‘ਚਮਕੌਰ ਦੀ ਜੰਗ’
ਸ੍ਰ ਸੁਰਿੰਦਰ ਸਿੰਘ ‘ਖਾਲਸਾ’ – 94662 66708, 97287 43287
ਜੰਗ ਚਮਕੌਰ ਦੀ ਨਵੇਕਲੀ ਏ ਦੁਨੀਆਂ ਦੇ ਇਤਿਹਾਸ ਅੰਦਰ, ਹੋਰ ਏਦਾਂ ਦੀ ਹੋਈ ਕੋਈ ਲੜਾਈ ਤਾਂ ਨਹੀਂ ਸੀ।
ਇਹ ਜੰਗ; ਨਾ ਜ਼ਰ, ਨਾ ਜੋਰੂ ਅਤੇ ਨਾਂ ਹੀ ਜਮੀਨ ਖਾਤਰ ਸੀ, ਰਾਜਨੀਤਕਾਂ ਦੀ ਵੀ ਕੋਈ ਉਣਤਾਈ ਤਾਂ ਨਹੀਂ ਸੀ।
ਜ਼ੁਲਮ ਵਿਰੁਧ ਅਤੇ ਖਾਲਸੇ ਦੀ ਆਨ ਖਾਤਰ, ਧਰਮ ਯੁੱਧ ਸੀ, ਆਮ ਲੜਾਈਆਂ ਜਿਹੀ ਕੋਈ ਲੜਾਈ ਤਾਂ ਨਹੀਂ ਸੀ।
ਇਕ ਪਾਸੇ ਲੱਖਾਂ ਦੀ ਤਦਾਦ ਵਿਚ ਮੁਲਖੀਆ ਸੀ, ਸਿਪਾਹੀਆਂ ਅਤੇ ਹਥਿਆਰਾਂ ਦੀ ਕੋਈ ਅੰਤਤਾਈ ਤਾਂ ਨਹੀਂ ਸੀ।
ਦੁਸ਼ਮਣ ਕਾਹਲੇ ਸਨ ਹਮਲਾ ਕਰਨ ਦੇ ਲਈ, ਵਜੀਦ ਖਾਨ ਤੇ ਉਸ ਦੀ ਫੌਜ ਨੂੰ ਆਉਂਦੀ ਟਿਕਾਈ ਤਾਂ ਨਹੀਂ ਸੀ।
ਪਰ ਅੱਗੇ ਲੱਗਣ ਨੂੰ ਕੋਈ ਜਰਨੈਲ ਤਿਆਰ ਨਹੀਂ ਸੀ, ਪਿੱਛਲੇ ਨੁਕਸਾਨ ਦੀ ਵੀ ਹੋਈ ਭਰਪਾਈ ਤਾਂ ਨਹੀਂ ਸੀ।
ਇਧਰ ਭੁਖਣ ਭਾਣੇ, ਗਿਣਤੀ ਦੇ ਚਾਲੀ ਕੁ ਸਿੰਘ ਹੈ ਸਨ, ਕਈ ਰਾਤਾਂ ਤੋਂ ਨੀਂਦ ਦੀ ਝੱਪਕੀ ਪਾਈ ਤਾਂ ਨਹੀਂ ਸੀ।
ਇਕ ਉਨੀਂਦਰਾ ਅਤੇ ਦੂਜੀ ਸੀ ਬੇ-ਅਰਾਮੀ, ਉਪਰੋਂ ਕੱਚੀ ਗੜ੍ਹੀ ਸੀ, ਕੋਈ ਕਿਲੇ ਵਾਲੀ ਪਕਿਆਈ ਤਾਂ ਨਹੀਂ ਸੀ।
ਉਪਰੋਂ ਕਹਿਰਾਂ ਦੀ ਠੰਡ ਅਤੇ ਮਹੀਨਾ ਪੋਹ ਦਾ ਸੀ, ਇਸ ਹਾਲਤ ’ਚ ਵੀ ਖਾਲਸੇ ਨੇ ਹਿੰਮਤ ਗਵਾਈ ਤਾਂ ਨਹੀਂ ਸੀ।
ਗਿਣਤੀ ਦੇ ਹਥਿਆਰ ਸਨ, ਤੀਰ ਕਮਾਨ, ਤੇਗਾਂ; ਵਿਛੜੇ ਹੋਏ ਪਰਿਵਾਰਾਂ ਦੀ ਖਬਰ ਵੀ ਕੋਈ ਆਈ ਤਾਂ ਨਹੀਂ ਸੀ।
ਭਾਰੀ ਫੌਜ ਦੁਸ਼ਮਨ ਦੀ ਨੇ ਹਮਲਾ ਕੀਤਾ, ਪਰ ਗੜ੍ਹੀ ਦੇ ਨਜਦੀਕ ਆਉਣ ਦੀ ਹਿਮੰਤ ਹਾਲੇ ਜੁਟਾਈ ਤਾਂ ਨਹੀਂ ਸੀ।
ਗੁਰੂ ਜੀ ਨੇ ਵਿਉਂਤ ਬਣਾ ਕੇ ਮੁਕਾਬਲਾ ਸ਼ੁਰੂ ਕੀਤਾ, ਝੱਟ ਜਥਾ ਮੈਦਾਨ ਨੂੰ ਤੋਰ ਦਿੱਤਾ, ਦੇਰ ਭੋਰਾ ਲਾਈ ਤਾਂ ਨਹੀਂ ਸੀ।
ਸਿੰਘਾਂ ਦੇ ਜੱਥੇ ਨੇ ਬਾਹਰ ਆ ਕੇ ਵੱਡ-ਟੁੱਕ ਕਰਤੀ, ਮੁਗਲਾਂ ਦੀ ਪਹਿਲਾਂ ਹੋਈ ਇਉਂ ਕਦੇ ਵੀ ਤਬਾਹੀ ਤਾਂ ਨਹੀਂ ਸੀ।
ਇਕ ਜੱਥਾ ਸ਼ਹੀਦ ਹੋਇਆ ਦੂਜਾ ਤੋਰ ਦਿੱਤਾ, ਪਿਆਰੇ ਸਿੰਘ ਸਨ; ਜਿਹਨਾਂ ਦੀ ਹੋਣੀ ਕਦੇ, ਭਰਪਾਈ ਤਾਂ ਨਹੀ ਸੀ।
ਥਾਪੜਾ ਦੇ ਕੇ ਅਜੀਤ ਸਿੰਘ ਨੂੰ ਕਿਹਾ ਸਤਿਗੁਰਾਂ ਮੈਦਾਨੇ ਜੰਗ ਜਾਅ, ਸਾਹਿਬਜ਼ਾਦੇ ਦੇਰ ਭੋਰਾ ਵੀ ਲਾਈ ਤਾਂ ਨਹੀਂ ਸੀ।
ਤੇਗ-ਏ ਜੌਹਰ ਮੈਦਾਨ ’ਚ ਦੇਖ ਅਜੀਤ ਸਿੰਘ ਦੇ, ਵੈਰੀ ਕਹਿਣ ਕਿਤੇ ਬਿਜਲੀ ਅਸਮਾਨੋਂ ਲਿਸ਼ਕਾਈ ਤਾਂ ਨਹੀਂ ਸੀ।
ਆਖਿਰ ਬਾਬਾ ਅਜੀਤ ਸਿੰਘ ਜੀ ਸ਼ਹੀਦ ਹੋ ਗਏ, ਏਹੋ ਜਿਹੀ ‘ਸ਼ਹੀਦੀ’ ਹਰ ਇਕ ਦੇ ਹਿੱਸੇ ਆਈ ਤਾਂ ਨਹੀਂ ਸੀ।
ਹੁਣ ਵਾਰੀ ਗੁਰਾਂ ਦੇ ਲਖਤ-ਏ ਜਿਗਰ ਬਾਬਾ ਜੁਝਾਰ ਸਿੰਘ ਦੀ ਸੀ, ਜਿਨ੍ਹਾਂ ਦੇ ਮੁੱਛ ਦਾੜ੍ਹੀ ਹਾਲੇ ਆਈ ਤਾਂ ਨਹੀ ਸੀ।
ਜੁਝਾਰ ਸਿੰਘ ਵੀ ਜੂਝ ਸ਼ਹੀਦੀ ਦਾ ਜਾਮ ਪੀਤਾ, ਅਮਾਨਤ ਅਦਾ ਹੂਈ, ਪਿਤਾ ਨੇ ਸ਼ੁਕਰ ਨੂੰ ਦੇਰ ਲਾਈ ਤਾਂ ਨਹੀਂ ਸੀ।
‘ਸੁਰਿੰਦਰਾ’ ਜੋਗੀ ਅਲ੍ਹਾ ਯਾਰ ਖਾਂ ਕਿਹਾ ਸੀ, ਤੀਰਥ ਏਕੋ ਚਮਕੌਰ ਹੈ; ਹੋਰ ਕੋਈ ਥਾਂ ਇਸ ਦੇ ਸਮ ਆਈ ਤਾਂ ਨਹੀਂ ਸੀ।