ਵਿਸਾਖੀ – ਜੈ ਜੀਵਨ ਤੇ ਜਾਗ੍ਰਿਤੀ ਦਾ ਦਿਨ

0
420

ਵਿਸਾਖੀ – ਜੈ ਜੀਵਨ ਤੇ ਜਾਗ੍ਰਿਤੀ ਦਾ ਦਿਨ

ਪ੍ਰਿੰਸੀਪਲ ਸਤਬੀਰ ਸਿੰਘ

ਵਿਸਾਖੀ ਜੀਵਨ, ਜੈ ਤੇ ਜਾਗ੍ਰਿਤੀ ਦਾ ਚਿੰਨ੍ਹ ਹੈ। ਵਿਸਾਖੀ ਨੂੰ ਬ੍ਰਹਿਮੰਡ ਦੀ ਜਵਾਨੀ ਕਹਿੰਦੇ ਹਨ। ਸਭ ਕੁਝ ਉਸ ਦਿਨ ਰਸ ਵਾਲਾ ਹੋ ਜਾਂਦਾ ਹੈ। ਇਹ ਦਿਨ ਜਦ ਵੀ ਆਉਂਦਾ ਹੈ, ਆਪਣੇ ਨਾਲ ਅਨੇਕਾਂ ਯਾਦਾਂ ਲੈ ਕੇ ਆਉਂਦਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 30 ਮਾਰਚ 1699 ਦੀ ਵਿਸਾਖੀ ਨੂੰ ਹੀ ਪ੍ਰਚਾਰ ਲਈ ਇਕੱਠ ਕੀਤਾ। ਖ਼ਾਸ ਹੁਕਮਨਾਮੇ ਭੇਜੇ ਕਿ ਵਿਸਾਖੀ ਵਾਲੇ ਦਿਨ ਸਾਰੇ ਅਨੰਦਪੁਰ ਪੁੱਜਣ।  30 ਮਾਰਚ ਨੂੰ ਕੇਸਗੜ੍ਹ ਦੇ ਕਿਲ੍ਹੇ ਵਿੱਚ ਇੱਕ ਭਾਰੀ ਦੀਵਾਨ ਸਜਾਇਆ ਗਿਆ। ਵੱਡੇ ਦੀਵਾਨ ਕੇਸਗੜ੍ਹ ਸਾਹਿਬ ਦੇ ਅਸਥਾਨ ’ਤੇ ਅੱਠ ਤਾਕੀਆਂ ਵਾਲਾ ਕਾਬਲੀ ਤੰਬੂ ਲੱਗਾ ਹੋਇਆ ਸੀ ਅਤੇ ਉਸ ਦੇ ਨਾਲ ਇੱਕ ਛੋਟਾ ਜਿਹਾ ਤੰਬੂ ਲਗਾਇਆ ਗਿਆ।

ਆਸਾ ਦੀ ਵਾਰ ਦੇ ਕੀਰਤਨ ਉਪਰੰਤ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਕਿਰਪਾਨ ਮਿਆਨ ਵਿੱਚੋਂ ਕੱਢ ਕੇ, ਇਕੱਠ ਨੂੰ ਬੁਲਾਉਣ ਦਾ ਮੰਤਵ ਉੱਚੀ ਅਵਾਜ਼ ਨਾਲ, ਗੱਜ ਕੇ ਦੱਸਿਆ ਤੇ ਪੁਕਾਰਦੇ ਹੋਏ ਕਿਹਾ ‘‘ਕੋਈ ਹੈ ਜੋ ਧਰਮ ਹੇਤਿ ਗੁਰੂ ਨਾਨਕ ਦੇ ਆਦਰਸ਼ਾਂ ਤੇ ਜਾਨ ਵਾਰਨ ਲਈ ਤਿਆਰ ਹੋਵੇ’’ ਸਾਰੇ ਪਾਸੇ ਚੁੱਪ-ਚਾਂ ਛਾ ਗਈ। ਤੀਜੀ ਵਾਰ ਪੁਕਾਰਨ ’ਤੇ, ਭਾਈ ਦਇਆ ਰਾਮ, ਲਾਹੌਰ ਵਾਲੇ ਉੱਠੇ ਤੇ ਆਪਣਾ ਸੀਸ ਭੇਟ ਕੀਤਾ। ਇਸ ਤਰ੍ਹਾਂ ਵਾਰੀ-ਵਾਰੀ ਚਾਰ ਹੋਰ ਭਾਈ ਧਰਮ ਦਾਸ (ਦਿੱਲੀ), ਭਾਈ ਹਿੰਮਤ ਰਾਇ (ਜਗਨਨਾਥ ਪੁਰੀ), ਭਾਈ ਮੋਹਕਮ ਚੰਦ (ਦੁਆਰਕਾ) ਅਤੇ ਭਾਈ ਸਾਹਿਬ ਚੰਦ ਬਿਦਰ ਦੇ ਰਹਿਣ ਵਾਲਿਆਂ ਨੇ ਸੀਸ ਭੇਟ ਕੀਤੇ। ਗੁਰੂ ਗੋਬਿੰਦ ਸਿੰਘ ਨੇ ਉਨ੍ਹਾਂ ਪੰਜਾਂ ਨੂੰ ‘ਪਿਆਰੇ’ ਕਿਹਾ ਕਿਉਂਕਿ ਉਨ੍ਹਾਂ ਪੰਜਾਂ ਨੇ ਸਰੀਰ ਤੋਂ ਉਤਾਂਹ ਉੱਠ ਕੇ ਗੁਰੂ ਨਾਲ ਪਿਆਰ ਕੀਤਾ ਸੀ।

ਫਿਰ ਗੁਰੂ ਪਾਤਿਸ਼ਾਹ ਨੇ ਪੰਜਾਂ ਨੂੰ ਅੰਮ੍ਰਿਤ ਛੱਕਣ ਦੀ ਬੇਨਤੀ ਕਰ ਕੇ ਸੰਸਾਰ ਦੇ ਧਾਰਮਿਕ ਇਤਿਹਾਸ ਵਿੱਚ ਨਵਾਂ ਕਾਂਡ ਲਿਖਿਆ।  ਸੰਸਾਰ ਦੇ ਇਤਿਹਾਸ ਵਿੱਚ ਐਸੀ ਕੋਈ ਘਟਨਾ ਨਹੀਂ ਕਿ ਗੁਰੂ ਪੀਰ, ਪੈਗ਼ੰਬਰ ਆਪਣੇ ਹੀ ਸੇਵਕਾਂ ਕੋਲੋਂ ਦੀਖਿਆ ਦੀ ਜਾਚਨਾ ਕਰੇ। ਇਹ ਸਿੱਖੀ ਫ਼ਲਸਫ਼ੇ ਦਾ ਇੱਕ ਅਦੁੱਤੀ ਤੇ ਇਨਕਲਾਬੀ ਮੋੜ ਸੀ। ਵਿਸਾਖੀ ਵਾਲੇ ਦਿਨ, ਇੱਕ ਅੰਦਾਜ਼ੇ ਮੁਤਾਬਕ 20,000 ਸਿੱਖਾਂ ਨੇ ਇੱਕ ਬਾਟੇ ਦਾ ਅੰਮ੍ਰਿਤ ਛਕਿਆ। ਫਿਰ ਐਲਾਨ ਕਰਦੇ ਹੋਏ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਫ਼ੁਰਮਾਇਆ ‘‘ਮੈਂ ਚਾਹੁੰਦਾ ਹਾਂ ਕਿ ਤੁਸੀਂ ਸਾਰੇ ਇੱਕ ਰਾਹ ’ਤੇ ਟੁਰੋ ਅਤੇ ਇੱਕੋ ਧਰਮ ਅਪਣਾਓ। ਵੱਖ-ਵੱਖ ਜਾਤਾਂ ਦੇ ਵਿਖੇਵੇਂ ਮਿਟਾ ਦਿਓ। ਹਿੰਦੂਆਂ ਦੀਆਂ ਚਾਰ ਜਾਤਾਂ, ਜਿਨ੍ਹਾਂ ਦਾ ਵਰਨਣ ਸ਼ਾਸਤਰਾਂ ਵਿੱਚ ਆਇਆ ਹੈ, ਮੁੱਢ ਤੋਂ ਹੀ ਮੁਕਾ ਦਿਓ ਅਤੇ ਇੱਕ ਦੂਜੇ ਨਾਲ ਖੁਲ੍ਹ ਕੇ ਮਿਲੋ। ਕੋਈ ਇੱਕ ਦੂਜੇ ਨਾਲੋਂ ਆਪਣੇ ਆਪ ਨੂੰ ਵੱਡਾ ਜਾਂ ਛੋਟਾ ਨਾ ਸਮਝੇ। ਸਿਰਫ ਗੁਰੂ ’ਤੇ ਵਿਸ਼ਵਾਸ ਲਿਆਓ। ਸਾਰੀਆਂ ਜਾਤਾਂ ਇੱਕ ਬਾਟੇ ਵਿੱਚੋਂ ਅੰਮ੍ਰਿਤ ਛੱਕ ਕੇ ਦੂਜੇ ਲਈ ਪਿਆਰ ਪੈਦਾ ਕਰੋ ਤੇ ਨਫ਼ਰਤ ਨੂੰ ਦੂਰ ਕਰੋ।’’

ਖ਼ਾਲਸੇ ਨੂੰ ਕਲਗ਼ੀਆਂ ਵਾਲੇ ਪਾਤਿਸ਼ਾਹ ਨੇ ਸੁਤੰਤਰ ਕਰ ਦਿੱਤਾ ਤੇ ਉਸ ਨੂੰ ਨਿਰੋਲ ਵਾਹਿਗੁਰੂ ਦਾ ਬਣਾ ਦਿੱਤਾ। ‘ਖ਼ਾਲਸਾ’ ਦੇ ਅਰਥ ਹੀ ‘ਪਾਤਿਸ਼ਾਹ ਦਾ ਨਿਜੀ ਤੇ ਆਪਣਾ’ ਹੈ। ਉਸ ਪਾਸੋਂ ਨਾ ਕੋਈ ਹਾਲਾ ਲੈ ਸਕਦਾ ਹੈ ਅਤੇ ਨਾ ਹੀ ਕੋਈ ਕਾਬਜ਼ ਹੋ ਸਕਦਾ ਹੈ। ਖ਼ਾਲਸਾ ਕਿਸੇ ਕੋਲੋਂ ਸ਼ਕਤੀ ਨਹੀਂ ਲੈਂਦਾ। ਇਸ ਨੇ ਸਭ ਬਰਕਤਾਂ ਅਕਾਲ ਪੁਰਖ ਤੋਂ ਪਾਈਆਂ ਹਨ। ਸ਼ਕਤੀ ਹਾਸਲ ਕਰ ਕੇ ਖ਼ਾਲਸਾ ਆਲਸੀ ਤੇ ਅਵੇਸਲਾ ਨਹੀਂ ਹੋਇਆ। ਤਿਆਰ-ਬਰ-ਤਿਆਰ ਹੈ। ਸਾਹਿਬੀ ਇਸ ਦੇ ਚਰਨਾਂ ਵਿੱਚ ਹੈ। ਫ਼ਤਿਹ ਸਦਾ ਇਸ ਦੇ ਸਿਰ ’ਤੇ ਕਾਬਜ਼ ਰਹਿੰਦੀ ਹੈ।

ਫਿਰ ਜਿਸ ਵਿਸਾਖੀ ਦੀ ਯਾਦ ਆਉਂਦੀ ਹੈ, ਉਹ ਹੈ 29 ਮਾਰਚ 1748 ਦੀ। ਵਿਸਾਖੀ ਦੇ ਇਕੱਠ ਵਿੱਚ ਨਵਾਬ ਕਪੂਰ ਸਿੰਘ ਨੇ ਸਰਬੱਤ ਖ਼ਾਲਸੇ ਨੂੰ ਆ ਰਹੇ ਖ਼ਤਰੇ ਤੋਂ ਜਾਣੂ ਕਰਾਇਆ। ‘‘ਪੰਜਾਬ ਨਾ ਹਿੰਦੂ, ਨਾ ਮੁਸਲਮਾਨ, ਪੰਜਾਬ ਜੀਉਂਦਾ ਗੁਰਾਂ ਦੇ ਨਾਮ ’ਤੇ।’’ ਸਿੱਖ ਇਸ ਦੀ ਜਾਨ ਵਾਰ ਕੇ ਰੱਖਿਆ ਕਰਦਾ ਹੈ। ਇੱਕੋ ਆਗੂ, ਇੱਕੋ ਆਦਰਸ਼ ਤੇ ਇੱਕ ਜਥੇਬੰਦੀ ਦਾ ਨਾਅਰਾ ਨਵਾਬ ਕਪੂਰ ਸਿੰਘ ਨੇ ਦਿੱਤਾ। ਇਸ ਸਮੇਂ ਖ਼ਾਲਸਾ 83 ਨਿੱਕੇ-ਨਿੱਕੇ ਜੱਥਿਆਂ ਵਿੱਚ ਵੰਡਿਆ ਜਾ ਚੁੱਕਾ ਸੀ। ਨਵਾਬ ਸਾਹਿਬ ਨੇ ਸਭ ਨੂੰ ਆਪਣੇ ਜਥੇ ਭੰਗ ਕਰ ਇੱਕ ‘ਦਲ ਖ਼ਾਲਸਾ’ ਅਤੇ ਇਕੋ ਝੰਡੇ ਹੇਠਾਂ ਆਉਣ ਲਈ ਕਿਹਾ। ਕੌਮ ਨੇ ਮੰਨ ਲਿਆ ਅਤੇ ‘ਦਲ ਖ਼ਾਲਸਾ’ ਦੀ ਬੁਨਿਆਦ ਪਈ। ਨਵਾਬ ਕਪੂਰ ਸਿੰਘ ਨੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਕੌਮ ਦਾ ਸਮੁੱਚਾ ਆਗੂ ਥਾਪਿਆ। ਫਿਰ ਸਰਬੱਤ ਖ਼ਾਲਸਾ ਜੀ ਨੇ ਵਿਸਾਖੀ ਵਾਲੇ ਦਿਨ ਹੀ ਗੁਰਮਤਾ ਕੀਤਾ ਕਿ ਪੰਜਾਬ ਖ਼ਾਲਸੇ ਦੀ ਜਨਮ ਭੂਮੀ ਹੈ। ਇਸ ਉੱਤੇ ਹੋਇਆ ਕਿਸੇ ਦਾ ਹਮਲਾ ਸਿੱਖ ਧਰਮ ਉੱਤੇ ਹੱਲਾ ਸਮਝਿਆ ਜਾਏਗਾ ਤੇ ਖ਼ਾਲਸਾ ਹਰ ਉਸ ਸਾਜ਼ਸ਼, ਨੀਤੀ ਦੇ ਹਮਲੇ ਨੂੰ ਨਾਕਾਮ ਬਣਾਉਣ ਦਾ ਪ੍ਰਣ ਕਰਦਾ ਹੈ। ਕਿਸੇ ਹਾਲਤ ਵਿੱਚ ਵੀ ਪੰਜਾਬ ਨੂੰ ਅਫ਼ਗ਼ਾਨ ਸਾਮਰਾਜ ਦਾ ਹਿੱਸਾ ਨਹੀਂ ਬਣਨ ਦਿੱਤਾ ਜਾਏਗਾ। ਉਸ ਗੁਰਮਤੇ ਦੀ ਪੂਰਤੀ ਲਈ ਹਰ ਜਥੇਦਾਰ ਨੇ ਪ੍ਰਣ ਲਿਆ। ਪ੍ਰੋਗਰਾਮ ਬਣੇ ਤੇ ਕੌਮ ਅਬਦਾਲੀ ਦੇ ਟਾਕਰੇ ਉੱਤੇ ਡੱਟੀ। ਇਹ ਇਤਿਹਾਸਕ ਸਚਾਈ ਹੈ ਕਿ ਜਦ ਅਬਦਾਲੀ ਦੇ ਪੁੱਤਰ ਤੈਮੂਰ ਸ਼ਾਹ ਨੂੰ ਕੁਝ ਲੋਕਾਂ ਨੇ ਪੰਜਾਬ ਉੱਤੇ ਹਮਲਾ ਕਰਨ ਲਈ ਲਿਖਿਆ ਤਾਂ ਉਸ ਉੱਤਰ ਭੇਜਿਆ ‘‘ਮੇਰੇ ਪਿਉ ਨੇ ਕੀ ਖੱਟਿਆ ਸਿੱਖਾਂ ਨਾਲ ਲੜ-ਲੜ ਕੇ, ਮੈਂ ਹਮਲਾ ਕਰਨ ਤੋਂ ਅਸਮਰੱਥ ਹਾਂ।’’ ਉਨ੍ਹਾਂ ਬਜ਼ੁਰਗਾਂ ਦੀ ਘਾਲਣਾ ਦਾ ਸਦਕਾ ਪੰਜਾਬ ਅਫ਼ਗ਼ਾਨ ਸਾਮਰਾਜ ਦਾ ਹਿੱਸਾ ਬਣਨਾ ਤਾਂ ਇੱਕ ਪਾਸੇ, ਇੱਕ ਸੁਤੰਤਰ ਸਵਰਾਜ ਹੋ ਦੁਨੀਆਂ ਦੇ ਇਤਿਹਾਸ ਵਿੱਚ ਉਭਰਿਆ। ਪੰਜਾਬ; ਸਿੱਖਾਂ ਵੱਲੋਂ ਹਿੰਦੁਸਤਾਨ ਨੂੰ ਤੋਹਫ਼ਾ ਅਤੇ ਦੇਣ ਹੈ। ਹਿੰਦੁਸਤਾਨ ਨੂੰ ਸਿੱਖਾਂ ਦਾ ਰਿਣੀ ਹੋਣਾ ਤੇ ਰਹਿਣਾ ਚਾਹੀਦਾ ਹੈ। ਵਿਸਾਖੀ ਦੀ ਇੱਕ ਹੋਰ ਰੋਚਕ ਝਲਕੀ 10 ਅਪ੍ਰੈਲ 1763 ਨੂੰ ਦਿਸ ਆਉਂਦੀ ਹੈ। ਲਾਹੌਰ ਉੱਤੇ ਫ਼ਤਿਹ ਪਾ ਕੇ ਸਿੱਖ ਵਿਸਾਖੀ, ਸ੍ਰੀ ਅੰਮ੍ਰਿਤਸਰ ਮਨਾ ਹੀ ਰਹੇ ਸਨ ਕਿ ਇੱਕ ਬ੍ਰਾਹਮਣ ਨੇ ਆ ਕੇ ਫ਼ਰਿਆਦ ਕੀਤੀ ਕਿ ਕਸੂਰ ਦੇ ਨਵਾਬ ਨੇ ਉਸ ਦੀ ਨਵ-ਵਿਆਹੁਤਾ ਪਤਨੀ ਨੂੰ ਜ਼ਬਰਦਸਤੀ ਘਰ ਪਾ ਲਿਆ ਹੈ। ਹੁਣ ਖ਼ਾਲਸੇ ਪਾਸ ਮੇਰੀ ਫ਼ਰਿਆਦ ਹੈ ਕਿ ਉਸ ਜ਼ਾਲਮ ਦੇ ਪੰਜੇ ਵਿੱਚੋਂ ਮੇਰੀ ਪਤਨੀ ਨੂੰ ਛੁਡਾਉਣ। ਸਿੱਖ ਦੁਚਿੱਤੇਪਣ ਵਿੱਚ ਪੈ ਗਏ ਕਿ ਹੁਣੇ ਹੀ ਹਮਲਾ ਕੀਤਾ ਜਾਏ ਜਾਂ ਕੁਝ ਚਿਰ ਰੁਕ ਕੇ, ਜਦ ਦਲ ਖ਼ਾਲਸਾ ਦੇ ਸਾਰੇ ਜਥੇ ਇਕੱਠੇ ਹੋ ਜਾਣ।

ਸਿੰਘਾਂ ਦੀ ਜਥੇਬੰਦੀ ਪੰਜ ਫ਼ਰਵਰੀ 1762 ਦੇ ਵੱਡੇ ਘੱਲੂਘਾਰੇ ਨੇ ਖੇਰੂੰ-ਖੇਰੂੰ ਕਰ ਦਿੱਤੀ ਸੀ ਤੇ ਅਬਦਾਲੀ ਦਾ ਹੋਰ ਹਮਲਾ ਸਿਰ ਉੱਤੇ ਖੜ੍ਹਾ ਸੀ। ਅਜੇ ਇਹ ਵਿਚਾਰਾਂ ਹੋ ਰਹੀਆਂ ਸਨ ਤਾਂ ਸਰਦਾਰ ਹਰੀ ਸਿੰਘ ਜੀ ਭੰਗੀ ਮਿਸਲ ਵਾਲਿਆਂ ਗੱਜ ਕੇ ਆਖਿਆ ਤੁਮ ਚਲੋ, ਕਊਨ ਚਲੈ, ਹਮ ਤੋ ਚਲੋਂ ਜ਼ਰੂਰ ਹੈ ਹਮ ਤੋਂ ਸ਼ਹੀਦੀ ਲੈਂਗੇ, ਛੁਟੈ ਜਬ ਕਸੂਰ ਹੈ  ਸਿੱਖ ਦਾ ਪਹਿਲਾ ਫ਼ਰਜ਼ ਹੈ ਕਿ ਕਿਸੇ ਦੀ ਇੱਜ਼ਤ ਉੱਤੇ ਹੋਏ ਹੱਲੇ ਨੂੰ ਰੋਕੇ ਤੇ ਪੰਜਾਬ ਦੀ ਬੇਟੀ ਦੀ ਇੱਜ਼ਤ ਦੀ ਰੱਖਿਆ ਕਰੇ। ਸਰਦਾਰ ਹਰੀ ਸਿੰਘ ਭੰਗੀ ਨੇ ਉਸੇ ਸਮੇਂ ਹੋਰ ਜੱਥਿਆਂ ਸਮੇਤ ਚੜ੍ਹਾਈ ਕਰ ਕੇ ਬ੍ਰਾਹਮਣ ਦੀ ਪਤਨੀ ਕਸੂਰ ਦੇ ਨਵਾਬ ਕੋਲੋਂ ਛੁਡਵਾਈ ਤੇ ਉਸ ਬ੍ਰਾਹਮਣ ਦੇ ਘਰ ਪਹੁੰਚਾਈ। ਗੱਲ ਕੀ, ਇਹ ਵਿਸਾਖੀ ਖ਼ਾਲਸੇ ਦਾ ਸੰਸਾਰ ਦੇ ਲੋਕਾਂ ਪ੍ਰਤੀ ਪ੍ਰਣ ਹੈ ਕਿ ਉਹ ਨਿਆਰਾ ਰਹਿ, ਜ਼ੁਲਮਾਂ ਨਾਲ ਟਕਰਾਂਦਾ ਰਹੇਗਾ ਤੇ ਮਜ਼ਲੂਮਾਂ ਉੱਤੇ ਹੋਇਆ ਹਰ ਵਾਰ ਆਪਣੇ ਸੀਨੇ ਤਾਣ ਝੱਲੇਗਾ ਤੇ ਇਸ ਕਾਰਜ ਲਈ ਹਮੇਸ਼ਾ ਤੱਤਪਰ ਰਹੇਗਾ। ਜਿੱਤ ਦੀ ਖ਼ੁਸ਼ੀ ਵਿੱਚ ਉਹ ਆਦਰਸ਼ ਨਹੀਂ ਭੁੱਲਦਾ ਤੇ ਦੁੱਖਾਂ ਵਿੱਚ ਚੜ੍ਹਦੀ ਕਲਾ ਨੂੰ ਹੱਥੋਂ ਨਹੀਂ ਛੱਡਦਾ, ਵਿਸਾਖੀ ਉਸ ਨੂੰ ਸਦਾ ਜੀਵਨ ਜਾਗ੍ਰਿਤੀ ਤੇ ਜੈ ਲਈ ਪ੍ਰੇਰਦੀ ਰਹਿੰਦੀ ਹੈ।