ਬਲਿਹਾਰੀ ਕੁਦਰਤਿ ਵਸਿਆ ॥
ਗਿਆਨੀ ਬਲਜੀਤ ਸਿੰਘ (ਡਾਇਰੈਕਟਰ ਆੱਫ ਐਜੂਕੇਸ਼ਨ)
ਵਿਚਾਰ ਅਧੀਨ ਪੰਗਤੀ ‘‘ਬਲਿਹਾਰੀ ਕੁਦਰਤਿ ਵਸਿਆ ॥’’ ਆਸਾ ਕੀ ਵਾਰ ਦੀ ਪਉੜੀ ਨੰਬਰ 12 ਦੇ ਨਾਲ ਦਰਜ ਸਲੋਕ ‘‘ਦੁਖੁ ਦਾਰੂ ਸੁਖੁ ਰੋਗੁ ਭਇਆ.. ॥’’ ਦੀ ‘ਰਹਾਉ’ ਵਾਲੀ ਪੰਕਤੀ ਦਾ ਹਿੱਸਾ ਹੈ, ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 469 ’ਤੇ ਸੁਭਾਇਮਾਨ ਗੁਰੂ ਨਾਨਕ ਸਾਹਿਬ ਜੀ ਦੁਆਰਾ ਉਚਾਰਨ ਕੀਤੀ ਗਈ ਹੈ।
ਕਰਤੇ ਪੁਰਖ ਦੀ ਰਚਨਾ ਵਿੱਚ ਅਟੱਲ ਨਿਯਮ ਹੈ, ‘‘ਦੂਖਾ ਤੇ ਸੁਖ ਊਪਜਹਿ; ਸੂਖੀ ਹੋਵਹਿ ਦੂਖ ॥’’ (ਮਹਲਾ ੧/ ਪੰਨਾ ੧੩੨੮) ਭਾਵ ਕਿ ਦੁੱਖਾਂ ਤੋਂ ਬਾਅਦ ਸੁੱਖ ਪ੍ਰਾਪਤ ਹੁੰਦਾ ਹੈ ਅਤੇ ਸੁੱਖਾਂ ’ਚੋਂ ਦੁੱਖ ਮਿਲਦੇ ਹਨ। ਗੁਰਮਤਿ ਅਨੁਸਾਰ ‘‘ਵਿਛੋੜਾ ਸੁਣੇ ਡੁਖੁ; ਵਿਣੁ ਡਿਠੇ ਮਰਿਓਦਿ ॥’’ (ਮਹਲਾ ੫/ ਪੰਨਾ ੧੧੦੦) ਭਾਵ ਦੁੱਖਾਂ ਦਾ ਕਾਰਨ ਪਰਮਾਤਮਾ ਸਿਰਜਣਹਾਰ ਵੱਲੋਂ ਪਿਆ ਵਿਛੋੜਾ ਹੈ ਜਦਕਿ ਉਸ ਤੋਂ ਵਿਛੁੜੇ ਅਸੀਂ ਭਰਮ-ਭੁਲੇਖੇ ਕਰਕੇ ਹਾਂ ਭਾਵ ਸਾਨੂੰ ਅਸਲੀਅਤ ਬਾਰੇ ਜਾਣਕਾਰੀ ਨਹੀਂ ਇਸ ਲਈ ਕਿਸੇ ਹੋਰ ਨੂੰ ਰੱਬ ਮੰਨ ਬੈਠੇ ਹਾਂ, ਇਸ ਲਈ ‘‘ਸੋ ਸੁਖੀਆ; ਜਿਸੁ ਭ੍ਰਮੁ ਗਇਆ ॥’’ (ਮਹਲਾ ੫/ ਪੰਨਾ ੧੧੮੦)
ਦੁੱਖਾਂ ਤੋਂ ਸੁੱਖ ਵੱਲ ਕੇਵਲ ਭਰਮ ਨਾਸ਼ ਕਰਨ ਨਾਲ ਹੀ ਤੁਰਿਆ ਜਾ ਸਕਦਾ ਹੈ। ਭਰਮ ਵਿੱਚ ਫਸੇ ਮਨੁੱਖ ਨੇ ਰੱਬ ਦੇ ਕਈ ਰੂਪ ਮਿੱਥ ਲਏ। ਜਦੋਂ ਖਾਲਿਕ ਜਾਂ ਕਾਦਿਰ ਬਾਰੇ ਭੁਲੇਖਾ ਪਿਆ ਤਾਂ ਖਲਕਤ ਜਾਂ ਕੁਦਰਤਿ ਬਾਰੇ ਕਿਵੇਂ ਨਾ ਭਰਮ ਖੜ੍ਹਾ ਹੋਵੇ ? ਇਸ ਭਰਮ ਦੇ ਕਾਰਨ ਹੀ ਖ਼ੁਦੀ (ਅਹੰਕਾਰ), ਬਖ਼ੀਲੀ (ਲਾਲਚ), ਤਕੱਬਰੀ (ਹਉਮੈ) ਕਰਦਿਆਂ ਮਨੁੱਖ ਨੇ ਚਾਰ ਵਰਨ, ਚਾਰ ਮਜ਼੍ਹਬ, ਚਾਰ ਆਸ਼੍ਰਮ ਆਦਿ ਹੋਂਦ ਵਿੱਚ ਲੈ ਆਂਦੇ, ਜਿਸ ਕਾਰਨ ਮਨੁੱਖਤਾ ਅੰਦਰ ਪਿਆਰ ਦੀ ਥਾਂ ਨਫ਼ਰਤ ਨੇ ਜਨਮ ਲੈ ਲਿਆ।
ਗੁਰੂ ਨਾਨਕ ਸਾਹਿਬ ਜੀ ਨੇ ਮਨੁੱਖਤਾ ਅੰਦਰ ਇਨਸਾਨੀਅਤ ਅਤੇ ਸਦਾਚਾਰੀ ਗੁਣ ਪੈਦਾ ਕਰਨ ਲਈ, ਸਰਬ ਸਾਂਝਾ ਧਰਮ ਪ੍ਰਗਟ ਕਰਨ ਲਈ ਮਹਾਨ ਘਾਲਣਾ ਇਹ ਘਾਲੀ ਕਿ ਲੰਬੇ ਪ੍ਰਚਾਰਕ ਦੌਰੇ ਕੀਤੇ। ਜਿੱਥੇ ਆਪ ਨੇ ਖਸਮ ਕੀ ਬਾਣੀ ਉਚਾਰਨ ਕੀਤੀ ਓਥੇ ਪੂਰੇ ਭਾਰਤ ਵਿੱਚੋਂ ਭਗਤ ਬਾਣੀ ਇਕੱਤਰ ਕੀਤੀ। ਇਹ ਮਹਾਨ ਕ੍ਰਾਂਤੀ ਕਦਮ ਸੀ ਕਿਉਂਕਿ ਦੂਜੀਆਂ ਸੰਪਰਦਾਵਾਂ ਦੀ ਬਾਣੀ ਦਾ ਗਿਆਨ ਨਾ ਹੋਣਾ ਵੀ ਸਾਡੇ ਮਨ ਵਿੱਚ ਉਨ੍ਹਾਂ ਲਈ ਸਤਿਕਾਰ ਪੈਦਾ ਨਹੀਂ ਹੋਣ ਦਿੰਦਾ। ਗੁਰੂ ਨਾਨਕ ਸਾਹਿਬ ਜੀ ਨੇ ਇੱਕ ਸੰਜੋਗਾਤਮਕ ਧਰਮ ਗ੍ਰੰਥ ਦਾ ਵਿਚਾਰ ਸੰਸਾਰ ਨੂੰ ਦਿੱਤਾ। ਆਪ ਜੀ ਨੇ ਇਸ ਮੰਤਵ ਦੀ ਸਿੱਧੀ ਲਈ ਦੋ ਗੱਲਾਂ ਦਾ ਧਿਆਨ ਰੱਖਿਆ:
ਪਹਿਲੀ ਇਹ ਕਿ ਆਪਣੇ ਧਰਮ ਵਿੱਚ ਪੱਖ ਪਾਤ ਅਤੇ ਸੰਪ੍ਰਦਾਈ ਰੁਚੀਆਂ ਨੂੰ ਦਾਖਲ ਨਹੀਂ ਹੋਣ ਦੇਣਾ। ਆਪ ਜੀ ਨੇ ਕਿਸੇ ਸ਼ਰਾ ਦਾ ਪ੍ਰਚਾਰ ਨਹੀਂ ਕੀਤਾ ਸਗੋਂ ਸਰਬ ਪ੍ਰਮਾਣਿਤ ਵਿਚਾਰਧਾਰਾ ਜਾਂ ਅਸੂਲਾਂ ਦਾ ਹੀ ਪ੍ਰਚਾਰ ਕੀਤਾ। ਸਮੁੱਚੀ ਗੁਰਬਾਣੀ ਵਿੱਚ ਇੱਕ ਸਤਰ ਵੀ ਕਿਸੇ ਭੇਖ ਦੇ ਧਾਰਨ ਦੀ ਹਮਾਇਤ ਨਹੀਂ ਕਰਦੀ ਹੈ ਤੇ ਕਿਸੇ ਸ਼ਰਾ ਦੀ ਪ੍ਰੋੜ੍ਹਤਾ ਵਿੱਚ ਵੀ ਨਹੀਂ । ਕਿਸੇ ਗ਼ੈਰ ਧਰਮੀ ਦਾ ਦਿਲ ਨਹੀਂ ਦੁਖਾ ਸਕਦੀ, ਕੇਵਲ ਭੇਖ ਦਾ ਖੰਡਨ ਕਰਦੀ ਹੈ, ਕਿਸੇ ਵਿਸ਼ੇਸ਼ ਜਮਾਤ ’ਤੇ ਹਮਲਾ ਨਹੀਂ। ਦੂਜੀ ਗੱਲ ਆਪ ਜੀ ਨੇ ਇਹ ਕੀਤੀ ਕਿ ਹੋਰਨਾਂ ਧਰਮਾਂ ਦੇ ਮਹਾਪੁਰਸ਼ਾਂ ਦੀ ਬਾਣੀ ਇਕੱਤਰ ਕਰ ਸਿੱਖਾਂ ਨੂੰ ਪੜ੍ਹਾਈ ਤਾਂ ਜੋ ਵੱਧ ਤੋਂ ਵੱਧ ਸਦਾਚਾਰੀ ਮਹਾਂ ਪੁਰਸ਼ਾਂ ਦੇ ਵਿਚਾਰਾਂ ਪ੍ਰਤੀ ਨਜ਼ਰੀਆ ਪਿਆਰ ਭਰਪੂਰ ਰਹੇ ਭਾਵੇਂ ਕਿ ਇਹ ਸੰਸਾਰ ਵਿੱਚ ਅਨੋਖਾ ਹੀ ਤਜਰਬਾ ਹੈ। ਸੰਸਾਰ ਦੇ ਧਰਮ ਇਤਿਹਾਸ ’ਚ ਕੋਈ ਮਿਸਾਲ ਨਹੀਂ ਹੈ ਕਿ ਸਾਰੇ ਸਿੱਖ ਸਵੇਰੇ ਉੱਠਦਿਆਂ ਭਾਰਤ ਦੇ ਕਈ ਮਹਾਪੁਰਸ਼ਾਂ ਨੂੰ ਮੱਥਾ ਟੇਕਦੇ ਹਨ ਕਿਉਂਕਿ ਗੁਰੂ ਗਰੰਥ ਸਾਹਿਬ ਵਿੱਚ ਉਨ੍ਹਾਂ ਦੀ ਬਾਣੀ ਸ਼ਾਮਲ ਹੈ।
ਸਿੱਖ, ਜਿੱਥੇ ਆਪਣੇ ਗੁਰੂ ਸਾਹਿਬਾਨ ਦਾ ਸਤਿਕਾਰ ਕਰਦੇ ਹਨ ਉੱਥੇ ਸ਼ੇਖ ਫਰੀਦ ਜੀ (ਮੁਸਲਮਾਨ), ਭਗਤ ਰਾਮਾਨੰਦ ਜੀ ਤੇ ਭਗਤ ਜੈ ਦੇਵ ਜੀ (ਬ੍ਰਾਹਮਣ) ਦਾ ਵੀ ਸਤਿਕਾਰ ਕਰਦੇ ਹਨ। ਭਗਤ ਕਬੀਰ ਜੀ, ਭਗਤ ਰਵਿਦਾਸ ਜੀ ਤੇ ਭਗਤ ਨਾਮਦੇਵ ਜੀ (ਮੰਨ ਜਾਂਦੇ ਅਖੌਤੀ ਅਛੂਤ ਜਾਤ) ਆਦਿ ਦਾ ਵੀ ਸਤਿਕਾਰ ਕਰਦੇ ਹਨ। ਭਗਤ ਸੈਣ ਜੀ, ਭਗਤ ਧੰਨਾ ਜੀ, ਸਧਨਾ ਜੀ ਆਦਿ ਸਾਰਿਆਂ ਨੂੰ ਨਮਸਕਾਰ ਕਰਦੇ ਹਨ। ਭਾਰਤ ਦੇ ਹਰ ਸੂਬੇ ਦੇ ਹਰ ਫਿਰਕੇ ਦਾ ਪ੍ਰਤੀਨਿਧ ਕਰਨ ਵਾਲੇ ਮਹਾਂ ਪੁਰਸ਼ਾਂ ਦਾ ਜੇ ਇੱਕ ਥਾਂ ਇਕੱਠਿਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਕਰਦਿਆਂ ਸਤਿਕਾਰ ਹੁੰਦਾ ਪਿਆ ਹੋਵੇ ਤਾਂ ਹਰ ਫਿਰਕੇ ਨੂੰ ਅਪਣੱਤ (ਆਪਣਾਪਣ) ਦਿਸ ਪਵੇਗੀ।
ਪਰਮਾਤਮਾ ਦਾ ਸਰੂਪ ਨਿਸ਼ਚਿਤ ਕਰਨ ਨਾਲੋਂ ਪਰਮਾਤਮਾ ਦੀ ਹੋਂਦ ਦਾ ਅਹਿਸਾਸ ਅਤੇ ਉਸ ਉੱਤੇ ਵਿਸ਼ਵਾਸ ਕਰਨਾ ਵਡੇਰੀ ਮਹਾਨਤਾ ਹੈ। ਅਕਾਲ ਪੁਰਖ ਵਾਙ ਉਸ ਦੇ ਗੁਣ ਵੀ ਅਬਿਨਾਸ਼ੀ ਹੁੰਦੇ ਹਨ ਜੋ ਨਾਸ਼ ਹੋਣ ਵਾਲੀ ਚੀਜ਼ ਨਹੀਂ, ਪਰ ਬੰਦਾ ਅਬਿਨਾਸ਼ੀ ਨਹੀਂ ਹੁੰਦਾ। ਸਚਾਈ ਵਾਲੇ ਵਿਚਾਰ ਹੀ ਸਥਿਰ ਹੁੰਦੇ ਹਨ ਕਿਉਂਕਿ ਉਹ ਵਿਚਾਰ ਰੱਬ ਦਾ ਨਾਮ ਹੁੰਦੇ ਹਨ ਅਤੇ ਰੱਬ ਵਾਂਗ ਉੱਚੇ ਅਤੇ ਸਥਿਰ ਹਨ, ‘‘ਵਡਾ ਸਾਹਿਬੁ ਊਚਾ ਥਾਉ ॥ ਊਚੇ ਉਪਰਿ ਊਚਾ ਨਾਉ ॥ (ਜਪੁ), ਵਡਾ ਸਾਹਿਬੁ ਵਡੀ ਨਾਈ ॥ (ਮਹਲਾ ੫/ ਪੰਨਾ ੧੦੮੧), ਨਾਮ ਕਰਕੇ ਪਰਮਾਤਮਾ ਵੱਡਾ ਹੈ ਅਤੇ ਨਾਮ ਹੀ ਉਸ ਦੀ ਮਹਾਨਤਾ ਹੈ, ਇਸ ਉੱਚੀ ਚੀਜ਼ ਨੂੰ ਪਕੜਨ ਲਈ ਬੰਦੇ ਦੀ ਸੋਚ ਦਾ ਵੀ ਉੱਚਾ ਹੋਣਾ ਜ਼ਰੂਰੀ ਹੈ, ‘‘ਏਵਡੁ ਊਚਾ ਹੋਵੈ ਕੋਇ ॥ ਤਿਸੁ ਊਚੇ ਕਉ ਜਾਣੈ ਸੋਇ ॥’’ (ਜਪੁ), ਇਹ ਮੁਕਾਮ ਪਾ ਕੇ ਜਗਿਆਸੂ; ਕੁਦਰਤ ਵਿੱਚੋਂ ਇਸ ਦੇ ਰਚੇਤੇ ਨੂੰ ਅਨੁਭਵ ਕਰਕੇ ਉਸ ਤੋਂ ਬਲਿਹਾਰ ਹੁੰਦਿਆਂ ਪੁਕਾਰਦਾ ਹੈ, ‘‘ਬਲਿਹਾਰੀ ਕੁਦਰਤਿ ਵਸਿਆ ॥ ਤੇਰਾ ਅੰਤੁ ਨ ਜਾਈ ਲਖਿਆ ॥੧॥ ਰਹਾਉ ॥’’ (ਆਸਾ ਕੀ ਵਾਰ/ ਮਹਲਾ ੧/ ਪੰਨਾ ੪੬੯)
ਪਰਮਾਤਮਾ, ਪੂਰੀ ਕਾਇਨਾਤ (ਸ੍ਰਿਸ਼ਟੀ) ਵਿੱਚ ਮੌਜੂਦ ਹੈ, ਸਾਰੀ ਸ੍ਰਿਸ਼ਟੀ ਉਸ ਤੋਂ ਬਣੀ ਹੈ, ਜੋ ਇਹ ਰਾਜ਼ ਸਮਝ ਕੇ ਉਸ ਦੀ ਵਡਿਆਈ ਕਰਦਾ ਹੈ ਉਹ ਇਸ ਸੰਸਾਰ-ਸਮੁੰਦਰ ਤੋਂ ਤਰ ਗਿਆ, ‘‘ਜਾਤਿ ਮਹਿ ਜੋਤਿ, ਜੋਤਿ ਮਹਿ ਜਾਤਾ; ਅਕਲ ਕਲਾ ਭਰਪੂਰਿ ਰਹਿਆ ॥ ਤੂੰ ਸਚਾ ਸਾਹਿਬੁ, ਸਿਫਤਿ ਸੁਆਲਿ੍ਉ; ਜਿਨਿ ਕੀਤੀ ਸੋ ਪਾਰਿ ਪਇਆ ॥’’ (ਮਹਲਾ ੧/ ਪੰਨਾ ੪੬੯) ਗੁਰੂ ਨਾਨਕ ਸਾਹਿਬ ਜੀ ਦੇ ਇਹ ਬਚਨ ਕਿਸੇ ਵਿਸ਼ੇਸ਼ ਵਰਗ ਲਈ ਨਹੀਂ ਸਗੋਂ ਸਮੁੱਚੀ ਮਾਨਵਤਾ ਲਈ ਸਾਂਝੇ ਹਨ ਕਿਉਂਕਿ ਰੱਬ ਸਭ ਦੇ ਅੰਦਰ ਹੈ ਅਤੇ ਸਾਂਝਾ ਹੈ, ‘‘ਸਭੇ ਸਾਝੀਵਾਲ ਸਦਾਇਨਿ; ਤੂੰ ਕਿਸੈ ਨ ਦਿਸਹਿ ਬਾਹਰਾ ਜੀਉ ॥ (ਮਹਲਾ ੫/ ਪੰਨਾ ੯੭), ਸਰਬ ਨਿਵਾਸੀ ਘਟਿ ਘਟਿ ਵਾਸੀ.. ॥’’ (ਮਹਲਾ ੫/ ਪੰਨਾ ੭੦੦)
ਸਾਨੂੰ ਅੱਖਾਂ ਕੇਵਲ ਸੰਸਾਰ ਦੇ ਕੌਤਕ ਤਮਾਸ਼ੇ ਦੇਖਣ ਨੂੰ ਨਹੀਂ ਮਿਲੀਆਂ ਬਲਕਿ ਕੁਦਰਤ ਵਿੱਚੋਂ ‘‘ਕੁਦਰਤਿ ਕਰਿ ਕੈ ਵਸਿਆ ਸੋਇ॥ (ਮਹਲਾ ੧/ ਪੰਨਾ ੮੩), ਸਭ ਤੇਰੀ ਕੁਦਰਤਿ, ਤੂੰ ਕਾਦਿਰੁ ਕਰਤਾ.. ॥ (ਮਹਲਾ ੧/੪੬੪) ਨੂੰ ਵੇਖਣ ਲਈ ਮਿਲੀਆਂ ਹਨ। ਬਾਣੀ ਫ਼ੁਰਮਾਉਂਦੀ ਹੈ ਕਿ ਸਭ ਅੰਦਰ ਉਸੇ ਦੀ ਜੋਤ-ਸ਼ਕਤੀ ਹੈ, ‘‘ਸਭ ਮਹਿ ਜੋਤਿ; ਜੋਤਿ ਹੈ ਸੋਇ ॥ ਤਿਸ ਦੈ ਚਾਨਣਿ; ਸਭ ਮਹਿ ਚਾਨਣੁ ਹੋਇ ॥’’ (ਮਹਲਾ ੧/ ਪੰਨਾ ੧੩)
ਸੋ ਸਪਸ਼ਟ ਹੈ ਕਿ ਉਸ ਪ੍ਰਭੂ ਦਾ ਸਿੰਘਾਸਣ ਕਿਸੇ ਖ਼ਾਸ ਥਾਂ ’ਤੇ ਨਹੀਂ ਸਗੋਂ ਹਰ ਜੀਵ ਦੇ ਹਿਰਦੇ ਵਿੱਚ, ਬਨਸਪਤੀ ਦੇ ਪੱਤੇ ਪੱਤੇ ਵਿੱਚ ਹੈ। ਅਸੀਂ ਵੇਖਦੇ ਹਾਂ ਕਿ ਜਲ, ਥਲ, ਮਹੀਅਲ ਵਿੱਚ; ਜਿੱਥੇ ਵੀ ਉਸ ਮਾਲਕ ਨੇ ਜੀਵ ਜੰਤ ਪੈਦਾ ਕੀਤੇ ਹਨ ਓਥੇ ਹੀ ਉਨ੍ਹਾਂ ਦੇ ਭੋਜਨ ਦਾ ਪ੍ਰਬੰਧ ਵੀ ਕੀਤਾ ਹੋਇਆ ਹੈ। ਉਸ ਦੇ ਰਿਜ਼ਕ ਭੰਡਾਰੇ ਸ੍ਰਿਸ਼ਟੀ ਦੇ ਚੱਪੇ ਚੱਪੇ ’ਤੇ ਹਨ। ਨਹੀਂ ਨਹੀਂ ! ! ਉਸ ਦੇ ਭੰਡਾਰੇ ਤਾਂ ਮਾਤ ਲੋਕ, ਪਾਤਾਲ ਲੋਕ ਆਦਿ ਸਭ ਲੋਕਾਂ ਵਿੱਚ ਹਨ, ਜੋ ਆਦਿ ਕਾਲ ਤੋਂ ਚਲਦੇ ਆ ਰਹੇ ਹਨ ਜਦ ਤੋਂ ਇਹ ਸ੍ਰਿਸ਼ਟੀ ਦੀ ਰਚਨਾ ਹੋਈ ਹੈ।
ਮਨੁੱਖਤਾ ਵਿੱਚੋਂ ਜਾਤਾਂ ਪਾਤਾਂ ਦੇ ਵਿਤਕਰੇ ਮਿਟਾ ਕੇ ‘‘ਜਿਥੈ ਨੀਚ ਸਮਾਲੀਅਨਿ; ਤਿਥੈ ਨਦਰਿ ਤੇਰੀ ਬਖਸੀਸ ॥’’ (ਮਹਲਾ ੧/ ੧੫) ਉਪਦੇਸ਼ ਦਿੱਤਾ। ਭਾਈ ਮਰਦਾਨਾ ਜੀ, ਭਾਈ ਲਾਲੋ ਜੀ ’ਚੋਂ ਉਸੇ ਦੀ ਜੋਤ ਦਾ ਪ੍ਰਕਾਸ਼ ਵੇਖਿਆ। ਉਸ ਸਮਰੱਥ ਪ੍ਰਭੂ ਤੋਂ ਬਲਿਹਾਰ ਜਾਂਦਿਆਂ ਉਸ ਦੀ ਸਮਰੱਥਾ ਅੱਗੇ ਨਤ ਮਸਤਕ ਹੁੰਦਿਆਂ ‘‘ਕਹੁ ਨਾਨਕ ! ਕਰਤੇ ਕੀਆ ਬਾਤਾ; ਜੋ ਕਿਛੁ ਕਰਣਾ ਸੁ ਕਰਿ ਰਹਿਆ॥’’ (ਮਹਲਾ ੧/ ੪੬੯) ਸਿਧਾਂਤ ਦਸਾਂ ਪਾਤਿਸ਼ਾਹੀਆਂ ਨੇ ਦ੍ਰਿੜ੍ਹ ਕਰਵਾਇਆ, ਜੋ ਅੱਜ ਸਾਡੇ ਸਾਹਮਣੇ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਸੁਭਾਇਮਾਨ ਹੈ।
ਸਤਿਗੁਰੂ ਅਮਰਦਾਸ ਜੀ ਦੇ ਵਚਨ ਹਨ, ‘‘ਏਹੁ ਵਿਸੁ ਸੰਸਾਰੁ ਤੁਮ ਦੇਖਦੇ; ਏਹੁ ਹਰਿ ਕਾ ਰੂਪੁ ਹੈ, ਹਰਿ ਰੂਪੁ ਨਦਰੀ ਆਇਆ॥ (ਮਹਲਾ ੩/ ੯੨੨), ਸਤਿਗੁਰੂ ਅਰਜਨ ਸਾਹਿਬ ਜੀ ਨੇ ਧਰਮਾਂ ਦੇ ਨਾਂ ’ਤੇ ਫਿਰਕਾ ਪ੍ਰਸਤੀ, ਖਿਚੋਤਾਣ ਤੋਂ ਨਿਰਲੇਪ ਹੁੰਦਿਆਂ ਫ਼ੁਰਮਾਇਆ, ‘‘ਨਾ ਕੋ ਬੈਰੀ, ਨਹੀ ਬਿਗਾਨਾ; ਸਗਲ ਸੰਗਿ ਹਮ ਕਉ ਬਨਿ ਆਈ ॥ (ਮਹਲਾ ੫/ ੧੨੯੯), ਏਕ ਰੂਪ ਸਗਲੋ ਪਾਸਾਰਾ ॥ ਆਪੇ ਬਨਜੁ ਆਪਿ ਬਿਉਹਾਰਾ ॥੧॥ ਐਸੋ ਗਿਆਨੁ ਬਿਰਲੋ ਈ ਪਾਏ ॥ ਜਤ ਜਤ ਜਾਈਐ; ਤਤ ਦ੍ਰਿਸਟਾਏ ॥੧॥ ਰਹਾਉ ॥ ਅਨਿਕ ਰੰਗ; ਨਿਰਗੁਨ ਇਕ ਰੰਗਾ ॥ ਆਪੇ ਜਲੁ; ਆਪ ਹੀ ਤਰੰਗਾ ॥੨॥ ਆਪ ਹੀ ਮੰਦਰੁ; ਆਪਹਿ ਸੇਵਾ ॥ ਆਪ ਹੀ ਪੂਜਾਰੀ; ਆਪ ਹੀ ਦੇਵਾ ॥੩॥ ਆਪਹਿ ਜੋਗ; ਆਪ ਹੀ ਜੁਗਤਾ॥ ਨਾਨਕ ਕੇ ਪ੍ਰਭ ! ਸਦ ਹੀ ਮੁਕਤਾ ॥੪॥’’ (ਮਹਲਾ ੫/ ੮੦੩), ਇਸੇ ਤਰ੍ਹਾਂ ਕਬੀਰ ਸਾਹਿਬ ਜੀ ਨੇ ਜਿੱਥੇ ਬ੍ਰਹਿਮੰਡ ਦੇ ਵਿੱਚੋਂ ਉਸ ਦੀ ਜੋਤਿ ਦਾ ਅਨੰਦ ਮਾਣਦਿਆਂ ਫ਼ੁਰਮਾਇਆ, ‘‘ਓਇ ਜੁ ਦੀਸਹਿ; ਅੰਬਰਿ ਤਾਰੇ ॥ ਕਿਨਿ ਓਇ ਚੀਤੇ ? ਚੀਤਨਹਾਰੇ ॥ (ਭਗਤ ਕਬੀਰ/ ਪੰਨਾ ੩੨੯), ਸੂਰਜ ਚੰਦੁ ਕਰਹਿ ਉਜੀਆਰਾ॥ ਸਭ ਮਹਿ ਪਸਰਿਆ; ਬ੍ਰਹਮ ਪਸਾਰਾ ॥’’ (ਭਗਤ ਕਬੀਰ/ ਪੰਨਾ ੩੨੯)
‘‘ਅਵਲਿ ਅਲਹ ਨੂਰੁ ਉਪਾਇਆ; ਕੁਦਰਤਿ ਕੇ ਸਭ ਬੰਦੇ ॥’’ (ਭਗਤ ਕਬੀਰ/ ਪੰਨਾ ੧੩੪੯) ਉਪਦੇਸ਼ ਕਰਕੇ ਊਚ ਨੀਚ, ਅਮੀਰੀ ਗਰੀਬੀ ਦੇ ਭੇਦ ਭਾਵ ਤੋਂ ਮਨੁੱਖ ਨੂੰ ਮੁਕਤ ਕੀਤਾ। ਭਗਤ ਨਾਮਦੇਵ ਜੀ ‘‘ਜਤ੍ਰ ਜਾਉ ਤਤ ਬੀਠਲੁ ਭੈਲਾ ॥ ਮਹਾ ਅਨੰਦ ਕਰੇ, ਸਦ ਕੇਲਾ ॥੧॥ ਰਹਾਉ ॥’’ (ਭਗਤ ਨਾਮਦੇਵ/ ਪੰਨਾ ੪੮੫) ਬਚਨਾਂ ਨਾਲ਼ ਅਨੰਦਿਤ ਹੁੰਦੇ ਰਹੇ। ਭਗਤ ਰਵੀਦਾਸ ਜੀ ‘‘ਸਰਬੇ ਏਕੁ ਅਨੇਕੈ ਸੁਆਮੀ; ਸਭ ਘਟ ਭੁੋਗਵੈ ਸੋਈ ॥ ਕਹਿ ਰਵਿਦਾਸ ਹਾਥ ਪੈ ਨੇਰੈ; ਸਹਜੇ ਹੋਇ ਸੁ ਹੋਈ ॥’’ (ਭਗਤ ਰਵਿਦਾਸ/ ਪੰਨਾ ੬੫੮) ਮਹਿਸੂਸ ਕਰਦੇ ਰਹੇ। ਭਗਤ ਰਾਮਾਨੰਦ ਜੀ ‘‘ਤੂ ਪੂਰਿ ਰਹਿਓ ਹੈ ਸਭ ਸਮਾਨ ॥’’ (ਭਗਤ ਰਾਮਾਨੰਦ/ ਪੰਨਾ ੧੧੯੫) ਵਾਲੀ ਦਿਬ ਦ੍ਰਿਸ਼ਟੀ ਨਾਲ ਹਰ ਪਾਸੇ ਉਸੇ ਦਾ ਪ੍ਰਕਾਸ਼ ਮਾਣਦੇ ਰਹੇ। ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ ਫੁੱਲ ਅੰਦਰ ਵਸਦੀ ਸੁਗੰਧ ਅਤੇ ਸ਼ੀਸ਼ੇ ’ਚ ਵਿਖਾਈ ਦਿੰਦੀ ਬੰਦੇ ਦੀ ਪਰਛਾਈ ਵਾਂਗ ਹਰੀ ਨੂੰ ਅੰਗ-ਸੰਗ ਮਾਣਿਆ ‘‘ਪੁਹਪ ਮਧਿ ਜਿਉ ਬਾਸੁ ਬਸਤੁ ਹੈ; ਮੁਕਰ ਮਾਹਿ ਜੈਸੇ ਛਾਈ ॥ ਤੈਸੇ ਹੀ ਹਰਿ ਬਸੇ ਨਿਰੰਤਰਿ; ਘਟ ਹੀ ਖੋਜਹੁ ਭਾਈ !॥’’ (ਮਹਲਾ ੯/ ਪੰਨਾ ੬੮੪) ਬਾਬਾ ਫ਼ਰੀਦ ਜੀ ਨੇ ‘‘ਸਭਨਾ ਮੈ ਸਚਾ ਧਣੀ ॥’’ (ਬਾਬਾ ਫਰੀਦ ਜੀ/ ਪੰਨਾ ੧੩੮੪) ਫ਼ੁਰਮਾਇਆਛ ਬਾਬਾ ਫ਼ਰੀਦ ਜੀ ਨੂੰ ਸੰਬੋਧਨ ਹੁੰਦੀਆਂ ਗੁਰੂ ਅਰਜਨ ਸਾਹਿਬ ਜੀ ਨੇ ਇਉਂ ਬਚਨ ਉਚਾਰੇ ‘‘ਫਰੀਦਾ ! ਖਾਲਕੁ ਖਲਕ ਮਹਿ; ਖਲਕ ਵਸੈ ਰਬ ਮਾਹਿ ॥ ਮੰਦਾ ਕਿਸ ਨੋ ਆਖੀਐ ? ਜਾਂ ਤਿਸੁ ਬਿਨੁ ਕੋਈ ਨਾਹਿ ॥’’ (ਮਹਲਾ ੫/ ਪੰਨਾ ੧੩੮੧), ਗੁਰੂ ਗੋਬਿੰਦ ਸਿੰਘ ਜੀ ਨੇ ਫ਼ੁਰਮਾਇਆ ‘‘ਮਾਨਸ ਕੀ ਜਾਤਿ; ਸਬੈ ਏਕੈ ਪਹਚਾਨਬੋ ॥’’ (ਅਕਾਲ ਉਸਤਤਿ)
ਸੋ ਸਮੁੱਚੀ ਗੁਰਬਾਣੀ ਵਿੱਚ ਸਦਾਚਾਰਕ ਅਤੇ ਇਨਸਾਨੀਅਤ ਦੀਆਂ ਕਦਰਾਂ ਕੀਮਤਾਂ ਦ੍ਰਿੜ੍ਹ ਕਰਵਾਈਆਂ ਗਈਆਂ ਤਾਂ ਜੋ ਪੂਰੀ ਮਨੁੱਖਤਾ ਆਪਣੇ ਅੰਦਰੋਂ ਪ੍ਰਭੂ ਜੋਤਿ ਨੂੰ ਅਨੁਭਵ ਕਰਕੇ ਉਸ ਸ਼ਕਤੀ ਤੋਂ ਬਲਿਹਾਰ ਜਾਵੇ, ਉਸ ਦੇ ਗੁਣ ਗਾਇਣ ਕਰਦੀ ਰਹੇ ਕਿ, ‘‘ਬਲਿਹਾਰੀ, ਕੁਦਰਤਿ ਵਸਿਆ ॥ ਤੇਰਾ ਅੰਤੁ ਨ ਜਾਈ ਲਖਿਆ ॥੧॥ ਰਹਾਉ ॥’’ (ਮਹਲਾ ੧/ ਪੰਨਾ ੪੬੯)