ਕਰਨਲ ਸੁਰਜੀਤ ਸਿੰਘ ਨਿਸ਼ਾਨ ਦੇ ਨਾਮ ਇਕ ਹੋਰ ਖ਼ੱਤ (ਚਿੱਠੀ ਨੰਬਰ 45)

0
388

ਕਰਨਲ ਨਿਸ਼ਾਨ ਜੀ, ਅੰਮਿਤ੍ਰਸਰ ਇਸੇ ਧਰਤੀ ਉਤੇ ਹੀ ਹੈ।

ਸ. ਸੁਰਜੀਤ ਸਿੰਘ ਨਿਸ਼ਾਨ ਜੀ,

ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫ਼ਿਤਹ।

ਵਿਸ਼ਾ :- ਸਵਾਲ ਨੰਬਰ 23

ਲੈ: ਕਰਨਲ ਸੁਰਜੀਤ ਸਿੰਘ ਨਿਸ਼ਾਨ ਜੀ, ਜਿਵੇਂ ਕਿ ਆਪ ਜੀ ਜਾਣਦੇ ਹੀ ਹੋ, ਕਿ ਤੁਹਾਡੀ ਕਿਤਾਬ, “ਗੁਰਪੁਰਬ ਦਰਪਣ” ਵਿੱਚ ਦਰਜ ਤੁਹਾਡੇ ਨਿਮਰਤਾ ਭਰੇ ਸ਼ਬਦ, “ਭੁਲਣ ਅੰਦਾਰ ਸਭੁ ਕੋ, ਅਭੁਲ ਗੁਰੂ ਕਰਤਾਰ’ ਮਹਾਂਵਾਕ ਅਨੁਸਾਰ ਬੰਦਾ ਖਿਣ-ਖਿਣ ਭੁੱਲਣਹਾਰ ਹੈ ਅਤੇ ਅੰਕਾਂਦੇ ਇਸ ਹਿਸਾਬ ਕਿਤਾਬ ਵਿੱਚ ਛਪਾਈ ਸਮੇਂ ਜੇ ਕੋਈ ਤਰੁੱਟੀ ਰਹਿ ਗਈ ਹੋਵੇ ਤਾਂ ਉਸ ਦੀ ਜਾਣਕਾਰੀ ਦਾਸ ਨੂੰ ਦੇਣ ਦੀ ਕਿਰਪਾਲਤਾ ਕਰਨੀ, ਦਾਸ ਧੰਨਵਾਦੀ ਹੋਵੇਗਾ”, ਨੂੰ ਮੁੱਖ ਰੱਖ ਕੇ ਪਿਛਲੇ ਲੰਮੇ ਸਮੇਂ ਤੋਂ ਤੁਹਾਡੇ ਹਿਸਾਬ ਕਿਤਾਬ ਵਿੱਚ ਹੋਈਆਂ ਕੁਝ ਅਹਿਮ ਭੁੱਲਾਂ ਵੱਲ ਤੁਹਾਡਾ ਧਿਆਨ ਦਿਵਾਉਂਦਾ ਰਿਹਾ ਹਾਂ, ਪਰ ਆਪ ਨੇ ਕਦੇ ਹੁੰਗਾਰਾ ਨਹੀਂ ਭਰਿਆ। ਸਵਾਲਾਂ ਦੀ ਇਸੇ ਲੜੀ ਤਹਿਤ, ਤੁਹਾਡੇ ਵੱਲੋਂ ਕੀਤੀ ਗਈ ਇਕ ਹੋਰ ਗਲਤ ਬਿਆਨੀ (ਸਵਾਲ #23) ਵੱਲ ਤੁਹਾਡੇ ਸਮੇਤ ਸਮੂਹ ਸੰਗਤਾਂ ਦਾ ਧਿਆਨ ਦਿਵਾ ਰਿਹਾ ਹਾਂ।

ਸਵਾਲ:- ਈਕੁਈਨਾਕਸ (Equinox) ਭਾਵ 20/21 ਮਾਰਚ ਵਾਲੇ ਦਿਨ ਸਾਰੀ ਦੁਨੀਆ ’ਤੇ ਦਿਨ ਅਤੇ ਰਾਤ 12-12 ਘੰਟਿਆਂ ਦੇ ਹੁੰਦੇ ਹਨ ਪਰ 2003 ਵਾਲੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਅੰਮ੍ਰਿਤਸਰ ਵਿੱਚ 4 ਚੇਤ/17 ਮਾਰਚ ਨੂੰ ਸੂਰਜ 6:40 ’ਤੇ ਚੜਦਾ ਅਤੇ ਸ਼ਾਮ 6:40 ’ਤੇ ਡੁੱਬਦਾ ਵਿਖਾਇਆ ਗਿਆ ਹੈ ਭਾਵ ਕਿ ਦਿਨ 12 ਘੰਟੇ ਦਾ ਹੈ। ਕੀ ਅੰਮ੍ਰਿਤਸਰ ਵਿੱਚ ਸੂਰਜ/ਧਰਤੀ ਦੀ ਗਤੀ ਦੁਨੀਆਂ ਨਾਲੋਂ ਕੁਝ ਵੱਖਰੀ ਹੈ ?

ਜਵਾਬ :- ਬਿਲਕੁਲ ਨਹੀਂ। ਸੂਰਜ/ਧਰਤੀ ਦੀ ਗਤੀ ਸਾਰੀ ਦੁਨੀਆਂ ਲਈ ਇੱਕੋ ਹੀ ਹੈ। ਜਿਸ ਤਰਾਂ ਨਾਨਕਸ਼ਾਹੀ ਕੈਲੰਡਰ ਦੀਆਂ ਨਾਨਕਸ਼ਾਹੀ ਤਾਰੀਖ਼ਾਂ ਵਿੱਚ ਜ਼ਰੂਰੀ ਸੋਧਾਂ ਨਾ ਲਗਵਾਉਣ ਕਾਰਨ ਸਾਰੀਆਂ ਗੁਰ ਪੁਰਬਾਂ ਦੀਆਂ ਤਾਰੀਖ਼ਾਂ 4 ਤੋਂ 7ਦਿਨਾਂ ਤੱਕ ਗਲਤ ਮਿਥੀਆਂ ਗਈਆਂ ਹਨ, ਉਸੇ ਤਰਾਂ ਸੂਰਜ ਚੜਨ ਅਤੇ ਡੁੱਬਣ ਦੇ ਸਮਾਂ ਵਿੱਚ ਰਿਫ਼ਰੈਕਸ਼ਨ ਦੀ ਸੋਧ (Refraction Correction) ਨਾ ਲਾਉਣ ਕਰਕੇ ਨਾਨਕਸ਼ਾਹੀ ਕੈਲੰਡਰ ਵਿੱਚ ਦਿੱਤੇ, ਅੰਮ੍ਰਿਤਸਰ ਵਿੱਚ ਸੂਰਜ ਚੜ੍ਹਨ ਅਤੇ ਡੁੱਬਣ ਦੇ ਸਾਰੇ ਸਾਲ ਦੇ 365 ਦਿਨਾਂ ਦੇ ਸਮੇਂ ਗਲਤ ਹਨ। ਜਿਸ ਦਾ ਨਤੀਜਾ ਹੈ ਕਿ ਦਿਨ ਅਤੇ ਰਾਤ 20/21 ਮਾਰਚ ਨੂੰ ਬਰਾਬਰ ਹੋਣ ਦੀ ਬਜਾਏ 4ਦਿਨ ਪਹਿਲਾ ਹੀ ਭਾਵ ਕਿ 17 ਮਾਰਚ ਨੂੰ ਬਰਾਬਰ ਭਾਵ 12-12 ਘੰਟਿਆਂ ਦਾ ਹੋ ਰਿਹਾ ਹੈ”। (ਗੁਰ ਪੁਰਬ ਦਰਪਣ, ਪੰਨਾ 33)

ਕਰਨਲ ਨਿਸ਼ਾਨ ਜੀ, ਤੁਹਾਡੇ ਇਸ ਜਵਾਬ ਵਿੱਚ ਦੋ ਨੁਕਤੇ ਉਭਰ ਕੇ ਸਾਹਮਣੇ ਆਉਂਦੇ ਹਨ।

 (1) ਗੁਰ ਪੁਰਬਾਂ ਦੀਆਂ ਤਾਰੀਖ਼ਾਂ 4 ਤੋਂ 7 ਦਿਨਾਂ ਤੱਕ ਗਲਤ ਮਿੱਥੀਆਂ ਗਈਆਂ ਹਨ।

(2) ਸੂਰਜ ਚੜਨ ਅਤੇ ਡੁੱਬਣ ਦੇ ਸਮੇਂ ਵਿੱਚ ਰਿਫ਼ਰੈਕਸ਼ਨ ਦੀ ਸੋਧ (Refraction Correction) ਨਾ ਲਾਉਣ ਕਰਕੇ ਅੰਮ੍ਰਿਤਸਰ ਵਿੱਚ ਸੂਰਜ ਚੜ੍ਹਨ ਅਤੇ ਡੁੱਬਣ ਦਾ ਸਮਾਂ ਗਲਤ ਹੈ।

ਪਹਿਲੇ ਨੁਕਤੇ ਸਬੰਧੀ ਮੈਂ ਪਹਿਲਾਂ ਵੀ ਬੇਨਤੀ ਕਰ ਚੁਕਿਆ ਹਾਂ ਕਿ ਆਉ, ਤੁਹਾਡੇ ਫਾਰਮੂਲੇ ਨਾਲ ਹੀ, ਸਾਰੀਆਂ ਤਾਰੀਖ਼ਾਂ ਦੀ ਪੜਤਾਲ ਕਰੀਏ, ਜਿਸ ਦਾ ਆਪ ਨੇ ਕੋਈ ਜਵਾਬ ਨਹੀਂ ਦਿੱਤਾ। ਇਥੇ ਤੁਹਾਡੇ ਵੱਲੋਂ ਸਭ ਤੋਂ ਵੱਧ ਪ੍ਰਚਾਰੀ ਜਾਂਦੀ, ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀ ਤਾਰੀਖ, 1 ਜਨਵਰੀ ਦੀ ਪੜਤਾਲ ਕਰ ਲੈਂਦੇ ਹਾਂ। ਤੁਹਾਡਾ ਦਾਅਵਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀ ਤਾਰੀਖ 23 ਪੋਹ ਸੰਮਤ 1723 ਬਿਕ੍ਰਮੀ (22 ਦਸੰਬਰ 1666 ਈ: ਜੂਲੀਅਨ), ਜੋ ਨਾਨਕਸ਼ਾਹੀ ਕੈਲੰਡਰ ਵਿੱਚ 23 ਪੋਹ/5 ਜਨਵਰੀ ਦਰਜ ਹੈ। ਇਹ 4ਦਿਨਾਂ ਦੇ ਫਰਕ ਨਾਲ ਗਲਤ ਹੈ। ਤੁਹਾਡੀ ਖੋਜ ਮੁਤਾਬਕ ਸਹੀ ਤਾਰੀਖ 23 ਪੋਹ/1 ਜਨਵਰੀ ਬਣਦੀ ਹੈ। ਚਲੋ ! ਮੰਨ ਲੈਂਦੇ ਹਾਂ ਕਿ ਤੁਹਾਡਾ ਗਣਿਤ ਸਹੀ ਹੈ। ਆਓ ਹੁਣ ਤੁਹਾਡੇ ਇਸੇ ਫਾਰਮੂਲੇ ਨਾਲ ਵੈਸਾਖੀ ਭਾਵ 1 ਵੈਸਾਖ ਸੰਮਤ 1756 ਬਿਕ੍ਰਮੀ (29 ਮਾਰਚ 1699 ਈ: ਜੂਲੀਅਨ) ਦੀ ਪੜਤਾਲ ਕਰੀਏ। ਤੁਹਾਡੇ ਫਾਰਮੂਲੇ ਨਾਲ ਜਦੋਂ ਮੈਂ ਇਹ ਪੜਤਾਲ ਕੀਤੀ ਤਾਂ ਇਹ 8 ਅਪ੍ਰੈਲ ਬਣਦੀ ਹੈ, ਪਰ ਤੁਹਾਡੀ ਕਿਤਾਬ ਵਿੱਚ, “ਸੰਮਤ ਨਾਨਕਸ਼ਾਹੀ 551 ਵਿੱਚ ਆਉਣ ਵਾਲੇ ਪੁਰਬ” (ਪੰਨਾ 86) ਵਿੱਚ ਤਾਂ 14 ਅਪ੍ਰੈਲ 2019 ਈ: ਦਰਜ ਹੈ। ਸ਼੍ਰੋਮਣੀ ਕਮੇਟੀ ਵੱਲੋਂ ਛਾਪੇ ਗਏ ਕੈਲੰਡਰ ਵਿੱਚ ਵੀ ਇਹ 14 ਅਪ੍ਰੈਲ ਹੀ ਦਰਜ ਹੈ। ਇਥੇ ਤਾਂ 6 ਦਿਨਾਂ ਦਾ ਫਰਕ ਹੈ। ਕੀ ਤੁਸੀਂ ਇਹ ਸਵੀਕਾਰ ਕਰਨ ਦਾ ਹੌਸਲਾ ਕਰੋਗੇ ਕਿ ਤੁਹਾਡੀ ਤਾਰੀਖ 6 ਦਿਨਾਂ ਦੇ ਫਰਕ ਨਾਲ ਗਲਤ ਹੈ ? ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇ ਨਾਨਕਸ਼ਾਹੀ ਕੈਲੰਡਰ ਵਿੱਚ ਦਰਜ 1 ਵੈਸਾਖ/14 ਅਪ੍ਰੈਲ ਗਲਤ ਹੈ। ਤੁਹਾਡੇ ਸ਼ਬਦ, “ਗੁਰ ਪੁਰਬਾਂ ਦੀਆਂ ਤਾਰੀਖ਼ਾਂ 4 – 7 ਦਿਨਾਂ ਤੱਕ ਗਲਤ ਮਿਥੀਆਂ ਗਈਆਂ ਹਨ”, ਤਾਂ ਤੁਹਾਡੀ ਕਿਤਾਬ ਵਿੱਚ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਛਾਪੇ ਗਏ ਸੰਮਤ 551 ਨਾਨਕਸ਼ਾਹੀ ਕੈਲੰਡਰ ਵਿੱਚ ਦਰਜ 1 ਵੈਸਾਖ/14 ਅਪ੍ਰੈਲ ਸਹੀ ਕਿਵੇਂ ਹੈ ?

ਤੁਹਾਡੇ ਲਿਖਤੀ ਦਾਅਵੇ, “ਸੂਰਜ ਚੜਨ ਅਤੇ ਡੁੱਬਣ ਦੇ ਸਮੇਂ ਵਿੱਚ ਰਿਫ਼ਰੈਕਸ਼ਨ ਦੀ ਸੋਧ (Refraction Correction) ਨਾ ਲਾਉਣ ਕਰਕੇ ਅੰਮ੍ਰਿਤਸਰ ਵਿੱਚ ਸੂਰਜ ਚੜ੍ਹਨ ਅਤੇ ਡੁੱਬਣ ਦਾ ਨਾਨਕਸ਼ਾਹੀ ਕੈਲੰਡਰ ਵਿੱਚ ਦਿੱਤੇ ਅੰਮ੍ਰਿਤਸਰ ਵਿੱਚ ਸੂਰਜ ਚੜ੍ਹਨ ਅਤੇ ਡੁੱਬਣ ਦੇ ਸਾਰੇ ਸਾਲ ਦੇ 365 ਦਿਨਾਂ ਦੇ ਸਮੇਂ ਗਲਤ ਹਨ”। ਸਬੰਧੀ ਬੇਨਤੀ ਇਹ ਹੈ ਕਿ ਕਰਨਲ ਨਿਸ਼ਾਨ ਜੀ, ਕਿੰਨਾ ਚੰਗਾ ਹੁੰਦਾ ਜੇ ਤੁਸੀਂ ਲਿਖਤੀ ਦਾਅਵਾ ਕਰਨ ਤੋਂ ਪਹਿਲਾਂ ਇਹ ਜਾਣ/ਸਮਝ ਲੈਂਦੇ ਕਿ Refraction Correction ਹੈ ਕੀ ?  

ਇਸ ਚਿੱਤਰ ਨੂੰ ਵੇਖੋ। ਹੁਣ ਜਦੋਂ ਸੂਰਜ ਸਾਨੂੰ ਵਿਖਾਈ ਦਿੰਦਾ ਹੈ ਤਾਂ ਦੱਸੋ, ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਸੂਰਜ ਅਜੇ ਨਹੀਂ ਚੜਿਆ ?  ਸੰਮਤ 535 ਨਾਨਕਸ਼ਾਹੀ ਕੈਲੰਡਰ (2003 ਈ:) ਦੇ ਆਖਰੀ ਪੰਨੇ ਉਪਰ, ਦਰਜ ਸੂਰਜ ਚੜਨ ਅਤੇ ਛਿਪਣ ਦੇ ਦਿੱਤੇ ਗਏ ਵਿੱਚ Refraction Correction ਲਾਉਣ ਕਰਕੇ ਹੀ, 4 ਚੇਤ/17 ਮਾਰਚ ਨੂੰ ਦਿਨ-ਰਾਤ ਬਰਾਬਰ ਹਨ। ਜੇ ਇਹ ਸੋਧ ਨਾ ਲਾਈ ਹੁੰਦੀ ਤਾਂ 17 ਮਾਰਚ ਨੂੰ ਸੂਰਜ ਚੜਨ ਦਾ ਸਮਾਂ ਲੱਗਭੱਗ 6.43 ਅਤੇ ਛਿਪਣ ਦਾ ਸਮਾਂ 6.35 ਹੋਣਾ ਸੀ। ਬੜੇ ਅਫ਼ਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਤੁਹਾਡਾ ਇਹ ਲਿਖਤੀ ਦਾਅਵਾ, “ਸੂਰਜ ਚੜਨ ਅਤੇ ਡੁੱਬਣ ਦੇ ਸਮੇਂ ਵਿੱਚ ਰਿਫ਼ਰੈਕਸ਼ਨ ਦੀ ਸੋਧ (Refraction Correction) ਨਾ ਲਾਉਣ ਕਰਕੇ ਅੰਮ੍ਰਿਤਸਰ ਵਿੱਚ ਸੂਰਜ ਚੜ੍ਹਨ ਅਤੇ ਡੁੱਬਣ ਦਾ ਸਮਾ ਗਲਤ ਹੈ”, ਵਿਸ਼ੇ ਦੀ ਮੁੱਢਲੀ ਜਾਣਕਾਰੀ ਤੋਂ ਕੋਰੇ ਹੋਣ ਦਾ ਠੋਸ ਸਬੂਤਹੈ।

ਨਿਸ਼ਾਨ ਜੀ, ਨੰਬਰ 2 ਵਾਲੇ ਚਿੱਤਰ ਨੂੰ ਧਿਆਨ ਨਾਲ ਵੇਖੇ ਅਤੇ ਸਮਝੋ। ਇਸ ਵਿੱਚ ਮਾਰਚ 2019 ਦੇ ਸੂਰਜ ਚੜਨ ਅਤੇ ਡੁੱਬਣ ਦੇ ਸਮੇਂ ਦਿੱਤੇ ਗਏ ਹਨ। ਅੰਮ੍ਰਿਤਸਰ ਵਿਖੇ 17 ਮਾਰਚ ਨੂੰ ਸੂਰਜ ਚੜਨ ਦਾ ਸਮਾਂ 6.38 ਅਤੇ ਸੂਰਜ ਛਿਪਣ ਦਾ ਸਮਾਂ 6.39 ਹੈ। ਦਿਨ ਦੀ ਲੰਬਾਈ 12.00.37 ਹੈ।  21 ਮਾਰਚ ਨੂੰ ਸੂਰਜ ਦੇ ਚੜਨ ਦਾ ਸਮਾਂ 6.33 ਅਤੇ ਛਿਪਣ ਦਾ ਸਮਾਂ 6.42 ਹੈ। ਦਿਨ ਦੀ ਲੰਬਾਈ 12.08.24 ਹੈ। ਇਸੇ ਤਰਾਂ ਹੀ ਵੈਨਕੂਵਰ ਵਿਖੇ 17 ਮਾਰਚ ਨੂੰ ਸੂਰਜ ਚੜਨ ਦਾ ਸਮਾਂ 7.21 ਅਤੇ ਛਿਪਣ ਦਾ ਸਮਾਂ 7.20 ਹੈ। ਦਿਨ ਦੀ ਲੰਬਾਈ 11.58.17 ਹੈ।  21 ਮਾਰਚ ਨੂੰ ਸੂਰਜ ਦੇ ਚੜਨ ਦਾ ਸਮਾਂ 7.13 ਅਤੇ ਛਿਪਣ ਦਾ ਸਮਾਂ 7.26 ਹੈ। ਦਿਨ ਦੀ ਲੰਬਾਈ 12.13.28 ਹੈ। ਇਸ ਤੋਂ ਸਪੱਸ਼ਟ ਹੈ ਕਿ ਸ. ਪਾਲ ਸਿੰਘ ਪੁਰੇਵਾਲ ਵੱਲੋਂ ਦਿੱਤੇ ਗਏ ਸਮੇਂ, ਰਿਫ਼ਰੈਕਸ਼ਨ ਦੀ ਸੋਧ ਨਾਲ ਹੀ ਦਿੱਤੇ ਗਏ ਹਨ। ਇਸ ਕਾਰਨ ਤੁਹਾਡਾ ਇਹ ਲਿਖਣਾ, “ਸੂਰਜ ਚੜਨ ਅਤੇ ਡੁੱਬਣ ਦਾ ਸਮਾਂ ਵਿੱਚ ਰਿਫ਼ਰੈਕਸ਼ਨ ਦੀ ਸੋਧ (Refraction Correction) ਨਾ ਲਾਉਣ ਕਰਕੇ ਅੰਮ੍ਰਿਤਸਰ ਵਿੱਚ ਸੂਰਜ ਚੜ੍ਹਨ ਅਤੇ ਡੁੱਬਣ ਦਾ ਸਮਾਂ ਗਲਤ ਹੈ”, 100% ਗਲਤ ਹੈ।

ਸੂਰਜ ਚੜ੍ਹਨ ਅਤੇ ਛਿਪਣ ਦੇ ਇਹ ਸਮੇਂ ਪੰਜਾਬੀ ਟ੍ਰਿਬਿਉਨ (ਚੰਡੀਗੜ) ਵਿੱਚੋਂ ਲਏ ਗਏ ਹਨ। ਇਸ ਮੁਤਾਬਕ, 16 ਮਾਰਚ ਦਿਨ ਸ਼ਨਿਚਰਵਾਰ ਦੀ ਰਾਤ ਪੂਰੇ 12 ਘੰਟੇ ਦੀ ਬਣਦੀ ਹੈ। 21 ਮਾਰਚ ਦਿਨ ਵੀਰਵਾਰ ਨੂੰ ਸੂਰਜ 6.26 ਚੜ੍ਹਿਆ ਸੀ ਅਤੇ ਸ਼ਾਮ ਨੂੰ 6.34 ਛਿਪ ਗਿਆ ਸੀ। ਵੀਰਵਾਰ ਦੇ ਦਿਨ ਦੀ ਲੰਬਾਈ 12.8 ਬਣਦੀ ਹੈ। ਸਪੱਸ਼ਟ ਹੈ ਕਿ ਪੰਜਾਬੀ ਟ੍ਰਿਬਿਉਨ ਵੱਲੋਂ ਸੂਰਜ ਦੇ ਚੜ੍ਹਨ ਅਤੇ ਛਿਪਣ ਦੇ ਸਮੇਂ ਵੀ Refraction Correction ਲਾਉਣ ਕਰਕੇ ਹੀ ਦਿਨ ਅਤੇ ਰਾਤ, 17 ਮਾਰਚ ਨੂੰ ਬਰਾਬਰ ਹਨ। ਨਿਸ਼ਾਨ ਜੀ, ਗੂਗਲ ਵੱਲੋਂ ਦਿੱਤੀ ਗਈ ਜਾਣਕਾਰੀ ਨਾਲ ਸਹਿਮਤ ਹੋ ਜਾਂ ਨਹੀਂ, ਜੇ ਨਹੀਂ ਤਾਂ ਕਿਉਂ ?  ਕਰਨਲ ਨਿਸ਼ਾਨ ਜੀ, ਆਪ ਪਿਛਲੇ ਦੋ ਦਹਾਕਿਆਂ ਤੋਂ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰ ਰਹੇ ਹੋ। ਪਿਛਲੇ 8-9 ਸਾਲ ਤੋਂ ਤੁਹਾਡੇ ਜਿਹੜੇ ਵੀ ਇਤਰਾਜ਼ ਜਾਂ ਸਵਾਲ ਮੇਰੇ ਧਿਆਨ ਵਿੱਚ ਆਏ ਹਨ, ਉਨ੍ਹਾਂ ਦੇ ਜਵਾਬ ਦੇਣ ਦੇ ਨਾਲ-ਨਾਲ, ਮੈਂ ਕੁਝ ਸਵਾਲ ਵੀ ਕਰਦਾ ਰਿਹਾ ਹਾਂ। ਜਿਨ੍ਹਾਂ ਦੇ ਜਵਾਬ ਤੁਸੀਂ ਨਹੀਂ ਦੇ ਸਕੇ। ਤੁਹਾਡੀ ਕਿਤਾਬ ਸਬੰਧੀ ਵੀ ਜੁਲਾਈ 2015 ਤੋਂ ਲਗਾਤਾਰ ਸਵਾਲ ਕਰ ਰਿਹਾ ਹਾਂ। ਕੀ ਕਾਰਨ ਹੈ ਆਪ ਨੇ ਨਾ ਤਾਂ ਕੈਲੰਡਰ ਦਾ ਵਿਰੋਧ ਕਰਨਾ ਛੱਡਿਆ ਹੈ ਅਤੇ ਨਾ ਹੀ ਵਿਚਾਰ ਚਰਚਾ ਦਾ ਸੱਦਾ ਪ੍ਰਵਾਨ ਕੀਤਾ ਹੈ ? ਮੰਨਿਆ ਕਿ ਅਖ਼ਬਾਰਾਂ ਵਿੱਚ ਛਪੀਆਂ ਖ਼ਬਰਾਂ ਜਾਂ ਲੇਖ ਤਾਂ ਕੁਝ ਸਮੇਂ ਪਿਛੋਂ ਭੁੱਲ-ਭੁਲਾ ਜਾਂਦੇ ਹਨ,ਪਰ ਹੁਣ ਤਾਂ ਤੁਸੀਂ ਕੈਲੰਡਰ ਵਿਗਿਆਨ ਬਾਰੇ ਆਪਣੀ ਅਗਿਆਨਤਾ ਨੂੰ ਲਿਖਤੀ ਰੂਪ ਵਿਚ ਆਪਣੀ ਕਿਤਾਬ, “ਗੁਰਪੁਰਬ ਦਰਪਣ” ਰਾਹੀਂ ਜਾਹਰ ਕਰ ਦਿੱਤਾ ਹੈ। ਜਿੰਨਾ ਚਿਰ, ਤੁਹਾਡੇ ਵੱਲੋਂ ਲਿਖੀ ਗਈ ਕੈਲੰਡਰ ਬਾਰੇ ਗੁਮਰਾਹਕੁਨ ਜਾਣਕਾਰੀ ਦੇਣ ਵਾਲੀ ਕਿਤਾਬ ਰਹੇਗੀ, ਤੁਹਾਨੂੰ ਸਵਾਲ ਹੁੰਦੇ ਰਹਿਣਗੇ।

ਮੈਂ, ਪਿਛਲੇ 8-9 ਸਾਲ ਦੇ ਤਜਰਬੇ ਦੇ ਆਧਾਰ ’ਤੇ ਲਿਖ ਰਿਹਾ ਹਾਂ ਕਿ ਤੁਸੀਂ ਅਤੇ ਤੁਹਾਡੇ ਸਾਥੀ ਕਿਸੇ ਖਾਸ ਨੀਤੀ ਤਹਿਤ, ਪਿਛਲੇ 20 ਸਾਲਾਂ ਤੋਂ ਝੂਠ ਲਿਖ ਅਤੇ ਬੋਲ ਕੇ ਕੌਮ ਨੂੰ ਗੁਮਰਾਹ ਕਰ ਰਹੇ ਹੋ। ਉਥੇ ਹੀ ਤੁਸੀਂ ਸ. ਪਾਲ ਸਿੰਘ ਪੁਰੇਵਾਲ ਦੇ, ਸਬੰਧਿਤ ਵਿਸ਼ੇ ਬਾਰੇ ਖੋਜ ਅਤੇ ਗਿਆਨ ਨੂੰ ਸ਼ੱਕੀ ਬਣਾਉਣ ਦੀ ਵੀ ਅਸਫਲ ਕੋਸ਼ਿਸ਼ ਕਰ ਰਹੇ ਹੋ। ਇਸ ਵਿੱਚ ਨਾ ਤਾਂ ਤੁਹਾਨੂੰ ਸਫਲਤਾ ਮਿਲੀ ਹੈ ਅਤੇ ਨਾਲ ਹੀ ਅੱਗੋਂ ਮਿਲਣੀ ਹੈ ਕਿਉਂਕਿ ਦੇਸ਼ ਵਿਦੇਸ਼ ਦੀਆਂ ਸੰਗਤਾਂ ਤੁਹਾਡੀ ਨੀਤੀ ਨੂੰ ਸਮਝ ਚੁੱਕੀਆਂ ਹਨ। ਕਰਨਲ ਨਿਸ਼ਾਨ ਜੀ, ਤੁਸੀਂ ਪਿਛਲੇ ਦੋ ਸਾਲਾਂ ਵਿੱਚ, ਆਪਣੀ ਗੁਮਰਾਹਕੁਨ ਲਿਖਤ “ਗੁਰਪੁਰਬ ਦਰਪਣ” ਸਬੰਧੀ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦੇ ਸਕੇ। ਇਸ ਲਈ ਬੇਨਤੀ ਹੈ ਕਿ ਆਪਣੀਆਂ ਗਲਤੀਆਂ ਨੂੰ ਮੰਨਦੇ ਹੋਏ ਆਪਣੀ ਕਿਤਾਬ ਨੂੰ ਵਾਪਸ ਲੈਣ ਦਾ ਐਲਾਨ ਕਰਿ ਦਿਓ ਤਾਂ ਜੋ ਅੱਗੋਂ ਹੋਰ ਨਾਮੋਸ਼ੀ ਦਾ ਸਾਹਮਣਾ ਨਾ ਕਰਨਾ ਪਵੇ।

ਧੰਨਵਾਦ

ਸਰਵਜੀਤ ਸਿੰਘ ਸੈਕਰਾਮੈਂਟੋ ਚੇਤ 21 ਸੰਮਤ 551 ਨਾਨਕਸ਼ਾਹੀ