ਗੁਰਬਾਣੀ ਵਿੱਚ ਸਾਹਿਤਕਾਰੀ ਅਨੁਸਾਰ ਬਿੰਦੀ ਦੀ ਵਰਤੋਂ ਤੇ ਉਚਾਰਨ (ਭਾਗ 7)

0
606

ਗੁਰਬਾਣੀ ਵਿੱਚ ਸਾਹਿਤਕਾਰੀ ਅਨੁਸਾਰ ਬਿੰਦੀ ਦੀ ਵਰਤੋਂ ਤੇ ਉਚਾਰਨ

(ਭਾਗ 7)

ਕਿਰਪਾਲ ਸਿੰਘ (ਬਠਿੰਡਾ) ਸੰਪਰਕ 98554-80797

ਸਤਿਗੁਰਾਂ ਨੇ ਸਾਨੂੰ ਸੇਧ ਦੇਣ ਲਈ ਗੁਰਬਾਣੀ ਦੀ ਲਿਖਾਈ ਅੰਦਰ ਇਹ ਨਿਯਮ ਵਰਤਿਆ ਹੈ ਕਿ ਕੁਝ ਸ਼ਬਦਾਂ ਨੂੰ ਇੱਕ ਥਾਂ ’ਤੇ ਬਿੰਦੀ ਲਗਾ ਕੇ ਅਜੋਕੇ ਭਾਸ਼ਾਈ ਉਚਾਰਨ ਨਿਯਮ ਦਾ ਪਾਲਣ ਕੀਤਾ ਗਿਆ ਹੈ ਜਦਕਿ ਉਹੀ ਸ਼ਬਦ ਜਦ ਹੋਰ ਜਗ੍ਹਾ ਦੁਬਾਰਾ ਵਰਤੇ ਗਏ ਹਨ ਤਾਂ ਉਨ੍ਹਾਂ ਦੇ ਨਾਲ ਬਿੰਦੀ ਦੀ ਵਰਤੋਂ ਨਹੀਂ ਕੀਤੀ ਗਈ।  ਅਜਿਹੇ ਸ਼ਬਦਾਂ ਦੀਆਂ ਕੁਝ ਕੁ ਉਦਾਹਰਨਾਂ ਹੇਠਾਂ ਦਿੱਤੀਆਂ ਜਾ ਰਹੀਆਂ ਹਨ:-

ਗੁਰਬਾਣੀ ਵਿੱਚ ਕੁਝ ਐਸੇ ਸ਼ਬਦ ਹਨ, ਜੋ ਹਮੇਸ਼ਾਂ ਹੀ ਬਿੰਦੀ ਸਹਿਤ ਬੋਲੇ ਜਾਣੇ ਚਾਹੀਦੇ ਹਨ; ਜਿਵੇਂ :- ਊਧ – ਊਂਧ, ਆਚ – ਆਂਚ, ਆਗਨਿ – ਆਂਗਨਿ, ਈਧਨ – ੲੰੀਧਨ, ਅਜਾਈ – ਅਜਾਂਈ, ਸਿਉ – ਸਿਉਂ, ਸੀਗਾਰ – ਸੀਂਗਾਰ, ਸੀਗ – ਸੀਂਗ,  ਹੀਗ – ਹੀਂਗ, ਕਾਸੀ – ਕਾਂਸੀ, ਸਭਹੂ – ਸਭਹੂੰ, ਸਦਹੂ – ਸਦਹੂੰ,  ਇੰਦ੍ਰਾਸਣ – ਇਦਾਸਣ ਆਦਿਕ, ਮਿਸਾਲ ਵਜੋਂ ਗੁਰਬਾਣੀ ’ਚ ਇਉਂ ਦਰਜ ਹਨ :

1. (ੳ). ਜਨਮ ਮਰਣ ਕੀ ਮਿਟੀ ਜਮ ਤ੍ਰਾਸ ॥ ਸਾਧਸੰਗਤਿ, ‘ਊਂਧ’ ਕਮਲ ਬਿਗਾਸ ॥ (ਮ: ੫/੧੧੪੮)

ਅਰਥ :-  ਹੇ ਭਾਈ ! (ਮਿਹਰ ਕਰ ਕੇ ਪ੍ਰਭੂ ਜਿਸ ਮਨੁੱਖ ਨੂੰ ਆਪਣੀ ਸੇਵਾ-ਭਗਤੀ ਵਿਚ ਜੋੜਦਾ ਹੈ, ਉਸ ਦੇ ਮਨ ’ਚੋਂ) ਜਨਮ ਮਰਨ ਦੇ ਗੇੜ ਦਾ ਸਹਿਮ ਅਤੇ ਜਮ-ਰਾਜ ਦਾ ਡਰ ਮਿਟ ਜਾਂਦਾ ਹੈ, ਸਾਧ ਸੰਗਤ ਦੀ ਬਰਕਤਿ ਨਾਲ ਉਸ ਦਾ (ਪਹਿਲਾਂ ਮਾਇਆ ਦੇ ਮੋਹ ਵੱਲ) ਉਲਟਿਆ ਹੋਇਆ ਹਿਰਦਾ-ਕਮਲ ਖਿੜ ਪੈਂਦਾ ਹੈ।

(ਅ). ਜਿਨਾ ਬਾਤ ਕੋ ਬਹੁਤੁ ਅੰਦੇਸਰੋ ; ਤੇ, ਮਿਟੇ ਸਭਿ ਗਇਆ ॥ ਸਹਜ ਸੈਨ ਅਰੁ ਸੁਖਮਨ ਨਾਰੀ ; ‘ਊਧ’ ਕਮਲ ਬਿਗਸਇਆ ॥ (ਮ: ੫/੬੧੨)

ਅਰਥ :- ਹੇ ਭਾਈ  !  ਜਿਨ੍ਹਾਂ ਗੱਲਾਂ ਦਾ ਮੈਨੂੰ ਬਹੁਤ ਚਿੰਤਾ-ਫ਼ਿਕਰ ਲੱਗਾ ਰਹਿੰਦਾ ਸੀ (ਗੁਰੂ ਦੀ ਕਿਰਪਾ ਨਾਲ) ਉਹ ਸਾਰੇ ਚਿੰਤਾ-ਫ਼ਿਕਰ ਮਿਟ ਗਏ ਹਨ। ਮੇਰਾ ਪੁੱਠਾ ਹੋਇਆ ਹਿਰਦਾ-ਕੌਲ ਫੁੱਲ ਖਿੜ ਪਿਆ ਹੈ, ਆਤਮਕ ਅਡੋਲਤਾ ਵਿਚ ਮੇਰੀ ਲੀਨਤਾ ਹੋ ਗਈ ਹੈ, ਜਿਸ ਕਾਰਨ ਹੁਣ ਮੇਰੇ ਸਾਰੇ ਇੰਦ੍ਰੇ ਮੇਰੇ ਮਨ ਨੂੰ ਆਤਮਕ ਸੁਖ ਦੇਣ ਵਾਲੇ ਹੋ ਗਏ ਹਨ ।

ਨੋਟ : ਉਕਤ ਤੁਕ ਨੰ: ੳ. ਵਿੱਚ ‘ਊਂਧ’ ਬਿੰਦੀ ਸਹਿਤ ਅਤੇ ਤੁਕ ਨੰ: ਅ. ਵਿੱਚ ‘ਊਧ’ ਬਿੰਦੀ ਰਹਿਤ ਆਇਆ ਹੈ ਪਰ ਅਰਥ ਦੋਵਾਂ ਹੀ ਤੁਕਾਂ ਵਿੱਚ ‘ਉਲਟਿਆ ਹੋਇਆ ਭਾਵ ਮੂਧਾ’ ਹੈ ਇਸ ਲਈ ਤੁਕ ਨੰ: ੳ. ਤੋਂ ਸੇਧ ਲੈ ਕੇ ਗੁਰਬਾਣੀ ਵਿੱਚ ਜਿੱਥੇ ਵੀ ‘ਊਧ’ ਸ਼ਬਦ ‘ਉਲਟਿਆ ਹੋਇਆ/ਮੂਧਾ’ ਦੇ ਅਰਥਾਂ ਵਿੱਚ ਵਰਤਿਆ ਗਿਆ ਹੋਵੇ, ਉੱਥੇ ਬਿੰਦੀ ਲਾ ਕੇ ਉਚਾਰਨ ਕੀਤੇ ਜਾਣਾ ਯੋਗ ਹੈ।

2. (ੳ). ਕਬੀਰ ! ਪਰਦੇਸੀ ਕੈ ਘਾਘਰੈ ; ਚਹੁ ਦਿਸਿ ਲਾਗੀ ਆਗਿ ॥ ਖਿੰਥਾ ਜਲਿ, ਕੋਇਲਾ ਭਈ ; ਤਾਗੇ, ‘ਆਂਚ’ ਨ ਲਾਗ ॥ (ਸਲੋਕ ਭਗਤ ਕਬੀਰ ਜੀਉ/੧੩੬੬)

ਅਰਥ :- (ਜੋ ਪਰਦੇਸੀ ਜੋਗੀ ਬੇ-ਪਰਵਾਹ ਹੋ ਕੇ ਇਸ ਵਿਕਾਰਾਂ ਦੀ ਅੱਗ ਦਾ ਨਿੱਘ ਮਾਣਦਾ ਰਿਹਾ, ਉਸ ਦੀ) ਸਰੀਰ-ਗੋਦੜੀ (ਵਿਕਾਰਾਂ ਦੀ ਅੱਗ ਵਿਚ) ਸੜ ਕੇ ਕੋਲੇ ਹੋ ਗਈ (ਪਰ ਜਿਸ ਪਰਦੇਸੀ ਜੋਗੀ ਨੇ ਇਸ ਗੋਦੜੀ ਦੇ ਧਾਗੇ ਦਾ ਭਾਵ ਇਸ ਸਰੀਰ ਵਿਚ ਵੱਸਦੀ ਜਿੰਦ ਦਾ ਖ਼ਿਆਲ ਰੱਖਿਆ ਤੇ ਵਿਕਾਰ-ਅਗਨੀ ਦੇ ਨਿੱਘ ਦਾ ਸੁਆਦ ਮਾਣਨ ਤੋਂ ਸੰਕੋਚ ਕਰੀ ਰੱਖਿਆ, ਉਸ ਦੀ) ਆਤਮਾ ਨੂੰ (ਇਹਨਾਂ ਵਿਕਾਰਾਂ ਦੀ ਅੱਗ ਦਾ) ਸੇਕ ਭੀ ਨਾ ਲੱਗਾ (ਭਾਵ ਉਹ ਇਸ ਬਲਦੀ ਅੱਗ ਵਿੱਚੋਂ ਬਚ ਗਿਆ) ।

(ਅ). ਜਲ ਦੁਧ ਨਿਆਈ ਰੀਤਿ, ਅਬ, ਦੁਧ ‘ਆਚ’ ਨਹੀ ; ਮਨ  ! ਐਸੀ ਪ੍ਰੀਤਿ ਹਰੇ ॥ (ਮ: ੫/੪੫੪)  ਭਾਵ ਪਰਮਾਤਮਾ ਤੇ ਜੀਵਾਤਮਾ ਦੇ ਪਿਆਰ ਦੀ ਮਰਯਾਦਾ ਪਾਣੀ ਤੇ ਦੁੱਧ ਦੇ ਪਿਆਰ ਵਰਗੀ ਹੈ। (ਜਦੋਂ ਪਾਣੀ ਦੁੱਧ ਨਾਲ ਇੱਕ-ਰੂਪ ਹੋ ਜਾਂਦਾ ਹੈ) ਤਦੋਂ (ਪਾਣੀ) ਦੁੱਧ ਨੂੰ ਸੇਕ ਨਹੀਂ ਲੱਗਣ ਦੇਂਦਾ।  ਹੇ ਮਨ  !  ਪਰਮਾਤਮਾ ਦਾ ਪਿਆਰ ਇਹੋ ਜਿਹਾ ਹੀ ਹੈ (ਉਹ ਜੀਵ ਨੂੰ ਵਿਕਾਰਾਂ ਦਾ ਸੇਕ ਨਹੀਂ ਲੱਗਣ ਦੇਂਦਾ)।

ਨੋਟ: ਤੁਕ ਨੰ: ੳ. ਵਿੱਚ ‘ਆਂਚ’ ਬਿੰਦੀ ਸਹਿਤ ਅਤੇ ਤੁਕ ਨੰ: ਅ. ਵਿੱਚ ‘ਆਚ’ ਬਿੰਦੀ ਰਹਿਤ ਆਇਆ ਹੈ ਪਰ ਅਰਥ ਦੋਵਾਂ ਤੁਕਾਂ ਵਿੱਚ ‘ਸੇਕ’ ਹੈ, ਇਸ ਲਈ ਤੁਕ ਨੰ: ੳ. ਤੋਂ ਸੇਧ ਲੈ ਕੇ ਗੁਰਬਾਣੀ ਵਿੱਚ ਜਿੱਥੇ ਵੀ ‘ਆਚ’ ਸ਼ਬਦ ‘ਸੇਕ’ ਦੇ ਅਰਥਾਂ ਵਿੱਚ ਵਰਤਿਆ ਗਿਆ ਹੋਵੇ ਉੱਥੇ ਬਿੰਦੀ ਲਾ ਕੇ ਉਚਾਰਨਾ ਦਰੁਸਤ ਹੈ।

3. (ੳ). ਸੁਹਾਗੁ ਹਮਾਰੋ, ਅਬ ਹੁਣਿ ਸੋਹਿਓ ॥ ਕੰਤੁ ਮਿਲਿਓ, ਮੇਰੋ ਸਭੁ ਦੁਖੁ ਜੋਹਿਓ ॥ ‘ਆਂਗਨਿ’ ਮੇਰੈ, ਸੋਭਾ ਚੰਦ ॥ ਨਿਸਿ ਬਾਸੁਰ, ਪ੍ਰਿਅ ਸੰਗਿ ਅਨੰਦ ॥ (ਮ: ੫/੩੭੨) ਭਾਵ (ਹੇ ਸਹੇਲੀਏ !) ਹੁਣ ਮੇਰਾ ਚੰਗਾ ਸਤਾਰਾ ਚਮਕ ਪਿਆ ਹੈ, ਮੇਰਾ ਪ੍ਰਭੂ-ਪਤੀ ਮੈਨੂੰ ਮਿਲ ਪਿਆ ਹੈ, ਉਸ ਨੇ ਮੇਰਾ ਸਾਰਾ ਰੋਗ ਗਹੁ ਨਾਲ ਤੱਕ ਲਿਆ ਹੈ। ਮੇਰੇ (ਹਿਰਦੇ ਦੇ) ਵੇਹੜੇ ਵਿਚ ਸ਼ੋਭਾ ਦਾ ਚੰਦ ਚੜ੍ਹ ਪਿਆ ਹੈ। ਮੈਂ ਰਾਤ ਦਿਨ ਪਿਆਰੇ (ਪ੍ਰਭੂ-ਪਤੀ) ਨਾਲ ਆਨੰਦ ਮਾਣ ਰਹੀ ਹਾਂ।

(ਅ). ਮੇਰੈ ਹਾਥਿ, ਪਦਮੁ ; ‘ਆਗਨਿ’, ਸੁਖ ਬਾਸਨਾ ॥ ਸਖੀ  ! ਮੋਰੈ ਕੰਠਿ, ਰਤੰਨੁ ਪੇਖਿ ; ਦੁਖੁ ਨਾਸਨਾ ॥ (ਮ: ੫/੧੩੬੨) ਭਾਵ (ਹੁਣ) ਮੇਰੇ ਹੱਥ ਵਿਚ ਕੌਲ-ਫੁੱਲ (ਦੀ ਰੇਖਾ ਬਣ ਪਈ) ਹੈ (ਮੇਰੇ ਭਾਗ ਜਾਗ ਪਏ ਹਨ) ਮੇਰੇ (ਹਿਰਦੇ ਦੇ) ਵਿਹੜੇ ਵਿੱਚ ਆਤਮਕ ਆਨੰਦ ਦੀ ਸੁਗੰਧੀ (ਖਿਲਰੀ ਰਹਿੰਦੀ) ਹੈ। (ਜਿਵੇਂ ਬੱਚਿਆਂ ਦੇ ਗਲ ਵਿਚ ਨਜ਼ਰ-ਪੱਟੂ ਪਾਇਆ ਹੁੰਦਾ ਹੈ) ਹੇ ਸਹੇਲੀਏ ! ਮੇਰੇ ਗਲੇ ਵਿਚ ਨਾਮ-ਰਤਨ ਲਟਕ ਰਿਹਾ ਹੈ (ਮੇਰੇ ਗਲ ਵਿਚ ਨਾਮ-ਰਤਨ ਪ੍ਰੋਤਾ ਗਿਆ ਹੈ) ਜਿਸ ਨੂੰ ਵੇਖ ਕੇ (ਹਰੇਕ) ਦੁੱਖ ਦੂਰ ਹੋ ਗਿਆ ਹੈ।

ਨੋਟ: ਤੁਕ ਨੰ: ੳ. ਵਿੱਚ ‘ਆਂਗਨਿ’ ਬਿੰਦੀ ਸਹਿਤ ਅਤੇ ਤੁਕ ਨੰ: ਅ. ਵਿੱਚ ‘ਆਗਨਿ’ ਬਿੰਦੀ ਰਹਿਤ ਹੈ ਪਰ ਅਰਥ ਦੋਵਾਂ ਤੁਕਾਂ ਵਿੱਚ ‘ਵਿਹੜਾ’ ਹੈ, ਇਸ ਲਈ ਤੁਕ ਨੰ: ੳ. ਤੋਂ ਸੇਧ ਲੈ ਕੇ ਗੁਰਬਾਣੀ ਵਿੱਚ ਜਿੱਥੇ ਵੀ ‘ਆਗਨਿ’ ਸ਼ਬਦ ‘ਵਿਹੜੇ’ ਦੇ ਅਰਥਾਂ ਵਿੱਚ ਹੋਵੇ ਉੱਥੇ ਬਿੰਦੀ ਲਾ ਕੇ ਉਚਾਰਨ ਕੀਤੇ ਜਾਣਾ ਯੋਗ ਹੈ ।

4. (ੳ). ‘ੲੰੀਧਨ’ ਤੇ, ਬੈਸੰਤਰੁ ਭਾਗੈ ॥ ਮਾਟੀ ਕਉ, ਜਲੁ ਦਹ ਦਿਸ ਤਿਆਗੈ ॥ ਊਪਰਿ ਚਰਨ, ਤਲੈ ਆਕਾਸੁ ॥ ਘਟ ਮਹਿ, ਸਿੰਧੁ ਕੀਓ ਪਰਗਾਸੁ ॥ (ਮ: ੫/੯੦੦)

ਅਰਥ :- (ਹੇ ਮਨ ! ਵੇਖ ਉਸ ਪ੍ਰਭੂ ਦੀਆਂ ਅਸਚਰਜ ਤਾਕਤਾਂ ! ਬਾਲਣ) ਲੱਕੜੀ ਤੋਂ ਅੱਗ ਪਰੇ ਭੱਜਦੀ ਹੈ (ਭਾਵ ਲੱਕੜੀ ਵਿੱਚ ਅੱਗ ਹਰ ਵੇਲੇ ਮੌਜੂਦ ਹੈ, ਪਰ ਉਸ ਨੂੰ ਸਾੜਦੀ ਨਹੀਂ। ਸਮੁੰਦਰ ਦਾ) ਪਾਣੀ ਧਰਤੀ ਨੂੰ ਹਰ ਪਾਸੇ ਵੱਲੋਂ ਤਿਆਗੀ ਰੱਖਦਾ ਹੈ (ਧਰਤੀ ਸਮੁੰਦਰ ਦੇ ਵਿਚ ਰਹਿੰਦੀ ਹੈ, ਪਰ ਸਮੁੰਦਰ ਇਸ ਨੂੰ ਡੋਬਦਾ ਨਹੀਂ। ਰੁੱਖ ਦੇ) ਪੈਰ (ਜੜ੍ਹਾਂ) ਉੱਪਰ ਵੱਲ ਹਨ ਤੇ ਸਿਰ ਹੇਠਲੇ ਪਾਸੇ ਹੈ। ਘੜੇ ਵਿਚ (ਨਿੱਕੇ ਨਿੱਕੇ ਸਰੀਰਾਂ ਵਿਚ) ਸਮੁੰਦਰ-ਪ੍ਰਭੂ ਆਪਣਾ ਆਪ ਪ੍ਰਕਾਸ਼ਦਾ ਹੈ।

(ਅ). ਕਲਾ ਉਪਾਇ, ਧਰੀ ਜਿਨਿ ਧਰਣਾ ॥ ਗਗਨੁ ਰਹਾਇਆ, ਹੁਕਮੇ ਚਰਣਾ ॥ ਅਗਨਿ ਉਪਾਇ, ‘ਈਧਨ’ ਮਹਿ ਬਾਧੀ ; ਸੋ ਪ੍ਰਭੁ ਰਾਖੈ, ਭਾਈ ਹੇ ॥ (ਮ: ੫/੧੦੭੧)

ਅਰਥ:- ਹੇ ਭਾਈ ! ਜਿਸ ਪਰਮਾਤਮਾ ਨੇ (ਆਪਣੇ ਹੀ ਅੰਦਰੋਂ) ਸ਼ਕਤੀ ਪੈਦਾ ਕਰ ਕੇ ਧਰਤੀ ਸਾਜੀ ਹੈ, ਜਿਸ ਨੇ ਆਪਣੇ ਹੁਕਮ ਦਾ ਹੀ ਆਸਰਾ ਦੇ ਕੇ ਆਕਾਸ਼ ਨੂੰ ਥੰਮ੍ਹ ਰੱਖਿਆ ਹੈ, ਜਿਸ ਨੇ ਅੱਗ ਪੈਦਾ ਕਰ ਕੇ ਉਸ ਨੂੰ ਲੱਕੜਾਂ ਵਿਚ ਬੰਨ੍ਹ ਰੱਖਿਆ ਹੈ, ਉਹੀ ਪਰਮਾਤਮਾ (ਸਭ ਜੀਵਾਂ ਦੀ) ਰੱਖਿਆ ਕਰਦਾ ਹੈ।

ਨੋਟ : ਤੁਕ ਨੰ: ੳ. ਵਿੱਚ ‘ੲੰੀਧਨ’ ਬਿਹਾਰੀ ਤੋਂ ਪਹਿਲਾਂ ਟਿੱਪੀ ਸਹਿਤ ਹੈ, ਜਿਸ ਨੂੰ ਬਿਹਾਰੀ ਤੋਂ ਬਾਅਦ ਬਿੰਦੀ ਸਹਿਤ ਪੜ੍ਹਿਆ ਜਾਵੇਗਾ ਅਤੇ ਤੁਕ ਨੰ: ਅ. ਵਿੱਚ ‘ਈਧਨ’ ਬਿੰਦੀ ਰਹਿਤ ਹੈ ਪਰ ਅਰਥ ਦੋਵਾਂ ਹੀ ਤੁਕਾਂ ਵਿੱਚ ‘ਬਾਲਣ, ਲੱਕੜਾਂ’ ਹੈ, ਇਸ ਲਈ ਤੁਕ ਨੰ: ੳ. ਤੋਂ ਸੇਧ ਲੈ ਕੇ ਗੁਰਬਾਣੀ ਵਿੱਚ ਜਿੱਥੇ ਵੀ ‘ਈਧਨ, ਈਧਣ’ ਸ਼ਬਦ ‘ਬਾਲਣ, ਲੱਕੜਾਂ’ ਦੇ ਪ੍ਰਥਾਇ ਵਰਤੇ ਗਏ ਹੋਣ ਓਥੇ ਬਿੰਦੀ ਲਾ ਕੇ ਉਚਾਰਨਾ ਦਰੁਸਤ ਹੈ।

5. (ੳ). ਜੋ, ਪਾਥਰ ਕਉ ਕਹਤੇ ਦੇਵ ॥ ਤਾ ਕੀ, ਬਿਰਥਾ ਹੋਵੈ ਸੇਵ ॥ ਜੋ, ਪਾਥਰ ਕੀ ਪਾਂਈ ਪਾਇ ॥ ਤਿਸ ਕੀ ਘਾਲ, ‘ਅਜਾਂਈ’ ਜਾਇ ॥ (ਮ: ੫/੧੧੬੦)

ਅਰਥ :-  ਜੋ ਮਨੁੱਖ ਪੱਥਰ (ਦੀ ਮੂਰਤੀ) ਨੂੰ ਰੱਬ ਆਖਦੇ ਹਨ, ਉਹਨਾਂ ਦੁਆਰਾ ਕੀਤੀ ਗਈ ਹਰ ਸੇਵਾ, ਵਿਅਰਥ ਜਾਂਦੀ ਹੈ। ਜੋ ਮਨੁੱਖ ਪੱਥਰ (ਦੀ ਮੂਰਤੀ) ਦੇ ਪੈਰੀਂ ਪੈਂਦੇ ਹਨ, ਉਹਨਾਂ ਦੀ ਮਿਹਨਤ ਅਜਾਈਂ ਚਲੀ ਜਾਂਦੀ ਹੈ।

(ਅ). ਮਨਮੁਖ, ਕਰਮ ਕਰੈ ‘ਅਜਾਈ’ ॥ ਜਿਉ, ਬਾਲੂ ਘਰ, ਠਉਰ ਨ ਠਾਈ ॥ (ਮ: ੫/੧੩੪੮) ਭਾਵ ਹੇ ਭਾਈ ! ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਜੋ ਭੀ ਆਪਣੇ ਵੱਲੋਂ ਧਾਰਮਿਕ) ਕਰਮ ਕਰਦਾ ਹੈ, ਉਹ ਵਿਅਰਥ (ਹੀ ਜਾਂਦਾ ਹੈ); ਜਿਵੇਂ ਰੇਤ ਦੇ ਘਰ ਦਾ ਨਾਮੋ ਨਿਸ਼ਾਨ ਮਿਟ ਜਾਂਦਾ ਹੈ।

ਨੋਟ: ਤੁਕ ਨੰ: ੳ. ਵਿੱਚ ‘ਅਜਾਂਈ’ ਬਿੰਦੀ ਸਹਿਤ ਅਤੇ ਤੁਕ ਨੰ: ਅ. ਵਿੱਚ ‘ਅਜਾਈ’ ਬਿੰਦੀ ਰਹਿਤ ਹੈ ਪਰ ਅਰਥ ਦੋਵਾਂ ਤੁਕਾਂ ਵਿੱਚ ‘ਵਿਅਰਥ’ ਹੈ ਇਸ ਲਈ ਤੁਕ ਨੰ: ੳ. ਤੋਂ ਸੇਧ ਲੈ ਕੇ ਗੁਰਬਾਣੀ ਵਿੱਚ ਜਿਥੇ ਵੀ ‘ਅਜਾਈ’ ਸ਼ਬਦ ‘ਵਿਅਰਥ’ ਦੇ ਅਰਥਾਂ ਵਿੱਚ ਵਰਤਿਆ ਗਿਆ ਹੋਵੇ ਉਥੇ ਬਿੰਦੀ ਲਾ ਕੇ ਉਚਾਰਨ ਕੀਤੇ ਜਾਣਾ ਯੋਗ ਹੈ ।

6. (ੳ). ਖਖਾ, ਖਿਰਤ ਖਪਤ ਗਏ ਕੇਤੇ ॥ ਖਿਰਤ ਖਪਤ, ‘ਅਜਹੂੰ’ ਨਹ ਚੇਤੇ ॥ (ਕਬੀਰ ਜੀ/੩੪੨) ਭਾਵ ਮਰਦਿਆਂ ਖਪਦਿਆਂ ਜੀਵ ਦੇ ਕਈ ਜਨਮ ਲੰਘ ਗਏ ਹਨ, ਪਰ ਜਨਮ ਮਰਨ ਦੇ ਗੇੜ ਵਿਚ ਪਿਆ ਜੀਵ ਅਜੇ ਤੱਕ (ਪ੍ਰਭੂ ਨੂੰ) ਯਾਦ ਨਹੀਂ ਕਰਦਾ।

(ਅ). ਇਨ ਦੂਤਨ; ਖਲੁ, ਬਧੁ ਕਰਿ ਮਾਰਿਓ ॥ ਬਡੋ ਨਿਲਾਜੁ; ‘ਅਜਹੂ’ ਨਹੀ ਹਾਰਿਓ ॥ (ਰਵਿਦਾਸ ਜੀ/੭੧੦) ਭਾਵ ਇਹਨਾਂ ਚੰਦ੍ਰਿਆਂ ਵਿਕਾਰਾਂ ਨੇ (ਮੇਰੇ) ਮੂਰਖ (ਮਨ) ਨੂੰ ਬੁਰੀ ਤਰ੍ਹਾਂ ਮਾਰ ਰੱਖਿਆ ਹੈ, ਪਰ ਫਿਰ ਵੀ ਇਹ ਮਨ ਬੜਾ ਬੇ-ਸ਼ਰਮ ਹੈ, ਅਜੇ ਭੀ ਵਿਕਾਰਾਂ ਨਾਲ ਪਾਈ ਦੋਸਤੀ ਨਹੀਂ ਤੋੜਦਾ ।

ਨੋਟ: ਤੁਕ ਨੰ: ੳ. ਵਿੱਚ ‘ਅਜਹੂੰ’ ਟਿੱਪੀ ਸਹਿਤ ਅਤੇ ਤੁਕ ਨੰ: ਅ. ਵਿੱਚ ‘ਅਜਹੂ’ ਟਿੱਪੀ ਰਹਿਤ ਹੈ ਜਦਕਿ ਅਰਥ ਦੋਵਾਂ ਹੀ ਤੁਕਾਂ ਵਿੱਚ ‘ਅਜੇ ਤੱਕ’ ਹੈ, ਇਸ ਲਈ ਤੁਕ ਨੰ: ੳ. ਤੋਂ ਸੇਧ ਲੈ ਕੇ ਗੁਰਬਾਣੀ ਵਿੱਚ ਜਿੱਥੇ ਵੀ ‘ਅਜਹੂ’ ਸ਼ਬਦ ‘ਅਜੇ ਤੱਕ’ ਦੇ ਅਰਥਾਂ ਵਿੱਚ ਵਰਤਿਆ ਗਿਆ ਹੋਵੇ ਓਥੇ ਬਿੰਦੀ ਲਾ ਕੇ ਉਚਾਰਨ ਕੀਤੇ ਜਾਣਾ ਯੋਗ ਹੈ ।

7. (ੳ). ਮਨ ! ਹਰਿ ਕੀਰਤਿ ਕਰਿ ‘ਸਦਹੂੰ’ ॥ ਗਾਵਤ, ਸੁਨਤ, ਜਪਤ ਉਧਾਰੈ; ਬਰਨ ਅਬਰਨਾ ‘ਸਭਹੂੰ’ ॥ (ਮ: ੫/੫੨੯)  ਭਾਵ ਹੇ (ਮੇਰੇ) ਮਨ ! ਸਦਾ ਹੀ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਰਹੁ। (ਸਿਫ਼ਤ-ਸਾਲਾਹ ਦੇ ਗੀਤ) ਗਾਣ ਵਾਲਿਆਂ ਨੂੰ, ਸੁਣਨ ਵਾਲਿਆਂ ਨੂੰ, ਨਾਮ ਜਪਣ ਵਾਲਿਆਂ ਨੂੰ, ਸਭਨਾਂ ਨੂੰ (ਚਾਹੇ ਉਹ) ਉੱਚੀ ਜਾਤਿ ਵਾਲੇ (ਹੋਣ ਜਾਂ) ਨੀਵੀਂ ਜਾਤਿ ਵਾਲੇ-ਸਭਨਾਂ ਨੂੰ ਪਰਮਾਤਮਾ ਸੰਸਾਰ-ਸਮੁੰਦਰ ਤੋਂ ਬਚਾ ਲੈਂਦਾ ਹੈ।

(ਅ). ਬਾਧੇ ਜਮ ਕੀ ਜੇਵਰੀ, ਮੀਠੀ ਮਾਇਆ ਰੰਗ ॥ ਭ੍ਰਮ ਕੇ ਮੋਹੇ, ਨਹ ਬੁਝਹਿ; ਸੋ ਪ੍ਰਭੁ ‘ਸਦਹੂ’ ਸੰਗ ॥ (ਮ: ੫/੫੨੯) ਭਾਵ ਮਿੱਠੀ ਮਾਇਆ ਦੇ ਕੌਤਕਾਂ ਵਿਚ (ਫਸ ਕੇ ਜੀਵ) ਜਮ ਦੀ ਫਾਹੀ ਵਿੱਚ ਬੱਝ ਜਾਂਦੇ ਹਨ। ਭਟਕਣਾ ਵਿੱਚ ਫਸੇ ਹੋਇਆਂ ਨੂੰ ਇਹ ਸਮਝ ਨਹੀਂ ਆਉਂਦੀ ਕਿ ਪ੍ਰਭੂ ਸਦਾ ਸਾਡੇ ਨਾਲ ਹੈ।

(ੲ). ਬਾਰੇ, ਬੂਢੇ, ਤਰੁਨੇ ਭਈਆ  ! ‘ਸਭਹੂ’, ਜਮੁ ਲੈ ਜਈਹੈ ਰੇ ॥ (ਕਬੀਰ ਜੀ/ ੮੫੫) ਭਾਵ ਹੇ ਭਾਈ !  ਭਾਵੇਂ ਬਾਲਕ ਹੋਵੇ, ਬੁੱਢਾ ਹੋਵੇ, ਜੁਆਨ ਹੋਵੇ, ਮੌਤ ਸਭਨਾਂ ਨੂੰ ਹੀ ਇੱਥੋਂ ਲੈ ਜਾਂਦੀ ਹੈ।

ਨੋਟ: ਤੁਕ ਨੰ: ੳ. ਵਿੱਚ ‘ਸਦਹੂੰ’ ਟਿੱਪੀ ਸਹਿਤ ਆਇਆ ਹੈ, ਜਿਸ ਦਾ ਅਰਥ ਹੈ – ‘ਸਦਾ ਹੀ’।  ‘ਸਭਹੂੰ’ ਵੀ ਟਿੱਪੀ ਸਹਿਤ ਹੈ, ਜਿਸ ਦਾ ਅਰਥ ਹੈ : ‘ਸਭਨਾ ਨੂੰ ਹੀ’ ਪਰ ਤੁਕ ਨੰ: ਅ. ਵਿੱਚ ‘ਸਦਹੂ’ ਅਤੇ ਤੁਕ ਨੰ: ੲ. ਵਿੱਚ ‘ਸਭਹੂ’ ਟਿੱਪੀ ਰਹਿਤ ਹਨ ਅਤੇ ਅਰਥ ਦੋਵਾਂ ਹੀ ਤੁਕਾਂ ਵਿੱਚ ਤੁਕ ਨੰ: ੳ. ਵਾਙ ਹੀ ਹਨ. ਇਸ ਲਈ ਤੁਕ ਨੰ: ੳ. ਤੋਂ ਸੇਧ ਲੈ ਕੇ ਗੁਰਬਾਣੀ ਵਿੱਚ ਜਿੱਥੇ ਵੀ ‘ਸਦਹੂ’ ਜਾਂ ‘ਸਭਹੂ’ ਸ਼ਬਦ ਸਰੂਪ ਦਰਜ ਹੋਵੇ ਉਥੇ ਟਿੱਪੀ ਲਾ ਕੇ ਉਚਾਰਨਾ ਯੋਗ ਹੈ ।

8. (ੳ). ਰਤਨ ਜਨਮੁ ਅਪਨੋ, ਤੈ, ਹਾਰਿਓ; ਗੋਬਿੰਦ ਗਤਿ ਨਹੀ ਜਾਨੀ ॥ ਨਿਮਖ ਨ ਲੀਨ ਭਇਓ ਚਰਨਨ ‘ਸਿਂਉ’ ; ਬਿਰਥਾ ਅਉਧ ਸਿਰਾਨੀ ॥ ਗਉੜੀ (ਮ: ੯/੨੨੦) ਭਾਵ ਹੇ (ਮੇਰੇ) ਮਨ ! (ਜਿਵੇਂ ਜੁਆਰੀ, ਜੂਏ ਵਿਚ ਬਾਜ਼ੀ ਹਾਰ ਜਾਂਦਾ ਹੈ, ਤਿਵੇਂ) ਤੂੰ ਆਪਣਾ ਕੀਮਤੀ ਮਨੁੱਖਾ ਜਨਮ ਹਾਰ ਰਿਹਾ ਹੈਂ ਕਿਉਂਕਿ ਤੂੰ ਰੱਬੀ ਮਿਲਾਪ ਵਾਲੀ ਅਵਸਥਾ ਦਾ ਅਨੰਦ ਨਹੀਂ ਮਾਣਿਆ। ਤੂੰ ਰੱਤਾ ਭਰ ਸਮੇਂ ਲਈ ਭੀ ਮਾਲਕ ਦੇ ਚਰਨਾਂ ਨਾਲ ਨਾ ਜੁੜਿਆ ਤੇ ਇਉਂ ਵਿਅਰਥ ਹੀ ਉਮਰ ਬੀਤ ਗਈ ।

(ਅ). ਦੇਹੁ ਸਜਣ ਅਸੀਸੜੀਆ  ! ਜਿਉ, ਹੋਵੈ ਸਾਹਿਬ ‘ਸਿਉ’ ਮੇਲੁ ॥ (ਮ: ੧/੧੨) – ਭਾਵ ਹੇ ਸਤਸੰਗੀ ਸੱਜਣੋ !  ਰਲ਼ ਕੇ ਮੈਨੂੰ ਮਾਂਈਏਂ ਪਾਓ ਤੇ ਸੋਹਣੀਆਂ ਅਸੀਸਾਂ ਭੀ ਦਿਓ (ਭਾਵ ਮੇਰੇ ਲਈ ਅਰਦਾਸ ਭੀ ਕਰੋ) ਤਾਂ ਜੋ ਪ੍ਰਭੂ-ਪਤੀ ਨਾਲ ਮੇਰਾ ਮਿਲਾਪ ਹੋ ਜਾਏ ।

ਨੋਟ: ਤੁਕ ਨੰ: ੳ. ਵਿੱਚ ‘ਸਿਉਂ’ ਬਿੰਦੀ ਸਹਿਤ ਹੈ ਅਤੇ ਤੁਕ ਨੰ: ਅ. ਵਿੱਚ ‘ਸਿਉ’ ਬਿੰਦੀ ਰਹਿਤ ਹੈ ਪਰ ਅਰਥ ਦੋਵਾਂ ਹੀ ਤੁਕਾਂ ਵਿੱਚ ‘ਨਾਲ’ ਹਨ, ਇਸ ਲਈ ਤੁਕ ਨੰ: ੳ. ਤੋਂ ਸੇਧ ਲੈ ਕੇ ਗੁਰਬਾਣੀ ਵਿੱਚ ਜਿੱਥੇ ਵੀ ‘ਸਿਉ’ ਸ਼ਬਦ ‘ਨਾਲ’ ਦੇ ਅਰਥਾਂ ਵਿੱਚ ਵਰਤਿਆ ਗਿਆ ਹੋਵੇ ਉੱਥੇ ਬਿੰਦੀ ਲਾ ਕੇ ਉਚਾਰਨਾ ਦਰੁਸਤ ਹੈ ।

9. (ੳ). ਅਚਾਰਵੰਤਿ ਸਾਈ ਪਰਧਾਨੇ ॥ ਸਭ ‘ਸਿੰਗਾਰ’ ਬਣੇ; ਤਿਸੁ ਗਿਆਨੇ ॥ ਸਾ ਕੁਲਵੰਤੀ ਸਾ ਸਭਰਾਈ; ਜੋ, ਪਿਰਿ ਕੈ ਰੰਗਿ; ਸਵਾਰੀ ਜੀਉ ॥ (ਮ: ੫/੯੭) ਭਾਵ ਜੋ ਜੀਵ-ਇਸਤ੍ਰੀ ਪ੍ਰਭੂ-ਪਤੀ ਦੇ ਪ੍ਰੇਮ-ਰੰਗ ਵਿਚ (ਰੰਗੀਜ ਕੇ) ਸੋਹਣੇ ਜੀਵਨ ਵਾਲੀ ਬਣ ਜਾਂਦੀ ਹੈ ਉਸ ਦਾ ਆਚਰ ਵਿਹਾਰ ਉੱਚਾ ਹੋ ਜਾਂਦਾ ਹੈ, ਉਹ (ਸੰਗਤ ਵਿਚ) ਮੰਨੀ-ਪ੍ਰਮੰਨੀ ਜਾਂਦੀ ਹੈ, ਪ੍ਰਭੂ-ਪਤੀ ਨਾਲ ਡੂੰਘੀ ਸਾਂਝ ਦਾ ਸਦਕਾ ਸਾਰੇ ਆਤਮਕ ਗੁਣ ਉਸ ਦੇ ਜੀਵਨ ਨੂੰ (ਸ਼ਿੰਗਾਰ) ਸੰਵਾਰ ਦੇਂਦੇ ਹਨ, ਉਹ ਉੱਚੀ ਕੁਲ ਵਾਲੀ ਸਮਝੀ ਜਾਂਦੀ ਹੈ, ਉਹ ਭਰਾਵਾਂ ਵਾਲੀ ਹੋ ਜਾਂਦੀ ਹੈ ।

(ਅ). ਬਿਨੁ ਪਿਰ, ਕਾਮਣਿ ਕਰੇ ‘ਸਂੀਗਾਰੁ’ ॥ ਦੁਹਚਾਰਣੀ ਕਹੀਐ; ਨਿਤ ਹੋਇ ਖੁਆਰੁ ॥ ਮਨਮੁਖ ਕਾ, ਇਹੁ ਬਾਦਿ ਆਚਾਰੁ ॥ ਬਹੁ ਕਰਮ ਦ੍ਰਿੜਾਵਹਿ, ਨਾਮੁ ਵਿਸਾਰਿ ॥ (ਮ: ੩/੧੨੭੭) ਭਾਵ ਹੇ ਭਾਈ ! (ਜਿਵੇਂ ਕਿ ਜੋ) ਇਸਤ੍ਰੀ ਪਤੀ ਤੋਂ ਬਿਨਾਂ (ਹੁੰਦੀ ਹੋਈ ਸਰੀਰਕ) ਸ਼ਿੰਗਾਰ ਕਰਦੀ ਹੈ, ਉਹ ਭੈੜੇ ਆਚਰਨ ਵਾਲੀ ਆਖੀ ਜਾਂਦੀ ਹੈ ਅਤੇ ਸਦਾ ਖ਼ੁਆਰ ਹੁੰਦੀ ਹੈ (ਤਿਵੇਂ) ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਦਾ ਇਹ ਰਵਈਆ (ਪਤੀ ਵਿਹੂਣੀ ਇਸਤਰੀ ਵਾਂਙ) ਵਿਅਰਥ ਜਾਂਦਾ ਹੈ ਕਿਉਂਕਿ ਉਹ ਅਸਲ ਕਾਰਜ ਪਰਮਾਤਮਾ ਦਾ ਨਾਮ ਜਪਣ, ਨੂੰ ਭੁਲਾ ਕੇ ਹੋਰ ਬਥੇਰੇ ਫੋਕਟ ਵਿਖਾਵੇ ਦੇ ਧਾਰਮਿਕ ਕਰਮਾਂ ਦੀ ਤਾਕੀਦ (ਵਾਰ-ਵਾਰ ਜ਼ੋਰ ਦੇ ਕੇ ਆਪਣੀ ਗੱਲ ਰੱਖਣੀ) ਕਰਦੇ ਹਨ ।

(ੲ). ਪਿਰੁ ਪਰਦੇਸਿ; ‘ਸਿਗਾਰੁ’ ਬਣਾਏ ॥ ਮਨਮੁਖ ਅੰਧੁ; ਐਸੇ ਕਰਮ ਕਮਾਏ ॥ ਹਲਤਿ ਨ ਸੋਭਾ, ਪਲਤਿ ਨ ਢੋਈ; ਬਿਰਥਾ ਜਨਮੁ ਗਵਾਵਣਿਆ ॥ (ਮ: ੩/੧੨੭) ਭਾਵ (ਜਿਸ ਇਸਤ੍ਰੀ ਦਾ) ਪਤੀ ਪਰਦੇਸ ਵਿਚ ਹੋਵੇ ਤੇ ਉਹ (ਆਪਣੇ ਸਰੀਰ ਦਾ) ਸ਼ਿੰਗਾਰ ਕਰਦੀ ਫਿਰੇ (ਅਜੇਹੀ ਇਸਤ੍ਰੀ ਨੂੰ ਸੁਖ ਨਹੀਂ ਮਿਲ ਸਕਦਾ) ਇਸੇ ਤਰ੍ਹਾਂ ਮਨਮੁਖ ਬੰਦਾ ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ (ਭੀ) ਇਹੋ ਜਿਹੇ ਕਰਮ ਹੀ ਕਰਦਾ ਰਹਿੰਦਾ ਹੈ। ਉਸ ਨੂੰ ਇਸ ਲੋਕ ਵਿਚ (ਭੀ) ਸ਼ੋਭਾ ਨਹੀਂ ਮਿਲਦੀ ਤੇ ਪਰਲੋਕ ਵਿਚ ਭੀ ਕੋਈ ਸਹਾਰਾ ਨਹੀਂ ਮਿਲਦਾ। ਉਹ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਲੈਂਦਾ ਹੈ ।

(ਸ). ਮੁੰਧੇ  ! ਪਿਰ ਬਿਨੁ, ਕਿਆ ‘ਸੀਗਾਰੁ’  ?॥ (ਮ:੧/੧੯) – ਹੇ ਮੂਰਖ ਜੀਵ ਇਸਤ੍ਰੀ ! ਜੇ ਪਤੀ ਨ ਮਿਲੇ ਤਾਂ ਸ਼ਿੰਗਾਰ ਕਰਨ ਦਾ ਕੋਈ ਲਾਭ ਨਹੀਂ ਹੁੰਦਾ।

ਨੋਟ: ਤੁਕ ਨੰ: ੳ. ਵਿੱਚ ‘ਸਿੰਗਾਰ’ ਟਿੱਪੀ ਸਹਿਤ ਅਤੇ ਤੁਕ ਨੰ: ਅ. ਵਿੱਚ ‘ਸਂੀਗਾਰੁ’ ਬਿੰਦੀ ਸਹਿਤ ਹੈ ਜਦਕਿ ਤੁਕ ਨੰ: ੲ. ਵਿੱਚ ‘ਸਿਗਾਰ’ ਅਤੇ ਤੁੱਕ ਨੰਬਰ ਸ. ਵਿੱਚ ‘ਸੀਗਾਰ’ ਬਿਨਾਂ ਟਿੱਪੀ ਜਾਂ ਬਿਨਾਂ ਬਿੰਦੀ ਆਏ ਹਨ ਅਤੇ ਅਰਥ ਸਭਨਾਂ ਹੀ ਤੁਕਾਂ ਵਿੱਚ ‘ਸ਼ਿੰਗਾਰ’ ਹੈ ਇਸ ਲਈ ਤੁਕ ਨੰ: ੳ. ਅ. ਤੋਂ ਸੇਧ ਲੈ ਕੇ ਗੁਰਬਾਣੀ ਵਿੱਚ ਜਿੱਥੇ ਵੀ ‘ਸਿਗਾਰ ਜਾਂ ਸੀਗਾਰ’ ਸ਼ਬਦ ‘ਸ਼ਿੰਗਾਰ’ ਦੇ ਅਰਥਾਂ ਵਿੱਚ ਵਰਤੇ ਗਏ ਹੋਣ ਉੱਥੇ ‘ਸ’ ਦੇ ਪੈਰ ਬਿੰਦੀ ‘ਸ਼’ ਅਤੇ ਉੱਪਰ ਕਰਮਵਾਰ ਟਿੱਪੀ ਜਾਂ ਬਿੰਦੀ ਲਾ ਕੇ ‘ਸ਼ਿੰਗਾਰ ਅਤੇ ਸ਼ੀਂਗਾਰ’ ਉਚਾਰਨ ਕੀਤੇ ਜਾਣਾ ਯੋਗ ਹੈ।

10. ਬਾਣੀਏ ਕੇ ਘਰ ਹੀਂਗੁ ਆਛੈ; ਭੈਸਰ ਮਾਥੈ ਸੀਂਗੁ ਗੋ ॥ ਦੇਵਲ ਮਧੇ ਲੀਗੁ ਆਛੈ ; ਲੀਗੁ ਸੀਗੁ ਹੀਗੁ ਗੋ ॥ (ਨਾਮਦੇਵ ਜੀ/੭੧੮) ਭਾਵ ਹਟਵਾਣੀਏ ਦੇ ਘਰ (ਭਾਵ ਹੱਟੀ ਵਿੱਚ) ਹਿੰਙ (ਆਦਿਕ ਹੀ ਮਿਲਦੀ) ਹੈ, ਭੈਂਸੇ ਦੇ ਮੱਥੇ ਉੱਤੇ (ਉਸ ਦੇ ਸੁਭਾਅ ਅਨੁਸਾਰ) ਸਿੰਗ (ਹੀ ਹੁੰਦੇ) ਹਨ ਅਤੇ ਦੇਵਾਲੇ (ਦੇਵ-ਅਸਥਾਨ) ਵਿੱਚ (ਸ਼ਿਵ-) ਲਿੰਗ (ਮਿਲੇਗਾ ਕਿਉਂਕਿ ਇਹਨਾਂ ਥਾਂਵਾਂ ’ਚ) ਹਿੰਗ, ਸਿੰਗ ਅਤੇ (ਸ਼ਿਵ) ਲਿੰਗ ਹੀ (ਪ੍ਰਧਾਨ ਮੰਨੇ ਜਾਂਦੇ ਹਨ ਜਾਂ ਸ਼ੋਭਨੀਕ ਹਨ)।

ਨੋਟ : ਇਸ ਪਦੇ ਦੀ ਪਹਿਲੀ ਤੁਕ ਵਿੱਚ ‘ਹੀਂਗ ਅਤੇ ਸੀਂਗ’ ਬਿੰਦੀ ਸਹਿਤ ਹਨ ਪਰ ਨਾਲ ਲਗਦੀ ਦੂਸਰੀ ਤੁਕ ’ਚ ਬਿੰਦੀ ਰਹਿਤ ਆਏ ਹਨ ਜਦਕਿ ਅਰਥ ਦੋਵਾਂ ਹੀ ਤੁਕਾਂ ਵਿੱਚ ‘ਹਿੰਗ, ਸਿੰਗ ਅਤੇ ਲਿੰਗ’ ਹਨ, ਇਸ ਲਈ ਪਹਿਲੀ ਤੁਕ ਤੋਂ ਸੇਧ ਲੈ ਕੇ ਹਰ ਥਾਂ ਬਿੰਦੀ ਲਾ ਕੇ ਉਚਾਰਨ ਕੀਤੇ ਜਾਣਾ ਯੋਗ ਹੈ ।

11. (ੳ). ਕਿਨਹੀ ਬਨਜਿਆ ‘ਕਾਂਸੀ’ ਤਾਂਬਾ ; ਕਿਨਹੀ ਲਉਗ ਸੁਪਾਰੀ ॥ ਸੰਤਹੁ ਬਨਜਿਆ ਨਾਮੁ ਗੋਬਿਦ ਕਾ; ਐਸੀ ਖੇਪ ਹਮਾਰੀ ॥ (ਕਬੀਰ ਜੀ/੧੧੨੩) ਕਈ ਲੋਕ ਕੈਂਹ ਤਾਂਬੇ ਆਦਿਕ ਦਾ ਵਣਜ ਕਰਦੇ ਹਨ, ਕਈ ਲੌਂਗ ਸੁਪਾਰੀ ਆਦਿਕ ਵਣਜਦੇ ਹਨ ਪਰ ਪ੍ਰਭੂ ਦੇ ਸੰਤਾਂ ਨੇ ਪਰਮਾਤਮਾ ਦਾ ਨਾਮ ਹੀ ਵਣਜਿਆ ਹੈ; ਮੈਂ ਭੀ ਇਹੀ ਸੌਦਾ ਇਕੱਤਰ ਕੀਤਾ ਹੈ।

(ਅ). ‘ਕਾਸੀ’ ਤੇ ਧੁਨਿ ਊਪਜੈ; ਧੁਨਿ, ‘ਕਾਸੀ’ ਜਾਈ ॥ ‘ਕਾਸੀ’ ਫੂਟੀ, ਪੰਡਿਤਾ ! ਧੁਨਿ, ਕਹਾਂ ਸਮਾਈ  ?॥ (ਕਬੀਰ/੮੫੭) ਭਾਵ ਹੇ ਪੰਡਿਤ ! ਜਿਵੇਂ ਕੈਂਹ ਦੇ ਭਾਂਡੇ ਨੂੰ ਠਣਕਾਇਆਂ ਉਸ ’ਚੋਂ ਆਵਾਜ਼ ਨਿਕਲਦੀ ਹੈ, ਜੇ (ਠਣਕਾਣਾ) ਛੱਡ ਦੇਈਏ ਤਾਂ ਉਹ ਆਵਾਜ਼ ਕੈਂਹ ਵਿਚ ਹੀ ਬੰਦ ਰਹਿੰਦੀ ਹੈ (ਤਿਵੇਂ ਇਹ ਸਰੀਰਕ ਮੋਹ (ਜਦੋਂ ਬੁੱਧ ਜਾਗੀ) ਅਲੋਪ ਹੋ ਜਾਂਦਾ ਹੈ, ਮੇਰਾ ਮਾਇਕ ਪਦਾਰਥਾਂ ਨਾਲ ਠਟਕਣ ਵਾਲਾ ਭਾਂਡਾ ਟੁੱਟ ਗਿਆ ਹੈ ਹੁਣ ਪਤਾ ਹੀ ਨਹੀਂ ਕਿ ਤ੍ਰਿਸ਼ਨਾਲੂ ਆਵਾਜ਼ ਕਿੱਥੇ ਜਾ ਗੁੰਮ ਹੋਈ ਹੈ।)

(ੲ). ‘ਕਾਂਸੀ’, ਕ੍ਰਿਸਨੁ ਚਰਾਵਤ ਗਾਊ, ਮਿਲਿ ਹਰਿ ਜਨ, ਸੋਭਾ ਪਾਈ ॥ (ਮ: ੪/੧੨੬੩) ਹੇ ਭਾਈ ! ਕਾਂਸ਼ੀ (ਸ਼ਿਵ ਦੀ ਨਗਰੀ), (ਬਿੰਦ੍ਰਾਬਨ ਜਿੱਥੇ) ਕ੍ਰਿਸ਼ਨ ਗਾਈਆਂ ਚਾਰਦਾ ਰਿਹਾ, ਅਜਿਹੇ ਥਾਂ ਹਰੀ ਦੇ ਭਗਤਾਂ ਦਾ ਸਤਸੰਗ ਹੋਣ ਕਾਰਨ; ਸ਼ੋਭਨੀਕ ਬਣੇ ।

(ਸ). ਨਾ ‘ਕਾਸੀ’ ਮਤਿ ਊਪਜੈ; ਨਾ ‘ਕਾਸੀ’ ਮਤਿ ਜਾਇ ॥ ਸਤਿਗੁਰ ਮਿਲਿਐ, ਮਤਿ ਊਪਜੈ ; ਤਾ, ਇਹ ਸੋਝੀ ਪਾਇ ॥ (ਮ: ੩/੪੯੧) ਭਾਵ ਹੇ ਭਾਈ !  ਗੁਰੂ ਨੂੰ ਮਿਲਿਆਂ ਹੀ (ਮਨੁੱਖ ਅੰਦਰ) ਚੰਗੀ ਅਕਲ ਪੈਦਾ ਹੁੰਦੀ ਹੈ ਤੇ ਇਹ ਸਮਝ ਆਉਂਦੀ ਹੈ ਕਿ ਨਾ ਹੀ ਕਾਂਸ਼ੀ (ਆਦਿਕ ਤੀਰਥਾਂ ’ਤੇ ਗਿਆਂ) ਸੁਚੱਜੀ ਅਕਲ ਆਉਂਦੀ ਹੈ ਤੇ ਨਾ ਹੀ ਕਾਂਸ਼ੀ (ਆਦਿਕ ਤੀਰਥਾਂ ’ਤੇ ਨਾ ਜਾਣ ਕਾਰਨ)  ਚੰਗੀ ਅਕਲ ਮਰਦੀ ਹੈ।

ਨੋਟ: ਤੁਕ ਨੰ: ੳ. ਵਿੱਚ ‘ਕਾਂਸੀ’ ਬਿੰਦੀ ਸਹਿਤ ਹੈ ਅਤੇ ਤੁਕ ਨੰ: ਅ. ਵਿੱਚ ‘ਕਾਸੀ’ ਬਿੰਦੀ ਰਹਿਤ ਹੈ ਜਦ ਕਿ ਅਰਥ ਦੋਵਾਂ ਹੀ ਤੁਕਾਂ ਵਿੱਚ  ਹੈ: ‘ਕੈਂਹ’ ਅਤੇ ਤੁਕ ਨੰ: ੲ. ਵਿੱਚ ‘ਕਾਂਸੀ’ ਬਿੰਦੀ ਸਹਿਤ ਹੈ ਅਤੇ ਤੁਕ ਨੰ: ਸ. ਵਿੱਚ ‘ਕਾਸੀ’ ਬਿਨਾਂ ਬਿੰਦੀ ਹੈ ਜਦੋਂ ਕਿ ਅਰਥ ਇਨ੍ਹਾਂ ਦੋਵਾਂ ਹੀ ਤੁਕਾਂ ਵਿੱਚ ‘ਕਾਂਸ਼ੀ ਸ਼ਹਿਰ’ ਹੀ ਹੈ, ਇਸ ਲਈ ਗੁਰਬਾਣੀ ਵਿੱਚ ਜਿੱਥੇ ਵੀ ‘ਕਾਸੀ’ ‘ਕਾਂਸ਼ੀ ਸ਼ਹਿਰ’ ਦੇ ਅਰਥਾਂ ਵਿੱਚ ਆਇਆ ਹੋਵੇ ਉੱਥੇ ਉਚਾਰਨ ‘ਕ’ ਦਾ ਕੰਨਾਂ ਬਿੰਦੀ ਤੇ ਪੈਰ ਬਿੰਦੀ ‘ਸ਼’ ਹੋਵੇਗਾ ‘ਕਾਂਸ਼ੀ’ ਅਤੇ ਤੁਕ ਨੰ: ਉ. ਤੋਂ ਸੇਧ ਲੈ ਕੇ ਗੁਰਬਾਣੀ ਵਿੱਚ ਜਿੱਥੇ ਵੀ ‘ਕਾਸੀ’ ਸ਼ਬਦ ‘ਕੈਂਹ’ ਦੇ ਅਰਥਾਂ ਵਿੱਚ ਵਰਤਿਆ ਗਿਆ ਹੋਵੇ ਉੱਥੇ ਉਚਾਰਨ ‘ਕਾਂਸੀ’ ਕਰਨਾ ਯੋਗ ਹੋਵੇਗਾ । 

ਗੁਰਬਾਣੀ ਵਿੱਚ ਸ਼ਬਦ ‘ਇੰਦ੍ਰ’ = 24 ਵਾਰ, ‘ਇੰਦ੍ਰੁ’ = 4 ਵਾਰ, ‘ਇੰਦ’ = 3 ਵਾਰ, ‘ਇੰਦੁ’ = 8 ਵਾਰ ਆਇਆ ਹੈ; ਹਰ ਵਾਰ ‘ਟਿੱਪੀ’ ਸਹਿਤ ਹੀ ਆਏ ਹਨ ਅਤੇ ਇਨ੍ਹਾਂ ਸ਼ਬਦਾਂ ਦਾ ਅਰਥ ਹੈ : ‘ਇੰਦਰ ਦੇਵਤਾ’। ਇੱਕ ਵਚਨ ਪੁਲਿੰਗ ਸ਼ਬਦ ਔਂਕੜ ਸਹਿਤ ਆਉਂਦੇ ਹਨ ਪਰ ਬਹੁ ਵਚਨ ਅਤੇ ਸ਼ਬਦ ਪਿੱਛੋਂ ਸਬੰਧਕੀ ਚਿੰਨ੍ਹ ਆਉਣ ਜਾਂ ਸਬੰਧਕੀ ਅਰਥਾਂ ਵਿੱਚ ਵਰਤੇ ਗਏ ਹੋਣ ਤਾਂ ਔਂਕੜ ਲੱਥ ਜਾਂਦੀ ਹੈ; ਜਿਵੇਂ ਕਿ

12. (ੳ). ਇੰਦ੍ਰ ਪੁਰੀ ਮਹਿ ਸਰਪਰ ਮਰਣਾ ॥ ਬ੍ਰਹਮ ਪੁਰੀ, ਨਿਹਚਲੁ ਨਹੀ ਰਹਣਾ ॥ ਸਿਵ ਪੁਰੀ ਕਾ ਹੋਇਗਾ ਕਾਲਾ ॥ ਤ੍ਰੈ ਗੁਣ ਮਾਇਆ ਬਿਨਸਿ ਬਿਤਾਲਾ ॥ (ਮ: ੫/੨੩੭) ਭਾਵ (ਹੇ ਭਾਈ ! ਹੋਰਨਾਂ ਦੀ ਤਾਂ ਗੱਲ ਹੀ ਕੀਹ ਕਰੀਏ ? ਪੰਡਿਤਾਂ ਅਨੁਸਾਰ ਕਾਲਪਨਿਕ ਮੰਨੀ ਜਾਂਦੀ) ਇੰਦ੍ਰ-ਪੁਰੀ ਵਿੱਚ ਭੀ ਮੌਤ ਜ਼ਰੂਰ ਆਉਂਦੀ ਹੈ, ਬ੍ਰਹਮਾ ਦੀ ਪੁਰੀ ਭੀ ਸਦਾ ਅਟੱਲ ਨਹੀਂ ਰਹਿ ਸਕਦੀ, ਸ਼ਿਵ ਦੀ ਪੁਰੀ ਦਾ ਭੀ ਨਾਸ ਹੋ ਜਾਏਗਾ। (ਇਸ ਲਈ ਇਨ੍ਹਾਂ ਦੀ ਬੰਦਗੀ ਕਰਨ ਵਾਲਾ ਜਗਤ) ਤਿੰਨਾਂ ਗੁਣਾਂ ਵਾਲੀ ਮਾਇਆ ਦੇ ਅਸਰ ਹੇਠ ਜੀਵਨ ਦੇ ਸਹੀ ਰਾਹ ਤੋਂ ਖੁੰਝ ਕੇ ਆਤਮਕ ਮੌਤ ਸਹੇੜਦਾ ਰਹਿੰਦਾ ਹੈ।

ਨੋਟ: ਇਸ ਤੁਕ ’ਚ ਦਰਜ ‘ਇੰਦ੍ਰ ਪੁਰੀ’ ਜਾਂ ਇੰਦਰ ਦੀ ਪੁਰੀ’ ਭਾਵ ‘ਦੀ’ ਲੁਪਤ ਸਬੰਧਕੀ ਹੋਣ ਕਾਰਨ ‘ਇੰਦ੍ਰ’ ਅੰਤ ਮੁਕਤ ਹੈ, ਇਸੇ ਤਰ੍ਹਾਂ ‘ਬ੍ਰਹਮ ਪੁਰੀ, ਸਿਵ ਪੁਰੀ’ ਸੰਯੁਕਤ ਸ਼ਬਦਾਂ ’ਚ ਵੀ ‘ਬ੍ਰਹਮ, ਸਿਵ’ (ਇੱਕ ਵਚਨ ਪੁਲਿੰਗ ਨਾਂਵ) ਅੰਤ ਮੁਕਤ, ‘ਦੀ’ ਲੁਪਤ ਸਬੰਧਕੀ ਕਾਰਨ ਹਨ, ਪਰ 

(ਅ). ਗੋਤਮੁ ਤਪਾ, ਅਹਿਲਿਆ ਇਸਤ੍ਰੀ ; ਤਿਸੁ ਦੇਖਿ, ‘ਇੰਦ੍ਰੁ’ ਲੁਭਾਇਆ ॥ ਸਹਸ, ਸਰੀਰ, ਚਿਹਨ ਭਗ ਹੂਏ; ਤਾ, ਮਨਿ ਪਛੋਤਾਇਆ ॥ (ਮ: ੧/੧੩੪੪) ਗੋਤਮ (ਇਕ ਪ੍ਰਸਿੱਧ) ਤਪੀ (ਸੀ), ਅਹਿੱਲਿਆ (ਉਸ ਦੀ) ਇਸਤ੍ਰੀ (ਸੀ), ਉਸ ਦਾ ਰੂਪ ਵੇਖ ਕੇ (ਦੇਵਤਿਆਂ ਦਾ ਰਾਜਾ ਅਖਵਾਂਦਾ) ਇੰਦ੍ਰ ਮਸਤ ਹੋ ਗਿਆ (ਗੋਤਮ ਦੇ ਸਰਾਪ ਨਾਲ ਇਸ ਇੰਦਰ ਦੇ) ਸਰੀਰ ਉੱਤੇ ਹਜ਼ਾਰ ਭਗਾਂ ਦੇ ਨਿਸ਼ਾਨ ਬਣ ਗਏ ਤਾਂ ਇੰਦ੍ਰ ਆਪਣੇ ਮਨ ਵਿਚ (ਆਪਣੇ ਦੁਆਰਾ ਕੀਤੇ ਗਏ ਕੁਕਰਮ ’ਤੇ) ਪਛੁਤਾਇਆ।

(ੲ). ਮੈਲਾ ਬ੍ਰਹਮਾ, ਮੈਲਾ ‘ਇੰਦੁ’ ॥ ਰਵਿ ਮੈਲਾ, ਮੈਲਾ ਹੈ ਚੰਦੁ ॥੧॥ ਮੈਲਾ ਮਲਤਾ ਇਹੁ ਸੰਸਾਰੁ ॥ ਇਕੁ ਹਰਿ ਨਿਰਮਲੁ; ਜਾ ਕਾ ਅੰਤੁ ਨ ਪਾਰੁ ॥੧॥ ਰਹਾਉ ॥  (ਕਬੀਰ ਜੀ/੧੧੫੮) ਭਾਵ ਬ੍ਰਹਮਾ (ਭਾਵੇਂ ਜਗਤ ਨੂੰ ਪੈਦਾ ਕਰਨ ਵਾਲਾ ਮਿਥਿਆ ਜਾਂਦਾ ਹੈ ਪਰ) ਬ੍ਰਹਮਾ ਭੀ ਮੈਲਾ, ਇੰਦਰ ਭੀ ਮੈਲਾ (ਭਾਵੇਂ ਉਹ ਦੇਵਤਿਆਂ ਦਾ ਰਾਜਾ ਮਿਥਿਆ ਗਿਆ ਹੈ। ਦੁਨੀਆਂ ਨੂੰ ਚਾਨਣ ਦੇਣ ਵਾਲੇ) ਸੂਰਜ ਤੇ ਚੰਦ੍ਰਮਾ ਭੀ ਮੈਲੇ ਹਨ ॥੧॥ ਇਹ (ਸਾਰਾ) ਸੰਸਾਰ ਹੀ ਮੈਲਾ ਹੈ, ਮਲੀਨ ਹੈ, ਕੇਵਲ ਪਰਮਾਤਮਾ ਪਵਿੱਤਰ ਹੈ (ਜਿਸ ਦਾ) ਅੰਤ ਨਹੀਂ ਪਾਇਆ ਜਾ ਸਕਦਾ, ਕੋਈ ਹੱਦ – ਬੰਨ੍ਹਾ ਨਹੀਂ ਲੱਭਿਆ ਜਾ ਸਕਦਾ।

ਨੋਟ: ਉਕਤ ਦੋਵੇਂ (ੲ, ਅ) ਤੁਕਾਂ ’ਚ ਦਰਜ ‘ਇੰਦ੍ਰੁ, ਇੰਦੁ’ ਦਾ ਅੰਤ ਔਂਕੜ, ਇੱਕ ਵਚਨ ਪੁਲਿੰਗ ਹੋਣ ਕਾਰਨ ਹੈ ਕਿਉਂਕਿ ਕੋਈ ਸਬੰਧਕੀ ਚਿੰਨ੍ਹ ਨਹੀਂ ਮਿਲਦਾ, ਪਰ ਅਗਾਂਹ (ਸ, ਹ, ਕ) ਤੁਕਾਂ ’ਚ ‘ਇੰਦ੍ਰ’ ਬਹੁ ਵਚਨ ਹੋਣ ਕਾਰਨ ਅੰਤ ਮੁਕਤਾ ਹੈ।

(ਸ). ਕੇਤੇ ਇੰਦ, ਚੰਦ ਸੂਰ ਕੇਤੇ; ਕੇਤੇ ਮੰਡਲ ਦੇਸ ॥  (ਜਪੁ) ਕਿਤਨੇ ਹੀ ਭਾਵ ਬੇਅੰਤ ਇੰਦਰ ਦੇਵਤੇ ਹਨ, ਬੇਅੰਤ ਚੰਦ੍ਰਮਾ ਤੇ ਸੂਰਜ ਹਨ ਅਤੇ ਬੇਅੰਤ ਭਵਨ-ਚੱਕਰ ਹਨ।

ਇਸੇ ਤਰ੍ਹਾਂ ਇੰਦਰ ਦੇਵਤੇ ਨਾਲ ਸਬੰਧਤ ਸ਼ਬਦਾਂ ਦੀ ਵਰਤੋਂ ਵੀ ‘ਟਿੱਪੀ’ ਸਹਿਤ ਆਉਂਦੀ ਹੈ; ਜਿਵੇਂ ਕਿ

(ਹ). ਇੰਦ੍ਰ, ਇੰਦ੍ਰਾਸਣਿ ਬੈਠੇ, ਜਮ ਕਾ ਭਉ ਪਾਵਹਿ ॥ (ਮ: ੩/੧੦੪੯) ਹੇ ਭਾਈ ! (ਲੋਕਾਂ ਦੁਆਰਾ ਮਿਥੇ ਹੋਏ ਦੇਵਤਿਆਂ ਦੇ ਰਾਜੇ) ਇੰਦਰ ਵਰਗੇ ਭੀ ਆਪਣੇ ਤਖ਼ਤ ਉੱਤੇ ਬੈਠੇ ਹੋਏ (ਤ੍ਰਿਸ਼ਨਾ ਦੀ ਅੱਗ ’ਚ ਜਲ਼ਦੇ ਹੋਏ) ਆਤਮਕ ਮੌਤ ਦਾ ਸਹਮ ਸਹਾਰਦੇ ਰਹਿੰਦੇ ਹਨ।

(ਕ). ਗਾਵਹਿ ਇੰਦ, ਇਦਾਸਣਿ ਬੈਠੇ; ਦੇਵਤਿਆ ਦਰਿ ਨਾਲੇ ॥ (ਹੇ ਅਕਾਲ ਪੁਰਖ !) ਕਈ ਇੰਦਰ ਆਪਣੇ ਤਖ਼ਤ ’ਤੇ ਬੈਠੇ ਹੋਏ ਦੇਵਤਿਆਂ ਸਮੇਤ ਤੇਰੇ ਦਰ ’ਤੇ ਝੁਕਦੇ ਹਨ, ਤੈਨੂੰ ਸਲਾਹ ਰਹੇ ਹਨ।

ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਕੇਵਲ ਇਸੇ ਤੁਕ ਵਿੱਚ ਇੱਕ ਵਾਰ ‘ਇਦਾਸਣਿ’ ਸ਼ਬਦ ਬਿਨਾਂ ‘ਟਿੱਪੀ ਤੋਂ ਆਇਆ ਹੈ ਜਦੋਂ ਕਿ ਅਰਥ ਇੱਥੇ ਵੀ ‘ਇੰਦਰ ਦੇ ਆਸਣ (ਤਖ਼ਤ) ਉੱਪਰ’ ਹੀ ਬਣਦੇ ਹਨ, ਇਸ ਲਈ ਇੱਥੇ ਉਚਾਰਨ ਵੀ ਟਿੱਪੀ ਸਹਿਤ ਹੀ ਹੋਵੇਗਾ।

— ਚਲਦਾ —