‘ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤ ਮਿਸ਼ਨਰੀ ਕਾਲਜ’

0
420

ਸਿੱਖ ਕੌਮ ਨੂੰ ਸਮਰਪਿਤ ਕਰਦਾ ਗੁਰਮਤ ਮਿਸ਼ਨਰੀ ਪ੍ਰਚਾਰਕ :

‘ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤ ਮਿਸ਼ਨਰੀ ਕਾਲਜ’

‘ਪ੍ਰਚਾਰਕ’ ਸਬਦ ‘ਪ੍ਰੀਚੈ’ ਸਬਦ ਤੋਂ ਬਣਿਆ ਹੈ, ਜਿਸ ਦਾ ਅਰਥ ਹੈ, ‘ਜਾਣਕਾਰੀ ਦੇਣ ਵਾਲਾ’, ਇਸ ਲਈ ਧਰਮ ਦੀ ਪੂਰੀ ਜਾਣਕਾਰੀ ਰੱਖਣ ਵਾਲੇ ਨੂੰ ਹੀ ‘ਧਰਮ ਪ੍ਰਚਾਰਕ’ ਕਿਹਾ ਜਾਂਦਾ ਹੈ। ਜੇਕਰ ਪ੍ਰਚਾਰਕ ਆਪ ਹੀ ਜਾਣਕਾਰੀ ਤੋਂ ਵਿਹੂਣਾ ਹੈ ਤਾਂ ‘ਨੀਮ ਹਕੀਮ ਖਤਰਾ ਇ ਜਾਨ’ ਦਾ ਡਰ ਕੌਮ ਨੂੰ ਬਣਿਆ ਰਹਿੰਦਾ ਹੈ। ਇਸ ਲਈ ਪ੍ਰਚਾਰਕ ਦਾ ਸਿੱਖਿਅਤ ਹੋਣਾ ਹੀ ਕੌਮ ਲਈ ਲਾਹੇਵੰਦ ਹੈ। ਸਿੱਖ ਧਰਮ, ਜਿੱਥੇ ਆਲਮਗੀਰੀ, ਸਰਬ ਸਾਂਝਾ ਧਰਮ ਹੈ, ਉੱਥੇ ਇਹ ਜਨਮ ਤੋਂ ਹੀ ਪ੍ਰਚਾਰਕ ਧਰਮ ਹੈ, ਇਸ ਦਾ ਮੰਤਵ ਹੈ ਕਿ ਮਨੁੱਖਤਾ ਦੇ ਬਾਹਰਲੇ ਵਖਰੇਵਿਆਂ ਦੇ ਹੁੰਦਿਆਂ ਵੀ ਇਕ ਚੰਗਾ ਸਚਿਆਰ ਇਨਸਾਨ ਬਣਿਆ ਜਾ ਸਕੇ, ਇਹ ਤਦ ਹੀ ਹੋ ਸਕਦਾ ਹੈ ਜੇ ‘‘ਜਿਸ ਦੈ ਅੰਦਰਿ ਸਚੁ ਹੈ, ਸੋ ਸਚਾ ਨਾਮੁ ਮੁਖਿ ਸਚੁ ਅਲਾਏ॥ ਓਹੁ ਹਰਿ ਮਾਰਗਿ ਆਪਿ ਚਲਦਾ, ਹੋਰਨਾ ਨੋ ਹਰਿ ਮਾਰਗਿ ਪਾਏ॥’’ (ਮ: ੧/੧੪੦) ਦੇ ਗੁਰਮਤ ਸਿਧਾਂਤ ਦੇ ਧਾਰਨੀ ਬਣ ਸਕੀਏ।

ਗੁਰੂ ਸਾਹਿਬਾਨ ਜੀ ਨੇ ਇਸੇ ਲਈ ਆਪਣੇ ਸਮੇਂ ਵਿਚ ਸੰਗਤਾਂ ਕਾਇਮ ਕੀਤੀਆਂ, ਧਰਮਸ਼ਾਲਾਵਾਂ ਬੰਨ੍ਹੀਆਂ ਅਤੇ ਪ੍ਰਚਾਰਕ ਥਾਪੇ। ਸਤਿਗੁਰੂ ਜੀ ਦੀ ਕਿਰਪਾ ਨਾਲ ਕਿਰਤੀ ਸਿੱਖ; ਕਿਰਤ-ਵਿਰਤ ਕਰਦਿਆਂ ‘ਧਰਮ ਪ੍ਰਚਾਰ’ ਦੀ ਸੇਵਾ ਨਿਭਾਉਂਦੇ ਰਹੇ। ਕਈ ਗੁਰਸਿੱਖਾਂ ਨੇ ਆਪਣਾ ਸਾਰਾ ਜੀਵਨ  ਸਮਰਪਿਤ ਕਰ ਕੇ ਪੀੜ੍ਹੇ, ਮੰਜੀਆਂ ਅਤੇ ਮਸੰਦ ਪ੍ਰਥਾ ਅਧੀਨ ਜੀਵਨ ਭਰ ‘‘ਸਤਿਗੁਰ ਸਬਦਿ ਉਜਾਰੋ ਦੀਪਾ॥’’ (ਮ:੫/੮੨੧) ਰਾਹੀਂ ਅਗਿਆਨਤਾ ਦੇ ਹਨੇਰੇ ਵਿੱਚ ਭਟਕਦੇ ਮਨੁੱਖੀ ਹਿਰਦਿਆਂ ਅੰਦਰ ਗੁਰ ਸ਼ਬਦ ਦਾ ਪ੍ਰਕਾਸ਼ ਕੀਤਾ। ਅਠਾਰਵੀਂ ਸਦੀ ਦੇ ਸਿੱਖਾਂ ਦੀਆਂ ਸਿਦਕ ਭਰੀਆਂ ਸ਼ਹੀਦੀਆਂ, ਸ਼ਬਦ ਗੁਰੂ ਦੀ ਟੇਕ ਸਦਕਾ ਹੀ ਨਿਭੀਆਂ । ਸਿੱਖਾਂ ਨੇ ਰਾਜ ਸ਼ਕਤੀ ਪ੍ਰਾਪਤ ਕੀਤੀ, ਜਿੱਥੇ ਖ਼ਾਲਸੇ ਦਾ ਨਿਸ਼ਾਨ ਸਾਹਿਬ ਦੱਰਾ ਖੈਬਰ ਤਕ ਝੁੱਲਿਆ ਉੱਥੇ ਸਮੇਂ ਦੀ ਚਾਲ ਨਾਲ ਸਿੱਖੀ ਜੀਵਨ ਵਿਚ ਨਿਘਾਰ ਦਾ ਪ੍ਰਗਟਾਅ ਵੀ ਆਉਣ ਲੱਗ ਪਿਆ, ਪਰ ਸਮੇਂ-ਸਮੇਂ ਗੁਰੂ ਪਿਆਰੇ ਇਸ ਕਾਲ ਦੌਰਾਨ ਵੀ ਸਿੱਖ ਧਰਮ ਦੀ ਹੋਂਦ ਨੂੰ ਬਚਾਉਣ ਲਈ ਯਤਨਹੀਂਲ ਹੁੰਦੇ ਰਹੇ।

ਤਕਰੀਬਨ ਸੰਨ 1964 ਵਿੱਚ ਕੁਝ ਪੰਥ ਦਰਦੀ, ਜੋ ‘‘ਕਿਰਤ ਵਿਰਤ ਕਰਿ ਧਰਮ ਦੀ, ਲੈ ਪਰਸਾਦ ਆਣਿ ਵਰਤੰਦਾ॥’’ (ਭਾਈ ਗੁਰਦਾਸ ਜੀ, ਵਾਰ ੪੦/ਪਉੜੀ ੧੧) ਦੀ ਸੋਚ ਰੱਖਣ ਵਾਲੇ ਸਨ ਅਤੇ ਸਿੱਖੀ ਅੰਦਰ ਵੱਧ ਰਹੇ ਨਿਘਾਰ ਤੋਂ ਚਿੰਤਾਤੁਰ ਵੀ ਸਨ; ਜਿਨ੍ਹਾਂ ਵਿਚ ਸ੍ਰ. ਕੰਵਰ ਮਹਿੰਦਰ ਪ੍ਰਤਾਪ ਸਿੰਘ ਜੀ, ਸ੍ਰ. ਮਹਿੰਦਰ ਸਿੰਘ ਜੀ ਜੋਸ਼, ਸ੍ਰ. ਸੁਰਜੀਤ ਸਿੰਘ ਜੀ, ਆਦਿ ਵੀਰਾਂ ਦੇ ਨਾਂ ਵਰਣਨ ਯੋਗ ਹਨ; ਇਨ੍ਹਾਂ ਗੁਰਸਿੱਖ ਵੀਰਾਂ ਨੇ ਸ਼੍ਰੋਮਣੀ ਸਿੱਖ ਸਮਾਜ ਦੇ ਨਾਂ ਹੇਠ ਸੰਸਥਾ ਸਿਰਜ ਕੇ ਸਿੱਖੀ ਪ੍ਰਚਾਰ ਦੀ ਮੁਹਿੰਮ ਆਰੰਭ ਕੀਤੀ; ਫਿਰ ਗੁਰਮਤ ਮਿਸ਼ਨਰੀ ਕਾਲਜ, 100 ਸੰਤ ਨਗਰ, ਦਿੱਲੀ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਗੁਰਸਿੱਖ ਪਰਿਵਾਰਾਂ ਤੱਕ ਗੁਰਮਤ ਸੰਦੇਸ਼ ਪਹੁੰਚਾਉਣ ਦਾ ਯਤਨ ਕੀਤਾ, ਡਾਕ ਰਾਹੀਂ ਗੁਰਮਤ ਕੋਰਸ ਆਰੰਭ ਕਰ ਕੇ ਜਨ ਸਾਧਾਰਨ ਕਿਰਤੀ ਗੁਰਸਿੱਖ ਪਰਿਵਾਰਾਂ ਤੱਕ ਗੁਰਮਤ-ਗਿਆਨ ਵੰਡਿਆ ਗਿਆ।

ਇਸੇ ਲੜੀ ਵਿੱਚੋਂ ਸਨ, ਸ੍ਰ. ਦੀਦਾਰ ਸਿੰਘ ਜੀ, ਜੋ ਪਹਿਲਾਂ ਰੋਪੜ ਵਿਖੇ ਹੀ ਰਹਿੰਦੇ ਸਨ, ਅੱਜ ਕੱਲ ਪਟਿਆਲੇ ਤੋਂ ਗੁਰਮਤ ਪ੍ਰਚਾਰ ਟ੍ਰਸਟ ਰਾਹੀਂ ਫ੍ਰੀ ਲਿਟਰੇਚਰ ਦੀ ਸੇਵਾ ਨਿਭਾਉਂਦੇ ਹਨ । ਇਹਨਾਂ ਨੇ ਤਕਰੀਬਨ ਸੰਨ 1979 ਵਿੱਚ ਰੋਪੜ ਇਲਾਕੇ ਵਿੱਚ ਗੁਰਮਤ ਕਲਾਸਾਂ ਦਾ ਕਾਰਜ ਅਰੰਭਿਆ। ਸੰਗਤਾਂ ਨੇ ਇਸ ਕਾਰਜ ਵਿਚ ਇੰਨਾ ਸਹਿਯੋਗ ਦਿੱਤਾ ਕਿ ਇਕੱਲੇ ਰੋਪੜ ਇਲਾਕੇ ਵਿਚ ਹੀ 60 ਕਲਾਸਾਂ ਲਗਦੀਆਂ ਸਨ, ਜਿਨ੍ਹਾਂ ਵਿੱਚ ਕੁਝ ਹੋਣਹਾਰ ਬੱਚੀਆਂ ਦਾ ਨਾਮ ਵਰਣਨ ਯੋਗ ਹੈ; ਬੀਬੀ ਮਨਜੀਤ ਕੌਰ ਸਪੁੱਤਰੀ ਸ੍ਰ. ਗੁਰਦਿਆਲ ਸਿੰਘ ਜੀ, ਬੀਬੀ ਮਨਜੀਤ ਕੌਰ ਸਪੁੱਤਰੀ ਸ੍ਰ. ਅਜੀਤ ਸਿੰਘ ਜੀ ਨੂਰੀ ਢਾਬਾ, ਬੀਬੀ ਬਲਜੀਤ ਕੌਰ ਜੀ, ਅਲੀ ਮੁਹੱਲਾ (ਰੋਪੜ), ਬੀਬੀ ਹਰਜਸ ਕੌਰ ਜੀ, ਜੋ ਅੱਜ ਕੱਲ ਗੌਰਮਿੰਟ ਕਾਲਜ ਰੋਪੜ ਵਿਖੇ ਸੰਗੀਤ ਦੇ ਪ੍ਰੋਫੈਸਰ ਹਨ, ਇਨ੍ਹਾਂ ਸਾਰਿਆਂ ਦੀ ਸੇਵਾ ਨਾ-ਭੁਲਣ ਯੋਗ ਹੈ। ਡਾ. ਸੁਜਾਨ ਸਿੰਘ ਜੀ ਦੇ ਦੋਨੋਂ ਬੇਟੇ ਸ੍ਰ. ਇੰਦਰਜੀਤ ਸਿੰਘ ਜੀ, ਸ੍ਰ. ਤਜਿੰਦਰ ਪਾਲ ਸਿੰਘ ਜੀ ਤਾਂ ਪੂਰੇ ਪਰਿਵਾਰ ਸਹਿਤ ਸੇਵਾ ਕਰ ਰਹੇ ਸਨ, ਸ੍ਰ. ਇੰਦਰਜੀਤ ਸਿੰਘ ਜੀ ਨੂੰ ਸਭ ਤੋਂ ਪਹਿਲੇ ‘ਰੋਪੜ ਸਰਕਲ ਇੰਚਾਰਜ’ ਹੋਣ ਦਾ ਮਾਣ ਪ੍ਰਾਪਤ ਹੋਇਆ, ਇਨ੍ਹਾਂ ਦੇ ਸਾਥੀ  ਸਨਮਾਨਯੋਗ ਸ੍ਰ. ਜੁਗਿੰਦਰ ਸਿੰਘ ਜੀ ‘ਮੌਜੂਦਾ ਚੇਅਰਮੈਨ’,  ਸ੍ਰ. ਅਮਰਜੀਤ ਸਿੰਘ ਜੀ (ਜੋ ਦਿੱਲੀ ਵਿਖੇ ਗੁਰਮਤ ਤੇ ਪੰਜਾਬੀ ਦੀਆਂ ਕਲਾਸਾਂ ਲਗਾਉਣ ਦੀ ਸੇਵਾ ਲੰਮੇ ਸਮੇਂ ਤੋਂ ਨਿਭਾ ਰਹੇ ਹਨ), ਸ੍ਰ. ਗੁਰਚਰਨ ਸਿੰਘ ਜੀ ਸਾਬਣ ਵਾਲੇ, ਸ: ਗੁਰਦਿਆਲ ਸਿੰਘ ਜੀ (ਮਲਹੋਤਰਾ ਕਲੌਨੀ), ਸ੍ਰ. ਗੁਰਦੇਵ ਸਿੰਘ ਜੀ ਤਾਲਾਪੁਰ, ਸ੍ਰ. ਹਰਬੰਸ ਸਿੰਘ ਜੀ ਤੇ ਸ੍ਰ. ਗੁਰਸ਼ਰਨ ਸਿੰਘ ਜੀ ਝੱਲੀਆਂ ਖੁਰਦ, ਸ੍ਰ. ਓਅੰਕਾਰ ਸਿੰਘ ਜੀ ਫੂਲ ਚੱਕਰ, ਸ. ਗੁਰਬਚਨ ਸਿੰਘ ਜੀ ਸੋਢੀ, ਸ. ਸਤਿੰਦਰ ਸਿੰਘ ਜੀ ਸੋਬਤੀ, ਸ. ਗੁਰਚਰਨ ਸਿੰਘ ਜੀ ਕਟਲੀ, ਸ. ਗੁਰਚਰਨ ਸਿੰਘ ਜੀ ਭਿਓਰਾ, ਸ. ਨਸੀਬ ਸਿੰਘ ਜੀ ਅਕਬਰਪੁਰ, ਸ. ਨਸੀਬ ਸਿੰਘ ਜੀ ਹਵੇਲੀ ਕਲਾਂ, ਸ੍ਰ. ਤਰਸੇਮ ਸਿੰਘ ਜੀ (ਰੋਪੜ), ਸ੍ਰ. ਅਜੀਤ ਸਿੰਘ ਜੀ ਨੂਰੀ ਢਾਬਾ, ਸ੍ਰ. ਗਿਆਨ ਸਿੰਘ ਜੀ (ਘਨੌਲੀ), ਸ੍ਰ. ਅਮਰਜੀਤ ਸਿੰਘ ਜੀ (ਸਰਕਲ ਇੰਚਾਰਜ), ਸ੍ਰ. ਧੰਨਾ ਸਿੰਘ ਜੀ ਹਵੇਲੀ ਕਲਾਂ, ਗਿ. ਜਗਜੀਤ ਸਿੰਘ ਜੀ ‘ਚਾਹ ਵਾਲੇ’ ਅਤੇ ਉਹਨਾਂ ਦੇ ਸਪੁੱਤਰ ਮਾ: ਕੁਲਦੀਪ ਸਿੰਘ ਜੀ, ਸ੍ਰ. ਗਿਆਨ ਸਿੰਘ ਜੀ (ਘਨੌਲੀ), ਸ੍ਰ. ਨਛੱਤਰ ਸਿੰਘ ਜੀ ਮਿੱਠੇਵਾਲ, ਸ੍ਰ. ਗਿਆਨ ਸਿੰਘ (ਭਾਈ ਜੀ ਦੀ ਹੱਟੀ), ਆਦਿ ਸਾਰੇ ਸੱਜਣ ਪਰਿਵਾਰਾਂ ਸਹਿਤ ਧਰਮ ਪ੍ਰਚਾਰ ਸਮਾਗਮਾਂ ਵਿੱਚ ਅੱਧੀ-ਅੱਧੀ ਰਾਤ ਤੱਕ ਦੂਰ ਦੁਰਾਡੇ ਜਾ ਕੇ ਸੇਵਾ ਨਿਭਾਉਂਦੇ ਰਹੇ ਸਨ ਅਤੇ ਫਿਰ ਸਾਰਾ ਦਿਨ ਆਪਣੀ ਕਿਰਤ ਕਾਰ ਵੀ ਕਰਦੇ ਸਨ।

ਸ੍ਰ. ਦੀਦਾਰ ਸਿੰਘ ਜੀ ਦੀ ਪ੍ਰੇਰਨਾ ਨਾਲ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਤਾ ਗੱਦੀ ਗੁਰ ਪੁਰਬ, ਰੋਪੜ ਵਿਖੇ ਮਨਾਉਣਾ ਆਰੰਭ ਹੋਇਆ ਤਾਂ ਕਿ ਜੁਗੋ-ਜੁਗ ਅਟੱਲ ਗੁਰੂ ਗ੍ਰੰਥ ਸਾਹਿਬ ਜੀ ਬਾਰੇ ‘ਗੁਰੂ ਮਾਨਯੋ ਗ੍ਰੰਥ’ ਦਾ ਅਹਿਸਾਸ ਸੰਗਤਾਂ ਨੂੰ ਹੋ ਸਕੇ। ਜਦੋਂ ਇਹ ਪ੍ਰਚਾਰ ਸੇਵਾ ਚਲ ਰਹੀ ਸੀ ਤਦੋਂ ਇਲਾਕੇ ਦੀਆਂ ਸੰਗਤਾਂ ਨੇ ਪ੍ਰਭਾਵਤ ਹੋ ਕੇ ਗੁਰਦੁਆਰਾ ਗੜ੍ਹੀ ਬਾਬਾ ਜੁਝਾਰ ਸਿੰਘ (ਚੌਂਤਾ ਕਲਾਂ) ਦੇ ਨਾਂ ’ਤੇ ਜੋ ਜ਼ਮੀਨ ਸੀ, ਉਹ ਸਾਰੀ ਗੁਰਮਤ ਮਿਸ਼ਨਰੀ ਕਾਲਜ ਨੂੰ ਸੌਂਪ ਦਿੱਤੀ, ਜਿੱਥੇ 1 ਨਵੰਬਰ 1981 ਨੂੰ ਪੰਜ ਪਿਆਰੇ ਸਾਹਿਬਾਨ ਨੇ ਕਾਲਜ ਦਾ ਨੀਂਹ ਪੱਥਰ ਰੱਖਿਆ, ਲੇਕਿਨ ਕੁਝ ਕਾਰਨਾਂ ਅਤੇ ਮਾਇਆ ਦੀ ਘਾਟ ਕਰ ਕੇ ਇਹ ਕਾਰਜ ਅੱਗੇ ਨਾ ਵਧ ਸਕਿਆ।

ਇਸ ਤੋਂ ਮਗਰੋਂ ਚੇਅਰਮੈਨ ਸ੍ਰ. ਦਲਬੀਰ ਸਿੰਘ ਜੀ (ਦਿੱਲੀ) ਤੇ ਸ੍ਰ. ਜਸਬੀਰ ਸਿੰਘ ਜੀ (ਫਾਊਂਡਰ ਪ੍ਰਿੰਸੀਪਲ ਜੀ) ਵੱਲੋਂ 27-03-1983 ਅਤੇ 28-03-1983 ਨੂੰ ਗੁਰਦੁਆਰਾ ਟਿੱਬੀ ਸਾਹਿਬ ਕਲਗੀਧਰ ਕੰਨਿਆ ਪਾਠਸ਼ਾਲਾ ਰੋਪੜ ਵਿਖੇ ਮਿਸ਼ਨਰੀ ਵੀਰਾਂ ਦੀ ਸਰਬਹਿੰਦ ਕਾਨਫਰੰਸ ਸੱਦੀ ਗਈ, ਜਿਸ ਵਿੱਚ  ਡਾ. ਤਰਲੋਚਨ ਸਿੰਘ ਜੀ ਚੰਡੀਗੜ ਨੂੰ ਕਾਲਜ ਦੇ ਫਾਉਂਡਰ ਚੇਅਰਮੈਨ ਬਣਨ ਦਾ ਮਾਣ ਪ੍ਰਾਪਤ ਹੋਇਆ। ਡਾ. ਤਰਲੋਚਨ ਸਿੰਘ ਜੀ ਨੇ ਹੀ ਪ੍ਰਧਾਨਗੀ ਭਾਸ਼ਣ ਪੜ੍ਹਿਆ ਇਸ ਕਾਨਫਰੰਸ ਵਿਚ ਪਾਸ ਕੀਤੇ ਮਤਿਆਂ ਵਿਚੋਂ ਪਹਿਲਾ ਮਤਾ ਹੀ ਇਹ ਸੀ ਕਿ :-

‘ਗੁਰਮਤ ਮਿਸ਼ਨਰੀ ਕਾਲਜ ਦੀ ਕਾਰਜ ਸਾਧਕ ਕਮੇਟੀ ਵੱਲੋਂ ਸੱਦੀ ਗਈ ਸਰਬ ਹਿੰਦ ਕਾਨਫਰੰਸ ਦੇ ਵਿਸ਼ਾਲ ਸਮਾਗਮ ਸਮੇਂ ਇਹ ਸਰਬ ਸੰਮਤੀ ਨਾਲ ਪ੍ਰਵਾਨ ਕੀਤਾ ਗਿਆ ਕਿ ਗੁਰਮਤ ਮਿਸ਼ਨਰੀ ਕਾਲਜ ਵੱਲੋਂ ਮਿੱਥੇ ਗਏ ਟੀਚਿਆਂ ਵਿੱਚੋਂ ਵਿਸ਼ੇਸ਼ਤਾ ਰੱਖਣ ਵਾਲਾ ਟੀਚਾ ਫੁੱਲ ਟਾਈਮ ਗੁਰਮਤ ਮਿਸ਼ਨਰੀ ਕਾਲਜ, ਰੋਪੜ ਦੀਆਂ ਸੰਗਤਾਂ ਦਾ ਉਤਸ਼ਾਹ ਵੇਖਦਿਆਂ ਇਸੇ ਹੀ ਖੇਤਰ ਵਿੱਚ ਖੋਲ੍ਹਣਾ ਪ੍ਰਵਾਨ ਹੋਇਆ, ਨਾਲ ਹੀ ਇਹ ਪ੍ਰਵਾਨ ਕੀਤਾ ਗਿਆ ਕਿ 10 ਜੁਲਾਈ 1983 ਤੱਕ ਇਸ ਦੀ ਸਥਾਪਨਾ ਕਰ ਹੀ ਦਿੱਤੀ ਜਾਏ।’

 ਮਤਾ ਨੰਬਰ 2 ਰਾਹੀਂ ਕਾਨਫਰੰਸ ਸਮੇਂ ਪ੍ਰਬੰਧਕ ਕਮੇਟੀ ਵੱਲੋਂ ਕਾਲਜ ਦਾ ਨਾਮ ‘ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤ ਮਿਸ਼ਨਰੀ ਕਾਲਜ’ ਚੌਂਤਾ ਭਲਿਆਣ ਦੇ ਸੁਝਾਅ ਨੂੰ ਸਰਬ ਸੰਮਤੀ ਨਾਲ ਪ੍ਰਵਾਨ ਕੀਤਾ ਗਿਆ। ਕਾਲਜ ਦੀ ਰਜਿਸਟ੍ਰੇਸ਼ਨ 17-06-1983 ਨੂੰ ਬੀ-4, 1044 ਨੇੜੇ ਰਾਮਾ ਮੰਦਰ ਰੋਪੜ ਡਾਕਟਰ ਸ੍ਰ. ਸੁਜਾਨ ਸਿੰਘ ਜੀ ਦੇ ਘਰ ਦੇ ਨਾਮ ’ਤੇ ਹੋਈ। ਇਸ ਕਾਰਜ ਨੂੰ ਨੇਪਰੇ ਚਾੜਨ ਲਈ ਗਿਆਨੀ ਜਗਮੋਹਣ ਸਿੰਘ ਜੀ ਲੁਧਿਆਣਾ ਨੇ ਅਹਿਮ ਭੂਮਿਕਾ ਨਿਭਾਈ।

ਕਾਲਜ ਦੇ ਪਹਿਲੇ ਬੈਚ ਦੀ ਇੰਟਰਵਿਊ 26/27 ਜੂਨ 1983 ਨੂੰ ਕਲਗੀਧਰ ਕੰਨਿਆ ਪਾਠਸ਼ਾਲਾ ਰੋਪੜ ਵਿਖੇ ਰੱਖੀ ਗਈ। ਇਸ ਟੈਸਟ ਵਿਚ 35 ਵਿਦਿਆਰਥੀ ਪਾਸ ਹੋਏ।  10 ਜੁਲਾਈ 1983 ਦਿਨ ਐਤਵਾਰ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਰੋਪੜ) ਵਿਖੇ ਦੀਵਾਨ ਸਜਿਆ, ਜਿਸ ਵਿਚ ਵਿਸ਼ੇਸ਼ ਤੌਰ ’ਤੇ ਸਿੰਘ ਸਾਹਿਬ ਗਿਆਨੀ ਹਰਚਰਨ ਸਿੰਘ ਜੀ ਮਹਾਲੋਂ (ਜਥੇਦਾਰ ਸ਼੍ਰੀ ਕੇਸਗੜ੍ਹ ਸਾਹਿਬ) ਅਤੇ ਗਿ. ਜੋਗਿੰਦਰ ਸਿੰਘ ਜੀ ਵੇਦਾਂਤੀ ਵੀ ਸ਼ਾਮਲ ਹੋਏ । ਦੀਵਾਨ ਦੀ ਸਮਾਪਤੀ ਤੋਂ ਬਾਅਦ ਸੰਗਤਾਂ ਦਾ ਕਾਫਲਾ ਚੌਂਤਾ ਕਲਾਂ ਪਿੰਡ ਵੱਲ ਚਲ ਪਿਆ। ਕਾਲਜ ਕੋਲ ਆਪਣੀ ਕੋਈ ਬਿਲਡਿੰਗ ਨਹੀਂ ਸੀ । ਹਜ਼ਾਰਾਂ ਮੀਲ ਸਫ਼ਰ ਤੈਅ ਕਰਨ ਲਈ ਵੀ ਪਹਿਲਾ ਕਦਮ ਹੀ ਮਹੱਤਵ ਪੂਰਨ ਹੁੰਦਾ ਹੈ; ਇਸ ਸਿਲਸਿਲੇ ਵਿਚ ਫਾਉਂਡਰ ਪ੍ਰਿੰਸੀਪਲ ਸ੍ਰ. ਜਸਬੀਰ ਸਿੰਘ ਜੀ ਦੀ ਕੌਮ ਨੂੰ ਮਹਾਨ ਦੇਣ ਹੈ; ਆਪ ਜੀ ਨੇ ਆਪਣਾ ਘਰ ਹੀ ਕਾਲਜ ਨੂੰ ਸੰਭਾਲ਼ ਦਿੱਤਾ, ਜਿਸ ਵਿਚ ਪੁਰਾਣੇ ਬੰਦ ਹੋ ਚੁੱਕੇ ਮੁਰਗੀਖਾਨੇ ਵਿਚ ਰਿਹਾਇਸ਼, ਲੰਗਰ ਆਦਿ ਦਾ ਪ੍ਰਬੰਧ ਕਰਨਾ ਸੀ। ਉਸ ਨੂੰ ਅਜੇ ਸੰਵਾਰਨਾ ਸੀ, ਜੋ ਕਾਲਜ ਆਰੰਭ ਹੋਣ ਤੋਂ ਬਾਅਦ ਕਾਲਜ ਸਟਾਫ ਅਤੇ ਵਿਦਿਆਰਥੀਆਂ ਨੇ ਆਪ ਹੀ ਲਿਪ-ਪੋਚ ਕੇ ਰਹਿਣ ਯੋਗ ਬਣਾਉਣ ਦਾ ਯਤਨ ਕੀਤਾ, ਅਜੇ ਉੱਥੇ ਕਲਾਸ ਆਰੰਭ ਕਰਨੀ ਮੁਮਕਿਨ ਨਹੀਂ ਸੀ, ਸੋ ਸੰਗਤਾਂ ਸਿੱਧੀਆਂ ਗੁ: ਸਾਹਿਬ ਗੜ੍ਹੀ ਬਾਬਾ ਜੁਝਾਰ ਸਿੰਘ ਵਿਖੇ ਪੁੱਜੀਆਂ, ਗਿ: ਜੋਗਿੰਦਰ ਸਿੰਘ ਵੇਦਾਂਤੀ ਜੀ ਨੇ ਆਰੰਭਤਾ ਦੀ ਅਰਦਾਸ ਕੀਤੀ ਫਿਰ ਸਨਮਾਨਯੋਗ ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਨੇ ਹੁਕਮ ਲੈਣ ਉਪਰੰਤ ਵਿਦਿਆਰਥੀਆਂ ਨੂੰ ‘ਜਪੁ’ ਸਾਹਿਬ ਦੀਆਂ ਪੰਜ ਪੌੜੀਆਂ ਦਾ ਪਾਠ ਕਰਵਾ ਕੇ ਇਸ ਪਵਿੱਤ੍ਰ ਕਾਰਜ ਦੀ ਆਰੰਭਤਾ ਕੀਤੀ । ਕਾਲਜ ਵਿੱਚ ਆਰਥਿਕ ਤੰਗੀ ਹੋਣ ਕਾਰਨ ਦਿਨੇ ਪੜ੍ਹਨ-ਪੜ੍ਹਾਉਣ ਤੋਂ ਬਾਅਦ ਲੰਗਰ ਪਕਾਉਣ ਦੀ ਸੇਵਾ ਭੈਣ ਭੁਪਿੰਦਰ ਕੌਰ ਜੀ, ਪ੍ਰਿੰ. ਸ੍ਰ. ਜਸਬੀਰ ਸਿੰਘ ਜੀ, ਦਾਸ ਤੇ ਵਿਦਿਆਰਥੀ ਆਪ ਹੀ ਕਰਦੇ ਸਨ। ਰਾਤ ਨੂੰ ਲੱਕੜਾਂ ਵੀ ਵੱਢ ਕੇ ਲਿਆਉਣੀਆਂ, ਬਰਸਾਤੀ ਮੌਸਮ ਵਿੱਚ ਪਿੰਡ ਬੁੱਢਾ ਭਿਉਰਾ ਤੇ ਚੌਂਤਾ ਕਲਾਂ ਦੀਆਂ ਦੋਹਾਂ ਨਦੀਆਂ ਵਿਚ ਆਏ ਹੜ੍ਹ ਕਾਰਨ ਹਰ ਪਾਸਿਉਂ ਸਬੰਧ ਟੁੱਟ ਜਾਂਦਾ ਸੀ । ਉਪਰੋਂ ਫੌਜ ਤੇ ਪੁਲਿਸ ਦੇ ਦਿਨ-ਰਾਤ ਛਾਪਿਆਂ ਦਾ ਤੌਖਲਾ ਸਿਰ ’ਤੇ ਮੰਡਰਾਉਂਦਾ ਰਹਿੰਦਾ ਸੀ ਕਿਉਂ ਕਿ 1984 ਵਿੱਚ ਸਾਕਾ ਨੀਲਾ ਤਾਰਾ ਤੇ ਨਵੰਬਰ 1984 ਨੂੰ ਦਿੱਲੀ,  ਕਾਨਪੁਰ, ਬਕਾਰੋ ਆਦਿਕ ਵਿਖੇ ਸਿੱਖਾਂ ਦਾ ਉਜਾੜਾ ਤੇ ਕਤਲੋ-ਗ਼ਾਰਤ ਦਾ ਭਾਣਾ ਵਰਤਿਆ ਸੀ, ਇਹ ਸਮਾਂ ਕੌਮ ਲਈ ਅਤਿ ਬਿਖੜਾ ਸੀ, ਅਜਿਹੇ ਕਾਰਨਾਂ ਕਰ ਕੇ ਦਾਖਲ ਹੋਏ ਵਿਦਿਆਰਥੀਆਂ ਵਿੱਚੋਂ ਬਹੁਤੇ ਪਹਿਲਾਂ ਹੀ ਕੋਰਸ ਵਿਚਾਲੇ ਛੱਡ ਕੇ ਚਲਦੇ ਬਣੇ, ਅਖ਼ੀਰ ਤੱਕ ਕੇਵਲ ਭਾਈ ਅਵਤਾਰ ਸਿੰਘ ਜੀ ਯੂ. ਐਸ. ਏ, ਭਾਈ ਸੋਹਣ ਸਿੰਘ ਜੀ ਸਿੰਬਲ ਝੱਲੀਆਂ, ਬੀਬੀ ਸਤਵਿੰਦਰ ਕੌਰ ਜੀ ਭੋਜੇ ਮਾਜਰਾ, ਭਾਈ ਸੁਖਦਰਸ਼ਨ ਸਿੰਘ ਜੀ ਕੁੰਡਲ (ਦਿੱਲੀ), ਸ੍ਰ. ਅਮਰਜੀਤ ਸਿੰਘ ਜੀ ਕੁੰਡਲ ਯੂ. ਐਸ. ਏ., ਭਾਈ ਅਮਰੀਕ ਸਿੰਘ ਜੀ ਚੰਡੀਗੜ, ਭਾਈ ਸਾਹਿਬ ਸਿੰਘ ਜਲਮਾਣਾ ਕਨੇਡਾ, ਭਾਈ ਇਕਬਾਲ ਸਿੰਘ ਰਈਆ, ਸ੍ਰ. ਗੁਰਬਖਸ਼ ਸਿੰਘ ਅਹਿਮਦਪੁਰ (ਪੱਟੀ) ਯੂ. ਕੇ., ਸ੍ਰ. ਰਣਜੀਤ ਸਿੰਘ ਭਾਗੋ ਮਾਜਰਾ, ਸ੍ਰ. ਤਰਸੇਮ ਸਿੰਘ ਅਬੋਹਰ (ਲੁਧਿਆਣਾ), ਸ੍ਰ. ਜਸਜੀਤ ਸਿੰਘ ਚਣਕੋਈ, ਸ੍ਰ. ਸਤਨਾਮ ਸਿੰਘ ਭੰਗਵਾਂ (ਦਿੱਲੀ) ਅਤੇ ਭਾਈ ਰਣਜੋਧ ਸਿੰਘ ਜੀ ਫਗਵਾੜਾ, ਇਹ 14 ਵਿਦਿਆਰਥੀ ਹੀ ਸਿਰੇ ਚੜ੍ਹੇ ।

ਇਨ੍ਹਾਂ ਵਿੱਚੋਂ ਭਾਈ ਅਮਰੀਕ ਸਿੰਘ ਜੀ ਚੰਡੀਗੜ ਨਾਮੀ ਪ੍ਰਚਾਰਕ ਅਤੇ ਲਿਖਾਰੀ ਹਨ। ਭਾਈ ਰਣਜੋਧ ਸਿੰਘ ਜੀ ਫਗਵਾੜਾ, ਭਾਈ ਸਾਹਿਬ ਸਿੰਘ ਜੀ ਕਨੇਡਾ, ਭਾਈ ਸਤਨਾਮ ਸਿੰਘ ਜੀ ਹੈਡ ਗ੍ਰੰਥੀ ਦਿੱਲੀ, ਭਾਈ ਸੁਖਦਰਸ਼ਨ ਸਿੰਘ ਜੀ ਹੈਡ ਗ੍ਰੰਥੀ ਦਿੱਲੀ ਪੰਥ ਪ੍ਰਸਿੱਧ ਹਸਤੀਆਂ ਹਨ। ਕਾਲਜ ਨੂੰ ਮਾਣ ਹੈ ਕਿ ਕਾਲਜ ਵਿਖੇ ਲਾਂਗਰੀ ਦੀ ਸੇਵਾ ਕਰਨ ਲਈ ਆਏ ਭਾਈ ਜਗਜੀਵਨ ਸਿੰਘ ਚੰਗੇ ਤਬਲਚੀ ਤੇ ਕੀਰਤਨੀਏ ਬਣੇ ਤੇ ਭਾਈ ਜਸਬੀਰ ਸਿੰਘ ਵਧੀਆ ਪ੍ਰਚਾਰਕ ਹੋ ਨਿਬੜੇ, ਜੋ ਯੂ. ਕੇ., ਯੂ. ਐਸ. ਆਰ. ਆਦਿ ਦੇਸ਼ਾਂ ਵਿਚ ਧਰਮ ਪ੍ਰਚਾਰ ਦੀ ਸੇਵਾ ਕਰ ਕੇ ਅੱਜ ਕੱਲ ਲੁਧਿਆਣਾ ਸਰਕਲ ਵਿਖੇ ਧਰਮ ਪ੍ਰਚਾਰ ਦੀ ਸੇਵਾ ਨਿਭਾ ਰਹੇ ਹਨ, ਇਨ੍ਹਾਂ ਸਿੰਘਾਂ ਤੋਂ ਇਲਾਵਾ ਇਸ ਕਾਲਜ ਤੋਂ ਪੜ੍ਹੇ ਹੋਏ ਭਾਈ ਗੁਰਚਰਨ ਸਿੰਘ ਸੂਬੇਦਾਰ, ਭਾਈ ਬਲਵੀਰ ਸਿੰਘ ਸੂਬੇਦਾਰ ਵਰਗੇ ਵਿਦਿਆਰਥੀ ਇੰਡੀਅਨ ਆਰਮੀ ਵਿੱਚ ਗ੍ਰੰਥੀ ਸਾਹਿਬ (RTJCO) ਦੀ ਸੇਵਾ ਨਿਭਾ ਰਹੇ ਹਨ। ਸਤਿਕਾਰਯੋਗ ਗਿ: ਜੀਤ ਸਿੰਘ ਤੇ ਉਨ੍ਹਾਂ ਦੀ ਸੁਪਤਨੀ ਮਾਤਾ ਉਪਕਾਰ ਕੌਰ ਜੀ ਨੇ ਗੁਰਮਤ ਮਿਸ਼ਨਰੀ ਕਾਲਜ ਦਾ ਬੰਬਈ ਸਰਕਲ ਆਰੰਭ ਕੀਤਾ, ਜਿੱਥੇ ਸੈਕੜਿਆਂ ਦੀ ਗਿਣਤੀ ਵਿੱਚ ਨੌਜਵਾਨ ਬੱਚੇ ਬੱਚੀਆਂ ਨੂੰ ਗੁਰਸਿੱਖੀ ਨਾਲ ਜੋੜਿਆ । ਉਨ੍ਹਾਂ ਦੇ ਸਾਥੀ ਸ੍ਰ. ਹਰਮੰਦਰ ਸਿੰਘ ਜੀ ਸ਼ੇਰੇ ਪੰਜਾਬ ਸੁਸਾਇਟੀ ਅੰਧੇਰੀ ਈਸਟ ਦਾ ਵੀ ਬੰਬਈ ਵਿੱਚ ਧਰਮ ਪ੍ਰਚਾਰ ਲਈ ਮਹਾਨ ਯੋਗਦਾਨ ਹੈ।

ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤ ਮਿਸ਼ਨਰੀ ਕਾਲਜ ਨੂੰ ਆਰੰਭ ਕਰਨ ਤੇ ਫਿਰ ਅੱਗੇ ਵਧਾਉਣ ਵਿੱਚ ਇਨ੍ਹਾਂ ਮਹਾਨ ਹਸਤੀਆਂ ਅਤੇ ਬੰਬਈ ਸਰਕਲ ਦਾ ਯੋਗਦਾਨ ਨਾ ਭੁਲਣ ਯੋਗ ਹੈ । ਅੱਜ ਵੀ ਕਾਲਜ ਲਈ ਮਾਇਕ ਸਹਾਇਤਾ ਸਾਰੇ ਸਰਕਲਾਂ ਤੋਂ ਵਧੇਰੇ ਬੰਬਈ ਸਰਕਲ ਵੱਲੋਂ ਹੀ ਪੁੱਜਦੀ ਹੈ।

ਉਪਰੋਕਤ ਬਜ਼ੁਰਗਾਂ ਦੀ ਪ੍ਰੇਰਨਾ ਸਦਕਾ ਅੱਜ ਮੁੰਬਈ ਸਰਕਲ ਵਿੱਚ ਵੀਰ ਜਸਪਾਲ ਸਿੰਘ ਜੀ, ਵੀਰ ਕੁਲਵੰਤ ਸਿੰਘ ਜੀ, ਵੀਰ ਮਹਿੰਦਰ ਸਿੰਘ ਜੀ, ਵੀਰ ਭਜਨ ਸਿੰਘ ਜੀ ਰੇਲਵੇ ਵਾਲੇ, ਵੀਰ ਇੰਦਰਜੀਤ ਸਿੰਘ ਜੀ ਖਾਰ, ਵੀਰ ਦਵਿੰਦਰ ਸਿੰਘ ਜੀ ਖਾਰ, ਵੀਰ ਰਮਿੰਦਰਜੀਤ ਸਿੰਘ ਜੀ ਖਾਰ ਅਤੇ ਇਨ੍ਹਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰਨ ਵਾਲੇ ਸੈਂਕੜੇ ਸਹਿਯੋਗੀ ਵੀਰ ਸਿੱਖੀ ਪ੍ਰਚਾਰ ਦੀ ਹਰ ਤਰ੍ਹਾਂ ਦੀ ਸੇਵਾ ਬਾਖੂਬੀ ਨਿਭਾ ਰਹੇ ਹਨ।

ਦਾਸ ਇੱਕ ਘਟਨਾ ਸਾਂਝੀ ਕਰਨੀ ਚਾਹੇਗਾ ਤਾਂ ਕਿ ਪਤਾ ਲੱਗ ਸਕੇ ਕਿ ਕਾਲਜ ਦੀ ਆਰੰਭਤਾ ਵੇਲੇ ਭਾਰਤ ਦੇਸ ਦਾ ਕਿਹੋ ਜਿਹਾ ਮਾਹੌਲ ਸੀ; ਮਾਟੁੰਗਾ ਦੇ ਗੁ: ਸਾਹਿਬ ਵਿਚ ਅਕਤੂਬਰ 1984 ਦੇ ਅਖੀਰਲੇ ਹਫਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਗੱਦੀ ਦਿਵਸ ਸੰਬੰਧੀ ਸੇਵਾ ਕਰਨ ਲਈ ਦਾਸ, ਹੋਰ ਚਾਰ ਸਿੰਘਾਂ (ਭਾਈ ਸਾਹਿਬ ਸਿੰਘ ਜੀ, ਭਾਈ ਅਮਰਜੀਤ ਸਿੰਘ ਜੀ, ਭਾਈ ਕਰਨੈਲ ਸਿੰਘ ਜੀ ਤੇ ਭਾਈ ਜਸਵਿੰਦਰ ਸਿੰਘ ਜੀ) ਸਮੇਤ ਨੂਰੀ ਢਾਬਾ ਰੋਪੜ ਪੁੱਜਾ।  ਸਾਡੀ ਵਾਪਸੀ 31 ਅਕਤੂਬਰ ਨੂੰ ਅੰਮ੍ਰਿਤਸਰ-ਦਾਦਰ ਐਕਸਪ੍ਰੈਸ ਰਾਹੀਂ ਸੀ ਲੇਕਿਨ ਉਸੇ ਦਿਨ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਮਾਰੀ ਗਈ।

1-11-1984 ਨੂੰ ਦੁਪਹਿਰੇ ਉਛੰਗਾਬਾਦ, ਸਾਡੇ ’ਤੇ ਹਮਲਾ ਹੋ ਗਿਆ, ਹੱਥੋ ਪਾਈ ਹੋਈ ਅਤੇ ਸਮਾਨ, ਪੈਸੇ ਆਦਿਕ ਚੁੱਕ ਕੇ ਉਹ ਲੋਕ ਦੌੜ ਗਏ, ਪਰ ਕੁਝ ਦਿਆਨਤਦਾਰ ਹਿੰਦੂ ਵੀਰਾਂ ਨੇ ਸਾਨੂੰ ਪੰਜਾਂ ਨੂੰ ਟ੍ਰੇਨ ਦੇ ਕੈਬਨ ਵਿੱਚ ਛੁਪਾ ਦਿੱਤਾ ।   2-11-1984 ਨੂੰ ਸਵੇਰੇ ਫਰੀਦਾਬਾਦ ਪਹੁੰਚਣ ’ਤੇ ਰੇਲਵੇ ਫਾਟਕਾਂ ’ਤੇ ਗੱਡੀ ਰੋਕ ਕੇ ਉਸ ਨੂੰ ਅੱਗ ਲਾ ਕੇ ਸਾੜ ਦਿੱਤਾ ਗਿਆ। ਅਸੀਂ ਬੜੀ ਮੁਸ਼ਕਲ ਨਾਲ ਜਾਨ ਬਚਾ ਕੇ ਪੁਲਿਸ ਕੋਲ ਪੁੱਜੇ, ਜਿੱਥੇ ਪੁਲਿਸ ਸਾਨੂੰ ਥਾਣੇ ਲੈ ਗਈ । ਭਭਛ ਨੇ ਖਬਰ ਦਿੱਤੀ ਕਿ ਅੰਮ੍ਰਿਤਸਰ-ਦਾਦਰ ਗੱਡੀ ਸਾਰੀ ਸਾੜੀ ਗਈ ਹੈ। ਉਸ ਵਿੱਚੋਂ ਕੋਈ ਸਿੱਖ ਨਹੀਂ ਬਚਿਆ, ਇਸ ਲਈ ਰੋਪੜ ਵਿਖੇ ਇਹ ਸਮਝਿਆ ਗਿਆ ਕਿ ਅਸੀਂ ਸਾਰੇ ਪੰਜੇ ਹੀ ਖਤਮ ਹੋ ਚੁੱਕੇ ਹਾਂ ।   6-11-1984 ਨੂੰ ਇਕ ਹੌਲਦਾਰ ਨੂੰ ਬੇਨਤੀ ਕੀਤੀ ਕਿ ਇੱਥੇ ਕਾਲਜ ਦਾ ਸਰਕਲ ਹੈ, ਉਨ੍ਹਾਂ ਵਿੱਚੋਂ ਕਿਸੇ ਨੂੰ ਬੁਲਾ ਦਿਓ।

ਗੁਰੂ ਕਿਰਪਾ ਨਾਲ ਸਰਕਲ ਦੇ ਸਿੰਘ, ਸ੍ਰ. ਭਗਵਾਨ ਸਿੰਘ, ਸ੍ਰ. ਭੁਪਿੰਦਰ ਸਿੰਘ, ਸ੍ਰ. ਕ੍ਰਿਪਾਲ ਸਿੰਘ, ਸ੍ਰ. ਉਪਕਾਰ ਸਿੰਘ ਜੀ ਨੂੰ ਜਦੋਂ ਪਤਾ ਲੱਗਾ, ਜੋ ਆਪ ਵੀ ਸੰਕਟ ਵਿੱਚੋਂ ਲੰਘ ਰਹੇ ਸਨ, ਤੁਰੰਤ ਥਾਣੇ ਪੁੱਜੇ ਅਤੇ ਸਾਨੂੰ ਨਾਲ ਲੈ ਗਏ। ਅਸੀਂ 12-11-1984 ਤੱਕ ਵੀਰ ਭੁਪਿੰਦਰ ਸਿੰਘ ਜੀ ਦੇ ਘਰ ਰਹੇ ਅਤੇ 12-11-1984 ਨੂੰ ਰਾਤੀ ਦਿੱਲੀ ਆ ਗਏ ।  13-11-1984 ਨੂੰ ਸਵੇਰੇ ਸ੍ਰ. ਹਰਮੰਦਰ ਸਿੰਘ, ਬੀਬੀ ਅਨੰਦ ਕੋਰ ਜੀ ਸਾਨੂੰ ਦਿੱਲੀ ਤੋਂ ਸ਼ਾਨੇ ਪੰਜਾਬ ’ਤੇ ਬਿਠਾ ਕੇ ਗਏ, ਜਿਸ ਰਾਹੀਂ ਅਸੀਂ ਚੰਡੀਗੜ ਅਤੇ ਫਿਰ ਘਰ (ਰੋਪੜ) ਪੁੱਜੇ। ਸਿੱਖ ਕੌਮ ਦੀ ਹੋਈ ਕਤਲੋ-ਗ਼ਾਰਤ ਅਤੇ ਰੌਂਗਟੇ ਖੜ੍ਹੇ ਕਰਨ ਵਾਲੇ ਹਾਲਾਤ ਸਾਨੂੰ ਜ਼ਿੰਦਗੀ ਦੇ ਆਖ਼ਰੀ ਸਾਹਾਂ ਤੱਕ ਨਹੀਂ ਭੁੱਲਣਗੇ। ਸਾਨੂੰ ਅਕਾਲ ਪੁਰਖ ਨੇ ਸਿੱਖ ਧਰਮ ਦੀ ਸੇਵਾ ਕਰਨ ਲਈ ਮਾਨੋ ਨਵਾਂ ਜਨਮ ਹੀ ਦਿੱਤਾ ਸੀ। 

11, 12 ਅਤੇ 13 ਅਕਤੂਬਰ 1985 ਨੂੰ ਕਾਲਜ ਅਸਥਾਨ ’ਤੇ ਤਿੰਨ ਦਿਨਾਂ ਦਾ ਗੁਰਮਤ ਸਮਾਗਮ ਕੀਤਾ ਗਿਆ। ਇਸੇ ਸਮੇਂ ਕਾਲਜ ਦੇ ਫਾਉਂਡਰ ਪ੍ਰਿੰ: ਜਸਬੀਰ ਸਿੰਘ ਜੀ ਨੇ ਆਪਣੇ ਰੁਝੇਵਿਆਂ ਕਾਰਨ ਕਾਲਜ ਪ੍ਰਬੰਧ ਤੋਂ ਸੇਵਾ ਮੁਕਤੀ ਦੀ ਯਾਚਨਾ ਕੀਤੀ, ਜੋ ਪ੍ਰਬੰਧਕਾਂ ਵੱਲੋਂ ਪ੍ਰਵਾਨ ਕਰ ਲਈ ਗਈ। ਸਿੰਘ ਸਾਹਿਬ ਗਿ: ਹਰਚਰਨ ਸਿੰਘ ਜੀ ਮਹਾਲੋਂ (ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਜੀ) ਵੱਲੋਂ ਸਿਰੋਪਾਉ ਦੀ ਬਖਸ਼ਿਸ਼ ਕਰ ਕੇ ਦਾਸ ਨੂੰ ਬਤੌਰ ਪ੍ਰਿੰਸੀਪਲ ਦੀ ਸੇਵਾ 13 ਅਕਤੂਬਰ 1985 ਨੂੰ ਸੌਂਪੀ ਗਈ, ਜੋ ਦਾਸ ਅੱਜ ਤੱਕ ਨਿਭਾਅ ਰਿਹਾ ਹੈ। ਕਾਲਜ ਦੇ ਫਾਉਂਡਰ ਚੇਅਰਮੈਨ ਡਾ. ਤਰਲੋਚਨ ਸਿੰਘ ਜੀ ਨੇ 27-03-1983 ਤੋਂ ਤਕਰੀਬਨ ਨਵੰਬਰ 1985 ਤੱਕ ਸੇਵਾ ਨਿਭਾਈ, ਇਹ ਉਨ੍ਹਾਂ ਦੀ ਯੋਗਤਾ ਹੀ ਸੀ ਕਿ ਐਨੇ ਬਿਖੜੇ ਸਮੇਂ ਵੀ ਉਨ੍ਹਾਂ ਨੇ ਇਸ ਕਾਰਜ ਨੂੰ ਚੜ੍ਹਦੀ ਕਲਾ ਨਾਲ ਨਿਭਾਇਆ। ਕਈ ਵਾਰ ਤੜਕੇ ਚਾਰ ਵਜੇ ਸਕੂਟਰ ਰਾਹੀਂ ਚੰਡੀਗੜ ਤੋਂ ਚੌਂਤੇ (ਕਾਲਜ) ਪੁੱਜ ਜਾਂਦੇ ਸਨ। ਇੱਥੋਂ ਸੇਵਾ ਨਿਭਾ ਕੇ ਆਪਣੇ ਕਲੀਨਕ ਪੁੱਜਦੇ ਸਨ। ਫਿਰ ਸ੍ਰ. ਗੁਰਬਖਸ਼ ਸਿੰਘ ਜੀ ‘ਜਲੰਧਰ’ ਨੂੰ ਬਤੌਰੇ ਚੇਅਰਮੈਨ ਸੇਵਾ ਪ੍ਰਾਪਤ ਹੋਈ । ਆਪ ਜੀ ਨੇ ਸਿਦਕ-ਦਿਲੀ ਤੇ ਨਿਮਰਤਾ ਸਹਿਤ ਇਹ ਸੇਵਾ 1993 ਤੱਕ ਨਿਭਾਈ । ਆਪ ਜੀ ਜਿੱਥੇ ਚੇਅਰਮੈਨ ਸਨ, ਉੱਥੇ ਆਪਣੀ ਕਿਰਤ ਕਰਦਿਆਂ ਨਾਲ-ਨਾਲ ਗੁਰੂ ਘਰਾਂ ਵਿੱਚ ਸ਼ਬਦ ਵੀਚਾਰ ਰਾਹੀਂ ਅਤੇ ਅੰਮ੍ਰਿਤ ਸੰਚਾਰ ਸਮੇਂ ਪੰਜ ਪਿਆਰਿਆਂ ਵਿਚ ਸੇਵਾ ਵੀ ਨਿਭਾਉਂਦੇ ਰਹੇ ਸਨ। ਆਪ ਜੀ ਦਾ ਸਾਰਾ ਪਰਿਵਾਰ ਹੀ ਗੁਰਸਿਖੀ ਨੂੰ ਪਿਆਰ ਕਰਨ ਵਾਲਾ ਹੈ ।  ਸੰਨ 1993 ਤੋਂ 1996 ਤੱਕ ਸਨਮਾਨ ਯੋਗ ਗਿਆਨੀ ਜਗਜੀਤ ਸਿੰਘ ਜੀ ਸਿਦਕੀ, ਜੋ ਸੁਘੜ ਸ਼ਖ਼ਸੀਅਤ ਦੇ ਮਾਲਕ ਸਨ, ਜੀ ਨੇ ਬਤੌਰੇ ਚੇਅਰਮੈਨ ਸੇਵਾ ਨਿਭਾਈ, ਉਹ ਦਾਸ ਨੂੰ ਪੁੱਤਰਾਂ ਵਾਂਗ ਪਿਆਰ ਕਰਦੇ ਸਨ। ਕਿਸੇ ਵੀ ਪ੍ਰਚਾਰਕ ਵਿੱਚ ਕੇਵਲ ਇਕ ਗੁਣ ਹੀ ਪ੍ਰਮੁੱਖ ਹੁੰਦਾ ਹੈ ਪਰ ਆਪ ਜੀ ਦੀ ਸ਼ਖ਼ਸੀਅਤ ਕੀਰਤਨੀਏ, ਕਥਾਕਾਰ, ਗੁਰਬਾਣੀ ਵਿਆਕਰਨ ਸਹਿਤ ਉਚਾਰਨ ਕਰਨ ਦੇ ਗੁਣਾਂ ਨਾਲ ਭਰਪੂਰ ਸੀ, ਆਪ ਜੀ ਮਗਰੋਂ 24-03-1996 ਤੋਂ 06-07-1997 ਤੱਕ ਪੰਚਾਇਤ ਮੈਂਬਰ ਵੀ ਰਹੇ।

 ਸਿਦਕੀ ਜੀ ਦੇ ਸਮੇਂ ਹੀ ਗੁ: ਗੜੀ ਬਾਬਾ ਜੁਝਾਰ ਸਿੰਘ ਵਿੱਚ ਬੈਠੇ ਨਿਹੰਗਾਂ ਨੇ ਕਾਲਜ ’ਤੇ ਕਬਜ਼ਾ ਕਰਨ ਦਾ ਯਤਨ ਕੀਤਾ। ਆਪਣੇ ਘੋੜੇ ਲਿਆ ਕੇ ਕਾਲਜ ਕੰਪਲੈਕਸ ਵਿੱਚ ਬੰਨ੍ਹ ਦੇਣੇ, ਰੋਕਣ ’ਤੇ ਬੰਦੂਕਾਂ ਤਲਵਾਰਾਂ ਰਾਹੀਂ ਵਿਦਿਆਰਥੀਆਂ ਅਤੇ ਸਟਾਫ ਨੂੰ ਡਰਾਉਣਾ, ਧਮਕਾਉਣਾ ਸ਼ੁਰੂ ਕਰ ਦਿੱਤਾ ਕਿਉਂਕਿ ਨਿਹੰਗ ਸਿੰਘ ਧੋਖੇ ਨਾਲ ਸਾਰੀ ਜ਼ਮੀਨ ਦੀਆਂ ਗਰਦੌਰੀਆਂ ਆਪਣੇ ਨਾਮ ਕਰਵਾ ਚੁੱਕੇ ਸਨ। ਸਿਦਕੀ ਜੀ ਨੇ ਸ੍ਰ. ਗੁਰਦਿਆਲ ਸਿੰਘ ਜੀ ਰੋਪੜ, ਜੋ ਸ਼ੈਸ਼ਨ ਕੋਰਟ ਤੋਂ ਰੀਡਰ ਰਿਟਾਇਰਡ ਹੋਏ ਸਨ, ਨੂੰ ਇਸ ਸਬੰਧੀ ਅਦਾਲਤ ਵਿੱਚ ਕੇਸ ਲੜਨ ਦਾ ਅਧਿਕਾਰ ਲਿਖਤੀ ਰੂਪ ਵਿੱਚ ਦੇ ਦਿੱਤਾ। ਸ੍ਰ. ਗੁਰਦਿਆਲ ਸਿੰਘ ਜੀ ਨੇ ਹਾਈਕੋਰਟ ਦੇ ਉੱਘੇ ਵਕੀਲ ਸ੍ਰ. ਹਰਮੋਹਨ ਸਿੰਘ ‘ਪਾਲ’ ਜੀ ਨਾਲ ਸੰਪਰਕ ਕੀਤਾ ਅਤੇ ਕੇਸ ਦੀ ਅਰਜ਼ੀ ਅਦਾਲਤ ਵਿੱਚ ਦਿੱਤੀ ਗਈ। ਫ਼ੈਸਲਾ ਕਾਲਜ ਦੇ ਹੱਕ ਵਿੱਚ ਹੋਇਆ। ਫਿਰ ਵੀ ਨਿਹੰਗ ਸਿੰਘ ਕਬਜ਼ਾ ਨਹੀਂ ਦਿੰਦੇ ਸਨ। ਸ੍ਰ. ਵਰਿੰਦਰ ਪਾਲ ਸਿੰਘ ਜੀ, ਜੋ ਰਾਜਾ ਸਿੰਘ ਜੀ ਟੈਕਸਲਾ ਵਾਲਿਆਂ ਦੇ ਭਾਣਜੇ ਹਨ, ਨੇ ਪੁਲੀਸ ਰਾਹੀਂ ਮਾਰਚ ਦੇ ਗੁਰਮਤ ਸਮਾਗਮ ਸਮੇਂ ਕਬਜ਼ਾ ਵਾਪਸ ਕਾਲਜ ਨੂੰ ਦੁਆਇਆ, ਤਹਿਸੀਲਦਾਰ ਚਮਕੌਰ ਸਾਹਿਬ, ਕਾਲਜ ਦਾ ਮੌਕਾ ਦੇਖਣ ਆਏ । ਇਸ ਔਖੇ ਸਮੇਂ ਕਮਾਲਪੁਰ, ਖੇੜੀ ਸਲਾਬਤਪੁਰ, ਚੌਂਤਾ, ਭਲਿਆਣ, ਝਲੀਆਂ ਖੁਰਦ, ਭੱਕੂ ਮਾਜਰਾ ਆਦਿ ਪਿੰਡਾਂ ਦੇ ਸਰਪੰਚਾਂ ਅਤੇ ਇਲਾਕੇ ਦੀਆਂ ਸੰਗਤਾਂ ਦਾ ਭਰਵਾਂ ਇਕੱਠ ਸੀ। ਤਹਿਸੀਲਦਾਰ ਚਮਕੌਰ ਸਾਹਿਬ ਜੀ ਨੇ ਅਸਲੀਅਤ ਸਮਝੀ ਅਤੇ ਪਹਿਲੀਆਂ ਗਰਦੌਰੀਆਂ ਰੱਦ ਕਰ ਕੇ ਕਾਲਜ ਦੇ ਨਾਂ ਗਰਦੌਰੀਆਂ ਕਰ ਦਿੱਤੀਆਂ। ਫਿਰ ਛੇਤੀ ਹੀ ਕਾਲਜ ਪ੍ਰਬੰਧ ਨੇ ਕਾਲਜ ਦੀ ਚਾਰ ਦਿਵਾਰੀ ਦਾ ਕੰਮ ਨੇਪਰੇ ਚਾੜ੍ਹਿਆ, ਇਸ ਸਮੇਂ ਤੱਕ ਸਿਦਕੀ ਜੀ ਨੇ ਘਰੇਲੂ ਮੁਸ਼ਕਲਾਂ ਅਤੇ ਸਿਹਤ ਦੀ ਖਰਾਬੀ ਕਾਰਨ ਕਾਲਜ ਦੇ ਮੁਖੀ ਪਦ ਤੋਂ ਸੇਵਾ ਮੁਕਤੀ ਲੈ ਲਈ ਹੋਈ ਸੀ ਅਤੇ ਫਿਰ ਦੁਬਾਰਾ ਸ੍ਰ. ਗੁਰਬਖ਼ਸ਼ ਸਿੰਘ ਜੀ ‘ਜਲੰਧਰ’ ਨੂੰ ਹੀ ਇਹ ਸੇਵਾ ਸੌਂਪੀ ਗਈ ਸੀ ਅਤੇ ਸ੍ਰ. ਜੋਗਿੰਦਰ ਸਿੰਘ ਜੀ ‘ਰੋਪੜ’ ਨੂੰ ਵਾਈਸ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ। ਸ੍ਰ. ਜੋਗਿੰਦਰ ਸਿੰਘ ਜੀ ਦੇ ਇਸ ਅਹੁਦੇ ’ਤੇ ਆਉਣ ਨਾਲ ਕਾਲਜ ਪ੍ਰਬੰਧ ਦੀ ਨੇੜਤਾ ਵਿਦਿਆਰਥੀਆਂ ਅਤੇ ਸਟਾਫ ਨੂੰ ਮਹਿਸੂਸ ਹੋਈ ਕਿਉਂਕਿ ਜਦੋਂ ਕੋਈ ਮੁਸ਼ਕਲ ਹੋਵੇ ਤਾਂ ਨਜ਼ਦੀਕ ਹੋਣ ਕਾਰਨ ਗੱਲ ਕਰਨੀ ਸੌਖੀ ਹੋ ਗਈ। ਉਨ੍ਹਾਂ ਲਈ ਸਮਾਂ ਕੱਢ ਕੇ ਕਾਲਜ ਆਉਣਾ ਸੌਖਾ ਸੀ । ਸ੍ਰ. ਗੁਰਬਖ਼ਸ਼ ਸਿੰਘ ਜੀ ਨੇ ਇਹ ਸੇਵਾ ਆਖ਼ਰੀ ਸੁਆਸਾਂ (23-02-2012) ਤੱਕ ਨਿਭਾਈ । ਉਨ੍ਹਾਂ ਦੀ ਇਸ ਵਡਮੁੱਲੀ ਸੇਵਾ ਪ੍ਰਤੀ ਸੰਸਥਾ ਹਮੇਸ਼ਾਂ ਰਿਣੀ ਰਹੇਗੀ।

ਸ੍ਰ. ਗੁਰਬਖਸ਼ ਸਿੰਘ ਜੀ ਦੇ ਚਲਾਣੇ ਤੋਂ ਬਾਅਦ ਬਤੌਰੇ ਚੇਅਰਮੈਨ ਦੀ ਸੇਵਾ ਸ. ਜੋਗਿੰਦਰ ਸਿੰਘ ਜੀ ਰੋਪੜ ਨੂੰ ਮਿਤੀ 17-03-2012 ਨੂੰ ਸੌਂਪੀ ਗਈ, ਜੋ ਆਪਣੇ ਸਾਥੀ ਪੰਚਾਇਤ ਮੈਂਬਰਾਂ ਸ੍ਰ. ਅਮਰਜੀਤ ਸਿੰਘ ਜੀ (ਵਾਈਸ ਚੇਅਰਮੈਨ), ਸ੍ਰ. ਤੀਰਥ ਸਿੰਘ ਜੀ ਰੋਪੜ, ਸ੍ਰ. ਗੁਰਚਰਨ ਸਿੰਘ ਜੀ (ਮੰਡੀ ਗੋਬਿੰਦਗੜ੍ਹ), ਸ੍ਰ. ਸੁਖਦੇਵ ਸਿੰਘ ਜੀ (ਬਠਿੰਡਾ), ਸ੍ਰ. ਪਰਮਜੀਤ ਸਿੰਘ ਜੀ (ਗੋਨਿਆਣਾ ਮੰਡੀ), ਸ੍ਰ. ਜਸਪਾਲ ਸਿੰਘ ਜੀ (ਨਾਭਾ), ਸ੍ਰ. ਜਸਪਾਲ ਸਿੰਘ ਜੀ (ਮੁੰਬਈ), ਸ੍ਰ. ਰਵਿੰਦਰ ਸਿੰਘ ਜੀ (ਜਲੰਧਰ) ਅਤੇ ਸ੍ਰ. ਅਮਨਪ੍ਰੀਤ ਸਿੰਘ ਜੀ (ਲੁਧਿਆਣਾ) ਸਮੇਤ ਬੜੇ ਸੁਚੱਜੇ ਢੰਗ ਨਾਲ ਨਿਭਾ ਰਹੇ ਹਨ। ਇਸ ਪ੍ਰਬੰਧ ਸਮੇਂ ਕਾਲਜ ਨੇ ਹੋਰ ਵਧੇਰੇ ਤਰੱਕੀ ਵੱਲ ਵਧਣਾ ਸ਼ੁਰੂ ਕੀਤਾ ਹੈ। ਕਾਲਜ ਵੱਲੋਂ ਆਰਥਿਕ ਤੰਗੀ ਵਿੱਚੋਂ ਗੁਜ਼ਰ ਰਹੇ ਲੋਕਾਂ ਦੀ, ਬਿਨਾਂ ਕਿਸੇ ਧਰਮ, ਲਿੰਗ ਦੇ ਵਿਤਕਰੇ ਯਥਾਯੋਗ ਮਦਦ (ਸੇਵਾ) ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਕਾਫ਼ੀ ਸਮੇਂ ਤੋਂ ਲਟਕ ਰਹੀ ਬਿਲਡਿੰਗ ਦੀ ਉਸਾਰੀ ਤਕਰੀਬਨ ਮੁਕੰਮਲ ਹੋ ਗਈ ਹੈ, ਜੋ ਕਾਲਜ ਲਈ ਇਕ ਵੱਡੀ ਪ੍ਰਾਪਤੀ ਹੈ।

ਪ੍ਰਚਾਰਕ ਕੌਮ ਦਾ ਥੰਭ ਹੁੰਦੇ ਹਨ। ਜੇ ਉਹ ਅੱਜ ਦੇ ਪੜ੍ਹੇ ਲਿਖੇ ਸਮਾਜ ਵਿੱਚ ਸਮੇਂ ਦੇ ਹਾਣੀ ਨਹੀਂ ਹੋਣਗੇ ਤਾਂ ਧਰਮ ਪ੍ਰਚਾਰ ਵਿੱਚ ਸਫਲਤਾ ਸੋਚੀ ਹੀ ਨਹੀਂ ਜਾ ਸਕਦੀ। ਇਸ ਲਈ ਕਾਲਜ ਪ੍ਰਬੰਧ ਨੇ ਕੁਝ ਸਾਲ ਪਹਿਲਾਂ ਕੁਝ ਵਿਦਿਆਰਥੀਆਂ ਨੂੰ ਗੁਰਮਤ ਦੇ ਨਾਲ-ਨਾਲ ਦੁਨਿਆਵੀ ਪੜ੍ਹਾਈ ਲਈ ਵੀ ਉਤਸ਼ਾਹਿਤ ਕਰਨਾ ਸ਼ੁਰੂ ਕੀਤਾ ਹੈ, ਜਿਸ ਸਦਕਾ ਕਈ ਸਿੰਘਾਂ ਨੇ ਬੀ. ਏ. ਅਤੇ ਐੱਮ. ਏ. ਵਿੱਚ ਵਧੀਆ ਨੰਬਰ ਪ੍ਰਾਪਤ ਕਰ ਕੇ ਕਾਲਜ ਦਾ ਨਾਮ ਉੱਚਾ ਕੀਤਾ ਹੈ, ਇਸ ਸਮੇਂ ਭਾਈ ਸ਼ੁਭਕਰਨ ਸਿੰਘ ਜੀ ਮਾਰਸ਼ਲ ਆਰਟਸ ਵਿੱਚ ਪੀ. ਐਚ. ਡੀ. ਕਰ ਰਹੇ ਹਨ ਅਤੇ ਭਾਈ ਗੁਰਬਚਨ ਸਿੰਘ ਜੀ ਐਮ. ਫਿਲ. ਕਰ ਚੁੱਕੇ ਹਨ, ਇਹ ਦੇਖਦੇ ਹੋਏ ਕਾਲਜ ਵਿੱਚ ਗੁਰਮਤ ਵਿਦਿਆ ਲੈ ਰਹੇ ਵਿਦਿਆਰਥੀਆਂ ਲਈ 2011 ਦੇ ਬੈਚ ਤੋਂ ਪੱਕੇ ਤੌਰ ’ਤੇ ਗਰੈਜੂਏਸ਼ਨ ਕਰਵਾਉਣ ਦਾ ਉਪਰਾਲਾ ਕੀਤਾ ਗਿਆ ਹੈ, ਜਿਸ ਦਾ ਸਾਰਾ ਖਰਚਾ ਸੰਗਤ ਦੇ ਸਹਿਯੋਗ ਨਾਲ ਕਾਲਜ ਚੁੱਕਦਾ ਹੈ। ਕਾਲਜ ਵਿਖੇ ਇਸ ਸਮੇਂ ਵਿਦਿਆਰਥੀਆਂ ਦੇ ਤਿੰਨ ਬੈਚ ਚਲ ਰਹੇ ਹਨ ਅਤੇ ਵਿਦਿਆਰਥੀਆਂ ਦੀ ਗਿਣਤੀ 160 ਦੇ ਕਰੀਬ ਹੈ । ਗਰੈਜੂਏਸ਼ਨ ਦੀ ਪੜ੍ਹਾਈ ਵੀ ਸਮੁੱਚਾ ਸਟਾਫ ਰਲ ਮਿਲ ਕੇ ਨਿਭਾ ਰਿਹਾ ਹੈ । ਸਾਨੂੰ ਖੁਸ਼ੀ ਹੈ ਕਿ ਕਾਲਜ ਦੇ ਵਿਦਿਆਰਥੀ ਚੰਗੇ ਨੰਬਰ ਲੈ ਕੇ ਪਾਸ ਹੋ ਰਹੇ ਹਨ।

ਲਗਭਗ ਕਾਫ਼ੀ ਲੰਮੇ ਸਮੇਂ ਤੋਂ ਦਾਸ, ਇਕੱਲਿਆਂ ਹੀ ਕਲਾਸਾਂ ਲਗਾਉਣ (ਪੜ੍ਹਾਉਣ) ਦੀ ਸੇਵਾ ਕਰਦਾ ਰਿਹਾ। ਕਦੇ ਕਦੇ ਸੰਗੀਤ ਟੀਚਰ ਰੱਖੇ ਲੇਕਿਨ ਕਾਲਜ ਦੀ ਆਰਥਿਕ ਤੰਗੀ ਕਾਰਨ, ਉਹ ਸਾਡੇ ਨਾਲ ਨਹੀਂ ਨਿਭ ਸਕੇ। ਬਹੁਤਾ ਸਟਾਫ ਰੱਖਣ ਦੀ ਸਮਰੱਥਾ ਕਾਲਜ ਕੋਲ ਨਹੀਂ ਸੀ, ਪਰ ਅਕਾਲ ਪੁਰਖ ਦੀ ਬਖਸ਼ਿਸ਼ ਅਤੇ ਸੰਗਤਾਂ ਦੀ ਅਸੀਸ ਨਾਲ ਕਾਲਜ ਵੱਲੋਂ ਨਿਭਾਈਆਂ ਜਾਣ ਵਾਲੀਆਂ ਸੇਵਾਵਾਂ ਨਿਰੰਤਰ ਜਾਰੀ ਰਹੀਆਂ। ਗੁਰੂ ਕਿਰਪਾ ਨਾਲ 1996 ਤੋਂ ਮੌਜੂਦਾ ਪ੍ਰਿੰਸੀਪਲ ਗਿ: ਹਰਭਜਨ ਸਿੰਘ ਜੀ, ਜੋ ਇਸੇ ਕਾਲਜ ਦੇ ਦੂਜੇ ਬੈਚ ਦੇ ਵਿਦਿਆਰਥੀ ਰਹਿ ਚੁੱਕੇ ਸਨ, ਵੀ ਕਾਲਜ ਵਿਖੇ ਪੜ੍ਹਾਉਣ ਦੀ ਸੇਵਾ ਕਰਨ ਲੱਗ ਪਏ, ਜੋ ਅੱਜ ਤੱਕ ਨਿਭਾ ਰਹੇ ਹਨ। ਗਿ:  ਰਵੀ ਸਿੰਘ ਜੀ ਚੰਡੀਗੜ੍ਹ ਵਾਲਿਆਂ ਨੇ ਵੀ ਕੁਝ ਸਮਾਂ ਕਾਲਜ ਵਿਖੇ ਪੜ੍ਹਾਉਣ ਦੀ ਸੇਵਾ ਨਿਭਾਈ ਅਤੇ ਗਿ: ਅਮਰੀਕ ਸਿੰਘ ਸੱਲੋ ਮਾਜਰਾ ਨਾਲ ਮਿਲ ਕੇ ਚਮਕੌਰ ਸਾਹਿਬ ਦੇ ਇਲਾਕੇ ਵਿੱਚ ਕਈ ਸਾਲ ਪਿੰਡਾਂ ਵਿੱਚ ਧਰਮ ਪ੍ਰਚਾਰ ਦੀ ਸੇਵਾ ਨਿਭਾਈ, ਜਿਸ ਸਦਕਾ ਇਲਾਕਾ ਕਾਲਜ ਨਾਲ ਜੁੜਿਆ ਹੈ। ਫਿਰ ਗੁਰੂ ਕਿਰਪਾ ਨਾਲ ਭਾਈ. ਮਨਿੰਦਰਪਾਲ ਸਿੰਘ ਪੁੱਤਰ ਸ੍ਰ. ਤਰਲੋਕ ਸਿੰਘ ਜੀ ਗ਼ੁੰਚਾ ਰੋਪੜ, ਵੀ ਵਾਹਿਗੁਰੂ ਜੀ ਵੱਲੋਂ ਬਖਸ਼ੇ ਗਿਆਨ ਭੰਡਾਰ ਨੂੰ ਲੈ ਕੇ ਕਾਲਜ ਵਿਖੇ ਪੜ੍ਹਾਉਣ ਦੀ ਸੇਵਾ ਵਿੱਚ ਸ਼ਾਮਲ ਹੋ ਗਏ; ਇਨ੍ਹਾਂ ਨੂੰ ਸੰਗਤਾਂ ਗੁਰਬਾਣੀ ਵਿਆਕਰਨ ਵਾਲੇ ਵਜੋਂ ਜ਼ਿਆਦਾ ਜਾਣਦੀਆਂ ਹਨ। ਇਸ ਸਮੇਂ ਕਾਲਜ ਵਿਖੇ ਅਧਿਆਪਕ ਵਜੋਂ ਸੇਵਾ ਨਿਭਾ ਰਹੇ ਭਾਈ ਪਰਮਿੰਦਰ ਸਿੰਘ ਜੀ, ਭਾਈ ਅਮਨਿੰਦਰ ਸਿੰਘ ਜੀ, ਭਾਈ ਜਗਜੀਤ ਸਿੰਘ ਜੀ, ਭਾਈ ਜਸਵੰਤ ਸਿੰਘ ਜੀ, ਭਾਈ ਲਖਵਿੰਦਰ ਸਿੰਘ ਜੀ, ਭਾਈ ਸੁਖਜਿੰਦਰ ਸਿੰਘ ਜੀ, ਆਦਿ ਇਸੇ ਲੜੀ ਦਾ ਹਿੱਸਾ ਹਨ। ਡਰਾਇਵਰੀ ਦੀ ਸੇਵਾ ਲੰਮੇ ਸਮੇਂ ਤੋਂ ਭਾਈ ਅਵਤਾਰ ਸਿੰਘ ਜੀ ਨਿਭਾ ਰਹੇ ਹਨ।

ਕਾਲਜ ਨੇ ਅੱਜ ਤੱਕ ਲੱਗਭਗ 1700 ਪ੍ਰਚਾਰਕ ਕੌਮ ਨੂੰ ਸਮਰਪਿਤ ਕੀਤੇ ਹਨ, ਜਿਨ੍ਹਾਂ ਵਿੱਚੋਂ ਕੁਝ ਵਿਦਿਆਰਥੀਆਂ ਦਾ ਵਰਣਨ ਪਹਿਲਾਂ ਕੀਤਾ ਜਾ ਚੁੱਕਾ ਹੈ; ਜੋ ਪੰਥ ਅੰਦਰ ਮਾਣਯੋਗ ਥਾਂ ਪ੍ਰਾਪਤ ਕਰ ਚੁੱਕੇ ਹਨ। ਕਥਾਕਾਰ ਭਾਈ ਸਾਹਿਬ ਗਿ: ਪਿੰਦਰਪਾਲ ਸਿੰਘ ਜੀ ਲੁਧਿਆਣਾ, ਸਿੰਘ ਸਾਹਿਬ ਗਿ: ਮਾਨ ਸਿੰਘ ਜੀ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਸਿੰਘ ਸਾਹਿਬ ਗਿ: ਸਤਨਾਮ ਸਿੰਘ ਜੀ ਹੈਡ ਗ੍ਰੰਥੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੰਘ ਸਾਹਿਬ ਗਿ: ਸੁਖਦਰਸ਼ਨ ਸਿੰਘ ਜੀ ਹੈੱਡ ਗ੍ਰੰਥੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੰਘ ਸਾਹਿਬ ਗਿ: ਰਣਜੀਤ ਸਿੰਘ ਜੀ ਹੈੱਡ ਗ੍ਰੰਥੀ ਗੁ: ਬੰਗਲਾ ਸਾਹਿਬ ਦਿੱਲੀ, ਸਿੰਘ ਸਾਹਿਬ ਗਿ: ਰਜਿੰਦਰ ਸਿੰਘ ਜੀ ਹੈੱਡ ਗ੍ਰੰਥੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਭਾਈ ਚਰਨਜੀਤ ਸਿੰਘ ਜੀ ਮੋਰਿੰਡਾ, ਭਾਈ ਸ਼ਰਨਜੀਤ ਸਿੰਘ ਜੀ ਕੈਨੇਡਾ, ਭਾਈ ਪ੍ਰਦੀਪ ਸਿੰਘ ਜੀ ਜੰਡਿਆਲਾ, ਭਾਈ ਰਣਜੀਤ ਸਿੰਘ ਜੀ ਚੰਡੀਗੜ੍ਹ ਵਾਲ਼ੇ, ਭਾਈ ਜੋਗਿੰਦਰ ਸਿੰਘ ਜੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਬਾਬਾ ਅਮੀਰ ਸਿੰਘ ਜੀ, ਭਾਈ ਸੁਖਵਿੰਦਰ ਸਿੰਘ ਜੀ ਦਸਮੇਸ਼ ਗੁਰਮਤ ਵਿਦਿਆਲਾ ਦਿੱਲੀ, ਭਾਈ ਗੁਰਭਾਗ ਸਿੰਘ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਭਾਈ ਜਤਿੰਦਰ ਸਿੰਘ ਜੀ ਰਜ਼ੋਰੀ ਗਾਰਡਨ, ਭਾਈ ਸਤਨਾਮ ਸਿੰਘ ਜੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਭਾਈ ਸਤਵਿੰਦਰ ਸਿੰਘ ਜੀ ਮਾਛੀਵਾੜਾ, ਭਾਈ ਹਰਦੀਪ ਸਿੰਘ ਜੀ ਅੰਬਾਲਾ, ਭਾਈ ਰਣਵਿੰਦਰ ਸਿੰਘ ਜੀ ਲੁਧਿਆਣਾ, ਭਾਈ ਪਰਮਜੀਤ ਸਿੰਘ ਜੀ ‘ਕੇਸਰੀ’, ਭਾਈ ਗੁਰਦੀਪ ਸਿੰਘ ਜੀ ‘ਢਕਾਨਸੂ’, ਭਾਈ ਅੰਮ੍ਰਿਤਪਾਲ ਸਿੰਘ ਜੀ ਲੁਧਿਆਣਾ, ਭਾਈ ਇਕਬਾਲ ਸਿੰਘ ਜੀ ਲੁਧਿਆਣਾ, ਭਾਈ ਇਕਨਾਮ ਸਿੰਘ ਜੀ, ਭਾਈ ਇਕਬਾਲ ਸਿੰਘ ਜੀ ਰਾਜਪੁਰਾ, ਭਾਈ. ਮਹਿੰਦਰਪਾਲ ਸਿੰਘ ਜੀ, ਆਦਿ ਵਰਗੇ ਹੋਰ ਚੜ੍ਹਦੀ ਕਲਾ ਵਾਲੇ ਵਿਦਿਆਰਥੀ ਸਿੰਘਾਂ ’ਤੇ ਕਾਲਜ ਨੂੰ ਮਾਣ ਹੈ, ਇਹਨਾਂ ਤੋਂ ਇਲਾਵਾ ਕਾਲਜ ਤੋਂ ਪੜ੍ਹੇ ਹੋਏ ਵਿਦਿਆਰਥੀਆਂ ਦੀ ਲੰਮੀ ਸੂਚੀ ਹੈ, ਜੋ ਦੇਸ਼ਾਂ ਵਿਦੇਸ਼ਾਂ ਵਿੱਚ ਗੁਰਮਤ ਦਾ ਉਪਦੇਸ਼ ਦੇ ਕੇ ਕਾਲਜ ਦਾ ਨਾਮ ਰੋਸ਼ਨ ਕਰ ਰਹੇ ਹਨ।

ਕਾਲਜ ਨੂੰ ਇਸ ਗੱਲ ਦਾ ਵੀ ਫਖ਼ਰ ਮਹਿਸ਼ੂਸ ਹੁੰਦਾ ਹੈ ਕਿ ਭਾਈ ਜਗਜੀਤ ਸਿੰਘ ਜੀ (ਜੋ ਸਤਿਕਾਰਯੋਗ ਭਾਈ ਗੁਰਮੇਜ ਸਿੰਘ ਜੀ ਸਾਬਕਾ ਹਜ਼ੂਰੀ ਰਾਗੀ ਜੱਥਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲਿਆਂ ਦੇ ਭਾਣਜੇ ਹਨ), ਨੇ ਸ਼ੈਸਨ 2006 ਤੋਂ 2008 ਵਿੱਚ ਕਾਲਜ ਤੋਂ ਗੁਰਮਤ ਸਿੱਖਿਆ ਪ੍ਰਾਪਤ ਕੀਤੀ ਹੈ। ਨਿਊਜ਼ੀਲੈਂਡ ਦੇ ਜੰਮਪਲ ਹੋਣ ਕਾਰਨ ਕਈ ਮੁਸ਼ਕਲਾਂ ਦਾ ਸਾਹਮਣਾ ਕਰ ਕੇ ਗਿਆਨ ਹੀ ਪ੍ਰਾਪਤ ਨਹੀਂ ਕੀਤਾ, ਸਗੋਂ ਪ੍ਰਾਪਤ ਹੋਈ ਗੁਰਮਤ ਪ੍ਰਚਾਰ ਦੀ ਤੀਬਰ ਲਗਨ ਨੇ ਭਾਈ ਸਾਹਿਬ ਭਾਈ ਗੁਰਮੇਜ ਸਿੰਘ ਜੀ ਵੱਲੋਂ ‘ਬਰੇਲ’ ਲਿਪੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਾਈ ਕਰਨ ਦੇ ਮਹੱਤਵਪੂਰਨ ਕਾਰਜ ਵਿੱਚ ਵਿਸ਼ੇਸ਼ ਸਾਥੀ ਬਣਾ ਦਿੱਤਾ । ਮਾਣ ਵਾਲੀ ਗੱਲ ਹੈ ਕਿ ਸਮੁੱਚੀ ਸਿੱਖ ਕੌਮ ਦੇ ਪ੍ਰਚਾਰ ਖੇਤਰ ਵਿੱਚ ਧਰਮ ਪ੍ਰਚਾਰ ਦੀ ਸੇਵਾ ਨਿਭਾਅ ਰਹੇ ਗੁਰੂ ਪਿਆਰਿਆਂ ਵਿੱਚ 75% ਹਿੱਸਾ ਕਾਲਜ ਤੋਂ ਪੜ੍ਹੇ ਪ੍ਰਚਾਰਕਾਂ ਦਾ ਹੈ।

ਅਸੀਂ ਤਾਂ ‘‘ਹਮ ਰੁਲਤੇ ਫਿਰਤੇ, ਕੋਈ ਬਾਤ ਨਾ ਪੂਛਤਾ॥’’ (ਮ: ੪/੧੬੭) ਦੀ ਅਵਸਥਾ ਵਾਲੇ ਹੀ ਹਾਂ। ਉਸ ਅਕਾਲ ਪੁਰਖ ਨੇ ਆਪ ਮਿਹਰ ਕਰ ਕੇ ਜੋ 30 ਸਾਲਾਂ ਦਾ ਲੰਮਾ ਪੈਂਡਾ ਤੈਅ ਕਰਵਾਇਆ ਹੈ ਤਾਂ ਇਸ ਪਿੱਛੇ ਸਿਰੜੀ, ਸਿਦਕੀ ਤੇ ਲਗਨ ਵਾਲੇ ਵੀਰਾਂ ਭੈਣਾਂ ਦਾ ਮਹਾਨ ਯੋਗਦਾਨ ਹੈ। ਦੇਸ਼ ਵਿਦੇਸ਼ ਦੀਆਂ ਸੰਗਤਾਂ ਅਤੇ ਵਿਦਿਆਰਥੀਆਂ ਦਾ ਸਹਿਯੋਗ ਹਰ ਸਮੇਂ ਮਿਲਿਆ ਹੈ, ਪਰ ਕੁਝ ਖ਼ਾਸ ਸ਼ਖ਼ਸੀਅਤਾਂ ਜਿਨ੍ਹਾਂ ਦਾ ਸਾਰਾ ਜੀਵਨ ਇਸ ਸੰਸਥਾ ਨੂੰ ਸਮਰਪਿਤ ਰਿਹਾ ਹੈ ਅਤੇ ਹੋ ਰਿਹਾ ਹੈ, ਦਾ ਜ਼ਿਕਰ ਕੀਤੇ ਬਿਨਾਂ ਗੱਲ ਅਧੂਰੀ ਜਿਹੀ ਜਾਪਦੀ ਹੈ; ਜਿਵੇਂ ਭੈਣ ਬਲਵੰਤ ਕੌਰ ਜੀ, ਜਿਨ੍ਹਾਂ ਦੀ ਅਣਥੱਕ ਮਿਹਨਤ ਨੇ ਰੋਪੜ ਸਰਕਲ ਨੂੰ ਇਸ ਬੁਲੰਦੀ ’ਤੇ ਪਹੁੰਚਾ ਦਿੱਤਾ ਕਿ ਉਹਨਾਂ ਦੀ ਸੰਸਾਰਕ ਯਾਤਰਾ ਪੂਰੀ ਹੋਣ ਤੋਂ ਬਾਦ ਵੀ ਹੁਣ ਤੱਕ ਕਾਲਜ ਦੇ ਲੰਗਰ ਲਈ ਰਾਸ਼ਨ ਦੀ ਸੇਵਾ ਰੋਪੜ ਸਰਕਲ ਹੀ ਨਿਭਾਅ ਰਿਹਾ ਹੈ।

ਭੈਣ ਭੁਪਿੰਦਰ ਕੌਰ ਜੀ, ਮਾਤਾ ਹਰਚਰਨ ਕੌਰ ਜੀ ਰੋਪੜ, ਸ. ਗੁਰਚਰਨ ਸਿੰਘ ਸਾਬਣ ਵਾਲੇ, ਸ. ਗੁਰਦੇਵ ਸਿੰਘ ਜੀ ਖੈਰਾਬਾਦ, ਸ. ਚੰਨਣ ਸਿੰਘ ਜੀ ਤਲਵਾੜਾ, ਸ. ਨਰਿੰਦਰ ਸਿੰਘ ਜੀ (ਪੀ. ਏ. ਪੀ. ਵਾਲੇ) ਜਲੰਧਰ, ਸ. ਬਲਵੰਤ ਸਿੰਘ ਜੀ ਪੰਚਾਇਤ ਮੈਂਬਰ ਜਲੰਧਰ, ਬੀਬੀ ਕੰਵਲਜੀਤ ਕੌਰ ਅਤੇ ਬੀਬੀ ਪ੍ਰਿਤਪਾਲ ਕੌਰ ਜਲੰਧਰ, ਸ. ਸਮਿੰਦਰ ਸਿੰਘ ਜੀ ਭੱਕੂ ਮਾਜਰਾ, ਸ. ਨਿਰੰਜਨ ਸਿੰਘ ਜੀ ਭਲਿਆਣ, ਸ. ਪ੍ਰੀਤਮ ਸਿੰਘ ਜੀ ਸਲੋ ਮਾਜਰਾ (ਮੈਬਰ ਸ੍ਰੋ. ਗੁ. ਪ੍ਰ. ਕਮੇਟੀ), ਸ. ਮੋਹਨਜੀਤ ਸਿੰਘ ਜੀ ਕਮਾਲਪੁਰ, ਸ. ਪਰਮਜੀਤ ਸਿੰਘ ਜੀ ਲੱਖੇਵਾਲ (ਮੈਬਰ ਸ੍ਰੋ. ਗੁ. ਪ੍ਰ. ਕਮੇਟੀ), ਸ. ਮਾਨ ਸਿੰਘ ਜੀ ਖੇੜੀ ਸਲਾਬਤਪੁਰ, ਸ. ਦੀਦਾਰ ਸਿੰਘ ਜੀ ਚਮਕੌਰ ਸਾਹਿਬ, ਸ. ਹਰਚਰਨ ਸਿੰਘ ਜੀ ਭੱਕੂ ਮਾਜਰਾ, ਸ. ਅੰਮ੍ਰਿਤ ਸਿੰਘ ਜੀ ਚੌਧਰੀ, ਪ੍ਰਿੰ. ਨਰਿੰਦਰਪਾਲ ਸਿੰਘ ਜੀ, ਪ੍ਰੋ. ਕੁਲਦੀਪ ਸਿੰਘ ਜੀ (ਯੂ. ਕੇ.), ਮਾਸਟਰ ਹਰਬਖ਼ਸ ਸਿੰਘ ਜੀ ਝੱਲੀਆਂ ਕਲਾਂ ਵਾਲੇ, ਸ. ਹਰਨੇਕ ਸਿੰਘ ਜੀ, ਸ. ਜਗੀਰ ਸਿੰਘ ਜੀ ਵਜੀਦਪੁਰ ਅਤੇ ਜਟਾਣੇ ਦੀਆਂ ਸੰਗਤਾਂ ’ਚੋਂ ਕਈ ਵੀਰ ਕਾਲਜ ਦੇ ਨਾਲ ਹਰ ਔਖੇ ਸਮੇਂ ਖੜ੍ਹੇ ਰਹੇ ਹਨ। ਜਦੋਂ ਇੱਕ ਵਾਰ ਫ਼ਰਵਰੀ ਦੇ ਮਹੀਨੇ ਕਾਲਜ ਵਿਖੇ ਖਾਣ ਲਈ ਕਣਕ ਮੁੱਕ ਗਈ ਤਾਂ ਮਾਸਟਰ ਹਰਬਖ਼ਸ ਸਿੰਘ ਜੀ ਵਰਗੀ ਸ਼ਖ਼ਸੀਅਤ ਦੀ ਪ੍ਰੇਰਨਾ ਸਦਕਾ ਹੀ, ਉਹ ਔਕੜ ਪੂਰੀ ਹੋਈ, ਜਦੋਂ ਕਿ ਉਸ ਸਮੇਂ ਜ਼ਿੰਮੀਦਾਰਾਂ ਦੇ ਘਰ ਖ਼ੁਦ ਵੀ ਔਖ ਮਹਿਸੂਸ ਹੁੰਦੀ ਹੈ।  7 ਬੋਰੀਆਂ ਕਣਕ ਉਗਰਾਹ ਕੇ ਦਿੱਤੀਆਂ। ਸ. ਪ੍ਰਭਦਿਆਲ ਸਿੰਘ ਜੀ, ਸ. ਚਰਨਜੀਤ ਸਿੰਘ ਜੀ ਦਿੱਲੀ ਵਾਲੇ, ਸ. ਅਵਤਾਰ ਸਿੰਘ ਜੀ ਕਾਲਾ ਸੰਘਿਆ (ਯੂ. ਕੇ.), ਸਿੰਘ ਸਾਹਿਬ ਗਿ. ਕੇਵਲ ਸਿੰਘ ਜੀ ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ, ਸਿੰਘ ਸਾਹਿਬ ਗਿ. ਜਗਤਾਰ ਸਿੰਘ ਜੀ ‘ਜਾਚਕ’ ਸਾਬਕਾ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਜੀ ਦਾ ਯੋਗਦਾਨ ਵੀ ਅਭੁੱਲ ਹੈ। ਸੂਬੇਦਾਰ ਸ. ਅਜੀਤ ਸਿੰਘ ਜੀ ਰੋਪੜ ਵਾਲੇ, ਜੋ ਕਾਲਜ ਵਿਖੇ ਵਾਰਡਨ ਦੀ ਸੇਵਾ ਨਿਭਾਉਂਦੇ ਰਹੇ, ਵਰਗੇ ਅਣਥੱਕ ਸੇਵਾਦਾਰ ਬਿਰਤੀ ਵਾਲੀ ਸ਼ਖ਼ਸੀਅਤ ਦੀ ਅਣਹੋਂਦ ਅੱਜ ਵੀ ਮਹਿਸੂਸ ਹੁੰਦੀ ਹੈ।

ਬਾਬਾ ਅਜੀਤ ਸਿੰਘ ਜੀ (ਪਰਿਵਾਰ ਵਿਛੋੜੇ ਵਾਲੇ) ਜਿਨ੍ਹਾਂ ਨੇ ਕਾਲਜ ਦੀ ਆਰੰਭਕ ਕਾਲ ਵਿੱਚ, ਸੰਨ 1983 ਨੂੰ ਦੁੱਧ ਦੀ ਔਖ ਨੂੰ ਵੇਖਦਿਆਂ ਇੱਕ ਮੱਝ ਭੇਟ ਕੀਤੀ ਅਤੇ ਜਦੋਂ 1993 ਵਿੱਚ ਹੜਾਂ ਆਦਿ ਦਾ ਜੋਰ ਪਿਆ ਤਾਂ ਕਾਲਜ ਵਿਖੇ ਆ ਕੇ ਵਿਦਿਆਰਥੀਆਂ ਅਤੇ ਸੰਗਤਾਂ ਲਈ ਲੰਗਰ ਦਾ ਪ੍ਰਬੰਧ ਕੀਤਾ। ਬਾਬਾ ਅਵਤਾਰ ਸਿੰਘ ਜੀ ਗੁ. ਕੋਟ ਪੁਰਾਣ ਹੈੱਡ ਦਰਬਾਰ ਅੱਜ ਵੀ ਪੂਰਨ ਸਹਿਯੋਗ ਬਖ਼ਸ਼ਿਸ ਕਰ ਰਹੇ ਹਨ। ਇਨ੍ਹਾਂ ਗੁਰੂ ਪਿਆਰਿਆਂ ਸੱਜਣਾਂ ਵੱਲੋਂ ਮਿਲੇ ਪਿਆਰ ਅਤੇ ਸਹਿਯੋਗ ਲਈ ਅਸੀਂ ਸਦਾ ਰਿਣੀ ਰਹਾਂਗੇ। ਸ਼ੁਰੂ ਤੋਂ ਲੈ ਕੇ ਅੱਜ ਤੱਕ ਸਮੂਹ ਇਲਾਕੇ ਵੱਲੋਂ ਹੀ  ਵਿਦਿਆਰਥੀਆਂ ਦੇ ਲੰਗਰ ਲਈ ਕਣਕ ਕਾਲਜ ਵਿਖੇ ਭੇਜੀ ਜਾਂਦੀ ਹੈ । ਕਦੀ ਵੀ ਲੰਗਰ ਲਈ ਕਣਕ ਜਾਂ ਆਟਾ ਖਰੀਦਣਾ ਨਹੀਂ ਪਿਆ। ਸਮੁੱਚਾ ਇਲਾਕਾ ਅਤੇ ਸਮੂਹ ਕਾਲਜ ਦੇ ਸਹਿਯੋਗੀ ਵਧਾਈ ਦੇ ਪਾਤਰ ਹਨ, ਜਿਨ੍ਹਾਂ ਦੀ ਲਗਨ ਸਦਕਾ ਕਾਲਜ ਅੱਜ ਇਸ ਮੁਕਾਮ ’ਤੇ ਪੁੱਜਾ ਹੈ; ਜਿਵੇਂ ਸੰਗਤਾਂ ਨੇ ਹੁਣ ਤੱਕ ਮਿਹਰ ਅਤੇ ਪਿਆਰ ਭਰਿਆ ਸਹਿਯੋਗ ਬਖਸ਼ਿਆ ਹੈ, ਆਸ ਕਰਦੇ ਹਾਂ ਕਿ ਅੱਗੋਂ ਵੀ ਇਸੇ ਤਰ੍ਹਾਂ ਸਹਿਯੋਗ ਦੇ ਕੇ ਨਿਵਾਜਣਗੇ ਤਾਂ ਕਿ ਅਸੀਂ ਨਿਸ਼ਕਾਮਤਾ ਅਤੇ ਦ੍ਰਿੜ੍ਹਤਾ ਸਹਿਤ ਗੁਰਬਾਣੀ ਅਤੇ ਪੰਥ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਦੀ ਰੌਸ਼ਨੀ ਵਿੱਚ ਸੰਗਤਾਂ ਅਤੇ ਮਨੁੱਖਤਾ ਤੱਕ ਸਰਬ ਸਾਂਝਾ ਗੁਰ ਉਪਦੇਸ਼ ਪਹੁੰਚਾ ਕੇ ਸਰਬੱਤ ਦਾ ਭਲਾ ਮੰਗਦੇ ਹੋਏ ‘‘ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦੀਨੇ, ਤੈਸਾ ਪੁੰਨ ਸਿਖ ਕਉ, ਇਕ ਸਬਦ ਸਿਖਾਏ ਕਾ।’’ (ਭਾਈ ਗੁਰਦਾਸ ਜੀ/ਕਬਿੱਤ 673/3)  ਦੀ ਅਸੀਸ ਦੇ ਪਾਤਰ ਬਣ ਸਕੀਏ।

           ਭੁੱਲਾਂ ਦੀ ਖਿਮਾ, ਗੁਰੂ ਪੰਥ ਦਾ ਦਾਸਰਾ ਬਲਜੀਤ ਸਿੰਘ (ਡਾਇਰੈਕਟਰ ਆਫ ਐਜੂਕੇਸ਼ਨ ਐਂਡ ਐਡਮਨਿਸਟੇਸ਼ਨ-94170-18531