ਧਰਮ ਦੀ ਆੜ ਵਿੱਚ ਰਾਜਨੀਤੀ ਕਰਨ ਵਾਲੇ ਧਰਮ ਤੇ ਦੇਸ਼ ਦੋਵਾਂ ਲਈ ਅਤਿ ਘਾਤਕ

0
264

ਧਰਮ ਦੀ ਆੜ ਵਿੱਚ ਰਾਜਨੀਤੀ ਕਰਨ ਵਾਲੇ ਧਰਮ ਤੇ ਦੇਸ਼ ਦੋਵਾਂ ਲਈ ਅਤਿ ਘਾਤਕ

ਕਿਰਪਾਲ ਸਿੰਘ ਬਠਿੰਡਾ, ਸੰਪਰਕ 98554-80797

ਮਿਤੀ 23 ਜੂਨ ਦੇ ਅਖ਼ਬਾਰਾਂ ’ਚ ਅਕਾਲੀ ਦਲ ਨਾਲ ਸਬੰਧਤ ਸਾਬਕਾ ਮੁੱਖ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ ਅਤੇ ਨਗਰ ਨਿਗਮ ਬਠਿੰਡਾ ਦੇ ਅਕਾਲੀ ਮੇਅਰ ਬਲਵੰਤ ਰਾਏ ਨਾਥ ਵੱਲੋਂ ਪ੍ਰੈੱਸ ਕਾਨਫਰੰਸ ਕਰਕੇ ਕੀਤਾ ਦਾਅਵਾ ਜਿੱਥੇ ਹੈਰਾਨੀਜਨਕ ਹੈ ਉਥੇ ਦੁੱਖਦਾਇਕ ਵੀ ਹੈ। ਕੀਤੇ ਦਾਅਵੇ ਅਨੁਸਾਰ ਉਨ੍ਹਾਂ ਦਾ ਦੋਸ਼ ਹੈ ਕਿ ਵਿਤ ਮੰਤਰੀ ਮਨਪ੍ਰੀਤ ਬਾਦਲ ਦੇ ਇਸ਼ਾਰੇ ’ਤੇ ਖ਼ਾਲਸਾ ਦੀਵਾਨ ਸ਼੍ਰੀ ਗੁਰੂ ਸਿੰਘ ਸਭਾ ਬਠਿੰਡਾ ’ਤੇ ਟੇਡੇ ਢੰਗ ਨਾਲ ਕਾਬਜ਼ ਹੋ ਕੇ ਕਾਂਗਰਸ ਗੁਰੂ ਘਰਾਂ ’ਤੇ ਕਾਬਜ਼ ਹੋਣ ਦੇ ਰਾਹ ਤੁਰੀ ਹੈ। ਅਕਾਲੀ ਆਗੂਆਂ ਅਨੁਸਾਰ ਉਨ੍ਹਾਂ ਨੇ ਮਾਮਲਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਧਿਆਨ ਵਿੱਚ ਲਿਆ ਦਿੱਤਾ ਹੈ ਅਤੇ ਆਉਂਦੇ ਦਿਨਾਂ ਵਿੱਚ ਸੰਘਰਸ਼ ਵਿੱਢਣ ਲਈ ਅਗਲੀ ਰਣਨੀਤੀ ਘੜੀ ਜਾਵੇਗੀ।

ਅਕਾਲੀ ਆਗੂਆਂ ਦਾ ਦਾਅਵਾ ਹੈਰਾਨੀਜਨਕ ਇਸ ਕਾਰਨ ਲੱਗਿਆ ਕਿਉਂਕਿ ਆਮ ਲੋਕਾਂ ਨੂੰ ਤਾਂ ਇਹੀ ਪਤਾ ਨਹੀਂ ਲਗਦਾ ਕਿ ਅਕਾਲੀ ਕੌਣ ਹੈ ਅਤੇ ਕਾਂਗਰਸੀ ਕੌਣ? ਅੱਜ ਦੇ ਅਕਾਲੀ ਦਲ ਨਾਲ ਸਬੰਧਤ ਸਾਬਕਾ ਮੁੱਖ ਸੰਸਦੀ ਸਕੱਤਰ ਕਿਸੇ ਵੇਲੇ ਇੱਥੋਂ ਕਾਂਗਰਸੀ ਉਮੀਦਵਾਰ ਸੁਰਿੰਦਰ ਸਿੰਗਲਾ ਦਾ ਕੱਟੜ ਸਮਰਥਕ ਰਿਹਾ ਹੈ, ਮੇਅਰ ਤਾਂ ਕਾਰਪੋਰੇਸ਼ਨ ਦੀਆਂ ਚੋਣਾਂ ਤੋਂ ਪਹਿਲਾਂ ਖ਼ੁਦ ਕਾਂਗਰਸੀ ਹੀ ਸੀ ਜੋ ਚੋਣਾਂ ਦੌਰਾਨ ਪਾਲ਼ਾ ਬਦਲ ਕੇ ਅਕਾਲੀ ਬਣ ਗਿਆ ਤੇ ਆਉਂਦੇ ਹੀ ਪਾਰਟੀ ਨੇ ਮੇਅਰ ਬਣਾ ਦਿੱਤਾ। ਇਹ ਨਵੇਂ ਅਕਾਲੀ ਜਿਸ ਧਿਰ ਨੂੰ ਕਾਂਗਰਸੀ ਦੱਸ ਰਹੇ ਹਨ ਉਹ ਤਕਰੀਬਨ ਸਾਰੇ ਦੇ ਸਾਰੇ ਕੁਝ ਸਮਾਂ ਪਹਿਲਾਂ ਤੱਕ ਕੱਟੜ ਅਕਾਲੀ ਹੁੰਦੇ ਸਨ ਅਤੇ ਇਸੇ ਗੁਰਦੁਆਰਾ ਸਾਹਿਬ ਦੇ ਅਹੁੱਦੇਦਾਰ ਵੀ ਸਨ ਜੋ ਹੁਣ ਪਾਲ਼ਾ ਬਦਲ ਕੇ ਕਾਂਗਰਸ ਵਿੱਚ ਚਲੇ ਗਏ। ਅੱਜ ਸਮੁੱਚੇ ਦੇਸ਼ ਵਿੱਚ ਮਹੌਲ ਇਸ ਤਰ੍ਹਾਂ ਦਾ ਬਣਿਆ ਪਿਆ ਹੈ ਕਿ ਐੱਮ.ਸੀ. ਤੋਂ ਲੈ ਕੇ ਐੱਮ.ਪੀ. ਤੇ ਮੰਤਰੀ ਤੱਕ ਕਿਸੇ ਦਾ ਕੋਈ ਪਤਾ ਨਹੀਂ ਕਿ ਇਹ ਕਿਸ ਪਾਰਟੀ ਨਾਲ ਸਬੰਧਤ ਹੈ। ਬਹੁਤ ਸਾਰੇ ਕੇਸ ਇਸ ਤਰ੍ਹਾਂ ਦੇ ਮਿਲ ਜਾਂਦੇ ਹਨ ਜਦ ਪਿਛਲੀ ਵਾਰ ਕਾਂਗਰਸ ਦੀ ਟਿਕਟ ’ਤੇ ਚੋਣ ਲੜਨ ਵਾਲਾ ਦੂਜੀ ਵਾਰ ਅਕਾਲੀ ਟਿਕਟ ਤੋਂ ਚੋਣ ਲੜ ਰਿਹਾ ਹੁੰਦਾ ਹੈ ਤੇ ਕੱਲ੍ਹ ਦਾ ਅਕਾਲੀ ਅੱਜ ਕਾਂਗਰਸੀ ਹੁੰਦਾ ਹੈ। ਅਸਲ ਵਿੱਚ ਸਿਧਾਂਤ ਨਾਮ ਦੀ ਕੋਈ ਚੀਜ ਨਹੀਂ ਰਹੀ ਇਥੇ ਤਾਂ ਬਾਦਲ ਪਰਵਾਰ ਦੇ ਗੁਣ ਗਾਉਣ ਵਾਲਾ ਅਕਾਲੀ ਅਤੇ ਨਹਿਰੂ ਪਰਵਾਰ ਦੇ ਗੁਣ ਗਾਉਣ ਵਾਲਾ ਕਾਂਗਰਸੀ ਅਖਵਾਉਂਦਾ ਹੈ। ਛੋਟੇ ਲੈਵਲ ਦੇ ਆਗੂ ਵੀ ਆਪਣੇ ਨਿਜੀ ਨਫਾ ਨੁਕਸਾਨ ਵੇਖ ਕੇ ਇੱਕ ਦੀ ਬੰਸਰੀ ਪਾਸੇ ਰੱਖ ਕੇ ਦੂਸਰੇ ਦੀ ਚੁੱਕ ਕੇ ਵਜਾਉਣੀ ਸ਼ੁਰੂ ਕਰ ਦਿੰਦੇ ਹਨ। ਅੱਜ ਦੇ ਇਸ ਲੇਖ ਦਾ ਮਕਸਿਦ ਇਹ ਵੇਖਣਾ ਨਹੀਂ ਕਿ ਕੌਣ ਅਕਾਲੀ ਹੈ ਤੇ ਕੌਣ ਕਾਂਗਰਸੀ ਬਲਕਿ ਕੇਵਲ ਇਹ ਵੀਚਾਰਨਾ ਹੈ ਕਿ ਧਰਮ ਵਿਹੂਣੇ ਸਿਆਸੀ ਆਗੂਆਂ ਦਾ ਧਰਮ ’ਤੇ ਕਾਬਜ਼ ਹੋਣਾ ਧਰਮ, ਕੌਮ, ਦੇਸ਼ ਅਤੇ ਸਮਾਜ ਲਈ ਕਿਤਨਾ ਨੁਕਸਾਨ ਦੇਹ ਸਾਬਤ ਹੋ ਰਿਹਾ ਹੈ; ਇਸ ਨੂੰ ਭਾਂਪਦੇ ਹੋਏ ਧਰਮ ਦੀ ਮਾੜੀ ਮੋਟੀ ਵੀ ਚਿਣਗ ਰੱਖਣ ਵਾਲੇ ਸਾਰੇ ਹੀ ਵਿਅਕਤੀਆਂ ਸਮੇਤ ਆਪਣੇ ਆਪ ਨੂੰ ਰਾਸ਼ਟਰੀ ਏਕਤਾ ਦੇ ਹਿਤੂ ਅਤੇ ਸਮਾਜ ਸੇਵਕ ਅਖਵਾਉਣ ਵਾਲੇ ਭਾਵੇਂ ਉਹ ਆਸਤਿਕ ਹੋਵੇ ਜਾਂ ਨਾਸਤਿਕ, ਹਰ ਸ਼ਹਿਰੀ ਨੂੰ ਚਾਹੀਦਾ ਹੈ ਕਿ ਉਹ ਧਰਮ ਬਿਹੂਣੇ ਗੈਰ ਸਿਧਾਂਤਕ ਰਾਜਨੀਤਕਾਂ ਵੱਲੋਂ ਧਾਰਮਿਕ ਸੰਸਥਾਵਾਂ ’ਤੇ ਕਾਬਜ਼ ਹੋਣ ਦੀ ਕੋਸ਼ਿਸ ਕਰਨ ਵਾਲੇ ਹਰ ਰਾਜਨੀਤਕ ਆਗੂ ਦਾ ਸਖਤ ਵਿਰੋਧ ਕਰੇ ਭਾਵੇਂ ਕਿ ਕਾਬਜ਼ ਲੋਕ ਕਿਸੇ ਵੀ ਪਾਰਟੀ ਦੇ ਹੋਣ।

ਧਰਮ ਬਿਹੂਣੇ ਗੈਰ ਸਿਧਾਂਤਕ ਰਾਜਨੀਤਕ ਬੰਦਿਆਂ ਵੱਲੋਂ ਸਤਾ ਅਤੇ ਧਾਰਮਿਕ ਸੰਸਥਾਵਾਂ ’ਤੇ ਕਾਬਜ਼ ਹੋਣ ਦੀ ਪਰਵਿਰਤੀ ਧਰਮ ਤੇ ਸਮਾਜ ਲਈ ਕਿੰਨਾ ਨੁਕਸਾਨਦੇਹ ਸਾਬਤ ਹੋ ਰਹੀ ਹੈ ਇਸ ਦੀਆਂ ਮਿਸਾਲਾਂ ਤਾਂ ਬਹੁਤ ਹਨ ਪਰ ਇੱਥੇ ਰਾਜਨੀਤਕਾਂ ਵੱਲੋਂ ਆਪਣੀ ਸਤਾ ਪ੍ਰਾਪਤੀ ਦੀ ਲਾਲਸਾ ਪੂਰੀ ਕਰਨ ਖਾਤਰ ਧਰਮ ਨੂੰ ਰਾਜਨੀਤੀ ਲਈ ਵਰਤੇ ਜਾਣ ਕਾਰਨ ਕੇਵਲ ਸਿੱਖ ਧਰਮ ਅਤੇ ਸਮੁੱਚੇ ਭਾਰਤ ਨੂੰ ਉਠਾਏ ਗਏ ਨੁਕਸਾਨ ਦੀ ਸੰਕੋਚਵੀਂ ਗੱਲ ਕਰਦੇ ਹਾਂ। ਪਹਿਲਾ ਨੁਕਸਾਨ ਤਾਂ ਇਹ ਹੋਇਆ ਕਿ ਭਾਰਤ ਦੀ ਅਜ਼ਾਦੀ ਦੀ ਲੜਾਈ ਦੌਰਾਨ ਇੱਥੋਂ ਦੇ ਰਾਜਨੀਤਕ ਆਗੂ ਫਿਰਕੂ ਸੋਚ ਦੇ ਸ਼ਿਕਾਰ ਹੋ ਜਾਣ ਦਾ ਸਿੱਟਾ ਭਾਰਤ-ਪਾਕਿਸਤਾਨ ਦੀ ਵੰਡ ਵਿੱਚ ਨਿਕਲਿਆ ਜਿਸ ਦਾ ਸਭ ਤੋਂ ਵੱਧ ਨੁਕਸਾਨ ਦੋਵੇਂ ਪਾਸਿਆਂ ਦੇ ਪੰਜਾਬ, ਪੰਜਾਬੀਆਂ ਅਤੇ ਖਾਸ ਕਰ ਕੇ ਸਿੱਖਾਂ ਨੂੰ ਭੁਗਤਣਾ ਪਿਆ ਅਤੇ ਅੱਜ ਵੀ ਭੁਗਤ ਰਹੇ ਹਨ। ਕਸ਼ਮੀਰ ਮਸਲਾ ਵੀ ਉਸ ਵੰਡ ਵਿੱਚੋਂ ਹੀ ਉਪਜਿਆ ਹੈ ਜਿਸ ਨਾਲ ਦੋਵੇਂ ਦੇਸ਼ਾਂ ਦਾ ਅਰਬਾਂ ਰੁਪਏ ਦਾ ਬੱਜਟ ਤੇ ਬੇਸ਼ਕੀਮਤੀ ਹਜਾਰਾਂ ਜਾਨਾਂ ਅੱਜ ਵੀ ਅਜਾਂਈ ਜਾ ਰਹੀਆਂ ਹਨ ਪਰ ਫਿਰ ਵੀ ਮਸਲਾ ਕਿਸੇ ਕੰਢੇ ਲੱਗਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ। ਜਨਸੰਘ/ਭਾਜਪਾ ਨੇ ਸਤਾ ’ਤੇ ਕਾਬਜ਼ ਹੋਣ ਲਈ ਹਿੰਦੂਆਂ ਦੇ ਧਾਰਮਿਕ ਜ਼ਜਬਾਤਾਂ ਦੀ ਤਰਜ਼ਮਾਨੀ ਕਰਨ ਦੇ ਨਾਂ ’ਤੇ ਰਾਮਮੰਦਰ ਦਾ ਮਸਲਾ ਵਾਰ ਵਾਰ ਉਠਾਇਆ ਜਿਸ ਸਦਕਾ ਉਹ ਸਤਾ ਦੀ ਕੁਰਸੀ ’ਤੇ ਤਾਂ ਪਹੁੰਚੇ ਪਰ ਰਾਮ ਮੰਦਰ ਅੱਜ ਤੱਕ ਨਹੀਂ ਬਣਿਆ। ਮੈਂ ਮੰਦਿਰ ਬਣਾਉਣ ਦੇ ਹੱਕ ਵਿਚ ਨਹੀਂ ਬਲਕਿ ਮੈ ਇੱਕ ਮਿਸਾਲ ਦਿੱਤੀ ਹੈ ਕਿ ਇੱਕ ਪਾਰਟੀ ਵੱਲੋਂ ਭੋਲ਼ੇ ਭਾਲ਼ੇ ਲੋਕਾਂ ਦੇ ਧਾਰਮਿਕ ਜਜ਼ਬਾਤਾਂ ਨੂੰ ਉਭਾਰ ਕੇ ਉਸ ਰਾਮ ਜੀ ਦੇ ਜਨਮ ਸਥਾਨ ’ਤੇ ਮੰਦਰ ਬਣਾਉਣ ਦੇ ਸੱਦਿਆਂ ਨੇ ਦੇਸ਼ਵਾਸੀਆਂ ਦੀਆਂ ਹਜਾਰਾਂ ਜਾਨਾਂ ਅਜਾਂਈਂ ਗੁਆਉਣ ਤੋਂ ਇਲਾਵਾ ਦੱਸੋ ਹੁਣ ਤੱਕ ਦੇਸ਼ ਅਤੇ ਹਿੰਦੂ ਧਰਮ ਦਾ ਕੀ ਸੁਆਰਿਆ ਹੈ ?

ਹੁਣ ਗੱਲ ਕਰਦੇ ਹਾਂ ਕੇਵਲ ਸਿੱਖ ਧਰਮ ’ਤੇ ਰਾਜਨੀਤਕਾਂ ਵੱਲੋਂ ਕਾਬਜ਼ ਹੋਣ ਦੀ ਲੱਗੀ ਦੌੜ ਨਾਲ ਧਰਮ ਦੇ ਹੋ ਰਹੇ ਨੁਕਸਾਨ ਦੀ। ਇਸ ਸਬੰਧੀ ਅਕਾਲੀ ਦਲ ਭਾਵੇਂ ਆਪਣੇ ਆਪ ’ਤੇ ਪੰਥਕ ਹੋਣ ਦੀ ਮੋਹਰ ਲਾ ਕੇ ਗੁਰਦੁਆਰਿਆਂ ’ਤੇ ਕਾਬਜ਼ ਬਣੇ ਰਹਿਣ ਦਾ ਆਪਣਾ ਜਨਮ ਸਿੱਧ ਅਧਿਕਾਰ ਮੰਨੀ ਬੈਠੇ ਹਨ ਪਰ ਜੇ ਕਰ ਆਹਮਣੇ ਸਾਹਮਣੇ ਬੈਠ ਕੇ ਗੱਲ ਕਰਨ ਦਾ ਮੌਕਾ ਮਿਲਦਾ ਹੈ ਤਾਂ ਅਕਾਲੀ ਕਹਾਉਣ ਵਾਲੇ ਖ਼ੁਦ ਵੀ ਇਹ ਸੱਚ ਸੁਣ ਕੇ ਸ਼ਰਮਸ਼ਾਰ ਹੋਣ ਤੋਂ ਬਚ ਨਹੀਂ ਸਕਣਗੇ ਕਿ ਉਨ੍ਹਾਂ ਦੇ ਮੁੱਖ ਆਗੂਆਂ ਵੱਲੋਂ ਰਾਜਨੀਤੀ ਲਈ ਧਰਮ ਦੀ ਕੀਤੀ ਜਾ ਰਹੀ ਦੁਰਵਰਤੋਂ ਕਾਰਨ ਧਰਮ ਨੂੰ ਕਿੰਨਾ ਨੁਕਸਾਨ ਉਠਾਉਣਾ ਪੈ ਰਿਹਾ ਹੈ। ਜਿਆਦਾ ਵਿਸਥਾਰ ਵਿੱਚ ਜਾਣ ਨਾਲੋਂ ਕੇਵਲ ਬਰਗਾੜੀ ਘਟਨਾਵਾਂ ਦਾ ਜ਼ਿਕਰ ਕਰਕੇ ਹੀ ਗੱਲ ਸਮੇਟਣੀ ਚਾਹਾਂਗਾ। ਸੰਨ 2015 ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਹੋਣ ਉਪ੍ਰੰਤ ਜਿਸ ਢੰਗ ਨਾਲ ਉਨ੍ਹਾਂ ਦੇ ਪਾਵਨ ਪੱਤਰੇ ਗਲੀਆਂ ਵਿੱਚ ਖਿਲਾਰੇ ਗਏ ਇਹ ਅਤਿ ਨਿੰਦਣ ਯੋਗ ਕਾਰਵਾਈ ਸੀ। ਸਿੱਖਾਂ ਲਈ ਇਹ ਨਾ ਸਹਾਰਨਯੋਗ ਹਿਰਦੇਬੇਧਕ ਘਟਨਾ ਸੀ ਜਿਸ ਕਾਰਨ ਛਲਨੀ ਹੋਏ ਸਿੱਖ ਜ਼ਜਬਾਤਾਂ ਦੀ ਤਰਜ਼ਮਾਨੀ ਕਰਦਿਆਂ ਸਿੱਖ ਪ੍ਰਚਾਰਕਾਂ ਨੇ ਦੋਸ਼ੀਆਂ ਨੂੰ ਫੜ੍ਹਨ ਤੇ ਸਖਤ ਸਜਾ ਦੇਣ ਦੀ ਮੰਗ ਕਰਦਿਆਂ ਉਥੇ ਧਰਨਾ ਲਾ ਦਿੱਤਾ। ਧਰਨਾਕਾਰੀਆਂ ਦੀ ਗਿਣਤੀ ਬਹੁਤ ਜਿਆਦਾ ਵਧ ਜਾਣ ’ਤੇ ਬੁਖਲਾਈ ਪੰਥਕ ਸਰਕਾਰ ਹੇਠਲੀ ਪੁਲਿਸ ਨੇ ਦੋਸ਼ੀਆਂ ਦੀ ਭਾਲ ਕਰਨ ਵੱਲ ਆਪਣਾ ਧਿਆਨ ਕੇਂਦਰਿਤ ਕਰਨ ਦੀ ਥਾਂ ਸ਼ਾਂਤਮਈ ਬੈਠੇ ਧਰਨਾਕਾਰੀਆਂ ਨੂੰ ਖਿੰਡਾਉਣ ਲਈ ਅੰਨ੍ਹੇਵਾਹ ਗੋਲ਼ੀ ਚਲਾ ਦਿੱਤੀ ਜਿਸ ਦੌਰਾਨ ਦੋ ਸਿੱਖ ਸ਼ਹੀਦ ਹੋ ਗਏ ਅਤੇ ਬਹੁਤ ਸਾਰੇ ਜਖ਼ਮੀ ਹੋ ਗਏ। ਇਸ ਤੋਂ ਵੱਧ ਇਹ ਕਿ ਅਸਲੀ ਦੋਸ਼ੀਆਂ ਦੀ ਭਾਲ਼ ਕਰਨ ਦੀ ਥਾਂ ਸਿੱਖ ਪ੍ਰਚਾਰਕਾਂ ਨੂੰ ਹੀ ਦੋਸ਼ੀ ਠਹਿਰਾਉਣ ਦੀ ਬਦਨੀਤੀ ਨਾਲ ਦੋ ਸਿੱਖ ਭਰਾਵਾਂ ਸਮੇਤ ਬਹੁਤ ਸਾਰੇ ਹੋਰ ਸਿੱਖਾਂ ਨੂੰ ਹੀ ਦੋਸ਼ੀ ਗਰਦਾਨ ਕੇ ਚੁੱਕ ਲਿਆ ਤੇ ਅੰਨ੍ਹੇਵਾਹ ਤਸ਼ੱਦਦ ਢਾਹਿਆ। ਉੱਚ ਰੈਂਕ ਦੇ ਪੁਲਿਸ  ਅਫਸਰ ਹੇਠ ਬਣੀ ਜਾਂਚ ਕਮੇਟੀ ਦੀ ਰੀਪੋਰਟ ਦੇ ਅਧਾਰ ’ਤੇ ਉਸ ਸਮੇਂ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਜੋ ਅਕਾਲੀ ਦਲ ਦੇ ਪ੍ਰਧਾਨ ਵੀ ਹਨ ਨੇ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਬੇਅਦਬੀ ਘਟਨਾਵਾਂ ਲਈ ਵਿਦੇਸ਼ਾਂ ’ਚ ਗਰਮ ਖਿਆਲੀ ਸਿੱਖ ਜਿੰਮੇਵਾਰ ਹਨ ਕਿਉਂਕਿ ਉਹ ਅਕਾਲੀ ਸਰਕਾਰ ਡੇਗਣਾ ਚਾਹੁੰਦੇ ਸਨ। ਇਸ ਤਰ੍ਹਾਂ ਦਾ ਪ੍ਰਚਾਰ ਬੇਅਦਬੀ ਤੋਂ ਪੀੜਤ ਧਿਰ ਸਿੱਖਾਂ ਨੂੰ ਹੀ ਦੋਸ਼ੀ ਗਰਦਾਨ ਕੇ ਸਮੁੱਚੇ ਰੂਪ ਵਿੱਚ ਸਿੱਖਾਂ ਨੂੰ ਬੇਵਿਸ਼ਵਾਸੇ ਤੇ ਆਪਣੇ ਨਿੱਜੀ ਹਿੱਤਾਂ ਲਈ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਪੈਰਾਂ ਹੇਠ ਰੋਲਣ ਵਾਲੇ ਅਕਿਰਤਘਨ ਸਿੱਧ ਕਰਕੇ ਸਿੱਖਾਂ ਨੂੰ ਕੌਮਾਂਤਰੀ ਪੱਧਰ ’ਤੇ ਬਦਨਾਮ ਕਰਨ ਵਿੱਚ ਵੱਡਾ ਹਿੱਸਾ ਪਾ ਰਿਹਾ ਸੀ।

ਚੋਣਾਂ ਪਿੱਛੋਂ ਆਈ ਕਾਂਗਰਸ ਦੀ ਕੈਪਟਨ ਸਰਕਾਰ ਵੱਲੋਂ ਬਰਗਾੜੀ ਕਾਂਡ ਦੀਆਂ ਘਟਨਾਵਾਂ ਦੀ ਪੜਤਾਲ ਕਰਨ ਲਈ ਜਸਟਿਸ ਰਣਜੀਤ ਸਿੰਘ ਦੀ ਅਗਵਾਈ ਹੇਠ ਬਣਾਏ ਜਾਂਚ ਕਮਿਸ਼ਨ ਅੱਗੇ ਸ: ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਆਪਣੇ ਪੱਖ ਰੱਖਣ ਤੋਂ ਨਾਂਹ ਕਰਨੀ, ਸੌਦਾ ਸਾਧ ਵੱਲੋਂ 2007 ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਸੁਆਂਗ ਰਚਣ ਦੇ ਦੋਸ਼ ਹੇਠ ਦਰਜ ਪਰਚੇ ਬਾਦਲ ਸਰਕਾਰ ਵੱਲੋਂ ਰੱਦ ਕਰਨੇ, ਅਕਾਲ ਤਖ਼ਤ ਵੱਲੋਂ ਸੌਦਾ ਸਾਧ ਨੂੰ ਦੋਸ਼ ਮੁਕਤ ਕਰਾਰ ਦੇ ਕੇ ਉਸ ਵਿਰੁੱਧ ਜਾਰੀ ਹੋਇਆ ਹੁਕਮਨਾਮਾ ਵਾਪਸ ਲੈਣਾ, ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਸੀਨੀਅਰ ਅਕਾਲੀ ਆਗੂਆਂ ਵੱਲੋਂ ਡੇਰਾ ਪ੍ਰੇਮੀਆਂ ਨਾਲ ਮੀਟਿੰਗ ਕਰ ਕੇ ਵੋਟਾਂ ਦੀ ਭੀਖ ਮੰਗਣੀ, ਡੇਰੇ ਵੱਲੋਂ ਅਕਾਲੀ ਦਲ ਦਾ ਚੋਣਾਂ ਦੌਰਾਨ ਸਮਰਥਨ ਕਰਨ ਦਾ ਐਲਾਨ, ਤਾਜ਼ਾ ਪੁਲਿਸ ਰੀਪੋਰਟ ਅਨੁਸਾਰ ਬੇਅਦਬੀ ਘਟਨਾਵਾਂ ਲਈ ਡੇਰਾ ਸਿਰਸਾ ਦੀ ਸੂਬਾ ਕਮੇਟੀ ਦੇ ਮੈਂਬਰ ਮਹਿੰਦਰਪਾਲ ਉਰਫ ਬਿੱਟੂ ਦੀ ਅਗਵਾਈ ਹੇਠ 10 ਡੇਰਾ ਪ੍ਰੇਮੀਆਂ ਨੂੰ ਦੋਸ਼ੀ ਐਲਾਨਣਾ, ਬਿੱਟੂ ਵੱਲੋਂ ਮੈਜਿਸਟ੍ਰੇਟ ਅੱਗੇ ਦੋਸ਼ ਕਬੂਲਣੇ ਅਤੇ ਫੋਰੈਂਸਿਕ ਰੀਪੋਰਟ ਅਨੁਸਾਰ ਫੜੇ ਗਏ ਸ਼ੱਕੀ 10 ਡੇਰਾ ਪ੍ਰੇਮੀਆਂ ਵਿੱਚੋਂ ਇੱਕ ਦੀ ਲਿਖਾਈ ਸਤੰਬਰ 2015 ਵਿੱਚ ਪਿੰਡ ਬਰਗਾੜੀ ’ਚ ਚਿਪਗਾਏ ਪੋਸਟਰਾਂ ਦੀ ਲਿਖਾਈ ਨਾਲ ਮਿਲ ਜਾਣ ਦੀਆਂ ਸਾਰੀਆਂ ਘਟਨਾਵਾਂ ਨੂੰ ਇੱਕ ਲੜੀ ਵਿੱਚ ਪ੍ਰੋ ਕੇ ਵੇਖਿਆ ਜਾਵੇ ਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਵੱਲ ਉਸ ਸਮੇਂ ਪੁਲਿਸ ਨੇ ਉਂਗਲ ਇਸ ਲਈ ਨਹੀਂ ਉਠਾਈ ਸੀ ਕਿਉਂਕਿ ਵੋਟਾਂ ਕਾਰਨ ਅਕਾਲੀ ਦਲ ਦਾ ਸਮਝੌਤਾ ਡੇਰਾ ਪ੍ਰੇਮੀਆਂ ਨਾਲ ਹੋ ਚੁੱਕਾ ਸੀ ਜਿਸ ਕਾਰਨ ਉਹ ਪ੍ਰੇਮੀਆਂ ਨੂੰ ਹਰ ਹਾਲਤ ਬਚਾਉਣਾ ਚਾਹੁੰਦੇ ਸਨ।

ਕੇਵਲ ਬਠਿੰਡਾ ਸ਼ਹਿਰ ਦੇ ਇੱਕ ਗੁਰਦੁਆਰੇ ਦਾ ਪ੍ਰਬੰਧ ਖੁੱਸਣ ’ਤੇ ਸੰਘਰਸ਼ੀ ਬਿਗਲ ਵਜਾ ਦੇਣ ਦਾ ਐਲਾਨ ਕਰਨ ਵਾਲੇ ਅਕਾਲੀ ਦਲ ਦੇ ਆਗੂਆਂ ਤੋਂ ਇਹ ਤਾਂ ਪੁੱਛਣਾ ਬਣਦਾ ਹੀ ਹੈ ਕਿ ਜੇ ਕਰ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ; ਜੋ ਕੇਵਲ ਸਿੱਖਾਂ ਦੇ ਹੀ ਨਹੀਂ ਬਲਕਿ ਸਮੁੱਚੀ ਮਨੁੱਖਤਾ ਦੇ ਗੁਰੂ ਹਨ ਕਿਉਂਕਿ ਇਸ ਵਿੱਚੋਂ ਸਰਬ ਸਾਂਝੀਵਾਲਤਾ ਅਤੇ ਜਾਤ, ਧਰਮ, ਲਿੰਗ ਦੇ ਭਿੰਨ ਭੇਦ ਤੋਂ ਉੱਪਰ ਉਠ ਕੇ ਮਨੁੱਖੀ ਅਧਿਕਾਰਾਂ ਅਤੇ ਫਰਜਾਂ ਦੀ ਅਵਾਜ਼ ਸੁਣਾਈ ਦਿੰਦੀ ਹੈ; ਦੀ ਹੋਈ ਬੇਅਦਬੀ ਵਿਰੁੱਧ ਸੰਘਰਸ਼ ਨਹੀਂ ਕੀਤਾ ਤਾਂ ਹੁਣ ਸੰਘਰਸ਼ ਕਰ ਕੇ ਕੀ ਤੁਸੀਂ ਇਹ ਨਹੀਂ ਦਰਸਾ ਰਹੇ ਕਿ ਤੁਹਾਡਾ ਗੁਰੂ ਗ੍ਰੰਥ ਸਾਹਿਬ ਜੀ ਨਾਲ ਤਾਂ ਕੋਈ ਸਬੰਧ ਹੀ ਨਹੀਂ, ਪੰਥਕ ਮਖੌਟਾ ਕੇਵਲ ਗੁਰਦੁਆਰਿਆਂ ’ਤੇ ਕਾਬਜ਼ ਬਣੇ ਰਹਿਣ ਲਈ ਹੀ ਹੈ। ਲੇਖਕ ਦਾ ਭਾਵ ਕੇਵਲ ਅਕਾਲੀ ਦਲ ਨੂੰ ਦੋਸ਼ੀ ਦੱਸ ਕੇ ਕਾਂਗਰਸ ਨੂੰ ਕਲੀਨ ਚਿੱਟ ਦੇਣਾ ਨਹੀਂ ਬਲਕਿ ਸੰਗਤ ਨੂੰ ਸੁਚੇਤ ਕਰਨਾ ਹੈ ਕਿ ਗੁਰਦੁਆਰਿਆਂ ਨੂੰ ਗੰਦੀ ਸਿਆਸਤ ਤੋਂ ਅਜ਼ਾਦ ਕਰਵਾਉਣ ਲਈ ਉਨ੍ਹਾਂ ਨੂੰ ਨਿਰ ਸੁਆਰਥ ਹੋ ਕੇ ਲਾਮਬੰਦ ਹੋ ਜਾਣ ਦੀਆਂ ਤਿਆਰੀਆਂ ਜਰੂਰ ਕਰ ਲੈਣੀਆਂ ਚਾਹੀਦੀਆਂ ਹਨ। ਕਾਂਗਰਸ ਦੇ ਨਵੇਂ/ਪੁਰਾਣੇ ਆਗੂਆਂ ਨੂੰ ਵੀ ਸਲਾਹ ਹੈ ਕਿ ਉਹ ਗੁਰਦੁਆਰਾ ਪ੍ਰਬੰਧ ਨੂੰ ਅਕਾਲੀਆਂ ਦੀ ਤਰ੍ਹਾਂ ਆਪਣੀ ਰਾਜਨੀਤੀ ਚਮਕਾਉਣ ਲਈ ਨਹੀਂ ਬਲਕਿ ਸਿੱਖੀ ਸਿਧਾਂਤ ਦੇ ਪ੍ਰਚਾਰ ਹਿਤ ਵਰਤਣ ਲਈ ਪਾਰਟੀ ਲੈਵਲ ਤੋਂ ਉੱਪਰ ਉਠ ਕੇ ਸਮੁੱਚੀ ਸੰਗਤ ਦਾ ਸਹਿਯੋਗ ਲੈਣ ਅਤੇ ਦੇਣ ਤਾ ਕਿ ਗੁਰੂ ਘਰਾਂ ਨਾਲੋਂ ਟੁੱਟ ਚੁੱਕੀ ਸੰਗਤ ਖਾਸ ਕਰਕੇ ਨੌਜਵਾਨੀ ਮੁੜ ਗੁਰੂ ਘਰਾਂ ਨਾਲ ਜੁੜ ਸਕੇ।