ਕੀ ਪੰਜਾਬੀਆਂ ਲਈ ਹੁਣ ਸ਼ਰਾਬ ਧੀ ਨਾਲੋਂ ਵੀ ਵੱਧ ਕੀਮਤੀ ਹੈ ?

0
308

ਕੀ ਪੰਜਾਬੀਆਂ ਲਈ ਹੁਣ ਸ਼ਰਾਬ ਧੀ ਨਾਲੋਂ ਵੀ ਵੱਧ ਕੀਮਤੀ ਹੈ ?

 ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ, 28, ਪ੍ਰੀਤ ਨਗਰ, ਲੋਅਰ ਮਾਲ ਪਟਿਆਲਾ) – 0175-2216783

ਇਕ ਪੁਰਾਣੀ ਖ਼ਬਰ ਕਈਆਂ ਨੇ ਪੜ੍ਹੀ ਹੋਵੇਗੀ-‘‘ਰਾਜਪੁਰੇ ਦੇ ਇਕ ਨਸ਼ਈ ਟਰੱਕ ਡਰਾਈਵਰ ਨੇ ਸ਼ਰਾਬ ਦੀ ਬੋਤਲ ਪਿੱਛੇ ਆਪਣੀ 13 ਵਰ੍ਹਿਆਂ ਦੀ ਧੀ ਵੇਚੀ।’’

ਇਸ ਖ਼ਬਰ ਦੇ ਛਪਣ ਤੋਂ ਸਾਢੇ ਕੁ ਚਾਰ ਮਹੀਨੇ ਬਾਅਦ ਮੈਨੂੰ ਇਕ ਪੱਤਰਕਾਰ ਭੈਣ ਨੇ ਦੱਸਿਆ ਕਿ ਸਰਕਾਰੀ ਹਸਪਤਾਲ ਵਿੱਚ ਇਕ ਕੁੜੀ ਬੜੀ ਤਰਸਯੋਗ ਹਾਲਤ ਵਿੱਚ ਦਾਖ਼ਲ ਹੋਈ ਹੈ ਜੋ ਤਿੰਨ ਵਾਰ ਵਿਕ ਚੁੱਕੀ ਹੈ। ਪਹਿਲੀ ਵਾਰ ਜਿਹੜੇ ਰਾਜਪੁਰੇ ਦੇ ਟਰੱਕ ਡਰਾਈਵਰ ਨੇ ਆਪਣੀ ਧੀ ਹਰਿਆਣੇ ਦੇ ਟਰੱਕ ਡਰਾਈਵਰ ਕੋਲ ਵੇਚੀ ਸੀ, ਉਹ ਨੇ ਦੂਜੀ ਵਾਰ ਫਿਰ ਯੂ. ਪੀ. ਵੇਚ ਦਿੱਤੀ ਗਈ ਤੇ ਤੀਜੀ ਵਾਰ ਮੁੰਬਈ ਵਿਕੀ।  ਉੱਥੋਂ ਭੱਜਣ ਦੇ ਚੱਕਰ ਵਿੱਚ ਸਮੂਹਕ ਬਲਾਤਕਾਰ ਦਾ ਸ਼ਿਕਾਰ ਹੋ ਕੇ ਭੋਪਾਲ ਪਹੁੰਚੀ।

ਉੱਥੋਂ ਬੇਹੋਸ਼ੀ ਦੀ ਹਾਲਤ ਵਿੱਚ ਕਿਸੇ ਬਜ਼ੁਰਗ ਟੈਕਸੀ ਡਰਾਈਵਰ ਨੇ ਚੁੱਕਿਆ ਤੇ ਆਪਣੇ ਘਰ ਲੈ ਗਿਆ। ਹੋਸ਼ ਆਉਣ ਉੱਤੇ ਉਸ ਨੇ ਇਸ ਦਾ ਪਤਾ ਪੁੱਛ ਕੇ ਥਾਣੇ ਇਤਲਾਹ ਦਿੱਤੀ ਤੇ ਫੇਰ ਇੱਥੇ ਹਸਪਤਾਲ ਵਿੱਚ ਦਾਖ਼ਲ ਕਰਵਾਈ ਹੈ।

ਪੱਤਰਕਾਰ ਭੈਣ ਦੇ ਜ਼ੋਰ ਪਾਉਣ ਉੱਤੇ ਮੈਂ ਉਸ ਨੂੰ ਵੇਖਣ ਗਈ। ਹਸਪਤਾਲ ਦੇ ਵਾਰਡ ਵਿੱਚ ਦਾਖ਼ਲ ਉਸ ਬੱਚੀ ਕੋਲ ਉਸ ਦਾ ਆਪਣਾ ਕੋਈ ਵੀ ਨਹੀਂ ਸੀ। ਡਿਊਟੀ ਉੱਤੇ ਤਾਇਨਾਤ ਮਹਿਲਾ ਪੁਲਿਸ ਅਫਸਰ ਨੇ ਦੱਸਿਆ ਕਿ ਉਸ ਦੀ ਮਾਂ ਕਿਸੇ ਬੰਦੇ ਨਾਲ ਭੱਜ ਗਈ ਹੋਈ ਸੀ ਤੇ ਪਿਓ ਥਾਣੇ ਅੰਦਰ ਬੰਦ ਕਰ ਦਿੱਤਾ ਗਿਆ ਸੀ।  ਬੱਚੀ ਦਾ ਹਾਲ ਵੇਖਿਆ ਨਹੀਂ ਸੀ ਜਾਂਦਾ।

ਜਿਉਂ ਹੀ ਕੋਈ ਉਸ ਦੇ ਮੰਜੇ ਤੋਂ ਤਿੰਨ ਮੰਜੇ ਪਰ੍ਹਾਂ ਤੋਂ ਵੀ ਆਉਂਦਾ ਦਿਸਦਾ ਤਾਂ ਉਹ ਬੱਚੀ ਉੱਚੀ-ਉੱਚੀ ਚੀਕਣ ਲੱਗ ਪੈਂਦੀ ਤੇ ਮਹਿਲਾ ਅਫਸਰ ਦਾ ਹੱਥ ਘੁੱਟ ਕੇ ਫੜ ਕੇ ਚੀਕਦੀ, ‘‘ਫੜ ਲੈ, ਬਚਾ ਲੈ, ਸਲਵਾਰ ਲਾਹੂਗਾ।’’

ਰੌਂਗਟੇ ਖੜ੍ਹੇ ਕਰਨ ਵਾਲਾ ਮਾਹੌਲ ਸੀ। ਵਾਰਡ ਵਿੱਚ ਉਸ ਦੀਆਂ ਚੀਕਾਂ ਦਿਲ ਦੇ ਆਰ-ਪਾਰ ਲੰਘ ਰਹੀਆਂ ਸਨ।  ਮੈਂ ਉਸ ਦੇ ਨੇੜੇ ਜਾਣ ਦੀ ਤਿੰਨ ਵਾਰ ਕੋਸ਼ਿਸ਼ ਕੀਤੀ ਪਰ ਉਸ ਦੀਆਂ ‘ਬਚਾ ਲੈ’ ਵਾਲੀਆਂ ਚੀਕਾਂ ਹੋਰ ਤਿੱਖੀਆਂ ਹੋਣ ਲੱਗ ਪੈਂਦੀਆਂ।  ਮੇਰੇ ਕੋਲ ਹੋਰ ਹਿੰਮਤ ਨਹੀਂ ਸੀ ਬਚੀ ਕਿ ਵਾਰਡ ਵਿੱਚ ਖੜ੍ਹੀ ਰਹਿੰਦੀ।

ਉਸ ਹਾਦਸੇ ਤੋਂ ਤਿੰਨ ਵਰ੍ਹੇ ਬਾਅਦ ਮੈਨੂੰ ਦੱਸਿਆ ਗਿਆ ਕਿ ਭਾਵੇਂ ਉਹ ਬੱਚੀ ਇਕ ਸੰਸਥਾ ਵਿਖੇ ਭੇਜ ਦਿੱਤੀ ਗਈ ਸੀ ਜਿੱਥੇ ਉਸ ਦੀ ਠੀਕ ਦੇਖਭਾਲ ਹੋ ਰਹੀ ਸੀ ਪਰ ਉਹ ਮਾਨਸਿਕ ਪੱਖੋਂ ਪੂਰੀ ਤਰ੍ਹਾਂ ਨਾਰਮਲ ਨਹੀਂ ਹੋ ਸਕੀ। ਕਿਸੇ ਵੀ ਪੁਰਸ਼ ਨੂੰ ਦੂਰੋਂ ਦੇਖ ਕੇ ਹੀ ਤ੍ਰਹਿੰਦੀ ਰਹਿੰਦੀ ਸੀ ਤੇ ਹਾਲੇ ਵੀ ‘‘ਬਚਾ ਲੈ, ਸਲਵਾਰ ਲਾਹੂਗਾ’’ ਕਹਿਣੋ ਨਹੀਂ ਹਟੀ ਸੀ।

ਮੈਂ ਦਿਲ ਹੱਥੋਂ ਮਜਬੂਰ ਉਸ ਸੰਸਥਾ ਵਿਖੇ ਉਸ ਨੂੰ ਮਿਲਣ ਗਈ। ਉਸ ਸਮੇਂ ਉਹ ਕਿਸੇ ਔਰਤ ਨੂੰ ਵੇਖ ਕੇ ਤਾਂ ਤ੍ਰਹਿੰਦੀ ਨਹੀਂ ਸੀ ਪਰ ਜਿਉਂ ਹੀ ਕੋਈ ਉਸ ਦਾ ਹੱਥ ਘੁੱਟ ਕੇ ਫੜਦਾ ਸੀ, ਉਹ ਕੰਬਣ ਲੱਗ ਪੈਂਦੀ ਸੀ ਉਹ ਜਿਵੇਂ ਹੁਣੇ ਕੋਈ ਉਸ ਨੂੰ ਪਾੜ ਖਾਏਗਾ।

ਮੈਡੀਕਲ ਸਾਇੰਸ ਇਹ ਸਾਬਤ ਕਰ ਚੁੱਕੀ ਹੋਈ ਹੈ ਕਿ ਇਸ ਤਰ੍ਹਾਂ ਦੇ ਨਰਕ ਵਿੱਚੋਂ ਨਿਕਲਦੀਆਂ ਬੱਚੀਆਂ ਪੱਕੀਆਂ ਮਾਨਸਿਕ ਰੋਗੀ ਬਣ ਜਾਂਦੀਆਂ ਹਨ ਤੇ ਇਹ ਕਸਕ ਪੂਰੀ ਉਮਰ ਮਨ ਵਿੱਚੋਂ ਨਿਕਲਦੀ ਨਹੀਂ। ਇਸੇ ਕਰ ਕੇ ਇਹ ਵਿਆਹੁਤਾ ਜ਼ਿੰਦਗੀ ਵੀ ਚੰਗੀ ਤਰ੍ਹਾਂ ਨਿਭਾਉਣ ਯੋਗ ਨਹੀਂ ਰਹਿੰਦੀਆਂ।

ਪਰ ਕਿਉਂ ਇਹ ਗੱਲ ਕਿਸੇ ਨੂੰ ਚੁੱਭ ਨਹੀਂ ਰਹੀ ਕਿ ਪੰਜਾਬ ਦੀ ਧਰਤੀ ਉੱਤੇ ਹੁਣ ਧੀਆਂ ਸ਼ਰਾਬ ਦੀ ਬੋਤਲ ਪਿੱਛੇ ਵਿਕਣ ਲੱਗ ਪਈਆਂ ਹਨ ?  ਕਿੱਥੇ ਗਈ ਪੰਜਾਬੀਆਂ ਦੀ ਅਣਖ ?  ਕੀ ਵਾਕਈ ਪੰਜਾਬ ਦੀ ਧਰਤੀ ਉੱਤੇ ਧੀ ਦਾ ਜੰਮਣਾ ਗੁਣਾਹ ਮੰਨ ਲੈਣਾ ਚਾਹੀਦਾ ਹੈ ?

ਇਹ ਤਾਂ ਇੱਕ ਮਾਮਲਾ ਹੈ ਜੋ ਮੀਡੀਆ ਦੀ ਨਜ਼ਰੀਂ ਆ ਗਿਆ ਤਾਂ ਉਜਾਗਰ ਹੋ ਗਿਆ ਪਰ ਕਿੰਨੀਆਂ ਹੋਰ ਹਨ ਜਿਨ੍ਹਾਂ ਦਾ ਕੇਸ ਉਜਾਗਰ ਨਹੀਂ ਹੋਇਆ, ਉਨ੍ਹਾਂ ਦੀ ਹਾਲਤ ਬਾਰੇ ਕਿਸੇ ਨੇ ਸੋਚਿਆ ਹੈ ?