ਬੰਦਾ ਸਿੰਘ ਬਹਾਦਰ

0
104

ਬੰਦਾ ਸਿੰਘ ਬਹਾਦਰ

ਗਿਆਨੀ ਅਵਤਾਰ ਸਿੰਘ

ਬੰਦਾ ਸਿੰਘ ਬਹਾਦਰ (27 ਅਕਤੂਬਰ 1670 -9 ਜੂਨ 1716) ਸਿੱਖਾਂ ਦੀ ਸੈਨਾ ਦਾ ਸੈਨਾਪਤੀ ਸੀ। ਉਸ ਦੇ ਬਚਪਨ ਦਾ ਨਾਂ ਲਛਮਣ ਦੇਵ ਸੀ, ਪਰ ਉਹ ਲਛਮਣ ਦਾਸ ਅਤੇ ਮਾਧੋ ਦਾਸ ਦੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਸੀ। ਉਸ ਨੇ 15 ਸਾਲ ਦੀ ਉਮਰ ਵਿੱਚ ਵੈਰਾਗੀ ਬਣਨ ਲਈ ਘਰ ਛੱਡ ਦਿੱਤਾ ਤਾਂ ਉਸ ਨੂੰ ਮਾਧੋ ਦਾਸ ਦੇ ਨਾਂ ਨਾਲ ਜਾਣਿਆ ਜਾਣ ਲੱਗਿਆ। ਉਸ ਨੇ ਗੋਦਾਵਰੀ ਨਦੀ ਦੇ ਕਿਨਾਰੇ ਆਪਣਾ ਆਸ਼ਰਮ ਬਣਾਇਆ। ਇੱਥੇ ਹੀ ਉਸ ਦੀ ਮੁਲਾਕਾਤ ਸਤੰਬਰ 1708 ਈਸਵੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਈ ਅਤੇ ਉਹ, ਉਨ੍ਹਾਂ ਦਾ ਸ਼ਰਧਾਲੂ ਬਣ ਗਿਆ। ਗੁਰੂ ਜੀ ਨੇ ਹੀ ਉਸ ਨੂੰ ਬੰਦਾ ਸਿੰਘ ਬਹਾਦਰ ਦਾ ਨਾਂ ਦਿੱਤਾ ਅਤੇ ਪੰਜਾਬ ਵਿੱਚ ਮੁਗਲਾਂ ਵਿਰੁੱਧ ਸਿੱਖਾਂ ਦੀ ਅਗਵਾਈ ਕਰਨ ਲਈ ਭੇਜਿਆ।

ਗੁਰਦਾਸ ਨੰਗਲ ਵਿੱਚ ਦਸੰਬਰ 1715 ਵਿੱਚ ਗਿ੍ਫ਼ਤਾਰ ਕੀਤੇ ਬੰਦਾ ਸਿੰਘ, ਉਸ ਦੇ ਸਾਥੀ ਅਤੇ ਮਗਰੋਂ ਗਿ੍ਫ਼ਤਾਰ ਕੀਤੇ ਸਿੱਖ ਕੈਦੀਆਂ ਨੂੰ 27 ਫ਼ਰਵਰੀ, 1716 ਦੇ ਦਿਨ ਦਿੱਲੀ ਦੇ ਬਾਹਰਵਾਰ ਪਿੰਡ ਅਗਰਾਬਾਦ ਕੋਲ ਲਿਆਂਦਾ ਗਿਆ।  29 ਫ਼ਰਵਰੀ, 1716 ਨੂੰ ਇਨ੍ਹਾਂ ਕੈਦੀਆਂ ਦਾ ਦਿੱਲੀ ਵਿੱਚ ਜਲੂਸ ਕੱਢਿਆ ਗਿਆ। ਜਲੂਸ ਦੇ ਸਭ ਤੋਂ ਅੱਗੇ ਇੱਕ ਬੈਂਡ-ਵਾਜਾ ਜਾ ਰਿਹਾ ਸੀ। ਇਹ ਜਲੂਸ ਦਿੱਲੀ ਨੇੜਲੇ ਪਿੰਡ ਅਗਰਾਬਾਦ ਤੋਂ ਸ਼ੁਰੂ ਹੋ ਕੇ, 10 ਕਿਲੋਮੀਟਰ ਦੂਰ, ਲਾਲ ਕਿਲ੍ਹਾ ਤੱਕ ਲਿਜਾਇਆ ਗਿਆ। ਇਸ ਬੈਂਡ ਦੇ ਪਿੱਛੇ 2000 ਸਿੱਖਾਂ ਦੇ ਸਿਰ ਸਨ, ਜਿਨ੍ਹਾਂ ’ਚ ਤੂੜੀ ਭਰ ਕੇ ਬਾਂਸਾਂ ’ਤੇ ਲਟਕਾਇਆ ਹੋਇਆ ਸੀ, ਜਾ ਰਹੇ ਸਨ। ਇਨ੍ਹਾਂ ਦੇ ਸਿਰਾਂ ਦੇ ਵਾਲ ਖੁਲ੍ਹੇ ਰੱਖੇ ਹੋਏ ਸਨ ਤਾਂ ਜੋ ਲੋਕ ਪਛਾਣ ਸਕਣ ਕਿ ਇਹ ਸਿੱਖਾਂ ਦੇ ਹੀ ਸਿਰ ਹਨ। ਇਨ੍ਹਾਂ ਦੀ ਗਿਣਤੀ ਵਧਾਉਣ ਵਾਸਤੇ ਕੁੱਝ ਔਰਤਾਂ ਦੇ ਸਿਰ ਵੀ ਵੱਢ ਕੇ ਸ਼ਾਮਲ ਕਰ ਦਿੱਤੇ ਗਏ, ਜੋ ਲੰਮੇ ਵਾਲਾਂ ਕਾਰਨ ਸਿੱਖ ਹੀ ਜਾਪਦੀਆਂ ਸਨ। ਇਸ ਪਿੱਛੇ ਇੱਕ ਹਾਥੀ ਸੀ, ਜਿਸ ’ਤੇ ਰੱਖੇ ਹੋਏ ਪਿੰਜਰੇ ਵਿੱਚ ਬੰਦਾ ਸਿੰਘ ਬਹਾਦਰ ਸੀ। ਬੰਦਾ ਸਿੰਘ ਦਾ ਮਜ਼ਾਕ ਉਡਾਉਣ ਵਾਸਤੇ ਉਸ ਨੂੰ ਇੱਕ ਲਾੜੇ ਵਾਂਗ ਸੁਨਹਿਰੀ ਜ਼ਰੀ ਵਾਲੀ ਲਾਲ ਪੱਗ, ਅਨਾਰ ਦੇ ਫ਼ੁਲਾਂ ਦੇ ਰੰਗ ਦਾ ਸ਼ਾਹੀ ਚੋਲਾ ਪਾਇਆ ਹੋਇਆ ਸੀ। ਉਸ ਦੇ ਸਿਰ ’ਤੇ ਇੱਕ ਲਕੜੀ ਦਾ ਖੋਖਾ, ਤਿੰਨ-ਚਾਰ ਕਿਲੋ ਮਿੱਟੀ ਨਾਲ ਭਰ ਕੇ ਰੱਖਿਆ ਹੋਇਆ ਸੀ, ਜਿਸ ਦੇ ਭਾਰ ਨਾਲ ਉਹ ਗਰਦਨ ਝੁਕਾਈ ਟੇਢਾ ਬੈਠਾ ਸੀ। ਬੰਦਾ ਸਿੰਘ ਭਾਵੇਂ ਪਿੰਜਰੇ ਵਿੱਚ ਬੰਦ ਸੀ, ਪਰ ਫਿਰ ਵੀ ਉਸ ਪਿੱਛੇ ਨੰਗੀ ਤਲਵਾਰ ਹੱਥ ਵਿੱਚ ਫੜ ਕੇ ਇੱਕ ਸਿਪਾਹੀ ਖੜ੍ਹਾ ਕੀਤਾ ਹੋਇਆ ਸੀ ਕਿਉਂਕਿ ਮੁਗ਼ਲ ਡਰਦੇ ਸੀ ਕਿ ਕਿਤੇ ਬੰਦਾ ਜਾਦੂ ਨਾਲ ਉੱਡ ਹੀ ਨਾ ਜਾਵੇ। ਬੰਦਾ ਸਿੰਘ ਵਾਲੇ ਹਾਥੀ ਦੇ ਪਿੱਛੇ 740 ਕੈਦੀ ਸਨ। ਇਨ੍ਹਾਂ ਦੇ ਮੂੰਹਾਂ ’ਤੇ ਕਾਲਖ਼ ਮਲੀ ਹੋਈ ਸੀ। ਉਨ੍ਹਾਂ ਦਾ ਇਕ-ਇਕ ਹੱਥ ਗਰਦਨ ਦੇ ਪਿੱਛੇ ਕਰ ਕੇ ਸ਼ਿਕੰਜੇ ਵਿੱਚ ਕੱਸ ਕੇ ਬੰਨ੍ਹਿਆ ਹੋਇਆ ਸੀ। ਉਨ੍ਹਾਂ ਦੇ ਸਿਰਾਂ ’ਤੇ ਕਾਗ਼ਜ਼ਾਂ ਦੀਆਂ ਖੋਖਾ-ਟੋਪੀਆਂ ਰੱਖੀਆਂ ਹੋਈਆਂ ਸਨ ਤੇ ਉਨ੍ਹਾਂ ਦੇ ਜਿਸਮਾਂ ’ਤੇ ਭੇਡਾਂ ਦੀ ਖੱਲ ਲਵ੍ਹੇਟੀ ਹੋਈ ਸੀ। ਉਨ੍ਹਾਂ ਦਾ ਇਹ ਰੂਪ, ਉਨ੍ਹਾਂ ਦਾ ਮਜ਼ਾਕ ਉਡਾਉਣ ਅਤੇ ਉਨ੍ਹਾਂ ਦੀ ਬੇਇੱਜ਼ਤੀ ਕਰਨ ਵਾਸਤੇ ਬਣਾਇਆ ਗਿਆ ਸੀ। ਉਨ੍ਹਾਂ ਨੂੰ ਦੋ-ਦੋ ਕਰ ਕੇ ਕਾਠੀਆਂ ਤੋਂ ਸੱਖਣੇ ਊਠਾਂ ’ਤੇ ਬੈਠਾਇਆ ਹੋਇਆ ਸੀ। ਇਸ ਜਲੂਸ ਪਿੱਛੇ ਮੁਹੰਮਦ ਅਮੀਨ ਖ਼ਾਨ, ਉਸ ਦਾ ਪੁੱਤਰ ਕਮਰ-ਉਦ-ਦੀਨ ਖ਼ਾਨ ਅਤੇ ਜ਼ਕਰੀਆ ਖ਼ਾਨ ਪੁੱਤਰ ਅਬਦੁਸ ਸਮਦ ਖ਼ਾਨ, ਜੋ ਮਗਰੋਂ ਲਾਹੌਰ ਦਾ ਸੂਬੇਦਾਰ ਬਣਿਆ, ਜੇਤੂਆਂ ਵਾਂਗ ਆਕੜ-ਆਕੜ ਕੇ ਚੱਲ ਰਹੇ ਸਨ। ਇਹ ਜਲੂਸ ਲਾਹੌਰੀ ਗੇਟ ਦੇ ਰਸਤਿਉਂ ਦਿੱਲੀ ਸ਼ਹਰ ਵਿੱਚ ਦਾਖ਼ਲ ਹੋਇਆ। ਇਸ ਜਲੂਸ ਨੂੰ ਵੇਖਣ ਵਾਸਤੇ ਦਿੱਲੀ ਦੇ ਸਾਰੇ ਲੋਕ ਸੜਕਾਂ ’ਤੇ ਆਏ ਹੋਏ ਸਨ। ਸ਼ਹਰ ਵਿੱਚ ਕੋਈ ਵੀ ਸ਼ਖ਼ਸ ਐਸਾ ਨਹੀਂ ਸੀ ਰਿਹਾ, ਜਿਸ ਨੇ ਇਹ ਨਜ਼ਾਰਾ ਨਾ ਵੇਖਿਆ ਹੋਵੇ। ਲੱਖਾਂ ਲੋਕਾਂ ਦੀਆਂ ਭੀੜਾਂ ਕਾਰਨ ਏਨੀ ਘੁਟਣ ਸੀ ਕਿ ਇਸ ਮੌਕੇ ’ਤੇ ਸਾਹ ਲੈਣਾ ਵੀ ਮੁਸ਼ਕਲ ਹੋਇਆ ਪਿਆ ਸੀ। ਲੋਕ ਸਿੱਖਾਂ ਨੂੰ ਮਜ਼ਾਕ ’ਚ ਉਨ੍ਹਾਂ ਵੱਲ ਵੇਖ ਕੇ ਕੋਝੀਆਂ ਸੈਨਤਾਂ ਕਰ ਰਹੇ ਸਨ। ਜਦੋਂ ਬੰਦਾ ਸਿੰਘ ਬਹਾਦਰ ਨੂੰ ਬਾਦਸ਼ਾਹ ਫ਼ਰਖ਼ਸੀਅਰ ਕੋਲ ਪੇਸ਼ ਕੀਤਾ ਗਿਆ ਸੀ ਤਾਂ ਬਾਦਸ਼ਾਹ ਨੇ ਬੰਦਾ ਸਿੰਘ ਨੂੰ ਪੁੱਛਿਆ ਕਿ ਤੂੰ ਆਪਣੇ ਵਾਸਤੇ ਕਿਹੋ ਜਹੀ ਮੌਤ ਚੁਣੇਗਾ ? ਇਸ ’ਤੇ ਬੰਦਾ ਸਿੰਘ ਨੇ ਇੱਕ ਦਮ ਕਿਹਾ, ਜਿਹੋ ਜਹੀ ਬਾਦਸ਼ਾਹ ਤੂੰ ਆਪਣੀ ਮੌਤ ਚਾਹਵੇਂਗਾ।

ਅਰੰਭ ਦਾ ਜੀਵਨ : ਬੰਦਾ ਸਿੰਘ ਬਹਾਦਰ ਦਾ ਜਨਮ ਰਾਜੌਰੀ (ਜੰਮੂ-ਕਸ਼ਮੀਰ) ਵਿਖੇ ਇੱਕ ਕਿਸਾਨ ਰਾਮ ਦੇਵ ਦੇ ਘਰ ਹਿੰਦੂ ਪਰਵਾਰ ਵਿੱਚ ਹੋਇਆ ਸੀ। ਬਹੁਤੇ ਸਰੋਂਤਾ ਰਾਹੀਂ ਉਸ ਨੂੰ ਡੌਗਰਾ ਰਾਜਪੂਤ ਦੱਸਿਆ ਗਿਆ। ਉਸ ਨੂੰ ਬੰਦਾ ਬੈਰਾਗੀ ਵੀ ਕਿਹਾ ਜਾਂਦਾ ਹੈ ਕਿਉਂਕਿ ਉਹ ਅਸਲ ਵਿੱਚ ਵੈਸ਼ਨਵ ਸੰਪ੍ਰਦਾ ਦਾ ਪੈਰੋਕਾਰ ਸੀ, ਜਿਸ ਨੂੰ ਬੈਰਾਗੀ ਜਾਂ ਵੈਰਾਗੀ ਕਿਹਾ ਜਾਂਦਾ ਹੈ।

ਅਰੰਭਕ ਜਿੱਤਾਂ : ਗੁਰੂ ਗੋਬਿੰਦ ਸਿੰਘ ਨਾਲ ਮੁਲਾਕਾਤ ਤੋਂ ਬਾਅਦ ਉਸ ਨੇ ਕੁੱਝ ਸਿੱਖਾਂ ਸਮੇਤ ਖੰਡਾ ਵੱਲ ਮਾਰਚ ਕੀਤਾ ਅਤੇ ਸਿੱਖ ਫ਼ੌਜ ਦੀ ਸਹਾਇਤਾ ਨਾਲ ਮੁਗਲਾਂ ਨਾਲ ਸੋਨੀਪਤ ਦੀ ਲੜਾਈ ਲੜੀ। ਸੰਨ 1709 ਵਿਚ ਉਸ ਨੇ ਸਮਾਣਾ ਦੇ ਯੁੱਧ ਵਿਚ ਮੁਗਲਾਂ ਨੂੰ ਹਰਾਇਆ ਅਤੇ ਮੁਗਲ ਸ਼ਹਰ ਸਮਾਣਾ ਉੱਤੇ ਕਬਜ਼ਾ ਕਰ ਲਿਆ। ਸਮਾਣਾ ’ਚੋਂ ਮੁਗਲਾਂ ਤੋਂ ਸਿੱਕੇ ਜਬਤ ਕਰਕੇ ਸਿੱਖ ਆਰਥਿਕ ਤੌਰ ’ਤੇ ਸਥਿਰ ਹੋ ਗਏ। ਸਿੱਖਾਂ ਨੇ ਜਲਦੀ ਹੀ ਮੁਸਤਫਾਬਾਦ ਅਤੇ ਸਾਧੋਰਾ (ਨੇੜੇ ਜਗਾਧਰੀ) ਨੂੰ ਆਪਣੇ ਕਬਜ਼ੇ ਵਿਚ ਕਰ ਲਿਆ। ਫਿਰ ਸਿੱਖਾਂ ਨੇ ਮਲੇਰਕੋਟਲਾ ਅਤੇ ਨਾਹਨ ਸਮੇਤ ਪੰਜਾਬ ਦੇ ਸੀਸ-ਸਤਲੁਜ ਇਲਾਕਿਆਂ ’ਤੇ ਕਬਜ਼ਾ ਕਰ ਲਿਆ।  12 ਮਈ 1710 ਨੂੰ ਚੱਪੜਚਿੜੀ ਦੇ ਯੁੱਧ ਵਿਚ ਸਿੱਖਾਂ ਨੇ ਸਰਹਿੰਦ ਦੇ ਰਾਜਪਾਲ ਵਜ਼ੀਰ ਖ਼ਾਨ ਅਤੇ ਦੀਵਾਨ ਸੁਚਾਨੰਦ ਨੂੰ ਮਾਰ ਦਿੱਤਾ, ਜੋ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਬੱਚਿਆਂ ਦੀ ਸ਼ਹਾਦਤ ਲਈ ਜ਼ਿੰਮੇਵਾਰ ਸਨ। ਦੋ ਦਿਨਾਂ ਬਾਅਦ ਸਿੱਖਾਂ ਨੇ ਸਰਹਿੰਦ ਉੱਤੇ ਕਬਜ਼ਾ ਕਰ ਲਿਆ। ਬੰਦਾ ਸਿੰਘ ਬਹਾਦਰ ਦਾ ਕਬਜ਼ਾ ਹੁਣ ਸਤਲੁਜ ਤੋਂ ਯਮੁਨਾ ਤੱਕ ਦੇ ਖੇਤਰ ਵਿਚ ਸੀ ਅਤੇ ਉਸ ਨੇ ਆਦੇਸ਼ ਕਰ ਦਿੱਤਾ ਕਿ ਜ਼ਮੀਨ ਦੀ ਮਾਲਕੀ ਕਿਸਾਨਾਂ ਨੂੰ ਦਿੱਤੀ ਜਾਵੇ ਤਾਂ ਜੋ ਉਹ ਇੱਜ਼ਤ ਅਤੇ ਸਵੈ-ਮਾਣ ਨਾਲ ਜੀ ਸਕਣ।

ਇਨਕਲਾਬੀ : ਸਥਾਨਕ ਪਰੰਪਰਾ ਯਾਦ ਕਰਦੀ ਹੈ ਕਿ ਸਦੌਰਾ ਦੇ ਆਸ-ਪਾਸ ਦੇ ਲੋਕ ਬੰਦਾ ਸਿੰਘ ਕੋਲ ਆਪਣੇ ਜ਼ਿਮੀਂਦਾਰਾਂ ਦੁਆਰਾ ਕੀਤੇ ਜਾਂਦੇ ਕੁਕਰਮਾਂ ਦੀ ਸ਼ਿਕਾਇਤ ਕਰਨ ਆਏ ਸਨ। ਬੰਦਾ ਸਿੰਘ ਨੇ ਬਾਬਾ ਬਾਜ ਸਿੰਘ ਨੂੰ ਉਨ੍ਹਾਂ ’ਤੇ ਗੋਲੀ ਚਲਾਉਣ ਦਾ ਹੁਕਮ ਦਿੱਤਾ। ਲੋਕ ਉਨ੍ਹਾਂ ਦੀ ਨੁਮਾਇੰਦਗੀ ਦੇ ਅਜੀਬ ਜਵਾਬ ਤੋਂ ਹੈਰਾਨ ਹੋਏ ਅਤੇ ਉਨ੍ਹਾਂ ਨੂੰ ਪੁੱਛਿਆ ਕਿ ਇਸ ਦਾ ਕੀ ਮਤਲਬ ਹੈ। ਉਸ ਨੇ ਉਹਨਾਂ ਨੂੰ ਦੱਸਿਆ ਕਿ ਉਹ ਹਜ਼ਾਰਾਂ ਦੀ ਗਿਣਤੀ ਵਿੱਚ ਹੋਣ ਦੇ ਬਾਵਜੂਦ ਇਸ ਤੋਂ ਵਧੀਆ ਸਲੂਕ ਦੇ ਹੱਕਦਾਰ ਨਹੀਂ ਹਨ, ਫਿਰ ਵੀ ਉਹਨਾਂ ਨੇ ਆਪਣੇ ਆਪ ਨੂੰ ਮੁੱਠੀ ਭਰ ਜ਼ਿਮੀਂਦਾਰਾਂ ਦੇ ਅਧੀਨ ਹੋਣ ਦਿੱਤਾ। ਉਸ ਨੇ ਸਢੌਰੇ ਦੀ ਲੜਾਈ ਵਿੱਚ ਸੱਯਦ ਅਤੇ ਸ਼ੇਖਾਂ ਨੂੰ ਹਰਾਇਆ।

ਫੌਜੀ ਹਮਲੇ : ਬੰਦਾ ਸਿੰਘ ਬਹਾਦਰ ਨੇ ਮੁਖਲਿਸਗੜ੍ਹ ਪਿੰਡ ਦਾ ਵਿਕਾਸ ਕੀਤਾ ਅਤੇ ਇਸ ਨੂੰ ਆਪਣੀ ਰਾਜਧਾਨੀ ਬਣਾਇਆ। ਫਿਰ ਉਸ ਨੇ ਇਸ ਦਾ ਨਾਮ ਬਦਲ ਕੇ ਲੋਹਗੜ (ਸਟੀਲ ਦਾ ਕਿਲ੍ਹਾ) ਰੱਖਿਆ। ਜਿੱਥੇ ਉਸ ਨੇ ਆਪਣਾ ਟਕਸਾਲ ਜਾਰੀ ਕੀਤਾ। ਉਸ ਨੇ ਅੱਧੇ ਸਾਲ ਲਈ ਪੰਜਾਬ ਵਿੱਚ ਰਾਜ ਸਥਾਪਿਤ ਕੀਤਾ। ਬੰਦਾ ਸਿੰਘ ਨੇ ਸਿੱਖਾਂ ਨੂੰ ਉੱਤਰ ਪ੍ਰਦੇਸ਼ ਭੇਜਿਆ ਅਤੇ ਸਿੱਖਾਂ ਨੇ ਸਹਾਰਨਪੁਰ, ਜਲਾਲਾਬਾਦ, ਮੁਜ਼ੱਫਰਨਗਰ ਅਤੇ ਹੋਰ ਨੇੜਲੇ ਇਲਾਕਿਆਂ ਉੱਤੇ ਕਬਜ਼ਾ ਕਰ ਲਿਆ।

ਬਾਬਾ ਬੰਦਾ ਸਿੰਘ ਬਹਾਦਰ ਦੀ ਵਧਦੀ ਸ਼ਕਤੀ ਕਾਰਨ ਉੱਤਰ ਭਾਰਤ ਵਿੱਚ ਮੁਗਲ ਸਾਮਰਾਜ ਕਮਜੋਰ ਹੋ ਰਿਹਾ ਸੀ, ਸੰਨ-1713 ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣਾ ਟਿਕਾਣਾ ਗੁਰਦਾਸਪੁਰ ਜਾਂ ਗੁਰਦਾਸ ਨੰਗਲ ਨੂੰ ਬਣਾ ਲਿਆ। ਸੰਨ-1715 ਨੂੰ ਮੁਗਲ ਸਾਮਰਾਜ ਦੇ ਬਾਦਸ਼ਾਹ ਫਾਰੂਖਸੀਅਰ ਨੇ ਸਿੱਖਾਂ ਦੀ ਤਾਕਤ ਨੂੰ ਦਬਾਉਣ ਦੀ ਤਿਆਰੀ ਕਰ ਲਈ। ਉਸ ਨੇ ਆਪਣੇ ਕਈ ਵੱਡੇ ਜਰਨੈਲ, ਅਫ਼ਸਰ ਅਤੇ ਲਾਹੌਰ ਦੇ ਸੂਬੇਦਾਰ ਅਬਦੁਸ ਸਮਦ ਖਾਨ ਨੂੰ ਭੇਜ ਕੇ ਗੁਰਦਾਸ ਨੰਗਲ ’ਤੇ ਘੇਰਾ ਪਾ ਦਿੱਤਾ। ਇਹ ਘੇਰਾ ਮਾਰਚ 1715 ਤੋਂ ਦਸੰਬਰ 1715 ਤੱਕ ਲਗਾਤਾਰ ਕਈ ਮਹੀਨੇ ਪਿਆ ਰਿਹਾ। ਆਖ਼ਿਰ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਸ ਦੇ 3 ਸਾਲ ਦੇ ਨਿੱਕੇ ਪੁੱਤਰ ਅਜੈ ਸਿੰਘ ਨੂੰ 740 ਸਿੰਘਾਂ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਤੇ ਜ਼ਕਰੀਆ ਖ਼ਾਨ ਦੇ ਹੇਠ ਦਿੱਲੀ ਭੇਜਿਆ ਗਿਆ। ਉੱਥੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਈ ਤਸੀਹੇ ਦਿੱਤੇ ਗਏ ਅਤੇ ਜੂਨ ਸੰਨ-1716 ਨੂੰ ਬੰਦਾ ਸਿੰਘ ਬਹਾਦਰ ਅਤੇ ਉਸ ਦੇ ਪੁੱਤਰ ਨੂੰ ਸਖ਼ਤ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ।