ਇਕ ਖੁੱਲਾ ਖ਼ਤ ਪੰਥ-ਦਰਦੀ ਗੁਰਸਿੱਖਾਂ ਦੇ ਨਾਂ

0
273

ੴ ਵਾਹਿਗੁਰੂ ਜੀ ਕੀ ਫ਼ਤਹਿ

ਕੇਵਲ ਸਿੰਘ                                                               (M): 95920-93472

ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ                                                             (M ): 93561-33804

ਮੁੱਖ ਪ੍ਰਬੰਧਕ: ਭਾਈ ਗੁਰਦਾਸ ਅਕੈਡਮੀ                                                     E-mail:bgattasr@hotmail.com

                                                                                                E-mail-pathaknagara@gmail.com <mailto:E-mail-pathaknagara@gmail.com>

                                                                                    ਗੁਰੂ ਕੀ ਨਗਰੀ, ਪੰਡੋਰੀ ਰਣ ਸਿੰਘ, ਤਰਨ ਤਾਰਨ ਰੋਡ, ਅੰਮ੍ਰਿਤਸਰ

Ref. No……………………………..                                                                          Dated……………………

ਇਕ ਖੁੱਲਾ ਖ਼ਤ ਪੰਥ-ਦਰਦੀ ਗੁਰਸਿੱਖਾਂ ਦੇ ਨਾਂ

ਆਦਰਯੋਗ ਪੰਥ-ਦਰਦੀ ਗੁਰਸਿੱਖੋ

               ਵਹਿਗੁਰੂ ਜੀ ਕੀ ਖਾਲਸਾ॥ ਵਾਹਿਗੁਰੂ ਜੀ ਕੀ ਫ਼ਤਿਹ॥

 ਆਪ ਜੀ ਸਭ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਖਾਲਸਾ ਪੰਥ ਨੂੰ ਸਮਰਪਿਤ ਹੋ ਕੇ ਜੀਵਨ ਦਾ ਹਰ ਪਲ਼ ਬਤੀਤ ਕਰ ਰਹੇ ਹੋ। ਆਪ ਜੀ ਦੇ ਅੰਦਰ ਪੰਥਕ ਚੜ੍ਹਦੀ ਕਲਾ ਲਈ ਢੇਰ ਸਾਰਾ ਜਜ਼ਬਾ ਤਥਾ ਉਤਸ਼ਾਹ ਹੈ। ਕਈ ਤਰ੍ਹਾਂ ਦੀ ਵਿਉਂਤਬੰਦੀ ਹੈ ਜੇ ਇਸ ਤਰ੍ਹਾਂ ਕਰੀਏ ਤਾਂ ਆਹ ਹੋ ਸਕਦਾ ਹੈ, ਜੇ ਇਸ ਤਰ੍ਹਾਂ ਕੌਮ ਕਰੇ ਤਾਂ ਇਹ ਹੋ ਸਕਦਾ ਹੈ। ਵਧੇਰੇ ਕਰ ਕੇ ਅਸੀਂ ਹਾਲਾਤਾਂ ਲਈ ਵਕਤ ਦੇ ਪ੍ਰਬੰਧਕਾਂ ਜਾਂ ਜ਼ਿੰਮੇਵਾਰਾਂ ਨੂੰ ਦੋਸ਼ੀ ਮੰਨਣ ’ਤੇ ਕੇਂਦ੍ਰਿਤ ਰਹਿੰਦੇ  ਹਾਂ। ਤਬਦੀਲੀ ਦੀ ਆਸ ਲਈ ਅਸੀਂ ਚੰਗੇ ਆਗੂਆਂ ਨੂੰ ਲੱਭਣ ਵਾਸਤੇ ਸੁਪਨੇ ਲੈਂਦੇ ਹਾਂ। ਕਈ ਵਾਰ ਆਪਣੀ-ਆਪਣੀ ਸੋਚ ਦੀ ਕਸਵੱਟੀ ’ਤੇ ਪੂਰੇ ਉਤਰਨ ਵਾਲੇ ਵੱਖ ਵੱਖ ਸੱਜਣਾਂ ਨੂੰ ਵਰਤਮਾਨ ਦੇ ਆਗੂ ਵਜੋਂ ਵੇਖਣ ਦਾ ਯਤਨ ਵੀ ਕਰਦੇ ਹਾਂ। ਇਸ ਤਰ੍ਹਾਂ ਕਰਦਿਆਂ ਸਾਡੇ ਵਰ੍ਹਿਆਂ ਦੇ ਵਰ੍ਹੇ ਲੰਘ ਗਏ ਹਨ, ਪਰ ਨਾ ਸਾਨੂੰ ਚੰਗੇ ਆਗੂ ਲੱਭੇ ਹਨ ਤੇ ਨਾ ਹੀ ਨਤੀਜਿਆਂ ਦੀ ਕਿੱਧਰੋਂ ਕੋਈ ਉਘ-ਸੁਘ ਲੱਗੀ ਹੈ। ਆਏ ਦਿਨ ਕੌਮੀ ਸੱਥਾਂ ਵਿੱਚ ਉਦਾਸੀ ਨਿਰਾਸ਼ਤਾ ਦੇ ਬੱਦਲ ਗੂੜ੍ਹੇ ਹੁੰਦੇ ਗਏ ਹਨ।  ਕਦੋਂ ਤੱਕ ਆਪਾਂ ਆਪਣੇ ਇੰਨ੍ਹਾਂ ਸੁਪਨਿਆਂ-ਫੁਰਨਿਆਂ ਦੇ ਘੇਰੇ ਵਿੱਚ ਰਹਿ ਕੇ ਨਤੀਜਾ, ਸਿਫ਼ਰ (ਜ਼ੀਰੋ) ਲੈਂਦੇ ਰਹਾਂਗੇ ?

ਸਾਡੇ ਘਰਾਂ ਦੇ ਕੰਮ ਵਿਗੜ ਜਾਣ, ਅਸੀਂ ਪਲਾਂ ਵਿੱਚ ਤੁਰੰਤ ਸਵਾਰ ਕੇ ਹੀ ਸਾਹ ਲੈਣ ਦੀ ਕੋਸ਼ਿਸ਼ ਕਰਦੇ ਹਾਂ ਤੇ ਸਾਰਥਿਕ ਸਿੱਟਿਆਂ ਲਈ ਸਾਵਧਾਨ ਹੋ ਜਾਂਦੇ ਹਾਂ।  ਜੇ ਕੌਮੀ ਕਾਰਜਾਂ ਲਈ ਵੀ ਕੌਮੀ ਜ਼ਿੰਮੇਵਾਰੀ ਦਾ ਅਹਿਸਾਸ ਆਪਣੇ ਅੰਦਰੋਂ ਲੱਭ ਲਈਏ ਤਾਂ ਅਸੀਂ ਪੰਥਕ ਚੜ੍ਹਦੀ ਕਲਾ ਦਾ ਅਮਲ ਦਿਨਾਂ ਵਿੱਚ ਆਪਣੇ ਅੰਦਰੋਂ ਮਨ-ਬਚਨ-ਕਰਮ ਕਰ ਕੇ ਉਭਰਦਾ ਅਤੇ ਉੱਘੜਦਾ ਦੇਖਾਂਗੇ। ਵਿਸ਼ਵ ਦੇ ਕੋਨੇ-ਕੋਨੇ ਵਿੱਚ ਸਾਡੇ ਅੰਦਰ ਦੀ ਇਹ ਸਹੀ ਤਬਦੀਲੀ ਨਿਰਸੰਦੇਹ ਹੱਸ-ਹੱਸ ਕੇ ਚੜ੍ਹਦੀ ਕਲਾ ਦੇ ਹਸਤਾਖਰ ਕਰੇਗੀ।

ਆਪਾਂ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਇਹ ਬੋਲ ਪੜ੍ਹਿਆ-ਸੁਣਿਆ ਤੇ ਗੁੜਿਆ ਹੋਇਆ ਹੈ ਕਿ ‘‘ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ ॥੨੦॥ (ਆਸਾ ਕੀ ਵਾਰ/ਮ: ੧/੪੭੪) ਫਿਰ ਆਪਾਂ ਕੌਮੀ ਫਰਜ਼ਾਂ ਲਈ ਆਗੂ ਵਜੋਂ ਕਿਸੇ ਹੋਰ ਦੀ ਭਾਲ ਕਿਉਂ ਕਰਦੇ ਹਾਂ। ਖੁਦ ਨੂੰ ਜ਼ਿੰਮੇਵਾਰ ਸਮਝਣ ਦੀ ਪਹਿਲ ਕਦਮੀ ਵਿੱਚ ਦੇਰੀ ਕਿਸ ਗੱਲ ਦੀ ਹੈ?  ਸਾਡੇ ਵੱਡ-ਵਡੇਰਿਆਂ ਨੇ ਔਖੇ ਮੌਕਿਆਂ ਵੇਲੇ, ਸੰਘਰਸ਼  ਕਰਦਿਆਂ ਮੌਤ ਨਾਲ ਅੱਠਖੇਲੀਆਂ (ਕਲੋਲਾਂ) ਕੀਤੀਆਂ ਸਨ। ਉਨ੍ਹਾਂ ਨੇ ਕਿਸੇ ਦੂਜੇ ’ਤੇ ਟੇਕ ਨਹੀਂ ਸੀ ਰੱਖੀ ਕਿ ਕੌਮ ਲਈ ਦੂਜਾ ਕੁਝ ਕਰੇ, ਮੈਂ ਨਹੀ। ਉਹ ਆਪਣੇ ਪਰਿਵਾਰਿਕ ਸੁੱਖ ਤੇ ਜ਼ਿੰਮੇਵਾਰੀਆਂ ਨੂੰ ਪੰਥਕ ਜੱਥੇਬੰਦੀ ਦੀ ਚੜ੍ਹਦੀ ਕਲਾ ਵਾਸਤੇ ਕੁਰਬਾਨ ਕਰ ਦਿੰਦੇ ਸਨ।  ਅਸੀਂ ਐਸਾ ਕਰਨ ਤੋਂ ਝਿਜਕਣ ਲੱਗੇ ਹਾਂ, ਤਾਂ ਹੀ ਸਾਹਮਣੇ ਆ ਕੇ ਕੰਮ ਕਰਨ ਵਾਲੇ ਪੰਥਕ ਸੇਵਕਾਂ ਦੀ ਘਾਟ ਹੈ। ਆਓ, ਖੁਦ ਨੂੰ ਪੰਥਕ ਸੇਵਾ ਲਈ ਸਮਰਪਿਤ ਕਰੀਏ।  ਸਾਡੀ ਹਰ ਇੱਕ ਦੀ ਰੂਹ ਵਿੱਚੋਂ ਪੰਥਕ ਚੜ੍ਹਦੀ ਕਲਾ ਦੇ ਇਹ ਬੋਲ ਬੇਮੁਹਾਰੇ ਨਿਕਲਣ ‘‘ਪੰਥ ਵਸੇ, ਮੈਂ ਉੱਜੜਾਂ, ਮਨ ਚਾਉ ਘਨੇਰਾ।’’

ਆਪਾਂ ਵੀ ਤਾਂ ਗੁਰਬਾਣੀ ਗੁਰੂ ਦੇ ਗਿਆਨ ਦੀ ਬਖ਼ਸ਼ਿਸ ਅਤੇ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਦੇ ਅਮਲ ਨਾਲ, ਪੰਥ ਦੇ ਸੱਚੇ ਵਾਰਸ ਬਣ ਕੇ, ਉਸ ਤਰ੍ਹਾਂ ਮੁੜ ਇਤਿਹਾਸ ਨੂੰ ਸੰਭਾਲਣ ਅਤੇ ਹੋਰ ਸਿਰਜਣ ਦਾ ਜ਼ਿੰਮਾਂ ਨਿਭਾਅ ਸਕਦੇ ਹਾਂ।  ਆਓ, ਝਿਜਕ ਤੋੜ ਦੇਈਏ।

ਸਭ ਤੋਂ ਪਹਿਲਾਂ ਸਾਨੂੰ ਸਭ ਨੂੰ, ਖ਼ੁਦ ਅੰਦਰੋਂ ਪੰਥਕ ਸੇਵਕ ਲੱਭਣ ਦੀ ਲੋੜ ਹੈ।  ਜੇਕਰ ਆਪਾਂ ਇਸ ਗੁਰੂ ਰਹਿਮਤ ਨੂੰ ਸੰਭਾਲਣ ਲਈ ਤਿਆਰ ਹੋ ਜਈਏ ਤਾਂ ਸਮਝੀਏ ‘‘ਸਭੇ ਕਾਜ ਸੁਹੇਲੜੇ.. ॥’’ (ਮ: ੫/੩੨੨) ਹੋ ਗਏ। ਪੰਥ ਦਰਦੀਆਂ ਦਾ ਕਾਫਲਾ ਬਣਦਿਆਂ ਦੇਰ ਨਹੀਂ ਲੱਗਣੀ। ਤਿੰਨ ਗੱਲਾਂ ਆਪਾਂ ਨੂੰ ਪ੍ਰਮਾਣ ਵਜੋਂ ਕੌਮ ਦੇ ਸਾਹਮਣੇ ਰੱਖਣੀਆਂ ਤੇ ਸੰਭਾਲਣੀਆਂ ਪੈਣਗੀਆਂ ਹਨ।  ਆਪਸੀ ਪਿਆਰ, ਆਪਸੀ ਵਿਸ਼ਵਾਸ ਤੇ ਆਪਸੀ ਇਤਫ਼ਾਕ (ਭਾਵ ਏਕਤਾ)। ਇਨ੍ਹਾਂ ਤਿੰਨ ਮਹਾਨ ਗੁਣਾਂ ਦੇ ਆਪਾਂ ਜਦੋਂ ਸੱਚੇ ਦਿਲੋਂ ਧਾਰਨੀ ਹੋ ਜਾਵਾਂਗੇ ਤਾਂ ਕੌਮੀ ਵਿਹੜੇ ਵਿੱਚੋਂ, ਧੜੇ ਵਿਤਕਰੇ, ਆਪਸੀ ਗੁੱਸੇ-ਗਿਲ੍ਹੇ ਅਤੇ ਵੈਰ-ਵਿਰੋਧ ਵਾਲੀਆਂ ਸੁਰਤੀਆਂ-ਬਿਰਤੀਆਂ ਰੂਪ ਕਮਜ਼ੋਰੀਆਂ ਲੱਭਣਗੀਆਂ ਹੀ ਨਹੀਂ।

ਆਓ, ਆਪਾਂ ਦੇਰ ਨਾ ਕਰੀਏ।  ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਤੇ ਗੁਰੂ ਖਾਲਸਾ ਪੰਥ ਨੂੰ ਸਿਰ ਝੁਕਾਉਂਦਿਆਂ ਆਪਾਂ ਕੀ-ਕੀ ਪੰਥਕ ਸੇਵਾ ਲਈ ਤਨ ਕਰ ਕੇ, ਮਨ ਕਰ ਕੇ ਹਿੱਸਾ ਪਾ ਸਕਦੇ ਹਾਂ, ਖ਼ੁਦ ਦੱਸੀਏ।  ਜੋ ਕੁਝ ਆਪਾਂ ਨੇ ਕਹਿਣਾ ਹੈ ਉਸ ਦੇ ਅਮਲ ਲਈ ਦੁੱਖ ਸੁੱਖ ਝੱਲਦਿਆਂ ਖਰੇ ਉਤਰਨ ਤੋਂ ਕਦਾਚਿਤ ਪਿਛਾਂਹ ਨਾ ਹਟੀਏ।

ਆਪਾਂ ਸਾਰੇ ਜਾਣਦੇ ਹਾਂ ਕਿ ਖਾਲਸਾ ਪੰਥ ਦੇ ਅੰਦਰ ਕਿਸੇ ਪ੍ਰਕਾਰ ਦੀ ਨਿਰਾਸ਼ਤਾ ਜਾਂ ਉਦਾਸੀ ਲਈ ਕੋਈ ਥਾਂ ਨਹੀਂ ਹੈ, ਹਾਂ ਮਹੱਤਵਪੂਰਨ ਪੱਖ ਹੈ ਅਸੀਂ ਕੀ, ਕਦੋਂ ਤੇ ਕਿਵੇਂ ਕਰਨਾ ਹੈ।  ਰਲ਼-ਮਿਲ ਬੈਠ ਕੇ ਬਹੁਤ ਹੀ ਚੰਗੇ ਢੰਗ ਨਾਲ ਵਿਉਂਤ ਲਈਏ।  ਅਮਲ ਲਈ ਸਮਾਂ, ਸੀਮਾਂ ਤੇ ਸਾਧਨਾਂ ਦੀ ਪੂਰਤੀ ਸਾਡੇ ਸਾਹਮਣੇ ਸਪੱਸ਼ਟ ਹੋਵੇ।  ਸਾਡੀ ਸੁਰਤ ਏਨੀ ਨਿਰਸੁਆਰਥ ਤੇ ਨਿਰਲੋਭ ਹੋਵੇ ਤਾਂ ਜੋ ਜ਼ਿੰਮੇਵਾਰੀਆਂ ਦੇ ਅਹੁਦੇ ਸਾਨੂੰ ਕਦੇ ਭਰਮਾਉਣ ਤੇ ਭਟਕਾਉਣ ਯੋਗ ਨਾ ਹੋਣ।

ਕਵੀ ਨਿਹਾਲ ਸਿੰਘ ਜੀ ਦੇ ਬੋਲਾਂ ਵਾਂਗ ਆਪਾਂ, ਪੰਥ ਸੇਵਕ ਹੋਵਾਂਗੇ। ਬਚਨ ਹਨ ‘ਸਵਾਰਥ ਤੋਂ ਬਗੈਰ ਗੁਰਦੁਆਰਿਆਂ ਦਾ ਚੌਕੀਦਾਰ, ਧਰਮ ਅਤੇ ਯੁੱਧ ਨੂੰ ਚੜ੍ਹੇ ਮੁੱਖ ਲਾਲੀ ਹੈ।’  ਆਪ ਜੀ ਦੇ ਭਰਵੇਂ ਹੁੰਗਾਰੇ ਦਾ ਬੇਸਬਰੀ ਨਾਲ ਇੰਤਜ਼ਾਰ ਹੈ, ਜੀ।

                                                         

ਗੁਰੂ-ਪੰਥ ਦਾ ਖ਼ਾਕਸਾਰ: ਕੇਵਲ ਸਿੰਘ-ਸੰਪਰਕ ਨੰਬਰ 095920-93472

                             ਮਿਤੀ : 28/10/2017

ਭਾਈ ਰਛਪਾਲ ਸਿੰਘ (ਹੁਸ਼ਿਆਰਪੁਰ) 098554-40151

Email id. panthaktalmelsangathan@gmail.com