ਗੁਰਬਾਣੀ ਦਾ ਉਚਾਰਨ ਕਰਦਿਆਂ ਧਿਆਨ ਦੇਣ ਯੋਗ ਅਹਿਮ ਨੁਕਤੇ

0
2052

ਗੁਰਬਾਣੀ ਦਾ ਉਚਾਰਨ ਕਰਦਿਆਂ ਧਿਆਨ ਦੇਣ ਯੋਗ ਅਹਿਮ ਨੁਕਤੇ 

ਗਿਆਨੀ ਅਵਤਾਰ ਸਿੰਘ

ਗੁਰਬਾਣੀ; ਸਿੱਖ ਦੇ ਜੀਵਨ ਲਈ ਰੂਹਾਨੀਅਤ ਖ਼ੁਰਾਕ ਹੈ, ਜਿਸ ਨਾਲ ਸਰੀਰਕ ਤੇ ਸਮਾਜਿਕ ਕਮਜ਼ੋਰੀਆਂ ਨਾਲ ਸੰਘਰਸ਼ ਕਰਨ ’ਚ ਮਦਦ ਮਿਲਦੀ ਹੈ ਤੇ ਮਨੁੱਖ, ਅੰਤ ਨੂੰ ਪ੍ਰਮਾਤਮਾ ਦਾ ਸਰੂਪ ਹੋ ਨਿਬੜਦਾ ਹੈ ਪਰ ਇਹ ਸਾਰੀ ਸ਼ਕਤੀ ਗੁਰ ਸ਼ਬਦ ਵਿਚਾਰ ਉੱਤੇ ਕੇਂਦਰਿਤ ਹੈ, ਜਿਸ ਦੀ ਸ਼ੁਰੂਆਤ ਗੁਰੂ ਸਾਹਿਬਨਾਂ ਨੇ ‘‘ਪੜਿਐ ਨਾਹੀ; ਭੇਦੁ, ਬੁਝਿਐ ਪਾਵਣਾ ॥’’ (ਮ: ੧/੧੪੮) ਨੂੰ ਮੁੱਖ ਰੱਖਦਿਆਂ ‘‘ਸਭਸੈ ਊਪਰਿ; ਗੁਰ ਸਬਦੁ ਬੀਚਾਰੁ ॥’’ (ਮ: ੧/੯੦੪), ‘‘ਡਿਠੈ ਮੁਕਤਿ ਨ ਹੋਵਈ; ਜਿਚਰੁ, ਸਬਦਿ ਨ ਕਰੇ ਵੀਚਾਰੁ ॥’’ (ਮ: ੩/੫੯੪), ਆਦਿ ਨਸੀਹਤ ਨੂੰ ਸਰਬੋਤਮ ਸਥਾਨ ਦਿੱਤਾ।

ਕਿਸੇ ਲਿਖਤ (ਕਾਵਿ ਜਾਂ ਵਾਰਤਕ) ਦੇ ਵਿਸ਼ੇ (ਭਾਵਾਰਥ) ਨੂੰ ਸਮਝਣ ਲਈ ਸੰਬੰਧਿਤ ਭਾਸ਼ਾ ਦਾ ਅਰਥ-ਬੋਧ ਖ਼ਾਸ ਅਹਿਮੀਅਤ ਰੱਖਦਾ ਹੈ; ਜਿਵੇ ਕਿ ਗੁਰਬਾਣੀ ’ਚ ਦਰਜ ‘ਨਾਇ’ ਸ਼ਬਦ ਦਾ ਭਿੰਨ ਭਿੰਨ ਅਰਥ:

(1). ‘ਨਾਇ’ ਦਾ ਅਰਥ ਹੈ: ‘ਨਾਮ ਵਿੱਚ ਜਾਂ ਨਾਮ ਰਾਹੀਂ’: ਸੋ ਕਿਉ ਵਿਸਰੈ  ? ਮੇਰੀ ਮਾਇ ॥ ਸਾਚਾ ਸਾਹਿਬੁ; ਸਾਚੈ ‘ਨਾਇ’ ॥

(2). ‘ਨਾਇ’ ਦਾ ਅਰਥ ਹੈ: ‘ਇਸ਼ਨਾਨ’: ਤੀਰਥਿ ਨਾਵਾ, ਜੇ ਤਿਸੁ ਭਾਵਾ; ਵਿਣੁ ਭਾਣੇ, ਕਿ ‘ਨਾਇ’ ਕਰੀ  ?॥

(3). ‘ਨਾਇ’ ਦਾ ਅਰਥ ਹੈ: ‘ਨਿਆਂ ਜਾਂ ਇਨਸਾਫ਼’: ਸਾਚਾ ਸਾਹਿਬੁ, ਸਾਚੁ ‘ਨਾਇ’; ਭਾਖਿਆ ਭਾਉ ਅਪਾਰੁ ॥, ਆਦਿ।

ਉਕਤ ਤੁਕਾਂ ਦੇ ਭਾਵਾਰਥ ਸਮਝਣ ਲਈ ਸ਼ਬਦ ਦਾ ਉਚਾਰਨ ਅਹਿਮ ਯੋਗਦਾਨ ਪਾਏਗਾ, ਜਿਸ ਨੂੰ ਸ਼ਬਦ-ਵੰਡ ਤੋਂ ਅਲੱਗ ਕਰਕੇ ਵੇਖਣਾ ਸਹੀ ਨਹੀਂ ਕਿਹਾ ਜਾ ਸਕਦਾ। ਸ਼ਬਦ-ਵੰਡ ਦਾ ਭਾਵ ਕਿਸੇ ਪਦੇ ਨੂੰ 8 ਸ਼੍ਰੇਣੀਆਂ (ਨਾਂਵ, ਪੜਨਾਂਵ, ਵਿਸ਼ੇਸ਼ਣ, ਕਿਰਿਆ, ਕਿਰਿਆ ਵਿਸ਼ੇਸ਼ਣ, ਸੰਬੰਧਕ, ਯੋਜਕ ਤੇ ਵਿਸਮਿਕ) ’ਚ ਵੰਡ ਕੇ ਵਿਚਾਰਨਾ ਹੈ।

ਗੁਰਬਾਣੀ ਵਾਰਤਕ ਨਹੀਂ ਬਲਕਿ ਕਾਵਿ ਰੂਪ ’ਚ ਹੋਣ ਕਾਰਨ ਸੰਖੇਪਤਾ ਜ਼ਰੂਰੀ ਸੀ, ਇਸ ਲਈ ਕਾਰਕੀ ਚਿੰਨ੍ਹਾਂ (ਨੇ, ਨੂੰ, ਨਾਲ, ਰਾਹੀਂ, ਦੁਆਰਾ, ਲਈ, ਵਾਸਤੇ, ਤੋਂ, ਦਾ, ਦੇ, ਦੀ, ਕਾ, ਕੇ, ਕੀ, ਵਿੱਚ, ਅੰਦਰ, ਉੱਤੇ, ਅੱਗੇ, ਹੇਠਾਂ, ਪਿੱਛੇ, ਹੇ, ਏ, ਰੇ, ਓਇ’ ਆਦਿ ਚਿੰਨ੍ਹਾਂ) ਨੂੰ ਜ਼ਿਆਦਾਤਰ ਅਲੋਪ (ਅਡਿੱਠ) ਕਰਕੇ ਜਾਂ ਨਾ ਮਾਤਰ ਪ੍ਰਗਟ ਕਰਕੇ (ਲਿਖਤੀ ਰੂਪ ’ਚ) ਦਰਜ ਕੀਤਾ ਗਿਆ, ਇਨ੍ਹਾਂ ਨੂੰ ਸੰਬੰਧਕੀ ਚਿੰਨ੍ਹ ਵੀ ਕਿਹਾ ਜਾਂਦਾ ਹੈ। ਪ੍ਰਗਟ ਰੂਪ ’ਚ ਦਰਜ ਤਮਾਮ ਸੰਬੰਧਕੀ ਚਿੰਨ੍ਹ ਆਪਣੇ ਤੋਂ ਪਹਿਲੇ ਇੱਕ ਵਚਨ ਪੁਲਿੰਗ ਨਾਂਵ (ਜਿਨ੍ਹਾਂ ਦਾ ਅੰਤ ਔਂਕੜ ਵਿਧਾਨ ਹੈ) ਨੂੰ ਅੰਤ ਮੁਕਤਾ ਕਰ ਦਿੰਦੇ ਹਨ ਪਰ ਅਡਿੱਠ (ਲੁਪਤ) ਸੰਬੰਧਕੀ; 4 ਕਾਰਕਾਂ (ਕਰਤਾ ਕਾਰਕ, ਕਰਣ ਕਾਰਕ, ਅਪਾਦਾਨ ਕਾਰਕ ਤੇ ਅਧਿਕਰਣ ਕਾਰਕ) ਦੇ ਚਿੰਨ੍ਹ (ਨੇ, ਨਾਲ਼, ਤੋਂ, ਵਿੱਚ’ ਆਦਿ) ਸ਼ਬਦ ਦੀ ਅੰਤ ਸਿਹਾਰੀ ’ਚੋਂ ਮਿਲਦੇ ਹਨ, (ਕਰਮ ਕਾਰਕ ਦਾ ਚਿੰਨ੍ਹ ‘ਨੂੰ’) ਅੰਤ ਔਂਕੜ ’ਚੋਂ ਤੇ 3 ਕਾਰਕਾਂ (ਸੰਪਰਦਾਨ ਕਾਰਕ, ਸੰਬੰਧ ਕਾਰਕ ਤੇ ਸੰਬੋਧਨ ਕਾਰਕ ਦੇ ਚਿੰਨ੍ਹ ‘ਲਈ, ਦਾ, ਦੇ, ਦੀ, ਹੇ, ਰੇ, ਓਏ’ ਆਦਿ) ਅੰਤ ਮੁਕਤੇ ਸ਼ਬਦਾਂ ’ਚੋਂ ਮਿਲਦੇ ਹਨ।

ਸੋਚੋ, ਕਿ ਜਿਸ ਭਾਸ਼ਾ ’ਚ ਉਕਤ ਜ਼ਿਆਦਾਤਰ ਕਾਰਕੀ (ਭਾਵ ਸੰਬੰਧਕੀ) ਚਿੰਨ੍ਹ ਅੰਤ ਸਿਹਾਰੀ ਜਾਂ ਅੰਤ ਔਂਕੜ ’ਚੋਂ ਮਿਲਣ, ਉਸ ਭਾਸ਼ਾ ’ਚ ਅੰਤ ਸਿਹਾਰੀ ਤੇ ਅੰਤ ਔਂਕੜ ਦੀ ਕਿੰਨੀ ਕੁ ਅਹਿਮੀਅਤ ਹੋਵੇਗੀ ? ਬਾਕੀ ਲਗਾਂ (ਮੁਕਤਾ, ਕੰਨਾ, ਬਿਹਾਰੀ, ਦੁਲੈਂਕੜ, ਲਾਂ, ਦੁਲਾਵਾਂ, ਹੋੜਾ ਤੇ ਕਨੌੜਾ) ’ਚੋਂ ਵੀ ਇਹ ਚਿੰਨ੍ਹ ਮਿਲਦੇ ਹਨ ਪਰ ਬਹੁਤ ਸੀਮਤ। ਇਸੇ ਅੰਤ ਸਿਹਾਰੀ ਤੇ ਔਂਕੜ ਦੇ ਉਚਾਰਨ ਕਰਨ ਜਾਂ ਨਾ ਕਰਨ ਬਾਰੇ ਸਿੱਖ ਕੌਮ ’ਚ ਆਮ ਰਾਇ ਨਹੀਂ।

ਗੁਰਮੁਖੀ ਭਾਸ਼ਾ ਮੁਤਾਬਕ 10 ਲਗਾਂ (ਮੁਕਤਾ, ਕੰਨਾ, ਸਿਹਾਰੀ, ਬਿਹਾਰੀ, ਔਂਕੜ, ਦੁਲੈਂਕੜ, ਲਾਂ, ਦੁਲਾਵਾਂ, ਹੋੜਾ ਤੇ ਕਨੌੜਾ) ਦੀ ਵਿਚਾਰ ਨੂੰ ‘ਵਿਆਕਰਨ’ ਨਾਂਦਿੱਤਾ ਗਿਆ ਹੈ ਤੇ ਲਗਾਖਰ (ਅੱਧਕ, ਬਿੰਦੀ ਤੇ ਟਿੱਪੀ) ਦੀ ਵਿਚਾਰ ਸ਼ੁੱਧ ਉਚਾਰਨ ਅਖਵਾਉਂਦੀ ਹੈ, ਇਨ੍ਹਾਂ ਦੋਵੇਂ ਨਿਯਮਾਂ ਲਈ ਸ਼ਬਦ-ਵੰਡ ਅਤਿ ਜ਼ਰੂਰੀ ਹੈ, ਜੋ ਸੰਖੇਪ ’ਚ ਇਸ ਪ੍ਰਕਾਰ ਹੈ:

(1). ਨਾਂਵ– ਉਹ ਸ਼ਬਦ, ਜਿਸ ਦੁਆਰਾ ਕਿਸੇ ਵਿਅਕਤੀ, ਸਥਾਨ ਜਾਂ ਵਸਤੂ ਦਾ ਬੋਧ ਹੁੰਦਾ ਹੋਵੇ, ਨੂੰ ਨਾਂਵ ਕਿਹਾ ਜਾਂਦਾ ਹੈ। ਇਨ੍ਹਾਂ ਦੀ ਵੰਡ ਇੱਕ ਵਚਨ ਤੇ ਬਹੁ ਵਚਨ ’ਚ ਕਰਨ ਤੋਂ ਇਲਾਵਾ ਲਿੰਗ ਅਨੁਪਾਤ ’ਚ ਪੁਲਿੰਗ ਤੇ ਇਸਤ੍ਰੀ ਲਿੰਗ ਰਾਹੀਂ ਵੀ ਕੀਤੀ ਜਾਂਦੀ ਹੈ। ਗੁਰਬਾਣੀ ’ਚ ਬਹੁ ਵਚਨ ਨਾਂਵ ਤੇ ਤਮਾਮ ਇਸਤ੍ਰੀਲਿੰਗ ਸ਼ਬਦ (ਅਜੋਕੀ ਪੰਜਾਬੀ ਵਾਙ) ਅੰਤ ਮੁਕਤੇ ਹੁੰਦੇ ਹਨ, ਸਿਵਾਏ ਉਨ੍ਹਾਂ ਸ਼ਬਦਾਂ ਦੇ, ਜੋ ਦੂਸਰੀਆਂ ਭਾਸ਼ਾਵਾਂ ’ਚੋਂ (ਤਤਸਮ) ਆਏ ਹਨ; ਜਿਵੇਂ ਕਿ: ‘ਸਤਿ, ਭੂਮਿ, ਭਗਤਿ, ਹਰਿ, ਕਾਮਣਿ, ਨਾਰਿ, ਮੁਨਿ, ਆਦਿ, ਜੁਗਾਦਿ, ਮੂਰਤਿ, ਰਤੁ (ਖ਼ੂਨ), ਖੰਡੁ, ਭਸੁ (ਸੁਆਹ), ਵਸਤੁ’ ਆਦਿ।

ਉਕਤ ਵਿਚਾਰ ਉਪਰੰਤ ਅਜੋਕੀ ਪੰਜਾਬੀ ਤੇ ਗੁਰਬਾਣੀ ਲਿਖਤ ਦਾ ਅੰਤਰ ਕੇਵਲ ਇੱਕ ਵਚਨ ਪੁਲਿੰਗ ਨਾਂਵ ਦਾ ਰਹਿ ਜਾਂਦਾ ਹੈ, ਜਿਸ ਦਾ ਬੋਧ 8 ਕਾਰਕਾਂ (ਕਰਤਾ, ਕਰਮ, ਕਰਣ, ਸੰਪਰਦਾਨ, ਅਪਾਦਾਨ, ਸੰਬੰਧ, ਅਧਿਕਰਣ ਤੇ ਸੰਬੋਧਨ ਕਾਰਕ) ਦੀ ਵੰਡ ਨਾਲ਼ ਹੋ ਜਾਣਾ ਚਾਹੀਦਾ ਹੈ; ਜਿਵੇਂ ਕਿ

(1). ਕਰਤਾ ਕਾਰਕ (ਅੰਤ ਸਿਹਾਰੀ, ਜਿਸ ਦਾ ਚਿੰਨ੍ਹ ਹੈ: ‘ਨੇ’): ‘ਗੁਰਿ’ (ਨੇ) ‘ਨਾਨਕਿ’ (ਨੇ) ਮੇਰੀ ਪੈਜ ਸਵਾਰੀ ॥ (ਮ: ੫/੮੦੬)

(2). ਕਰਣ ਕਾਰਕ (ਅੰਤ ਸਿਹਾਰੀ, ਜਿਸ ਦਾ ਚਿੰਨ੍ਹ ਹੈ: ‘ਨਾਲ਼, ਰਾਹੀਂ, ਦੁਆਰਾ’): ਕੀਰਤਨ ਪੁਰਾਣ ਨਿਤ ਪੁੰਨ ਹੋਵਹਿ; ਗੁਰ ‘ਬਚਨਿ’ (ਨਾਲ) ‘ਨਾਨਕਿ’ (ਰਾਹੀਂ) ਹਰਿ ਭਗਤਿ ਲਹੀ (ਲੱਭ ਲਈ)॥ (ਮ: ੪/੧੧੧੭)

(3). ਅਪਾਦਾਨ ਕਾਰਕ (ਅੰਤ ਸਿਹਾਰੀ, ਜਿਸ ਦਾ ਚਿੰਨ੍ਹ ਹੈ: ‘ਤੋਂ ’): ‘ਓਅੰਕਾਰਿ’ (ਤੋਂ) ਬ੍ਰਹਮਾ ਉਤਪਤਿ (ਪੈਦਾ ਹੋਇਆ)॥ (ਮ: ੧/੯੨੯)

(4). ਅਧਿਕਰਣ ਕਾਰਕ (ਅੰਤ ਸਿਹਾਰੀ, ਜਿਸ ਦਾ ਚਿੰਨ੍ਹ ਹੈ: ‘ਵਿੱਚ, ਅੰਦਰ’): ਜਨ ‘ਨਾਨਕਿ’ (ਵਿੱਚ, ਅੰਦਰ) ਕਮਲੁ ਪਰਗਾਸਿਆ; ‘ਮਨਿ’ (ਵਿੱਚ) ਹਰਿ ਹਰਿ ਵੁਠੜਾ (ਵੱਸ ਗਿਆ) ਹੇ ॥’’ (ਮ: ੪/੮੨)

(5). ਕਰਮ ਕਾਰਕ (ਅੰਤ ਔਂਕੜ, ਜਿਸ ਦਾ ਚਿੰਨ੍ਹ ਹੈ: ‘ਨੂੰ’): ਜਾਲਿ ‘ਮੋਹੁ’ (ਨੂੰ), ਘਸਿ ‘ਮਸੁ’ ਕਰਿ; ਮਤਿ ਕਾਗਦੁ ਕਰਿ ਸਾਰੁ (ਸ੍ਰੇਸ਼ਟ)॥ (ਮ: ੧/੧੬)

(6). ਸੰਪਰਦਾਨ ਕਾਰਕ (ਅੰਤ ਮੁਕਤਾ, ਜਿਸ ਦਾ ਚਿੰਨ੍ਹ ਹੈ: ‘ਨੂੰ, ਲਈ’): ‘ਜਨ ਨਾਨਕ’ (ਨੂੰ, ਲਈ) ਦਰਸਨੁ ਦੇਹੁ, ਮੁਰਾਰਿ  ! ॥ (ਮ: ੫/੧੩੩੭)

(7). ਸੰਬੰਧ ਕਾਰਕ (ਅੰਤ ਮੁਕਤਾ, ਜਿਸ ਦਾ ਚਿੰਨ੍ਹ ਹੈ: ‘ਦਾ, ਦੇ, ਦੀ, ਕਾ, ਕੇ, ਕੀ, ਆਦਿ):

‘ਨਾਨਕ ਕੀ’ ਪ੍ਰਭ  ! ਬੇਨਤੀ; ਅਪਨੀ ਭਗਤੀ ਲਾਇ ॥ (ਮ: ੫/੨੮੯)

(8). ਸੰਬੋਧਨ ਕਾਰਕ (ਅੰਤ ਮੁਕਤਾ, ਜਿਸ ਦਾ ਚਿੰਨ੍ਹ ਹੈ: ‘ਹੇ, ਓਇ’): ਹੈ ਭੀ ਸਚੁ ‘ਨਾਨਕ’ (ਹੇ ਨਨਕ) ! ਹੋਸੀ ਭੀ ਸਚੁ ॥’’ (ਜਪੁ)

ਅਜੋਕੀ ਪੰਜਾਬੀ ਨਾਲ਼ੋਂ ਗੁਰਮੁਖੀ ਭਾਸ਼ਾ ’ਚ ਇੱਕ ਵਚਨ ਪੁਲਿੰਗ ਨਾਂਵ, ਜਿਸ ਦੇ ਅੰਤ ਔਂਕੜ ਹੁੰਦਾ ਹੈ, ਦੀ ਹੀ ਭਿੰਨਤਾ ਸੀ ਪਰ ਉਕਤ ਵਿਚਾਰ ਮੁਤਾਬਕ ਨੰਬਰ 1, 2, 3 ਤੇ 4 ਕਾਰਕਾਂ ’ਚ ਅੰਤ ਸਿਹਾਰੀ ਆਈ ਤੇ ਅਖੀਰਲੇ 6, 7 ਤੇ 8 ਕਾਰਕਾਂ ’ਚ ਅੰਤ ਮੁਕਤਾ; ਜਿਵੇਂ ਕਿ ਪੰਜਾਬੀ ਤੇ ਗੁਰਮੁਖੀ ਭਾਸ਼ਾ ਦੇ ਤਮਾਮ ਬਹੁ ਵਚਨ ਪੁਲਿੰਗ ਤੇ ਇਸਤ੍ਰੀ ਲਿੰਗ ਨਾਂਵ (ਅੰਤ ਮੁਕਤੇ) ਹੁੰਦੇ ਹਨ।

(2) ਪੜਨਾਂਵ: ਕਿਸੇ ਵਿਅਕਤੀ, ਸਥਾਨ ਜਾਂ ਵਸਤੂ ਬਾਰੇ ਜਾਣਕਾਰੀ ਦੇਣ ਵਾਲ਼ਾ ਸ਼ਬਦ, ਜੋ ਕਿਸੇ ਨਾਂਵ ਦੀ ਗ਼ੈਰ ਮੌਜੂਦਗੀ ’ਚ ਦਰਜ ਹੋਵੇ, ਉਸ ਨੂੰ ਪੜਨਾਂਵ ਕਹੀਦਾ ਹੈ, ਜੋ ‘ਨਾਂਵ’ ਸ਼ਬਦਾਂ ਵਾਙ ਹੀ ਇੱਕ ਵਚਨ ਜਾਂ ਬਹੁ ਵਚਨ ਅਤੇ ਪੁਲਿੰਗ ਜਾਂ ਇਸਤ੍ਰੀ ਲਿੰਗ ਹੁੰਦੇ ਹਨ। ਗੁਰਬਾਣੀ ’ਚ ਅੰਤ ਮੁਕਤੇ ਪੜਨਾਂਵ ਇਸਤ੍ਰੀ ਲਿੰਗ ਹਨ; ਜਿਵੇਂ ਕਿ ‘ਇਕ, ਇਹ, ਏਹ, ਉਹ, ਓਹ’ ਆਦਿ।, ਅੰਤ ਸਿਹਾਰੀ ਬਹੁ ਵਚਨ ਪੁਲਿੰਗ; ਜਿਵੇਂ ‘ਇਕਿ, ਇਹਿ, ਏਹਿ, ਓਹਿ’ ਆਦਿ ਤੇ ਅੰਤ ਔਂਕੜ ਇੱਕ ਵਚਨ ਪੁਲਿੰਗ; ਜਿਵੇਂ ‘ਇਕੁ, ਇਹੁ, ਏਹੁ, ਉਹੁ, ਓਹੁ’ ਆਦਿ ਹੁੰਦੇ ਹਨ।

ਧਿਆਨ ਰਹੇ ਕਿ ਇਹ ਤਮਾਮ ਸ਼ਬਦ ਅਗਰ ਕਿਸੇ ‘ਨਾਂਵ’ ਦੀ ਗ਼ੈਰ ਹਾਜ਼ਰੀ ਦੀ ਬਜਾਏ ‘ਨਾਂਵ’ ਦੇ ਸਮਾਨੰਤਰ ਹੀ ਦਰਜ ਹੋਣ ਤਾਂ ਇਹ ‘ਪੜਨਾਂਵ’ ਨਹੀਂ, ‘ਪੜਨਾਂਵੀ ਵਿਸ਼ੇਸ਼ਣ’ ਅਖਵਾਉਂਦੇ ਹਨ; ਜਿਵੇਂ ਕਿ ‘ਉਹ ਬੱਚਾ ਰਾਮ ਦਾ ਹੈ’, ਵਾਕ ’ਚ ‘ਉਹ’ ਸ਼ਬਦ ‘ਪੜਨਾਂਵੀ ਵਿਸ਼ੇਸ਼ਣ’ ਹੈ ਕਿਉਂਕਿ ‘ਬੱਚਾ’ (ਨਾਂਵ) ਦੇ ਸਮਾਨੰਤਰ ਦਰਜ ਹੈ, ਨਾ ਕਿ ਗ਼ੈਰ ਹਾਜ਼ਰੀ ’ਚ।

ਜਿਨ੍ਹਾਂ (ਪੜਨਾਂਵੀ) ਸ਼ਬਦਾਂ ਦੇ ਅੰਤ ’ਚ ‘ਨ’ ਅੱਖਰ ਹੋਵੇ, ਉਹ ਉਕਤ ਨਿਯਮ (ਜਿੱਥੇ ਬਹੁ ਵਚਨ ਪੁਲਿੰਗ, ਅੰਤ ਸਿਹਾਰੀ ਸਨ ਤੇ ਇੱਕ ਵਚਨ ਪੁਲਿੰਗ, ਅੰਤ ਔਂਕੜ ਸਨ) ਦੇ ਵਿਪਰੀਤ (ਇੱਕ ਵਚਨ ਪੁਲਿੰਗ, ਅੰਤ ਸਿਹਾਰੀ ਬਣ ਜਾਂਦੇ ਹਨ; ਜਿਵੇਂ ‘ਜਿਨਿ, ਤਿਨਿ, ਕਿਨਿ, ਉਨਿ’ ਆਦਿ ਤੇ ਬਹੁ ਵਚਨ ਪੁਲਿੰਗ (ਉਕਤ ਇਸਤ੍ਰੀ ਲਿੰਗਾਂ ਵਾਙ) ਅੰਤ ਮੁਕਤੇ ਹੋ ਜਾਂਦੇ ਹਨ; ਜਿਵੇਂ ‘ਜਿਨ, ਤਿਨ, ਕਿਨ, ਉਨ’ ਆਦਿ।

ਜਿਨ੍ਹਾਂ (ਪੜਨਾਂਵੀ) ਸ਼ਬਦਾਂ ਦੇ ਅੰਤ ’ਚ ‘ਤੁ’ ਹੋਵੇ, ਉਹ ਕਾਰਕੀ ਪੜਨਾਂਵ ਹੁੰਦੇ ਹਨ: ਜਿਵੇਂ ‘ਜਿਤੁ, ਤਿਤੁ, ਕਿਤੁ, ਇਤੁ, ਏਤੁ, ਉਤੁ’ ਆਦਿ, ਜਿਨ੍ਹਾਂ ’ਚੋਂ ‘ਜਿਤੁ’ (ਕਰਣ ਕਾਰਕ) ਦਾ ਅਰਥ ਹੈ: ‘ਜਿਸ ਨਾਲ’; ਜਿਵੇਂ ‘‘ਫੇਰਿ, ਕਿ ਅਗੈ ਰਖੀਐ  ? ‘ਜਿਤੁ’ ਦਿਸੈ ਦਰਬਾਰੁ ॥’’ (ਜਪੁ), ‘ਤਿਤੁ’ (ਅਧਿਕਰਣ ਕਾਰਕ) ਦਾ ਅਰਥ ਹੈ: ‘ਉਸ ਵਿੱਚ’; ਜਿਵੇਂ ‘‘ਭਾਂਡਾ ਭਾਉ, ਅੰਮ੍ਰਿਤੁ ‘ਤਿਤੁ’ ਢਾਲਿ ॥’’ (ਜਪੁ) ਆਦਿ।

(3). ਵਿਸ਼ੇਸ਼ਣ: ਜੋ ਸ਼ਬਦ, ਕਿਸੇ ਨਾਂਵ ਜਾਂ ਪੜਨਾਂਵ ਦੇ ਗੁਣ ਜਾਂ ਔਗੁਣਾਂ ਦਾ ਵਰਣਨ ਕਰਨ, ਉਹ ਵਿਸ਼ੇਸ਼ਣ ਹੁੰਦੇ ਹਨ; ਜਿਵੇਂ ‘‘ਚੋਆ ਚੰਦਨੁ, ਸੇਜ ‘ਸੁੰਦਰਿ’ ਨਾਰੀ ॥’’ (ਮ: ੫/੧੭੯) ਵਾਕ ’ਚ ‘ਸੁੰਦਰਿ’ ਸ਼ਬਦ ‘ਨਾਰੀ’ (ਨਾਂਵ) ਦਾ ਵਿਸ਼ੇਸ਼ਣ ਹੈ। ਵਿਸ਼ੇਸ਼ਣ (ਸ਼ਬਦ) ਦੀ ਬਣਤਰ ਆਪਣੇ ਨਾਂਵ (ਸ਼ਬਦ) ਵਾਙ ਹੁੰਦੀ ਹੈ; ਜਿਵੇਂ ਅਗਰ ‘ਨਾਰੀ’ ਸ਼ਬਦ ਕਾਵਿ ਪ੍ਰਭਾਵ ਅਧੀਨ ਨਾ ਹੁੰਦਾ ਤਾਂ ਇਸ ਦੀ ਬਣਤਰ ‘ਸੁੰਦਰਿ’ ਵਿਸ਼ੇਸ਼ਣ ਵਾਙ ‘ਨਾਰਿ’ ਹੋਣੀ ਸੀ; ਜਿਵੇਂ ਕਿ ‘‘ਇਸੁ ਜਗ ਮਹਿ ਪੁਰਖੁ ਏਕੁ ਹੈ; ਹੋਰ ਸਗਲੀ ‘ਨਾਰਿ’ ਸਬਾਈ ॥’’ (ਮ: ੩/੫੯੧)

ਗੁਰਬਾਣੀ ’ਚ ਦਰਜ ਸੰਖਿਅਕ ਸ਼ਬਦ; ਜਿਵੇਂ ਕਿ ‘ਸਭੁ, ਸਭਿ, ਸਭ, ਹੋਰੁ, ਹੋਰਿ, ਹੋਰ, ਅਵਰੁ, ਅਵਰਿ, ਅਵਰ, ਇਕੁ, ਦੁਇ, ਤੀਨਿ, ਚਾਰਿ, ਪੰਜਿ, ਕੋਟਿ’ ਆਦਿਵੀ ਵਿਸ਼ੇਸ਼ਣ ਹਨ, ਜਿਨ੍ਹਾਂ ’ਚੋਂ ਅੰਤ ਔਂਕੜ (ਇੱਕ ਵਚਨ), ਅੰਤ ਸਿਹਾਰੀ (ਬਹੁ ਵਚਨ) ਤੇ ਅੰਤ ਮੁਕਤਾ (ਇਸਤ੍ਰੀ ਲਿੰਗ) ਹੁੰਦੇ ਹਨ। ਧਿਆਨ ਰਹੇ ਕਿ ‘ਲਖ, ਸਹਸ, ਅਸੰਖ’ ਆਦਿ (ਅੰਤ ਮੁਕਤੇ, ਇਸਤ੍ਰੀ ਲਿੰਗ ਨਹੀਂ ਬਲਕਿ) ਬਹੁ ਵਚਨ ਹੁੰਦੇ ਹਨ।

(4, 5). ਕਿਰਿਆ/ਕਿਰਿਆ ਵਿਸ਼ੇਸ਼ਣ: ਕਿਸੇ ਵਸਤੂ ਜਾਂ ਜੀਵ ਦੇ ਕੰਮਾਂ ਨੂੰ ਕਾਲ ਸਹਿਤ ਦੱਸਣ ਵਾਲ਼ੇ ਸ਼ਬਦਾਂ ਨੂੰ ‘ਕਿਰਿਆ’ ਕਹੀਦਾ ਹੈ; ਜਿਵੇ ‘ਮੋਹਨ ਗਿਆ (ਭੂਤਕਾਲ), ਮੋਹਨ ਆ ਰਿਹਾ ਹੈ (ਵਰਤਮਾਨ) ਤੇ ਮੋਹਨ ਜਾਵੇਗਾ’ (ਭਵਿੱਖਤ ਕਾਲ) ਦਾ ਸੂਚਕ ਹੈ, ਇਨ੍ਹਾਂ ਵਾਕਾਂ ’ਚ ‘ਗਿਆ, ਆ ਰਿਹਾ ਹੈ, ਜਾਵੇਗਾ’ ਕਿਰਿਆਵਾਚੀ ਸ਼ਬਦ ਹਨ।

ਗੁਰਬਾਣੀ ਨੂੰ ਸਮਝਣ ਲਈ ‘ਨਾਂਵ’ ਤੇ ‘ਕਿਰਿਆ’ (ਦੋਵੇ ਸ਼ਬਦ) ਅਹਿਮ ਰੋਲ ਅਦਾ ਕਰਦੇ ਹਨ, ਇਸ ਲਈ ਉਕਤ ‘ਨਾਂਵ’ ਨਿਯਮ ਵਾਙ ‘ਕਿਰਿਆ’ ਸ਼ਬਦ ਵੀਥੋੜ੍ਹਾ ਵਿਸਥਾਰ ਮੰਗਦਾ ਹੈ।

‘ਪਾਠ ਬੈਠ ਕੇ ਸੁਣਨਾ ਹੈ।’ ਵਾਕ ’ਚ ‘ਸੁਣਨਾ’ (ਕਿਰਿਆ), ‘ਬੈਠ ਕੇ’ (ਕਿਰਿਆ ਵਿਸ਼ੇਸ਼ਣ) ਅਤੇ ‘ਹੈ’ (ਸਹਾਇਕ ਕਿਰਿਆ) ਹੈ। ਪੰਜਾਬੀ ’ਚ ਸਹਾਇਕ ਕਿਰਿਆ ਕੇਵਲ ਦੋ ਸ਼ਬਦ ਹਨ: ‘ਹੈ’ (ਜਾਂ ‘ਹਨ’) ਤੇ ‘ਸੀ’ (ਜਾਂ ‘ਸਨ’)। ਅਗਰ ਕਿਸੇ ਵਾਕ ’ਚ ਕਿਰਿਆ ਸ਼ਬਦ ਨਾ ਹੋਵੇ ਤਾਂ ਕਿਰਿਆ ਵਿਸ਼ੇਸ਼ਣ ਜਾਂ ਸਹਾਇਕ ਕਿਰਿਆ ਨੂੰ ਹੀ ਮੂਲ ਕਿਰਿਆ ਮੰਨਣਾ ਪੈਂਦਾ ਹੈ; ਜਿਵੇਂ ‘ਸੁਨਿ’ (ਕੇ) ਅੰਧਾ; ਕੈਸੇ ਮਾਰਗੁ ਪਾਵੈ ? ॥ (ਮ: ੫/੨੬੭) ਤੁਕ ’ਚ ‘ਪਾਵੈ’ ਮੂਲ ਕਿਰਿਆ ਹੋਣ ਕਾਰਨ ‘ਸੁਨਿ’ ਕਿਰਿਆ ਵਿਸ਼ੇਸ਼ਣ ਹੈ ਪਰ ‘‘ਹਰਿ ਕਾ ਸਿਮਰਨੁ; ‘ਸੁਨਿ’ (ਤੂੰ ਸੁਣ) ਮਨ ! ਕਾਨੀ (ਕੰਨਾਂ ਨਾਲ)॥’’ ਤੁਕ ’ਚ ਮੂਲ ਕਿਰਿਆ ਨਾ ਹੋਣ ਕਾਰਨ ‘ਸੁਨਿ’ (ਕਿਰਿਆ ਵਿਸ਼ੇਸ਼ਣ) ਹੀ ਮੂਲ ਕਿਰਿਆ ਬਣ ਗਈ। ਇਸ ਨਿਯਮ ਲਈ ਇਹ ਵਿਚਾਰ ਵੀ ਅਤਿ ਜ਼ਰੂਰੀ ਹੈ ਕਿ ਜਦ ਕਿਰਿਆ ਵਿਸ਼ੇਸ਼ਣ; ਮੂਲ ਕਿਰਿਆ ਬਣਦਾ ਹੈ ਤਾਂ ਉਹ ਕੇਵਲ ਹੁਕਮੀ ਭਵਿੱਖ ਕਾਲ, ਦੂਜਾ ਪੁਰਖ ਤੇ ਇੱਕ ਵਚਨ ਨਾਲ਼ ਸੰਬੰਧਿਤ ਕਿਰਿਆ ਹੁੰਦੀ ਹੈ, ਜਿਸ ਕਾਰਨ ਅਰਥ ਕਰਨ ਲੱਗਿਆਂ ‘ਤੂੰ’ (ਅਗੇਤਰ) ਲਗਾਉਣਾ ਪੈਂਦਾ ਹੈ; ਜਿਵੇਂ ‘‘ਹਰਿ ਕਾ ਸਿਮਰਨੁ; ‘ਸੁਨਿ’ (ਤੂੰ ਸੁਣ) ਮਨ ! ਕਾਨੀ॥’’ ਤੁਕ ’ਚ ਲਗਾਇਆ ਗਿਆ ਹੈ।

ਦੂਸਰਾ ਇਹ ਵਿਚਾਰ ਕਿ ਮੂਲ ਕਿਰਿਆ ਦੀ ਗ਼ੈਰ ਮੌਜੂਦਗੀ ’ਚ ‘ਸਹਾਇਕ ਕਿਰਿਆ’ ਵੀ ਮੂਲ ਕਿਰਿਆ ਬਣ ਜਾਂਦੀ ਹੈ; ਜਿਵੇਂ ‘‘ਸਭ ਮਹਿ ਜੋਤਿ; ਜੋਤਿ ‘ਹੈ’ ਸੋਇ ॥’’ (ਮ: ੧/੧੩) ਤੁਕ ’ਚ ਮੂਲ ਕਿਰਿਆ ਨਾ ਹੋਣ ਕਾਰਨ ‘ਹੈ’ ਮੂਲ ਕਿਰਿਆ ਹੈ, ਨਾ ਕਿ ‘ਸਹਾਇਕ ਕਿਰਿਆ’।

ਗੁਰਬਾਣੀ ’ਚ ‘ਕਿਰਿਆ’ ਨੂੰ 6 ਭਾਗਾਂ (ਉੱਤਮ ਪੁਰਖ ਇੱਕ ਵਚਨ ਤੇ ਬਹੁ ਵਚਨ, ਮੱਧਮ ਪੁਰਖ ਇੱਕ ਵਚਨ ਤੇ ਬਹੁ ਵਚਨ, ਅਨ੍ਯ ਪੁਰਖ ਇੱਕ ਵਚਨ ਤੇ ਬਹੁ ਵਚਨ) ’ਚ ਵੰਡ ਕੇ ਵਿਚਾਰਨਾ ਲਾਹੇਵੰਦ ਰਹੇਗਾ:

(1). ਉਤਮ ਪੁਰਖ (ਇੱਕ ਵਚਨ, ਵਰਤਮਾਨ ਕਾਲ): ਇਹ ਕਿਰਿਆਵਾਚੀ ਸ਼ਬਦ ਜ਼ਿਆਦਾਤਰ ਅੰਤ ‘ਉ’ ਹੁੰਦੇ ਹਨ; ਜਿਵੇਂ ਕਿ ‘ਕਰਉ, ਗਾਵਉ, ਪਾਵਉ, ਸਿਮਰਉ’ ਆਦਿ, ਜਿਨ੍ਹਾਂ ਨੂੰ ਅੰਤ ਨਾਸਿਕੀ ਉਚਾਰਨ ਕਰਨ ਲਈ ‘ਉਂ’ ਬਿੰਦੀ ਲਗਾਉਣਾ ਅਤਿ ਜ਼ਰੂਰੀ ਹੈ, ਨਹੀਂ ਤਾਂ ਉਤਮ ਪੁਰਖ (ਇੱਕ ਵਚਨ) ਦੀ ਬਜਾਏ ਮੱਧ ਪੁਰਖ (ਬਹੁ ਵਚਨ) ਸੰਕੇਤ ਮਿਲ ਸਕਦਾ ਹੈ; ਜਿਵੇਂ ਕਿ ‘ਕਰਉ’ ਬੇਨੰਤੀ, ਸੁਣਹੁ ਮੇਰੇ ਮੀਤਾ ! ਸੰਤ ਟਹਲ ਕੀ ਬੇਲਾ ॥ (ਮ: ੫/੧੩) ਤੁਕ ’ਚ ਅਗਰ ‘ਕਰਉ’ ਦਾ ਉਚਾਰਨ ਬਿੰਦੀ ਲਗਾ ਕੇ ‘ਕਰਉਂ’ ਭਾਵ ‘ਮੈਂ ਕਰਾਂ’ ਨਾ ਕੀਤਾ ਜਾਵੇ ਤਾਂ ‘ਕਰਉ’ ਭਾਵ ‘ਤੁਸੀਂ ਕਰੋ’ ਸੰਕੇਤ ਮਿਲਦਾ ਹੈ, ਜੋ ਤੁਕ ਦੇ ਭਾਵਾਰਥ ਨੂੰ ‘ਤੁਸੀਂ ਬੇਨਤੀ ਕਰੋ ਤੇ ਤੁਸੀਂ ਸੁਣੋ’ ਕਰਕੇ ਵਿਗਾੜ ਸਕਦਾ ਹੈ।

ਅੰਤ ‘ਉ’ ਸ਼ਬਦਾਂ ਨੂੰ ਬਿੰਦੀ ਸਹਿਤ ‘ਉਂ’ ਪੜ੍ਹਨ ਦੀ ਪੁਸ਼ਟੀ ਗੁਰਬਾਣੀ ’ਚੋਂ ਹੁੰਦੀ ਹੈ; ਜਿਵੇਂ

(ੳ). (ਕਰੰਉ, 1 ਵਾਰ) ‘‘ਨਾਨਕ ਦਾਸੁ ਸਦਾ ਸੰਗਿ ਸੇਵਕੁ; ਤੇਰੀ ਭਗਤਿ ‘ਕਰੰਉ’ ਲਿਵ ਲਾਏ ॥’’ (ਮ: ੫/੫੭੭)

(ਅ). (ਜਾਂਉ, 7 ਵਾਰ) ‘‘ਬਲਿ ਬਲਿ ‘ਜਾਂਉ’; ਹਉ ਬਲਿ ਬਲਿ ‘ਜਾਂਉ’ ॥ ਨੀਕੀ (ਸੁੰਦਰ) ਤੇਰੀ ਬਿਗਾਰੀ (ਵਗਾਰ); ਆਲੇ (ਉੱਤਮ) ਤੇਰਾ ਨਾਉ ॥’’ (ਭਗਤ ਨਾਮਦੇਵ/੭੨੭)

ਜਿਸ ਕੈ ਹੁਕਮਿ, ਇੰਦੁ ਵਰਸਦਾ; ਤਿਸ ਕੈ ਸਦ ਬਲਿਹਾਰੈ ‘ਜਾਂਉ’ ॥ (ਮ: ੩/੧੨੮੫) ਆਦਿ।

(ਨੋਟ: ਗੁਰਬਾਣੀ ਹੱਥ ਲਿਖਤਾਂ ’ਚ ਉਕਤ ਟਿੱਪੀ ਤੇ ਬਿੰਦੀ ‘ਉ’ ਦੇ ਖੱਬੇ ਪਾਸੇ ਹੈ, ਜੋ ਛਾਪੇ ’ਚ ਮੁਕਤੇ ‘ਰ’ ਅਤੇ ‘ਜਾ’ ਦੇ ਕੰਨੇ ’ਤੇ ਲਿਖੀ ਗਈ।)

ਗੁਰਬਾਣੀ ’ਚ ਦਰਜ ‘ਆਖਾ (24 ਵਾਰ), ਨਾਵਾ (3 ਵਾਰ), ਜਾਵਾ (12 ਵਾਰ), ਪਾਵਾ (33 ਵਾਰ; ਨੋਟ: ਇਹ ਸ਼ਬਦ ਆਮ ਤੌਰ ’ਤੇ ਹਰ ਤੁਕ ਦੀ ਸਮਾਪਤੀ ’ਚ ਤੁਕਾਂਤ ਵਜੋਂ ਵਰਤਿਆ ਜਾਂਦਾ ਹੈ, ਇਸ ਲਈ ਇੱਕ ਅੱਧੀ ਵਾਰ ਬਿੰਦੀ ਰਹਿਤ ਵੀ ਹੈ), ਕਰੀ (151 ਵਾਰ)’ ਆਦਿ ਸ਼ਬਦ ਵੀ ਉਤਮ ਪੁਰਖ ਇੱਕ ਵਚਨ ਦੇ ਸੂਚਕ ਹਨ, ਜਿਨ੍ਹਾਂ ਦਾ ਅਰਥ: ‘ਮੈ ਆਖਾਂ, ਮੈਂ ਨ੍ਹਾਵਾਂ, ਮੈਂ ਜਾਵਾਂ, ਮੈਂ ਕਰਾਂ’ ਆਦਿ ਬਣਾਉਣ ਲਈ ਅੰਤ ਬਿੰਦੀ ਲਗਾਉਣਾ ਅਤਿ ਜ਼ਰੂਰੀ ਹੈ; ਜਿਸ ਦੀ ਪੁਸ਼ਟੀ ਗੁਰਬਾਣੀ ਵੀ ਕਰਦੀ ਹੈ: ਜਿਵੇਂ ਕਿ

(ੳ). (ਆਖਾਂ 5 ਵਾਰ) ‘‘ਕਿਸੁ ਨੇੜੈ ਕਿਸੁ ‘ਆਖਾਂ’ ਦੂਰੇ  ?॥’’ (ਮ: ੧/੧੦੪੨)

(ਅ). (ਜਾਵਾਂ 1 ਵਾਰ) ‘‘ਬਲਿ ‘ਜਾਵਾਂ’ ਗੁਰ ਅਪਨੇ ਪ੍ਰੀਤਮ; ਜਿਨਿ ਹਰਿ ਪ੍ਰਭੁ ਆਣਿ (ਲਿਆ ਕੇ), ਮਿਲਾਇਆ ॥’’ (ਮ: ੧/੧੨੫੫)

(ੲ). (ਕਰੀਂ 2 ਵਾਰ) ‘‘ਕਰਿ ਕਿਰਪਾ ਪ੍ਰਤਿਪਾਲਣ ਲਾਗਾ; ‘ਕਰਂੀ’ ਤੇਰਾ ਕਰਾਇਆ ॥’’ (ਮ: ੫/੬੨੬)

(ਸ). (ਨ੍ਾਵੈ 2 ਵਾਰ) ਜੇ ਓਹੁ (ਓਹ) ਅਠਸਠਿ ਤੀਰਥ ‘ਨ੍ਾਵੈ’ ॥ (ਭਗਤ ਰਵਿਦਾਸ/੮੭੫), ਆਦਿ।

(2) ਉਤਮ ਪੁਰਖ (ਬਹੁ ਵਚਨ, ਵਰਤਮਾਨ ਕਾਲ): ਇਹ ਕਿਰਿਆਵਾਚੀ ਸ਼ਬਦ ਗੁਰਬਾਣੀ ’ਚ ਤਕਰੀਬਨ ਅੰਤ ‘ਹ’ (ਮੁਕਤੇ) ਹੁੰਦੇ ਹਨ; ਜਿਵੇਂ ਕਿ ‘ਕਰਹ, ਜਾਵਹ, ਸੁਣਹ, ਗਾਵਹ’ ਆਦਿ; ਜਿਵੇਂ

ਗੁਰਬਾਣੀ ‘ਗਾਵਹ’ ਭਾਈ  ! ॥ (ਮ: ੫/੬੨੮) ਭਾਵ ਹੇ ਭਾਈ ! ਆਓ, (ਮਿਲ ਕੇ) ਗੁਰਬਾਣੀ ‘ਗਾਈਏ’।

ਸੋ ਹਮ ‘ਕਰਹ’ (ਕਰਦੇ ਹਾਂ); ਜੁ ਆਪਿ ਕਰਾਏ ॥ (ਮ: ੪/੪੯੪)

ਹਰਿ ਕੀਰਤਨੁ ‘ਕਰਹ’, ਹਰਿ ਜਸੁ ‘ਸੁਣਹ’ (ਸੁਣਦੇ ਹਾਂ); ਤਿਸੁ ਕਵਲਾ ਕੰਤਾ (ਭਾਵ ਉਸ ਸੁੰਦਰ ਖਸਮ ਦਾ)॥ (ਮ: ੪/੬੫੦), ਆਦਿ। ਇਨ੍ਹਾਂ ਤਮਾਮ ਸ਼ਬਦਾਂ ਦਾ ਉਚਾਰਨ ‘ਕਰਹਂ (ਥੋੜ੍ਹਾ ਕਰ੍ਹੈਂ ਵਾਙ), ਗਾਵਹਂ (ਥੋੜ੍ਹਾ ਗਾਵ੍ਹੈਂ ਵਾਙ)’ ਦਰੁਸਤ ਰਹੇਗਾ।

(3, 4). ਮੱਧਮ ਪੁਰਖ (ਇੱਕ ਵਚਨ, ਵਰਤਮਾਨ ਕਾਲ) ਤੇ ਅਨ੍ਯ ਪੁਰਖ (ਬਹੁ ਵਚਨ): ਇਨ੍ਹਾਂ ਸ਼ਬਦਾਂ ਦੀ ਲਿਖਤ ਇੱਕ ਪੱਖ (ਭਾਵ ਅੰਤ ਹਿਂ) ਤੋਂ ਸਮਾਨਤਾ ਰੱਖਦੀ ਹੈ; ਜਿਵੇਂ

(ੳ). ‘ਚਿਤਵਹਿਂ’ (ਮੱਧਮ ਪੁਰਖ, ਇੱਕ ਵਚਨ): ਕਾਹੇ ਰੇ ਮਨ  ! ‘ਚਿਤਵਹਿ’ ਉਦਮੁ; ਜਾ ਆਹਰਿ, ਹਰਿ ਜੀਉ ਪਰਿਆ ॥ (ਮ: ੫/੧੦)

(ਅ). ‘ਚਿਤਵਹਿਂ’ (ਅਨ੍ਯ ਪੁਰਖ, ਬਹੁ ਵਚਨ): ਓਇ ਜੇਹਾ ‘ਚਿਤਵਹਿ’ (ਸੋਚਦੇ ਹਨ), ਨਿਤ ਤੇਹਾ ਪਾਇਨਿ; ਓਇ ਤੇਹੋ ਜੇਹੇ, ਦਯਿ (ਦਈ ਨੇ) ਵਜਾਏ ॥ (ਮ: ੪/੩੦੩), ਆਦਿ। ਇਨ੍ਹਾਂ ਦੋਵੇਂ ਸ਼ਬਦਾਂ ਦਾ ਉਚਾਰਨ ਬਿੰਦੀ ਸਹਿਤ ‘ਚਿਤਵਹਿਂ’ ਦਰੁਸਤ ਹੋਵੇਗਾ। ਗੁਰਬਾਣੀ ’ਚੋਂ ਵੀ ਅਜਿਹੀ ਸੇਧ ਮਿਲਦੀ ਹੈ। (ਨੋਟ: ਹੇਠਾਂ ਦਿੱਤੀਆਂ ਤੁਕਾਂ ’ਚ ਬਿੰਦੀ ‘ਹਿ’ ਦੇ ਖੱਬੇ ਪਾਸੇ ਹੈ, ਨਾ ਕਿ ਕੰਨੇ ਉੱਪਰ); ਜਿਵੇਂ:

(ੳ). (1) ‘ਖਾਂਹਿ’ (1 ਵਾਰ, ਦੂਜਾ ਪੁਰਖ, ਇੱਕ ਵਚਨ): (ਹੇ ਗਾਵਾਰ ਮਨੁੱਖ ! ) ਆਪਿ ਬੀਜਿ, ਆਪੇ ਹੀ ‘ਖਾਂਹਿ’ (ਤੂੰ ਖਾਏਂਗਾ) ॥ (ਮ: ੫/੧੧੯੨)

(2) ‘ਖਾਂਹਿ’ (1 ਵਾਰ, ਅਨ੍ਯ ਪੁਰਖ, ਬਹੁ ਵਚਨ): ਕਬੀਰ  ! ਭਾਂਗ ਮਾਛੁਲੀ ਸੁਰਾ ਪਾਨਿ; ਜੋ ਜੋ ਪ੍ਰਾਨੀ ‘ਖਾਂਹਿ’ (ਖਾਂਦੇ ਹਨ)॥’’ (ਭਗਤ ਕਬੀਰ/੧੩੭੭), ਤਾਂ ਤੇ ਗੁਰਬਾਣੀ ’ਚ ਦਰਜ ‘ਖਾਹਿ’ (48 ਵਾਰ) ਨੂੰ ਵੀ ਬਿੰਦੀ ਸਹਿਤ ਉਚਾਰਨਾ ਦਰੁਸਤ ਹੋਵੇਗਾ।

(ਅ). (1). ‘ਜਾਂਹਿ’ 1 ਵਾਰ, ਦੂਜਾ ਪੁਰਖ, ਇੱਕ ਵਚਨ): ਨਾਨਕ  ! ਸਦਾ ਅਰਾਧਿ; ਕਦੇ ਨ ਜਾਂਹਿ ਮਰਿ (ਤੂੰ ਕਦੇ ਨਹੀਂ ਮਰੇਂਗਾ) ॥ (ਮ: ੫/੧੩੬੩)

(2). ‘ਜਾਂਹਿ’ 12 ਵਾਰ, ਅਨ੍ਯ ਪੁਰਖ, ਬਹੁ ਵਚਨ): ਬਿਨੁ ਹਰਿ ਭਜਨ, ਜੇਤੇ ਕਾਮ ਕਰੀਅਹਿ; ਤੇਤੇ ਬਿਰਥੇ ‘ਜਾਂਹਿ’ (ਜਾਂਦੇ ਹਨ) ॥ (ਮ: ੫/੧੨੨੨), ਤਾਂ ਤੇ ਗੁਰਬਾਣੀ ’ਚ ਦਰਜ ‘ਜਾਹਿ’ (172 ਵਾਰ) ਨੂੰ ਵੀ ਬਿੰਦੀ ਸਹਿਤ ਉਚਾਰਨਾ ਦਰੁਸਤ ਹੋਵੇਗਾ।

(ੲ). ‘ਗਾਂਹਿ’ 1 ਵਾਰ, ਦੂਜਾ ਪੁਰਖ, ਇੱਕ ਵਚਨ): ਨਰਕ ਘੋਰ ਮਹਿ, ਉਰਧ ਤਪੁ ਕਰਤਾ; ਨਿਮਖ ਨਿਮਖ ਗੁਣ ‘ਗਾਂਹੀ’ (ਤੂੰ ਗਾਂਦਾ ਸੀ)॥ (ਮ: ੫/੧੨੦੭), ਤਾਂ ਤੇ ਗੁਰਬਾਣੀ ’ਚ ਦਰਜ ‘ਗਾਹਿ’ (12 ਵਾਰ) ਨੂੰ ਵੀ ਬਿੰਦੀ ਸਹਿਤ ਉਚਾਰਨਾ ਦਰੁਸਤ ਹੋਵੇਗਾ, ਆਦਿ। ਧਿਆਨ ਰਹੇ ਕਿ ਗੁਰਬਾਣੀ ’ਚ ‘ਗਾਹਿ’ (2 ਵਾਰ, ਇੱਕੋਂ ਤੁਕ ’ਚ) ਕਿਰਿਆ ਵਿਸ਼ੇਸ਼ਣ ਹੈ, ਜਿਸ ਦਾ ਅਰਥ ਹੈ: ‘ਫੜ ਕੇ’ ਅਤੇ ਇਸ ਦੇ ਅੰਤ ਲੱਗੀ ਸਿਹਾਰੀ ਉਚਾਰਨ ਨਹੀਂ ਹੁੰਦੀ; ਜਿਵੇਂ

ਕਬੀਰ ਧਰਤੀ ਸਾਧ ਕੀ; ਤਸਕਰ (ਚੋਰ) ਬੈਸਹਿ ‘ਗਾਹਿ’ (ਗਾਹ)॥ (ਮ: ੫/੯੬੫)

ਕਬੀਰ ਧਰਤੀ ਸਾਧ ਕੀ; ਤਸਕਰ ਬੈਸਹਿ ‘ਗਾਹਿ’ ॥ (ਮ: ੫/੧੩੭੫)

ਉਕਤ ‘ਮੱਧਮ ਪੁਰਖ’ (ਇੱਕ ਵਚਨ) ਤੇ ‘ਅਨ੍ਯ ਪੁਰਖ’ (ਬਹੁ ਵਚਨ) ਕਿਰਿਆ ਨਿਯਮ ’ਚ ਇੱਕ ਅੰਤਰ ਇਹ ਹੈ ਕਿ ‘ਅਨ੍ਯ ਪੁਰਖ’ (ਬਹੁ ਵਚਨ) ਸ਼ਬਦ ਅੰਤ ‘ਨਿ’ ਵੀ ਹੁੰਦੇ ਹਨ; ਜਿਵੇਂ ਕਿ ਉਕਤ ਤੁਕ ’ਚ ਹੀ ‘‘ਨਿਤ ਤੇਹਾ ‘ਪਾਇਨਿ’..॥’’ (ਪਾਉਂਦੇ ਹਨ) ਦਰਜ ਹੈ, ਜਦਕਿ ‘ਮੱਧਮ ਪੁਰਖ’ (ਇੱਕ ਵਚਨ) ਕਿਰਿਆ; ਅੰਤ ਔਂਕੜ ਤੇ ਅੰਤ ਸਿਹਾਰੀ ਵੀ ਹੁੰਦੇ ਹਨ, ਜਿਨ੍ਹਾਂ ਨੂੰ ‘ਹੁਕਮੀ ਭਵਿੱਖ ਕਾਲ’ ਕਿਰਿਆ ਕਿਹਾ ਜਾਂਦਾ ਹੈ; ਜਿਵੇਂ ਕਿ

‘ਸੁਣਿ’ ਮਨ ਮਿਤ੍ਰ ਪਿਆਰਿਆ  ! ‘ਮਿਲੁ’ ਵੇਲਾ ਹੈ ਏਹ ॥’’ (ਮ: ੧/੨੦) ਤੁਕ ’ਚ ‘ਸੁਣਿ’ (ਅੰਤ ਸਿਹਾਰੀ ਭਾਵ ਤੂੰ ਸੁਣ) ਤੇ ‘ਮਿਲੁ’ (ਅੰਤ ਔਂਕੜ ਭਾਵ ਤੂੰ ਮਿਲ਼) ਹੁਕਮੀ ਭਵਿੱਖ ਕਾਲ ਤੇ ਮੱਧਮ ਪੁਰਖ (ਇੱਕ ਵਚਨ) ਕਿਰਿਆਵਾਂ ਹਨ।

‘ਹੁਕਮੀ ਭਵਿੱਖ ਕਾਲ’ ਕਿਰਿਆ ’ਚ ਅੰਤ ਔਂਕੜ ਤੇ ਅੰਤ ਸਿਹਾਰੀ (ਦੋ ਨਿਯਮ) ਕਿਉਂ ?, ਦਾ ਜਵਾਬ ਇਹ ਹੈ ਕਿ ਅੰਤ ਔਂਕੜ ਵਾਲ਼ੇ ਸ਼ਬਦ ਕਿਰਿਆ ਵਿਸ਼ੇਸ਼ਣ ਨਹੀਂ ਹੁੰਦੇ ਜਦਕਿ ਅੰਤ ਸਿਹਾਰੀ ਵਾਲ਼ੇ ਤਮਾਮ ਸ਼ਬਦ ਕਿਰਿਆ ਵਿਸ਼ੇਸ਼ਣ ਵੀ ਹੁੰਦੇ ਹਨ, ਇਸ ਲਈ ਜਦ ਅੰਤ ਸਿਹਾਰੀ ਵਾਲ਼ੇ ਸ਼ਬਦ ਮੂਲ ਕਿਰਿਆ (ਭਾਵ ‘ਹੁਕਮੀ ਭਵਿੱਖ ਕਾਲ’) ਬਣਨ ਤਾਂ ਵੀ ਆਪਣੀ ਅੰਤ ਸਿਹਾਰੀ ਨੂੰ ਕਾਇਮ ਰੱਖਦੇ ਹਨ ਭਾਵ ਇਨ੍ਹਾਂ ਦੀ ਅੰਤ ਸਿਹਾਰੀ; ਅੰਤ ਔਂਕੜ ’ਚ ਤਬਦੀਲ ਨਹੀਂ ਹੁੰਦੀ; ਜਿਵੇਂ ‘ਸੁਣਿ’ (ਕੇ), ਵਡਾ ਆਖੈ ਸਭੁ ਕੋਇ ॥ (ਮ: ੧/੯) ਤੁਕ ’ਚ ‘ਆਖੈ’ ਮੂਲ ਕਿਰਿਆ ਹੋਣ ਕਾਰਨ ‘ਸੁਣਿ’ ਕਿਰਿਆ ਵਿਸ਼ੇਸ਼ਣ ਹੈ, ਪਰ ‘ਸੁਣਿ’ ਮਨ ਮਿਤ੍ਰ ਪਿਆਰਿਆ ! ‘ਮਿਲੁ’ ਵੇਲਾ ਹੈ ਏਹ ॥’’ ਤੁਕ ’ਚ ‘ਮਿਲੁ’ (ਹੁਕਮੀ ਭਵਿੱਖ ਕਾਲ) ਵਾਙ ‘ਸੁਣਿ’ ਵੀ ‘ਹੁਕਮੀ ਭਵਿੱਖ ਕਾਲ’ ਬਣ ਗਿਆ ਤੇ ਅਰਥ ਕਰਦਿਆਂ ‘ਤੂੰ’ ਲੁਪਤ (ਅਗੇਤਰ) ਵੀ ਦੇ ਗਿਆ ਭਾਵ ‘ਤੂੰ ਸੁਣ’, ਇਸੇ ਤਰ੍ਹਾਂ ‘ਮਿਲੁ’ ਦਾ ਅਰਥ ਹੈ: ‘ਤੂੰ ਮਿਲ’।

(ਨੋਟ: ਤਮਾਮ ਉਹ ਸ਼ਬਦ, ਜੋ ਅੰਤ ਸਿਹਾਰੀ (ਹੁਕਮੀ ਭਵਿੱਖ ਕਾਲ ਤੇ ਕਿਰਿਆ ਵਿਸ਼ੇਸ਼ਣ) ਹਨ ਅਤੇ ਅੰਤ ਔਂਕੜ (ਹੁਕਮੀ ਭਵਿੱਖ ਕਾਲ) ਹਨ, ਦਾ ਅੰਤ ਸਿਹਾਰੀ ਤੇ ਔਂਕੜ ਉਚਾਰਨ ਕਰਨਾ ਦਰੁਸਤ ਨਹੀਂ ਕਿਉਂਕਿ ਕਿਰਿਆ ਵਿਸ਼ੇਸ਼ਣ ਦੀ ਅੰਤ ਸਿਹਾਰੀ (ਕਾਰਕਾਂ ਵਾਙ) ‘ਕੇ’ (ਲੁਪਤ) ਅਰਥ ਉਪਲਬਧ ਕਰਵਾਉਂਦੀ ਹੈ ਤੇ ਹੁਕਮੀ ਭਵਿੱਖ ਕਾਲ ਕਿਰਿਆ ਸ਼ਗਿਰਦ (ਸਿੱਖਿਆਰਥੀ) ਨੂੰ ਨੀਵੇਂਪਣ ਦਾ ਅਹਿਸਾਸ ਕਰਵਾਉਂਦੀ ਹੈ; ਜਿਵੇਂ: ‘ਤੂੰ ਰਹ’ ਜਾਂ ‘ਤੂੰ ਰਹੋ’ ਦਾ ਫ਼ਰਕ: ‘‘ਗੁਰ ਕੀ ਚਰਣੀ ਲਗਿ ‘ਰਹੁ’; ਵਿਚਹੁ ਆਪੁ (ਹਉਮੈ) ਗਵਾਇ (ਕੇ)॥’’ (ਮ: ੧/੬੧) ਤੁਕ ’ਚ ‘ਲਗਿ’ ਕਿਰਿਆ ਵਿਸ਼ੇਸ਼ਣ ਹੈ, ਜਿਸ ਦੀ ਸਿਹਾਰੀ ਲੁਪਤ ‘ਕੇ’ ਅਰਥ ਕੱਢਦੀ ਹੈ ਤੇ ‘ਰਹੁ’ ਹੁਕਮੀ ਭਵਿੱਖ ਕਾਲ ਕਿਰਿਆ, ਜਿਸ ਦਾ ਉਚਾਰਨ ਥੋੜਾ ‘ਰਹੋ’ ਵਾਙ ਕਰਨ ਦੀ ਬਜਾਏ ‘ਰਹ’ ਸ਼ਗਿਰਦ ਨੂੰ ਵਧੇਰੇ ਅਹਿਸਾਸ ਕਰਵਾਏਗਾਕਿਉਂਕਿ ਇਸ ਤੁਕ ਦਾ ਸੰਬੋਧਨ ‘ਹੇ ਮਨ’ ਹੈ ਤੇ ਵਿਸ਼ਾ ਹਉਮੈ ਦਾ ਤਿਆਗ। ਕੀ ਮਨ ਨੂੰ ‘ਤੂੰ ਰਹ’ ਦੀ ਬਜਾਏ ‘ਤੂੰ ਰਹੋ’ ਕਹਿਣਾ ਸਤਿਕਾਰ ਦੇਣ ਦਾ ਪ੍ਰਤੀਕ ਨਹੀਂ, ਜੋ ਵਿਕਾਰਾਂ ਦੀ ਗਠੜੀ ਹੈ ?)

ਹੁਕਮੀ ਭਵਿੱਖ ਕਾਲ ਕਿਰਿਆ (ਅੰਤ ਸਿਹਾਰੀ ਜਾਂ ਅੰਤ ਔਂਕੜ) ਦਾ ਉਚਾਰਨ ਇੱਕ ਸਮਾਨ (ਅੰਤ ਮੁਕਤਾ) ਹੋਣਾ ਚਾਹੀਦਾ ਹੈ, ਪਰ ਵਰਤਮਾਨ ਦਾ ਜ਼ਿਆਦਾਤਰ ਉਚਾਰਨ; ਅੰਤ ਸਿਹਾਰੀ ਨੂੰ ਤਾਂ ਛੱਡ ਦਿੰਦਾ ਹੈ ਪਰ ਅੰਤ ਔਂਕੜ ਨੂੰ ਉਚਾਰ ਲੈਂਦਾ ਹੈ; ਜਿਵੇਂ

(1). ਅੰਤ ਸਿਹਾਰੀ : ‘ਕਹਿ’ (ਕਹ) ਨਾਨਕ  ! ਥਿਰੁ ਨਾ ਰਹੈ; ਜਿਉ ਬਾਲੂ ਕੀ ਭੀਤਿ ॥’’ (ਮ: ੯/੧੪੨੯)

(2). ਅੰਤ ਔਂਕੜ : ‘ਕਹੁ’ (‘ਕਹੋ’ ਵਾਙ)  ਨਾਨਕ  ! ਹਮ ਨੀਚ ਕਰੰਮਾ ॥ (ਮ: ੫/੧੨) ਜਦਕਿ ਇਹ ਦੋਵੇਂ (ਕਹਿ, ਕਹੁ) ਸ਼ਬਦ ‘ਹੁਕਮੀ ਭਵਿੱਖ ਕਾਲ’ ਕਿਰਿਆ ਹੀ ਹਨ।

ਕਈ ਸੱਜਣਾਂ ਦਾ ਮੱਤ ਹੈ ਕਿ ਅੰਤ ਔਂਕੜ ਸ਼ਬਦ ਕਈ ਵਾਰ ਅਕਾਲ ਪੁਰਖ ਜਾਂ ਗੁਰੂ ਪ੍ਰਥਾਇ (ਸਤਿਕਾਰਮਈ) ਦਰਜ ਹੋਣ ਕਾਰਨ ਉਨ੍ਹਾਂ ਨੂੰ ਹੁਕਮੀ ਭਵਿੱਖ ਕਾਲ (ਭਾਵ ਹੁਕਮ ਦੇਣ ਵਾਲ਼ੇ ਨਿਯਮ ਅਧੀਨ ਲਿਆ ਕੇ ਨੀਵੇਂਪਣ ਦਾ ਅਹਿਸਾਸ ਕਰਵਾਉਣਾ ਜਾਂ) ਕਹਿਣਾ ਦਰੁਸਤ ਨਹੀਂ; ਜਿਵੇਂ

ਵਿਸਰੁ ਨਾਹੀ ਦਾਤਾਰ  ! ਆਪਣਾ ਨਾਮੁ ‘ਦੇਹੁ’ (ਦੇਹ) ॥ ਗੁਣ ਗਾਵਾ ਦਿਨੁ ਰਾਤਿ; ਨਾਨਕ  ! ਚਾਉ ਏਹੁ (ਏਹ) ॥ (ਮ: ੫/੭੬੨)

ਸਾਨੂੰ ਇਹ ਨਹੀਂ ਭੁਲਣਾ ਚਾਹੀਦਾ ਕਿ ਹਰ ਭਾਸ਼ਾ ਨੂੰ ਕੁਝ ਨਿਯਮਾਂ ’ਚ ਵੰਡਿਆ ਜਾਂਦਾ ਹੈ, ਜਿਨ੍ਹਾਂ ’ਚੋਂ ਇੱਕ ਨਾਂ ਹੈ: ‘ਹੁਕਮੀ ਭਵਿੱਖ ਕਾਲ ਕਿਰਿਆ’, ਇਸ ਨਿਯਮ ਨੂੰ ‘ਬੇਨਤੀ ਭਵਿੱਖ ਕਾਲ’ ਵੀ ਕਹਿ ਸਕਦੇ ਹਾਂ। ਜ਼ਰੂਰਤ ਇਹ ਹੈ ਕਿ ਅਗਰ ਉਕਤ ਤੁਕ ’ਚ ‘ਦਾਤਾਰ’ ਬਾਰੇ (ਹੁਕਮੀ ਭਵਿੱਖ ਕਾਲ) ਕਿਰਿਆ ‘ਦੇਹ’ ਪੜ੍ਹੀ ਜਾ ਸਕਦੀ ਹੈ ਤਾਂ ਮਨ ਬਾਰੇ ‘ਰਹ’ ਕਿਉਂ ਨਹੀਂ ? ਅਗਰ ‘ਅਕਾਲ ਪੁਰਖ’ ਜਾਂ ‘ਗੁਰੂ’ ਨੂੰ ਸਤਿਕਾਰਮਈ ਸ਼ਬਦਾਂ ਨਾਲ਼ ਹੀ ਨਿਵਾਜਣਾ ਹੈ ਤਾਂ ਤਮਾਮ ‘ਤੂੰ’ ਸ਼ਬਦਾਂ ਨੂੰ ‘ਤੁਸੀਂ’ ਪੜ੍ਹਨਾ ਪਵੇਗਾ; ਜਿਵੇਂ ਕਿ

‘‘ਸਭਿ ਜੀਅ ਤੁਮਾਰੇ ਜੀ  ! ‘ਤੂੰ’ ਜੀਆ ਕਾ ਦਾਤਾਰਾ ॥’’ (ਮ: ੪/੧੦)

ਸੋ, ਗੁਰਬਾਣੀ ’ਚ ਦਰਜ ਤਮਾਮ ਹੁਕਮੀ ਭਵਿੱਖ ਕਾਲ ਜਾਂ ਕਿਰਿਆ ਵਿਸ਼ੇਸ਼ਣ ਸ਼ਬਦ; ਜਿਵੇਂ ਕਿ ‘ਰਖੁ, ਜਾਹੁ, ਖਾਹੁ, ਰਹੁ, ਰਹਿ, ਕਹੁ, ਕਹਿ, ਢਹਿ, ਢਾਹਿ, ਧਰਿ, ਕਰਿ, ਸੁਣਿ, ਮਿਲੁ, ਸਹੁ (ਸਹਾਰ), ਸਹਿ (ਸਹਾਰ), ਸਾਲਾਹਿ, ਸਲਾਹਿ’ ਆਦਿ ਨੂੰ ਮੁਕਤਾ ਅੰਤ ਉਚਾਰਨ ਕਰਨਾ ਦਰੁਸਤ ਹੋਵੇਗਾ।

(5). ਦੂਜਾ ਪੁਰਖ ਬਹੁ ਵਚਨ ਸ਼ਬਦ ਅੰਤ ‘ਹੁ’ ਹੁੰਦੇ ਹਨ; ਜਿਵੇਂ ਕਿ ‘ਜਾਵਹੁ, ਪਾਵਹੁ, ਗਾਵਹੁ, ਸੁਣਹੁ, ਪੜਹੁ’ ਆਦਿ, ਇਨ੍ਹਾਂ ਨੂੰ ਨਾਸਿਕੀ ਉਚਾਰਨ ਕਰਨਾ ਦਰੁਸਤ ਨਹੀਂ; ਜਿਵੇਂ

‘‘ਰਾਮ ਨਾਮੁ ‘ਪੜਹੁ’, ਗਤਿ ‘ਪਾਵਹੁ’; ਸਤਸੰਗਤਿ (ਰਾਹੀਂ) ਗੁਰਿ (ਨੇ) ਨਿਸਤਾਰੇ ॥’’ (ਮ: ੪/੯੮੩)

(6). ਤੀਜਾ ਪੁਰਖ ਇੱਕ ਵਚਨ ਸ਼ਬਦ ਜ਼ਿਆਦਾਤਰ ਅੰਤ ‘ਸੀ, ਸਿ, ਈ’ ਹੁੰਦੇ ਹਨ, ਜਿਨ੍ਹਾਂ ਦਾ ਉਚਾਰਨ ਬਿੰਦੀ ਰਹਿਤ ਕਰਨਾ ਦਰੁਸਤ ਰਹੇਗਾ; ਜਿਵੇਂ

ਹੈ ਭੀ ‘ਹੋਸੀ’ (ਹੋਵੇਗਾ), ਜਾਇ ਨ ‘ਜਾਸੀ’ (ਜਾਏਗਾ); ਰਚਨਾ ਜਿਨਿ ਰਚਾਈ ॥ (ਜਪੁ)

ਛਿਨ ਮਹਿ, ਰਾਉ ਰੰਕ ਕਉ ‘ਕਰਈ’ (ਕਰਦਾ ਹੈ); ਰਾਉ ਰੰਕ ਕਰਿ ਡਾਰੇ ॥ (ਮ: ੯/੫੩੭) ਆਦਿ।

(6). ਸੰਬੰਧਕ: ਜੋ ਸ਼ਬਦ, ਕਿਸੇ ਨਾਂਵ ਜਾਂ ਪੜਨਾਂਵ ਦੇ ਪਿਛੇਤਰ ਲੱਗ ਕੇ ਉਸ ਦਾ ਸੰਬੰਧ ਅਗਲੇ ਸ਼ਬਦ ਨਾਲ ਜੋੜੇ, ਉਸ ਨੂੰ ਸੰਬੰਧਕ ਕਿਹਾ ਜਾਂਦਾ ਹੈ। ਗੁਰਬਾਣੀ ’ਚ ਇਹ ਦੋ ਪ੍ਰਕਾਰ ਦੇ ਹੁੰਦੇ ਹਨ; ਜਿਵੇਂ

(ੳ). ਪ੍ਰਗਟ ਸੰਬੰਧਕੀ: ‘‘ਗੁਰ ‘ਕੀ’ ਮਤਿ, ਤੂੰ ਲੇਹਿ (ਲੇਹ) ਇਆਨੇ  ! ॥’’ (ਮ: ੫/੨੮੮) ਤੁਕ ’ਚ ਪ੍ਰਗਟ ‘ਕੀ’ (ਸੰਬੰਧਕੀ) ਨੇ ਜਿੱਥੇ ‘ਗੁਰ’ ਦਾ ਸੰਬੰਧ ‘ਮਤਿ’ ਨਾਲ ਜੋੜਿਆ ਹੈ, ਉੱਥੇ ‘ਗੁਰ’ (ਇੱਕ ਵਚਨ ਪੁਲਿੰਗ) ਨੂੰ ਵੀ ਅੰਤ ਮੁਕਤਾ ਕਰ ਦਿੱਤਾ ਹੈ।

(ਅ). ਲੁਪਤ ਸੰਬੰਧਕੀ: ‘ਗੁਰ ਪ੍ਰਸਾਦਿ’ ਸੰਯੁਕਤ ਸ਼ਬਦਾਂ ’ਚ ਲੁਪਤ ‘ਦੀ’ (ਸੰਬੰਧਕੀ) ਨੇ ਜਿੱਥੇ ‘ਗੁਰ’ ਦਾ ਸੰਬੰਧ ‘ਪ੍ਰਸਾਦਿ’ ਨਾਲ ਜੋੜਿਆ ਹੈ, ਉੱਥੇ ‘ਗੁਰ’ ਨੂੰ ਅੰਤ ਮੁਕਤਾ ਕਰਕੇ ਮਤਲਬ: ‘ਗੁਰ ਦੀ ਕਿਰਪਾ ਨਾਲ’ ਕਰ ਦਿੱਤਾ।

(7). ਯੋਜਕ: ਉਹ ਸ਼ਬਦ, ਜੋ ਦੋ ਸ਼ਬਦਾਂ ਜਾਂ ਦੋ ਵਾਕਾਂ ਨੂੰ ਆਪਸ ਵਿੱਚ ਜੋੜੇ, ਯੋਜਕ ਅਖਵਾਉਂਦਾ ਹੈ; ਜਿਵੇਂ ‘‘ਆਖਹਿ ਗੋਪੀ ‘ਤੈ’ (ਅਤੇ) ਗੋਵਿੰਦ ॥’’ (ਜਪੁ)ਤੁਕ ’ਚ ‘ਤੈ’ ਯੋਜਕ ਹੈ, ਜਿਸ ਨੇ ‘ਗੋਪੀ’ ਤੇ ‘ਗੋਵਿੰਦ’ ਨੂੰ ਜੋੜ ਦਿੱਤਾ। ‘ਸੰਬੰਧਕ’ ਤੇ ‘ਯੋਜਕ’ ਸ਼ਬਦਾਂ ’ਚ ਇਹ ਅੰਤਰ ਹੈ ਕਿ ‘ਯੋਜਕ’ ਤੋਂ ਬਿਨਾਂ ਵੀ ਦੋਵੇਂ ਸ਼ਬਦ ਸੁਤੰਤਰ ਅਰਥ ਦੇ ਸਕਦੇ ਹਨ ਪਰ ‘ਸੰਬੰਧਕ’ ਤੋਂ ਬਿਨਾਂ ਦੋਵੇਂ ਸ਼ਬਦਾਂ ਦੇ ਅਰਥ ਸਪਸ਼ਟ ਨਹੀਂ ਹੁੰਦੇ।

(8). ਵਿਸਮਿਕ: ਕਿਸੇ ਨਾਂਵ ਦੇ ਵਿਸ਼ੇਸ਼ਣਾਂ ਤੋਂ ਪ੍ਰਭਾਵਤ ਹੋ ਕੇ ਦਿਲ ਦੀਆਂ ਗਹਿਰਾਈਆਂ ’ਚੋਂ ਨਿਕਲੇ ਡੂੰਘੇ ਭਾਵਾਂ ਨੂੰ ਪ੍ਰਗਟ ਕਰਨ ਵਾਲ਼ੇ ਸ਼ਬਦਾਂ ਨੂੰ ਵਿਸਮਿਕ ਕਿਹਾ ਜਾਂਦਾ ਹੈ।

ਉਕਤ ਕੀਤੀ ਗਈ ਤਮਾਮ ਵਿਚਾਰ ਉਪਰੰਤ ਗੁਰਬਾਣੀ ਦੇ ਉਚਾਰਨ ’ਚ ਸਮਾਨਤਾ ਬਣਾਏ ਰੱਖਣ ਲਈ ਜੋ ਨਿਯਮ ਵਧੇਰੇ ਕਾਰਗਰ ਹੋ ਸਕਦੇ ਹਨ, ਉਨ੍ਹਾਂ ਦਾ ਵੇਰਵਾ ਹੇਠਾਂ ਦਿੱਤਾ ਜਾ ਰਿਹਾ ਹੈ।

(ਨੋਟ: ਗੁਰਬਾਣੀ ਲਿਖਤ ਕਾਵਿ ’ਚ ਹੋਣ ਕਾਰਨ ਪਿੰਗਲ ਦਾ ਆਪਣਾ ਮਹੱਤਵ ਹੈ, ਜਿਸ ਨੂੰ ਭਾਸ਼ਾਈ ਨਿਯਮਾਂ ਦੀ ਅੰਕ ਤਾਲਿਕਾ ਅਨੁਸਾਰ: ‘ਮੁਕਤਾ, ਔਂਕੜ ਤੇ ਸਿਹਾਰੀ’ ਨੂੰ 1 ਅੰਕ ਦਿੱਤਾ ਗਿਆ ਹੈ ਤੇ ਬਾਕੀ 7 ਲਗਾਂ (ਕੰਨਾ, ਬਿਹਾਰੀ, ਦੁਲੈਂਕੜ, ਲਾਂ, ਦੁਲਾਵਾਂ, ਹੋੜਾ ਤੇ ਕਨੌੜਾ) ਨੂੰ 2 ਅੰਕ, ਇਸ ਲਈ ਕਿਸੇ ਸ਼ਬਦ ਦਾ ਅੰਤ ਔਂਕੜ ਜਾਂ ਸਿਹਾਰੀ ਨੂੰ ਪੜ੍ਹਨ ਜਾਂ ਨਾ ਪੜ੍ਹਨ ਨਾਲ਼ ਪਿੰਗਲ ਨਿਯਮ ਉੱਤੇ ਕੋਈ ਫ਼ਰਕ ਨਹੀਂ ਪੈਂਦਾ ਕਿਉਂਕਿ ਤਿੰਨਾਂ (ਮੁਕਤਾ, ਔਂਕੜ ਤੇ ਸਿਹਾਰੀ) ਦਾ 1 ਅੰਕ ਹੈ। ਇਸੇ ਨਿਯਮ ਮੁਤਾਬਕ ਜਦ ਸੰਬੰਧਕੀ; ਇੱਕ ਵਚਨ ਪੁਲਿੰਗ ਨਾਂਵ ਨੂੰ ਅੰਤ ਮੁਕਤਾ ਕਰਦਾ ਹੈ ਤਾਂ ਵੀ ਕਾਵਿ ਤੋਲ ਕਾਇਮ ਰਹਿੰਦਾ ਹੈ।)

(1). ਗੁਰਬਾਣੀ ’ਚ ਦਰਜ ਤਮਾਮ ਇੱਕ ਵਚਨ ਪੁਲਿੰਗ ਨਾਂਵ, ਜਿਨ੍ਹਾਂ ਦੇ ਅੰਤ ’ਚ ਔਂਕੜ ਜਾਂ ਕਾਰਕੀ ਸਿਹਾਰੀ ਹੋਵੇ, ਦਾ ਉਚਾਰਨ ਕਰਨਾ ਦਰੁਸਤ ਨਹੀਂ ਕਿਉਂਕਿ ਔਂਕੜ ਤੇ ਸਿਹਾਰੀ; ਸ਼ਬਦਾਂ ਦੇ ‘ਵਚਨ, ਲਿੰਗ ਤੇ ਕਾਰਕ’ ਨੂੰ ਨਿਰਧਾਰਿਤ ਕਰਦੇ ਹਨ; ਜਿਵੇਂ ‘ਰਾਹੁ (ਇੱਕ ਰਾਹ), ਵੇਸਾਹੁ (ਭਰੋਸਾ, ਨਾ ਕਿ ਭਰੋਸੇ), ਪਾਤਿਸਾਹੁ (ਇੱਕ ਬਾਦਸ਼ਾਹ), ਸਾਹੁ (ਇੱਕ ਹੁਕਮਰਾਨ), ਸਹੁ (ਇੱਕ ਸ਼ਾਹ), ਵਿਆਹੁ (ਇੱਕ ਸ਼ਾਦੀ), ਪਾਤਿਸਾਹਿ (ਬਾਦਸ਼ਾਹ ਨੇ), ਅਲਹਿ (ਅੱਲ੍ਹਾ ਨੂੰ), ਸਾਹਿ (ਪਾਤਿਸ਼ਾਹ ਨੇ) ਸਹਿ (ਮਾਲਕ ਨੇ) ਆਦਿ। ਜ਼ਿਆਦਾਤਰ ਪਾਠੀ; ਇਸ ਤੁਕ ‘‘ਅਲਾਹੁ ਅਲਖੁ ਅਗੰਮੁ ਕਾਦਰੁ ਕਰਣਹਾਰੁ ਕਰੀਮੁ ॥’’ (ਮ: ੧/੬੪) ’ਚੋਂ ਕੇਵਲ ‘ਅਲਹੁ’ ਦਾ ਔਂਕੜ ਪੜ੍ਹਦੇ ਹਨ, ਬਾਕੀ ਨਹੀਂ। ਕੁਝ ਕੁ ਸੱਜਣਾਂ ਪਾਸ ਤਮਾਮ ਲਗਾਂ (ਮਾਤਰਾਵਾਂ) ਉਚਾਰਨ ਦੀ ਯੋਗਤਾ ਹੋਵੇਗੀ, ਉਨ੍ਹਾਂ ਤੋਂ ਮਾਫ਼ੀ ਚਾਹਾਂਗਾ।

(2). ਕਿਰਿਆ ਵਿਸ਼ੇਸ਼ਣ ਤੇ ਹੁਕਮੀ ਭਵਿੱਖ ਕਾਲ ਕਿਰਿਆ ਦਾ ਅੰਤ ਔਂਕੜ ਤੇ ਅੰਤ ਸਿਹਾਰੀ ਉਚਾਰਨਾ ਦਰੁਸਤ ਨਹੀਂ।

(3). ਗੁਰਬਾਣੀ ’ਚ ਕੁਝ ਅਨ੍ਯ ਭਾਸ਼ਾਵਾਂ ਦੇ ਸ਼ਬਦ ਦਰਜ ਹਨ, ਜਿਨ੍ਹਾਂ ਦੇ ਅਰਥ ਤੇ ਸ਼ਬਦ ਬਣਤਰ ’ਚ ਭਿੰਨਤਾ ਹੈ; ਜਿਵੇਂ ਕਿ

(ੳ). ‘ਭਗਤਿ’ (657 ਵਾਰ) ਦਾ ਅਰਥ ਹੈ: ‘ਬੰਦਗੀ’ ਤੇ ‘ਭਗਤ’ (293 ਵਾਰ) ਦਾ ਅਰਥ ਹੈ: ‘ਬੰਦਗੀ ਕਰਨ ਵਾਲ਼ੇ’:

ਸੇਈ ‘ਭਗਤ’, ‘ਭਗਤਿ’ ਸੇ ਲਾਗੇ; ਨਾਨਕ ! ਜੋ ਪ੍ਰਭ ਭਾਣੀ ॥’’ (ਮ: ੫/੧੨੧੯)

(ਅ). ‘ਕਾਮਣਿ’ (78 ਵਾਰ) ਦਾ ਅਰਥ ਹੈ: ‘ਇਸਤ੍ਰੀ’ ਤੇ ‘ਕਾਮਣ’ (8 ਵਾਰ) ਦਾ ਅਰਥ ਹੈ: ‘ਟੂਣੇ’; ਜਿਵੇਂ

ਗੁਣ ‘ਕਾਮਣ’, ‘ਕਾਮਣਿ’ ਕਰੈ; ਤਉ ਪਿਆਰੇ ਕਉ ਪਾਵੈ ॥’’ (ਮ: ੧/੭੨੫) ਭਾਵ ਜੇ ਇਸਤ੍ਰੀ; ਗੁਣ ਰੂਪ ਟੂਣੇ ਕਰੇ ਤਾਂ ਪਿਆਰੇ ਖਸਮ ਨੂੰ ਪਾ ਸਕਦੀ ਹੈ।

(ੲ). ‘ਵਸਤੁ’ (68 ਵਾਰ) ਦਾ ਅਰਥ ਹੈ: ‘ਵਸਤੂ, ਚੀਜ’ ਤੇ ‘ਵਸਤ’ (2 ਵਾਰ) ਦਾ ਅਰਥ ਹੈ: ‘ਵੱਸਦਾ’; ਜਿਵੇਂ

ਭੀਤਰਿ ਹੋਦੀ; ‘ਵਸਤੁ’ ਨ ਜਾਣੈ ॥ (ਮ: ੧/੧੫੨)

ਨਾਭਿ ‘ਵਸਤ’; ਬ੍ਰਹਮੈ, ਅੰਤੁ ਨ ਜਾਣਿਆ ॥ (ਮ: ੧/੧੨੩੭) ਆਦਿ।

ਉਕਤ ਤੁਕਾਂ ’ਚ ਦਰਜ ‘ਭਗਤਿ, ਭਗਤ’ (ਦੋਵਾਂ) ਦਾ ਉਚਾਰਨ ‘ਭਗਤ’, ‘ਕਾਮਣਿ, ਕਾਮਣ’ (ਦੋਵਾਂ) ਦਾ ਉਚਾਰਨ ‘ਕਾਮਣ’ ਤੇ ‘ਵਸਤੁ, ਵਸਤ’ (ਦੋਵਾਂ) ਦਾ ਉਚਾਰਨ ‘ਵਸਤ’ ਕਰਨਾ ਦਰੁਸਤ ਨਹੀਂ, ਇਸੇ ਤਰ੍ਹਾਂ ‘ਮੁਨਿ, ਭੂਮਿ’ ਆਦਿ ਦਾ ਉਚਾਰਨ ‘ਮੁਨ, ਭੂਮ’ ਕਰਨਾ ਅਗਿਆਨਤਾ ਦਾ ਪ੍ਰਤੀਕ ਹੈ। ਅਗਰ ਸ਼ਬਦ ਦੇ ਮੂਲ ਨੂੰ ਸਮਝੇ ਬਿਨਾਂ ਉਚਾਰਨ ਕਰੀਏ ਤਾਂ ਹੇਠਾਂ ਦਿੱਤੀ ਗਈ ਤੁਕ ’ਚ ‘ਭਗ੍ਤਿ’ ਦਾ ਉਚਾਰਨ ‘ਭਗਿਤ’ ਵੀ ਕਰ ਸਕਦੇ ਹਾਂ:

‘‘ਬਲਿਹਿ ਛਲਨ, ਸਬਲ ਮਲਨ, ‘ਭਗ੍ਤਿ’ ਫਲਨ ਕਾਨ੍ ਕੁਅਰ; ਨਿਹਕਲੰਕ, ਬਜੀ ਡੰਕ; ਚੜ੍ਹੂ ਦਲ ਰਵਿੰਦ ਜੀਉ ॥’’ (ਭਟ ਗਯੰਦ/੧੪੦੩)

ਸੋ, ਜਿਨ੍ਹਾਂ ਸ਼ਬਦਾਂ ਦਾ ਅੰਤ ਔਂਕੜ ਤੇ ਅੰਤ ਸਿਹਾਰੀ ਆਪਣਾ ਮੂਲਕ ਹੈ, ਉਨ੍ਹਾਂ ਦਾ ਉਚਾਰਨ ਕਰਨਾ ਦਰੁਸਤ ਹੋਵੇਗਾ; ਜਿਵੇਂ ਕਿ ‘ਸਤਿ, ਕਲਿ, ਭਗਤਿ, ਮੁਨਿ, ਨਾਰਿ, ਕਾਮਣਿ, ਕਾਮਨਿ, ਮੂਰਤਿ, ਕੀਰਤਿ, ਹਰਿ, ਭੂਮਿ, ਆਦਿ, ਜੁਗਾਦਿ, ਵਸਤੁ (ਵਸਤੂ), ਰਾਹੁ (ਰਾਹੂ)’ ਜਿੰਦੁ (ਜਿੰਦੂ), ਧਾਤੁ (ਧਾਤੂ), ਧੇਣੁ, ਧੇਨੁ (ਗਾਂ), ਰੇਣੁ (ਚਰਨ ਧੂੜ), ਤੰਤੁ (ਆਵਾਜ਼, ਕਿਉਂਕਿ ‘ਤੰਤ’ ਅੰਤ ਮੁਕਤੇ ਦਾ ਮਤਲਬ ‘ਤੰਤ੍ਰ-ਮੰਤ੍ਰ’ ਹੈ) ਆਦਿ।

(ਨੋਟ: (ੳ). ਪੰਜਾਬੀ ’ਚ ਸਿਹਾਰੀ (ਲਘੂ ਮਾਤਰਾ, ਅੰਕ 1) ਨੂੰ ਥੋੜ੍ਹਾ ਦੀਰਘ (ਅੰਕ 2) ਕਰਨ ਨਾਲ਼ ‘ਬਿਹਾਰੀ’ ਨਹੀਂ ਬਣਾਈ ਜਾਂਦੀ ਬਲਕਿ ‘ਲਾਂ’ ਬਣਾ ਲਈਦੀ ਹੈ; ਜਿਵੇਂ ਕਿ ‘ਛਿਅ’ ਦਾ ਉਚਾਰਨ ‘ਛੇ’, ਨਾ ਕਿ ‘ਛੀ’ ਜਦਕਿ ਜਿਨ੍ਹਾਂ ਭਾਸ਼ਾਵਾਂ ਦੇ ਉਕਤ ਸ਼ਬਦ ਹਨ, ਉੱਥੇ ‘ਸਿਹਾਰੀ’ (ਲਘੂ ਮਾਤਰਾ) ਦੀ ਦੀਰਘ ਮਾਤਰਾ ‘ਬਿਹਾਰੀ’ ਹੈ।

(ਅ). ਕੁਝ ਸ਼ਬਦਾਂ ਦਾ ਅੰਤ ਔਂਕੜ (ਲਘੂ ਮਾਤਰਾ); ‘ਹੋੜਾ’ (ਦੀਰਘ ਮਾਤਰਾ) ਬਣਾ ਲਿਆ ਜਾਂਦਾ ਹੈ ਜਦਕਿ ਔਂਕੜ ਦੀ ਦੀਰਘ ਮਾਤਰਾ ‘ਦੁਲੈਂਕੜ’ ਹੈ।ਗੁਰਬਾਣੀ ਸ਼ਬਦਾਂ ਦਾ ਉਚਾਰਨ ਸੰਬੰਧਿਤ ਭਾਸ਼ਾ ਵਾਙ ਕਰਨਾ ਦਰੁਸਤ ਹੈ, ਨਾ ਕਿ ਅਜੋਕੇ ਉਚਾਰਨ ਵਾਙ, ਕਿਉਂਕਿ ਜਦ ਤਕ ਲਘੂ ਮਾਤਰਾ (ਅੰਕ 1) ਦੀ ਦੀਰਘ ਮਾਤਰਾ (ਅੰਕ 2) ਬਾਰੇ ਜਾਣਕਾਰੀ ਨਹੀਂ ਹੋਵੇਗੀ ਤਦ ਤਕ ਲਘੂ ਮਾਤਰਾ ਦਾ ਉਚਾਰਨ ਦਰੁਸਤ ਹੋ ਹੀ ਨਹੀਂ ਸਕਦਾ।)

(4). ਪੰਜਾਬੀ ਤੇ ਗੁਰਮੁਖੀ ਭਾਸ਼ਾ ’ਚ ਸਵਰ ਅੱਖਰ ਕੇਵਲ 3 (ੳ, ਅ, ੲ) ਹੋਣ ਕਾਰਨ ‘ਹ, ਯ, ਵ’ ਨੂੰ ਵੀ ਅਰਧ ਸਵਰ ਲਈ ਪ੍ਰਯੋਗ ਕਰ ਲਿਆ ਜਾਂਦਾ ਹੈ; ਜਿਵੇਂ ਕਿ ‘ਪਉੜੀ ਤੇ ਪਵੜੀ, ਗਿਆਨ ਤੇ ਗ੍ਯਾਨ, ਧਿਆਨ ਤੇ ਧ੍ਯਾਨ, ਗੁਰਦੁਆਰ ਤੇ ਗੁਰਦਵਾਰ, ਦਈ ਤੇ ਦਯ, ਰਈਅਤਿ ਤੇ ਰਯਤਿ’ ਆਦਿ।

‘ੳ, ਅ, ੲ’ ਨੂੰ ਲੱਗੀਆਂ 10 ਲਗਾਂ, ਅੱਖਰ ਸੰਧੀ ਉਪਰੰਤ ਸ਼ਬਦ ’ਚ ਆਪਣਾ ਸਰੂਪ ਬਦਲ ਕੇ ਕੇਵਲ ‘ ਾ, ੁ , ੂ , ਿ, ੀ , ੇ , ੈ , ੋ, ੌ ’ ਚਿੰਨ੍ ਰਹਿ ਜਾਂਦੇ ਹਨ ਅਤੇ ਉਚਾਰਨ ਕਰਦਿਆਂ ਇਨ੍ਹਾਂ ’ਚੋਂ ਅਰਧ ਸਵਰ ਵਾਲ਼ੀ ਧੁਨੀ (ਹ, ਯ, ਵ) ਵੀ ਪ੍ਰਗਟ ਹੁੰਦੀ ਹੈ; ਜਿਵੇਂ ‘ਵ’ ਨੂੰ ‘ਉ’ ’ਚ ਬਦਲ ਕੇ ‘ਉ’ ਨੂੰ ‘ਮਹਤ’ ਨਾਲ਼ ਸੰਧੀ ਕਰਦਿਆਂ ਆਪਣਾ ਔਂਕੜ ‘ਮਹਤ’ ਦੇ ਪਿਛੇਤਰ ਲੱਗੇ ‘ਤ’ ਨੂੰ ਦਿੱਤਾ ਗਿਆ, ਜਿਸ ਉਪਰੰਤ ਸ਼ਬਦ ‘ਮਹਤੁ’ ਬਣ ਗਿਆ: ਪਵਣੁ ਗੁਰੂ, ਪਾਣੀ ਪਿਤਾ; ਮਾਤਾ ਧਰਤਿ ‘ਮਹਤੁ’ ॥ (ਜਪੁ) ਹੁਣ ਇਸ ‘ਮਹਤੁ’ ਦਾ ਉਚਾਰਨ ‘ਮਹਤ’ ਕਰਨ ਦੀ ਬਜਾਏ ਥੋੜ੍ਹਾ ‘ਮਹਤ੍ਵ’ ਜਾਂ ‘ਮਹਤੁਅ’ ਵੱਲ ਕਰਨਾ ਦਰੁਸਤ ਰਹੇਗਾ। ਅਜਿਹੇ ਹੀ ਕੁਝ ਹੋਰ ਸ਼ਬਦ ਹਨ: ‘ਤਤੁ, ਸਤੁ, ਅਸੁ, ਵਿਸੁ (ਵਿਸ਼੍ਵ ਜਾਂ ਵਿਸ਼ੁਅ) ਆਦਿ ‘‘ਏਹੁ ‘ਵਿਸੁ’ ਸੰਸਾਰੁ ਤੁਮ ਦੇਖਦੇ; ਏਹੁ ਹਰਿ ਕਾ ਰੂਪੁ ਹੈ; ਹਰਿ ਰੂਪੁ ਨਦਰੀ ਆਇਆ ॥’’ (ਮ: ੩/੯੨੨) ਇਸ ਤੁਕ ’ਚ ਦਰਜ ‘ਵਿਸੁ’ ਦਾ ਉਚਾਰਨ ‘ਵਿਸ’ (ਜ਼ਹਿਰ) ਕਰਨ ਦੀ ਬਜਾਏ ਥੋੜ੍ਹਾ ‘ਵਿਸ਼੍ਵ’ ਜਾਂ ‘ਵਿਸ਼ੁਅ’ ਵੱਲ ਲੈ ਜਾਣਾ ਠੀਕ ਰਹੇਗਾ, ਆਦਿ।

(5). ਫ਼ਾਰਸੀ, ਅਰਬੀ ਦੇ ਕੁਝ ਸ਼ਬਦ ਅੰਤ ‘ਹ’ ਹਨ; ਜਿਵੇਂ ਕਿ ‘ਦਰਗਹ, ਦਰਗਾਹ, ਦਰਗਹਿ, ਅਲਹ, ਅਲਹੁ, ਅਲਾਹ, ਅਲਾਹਿ, ਅਲਾਹੁ, ਸਾਹ, ਸਹ (ਸ਼ਾਹ), ਸਹੁ (ਸ਼ਾਹ) ਸਹਿ (ਸ਼ਾਹ)’ ਆਦਿ, ਜਿਨ੍ਹਾਂ ਦਾ ਉਚਾਰਨ ‘ਖ਼ਾਲਸਹ’ ਤੋਂ ਬਣੇ ‘ਖ਼ਾਲਸਾ’ ਉਚਾਰਨ ਵਾਙ ਅੰਤ ‘ਹ’ ਨੂੰ ਥੋੜਾ ਕੰਨੇ ਵੱਲ ਲੈ ਜਾਣਾ ਹੀ ਉਚਿਤ ਹੋਵੇਗਾ। ‘ਦਰਗਹਿ, ਅਲਾਹਿ, ਸਹਿ’ ਆਦਿ ਨੂੰ ਲੱਗੀ ਅੰਤ ਸਿਹਾਰੀ ਤਰਤੀਬਵਾਰ ‘ਅਧਿਕਰਣ ਕਾਰਕ, ਕਰਮ ਕਾਰਕ ਤੇ ਕਰਤਾ ਕਾਰਕ’ ਹੈ, ਜੋ ਉਚਾਰਨ ਦਾ ਹਿੱਸਾ ਨਹੀਂ ਕਹੀ ਜਾ ਸਕਦੀ; ਜਿਵੇਂ

ਐਥੈ ਮਿਲਹਿ ਵਡਾਈਆ; ‘ਦਰਗਹਿ’ (ਦਰਗਾਹ ਵਿੱਚ) ਪਾਵਹਿ ਥਾਉ ॥ (ਮ: ੫/੪੮) (ਅਧਿਕਰਣ ਕਾਰਕ)

ਕੋਈ ਸੇਵੈ ਗੁਸਈਆ; ਕੋਈ ‘ਅਲਾਹਿ’ (ਅੱਲ੍ਹਾ ਨੂੰ)॥ (ਮ: ੫/੮੮੫) (ਕਰਮ ਕਾਰਕ)

ਪ੍ਰੇਮ ਪਟੋਲਾ ਤੈ ‘ਸਹਿ’ (ਸ਼ਾਹ ਨੇ) ਦਿਤਾ; ਢਕਣ ਕੂ ਪਤਿ ਮੇਰੀ ॥ (ਮ: ੫/੫੨੦) (ਕਰਤਾ ਕਾਰਕ) ਆਦਿ ਦਾ ਉਚਾਰਨ ਥੋੜ੍ਹਾ ‘ਦਰਗ੍ਾ, ਅੱਲਾਹ, ਸ਼ਾ’ ਵਾਙ ਕਰਦਾ ਦਰੁਸਤ ਹੋਵੇਗਾ।

(6). ਗੁਰਬਾਣੀ ’ਚ ਕੁਝ ਸਥਾਨ ਵਾਚਕ ਪੜਨਾਂਵ ‘ਜਹਾ’ (30 ਵਾਰ), ‘ਤਹਾ’ (43 ਵਾਰ), ‘ਕਹਾ’ (203 ਵਾਰ; ਨੋਟ: ਇਹ ਸ਼ਬਦ ਉਤਮ ਪੁਰਖ ਇੱਕ ਵਚਨ ਕਿਰਿਆ ‘ਕਹਾਂ’ ਭਾਵ ‘ਮੈਂ ਦੱਸਾਂ’ ਵੀ ਹੈ) ਦਰਜ ਹਨ, ਜਿਨ੍ਹਾਂ ਦਾ ਨਾਸਿਕੀ ਉਚਾਰਨ ‘ਜਹਾਂ (7 ਵਾਰ), ਤਹਾਂ (9 ਵਾਰ), ਕਹਾਂ (18 ਵਾਰ)’ ਵੀ ਗੁਰਬਾਣੀ ’ਚ ਦਰਜ ਹੈ ਤੇ ਅਰਥ ਹਨ: ‘ਜਿੱਥੇ ਜਾਂ ਜਿੱਥੋਂ, ਉੱਥੇ ਜਾਂ ਉੱਥੋਂ, ਕਿੱਥੇ ਜਾਂ ਕਿੱਥੋਂ’; ਜਿਵੇਂ :

‘ਜਹਾਂ’ ਸਬਦੁ ਵਸੈ; ‘ਤਹਾਂ’ ਦੁਖੁ ਜਾਏ ॥ (ਮ: ੩/੩੬੪)

‘ਕਹਾਂ ਤੇ ਆਇਆ; ਕਹਾਂ ਏਹੁ (ਏਹ) ਜਾਣੁ ॥ (ਮ: ੧/੧੨੮੯), ਆਦਿ।

ਉਕਤ ਤਿੰਨੇ ਸ਼ਬਦਾਂ ਦਾ ਪਿੰਗਲ ਮੁਤਾਬਕ 3 ਅੰਕ (ਜਿਵੇਂ ‘ਜ’ ਮੁਕਤੇ ਦਾ 1 ਅੰਕ + ‘ਹਾਂ’ ਦਾ 2 ਅੰਕ) ਬਣਦਾ ਹੈ ਪਰ ਕਾਵਿ ਕਾਰਨ ਕਈ ਵਾਰ ਇਸ ਨੂੰ ਘਟਾ ਕੇ 2 ਅੰਕ (‘ਜਹ’-201 ਵਾਰ, ‘ਤਹ’-232 ਵਾਰ, ‘ਕਹ’-49 ਵਾਰ) ਵੀ ਦਰਜ ਕੀਤਾ ਗਿਆ ਹੈ, ਇਸ ਲਈ ਇਨ੍ਹਾਂ ਦਾ ਉਚਾਰਨ ‘ਜਹਂ, ਤਹਂ, ਕਹਂ’ ਨੂੰ ‘ਜੈਂ, ਤੈਂ, ਕੈਂ’ ਕਰਨ ਦੀ ਬਜਾਏ ਥੋੜ੍ਹਾ ‘ਜ੍ਹਾਂ, ਤ੍ਹਾਂ, ਕ੍ਹਾਂ’ ਵੱਲ ਕਰਨਾ ਦਰੁਸਤ ਹੋਵੇਗਾ, ਜਿਸ ਵਿੱਚ ਕੰਨੇ ਦਾ ਉਚਾਰਨ ਬਹੁਤ ਹੀ ਸੀਮਤ ਰੱਖਣਾ ਪਵੇਗਾ ਕਿਉਂਕਿ ਇਹ ਸ਼ਬਦ ਫ਼ਾਰਸੀ ਦੇ ਨਹੀਂ।

‘‘ਪੰਕਜੁ ਮੋਹ ਪਗੁ ਨਹੀ ਚਾਲੈ; ਹਮ ਦੇਖਾ, ‘ਤਹ’ (ਤਹਂ) ਡੂਬੀਅਲੇ ॥’’ (ਮ: ੧/੧੨)

‘ਜਹ’ (ਜਹਂ) ਦੇਖਾ, ‘ਤਹ’ (ਤਹਂ) ਏਕੁ ਤੂੰ; ਸਤਿਗੁਰਿ (ਨੇ) ਦੀਆ ਦਿਖਾਇ ॥ (ਮ: ੧/੫੫)

‘ਕਹ’ (ਕਹਂ) ਉਪਜੈ, ‘ਕਹ’ (ਕਹਂ) ਜਾਇ (ਕੇ) ਸਮਾਵੈ ॥’’ (ਮ: ੧/੧੫੨), ਆਦਿ।

(7). ਗੁਰਬਾਣੀ ’ਚ ਦਰਜ ਕੁਝ ਕੁ ਸ਼ਬਦਾਂ ਦੇ ਇੱਕ ਅੱਖਰ ਨੂੰ ਦੋ ਲਗਾਂ (ਔਂਕੜ ਤੇ ਹੋੜਾ ਜਾਂ ਲਘੂ ਤੇ ਦੀਰਘ ਮਾਤਰਾਵਾਂ) ਲੱਗੀਆਂ ਹੋਣ ਕਾਰਨ ਉਨ੍ਹਾਂ ਦਾ ਉਚਾਰਨ ਕਰਨਾ ਅਤਿ ਮੁਸ਼ਕਲ ਹੈ; ਜਿਵੇਂ ਕਿ

‘‘ਆਪੇ ਨੇੜੈ, ਦੂਰਿ ਆਪੇ ਹੀ; ਆਪੇ ਮੰਝਿ ‘ਮਿਆਨੁੋ’ ॥ ਆਪੇ ਵੇਖੈ, ਸੁਣੇ ਆਪੇ ਹੀ; ਕੁਦਰਤਿ ਕਰੇ ‘ਜਹਾਨੁੋ’ ॥ ਜੋ ਤਿਸੁ ਭਾਵੈ ਨਾਨਕਾ  ! ਹੁਕਮੁ ਸੋਈ ‘ਪਰਵਾਨੁੋ’ ॥’’ (ਮ: ੧/੨੫) ਇਨ੍ਹਾਂ ਤਿੰਨੇ ਤੁਕਾਂ ਦਾ ਤੁਕਾਂਤ ਮੇਲ਼ ਬਣਾਏ ਰੱਖਣ ਲਈ ਪਿਛੇਤਰ ਅੱਖਰਾਂ ਨੂੰ ਦੋ ਲਗਾਂ ਹਨ ਤੇ ਤਿੰਨੇ ਸ਼ਬਦ ਇੱਕ ਵਚਨ ਪੁਲਿੰਗ ਵੀ ਹਨ; ਜਿਵੇਂ

ਸਚੈ ਮਾਰਗਿ ਚਲਦਿਆ; ਉਸਤਤਿ ਕਰੇ ‘ਜਹਾਨੁ’ ॥ (ਮ: ੫/੧੩੬)

ਹੁਕਮੁ ਬੂਝੈ; ਸੋਈ ‘ਪਰਵਾਨੁ’ ॥ (ਮ: ੫/੩੮੬), ਆਦਿ।

ਉਕਤ ਕੀਤੀ ਗਈ ਵਿਚਾਰ ਕਿ ‘ਮੁਕਤਾ, ਸਿਹਾਰੀ, ਔਂਕੜ’ (ਮਾਤਰਾ) ਨੂੰ ਪਿੰਗਲ ਅੰਕ 1 (ਇੱਕ) ਦਿੱਤਾ ਹੈ ਤੇ ਬਾਕੀ 7 ਲਗਾਂ ਨੂੰ ਅੰਕ 2; ਮੁਤਾਬਕ ‘‘ਗੁਰ ਗੋਵਿੰਦੁ ‘ਗੁੋਵਿੰਦੁ’ ਗੁਰੂ ਹੈ; ਨਾਨਕ  ! ਭੇਦੁ ਨ ਭਾਈ ॥’’ (ਮ: ੪/੪੪੨) ਤੁਕ ’ਚ ਪਹਿਲੇ ‘ਗੋਵਿੰਦੁ’ ਦੇ ਕੁਲ ਅੰਕ 4 (ਗੋ-2, ਵਿੰ-1, ਦੁ-1) ਬਣਦੇ ਹਨ ਅਤੇ ਦੂਸਰੇ ‘ਗੋੁਵਿੰਦੁ’ ਦੇ ਅੰਕ 5 (ਗੁੋ-3, ਵਿੰ-1, ਦੁ-1), ਗੁਰਬਾਣੀ ਕਾਵਿ ਮੁਤਾਬਕ ਪਹਿਲੇ ‘ਗੋਵਿੰਦੁ’ ਦੇ 4 ਅੰਕਾਂ ਦੇ ਮੁਕਾਬਲੇ ਦੂਸਰੇ ‘ਗੁੋਵਿੰਦੁ’ ਦੇ ਅੰਕ 3 ਉਚਾਰਨ ਹੋਣੇ ਚਾਹੀਦੇ ਹਨ, ਜੋ ਕਿ ‘ਗੁੋ’ ਦੇ 3 ਅੰਕਾਂ ’ਚੋਂ ਕੇਵਲ 1 ਅੰਕ (ਔਂਕੜ) ਨੂੰ ਉਚਾਰ ਕੇ ਬਣੇਗਾ ਪਰ ਜੋ ਸੱਜਣ ‘ਗੁੋ’ ਦੀਆਂ ਦੋਵੇਂ ਮਾਤਰਾਵਾਂ ਉਚਾਰ ਕੇ ਪਹਿਲੇ ‘ਗੋਵਿੰਦੁ’ ਦੇ 4 ਅੰਕਾਂ ਦੇ ਮੁਕਾਬਲੇ ਦੂਸਰੇ ‘ਗੁੋਵਿੰਦੁ’ ਦੇ 5 ਅੰਕ ਬਣਾਉਂਦੇ ਹਨ, ਉਸ ਨਾਲ਼ ਭਾਸ਼ਾਈ ਪਿੰਗਲ ਅੰਕ ਤਾਲਿਕਾ (ਜਿੱਥੇ ਕਿਸੇ ਇੱਕ ਅੱਖਰ ਨੂੰ 3 ਅੰਕ ਨਹੀਂ ਦਿੱਤੇ ਜਾ ਸਕਦੇ) ਦਾ ਉਲੰਘਣ ਹੁੰਦਾ ਹੈ।

ਸੋ, ਗੁਰਬਾਣੀ ’ਚ ਦਰਜ ਤਮਾਮ ਉਹ ਸ਼ਬਦ, ਜਿਨ੍ਹਾਂ ਦੇ ਅਗੇਤਰ ਅੱਖਰ ਨੂੰ ਦੋ ਲਗਾਂ ਹੋਣ, ਉਨ੍ਹਾਂ ’ਚੋਂ ਕੇਵਲ ਔਂਕੜ ਨੂੰ ਅਤੇ ਪਿਛੇਤਰ ਅੱਖਰ ਦੀਆਂ ਦੋ ਲਗਾਂ ’ਚੋਂ ਕੇਵਲ ਹੋੜੇ ਨੂੰ ਉਚਾਰਨਾ ਦਰੁਸਤ ਹੋਵੇਗਾ ਕਿਉਂਕਿ ਇਨ੍ਹਾਂ ਦਾ ਅੰਤ ਔਂਕੜ ਇੱਕ ਵਚਨ ਪੁਲਿੰਗ ਦਾ ਪ੍ਰਤੀਕ ਹੈ। ਪੰਜਾਬੀ ਨਾਲ਼ੋਂ ਗੁਰਬਾਣੀ ਲਿਖਤ ਦੀ ਇਹੀ ਵਿਲੱਖਣਤਾ ਹੈ।

ਉਕਤ ਵਿਚਾਰ ਉਪਰੰਤ ‘ਨਾਇ’ ਦੀ ਵਿਭਿੰਨਤਾ ਦਾ ਰਾਜ ਹੈ:

(1). ਸੋ ਕਿਉ ਵਿਸਰੈ  ? ਮੇਰੀ ਮਾਇ ॥ ਸਾਚਾ ਸਾਹਿਬੁ; ਸਾਚੈ ‘ਨਾਇ’ ॥ ਤੁਕ ’ਚ ‘ਨਾਇ’ ਸ਼ਬਦ ਕਾਰਕੀ ਹੋਣ ਕਾਰਨ ਉਚਾਰਨ ਹੈ: ‘ਨਾਇਂ’ (ਨਾਸਿਕੀ) ਤੇ ਅਰਥ ਹਨ:

(ੳ). ‘ਸਾਚਾ ਸਾਹਿਬੁ’ ਸੱਚੇ ‘ਨਾਮ ਰਾਹੀਂ’ ਮਿਲਦਾ ਹੈ। (ਕਰਣ ਕਾਰਕ)

(ਅ). ‘ਸਾਚਾ ਸਾਹਿਬੁ’ ਸੱਚੇ ‘ਨਾਮ ਵਿੱਚ’ ਵੱਸਦਾ ਹੈ। (ਅਧਿਕਰਣ ਕਾਰਕ)

(2). ਤੀਰਥਿ ਨਾਵਾ, ਜੇ ਤਿਸੁ ਭਾਵਾ; ਵਿਣੁ ਭਾਣੇ, ਕਿ ‘ਨਾਇ’ ਕਰੀ  ?॥ ਤੁਕ ’ਚ ‘ਨਾਇ’ ਸ਼ਬਦ ਕਿਰਿਆ ਵਿਸ਼ੇਸ਼ਣ ਹੋਣ ਕਾਰਨ ਉਚਾਰਨ ਹੈ: ‘ਨ੍ਹਾਇ’ ਤੇ ਅਰਥ ਹੈ: ‘ਨ੍ਹਾ ਕੇ’ ਕੀ ਕਰਾਂ ?

(3). ਸਾਚਾ ਸਾਹਿਬੁ, ਸਾਚੁ ‘ਨਾਇ’; ਭਾਖਿਆ ਭਾਉ ਅਪਾਰੁ ॥ ਤੁਕ ’ਚ ‘ਨਾਇ’ (ਨ੍ਯਾਇ) ਸ਼ਬਦ ਨਾਂਵ ਹੈ, ਜਿਸ ਦਾ ਉਚਾਰਨ ਹੈ: ‘ਨਾਇ’ ਤੇ ਅਰਥ ਹਨ: ‘ਸੱਚਾ ਨਿਆਂ, ਸੱਚਾ ਇਨਸਾਫ਼ ਜਾਂ ਸੱਚਾ ਨਿਯਮ’ ਆਦਿ।

(ਨੋਟ : ਕਈ ਵਾਰ ਮਨ ਵਿੱਚ ਸਵਾਲ ਪੈਦਾ ਹੋ ਸਕਦਾ ਹੈ ਕਿ ‘ਨਾਇ’ ਦਾ ਅਰਥ ਭਿੰਨ-ਭਿੰਨ ਕਿਉਂ ਕੀਤਾ ਜਾ ਰਿਹਾ ਹੈ ਭਾਵ ਅਲੱਗ-ਅਲੱਗ ਤੁਕਾਂ ਵਿਚ ‘ਨਾਇ’ ਨੂੰ ‘ਨਾਮ, ਕਾਰਕ ਜਾਂ ਕਿਰਿਆ’ ਬਣਾਉਣ ਦੀ ਬਜਾਏ ਕੇਵਲ ‘ਨਾਮ’ ਜਾਂ ‘ਕਾਰਕ’ (ਭਾਵ ਕੇਵਲ ਇੱਕੋ) ਹੀ ਕਿਉਂ ਨਹੀਂ ਲੈ ਲਿਆ ਜਾਂਦਾ, ਤਾਂ ਜੋ ਉਚਾਰਨ ਦੀ ਦੁਬਿਧਾ ਹੀ ਪੈਦਾ ਨਾ ਹੋਵੇ ? ਇਸ ਦਾ ਜਵਾਬ ਹੈ ਕਿ ‘ਨਾਇ’ ਸ਼ਬਦ ਦੇ ਅਗੇਤਰ ਜਾਂ ਪਿਛੇਤਰ ਸੰਯੁਕਤ ਰੂਪ ਵਿਚ ਦਰਜ ਪੜਨਾਂਵੀ ਵਿਸ਼ੇਸ਼ਣ ਦੀ ਬਣਤਰ ਵੋਖੋ, ਜੋ ਕਿ ਇੱਕ ਜਗ੍ਹਾ ‘ਸਾਚੈ’ ਹੈ ਤੇ ਇੱਕ ਜਗ੍ਹਾ ‘ਸਾਚੁ’ ਹੈ ਅਤੇ ਇੱਕ ਜਗ੍ਹਾ ਇਨ੍ਹਾਂ ਦੋਵੋਂ ਸ਼ਬਦਾਂ ਵਿਚੋਂ ਕੋਈ ਵੀ ਨਹੀਂ ਭਾਵ ‘ਨਾਇ’ ਸ਼ਬਦ ਇਕੱਲਾ ਹੀ ਹੈ; ਜਿਵੇਂ ਕਿ

(1). ਸੋ ਕਿਉ ਵਿਸਰੈ  ? ਮੇਰੀ ਮਾਇ ॥ ਸਾਚਾ ਸਾਹਿਬੁ; ‘ਸਾਚੈ ਨਾਇ’ ॥ ਤੁਕ ’ਚ ‘ਨਾਇ’ ਨਾਲ ਦਰਜ ‘ਸਾਚੈ’ (ਪੜਨਾਂਵੀ ਵਿਸ਼ੇਸ਼ਣ) ਅੰਤ ਦੁਲਾਵਾਂ ਹੋਣ ਕਾਰਨ ‘ਨਾਇ’ ਦੇ ਵੀ ਕਾਰਕੀ ਰੂਪ ਵਿਚ ਅਰਥ ਕਰਨੇ ਪਏ ਤੇ ਉਚਾਰਨ ‘ਨਾਇਂ’ (ਨਾਸਿਕੀ) ਬਣ ਗਿਆ।

(2). ਤੀਰਥਿ ਨਾਵਾ, ਜੇ ਤਿਸੁ ਭਾਵਾ; ਵਿਣੁ ਭਾਣੇ, ਕਿ ‘ਨਾਇ’ ਕਰੀ  ?॥ ਤੁਕ ’ਚ ‘ਨਾਇ’ ਸ਼ਬਦ ਨਾਲ ਕੋਈ ਪੜਨਾਂਵੀ ਵਿਸ਼ੇਸ਼ਣ ਦਰਜ ਨਾ ਹੋਣ ਕਾਰਨ ਅਰਥ ਕਿਰਿਆ ਰੂਪ ਵਿਚ ਮੰਨ ਕੇ  ਉਚਾਰਨ ‘ਨ੍ਹਾਇ’ (‘ਨ੍ਹਾ ਕੇ’ ) ਕਰਨਾ ਪਿਆ।

(3). ਸਾਚਾ ਸਾਹਿਬੁ, ‘ਸਾਚੁ ਨਾਇ’; ਭਾਖਿਆ ਭਾਉ ਅਪਾਰੁ ॥ ਤੁਕ ’ਚ ‘ਨਾਇ’ (ਨ੍ਯਾਇ, ਇੱਕ ਵਚਨ ਪੁਲਿੰਗ ਨਾਂਵ) ਮੰਨਣ ਦਾ ਕਾਰਨ ਇਸ ਨਾਲ ਦਰਜ ਪੜਨਾਂਵੀ ਵਿਸ਼ੇਸ਼ਣ ‘ਸਾਚੁ’ ਅੰਤ ਔਂਕੜ ਦਾ ਹੋਣਾ ਹੈ।)

ਗੁਰਬਾਣੀ ਉਚਾਰਨ ਸੰਬੰਧੀ ਅਜੋਕੀ ਸਥਿਤੀ ਵੀ ਵਿਚਾਰਨ ਯੋਗ ਹੈ, ਜੋ ਦੋ ਪ੍ਰਕਾਰ ਦੀ ਸੋਚ (ਨੀਤੀ) ਅਧੀਨ ਪੜ੍ਹੀ ਤੇ ਪੜ੍ਹਾਈ ਜਾਂਦੀ ਹੈ।

(1). ਇੱਕ ਵਰਗ ਦਾ ਮੱਤ ਹੈ ਕਿ ਗੁਰਬਾਣੀ ’ਚ ਦਰਜ ਤਮਾਮ ਲਗਾਂ ਨੂੰ ਉਚਾਰਨਾ ਜ਼ਰੂਰੀ ਹੈ, ਨਹੀਂ ਤਾਂ ਇਨ੍ਹਾਂ ਨੂੰ ਦਰਜ ਕਰਨ ਦਾ ਮਤਲਬ ਨਹੀਂ ਰਹਿ ਜਾਂਦਾ ਪਰ ਇਨ੍ਹਾਂ ’ਚੋਂ ਜ਼ਿਆਦਾਤਰ ਦਾ ਪਾਠ ਉਚਾਰਨ ਕੇਵਲ ‘ਹ’ ਨੂੰ ਲੱਗੇ ਔਂਕੜ ਤੇ ਸਿਹਾਰੀ ਦੇ ਉਚਾਰਨ ਤਕ ਹੀ ਸੀਮਤ ਹੈ, ਜੋ ‘ਗੁਰੁ, ਨਾਨਕੁ, ਰਾਮੁ, ਅਕਾਲੁ, ਗੁਰਿ, ਨਾਨਕਿ, ਰਾਮਿ, ਅਕਾਲਿ’ ਆਦਿ ਦਾ ਅੰਤ ਔਂਕੜ ਤੇ ਅੰਤ ਸਿਹਾਰੀ ਉਚਾਰਨ ਨਹੀਂ ਕਰਦੇ ਵਰਨਾ 90 ਅੰਕਾਂ ਦਾ ਪਾਠ ਦੋ ਘੰਟਿਆਂ ’ਚ ਕਰਨਾ ਅਸੰਭਵ ਸੀ, ਜੋ ਕਿ ਇਹ ਲੋਕ ਰੁਜ਼ਾਨਾ ਕਰਦੇ ਵੇਖੇ ਜਾ ਸਕਦੇ ਹਨ।

(2). ਦੂਸਰਾ ਉਹ ਵਰਗ ਹੈ, ਜੋ ਅੰਤ ਔਂਕੜ (ਇੱਕ ਵਚਨ ਪੁਲਿੰਗ) ਤੇ ਅੰਤ ਸਿਹਾਰੀ (ਕਾਰਕੀ) ਦੀ ਜਿੱਥੋਂ ਤੱਕ ਸਮਝ ਹੈ, ਉਚਾਰਨ ਨਹੀਂ ਕਰਦਾ ਪਰ ਕਈ ਜਗ੍ਹਾ ਨਾ ਸਮਝੀ ਕਾਰਨ ਆਪਣੀ ਹੀ ਨੀਤੀ ਦੇ ਵਿਪਰੀਤ ਉਚਾਰਨ ਕਰ ਲੈਂਦਾ ਹੈ, ਜਿਸ ਕਾਰਨ ਉਚਾਰਨ ਬਾਰੇ ਹਮੇਸ਼ਾਂ ਅਸਪਸ਼ਟਤਾ ਬਣੀ ਰਹਿੰਦੀ ਹੈ।

ਭਾਈ ਹਰਿਮੰਦਰ ਸਿੰਘ ਜੀ ਮੁੰਬਈ ਵਾਲ਼ੇ ਤੇ ਪ੍ਰਿੰਸੀਪਲ ਹਰਭਜਨ ਸਿੰਘ ਜੀ ਚੰਡੀਗੜ੍ਹ ਵਾਲ਼ੇ (ਜੋ ਕਿ ਪ੍ਰਿੰਸੀਪਲ ਸਾਹਿਬ ਸਿੰਘ ਜੀ ਦੇ ਸਤਿਸੰਗੀ ਰਹੇ ਸਨ) ਨੇ ਸੰਨ 1978 ’ਚ ਮੰਜੀ ਸਾਹਿਬ (ਦਰਬਾਰ ਸਾਹਿਬ) ਅੰਮ੍ਰਿਤਸਰ ਵਿਖੇ ਮੀਟਿੰਗ ਕੀਤੀ, ਜਿਸ ਦਾ ਏਜੰਡਾ ਪਾਠ ਬੋਧ ਰਾਹੀਂ ਸੰਗਤਾਂ ਨੂੰ ਗੁਰਬਾਣੀ ਦਾ ਸ਼ੁੱਧ ਉਚਾਰਨ ਕਰਵਾਉਣਾ ਸੀ, ਇਸ ਮੁਹਿਮ ’ਚ ਜ਼ਿਆਦਾਤਰ ਸਿੰਘ ਸਭਾ ਲਹਿਰ ਨਾਲ ਸਬੰਧਿਤ ਸੋਚ ਕਾਰਜਸ਼ੀਲ ਸੀ। ਇਹ ਮੁਹਿਮ ਕਾਫ਼ੀ ਸਫਲ ਵੀ ਰਹੀ ਜਿਸ ਨੇ ਭਾਰਤ ਦੇ ਅਲੱਗ ਅਲੱਗ ਸ਼ਹਿਰਾਂ (ਅੰਮ੍ਰਿਤਸਰ, ਕਰਨਾਲ, ਰੋਪੜ, ਮੁੰਬਈ, ਦਿੱਲੀ ਆਦਿ) ’ਚ ਲਗਭਗ 50 ਤੋਂ ਵੱਧ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨ ਪਾਠ ਬੋਧ ਕਰਨ ’ਚ ਸਫਲਤਾ ਪ੍ਰਾਪਤ ਕੀਤੀ। ਇਸ ਕਾਫ਼ਲੇ ’ਚ ਕੁੱਝ ਅਜਿਹੇ ਸੱਜਣ ਵੀ ਸ਼ਾਮਲ ਹੋ ਗਏ ਜਿਨ੍ਹਾਂ ਦੀ ਸੋਚ ਗੁਰਬਾਣੀ ਦੀਆਂ ਤਮਾਮ ਲਗਾਂ ਦਾ ਉਚਾਰਨ ਕਰਨ ਦੀ ਹਮਾਇਤੀ ਸੀ, ਇਨ੍ਹਾਂ ’ਚ ਭਾਈ ਜੋਗਿੰਦਰ ਸਿੰਘ ਜੀ ਤਲਵਾੜਾ ਤੇ ਜੋਗਿੰਦਰ ਸਿੰਘ ਜੀ ਵੇਦਾਂਤੀ ਪ੍ਰਮੁੱਖ ਸਨ। ਇਨ੍ਹਾਂ ਆਰੰਭਕ ਮੀਟਿੰਗਾਂ ’ਚ ਪਾਠ ਬੋਧ ਲਈ ਜੋ ਵਿਚਾਰ ਚਰਚਾ ਹੁੰਦੀ ਰਹੀ ਉਸ ਵਿੱਚ ਮੌਜੂਦ ਸੱਜਣ ਅੱਜ ਵੀ ਮੇਰੇ ਪਾਸ ਮੌਜੂਦ ਹਨ, ਜਿਨ੍ਹਾਂ ਅਨੁਸਾਰ ਪ੍ਰਿੰਸੀਪਲ ਹਰਭਜਨ ਸਿੰਘ ਜੀ ਨੇ ਇੱਕ ਇਸ ਨੁਕਤੇ ’ਤੇ ਆਮ ਰਾਇ ਬਣਾਉਣੀ ਚਾਹੀ ਕਿ ‘ਸਹ, ਸਹੁ, ਸਹਿ’ ਫ਼ਾਰਸੀ ਸ਼ਬਦਾਂ (ਜਿਨ੍ਹਾਂ ਦਾ ਅਰਥ ਪਾਤਿਸ਼ਾਹ ਹੈ) ਦਾ ਉਚਾਰਨ ‘ਸ਼’ ਨਾਲ ਕੰਨਾ ਧੁਨੀ ਵੱਲ ਉਲਥਾਇਆ ਜਾਵੇ ਤੇ ਹੁਕਮੀ ਭਵਿੱਖ ਕਾਲ ਕਿਰਿਆ ਦਾ ਅੰਤ ਔਂਕੜ ਤੇ ਅੰਤ ਸਿਹਾਰੀ ਉਚਾਰਨ ’ਚ ਸ਼ਾਮਲ ਨਾ ਕੀਤੀ ਜਾਵੇ; ਜਿਵੇਂ ਕਿ ‘ਰਹੁ, ਕਹੁ, ਸਹੁ’ ਆਦਿ : ‘ਸਹੁ’ (ਸਹ) ਵੇ ਜੀਆ ! ਅਪਣਾ ਕੀਆ ॥ (ਮ: ੧/੪੬੭) ਪਰ ਦੂਸਰਾ ਵਰਗ ਇਸ ਨਾਲ ਸਹਿਮਤ ਨਹੀਂ ਸੀ। ਮਿਸ਼ਨਰੀਆਂ ਵਿੱਚੋਂ ਵੀ ਕੁੱਝ ਸੱਜਣ ਪ੍ਰਿੰਸੀਪਲ ਹਰਭਜਨ ਸਿੰਘ ਜੀ (ਚੰਡੀਗੜ੍ਹ) ਨਾਲ ਪੂਰਨ ਦ੍ਰਿੜ੍ਹਤਾ ਨਾਲ ਨਹੀਂ ਖੜ੍ਹੇ; ਜਿਵੇਂ ਕਿ ਸਿੱਖ ਮਿਸ਼ਨਰੀ ਕਾਲਜ (ਲੁਧਿਆਣਾ) ਅੱਜ ਵੀ ਭਾਈ ਜੋਗਿੰਦਰ ਸਿੰਘ ਜੀ (ਤਲਵਾੜਾ) ਦੁਆਰਾ ਲਿਖੀ ਗਈ ‘ਯ’ ਅੱਖਰ ਦੀ ਉਚਾਰਨ ਸੇਧ ਛਾਪ ਰਿਹਾ ਹੈ, ਜਿਸ ਵਿੱਚ ਤਮਾਮ ਲਗਾਂ ਦਾ ਉਚਾਰਨ ਕਰਨ ਵਾਲ਼ੀ ਸੋਚ ਮੁਤਾਬਕ ‘ਦਯੁ’ ਦਾ ਉਚਾਰਨ ‘ਦਈਉ’ ਤੇ ‘ਦਯਿ’ ਦਾ ਉਚਾਰਨ ‘ਦਈਇ’ ਸ਼ਾਮਲ ਹੈ। ਜਦਕਿ ਗੁਰਬਾਣੀ ਲਿਖਤ ਅਨੁਸਾਰ ‘ਦਯੁ’ (ਇੱਕ ਵਚਨ ਪੁਲਿੰਗ) ਤੇ ‘ਦਯਿ’ ਕਰਤਾ ਕਾਰਕ ਹੈ; ਜਿਵੇਂ

ਨਿਤ ਨਿਤ ‘ਦਯੁ’ ਸਮਾਲੀਐ ॥ (ਮ: ੫/੧੩੨) ਭਾਵ ‘ਦਯੁ’ ਦਾ ਅਰਥ ਹੈ: ‘ਦਈ ਨੂੰ’ (ਕਰਮ ਕਾਰਕ)

ਸੋ ਬੂਝੈ; ਜੁ ‘ਦਯਿ’ ਸਵਾਰਿਆ ॥ (ਮ: ੪/੩੧੬) ਭਾਵ ‘ਦਯਿ’ ਦਾ ਅਰਥ ਹੈ: ‘ਦਈ ਨੇ’ (ਕਰਤਾ ਕਾਰਕ) ਆਦਿ, ਇਨ੍ਹਾਂ ਦੋਵੇਂ ਸ਼ਬਦਾਂ ਦਾ ਉਚਾਰਨ ‘ਦਈ’ ਦਰੁਸਤ ਹੋਵੇਗਾ।

ਸੋ, ਉਕਤ ਪਾਠ ਬੋਧ ਲਹਿਰ ’ਚ ਕੁੱਝ ਅਜਿਹੇ ਸ਼ਬਦਾਂ ਦੇ ਉਚਾਰਨ ਸੰਬੰਧ ਆਮ ਸਹਿਮਤੀ ਨਾ ਬਣ ਸਕੀ, ਜਿਨ੍ਹਾਂ ਦਾ ਉਚਾਰਨ ਇਸ ਸੋਚ ਦੇ ਨਿਯਮਾਂ ਮੁਤਾਬਕ ਨਹੀਂ ਹੋਣਾ ਚਾਹੀਦਾ ਸੀ। ਇਸ ਕਾਫ਼ਲੇ ’ਚ ਪਿੱਛੋਂ ਸਾਹਿਬ ਸਿੰਘ ਜੀ ਮਾਰਕੰਡਾ ਵਰਗੇ ਸੱਜਣ ਸ਼ਾਮਲ ਹੋਏ, ਜਿਨ੍ਹਾਂ ਦਾ ਪਿਛੋਕੜ ਸਭ ਲਗਾਂ ਦਾ ਉਚਾਰਨ ਕਰਨਾ ਰਿਹਾ, ਬੇਸ਼ੱਕ ਬਾਅਦ ’ਚ ਇਨ੍ਹਾਂ ਬਹੁਤ ਸੁਧਾਰ ਵੀ ਕੀਤਾ ਪਰ ਪੂਰਨ ਸੁਧਾਰ ਦੀ ਘਾਟ ਹੀ ਰਹੀ। ਉਕਤ ਪਾਠ ਬੋਧ ਰਾਹੀਂ ਕੀਤੇ ਗਏ ਉਚਾਰਨ ਮੁਤਾਬਕ ਹੀ ਗਿਆਨੀ ਜਗਤਾਰ ਸਿੰਘ ਜੀ (ਜਾਚਕ) ਨੇ ਗੁਰਬਾਣੀ ਪਾਠ ਬੋਧ ਰਿਕਾਰਡਿੰਗ ਕਰਵਾਇਆ, ਜਿਸ ਵਿੱਚ ਇੱਕ ਵਚਨ ਪੁਲਿੰਗ ਦਾ ਅੰਤ ਔਂਕੜ ਤੇ ਅੰਤ ਸਿਹਾਰੀ ਦਾ ਉਚਾਰਨ ਤਾਂ ਜ਼ਿਆਦਾਤਰ ਨਹੀਂ ਕੀਤਾ ਪਰ ਕਿਰਿਆ ਵਿਸ਼ੇਸ਼ਣ ਤੇ ਹੁਕਮੀ ਭਵਿੱਖ ਕਾਲ ਕਿਰਿਆ ਵਾਲ਼ੇ ਸ਼ਬਦਾਂ ਦੇ ਅੰਤ ’ਚ ਲੱਗੀ ਸਿਹਾਰੀ ਤੇ ਔਂਕੜ ਦਾਉਚਾਰਨ ਹੁੰਦਾ ਰਿਹਾ। ਇਸ ਉਚਾਰਨ ਲਈ ਸਮਾਜਿਕ ਵਿਰੋਧ ਦਾ ਡਰ ਵੀ ਸਾਮ੍ਹਣੇ ਦਿਖਾਈ ਦੇਂਦਾ ਹੋਵੇਗਾ, ਜਿਸ ਦਾ ਸਾਮ੍ਹਣਾ ਕਰਨ ਲਈ ਪ੍ਰੋ. ਸਾਹਿਬ ਸਿੰਘ ਜੀ ਤੇ ਪ੍ਰਿੰਸੀਪਲ ਹਰਭਜਨ ਸਿੰਘ ਜੀ ਵਰਗੇ ਵਿਦਵਾਨਾਂ ਦੀ ਘਾਟ ਹਮੇਸ਼ਾਂ ਮਹਿਸੂਸ ਹੁੰਦੀ ਰਹੇਗੀ।

ਅੱਜ ਕੁੱਝ ਹੋਰ ਸੱਜਣ ਵੀ ਗੁਰਬਾਣੀ ਉਚਾਰਨ ਸੇਧਾਂ ਦੇਣ ਬਾਰੇ ਆਪਣੀਆਂ ਸੇਵਾਵਾਂ ਦੇ ਰਹੇ ਹਨ ਪਰ ਉਨ੍ਹਾਂ ਰਾਹੀਂ ਦਿੱਤੀ ਜਾ ਰਹੀ ਜਾਣਕਾਰੀ ਨਾਲ ਭਵਿੱਖ ’ਚ ਲਾਭ ਘੱਟ ਤੇ ਨੁਕਸਾਨ ਵਧੇਰੇ ਹੋਵੇਗਾ; ਜਿਵੇਂ ਕਿ

ਡਾ. ਓਅੰਕਾਰ ਸਿੰਘ ਜੀ, ਜਿਨ੍ਹਾਂ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਉਚਾਰਨ ਕੋਸ਼, ਸ਼ਬਦ ਕੋਸ਼ ਅਤੇ ਅਰਥ ਬੋਧ ਨਾਂ ਹੇਠ ਮਾਰਚ 2012 ’ਚ ਵੱਡੀ ਕਿਤਾਬ ਛਾਪੀ, ਜਿਸ ਦੇ ਪੰਨਾ ਨੰਬਰ 19 ’ਤੇ ‘‘ਸੁਣਿਐ ਅੰਧੇ ਪਾਵਹਿ ‘ਰਾਹੁ’ ॥ ਸੁਣਿਐ ਹਾਥ ਹੋਵੈ ‘ਅਸਗਾਹੁ’ ॥’’ ਤੁਕਾਂ ’ਚ ਦਰਜ ‘ਰਾਹੁ’ ਤੇ ‘ਅਸਗਾਹੁ’ ਦਾ ਉਚਾਰਨ ‘ਰਾਹ’ ਤੇ ‘ਅਸਗਾਹ’ ਦਿੱਤਾ ਹੋਇਆ ਹੈ ਪਰ ਪੰਨਾ ਨੰਬਰ 542 ’ਤੇ ਦਰਜ ਪੰਕਤੀਆਂ: ‘‘ਰੇ ਮਨ  ! ਐਸੀ ਹਰਿ ਸਿਉ ਪ੍ਰੀਤਿ ਕਰਿ, ਜੈਸੀ ਜਲ ‘ਕਮਲੇਹਿ’ ॥ ਲਹਰੀ ਨਾਲਿ ਪਛਾੜੀਐ, ਭੀ ਵਿਗਸੈ ‘ਅਸਨੇਹਿ’ ॥’’ (ਮ: ੧/੫੯) ’ਚ ਸ਼ਾਮਲ ‘ਕਮਲੇਹਿ’ ਤੇ ‘ਅਸਨੇਹਿ’ ਦਾ ਉਚਾਰਨ ‘ਕਮਲੇਹਿਂ’ ਤੇ ‘ਅਸਨੇਹਿਂ’ (ਨਾਸਿਕੀ) ਦਿੱਤਾ ਹੋਇਆ ਹੈ, ਜਦਕਿ ਇਹ ਦੋਵੇਂ ਸ਼ਬਦ ਕਰਣ ਕਾਰਕ ਹਨ, ਜਿਨ੍ਹਾਂ ਦਾ ਅਰਥ ਹੈ: ‘ਜੈਸੀ ਜਲ ਕਮਲੇਹਿ’ ਭਾਵ ਜਿਵੇਂ ਜਲ ਦੀ ਕਮਲ ਨਾਲ (ਪ੍ਰੀਤ)’ ਤੇ ‘ਭੀ ਵਿਗਸੈ ਅਸਨੇਹਿ’ ਭਾਵ ‘ਫਿਰ ਵੀ ਪਿਆਰ ਨਾਲ ਖਿੜਦਾ ਹੈ’। ਗੁਰਬਾਣੀ ਨਿਯਮਾਂ ਮੁਤਾਬਕ ਇਨ੍ਹਾਂ ਦੋਵੇਂ ਸ਼ਬਦਾਂ ਨੂੰ, ਨਾ ਤਾਂ ਨਾਸਿਕੀ ਉਚਾਰਨ ਕੀਤਾ ਜਾ ਸਕਦਾ ਹੈ ਤੇ ਨਾ ਹੀ ਅੰਤ ਸਿਹਾਰੀ ਪੜ੍ਹੀ ਜਾ ਸਕਦੀ ਹੈ।  ਉਕਤ ਸੇਧ ਦੇਣ ਵਾਲ਼ੇ ਸੱਜਣ ਪੀ. ਐੱਚ. ਡੀ. ਕੀਤੇ ਹੋਏ ਵਿਦਵਾਨ ਵੀ ਹਨ।

ਅਜਿਹੀ ਹੀ ਉਚਾਰਨ ਸੇਧ ਕਈ ਹੋਰ ਸੱਜਣਾਂ ਵੱਲੋਂ ਮੁਹੱਈਆ ਕਰਵਾਈ ਗਈ ਹੈ, ਜਿਸ ਵਿੱਚ ਇੱਕ ਵਚਨ ਪੁਲਿੰਗ ਨਾਂਵ ਦਾ ਅੰਤ ਔਂਕੜ ਤੇ ਅੰਤ ਸਿਹਾਰੀ ਉਚਾਰਨ ਨਿਯਮ ਤੱਕ ਤਾਂ ਸਮਝ ਵਿਖਾਈ ਦਿੰਦੀ ਹੈ ਪਰ ਉਸ ਤੋਂ ਅਗਾਂਹ ਉਚਾਰਨ ਦਾ ਅਨਰਥ ਕੀਤਾ ਗਿਆ ਹੈ, ਜਿਸ ਕਾਰਨ ਦੁਬਿਧਾ ਬਰਕਰਾਰ ਹੈ।

ਸਮੇਂ ਦੀ ਮੁੱਖ ਮੰਗ: ਸਿੱਖ ਸਮਾਜ ’ਚੋਂ ਉਹ ਬੱਚੇ ਗੁਰਮਤਿ ਦੇ ਪ੍ਰਚਾਰਕ ਬਣਨ ਲਈ ਅੱਗੇ ਆ ਰਹੇ ਹਨ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਬੇਰੁਜ਼ਗਾਰ ਤੇ ਆਰਥਿਕ ਪੱਖੋਂ ਕਮਜੋਰ ਹਨ, ਜਿਸ ਕਾਰਨ ਇਹ ਤਿੰਨ ਸਾਲ ਤੱਕ ਵੀ ਗੁਰਮਤਿ ਸਟੱਡੀ ਕਰਨ ਲਈ ਮੁਸ਼ਕਲ ਨਾਲ ਸਮਾਂ ਕੱਢ ਸਕਦੇ ਹਨ। ਇਨ੍ਹਾਂ ਤਿੰਨ ਸਾਲਾਂ ’ਚ ਕਾਲਜ ਕਿੰਨਾ ਕੁ ਮਾਨਸਿਕ ਬਦਲਾਅ ਲਿਆ ਸਕਦੇ ਹਨ, ਜਦਕਿ ਪ੍ਰਬੰਧਕਾਂ ਨੇ ਸਟਾਫ਼ ਰਾਹੀਂ ਖ਼ਰਚੇ ਵੀ ਕੱਢਣੇ ਹੁੰਦੇ ਹਨ ਕਿਉਂਕਿ ਆਮ ਸੰਗਤਾਂ ਦਾ ਦਸਵੰਧ ਗੁਰੂ ਘਰ ਪੱਕੇ ਬਣਾਉਣ ਤੱਕ ਜਾਂ ਗੁਰੂ ਦਾ ਬਾਹਰੀ ਸਤਿਕਾਰ ਕਰਵਾਉਣ ਤੱਕ ਸਿਮਟਿਆ ਹੋਇਆ ਹੈ। ਭਾਈ ਗੁਰਦਾਸ ਜੀ ਵਚਨ ਕਰਦੇ ਹਨ ਕਿ ਸੋਨੇ ਦੇ ਮੰਦਿਰ ਬਣਾਉਣ ਦੀ ਬਜਾਏ ਗੁਰਸਿੱਖ ਨੂੰ ਸ਼ਬਦ ਵਿਚਾਰ ਨਾਲ਼ ਜੋੜੇ: ‘‘ਜੈਸੇ ਸਤ ਮੰਦਰ, ਕੰਚਨ ਕੇ ਉਸਾਰ ਦੀਨੇ; ਤੈਸਾ ਪੁੰਨ ਸਿਖ ਕਉ, ਇਕ ਸਬਦ ਸਿਖਾਏ ਕਾ।’’ (ਕਬਿੱਤ ੬੭੩)

ਅੱਜ ਵੀ ਸਿੱਖ ਕੌਮ ’ਚ ਪੰਥ ਦਰਦੀਆਂ ਦੀ ਕਮੀ ਨਹੀਂ ਪਰ ਕੂਟਨੀਤੱਗਾਂ ਦੀ ਘਾਟ ਜ਼ਰੂਰ ਹੈ। ਅਗਰ ਤਿੰਨ ਸਾਲ ਦਾ ਕੋਰਸ ਪੂਰਾ ਕਰ ਚੁੱਕੇ ਵਿਦਿਆਰਥੀਆਂ ਵਿੱਚੋਂ ਦੀਰਘ ਸੋਚ ਰੱਖਣ ਵਾਲ਼ੇ ਦੋ ਕੁ ਦਰਜਨਾਂ ਦੀ ਤਲਾਸ਼ ਕਰਕੇ, ਉਨ੍ਹਾਂ ਨੂੰ ਉਚਿਤ ਤਨਖ਼ਾਹ ਦੇ ਕੇ ਘੱਟੋ ਘੱਟ ਪੰਜ ਸਾਲ ਲਗਾਤਾਰ ਗੁਰਮਤਿ ਦਾ ਬਾਰੀਕੀ ਨਾਲ ਅਧਿਐਨ ਕਰਵਾਇਆ ਜਾਵੇ, ਜਿਸ ਉਪਰੰਤ ਦੇਸ਼-ਵਿਦੇਸ਼ ’ਚ ਪਾਠ ਬੋਧ ਆਰੰਭ ਕੀਤੇ ਜਾਣ ਤਾਂ ਤਮਾਮ ਵਿਵਾਦਗ੍ਰਸਤ ਮੁੱਦੇ ਆਸਾਨੀ ਨਾਲ ਸੁਲ਼ਝ ਸਕਦੇ ਹਨ, ਜਿਨ੍ਹਾਂ ਉੱਤੇ ਸਿੱਖ ਕੌਮ ਦੀ ਬੇ-ਹਿਸਾਬ ਊਰਜਾ, ਧਨ ਤੇ ਕੀਮਤੀ ਸੁਆਸ ਬਰਬਾਦ ਹੋ ਰਹੇ ਹਨ।