ਜਥੇਦਾਰ ਹਵਾਰਾ ਵੱਲੋਂ ਪ੍ਰਗਟਾਏ ਵਿਸ਼ਵਾਸ ’ਤੇ ਪੂਰਾ ਉੱਤਰਾਂਗੇ : ਵਰਲਡ ਸਿੱਖ ਪਾਰਲੀਮੈਂਟ 15 ਮੈਂਬਰੀ ਕਮੇਟੀ

0
214

ਜਥੇਦਾਰ ਹਵਾਰਾ ਵੱਲੋਂ ਪ੍ਰਗਟਾਏ ਵਿਸ਼ਵਾਸ ’ਤੇ ਪੂਰਾ ਉੱਤਰਾਂਗੇ : ਵਰਲਡ ਸਿੱਖ ਪਾਰਲੀਮੈਂਟ 15 ਮੈਂਬਰੀ ਕਮੇਟੀ

ਭਾਰਤ ਸਰਕਾਰ ਜਥੇਦਾਰ ਹਵਾਰਾ ਦਾ ਜੇਲ੍ਹ ਮੈਨੂਅਲ ਅਨੁਸਾਰ ਇਲਾਜ ਕਰਾਏ : ਕਮੇਟੀ

ਨਿਊਯਾਰਕ 10 ਨਵੰਬਰ

‘ਵਰਲਡ ਸਿੱਖ ਪਾਰਲੀਮੈਂਟ’ ਬਣਾਉਣ ਲਈ ਵਿਸ਼ਵ ਭਰ ਵਿਚ ਬਣੀ 15 ਮੈਂਬਰੀ ਕਮੇਟੀ ਨੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਜਗਤਾਰ ਸਿੰਘ ਹਵਾਰਾ ਹੋਰਾਂ ਵੱਲੋਂ ਇਸ ਨੂੰ ਲਗਾਤਾਰਤਾ ਵਿਚ ਰੱਖੇ ਜਾਣ ਲਈ ਭਰੇ ਜ਼ਬਰਦਸਤ ਹੁੰਗਾਰੇ ਦਾ ਧੰਨਵਾਦ ਕੀਤਾ ਹੈ ਅਤੇ ਜਥੇਦਾਰ ਹਵਾਰਾ ਹੋਰਾਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਉਹ ਉਨ੍ਹਾਂ ਵੱਲੋਂ ਪ੍ਰਗਟਾਈ ਗਈ ਆਸ ਨੂੰ ਵਿਸ਼ਵ ਭਰ ਵਿਚ ਇੰਨ ਬਿੰਨ ਲਾਗੂ ਕਰਨ ਦੇ ਪਾਬੰਦ ਹੋਣਗੇ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੁੰਦਿਆਂ ਵਿਸ਼ਵ ਦੀਆਂ ਸਾਰੀਆਂ ਛੋਟੀਆਂ ਵੱਡੀਆਂ ਸਿੱਖ ਸੰਸਥਾਵਾਂ ਨੂੰ ਵਿਸ਼ਵਾਸ ਵਿਚ ਲੈ ਕੇ ਸਿੱਖ ਪੰਥ ਦਾ ਸਿਰਮੌਰ (ਡਬਲਿਊ ਐਸ ਪੀ) ਪਲੇਟਫਾਰਮ ਬਣਾਉਣ ਲਈ ਨਿਰਸਵਾਰਥ ਕੰਮ ਕਰਨਗੇ।

‘ਵਰਲਡ ਸਿੱਖ ਪਾਰਲੀਮੈਂਟ’ ਬਣਾਉਣ ਲਈ ਬਣੀ ਕਮੇਟੀ ਦੇ ਮੈਂਬਰਾਂ ਵਿਚ ਟੈਲੀਕਾਨਫਰੰਸ ਰਾਹੀਂ ਹੋਏ ਵਿਚਾਰ ਵਟਾਂਦਰੇ ਤੋਂ ਬਾਅਦ ਪ੍ਰੈੱਸ ਬਿਆਨ ਜਾਰੀ ਕਰਦਿਆਂ ਜਥੇਦਾਰ ਜਗਤਾਰ ਸਿੰਘ ਹਵਾਰਾ ਹੋਰਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਉਹ ‘ਵਰਲਡ ਸਿੱਖ ਪਾਰਲੀਮੈਂਟ’ ਦਾ ਢਾਂਚਾ ਉਨ੍ਹਾਂ ਵੱਲੋਂ ਪ੍ਰਗਟ ਕੀਤੇ ਵਿਸ਼ਵਾਸ ਅਨੁਸਾਰ 25 ਨਵੰਬਰ 2017 ਤੱਕ ਤਿਆਰ ਕਰ ਕੇ ਸਿੱਖ ਪੰਥ ਦੇ ਸਨਮੁਖ ਪੇਸ਼ ਕਰਨਗੇ, ਕਮੇਟੀ ਮੈਂਬਰਾਂ ਨੇ ਕਿਹਾ ਕਿ ਜੋ ਜਥੇਦਾਰ ਹਵਾਰਾ ਹੋਰਾਂ ਨੇ ਆਪਣੇ ਸਲਾਹਕਾਰ ਐਡਵੋਕੇਟ ਅਮਰ ਸਿੰਘ ਚਾਹਲ, ਬਾਪੂ ਗੁਰਚਰਨ ਸਿੰਘ ਆਦਿ ਦੇ ਜ਼ਰੀਏ ਭੇਜੇ ਸੰਦੇਸ਼ ਰਾਹੀਂ ਵਿਸ਼ਵ ਭਰ ਵਿਚ ਬਣੀ 15 ਮੈਂਬਰੀ ਕਮੇਟੀ ਨੂੰ ਸੇਵਾ ਨਿਭਾਉਣ ਦਾ ਮੌਕਾ ਦਿੱਤਾ ਹੈ ਅਤੇ ਇਸ ਸ਼ੁੱਭ ਕਾਰਜ ਨੂੰ ਸ਼ੁਰੂ ਤੋਂ ਲੈ ਕੇ ਹੁਣ ਤੱਕ ਸਰਪ੍ਰਸਤੀ ਬਖ਼ਸ਼ੀ ਹੈ ਉਸ ਲਈ ਉਹ ਉਨ੍ਹਾਂ ਦਾ ਕੋਟਿਨ ਕੋਟਿ ਧੰਨਵਾਦ ਵੀ ਕਰਦੇ ਹਨ ਤੇ ਭਾਰਤ ਸਰਕਾਰ ਦੀ ਨਿਆਂ ਪ੍ਰਣਾਲੀ ਨੂੰ ਯਾਦ ਦਿਵਾਉਂਦੇ ਹਨ ਕਿ ਜਥੇਦਾਰ ਹਵਾਰਾ ਹੋਰੀਂ ਸਿੱਖ ਕੌਮ ਦਾ ਮਾਣ ਤੇ ਸਤਿਕਾਰਯੋਗ ਹਨ ਜੋ ਸ੍ਰੀ ਅਕਾਲ ਤਖਤ ਸਾਹਿਬ ਦੇ ਮੁੱਖ ਸੇਵਾਦਾਰ ਹਨ, ਦਾ ਤੁਰੰਤ ਜੇਲ੍ਹ ਮੈਨੂਅਲ ਅਨੁਸਾਰ ਜਾਰੀ ਹੋਈਆਂ ਹਦਾਇਤਾਂ ਤਹਿਤ ਇਲਾਜ ਕਰਾਇਆ ਜਾਵੇ, ਨਾਲ ਹੀ ਉਨ੍ਹਾਂ ਨੂੰ ਪੰਜਾਬ ਦੀ ਕਿਸੇ ਜੇਲ੍ਹ ਵਿਚ ਤਬਦੀਲ ਕੀਤਾ ਜਾਵੇ। ਇਸ 15 ਮੈਂਬਰੀ ਕਮੇਟੀ ਵਿਚ ਹਿੰਮਤ ਸਿੰਘ ਯੂ ਐਸ ਏ ਤੋਂ ਇਲਾਵਾ ਅਮਰਦੀਪ ਸਿੰਘ ਯੂ ਐਸ ਏ, ਡਾ. ਅਮਰਜੀਤ ਸਿੰਘ ਯੂ ਐਸ ਏ, ਭਗਤ ਸਿੰਘ ਕੈਨੇਡਾ, ਸਤਿੰਦਰਪਾਲ ਸਿੰਘ ਕੈਨੇਡਾ, ਜੋਗਾ ਸਿੰਘ ਯੂ ਕੇ, ਮਨਪ੍ਰੀਤ ਸਿੰਘ ਯੂ ਕੇ, ਅਮਰੀਕ ਸਿੰਘ ਗਿੱਲ ਯੂ ਕੇ, ਦਪਿੰਦਰਜੀਤ ਸਿੰਘ ਯੂ ਕੇ, ਰੇਸ਼ਮ ਸਿੰਘ ਜਰਮਨੀ, ਗੁਰਮੀਤ ਸਿੰਘ ਖਨਿਆਣ ਜਰਮਨੀ, ਸੁਖਦੇਵ ਸਿੰਘ ਜਰਮਨੀ, ਜਸਵਿੰਦਰ ਸਿੰਘ ਹਾਲੈਂਡ, ਸ਼ਾਮ ਸਿੰਘ ਆਸਟ੍ਰੇਲੀਆ, ਗੁਰਵਿੰਦਰ ਸਿੰਘ ਆਸਟ੍ਰੇਲੀਆ ਸ਼ਾਮਲ ਹਨ।

ਜਾਰੀ ਕਰਤਾ

ਕਮੇਟੀ-ਵਰਲਡ ਸਿੱਖ ਪਾਰਲੀਮੈਂਟ