ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸਰਦਾਰਨੀ ਪਰਮਜੀਤ ਕੌਰ ਖਾਲੜਾ ਨੂੰ ਜਿਤਾਉਣਾ ਜ਼ਰੂਰੀ

0
436

ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸਰਦਾਰਨੀ ਪਰਮਜੀਤ ਕੌਰ ਖਾਲੜਾ ਨੂੰ ਜਿਤਾਉਣਾ ਜ਼ਰੂਰੀ 

ਗਿਆਨੀ ਕੇਵਲ ਸਿੰਘ ਹਲ਼ਕਾ ਖਡੂਰ ਸਾਹਿਬ  (ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ) ਸੰਪਰਕ ਨੰਬਰ : 95920-93472

10 ਅਪ੍ਰੈਲ : ਭਾਰਤ ਦੇਸ਼ ਦੀ ਲੋਕ ਸਭਾ, ਸੂਬਾਈ ਤਾਲਮੇਲ ਦਾ ਸਾਂਝਾ ਕੇਂਦਰ ਹੈ, ਜੋ ਪੂਰੇ ਦੇਸ਼ ਵਾਸੀਆਂ ਦੀ ਮਨੁੱਖੀ ਆਜ਼ਾਦੀ ਹੱਕਾਂ-ਅਧਿਕਾਰਾਂ ਅਤੇ ਜੀਵਨ ਲੋੜਾਂ ਦਾ ਇੰਤਜ਼ਾਮ ਕਰਨ ਦੀ ਜ਼ਿੰਮੇਵਾਰ ਹੈ। ਲੋਕ ਸਭਾ ਅੰਦਰ ਭਾਰਤ ਦੇ ਹਰ ਸੂਬੇ ਵਿੱਚੋਂ ਆਪਣੇ ਸੂਬੇ ਦੇ ਹੱਕਾਂ ਅਤੇ ਲੋੜਾਂ ਦੀ ਪੂਰੀ ਅਗਵਾਈ ਵਾਲੀ ਸੋਚ ਦੇ ਸਮਰੱਥ ਵਿਅਕਤੀ ਹੀ ਨੁਮਾਇੰਦੇ ਵਜੋਂ ਚੁਣੇ ਜਾਣੇ ਲੋੜੀਦੇ ਹਨ। ਦੁਖਾਂਤ ਹੈ ਕਿ ਦੇਸ਼ ਦੀ ਲੋਕਤੰਤਰੀ ਪ੍ਰਬੰਧਕ ਸ਼ਕਤੀ ਦੀ ਗੱਲ ਕਰਨ ਵਾਲੇ ਰਾਜਸੀ ਧੜੇ ਬੁਰੀ ਤਰ੍ਹਾਂ ਖੁਦਗਰਜ਼ੀ ਅਤੇ ਜਾਤਾਂ-ਪਾਤਾਂ ਦੀ ਕੂੜੀ ਮਾਰ ਹੇਠ ਆ ਚੁੱਕੇ ਹਨ।  ਲੋਕ ਸਭਾ ਲਈ ਚੁਣੇ ਜਾਣ ਵਾਲੇ ਨੁਮਾਇੰਦਿਆਂ ਦੀ  ਚੋਣ, ਰਾਜਸੀ ਦਲ ਸਹੀ ਤਰੀਕੇ ਨਾਲ ਕਰਨ ਦੀ ਥਾਂ ਪੈਸੇ ਤੇ ਬਾਹੂ ਬਲ ਵਾਲੇ ਨੂੰ ਜਿੱਥੇ ਪਹਿਲ ਦੇਂਦੇ ਹਨ ਉੱਥੇ ਇਲਾਕਾ, ਜਾਤ, ਸਮਾਜ ਆਧਾਰ ਵੋਟ ਗਿਣਤੀ ਦਾ ਉਲਾਰੂ ਰੂਪ ਵੀ ਸਾਹਮਣੇ ਰੱਖਦੇ ਹਨ। ਜ਼ਾਹਰ ਹੈ ਕਿ ਯੋਗ ਨੁਮਾਇੰਦਿਆਂ ਦੀ ਚੋਣ ਇਹ ਰਾਜਸੀ ਦਲ ਕਰ ਹੀ ਨਹੀਂ ਪਾਉਂਦੇ। ਨਤੀਜਾ ਦੇਸ਼ ਦੇ ਵਰਤਮਾਨ ਨਫ਼ਰਤ ਭਰੇ ਮਾਹੌਲ ਦੇ ਰੂਪ ਵਿੱਚ ਸਾਹਮਣੇ ਹੈ। ਦੇਸ਼ ਨੂੰ ਲੋਕਤੰਤਰੀ ਰਾਜ ਢੰਗ ਨਾਲੋਂ ਤਾਨਾਸ਼ਾਹੀ ਦੇ ਰੂਪ ਵਿੱਚ ਵਧੇਰੇ ਉਭਾਰਿਆ ਜਾਂਦਾ ਹੈ। ਸਰਕਾਰ ਭਾਰਤੀ ਲੋਕਾਂ ਦੀ ਨਾ ਰਹਿ ਕੇ ਇੱਕ ਰਾਜਸੀ ਧੜੇ ਦੀ ਬਣ ਜਾਂਦੀ ਹੈ। ਇਸ ਤੋਂ ਅੱਗੇ ਉਸ ਰਾਜਸੀ ਧੜੇ ਦੇ ਆਗੂਆਂ ਦੀ ਪੁੱਛ ਪ੍ਰਤੀਤ ਦਾ ਗਲ਼ਾ ਘੁੱਟ ਕੇ ਸਰਕਾਰ ਧੜੇ ਨਾਲੋਂ ਇੱਕ ਮਨੁੱਖ ਦੀ ਬਣਾ ਦਿੱਤੀ ਜਾਂਦੀ ਹੈ। ਫੈਸਲੇ ਸਰਬ-ਸੰਮਤੀ ਜਾਂ ਬਹੁ-ਸੰਮਤੀ ਦੀ ਥਾਂ ਇੱਕੋ ਮਨੁੱਖ ਦੀ ਸੌੜੀ ਅਕਲ਼ ਅਧੀਨ ਹੀ ਲਏ ਜਾਂਦੇ ਹਨ।  ਦੇਸ਼ ਵਾਸੀ ਲੋਕਤੰਤਰੀ ਫੈਸਲਿਆਂ ਨੂੰ ਉਡੀਕਦੇ ਹੀ ਨਿਰਾਸ਼ ਤੇ ਉਦਾਸ ਹੋ ਜਾਂਦੇ ਹਨ।

ਪੰਜਾਬ ਦੇ ਵੰਡੇ ਨਿਗੂਣੇ ਤੇਰ੍ਹਾਂ ਹਲ਼ਕੇ ਹਨ। ਪੰਜਾਬ ਦੇ ਲੋਕ ਇਨ੍ਹਾਂ ਹਲ਼ਕਿਆਂ ਵਿੱਚੋਂ ਜੋ ਉਮੀਦਵਾਰ ਚੁਣ ਕੇ ਭੇਜਦੇ ਹਨ, ਉਹਨਾਂ ਦੇ ਗੁਣ ਦੇਖਣ ਦੀ ਥਾਂ ਧੜਾ-ਪੈਸਾ ਤੇ ਨਸ਼ਾ ਵੇਖਣ ਦੇ ਵਧੇਰੇ ਆਦੀ ਹੋ ਗਏ ਹਨ, ਜੋ ਕਿ ਪੰਜਾਬ ਦੇ ਹਿਤਾਂ ਲਈ ਬੜਾ ਖ਼ਤਰਨਾਕ ਰੁਝਾਨ ਹੈ। 2019 ਦੀਆਂ ਲੋਕ ਸਭਾਈ ਚੋਣਾਂ ਦਾ ਬਿਗਲ ਵਜ ਚੁੱਕਾ ਹੈ। ਮੁੱਖ ਰਾਜਸੀ ਧਿਰਾਂ ਆਪਣੀ ਸਵਾਰਥੀ ਤੇ ਹੈਂਕੜ ਸੋਚ ਅਨੁਸਾਰ ਉਮੀਦਵਾਰ ਜਾਤ ਬਰਾਦਰੀ ਨੂੰ ਮੁੱਖ ਰੱਖ ਕੇ ਧੜੇਬਾਜ਼ ਸੋਚ ਵਾਲਿਆਂ ਨੂੰ ਉਤਾਰ ਰਹੀਆਂ ਹਨ। ਕੁਝ ਨਵੇਂ ਰਾਜਸੀ ਉਭਾਰ ਸਾਹਮਣੇ ਆਏ ਹਨ।  2014 ਦੀਆਂ ਲੋਕ ਸਭਾਈ ਚੋਣਾਂ ਮੌਕੇ ਬਾਦਲਕਿਆਂ ਤੋਂ ਨਿਰਾਸ਼ ਲੋਕਾਂ ਨੇ ਚਾਰ ਐਸੇ ਨਵੇਂ ਚਿਹਰੇ ਚੁਣ ਲਏ ਸਨ, ਜਿਨ੍ਹਾਂ ਦਾ ਪੰਜਾਬ ਵਿੱਚ ਅਜੇ ਰਾਜਸੀ ਢਾਂਚਾ ਵੀ ਨਹੀਂ ਬਣਿਆ ਸੀ। ਕਈ ਥਾਵਾਂ ’ਤੇ ਇਸ ਨਵੇਂ ਰਾਜਸੀ ਧੜੇ ਦੇ ਉਮੀਦਵਾਰਾਂ ਨੇ ਜਬਰਦਸਤ ਪ੍ਰਦਰਸ਼ਨ ਕੀਤਾ। ਮੋਦੀ ਲਹਿਰ ਦੇ ਹੜ੍ਹ ਦਾ ਪੰਜਾਬ ਵਾਸੀਆਂ ਆਪਣੇ ਇਨਕਲਾਬੀ ਸੁਭਾਅ ਮੁਤਾਬਕ ਉੱਤਰ ਦਿੱਤਾ।

2019 ਲਈ ਨਵੇਂ ਰਾਜਸੀ ਉਭਾਰਾਂ ਦਾ ਤੀਜਾ ਬਦਲ ਮਜ਼ਬੂਤ ਬਣ ਕੇ ਪੰਜਾਬ ਵਾਸੀਆਂ ਦੀ ਆਵਾਜ਼ ਹੋ ਸਕਦਾ ਸੀ, ਪਰ ਬਦ-ਕਿਸਮਤੀ ਕਹੋ ਜਾਂ ਹਉਮੈ ਦੀ ਮਾਰੂ ਮਾਰ ਕਹੋ ਕਿ ਨਵੇਂ ਉਭਾਰ ਤੇ ਉਭਾਰਾਂ ਦੇ ਆਗੂਆਂ ਨੂੰ ਪੰਜਾਬ ਦੇ ਲੋਕਾਂ ’ਤੇ ਤਰਸ ਨਹੀਂ ਆ ਸਕਿਆ। ਮਾਮੂਲੀ ਆਪਸੀ ਗਠਜੋੜਾਂ ਦੀ ਗੱਲ ਚਲਾ ਕੇ ਤੀਜਾ ਬਦਲ ਤਿੰਨ ਥਾਵਾਂ ’ਤੇ ਵੰਡਿਆ ਗਿਆ ਹੈ। ਅਜੇ ਵੀ ਮੌਕਾ ਹੈ ਕਿ ਆਮ ਆਦਮੀ ਪਾਰਟੀ, ਖਹਿਰਾ, ਗਾਂਧੀ, ਬੈਂਸ ਤਾਲਮੇਲ ਅਤੇ ਟਕਸਾਲੀ ਅਕਾਲੀ ਦਲ ਦੇ ਆਗੂ ਪੰਜਾਬ ਤੇ ਪੰਜਾਬ ਵਾਸੀਆਂ ਦੀ ਪੀੜਾ ਨੂੰ ਧੜੇਬਾਜ਼ੀ ਵਾਲਾ ਰੂੰ ਕੱਢ ਕੇ ਸੁਣ ਲੈਣ। ਬਿਨਾਂ ਦੇਰ ਇਕੱਠੇ ਬੈਠ ਜਾਣ। ਆਪਣੇ ਆਪਣੇ ਸੰਭਾਵੀ ਉਮੀਦਵਾਰਾਂ ਨੂੰ ਨਾਲ ਬੈਠਾ ਲੈਣ। ਆਪਣੀ ਆਪਣੀ ਹਉਂ ਛੱਡ ਕੇ ਕੇਵਲ ਪੰਜਾਬ ਦੇ ਵਰਤਮਾਨ ਸੰਤਾਪ ਦੀ ਪੀੜਾ ਹਰਨ ਅਤੇ ਨਵੇਂ ਪੰਜਾਬ ਦੇ ਭਵਿੱਖ ਲਈ ਸਮਰਪਿਤ ਹੋ ਜਾਣ।  ਸਾਂਝੇ 13 ਉਮੀਦਵਾਰ ਰੱਖ ਲੈਣ। ਬਾਕੀ ਦੇ ਸੰਭਾਵੀ ਉਮੀਦਵਾਰ ਵੀ ਸੱਚੇ ਮਨੋਂ ਜਿੱਤ ਲਈ ਪ੍ਰਚਾਰ ਕਰਨ ਲੱਗ ਜਾਣ।  ਉਹਨਾਂ ਨੂੰ 2022 ਦੀ ਵਿਧਾਨ ਸਭਾ ਵਾਸਤੇ ਹੁਣ ਤੋਂ ਹੀ ਅਧਿਕਾਰਤ ਨੁਮਾਇੰਦੇ ਮੰਨ ਲਿਆ ਜਾਵੇ। ਐਸਾ ਸੰਭਵ ਹੈ, ਲੋੜ ਕੂੜੀ ਜ਼ਿਦ ਤੇ ਝਿਜਕ ਤੋੜਨ ਦੀ ਹੈ।

ਹਲ਼ਕਾ ਖਡੂਰ ਸਾਹਿਬ ਪਹਿਲਾਂ ਤਰਨਤਾਰਨ ਹਲ਼ਕਾ ਹੋਇਆ ਕਰਦਾ ਸੀ। ਇਸ ਹਲ਼ਕੇ ਨੇ ਬੜੇ ਕ੍ਰਾਂਤੀਕਾਰੀ ਫੈਸਲੇ ਦਿੱਤੇ ਹਨ। ਸ: ਕੈਰੋਂ ਦੇ ਮੁਕਾਬਲੇ ਜ਼ੇਲ੍ਹ ਵਿੱਚ ਬੈਠੇ ਜਥੇਦਾਰ ਮੋਹਣ ਸਿੰਘ ਤੁੜ ਨੂੰ ਚੁਣਿਆ। ਸ: ਸਿਮਰਨਜੀਤ ਸਿੰਘ ਜੀ ਮਾਨ ਨੂੰ ਭਾਰਤ ਵਿਚਲੇ ਸਾਰੇ ਹਲ਼ਕਿਆਂ ਤੋਂ ਵੱਧ ਵੋਟਾਂ ਨਾਲ ਜਿਤਾਇਆ ਸੀ।  ਨਵੇਂ ਰਾਜਸੀ ਉਭਾਰ ਵਾਲੀਆਂ ਧਿਰਾਂ ਦੇ ਕਿਸੇ ਵੀ ਉਮੀਦਵਾਰ ’ਤੇ ਦਾਸ ਵੱਲੋਂ ਕੋਈ ਨਾਕਾਰਾਤਮਕ ਟਿੱਪਣੀ ਨਹੀਂ ਹੈ। ਐਨਾ ਜ਼ਰੂਰ ਹੈ ਕਿ ਸਾਰੇ ਨਵੇਂ ਰਾਜਸੀ ਉਭਾਰ ਬੜੀ ਭਲੀ-ਭਾਂਤ ਜਾਣਦੇ ਹਨ ਕਿ 1984 ਤੋਂ ਬਾਅਦ ਜੋ ਸਿੱਖ ਨੌਜਵਾਨੀ ਦਾ ਘਾਣ ਮਿੱਥ ਕੇ ਵਕਤ ਦੀ ਭਾਰਤੀ ਤੇ ਸੂਬਾਈ ਹਕੂਮਤ ਨੇ ਕੀਤਾ ਸੀ, ਉਸ ਜ਼ੁਲਮ ਦੇ ਅੰਕੜੇ ਸਾਹਮਣੇ ਲੈ ਕੇ ਆਉਣ ਲਈ ਮਨੁੱਖੀ ਅਧਿਕਾਰ ਸੰਗਠਨ ਦੇ ਰੂਹੇ-ਰਵਾਂ ਸ: ਜਸਵੰਤ ਸਿੰਘ ਖਾਲੜਾ ਜੀ ਨੇ ਮਿਸਾਲੀ ਕੰਮ ਕੀਤਾ ਸੀ। ਉਹ ਯੋਗਦਾਨ ਮਾਣ ਕਰਨਯੋਗ ਹੈ। ਉਹਨਾਂ ਦਾ ਕਤਲ ਭਾਰਤੀ ਤਾਕਤਾਂ ਵੱਲੋਂ ਕਰਨਾ ਇਸ ਗੱਲ ਦਾ ਪ੍ਰਮਾਣ ਹੈ ਕਿ ਉਹ ਪੰਜਾਬ ਨੂੰ ਤੇ ਏਥੋਂ ਦੇ ਵਾਸੀਆਂ ਨੂੰ ਗ਼ੁਲਾਮ ਬਣਾ ਕੇ ਰੱਖਣਾ ਪਸੰਦ ਕਰਦੀਆਂ ਹਨ।

2019 ਦੀ ਲੋਕ ਸਭਾ ਚੋਣ ਮੌਕੇ ਨਵੇਂ ਰਾਜਸੀ ਉਭਾਰ ਦੇ ਇਕ ਧੜੇ ਵੱਲੋਂ ਸਰਦਾਰਨੀ ਪਰਮਜੀਤ ਕੌਰ ਖਾਲੜਾ ਨੂੰ ਖਡੂਰ ਸਾਹਿਬ ਤੋਂ ਉਮੀਦਵਾਰ ਬਣਾਇਆ ਗਿਆ ਹੈ। ਇਹ ਸ: ਜਸਵੰਤ ਸਿੰਘ ਜੀ ਖਾਲੜਾ ਵੱਲੋਂ ਕੀਤੇ ਕੰਮਾਂ ਦਾ ਮੁੱਲ ਮੋੜਨ ਦੇ ਤੁੱਲ ਤਾਂ ਨਹੀਂ ਹੋ ਸਕਦਾ। ਹਾਂ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਉਹਨਾਂ ਦੇ ਜਜ਼ਬੇ ਤੇ ਜਨੂੰਨ ਨੂੰ ਕਾਇਮ ਰੱਖਣ ਦਾ ਇੱਕ ਚੰਗਾ ਕਦਮ ਜ਼ਰੂਰ ਹੈ। ਇਸ ਲਈ ਨਵੇਂ ਉਭਾਰ ਦੀਆਂ ਹੋਰ ਧਿਰਾਂ ਜਿਨ੍ਹਾਂ ਵਿਚ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਟਕਸਾਲੀ ਸ਼ਾਮਲ ਹਨ, ਉਹਨਾਂ ਨੂੰ ਪੰਜਾਬ ਦੇ ਦੂਜੇ ਹਲ਼ਕਿਆਂ ਲਈ ਮਿਲ ਬੈਠ ਕੇ ਸਹਿਮਤੀ ਬਣਾਉਣੀ ਚਾਹੀਦੀ ਹੈ। ਇਹ ਪੰਜਾਬ ਦੇ ਹਿਤ ਵਿੱਚ ਪਹਿਲ ਕਦਮੀ ਕਰਨੀ ਜ਼ਰੂਰੀ ਹੈ। ਹਲ਼ਕਾ ਖਡੂਰ ਸਾਹਿਬ ਤੋਂ ਕੇਵਲ ਸਰਦਾਰਨੀ ਖਾਲੜਾ ਨੂੰ ਸਰਬਸੰਮਤੀ ਨਾਲ ਚੁਣਨ ਦਾ ਨਿਰਣਾ ਲੈਣਾ ਚਾਹੀਦਾ ਹੈ। ਐਸਾ ਸੰਭਵ ਹੈ।

ਜੇ ਇਹ ਸਾਂਝ ਬਣ ਜਾਂਦੀ ਹੈ ਤਾਂ ਹਲ਼ਕਾ ਖਡੂਰ ਸਾਹਿਬ ਦੇ ਵੋਟਰ ਨਿਰਸੰਦੇਹ ਧੜਿਆਂ ਤੋਂ ਉੱਪਰ ਉੱਠ ਕੇ ਇਨਸਾਨੀਅਤ ਨੂੰ ਹੀ ਵੋਟ ਪਾਉਣ ਲਈ ਤਰਜ਼ੀਹ ਦੇਣਗੇ।  ਵੋਟਰ ਮਨੁੱਖੀ ਹੱਕਾਂ ਦੀ ਰਖਵਾਲੀ ਲਈ ਜੂਝਦੀ ਰੂਹ ਨੂੰ ਪੰਜਾਬ ਦੀ ਧੀ ਮੰਨ ਕੇ ਚੁਣ ਲੈਣਗੇ। ਬਿਨਾਂ ਡਰ ਭੈ ਅਤੇ ਬਿਨਾਂ ਟਕਾ ਪੈਸਾ ਖਰਚੇ ਵੋਟਰ ਬੀਬੀ ਜੀ ਨੂੰ ਕਾਮਯਾਬ ਕਰ ਕੇ ਮਾਣ ਮਹਿਸੂਸ ਕਰਨਗੇ। ਇਹ ਮੌਕਾ ਹੈ ਇਤਿਹਾਸ ਰਚਣ ਦਾ। ਨਵੇਂ ਉਭਾਰ ਅਤੇ ਹਲ਼ਕਾ ਖਡੂਰ ਸਾਹਿਬ ਦੇ ਵੋਟਰ ਜ਼ਰੂਰ ਹੱਥ ਆਈ ਬਾਜ਼ੀ ਸੰਭਾਲ ਲੈਣ। ਜੇ ਖੁੰਝ ਗਏ ਤਾਂ ਜਿੱਥੇ ਜ਼ਮਾਨਤਾ ਜ਼ਬਤ ਕਰਵਾ ਕੇ ਸ਼ਰਮਿੰਦਗੀ ਦਾ ਸਾਹਮਣਾ ਕਰੋਗੇ ਉੱਥੇ ਭਵਿੱਖ ਤੋਂ ਝਿੜਕਾਂ ਵੀ ਖਾਓਗੇ। ਇਸ ਲਾਪਰਵਾਹੀ ਦੇ ਦੋਸ਼ੀਆਂ ਦੀ ਕਤਾਰ ਵਿੱਚ ਖੜ੍ਹਿਆਂ ਕਰ ਕੇ ਇਤਿਹਾਸ ਸਵਾਲ ’ਤੇ ਸਵਾਲ ਪੁੱਛਦਾ ਰਹੇਗਾ।