ਕਰਮਕਾਂਡਾਂ ’ਚ ਕੀਮਤੀ ਜੀਵਨ ਗਵਾਉਣ ਦੀ ਥਾਂ ਪਰਵਾਰਿਕ ਸੰਬੰਧਾਂ ਰਾਹੀਂ ਪ੍ਰਭੂ ਨਾਲ਼ ਜੋੜਦੀ ਗੁਰਬਾਣੀ

0
43

ਕਰਮਕਾਂਡਾਂ ’ਚ ਕੀਮਤੀ ਜੀਵਨ ਗਵਾਉਣ ਦੀ ਥਾਂ ਪਰਵਾਰਿਕ ਸੰਬੰਧਾਂ ਰਾਹੀਂ ਪ੍ਰਭੂ ਨਾਲ਼ ਜੋੜਦੀ ਗੁਰਬਾਣੀ

ਕਿਰਪਾਲ ਸਿੰਘ ਬਠਿੰਡਾ

ਪ੍ਰਮਾਤਮਾ ਇੱਕ ਅਜਿਹੀ ਅਦਿੱਖ ਸ਼ਕਤੀ ਹੈ ਜਿਸ ਨੇ ਧਰਤੀ, ਅਕਾਸ਼, ਸੂਰਜ, ਚੰਦ, ਤਾਰੇ ਬਣਾ ਕੇ ਇਸ ਕਾਇਨਾਤ ’ਚ ਸਾਰੇ ਜੀਵ ਜੰਤੂ ਪੈਦਾ ਕੀਤੇ ਅਤੇ ਆਪ ਨੇ ਹੀ ਉਨ੍ਹਾਂ ਦੇ ਭੋਜਨ ਦਾ ਪ੍ਰਬੰਧ ਕੀਤਾ। ਉਹ ਸਭਨਾਂ ਜੀਆਂ ’ਚ ਆਪ ਹੀ ਵਰਤ ਰਿਹਾ ਹੈ, ਪਰ ਜੋ ਉਸ ਦਾ ਨਾਮ ਜਪਦਾ ਹੈ ਉਸ ਦੇ ਹੀ ਪਾਪ ਕੱਟੀਦੇ ਹਨ, ਇਸ ਲਈ ਮਨੁੱਖ ਨੂੰ ਉਪਦੇਸ਼ ਹੈ ਕਿ ਤੂੰ ਉਸ ਦਾ ਨਾਮ ਧਿਆਇਆ ਕਰ ‘‘ਆਪੇ ਧਰਤੀ ਸਾਜੀਅਨੁ; ਆਪੇ ਆਕਾਸੁ ਵਿਚਿ ਆਪੇ ਜੰਤ ਉਪਾਇਅਨੁ; ਮੁਖਿ ਆਪੇ ਦੇਇ ਗਿਰਾਸੁ ਸਭੁ ਆਪੇ ਆਪਿ ਵਰਤਦਾ; ਆਪੇ ਹੀ ਗੁਣਤਾਸੁ ਜਨ ਨਾਨਕ  ! ਨਾਮੁ ਧਿਆਇ ਤੂ; ਸਭਿ ਕਿਲਵਿਖ ਕਟੇ ਤਾਸੁ ’’ (ਮਹਲਾ /੩੦੨)

ਜਗਤ ਨੂੰ ਪੈਦਾ ਕਰਨ ਵਾਲੇ ਪਰਮਾਤਮਾ ਨੂੰ ਸਦਾ-ਥਿਰ ਸਮਝਣਾ ਚਾਹੀਦਾ ਹੈ। ਉਹੀ (ਸਭ ਦੀ) ਪਾਲਣਾ ਕਰਨ ਵਾਲਾ ਹੈ, ਜਿਸ ਨੇ ਆਪ ਹੀ ਆਪਣੇ ਆਪ ਨੂੰ (ਸਰਬ ਵਿਆਪਕ) ਸਥਾਪਿਤ ਕੀਤਾ ਹੈ, ਉਹ ਅਦ੍ਰਿਸ਼ਟ ਹੈ, ਬੇਅੰਤ ਹੈ। (ਧਰਤੀ ਤੇ ਆਕਾਸ਼) ਦੋਵੇਂ ਪੁੜ ਜੋੜ ਕੇ (ਭਾਵ ਜਗਤ-ਰਚਨਾ ਕਰ ਕੇ) ਉਸ ਨੇ ਆਪਣੀ ਰਜ਼ਾ ਅਨੁਸਾਰ ਜੀਵਾਂ ਨੂੰ ਮਾਇਆ ਦੇ ਮੋਹ ’ਚ ਫਸਾ ਕੇ ਆਪਣੇ ਨਾਲੋਂ ਵਿਛੋੜਿਆ ਹੈ। ਗੁਰੂ ਤੋਂ ਬਿਨਾਂ (ਰੂਹਾਨੀਅਤ ਪੱਖੋਂ ਨਿਰਾ) ਘੁੱਪ ਹਨ੍ਹੇਰਾ ਹੈ। ਭਾਵੇਂ ਬਾਹਰ ਉਸ ਨੇ ਸੂਰਜ ਤੇ ਚੰਦ੍ਰਮਾ ਬਣਾਏ ਹਨ। ਪ੍ਰਭੂ ਦਾ ਬਣਾਇਆ ਇਹ ਜਗਤ-ਤਮਾਸ਼ਾ ਹੀ ਹੈ ‘‘ਸਚੁ ਸਿਰੰਦਾ ਸਚਾ ਜਾਣੀਐ; ਸਚੜਾ ਪਰਵਦਗਾਰੋ ਜਿਨਿ ਆਪੀਨੈ ਆਪੁ ਸਾਜਿਆ; ਸਚੜਾ ਅਲਖ ਅਪਾਰੋ ਦੁਇ ਪੁੜ ਜੋੜਿ ਵਿਛੋੜਿਅਨੁ; ਗੁਰ ਬਿਨੁ ਘੋਰੁ ਅੰਧਾਰੋ ਸੂਰਜੁ ਚੰਦੁ ਸਿਰਜਿਅਨੁ; ਅਹਿਨਿਸਿ ਚਲਤੁ ਵੀਚਾਰੋ ’’ (ਮਹਲਾ /੫੮੦)

ਗੁਰੂ ਸਾਹਿਬ ਜੀ ਦਾ ਉਪਦੇਸ਼ ਹੈ ਕਿ ਜਿਸ ਅਕਾਲ ਪੁਰਖ ਦੀ ਕ੍ਰਿਪਾ ਦੁਆਰਾ ਸਾਨੂੰ ਇਹ ਮਨੁੱਖਾ ਦੇਹੀ ਮਿਲੀ ਹੈ, ਇਸ ਮਨੁੱਖਾ ਜਨਮ ’ਚ ਹੀ ਉਸ ਨੂੰ ਮਿਲਣ ਦੀ ਵਾਰੀ ਹੈ ‘‘ਭਈ ਪਰਾਪਤਿ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ’’ (ਮਹਲਾ /੧੨)

ਜਗਿਆਸੂ ਦੇ ਮਨ ’ਚ ਸਵਾਲ ਪੈਦਾ ਹੁੰਦਾ ਹੈ ਕਿ ਜਿਹੜਾ ਪ੍ਰਮਾਤਮਾ ਹੈ ਹੀ ਨਿਰੰਕਾਰ, ਜਿਸ ਦਾ ਕੋਈ ਰੰਗ ਰੂਪ ਨਹੀਂ, ਆਕਾਰ ਨਹੀਂ, ਜਿਸ ਨੂੰ ਵੇਖਿਆ, ਛੂਹਿਆ ਜਾਂ ਫੜਿਆ ਨਹੀਂ ਜਾ ਸਕਦਾ ਉਸ ਨੂੰ ਮਿਲਿਆ ਕਿਵੇਂ ਜਾਵੇ ? ਜਿਸ ਮਨੁੱਖ ਨੂੰ ਉਸ ਨਿਰੰਕਾਰ ਬਾਰੇ ਕੋਈ ਜਾਣਕਾਰੀ ਹੀ ਨਹੀਂ ਉਸ ਨੂੰ ਮਿਲਣ ਦਾ ਢੰਗ ਤਰੀਕਾ ਸਮਝਾਉਣਾ ਬਹੁਤ ਕਠਿਨ ਹੈ। ਗੁਰੂ ਸਾਹਿਬ ਜੀ ਨੇ ਉਸ ਸਰਬ ਸ਼ਕਤੀਮਾਨ ਪ੍ਰਭੂ ਨੂੰ ਪਰਿਵਾਰਿਕ ਤੇ ਸਮਾਜਿਕ ਰਿਸ਼ਤਿਆਂ ਦੇ ਰੂਪ ’ਚ ਪੇਸ਼ ਕਰ ਕੇ ਸਮਝਾਇਆ ਹੈ; ਜਿਵੇਂ ਕਿ ਰਿਸ਼ਤੇਦਾਰ ਇੱਕ ਦੂਜੇ ਦੇ ਸਹਾਈ ਹਨ ਉਸੇ ਤਰ੍ਹਾਂ ਅਕਾਲ ਪੁਰਖ ਸਾਡੀ ਹਰ ਤਰ੍ਹਾਂ ਦੀ ਪਾਲਣਾ ਤੇ ਰੱਖਿਆ ਕਰਦਾ ਹੈ। ਗੁਰਬਾਣੀ ’ਚ ਪ੍ਰਭੂ ਨੂੰ ਮਾਤਾ, ਪਿਤਾ, ਭਰਾ ਤੇ ਰਿਸ਼ਤੇਦਾਰ ਆਦਿ ਕਹਿ ਕੇ ਪਿਆਰਾ ਸਿੱਧ ਕੀਤਾ ਹੈ ਤਾਂ ਕਿ ਕੋਈ ਡਰ ਨਾ ਰਹੇ ‘‘ਤੂੰ ਮੇਰਾ ਪਿਤਾ; ਤੂੰਹੈ ਮੇਰਾ ਮਾਤਾ ਤੂੰ ਮੇਰਾ ਬੰਧਪੁ; ਤੂੰ ਮੇਰਾ ਭ੍ਰਾਤਾ ਤੂੰ ਮੇਰਾ ਰਾਖਾ ਸਭਨੀ ਥਾਈ; ਤਾ ਭਉ ਕੇਹਾ ਕਾੜਾ ਜੀਉ ’’ (ਮਹਲਾ /੧੦੩) ਪਰਮਾਤਮਾ ਆਪਣੇ ਸੇਵਕ ਦੀ ਸਦਾ ਰੱਖਿਆ ਕਰਦਾ ਹੈ; ਜਿਵੇਂ ਮਾਪੇ (ਬੱਚਿਆਂ ਨੂੰ) ਪਾਲਦੇ ਹਨ ‘‘ਅਪਨੇ ਦਾਸ ਕਾ ਸਦਾ ਰਖਵਾਲਾ ਕਰਿ ਕਿਰਪਾ, ਅਪੁਨੇ ਕਰਿ ਰਾਖੇ; ਮਾਤ ਪਿਤਾ ਜਿਉ ਪਾਲਾ ਰਹਾਉ ’’ (ਮਹਲਾ /੬੨੩)

ਉਸ ਅੱਗੇ ਬੇਨਤੀ ਕਰਨੀ ਫਬਦੀ ਹੈ ਕਿ ਹੇ ਪ੍ਰਭੂ ! ਤੂੰ ਸਾਡਾ ਮਾਲਕ ਹੈਂ। ਸਾਡੀ ਜੀਵਾਂ ਦੀ ਤੇਰੇ ਅੱਗੇ ਇਹੀ ਅਰਜ਼ ਹੈ ਕਿ ਇਹ ਜਿੰਦ ਤੇ ਸਰੀਰ (ਜੋ ਤੂੰ ਸਾਨੂੰ ਦਿੱਤਾ ਹੈ) ਸਭ ਤੇਰੀ ਹੀ ਬਖ਼ਸ਼ਸ਼ ਹੈ। ਤੂੰ ਸਾਡਾ ਮਾਂ ਪਿਉ ਹੈਂ, ਅਸੀਂ ਤੇਰੇ ਬੱਚੇ ਹਾਂ, ਤੇਰੀ ਮੇਹਰ ਦੀ ਨਜ਼ਰ ਨਾਲ਼ ਸੱੁਖ ਮਿਲਦੇ ਹਨ। ਕੋਈ ਤੇਰਾ ਅੰਤ ਨਹੀਂ ਪਾ ਸਕਦਾ (ਕਿਉਂਕਿ) ਤੂੰ ਸਭ ਤੋਂ ਉੱਚਾ ਮਾਲਕ ਹੈਂ ‘‘ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ ਕੋਇ ਜਾਨੈ ਤੁਮਰਾ ਅੰਤੁ ਊਚੇ ਤੇ ਊਚਾ ਭਗਵੰਤ ’’ (ਸੁਖਮਨੀ/ਮਹਲਾ /੨੬੮)

ਪਿਤਾ ਆਪਣੇ ਪੁੱਤਰ ਨੂੰ ਜਨਮ ਦੇ ਕੇ ਲੱਖਾਂ ਔਕੁੜਾਂ ਆਪ ਝੱਲ ਕੇ ਪਾਲਦਾ ਹੈ ਭਾਵੇਂ ਕਿ ਮਾਇਆਧਾਰੀ ਹੋਇਆ ਪੁੱਤਰ ਧਨ-ਦੌਲਤ ਲਈ ਪਿਤਾ ਦੁਆਰਾ ਕੀਤੇ ਉਪਕਾਰ ਭੁਲਾ ਕੇ ਉਸ ਨਾਲ਼ ਲੜਦਾ ਹੈ। ਗੁਰੂ ਸਾਹਿਬ ਜੀ ਐਸੇ ਪੁੱਤਰ ਨੂੰ ਸਿੱਖਿਆ ਦਿੰਦੇ ਕਹਿੰਦੇ ਹਨ ਕਿ ਦੁਨੀਆਵੀ ਧਨ ਖ਼ਾਤਰ ਆਪਣੇ ਪਿਤਾ ਨਾਲ ਲੜਨਾ ਸਹੀ ਨਹੀਂ; ਹੇ ਪੁੱਤਰ ! ਜਿਨ੍ਹਾਂ ਮਾਪਿਆਂ ਨੇ ਤੂੰ ਜੰਮਿਆ ਤੇ ਪਾਲਿਆ ਹੈ, ਉਹਨਾਂ ਨਾਲ (ਤੁੱਛ ਲਾਲਚ ਕਾਰਨ) ਝਗੜਨਾ ਗ਼ਲਤ ਹੈ ‘‘ਕਾਹੇ ਪੂਤ  ! ਝਗਰਤ ਹਉ; ਸੰਗਿ ਬਾਪ ਜਿਨ ਕੇ ਜਣੇ ਬਡੀਰੇ ਤੁਮ ਹਉ; ਤਿਨ ਸਿਉ ਝਗਰਤ ਪਾਪ ਰਹਾਉ ’’ (ਮਹਲਾ /੧੨੦੦)

ਰੱਬ ਦੀ ਖੁਸ਼ੀ ਪ੍ਰਾਪਤ ਕਰਨ ਲਈ ਮਨੁੱਖ, ਵਿਖਾਵੇ ਮਾਤਰ ਧਾਰਮਿਕ ਪੁਸਤਕਾਂ ਦੇ ਪਾਠ ਸੁਣਦਾ ਹੈ। ਮਾਂ ਪਿਉ ਨੂੰ ਛੱਡ ਜੰਗਲ਼ਾਂ ’ਚ ਜਾ ਕੇ ਤਪ ਕਰਦਾ ਹੈ। ਕਈ ਦੇਵੀ ਦੇਵਤਿਆਂ ਦੀ ਪੂਜਾ ਕਰਦਾ ਹੈ। ਤੀਰਥ ਇਸ਼ਨਾਨ ਕਰਦਾ ਹੈ। ਦਾਨ, ਪੁੰਨ ਤੇ ਵਰਤ ਨੇਮ ਕਰਦਾ ਹੈ। ਅਜਿਹੇ ਕੁਰਾਹੇ ਪਏ ਲੋਕਾਂ ਨੂੰ ਭਾਈ ਗੁਰਦਾਸ ਜੀ ਆਪਣੀ 13ਵੀਂ ਵਾਰ ਦੀ 37ਵੀਂ ਪਉੜੀ ’ਚ ਬਹੁਤ ਸੁੰਦਰ ਉਦਾਹਰਨਾਂ ਦੇ ਕੇ ਸਮਝਾਉਂਦੇ ਹਨ ਕਿ ਜੋ ਮਨੁੱਖ ਮਾਪਿਆਂ ਨੂੰ ਤਿਆਗ ਕੇ ਧਰਮ ਪੁਸਤਕ ਸੁਣੇ (ਉਹ ਪ੍ਰਭੂ ਦਾ ਭੇਦ) ਨਹੀਂ ਜਾਣੇਗਾ। ਕਥਾ ਸੁਣਨਾ (ਉਸ ਲਈ) ਕਹਾਣੀ ਮਾਤਰ ਹੈ।  ਮਾਂ ਪਿਉ ਨੂੰ ਤਿਆਗ ਜੰਗਲ਼ਾਂ ’ਚ ਜਾ ਕੇ ਜੋ ਤਪ ਕਰਦਾ ਹੈ, ਉਹ ਉਝੜ ਰਾਹਾਂ ’ਚ ਭੁਲਾ ਫਿਰਦਾ ਹੈ। ਮਾਂ ਪਿਉ ਨੂੰ ਛੱਡ ਜੋ ਪੂਜਾ ਕਰਦਾ ਹੈ, ਉਸ ਦੀ ਸੇਵਾ ਕਮਾਈ ਨੂੰ ਦੇਵਤੇ ਨਹੀਂ ਮੰਨਦੇ। ਮਾਂ ਪਿਉ ਨੂੰ ਛੱਡ ਜੋ 68 ਤੀਰਥਾਂ ’ਤੇ ਇਸ਼ਨਾਨ ਕਰਦਾ ਫਿਰਦਾ ਹੈ, ਉਹ ਘੁੰਮਣਘੇਰੀ ’ਚ ਪਿਆ ਗੋਤੇ ਖਾਂਦਾ ਹੈ। ਮਾਂ ਪਿਉ ਨੂੰ ਛੱਡ ਜੋ ਦਾਨ ਕਰਦਾ ਹੈ ਉਹ ਬੇਈਮਾਨ ਤੇ ਅਗਿਆਨੀ ਹੈ। ਮਾਂ ਪਿਉ ਨੂੰ ਛੱਡ ਵਰਤ ਨੇਮ ਕਰਨ ਵਾਲਾ (84 ਲੱਖ ਜੂਨਾਂ ਦੇ) ਭਰਮ ਕਾਰਨ ਭੁੱਲਿਆ ਹੋਇਆ ਹੈ। ਗੁਰੂ ਅਤੇ ਪਰਮੇਸਰ ਦੀ ਸਾਰ ਉਸ ਨੇ ਨਹੀਂ ਜਾਣੀ ਭਾਵ-ਜਿਸ ਅੰਦਰ ਉਪਕਾਰ ਕਰਨ ਦੀ ਵਾਦੀ ਨਹੀਂ, ਮਾਪਿਆਂ ਵਰਗਾ ਸੁਭਾਵਕ ਪਿਆਰ ਵੀ ਜਿਸ ਨੂੰ ਖਿੱਚ ਨਹੀਂ ਪਾਉਂਦਾ, ਉਸ ਦਾ ਧਾਰਮਿਕ ਕਰਮ ਦਿਖਾਵੇ ਤੇ ਹਉਂਮੈ ਲਈ ਹੁੰਦਾ ਹੈ। ਐਸੇ ਕਰਮ ਨਿਸਫਲ ਹਨ। ਬੱਚਿਆਂ ਨੂੰ ਪਾਲਣ ਵਾਲ਼ੇ ਮਾਤਾ-ਪਿਤਾ ਜਿਸ ਤੋਂ ਸੰਤੁਸ਼ਟ ਨਹੀਂ, ਉਸ ’ਤੇ ਗੁਰੂ ਅਤੇ ਪਰਮੇਸੁਰ ਕਿਵੇਂ ਖ਼ੁਸ਼ ਹੋਵੇਗਾ ‘‘ਮਾਂ ਪਿਉ ਪਰਹਰਿ ਸੁਣੈ ਵੇਦੁ; ਭੇਦੁ ਜਾਣੈ ਕਥਾ ਕਹਾਣੀ ਮਾਂ ਪਿਉ ਪਰਹਰਿ ਕਰੈ ਤਪੁ, ਵਣਖੰਡਿ ਭੁਲਾ ਫਿਰੈ ਬਿਬਾਣੀ ਮਾਂ ਪਿਉ ਪਰਹਰਿ ਕਰੈ ਪੂਜੁ; ਦੇਵੀ ਦੇਵ ਸੇਵ ਕਮਾਣੀ ਮਾਂ ਪਿਉ ਪਰਹਰਿ, ਨ੍ਹਾਵਣਾ ਅਠਸਠਿ ਤੀਰਥ; ਘੁੰਮਣ ਵਾਣੀ ਮਾਂ ਪਿਉ ਪਰਹਰਿ ਕਰੈ ਦਾਨ; ਬੇਈਮਾਨ ਅਗਿਆਨ ਪਰਾਣੀ ਮਾਂ ਪਿਉ ਪਰਹਰਿ, ਵਰਤ ਕਰਿ; ਮਰਿ ਮਰਿ ਜੰਮੈ, ਭਰਮਿ ਭੁਲਾਣੀ ਗੁਰੁ ਪਰਮੇਸਰੁ ਸਾਰੁ ਜਾਣੀ ੧੩’’

ਜਿਸ ਤਰ੍ਹਾਂ ਪਿਤਾ ਕਦੇ ਆਪਣੇ ਪੁੱਤਰ ਨੂੰ ਦੁੱਖ ਨਹੀਂ ਦੇਣਾ ਚਾਹੁੰਦਾ। ਉਸ ਦੇ ਭਲੇ ਲਈ ਕੁੱਝ ਤਰੀਕਿਆਂ ਨਾਲ ਝਿੜਕ ਕੇ ਮੁੜ ਆਪਣੇ ਗਲੇ ਨਾਲ ਲਾ ਲੈਂਦਾ ਹੈ, ਉਸੇ ਤਰ੍ਹਾਂ ਜੇ ਗੁਰੂ ਦੀ ਸਿੱਖਿਆ ਮੰਨ ਕੇ ਮਨੁੱਖ ਸਹੀ ਰਾਹ ਪੈ ਜਾਵੇ ਤਾਂ ਪ੍ਰਭੂ ਵੀ ਉਸ ਦੇ ਸਾਰੇ ਪਿਛਲੇ ਗੁਨਾਹ ਮਾਫ਼ ਕਰ ਦਿੰਦਾ ਹੈ ਤੇ ਅਗਾਂਹ ਲਈ ਚੰਗਾ ਰਸਤੇ ਵਿਖਾਉਂਦਾ ਹੈ ‘‘ਜੈਸਾ ਬਾਲਕੁ ਭਾਇ ਸੁਭਾਈ, ਲਖ ਅਪਰਾਧ ਕਮਾਵੈ ਕਰਿ ਉਪਦੇਸੁ, ਝਿੜਕੇ ਬਹੁ ਭਾਤੀ; ਬਹੁੜਿ ਪਿਤਾ ਗਲਿ ਲਾਵੈ ਪਿਛਲੇ ਅਉਗੁਣ ਬਖਸਿ ਲਏ ਪ੍ਰਭੁ; ਆਗੈ ਮਾਰਗਿ ਪਾਵੈ ’’ (ਮਹਲਾ /੬੨੪)

ਜਦੋਂ ਮਨੁੱਖ ਜਵਾਨ ਹੁੰਦਾ ਹੈ ਤਾਂ ਵਿਆਹ ਦੇ ਬੰਧਨਾਂ ’ਚ ਬੱਝਦਾ ਹੈ। ਵਿਆਹ ਤੋਂ ਬਾਅਦ ਮਨੁੱਖ ਦਾ ਸਭ ਤੋਂ ਨੇੜਲਾ ਤੇ ਲੰਬਾ ਸਮਾਂ ਨਿਭਣ ਵਾਲਾ ਰਿਸ਼ਤਾ ਪਤੀ ਪਤਨੀ ਦਾ ਹੁੰਦਾ ਹੈ। ਇਸ ਲਈ ਗੁਰੂ ਸਾਹਿਬ ਨੇ ਸਾਰੇ ਜੀਵਾਂ ਨੂੰ ਪ੍ਰਭੂ ਦੀਆਂ ਇਸਤਰੀਆਂ ਅਤੇ ਪ੍ਰਭੂ ਨੂੰ ਸਾਡੇ ਸਾਰਿਆਂ ਦਾ ਭਰਤਾ ਵਜੋਂ ਬਿਆਨ ਕਰਦਿਆਂ ਕਿਹਾ ਕਿ ਇਸ ਸੰਸਾਰ ਵਿੱਚ ਪਤੀ; ਇੱਕ ਪਰਮਾਤਮਾ ਹੀ ਹੈ, ਬਾਕੀ ਸ੍ਰਿਸ਼ਟੀ ਦੇ ਜੀਵ (ਉਸ ਦੀਆਂ) ਇਸਤ੍ਰੀਆਂ ਹਨ; ਓਹੀ ਸਰਬ ਵਿਆਪਕ ਹੋ ਸਾਰੇ ਸਰੀਰਾਂ ਨੂੰ ਭੋਗਦਾ ਹੈ ਤੇ ਨਿਰਲੇਪ ਭੀ ਰਹਿੰਦਾ ਹੈ। ਉਸ ਅਲੱਖ ਪ੍ਰਭੂ ਦੀ ਸਮਝ ਆਮ ਇਨਸਾਨ ਨੂੰ ਨਹੀਂ ਹੁੰਦੀ। (ਜਿਸ ਨੂੰ) ਪੂਰੇ ਸਤਿਗੁਰੂ ਨੇ (ਉਸ ਦਾ) ਦਰਸ਼ਨ ਕਰਾ ਦਿੱਤਾ, ਉਸ ਨੂੰ ਸਮਝ ਆ ਜਾਂਦੀ ਹੈ। ਜਿਨ੍ਹਾਂ ਨੇ ਗੁਰੂ ਸ਼ਬਦ ਰਾਹੀਂ ਆਪਣਾ ਅਹੰਕਾਰ ਦੂਰ ਕੀਤਾ। ਜਿਹੜੇ ਪ੍ਰਭੂ ਪੁਰਖ ਨੂੰ ਜਪਦੇ ਹਨ, ਉਹ, ਉਸ ਦਾ ਰੂਪ ਹੋ ਜਾਂਦੇ ਹਨ ! ਉਸ ਦਾ ਕੋਈ ਸ਼ਰੀਕ ਨਹੀਂ, ਨਾ ਕੋਈ ਰੱਤੀ ਭਰ ਵੀ ਦੁੱਖ ਦੇਣ ਵਾਲਾ ਵੈਰੀ ਹੈ; ਉਸ ਦਾ ਰਾਜ ਸਦਾ ਅਟੱਲ ਹੈ, ਨਾ ਉਹ ਜੰਮਦਾ ਹੈ, ਨਾ ਮਰਦਾ ਹੈ। (ਸੱਚਾ) ਸੇਵਕ ਉਸ ਸੱਚੇ ਹਰੀ ਦੀ ਸਿਫ਼ਤ-ਸਾਲਾਹ ਕਰ, ਹਰ ਵੇਲੇ ਉਸ ਨੂੰ ਯਾਦ ਕਰਦਾ ਰਹਿੰਦਾ ਹੈ; ਨਾਨਕ (ਭੀ ਉਸ) ਸੱਚੇ ਦੀ ਵਡਿਆਈ ਹੁੰਦੀ ਵੇਖ ਪ੍ਰਸੰਨ-ਚਿੱਤ ਹੈ ‘‘ਇਸੁ ਜਗ ਮਹਿ ਪੁਰਖੁ ਏਕੁ ਹੈ; ਹੋਰ ਸਗਲੀ ਨਾਰਿ ਸਬਾਈ ਸਭਿ ਘਟ ਭੋਗਵੈ; ਅਲਿਪਤੁ ਰਹੈ, ਅਲਖੁ, ਲਖਣਾ ਜਾਈ ਪੂਰੈ ਗੁਰਿ (ਨੇ) ਵੇਖਾਲਿਆ; ਸਬਦੇ ਸੋਝੀ ਪਾਈ ਪੁਰਖੈ ਸੇਵਹਿ, ਸੇ ਪੁਰਖ ਹੋਵਹਿ; ਜਿਨੀ ਹਉਮੈ, ਸਬਦਿ ਜਲਾਈ ਤਿਸ ਕਾ ਸਰੀਕੁ ਕੋ ਨਹੀ; ਨਾ ਕੋ ਕੰਟਕੁ ਵੈਰਾਈ ਨਿਹਚਲ ਰਾਜੁ ਹੈ ਸਦਾ ਤਿਸੁ ਕੇਰਾ; ਨਾ ਆਵੈ, ਨਾ ਜਾਈ ਅਨਦਿਨੁ ਸੇਵਕੁ ਸੇਵਾ ਕਰੇ; ਹਰਿ ਸਚੇ ਕੇ ਗੁਣ ਗਾਈ ਨਾਨਕੁ ਵੇਖਿ ਵਿਗਸਿਆ; ਹਰਿ ਸਚੇ ਕੀ ਵਡਿਆਈ ’’ (ਮਹਲਾ /੫੯੨)

ਗੁਰਮਤਿ ਅਨੁਸਾਰ ਸਰੀਰਕ ਤਲ ’ਤੇ ਪਤੀ ਪਤਨੀ ਕੌਣ ਹਨ, ਇਸ ਬਾਰੇ ਗੁਰੂ ਸਾਹਿਬ ਦਾ ਬਚਨ ਹੈ ਕਿ ਜੋ ਸਰੀਰਕ ਤੌਰ ’ਤੇ ਜੁੜ ਬੈਠਣ; ਉਹ, ਪਤੀ ਪਤਨੀ ਨਹੀਂ ਹੁੰਦੇ ਬਲਕਿ ਜਿਨ੍ਹਾਂ ਦੋਹਾਂ ਸਰੀਰਾਂ ’ਚ ਰੱਬੀ ਜੋਤਿ ਅਨੁਸਾਰ ਵਿਚਾਰ ਹੋਣ, ਉਹ ਹਨ ਅਸਲ ’ਚ ਪਤੀ-ਪਤਨੀ ‘‘ਧਨ ਪਿਰੁ ਏਹਿ ਆਖੀਅਨਿ; ਬਹਨਿ ਇਕਠੇ ਹੋਇ ਏਕ ਜੋਤਿ, ਦੁਇ ਮੂਰਤੀ; ਧਨ ਪਿਰੁ ਕਹੀਐ ਸੋਇ ’’ (ਮਹਲਾ /੭੮੮)

ਜਦੋਂ ਪ੍ਰਮਾਤਮਾ ਨੂੰ ਆਪਣਾ ਪਤੀ ਮੰਨ ਲਿਆ ਤਾਂ ਅਸਲੀ ਸਾਂਝ ਪਾਉਣ ਨਾਲ ਉਸ ਦੀ ਜੋਤਿ ਨਾਲ ਆਪਣੀ ਸੋਚ ਮਿਲਾਉਣਾ ਭਾਵ ਉਸ ਦੇ ਗੁਣ ਧਾਰਨ ਕਰਨੇ ਹੀ ਪ੍ਰਭੂ ਨੂੰ ਪਾਉਣਾ ਹੈ। ਪ੍ਰਭੂ ਦੇ ਗੁਣ ਹਨ ਕਿ ਉਹ ਮਿੱਠੇ ਬੋਲ ਬੋਲਣ ਵਾਲਾ ਪਿਆਰਾ ਮਿੱਤਰ ਹੈ। ਗੁਰੂ ਸਾਹਿਬ ਜੀ ਦੇ ਬਚਨ ਹਨ ਕਿ ਮੈਂ ਬੜੇ ਗਹੁ ਨਾਲ਼ ਵੇਖਿਆ ਹੈ (ਕਿ ਉਹ ਕਦੇ ਕੌੜਾ ਬੋਲ ਬੋਲੇ, ਪਰ) ਐਸਾ ਕੌੜਾ ਬੋਲ ਧਿਆਨ ’ਚ ਨਹੀਂ ਆਇਆ। ਦਰਅਸਲ ਸਾਰੇ ਗੁਣਾਂ ਨਾਲ ਭਰਪੂਰ ਭਗਵਾਨ; ਕੌੜਾ (ਖਰਵਾ) ਬੋਲਣਾ ਹੀ ਨਹੀਂ ਜਾਣਦਾ। ਸਾਡਾ ਵੀ ਕੋਈ ਔਗੁਣ ਚੇਤੇ ਨਹੀਂ ਰੱਖਦਾ। ਵਿਕਾਰੀਆਂ ਨੂੰ ਪਵਿੱਤਰ ਕਰਨਾ, ਉਸ ਦਾ ਮੁੱਢ-ਕਦੀਮਾਂ ਦਾ ਸੁਭਾਅ ਹੈ। (ਕਿਸੇ ਦੀ) ਕੀਤੀ ਘਾਲ-ਕਮਾਈ ਨੂੰ ਉਹ, ਰੱਤਾ ਭਰ ਭੀ ਵਿਅਰਥ ਨਹੀਂ ਜਾਣ ਦੇਂਦਾ। ਹੇ ਭਾਈ ! ਮੇਰਾ ਸੱਜਣ ਹਰੇਕ ਸਰੀਰ ’ਚ ਵੱਸਦਾ ਹੈ। ਸਭ ਅੰਦਰ ਵੱਸਦਾ ਹੈ। ਸਾਰਿਆਂ ਦੇ ਬਹੁਤ ਹੀ ਨੇੜੇ ਹੈ। ਦਾਸ ਸਦਾ ਉਸ ਦੀ ਸ਼ਰਨ ਪਿਆ ਰਹਿੰਦਾ ਹੈ। ਓਹੀ ਸੱਜਣ ਆਤਮਕ ਜੀਵਨ ਦੇਣ ਵਾਲਾ ਹੈ ‘‘ਮਿਠ ਬੋਲੜਾ ਜੀ; ਹਰਿ ਸਜਣੁ ਸੁਆਮੀ ਮੋਰਾ ਹਉ ਸੰਮਲਿ ਥਕੀ ਜੀ; ਓਹੁ ਕਦੇ ਬੋਲੈ ਕਉਰਾ ਕਉੜਾ ਬੋਲਿ ਜਾਨੈ; ਪੂਰਨ ਭਗਵਾਨੈ, ਅਉਗਣੁ ਕੋ ਚਿਤਾਰੇ ਪਤਿਤ ਪਾਵਨੁ ਹਰਿ ਬਿਰਦੁ ਸਦਾਏ; ਇਕੁ ਤਿਲੁ ਨਹੀ ਭੰਨੈ ਘਾਲੇ ਘਟ ਘਟ ਵਾਸੀ, ਸਰਬ ਨਿਵਾਸੀ; ਨੇਰੈ ਹੀ ਤੇ ਨੇਰਾ ਨਾਨਕ ਦਾਸੁ ਸਦਾ ਸਰਣਾਗਤਿ; ਹਰਿ ਅੰਮ੍ਰਿਤ ਸਜਣੁ ਮੇਰਾ ’’ (ਮਹਲਾ /੭੮੪)

ਜਿਹੜੀ ਜੀਵ ਇਸਤਰੀ ਆਪਣੇ ਪਤੀ ਨੂੰ ਛੱਡ ਕਿਸੇ ਹੋਰ ਮਰਦ ਨਾਲ਼ ਸੰਬੰਧ ਰੱਖਦੀ ਹੈ, ਸਮਾਜ ’ਚ ਉਸ ਨੂੰ ਚੰਗਾ ਨਹੀਂ ਸਮਝਿਆ ਜਾਂਦਾ; ਇਉਂ ਅਸਲ ਪਤੀ-ਸੁਹਾਗ ਨਾਲ਼ ਹੀ ਸੰਬੰਧ ਬਣਾਉਣੇ ਹਨ। (ਹੇ ਜੀਵ ਇਸਤ੍ਰੀਏ ! ਤੂੰ ਪਤੀ-ਮਿਲਣ ਲਈ ਬੰਦਗੀ ਤਾਂ ਕਰਦੀ ਹੈਂ, ਪਰ ਜੇ ਅਜੇ ਭੀ ਪਤੀ-ਮਿਲਾਪ ਨਹੀਂ ਹੋਇਆ ਤਾਂ ਇਹ) ਤੇਰੇ ਆਪਣੇ ਅੰਦਰ ਹੀ ਕੋਈ ਘਾਟ ਹੈ। ਜਿਨ੍ਹਾਂ ਦਾ ਨਾਂ ‘ਸੋਹਾਗਣਾ’ ਹੈ, ਉਹਨਾਂ ਅੰਦਰ ਕੋਈ ਹੋਰ ਝਾਕ ਨਹੀਂ ਹੁੰਦੀ ‘‘ਢੂਢੇਦੀਏ ਸੁਹਾਗ ਕੂ; ਤਉ ਤਨਿ (’) ਕਾਈ ਕੋਰ (ਘਾਟ) ਜਿਨ੍ਾ ਨਾਉ ਸੁਹਾਗਣੀ; ਤਿਨ੍ਾ ਝਾਕ ਹੋਰ ’’  (ਬਾਬਾ ਫਰੀਦ ਜੀ/੧੩੮੪)

ਮਰਦਾਨਗੀ ’ਚ ਮੂਰਖ ਮਨੁੱਖ ਨੂੰ ਚਾਹੀਦਾ ਹੈ ਕਿ ਹਰ ਥਾਂ ਕੰਤ-ਪ੍ਰਭੂ ਨੂੰ ਵੇਖੇ; (ਕਾਮਾਤੁਰ ਹੋ) ਪਰਾਈ ਇਸਤ੍ਰੀ ਨੂੰ (ਮੈਲ਼ੀ ਨਜ਼ਰ ਨਾਲ) ਨਾ ਵੇਖੇ। ਮਤਹੀਣੇ ਨਾਪਾਕ ਬੋਲ ਨਾ ਬੋਲ; ਖਿੜੀ ਫੁਲਵਾੜੀ ਵਾਙ ਇਹ ਸੰਸਾਰ ਖਿੜਿਆ ਹੋਇਆ ਹੈ (ਇਸ ਦਾ ਫੁੱਲ ਤੋੜਨਾ ਮਨ੍ਹਾ ਹੈ ਯਾਨੀ ਪਰਾਈ ਇਸਤਰੀ ਨੂੰ ਮੰਦ-ਭਾਵਨਾ ਨਾਲ਼ ਨਹੀਂ ਵੇਖਣਾ) ‘‘ਕਿਆ ਗਾਲਾਇਓ ਭੂਛ; ਪਰ ਵੇਲਿ ਜੋਹੇ, ਕੰਤ ਤੂ ਨਾਨਕ  ! ਫੁਲਾ ਸੰਦੀ ਵਾੜਿ; ਖਿੜਿਆ ਹਭੁ ਸੰਸਾਰੁ ਜਿਉ ’’ (ਮਹਲਾ /੧੦੯੫)

ਜਿਹੜਾ ਜੀਭ-ਰਸ ਤੋਂ ਉਤਾਂਹ ਹੈ। ਮਨ ਅੰਦਰ ਅਕਾਲ ਪੁਰਖ ਦੇ ਦੀਦਾਰ ਦੀ ਤਾਂਘ ਹੈ। ਜੋ ਪਰਾਈ ਇਸਤ੍ਰੀ ਦੇ ਹੁਸਨ ਨੂੰ ਅੱਖਾਂ ਨਾਲ ਨਹੀਂ ਤੱਕਦਾ ਸਗੋਂ ਭਲੇ ਮਨੁੱਖਾਂ ਦੀ ਸੇਵਾ ਕਰਦਾ ਹੈ। ਸੰਤ ਜਨਾਂ ਦੀ ਸੰਗਤ ’ਚ ਪ੍ਰੀਤ ਲਾਉਂਦਾ ਹੈ। ਜੋ ਕੰਨਾਂ ਨਾਲ ਕਿਸੇ ਦੀ ਨਿੰਦਿਆ ਨਹੀਂ ਸੁਣਦਾ ਸਗੋਂ ਆਪਣੇ ਆਪ ਨੂੰ ਸਭ ਤੋਂ ਮਾੜਾ ਸਮਝਦਾ ਹੈ। ਜੋ ਗੁਰੂ ਦੀ ਮਿਹਰ ਦਾ ਨਾਲ਼ ਮਾਇਆ (ਦੇ ਪ੍ਰਭਾਵ) ਤੋਂ ਉੱਪਰ ਹੈ। ਜਿਸ ਅੰਦਰੋਂ ਵਾਸਨਾ ਦੂਰ ਹੈ ਯਾਨੀ ਜੋ ਸਾਰੇ ਹੀ ਗਿਆਨ-ਇੰਦ੍ਰਿਆਂ ਨੂੰ ਕਾਬੂ ਕਾਮਾਦਿਕ ਤੋਂ ਬਚਿਆ ਰਹਿੰਦਾ ਹੈ। ਹੇ ਨਾਨਕ ! ਐਸਾ ਬੰਦਾ ਕਰੋੜਾਂ ’ਚੋਂ ਕੋਈ ਵਿਰਲਾ ਹੀ ‘ਅਪਰਸ’ (ਜੋ ਕੁੱਝ ਵੀ ਨਾ ਛੁਹੇ) ਹੁੰਦਾ ਹੈ ‘‘ਮਿਥਿਆ ਨਾਹੀ, ਰਸਨਾ ਪਰਸ ਮਨ ਮਹਿ ਪ੍ਰੀਤਿ, ਨਿਰੰਜਨ ਦਰਸ ਪਰ ਤ੍ਰਿਅ ਰੂਪੁ; ਪੇਖੈ ਨੇਤ੍ਰ ਸਾਧ ਕੀ ਟਹਲ, ਸੰਤਸੰਗਿ ਹੇਤ ਕਰਨ ਸੁਨੈ, ਕਾਹੂ ਕੀ ਨਿੰਦਾ ਸਭ ਤੇ ਜਾਨੈ; ਆਪਸ ਕਉ ਮੰਦਾ ਗੁਰ ਪ੍ਰਸਾਦਿ, ਬਿਖਿਆ ਪਰਹਰੈ ਮਨ ਕੀ ਬਾਸਨਾ, ਮਨ ਤੇ ਟਰੈ ਇੰਦ੍ਰੀਜਿਤ; ਪੰਚ ਦੋਖ ਤੇ ਰਹਤ ਨਾਨਕ  ! ਕੋਟਿ ਮਧੇ ਕੋ ਐਸਾ ਅਪਰਸ ’’ (ਸੁਖਮਨੀ/ਮਹਲਾ /੨੭੪)

ਜਿੱਥੇ ਇਹ ਸਿੱਖਿਆ ਦੁਨਿਆਵੀ ਤੌਰ ’ਤੇ ਸਾਡੇ ਇਨ੍ਹਾਂ ਰਿਸ਼ਤਿਆਂ ਪ੍ਰਤੀ ਠੀਕ ਢੁਕਦੀ ਹੈ ਉੱਥੇ ਜੀਵਾਂ ਵੱਲੋਂ ਪ੍ਰਭੂ ਦੀ ਪ੍ਰਾਪਤੀ ਲਈ ਬਣੇ ਉਸ ਦੇ ਸੇਵਕਾਂ ਉੱਤੇ ਵੀ ਠੀਕ ਢੁਕਦੀ ਹੈ। ਜੇ ਕੋਈ ਸੇਵਕ ਕਿਸੇ ਇੱਕ ਅੱਧ ਦਾਤ ਦੀ ਘਾਟ ਕਾਰਨ ਅਕਾਲ ਪੁਰਖ ਨਾਲ ਗਿਲਾ ਕਰਦਾ ਹੈ ਕਿ ਮੈਨੂੰ ਇਹ ਦਾਤ ਨਹੀਂ ਮਿਲੀ; ਉਸ ਨੂੰ ਆਪਣੇ ਪਿਤਾ/ ਪਤੀ ਮੰਨ ਕੇ ਵੀ ਹੋਰਨਾਂ ਦੇਵੀ ਦੇਵਤਿਆਂ, ਪੀਰਾਂ ਜਾਂ ਦੇਹਧਾਰੀਆਂ ਤੋਂ ਦਾਤਾਂ ਦੀ ਝਾਕ ਰਖਦਾ ਹੈ ਤਾਂ ਉਨ੍ਹਾਂ ਦੀ ਹਾਲਤ ਬਿਲਕੁਲ ਉਨ੍ਹਾਂ ਵਿਅਕਤੀਆਂ ਵਰਗੀ ਹੈ ਜੋ ਧਨ ਦੌਲਤ ਪਿੱਛੇ ਆਪਣੇ ਪਿਤਾ ਨਾਲ ਝਗੜਦਾ ਹੈ, ਮਾਤਾ ਪਿਤਾ ਦੀ ਸੇਵਾ ਕਰਨ ਦੀ ਥਾਂ ਵਿਖਾਵੇ ਮਾਤਰ ਧਾਰਮਿਕ ਪੁਸਤਕਾਂ ਦੇ ਦੱਸੇ ਮੁਤਾਬਕ ਕਰਮ ਕਾਂਡ ਕਰਦਾ ਹੈ। ਅਜਿਹੇ ਸੁਆਰਥੀ ਮਨੁੱਖਾਂ ਲਈ ਹੀ ਗੁਰਬਾਣੀ ਦੇ ਬਚਨ ਹਨ- (ਮਨੁੱਖ ਪ੍ਰਭੂ ਤੋਂ) ਦਸ ਚੀਜ਼ਾਂ ਲੈ ਕੇ ਸਾਂਭ ਲੈਂਦਾ ਹੈ, (ਪਰ) ਇਕ ਚੀਜ਼ ਦੀ ਖ਼ਾਤਰ ਆਪਣਾ ਇਤਬਾਰ ਗਵਾ ਲੈਂਦਾ ਹੈ (ਕਿਉਂਕਿ ਮਿਲੀਆਂ ਚੀਜ਼ਾਂ ਬਦਲੇ ਸ਼ੁਕਰੀਆ ਤਾਂ ਨਹੀਂ ਕਰਦਾ, ਜੇਹੜੀ ਵਸਤੂ ਨਹੀਂ ਮਿਲੀ ਉਸ ਦਾ ਗਿਲਾ ਕਰਦਾ ਰਹਿੰਦਾ ਹੈ)। (ਜੇ ਪ੍ਰਭੂ) ਇਕ ਚੀਜ਼ ਭੀ ਨਾਹ ਦੇਵੇ, ਤੇ, ਦਸ (ਦਿੱਤੀਆਂ ਹੋਈਆਂ) ਭੀ ਖੋਹ ਲਏ, ਤਾਂ, ਦੱਸੋ, ਇਹ ਮੂਰਖ ਕੀਹ ਕਰ ਸਕਦਾ ਹੈ ? ਜਿਸ ਮਾਲਕ ਦੇ ਨਾਲ ਪੇਸ਼ ਨਹੀਂ ਜਾ ਸਕਦੀ, ਉਸ ਦੇ ਅੱਗੇ ਸਦਾ ਸਿਰ ਨਿਵਾਉਣਾ ਹੀ ਚਾਹੀਦਾ ਹੈ, (ਕਿਉਂਕਿ) ਜਿਸ ਮਨੁੱਖ ਦੇ ਮਨ ਵਿਚ ਪ੍ਰਭੂ ਪਿਆਰਾ ਲੱਗਦਾ ਹੈ, ਸਾਰੇ ਸੁੱਖ ਉਸੇ ਦੇ ਹਿਰਦੇ ’ਚ ਆ ਵੱਸਦੇ ਹਨ। ਹੇ ਨਾਨਕ ! ਜਿਸ ਮਨੁੱਖ ਤੋਂ ਪ੍ਰਭੂ ਆਪਣਾ ਹੁਕਮ ਮਨਾਉਂਦਾ ਹੈ, (ਦੁਨੀਆ ਦੇ) ਸਾਰੇ ਪਦਾਰਥ (ਮਾਨੋ) ਉਸ ਨੇ ਲੱਭ ਲਏ ਹਨ: ‘‘ਦਸ ਬਸਤੂ ਲੇ ਪਾਛੈ ਪਾਵੈ ਏਕ ਬਸਤੁ ਕਾਰਨਿ ਬਿਖੋਟਿ ਗਵਾਵੈ ਏਕ ਭੀ ਦੇਇ, ਦਸ ਭੀ ਹਿਰਿ ਲੇਇ ; ਤਉ, ਮੂੜਾ ਕਹੁ ਕਹਾ ਕਰੇਇ ਜਿਸੁ ਠਾਕੁਰ ਸਿਉ ਨਾਹੀ ਚਾਰਾ ਤਾ ਕਉ ਕੀਜੈ ਸਦ ਨਮਸਕਾਰਾ ਜਾ ਕੈ ਮਨਿ, ਲਾਗਾ ਪ੍ਰਭੁ ਮੀਠਾ ਸਰਬ ਸੂਖ, ਤਾਹੂ ਮਨਿ ਵੂਠਾ ਜਿਸੁ ਜਨ, ਅਪਨਾ ਹੁਕਮੁ ਮਨਾਇਆ ਸਰਬ ਥੋਕ, ਨਾਨਕ  ! ਤਿਨਿ ਪਾਇਆ ’’ (ਗਉੜੀ ਸੁਖਮਨੀ ਮ ੫/੨੬੮)

ਜੇ ਕੋਈ ਵਸਤੂ ਪਿਤਾ ਪਾਸੋਂ ਨਾ ਮਿਲੇ ਤਾਂ ਹੀ ਹੋਰ ਦੇ ਦਰ ’ਤੇ ਜਾਣਾ ਬਣਦਾ ਹੈ। ਜਦ ਰੱਬ ਸਭ ਕੁੱਝ ਦੇਣਵਾਲ਼ਾ ਦਾਤਾਰ ਪਿਤਾ ਮੌਜੂਦ ਹੈ ਤਾਂ ਦੇਵੀ ਦੇਵਤਿਆਂ ਦੀ ਪੱਥਰ/ਮੂਰਤੀ ਪੂਜਾ) ਆਦਿਕ ਕਾਹਦੇ ਲਈ। ਇਨ੍ਹਾਂ ਤੋਂ ਕੁਝ ਨਹੀਂ ਮਿਲਣ ਵਾਲ਼ਾ। ਕਾਹਦੇ ਲਈ ਇਨ੍ਹਾਂ ਕੋਲ਼ ਜਾਈਏ। ਪੱਥਰ-ਮੂਰਤੀ ਨੂੰ ਪਾਣੀ ਨਾਲ ਧੋਈ ਜਾਈਏ ਫਿਰ ਭੀ ਉਨ੍ਹਾਂ ਨੇ ਪਾਣੀ ’ਚ ਡੁੱਬਣਾ ਹੀ ਹੈ (ਸ਼ਰਧਾਵਾਨਾਂ ਕਿਵੇਂ ਉਨ੍ਹਾਂ ਰਾਹੀਂ ਸੰਸਾਰ-ਸਮੁੰਦਰ ਤੋਂ ਤਾਰ ਸਕਦੇ ਹਨ ?) ‘‘ਦੇਵੀ ਦੇਵਾ ਪੂਜੀਐ ਭਾਈ ! ਕਿਆ ਮਾਗਉ. ਕਿਆ ਦੇਹਿ ਪਾਹਣੁ ਨੀਰਿ ਪਖਾਲੀਐ ਭਾਈ ! ਜਲ ਮਹਿ ਬੂਡਹਿ ਤੇਹਿ ’’ (ਮਹਲਾ /੬੩੭)

ਮੈਂ ਤਾਂ ਅਸਲ ਮਾਲਕ ਤੋਂ ਬਿਨਾਂ ਕਿਸੇ ਹੋਰ ਆਸਰੇ ਦੀ ਭਾਲ ’ਚ ਨਹੀਂ ਪੈਂਦਾ। ਕਿਸੇ ਹੋਰ ਨੂੰ ਨਹੀਂ ਪੂਜਦਾ। ਸਮਾਧਾਂ ਜਾਂ ਮਸਾਣਾਂ ’ਚ ਭੀ ਨਹੀਂ ਜਾਂਦਾ। ਮਾਇਆ ਅਧੀਨ ਹੋ ਕੇ (ਪ੍ਰਭੂ ਤੋਂ ਦੂਰ) ਕਿਸੇ ਹੋਰ ਘਰ ’ਚ ਨਹੀਂ ਜਾਂਦਾ ਕਿਉਂਕਿ ਮੇਰੀ ਮਾਇਆਵੀ ਤ੍ਰਿਸ਼ਨਾ ਰੱਬ ਦੇ ਨਾਮ ਨੇ ਮਿਟਾ ਦਿੱਤੀ। ਗੁਰੂ ਨੇ ਮੇਰੇ ਹਿਰਦੇ ਚੋਂ ਪਰਮਾਤਮਾ ਦਾ ਟਿਕਾਣਾ ਵਿਖਾ ਦਿੱਤਾ ਹੈ। ਰੱਬੀ ਪ੍ਰੇਮ ’ਚ ਰੰਗੇ ਮਨ ਨੂੰ ਸੁੱਤੇ ਹੀ ਸਥਿਰਤਾ (ਭਟਕਣਾ ਰਹਿਤ ਜੀਵਨ) ਪਿਆਰਾ ਲੱਗ ਰਿਹਾ ਹੈ। ਹੇ ਮੇਰੇ ਸਾਈਂ ! (ਸਭ ਤੇਰੀ ਹੀ ਮਿਹਰ ਹੈ) ਤੂੰ ਆਪ ਹੀ (ਸਭ ਦਿਲਾਂ ਨੂੰ) ਜਾਣਨ-ਵਾਲਾ ਹੈਂ, ਪਛਾਣਨ ਵਾਲਾ ਹੈਂ। ਜੋ ਮੱਤ ਦੇਂਦਾ ਹੈਂ ਓਹ ਹੁਣ ਚੰਗੀ ਲੱਗਦੀ ਪਈ ਹੈ (ਤਾਹੀਓਂ ਹੋਰ ਪਾਸੇ ਨਹੀਂ ਭਟਕੀਦਾ) ‘‘ਦੁਬਿਧਾ ਪੜਉ, ਹਰਿ ਬਿਨੁ ਹੋਰੁ ਪੂਜਉ; ਮੜੈ ਮਸਾਣਿ ਜਾਈ ਤ੍ਰਿਸਨਾ ਰਾਚਿ, ਪਰ ਘਰਿ ਜਾਵਾ; ਤ੍ਰਿਸਨਾ, ਨਾਮਿ ਬੁਝਾਈ ਘਰ ਭੀਤਰਿ ਘਰੁ, ਗੁਰੂ ਦਿਖਾਇਆ; ਸਹਜਿ ਰਤੇ ਮਨ ਭਾਈ ਤੂ ਆਪੇ ਦਾਨਾ, ਆਪੇ ਬੀਨਾ; ਤੂ ਦੇਵਹਿ ਮਤਿ ਸਾਈ ’’ (ਮਹਲਾ /੬੩੪)

ਸੋ ਗੁਰਬਾਣੀ ਦੀ ਉਕਤ ਵਿਚਾਰ ਤੋਂ ਸਾਫ਼ ਹੈ ਕਿ ਗੁਰੂ ਸਾਹਿਬ ਜੀ ਨੇ ਜਿੱਥੇ ਸਾਡੇ ਪਰਵਾਰਿਕ ਤੇ ਸਮਾਜਿਕ ਰਿਸ਼ਤੇ ਸੁਖਾਵੇਂ ਨਿਭਾਉਣ ਲਈ ਸਹੀ ਸੇਧ ਬਖ਼ਸ਼ੀ, ਉੱਥੇ ਅਸਲ ਮਾਤਾ-ਪਿਤਾ (ਪਰਮਾਤਮਾ) ਨਾਲ਼ ਜੁੜਨ ਦੀ ਅਸਾਨ ਯੁਕਤੀ ਦੱਸੀ ਕਿ ਹਰ ਜੀਵ ’ਚ ਉਸ ਪ੍ਰਭੂ ਦੀ ਜੋਤਿ ਹੈ, ਉਸ ਦੀ ਰੌਸ਼ਨੀ ਨਾਲ਼ ਹੀ ਬੁੱਧੀ ’ਚ ਬਿਬੇਕਤਾ ਆਉਂਦੀ ਹੈ‘‘ਸਭ ਮਹਿ ਜੋਤਿ; ਜੋਤਿ ਹੈ ਸੋਇ ਤਿਸ ਦੈ ਚਾਨਣਿ; ਸਭ ਮਹਿ ਚਾਨਣੁ ਹੋਇ ’’ (ਸੋਹਿਲਾ/ਮਹਲਾ /੧੩) ਗੁਰੂ ਨਾਨਕ ਸਾਹਿਬ ਜੀ ਨੇ ਬਿਪਰਵਾਦ ਸੋਚ ਦੁਆਰਾ ਫਿਟਕਾਰੇ ਲੋਕਾਂ ਨੂੰ ਰੱਬ ਦਾ ਰੂਪ ਸਮਝ ਕੇ ਉਨ੍ਹਾਂ ਨਾਲ਼ ਸਾਂਝ ਵਧਾਈ ਤੇ ਰੱਬ ਅੱਗੇ ਬੇਨਤੀ ਕੀਤੀ ਕਿ ਹੇ ਮਿਹਰਬਾਨ ਪ੍ਰਭੂ ! ਮੈਂ ਇਹੀ ਮੰਗਦਾ ਹਾਂ ਕਿ ਤੇਰਾ ਦਾਸ) ਨਾਨਕ ਉਨ੍ਹਾਂ ਦਾ ਸਾਥੀ ਬਣਿਆ ਰਹੇ, ਜੋ ਨੀਵੀਂ ਤੋਂ ਨੀਵੀਂ ਜਾਤਿ ਦੇ ਮੰਨੇ ਗਏ। ਵੱਡੇ ਅਹੰਕਾਰੀ (ਮਾਇਆਧਾਰੀ) ਬੰਦਿਆਂ ਤੋਂ ਦੂਰ ਰਹਾਂ (ਕਿਉਂਕਿ) ਤੇਰੀ ਮਿਹਰ ਉਨ੍ਹਾਂ ’ਤੇ ਨਹੀਂ; ਉੱਥੇ ਹੈ ਜਿੱਥੇ ਗ਼ਰੀਬਾਂ ਦੀ ਬਾਂਹ ਫੜੀ ਜਾਂਦੀ ਹੈ ‘‘ਨੀਚਾ ਅੰਦਰਿ ਨੀਚ ਜਾਤਿ; ਨੀਚੀ ਹੂ ਅਤਿ ਨੀਚੁ ਨਾਨਕੁ ਤਿਨ ਕੈ ਸੰਗਿ ਸਾਥਿ; ਵਡਿਆ ਸਿਉ ਕਿਆ ਰੀਸ  ? ਜਿਥੈ ਨੀਚ ਸਮਾਲੀਅਨਿ; ਤਿਥੈ ਨਦਰਿ ਤੇਰੀ, ਬਖਸੀਸ  !’’ (ਮਹਲਾ /੧੫)

ਸਭ ਅੰਦਰ ਪ੍ਰਭੂ ਦੀ ਜੋਤਿ ਹੋਣ ਕਾਰਨ ਸਮਾਜਿਕ ਸੇਵਾ ਅਤੇ ਸਤਿਕਾਰ ਕਰਨਾ ਵੀ ਪ੍ਰਭੂ ਦੀ ਸੇਵਾ ਭਗਤੀ ’ਚ ਆਉਂਦਾ ਹੈ। ਇਹ ਸੇਵਾ; ਆਪਣੇ ਘਰ ਤੋਂ ਸ਼ੁਰੂ ਕਰਨੀ ਬਣਦੀ ਹੈ। ਜੋ ਆਪਣੇ ਮਾਤ ਪਿਤਾ, ਪਤੀ/ਪਤਨੀ ਤੇ ਬੱਚਿਆਂ ’ਚ ਰੱਬ ਦੀ ਜੋਤਿ ਨਹੀਂ ਵੇਖਦਾ ਉਹ ਬਾਕੀ ਲੋਕਾਂ ’ਚ ਕਦਾਚਿਤ ਨਹੀਂ ਵੇਖ ਸਕਦਾ। ਸੋ ਮਾਤਾ ਪਿਤਾ ਦੀ ਸੇਵਾ, ਪਤੀ ਪਤਨੀ ਰਿਸ਼ਤਿਆਂ ਦੀ ਪਵਿੱਤਰਤਾ ਨੂੰ ਕਾਇਮ ਰੱਖਣਾ, ਲੋੜਵੰਦਾਂ ਦੀ ਸਹਾਇਤਾ ਕਰਨੀ, ਗੁਰੂ ਅਤੇ ਪ੍ਰਭੂ ਨਾਲ਼ ਪਿਆਰ ਕਰਨਾ ਅਤੇ ਰੱਬੀ ਰਜ਼ਾ ਨੂੰ ਸਿਰਮੱਥੇ ਮੰਨਣਾ ਹੀ ਅਸਲ ਭਗਤੀ ਹੈ, ਪ੍ਰਭੂ ਨਾਲ਼ ਮਿਲਣਾ ਹੈ ‘‘ਅਹਿਨਿਸਿ ਨਾਮਿ ਸੰਤੋਖੀਆ; ਸੇਵਾ ਸਚੁ ਸਾਈ ਤਾ ਕਉ ਬਿਘਨੁ ਲਾਗਈ; ਚਾਲੈ ਹੁਕਮਿ ਰਜਾਈ ਹੁਕਮਿ ਰਜਾਈ ਜੋ ਚਲੈ; ਸੋ ਪਵੈ ਖਜਾਨੈ ਖੋਟੇ ਠਵਰ ਪਾਇਨੀ; ਰਲੇ ਜੂਠਾਨੈ ’’ (ਮਹਲਾ /)