖਣੀਆਂ ਜਾਰੀ ਰੱਖਣੀਆਂ ਚਾਹੀਦੀਆਂ ਹਨ :- ਕਾਰ ਚਲਾਉਣੀ, ਗੋਡੀ ਕਰਨੀ, ਸਾਈਕਲ ਚਲਾਉਣਾ, ਕਿਤਾਬਾਂ ਪੜ੍ਹਨੀਆਂ, ਪੇਂਟਿੰਗ ਕਰਨੀ, ਸ਼ਤਰੰਜ ਖੇਡਣੀ, ਕੈਰਮ ਬੋਰਡ ਖੇਡ ਖੇਡਣੀ, ਸੁਡੋਕੂ ਖੇਡਣੀ, ਪਹੇਲੀਆਂ ਬੁੱਝਣੀਆਂ ਆਦਿ। ਇਸ ਤਰ੍ਹਾਂ ਦਿਮਾਗ਼ ਲਗਾਤਾਰ ਹਿਲਜੁਲ ਵਿਚ ਜੁਟਿਆ ਰਹਿੰਦਾ ਹੈ ਤੇ ਚੁਸਤ ਰਹਿੰਦਾ ਹੈ।
  2. ਜਿੰਨੀਆਂ ਜ਼ਿਆਦਾ ਇੰਦ੍ਰੀਆਂ ਦੀ ਵਰਤੋਂ ਕੀਤੀ ਜਾਵੇ, ਓਨਾ ਹੀ ਵਧੀਆ ਰਹਿੰਦਾ ਹੈ :- ਪੱਕੀ ਯਾਦ ਬਣਾਉਣ ਲਈ ਵੇਖਣਾ, ਸੁਣਨਾ, ਟੋਹਣਾ, ਸੁੰਘਣਾ ਆਦਿ ਸ਼ਕਤੀਆਂ ਰਲਾ ਕੇ ਜ਼ਿਆਦਾ ਅਸਰਦਾਰ ਸਾਬਤ ਹੋ ਜਾਂਦੇ ਹਨ। ਦਿਮਾਗ਼ ਦਾ ‘ਪਿਰੀਫੌਰਮ ਕੌਰਟੈਕਸ’ ਹਿੱਸਾ ਸੁੰਘੀ ਹੋਈ ਚੀਜ਼ ਨੂੰ ਯਾਦ ਰੱਖਣ ਵਿਚ ਮਦਦ ਕਰਦਾ ਹੈ। ਇੰਜ ਵੱਖੋ-ਵੱਖ ਹਿੱਸੇ ਰਲ ਮਿਲ ਕੇ, ਯਾਨੀ ਨਜ਼ਰ, ਛੋਹ, ਸੁਣਨਾ ਆਦਿ ਅਲੱਗ-ਅਲੱਗ ਸੁਣੇਹੇ ਭੇਜ ਕੇ ਪਹਿਲਾਂ ਯਾਦ ਪੱਕੀ ਕਰਨ ਵਿਚ ਮਦਦ ਕਰਦੇ ਹਨ ਤੇ ਫਿਰ ਯਾਦ ਉਘਾੜਨ ਵਿਚ ਵੀ ਮਦਦ ਕਰਦੇ ਹਨ। ਸੁੰਘਣ ਲਈ ਜੁੜੀ ਯਾਦ ਜ਼ਿਆਦਾ ਪੱਕੀ ਹੁੰਦੀ ਹੈ।
  3. ਆਪਣੇ ਆਪ ਉੱਤੇ ਯਕੀਨ ਰੱਖਣਾ :- ਜਦੋਂ ਆਪ ਹੀ ਆਪਣੇ ਆਪ ਨੂੰ ਇਹ ਕਹਿਣਾ ਸ਼ੁਰੂ ਕਰ ਦੇਈਏ ਕਿ ਹੁਣ ਤਾਂ ਚੀਜ਼ਾਂ ਭੁੱਲਣ ਲੱਗ ਪਈਆਂ ਹਨ, ਚਲੋ ਉਮਰ ਲੰਘ ਗਈ ਹੈ, ਤਾਂ ਗੱਲ ਜ਼ਿਆਦਾ ਦੇਰ ਦਿਮਾਗ਼ ਵਿਚ ਟਿਕਦੀ ਹੀ ਨਹੀਂ। ਇਹ ਸੋਚ ਹੀ ਦਿਮਾਗ਼ ਨੂੰ ਤਰੋਤਾਜ਼ਾ ਤੇ ਤੇਜ਼ ਰੱਖਣ ਵਾਲੀਆਂ ਕਸਰਤਾਂ ਕਰਨ ਤੋਂ ਰੋਕ ਦਿੰਦੀ ਹੈ।
  4. ਦਿਮਾਗ਼ ਦੀ ਵਧੀਆ ਵਰਤੋਂ ਕਰਨੀ :- ਹਰ ਨਿੱਕੀ ਤੋਂ ਨਿੱਕੀ ਗੱਲ ਯਾਦ ਰੱਖਣੀ ਦਿਮਾਗ਼ ਲਈ ਵੀ ਔਖੀ ਹੁੰਦੀ ਹੈ। ਜਿਵੇਂ ਰਸੋਈ ਵਿਚ ਕੰਮ ਕਰਦਿਆਂ ਚਾਬੀ ਕਿਸੇ ਕੋਨੇ ਵਿਚ ਰੱਖੀ ਗਈ, ਕੀ ਸਬਜ਼ੀ ਵਿਚ ਦੁਬਾਰਾ ਲੂਣ ਤਾਂ ਨਹੀਂ ਪੈ ਗਿਆ, ਘਰ ਅੰਦਰ ਵੜਦਿਆਂ ਐਨਕ ਕਿੱਥੇ ਰੱਖ ਦਿੱਤੀ, ਵਗ਼ੈਰਾ।

ਇਸੇ ਲਈ ਕ੍ਰਮਵਾਰ ਚੀਜ਼ਾਂ ਕਰਨ ਦੀ ਲੋੜ ਹੁੰਦੀ ਹੈ। ਮਿਸਾਲ ਵਜੋਂ ਘਰ ਅੰਦਰ ਵੜ ਕੇ ਚਾਬੀ ਇੱਕੋ ਥਾਂ, ਐਨਕ ਦੂਜੀ ਥਾਂ ਤੇ ਕਾਗਜ਼ ਤੀਜੀ ਥਾਂ। ਜੇ ਉਸੇ ਤਰ੍ਹਾਂ ਚੀਜ਼ਾਂ ਰੱਖੀਆਂ ਜਾਣ ਤਾਂ ਦਿਮਾਗ਼ ਨੂੰ ਫ਼ਾਲਤੂ ਚੀਜ਼ਾਂ ਲਗਾਤਾਰ ਯਾਦ ਰੱਖਣ ਦੀ ਲੋੜ ਨਹੀਂ ਰਹਿੰਦੀ। ਇੰਜ ਹੀ ਬਜ਼ਾਰ ਜਾਣ ਲੱਗਿਆਂ ਜ਼ਬਾਨੀ ਰੱਟਾ ਲਾਉਣ ਨਾਲੋਂ ਕਾਗਜ਼ ਉੱਤੇ ਲਿਖਣਾ ਬਿਹਤਰ ਹੈ ਤਾਂ ਜੋ ਦਿਮਾਗ਼ ਉੱਤੇ ਫ਼ਾਲਤੂ ਦਾ ਬੋਝ ਨਾ ਪਵੇ।

ਕਾਗਜ਼ਾਂ ਦੀ ਵੀ ਇੱਕ ਫਾਈਲ ਲਾਉਣੀ ਠੀਕ ਹੈ ਤਾਂ ਜੋ ਕਾਗਜ਼ ਲੱਭਦਿਆਂ ਸਾਰਾ ਘਰ ਉੱਤੇ ਥੱਲੇ ਨਾ ਕੀਤਾ ਜਾਵੇ। ਫਰਿੱਜ ਉੱਤੇ ਜਾਂ ਅਲਮਾਰੀ ਉੱਤੇ ਇੱਕ ਕਲਿੱਪ ਲਾ ਕੇ ਰੋਜ਼ ਦੇ ਕਰਨ ਵਾਲੇ ਕੰਮ ਲਿਖੇ ਜਾ ਸਕਦੇ ਹਨ।

  1. ਉੱਚੀ ਬੋਲ ਕੇ ਆਪਣੇ ਆਪ ਨੂੰ ਸੁਣਾਓ :-ਜਿਸ ਚੀਜ਼ ਦੇ ਭੁੱਲਣ ਦਾ ਖ਼ਤਰਾ ਹੋਵੇ, ਉਸ ਦੀ ਥਾਂ ਬਾਰੇ ਆਪਣੇ ਆਪ ਨੂੰ ਉੱਚਾ ਬੋਲ ਕੇ ਸੁਣਾਓ ਤਾਂ ਦਿਮਾਗ਼ ਦੀ ਗਰਾਰੀ ਵਿਚ ਗੱਲ ਅੜ ਜਾਂਦੀ ਹੈ। ਮਸਲਨ-ਐਹ ਪਰਸ ਮੈਂ ਇੱਥੇ ਰੱਖ ਰਹੀ ਹਾਂ-ਉੱਚੀ ਬੋਲ ਕੇ ਕਮਰੇ ਵਿੱਚੋਂ ਬਾਹਰ ਨਿਕਲ ਜਾਓ। ਉਹੀ ਗੱਲ ਕੰਨਾਂ ਰਾਹੀਂ ਦੁਬਾਰਾ ਦਿਮਾਗ਼ ਨੂੰ ਤਰੋਤਾਜ਼ਾ ਕਰ ਦਿੰਦੀ ਹੈ। ਕੋਈ ਸ਼ਰਮ ਦੀ ਗੱਲ ਨਹੀਂ ਜੇ ਆਪਣੇ ਆਪ ਨੂੰ ਦੁਬਾਰਾ ਉੱਚੀ ਬੋਲ ਕੇ ਪੁੱਛ ਲਵੋ-ਯਾਦ ਹੈ ਨਾ ਪਰਸ ਐੱਥੇ ਰੱਖਿਆ ਹੈ !
  2. ਔਖੀਆਂ ਗੱਲਾਂ ਇਕੱਠੀਆਂ ਯਾਦ ਨਾ ਕੀਤੀਆਂ ਜਾਣ :- ਜਦੋਂ ਦਿਮਾਗ਼ ਦੇ ਪੂਰੇ ਹਿੱਸੇ ਇੱਕ ਔਖਾ ਚੈਪਟਰ ਮਸਾਂ ਹੀ ਯਾਦ ਕਰ ਕੇ ਹਟੇ ਹੋਣ ਤਾਂ ਉਸੇ ਵੇਲੇ ਇੱਕ ਹੋਰ ਔਖਾ ਚੈਪਟਰ ਯਾਦ ਕਰਨ ਨਾਲ ਦਿਮਾਗ਼ ਦੀ ਬੱਸ ਹੋ ਜਾਂਦੀ ਹੈ ਤੇ ਪਹਿਲਾਂ ਦਾ ਯਾਦ ਕੀਤਾ ਚੈਪਟਰ ਵੀ ਅੱਧਾ ਭੁੱਲ ਜਾਂਦਾ ਹੈ। ਇਸੇ ਲਈ ਇੱਕ ਔਖਾ ਤੇ ਫੇਰ ਇੱਕ ਸੌਖਾ ਚੈਪਟਰ ਯਾਦ ਕਰਨ ਨਾਲ ਦਿਮਾਗ਼ ਨੂੰ ਰਤਾ ਕੁ ਆਰਾਮ ਮਿਲ ਜਾਂਦਾ ਹੈ। ਮਿਸਾਲ ਵਜੋਂ ਮਾਮੇ ਦੀ ਭੂਆ ਦੇ ਸਾਂਢੂ ਦੀ ਗਵਾਂਢਣ ਦਾ ਰਿਸ਼ਤਾ ਪਤਨੀ ਦੀ ਭਰਜਾਈ ਦੀ ਭਾਬੀ ਦੇ ਭਰਾ ਦੇ ਦੋਸਤ ਨਾਲ ਕਰਵਾਉਣ ਲਈ, ਇਨ੍ਹਾਂ ਸਾਰੇ ਰਿਸ਼ਤੇਦਾਰਾਂ ਦੇ ਨਾਂ ਯਾਦ ਰੱਖਣੇ ਔਖੇ ਹੋ ਸਕਦੇ ਹਨ !
  3. ਵਾਰਵਾਰ ਯਾਦ ਕਰਨਾ :- ਔਖਾ ਚੈਪਟਰ ਕਈ ਵਾਰ ਪੜ੍ਹਨ ਨਾਲ ਸੌਖਿਆਂ ਯਾਦ ਹੋਣ ਲੱਗ ਪੈਂਦਾ ਹੈ। ਔਖੀਆਂ ਸਤਰਾਂ ਆਪਣੇ ਕਮਰੇ ਵਿਚ ਸਾਹਮਣੀ ਕੰਧ ਉੱਤੇ ਲਿਖ ਲੈਣੀਆਂ ਚਾਹੀਦੀਆਂ ਹਨ ਤਾਂ ਜੋ ਲੰਘਦੇ ਵੜਦੇ ਵਾਰ-ਵਾਰ ਨਜ਼ਰਾਂ ਸਾਹਮਣੇ ਆ ਜਾਣ ਤੇ ਦਿਮਾਗ਼ ਪੱਕੀ ਯਾਦ ਬਣਾ ਸਕੇ।

ਸਾਰਾ ਸਾਲ ਪੜ੍ਹਦੇ ਰਹਿਣ ਨਾਲ ਚੈਪਟਰ ਜ਼ਿਆਦਾ ਚੰਗੀ ਤਰ੍ਹਾਂ ਯਾਦ ਰਹਿੰਦੇ ਹਨ। ਇਮਤਿਹਾਨ ਤੋਂ ਕੁੱਝ ਦਿਨ ਪਹਿਲਾਂ ਲਾਏ ਰੱਟਿਆਂ ਦੀ ਪੱਕੀ ਯਾਦ ਨਹੀਂ ਬਣਦੀ। ਇਸੇ ਲਈ ਰੱਟੇ ਲਾਉਣ ਵਾਲਿਆਂ ਦੀ ਬੁਨਿਆਦ ਕੱਚੀ ਰਹਿ ਜਾਂਦੀ ਹੈ।

  1. ਲੈਅ ਤਾਲ ਦੀ ਵਰਤੋਂ :- ਜੇ ਸਬਜ਼ੀ, ਐਨਕ ਲਿਆਉਣੀ, ਅਲਮਾਰੀ ਠੀਕ ਕਰਾਉਣੀ, ਸਕੂਲ ਫੀਸ ਭਰਨੀ, ਵਾਲੇ ਕੰਮ ਕਰਨੇ ਹਨ ਤਾਂ ਹਰ ਸ਼ਬਦ ਦਾ ਪਹਿਲਾ ਅੱਖਰ ਜੋੜ ਲਵੋ- ਸ, ਅ, ਅ, ਸ ਤੇ ‘ਸਾਸ’ ਯਾਦ ਰੱਖ ਲਵੋ ਤਾਂ ਕੰਮ ਭੁੱਲਦੇ ਨਹੀਂ।

ਯਾਦਦਾਸ਼ਤ ਤੇਜ਼ ਕਰਨ ਲਈ ਰਾਮਬਾਣ ਹੈ-ਪਿਆਰ ਕਰਨਾ ! ਪਿਆਰ ਨਾਲ ਭਿੱਜਿਆ ਮਨ ਤਿੰਨ ਗੁਣਾ ਤਾਕਤ ਨਾਲ ਭਰ ਜਾਂਦਾ ਹੈ ! ਜਦੋਂ ਯਾਦਦਾਸ਼ਤ ਘਟਦੀ ਜਾਪੇ ਤਾਂ ਕਿਸੇ ਨੂੰ ਪਿਆਰ ਕਰਨਾ ਸ਼ੁਰੂ ਕਰ ਦਿਓ, ਭਾਵੇਂ ਇਨਸਾਨ ਨਾਲ, ਜਾਨਵਰ ਨਾਲ ਜਾਂ ਰੱਬ ਨਾਲ, ਪਰ ਕਰੋ ਜ਼ਰੂਰ ! ਅਜ਼ਮਾਓ ਤੇ ਯਾਦਾਂ ਤਾਜ਼ਾ ਕਰ ਲਓ !