ਰਾਜਨੀਤੀ ਦਾ ਡਿੱਗਦਾ ਮਿਆਰ

0
353

ਰਾਜਨੀਤੀ ਦਾ ਡਿੱਗਦਾ ਮਿਆਰ

ਕਿਰਪਾਲ ਸਿੰਘ ਬਠਿੰਡਾ 88378-13661

ਭਾਰਤੀ ਰਾਜਨੀਤੀ ’ਚ ਦੇਸ਼ ਸੇਵਾ ਦੀ ਭਾਵਨਾ ਖ਼ਤਮ ਹੋ ਚੁੱਕੀ ਹੈ। ਇਹ ਕੇਵਲ ਵਾਪਾਰ ਬਣ ਕੇ ਰਹਿ ਗਈ ਹੈ; ਭਾਵ ਪਹਿਲਾਂ ਪੈਸਾ ਖ਼ਰਚ ਕੇ ਚੋਣਾਂ ਜਿੱਤਣਾ ਅਤੇ ਜਿੱਤ ਕੇ ਪੈਸਾ ਕਮਾਉਣਾ ਰਾਜਨੀਤੀ ਦਾ ਮੁੱਢਲਾ ਨਿਯਮ ਬਣ ਚੁੱਕਾ ਹੈ। ਇਸੇ ਕਾਰਨ ਰਾਜਨੀਤੀ ’ਤੇ ਭ੍ਰਿਸ਼ਟਾਚਾਰ ਤੇ ਪਰਵਾਰਵਾਦ ਪੂਰੀ ਤਰ੍ਹਾਂ ਭਾਰੂ ਰਹਿੰਦਾ ਹੈ। ਮਿਸਾਲ ਦੇ ਤੌਰ ’ਤੇ ਕਾਂਗਰਸ ਪਾਰਟੀ ’ਤੇ ਜਵਾਹਰ ਲਾਲ ਨਹਿਰੂ ਤੋਂ ਬਾਅਦ ਉਸ ਦੀ ਪੁੱਤਰੀ ਇੰਦਰਾ ਗਾਂਧੀ ਅੱਗੋਂ ਪੁੱਤਰ ਰਾਜੀਵ ਗਾਂਧੀ, ਨੂੰਹ ਸੋਨੀਆ ਗਾਂਧੀ ਭਾਵ ਨਹਿਰੂ-ਗਾਂਧੀ ਪਰਵਾਰ ਕਾਬਜ਼ ਹੈ, ਜੋ ਅੱਗੋਂ ਆਪਣੇ ਪੁੱਤਰ ਰਾਹੁਲ ਗਾਂਧੀ ਨੂੰ ਸਥਾਪਿਤ ਕਰਨ ਦੀ ਤਾਕ ’ਚ ਹੈ। ਜੰਮੂ ਕਸ਼ਮੀਰ ’ਚ ਇੱਕ ਪਾਸੇ ਸ਼ੇਖ਼ ਅਬਦੁੱਲਾ, ਫਾਰੂਖ਼ ਅਬਦੁੱਲਾ, ਉਮਰ ਅਬਦੁੱਲਾ ਅਤੇ ਦੂਸਰੇ ਪਾਸੇ ਮੁਫ਼ਤੀ ਮੁਹੰਮਦ ਸਈਅਦ, ਮਹਿਬੂਬਾ ਮੁਫ਼ਤੀ। ਹਰਿਆਣਾ ’ਚ ਦੇਵੀ ਲਾਲ ਚੌਟਾਲਾ, ਓਮ ਪ੍ਰਕਾਸ਼ ਚੌਟਾਲਾ, ਅਭੈ ਸਿੰਘ ਚੌਟਾਲਾ, ਅਜੈ ਸਿੰਘ ਚੁਟਾਲਾ, ਨੈਨਾ ਸਿੰਘ ਚੌਟਾਲਾ, ਦੁਸ਼ਯੰਤ ਚੌਟਾਲਾ। ਯੂ. ਪੀ. ’ਚ ਮੁਲਾਇਮ ਸਿੰਘ ਯਾਦਵ, ਅਖ਼ਲੇਸ਼ ਯਾਦਵ। ਬਿਹਾਰ ’ਚ ਲਾਲੂ ਯਾਦਵ, ਤੇਜਸਵੀ ਯਾਦਵ। ਇਸੇ ਤਰ੍ਹਾਂ ਬਾਕੀ ਦੇ ਸੂਬਿਆਂ ’ਚ ਰਾਜੇ ਮਹਾਂਰਾਜਿਆਂ ਵਾਙ ਇੱਕ ਵਾਰ ਸਥਾਪਤ ਹੋਏ ਆਗੂ ਤੋਂ ਬਾਅਦ ਉਸ ਦੇ ਪੁੱਤਰ ਪੋਤਰੇ ਜਾਂ ਪਤਨੀਆਂ, ਪੁੱਤਰੀਆਂ ਹੀ ਵਾਰਸ ਬਣਦੀਆਂ ਆ ਰਹੀਆਂ ਹਨ। ਇੱਥੋਂ ਤੱਕ ਕਿ ਗੁਰਦੁਆਰਾ ਸੁਧਾਰ ਲਹਿਰ ’ਚ ਪੰਥਕ ਜਜ਼ਬੇ ਅਧੀਨ ਮਹਾਨ ਕੁਰਬਾਨੀਆਂ ਦੇਣ ਉਪਰੰਤ ਜਨਮ ਲੈਣ ਵਾਲੇ ਸ਼੍ਰੋਮਣੀ ਅਕਾਲੀ ਦਲ ’ਤੇ ਵੀ ਬਾਦਲ ਪਰਵਾਰ ਆਪਣਾ ਏਕਾ ਅਧਿਕਾਰ ਜਮਾਈ ਬੈਠਾ ਹੈ। ਭਾਵੇਂ ਆਪਣੀ ਪਾਰਟੀ ਦੇ ਮੁੱਢਲੇ ਸਿਧਾਂਤਾਂ ਤੋਂ ਥਿੜਕਣ, ਭ੍ਰਿਸ਼ਟਾਚਾਰ ਤੇ ਆਪਣੇ ਪਰਵਾਰਕ ਮੈਂਬਰਾਂ/ਰਿਸ਼ਤੇਦਾਰਾਂ ਨੂੰ ਰਾਜਨੀਤੀ ’ਚ ਸਥਾਪਿਤ ਕਰਨ ਦੇ ਮਾਮਲੇ ’ਚ ਕੋਈ ਵੀ ਕੌਮੀ ਜਾਂ ਸੂਬਾਈ ਆਗੂ ਘੱਟ ਨਹੀਂ ਰਿਹਾ ਪਰ ਜੋ ਹੱਦਾਂ ਬਾਦਲ ਪਰਵਾਰ ਨੇ ਪਾਰ ਕੀਤੀਆਂ ਹਨ, ਇਸ ਦੀ ਮਿਸਾਲ ਘੱਟ ਹੀ ਵੇਖਣ ਨੂੰ ਮਿਲਦੀ ਹੈ।

ਇਨ੍ਹਾਂ ਪਾਰਟੀਆਂ ਤੋਂ ਇਲਾਵਾ ਕਾਂਗਰਸ ਪਾਰਟੀ ਦੀ ਕੇਂਦਰੀ ਕਮਾਂਡ ਭਾਵੇਂ ਨਹਿਰੂ-ਗਾਂਧੀ ਪਰਵਾਰ ਦੇ ਹੱਥ ਹੋਵੇ, ਫਿਰ ਵੀ ਸੂਬਾਈ ਪੱਧਰ ’ਤੇ ਖ਼ਾਸ ਖ਼ਾਸ ਆਗੂ ਦਹਾਕਿਆਂ ਤੋਂ ਆਪਣਾ ਏਕਾਧਿਕਾਰ ਜਮਾਈ ਬੈਠੇ ਹਨ; ਜਿਵੇਂ ਕਿ ਪੰਜਾਬ ’ਚ ਕੈਪਟਨ ਅਮਰਿੰਦਰ ਸਿੰਘ, ਰਾਜਸਥਾਨ ’ਚ ਅਸ਼ੋਕ ਗਹਿਲੋਤ, ਮੱਧ ਪ੍ਰਦੇਸ਼ ’ਚ ਕਮਲ ਨਾਥ ਆਦਿਕ, ਜੋ ਨਵੀਂ ਪੀੜ੍ਹੀ ਦੇ ਆਗੂਆਂ ਦੇ ਅੱਗੇ ਵਧਣ ਦੇ ਰਾਹ ਨੂੰ ਹਰ ਜਾਇਜ਼ ਨਜਾਇਜ਼ ਢੰਗ ਨਾਲ ਰੋਕਣ ਲਈ ਯਤਨਸ਼ੀਲ ਰਹਿੰਦੇ ਹਨ। ਕਿਆਸਅਰਾਈਆਂ ਹਨ ਕਿ ਰਾਹੁਲ ਗਾਂਧੀ ਦੀ ਨੀਤੀ ਨੌਜਵਾਨ ਲੀਡਰਸ਼ਿੱਪ ਉਭਾਰਨ ਦੀ ਰਹੀ ਹੈ ਪਰ ਬੁੱਢੀ ਲੀਡਰਸ਼ਿੱਪ ਨੇ ਉਸ ਦੀ ਹੁਣ ਤੱਕ ਚੱਲਣ ਨਹੀਂ ਦਿੱਤੀ; ਜਿਵੇਂ ਕਿ ਮੱਧ ਪ੍ਰਦੇਸ਼ ’ਚ ਜਯੋਤਿਰਾਦਿਤਿਆ ਸਿੰਧੀਆ ਨੂੰ ਕਮਲਨਾਥ ਨੇ ਉਸ ਦਾ ਬਣਦਾ ਯੋਗ ਸਥਾਨ ਦੇਣ ਤੋਂ ਨਾ ਕੀਤੀ ਤਾਂ ਆਖ਼ਿਰ ਉਹ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਭਾਜਪਾ ’ਚ ਚਲਾ ਗਿਆ ਜੋ ਕਮਲਨਾਥ ਸਰਕਾਰ ਡਿੱਗਣ ਦਾ ਕਾਰਨ ਬਣਿਆ। ਰਾਜਸਥਾਨ ’ਚ ਅਸ਼ੋਕ ਗਹਿਲੋਤ ਇਹੋ ਵਤੀਰਾ ਰਾਜੇਸ਼ ਪਾਇਲਾਟ ਨਾਲ ਕਰ ਰਿਹਾ ਤੇ ਕਦੀ ਵੀ ਮੱਧ ਪ੍ਰਦੇਸ਼ ਵਾਲੀ ਸਥਿਤੀ ਬਣ ਸਕਦੀ ਹੈ। ਕਾਂਗਰਸ ਪਿਛੋਕੜ ਵਾਲੇ ਭਾਜਪਾ ਦੇ ਚਾਰ ਵਾਰ ਸਾਂਸਦ ਰਹਿ ਚੁੱਕੇ ਤੇਜ ਤਰਾਟ ਆਗੂ ਨਵਜੋਤ ਸਿੰਘ ਸਿੱਧੂ ਨੂੰ ਰਾਹੁਲ ਗਾਂਧੀ ਅਤੇ ਉਸ ਦੀ ਭੈਣ ਪ੍ਰਿਅੰਕਾ ਗਾਂਧੀ ਨੇ ਕਾਂਗਰਸ ’ਚ ਸ਼ਾਮਲ ਕਰਵਾਇਆ। ਕਿਹਾ ਜਾਂਦਾ ਹੈ ਕਿ ਕਾਂਗਰਸ ’ਚ ਸ਼ਾਮਲ ਕਰਨ ਸਮੇਂ ਸਿੱਧੂ ਨੂੰ ਉਪ ਮੁੱਖ ਮੰਤਰੀ ਬਣਾਉਣ ਦਾ ਭਰੋਸਾ ਦਿੱਤਾ ਸੀ, ਪਰ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਦੀ ਕਾਂਗਰਸ ’ਚ ਸ਼ਾਮਲ ਹੋਣ ਸਮੇਂ ਵੀ ਵਿਰੋਧਤਾ ਕੀਤੀ ਅਤੇ ਉਪ ਮੁੱਖ ਮੰਤਰੀ ਬਣਾਉਣ ਦੀ ਥਾਂ ਇੱਕ ਮੰਤਰੀ ਪਦ ਹੀ ਦਿੱਤਾ।

ਇਮਰਾਨ ਖਾਂਨ ਵੱਲੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਸਮਾਗਮ ’ਚ ਸ਼ਾਮਲ ਹੋਣ ਲਈ ਕ੍ਰਿਕਟ ਖੇਡਣ ਦੇ ਸਮੇਂ ਦੇ ਮਿੱਤਰ ਹੋਣ ਦੇ ਨਾਤੇ ਸਿੱਧੂ ਨੂੰ ਸੱਦਾ ਭੇਜਿਆ। ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਤਾਂ ਉਸ ਦੇ ਸਹੁੰ ਚੁੱਕ ਸਮਾਗਮ ’ਚ ਸ਼ਾਮਲ ਹੋਣ ਦਾ ਹੀ ਅੰਦਰਖਾਤੇ ਵਿਰੋਧ ਕੀਤਾ ਫਿਰ ਸਮਾਗਮ ਦੌਰਾਨ ਸਿੱਧੂ ਵੱਲੋਂ ਪਾਕਿਸਤਾਨੀ ਫ਼ੌਜ ਮੁੱਖੀ ਜਨਰਲ ਕਮਰ ਜਾਵੇਦ ਬਾਜਵਾ ਨਾਲ ਜੱਫੀ ਪਾਉਣ ਨੂੰ ਦੇਸ਼ ਵਿਰੋਧੀ ਕਾਰਵਾਈ ਦੱਸਿਆ ਭਾਵੇਂ ਕਿ ਕਿਸੇ ਦੇ ਘਰ ਮਹਿਮਾਨ ਬਣ ਪਹੁੰਚਣ ’ਤੇ ਮਿਲਣ ਸਮੇਂ ਖੁਸ਼ੀ ’ਚ ਜੱਫੀਆਂ ਪਾਉਣਾ ਪੰਜਾਬੀ ਸੱਭਿਆਚਾਰ ਦਾ ਹਿੱਸਾ ਰਿਹਾ ਹੈ ਅਤੇ ਦੂਸਰਾ ਸਿੱਧੂ ਨੇ ਸਪਸ਼ਟੀਕਰਨ ਦਿੱਤਾ ਕਿ ਜਨਰਲ ਬਾਜਵਾ ਨੇ ਉਸ ਨੂੰ ਖ਼ਬਰ ਦੱਸੀ ਕਿ ਪਾਕਿਸਤਾਨ ਦੀ ਨਵੀਂ ਸਰਕਾਰ ਕਰਤਾਰਪੁਰ ਰਸਤਾ ਖੋਲ੍ਹ ਸਕਦੀ ਹੈ; ਇਹ ਖ਼ਬਰ ਸੁਣ ਕੇ ਉਸ ਨਾਲ ਜੱਫੀ ਪਾ ਕੇ ਆਪਣੀ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਤਾਂ ਇਸ ’ਚ ਕੁਝ ਵੀ ਗਲਤ ਨਹੀਂ ਹੈ। ਇਹ ਦੱਸਣਯੋਗ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਆਪਣੀਆਂ ਚਾਰ ਉਦਾਸੀਆਂ ਦੀ ਸਮਾਪਤੀ ਉਪਰੰਤ ਨਾਨਕਸ਼ਾਹੀ ਸੰਮਤ 54/1522 ਈਸਵੀ ’ਚ ਕਰਤਾਰਪੁਰ ਨਗਰ ਵਸਾਇਆ ਅਤੇ ਨਾਨਕਸ਼ਾਹੀ ਸੰਮਤ 71/1539 ਈਸਵੀ ’ਚ ਜੋਤੀ ਸਮਾਉਣ ਵੇਲੇ ਤੱਕ ਆਪਣਾ ਅੰਤਲਾ 17 ਸਾਲ ਦਾ ਸਮਾਂ ਓਥੇ ਬਿਤਾਇਆ। ਗੁਰੂ ਸਾਹਿਬ ਜੀ ਨੇ ਕਰਤਾਰਪੁਰ ਵਿਖੇ ਧਰਮਸ਼ਾਲਾ ਕਾਇਮ ਕਰਨ ਤੋਂ ਇਲਾਵਾ ਖ਼ੁਦ ਹੱਥੀਂ ਖੇਤੀ ਕਰਕੇ ‘ਕਿਰਤ ਕਰੋ, ਨਾਮ ਜਪੋ, ਵੰਡ ਛਕੋ’ ਦਾ ਅਮਲੀ ਰੂਪ ਵਿੱਚ ਸੁਨੇਹਾ ਦਿੱਤਾ, ਇਸ ਲਈ ਕਰਤਾਰਪੁਰ ਸਮੁੱਚੇ ਪੰਜਾਬੀ ਭਾਈਚਾਰੇ ਅਤੇ ਖ਼ਾਸ ਕਰ ਸਿੱਖਾਂ ਲਈ ਵਿਸ਼ੇਸ਼ ਮਹੱਤਵ ਪੂਰਨ ਸਥਾਨ ਹੈ। ਸੰਨ 1947 ਦੀ ਵੰਡ ਸਮੇਂ ਗੁਰੂ ਨਾਨਕ ਸਾਹਿਬ ਜੀ ਨਾਲ ਸਬੰਧਿਤ ਪ੍ਰਮੁੱਖ ਸਥਾਨ (ਉਨ੍ਹਾਂ ਦੀ ਜਨਮ ਭੂਮੀ ਨਨਕਾਣਾ ਸਾਹਿਬ, ਪੰਜਾ ਸਾਹਿਬ, ਅਤੇ ਕਰਤਾਰਪੁਰ ਸਾਹਿਬ ਆਦਿ) ਪਾਕਿਸਤਾਨ ’ਚ ਰਹਿ ਗਏ ਜਦੋਂ ਕਿ ਨਾਨਕ ਨਾਮ ਲੇਵਾ ਸਿੱਖਾਂ ਦੀ ਵੱਡੀ ਗਿਣਤੀ ਭਾਰਤ ਵਿੱਚ ਪਹਿਲਾਂ ਤੋਂ ਮੌਜੂਦ ਸੀ ਅਤੇ ਬਾਕੀ ਵੰਡ ਉਪਰੰਤ ਪਾਕਿਸਤਾਨ ’ਚੋਂ ਸ਼ਿਫਟ ਹੋਣ ਸਦਕਾ ਉਨ੍ਹਾਂ ਦੀ ਚਿਰਾਂ ਤੋਂ ਤੀਬਰ ਮੰਗ ਰਹੀ ਕਿ ਦੋਵੇਂ ਦੇਸ਼ਾਂ ਦੇ ਆਪਸੀ ਮਿੱਤਰਤਾ ਵਾਲੇ ਸੰਬੰਧ ਰਹਿਣ ਤਾਂ ਕਿ ਆਪਣੇ ਜਾਨ ਤੋਂ ਪਿਆਰੇ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰਨ ਅਤੇ ਆਪਣੇ ਵਿਛੜੇ ਪਰਵਾਰਕ ਮੈਂਬਰਾਂ ਤੇ ਦੋਸਤਾਂ ਨੂੰ ਮਿਲਣ ਵਿੱਚ ਕੋਈ ਮੁਸ਼ਕਲ ਪੇਸ਼ ਨਾ ਆਵੇ। ਇਸੇ ਲਈ ‘ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਦੇ ਖੁਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖ਼ਾਲਸਾ ਜੀ ਨੂੰ ਬਖ਼ਸ਼ੋ’ ਦੀ ਮੰਗ ਨੂੰ ਸਿੱਖ ਪੰਥ ਨੇ ਆਪਣੀ ਨਿੱਤ ਦੀ ਅਰਦਾਸ ਦਾ ਹਿੱਸਾ ਬਣਾਇਆ ਹੋਇਆ ਹੈ। ਇਹ ਮੰਗ ਪੂਰੀ ਹੋਣ ਦਾ ਸੁਨੇਹਾ ਦੇਣ ਵਾਲੇ ਸਿੱਧੂ ਦੀ ਪੰਜਾਬ ’ਚ ਹਰਮਨ ਪਿਆਰਤਾ ਵਧੀ ਹੈ। ਸਮੇਂ ਸਮੇਂ ’ਤੇ ਕੈਪਟਨ ਪਾਕਿਸਤਾਨ ਵਿਰੋਧੀ ਬਿਆਨ ਦਿੰਦਾ ਰਹਿੰਦਾ ਹੈ; ਉਹ ਤਾਂ ਸਿੱਧੂ ਵੱਲੋਂ ਅਹੁਦਾ ਸੰਭਾਲ ਸਮਾਗਮ ’ਚ ਵੀ ਆਪਣੇ ਆਪ ਨੂੰ ਰੋਕ ਨਹੀਂ ਸਕਿਆ। ਭਾਰਤ ’ਚ ਸਾਰੀ ਗੜਬੜ ਦਾ ਠੀਕਰਾ ਪਾਕਿਸਤਾਨ ਸਿਰ ਭੰਨ ਕੇ ਉਨ੍ਹਾਂ ਕਿਹਾ ਚੀਨ ਤੋਂ ਲੈ ਕੇ ਗੁਜਰਾਤ ਤੱਕ ਬਾਰਡਰ ਦੀ ਸੁਰੱਖਿਆ ਸਾਡੇ ਲੋਕਾਂ ਨੇ ਕਰਨੀ ਹੈ। ਇਹ ਬਿਆਨ ਪੰਜਾਬ ਦੇ ਲੋਕ ਜਿਹੜੇ ਪਾਕਿਸਤਾਨ ਨਾਲ ਸੁਖਾਵੇਂ ਸੰਬੰਧ ਚਾਹੁੰਦੇ ਹਨ, ਉਨ੍ਹਾਂ ਨੂੰ ਨਹੀਂ ਭਾਉਂਦੇ, ਹਾਂ ਭਾਜਪਾ ਨੂੰ ਖੁਸ਼ ਕਰਨ ਲਈ ਜ਼ਰੂਰ ਕਹੇ ਜਾ ਸਕਦੇ ਹਨ। ਪੰਜਾਬ ਦੇ ਲੋਕ ਤਾਂ ਪੁੱਛਦੇ ਹਨ ਕਿ ਦੇਸ਼ ਦੀ ਸੁਰੱਖਿਆ ਲਈ ਪੰਜਾਬੀਆਂ ਨੇ ਤਾਂ ਹਮੇਸ਼ਾਂ ਵੱਧ ਚੜ੍ਹ ਕੇ ਹਿੱਸਾ ਪਾਇਆ ਹੈ, ਪਰ ਇਸ ਦੇ ਬਦਲੇ ਕੇਂਦਰ ਸਰਕਾਰ ਪੰਜਾਬ ਨੂੰ ਕੰਗਾਲ ਕਰਨ ਦੀ ਕੋਈ ਕਸਰ ਨਹੀਂ ਛੱਡਦੀ। ਇਸ ਦਾ ਜਵਾਬ ਸ਼ਾਇਦ ਕੈਪਟਨ ਕੋਲ ਵੀ ਨਹੀਂ ਹੈ, ਇਸੇ ਕਾਰਨ ਉਸ ਦੀ ਲੋਕਪ੍ਰਿਅਤਾ ਦਿਨੋ ਦਿਨ ਘੱਟ ਰਹੀ ਹੈ।

ਦੂਸਰਾ ਮੁੱਖ ਕਾਰਨ ਹੈ ਕਿ 2015 ਈਸਵੀ ’ਚ ਗੁਰੂ ਗ੍ਰੰਥ ਸਾਹਿਬ ਜੀ ਦੀ ਕੀਤੀ ਘੋਰ ਬੇਅਦਬੀ ਅਤੇ ਇਸ ਬੇਅਦਬੀ ਦੇ ਕਥਿਤ ਦੋਸ਼ੀਆਂ ਦੀ ਗ੍ਰਿਫ਼ਤਾਰੀ/ਸਜ਼ਾ ਦੀ ਮੰਗ ਲਈ ਬੈਠੇ ਸ਼ਾਂਤਮਈ ਧਰਨਾਕਾਰੀਆਂ ’ਤੇ ਪੰਜਾਬ ਪੁਲਿਸ ਵੱਲੋਂ ਅੰਨ੍ਹੇਵਾਹ ਗੋਲ਼ੀਆਂ ਚਲਾ ਕੇ ਦੋ ਸਿੱਖਾਂ ਨੂੰ ਸ਼ਹੀਦ ਕਰਨ ਦੇ ਕਥਿਤ ਦੋਸ਼ੀਆਂ ਅਤੇ ਪੰਜਾਬ ’ਚ ਨਸ਼ਾ ਤਸ਼ਕਰੀ ਅਤੇ ਰੇਤਾ ਬੱਜਰੀ ਦੀ ਨਜਾਇਜ਼ ਖਨਨ ਕਰਨ ਦੇ ਦੋਸ਼ੀਆਂ ਨੂੰ ਸੁਰੱਖਿਆ ਛਤਰੀ ਪ੍ਰਦਾਨ ਕਰਨ ਵਾਲੀ ਬਾਦਲ ਸਰਕਾਰ ਵਿਰੁੱਧ ਸਮੁੱਚੇ ਪੰਜਾਬੀ ਭਾਈਚਾਰੇ ’ਚ ਭਾਰੀ ਰੋਸ ਸੀ/ਹੈ। ਸੰਨ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸਿਆਸੀ ਲਾਭ ਲੈਣ ਲਈ 2016 ’ਚ ਕੈਪਟਨ ਅਮਰਿੰਦਰ ਸਿੰਘ ਨੇ ਚੋਣ ਮੁਹਿੰਮ ਦਾ ਆਗਾਜ਼ ਕਰਦੇ ਸਮੇਂ ਬਠਿੰਡਾ ਵਿਖੇ ਕੀਤੀ ਆਪਣੀ ਵੱਡੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਹੱਥ ’ਚ ਗੁਟਕਾ ਫੜ ਅਤੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਵੱਲ ਮੂੰਹ ਕਰਕੇ ਚਾਰ ਹਫਤਿਆਂ ’ਚ ਨਸ਼ਾ ਖ਼ਤਮ ਕਰਨ, ਨਜਾਇਜ਼ ਖਨਨ ਨੂੰ ਨੱਥ ਪਾਉਣ, ਘਰ-ਘਰ ਨੌਕਰੀ ਦੇਣ, ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ਼ ਕਰਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੇ ਵੱਡੇ ਵਾਅਦੇ ਕੀਤੇ, ਜਿਸ ਕਾਰਨ ਕਾਂਗਰਸ ਨੂੰ ਵੱਡੀ ਜਿੱਤ ਪ੍ਰਾਪਤ ਹੋਈ ਤੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣ ਗਿਆ। ਮੁੱਖ ਮੰਤਰੀ ਬਣਨ ਉਪਰੰਤ ਉਸ ਨੇ ਇਹ ਸਾਰੇ ਵਾਅਦੇ ਪੂਰੇ ਕਰਨ ਲਈ ਕੋਈ ਵੀ ਅਸਰਦਾਰ ਕਦਮ ਨਹੀਂ ਚੁੱਕਿਆ, ਜਿਸ ਨੇ ਪੰਜਾਬੀਆਂ ਦੇ ਪਹਿਲਾਂ ਤੋਂ ਹੀ ਪਨਪ ਰਹੇ ਸ਼ੱਕ ਨੂੰ ਹੋਰ ਪ੍ਰਪੱਕ ਕੀਤਾ ਕਿ ਕੈਪਟਨ-ਬਾਦਲ ਆਪਸ ’ਚ ਮਿਲੇ ਹੋਏ ਹਨ। ਦੋਵੇਂ ਮਿਲ ਕੇ ਛੱਕਦੇ ਹਨ। ਮੁਸ਼ਕਲ ’ਚ ਫਸੇ ਇੱਕ ਦੂਸਰੇ ਦੀ ਸਹਾਇਤਾ ਕਰਦੇ ਹਨ ਅਤੇ ਇੱਕ ਦੂਸਰੇ ਲਈ ਰਾਜ-ਗੱਦੀ ਪ੍ਰਾਪਤ ਕਰਨ ਲਈ ਵਾਰੋ ਵਾਰੀ ਰਾਹ ਪੱਧਰਾ ਕਰਦੇ ਰਹਿੰਦੇ ਹਨ। ਸਾਰਾ ਰਾਜ ਪ੍ਰਬੰਧ ਅਫਸਰਸ਼ਾਹੀ ਦੇ ਹੱਥ ’ਚ ਦੇਣ, ਵਿਧਾਇਕਾਂ ਅਤੇ ਇੱਥੋਂ ਤੱਕ ਕਿ ਪਾਰਟੀ ਸੂਬਾ ਪ੍ਰਧਾਨ ਨੂੰ ਵੀ ਮਿਲਣ ਦਾ ਸਮਾਂ ਨਾ ਦੇਣ ਕਾਰਨ ਵਿਧਾਇਕਾਂ ਤੇ ਕਾਂਗਰਸੀ ਵਰਕਰਾਂ ਵਿੱਚ ਰੋਸ ਵੱਧਦਾ ਗਿਆ ਪਰ ਬੇਵੱਸ ਸਨ ਕਿਉਂਕਿ ਕਾਂਗਰਸ ਹਾਈ ਕਮਾਂਡ ਕਮਜੋਰ ਹੋਣ ਕਾਰਨ ਉਹ ਵੀ ਕੈਪਟਨ ਤੋਂ ਆਪਣੀ ਗੱਲ ਮੰਨਵਾਉਣ ਵਿੱਚ ਅਸਫਲ ਰਹਿੰਦੀ ਸੀ ਤੇ ਕੈਪਟਨ ਆਪਣੀ ਮਨਮਾਨੀ ਕਰਨ ਲਈ ਬਜ਼ਿਦ ਸੀ। ਸਾਰੀ ਕਾਂਗਰਸ ’ਚ ਕੇਵਲ ਨਵਜੋਤ ਸਿੰਘ ਸਿੱਧੂ ਹੀ ਇੱਕੋ ਇੱਕ ਆਗੂ ਹੈ ਜਿਹੜਾ ਸਮੇਂ ਸਮੇਂ ’ਤੇ ਕੈਪਟਨ ਨੂੰ ਪੰਜਾਬੀਆਂ ਨਾਲ ਕੀਤੇ ਵਾਅਦੇ ਪੂਰੇ ਕਰਨ ਲਈ ਜਨਤਕ ਤੌਰ ’ਤੇ ਚੇਤੇ ਕਰਵਾਉਂਦਾ ਰਹਿੰਦਾ ਹੈ ਇਸੇ ਕਾਰਨ ਲੋਕ ਸਭਾ ਚੋਣਾਂ ਦੌਰਾਨ ਬਠਿੰਡਾ ਲੋਕ ਸਭਾ ਹਲਕੇ ’ਚ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਦੀ ਰੈਲੀ ਦੌਰਾਨ ਸਿੱਧੂ ਵੱਲੋਂ ਕੀਤੀ ਇੱਕ ਤਿੱਖੀ ਟਿੱਪਣੀ ਨੂੰ ਕੁਝ ਹਲਕਿਆਂ ’ਚ ਕਾਂਗਰਸ ਦੀ ਹਾਰ ਦਾ ਠੀਕਰਾ ਭੰਨ ਸਜ਼ਾ ਦੇ ਤੌਰ ’ਤੇ ਉਸ ਦਾ ਮਹਿਕਮਾ ਤਬਦੀਲ ਕਰ ਦਿੱਤਾ ਤੇ ਇਸ ਦੇ ਰੋਸ ਵਜੋਂ ਸਿੱਧੂ ਨੇ ਮੰਤਰੀ ਪਦ ਤੋਂ ਅਸਤੀਫਾ ਦੇ ਦਿੱਤਾ। ਲੱਖ ਯਤਨਾਂ ਦੇ ਬਾਵਜੂਦ ਵੀ ਹਾਈ ਕਮਾਂਡ ਸਿੱਧੂ ਦਾ ਰੁਤਬਾ ਬਹਾਲ ਕਰਵਾਉਣ ’ਚ ਨਾ-ਕਾਮਯਾਬ ਰਹੀ।

ਬਰਗਾੜੀ ਕਾਂਡ ਦੀ ਜਾਂਚ ਕਰ ਰਹੀ ਸਿੱਟ ਦੇ ਮੈਂਬਰ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਰਿਪੋਰਟ ਅਪ੍ਰੈਲ 2021 ’ਚ ਹਾਈ ਕੋਰਟ ਵੱਲੋਂ ਰੱਦ ਕੀਤੇ ਜਾਣ ਪਿੱਛੋਂ ਸਿੱਧੂ ਨੇ ਕੈਪਟਨ ਸਰਕਾਰ ਵਿਰੁੱਧ ਟਵੀਟਾਂ ਰਾਹੀਂ ਹਮਲੇ ਤੇਜ ਕਰ ਦਿੱਤੇ, ਜਿਸ ਦਾ ਕੈਪਟਨ ਪਾਸ ਕੋਈ ਜਵਾਬ ਨਹੀਂ ਸੀ। ਕੁਝ ਹੀ ਸਮੇਂ ਬਾਅਦ ਕੈਪਟਨ ਸਰਕਾਰ ਦੇ ਸੀਨੀਅਰ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਚਰਨਜੀਤ ਸਿੰਘ ਚੰਨੀ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਆਦਿਕ ਨੇ ਵੀ ਮੋਰਚਾ ਖੋਲ੍ਹ ਦਿੱਤਾ, ਜਿਸ ’ਚ ਇੱਕ ਸਮੇਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ, ਰਾਜ ਸਭਾ ਮੈਂਬਰ ਅਤੇ ਸਾਬਕਾ ਪ੍ਰਧਾਨ ਪੰਜਾਬ ਕਾਂਗਰਸ ਪ੍ਰਤਾਪ ਸਿੰਘ ਬਾਜਵਾ ਸਮੇਤ ਕੁਝ ਵਿਧਾਇਕ ਵੀ ਸ਼ਾਮਲ ਹੁੰਦੇ ਗਏ। ਸਮੁੱਚੀ ਪੰਜਾਬ ਕਾਂਗਰਸ ਇਕਾਈ ਨੂੰ ਇੱਕਮੁੱਠ ਰੱਖਣ ਦੇ ਯਤਨਾਂ ਵਜੋਂ ਕਾਫ਼ੀ ਰਿੜਕਾ ਰਿੜਕਾਈ ਉਪਰੰਤ ਹਾਈ ਕਮਾਂਡ ਨੇ ਫਾਰਮੂਲਾ ਤਿਆਰ ਕੀਤਾ ਕਿ ਕੈਪਟਨ ਨੂੰ ਮੁੱਖ ਮੰਤਰੀ ਬਣੇ ਰਹਿਣ ਦਿੱਤਾ ਜਾਵੇ ਤੇ ਪੰਜਾਬ ਕਾਂਗਰਸ ਪ੍ਰਧਾਨ ਦਾ ਅਹੁਦਾ ਨਵਜੋਤ ਸਿੰਘ ਸਿੱਧੂ ਨੂੰ ਸੌਂਪ ਦਿੱਤਾ ਜਾਵੇ। ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਉਣ ਦੇ ਕੈਪਟਨ ਸਖ਼ਤ ਵਿਰੁੱਧ ਸੀ ਕਿਉਂਕਿ ਉਸ ਨੂੰ ਪਤਾ ਸੀ ਕਿ ਜੇ ਸਿੱਧੂ ਹੁਣ ਪ੍ਰਧਾਨ ਬਣ ਗਿਆ ਤਾਂ 2022 ਦੀ ਚੋਣਾਂ ’ਚ ਮੁੱਖ ਮੰਤਰੀ ਦਾ ਚਿਹਰਾ ਵੀ ਉਹੀ ਹੋਵੇਗਾ ਜਦੋਂ ਕਿ ਕੈਪਟਨ ਹਰ ਹਾਲਤ ਦੂਜੀ ਵਾਰ ਵੀ ਮੁੱਖ ਮੰਤਰੀ ਬਣਨਾ ਚਾਹੁੰਦਾ ਸੀ। ਸਿੱਧੂ ਦਾ ਰਾਹ ਰੋਕਣ ਲਈ ਕੈਪਟਨ ਕਦੀ ਹਿੰਦੂ ਪੱਤਾ ਖੇਡਦਾ ਕਿ ਜੇ ਮੁੱਖ ਮੰਤਰੀ ਸਿੱਖ ਹੈ ਤਾਂ ਪ੍ਰਧਾਨ ਹਿੰਦੂ ਚਿਹਰਾ ਹੋਣਾ ਚਾਹੀਦਾ ਹੈ। ਕਦੀ ਦਲਿਤਾਂ ਦੀ ਗੱਲ ਕਰਦਾ। ਆਖ਼ਿਰ ਜਦੋਂ ਮਾਮਲਾ ਹੱਥੋਂ ਜਾਂਦਾ ਦਿੱਸਿਆ ਤਾਂ ਪ੍ਰਤਾਪ ਸਿੰਘ ਬਾਜਵਾ, ਜਿਸ ਤੋਂ ਇਸੇ ਤਰ੍ਹਾਂ ਦੇ ਕਾਟੋ ਕਲੇਸ਼ ’ਚ ਪ੍ਰਧਾਨਗੀ ਦਾ ਅਹੁਦਾ ਹਥਿਆਉਣ ਸਮੇਂ ਉਸ ਵਿਰੁੱਧ ਕਈ ਗੰਭੀਰ ਦੋਸ਼ਾਂ ਵਾਲੇ ਪੱਤਰ ਹਾਈ ਕਮਾਂਡ ਨੂੰ ਲਿਖੇ ਸਨ ਅਤੇ ਕੈਪਟਨ ਦੇ ਮੁੱਖ ਮੰਤਰੀ ਬਣਨ ਪਿੱਛੋਂ ਬਾਜਵਾ ਸਿੱਧੂ ਨਾਲੋਂ ਵੀ ਸਖ਼ਤ ਭਾਸ਼ਾ ’ਚ ਦੋਸ਼ ਕੈਪਟਨ ਸਰਕਾਰ ’ਤੇ ਲਾਉਂਦਾ ਰਿਹਾ; ਉਸ ਨੂੰ ਕੈਪਟਨ ਨੇ ਰਾਤ ਦੇ ਖਾਣੇ ’ਤੇ ਘਰ ਸੱਦ ਲਿਆ ਤੇ ਉਸ ਨੂੰ ਕਿਹਾ ਹੁਣ ਆਪਣੇ ਪੁਰਾਣੇ ਗੁੱਸੇ ਗਿੱਲੇ ਖ਼ਤਮ; ਜੇਕਰ ਸਿੱਧੂ ਹੀ ਪ੍ਰਧਾਨ ਬਣ ਗਿਆ ਤਾਂ ਤੁਹਾਨੂੰ ਮੇਰੇ ਵਿਰੋਧ ’ਚੋਂ ਕੀ ਪ੍ਰਾਪਤੀ ਹੋਵੇਗਾ ਇਸ ਲਈ ਨਵੇਂ ਕਾਂਗਰਸੀ ਅਤੇ ਟਕਸਾਲੀ ਕਾਂਗਰਸੀਆਂ ਦਾ ਸਵਾਲ ਖੜ੍ਹਾ ਕਰਨ ਦਾ ਫ਼ਾਰਮੂਲਾ ਦੱਸਿਆ ਕਿ ਮੇਰਾ ਵਿਰੋਧ ਛੱਡ ਤੇ ਪੰਜਾਬ ਤੋਂ ਸਾਰੇ ਸਾਂਸਦਾਂ ਨੂੰ ਲੈ ਕੇ ਸੋਨੀਆਂ ਗਾਂਧੀ ਨੂੰ ਮਿਲ ਕੇ ਪ੍ਰਧਾਨਗੀ ਦੇ ਅਹੁਦੇ ਲਈ ਆਪਣਾ ਹੱਕ ਪੇਸ਼ ਕਰ, ਮੈਂ ਤੇਰੀ ਉਮੀਦਵਾਰੀ ਦਾ ਸਮਰਥਨ ਕਰਾਂਗਾਂ। ਇਹ ਨਿੱਘਰੀ ਹੋਈ ਸਿਆਸਤ ਦਾ ਪ੍ਰਤੱਖ ਤੌਰ ’ਤੇ ਨੰਗਾ ਰੂਪ ਸੀ ਕਿ ਜਿਸ ਕੈਪਟਨ ਨਾਲ ਕਾਫ਼ੀ ਲੰਬੇ ਸਮੇਂ ਤੋਂ ਬਾਜਵਾ ਦਾ ਛੱਤੀ ਦਾ ਆਂਕੜਾ ਚੱਲਦਾ ਰਿਹਾ ਹੈ ਅਤੇ ਰਵਨੀਤ ਸਿੰਘ ਬਿੱਟੂ ਜਿਹੜਾ ਕੁਝ ਦਿਨ ਪਹਿਲਾਂ ਹੀ ਕੈਪਟਨ ਦੇ ਵਿਰੋਧ ਵਿੱਚ ਬਿਆਨ ਦਿੰਦਾ ਰਹਿੰਦਾ ਸੀ ਕਿ ਸਾਡੀ ਸਰਕਾਰ ਨੇ ਕੀਤਾ ਹੀ ਕੁਝ ਨਹੀਂ ਅਸੀਂ ਪਿੰਡਾਂ ਵਿੱਚ ਕਿਹੜਾ ਮੂੰਹ ਲੈ ਕੇ ਵੋਟਾਂ ਮੰਗਣ ਜਾਵਾਂਗੇ, ਉਹੀ ਆਗੂ ਕੈਪਟਨ ਦੇ ਹੱਕ ’ਚ ਖੜ੍ਹ ਗਏ ਤੇ ਸਾਂਸਦਾਂ ਦੇ ਗਰੁੱਪ ਸਮੇਤ ਮਿਲਣ ਲਈ ਕਾਂਗਰਸ ਪ੍ਰਧਾਨ ਸੋਨੀਆਂ ਗਾਂਧੀ ਤੋਂ ਸਮਾਂ ਮੰਗ ਲਿਆ।  ਇਸੇ ਤਰ੍ਹਾਂ ਸੁਖਪਾਲ ਸਿੰਘ ਖਹਿਰਾ ਜਿਹੜਾ ਆਪ ਦਾ ਵਿਧਾਇਕ ਹੁੰਦਾ ਕੈਪਟਨ ਵਿਰੁੱਧ ਸਿੱਧੂ ਨਾਲੋਂ ਵੀ ਕਿਤੇ ਵੱਧ ਦੋਸ਼ ਲਾਉਂਦਾ ਰਿਹੈ; ਆਪ ਤੋਂ ਬਾਗੀ ਹੋਣ ਪਿੱਛੋਂ ਸਿੱਧੂ ਨੂੰ ਸੱਦਾ ਦਿੰਦਾ ਕਹਿੰਦਾ ਸੀ ਕਿ ਪੰਜਾਬ ਦੇ ਭਲੇ ਲਈ ਕਾਂਗਰਸ ਨੂੰ ਛੱਡ ਕੇ ਆਪਣੀ ਪਾਰਟੀ ਬਣਾਉ ਤਾਂ ਅਸੀਂ ਤੁਹਾਡੀ ਅਗਵਾਈ ਕਬੂਲਣ ਲਈ ਤਿਆਰ ਹਾਂ; ਉਹੀ ਖਹਿਰਾ ਆਪਣੇ ਦੋ ਹੋਰ ਸਾਥੀ ਬਾਗੀ ਵਿਧਾਇਕਾਂ ਸਮੇਤ ਕੁਝ ਹੀ ਦਿਨ ਪਹਿਲਾਂ ਕੈਪਟਨ ਦੀ ਅਗਵਾਈ ਹੇਠ ਕਾਂਗਰਸ ’ਚ ਸ਼ਾਮਲ ਹੋਇਆ ਤੇ ਸਿੱਧੂ ਨੂੰ ਪ੍ਰਧਾਨ ਐਲਾਨੇ ਜਾਣ ਤੋਂ ਕੁਝ ਹੀ ਘੰਟੇ ਪਹਿਲਾਂ ਸਿੱਧੂ ਦੇ ਵਿਰੋਧ ਅਤੇ ਕੈਪਟਨ ਦੇ ਹੱਕ ’ਚ 10 ਵਿਧਾਇਕਾਂ ਨਾਲ ਮਿਲ ਕਿ ਸੋਨੀਆਂ ਗਾਂਧੀ ਨੂੰ ਪੱਤਰ ਲਿਖ ਦਿੱਤਾ।

ਸਿਆਸੀ ਮਾਹਰਾਂ ਅਨੁਸਾਰ ਕਾਂਗਰਸ ਹਾਈ ਕਮਾਂਡ ਨੇ ਪੰਜਾਬ ਵਿੱਚ ਗੁਪਤ ਸਰਵੇ ਕਰਵਾਇਆ ਸੀ, ਜਿਸ ਦੀ ਰਿਪੋਰਟ ਸੀ ਕਿ ਮੌਜੂਦਾ ਹਾਲਤ ’ਚ ਕਾਂਗਰਸ ਦੇ ਦੁਬਾਰਾ ਸੱਤਾ ’ਚ ਆਉਣ ਦੇ ਆਸਾਰ ਨਹੀਂ, ਮੁੱਖ ਮੁਕਾਬਲਾ ਆਪ ਤੇ ਅਕਾਲੀ ਦਲ ਵਿਚਕਾਰ ਹੋਵੇਗਾ ਤੇ ਕਿਸੇ ਦੀ ਵੀ ਸਰਕਾਰ ਬਣ ਸਕਦੀ ਹੈ। ਜੇਕਰ ਸਿੱਧੂ ਨੂੰ ਕਾਂਗਰਸ ਦਾ ਪ੍ਰਧਾਨ ਬਣਾ ਕੇ ਅਗਲੇ ਮੁੱਖ ਮੰਤਰੀ ਦੇ ਚਿਹਰੇ ਵਜੋਂ ਐਲਾਨ ਦਿੱਤਾ ਜਾਂਦਾ ਹੈ ਤਾਂ ਕਾਂਗਰਸ ਦੇ ਦੁਬਾਰਾ ਸੱਤਾ ’ਚ ਆਉਣ ਦੇ ਆਸਾਰ ਬਣ ਸਕਦੇ ਹਨ। ਜੇਕਰ ਸਿੱਧੂ ਆਪ ’ਚ ਚਲਾ ਜਾਂਦਾ ਹੈ ਤਾਂ ਆਪ ਦੇ ਆਸਾਰ ਕਾਫ਼ੀ ਵਧ ਜਾਣਗੇ। ਇਸ ਰਿਪੋਰਟ ਦੀ ਘੋਖ ਕਰਨ ਉਪਰੰਤ ਹਾਈ ਕਮਾਂਡ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣ ਦਾ ਤਕਰੀਬਨ ਫ਼ੈਸਲਾ ਲੈ ਚੁੱਕੀ ਸੀ ਪਰ ਕੋਈ ਐਸਾ ਫ਼ਾਰਮੂਲਾ ਤਿਆਰ ਕਰ ਰਹੀ ਸੀ ਕਿ ਕੈਪਟਨ ਧੜਾ ਵੀ ਸਹਿਮਤ ਹੋ ਜਾਵੇ ਤੇ ਉਹ ਹਾਲਾਤਾਂ ਦੇ ਮੱਦੇਨਜ਼ਰ ਸਿੱਧੂ ਨੂੰ ਪ੍ਰਧਾਨ ਵਜੋਂ ਸਵੀਕਾਰ ਕਰ ਲਵੇ ਤਾਂ ਕਿ 2022 ਦੀਆਂ ਚੋਣਾਂ ਕਾਂਗਰਸ ਇੱਕਮੁੱਠ ਹੋ ਕੇ ਲੜੇ ਤੇ ਮੁੜ ਸੱਤਾ ਹਾਸਲ ਕਰ ਸਕੇ, ਪਰ ਜਦੋਂ ਬਾਜਵਾ ਅਤੇ ਖਹਿਰਾ ਦੀਆਂ ਸਰਗਰਮੀਆਂ ਵਧਦੀਆਂ ਵੇਖੀਆਂ ਤਾਂ ਸੋਨੀਆਂ ਗਾਂਧੀ ਨੇ ਇਸ ਧੜੇਬਾਜੀ ਨੂੰ ਵਧਣ ਤੋਂ ਰੋਕਣ ਲਈ ਤੁਰੰਤ ਉਸੇ ਰਾਤ ਸਿੱਧੂ ਨੂੰ ਪ੍ਰਧਾਨ ਵਜੋਂ ਐਲਾਨ ਦਿੱਤਾ ਅਤੇ ਉਸ ਨਾਲ ਜੱਟ, ਹਿੰਦੂ, ਦਲਿਤ ਅਤੇ ਪਛੜੀ ਸ਼੍ਰੇਣੀ ਨਾਲ ਸੰਬੰਧਿਤ ਚਾਰ ਕਾਰਜਕਾਰੀ ਪ੍ਰਧਾਨ ਲਾ ਕੇ ਸਭਨਾ ਵਰਗਾਂ ਨੂੰ ਨੁੰਮਾਇੰਦਗੀ ਦੇਣ ਦਾ ਯਤਨ ਕੀਤਾ। ਹਾਲੀ ਵੀ ਆਪਣੀ ਜ਼ਿੱਦ ’ਤੇ ਕਾਇਮ ਰਹਿਣ ਦਾ ਸੰਕੇਤ ਦਿੰਦਿਆਂ ਕੈਪਟਨ ਨੇ ਟਵੀਟ ਕੀਤਾ ਕਿ ਜਦ ਤੱਕ ਸਿੱਧੂ ਮੇਰੀ ਸਰਕਾਰ ਵਿਰੁੱਧ ਕੀਤੀਆਂ ਟਿੱਪਣੀਆਂ ਦੀ ਜਨਤਕ ਤੌਰ ’ਤੇ ਮੁਆਫੀ ਨਹੀਂ ਮੰਗਦਾ ਤਦ ਤੱਕ ਉਹ ਸਿੱਧੂ ਨੂੰ ਨਹੀਂ ਮਿਲੇਗਾ। 20 ਜੁਲਾਈ ਨੂੰ ਬ੍ਰਹਮ ਮਹਿੰਦਰਾ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਸਿੱਧੂ ਦੇ ਪ੍ਰਧਾਨ ਬਣਨ ਦਾ ਸਵਾਗਤ ਪਰ ਉਹ ਸਿੱਧੂ ਨੂੰ ਉਦੋਂ ਤੱਕ ਨਹੀਂ ਮਿਲਣਗੇ ਜਦੋਂ ਤੱਕ ਕੈਪਟਨ ਨਾਲ ਮਸਲੇ ਨਹੀਂ ਨਿਬੇੜਦੇ। ਇਸ ਤੋਂ ਲੱਗਦਾ ਸੀ ਕਿ ਪੰਜਾਬ ’ਚ ਕਾਂਗਰਸ ਦੀ ਧੜੇਬੰਦੀ ਹੋਰ ਵਧੇਗੀ।

ਹਾਈ ਕਮਾਂਡ ਦੀਆਂ ਹਿਦਾਇਤਾਂ ’ਤੇ ਸਿੱਧੂ ਨੇ ਤਾਂ ਇੱਕ ਦਿਨ ਪਹਿਲਾਂ ਹੀ ਵਿਧਇਕਾਂ ਤੇ ਸਾਬਕਾ ਪ੍ਰਧਾਨਾਂ ਨੂੰ ਮਿਲਣਾ ਸ਼ੁਰੂ ਕਰ ਦਿੱਤਾ ਸੀ ਪਰ ਜਿਉਂ ਹੀ 18 ਜੁਲਾਈ ਦੀ ਰਾਤ ਨੂੰ ਪ੍ਰਧਾਨ ਐਲਾਨਿਆ ਗਿਆ ਤਾਂ ਸਿੱਧੂ ਦਾ ਕਾਫਲਾ ਪਲ ਪਲ ਵਧਦਾ ਗਿਆ।  21 ਜੁਲਾਈ ਨੂੰ ਦਰਬਾਰ ਸਾਹਿਬ ਅੰਮ੍ਰਿਤਸਰ, ਬਾਲਮੀਕੀ ਮੰਦਰ ਰਾਮ ਤੀਰਥ ਅਤੇ ਦੁਰਗਿਆਨਾ ਮੰਦਰ ’ਚ ਮੱਥਾ ਟੇਕਣ ਤੋਂ ਪਹਿਲਾਂ ਸਿੱਧੂ ਦੇ ਘਰ ਮੌਜੂਦਾ ਪ੍ਰਧਾਨ ਸੁਨੀਲ ਜਾਖੜ ਸਮੇਤ 60 ਤੋਂ ਵੱਧ ਵਿਧਾਇਕਾਂ ਨੇ ਬੰਦ ਕਮਰੇ ’ਚ ਮੀਟਿੰਗ ਕੀਤੀ, ਜਿਸ ’ਚ ਬਹੁ ਸੰਮਤੀ ਵਿਧਾਇਕਾਂ ਦੀ ਰਾਇ ਸੀ ਕਿ ਸਿੱਧੂ ਨੇ ਕੈਪਟਨ ’ਤੇ ਕੋਈ ਨਿੱਜੀ ਦੋਸ਼ ਨਹੀਂ ਲਾਏ ਬਲਕਿ ਸਰਕਾਰ ਦੀ ਕਾਰਗੁਜ਼ਾਰੀ ’ਤੇ ਟਿੱਪਣੀਆਂ ਕੀਤੀਆਂ ਹਨ ਜੋ ਜਾਇਜ਼ ਵੀ ਹਨ ਤਾਂ ਮੁਆਫੀ ਕਿਸ ਗੱਲ ਦੀ? ਦੂਸਰੇ ਫੈਸਲੇ ਅਨੁਸਾਰ 23 ਜੁਲਾਈ ਨੂੰ ਪੰਜਾਬ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਸਿੱਧੂ ਵੱਲੋਂ ਪ੍ਰਧਾਨ ਅਤੇ ਚਾਰ ਕਾਰਜਕਾਰੀ ਪ੍ਰਧਾਨਾਂ ਦੇ ਅਹੁਦਾ ਸੰਭਾਲ ਸਮਾਗਮ ’ਚ ਸ਼ਾਮਲ ਹੋਣ ਲਈ ਕੈਪਟਨ ਨੂੰ ਸੱਦਾ ਪੱਤਰ ਦੇਣ ਲਈ ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ ਦੀ ਡਿਊਟੀ ਲਾਈ ਗਈ, ਜਿਸ ’ਤੇ ਪੰਜ ਮੰਤਰੀਆਂ ਅਤੇ 55 ਵਿਧਾਇਕਾਂ ਦੇ ਦਸਤਖਤ ਹਨ। ਜਿਹੜਾ ਕੈਪਟਨ ਪਹਿਲਾਂ ਸਿੱਧੂ ਤੋਂ ਮੁਆਫੀ ਮੰਗਵਾਉਣ ਦੀ ਸ਼ਰਤ ’ਤੇ ਦ੍ਰਿੜ੍ਹ ਸੀ ਉਹ 60 ਵਿਧਾਇਕਾਂ ਦੇ ਦਸਤਖਤ ਵੇਖ ਹੈਰਾਨ ਰਹਿ ਗਿਆ ਤੇ ਇਹ ਚਿੰਤਾ ਕਰਨ ਲੱਗਾ ਕਿ ਜੇ ਮੈਂ ਬਹੁਤੀ ਜ਼ਿੱਦ ਕੀਤੀ ਤਾਂ 2022 ਤਾਂ ਦੂਰ ਇਹ ਤਾਂ ਮੈਨੂੰ ਹੁਣੇ ਅਹੁਦੇ ਤੋਂ ਲਾਹੁਣ ਲਈ ਮਤਾ ਪਾਸ ਕਰ ਨਵਾਂ ਆਗੂ ਚੁਣ ਸਕਦੇ ਹਨ; ਤਾਂ ਬਿਨਾਂ ਕਿਸੇ ਹੀਲ ਹੱੁਜ਼ਤ ਸੱਦਾ ਪ੍ਰਵਾਨ ਕਰਦਿਆਂ ਇਸ ਸਮਾਗਮ ਤੋਂ ਪਹਿਲਾਂ ਸਿੱਧੂ ਸਮੇਤ ਸਾਰੇ ਵਿਧਾਇਕਾਂ ਤੇ ਸੀਨੀਅਰ ਆਗੂਆਂ ਨੂੰ ਆਪਣੇ ਵੱਲੋਂ ਚਾਹ ’ਤੇ ਪਹੁੰਚਣ ਦਾ ਸੱਦਾ ਵੀ ਦਿੱਤਾ।  23 ਮਾਰਚ ਨੂੰ ਸਿੱਧੂ ਵੱਲੋਂ ਅਹੁਦਾ ਸੰਭਾਲ ਸਮਾਗਮ ਦੌਰਾਨ ਕੈਪਟਨ ਨੇ ਸਿੱਧੂ ਪਰਵਾਰ ਨਾਲ ਆਪਣੇ ਪੁਰਾਣੇ ਰਿਸ਼ਤਿਆਂ ਨੂੰ ਯਾਦ ਕਰਦਿਆਂ ਨਵਜੋਤ ਸਿੰਘ ਸਿੱਧੂ ਸਮੇਤ ਚਾਰੇ ਕਾਰਜਕਾਰੀ ਪ੍ਰਧਾਨਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਕਿਹਾ ਹੁਣ ਮੈਂ ਅਤੇ ਸਿੱਧੂ ਦੇਸ਼ ਦੀ ਸਿਆਸਤ ਵਿੱਚ ਇਕੱਠੇ ਚਲਾਂਗੇ। ਇਸ ਤਰ੍ਹਾਂ ਹਾਈ ਕਮਾਂਡ ਜਿੱਥੇ ਸਾਰੇ ਸੀਨੀਅਰ ਆਗੂਆਂ ਨੂੰ ਇੱਕ ਮੰਚ ’ਤੇ ਇਕੱਠੇ ਕਰਨ ਵਿੱਚ ਸਫਲ ਰਹੀ ਉੱਥੇ ਸਿੱਧੂ ਦੀ ਸਰਦਾਰੀ ਕਾਇਮ ਰਹੀ। ਹੁਣ ਦੇਖਣਾ ਇਹ ਹੈ ਕਿ ਕੀ ਹਾਈ ਕਮਾਂਡ ਵੱਲੋਂ ਕੈਪਟਨ ਨੂੰ ਦਿੱਤੇ 18 ਨੁਕਾਤੀ ਪ੍ਰੋਗਰਾਮ ਜੋ ਇੱਕ ਤਰ੍ਹਾਂ ਸਿੱਧੂ ਵੱਲੋਂ ਕੈਪਟਨ ਸਰਕਾਰ ’ਤੇ ਕੀਤੀਆਂ ਟਿੱਪਣੀਆਂ ਦਾ ਹੀ ਪ੍ਰਤੀਬਿੰਬ ਹਨ ਅਤੇ ਕੈਪਟਨ ਲਈ ਸਿਰਦਰਦੀ ਦਾ ਕਾਰਨ ਹਨ ਉਨ੍ਹਾਂ ਨੂੰ ਲਾਗੂ ਕਰਵਾ ਸਕਦੇ ਹਨ ਜਾਂ ਨਹੀਂ?

ਹੁਣ ਤੱਕ ਸਿੱਧੂ ਦੀ ਇਮਾਨਦਾਰ ਛਵੀ ਦਿੱਸਦੀ ਹੋਣ ਕਰਕੇ ਲੋਕਾਂ ਨੂੰ ਉਸ ’ਤੇ ਭਰੋਸਾ ਹੈ ਅਤੇ ਇਸੇ ਭਰੋਸੇ ਕਾਰਨ ਹਾਈ ਕਮਾਂਡ ਨੇ ਉਸ ਨੂੰ ਪੰਜਾਬ ਕਾਂਗਰਸ ਦੀ ਵਾਗਡੋਰ ਸੌਂਪੀ ਹੈ ਪਰ ਉਸ ਨੂੰ ਯਾਦ ਰੱਖਣਾ ਪਏਗਾ ਕਿ ਪੰਜਾਬ ਦੇ ਲੋਕ ਹੁਣ ਪਹਿਲਾਂ ਵਾਲੇ ਨਹੀਂ ਰਹੇ ਕਿ ਸਟੇਜ ’ਤੇ ਤਿੱਖੇ ਭਾਸ਼ਣ ਸੁਣ ਕੇ ਸੰਤੁਸ਼ਟ ਹੋ ਜਾਣਗੇ ਬਲਕਿ ਕਿਸਾਨ ਅੰਦੋਲਨ ਨੇ ਲੋਕਾਂ ਨੂੰ ਇੰਨਾ ਕੁ ਜਾਗਰੂਕ ਤੇ ਸੁਚੇਤ ਕਰ ਦਿੱਤਾ ਹੈ ਕਿ ਉਹ ਅਮਲੀ ਰੂਪ ਵਿੱਚ ਨਤੀਜਿਆਂ ਦੀ ਮੰਗ ਕਰਦੇ ਹਨ। ਜੇਕਰ ਸਿੱਧੂ ਆਪਣੇ ਵਾਅਦੇ ਨਿਭਾਉਣ ਵਿੱਚ ਸਫਲ ਹੁੰਦਾ ਦਿੱਸਿਆ ਤਾਂ ਉਹ ਅਵੱਛ ਸਫਲਤਾ ਦੀਆਂ ਬੁਲੰਦੀਆਂ ’ਤੇ ਪਹੁੰਚ ਸਕਦਾ ਹੈ, ਨਹੀਂ ਤਾਂ ਉਸ ਨੂੰ ਯਾਦ ਰੱਖਣਾ ਪਏਗਾ ਕਿ ਉਸ ਦਾ ਹਸ਼ਰ ਵੀ ਭਾਜਪਾ ਦੇ ਆਗੂਆਂ ਵਰਗਾ ਹੀ ਹੋਵੇਗਾ ਜਿਸ ਦੇ ਟਰੇਲਰ ਉਹ ਖਟਕਲਾਂ ਅਤੇ ਚਮਕੌਰ ਸਾਹਿਬ ਵਿਖੇ ਵੇਖ ਚੁੱਕਾ ਹੈ, ਜਿੱਥੇ ਕਿਸਾਨਾਂ ਨੂੰ ਮਿਲਣ ਦਾ ਸਮਾਂ ਨਾ ਦੇਣ ’ਤੇ ਅਤੇ ਆਪਣੇ ਆਪ ਨੂੰ ਖੂਹ ਤੇ ਕਿਸਾਨਾਂ ਨੂੰ ਪਿਆਸੇ ਦੱਸਣ ਵਾਲ਼ੇ ਬਿਆਨ ਦੇ ਪ੍ਰਤੀਕਰਮ ਵਜੋਂ ਉਸ ਨੂੰ ਘਿਰਾਉ ਦਾ ਸਾਹਮਣਾ ਕਰਨਾ ਪਿਆ ਸੀ।

ਭਾਜਪਾ ਜਿਹੜੀ ਭ੍ਰਿਸ਼ਟਾਚਾਰ ਮੁਕਤ ਭਾਰਤ ਦਾ ਨਾਹਰਾ ਦੇ ਕੇ ਸੱਤਾ ’ਚ ਆਈ ਸੀ ਉਸ ਦੀ ਹਾਲਤ ਸਭ ਪਾਰਟੀਆਂ ਨਾਲੋਂ ਨਿਘਰਦੀ ਵਿਖਾਈ ਦੇ ਰਹੀ ਹੈ। ਵਿਰੋਧੀਆਂ ਨੂੰ ਚੁੱਪ ਕਰਵਾਉਣ ਜਾਂ ਦਲਬਦਲੀ ਰਾਹੀਂ ਆਪਣੀ ਪਾਰਟੀ ਵਿੱਚ ਸ਼ਾਮਲ ਕਰਵਾਉਣ ਲਈ ਸੀ. ਬੀ. ਆਈ., ਈ. ਡੀ. ਵਰਗੀਆਂ ਏਜੰਸੀਆਂ ਨੂੰ ਵਰਤਦੀ ਹੈ ਅਤੇ ਆਪਣੀ ਪਾਰਟੀ ਵਿੱਚ ਸ਼ਾਮਲ ਹੋਏ ਭ੍ਰਿਸ਼ਟ ਆਗੂਆਂ ਨੂੰ ਕਲੀਨ ਚਿੱਟ ਦਿਵਾਉਣ ਲਈ ਇਨ੍ਹਾਂ ਹੀ ਏਜੰਸੀਆਂ ਦੀ ਦੁਰਵਰਤੋਂ ਕਰਦੀ ਹੈ। ਉਸ ਦੀਆਂ ਵੈਸੇ ਤਾਂ ਅਨੇਕਾਂ ਉਦਾਹਰਨਾਂ ਹਨ ਪਰ ਇੱਥੇ ਮਿਸਾਲਾਂ ਸਿਰਫ ਦੋ ਹੀ ਹਨ। ਪਹਿਲੀ ਘਟਨਾ ਮਹਾਂਰਾਸ਼ਟਰ ਦੀ ਹੈ ਜਿੱਥੇ 2019 ਦੀਆਂ ਵਿਧਾਨ ਸਭਾ ਚੋਣਾਂ ਉਪਰੰਤ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਭਾਜਪਾ ਅਤੇ ਸ਼ਿਵਸੈਨਾ ਦਾ ਗਠਜੋੜ ਟੁੱਟ ਜਾਣ ਤੋਂ ਬਾਅਦ ਕੋਈ ਵੀ ਪਾਰਟੀ ਆਪਣੀ ਸਰਕਾਰ ਬਣਾਉਣ ਦੇ ਸਮਰਥ ਨਹੀਂ ਸੀ। ਸ਼ਿਵਸੈਨਾ ਨੇ ਹੁਣ ਤੱਕ ਵਿਰੋਧੀ ਰਹੀਆਂ ਸ਼ਰਦ ਪਵਾਰ ਦੀ ਅਗਵਾਈ ਵਾਲੀ ਐਨ. ਸੀ. ਪੀ. ਅਤੇ ਗਾਂਧੀ ਪਰਵਾਰ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਨਾਲ ਗੱਠ-ਜੋੜ ਕਰ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਦਿੱਤਾ, ਪਰ ਸ਼ਰਦ ਪਵਾਰ ਦਾ ਭਤੀਜਾ ਅਜੀਤ ਪਵਾਰ ਜੋ ਐਨ. ਸੀ. ਪੀ. ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ ਸੀ ਉਸ ਨਾਲ ਰਾਤੋ ਰਾਤ ਮਿਲ ਕੇ 23 ਨਵੰਬਰ 2019 ਸਵੇਰੇ 7.30 ਵਜੇ ਭਾਜਪਾ ਦੇ ਦਵਿੰਦਰ ਫਡਨਾਵੀਸ ਨੇ ਮੁੱਖ ਮੰਤਰੀ ਵਜੋਂ ਅਤੇ ਅਜੀਤ ਪਵਾਰ ਨੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ। ਇਸੇ ਦੌਰਾਨ ਬਹੁਤ ਹੀ ਕਾਹਲੀ ਵਿੱਚ ਉਸ ਨੂੰ 25 ਨਵੰਬਰ ਨੂੰ ਸਿੰਚਾਈ ਘੁਟਾਲੇ ਦੇ ਦੋਸ਼ਾਂ ਵਿੱਚ ਭ੍ਰਿਸ਼ਟਾਚਾਰ ਰੋਕੂ ਬਿਊਰੋ ਨੇ ਅਤੇ ਪੂਨੇ ਜ਼ਿਲ੍ਹਾ ਕਰੈਡਿਟ ਕੋ-ਅਪ੍ਰੇਟਿਵ (PDCC) ਬੈਂਕ, ਜਿਸ ਦਾ ਅਜੀਤ ਪਵਾਰ ਡਾਇਰੈਕਟਰ ਸੀ, ਦੇ ਖਾਤੇ ’ਚ ਅਨ-ਅਕਾਊਂਟਡ 500 ਕਰੋੜ ਰੁਪਏ ਜਮ੍ਹਾ ਕਰਵਾਉਣ ਦੇ ਦੋਸ਼ ’ਚ ਕਲੀਨ ਚਿੱਟ ਦੇ ਦਿੱਤੀ। ਦੋਵਾਂ ਕੇਸਾਂ ਵਿੱਚ ਕਲੀਨ ਚਿੱਟ ਲੈਣ ਉਪਰੰਤ ਤੁਰੰਤ ਹੀ 26 ਨਵੰਬਰ ਨੂੰ ਅਜੀਤ ਪਵਾਰ ਨੇ ਉੱਪ ਮੁੱਖ ਮੰਤਰੀ ਦੇ ਅਹੁੱਦੇ ਤੋਂ ਅਸਤੀਫਾ ਦੇ ਕੇ ਆਪਣਾ ਸਮਰਥਨ ਵਾਪਸ ਲੈ ਲਿਆ। ਆਪਣੀਆਂ ਏਜੰਸੀਆਂ ਦੀਆਂ ਵਾਸ਼ਿੰਗ ਮਸ਼ੀਨਾਂ ਰਾਹੀਂ ਭ੍ਰਿਸ਼ਟਾਚਾਰ ਦੇ ਦਾਗ਼ ਧੋਣ ਵਾਲੀ ਭਾਜਪਾ ਦਾ ਮੁੱਖ ਮੰਤਰੀ ਚਲਾ ਗਿਆ। ਕੇਵਲ ਇੱਕ ਮਹੀਨੇ ਬਾਅਦ ਉਸੇ ਅਜੀਤ ਪਵਾਰ ਨੇ 30 ਦਸੰਬਰ ਨੂੰ ਆਪਣੇ ਚਾਚੇ ਦੀ ਪਾਰਟੀ ਦੇ ਕੋਟੇ ’ਚ ਊਦਵ ਠਾਕਰੇ ਦੀ ਸਰਕਾਰ ’ਚ ਫਿਰ ਉੱਪ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ।

ਦੂਸਰੀ ਉਦਾਹਰਨ ਬੰਗਾਲ ਦੀ ਹੈ ਜਿੱਥੇ ਮਮਤਾ ਨੂੰ ਹਰਾ ਕੇ ਸਰਕਾਰ ਬਣਾਉਣ ਦੇ ਜਨੂੰਨ ’ਚ ਅੰਨ੍ਹੀ ਹੋਈ ਭਾਜਪਾ ਨੇ ਸੀ ਬੀ ਆਈ ਦਾ ਡਰ ਵਿਖਾ ਕੇ ਟੀ. ਐੱਮ. ਸੀ. ਦੇ ਮੁਕੁਲ ਰੌਇ ਅਤੇ ਸਵੇਂਧੂ ਅਧਿਕਾਰੀ ਸਮੇਤ ਵੱਡੀ ਗਿਣਤੀ ਵਿੱਚ ਸੀਨੀਅਰ ਆਗੂ ਆਪਣੀ ਪਾਰਟੀ ’ਚ ਸ਼ਾਮਲ ਕਰ ਲਏ। ਜਿਨ੍ਹਾਂ ਨੇ ਭਾਜਪਾ ਦਾ ਡਰ ਮੰਨਣ ਤੋਂ ਇਨਕਾਰ ਕਰਦਿਆਂ ਸ਼ਾਮਲ ਹੋਣ ਤੋਂ ਨਾਂਹ ਕੀਤੀ ਉਨ੍ਹਾਂ ’ਚੋਂ ਮਮਤਾ ਸਰਕਾਰ ਦੇ ਦੋ ਮੰਤਰੀਆਂ ਸਮੇਤ ਚਾਰ ਟੀ. ਐੱਮ. ਸੀ. ਆਗੂਆਂ ਨੂੰ ਸੀ. ਬੀ. ਆਈ. ਨੇ ਨਾਰਦਾ ਸਟਿੰਗ ਅਪ੍ਰੇਸ਼ਨ ’ਚ ਗ੍ਰਿਫ਼ਤਾਰ ਕਰ ਲਿਆ ਪਰ ਭਾਜਪਾ ਦਾ ਪੱਲਾ ਫੜਨ ਵਾਲੇ ਉਸੇ ਕੇਸ ਵਿੱਚ ਸ਼ਾਮਲ ਬੰਗਾਲ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਸਵੇਂਧੂ ਅਧਿਕਾਰੀ ਅਤੇ ਭਾਜਪਾ ਉੱਪ ਪ੍ਰਧਾਨ ਮੁਕੁਲ ਰੌਇ ਨੂੰ ਹੱਥ ਨਹੀਂ ਪਾਇਆ। ਸੀ. ਬੀ. ਆਈ. ਦੀ ਕਾਰਵਾਈ ਉਪਰੰਤ ਮੁਕੁਲ ਰੌਇ ਨੇ ਭਾਜਪਾ ਤੋਂ ਅਸਤੀਫ਼ਾ ਦੇ ਕੇ ਮੁੜ ਟੀ. ਐੱਮ. ਸੀ. ’ਚ ਸ਼ਾਮਲ ਹੋ ਭਾਜਪਾ ਨੂੰ ਅੰਗੂਠਾ ਵਿਖਾ ਦਿੱਤਾ ਭਾਵ ਜੇ ਮੁਕੁਲ ਰੌਇ ਵਿਰੁੱਧ ਕਾਰਵਾਈ ਕਰਦੇ ਹਨ ਤਾਂ ਭਾਜਪਾ ਆਗੂ ਸਵੇਂਧੂ ਅਧਿਕਾਰੀ ਵਿਰੁੱਧ ਵੀ ਕਾਰਵਾਈ ਕਰਨੀ ਪੈਣੀ ਹੈ, ਜੋ ਉਸ ਲਈ ਅਸੰਭਵ ਜਾਪਦੀ ਹੈ। ਜਾਂਚ ਕਰਨ ਵਾਲੀਆਂ ਇਨ੍ਹਾਂ ਸੰਵਿਧਾਨਕ ਏਜੰਸੀਆਂ ਅਤੇ ਲੋਕਾਂ ਦੇ ਪੈਸੇ ਨਾਲ ਖ਼ਰੀਦੀ ਪੈਗਾਸਸ ਜਸੂਸੀ ਐਪ ਦੀ ਜਿਸ ਤਰ੍ਹਾਂ ਆਪਣੀਆਂ ਪਾਰਟੀ ਦੀਆਂ ਸਰਕਾਰਾਂ ਬਣਾਉਣ ਅਤੇ ਲੋਕ ਹਿੱਤਾਂ ’ਚ ਬੋਲਣ ਤੇ ਲਿਖਣ ਵਾਲੇ ਆਗੂਆਂ ਤੇ ਪੱਤਰਕਾਰਾਂ ਨੂੰ ਆਪਣੀ ਸਰਕਾਰ ਦੇ ਵਿਰੁੱਧ ਸਮਝ ਕੇ ਵਰਤੋਂ ਹੋ ਰਹੀ ਹੈ, ਇਹ ਲੋਕ ਹੱਕਾਂ ’ਤੇ ਡਾਕਾ ਹੈ, ਜਿਸ ਨੂੰ ਲੋਕ ਕਦੀ ਮੁਆਫ ਨਹੀਂ ਕਰਨਗੇ।