ਦੁਖ ਭੰਜਨੁ ਤੇਰਾ ਨਾਮੁ ਜੀ
ਗਉੜੀ ਮਹਲਾ ੫ ਮਾਂਝ ॥
ਦੁਖ ਭੰਜਨੁ ਤੇਰਾ ਨਾਮੁ ਜੀ; ਦੁਖ ਭੰਜਨੁ ਤੇਰਾ ਨਾਮੁ ॥ ਆਠ ਪਹਰ ਆਰਾਧੀਐ; ਪੂਰਨ ਸਤਿਗੁਰ ਗਿਆਨੁ ॥੧॥ ਰਹਾਉ ॥ ਜਿਤੁ+ਘਟਿ (’ਚ) ਵਸੈ ਪਾਰਬ੍ਰਹਮੁ; ਸੋਈ ਸੁਹਾਵਾ ਥਾਉ ॥ ਜਮ ਕੰਕਰੁ ਨੇੜਿ ਨ ਆਵਈ; ਰਸਨਾ ਹਰਿ ਗੁਣ ਗਾਉ ॥੧॥ ਸੇਵਾ ਸੁਰਤਿ ਨ ਜਾਣੀਆ; ਨਾ ਜਾਪੈ ਆਰਾਧਿ ॥ ਓਟ ਤੇਰੀ ਜਗਜੀਵਨਾ ! ਮੇਰੇ ਠਾਕੁਰ ਅਗਮ ਅਗਾਧਿ !॥੨॥ ਭਏ ਕ੍ਰਿਪਾਲ ਗੁਸਾਈਆ; ਨਠੇ ਸੋਗ ਸੰਤਾਪ ॥ ਤਤੀ ਵਾਉ ਨ ਲਗਈ; ਸਤਿਗੁਰਿ (ਨੇ) ਰਖੇ ਆਪਿ ॥੩॥ ਗੁਰੁ ਨਾਰਾਇਣੁ, ਦਯੁ ਗੁਰੁ; ਗੁਰੁ ਸਚਾ ਸਿਰਜਣਹਾਰੁ ॥ ਗੁਰਿ+ਤੁਠੈ (ਨਾਲ) ਸਭ ਕਿਛੁ ਪਾਇਆ; ਜਨ ਨਾਨਕ ਸਦ ਬਲਿਹਾਰ ॥੪॥ (ਮਹਲਾ ੫/੨੧੮)
ਵੀਚਾਰ ਅਧੀਨ ਇਹ ਅੰਮ੍ਰਿਤਮਈ ਬਚਨ ਪੰਜਵੇਂ ਗੁਰੂ ਨਾਨਕ; ਗੁਰੂ ਅਰਜਨ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਗਉੜੀ ਮਾਝ ਰਾਗ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਕ 218 ’ਤੇ ਸੁਭਾਇਮਾਨ ਹਨ। ਇਸ ਸਬਦ ਵਿੱਚ ਨਾਮ ਦੀ ਵਡਿਆਈ ਅੰਕਿਤ ਕੀਤੀ ਹੈ ਅਤੇ ਨਾਮ ਨੂੰ ਸਾਰੇ ਦੁੱਖਾਂ ਦਾ ਹਰਤਾ (ਨਾਸ਼ ਕਰਨ ਵਾਲ਼ਾ) ਦੱਸਿਆ ਹੈ। ਨਾਮ ਕੀ ਹੈ ? ਇਸ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕੀ ਕਹਿੰਦੀ ਹੈ ? ਆਓ ਇਸ ਦੀ ਵਿਚਾਰ ਕਰੀਏ। ਸਿਰੀ ਰਾਗ ਅੰਦਰ ਗੁਰੂ ਨਾਨਕ ਸਾਹਿਬ ਜੀ ਦੇ ਇਸ ਪ੍ਰਥਾਇ ਬਚਨ ਇਸ ਤਰ੍ਹਾਂ ਹਨ ‘‘ਏਕੋ ਨਾਮੁ ਹੁਕਮੁ ਹੈ; ਨਾਨਕ ! ਸਤਿਗੁਰਿ (ਨੇ) ਦੀਆ ਬੁਝਾਇ ਜੀਉ ॥’’ (ਮਹਲਾ ੧/੭੨)
ਭਾਵ ਹੇ ਨਾਨਕ ! ਸਤਿਗੁਰੂ ਜੀ ਨੇ ਇਹ ਗੱਲ ਸਮਝਾ ਦਿੱਤੀ ਹੈ ਕਿ ਪ੍ਰਮਾਤਮਾ ਦਾ ਨਾਮ ਜਪਣਾ ਹੀ ਮਨੁੱਖ ਲਈ ਪ੍ਰਭੂ ਦਾ ਹੁਕਮ ਹੈ। ਜਿਸ ਤਰ੍ਹਾਂ ਇੱਕ ਸਿੱਕੇ ਦੇ ਦੋ ਪਹਿਲੂ ਹੁੰਦਿਆਂ ਹੋਇਆਂ ਵੀ ਉਹ ਇਕ ਹੈ, ਠੀਕ ਉਸੇ ਤਰ੍ਹਾਂ ਨਾਮ ਅਤੇ ਹੁਕਮ ਵੀ ਇਕ ਹਨ। ਨਾਮ ਵਿੱਚ ਰੱਤੀਆਂ ਹੋਈਆਂ ਰੂਹਾਂ ਹੀ ਉਸ ਨਾਮੀ ਪ੍ਰਭੂ ਦੇ ਹੁਕਮ ਨੂੰ ਖਿੜੇ ਮੱਥੇ ਪ੍ਰਵਾਨ ਕਰਦੀਆਂ ਹਨ ਤਾਂ ਤੇ ਹੁਕਮ ਵਿੱਚ ਚੱਲਣ ਵਾਲੇ ਜਗਿਆਸੂਆਂ ਨੂੰ ਹੀ ਨਾਮ ਸਿਮਰਨ ਦੇ ਆਭਿਆਸੀ ਕਿਹਾ ਜਾ ਸਕਦਾ ਹੈ। ਇਸ ਸ਼ਬਦ ਦੇ ਕਰਤਾ ਗੁਰੂ ਅਰਜਨ ਦੇਵ ਜੀ ਹਨ, ਜਿਨ੍ਹਾਂ ਅੰਦਰ ਗੁਰ ਜੋਤਿ ਦਾ ਪ੍ਰਕਾਸ਼ ਹੈ, ਉਨ੍ਹਾਂ ਵਰਗਾ ਨਾਮੀ ਜਾ ਹੁਕਮ ਮੰਨਣ ਵਾਲਾ ਹੋਰ ਕੌਣ ਹੋ ਸਕਦਾ ਹੈ ? ਉਹ ਤਾਂ ਬਾਣੀ ਅੰਦਰ ਇਸ ਤਰ੍ਹਾਂ ਕਥਨ ਕਰਦੇ ਹਨ ਕਿ ਜੇਕਰ ਉਸ ਪ੍ਰਭੂ ਦੇ ਨਾਮ ਨਾਲ ਅਟੁੱਟ ਸਾਂਝ ਬਣ ਜਾਏ ਤਾਂ ਫਿਰ ਪ੍ਰਭੂ ਆਪਣੇ ਸੇਵਕ ਨੂੰ ਕੋਈ ਦੁੱਖ ਦੇਣ ਵਾਲਾ ਸਮਾਂ ਨਹੀਂ ਵੇਖਣ ਦਿੰਦਾ। ਉਹ ਆਪਣਾ ਮੁੱਢ ਕਦੀਮਾਂ ਦਾ ਭਗਤਾਂ ਨੂੰ ਪਿਆਰ ਕਰਨ ਵਾਲਾ ਸੁਭਾਅ ਸਦਾ ਚੇਤੇ ਰੱਖਦਾ ਹੈ। ਪ੍ਰਭੂ ਆਪਣਾ ਹੱਥ ਦੇ ਕੇ ਆਪਣੇ ਸੇਵਕ ਦੀ ਰੱਖਿਆ ਕਰਦਾ ਹੈ। ਉਸ ਨੂੰ ਹਰੇਕ ਸਾਹ ਦੇ ਨਾਲ ਪਾਲਦਾ ਰਹਿੰਦਾ ਹੈ ‘‘ਅਉਖੀ ਘੜੀ ਨ ਦੇਖਣ ਦੇਈ; ਅਪਨਾ ਬਿਰਦੁ ਸਮਾਲੇ ॥ ਹਾਥ ਦੇਇ ਰਾਖੈ ਅਪਨੇ ਕਉ; ਸਾਸਿ ਸਾਸਿ (ਨਾਲ) ਪ੍ਰਤਿਪਾਲੇ ॥’’ (ਮਹਲਾ ੫/੬੮੨)
ਵੀਚਾਰ ਅਧੀਨ ਸਬਦ ਦੀਆਂ ‘ਰਹਾਉ’ ਵਾਲੀਆਂ ਪੰਕਤੀਆਂ ਰਾਹੀਂ ਵੀ ਸੀਤਗੁਰੂ ਜੀ ਫ਼ੁਰਮਾ ਰਹੇ ਹਨ ‘‘ਦੁਖ ਭੰਜਨੁ ਤੇਰਾ ਨਾਮੁ ਜੀ; ਦੁਖ ਭੰਜਨੁ ਤੇਰਾ ਨਾਮੁ ॥ ਆਠ ਪਹਰ ਆਰਾਧੀਐ; ਪੂਰਨ ਸਤਿਗੁਰ ਗਿਆਨੁ ॥੧॥ ਰਹਾਉ ॥’’ ਭਾਵ ਹੇ ਪ੍ਰਭੂ ! ਤੇਰਾ ਨਾਮ ਸਾਰੇ ਦੁੱਖਾਂ ਨੂੰ ਨਾਸ ਕਰਨ ਵਾਲ਼ਾ ਹੈ। ਦੁੱਖਾਂ ਨੂੰ ਭੰਜਨ ਵਾਲਾ ਹੈ। ਹੇ ਭਾਈ ! ਇਹ ਨਾਮ ਅੱਠੇ ਪਹਿਰ ਸਿਮਰਨਾ ਚਾਹੀਦਾ ਹੈ। ਪੂਰੇ ਸਤਿਗੁਰ ਦਾ ਇਹੀ ਉਪਦੇਸ਼ ਹੈ, ਜੋ ਪਰਮਾਤਮਾ ਨਾਲ ਡੂੰਘੀ ਸਾਂਝ ਪਵਾ ਸਕਦਾ ਹੈ। ਗੁਰਬਾਣੀ ਅਨੁਸਾਰ ਨਾਮ ਦੇ ਦਾਤੇ ਸਤਿਗੁਰੂ ਜੀ ਹੀ ਹਨ, ਨਾ ਕਿ ਕੋਈ ਵਿਅਕਤੀ, ਜਿਵੇਂ ਕਿ ਅੱਜ ਕੱਲ੍ਹ ਅਗਿਆਨਤਾ ਦੇ ਕਾਰਨ ਬਹੁਤੇ ਮਨੁੱਖ ਪੁਰੇ ਸਤਿਗੁਰੂ ਨੂੰ ਛੱਡ ਕੇ ਵੱਖ-ਵੱਖ ਸਰੀਰਾਂ ਮਗਰ ਦੌੜ ਰਹੇ ਹਨ। ਇਹਨਾਂ ਸਰੀਰਾਂ ਨੇ ਲੁਕਾਈ ਨੂੰ ਸੱਚੇ ਨਾਮ ਦੇ ਨਾਲ ਜੋੜਨ ਦੀ ਥਾਂ ਆਪਣੇ ਸਰੀਰ ਨਾਲ ਜੋੜਿਆ ਹੈ, ਇਸੇ ਲਈ ਸੱਚੇ ਸੁੱਖ ਦੀ ਥਾਂ ’ਤੇ ਦੁੱਖਾਂ ਦੀ ਪ੍ਰਾਪਤੀ ਹੋ ਰਹੀ ਹੈ। ਨਹੀਂ ਤਾਂ ਨਾਮ ਜਿਸ ਹਿਰਦੇ ਵਿੱਚ ਵੱਸ ਜਾਏ, ਉਸ ਬਾਰੇ ਸ਼ਬਦ ਦੇ ਪਹਿਲੇ ਪਦੇ ਵਿੱਚ ਗੁਰਦੇਵ ਜੀ ਫ਼ੁਰਮਾ ਰਹੇ ਹਨ ‘‘ਜਿਤੁ+ਘਟਿ (’ਚ) ਵਸੈ ਪਾਰਬ੍ਰਹਮੁ; ਸੋਈ ਸੁਹਾਵਾ ਥਾਉ ॥ ਜਮ ਕੰਕਰੁ ਨੇੜਿ ਨ ਆਵਈ; ਰਸਨਾ ਹਰਿ ਗੁਣ ਗਾਉ ॥੧॥’’ ਭਾਵ ਜਿਸ ਹਿਰਦੇ ਵਿੱਚ ਪ੍ਰਮਾਤਮਾ ਵੱਸਦਾ ਹੈ, ਸਹੀ ਅਰਥਾਂ ਵਿੱਚ ਉਹੀ ਸੁੰਦਰ ਤੇ ਸ਼ੋਭਾ ਦੇਣ ਵਾਲਾ ਹਿਰਦਾ (ਥਾਂ) ਹੈ। ਧਰਮ ਰਾਜ ਦੇ ਦੂਤ ਉਸ ਦੇ ਨੇੜੇ ਨਹੀਂ ਆਉਂਦੇ, ਜਿਹੜਾ ਆਪਣੀ ਰਸਨਾ ਨਾਲ਼ ਸਦਾ ਹਰੀ ਦੇ ਗੁਣ ਗਾਉਂਦਾ ਰਹਿੰਦਾ ਹੈ।
ਗੁਰਬਾਣੀ ਅੰਦਰ ਹੋਰ ਥਾਂ ਵੀ ਸਤਿਗੁਰੂ ਜੀ ਦਾ ਕਥਨ ਹੈ ਕਿ ਹੇ ਪ੍ਰਭੂ ! ਤੇਰਾ ਨਾਮ ਸੁਣ ਕੇ ਜਮਦੂਤ ਨੇੜੇ ਨਹੀਂ ਆਉਂਦੇ। ਤੇਰੇ ਨਾਮ ਦੀ ਬਰਕਤ ਸਦਕਾ ਜੀਵ ਨੂੰ ਛੱਡ ਕੇ ਚੱਲੇ ਜਾਂਦੇ ਹਨ। ਗੁਰਵਾਕ ਹੈ ‘‘ਸੁਣਿ ਕੈ ਜਮ ਕੇ ਦੂਤ; ਨਾਇ ਤੇਰੈ (ਰਾਹੀਂ), ਛਡਿ ਜਾਹਿ ॥’’ (ਮਹਲਾ ੫/੯੬੨) ਸਭ ਤੋਂ ਵੱਡਾ ਜਮਦੂਤ ਹੈ ‘ਅਹੰਕਾਰ’। ਇਸ ਲਈ ਜਿੱਥੇ ਨਾਮ ਹੈ, ਉੱਥੇ ਇਸ ਲਈ ਕੋਈ ਥਾਂ ਨਹੀਂ ਹੁੰਦੀ। ਜਿੱਥੇ ਨਾਮ ਜਪਣ ਵਾਲੇ ਵਿੱਚੋਂ ਮੈ ਮੇਰੀ ਖ਼ਤਮ ਹੋ ਜਾਂਦੀ ਹੈ, ਉੱਥੇ ਹੀ ਇਹ ਅਵਸਥਾ ਬਣ ਸਕਦੀ ਹੈ, ਜਿਸ ਦਾ ਜ਼ਿਕਰ ਸਤਿਗੁਰੂ ਜੀ ਆਪਣੇ ਸ਼ਬਦ ਦੇ ਦੂਸਰੇ ਪਦੇ ਰਾਹੀਂ ਕਰ ਰਹੇ ਹਨ ‘‘ਸੇਵਾ ਸੁਰਤਿ ਨ ਜਾਣੀਆ; ਨਾ ਜਾਪੈ ਆਰਾਧਿ ॥ ਓਟ ਤੇਰੀ ਜਗਜੀਵਨਾ ! ਮੇਰੇ ਠਾਕੁਰ ਅਗਮ ਅਗਾਧਿ !॥੨॥’’ ਭਾਵ ਹੇ ਪ੍ਰਭੂ ! ਨਾ ਮੈਨੂੰ ਤੇਰੀ ਸੇਵਾ ਕਰਨ ਦੀ ਸੋਝੀ ਆਈ ਹੈ, ਨਾ ਹੀ ਅਰਾਧਨਾ ਕਰਨ ਦੀ ਜਾਚ ਹੈ। ਹੇ ਜਗ ਦੇ ਜੀਵਨ ! ਹੇ ਅਪਹੁੰਚ ਤੇ ਅਥਾਹ ਮੇਰੇ ਮਾਲਕ ਜੀ ! ਮੈਨੂੰ ਤਾਂ ਕੇਵਲ ਤੇਰੀ ਹੀ ਟੇਕ ਹੈ।
ਜਦੋਂ ਸਾਰੇ ਆਸਰੇ ਛੱਡ ਕੇ ਕੋਈ ਮਨੁੱਖ ਉਸ ਪਰੀ ਪੂਰਨ ਪ੍ਰਾਮਤਮਾ ਦੀ ਟੇਕ ਧਾਰਨ ਕਰਦਾ ਹੈ ਤਾਂ ‘‘ਚਿਤਿ (’ਚ) ਆਵੈ ਓਸੁ ਪਾਰਬ੍ਰਹਮੁ; ਲਗੈ ਨ ਤਤੀ ਵਾਉ ॥੧॥’’ (ਮਹਲਾ ੫/੭੦) ਦੇ ਮਹਾਵਾਕਾਂ ਅਨੁਸਾਰ ਉਸ ਨੂੰ ਵਿਕਾਰਾਂ ਦੀ ਤੱਤੀ ਹਵਾ ਪੋਹ ਵੀ ਨਹੀਂ ਸਕਦੀ। ਇਸੇ ਹੀ ਵਿਚਾਰ ਨੂੰ ਸਤਿਗੁਰੂ ਜੀ ਆਪਣੇ ਸ਼ਬਦ ਦੇ ਅਗਲੇ ਤੀਸਰੇ ਪਦੇ ਅੰਦਰ ਇਸ ਤਰ੍ਹਾਂ ਬਿਆਨ ਰਹੇ ਹਨ ‘‘ਭਏ ਕ੍ਰਿਪਾਲ ਗੁਸਾਈਆ; ਨਠੇ ਸੋਗ ਸੰਤਾਪ ॥ ਤਤੀ ਵਾਉ ਨ ਲਗਈ; ਸਤਿਗੁਰਿ (ਨੇ) ਰਖੇ ਆਪਿ ॥੩॥’’ ਭਾਵ ਜਦੋਂ ਮੇਰੇ ਮਾਲਕ ਕਿਰਪਾਲੂ ਹੋ ਗਏ ਤਾਂ ਮੇਰੇ ਸਾਰੇ ਦੁੱਖ ਦੂਰ ਹੋ ਗਏ। ਹੁਣ ਤੱਤੀ ਹਵਾ ਤੱਕ ਨਹੀਂ ਲੱਗਦੀ ਕਿਉਂਕਿ ਸਤਿਗੁਰੂ ਨੇ ਆਪ ਰੱਖਿਆ ਕੀਤੀ ਹੈ । ਸਤਿਗੁਰੂ ਜੀ ਨੇ ਰੱਖਿਆ ਰੱਬ ਦੇ ਨਾਮ ਰਾਹੀਂ ਹੀ ਕਰਨੀ ਹੈ; ਜਿਵੇਂ ਕਿ ਬਚਨ ਹਨ ‘‘ਗੁਰਿ ਪੂਰੈ (ਨੇ) ਮੇਰੀ ਰਾਖਿ ਲਈ ॥ ਅੰਮ੍ਰਿਤ ਨਾਮੁ ਰਿਦੇ ਮਹਿ ਦੀਨੋ; ਜਨਮ ਜਨਮ ਕੀ ਮੈਲੁ ਗਈ ॥੧॥ ਰਹਾਉ ॥’’ (ਮਹਲਾ ੫/੮੨੩) ਉਸ ਜਗਿਆਸੂ ਦਾ ਆਪਣੇ ਸਤਿਗੁਰੂ ਪ੍ਰਤੀ ਐਨਾ ਵਿਸ਼ਵਾਸ ਦ੍ਰਿੜ੍ਹ ਹੋ ਜਾਂਦਾ ਹੈ ਕਿ ‘‘ਗੁਰੁ ਪਰਮੇਸਰੁ ਹੈ ਭੀ ਹੋਗੁ ॥’’ (ਮਹਲਾ ੫/੮੬੪) ਨੂੰ ਸਤਿ ਕਰ ਮੰਨਦਿਆਂ ਹੋਇਆਂ ਆਪਣਾ ਸਭ ਕੁਝ ਉਸ ਸਤਿਗੁਰੂ ਨੂੰ ਸਮਝਦਾ ਹੈ, ਜਿਸ ਨੇ ਇਸ ਦੇ ਮਨ ਅਤੇ ਤਨ ਨੂੰ ਉਸ ਪ੍ਰਭੂ ਦੇ ਨਾਮ ਵਿੱਚ ਰੰਗ ਦਿੱਤਾ ਹੈ ਅਤੇ ਇਹ ਵੀ ਅਹਿਸਾਸ ਕਰਵਾ ਦਿੱਤਾ ਕਿ ਨਾਮ ਨਾਲ ਜੁੜਨਾ ਭਾਵ ਹੁਕਮ ਨੂੰ ਮਿੱਠਾ ਕਰਕੇ ਮੰਨਣ ਵਿੱਚ ਹੀ ਸ੍ਰੇਸ਼ਟ ਸੁੱਖ ਹੈ ਅਤੇ ਨਾਮ ਨਾਲੋਂ ਟੁੱਟ ਜਾਣਾ ਹੀ ਸਭ ਤੋਂ ਵੱਡਾ ਦੁੱਖ ਹੈ। ਵੀਚਾਰ ਅਧੀਨ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਇਸ ਤਰ੍ਹਾ ਹਨ ‘‘ਗੁਰੁ ਨਾਰਾਇਣੁ, ਦਯੁ ਗੁਰੁ; ਗੁਰੁ ਸਚਾ ਸਿਰਜਣਹਾਰੁ ॥ ਗੁਰਿ ਤੁਠੈ (ਨਾਲ) ਸਭ ਕਿਛੁ ਪਾਇਆ; ਜਨ ਨਾਨਕ ਸਦ ਬਲਿਹਾਰ ॥੪॥’’ ਭਾਵ ਮੇਰੇ ਲਈ ਗੁਰੂ ਹੀ ਨਾਰਾਇਣ ਹੈ, ਗੁਰੂ ਹੀ ਪ੍ਰਮੇਸ਼ਰ ਹੈ ਅਤੇ ਗੁਰੂ ਹੀ ਸਚਾ ਸਿਰਜਣਹਾਰ ਹੈ ਕਿਉਂਕਿ ਗੁਰੂ ਦੇ ਪ੍ਰਸੰਨ ਹੋਣ ਨਾਲ ਮੈਨੂੰ ਸਭ ਕੁਝ ਪ੍ਰਾਪਤ ਹੋਇਆ ਹੈ, ਇਸ ਲਈ ਦਾਸ ਨਾਨਕ ਗੁਰੂ ਤੋਂ ਸਦਾ ਸਦਕੇ ਜਾਂਦਾ ਹੈ।