ਗਰਭਵਤੀ ਔਰਤਾਂ ਕਿਹੜੇ ਫਲ ਖਾਣ ?

0
9

ਗਰਭਵਤੀ ਔਰਤਾਂ ਕਿਹੜੇ ਫਲ ਖਾਣ ?

          ਡਾ. ਹਰਸ਼ਿੰਦਰ ਕੌਰ, ਐੱਮ.ਡੀ., 28, ਪ੍ਰੀਤ ਨਗਰ, ਲੋਅਰ ਮਾਲ, (ਪਟਿਆਲਾ)-0175-2216783

‘ਮਾਂ’ ਬਣਨ ਦਾ ਇਹਸਾਸ ਆਪਣੇ ਆਪ ਵਿਚ ਹੀ ਬਹੁਤ ਉੱਚਾ ਅਤੇ ਸੁੱਚਾ ਹੈ। ਆਪਣੇ ਢਿੱਡ ਅੰਦਰ ਪਲ ਰਹੇ ਜੀਵ ਬਾਰੇ ਹਰ ਮਾਂ ਚਿੰਤਿਤ ਹੁੰਦੀ ਹੈ। ਸਿਹਤਮੰਦ ਬੱਚਾ ਅਤੇ ਜੱਚਾ ਵਾਸਤੇ ਖ਼ੁਰਾਕ ਦਾ ਅਹਿਮ ਰੋਲ ਹੁੰਦਾ ਹੈ। ਉਸੇ ਬਾਰੇ ਇਸ ਲੇਖ ਵਿਚ ਜ਼ਿਕਰ ਕਰ ਰਹੀ ਹਾਂ। ਖੋਜਾਂ ਉੱਤੇ ਆਧਾਰਿਤ ਜਿਹੜੀਆਂ ਚੀਜ਼ਾਂ, ਖ਼ਾਸ ਕਰ ਫਲ, ਵਧੀਆ ਅਸਰ ਵਿਖਾ ਚੁੱਕੇ ਹਨ, ਉਨ੍ਹਾਂ ਦੀ ਹੀ ਗੱਲ ਕਰਾਂਗੇ।

 1. ਖਰਬੂਜਾ :- ਸੁਆਦੀ ਤਾਂ ਹੁੰਦਾ ਹੀ ਹੈ, ਪਰ ਖਰਬੂਜਾ ਸਰੀਰ ਅੰਦਰੋਂ ਵਾਧੂ ਲੂਣ ਕੱਢ ਕੇ ਸੋਜਾ ਘਟਾ ਦਿੰਦਾ ਹੈ ਤੇ ਫਾਲਤੂ ਪਾਣੀ ਇਕੱਠਾ ਨਹੀਂ ਹੋਣ ਦਿੰਦਾ। ਇਹ ਸਰੀਰ ਅੰਦਰ ਲੋਹ ਕਣ ਵਧਾਉਂਦਾ ਹੈ ਅਤੇ ਬੱਚੇ ਦੀ ਰੀੜ੍ਹ ਦੀ ਹੱਡੀ ਤੰਦਰੁਸਤ ਰੱਖਣ ਵਿਚ ਵੀ ਸਹਾਈ ਹੁੰਦਾ ਹੈ।
 2. ਹਦਵਾਣਾ :- ਇਸ ਵਿਚ ਵਿਟਾਮਿਨ ਏ, ਸੀ, ਬੀ6 ਅਤੇ ਕੇ ਭਰੇ ਪਏ ਹਨ। ਵਿਟਾਮਿਨ ਕੇ ਸਦਕਾ ਲੱਤਾਂ ਵਿਚ ਪਈਆਂ ਖੱਲੀਆਂ ਠੀਕ ਹੋ ਜਾਂਦੀਆਂ ਹਨ ਤੇ ਕੜਵੱਲ ਵੀ ਨਹੀਂ ਪੈਂਦੇ। ਹਦਵਾਣੇ ਵਿਚਲਾ ਮੈਗਨੀਸ਼ੀਅਮ ਪੱਠਿਆਂ ਨੂੰ ਨਰਮ ਪਾ ਦਿੰਦਾ ਹੈ ਅਤੇ ਵਕਤ ਤੋਂ ਪਹਿਲਾਂ ਬੱਚੇਦਾਨੀ ਨੂੰ ਸੁੰਗੜਨ ਤੋਂ ਰੋਕਦਾ ਹੈ, ਜਿਸ ਨਾਲ ਸਤਮਾਹੇ ਬੱਚੇ ਜੰਮਣ ਤੋਂ ਬਚਾਓ ਹੋ ਜਾਂਦਾ ਹੈ। ਇਸ ਦੇ ਖਾਣ ਨਾਲ ਸਵਖ਼ਤੇ ਵੇਲੇ ਦਿਲ ਕੱਚਾ ਵੀ ਨਹੀਂ ਹੁੰਦਾ, ਸਰੀਰ ਅੰਦਰ ਪਾਣੀ ਦੀ ਮਾਤਰਾ ਸਹੀ ਰਹਿੰਦੀ ਹੈ ਅਤੇ ਛਾਤੀ ਵਿਚ ਜਲਣ ਵੀ ਨਹੀਂ ਮਹਿਸੂਸ ਹੁੰਦੀ।
 3. ਬਲੂਬੈਰੀ, ਰਸਭਰੀ ਅਤੇ ਸਟਰਾਅਬੈਰੀ :- ਇਹ ਭਰੂਣ ਦੇ ਦਿਮਾਗ਼ ਦੇ ਵਿਕਾਸ ਲਈ ਲਾਹੇਵੰਦ ਹਨ। ਬਲੂਬੈਰੀਆਂ ਵਿਚਲੇ ਫਾਈਬਰ, ਵਿਟਾਮਿਨ ਸੀ ਅਤੇ ਫੋਲੇਟ ਸਦਕਾ ਇਹ ਅਸਰ ਦਿਸਦੇ ਹਨ। ਐਂਥੋਸਾਇਆਨਿਨ, ਜੋ ਬਲੂਬੈਰੀਆਂ ਵਿਚ ਭਰਿਆ ਪਿਆ ਹੈ, ਵੀ ਬਹੁਤ ਚੰਗਾ ਅਸਰ ਵਿਖਾਉਂਦਾ ਹੈ। ਇਹੋ ਜਿਹੇ ਹੀ ਅਸਰ ਬਰੌਕਲੀ, ਕੇਲਪੱਤਾ, ਪਾਲਕ, ਸਲਾਦ ਪੱਤਾ, ਗੋਭੀ ਅਤੇ ਐਸਪੈਰਾਗਸ ਖਾਣ ਨਾਲ ਵੀ ਦਿਸਦੇ ਹਨ।
 4. ਅਨਾਰ, ਨਾਸ਼ਪਾਤੀ, ਸੇਬ, ਨਿੰਬੂ :– ਵਿਟਾਮਿਨ ਸੀ ਅਤੇ ਫਲੇਵੋਨਾਇਡ ਸਦਕਾ ਇਨ੍ਹਾਂ ਨੂੰ ਖਾਣ ਨਾਲ ਬੱਚੇਦਾਨੀ ਅੰਦਰਲੀਆਂ ਰਸੌਲੀਆਂ ਬਣਨ ਦਾ ਖ਼ਤਰਾ ਘੱਟ ਹੋ ਜਾਂਦਾ ਹੈ। ਇਸ ਦੇ ਨਾਲੋ-ਨਾਲ ਅੰਦਰੂਨੀ ਅੰਗ ਵੀ ਤੰਦਰੁਸਤ ਰਹਿੰਦੇ ਹਨ ਅਤੇ ਅੰਡਕੋਸ਼ ਦੇ ਕੈਂਸਰ ਹੋਣ ਦਾ ਖ਼ਤਰਾ ਵੀ ਘੱਟ ਹੋ ਜਾਂਦਾ ਹੈ।

ਨਿੰਬੂ ਪਾਣੀ ਰੋਜ਼ ਸਵੇਰੇ ਪੀਂਦੇ ਰਹਿਣ ਨਾਲ ਵਿਟਾਮਿਨ ਸੀ ਵੀ ਪੂਰਾ ਹੋ ਜਾਂਦਾ ਹੈ, ਬੀਮਾਰੀਆਂ ਹੋਣ ਦਾ ਖ਼ਤਰਾ ਘਟਦਾ ਹੈ, ਦਿਲ ਕੱਚਾ ਨਹੀਂ ਹੁੰਦਾ, ਹਾਜ਼ਮਾ ਠੀਕ ਰਹਿੰਦਾ ਹੈ ਅਤੇ ਕਬਜ਼ ਵੀ ਨਹੀਂ ਹੁੰਦੀ।

 1. ਤਿਲ :- ਰੈਗੂਲਰ ਤੌਰ ਉੱਤੇ ਰੋਜ਼ ਅੱਧਾ ਚਮਚ ਤਿਲ ਖਾਂਦੇ ਰਹਿਣ ਨਾਲ ਭਰੂਣ ਦੇ ਦਿਮਾਗ਼ ਉੱਤੇ ਵਧੀਆ ਅਸਰ ਪੈਂਦਾ ਹੈ ਅਤੇ ਉਸ ਦੀ ਯਾਦਦਾਸ਼ਤ ਵੀ ਚੰਗੀ ਹੋਣ ਦੇ ਆਸਾਰ ਵੱਧ ਜਾਂਦੇ ਹਨ।
 2. ਸੰਤਰਾ :- ਸਰੀਰ ਅੰਦਰ ਪਾਣੀ ਪੂਰਾ ਕਰਨ ਦੇ ਨਾਲੋ ਨਾਲ ਇਸ ਵਿਚਲੇ ਪੋਟਾਸ਼ੀਅਮ, ਫੋਲੇਟ ਅਤੇ ਵਿਟਾਮਿਨ ਸੀ ਵੀ ਲਾਹੇਵੰਦ ਸਾਬਤ ਹੋ ਚੁੱਕੇ ਹਨ। ਜੇ ਸਬਜ਼ੀ ਖਾਣ ਤੋਂ ਬਾਅਦ ਸੰਤਰਾ ਖਾਧਾ ਜਾਵੇ ਤਾਂ ਸਬਜ਼ੀ ਵਿਚਲੇ ਲੋਹ ਕਣ, ਸੰਤਰੇ ਵਿਚਲੇ ਵਿਟਾਮਿਨ ਸੀ ਰਾਹੀਂ ਵਧੀਆ ਹਜ਼ਮ ਹੋ ਜਾਂਦੇ ਹਨ।
 3. ਐਵੋਕੈਡੋ :- ਇਸ ਵਿਚ ਬਾਕੀ ਫਲਾਂ ਨਾਲੋਂ ਸਭ ਤੋਂ ਵੱਧ ਫੋਲੇਟ ਹੁੰਦਾ ਹੈ। ਇਸ ਦੇ ਨਾਲੋ-ਨਾਲ ਮੈਗਨੀਸ਼ੀਅਮ, ਵਿਟਾਮਿਨ ਸੀ, ਬੀ, ਕੇ, ਫਾਈਬਰ ਅਤੇ ਕੋਲੀਨ ਵੀ ਹੈ। ਲੱਤਾਂ ਵਿਚਲੇ ਕੜਵੱਲ ਇਸ ਨੂੰ ਖਾਣ ਨਾਲ ਠੀਕ ਹੋ ਜਾਂਦੇ ਹਨ। ਕੋਲੀਨ ਭਰੂਣ ਦੇ ਦਿਮਾਗ਼ ਲਈ ਕਾਫ਼ੀ ਫ਼ਾਇਦੇਮੰਦ ਸਾਬਤ ਹੋ ਚੁੱਕਿਆ ਹੈ।
 4. ਅੰਬ :- ਇੱਕ ਅੰਬ ਵਿਚਲਾ ਵਿਟਾਮਿਨ ਸੀ ਸਰੀਰ ਦੀ ਰੋਜ਼ਾਨਾ ਦੀ ਲੋੜੀਂਦੀ ਮਾਤਰਾ ਪੂਰੀ ਕਰ ਦਿੰਦਾ ਹੈ। ਵਿਟਾਮਿਨ ਸੀ ਅੰਤੜੀਆਂ ਅਤੇ ਸਾਹ ਦੀਆਂ ਬੀਮਾਰੀਆਂ ਹੋਣ ਤੋਂ ਰੋਕਣ ਵਿਚ ਮਦਦ ਕਰਦਾ ਹੈ। ਵਾਧੂ ਅੰਬ ਖਾਣ ਨਾਲ ਟੱਟੀਆਂ ਵੀ ਲੱਗ ਸਕਦੀਆਂ ਹਨ।
 5. 9. ਕੇਲਾ :- ਪੋਟਾਸ਼ੀਅਮ, ਪੈਕਟਿਨ, ਵਿਟਾਮਿਨ ਬੀ6, ਅਤੇ ਫਾਈਬਰ ਭਰਪੂਰ ਹੋਣ ਦੇ ਨਾਲ-ਨਾਲ ਇੱਕ ਸੰਪੂਰਨ ਖ਼ੁਰਾਕ ਵਜੋਂ ਜਾਣਿਆ ਜਾਂਦਾ ਹੈ। ਵਿਟਾਮਿਨ ਬੀ6 ਜਿੱਥੇ ਵਾਲਾਂ ਲਈ ਵਧੀਆ ਹੈ, ਉੱਥੇ ਦਿਲ ਕੱਚਾ ਅਤੇ ਉਲਟੀ ਵੀ ਠੀਕ ਕਰਦਾ ਹੈ। ਜੇ ਇੱਕ ਕੇਲਾ ਰੋਜ਼ ਖਾਧਾ ਜਾਵੇ ਤਾਂ ਕਬਜ਼ ਨਹੀਂ ਹੁੰਦੀ, ਪਰ ਜ਼ਿਆਦਾ ਖਾਣ ਨਾਲ ਅਫ਼ਾਰਾ ਹੋ ਸਕਦਾ ਹੈ।

ਕਬਜ਼ ਦੀ ਦਿੱਕਤ ਬਹੁਤੀਆਂ ਗਰਭਵਤੀ ਔਰਤਾਂ ਨੂੰ ਹੋ ਜਾਂਦੀ ਹੈ। ਇਸ ਦੇ ਕਾਰਨ ਹਨ :-

 1. ਬੱਚੇਦਾਨੀ ਦੇ ਵਧੇ ਆਕਾਰ ਸਦਕਾ ਅੰਤੜੀਆਂ ਦਾ ਦੱਬਿਆ ਜਾਣਾ।
 2. ਬਹੁਤ ਤਣਾਓ ਰਹਿਣਾ।
 3. ਘਬਰਾਹਟ ਹੁੰਦੀ ਰਹਿਣੀ।
 4. ਘੱਟ ਫਾਈਬਰ ਵਾਲੀ ਖ਼ੁਰਾਕ ਖਾਣੀ।
 5. ਆਇਰਨ ਦੀਆਂ ਗੋਲੀਆਂ ਖਾਣ ਸਦਕਾ।
 6. ਸੇਬ :-ਇਸ ਵਿਚ ਵੀ ਫਾਈਬਰ, ਵਿਟਾਮਿਨ ਸੀ, ਪੋਟਾਸ਼ੀਅਮ ਤੇ ਪੈਕਟਿਨ ਭਰਿਆ ਗਿਆ ਹੈ। ਪੈਕਟਿਨ ਚੰਗੇ ਕੀਟਾਣੂਆਂ ਦੀ ਗਿਣਤੀ ਅੰਤੜੀਆਂ ਵਿਚ ਵਧਾ ਦਿੰਦਾ ਹੈ।
 7. ਫਲਾਂ ਦਾ ਰਸ :- ਜੂਸ ਪੀਣ ਦੀ ਸਲਾਹ ਆਮ ਹੀ ਘਰ ਵਿੱਚੋਂ ਮਿਲਦੀ ਰਹਿੰਦੀ ਹੈ। ਜੂਸ ਵਿਚ ਬਹੁਤੇ ਵਧੀਆ ਅੰਸ਼ ਨਦਾਰਦ ਹੁੰਦੇ ਹਨ। ਇਸੇ ਲਈ ਨਿਰਾ ਮਿੱਠਾ ਪਾਣੀ ਪੀਣ ਨਾਲੋਂ ਫਲ ਖਾਣੇ ਹੀ ਬਿਹਤਰ ਹਨ। ਇੰਜ ਹੀ ਸੁੱਕੇ ਫਲ ਜਿਵੇਂ ਅੰਜੀਰ ਆਦਿ, ਵਿਚ ਲੋੜੋਂ ਵੱਧ ਮਿੱਠਾ ਹੁੰਦਾ ਹੈ, ਜੋ ਸਹੀ ਨਹੀਂ ਹੁੰਦਾ।
 8. ਰੋਜ਼ 8-12 ਗਿਲਾਸ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ। ਲੂਣ ਵੀ ਸਿਰਫ਼ ਆਇਓਡੀਨ ਵਾਲਾ ਹੀ ਖਾਣਾ ਚਾਹੀਦਾ ਹੈ, ਪਹਾੜੀ ਲੁਣ ਨਹੀਂ ! ਆਇਓਡੀਨ ਦੀ ਕਮੀ ਨਾਲ ਮੰਦਬੁੱਧ ਬੱਚਾ ਪੈਦਾ ਹੋਣ ਦੇ ਆਸਾਰ ਵੱਧ ਜਾਂਦੇ ਹਨ।

ਕੁੱਝ ਸਬਜ਼ੀਆਂ ਜਿਵੇਂ ਆਲੂ, ਪੁੰਗਰੀਆਂ ਦਾਲਾਂ, ਸਰ੍ਹੋਂ, ਗਾਜਰ, ਹਰੀਆਂ ਫਲੀਆਂ, ਖੁੰਭ, ਮਟਰ, ਸ਼ਲਗਮ ਅਤੇ ਚੁਕੰਦਰ ਵੀ ਖਾਂਦੇ ਰਹਿਣਾ ਚਾਹੀਦਾ ਹੈ। ਪ੍ਰੋਟੀਨ ਦੀ ਵੱਧ ਲੋੜ ਨੂੰ ਪੂਰਾ ਕਰਨ ਲਈ ਅੰਡਾ, ਸੈਲਮਨ ਮੱਛੀ, ਦਾਲਾਂ, ਦੁੱਧ, ਪਨੀਰ, ਮੂੰਗਫਲੀ, ਪਿਸਤਾ, ਕਾਜੂ, ਬਦਾਮ, ਅਖਰੋਟ ਆਦਿ, ਵੀ ਖਾਂਦੇ ਰਹਿਣ ਦੀ ਲੋੜ ਹੈ।

 1. ਪਪੀਤਾ :- ਜ਼ਰੂਰ ਹਰ ਰੋਜ਼ ਇੱਕ ਫਾੜੀ ਖਾ ਲੈਣੀ ਚਾਹੀਦੀ ਹੈ।

ਰਾਗੀ ਦਾ ਆਟਾ, ਛਾਣਬੂਰੇ ਵਾਲੀ ਕਣਕ ਦਾ ਆਟਾ, ਬਾਜਰਾ, ਮੱਕੀ ਵੀ ਵਾਧੂ ਈਸਟਰੋਜਨ ਹਾਰਮੋਨ ਨੂੰ ਕਾਬੂ ਵਿਚ ਰੱਖਣ ਵਿਚ ਮਦਦ ਕਰਦੇ ਹਨ, ਸੋ ਰੋਜ਼ ਦੇ ਖਾਣੇ ਵਿਚ ਸ਼ਾਮਲ ਕਰ ਲੈਣੇ ਚਾਹੀਦੇ ਹਨ।

 1. ਲਾਲ ਰਸਭਰੀ ਦੇ ਪੱਤਿਆਂ ਦੀ ਚਾਹ :- ਇੱਕ ਖੋਜ ਵਿਚ ਇਸ ਚਾਹ ਦੇ ਬੱਚੇਦਾਨੀ ਉੱਤੇ ਵਧੀਆ ਅਸਰ ਵੇਖੇ ਗਏ ਹਨ। ਇਹ ਚਾਹ ਮਾਹਵਾਰੀ ਰੈਗੂਲਰ ਕਰਨ ਦੇ ਨਾਲ ਬੱਚਾ ਠਹਿਰਨ ਦੇ ਆਸਾਰ ਵੀ ਵਧਾ ਦਿੰਦੀ ਹੈ, ਬੱਚੇਦਾਨੀ ਤੰਦਰੁਸਤ ਰੱਖਦੀ ਹੈ ਤੇ ਜੰਮਣ ਪੀੜਾਂ ਵੀ ਘਟਾ ਦਿੰਦੀ ਹੈ। ਇਸ ਨੂੰ ਪੀਂਦੇ ਰਹਿਣ ਨਾਲ ਬੱਚਾ ਜੰਮਣ ਬਾਅਦ ਮਾਂ ਨੂੰ ਲਹੂ ਵੀ ਘੱਟ ਪੈਂਦਾ ਹੈ। ਖ਼ਿਆਲ ਰਹੇ, ਇਹ ਚਾਹ ਡਾਕਟਰੀ ਸਲਾਹ ਤੋਂ ਬਗ਼ੈਰ ਨਹੀਂ ਪੀਣੀ ਚਾਹੀਦੀ।

ਕਿੰਨੀ ਮਾਤਰਾ ਵਿਚ ਫਲ ਸਬਜ਼ੀਆਂ ਖਾਧੀਆਂ ਜਾਣ :-

ਫਲ :- ਇੱਕ ਸੰਤਰੇ ਜਿੰਨੇ ਆਕਾਰ ਦਾ ਇੱਕ ਫਲ ਰੋਜ਼ ਦੋ ਵੇਲੇ ਜਾਂ ਇੱਕ ਕੱਪ ਕੱਟਿਆ ਫਲ ਦਿਨ ਵਿਚ ਦੋ ਵਾਰ।

ਸਬਜ਼ੀਆਂ :- ਇੱਕ ਵੇਲੇ ਇੱਕ ਕੌਲੀ ਕੱਚੀ ਜਾਂ ਪੱਕੀ ਹੋਈ ਸਬਜ਼ੀ, ਦਿਨ ਵਿਚ ਇੱਕ ਵਾਰ ਸਬਜ਼ੀਆਂ ਦਾ ਸੂਪ ਅਤੇ ਰੋਜ਼ ਪਲੇਟ ਭਰ ਕੇ ਖਾਧਾ ਕੱਚਾ ਸਲਾਦ !

ਸਾਰ :- ਅੱਜ ਦੇ ਦਿਨ ਗਰਭ ਦੌਰਾਨ ਅਤੇ ਬੱਚੇ ਦੇ ਜਨਮ ਸਮੇਂ 830 ਔਰਤਾਂ ਹਰ ਰੋਜ਼ ਮੌਤ ਦੇ ਮੂੰਹ ਵਿਚ ਜਾ ਰਹੀਆਂ ਹਨ। ਪੂਰੀ ਦੁਨੀਆ ਵਿੱਚੋਂ ਜਨਮ ਦੇਣ ਦੇ ਸਮੇਂ ਮਾਵਾਂ ਦੀਆਂ ਮੌਤਾਂ ਦੀ ਗਿਣਤੀ ਜੇ ਕਰੀਏ ਤਾਂ 99 ਫੀਸਦੀ ਵਿਕਾਸਸ਼ੀਲ ਦੇਸਾਂ ਵਿਚ ਹੈ। ਇਨ੍ਹਾਂ ਵਿੱਚੋਂ ਬਹੁਤੀਆਂ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਜੇ ਖ਼ੁਰਾਕ ਸਹੀ ਕਰ ਲਈਏ ਤਾਂ ਇਹ ਸੰਭਵ ਹੋ ਸਕਦਾ ਹੈ।