ਭੱਟ ਵਹੀਆਂ ਮੁਤਾਬਕ ਗੁਰੂ ਤੇਗ ਬਹਾਦਰ ਜੀ ਦੇ ਪ੍ਰਚਾਰਕ ਦੌਰੇ

0
863

ਭੱਟ ਵਹੀਆਂ ਮੁਤਾਬਕ ਗੁਰੂ ਤੇਗ ਬਹਾਦਰ ਜੀ ਦੇ ਪ੍ਰਚਾਰਕ ਦੌਰੇ

ਕੁਲਵੰਤ ਸਿੰਘ (USA)

ਸਿੱਖ ਇਤਿਹਾਸ ਵਿਗਾੜਨ ਵਾਲੇ ਕੁਝ ਲਿਖਾਰੀਆਂ ਨੇ ਗੁਰੂ ਤੇਗ਼ ਬਹਾਦਰ ਸਾਹਿਬ ਬਾਰੇ ਲਿਖਿਆ ਹੈ ਕਿ ਉਹ 1644 ਤੋਂ 1664 ਤੱਕ (ਗੁਰੂ ਹਰਿਗੋਬਿੰਦ ਸਾਹਿਬ ਦੇ ਜੋਤੀ-ਜੋਤਿ ਸਮਾਉਣ ਤੋਂ ਗੁਰਗੱਦੀ ਮਿਲਣ ਤੱਕ) 20 ਸਾਲ ਬਕਾਲਾ ਵਿਚ ‘ਭੋਰੇ ਵਿਚ ਬੈਠ ਕੇ ਤਪ’ ਕਰਦੇ ਰਹੇ ਸਨ। ਇਕ ਲਿਖਾਰੀ ਨੇ ਤਾਂ ਇਹ ਸਮਾਂ 25-26 ਸਾਲ ਵੀ ਲਿਖਿਆ ਹੈ।

ਦਰਅਸਲ, ਇਨ੍ਹਾਂ ਲਿਖਾਰਿਆਂ ਨੂੰ ਇਸ ਸਮੇਂ ਦੇ ਸਿੱਖ ਤਵਾਰੀਖ਼ ਬਾਰੇ ਸਮਗਰੀ ਨਹੀਂ ਸੀ ਲੱਭੀ, ਜਿਸ ਕਾਰਨ ਇਸ ਸਮੇਂ ਦੇ ਖੱਪੇ ਨੂੰ ਪੂਰਾ ਕਰਨ ਦੀ ਖਾਹਿਸ਼ ਨਾਲ ਇਹ ਗ਼ਲਤ ਬਿਆਨ ਕਰ ਦਿੱਤਾ ਕਿ ਗੁਰੂ ਸਾਹਿਬ ਭੋਰੇ ਵਿੱਚ ਬੈਠ ਕੇ ਤਪ ਕਰਦੇ ਰਹੇ ਸਨ। ਪਹਿਲੀ ਗੱਲ ਤਾਂ ਗੁਰੂ ਸਾਹਿਬ ਇਸ ਸਮੇਂ ਵਿੱਚੋਂ ਸਿਰਫ਼ ਬਾਰ੍ਹਾਂ ਸਾਲ ਹੀ ਬਕਾਲੇ ਵਿਚ ਸਨ ਅਤੇ ਅੱਠ ਸਾਲ ਤਾਂ ਉਹ ਪੂਰਬ (ਅਸਾਮ, ਬੰਗਾਲ, ਬਿਹਾਰ) ਤੇ ਉੱਤਰ ਪ੍ਰਦੇਸ਼ ਵਿਚ ਧਰਮ ਪ੍ਰਚਾਰ ਕਰਦੇ ਰਹੇ ਸਨ। ਦੂਜਾ, ਉਨ੍ਹਾਂ ਦਾ ਬਕਾਲਾ ਵਿਚ ਰਹਿੰਦਿਆਂ ਵੀ ਬਹੁਤਾ ਸਮਾਂ ਮਾਝੇ ਵਿਚ ਧਰਮ ਪ੍ਰਚਾਰ ਕਰਦਿਆਂ ਗੁਜਰਿਆ ਸੀ। ਤੀਜਾ, ਅਖੌਤੀ ਤਪੱਸਿਆ ਜਾਂ ਭੋਰੇ ਵਿਚ ਲੁਕ ਕੇ ਤਪ ਕਰਨਾ ਸਿੱਖ ਫ਼ਲਸਫ਼ੇ ਦੇ ਮੁੱਢੋਂ ਹੀ ਉਲਟ ਹੈ:

ਕਿਆ ਜਪੁ ? ਕਿਆ ਤਪੁ ? ਕਿਆ ਬ੍ਰਤ ਪੂਜਾ॥ (ਗੁਰੂ ਗ੍ਰੰਥ ਸਾਹਿਬ, ਪੰਨਾ 324)

ਸਾਰੇ ਗੁਰੂ ਸਾਹਿਬਾਨ ਨੇ ਅਖੌਤੀ ਤਪ ਨੂੰ ਪਾਖੰਡ ਆਖ ਕੇ ਰੱਦ ਕੀਤਾ ਹੋਇਆ ਹੈ। ਸੋ, ਗੁਰੂ ਤੇਗ਼ ਬਹਾਦਰ ਜੀ ਦੀ ਜ਼ਿੰਦਗੀ ਬਾਰੇ ਪੂਰੀ ਤਫ਼ਸੀਲ (ਵਿਸਥਾਰ) ਨਾ ਮਿਲਣ ਕਰ ਕੇ ਉਨ੍ਹਾਂ ਨੂੰ ਭੋਰੇ ਵਿਚ ਬੈਠਾਉਣ ਦੀ ਕੋਸ਼ਸ਼ ਕਰਨਾ ਤਵਾਰੀਖ਼ ਨਾਲ ਜ਼ਿਆਦਤੀ ਹੋਵੇਗੀ। ਗੁਰੂ ਜੀ ਦੇ ਆਪਣੇ ਜੀਵਨ ਦੌਰਾਨ ਗੁਰਮਤਿ ਦਾ ਪ੍ਰਚਾਰ ਕਰਨ ਬਾਬਤ ਇਹ ਇਤਿਹਾਸਕ ਸਬੂਤ ਮਿਲਦੇ ਹਨ:

ਪੂਰਬ ਵਿਚ ਧਰਮ ਪ੍ਰਚਾਰ: ਕੀਰਤਪੁਰ ਵਿਚ ਗੁਰੂ ਹਰਿਰਾਇ ਜੀ ਗੁਰਗੱਦੀ ਦੀ ਸੇਵਾ ਨੂੰ ਨਿਭਾ ਰਹੇ ਸਨ ਅਤੇ ਮਾਝੇ ਵਿਚ (ਗੁਰੂ) ਤੇਗ਼ ਬਹਾਦਰ ਧਰਮ ਪਰਚਾਰ ਵਿਚ ਆਪਣਾ ਰੋਲ ਅਦਾ ਕਰ ਰਹੇ ਸੀ। ਵਿਚ-ਵਿਚ (ਗੁਰੂ) ਤੇਗ਼ ਬਹਾਦਰ ਜੀ ਕੀਰਤਪੁਰ ਵੀ ਹੋ ਆਇਆ ਕਰਦੇ ਸਨ। ਜੂਨ 1656 ਵਿਚ ਆਪ ਗੁਰੂ ਹਰਿਰਾਇ ਜੀ ਨੂੰ ਮਿਲਣ ਵਾਸਤੇ ਕੀਰਤਪੁਰ ਗਏੇ ਹੋਏ ਸਨ। ਓਨੀਂ ਦਿਨੀਂ ਆਗਰਾ, ਕਾਸ਼ੀ (ਬਨਾਰਸ/ਵਾਰਾਨਸੀ), ਮਿਰਜ਼ਾਪੁਰ, ਪ੍ਰਯਾਗ (ਅਲਾਹਾਬਾਦ) ਤੋਂ ਇਲਾਵਾ ਗਯਾ, ਪਟਨਾ, ਢਾਕਾ ਅਤੇ ਅਸਾਮ ਤੋਂ ਵੀ ਬਹੁਤ ਸਾਰੀਆਂ ਸੰਗਤਾਂ ਗੁਰੂ ਹਰਿਰਾਇ ਸਾਹਿਬ ਜੀ ਦੇ ਦਰਸ਼ਨਾਂ ਵਾਸਤੇ ਆਈਆਂ ਹੋਈਆਂ ਸਨ। ਇਨ੍ਹਾਂ ਸੰਗਤਾਂ ਨੇ ਗੁਰੂ ਜੀ ਨੂੰ ਅਰਜ਼ ਕੀਤੀ ਕਿ ਉਹ ਧਰਮ ਪ੍ਰਚਾਰ ਵਾਸਤੇ ਸਾਡੇ ਇਲਾਕਿਆਂ ਵਿਚ ਵੀ ਦਰਸ਼ਨ ਦੇਣ, ਪਰ ਗੁਰੂ ਹਰਿਰਾਇ ਸਾਹਿਬ ਜੀ ਨੇ ਸੰਗਤਾਂ ਨੂੰ ਦੱਸਿਆ ਕਿ ਕੀਰਤਪੁਰ ਸਾਹਿਬ ਵਿਚ ਸੰਗਤਾਂ ਲਗਾਤਾਰ ਆਉਂਦੀਆਂ ਰਹਿੰਦੀਆਂ ਹਨ, ਇਸ ਕਰ ਕੇ ਇੱਥੋਂ ਚਲੇ ਜਾਣ ਨਾਲ ਦੂਰ-ਦੁਰਾਡੀਆਂ ਸੰਗਤਾਂ ਨੂੰ ਬੜੀ ਮੁਸ਼ਕਲ ਹੋਵੇਗੀ, ਪਰ ਜਦ ਪੂਰਬ ਦੀਆਂ ਸੰਗਤਾਂ ਨੇ ਬਹੁਤ ਜ਼ੋਰ ਦਿੱਤਾ ਤਾਂ ਗੁਰੂ ਹਰਿਰਾਇ ਸਾਹਿਬ ਜੀ ਨੇ ਆਪਣੇ ਚਾਚੇ (ਗੁਰੂ) ਤੇਗ਼ ਬਹਾਦਰ ਜੀ ਨੂੰ ਆਖਿਆ ਕਿ ਉਹ ਪੂਰਬ ਵਿਚ ਜਾ ਕੇ ਸੰਗਤਾਂ ਵਿਚ ਧਰਮ ਪ੍ਰਚਾਰ ਦੀ ਸੇਵਾ ਨਿਭਾਉਣ। (ਗੁਰੂ) ਤੇਗ਼ ਬਹਾਦਰ ਜੀ ਨੇ ਪੂਰਬ ਦਾ ਦੌਰਾ ਕਰਨਾ ਮੰਨ ਲਿਆ। ਗੁਰੂ ਤੇਗ਼ ਬਹਾਦਰ ਸਾਹਿਬ 9 ਜੂਨ 1656 ਦੇ ਦਿਨ ਕੀਰਤਪੁਰ ਸਾਹਿਬ ਤੋਂ ਪੂਰਬ ਵੱਲ ਦੇ ਲੰਬੇ ਦੌਰੇ ’ਤੇ ਚਲ ਪਏ। ਉਨ੍ਹਾਂ ਦਾ ਪਰਿਵਾਰ ਅਤੇ ਦਰਬਾਰੀ ਸਿੱਖਾਂ ਦਾ ਇੱਕ ਵੱਡਾ ਜਥਾ ਵੀ ਉਨ੍ਹਾਂ ਦੇ ਨਾਲ ਗਿਆ। ਇਸ ਸੰਬੰਧੀ ਇੱਕ ਇੰਦਰਾਜ ਭੱਟ ਵਹੀ ਤਲਾਉਂਡਾ, ਪਰਗਣਾ ਜੀਂਦ ਵਿਚ ਇੰਵ ਲਿਖਿਆ ਮਿਲਦਾ ਹੈ:

‘ਗੁਰੁ ਤੇਗ਼ ਬਹਾਦਰ ਜੀ, ਬੇਟਾ ਗੁਰੁ ਹਰਿਗੋਬਿੰਦ ਜੀ ਮਹਲ ਛਟੇ ਕਾ, ਪੋਤਾ ਗੁਰੂ ਅਰਜਨ ਕਾ, ਸੋਢੀ ਖਤਰੀ, ਬਾਸੀ ਕੀਰਤਪੁਰ, ਪਰਗਣਾ ਕਹਿਲੂਰ, ਸੰਮਤ ਸਤਰਾਂ ਸੈ ਤੇਰਾਂ (ਸੰਮਤ 1713 ਭਾਵ ਸੰਨ 1656) , ਅਸਾੜ ਪ੍ਰਵਿਸ਼ਟੇ ਗਿਆਰਾਂ, ਤੀਰਥ ਯਾਤਰਾ ਜਾਨੇ ਕੀ ਤਿਆਰੀ ਕੀ। ਗੈਲੋਂ ਮਾਤਾ ਨਾਨਕੀ ਜੀ ਆਈ, ਇਸਤਰੀ ਗੁਰੂ ਹਰਿਗੋਬਿੰਦ ਜੀ ਕੀ, ਮਾਤਾ ਨੇਤੀ ਜੀ ਆਈ ਇਸਤਰੀ ਗੁਰੁ ਗੁਰਦਿਤਾ ਜੀ ਕੀ, ਮਾਤਾ ਹਰੀ ਜੀ ਆਈ ਇਸਤਰੀ ਗੁਰੁ ਸੂਰਜ ਮੱਲ ਜੀ ਕੀ, ਬਾਵਾ ਬਾਲੂ ਹਸਨਾ ਤੇ ਬਾਵਾ ਅਲਮਸਤ ਜੀ ਆਏ, ਚੇਲੇ ਗੁਰੁ ਗੁਰਦਿਤਾ ਜੀ ਕੇ, ਮਾਤਾ ਗੁਜਰੀ ਜੀ ਆਈ ਇਸਤਰੀ ਗੁਰੁ ਤੇਗ਼ ਬਹਾਦਰ ਜੀ ਕੀ, ਕ੍ਰਿਪਾਲ ਚੰਦ ਆਇਆ ਬੇਟਾ ਬਾਬਾ ਲਾਲ ਚੰਦ ਸੁਭਿੱਖੀ ਕਾ, ਦੀਵਾਨ ਦਰਗਹ ਮੱਲ ਆਇਆ ਬੇਟਾ ਦਵਾਰਕਾ ਦਾਸ ਛਿਬਰ ਬ੍ਰਾਹਮਣ ਕਾ, ਸਾਧੂ ਰਾਮ ਆਇਆ ਬੇਟਾ ਧਰਮ ਚੰਦ ਖੋਸਲੇ ਕਾ, ਦੁਰਗਾ ਦਾਸ ਆਇਆ ਬੇਟਾ ਮੂਲ ਚੰਦ ਜਲਾਹਨੇ ਪੁਆਰ ਕਾ, ਦਿਆਲ ਦਾਸ ਆਇਆ ਬੇਟਾ ਮਾਈ ਦਾਸ ਪੁਆਰ ਬਲਉਂਤ ਕਾ, ਚਉਪਤਿ ਰਾਇ ਆਇਆ ਬੇਟਾ ਪੈਰਾ ਰਾਮ ਛਿਬਰ ਕਾ। ਹੋਰ ਸਿਖ ਫ਼ਕੀਰ ਆਏ।’ (ਨੋਟ: ‘ਭੱਟ ਵਹੀਆਂ’ ਵਿਚ ਗੁਰੂ ਸਾਹਿਬਾਨ ਦੇ ਪਰਿਵਾਰ ਦੇ ਹਰ ਮੈਂਬਰ ਨਾਲ ‘ਗੁਰੁ’ ਲਿਖਦੇ ਸਨ)।

ਕੀਰਤਪੁਰ ਤੋਂ ਚਲ ਕੇ ਗੁਰੂ ਤੇਗ਼ ਬਹਾਦਰ ਸਾਹਿਬ ਦਾ ਜਥਾ ਮਲਕਪੁਰ ਰੰਘੜਾਂ, ਕੋਟਲਾ ਨਿਹੰਗ ਖ਼ਾਨ, ਲਖਨੌਰ, ਪੰਜੋਖੜਾ ਤੇ ਕੁਰੂਕਸ਼ੇਤਰ ਦੇ ਇਲਾਕੇ ਵਿਚ ਧਰਮ ਪ੍ਰਚਾਰ ਕਰਦਾ ਹੋਇਆ 29 ਮਾਰਚ 1657 ਨੂੰ (ਭਾਵ 1 ਵਿਸਾਖ ਜਾਂ ਵਿਸਾਖੀ), ਹਰਿਦੁਆਰ ਪੁੱਜਾ। ਹਰਿਦੁਆਰ ਵਿਚ ਆਪ ਡੇਢ ਮਹੀਨੇ ਤੋਂ ਵਧ ਰਹੇ ਤੇ ਇਸ ਦੌਰਾਨ ਆਲੇ-ਦੁਆਲੇ ਦੇ ਇਲਾਕਿਆਂ ਵਿਚ ਵੀ ਜਾਂਦੇ ਰਹੇ। ਹਰਿਦੁਆਰ ਵਿਚ ਪ੍ਰਚਾਰ ਕਰਦਿਆਂ ਮਥਰਾ, ਗੜ੍ਹ ਮੁਕਤੇਸ਼ਵਰ, ਆਗਰਾ, ਮਿਰਜ਼ਾਪੁਰ ਅਤੇ ਕਾਸ਼ੀ ਦੀਆਂ ਸੰਗਤਾਂ ਆਪ ਨੂੰ ਮਿਲਣ ਵਾਸਤੇ ਆਈਆਂ। ਸੰਗਤਾਂ ਦੀ ਖਾਹਿਸ਼ ਨੂੰ ਸਾਹਵੇਂ ਰੱਖਦਿਆਂ ਆਪ ਇਨ੍ਹਾਂ ਇਲਾਕਿਆਂ ਵਿਚ ਵੀ ਗਏ। ਆਪ ਨੇ ਆਗਰੇ ਵਿਚ ਕਈ ਮਹੀਨੇ ਬਿਤਾਏ ਅਤੇ ਸੈਂਕੜੇ ਪਰਿਵਾਰਾਂ ਨੂੰ ਸਿੱਖੀ ਵਿਚ ਸ਼ਾਮਲ ਕੀਤਾ। ਹਰਿਦੁਆਰ ਅਤੇ ਪ੍ਰਯਾਗ ਦੇ ਵਿਚਕਾਰਲੇ ਇਲਾਕੇ ਵਿਚ ਕਈ ਮਹੀਨੇ ਬਿਤਾਉਣ ਮਗਰੋਂ ਆਪ ਪ੍ਰਯਾਗ ਪੁੱਜੇ। ਆਪ ਨੇ ਪ੍ਰਯਾਗ ਵਿਚ ਕਈ ਮਹੀਨੇ ਬਿਤਾਏ। ਇਸ ਵੇਲੇ ਮਾਤਾ ਗੁਜਰੀ ਵੀ ਆਪ ਜੀ ਦੇ ਨਾਲ ਸਨ।

ਇਸ ਮਗਰੋਂ ਆਪ ਮਿਰਜ਼ਾਪੁਰ ਵੀ ਗਏ ਤੇ ਅਗਾਂਹ 21 ਜੂਨ 1661 (ਹਾੜ ਸੁਦੀ 5, ਸੰਮਤ 1718) ਦੇ ਦਿਨ ਕਾਸ਼ੀ ਪੁੱਜੇ। ਇਸ ਯਾਤਰਾ ਬਾਰੇ ਭੱਟ ਵਹੀ ’ਚ ਦਰਜ ਹੈ:

‘ਬੰਝਰਾਊਤ ਜਲਹਾਨੇ’: ਮਾਈ ਦਾਸ ਬਲੂ ਕਾ, ਜੇਠਾ ਮਾਈ ਦਾਸ ਕਾ, ਦਿਆਲ ਦਾਸ ਮਾਈ ਦਾਸ ਕਾ, ਮਨੀ ਰਾਮ ਮਾਈ ਦਾਸ ਕਾ, ਹਰੀ ਚੰਦ ਜੇਠਾ ਕਾ, ਮਥਰਾ ਦਿਆਲ ਦਾਸ ਕਾ, ਗੁਰੂ ਤੇਗ਼ ਬਹਾਦਰ ਜੀ ਬੇਟਾ ਗੁਰੂ ਹਰਗੋਬਿੰਦ ਜੀ ਮਹਲ ਛਟੇ ਕਾ, ਬਨਾਰਸ ਆਏ, ਸਾਲ ਸਤਰਾਂ ਸੈ ਅਠਾਰਾਂ ਅਸਾਢ ਸੁਦੀ ਪੰਚਮੀ, ਗੈਲੋਂ ਨਾਨਕੀ ਜੀ ਆਈ ਮਾਤਾ ਗੁਰੂ ਤੇਗ਼ ਬਹਾਦਰ ਜੀ ਕੀ, ਮਾਤਾ ਹਰੀ ਜੀ ਆਈ ਇਸਤਰੀ ਗੁਰੂ ਸੂਰਜ ਮਲ ਜੀ ਕੀ, ਭਾਈ ਕਿਰਪਾਲ ਚੰਦ ਆਇਆ ਬੇਟਾ ਲਾਲ ਚੰਦ ਜੀ ਸੁਭਿਖੀ ਕਾ, ਬਾਵਾ ਦਿਆਲ ਦਾਸ ਆਇਆ ਬੇਟਾ ਮਾਈ ਦਾਸ ਜਲਹਾਨੇ ਕਾ, ਗਵਾਲ ਦਾਸ ਆਇਆ ਬੇਟਾ ਛੁਟੇ ਮਲ ਛਿਬਰ ਕਾ, ਚਉਪਤ ਰਾਏ ਆਇਆ ਬੇਟਾ ਪੈਰੇ ਛਿਬਰ ਕਾ, ਸੰਗਤ ਆਇਆ ਬੇਟਾ ਬਿੰਨੇ ਉਪਲ ਕਾ, ਸਾਧੂ ਰਾਮ ਆਇਆ ਬੇਟਾ ਧਰਮੇ ਖੋਸਲੇ ਕਾ।’

ਜੂਨ 1661 ਦੇ ਅਖੀਰ ਵਿਚ ਗੁਰੂ ਸਾਹਿਬ ਗਯਾ ਅਤੇ ਪਟਨਾ ਵਲ ਚਲ ਪਏ। ਰਸਤੇ ਵਿਚ ਪ੍ਰਚਾਰ ਕਰਦੇ ਹੋਏ ਆਪ ਜੁਲਾਈ ਦੇ ਸ਼ੁਰੂ ਵਿਚ ਪਟਨਾ ਪਹੁੰਚ ਗਏ। ਇਸ ਮਗਰੋਂ ਆਪ ਅਲਾਹਾਬਾਦ ਵੀ ਗਏ। ਆਪ 19 ਦਸੰਬਰ 1662 (ਮਾਘ ਸ਼ੁਕਲਾ ਪੱਖੇ 5, ਸੰਮਤ 1719) ਦੇ ਦਿਨ ਅਲਾਹਾਬਾਦ ਵਿਚ ਸਨ। ਆਪ ਨੇ ਅਗਲੇ ਕਈ ਮਹੀਨੇ ਬਿਹਾਰ, ਬੰਗਾਲ ਤੇ ਅਸਾਮ ਵਿਚ ਬਿਤਾਏ। ਜਦੋਂ ਗੁਰੂ ਸਾਹਿਬ ਪੂਰਬ ਵਿਚ ਪ੍ਰਚਾਰ ਦੌਰੇ ’ਤੇ ਗਏ ਤਾਂ ਮਾਤਾ ਗੁਜਰੀ ਤੇ ਗੁਰੂ-ਪਰਿਵਾਰ ਦੇ ਬਾਕੀ ਮੈਂਬਰ ਪਟਨਾ ਵਿਚ ਹੀ ਰਹੇ। ਮਾਤਾ ਗੁਜਰੀ ਵਧੇਰਾ ਸਮਾਂ ਸੇਠ ਜੈਤ ਰਾਮ ਦੇ ਮਕਾਨ ਵਿਚ ਠਹਿਰੇ। ਆਪ ਕਦੇ-ਕਦੇ ਰਾਜਾ ਫ਼ਤਹਿ ਸ਼ਾਹ ਮੈਨੀ ਦੇ ਘਰ ਵੀ ਜਾਇਆ ਕਰਦੇ ਸਨ। ਕੁਝ ਭੱਟ ਵਹੀਆਂ ਮੁਤਾਬਕ ਇਸ ਦੌਰਾਨ 18 ਦਸੰਬਰ 1661 ਦੇ ਦਿਨ ਮਾਤਾ ਗੁਜਰੀ ਨੇ ਗੋਬਿੰਦ ਰਾਇ (ਗੁਰੂ ਗੋਬਿੰਦ ਸਿੰਘ) ਨੂੰ ਜਨਮ ਦਿੱਤਾ। ਬੇਟੇ ਦੇ ਜਨਮ ਦੀ ਖ਼ਬਰ ਕਾਫ਼ੀ ਦੇਰ ਮਗਰੋਂ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਪੁੱਜੀ।

ਉੱਧਰ ਕੀਰਤਪੁਰ ਵਿਚ 6 ਅਕਤੂਬਰ 1661 ਦੇ ਦਿਨ ਗੁਰੂ ਹਰਿਰਾਇ ਸਾਹਿਬ ਜੋਤੀ ਜੋਤਿ ਸਮਾ ਗਏ। ਗੁਰੂ ਹਰਿਰਾਇ ਸਾਹਿਬ ਨੇ ਆਪਣੇ ਵੱਡੇ ਪੁੱਤਰ ਰਾਮ ਰਾਇ ਨੂੰ ਪਹਿਲਾਂ ਹੀ ਗੁਰਗੱਦੀ ਦੇ ਹੱਕ ਤੋਂ ਬੇਦਖ਼ਲ ਕਰ ਦਿੱਤਾ ਸੀ। ਇਸ ਵਕਤ ਗੁਰੂ ਤੇਗ਼ ਬਹਾਦਰ ਸਾਹਿਬ ਧਰਮ ਪ੍ਰਚਾਰ ਵਾਸਤੇ ਪੂਰਬ ਦੇ ਦੌਰੇ ’ਤੇ ਗਏ ਹੋਏ ਸਨ। ਇਸ ਹਾਲਤ ਵਿਚ ਗੁਰੂ ਹਰਿਰਾਇ ਸਾਹਿਬ ਨੇ ਗੁਰਗੱਦੀ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਸੌਂਪ ਦਿੱਤੀ। ਗੁਰੂ ਹਰਿਰਾਇ ਸਾਹਿਬ ਦੇ ਜੋਤੀ-ਜੋਤਿ ਸਮਾਉਣ ਦੀ ਖ਼ਬਰ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਮਈ 1662 ਦੇ ਅਖੀਰ ਵਿਚ ਮਿਲੀ। ਹੁਣ ਆਪ ਨੇ ਵਾਪਸ ਪੰਜਾਬ ਜਾਣ ਦੀ ਤਿਆਰੀ ਸ਼ੁਰੂ ਕਰ ਲਈ।

ਦਿੱਲੀ ਵਿਚ ਗੁਰੂ ਹਰਕ੍ਰਿਸ਼ਨ ਸਾਹਿਬ ਨਾਲ ਮੇਲ: ਗੁਰੂ ਸਾਹਿਬ ਨੇ ਚੁਮਾਸਾ (ਜੂਨ ਤੋਂ ਸਤੰਬਰ) ਲੰਘਣ ਮਗਰੋਂ ਅਕਤੂਬਰ 1662 ਵਿਚ ਪਟਨਾ ਤੋਂ ਪੰਜਾਬ ਵਲ ਸਫ਼ਰ ਸ਼ੁਰੂ ਕਰ ਦਿੱਤਾ। ਇਸ ਵੇਲੇ ਗੋਬਿੰਦ ਰਾਇ ਦੀ ਉਮਰ ਸਿਰਫ਼ 10 ਮਹੀਨੇ ਦੀ ਸੀ। ਇਸ ਕਰ ਕੇ ਗੁਰੂ ਤੇਗ਼ ਬਹਾਦਰ ਸਾਹਿਬ ਨੇ ਮਾਤਾ ਗੁਜਰੀ ਤੇ ਬੇਟੇ ਨੂੰ ਉਨ੍ਹਾਂ (ਗੋਬਿੰਦ ਰਾਇ ਜੀ ਦੇ) ਮਾਮੇ ਕਿਰਪਾਲ ਚੰਦ ਸੁਭਿੱਖੀ ਅਤੇ ਭਾਈ ਚਉਪਤ ਰਾਇ (ਚੌਪਾ ਸਿੰਘ) ਦੀ ਦੇਖ-ਰੇਖ ਵਿਚ ਪਟਨਾ ਵਿਚ ਹੀ ਛੱਡ ਦਿੱਤਾ ਅਤੇ ਬਾਕੀ ਪਰਿਵਾਰ ਤੇ ਸਿੰਘਾਂ ਨੂੰ ਨਾਲ ਲੈ ਕੇ ਦਿੱਲੀ ਵਲ ਨੂੰ ਰਵਾਨਾ ਹੋ ਗਏ। ਆਪ ਦੇ ਨਾਲ ਮਾਤਾ ਨਾਨਕੀ, ਮਾਤਾ ਹਰੀ, ਮਾਤਾ ਅਨੰਤੀ, ਸਾਧੂ ਰਾਮ ਖੋਸਲਾ, ਦੀਵਾਨ ਦਰਗਹ ਮਲ, ਭਾਈ ਦਿਆਲ ਦਾਸ ਤੇ ਹੋਰ ਬਹੁਤ ਸਾਰੇ ਸਾਥੀ ਵੀ ਸਨ। ਤਿੰਨ ਮਹੀਨੇ ਦਾ ਸਫ਼ਰ ਕਰਨ ਮਗਰੋਂ ਇਹ ਜਥਾ 3 ਜਨਵਰੀ 1663 ਦੇ ਦਿਨ ਪ੍ਰਯਾਗ ਪੁੱਜਾ। ਪ੍ਰਯਾਗ ਵਿਚ ਸਿੱਖ ਸੰਗਤਾਂ ਨੇ ਆਪ ਜੀ ਨੂੰ ਕਈ ਹਫ਼ਤੇ ਰੋਕੀ ਰੱਖਿਆ। ਇਸ ਮਗਰੋਂ ਆਪ ਆਗਰਾ ਵਲ ਚਲ ਪਏ। ਪਿਛਲੇ ਦੌਰੇ ਵਾਂਗ ਇਸ ਵਾਰ ਵੀ ਆਪ ਨੂੰ ਕਈ ਮਹੀਨੇ ਆਗਰਾ ਵਿੱਚ ਰੁਕਣਾ ਪਿਆ। ਆਗਰਾ ਵਿਚ ਰਹਿੰਦਿਆਂ ਆਪ ਨੇ ਆਲੇ-ਦੁਆਲੇ ਦੇ ਇਲਾਕੇ ਦੇ ਕਈ ਪਿੰਡਾਂ ਦਾ ਦੌਰਾ ਕੀਤਾ। ਆਪ ਮਥਰਾ ਵੀ ਗਏ ਤੇ ਕਈ ਦਿਨ ਦੀਵਾਨ ਸਜਾਉਂਦੇ ਰਹੇ।

ਵੱਖ-ਵੱਖ ਥਾਂਵਾਂ ਦਾ ਦੌਰਾ ਕਰਦੇ ਆਪ 21 ਮਾਰਚ 1664 ਦੇ ਦਿਨ ਦਿੱਲੀ ਵਿੱਚ ਪੁੱਜੇ ਜਿੱਥੇ ਆਪ ਦਿਲਵਾਲੀ ਮੁਹੱਲੇ ਵਿਚ ਭਾਈ ਕਲਿਆਣਾ ਦੀ ਧਰਮਸਾਲਾ ਵਿਚ ਠਹਿਰੇ। ਭਾਈ ਕਲਿਆਣਾ ਦੇ ਪੋਤੇ ਭਾਈ ਬਾਘਾ ਤੇ ਪੜਪੋਤੇ ਨਾਨੂੰ ਰਾਮ ਨੇ ਆਪ ਨੂੰ ਤਹਿ-ਦਿਲੋਂ ਜੀ ਆਇਆਂ ਆਖਿਆ। (ਗੁਰੂ) ਤੇਗ਼ ਬਹਾਦਰ ਸਾਹਿਬ ਦੇ ਦਿੱਲੀ ਪੁੱਜਣ ਤੇ ਰਾਮਰਾਇ (ਜੋ ਔਰੰਗਜ਼ੇਬ ਨਾਲ ਨੇੜਤਾ ਬਣਾ ਕੇ ਉੱਥੇ ਰਹਿ ਰਿਹਾ ਸੀ) ਵੀ ਆਪ ਨੂੰ ਮਿਲਣ ਆਇਆ। ਰਾਮਰਾਇ ਨੇ (ਗੁਰੂ) ਤੇਗ਼ ਬਹਾਦਰ ਸਾਹਿਬ ਨੂੰ ਵੀ ਚੁੱਕ ਦੇਣ ਦੀ ਕੋਸ਼ਿਸ਼ ਕੀਤੀ ਤੇ ਕਿਹਾ ਕਿ ਗੁਰਗੱਦੀ ’ਤੇ ਹੱਕ ਤਾਂ ਤੁਹਾਡਾ ਬਣਦਾ ਸੀ। ਉਸ ਦੇ ਇਹ ਆਖਣ ’ਤੇ ਗੁਰੂ ਤੇਗ਼ ਬਹਾਦਰ ਸਾਹਿਬ ਨੇ ਕਿਹਾ ਕਿ ਗੁਰੂ ਹਰਿਰਾਇ ਸਾਹਿਬ ਨੇ ਜਿਸ ਨੂੰ ਠੀਕ ਸਮਝਿਆ ਉਸ ਨੂੰ ਹੀ ਗੱਦੀ ਸੌਂਪੀ ਸੀ। ਉਨ੍ਹਾਂ ਦੇ ਫ਼ੈਸਲੇ ’ਤੇ ਕਿੰਤੂ ਨਹੀਂ ਕੀਤੀ ਜਾ ਸਕਦੀ। ਰਾਮ ਰਾਏ ਨੇ ਆਪਣੀ ਦਾਲ ਗਲ਼ਦੀ ਨਾ ਵੇਖੀ ਤਾਂ ਵਾਪਸ ਚਲਾ ਗਿਆ।

ਇਸ ਦੌਰਾਨ ਭਾਈ ਬਾਘਾ ਨੇ (ਗੁਰੂ) ਤੇਗ਼ ਬਹਾਦਰ ਸਾਹਿਬ ਨੂੰ ਦੱਸਿਆ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਵੀ ਦਿੱਲੀ ਵਿਚ ਆਏ ਹੋਏ ਹਨ। ਉਨ੍ਹਾਂ ਨੂੰ ਰਾਮਰਾਇ ਨੇ ਗੁਰਗੱਦੀ ਦਾ ਝਗੜਾ ਖੜ੍ਹਾ ਕਰ ਕੇ ਔਰੰਗਜ਼ੇਬ ਵਲੋਂ ਦਿੱਲੀ ਆਉਣ ਵਾਸਤੇ ਸੰਮਨ ਭਿਜਵਾਏ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਤੇ ਔਰੰਗਜ਼ੇਬ ਦਾ ਮੇਲ਼ ਅਜੇ ਤੱਕ ਨਹੀਂ ਹੋ ਸਕਿਆ। ਇਹ ਸੁਣ ਕੇ (ਗੁਰੂ) ਤੇਗ਼ ਬਹਾਦਰ ਸਾਹਿਬ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਮਿਲਣ ਦਾ ਫ਼ੈਸਲਾ ਕਰ ਲਿਆ।

ਅਗਲੇ ਦਿਨ 22 ਮਾਰਚ ਨੂੰ (ਗੁਰੂ) ਤੇਗ਼ ਬਹਾਦਰ ਸਾਹਿਬ ਰਾਜਾ ਜੈ ਸਿੰਹ ਮਿਰਜ਼ਾ ਦੇ ਬੰਗਲੇ ’ਤੇ ਗਏ। ਗੁਰੂ ਹਰਕ੍ਰਿਸ਼ਨ ਸਾਹਿਬ ਬੜੇ ਪਿਆਰ ਨਾਲ ਆਪ ਨੂੰ ਮਿਲੇ। ਆਪ ਨੇ ਪੰਥ ਦੀ ਵਕਤੀ ਹਾਲਾਤ ਤੇ ਹੋਰ ਨੁਕਤਿਆਂ ਬਾਰੇ ਗੁਰੂ ਹਰਕ੍ਰਿਸ਼ਨ ਸਾਹਿਬ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਨਾਲ ਹੀ ਗੋਬਿੰਦ ਰਾਇ ਦੇ ਜਨਮ ਬਾਰੇ ਦੱਸਿਆ। (ਗੁਰੂ) ਤੇਗ਼ ਬਹਾਦਰ ਸਾਹਿਬ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਨਾਲ ਰਾਮ ਰਾਇ ਦੀ ਸਾਜ਼ਿਸ਼ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਇਹ ਵੀ ਦੱਸਿਆ ਕਿ ਔਰੰਗਜ਼ੇਬ ਬਹੁਤ ਚਾਲਾਕ ਬੰਦਾ ਹੈ ਤੇ ਉਸ ਨਾਲ ਗੱਲਬਾਤ ਵਿਚ ਵਧ ਤੋਂ ਵਧ ਚੌਕਸ ਰਹਿਣਾ ਜ਼ਰੂਰੀ ਹੈ। ਇਸ ਮੌਕੇ ’ਤੇ ਗੁਰੂ ਹਰਕ੍ਰਿਸ਼ਨ ਸਾਹਿਬ ਨੇ (ਗੁਰੂ) ਤੇਗ਼ ਬਹਾਦਰ ਸਾਹਿਬ ਨੂੰ ਕਿਹਾ ਕਿ ਜੇ ਮੈਨੂੰ ਅਕਾਲ ਪੁਰਖ ਦਾ ਬੁਲਾਵਾ ਆ ਗਿਆ ਤਾਂ ਗੁਰੂ ਨਾਨਕ ਸਾਹਿਬ ਦੀ ਗੱਦੀ ਸੰਭਾਲ਼ਨ ਦੀ ਸੇਵਾ ਤੁਹਾਨੂੰ ਹੀ ਕਰਨੀ ਪਵੇਗੀ। ਇਹ ਸੁਣ ਕੇ (ਗੁਰੂ) ਤੇਗ਼ ਬਹਾਦਰ ਸਾਹਿਬ ਚੁੱਪ ਤੇ ਗੰਭੀਰ ਹੋ ਗਏ।

(ਗੁਰੂ) ਤੇਗ਼ ਬਹਾਦਰ ਸਾਹਿਬ 22 ਤੇ 23 ਮਾਰਚ ਦਾ ਦਿਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਨਾਲ ਰਾਜਾ ਜੈ ਸਿੰਹ ਮਿਰਜ਼ਾ ਦੇ ਬੰਗਲੇ ਵਿਚ ਹੀ ਰਹੇ ਤੇ ਵਿਚਾਰਾਂ ਕਰਦੇ ਰਹੇ। ਆਪ 24 ਮਾਰਚ 1664 ਦੇ ਦਿਨ ਆਪਣੇ ਪਰਿਵਾਰ ਅਤੇ ਜਥੇ ਦੇ ਬਾਕੀ ਸਿੱਖਾਂ ਨਾਲ ਪੰਜਾਬ ਵਾਸਤੇ ਰਵਾਨਾ ਹੋ ਗਏ। ਰਸਤੇ ਵਿਚ ਆਪਣੀ ਭੈਣ ਬੀਬੀ ਵੀਰੋ ਨੂੰ ਮਿਲਣ ਵਾਸਤੇ ਪਿੰਡ ਮਲ੍ਹਾ ਵੀ ਗਏ। ਭਾਈ ਸਾਧੂ ਰਾਮ ਦੇ ਪਰਿਵਾਰ ਨੇ ਆਪ ਜੀ ਦੀ ਬੜੀ ਸੇਵਾ ਕੀਤੀ। ਕੁਝ ਦਿਨ ਦੀਵਾਨ ਸਜਾਉਣ ਮਗਰੋਂ (ਗੁਰੂ) ਤੇਗ਼ ਬਹਾਦਰ ਸਾਹਿਬ ਆਪਣੇ ਜੀਜਾ ਜੀ ਭਾਈ ਸਾਧੂ ਰਾਮ ਨੂੰ ਮਲ੍ਹਾ ਵਿਚ ਛੱਡ ਕੇ ਸੁਲਤਾਨਪੁਰ ਵਲ ਚਲ ਪਏ, ਜਿੱਥੋਂ ਅੱਗੇ ਉਹ ਬਕਾਲਾ ਚਲੇ ਗਏ।

ਗੁਰੂ ਹਰਕਿਸ਼ਨ ਸਾਹਿਬ ਦਾ ਜੋਤੀ-ਜੋਤਿ ਸਮਾਉਣਾ: 24 ਮਾਰਚ 1664 ਦੇ ਦਿਨ (ਗੁਰੂ) ਤੇਗ਼ ਬਹਾਦਰ ਸਾਹਿਬ ਦਿੱਲੀ ਤੋਂ ਪੰਜਾਬ ਵਲ ਚਲੇ ਗਏ ਸਨ। ਅਗਲੇ ਦਿਨ 25 ਮਾਰਚ ਨੂੰ ਗੁਰੂ ਹਰਕ੍ਰਿਸ਼ਨ ਸਾਹਿਬ ਤੇ ਔਰੰਗਜ਼ੇਬ ਵਿਚਕਾਰ ਪਹਿਲੀ ਮੁਲਾਕਾਤ ਹੋਈ। ਔਰੰਗਜ਼ੇਬ ਨੇ ਉਨ੍ਹਾਂ ਨੂੰ ਦੋ ਦਿਨ ਬਾਅਦ ਫੇਰ ਮਿਲਣ ਵਾਸਤੇ ਕਿਹਾ।

ਉਸ ਰਾਤ ਨੂੰ ਗੁਰੂ ਸਾਹਿਬ ’ਤੇ ਚੀਚਕ ਦੀ ਬੀਮਾਰੀ ਨੇ ਹਮਲਾ ਕੀਤਾ। ਅਗਲੇ ਚਾਰ ਦਿਨ ਬੁਖਾਰ ਵਧਦਾ ਗਿਆ। ਅਖ਼ੀਰ ਸਮਾਂ ਆਇਆ ਜਾਣ ਕੇ ਆਪ ਨੇ 30 ਮਾਰਚ 1664 ਦੇ ਦਿਨ ਸਾਰਿਆਂ ਨੂੰ ਕੋਲ਼ ਬੁਲਾ ਕੇ ਆਖਿਆ ਕਿ ਮੇਰੇ ਮਗਰੋਂ ਗੁਰਗੱਦੀ ‘ਬਕਾਲੇ ਵਾਲੇ ਬਾਬੇ’ (ਗੁਰੂ ਤੇਗ਼ ਬਹਾਦਰ ਸਾਹਿਬ) ਨੂੰ ਸੌਂਪਣੀ ਹੈ। ਇਹ ਕਹਿਣ ਤੋਂ ਥੋੜ੍ਹਾ ਚਿਰ ਮਗਰੋਂ ਹੀ ਉਹ ਜੋਤੀ-ਜੋਤਿ ਸਮਾ ਗਏ। ਸਸਕਾਰ ਕਰਨ ਤੋਂ ਕੁਝ ਦਿਨ ਮਗਰੋਂ ਮਾਤਾ ਸੁਲਖਣੀ ਨੇ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਗੁਰਗੱਦੀ ਸੰਭਾਲ਼ਨ ਵਾਸਤੇ ਬਕਾਲੇ ਪੈਗਾਮ ਭੇਜਿਆ।

ਗੁਰਗੱਦੀ ਸੰਭਾਲ਼ਨ ਦੀ ਅਰਦਾਸ: ਅਪ੍ਰੈਲ ਤੋਂ ਜੁਲਾਈ ਤਕ ਚਾਰ ਮਹੀਨੇ ਸੰਗਤਾਂ ਕੀਰਤਪੁਰ ਆਉਂਦੀਆਂ ਰਹੀਆਂ। ਜਦ ਉਨ੍ਹਾਂ ਨੂੰ ਪਤਾ ਲੱਗਾ ਕਿ ਹੁਣ ਗੁਰਗੱਦੀ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਸੌਂਪ ਦਿੱਤੀ ਗਈ ਹੈ ਤੇ ਉਹ ਬਕਾਲਾ ਵਿਚ ਹਨ ਤਾਂ ਕੁਝ ਸਿੱਖ ਆਪ ਨੂੰ ਲੱਭਣ ਲਈ ਬਕਾਲਾ ਵਲ ਵੀ ਗਏ। ਗੁਰੂ ਸਾਹਿਬ ਨੇ ਬਕਾਲੇ ਵਿਚ ਰਹਿਣਾ ਹੀ ਮਨਜ਼ੂਰ ਕੀਤਾ। ਏਥੇ ਆਪ ਅਜੇ ਦੀਵਾਨ ਨਹੀਂ ਸਜਾਇਆ ਕਰਦੇ ਸਨ। ਅਖੀਰ ਚਾਰ ਮਹੀਨੇ ਉਡੀਕਣ ਮਗਰੋਂ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਮਾਤਾ ਸੁਲੱਖਣੀ ਜੀ, ਦੀਵਾਨ ਦਰਗਹ ਮੱਲ, ਭਾਈ ਮਨੀ ਰਾਮ (ਭਾਈ ਮਨੀ ਸਿੰਘ) ਅਤੇ ਬਹੁਤ ਸਾਰੇ ਸਿੱਖਾਂ ਨੇ ਬਕਾਲਾ ਜਾ ਕੇ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਗੁਰਗੱਦੀ ਸੰਭਾਲ਼ਨ ਵਾਸਤੇ ਅਰਜ਼ ਕਰਨ ਅਤੇ ਇਸ ਰਸਮ ਦੀ ਅਰਦਾਸ ਕਰਨ ਦਾ ਫ਼ੈਸਲਾ ਕਰ ਲਿਆ। ਇਹ ਸਾਰੇ ਜਣੇ 11 ਅਗਸਤ 1664 ਦੇ ਦਿਨ ਬਕਾਲੇ ਪੁੱਜੇ ਅਤੇ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਮਿਲੇ। ਗੁਰੂ ਸਾਹਿਬ ਨੂੰ ਗੁਰਗੱਦੀ ਸੌਂਪਣ ਦੀ ਅਰਦਾਸ ਬਾਬਾ ਦਵਾਰਕਾ ਦਾਸ (ਬੇਟਾ ਬਾਬਾ ਅਰਜਾਨੀ, ਪੋਤਾ ਬਾਬਾ ਮੋਹਰੀ ਤੇ ਪੜਪੋਤਾ ਗੁਰੂ ਅਮਰਦਾਸ ਜੀ) ਨੇ ਨਿਭਾਈ। ਇਸ ਮੌਕੇ ’ਤੇ ਬਹੁਤ ਸਾਰੀਆਂ ਸੰਗਤਾਂ ਹਾਜ਼ਰ ਸਨ। ਇਸ ਸਬੰਧੀ ਇਕ ਇੰਦਰਾਜ ਭੱਟ ਵਹੀਆਂ ਵਿਚ ਇੰਞ ਮਿਲਦਾ ਹੈ:

‘ਦੀਵਾਨ ਦਰਗਹ ਮੱਲ ਬੇਟਾ ਦਵਾਰਕਾ ਦਾਸ ਕਾ ਪੋਤਾ ਪਰਾਗ ਦਾਸ ਕਾ, ਚਉਪਤਿ ਰਾਏ ਬੇਟਾ ਪੈਰੇ ਕਾ ਪੋਤਾ ਗੌਤਮ ਕਾ ਛਿਬਰ ਬ੍ਰਾਹਮਣ, ਜੇਠਾ ਮਾਈ ਦਾਸ ਕਾ, ਮਨੀ ਰਾਮ ਮਾਈ ਦਾਸ ਕਾ ਬਲਉਂਤ ਜਲ੍ਹਾਨੇ, ਜੱਗੂ ਬੇਟਾ ਪਦਮਾ ਕਾ ਪੋਤਾ ਕਉਲੇ ਕਾ ਹਜਾਵਤ ਆਂਬਿਆਨਾ, ਨਾਨੂ ਬੇਟਾ ਬਾਘੇ ਕਾ ਪੋਤਾ ਉਮੈਦੇ ਕਾ, ਦਿੱਲੀ ਸੇ ਗੁਰੂ ਹਰਕ੍ਰਿਸ਼ਨ ਜੀ ਮਹਿਲ ਅਠਮੇ ਕੀ ਮਾਤਾ ਸੁਲੱਖਣੀ ਕੇ ਸਾਥ ਬਕਾਲੇ ਆਏ। ਸਾਲ ਸਤਰਾਂ ਸੈ ਇਕੀਸ ਭਾਦਵਾ ਕੀ ਅਮਾਵਸ ਕੇ ਦਿਨ।’ (ਭੱਟ ਵਹੀ ਤਲਾਉਂਢਾ, ਪਰਗਣਾ ਜੀਂਦ, ਖਾਤਾ ਜਲਾਹਨੋਂ ਕਾ)

ਗੁਰਗੱਦੀ ਸੰਭਾਲ਼ਨ ਮਗਰੋਂ ਗੁਰੂ ਤੇਗ਼ ਬਹਾਦਰ ਸਾਹਿਬ ਦਾ ਸਭ ਤੋਂ ਪਹਿਲਾ ਦੌਰਾ ਕੀਰਤਪੁਰ ਸਾਹਿਬ ਦਾ ਸੀ। ਜੂਨ 1656 ਵਿਚ ਪੂਰਬ ਦੇ ਦੌਰੇ ਮਗਰੋਂ ਆਪ ਪਿਛਲੇ ਅੱਠ ਸਾਲ ਵਿਚ ਇਕ ਵਾਰ ਵੀ ਸਿੱਖ ਕੌਮ ਦੇ ਹੈਡ-ਕੁਆਰਟਰਜ਼ ਕੀਰਤਪੁਰ ਨਹੀਂ ਸਨ ਜਾ ਸਕੇ। ਇਸ ਦੌਰਾਨ ਗੁਰੂ ਹਰਿਰਾਇ ਸਾਹਿਬ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੋਤੀ-ਜੋਤਿ ਸਮਾ ਚੁੱਕੇ ਸਨ। ਇਨ੍ਹਾਂ ਤੋਂ ਇਲਾਵਾ ਗੁਰੂ ਹਰਿਰਾਇ ਸਾਹਿਬ ਦੀ ਬੇਟੀ ਬੀਬੀ ਰੂਪ ਕੌਰ ਦਾ ਵਿਆਹ ਹੋ ਚੁੱਕਾ ਸੀ ਤੇ ਉਹ ਆਪਣੇ ਪਤੀ ਨਾਲ ਕੀਰਤਪੁਰ ਦੇ ਨਾਲ ਲਗਵੇਂ ਪਿੰਡ ਕਲਿਆਣਪੁਰ ਵਿਚ ਰਹਿ ਰਹੀ ਸੀ। ਇਸ ਕਰ ਕੇ ਗੁਰੂ ਸਾਹਿਬ ਨੇ ਸਭ ਤੋਂ ਪਹਿਲਾਂ ਬੀਬੀ ਰੂਪ ਕੌਰ ਨੂੰ ਮਿਲਣ ਦਾ ਫ਼ੈਸਲਾ ਕੀਤਾ ਤਾਂ ਜੋ ਉਸ ਦੇ ਪਿਤਾ ਤੇ ਭਰਾ ਦੇ ਜੋਤੀ-ਜੋਤਿ ਸਮਾਉਣ ਸਬੰਧੀ ‘ਪਰਚਾਵਨੀ’ ਕਰ ਸਕਣ। 21 ਅਗਸਤ 1664 ਦੇ ਦਿਨ ਆਪ ਬੀਬੀ ਰੂਪ ਕੌਰ ਦੇ ਘਰ ਪੁੱਜੇ। ਇਸ ਮੌਕੇ ’ਤੇ ਆਪ ਨਾਲ ਬਹੁਤ ਸਾਰੇ ਦਰਬਾਰੀ ਸਿੱਖ ਵੀ ਸਨ। ਇਸ ਬਾਰੇ ਭੱਟ ਵਹੀ ਮੁਲਤਾਨੀ ਸਿੰਧੀ ਵਿਚ ਇੰਞ ਜ਼ਿਕਰ ਆਉਂਦਾ ਹੈ:

‘ਗੁਰੂ ਤੇਗ ਬਹਾਦਰ ਜੀ ਮਹਲ ਨਾਂਵੇਂ, ਬਕਾਲਾ ਸੇ ਕੀਰਤਪੁਰ ਆਏ, ਪਰਗਨਾ ਕਹਿਲੂਰ, ਸਾਲ ਸਤਰਾਂ ਸੈ ਇਕੀਸ ਭਾਦਵਾ ਸੁਦੀ ਦਸਮੀਂ, ਖੇਮ ਕਰਨ ਧੁੱਸੇ ਖਤਰੀ ਕੇ ਘਰ ਬੀਬੀ ਰੂਪ ਕਉਰ ਕੇ ਬਲਾਉਨਾ। ਸਾਥ ਦਵਾਰਕਾ ਦਾਸ ਆਇਆ ਬੇਟਾ ਅਰਜਾਨੀ ਸਾਹਿਬ ਭੱਲੇ ਕਾ, ਸਾਥ ਦੀਵਾਨ ਦਰਘਾ ਮਲ ਆਇਆ ਬੇਟਾ ਦਵਾਰਕਾ ਦਾਸ ਛਿਬਰ ਕਾ, ਸਾਥ ਜੱਗੂ ਬੇਟਾ ਪਦਮਾ ਕਾ ਆਇਆ, ਹਜਾਵਤ ਆਂਬਿਆਨਾ।…’ (ਭੱਟ ਵਹੀ ਮੁਲਤਾਨੀ ਸਿੰਧੀ, ਪਰਗਣਾ ਜੀਂਦ, ਖਾਤਾ ਹਜਾਵਤੋਂ ਕਾ)

(ਸਤਿਕਾਰ ਸਹਿਤ: ਕਿਤਾਬ ‘ਮੁਕੰਮਲ ਸਿੱਖ ਤਵਾਰੀਖ਼’ 2008, ਵਿੱਚੋਂ)