ਦਾਸਤਾਨ-ਏ-ਦਸਤਾਰ

0
428

ਦਾਸਤਾਨ-ਏ-ਦਸਤਾਰ

ਗੁਰਜੀਤ ਸਿੰਘ ਗੀਤੂ, ਪਿੰਡ ਤੇ ਡਾਕ ਕੋਲਿਆਂ ਵਾਲੀ, ਤਹਿ. ਮਲੋਟ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ-152107 ਸੰਪਰਕ ਨੰਬਰ 94653-10052

ਦਸਤਾਰ; ਪੁਸ਼ਾਕ ਦਾ ਨਹੀਂ, ਕਿਰਦਾਰ ਦਾ ਹਿੱਸਾ ਹੈ, ਜੋ ਕਿਰਦਾਰ ਸਿੱਖ ਨੂੰ ਗੁਰਬਾਣੀ ਦੇ ਜਰੀਏ ਜੀਵਨ ਜਿਉਣ ਦੀ ਜਾਂਚ ਦੱਸਦਾ ਹੈ। ਦਸਤਾਰ ਵਾਲਾ ਸਿਰ ਫ਼ਖਰ ਨਾਲ ਉੱਚਾ ਹੋ ਜਾਂਦਾ ਹੈ ਕਿ ਮੇਰੇ ਸੋਹਣੇ ਸਿਰ ’ਤੇ ਦਸਤਾਰ ਰੂਪੀ ਸਰਤਾਜ ਸਜਿਆ ਹੋਇਆ ਹੈ ਤੇ ਉਹ ਸਿਰ ਸਿਵਾਏ ‘ਗੁਰੂ ਗ੍ਰੰਥ ਸਾਹਿਬ’ ਦੇ ਹੋਰ ਕਿਸੇ ਅੱਗੇ ਨਹੀਂ ਝੁਕਦਾ ਤੇ ਨਾ ਹੀ ਉਹ ਕਿਸੇ ਨਿਮਾਣੇ ਦਾ ਸਿਰ ਕਿਸੇ ਜ਼ਾਲਮ ਅੱਗੇ ਝੁਕਣ ਦਿੰਦਾ ਹੈ। ਹਰ ਥਾਂ ਨਿਮਾਣਿਆਂ ਦਾ ਮਾਣ ਬਣ ਕੇ ਬਾਬੇ ਦੀਪ ਸਿੰਘ ਵਾਂਗ ਜੂਝਣ ਦੀ ਸਮਰੱਥਾ ਰੱਖਦਾ ਹੈ। ਦਸਤਾਰਧਾਰੀ ਗੁਰੂ ਦਾ ਸਿੱਖ, ਬਾਬਾ ਬੰਦਾ ਸਿੰਘ ਬਹਾਦਰ ਦੀ ਤਰ੍ਹਾਂ ਕਿਸੇ ਵੈਰੀ ਦੀ ਦਸਤਾਰ ਵੀ ਸਿਰ ਤੋਂ ਲਹਿਣ ਨਹੀਂ ਦੇਣਾ ਚਾਹੁੰਦਾ। ਆਪਣੀ ਦਸਤਾਰ ਦੀ ਹਿਫ਼ਾਜ਼ਤ ਵੀ ਉਹੀ ਕਰ ਸਕਦਾ ਹੈ ਜਿਸ ਨੂੰ ਦੂਜਿਆਂ ਦੀ ਦਸਤਾਰ ਦੀ ਕੀਮਤ ਦਾ ਅੰਦਾਜ਼ਾ ਹੋਵੇ ਕਿ ਇਹ ਕੋਈ ਪੰਜ-ਸੱਤ ਗਜ਼ ਦਾ ਕੱਪੜਾ ਨਹੀਂ ਬਲਕਿ ਮਾਣ-ਮਰਯਾਦਾ ਹੈ।

ਦਸਤਾਰ ਦੀ ਆਰੰਭਤਾ ਚਾਹੇ ਸਦੀਆਂ ਪੁਰਾਣੀ ਰਹੀ ਹੈ ਲੇਕਿਨ ਧਰਮ ਦੇ ਖੇਤਰ ਵਿੱਚ ਇਸ ਦਾ ਮੁੱਢ ਗੁਰੂ ਨਾਨਕ ਦੇਵ ਜੀ ਤੋਂ ਹੀ ਬੱਝਦਾ ਹੈ, ਜਿਸ ਨੂੰ ਤੱਤੀ ਤੱਵੀ ਦਾ ਸਫ਼ਰ ਤੈਅ ਕਰਨ ਪਿੱਛੋਂ ਦਿੱਲੀ ਦੇ ਚਾਂਦਨੀ ਚੌਕ ਵਿੱਚ ਸੀਸ ਧੜ ਤੋਂ ਅਲੱਗ ਹੋਣ ਦਾ ਮਾਣ ਹਾਸਲ ਹੈ। ਇਸ ਤੋਂ ਬਾਅਦ ਹੀ ਰਸਮੀ ਤੌਰ ’ਤੇ 1699 ਈਸਵੀ ਦੀ ਵਿਸਾਖੀ ਮੌਕੇ ਦਸਮ ਪਿਤਾ ਦੁਆਰਾ ਪੰਜ ਸਿੰਘਾਂ ਦੇ ਸੀਸ ਭੇਂਟ ਕਰਨ ’ਤੇ ਹੀ ਸਿੱਖ ਦੇ ਸਿਰ ਸੱਜਣ ਦਾ ਅਧਿਕਾਰ ਪ੍ਰਾਪਤ ਕਰਦੀ ਹੈ। ਇਸ ਦਸਤਾਰ ਦਾ ਸਫ਼ਰ ਇੱਥੇ ਹੀ ਨਹੀਂ ਮੁੱਕਦਾ ਬਲਕਿ ਆਪਣੇ ਅਧਿਕਾਰ ਨੂੰ ਬਰਕਰਾਰ ਰੱਖਣ ਲਈ ਨੀਹਾਂ ਵਿੱਚ ਚਿਣ ਕੇ ਵੀ ਜੈਕਾਰੇ ਬੁਲਾਉਂਦੀ ਰਹੀ, ਉੱਬਲਦੀਆਂ ਦੇਗਾਂ ’ਚ ਉਬਾਲੇ ਖਾਂਦੀ ਹੋਈ ਸਿਰ ਤੋਂ ਖੋਪੜ ਲੁਹਾ ਕੇ ਆਰਿਆਂ ਨਾਲ ਚਿਰ ਕੇ ਚਰਖੜੀਆਂ ’ਤੇ ਚੜਣਾ ਪਿਆ, ਕਦੇ ਬੰਦ-ਬੰਦ ਕਟਵਾਉਣੇ ਪਏ ਤੇ ਕਦੇ ਬੇ-ਜ਼ਬਾਨੇ ਬੱਚਿਆਂ ਦੇ ਸਰੀਰਕ ਟੁੱਕੜਿਆਂ ਦੇ ਹਾਰ ਮਾਂਵਾਂ ਨੂੰ ਗਲ਼ਾਂ ਵਿੱਚ ਪਾਉਣੇ ਪਏ ਤਾਂ ਹੀ ਅੱਜ ਸਿੱਖਾਂ ਦੇ ਸਿਰਾਂ ’ਤੇ ਸ਼ੋਭਦੀ ਦਸਤਾਰ ਪੂਰੀ ਦੁਨੀਆਂ ਵਿੱਚ ਸਤਕਾਰੀ ਜਾਂਦੀ ਹੈ।

ਦਸਤਾਰ, ਸਿਰ ਉੱਤੇ ਸਜ ਜਾਣ ਨਾਲ ਸਿੱਖ ਇੱਕ ਵੱਡੀ ਜ਼ਿੰਮੇਵਾਰੀ ਦਾ ਧਾਰਨੀ ਬਣ ਜਾਂਦਾ ਹੈ। ਸਿੱਖ ਨੇ ਫਿਰ ਆਪਣੀ ਜਾਂ ਆਪਣੇ ਪਰਿਵਾਰ ਦੀ ਦੇਖ-ਰੇਖ ਹੀ ਨਹੀਂ ਕਰਨੀ ਹੁੰਦੀ ਬਲਕਿ ਇਹ ਦਸਤਾਰ ਇਮਾਨਦਾਰੀ, ਸਚਾਈ ਅਤੇ ਹੱਕ-ਸੱਚ ਦੀ ਸੂਚਕ ਬਣ ਕੇ ਦਇਆ ਦੇ ਰਾਹ ’ਤੇ ਚੱਲਣ ਦੀ ਪ੍ਰੇਰਨਾ ਵੀ ਦਿੰਦੀ ਹੈ। ਇਸ ਦਸਤਾਰ ਦੇ ਅੰਦਰ ਹੀ ਨਿਆਸਰਿਆਂ ਨੂੰ ਆਸਰਾ ਦੇਣ ਦਾ ਅਹਿਸਾਸ ਲੁਪਤ ਹੁੰਦਾ ਹੈ। ਇਹ ਦਸਤਾਰ ਹੀ ਦੂਜਿਆਂ ਲਈ ਨਿਰਭਉ ਦਾ ਸੰਕੇਤ ਬਣਦੀ ਹੈ ਤੇ ਕਿਸੇ ਸੰਕਟ ਵਿੱਚ ਘਿਰੀ ਔਰਤ ਦੀ ਪੱਤ ਢੱਕਣ ਦਾ ਸਾਹਸ ਰੱਖਦੀ ਹੈ। ਦਸਤਾਰ ਨਾਲ ਹੀ ਬਿਰਧ ਮਾਪਿਆਂ ਦੀ ਡੰਗੋਰੀ ਦਾ ਖ਼ਿਆਲ ਆਉਂਦਾ ਹੈ ਤੇ ਇਹ ਦਸਤਾਰ ਹੀ ਇਕ ਔਰਤ ਦਾ ਸੁਹਾਗ ਬਣ ਕੇ ਇੱਕ ਧੀ ਦੇ ਪਿਉਂ ਦਾ ਫ਼ਰਜ਼ ਅਦਾ ਕਰਨਾ ਸਿਖਾਉਂਦੀ ਹੈ।

ਦਸਤਾਰ, ਸੁਭਾਅ ਤੋਂ ਹੀ ਆਜ਼ਾਦ ਹੋਣ ਕਰ ਕੇ ਨਾ ਕਿਸੇ ਸਿੱਖ ਨੂੰ ਗੁਲਾਮ ਹੋਣ ਦਿੰਦੀ ਹੈ ਤੇ ਨਾ ਹੀ ਕਿਸੇ ਨੂੰ ਆਪਣੇ ਗੁਲਾਮ ਕਰਨ ਦਾ ਫੁਰਨਾ ਪੈਦਾ ਕਰਦੀ ਹੈ। ਦਸਤਾਰ ਇਕ ਕਿਸਮ ਦਾ ਸਿਰ ਸਜਿਆ ਤਾਜ ਹੈ, ਜੋ ਹਰ ਕਿਸੇ ਨੂੰ ਪਿਆਰ ਨਾਲ ਗਲ਼ ਲਾਉਣ ਲਈ ਲਚਕਤਾ ਪੈਦਾ ਕਰਦਾ ਹੈ ਤੇ ਝੂਠੇ ਹੰਕਾਰੀ ਰਾਜਿਆਂ ਦੇ ਮਾਣ ਨੂੰ ਤੋੜਣ ਦੀ ਹਿੰਮਤ ਰੱਖਦਾ ਹੈ। ਅੱਜ ਲੋੜ ਹੈ ਸਿੱਖ ਕੌਮ ਦੇ ਬੇਮੁੱਖ ਹੁੰਦੇ ਜਾ ਰਹੇ ਨੌਜਵਾਨ ਮੁੰਡੇ-ਕੁੜੀਆਂ ਨੂੰ ਇਸ ਗੌਰਵਮਈ ਵਿਰਸੇ ਤੋਂ ਜਾਣੂ ਕਰਵਾਇਆ ਜਾਵੇ ਤਾਂ ਜੋ ਇਸ ਦਸਤਾਰ ਦੇ ਰੂਹਾਨੀ ਗੁਣਾਂ ਨੂੰ ਪਹਿਚਾਣ ਕੇ ਆਪਣੇ ਜੀਵਨ ਦਾ ਅਹਿਮ ਹਿੱਸਾ ਸਮਝਿਆ ਜਾ ਸਕੇ।

ਨੌਜਵਾਨਾਂ ਨੂੰ ਆਪਣੇ ਜੀਵਨ ਦਾ ਆਦਰਸ਼ ਕਿਸੇ ਦਸਤਾਰਧਾਰੀ ਲੱਚਰਤਾ ਫੈਲਾਉਂਦੇ ਕਲਾਕਾਰਾਂ ਨੂੰ ਨਾ ਮੰਨ ਕੇ, ਸ. ਹਰੀ ਸਿੰਘ ਨਲੂਆ ਵਰਗੇ ਮਹਾਨ ਯੋਧਿਆਂ ਨੂੰ ਮੰਨਣਾ ਚਾਹੀਦਾ ਹੈ। ਇਸ ਲਈ ਮਾਪਿਆਂ ਅਤੇ ਸਿੱਖ ਸੰਸਥਾਵਾਂ ਨੂੰ ਇਕ-ਮਿੱਕ ਹੋ ਕੇ ਬੱਚਿਆ ਨੂੰ ਸੇਧ ਦੇਣ ਲਈ ਉਪਰਾਲਾ ਕਰਨਾ ਚਾਹੀਦਾ ਹੈ। ਦਿਨ ਪ੍ਰਤੀ ਦਿਨ ਭਖ ਰਹੇ ਦਸਤਾਰ ਦੀਆਂ ਵੰਨਗੀਆਂ (ਪ੍ਰਕਾਰਾਂ) ਦੇ ਮਸਲਿਆਂ ਨੂੰ ਸੰਕੋਚ ਕੇ ਇਸ ਦੇ ਮੌਲਿਕ ਗੁਣਾਂ ਨੂੰ ਦਰਸਾਉਣਾ ਬਹੁਤ ਜ਼ਰੂਰੀ ਹੈ। ਇਸ ਦੇ ਨਾਲ ਹੀ ਹਿੰਦੂ-ਮੁਸਲਿਮ ਭਾਈਆਂ ਵਿੱਚ ਵੀ ਜਾਗਰੁਕਤਾ ਮੁਹਿੰਮ ਦਾ ਆਗ਼ਾਜ਼ ਕਰਨਾ ਜ਼ਰੂਰੀ ਹੈ ਤਾਂ ਜੋ ਸਿੱਖ ਦੀ ਦਸਤਾਰ ਨੂੰ ਸਹਿਮ ਦਾ ਨਹੀਂ ਬਲਕਿ ਭਾਈਚਾਰਕ ਸਾਂਝ ਦਾ ਮੁੱਖ ਅੰਗ ਸਮਝਿਆ ਜਾਵੇ।