APP ਦਾ 51 ਸੂਤਰੀ ਮੈਨੀਫੈਸਟੋ

0
296

APP ਦਾ 51 ਸੂਤਰੀ ਮੈਨੀਫੈਸਟੋ

ਬਲਬੀਰ ਸਿੰਘ ਸੂਚ

ਆਮ ਆਦਮੀ ਪਾਰਟੀ ਨੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ 51 ਸੂਤਰੀ ਯੂਥ ਮੈਨੀਫੈਸਟੋ ਰਿਲੀਜ਼ ਕਰ ਦਿੱਤਾ ਹੈ। ਅੰਮ੍ਰਿਤਸਰ ’ਚ ਇਕ ਵੱਡੀ ਰੈਲੀ ਨੂੰ ਸੰਬੋਧਨ ਕਰਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਯੂਥ ਦਾ ਚੋਣ ਮੈਨੀਫੈਸਟੋ ਜਾਰੀ ਕਰਨ ਦਾ ਐਲਾਨ ਕੀਤਾ । ਮੈਨੀਫੈਸਟੋ ਨੂੰ ਮੁੱਖ ਤੌਰ ’ਤੇ 5 ਭਾਗਾਂ (ਰੋਜ਼ਗਾਰ, ਨਸ਼ਾ ਵਿਰੋਧੀ ਮੁਹਿੰਮ, ਸਕੂਲੀ ਸਿੱਖਿਆ, ਉੱਚ ਸਿੱਖਿਆ ਤੇ ਖੇਡਾਂ) ’ਚ ਵੰਡਿਆ ਗਿਆ। ਸਭ ਤੋਂ ਖਾਸ ਗੱਲ ਇਹ ਕੀਤੀ ਗਈ ਕਿ ਦਿੱਲੀ ਵਾਙ ਪੰਜਾਬ ਦੇ ਪਿੰਡਾਂ ਤੇ ਵਿਦਿਅਕ ਸੰਸਥਾਵਾਂ ’ਚ ਮੁਫਤ ਵਾਈਫਾਈ ਸਹੂਲਤ ਦਿੱਤੀ ਜਾਵੇਗੀ ।

(ੳ). ਰੋਜ਼ਗਾਰ

(1). ਪਹਿਲਾ ਵਾਅਦਾ ਇਹ ਕੀਤਾ ਗਿਆ ਕਿ ਅਗਰ 2017 ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਸੂਬੇ ’ਚ 25 ਲੱਖ ਨੌਕਰੀਆਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣਗੇ।

(2). ਨੌਕਰੀਆਂ ਲਈ ਭਰਤੀ ਤੇ ਹੋਰ ਕੰਮਾਂ ’ਚੋਂ ਭਿ੍ਰਸ਼ਟਾਚਾਰ ਨੂੰ ਖਤਮ ਕਰਨ ਲਈ ਮੁਕੰਮਲ ਸ਼ਕਤੀ ਵਾਲ਼ਾ ਜਨ ਲੋਕਪਾਲ ਬਿੱਲ ਲਿਆਉਣਾ।

(3). ਸਿਆਸੀ ਲੀਡਰਾਂ ਤੇ ਮਾਫੀਆ ਦੇ ਕਬਜੇ ’ਚੋਂ ਸ਼ਰਾਬ, ਰੇਤਾ, ਬਜਰੀ, ਟ੍ਰਾਂਸਪੋਰਟ ਆਦਿ ਧੰਦਿਆਂ ਨੂੰ ਕੱਢ ਕੇ ਨੌਜਵਾਨਾਂ ਲਈ ਰੋਜ਼ਗਾਰ ਮੁਹੱਇਆ ਕਰਵਾਉਣਾ; ਜਿਵੇਂ ਕਿ ਤਾਮਿਲਨਾਡੂ ’ਚ ਰੇਤਾ, ਬਜਰੀ, ਟ੍ਰਾਂਸਪੋਰਟ ਆਦਿਕ ਧੰਦਿਆਂ ਨੂੰ ਕਾਰਪੋਰੇਸ਼ਨ ਬਣਾ ਕੇ ਨੌਜਵਾਨਾਂ ਨੂੰ ਵੱਡੇ ਪੱਧਰ ’ਤੇ ਰੋਜ਼ਗਾਰ ਮੁਹੱਈਆ ਕਰਵਾਇਆ ਗਿਆ ਹੈ।

(4). ‘ਵਿਦੇਸ਼ੀ ਰੋਜ਼ਗਾਰ ਨੌਜਵਾਨ ਬੋਰਡ’ ਦਾ ਗਠਨ ਕਰਨਾ, ਤਾਂ ਜੋ ਗੈਰ-ਕਾਨੂੰਨੀ ਢੰਗ ਨਾਲ ਵਿਦੇਸ਼ਾਂ ’ਚ ਜਾਣ ਵਾਲੇ ਨੌਜਵਾਨਾਂ ਦਾ ਸਹੀ ਮਾਰਗ ਦਰਸ਼ਨ ਕੀਤਾ ਜਾ ਸਕੇ ਤੇ ਵੱਖੋ ਵੱਖ ਸਫਾਰਤਖਾਨਿਆਂ ਨਾਲ ਸੰਪਰਕ ਕਰਕੇ ਸਬੰਧਤ ਮੁਲਕਾਂ ’ਚ ਕਾਨੂੰਨੀ ਤਰੀਕੇ ਨਾਲ ਨੌਜਵਾਨਾਂ ਨੂੰ ਰੋਜ਼ਗਾਰ ਦਿਲਵਾਉਣਾ। ਸਾਰੇ ਏਜੰਟਾਂ ਨੂੰ ਕਾਨੂੰਨ ਦੇ ਦਾਇਰੇ ’ਚ ਲਿਆਉਣ ਦੀ ਤਜਵੀਜ਼ ਕੀਤੀ ਗਈ ਤਾਂ ਕਿ ਗਲਤ ਏਜੰਟਾਂ ਰਾਹੀਂ ਨੌਜਵਾਨ ਜਾਨ ਜੋਖਿਮ ’ਚ ਪਾ ਕੇ ਵਿਦੇਸ਼ ਨਾ ਜਾਣ।

(5). ਦੋਆਬਾ ਖੇਤਰ ’ਚ ਕਾਂਸ਼ੀਰਾਮ ਸਕਿੱਲ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਜਾਏਗੀ।

(6). ਚੋਣ ਮੈਨੀਫੈਸਟੋ ’ਚ ਮੌਜੂਦਾ ITIਸੀ ਦਾ ਰੂਪ ਬਦਲ ਕੇ ਸਭ ਦੀ ਸਮਰੱਥਾ ਦੁਗਣੀ ਕਰਨਾ ਹੈ। ਪਿੰਡ, ਬਲਾਕ ਪੱਧਰ ’ਤੇ ਕਿੱਤਾ ਮੁਖੀ ਟ੍ਰੇਨਿੰਗ ਸੈਂਟਰ ਖੋਲਣ ਦੀ ਵੀ ਗੱਲ ਕੀਤੀ ਗਈ ਹੈ।

(8). ਕਿਸੇ ਵੀ ਸਰਕਾਰੀ ਅਸਾਮੀ (ਨੌਕਰੀ) ਲਈ ਭਰੀ ਜਾਣ ਵਾਲੀ ਹਰ ਫੀਸ ਖਤਮ ਕਰਨ ਦਾ ਐਲਾਨ ਕੀਤਾ ਗਿਆ ਹੈ।

(9). ਚੋਣ ਮੈਨੀਫੈਸਟੋ ’ਚ ਇਹ ਵੀ ਵਾਅਦਾ ਕੀਤਾ ਗਿਆ ਕਿ ਸਰਕਾਰੀ ਅਦਾਰਿਆਂ ’ਚ ਠੇਕੇ ’ਤੇ ਨੌਕਰੀ ਕਰਦੇ ਤਮਾਮ ਮੁਲਾਜ਼ਮਾਂ ਬਾਰੇ ਗੰਭੀਰਤਾ ਨਾਲ ਵਿਚਾਰਿਆ ਜਾਵੇਗਾ।

(ਅ) ਨਸ਼ਾ ਵਿਰੋਧੀ ਮੁਹਿੰਮ

(1). ਪਹਿਲਾ ਵਾਅਦਾ ਇਹ ਸੀ ਕਿ ਕੇਵਲ ਇੱਕ ਮਹੀਨੇ ’ਚ ਨਸ਼ੇ ਦੀ ਸਪਲਾਈ ਚੇਨ ਨੂੰ ਖਤਮ ਕਰ ਦਿੱਤਾ ਜਾਏਗਾ।

(2). ਇਕ ਡਰੱਗ ਟਾਸਕ ਫੋਰਸ ਬਣਾਈ ਜਾਏਗੀ, ਜੋ ਨਸ਼ਿਆਂ ਨੂੰ ਨੱਥ ਪਾਉਣ ਲਈ ਹਰ ਵੇਲੇ ਸਰਗਰਮ ਰਹੇਗੀ।

(3). ਪੰਜਾਬ ’ਚ ਨਸ਼ਾ ਵੇਚਣ ਵਾਲਿਆਂ ਲਈ ਖਾਸ ਕਾਨੂੰਨ ਬਣਾ ਕੇ ਮੌਤ ਤੱਕ ਉਮਰ ਕੈਦ ਤੇ ਸਾਰੀ ਜਾਇਦਾਦ ਜ਼ਬਤ ਕਰਨ ਦੀ ਵਿਓਂਤ ਹੈ।

(4). ਸਰਕਾਰੀ ਨਸ਼ਾ ਕੇਂਦਰਾਂ ’ਚ ਮਰੀਜ਼ ਲਈ ਮੁਫਤ ਇਲਾਜ ਤੇ ਪ੍ਰਾਈਵੇਟ ਨਸ਼ਾ ਛਡਾਊ ਕੇਂਦਰ ਦੀ ਫੀਸ ਨਿਸ਼ਚਿਤ ਕਰਨਾ।

(5). ਨਸ਼ਾਖੋਰੀ ਦੀ ਆੜ ’ਚ ਸਿਆਸੀ ਰੰਜਿਸ਼ ਅਧੀਨ ਨੌਜਵਾਨਾਂ ਉੱਤੇ ਪਾਏ ਗਏ ਸਾਰੇ ਮੁਕੱਦਮੇ ਰੱਦ ਕਰਨਾ।

(6). ਹਰ ਪਿੰਡ ਤੇ ਸ਼ਹਿਰ ’ਚ ਸਿਹਤ ਕਲੀਨਿਕਾਂ ਰਾਹੀਂ ਮੁਫਤ ਦਵਾਈਆਂ ਤੇ ਮੁਫਤ ਟੈਸਟ ਕਰਨੇ।

(7). ਸਥਾਨਿਕ ਤੇ ਪੰਚਾਇਤੀ ਚੋਣਾਂ ਵੇਲੇ ਉਮੀਦਵਾਰ ਤੋਂ ਨਸ਼ਾ ਨਾ ਕਰਨ ਵਾਲਾ ਹਲਫਿਆ ਬਿਆਨ ਲੈਣਾ ਤੇ ਉਲੰਘਣਾ ਕਰਨ ’ਤੇ ਕਾਰਵਾਈ ਦੀ ਤਜਵੀਜ਼ ਹੈ।

(8). MP ਤੇ MLA’s ਦੇ ਪਿਸ਼ਾਬ ਨਮੂਨੇ ਅਚਨਚੇਤ ਲੈਣਾ, ਵੀ ਨਸ਼ਾ ਵਿਰੋਧੀ ਮੁਹਿੰਮ ਦਾ ਹਿੱਸਾ ਬਣਾਇਆ ਗਿਆ, ਆਦਿ।

(ੲ) ਸਕੂਲੀ ਸਿੱਖਿਆ

(1). ਹਰ ਪ੍ਰਾਇਮਰੀ ਸਕੂਲ ’ਚ ਘੱਟੋ-ਘੱਟ 5 ਅਧਿਆਪਕ ਲਾਜ਼ਮੀ ਕਰਨਾ।

(2). ਅਧਿਆਪਕਾਂ ਨੂੰ ਅਧਿਆਪਨ ਤੋਂ ਬਿਨ੍ਹਾਂ ਕਿਸੇ ਹੋਰ ਕੰਮਾਂ ’ਚ ਡਿਊਟੀ ਨਾ ਲਗਾਉਣਾ।

(3). ਵਾਧੂ ਕੰਮਾਂ ਲਈ ਅਸਟੇਟ ਅਫਸਰਾਂ ਦੀ ਨਿਯੁਕਤੀ ਤੋਂ ਇਲਾਵਾ ਪੰਜ ਸਕੂਲਾਂ ’ਤੇ ਇਕ ਅਸਟੇਟ ਅਫਸਰ ਦੀ ਨਿਗਰਾਨੀ ਜ਼ਰੂਰੀ ਬਣਾਉਣਾ।

(4). 9ਵੀਂ ਤੋਂ ਬਾਅਦ ਹਰੇਕ ਬੱਚੇ ਲਈ ਮੁਫਤ ਲੈਪਟਾਪ ਮੁਹੱਈਆ ਕਰਵਾਉਣਾ।

(5). ਹਰੇਕ ਹਾਈ ਸਕੂਲ ’ਚ ਇਕ ਕੰਪਿਊਟਰ ਲੈਬ ਬਣਾਉਣੀ।

(6). ਸੂਬੇ ਦੇ ਸਾਰੇ ਪ੍ਰਾਈਵੇਟ ਸਕੂਲਾਂ ਦਾ ਸਾਲਾਨਾ ਆਡਿਟ ਕਰਵਾਉਣਾ।

(7). ਪ੍ਰਾਈਵੇਟ ਸਕੂਲਾਂ ’ਚ ਅਧਿਆਪਕਾਂ ਦੇ ਹੋ ਰਹੇ ਆਰਥਿਕ ਸੋਸ਼ਣ ਨੂੰ ਨੱਥ ਪਾਉਣ ਲਈ ਖਾਸ ਕਾਨੂੰਨ ਬਣਾਉਣਾ।

(8). ਸਕੂਲਾਂ ਤੇ ਕਾਲਜਾਂ ਲਈ ਮੁਫਤ ਬੱਸ ਸੇਵਾ।

(9). ਮਹਿਲਾਵਾਂ ਲਈ ਵੱਖਰੀ ਮੁਫਤ ਬੱਸ ਸੇਵਾ ਸ਼ੁਰੂ ਕਰਨਾ, ਆਦਿ।

(ਸ) ਉੱਚ ਸਿੱਖਿਆ

(1). ਉੱਚ ਸਿੱਖਿਆ ਪ੍ਰਾਪਤ ਕਰਨ ਲਈ ਬਿਨ੍ਹਾਂ ਗਰੰਟੀ 10 ਲੱਖ ਦਾ ਲੋਨ, ਯਕੀਨੀ ਬਣਾਉਣਾ।

(2). 3 ਨਵੇਂ ਮੈਡੀਕਲ ਕਾਲਜ ਖੋਲਣੇ।

(3). ਹਰ ਜ਼ਿਲ੍ਹੇ ਦਾ ਆਪਣਾ ਵੱਖਰਾ ਡਿਗਰੀ ਕਾਲਜ ਕਰਨਾ।

(4). ਮੋਹਾਲੀ ਨੂੰ ਫਿਲਮ ਸਿਟੀ ਬਣਾਉਣਾ।

(5). ਵਰਕਿੰਗ ਪ੍ਰੋਫੈਸਨਲਸ ਲਈ ਹੋਸਟਲ ਦੀ ਤਜਵੀਜ਼।

(6). ਸਿਆਸੀ ਪ੍ਰਭਾਵ ਤੋਂ ਮੁਕਤ ਯੂਨੀਵਰਸਿਟੀਆਂ ਦੇ ਵਾਇਸ ਚਾਂਸਲਰਾਂ ਦੀ ਨਿਯੁਕਤੀ।

(7). ਸਿੱਖਿਆ ਦੇ ਬਜਟ ’ਚ ਹਰ ਸਾਲ ਉਚਿਤ ਵਾਧਾ ਕਰਨਾ, ਆਦਿ।

(ਹ) ਖੇਡਾਂ

(1). ਪੰਜਾਬ ਓਲੰਪਿਕ ਮਿਸ਼ਨ ਦੀ ਸਥਾਪਨਾ ਕਰਨਾ, ਤਾਂ ਜੋ ਸੂਬੇ ’ਚੋਂ ਖਿਡਾਰੀ ਤਿਆਰ ਕਰਕੇ ਓਲੰਪਿਕ ’ਚ ਭੇਜੇ ਜਾਣ।

(2). ਹਰ ਸਕੂਲ, ਕਾਲਜ ਤੇ ਬਲਾਕ ਪੱਧਰ ’ਤੇ ਖਿਡਾਰੀਆਂ ਨੂੰ ਸਿਖਲਾਈ ਦੇਣ ਲਈ ਕੋਚਾਂ ਦੀ ਨਿਯੁਕਤੀ ਕਰਨੀ।

(3). ਇੱਕ ਸਪੋਰਟਸ ਸਕੂਲ ਤੇ ਇਕ ਖੇਡ ਕਾਲਜ ਹਰ ਇਲਾਕੇ (ਮਾਂਝਾ, ਮਾਲਵਾ ਤੇ ਦੁਆਬਾ ਖੇਤਰ) ’ਚ ਬਣਾਉਣਾ।

(4). ਓਲੰਪਿਕ ਪੱਧਰ ’ਤੇ ਗੋਲਡ ਮੈਡਲ ਜਿੱਤਣ ਵਾਲੇ ਨੂੰ 5 ਕਰੋੜ, ਚਾਂਦੀ ਦਾ ਤਗਮਾ ਲੈ ਕੇ ਆਉਣ ਵਾਲੇ ਨੂੰ 4 ਕਰੋੜ ਤੇ ਸਿਲਵਰ ਮੈਡਲ ਜਿੱਤਣ ਵਾਲੇ ਨੂੰ 3 ਕਰੋੜ ਦਾ ਨਕਦ ਇਨਾਮ ਦੇਣਾ, ਆਦਿ ਇਕਰਾਰ ਆਮ ਆਦਮੀ ਪਾਰਟੀ ਦੇ ਯੂਥ ਚੋਣ ਮੈਨੀਫੈਸਟੋ ’ਚ ਸ਼ਾਮਲ ਕੀਤੇ ਗਏ ਹਨ।