ਕਿਰਿਆਵਾਚੀ ਸ਼ਬਦਾਂ ਦਾ ਵੱਖ ਵੱਖ ਸਰੂਪ ਤੇ ਉਚਾਰਨ (ਭਾਗ ੧੬)
ਕਿਰਪਾਲ ਸਿੰਘ (ਬਠਿੰਡਾ)-੮੮੩੭੮-੧੩੬੬੧
ਪਿਛਲੇ ਭਾਗਾਂ ਵਿੱਚ ਅਸੀਂ ਪਹਿਲਾ ਪੁਰਖ ਇੱਕ ਵਚਨ, ਉੱਤਮ ਪੁਰਖ ਦੇ ਕਿਰਿਆਵਾਚੀ ਸ਼ਬਦਾਂ ਦੀ ਵੀਚਾਰ ਕਰ ਆਏ ਹਾਂ ਕਿ ਮਗਰਲੇ ਪਾਸੇ ਲੱਗੇ ਕੰਨਾ (ਾ) ਬਿਹਾਰੀ ( ੀ) ਅਤੇ ‘ਉ’ ਦਾ ਉਚਾਰਨ ਵਿਆਕਰਨਕ ਨਿਯਮਾਂ ਅਨੁਸਾਰ ਬਿੰਦੀ ਸਹਿਤ ਕਰਨਾ ਹੀ ਯੋਗ ਹੈ; ਜਿਵੇਂ ਕਿ ‘ਜਾਵਾਂ, ਪਵਾਂ, ਪੀਵਾਂ, ਜੀਵਾਂ, ਪੁਛਾਂ, ਗਾਵਾਂ, ਕਰੀਂ, ਧਰੀਂ, ਪਾਈਂ, ਧਿਆਈਂ, ਬੋਲੀਂ, ਪਾਉਂ, ਜਾਉਂ, ਗਾਉਂ, ਖਾਉਂ’, ਆਦਿਕ ਬਿੰਦੀ ਸਹਿਤ ਉਚਾਰੇ ਜਾਂਦੇ ਹਨ ਪਰ ਜੇ ਕਿਰਿਆ ਇੱਕ ਵਚਨ, ਮੱਧਮ ਪੁਰਖ, ਭਵਿਖਤ ਕਾਲ ਜਾਂ ਅਨ੍ਯ ਪੁਰਖ ਹੋਵੇ ਤਾਂ ਬਿਨਾਂ ਬਿੰਦੀ ਤੋਂ ਉਚਾਰੇ ਜਾਣਾ ਠੀਕ ਹੁੰਦਾ ਹੈ। ਇਸ ਭਾਗ ਵਿੱਚ ਕਿਰਿਆਵਾਚੀ ਸ਼ਬਦਾਂ ਦੇ ਪਿਛੇਤਰ ਲੱਗੇ ‘ਹਿ’ ਦੇ ਉਚਾਰਨ ਬਾਰੇ ਵੀਚਾਰ ਕੀਤੀ ਜਾਣੀ ਹੈ। ਜੇਕਰ ਇਹ ਕਿਰਿਆ ਵਰਤਮਾਨ ਕਾਲ, ਤੀਜਾ ਪੁਰਖ ਤੇ ਬਹੁ ਵਚਨ ਜਾਂ ਮੱਧਮ ਪੁਰਖ ਤੇ ਇੱਕ ਵਚਨ ਹੋਵੇ ਤਾਂ ਇਸ ਦਾ ਉਚਾਰਨ ਬਿੰਦੀ ਸਹਿਤ ਹੋਣਾ ਦਰੁਸਤ ਹੈ ਪਰ ਜੇ ਇਹ ਇੱਕ ਵਚਨ ਹੁਕਮੀ ਭਵਿਖਤ ਕਾਲ, ਮੱਧਮ ਪੁਰਖ ਹੋਵੇ ਤਾਂ ਇਸ ਦਾ ਉਚਾਰਨ ਬਿਨਾਂ ਬਿੰਦੀ ਤੋਂ ਕਰਨਾ ਚਾਹੀਦਾ ਹੈ; ਜਿਵੇਂ ਕਿ
(ੳ). (੧). ਨਾਨਕ ! ਵਿਣੁ ਸਤਿਗੁਰ, ਸਚੁ ਨ ਪਾਈਐ ; ਮਨਮੁਖ ਭੂਲੇ ‘ਜਾਂਹਿ’ ॥ (ਮ: ੩/੧੪੧੯) ਅਰਥ : ਹੇ ਨਾਨਕ ! ਗੁਰੂ ਦੀ ਸ਼ਰਨ ਤੋਂ ਬਿਨਾਂ ਸਥਿਰ ਮਾਲਕ ਨਹੀਂ ਪਾਇਆ ਜਾ ਸਕਦਾ ਕਿਉਂਕਿ ਮਨਮਤੀ ਲੋਕ ਕੁਰਾਹੇ (ਗ਼ਲਤ ਰਸਤੇ) ਪਏ ਰਹਿੰਦੇ ਹਨ।
(੨). ਕੇਤੇ ਕਹਿ ਕਹਿ, ਉਠਿ ਉਠਿ ‘ਜਾਹਿ’ ॥ (ਜਪੁ) ਅਰਥ: ਬੇਅੰਤ ਜੀਵ ਅੰਦਾਜ਼ਾ ਲਾ ਲਾ ਕੇ ਇਸ ਜਗਤ ਤੋਂ ਤੁਰੇ ਜਾ ਰਹੇ ਹਨ।
(੩). ਤੂੰ ਅਕਥੁ, ਕਿਉ ਕਥਿਆ ‘ਜਾਹਿ’ ? ॥ (ਮ: ੩/੧੬੦) ਅਰਥ : ਹੇ ਪ੍ਰਭੂ ! ਤੂੰ ਕਥਨ ਰਹਿਤ ਹੈਂ ਫਿਰ ਤੂੰ ਬਿਆਨ ਕਿਵੇਂ ਕੀਤਾ ਜਾ ਸਕਦਾ ਹੈਂ ?
(੪). ਮੇਰੇ ਮਨ ! ਲੈ ਲਾਹਾ ਘਰਿ ‘ਜਾਹਿ’ ॥ (ਮ: ੧/੨੦) ਅਰਥ : ਹੇ ਮੇਰੇ ਮਨ ! (ਇੱਥੋਂ ਕੁੱਝ) ਲਾਭ ਖੱਟ ਕੇ (ਰੱਬੀ) ਘਰ ਵਿੱਚ ਜਾਹ।
ਨੋਟ : ਉਕਤ ਲੜੀ ਨੰ: ੧ ਵਿੱਚ ‘ਜਾਂਹਿ’ ਤੀਜਾ ਪੁਰਖ, ਵਰਤਮਾਨ ਕਾਲ ਕਿਰਿਆ ਹੈ, ਜੋ ‘ਮਨਮੁਖ’ ਬਹੁ ਵਚਨ ਦੇ ਪ੍ਰਥਾਇ ਹੋਣ ਕਰ ਕੇ ਬਿੰਦੀ ਸਹਿਤ ਦਰਜ ਵੀ ਹੈ। (ਹੱਥ ਲਿਖਤ ਬੀੜਾਂ ’ਚ ‘ਜਾਂ’ ਦੀ ਕੰਨਾ ਬਿੰਦੀ, ਸਿਹਾਰੀ ਸਮੇਤ ਹ (ਹਿ) ਦੇ ਖੱਬੇ ਪਾਸੇ (ਜਾਂਹਿ) ਹੈ, ਪ੍ਰੈਸ ਛਾਪੇ ’ਚ ਕੁਝ ਅਜਿਹੇ ਅੰਤਰ ਵੇਖੇ ਜਾ ਸਕਦੇ ਹਨ)
ਲੜੀ ਨੰ: ੨ ਵਿੱਚ ਵੀ ‘ਜਾਹਿ’ ਤੀਜਾ ਪੁਰਖ, ਵਰਤਮਾਨ ਕਾਲ, ਬਹੁ ਵਚਨ ਕਿਰਿਆ ਹੈ, ਜੋ ‘ਕੇਤੇ’ (ਕਿਤਨੇ) ਦੇ ਪ੍ਰਥਾਇ ਹੈ, ਪਰ ਇੱਥੇ ਬਿੰਦੀ ਨਾ ਹੋਣ ਕਾਰਨ ਸਾਨੂੰ ਲੜੀ ਨੰਬਰ ੧ ਤੋਂ ਸੇਧ ਲੈ ਕੇ ਉਚਾਰਨ ‘ਜਾਂਹਿ’ ਦਰੁਸਤ ਕਰਨਾ ਪਏਗਾ।
ਲੜੀ ਨੰ: ੩ ਵਿੱਚ ‘ਜਾਹਿ’ ਮੱਧਮ ਪੁਰਖ, ਇੱਕ ਵਚਨ ਕਿਰਿਆ ਹੈ, ਜੋ ‘ਤੂੰ’ (ਸੰਬੋਧਨ) ਦੇ ਪ੍ਰਥਾਇ ਹੋਣ ਕਰ ਕੇ ਬਿੰਦੀ ਸਮੇਤ (ਲੜੀ ਨੰ. ੧, ੨ ’ਚ ਸ਼ਾਮਲ ‘ਜਾਂਹਿ’ ਵਾਙ) ਉਚਾਰਨਾ ਸਹੀ ਹੈ, ਪਰ
ਲੜੀ ਨੰ: ੪ ਵਿੱਚ ਵੀ ਭਾਵੇਂ ਕਿ ‘ਜਾਹਿ’ ਮੱਧਮ ਪੁਰਖ, ਇੱਕ ਵਚਨ ਕਿਰਿਆ ਹੀ ਹੈ ਪਰ ਇਹ ਵਰਤਮਾਨ ਦੀ ਬਜਾਇ ਹੁਕਮੀ ਭਵਿਖਤ ਕਾਲ ਹੈ, ਇਸ ਲਈ ਉਚਾਰਨ ਬਿੰਦੀ ਤੇ ਸਿਹਾਰੀ ਤੋਂ ਬਿਨਾਂ ‘ਜਾਹ’ ਹੋਏਗਾ, ਨਾ ਕਿ ‘ਜਾਂਹਿ’।
(ਅ.). (੧). ਦੇਦਾ ਦੇ, ਲੈਦੇ ਥਕਿ ‘ਪਾਹਿ’ ॥ (ਜਪੁ) ਅਰਥ: ਦਾਤਾਰ ਮਾਲਕ (ਸਭ ਜੀਆਂ ਨੂੰ ਰਿਜ਼ਕ) ਦੇ ਰਿਹਾ ਹੈ, ਪਰ ਲੈਣ ਵਾਲ਼ੇ ਹਾਰ ਜਾਂਦੇ ਹਨ, ਥੱਕ ਪੈਂਦੇ ਹਨ।
(੨). ਜਾ, ਤੂੰ ਤੁਸਹਿ ਮਿਹਰਵਾਨ ! ਨਉ ਨਿਧਿ ਘਰ ਮਹਿ ‘ਪਾਹਿ’ ॥ (ਮ: ੫/੫੧੮) ਹੇ ਕਿਰਪਾ ਨਿਧਾਨ ਮਾਲਕ ! ਜਦ ਤੂੰ ਪ੍ਰਸੰਨ ਹੁੰਦਾ ਹੈਂ ਤਾਂ ਸਾਰੇ ਖ਼ਜ਼ਾਨੇ ਘਰੋਂ (ਅੰਦਰੋਂ) ਹੀ ਪਾ ਲਈਦੇ ਹਨ ਭਾਵ ਸੰਤੁਸ਼ਟੀ ਹੋ ਜਾਂਦੀ ਹੈ। (ਪਰ)
(੩). ਅੰਧੇ ! ਤੂੰ ਬੈਠਾ ਕੰਧੀ ਪਾਹਿ ॥ (ਮ: ੫/੪੩) ਅਰਥ: ਹੇ (ਮਾਇਆ ’ਚ) ਅੰਨ੍ਹੇ ਹੋਏ ਜੀਵ ! (ਨਦੀ ਕਿਨਾਰੇ ਉੱਗੇ ਰੁੱਖ ਵਾਙ) ਤੂੰ (ਮੌਤ-ਨਦੀ ਦੇ) ਕੰਢੇ ਪਾਸ ਬੈਠਾ ਹੋਇਆ ਹੈਂ (ਪਤਾ ਨਹੀਂ ਕਦ ਮੌਤ ਆ ਜਾਏ)।
ਨੋਟ : ਉਕਤ ਲੜੀ ਨੰ: ੧. ’ਚ ‘ਪਾਹਿ’ ਤੀਜਾ ਪੁਰਖ, ਵਰਤਮਾਨ ਕਾਲ, ਬਹੁ ਵਚਨ ਕਿਰਿਆ ਹੈ, ਜੋ ‘ਲੈਂਦੇ’ ਭਾਵ ਲੈਣ ਵਾਲੇ ਬਹੁ ਵਚਨ ਨਾਂਵ ਦੇ ਪ੍ਰਥਾਇ ਹੈ ਅਤੇ ਲੜੀ ਨੰ: ੨ ਵਿੱਚ ਮੱਧਮ ਪੁਰਖ, ਇੱਕ ਵਚਨ ਕਿਰਿਆ ਹੈ, ਜਿੱਥੇ ਸੰਬੋਧਨ (ਅੰਧੇ !) ਹੋਣ ਕਾਰਨ ‘ਤੂੰ’ ਅਰਥ ਦੇਵੇਗੀ, ਇਸ ਕਾਰਨ ਇਨ੍ਹਾਂ ਦੋਵੇਂ ਲੜੀਆਂ ਨੰ. ੧ ਤੇ ੨ ’ਚ ਉਚਾਰਨ ਬਿੰਦੀ ਸਮੇਤ (ਪਾਂਹਿ) ਹੋਵੇਗਾ, ਪਰ ਲੜੀ ਨੰ: ੩ ਵਿੱਚ ‘ਕੰਧੀ ਪਾਹਿ’ ਭਾਵ (ਕੰਢੇ ਪਾਸ/ਕੋਲ) ਅਧਿਕਰਣ ਕਾਰਕ ਹੈ, ਨਾ ਕਿ ਕਿਰਿਆ, ਇਸ ਲਈ ‘ਪਾਹਿ’ ਦਾ ਉਚਾਰਨ ‘ਪਾਹ’ (ਬਿਨਾਂ ਬਿੰਦੀ) ਹੋਣਾ ਚਾਹੀਦਾ ਸੀ ਪਰ ਕਿਉਂਕਿ ਅਗਲੀ ਤੁਕ ਦਾ ਕਾਵਿ ਤੋਲ (ਕਮਾਹਿਂ) ਵੀ ਮਿਲਾਉਣਾ ਹੈ; ਜਿਵੇਂ ਕਿ ‘‘ਅੰਧੇ ! ਤੂੰ ਬੈਠਾ ਕੰਧੀ ‘ਪਾਹਿ’ ॥ ਜੇ ਹੋਵੀ ਪੂਰਬਿ ਲਿਖਿਆ; ਤਾ ਗੁਰ ਕਾ ਬਚਨੁ ਕਮਾਹਿ (ਕਮਾਹਿਂ)॥੧॥ ਰਹਾਉ ॥, ਇਸ ਲਈ ‘ਪਾਹਿ’ ਦੀ ਅੰਤ ਸਿਹਾਰੀ ਥੋੜ੍ਹੀ ਉਚਾਰਨ ਯੋਗ ਹੈ, ਪਰ ਬਿੰਦੀ ਰਹਿਤ ।
(ੲ). (੧) . ‘ਗਾਵਹਿ’ ਜੋਧ ਮਹਾਬਲ ਸੂਰਾ ; ‘ਗਾਵਹਿ’ ਖਾਣੀ ਚਾਰੇ ॥ (ਮ: ੧/੬) ਅਰਥ: (ਹੇ ਮਾਲਕ !) ਵੱਡੇ ਬਲ ਵਾਲੇ ਜੋਧੇ ਤੇ ਸੂਰਮੇ, ਤੇਰੀ ਸਿਫ਼ਤ ਕਰ ਰਹੇ ਹਨ। ਚੌਹਾਂ ਹੀ ਖਾਣੀਆਂ ਦੇ ਜੀਅ ਜੰਤ ਤੈਨੂੰ ਗਾ ਰਹੇ ਹਨ। (ਉਚਾਰਨ ‘ਗਾਵਹਿਂ)
(੨) . ਏ ਮਨ ਮੇਰਿਆ ! ਗੁਣ ‘ਗਾਵਹਿ’ ਸਹਜਿ ਸਮਾਵਹੀ ਰਾਮ ॥ (ਮ: ੧/੧੧੧੩) ਅਰਥ: ਹੇ ਮੇਰੇ ਮਨ ! (ਜੇ ਤੂੰ ਪਰਮਾਤਮਾ ਦੇ) ਗੁਣ ਗਾਂਦਾ ਰਹੇਂ, ਤਾਂ ਤੂੰ ਆਤਮਕ ਅਡੋਲਤਾ ਵਿੱਚ ਲੀਨ ਰਹੇਂਗਾ। (ਉਚਾਰਨ ‘ਗਾਵਹਿਂ)
ਉਪਰੋਕਤ ਉਦਾਹਰਨਾਂ ਤੋਂ ਅਸੀਂ ਇਸ ਸਿੱਟੇ ’ਤੇ ਪਹੁੰਚਦੇ ਹਾਂ ਕਿ ਜੇ ਕਿਰਿਆਵਾਚੀ ਸ਼ਬਦ ਵਰਤਮਾਨ ਕਾਲ, ਤੀਜਾ ਪੁਰਖ ਤੇ ਬਹੁ ਵਚਨ ਹਨ ਜਾਂ ਮੱਧਮ ਪੁਰਖ ਇੱਕ ਵਚਨ ਕਿਰਿਆ ਹੋਵੇ ਤਾਂ ਇਨ੍ਹਾਂ ਦੇ ਮਗਰ ‘ਹਿ’ ਲੱਗੀ ਹੁੰਦੀ ਹੈ ਤੇ ਉਚਾਰਨ ਬਿੰਦੀ ਸਹਿਤ (ਹਿਂ) ਹੋਏਗਾ ਪਰ ਜੇ ਕਿਰਿਆ ਹੁਕਮੀ ਭਵਿਖਤ ਕਾਲ ਹੋਵੇ ਭਾਵੇਂ ਕਿ ਇੱਕ ਵਚਨ ਮੱਧਮ ਪੁਰਖ ਹੀ ਕਿਰਿਆ ਹੁੰਦੀ ਹੈ ਤਾਂ ਇਸ ਦਾ ਉਚਾਰਨ ਬਿਨਾਂ ਬਿੰਦੀ ਤੋਂ ਕਰਨਾ ਚਾਹੀਦਾ ਹੈ ਕਿਉਂਕਿ ਇੱਥੇ ਕੋਈ ਸੰਬੋਧਨ ਸ਼ਬਦ ਨਹੀਂ ਹੁੰਦਾ।
ਦੂਸਰੇ ਪਾਸੇ ਜੇਕਰ ਕਿਰਿਆਵਾਚੀ ਸ਼ਬਦਾਂ ਦੇ ਅੰਤ ’ਚ ‘ਹਿ’ ਦੀ ਬਜਾਇ ਕੇਵਲ ‘ਹ’ ਹੋਵੇ ਤਾਂ ਇਹ ਸਭ ਉੱਤਮ ਪੁਰਖ ਬਹੁ ਵਚਨ ਕਿਰਿਆ ਹੁੰਦੀ ਹੈ, ਜਿਸ ਦਾ ਉਚਾਰਨ ‘ਹਿਂ’ ਵਾਙ ਹੀ ਹੋਏਗਾ। ਮਿਸਾਲ ਵਜੋਂ ਹੇਠਾਂ ਕੁਝ ਪੰਕਤੀਆਂ ਦਿੱਤੀਆਂ ਜਾ ਰਹੀਆਂ ਹਨ:
(ਸ). ਸਖੀ ! ਆਉ ਸਖੀ ! ਵਸਿ ਆਉ ਸਖੀ ! ਅਸੀ ਪਿਰ ਕਾ ਮੰਗਲੁ ‘ਗਾਵਹ’ ॥ (ਮ: ੫/੮੪੭) ਅਰਥ: ਹੇ ਸਹੇਲੀਏ ! ਆਓ (ਰਲ ਕੇ ਬੈਠੀਏ) ਹੇ ਸਹੇਲੀਏ ! ਆਓ ਪ੍ਰਭੂ ਦੀ ਰਜ਼ਾ ਵਿੱਚ ਤੁਰੀਏ ਅਤੇ ਪ੍ਰਭੂ-ਪਤੀ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਈਏ। ਉਚਾਰਨ ਗਾਵਹਂ, ਗਾਵਹਿਂ (ਵਾਙ)
ਸੋ, ਉੱਪਰ ਕੀਤੀ ਗਈ ਵਿਚਾਰ ਕਿ ‘ਹਿ’ ਜਾਂ ‘ਹ’ ਅੰਤ ਵਾਲੇ ਕਿਰਿਆਵਾਚੀ ਸ਼ਬਦ; ਜਿਵੇਂ ਕਿ ‘ਪੜਹਿ, ਜੰਮਹਿ, ਆਵਹਿ, ਜਾਵਹਿ, ਕਮਾਵਹਿ, ਵਗਾਵਹਿ, ਰਾਵਹਿ, ਰੋਵਹਿ, ਭਾਵਹਿ, ਆਵਹ, ਰਾਵਹ, ਰੋਵਹ, ਭਾਵਹ, ਆਦਿਕ ਦੇ ਸ਼ਬਦਾਰਥ, ਭਾਵਰਥ ਤੇ ਕਿਰਿਆਵੀ ਪ੍ਰਸੰਗ ਨੂੰ ਧਿਆਨ ਵਿੱਚ ਰੱਖ ਕੇ ਬਿੰਦੀ ਸਹਿਤ ਜਾਂ ਬਿੰਦੀ ਰਹਿਤ ਉਚਾਰਨ ਕਰਨਾ ਚਾਹੀਦਾ ਹੈ।
(ਹ). ਗੁਰਬਾਣੀ ’ਚ ਕਈ ਕਿਰਿਆਵਾਚੀ ਸ਼ਬਦ ਅੰਤ ‘ਹ’ ਜਾਂ ‘ਹਿ’ ਨਹੀਂ ਹੁੰਦੇ ਭਾਵ ਉਨ੍ਹਾਂ ਦੇ ਪਿਛੇਤਰ ਵਿਅੰਜਨ ਅੱਖਰ ‘ਕ, ਖ, ਗ, ਘ, ਚ, ਛ, ਤ, ਥ, ਪ, ਫ, ਰ, ਆਦਿ ਹੁੰਦੇ ਹਨ ਅਤੇ ਇਨ੍ਹਾਂ ਨੂੰ ਅੰਤ ਸਿਹਾਰੀ (ਿ) ਵੀ ਹੁੰਦੀ ਹੈ ਤਾਂ ਇਹ ਕਿਰਿਆ ਵਿਸ਼ੇਸ਼ਣ ਸ਼ਬਦ ਹੋਣਗੇ ਕਿਉਂਕਿ ਅਜਿਹੀਆਂ ਪੰਕਤੀਆਂ ’ਚ ਆਮ ਤੌਰ ’ਤੇ ਇੱਕ ਹੋਰ ਮੂਲ ਕਿਰਿਆ ਵੀ ਵਾਕ ’ਚ ਹੁੰਦੀ ਹੈ, ਜਿਸ ਕਾਰਨ ਇਨ੍ਹਾਂ ਕਿਰਿਆ ਵਿਸ਼ੇਸ਼ਣ ਸ਼ਬਦਾਂ ਦੀ ਅੰਤ ਸਿਹਾਰੀ ‘ਕੇ’ ਦੇ ਅਰਥ ਕੱਢੇਗੀ, ਪਰ ਉਸ ਦਾ ਉਚਾਰਨ ਨਹੀਂ ਹੋਏਗਾ; ਜਿਵੇਂ ਕਿ ‘ਪਾਠ ਬੈਠ ਕੇ ਸੁਣ’ ਵਾਕ ਨੂੰ ਗੁਰਬਾਣੀ ਲਿਖਤ ਨਿਯਮ ਮੁਤਾਬਕ ‘ਪਾਠੁ ਬੈਠਿ (ਕੇ) ਸੁਣਿ (ਤੂੰ ਸੁਣ)’ ਲਿਖਿਆ ਜਾਏਗਾ। ਮਿਸਾਲ ਵਜੋਂ ‘ਮਿਲਿ, ਮਾਰਿ, ਤਿਆਗਿ, ਬਿਸਾਰਿ, ਕਾਟਿ, ਸੁਣਿ, ਕੁਹਿ, ਰਿੰਨਿ੍, ਛੁਹਿ’ ਕਿਰਿਆ ਵਿਸ਼ੇਸ਼ਣ ਵਾਲ਼ੀਆਂ ਤੁਕਾਂ ਹੇਠਾਂ ਦਿੱਤੀਆਂ ਜਾ ਰਹੀਆਂ ਹਨ, ਜਿਨ੍ਹਾਂ ਦੀ ਅੰਤ ਸਿਹਾਰੀ ’ਚੋਂ ‘ਕੇ’ ਲੁਪਤ ਲੈਣਾ ਜ਼ਰੂਰੀ ਹੈ ਕਿਉਂਕਿ ਇਨ੍ਹਾਂ ਸਭ ਤੁਕਾਂ ’ਚ ਇੱਕ ਹੋਰ ਵੀ ਮੂਲ ਕਿਰਿਆ ਹੋਏਗੀ :
੧. ਭਾਈ ਰੇ ! ‘ਮਿਲਿ’ (ਕੇ) ਸਜਣ, ਹਰਿ ਗੁਣ ‘ਸਾਰਿ’ (ਤੂੰ ਸੰਭਾਲ)॥ ਸਜਣੁ ਸਤਿਗੁਰੁ ਪੁਰਖੁ ਹੈ ; ਦੁਖੁ ਕਢੈ, ਹਉਮੈ ‘ਮਾਰਿ’ (ਕੇ)॥ (ਮ: ੪/੪੧) ਅਰਥ: ਹੇ ਭਾਈ ! (ਗੁਰੂ) ਸੱਜਣ ਨੂੰ ‘ਮਿਲ ਕੇ’ ਰੱਬੀ ਗੁਣ (ਹਿਰਦੇ ’ਚ) ਤੂੰ ਸੰਭਾਲ। ਸੱਜਣ ਗੁਰੂ ਅਕਾਲ ਪੁਰਖ ਦਾ ਰੂਪ ਹੈ, ਉਹ (ਸ਼ਰਨ ਆਏ ਮਨੁੱਖ ਦੇ ਹਿਰਦੇ ’ਚੋਂ) ਹਉਮੈ ਦਾ ਦੁੱਖ ਮਾਰ ਕੇ ਕੱਢ ਦੇਂਦਾ ਹੈ।
੨. ਆਪੁ ‘ਤਿਆਗਿ’, ਸਰਣੀ ਪਵਾਂ ; ਮੁਖਿ ਬੋਲੀ ਮਿਠੜੇ ਵੈਣ ॥ (ਮ: ੫/੧੩੬) ਅਰਥ : ਆਪਾ-ਭਾਵ (ਹਉਂ) ਤਿਆਗ ਕੇ ਮੈਂ ਗੁਰੂ ਦੀ ਸ਼ਰਨ ਪਵਾਂ ਤੇ ਮੂੰਹ ਨਾਲ (ਉਨ੍ਹਾਂ ਪ੍ਰਤੀ) ਮਿੱਠੇ ਬੋਲ ਬੋਲਾਂ।
੩. ਨਾਮੁ ‘ਬਿਸਾਰਿ’ ਲਗੈ ਅਨ ਸੁਆਇ ॥ ਤਾ ਕੀ ਆਸ ਨ ਪੂਜੈ ਕਾਇ ॥ (ਮ: ੫/੧੯੨) ਅਰਥ: (ਹੇ ਭਾਈ !) ਜੋ ਰੱਬੀ ਨਾਮ ਭੁਲਾ ਕੇ ਹੋਰ-ਹੋਰ ਸੁਆਦ ’ਚ ਰੁੱਝਦਾ ਹੈ, ਉਸ ਦੀ ਕੋਈ ਦਿਲੀ ਇੱਛਾ ਪੂਰੀ ਨਹੀਂ ਹੁੰਦੀ।
੪. ਕਿਲਵਿਖ ‘ਕਾਟਿ’ ਹੋਆ ਮਨੁ ਨਿਰਮਲੁ ਮਿਟਿ ਗਏ ਆਵਣ ਜਾਣਾ ਜੀਉ ॥ (ਮ: ੫/੧੦੩) ਅਰਥ: (ਗੁਰਮੁਖ ਦਾ) ਮਨ ਸਾਰੇ ਪਾਪ ਕੱਟ ਕੇ ਪਵਿੱਤਰ ਹੋ ਜਾਂਦਾ ਹੈ, ਜਨਮ ਮਰਨ ਦੇ ਗੇੜ ਮਿਟ ਜਾਂਦੇ ਹਨ।
੫. ‘ਸੁਣਿ’ ਗਲਾ ਆਕਾਸ ਕੀ, ਕੀਟਾ ਆਈ ਰੀਸ ॥ (ਜਪੁ) ਅਰਥ: ਆਕਾਸ਼ ਦੀਆਂ ਗੱਲਾਂ ਸੁਣ ਕੇ ਕੀੜਿਆਂ ਨੂੰ ਤਾਂਘ ਜਾਗ ਪਈ ਕਿ (ਪੰਖ ਆਉਣ ’ਤੇ) ਅਸੀਂ ਵੀ ਆਕਾਸ਼ ਵੱਲ ਉੱਡ ਸਕਾਂਗੇ (ਪਰ ਅਜਿਹਾ ਨਾ ਹੋ ਸਕਿਆ ਇਹੀ ਹਾਲ ਕਰਮਕਾਂਡੀ ਦਾ ਭਗਤਾਂ ਦੀ ਰੀਸ ਕਰਨ ਉਪਰੰਤ ਹੁੰਦਾ ਹੈ।)
੬. ‘ਕੁਹਿ’ ਬਕਰਾ ‘ਰਿੰਨਿ੍’ ਖਾਇਆ, ਸਭੁ ਕੋ ਆਖੈ ‘ਪਾਇ’ ॥ (ਮ: ੧/੪੭੧) ਅਰਥ: (ਪੰਡਿਤ ਸਮੇਤ ਜਜਮਾਨਾਂ ਨੇ) ਬੱਕਰਾ ਮਾਰ ਕੇ, ਰਿੰਨ੍ਹ ਕੇ ਖਾਧਾ ਤੇ ਸਭ ਕੋਈ ਆਖਦਾ (ਫਿਰਦਾ ਹੈ ਕਿ ਜਨੇਊ) ਪੈ ਗਿਆ।
੭. ਜਿਉ, ‘ਛੁਹਿ’ ਪਾਰਸ, ਮਨੂਰ ਭਏ ਕੰਚਨ ; ਤਿਉ, ਪਤਿਤ ਜਨ ‘ਮਿਲਿ’ ਸੰਗਤੀ, ਸੁਧ ਹੋਵਤ ਗੁਰਮਤੀ ਸੁਧ ਹਾਧੋ ॥ (ਮ: ੪/੧੨੯੭) ਅਰਥ: ਜਿਵੇਂ ਪਾਰਸ ਨੂੰ ਛੁਹ ਕੇ ਜੰਗਾਲਾ ਲੋਹਾ, ਸੋਨਾ ਬਣ ਜਾਂਦਾ ਹੈ; ਇਉਂ ਵਿਕਾਰੀ ਮਨੁੱਖ ਸਾਧ ਸੰਗਤ ’ਚ ਮਿਲ ਕੇ, ਗੁਰਮਤਿ ਰਾਹੀਂ ਸੁੱਚੇ ਜੀਵਨ ਵਾਲੇ ਬਣ ਜਾਂਦੇ ਹਨ।
ਉਕਤ ਵਿਚਾਰ ਅਧੀਨ ਕਿਰਿਆ ਵਿਸ਼ੇਸ਼ਣ (ਮਿਲਿ, ਮਾਰਿ, ਤਿਆਗਿ, ਬਿਸਾਰਿ, ਕਾਟਿ, ਸੁਣਿ, ਕੁਹਿ, ਰਿੰਨਿ੍, ਛੁਹਿ) ਸ਼ਬਦਾਂ ਤੋਂ ਇਲਾਵਾ ਲੜੀਵਾਰ ਮੂਲ ਕਿਰਿਆਵਾਂ ਇਹ ਹਨ : ‘(੧). ਸਾਰਿ (ਤੂੰ ਸੰਭਾਲ), ਕਢੈ, (੨). ਪਵਾਂ, (੩). ਲਗੈ, (੪). ਹੋਆ, (੫). ਆਈ, (੬). ਖਾਇਆ, (੭). ਭਏ’।
ਇੱਥੇ ਇਹ ਵਿਚਾਰ ਵੀ ਅਤਿ ਲਾਭਕਾਰੀ ਹੋਏਗੀ ਕਿ ਗੁਰਬਾਣੀ ’ਚ ਦਰਜ ਸਭ ਕਿਰਿਆ ਵਿਸ਼ੇਸ਼ਣ ਸ਼ਬਦਾਂ ਦੀ ਅੰਤ ਸਿਹਾਰੀ ’ਚ ‘ਕੇ’ ਲੁਪਤ ਲੈਣ ਦੀ ਸੋਝੀ ਉਨ੍ਹਾਂ ਸ਼ਬਦਾਂ ’ਚੋਂ ਮਿਲਦੀ ਹੈ, ਜਿਨ੍ਹਾਂ ਤੁਕਾਂ ’ਚ ਕਾਵਿ ਤੋਲ ਨੂੰ ਬਣਾਏ ਰੱਖਣ ਲਈ ਕਦੇ ਕਦਾਈਂ ਕਿਰਿਆ ਵਿਸ਼ੇਸ਼ਣ ਸ਼ਬਦਾਂ ਦੀ ਨਾਲ਼ ਹੀ ‘ਕੇ’ ਪ੍ਰਗਟ ਰੂਪ ’ਚ ਵੀ ਦਰਜ ਕਰਨਾ ਪਵੇ ਪਰ ਓਥੇ ਕਿਰਿਆ ਵਿਸ਼ੇਸ਼ਣ ਨਾਲ਼ ਸੰਯੁਕਤ ‘ਕੇ’ ਨਹੀਂ ਬਲਕਿ ‘ਕੈ’ ਲਿਖਿਆ ਮਿਲਦਾ ਹੈ, ਜੋ ਕਿ ‘ਕੇ’ ਦੇ ਹੀ ਅਰਥ ਉਪਲਬਧ ਕਰਾਉਂਦਾ ਹੈ; ਜਿਵੇਂ ਕਿ ਮਿਸਾਲ ਵਜੋਂ ਹੇਠਾਂ ਦੋ ਤੁਕਾਂ ’ਚ (ਪੜ੍ਹਿ ਕੈ, ਦੇਖਿ ਕੈ) ਵਿਖਾਈ ਦੇ ਰਿਹਾ ਹੈ :
੧. ਅਕਲੀ ‘ਪੜ੍ਹਿ ਕੈ’ ਬੁਝੀਐ, ਅਕਲੀ ਕੀਚੈ ਦਾਨੁ ॥ (ਮ: ੧/੧੨੪੫) ਅਰਥ: ਧਿਆਨ ਨਾਲ਼ (ਰੱਬੀ ਬਾਣੀ) ਪੜ੍ਹ ਕੇ (ਇਸ਼ਾਰਾ) ਸਮਝਣਾ ਚਾਹੀਦਾ ਹੈ ਤੇ ਧਿਆਨ ਨਾਲ਼ ਹੀ ਪਰਉਪਕਾਰ ਕਰਨਾ ਚਾਹੀਦਾ ਹੈ।
੨. ਏਹੁ ਜਗੁ ਜਲਤਾ ‘ਦੇਖਿ ਕੈ’ ਭਜਿ ਪਏ ਸਤਿਗੁਰ ਸਰਣਾ ॥ (ਮ: ੩/੭੦) ਅਰਥ: ਇਸ ਜਗਤ ਤ੍ਰਿਸ਼ਨਾ ਨੂੰ ਵੇਖ ਕੇ (ਜੋ) ਭੱਜ ਕੇ ਗੁਰੂ ਸ਼ਰਨ ਆ ਗਏ (ਉਹੀ ਇਸ ਤੋਂ ਬਚੇ)।
(ਨੋਟ : ਉਕਤ ੨ ਨੰਬਰ ’ਚ ‘ਦੇਖਿ ਕੈ’ (ਕਿਰਿਆ ਵਿਸ਼ੇਸ਼ਣ) ਤੋਂ ਸੇਧ ਲੈ ਕੇ ਇਸੇ ਤੁਕ ਦੇ ਸ਼ਬਦ ‘ਭਜਿ’ (ਕਿਰਿਆ ਵਿਸ਼ੇਸ਼ਣ) ’ਚੋਂ ਵੀ ਲੁਪਤ ‘ਕੇ’ ਲਿਆ ਗਿਆ ਕਿਉਂਕਿ ਇਸ ਵਾਕ ’ਚ ਮੂਲ ਕਿਰਿਆ ‘ਪਏ’ ਮੌਜੂਦ ਹੈ।)
– ਚਲਦਾ –