ਦਿਵਸੁ ਰਾਤਿ ਦੁਇ ਦਾਈ ਦਾਇਆ

0
529

ੴ ਸਤਿ ਗੁਰ ਪ੍ਰਸਾਦਿ

ਦਿਵਸੁ ਰਾਤਿ ਦੁਇ ਦਾਈ ਦਾਇਆ

ਰਣਜੀਤ ਸਿੰਘ B.Sc., M.A., M.Ed. ਸਟੇਟ ਤੇ ਨੈਸ਼ਨਲ ਅਵਾਰਡੀ ਹੈਡਮਾਸਟਰ (ਸੇਵਾ ਮੁਕਤ)

105, ਮਾਇਆ ਨਗਰ ਸਿਵਲ ਲਾਈਨਜ਼ (ਲੁਧਿਆਣਾ) – 99155-15436

ਅਕਾਲ ਪੁਰਖ ਦੇ ਸਾਜੇ ਬ੍ਰਹਿਮੰਡ ਵਿੱਚ ਜਿੱਥੇ ਲੱਖਾਂ ਹੀ ਸੂਰਜ, ਧਰਤੀਆਂ, ਚੰਦਰਮਾ ਤੇ ਅਕਾਸ਼ ਹਨ ਉੱਥੇ ਇਸ ਧਰਤੀ ’ਤੇ ਰਹਿਣ ਵਾਲੇ ਜੀਵਾਂ ਦਾ ਸੰਬੰਧ ਕੇਵਲ ਇੱਕ ਦਿਖਾਈ ਦੇਣ ਵਾਲੇ ਸੂਰਜ ਤੇ ਚੰਦਰਮਾ ਨਾਲ ਹੈ। ਬ੍ਰਹਿਮੰਡ ਦੀ ਇਸ ਰਚਨਾ ਤੋਂ ਪਹਿਲਾਂ ਜਾਂ ਇਹ ਕਹਿ ਲਈਏ ਕਿ ਅਰਬਾਂ ਸਾਲ ਪਹਿਲਾਂ ਇੱਥੇ ਘੁੱਪ ਹਨੇਰਾ ਸੀ ਕਿਉਂਕਿ ਉਸ ਸਮੇਂ ਨਾਂ ਸੂਰਜ ਸੀ, ਨਾ ਚੰਦ, ਨਾਂ ਧਰਤੀ ਤੇ ਨਾਂ ਹੀ ਕੁੱਝ ਹੋਰ। ਮਾਰੂ ਰਾਗ ਵਿੱਚ ਗੁਰੂ ਨਾਨਕ ਦੇਵ ਜੀ ਫੁਰਮਾਉਂਦੇ ਹਨ, ‘‘ਅਰਬਦ ਨਰਬਦ ਧੁੰਧੂਕਾਰਾ ॥ ਧਰਣਿ ਨ ਗਗਨਾ ਹੁਕਮੁ ਅਪਾਰਾ ॥  ਨਾ ਦਿਨੁ ਰੈਨਿ ਨ ਚੰਦੁ ਨ ਸੂਰਜੁ ਸੁੰਨ ਸਮਾਧਿ ਲਗਾਇਦਾ ॥੧॥’’ (ਮਾਰੂ ਸੋਲਹੇ, ਮ: ੧, ਪੰਨਾ ੧੦੩੫)

ਪ੍ਰਮਾਤਮਾ ਦੇ ਇੱਕ ਫੁਰਨੇ ਨਾਲ ਹੀ ਬ੍ਰਹਿਮੰਡ ਦੀ ਸਿਰਜਣਾ ਅਰੰਭ ਹੋ ਗਈ।  ਸੂਰਜ, ਚੰਦ, ਤਾਰੇ, ਧਰਤੀ ਤੇ ਅਕਾਸ਼ ਦਾ ਨਿਰਮਾਣ ਹੋ ਗਿਆ। ਇਹਨਾਂ ਦੀ ਹੋਂਦ ਨਾਲ ਹੀ ਦਿਨ ਤੇ ਰਾਤ ਬਣੇ। ਧੁੱਪ ਤੇ ਛਾਂ ਹੋਈ। ਸੂਰਜ ਤੇ ਚੰਦ ਗ੍ਰਹਿਣ ਦੇ ਵਰਤਾਰੇ ਹੋਂਦ ਵਿੱਚ ਆਏ। ਆਦਿ ਕਾਲ ਤੋਂ ਹੀ ਮਨੁੱਖ ਇਹਨਾਂ ਨੂੰ ਨੀਝ ਨਾਲ ਤੱਕਦਾ ਰਿਹਾ ਤੇ ਕੁਦਰਤ ਦੇ ਗੁੱਝੇ ਭੇਦਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਰਿਹਾ ਕਿ ਆਖਿਰ ਇਹ ਸਭ ਕੁੱਝ ਕਿਵੇਂ ਵਾਪਰ ਰਿਹਾ ਹੈ। ਇੱਕੋ ਹੀ ਧਰਤੀ ਉੱਪਰ ਕਿਸੇ ਥਾਂ ’ਤੇ ਗਰਮੀ ਕਿਤੇ ਠੰਡ। ਕਿਸੇ ਥਾਂ ’ਤੇ ਦਿਨ ਤੇ ਉਸ ਸਮੇਂ ਕਿਸੇ ਥਾਂ ’ਤੇ ਰਾਤ।  ਪਹਿਲਾਂ ਪਹਿਲ ਤਾਂ ਮਨੁੱਖ ਸੂਰਜ, ਚੰਦ ਤੇ ਧਰਤੀ ਨੂੰ ਸਥਿਰ ਹੀ ਮੰਨਦਾ ਰਿਹਾ। ਕੁੱਝ ਧਾਰਮਿਕ ਗ੍ਰੰਥਾਂ ਨੇ ਵੀ ਅਜਿਹੇ ਵਿਚਾਰਾਂ ਨੂੰ ਜਨਮ ਦਿੱਤਾ,  ਪਰ ਗੁਰੂ ਨਾਨਕ ਦੇਵ ਜੀ ਨੇ ਇਹਨਾਂ ਗ੍ਰਹਿਆਂ ਦੇ ਗੁੱਝੇ ਭੇਦ ਪਹਿਲੀ ਵਾਰ ਸਭ ਦੇ ਸਾਹਮਣੇ ਰੱਖੇ ਅਤੇ ਫੁਰਮਾਇਆ, ‘‘ਭੈ ਵਿਚਿ ਸੂਰਜੁ; ਭੈ ਵਿਚਿ ਚੰਦੁ ॥ ਕੋਹ ਕਰੋੜੀ ਚਲਤ, ਨ ਅੰਤੁ ॥’’ (ਆਸਾ ਕੀ ਵਾਰ, ਮ: ੧, ਪੰਨਾ ੪੬੪)

ਜਿਵੇਂ ਜਿਵੇਂ ਮਨੁੱਖ ਵਿਕਾਸ ਕਰਦਾ ਗਿਆ ਉਸ ਨੂੰ ਕੁਦਰਤ ਦੇ ਡੂੰਘੇ ਰਹੱਸਾਂ ਦੀ ਥੋੜ੍ਹੀ ਥੋੜ੍ਹੀ ਸਮਝ ਆਉਣ ਲੱਗੀ ਕਿ ਆਖਿਰ ਇਹ ਦਿਨ ਤੇ ਰਾਤ ਕਿਵੇਂ ਬਣਦੇ ਹਨ।  ਗੁਰੂ ਨਾਨਕ ਦੇਵ ਜੀ ਦਾ ਵੀ ਫੁਰਮਾਨ ਹੈ ਕਿ ਸੰਸਾਰ ਦੀ ਕਾਰ ਵਿਹਾਰ ਨੂੰ ਚਲਾਉਣ ਲਈ ਦਿਨ ਤੇ ਰਾਤ ਖਿਡਾਵੀ ਤੇ ਖਿਡਾਵੇ ਦਾ ਕੰਮ ਕਰਦੇ ਹਨ।  ਆਪ ਜੀ ਦਾ ਫੁਰਮਾਨ ਹੈ, ‘‘ਦਿਵਸੁ ਰਾਤਿ ਦੁਇ, ਦਾਈ ਦਾਇਆ; ਖੇਲੈ ਸਗਲ ਜਗਤੁ ॥’’ (ਜਪੁ)

ਮਨੁੱਖ ਨੂੰ ਵਿਕਾਸ ਦੇ ਨਾਲ ਇਸ ਗੱਲ ਦੀ ਸੋਝੀ ਹੋ ਗਈ ਕਿ ਧਰਤੀ, ਸੂਰਜ ਦੇ ਦੁਆਲੇ ਘੁੰਮਦੀ ਹੈ। ਸੂਰਜ ਦੇ ਦੁਆਲੇ ਘੁੰਮਣ ਦੇ ਨਾਲ ਨਾਲ ਇਹ ਆਪਣੇ ਧੁਰੇ ਦੇ ਦੁਆਲੇ ਵੀ ਪੱਛਮ ਤੋਂ ਪੂਰਬ ਵੱਲ ਘੁੰਮਦੀ ਹੈ। ਇਸ ਪ੍ਰਕ੍ਰਿਆ ਵਿੱਚ ਪ੍ਰਿਥਵੀ ਦਾ ਜਿਹੜਾ ਪਾਸਾ ਸੂਰਜ ਦੇ ਸਾਹਮਣੇ ਆ ਜਾਂਦਾ ਹੈ ਉੱਥੇ ਦਿਨ ਹੁੰਦਾ ਹੈ ਅਤੇ ਉਲਟ ਪਾਸੇ ਰਾਤ ਹੁੰਦੀ ਹੈ। ਇਹ ਪ੍ਰਕ੍ਰਿਆ 24 ਘੁੰਟੇ ਵਿੱਚ ਪੂਰੀ ਹੁੰਦੀ ਹੈ। ਜਿੱਥੇ ਸੂਰਜ ਦੀ ਰੌਸ਼ਨੀ ਪਹਿਲਾਂ ਪਹੁੰਚਦੀ ਹੈ ਉੱਥੇ ਦਿਨ ਪਹਿਲਾਂ ਚੜ੍ਹਦਾ ਹੈ। ਇਸੇ ਤਰ੍ਹਾਂ ਦੁਪਹਿਰ ਤੇ ਸ਼ਾਮ ਵੀ ਬਾਕੀ ਸਥਾਨਾ ਨਾਲੋਂ ਪਹਿਲਾਂ ਹੁੰਦੀ ਹੈ। ਜਦੋਂ ਸੂਰਜ ਬਿਲਕੁਲ ਸਿਖਰ ’ਤੇ ਪਹੁੰਚਦਾ ਹੈ ਉਦੋਂ ਦਿਨ ਦੇ 12 ਵਜੇ ਦਾ ਸਮਾਂ ਮੰਨਿਆ ਜਾਂਦਾ ਹੈ, ਪ੍ਰੰਤੂ ਪ੍ਰਿਥਵੀ ਦਾ ਗੋਲ ਅਕਾਰ ਹੋਣ ਕਾਰਨ ਅਤੇ ਇਸ ਦਾ ਆਪਣੇ ਧੁਰੇ ਦੇ ਦੁਆਲੇ ਘੁੰਮਣ ਕਾਰਨ ਕਿਸੇ ਸਥਾਨ ’ਤੇ 12 ਵਜੇ ਦਾ ਸਮਾਂ ਪਹਿਲਾਂ ਹੁੰਦਾ ਹੈ ਅਤੇ ਕਿਤੇ ਬਾਅਦ ਵਿੱਚ।

ਇਸ ਨਾਲ ਦੂਰ ਦੂਰ ਤੱਕ ਯਾਤਰਾ ਕਰਨ ਵਾਲੇ ਮੁਸਾਫ਼ਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਧਰਤੀ ਗੋਲ ਹੈ ਅਤੇ ਹਰੇਕ ਸਥਾਨ ਉੱਪਰ ਪੂਰਬ ਜਾਂ ਪੱਛਮ ਕਿਸੇ ਵੀ ਦਿਸ਼ਾ ਵਿੱਚ ਸਫ਼ਰ ਕਰਦੇ ਹੋਏ ਪਹੁੰਚਿਆ ਜਾ ਸਕਦਾ ਹੈ। ਭਾਰਤ ਤੋਂ ਅਮਰੀਕਾ ਜਾਣ ਲਈ ਪੱਛਮ ਜਾਂ ਪੂਰਬ ਕਿਸੇ ਵੀ ਦਿਸ਼ਾ ਵਿੱਚ ਯਾਤਰਾ ਅਰੰਭ ਕੀਤੀ ਜਾ ਸਕਦੀ ਹੈ।  ਜੇ ਯਾਤਰੂ ਪੱਛਮ ਵੱਲ ਸਫ਼ਰ ਕਰਦੇ ਸਨ ਤਾਂ ਜਿਹੜਾ ਸਮਾਂ ਉਹ ਪਿੱਛੇ ਛੱਡ ਕੇ ਗਏ ਹੁੰਦੇ ਉਹੀ ਸਮਾਂ ਉੱਥੇ ਹੁੰਦਾ। ਜੇ ਉਹ ਪੂਰਬ ਵੱਲ ਜਾਂਦੇ ਤਾਂ ਉਹ ਪਿਛਲੇ ਸਮੇਂ ਤੋਂ ਅੱਗੇ ਹੋ ਜਾਂਦੇ। ਸਮੇਂ ਦੀ ਇਸ ਪ੍ਰੇਸ਼ਾਨੀ ਨੂੰ ਦੂਰ ਕਰਨ ਲਈ ਅਤੇ ਸਮੇਂ ਦਾ ਸ਼ੁੱਧ ਨਿਰਧਾਰਣ ਕਰਨ ਲਈ ਸਾਰੇ ਦੇਸ਼ਾਂ ਨੇ ਮਿਲ ਕੇ ਇੱਕ ਸਹਿਮਤੀ ਕੀਤੀ। ਪ੍ਰਿਥਵੀ ਉੱਤੇ ਉੱਤਰ ਤੋਂ ਦੱਖਣ ਵੱਲ ਕਾਲਪਨਿਕ ਰੇਖਾਵਾਂ ਖਿੱਚ ਲਈਆਂ। ਇਹਨਾਂ ਰੇਖਾਵਾਂ ਨੂੰ ਲੰਬਕਾਰ ਜਾਂ ਦੇਸ਼ਾਂਤਰ ਕਿਹਾ ਜਾਂਦਾ ਹੈ।

ਜਿਵੇਂ ਜਿਵੇਂ ਮਨੁੱਖ ਵਿਕਾਸ ਕਰਦਾ ਗਿਆ ਉਸ ਨੇ ਦਿਨ ਤੇ ਰਾਤ ਨੂੰ ਮਾਪਣ ਦੀ ਖੋਜ ਇਜਾਦ ਕੀਤੀ। ਪਹਿਲਾਂ ਪਹਿਲ ਧੁੱਪ ਤੇ ਛਾਂ ਤੋਂ ਦਿਨ ਦੀ ਲੰਬਾਈ ਦਾ ਅੰਦਾਜ਼ਾ ਲਾਇਆ ਜਾਂਦਾ ਰਿਹਾ ਅਤੇ ਫਿਰ ਹੌਲ਼ੀ ਹੌਲ਼ੀ ਧੁੱਪ ਘੜੀ, ਜਲ ਘੜੀ ਤੇ ਰੇਤ ਘੜੀ ਦੀ ਖੋਜ ਤੋਂ ਬਾਅਦ ਅਜੋਕੀ ਸੂਈਆਂ ਵਾਲੀ ਘੜੀ ਦੀ ਖੋਜ ਹੋਈ। ਆਵਾਜਾਈ ਦੇ ਸਾਧਨਾਂ ਵਿੱਚ ਕ੍ਰਾਂਤੀਕਾਰੀ ਖੋਜ ਹੋਣ ਨਾਲ ਮਨੁੱਖ ਦੂਰ ਦੂਰ ਦੇਸ਼ਾਂ ਵਿੱਚ ਜਾਣ ਲੱਗਾ ਪਰ ਇਸ ਨਾਲ ਸਮਾਂ ਮਾਪਣ ਦੀ ਸਮੱਸਿਆ ਫਿਰ ਉਸ ਦੇ ਸਾਹਮਣੇ ਆਈ।

ਸਾਡੀ ਪ੍ਰਿਥਵੀ ਨੂੰ ਇੱਕ ਦੇਸ਼ਾਂਤਰ ਤੋਂ ਦੂਜੇ ਦੇਸ਼ਾਂਤਰ ਤੱਕ ਸੂਰਜ ਦੇ ਸਾਹਮਣੇ ਗੁਜਰਨ ਲਈ 4 ਮਿੰਟ ਲੱਗਦੇ ਹਨ।  ਸਭ ਤੋਂ ਵਿਚਕਾਰਲੇ ਦੇਸ਼ਾਂਤਰ ਨੂੰ ਮੁੱਖ ਮਾਧਿਆਨ ਰੇਖਾ ਦਾ ਨਾਂ ਦਿੱਤਾ ਗਿਆ ਹੈ। ਇਸ ਦਾ ਦਰਜਾ 0 ਹੈ। ਇਹ ਰੇਖਾ ਇੰਗਲੈਂਡ ਵਿੱਚ ਲੰਡਨ ਦੇ ਨੇੜੇ ਗ੍ਰੀਨ ਵਿੱਚ ਸ਼ਹਿਰ ਵਿੱਚੋਂ ਲੰਘਦੀ ਹੈ।  ਮੁੱਖ ਮਾਧਿਅਨ ਰੇਖਾ ਦੇ ਪੂਰਬ ਵਿੱਚ 180 ਰੇਖਾਵਾਂ ਹਨ ਅਤੇ ਇੰਨੀਆਂ ਹੀ ਰੇਖਾਵਾਂ ਪੱਛਮ ਵਿੱਚ ਹਨ।

ਸਾਰੇ ਦੇਸ਼ਾਂ ਦੇ ਵਿਚਕਾਰ ਇਹ ਸਹਿਮਤੀ ਹੋਈ ਕਿ ਜਦੋਂ ਦਿਨ ਵੇਲੇ ਸੂਰਜ ਜੀਰੋ ਦਰਜੇ ਦੀ ਰੇਖਾ ਦੇ ਬਿਲਕੁਲ ਸਿਖਰ ’ਤੇ ਹੋਵੇਗਾ ਤਾਂ ਉਸ ਵੇਲੇ ਦਿਨ ਦੇ 12 ਵਜੇ ਦਾ ਸਮਾਂ ਮੰਨਿਆ ਜਾਵੇਗਾ। ਇਸ ਸਮੇਂ ਨੂੰ ਗਰੀਨ ਵਿੱਚ ਮੀਨ ਟਾਈਮ ਦਾ ਨਾਂ ਦਿੱਤਾ ਗਿਆ। ਬਾਕੀ ਸਾਰੇ ਦੇਸ਼ਾਂ ਦਾ ਆਪਣਾ ਆਪਣਾ ਮਿਆਰੀ ਮਰੀਡੀਅਨ ਸਮਾਂ ਮੰਨ ਕੇ ਜਦੋਂ ਸੂਰਜ ਸਿਖਰ ’ਤੇ ਹੋਵੇਗਾ ਤਾਂ 12 ਵਜੇ ਦਾ ਸਮਾਂ ਮੰਨਿਆ ਜਾਵੇਗਾ ਅਤੇ ਇਸ ਨੂੰ ਆਪਣੇ ਦੇਸ਼ ਦਾ ਮਿਆਰੀ ਸਮਾਂ ਮੰਨਣਗੇ, ਇਸ ਤਰ੍ਹਾਂ ਕਰਨ ਨਾਲ ਉਹ ਆਪਣੇ ਦੇਸ਼ ਦੇ ਸਮੇਂ ਅਤੇ ਗਰੀਨ ਵਿੱਚ ਮੀਨ ਸਮੇਂ ਵਿੱਚ ਅੰਤਰ ਪੜਾਅ ਕਰ ਸਕਣਗੇ।

ਇਸ ਤਰ੍ਹਾਂ ਜਿਹੜੇ ਦੇਸ਼ ਮਾਧਿਅਨ ਰੇਖਾ ਦੇ ਪੂਰਬ ਵੱਲ ਹਨ ਉਹ ਗਰੀਨ ਵਿਚਲੇ ਸਮੇਂ ਤੋਂ ਅੱਗੇ ਹੁੰਦੇ ਹਨ ਅਤੇ ਜਿਹੜੇ ਪੱਛਮ ਵੱਲ ਹਨ ਉਹ ਗਰੀਨ ਵਿਚਲੇ ਸਮੇਂ ਤੋਂ ਪਿੱਛੇ ਰਹਿੰਦੇ ਹਨ। ਕਿਹੜਾ ਦੇਸ਼ ਕਿੰਨਾ ਅੱਗੇ ਜਾਂ ਪਿੱਛੇ ਹੈ ਉਹ ਆਪਣੇ ਦੇਸ਼ ਦੇ ਮਿਆਰੀ ਮਰੀਡੀਅਨ ਅਤੇ ਪਰਾਈਮ ਮਰੀਡੀਅਨ ਦੇ ਦੇਸ਼ਾਂਤਰ ਰੇਖਾਵਾਂ ਦੀ ਆਪਸੀ ਦੂਰੀ ਰਾਹੀਂ ਪਤਾ ਕਰ ਸਕਦਾ ਹੈ।

ਸਾਡੀ ਪ੍ਰਿਥਵੀ ਨੂੰ ਇੱਕ ਡਿਗਰੀ ਤੋਂ ਦੋ ਡਿਗਰੀ ਤੱਕ ਦਾ ਸਫ਼ਰ ਤਹਿ ਕਰਕੇ ਸੂਰਜ ਦੇ ਸਾਹਮਣੇ ਆਉਣ ਲਈ 4 ਮਿੰਟ ਲੱਗਦੇ ਹਨ। ਜੋ ਪ੍ਰਿਥਵੀ ਉੱਤੇ 360 ਕਾਲਪਨਿਕ ਰੇਖਾਵਾਂ ਖਿੱਚੀਆਂ ਗਈਆਂ ਹਨ, ਉਹਨਾਂ ਸਾਰੀਆਂ ਨੂੰ ਵਾਰੀ ਵਾਰੀ ਸੂਰਜ ਦੇ ਸਾਹਮਣੇ ਆਉਣ ਨੂੰ 24 ਘੰਟੇ ਲੱਗਦੇ ਹਨ।

ਜੇ ਇੱਕ ਯਾਤਰੀ ਲੰਡਨ ਤੋਂ ਪੂਰਬ ਵੱਲ ਦੀ ਯਾਤਰਾ ਕਰਦੇ ਹੋਏ 180 ਦਰਜੇ ਉੱਪਰ ਪਹੁੰਚਦਾ ਹੈ ਤਾਂ ਪੂਰਬ ਵੱਲ ਯਾਤਰਾ ਕਰਨ ਵਾਲੇ ਵਿਅਕਤੀ ਨੂੰ 1800 ਲੰਬਕਾਰ ਰੇਖਾ ਉੱਪਰ ਪਹੁੰਚਦੇ ਪਹੁੰਚਦੇ ਆਪਣੀ ਘੜੀ 12 ਘੰਟੇ ਅੱਗੇ ਕਰਨੀ ਪਵੇਗੀ ਅਤੇ ਪੱਛਮ ਵੱਲ ਯਾਤਰਾ ਕਰਨ ਵਾਲੇ ਵਿਅਕਤੀ ਨੂੰ ਉਸੇ ਲੰਬਕਾਰ ਰੇਖਾ ’ਤੇ ਪਹੁੰਚਦੇ ਪਹੁੰਚਦੇ ਆਪਣੀ ਘੜੀ 12 ਘੰਟੇ ਪਿੱਛੇ ਕਰਨੀ ਪਵੇਗੀ। ਇਸ ਪ੍ਰਕਾਰ ਦੋ ਵਿਅਕਤੀ ਅਲੱਗ ਅਲੱਗ ਦਿਸ਼ਾਵਾਂ ਤੋਂ ਇੱਕੋ ਥਾਂ ਉੱਪਰ ਪਹੁੰਚ ਕੇ ਅਨੁਭਵ ਕਰਨਗੇ ਕਿ ਉਹਨਾਂ ਦੇ ਸਮੇਂ ਵਿੱਚ 24 ਘੰਟੇ ਜਾਂ ਇੱਕ ਦਿਨ ਦਾ ਅੰਤਰ ਹੋ ਗਿਆ ਹੈ।

ਇਸ ਸਮੱਸਿਆ ਨੂੰ ਦੂਰ ਕਰਨ ਲਈ 180 ਡਿਗਰੀ ਲੰਬਕਾਰ ਰੇਖਾ ਨੂੰ ਅੰਤਰਰਾਸ਼ਟਰੀ ਤਾਰੀਖ ਰੇਖਾ ਮੰਨ ਲਿਆ ਗਿਆ। ਹਰੇਕ ਨਵੇਂ ਦਿਨ ਦਾ ਅਰੰਭ ਇਸ ਰੇਖਾ ਤੋਂ ਮੰਨ ਲਿਆ ਜਾਂਦਾ ਹੈ। ਜਦੋਂ ਇਸ ਰੇਖਾ ਨੂੰ ਪੂਰਬ ਵੱਲੋਂ ਪਾਰ ਕੀਤਾ ਜਾਂਦਾ ਹੈ ਤਾਂ ਇੱਕ ਦਿਨ ਘਟਾ ਲਿਆ ਜਾਂਦਾ ਹੈ ਅਤੇ ਜਦੋਂ ਪੱਛਮ ਵੱਲੋਂ ਪਾਰ ਕੀਤਾ ਜਾਂਦਾ ਹੈ ਤਾਂ ਇੱਕ ਦਿਨ ਵਧਾ ਲਿਆ ਜਾਂਦਾ ਹੈ।

ਅੰਤਰਰਾਸ਼ਟਰੀ ਤਾਰੀਖ ਰੇਖਾ ਇੱਕ ਸਿੱਧੀ ਰੇਖਾ ਨਹੀਂ ਰੱਖੀ ਗਈ ਤਾਂ ਜੋ ਦੀਪਾਂ ਜਾਂ ਮਹਾਂਦੀਪਾਂ ਨੂੰ ਸਮੇਂ ਦੀ ਕੋਈ ਮੁਸ਼ਕਲ ਨਾ ਆਵੇ। ਇਹ ਰੇਖਾ ਪ੍ਰਸ਼ਾਂਤ ਮਹਾਂ ਸਾਗਰ ਵਿੱਚੋਂ ਦੀ ਲੰਘਦੀ ਹੈ। ਇਸ ਦੇ ਪੂਰਬ ਵੱਲ ਉੱਤਰੀ ਤੇ ਦੱਖਣੀ ਅਮਰੀਕਾ ਹਨ ਅਤੇ ਪੱਛਮ ਵੱਲ ਏਸ਼ੀਆ ਮਹਾਂਦੀਪ ਹੈ। ਇਹਨਾਂ ਦੋ ਰੇਖਾਵਾਂ-ਮੁੱਖ ਮਾਧਿਅਨ ਰੇਖਾ ਅਤੇ ਅੰਤਰਰਾਸ਼ਟਰੀ ਤਾਰੀਕ ਰੇਖਾ ਰਾਹੀਂ ਸਾਰੇ ਵਿਸ਼ਵ ਦੀਆਂ ਘੜੀਆਂ ਦੇ ਸਮੇਂ ਦੀ ਮੁਸ਼ਕਲ ਦਾ ਹੱਲ ਕੀਤਾ ਗਿਆ ਹੈ। ਟਾਈਮ ਪੀਸ ਸਾਨੂੰ ਧਰਤੀ ਦੀ ਗਤੀ ਦਾ ਗਿਆਨ ਹੀ ਦਿੰਦਾ ਹੈ।

ਅੰਤਰਰਾਸ਼ਟਰੀ ਤਾਰੀਕ ਰੇਖਾ ਨੂੰ ਜ਼ਮੀਨੀ ਭਾਗ ਤੋਂ ਦੂਰ ਰੱਖਿਆ ਗਿਆ ਹੈ ਤਾਂ ਜੋ ਇੱਕ ਹੀ ਦੇਸ਼ ਵਿੱਚ ਰਹਿਣ ਵਾਲੇ ਲੋਕਾਂ ਨੂੰ ਅਸੁਵਿਧਾ ਨਾ ਹੋਵੇ। ਜੇਕਰ ਇਹ ਰੇਖਾ ਕਿਸੇ ਦੇਸ਼ ਦੇ ਵਿਚਕਾਰ ਹੋ ਕੇ ਲੰਘਦੀ ਤਾਂ ਉਸ ਦੇ ਦੋਨੋਂ ਪਾਸੇ ਵਾਲੇ ਦੇਸ਼ਾਂ ਨੂੰ ਇੱਕ ਹੀ ਦਿਨ ਵਿੱਚ ਦੋ ਵੱਖ ਵੱਖ ਤਰੀਕਾਂ ਮੰਨਣੀਆਂ ਪੈਂਦੀਆਂ ਅਤੇ ਇਸ ਪ੍ਰਕਾਰ ਉਹਨਾਂ ਨੂੰ ਅਸੁਵਿਧਾ ਹੁੰਦੀ ਹੈ।

ਪ੍ਰਮਾਤਮਾ ਦੀ ਸਾਜੀ ਹੋਈ ਸ੍ਰਿਸ਼ਟੀ ਵਿੱਚ ਇੱਕ ਹੋਰ ਗੁੱਝਾ ਭੇਦ ਇਹ ਵੀ ਹੈ ਕਿ ਕੁੱਝ ਥਾਵਾਂ ਅਜਿਹੀਆਂ ਵੀ ਹਨ ਜਿੱਥੇ ਕਈ ਕਈ ਦਿਨ ਲਗਾਤਾਰ ਸੂਰਜ ਚੜ੍ਹਿਆ ਰਹਿੰਦਾ ਹੈ ਜਾਂ ਰਾਤ ਹੀ ਰਹਿੰਦੀ ਹੈ, ਵਿਗਿਆਨੀਆਂ ਨੇ ਇਸ ਨੂੰ ਪੋਲਰ ਦਾ ਨਾਂ ਦਿੱਤਾ ਹੈ। ਜਿੱਥੇ ਕਈ ਦਿਨ ਲਗਾਤਾਰ ਸੂਰਜ ਚੜ੍ਹਿਆ ਰਹਿੰਦਾ ਹੈ ਉਸ ਨੂੰ ਪੋਲਰ ਦਿਵਸ ਅਤੇ ਜਿੱਥੇ ਲਗਾਤਾਰ ਹਨੇਰਾ ਛਾਇਆ ਰਹਿੰਦਾ ਹੈ ਉਸ ਨੂੰ ਪੋਲਰ ਰਾਤ ਕਿਹਾ ਜਾਂਦਾ ਹੈ।  ਰੂਸ ਦੇ ਉਤਰੀ ਭਾਗ ਦੇ ਇਲਾਕੇ ਵਿੱਚ 2 ਦਸੰਬਰ ਤੋਂ 11 ਜਨਵਰੀ ਤੱਕ ਲਗਾਤਾਰ 40 ਦਿਨ ਰਾਤ ਹੀ ਰਹਿੰਦੀ ਹੈ ਅਤੇ 22 ਮਈ ਤੋਂ 23 ਜੁਲਾਈ ਤੱਕ ਦੋ ਮਹੀਨੇ ਦਿਨ ਹੀ ਰਹਿੰਦਾ ਹੈ ਅਤੇ ਸੂਰਜ ਚਮਕਦਾ ਰਹਿੰਦਾ ਹੈ। ਇਸੇ ਤਰ੍ਹਾਂ ਨਾਰਵੇ ਵਿੱਚ ਮਈ ਤੋਂ ਜੁਲਾਈ ਤੱਕ ਲਗਭਗ 70 ਦਿਨ ਹਨੇਰਾ ਛਾਇਆ ਰਹਿੰਦਾ ਹੈ ਅਤੇ 10 ਅਪ੍ਰੈਲ ਤੋਂ 23 ਅਗਸਤ ਤੱਕ ਸੂਰਜ ਚੜ੍ਹਿਆ ਰਹਿੰਦਾ ਹੈ। ਸਵੀਡਨ ਵਿੱਚ ਮਈ ਦੇ ਅਰੰਭ ਤੋਂ ਅਗਸਤ ਦੇ ਅਖੀਰ ਤੱਕ ਸੂਰਜ 12 ਵਜੇ ਛੁਪਦਾ ਹੈ ਅਤੇ ਸਾਢੇ ਚਾਰ ਵਜੇ ਫਿਰ ਨਿੱਕਲ ਆਉਂਦਾ ਹੈ। ਫਿਨਲੈਂਡ ਵਿੱਚ ਵੀ ਸੂਰਜ ਕਈ ਦਿਨ ਚਮਕਦਾ ਰਹਿੰਦਾ ਹੈ ਅਤੇ ਸਰਦੀਆਂ ਵਿੱਚ ਕਈ ਦਿਨ ਚੜ੍ਹਦਾ ਹੀ ਨਹੀਂ।

ਸਚਾਈ ਇਹ ਹੈ ਕਿ ਪ੍ਰਮਾਤਮਾ ਨੇ ਮਨੁੱਖ ਸਮੇਤ ਸਾਰੇ ਜੀਵਾਂ ਨੂੰ ਭਾਵੇਂ ਕੋਈ ਛੋਟਾ ਹੈ ਜਾਂ ਵੱਡਾ, ਅਮੀਰ ਹੈ ਜਾਂ ਗ਼ਰੀਬ; ਸਭ ਨੂੰ ਹਰ ਰੋਜ਼ 24 ਘੰਟੇ ਦਾ ਇੱਕ ਸਮਾਨ ਸਮਾਂ ਹੀ ਦਿੱਤਾ ਹੈ।  ਸਮੇਂ ਦੀ ਸੰਭਾਲ਼ ਸੰਬੰਧੀ ਕੇਵਲ ਮਨੁੱਖ ਹੀ ਚੇਤੰਨ ਹੈ। ਬਾਕੀ ਜੀਵਾਂ ਦਾ ਸਮਾਂ ਸੂਰਜ, ਚੰਦ ਅਤੇ ਧਰਤੀ ਦੀ ਚਾਲ ਨਾਲ ਆਪਣੇ ਆਪ ਬੀਤ ਰਿਹਾ ਹੈ। ਮਨੁੱਖ ਨੇ ਇਸ ਸਮੇਂ ਨੂੰ ਬਿਤਾਉਣਾ ਹੀ ਨਹੀਂ ਸਗੋਂ ਸਫਲ ਵੀ ਕਰਨਾ ਹੈ। ਗੁਰਬਾਣੀ ਦਾ ਫੁਰਮਾਨ ਹੈ – ‘‘ਵਖਤੁ ਵੀਚਾਰੇ; ਸੁ ਬੰਦਾ ਹੋਇ ॥’’ (ਸਿਰੀ ਰਾਗੁ ਕੀ ਵਾਰ, ਮ: ੧, ਪੰਨਾ ੮੪)

ਭਾਈ ਵੀਰ ਸਿੰਘ ਜੀ ਲਿਖਦੇ ਹਨ –

ਹੋ ਅਜੇ ਸੰਭਾਲ ਇਸ ਸਮੇ ਨੂੰ, ਕਰ ਸਫਲ ਉਡੰਦਾ ਜਾਂਵਦਾ। ਇਹ ਠਹਿਰਨ ਜਾਂਚ ਨਾ ਜਾਣਦਾ, ਲੰਘ ਗਿਆ ਨਾ ਮੁੜ ਹਥ ਆਂਵਦਾ।

ਪ੍ਰਮਾਤਮਾ ਨੇ ਦਿਨ ਅਤੇ ਰਾਤ ਜਿੱਥੇ ਮਨੁੱਖੀ ਕਾਰ ਵਿਹਾਰ ਲਈ ਬਣਾਏ ਹਨ ਉੱਥੇ ਸਮੁੱਚੀ ਮਾਨਵਤਾ ਨੂੰ ਇਹ ਬਖ਼ਸ਼ਸ਼ ਕੀਤਾ ਹੋਇਆ ਸਮਾਂ ਗੁਰੂ ਹੁਕਮਾ ਅਨੁਸਾਰ ਸਫਲ ਕਰਨ ਲਈ ਕਿਹਾ ਗਿਆ ਹੈ।