ਅਬ ਪੂਛੇ ; ਕਿਆ ਕਹਾ ?॥

0
548

ਅਬ ਪੂਛੇ ; ਕਿਆ ਕਹਾ  ?॥

ਕਿਰਪਾਲ ਸਿੰਘ ਬਠਿੰਡਾ 98554-80797

ਅਬ ਪੂਛੇ ; ਕਿਆ ਕਹਾ  ?॥  ਲੈਨੋ ਨਾਮੁ ਅੰਮ੍ਰਿਤ ਰਸੁ ਨੀਕੋ ; ਬਾਵਰ  ! ਬਿਖੁ ਸਿਉ ਗਹਿ ਰਹਾ ॥੧॥ ਰਹਾਉ ॥  ਦੁਲਭ ਜਨਮੁ ਚਿਰੰਕਾਲ ਪਾਇਓ ; ਜਾਤਉ ਕਉਡੀ ਬਦਲਹਾ ॥  ਕਾਥੂਰੀ ਕੋ ਗਾਹਕੁ ਆਇਓ ; ਲਾਦਿਓ ਕਾਲਰ, ਬਿਰਖ ਜਿਵਹਾ ॥੧॥  ਆਇਓ ਲਾਭੁ ਲਾਭਨ ਕੈ ਤਾਈ ; ਮੋਹਨਿ ਠਾਗਉਰੀ ਸਿਉ ਉਲਝਿ ਪਹਾ ॥  ਕਾਚ ਬਾਦਰੈ, ਲਾਲੁ ਖੋਈ ਹੈ ; ਫਿਰਿ, ਇਹੁ ਅਉਸਰੁ ਕਦਿ ਲਹਾ  ?॥੨॥  ਸਗਲ ਪਰਾਧ, ਏਕੁ ਗੁਣੁ ਨਾਹੀ ; ਠਾਕੁਰੁ ਛੋਡਹ, ਦਾਸਿ ਭਜਹਾ ॥  ਆਈ ਮਸਟਿ ਜੜਵਤ ਕੀ ਨਿਆਈ ; ਜਿਉ ਤਸਕਰੁ ਦਰਿ ਸਾਂਨਿ੍ਹਾ ॥੩॥  ਆਨ ਉਪਾਉ ਨ ਕੋਊ ਸੂਝੈ ; ਹਰਿ ਦਾਸਾ ਸਰਣੀ ਪਰਿ ਰਹਾ ॥  ਕਹੁ ਨਾਨਕ, ਤਬ ਹੀ ਮਨ ਛੁਟੀਐ ; ਜਉ ਸਗਲੇ ਅਉਗਨ ਮੇਟਿ ਧਰਹਾ ॥੪॥

ਇਹ ਸ਼ਬਦ ਸਾਰੰਗ ਰਾਗ ਵਿੱਚ ਪੰਚਮ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਹੈ, ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ ੧੨੦੩ ਉੱਪਰ ਸੁਸ਼ੋਭਿਤ ਹੈ। ਕਿਸੇ ਵੀ ਸ਼ਬਦ ਦੇ ਰਹਾਉ ਵਾਲ਼ੇ ਬੰਦ ਵਿੱਚ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ ਜਿਸ ਵਿੱਚ ਗੁਰੂ ਸਾਹਿਬ ਜੀ, ਜੋ ਸਾਨੂੰ ਸਮਝਾਉਣਾ ਚਾਹੁੰਦੇ ਹਨ ਜਾਂ ਸੁਆਲ ਦੇ ਰੂਪ ਵਿੱਚ ਸਾਨੂੰ ਦੱਸਣਾ ਚਾਹੁੰਦੇ ਹਨ ਉਨ੍ਹਾਂ ਭਾਵਾਂ ਨੂੰ ਬਹੁਤ ਹੀ ਸਰਲ ਸ਼ਬਦਾਂ ਵਿੱਚ ਵਰਣਨ ਕੀਤਾ ਹੋਇਆ ਹੁੰਦਾ ਹੈ ਅਤੇ ਸ਼ਬਦ ਦੇ ਬਾਕੀ ਦੇ 2 ਜਾਂ 4 ਬੰਦਾਂ ਵਿੱਚ ਉਦਾਹਰਨਾਂ ਦੇ ਦੇ ਕੇ ਸ਼ਬਦ ਦੇ ਕੇਂਦਰੀ ਭਾਵ ਨੂੰ ਸਾਡੇ ਮਨਾਂ ਵਿੱਚ ਚੰਗੀ ਤਰ੍ਹਾਂ ਦ੍ਰਿੜ੍ਹ ਕਰਨ ਦਾ ਯਤਨ ਕੀਤਾ ਗਿਆ ਹੁੰਦਾ ਹੈ।

ਗੁਰਬਾਣੀ ਵਿੱਚ ‘ਰਹਾਉ’ ਵਾਲ਼ੀ ਤੁਕ ਜ਼ਿਆਦਾਤਰ ਮੁਕੰਮਲ ਸ਼ਬਦ ਦੇ ਇੱਕ ਬੰਦ ਤੋਂ ਬਾਅਦ ਆਉਂਦੀ ਹੈ ਪਰ ਵੀਚਾਰ ਅਧੀਨ ਸ਼ਬਦ ਦਾ ਰਹਾਉ ਵਾਲ਼ਾ ਬੰਦ ਇਸ ਦੇ ਮੁੱਢ ਵਿੱਚ ਹੀ ਦਰਜ ਹੈ, ਜੋ ਇਸ ਪ੍ਰਕਾਰ ਹੈ :

ਅਬ ਪੂਛੇ, ਕਿਆ ਕਹਾ  ? ॥  ਲੈਨੋ ਨਾਮੁ ਅੰਮ੍ਰਿਤ ਰਸੁ ਨੀਕੋ ; ਬਾਵਰ ਬਿਖੁ ਸਿਉ ਗਹਿ ਰਹਾ ॥੧॥ ਰਹਾਉ ॥ 

ਪਦ ਅਰਥ:- ਅਬ = ਹੁਣ।, ਪੂਛੇ = ਜੇ (ਤੈਨੂੰ) ਪੁੱਛਿਆ ਜਾਏ।, ਕਿਆ ਕਹਾ = ਕੀਹ ਦੱਸੇਂਗਾ ?, ਲੈਨੋ = ਲੈਣਾ ਸੀ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ।, ਨੀਕੋ = ਸੋਹਣਾ।, ਬਾਵਰ = ਹੇ ਕਮਲੇ (ਮਨੁੱਖ) !, ਬਿਖੁ = ਆਤਮਕ ਮੌਤ ਮਾਰਨ ਵਾਲਾ ਮਾਇਆ ਦਾ ਮੋਹ-ਜ਼ਹਰ।, ਗਹਿ ਰਹਾ = ਚੰਬੜ ਰਿਹਾ ਹੈਂ।

‘ਰਹਾਉ’ ਵਾਲ਼ੇ ਇਸ ਬੰਦ ’ਚ ਇੱਕ ਤੁਕ ਦੇ ਦੋ ਭਾਗ ਹਨ, ਜਿਨ੍ਹਾਂ ’ਚੋਂ ਦੂਸਰੇ ਭਾਗ ਵਿੱਚ ਗੁਰੂ ਸਾਹਿਬ ਜੀ ਨੇ ਸਾਨੂੰ  ਇਸ ਜਗਤ ਵਿੱਚ ਮਨੁੱਖਾ ਜਨਮ ਧਾਰ ਕੇ ਆਉਣ ਦਾ ਅਸਲ ਮਨੋਰਥ ਸਮਝਾਇਆ ਹੈ ਕਿ ਹੇ ਕਮਲੇ ਮਨੁੱਖ  ! (ਤੂੰ ਇਥੇ ਜਗਤ ਵਿੱਚ ਆ ਕੇ) ਆਤਮਕ ਜੀਵਨ ਦੇਣ ਵਾਲਾ ਪਰਮਾਤਮਾ ਦਾ ਸੋਹਣਾ ਨਾਮ-ਰਸ ਲੈਣਾ ਸੀ, ਪਰ ਤੂੰ ਆਤਮਕ ਮੌਤ ਲਿਆਉਣ ਵਾਲੀ ਮਾਇਆ-ਜ਼ਹਰ ਦੇ ਨਾਲ ਹੀ ਚੰਬੜ ਰਿਹਾ ਹੈਂ :  ‘‘ਲੈਨੋ ਨਾਮੁ ਅੰਮ੍ਰਿਤ ਰਸੁ ਨੀਕੋ ; ਬਾਵਰ  ! ਬਿਖੁ ਸਿਉ ਗਹਿ ਰਹਾ ॥’’  ਕਿਉਂਕਿ ਮਾਇਆ ਦੇ ਜ਼ਹਿਰ ਰੂਪੀ ਮਿੱਠੇ ਮੋਹ ਵਿੱਚ ਉਲਝੇ ਮਨੁੱਖ ਨੇ ਆਪਣਾ ਕਰਨਯੋਗ ਕੰਮ ਨਹੀਂ ਕੀਤਾ ਇਸ ਲਈ ਸਵਾਲ ਪੈਦਾ ਹੋਇਆ ਕਿ ਹੇ ਕਮਲੇ (ਮਨੁੱਖ)  ! ਹੁਣ ਜੇ ਤੈਨੂੰ ਪੁੱਛਿਆ ਜਾਏ ਤਾਂ ਕੀਹ ਦੱਸੇਂਗਾ ? : ‘‘ਅਬ ਪੂਛੇ, ਕਿਆ ਕਹਾ  ? ॥’’

‘ਰਹਾਉ’ ਦੇ ਇਸ ਬੰਦ ਵਿੱਚ ਦਰਜ ਇਨ੍ਹਾਂ ਉਪਦੇਸ਼ਾਂ ਦੀ ਗੁਰਬਾਣੀ ਵਿੱਚ ਹੋਰ ਵੀ ਕਈ ਥਾਂ ਪ੍ਰੋੜ੍ਹਤਾ ਕੀਤੀ ਗਈ ਮਿਲਦੀ ਹੈ, ਜਿਵੇਂ  ਕਿ

(1). ਮਨਮੁਖ ਦਾ ਮਾਇਆ ਕਮਾਉਣ ਵਿੱਚ ਮੋਹ ਹੈ (ਇਸ ਕਰ ਕੇ) ਨਾਮ ਵਿੱਚ ਉਸ ਦਾ ਪਿਆਰ ਨਹੀਂ ਬਣਦਾ।  ਉਹ (ਮਾਇਆ ਰੂਪ) ਖੋਟ ਕਮਾਉਂਦਾ, ਖੋਟ ਹੀ ਇਕੱਠਾ ਕਰਦਾ ਹੈ ਤੇ ਖੋਟ ਨੂੰ ਹੀ ਆਪਣੀ ਖ਼ੁਰਾਕ ਬਣਾਉਂਦਾ ਹੈ (ਭਾਵ ਜ਼ਿੰਦਗੀ ਦਾ ਆਸਰਾ ਸਮਝਦਾ ਹੈ)। (ਮਨੁੱਖ) ਵਿਹੁ ਰੂਪ ਮਾਇਆ-ਧਨ ਨੂੰ ਇਕੱਠਾ ਕਰ-ਕਰ ਕੇ ਖਪਦੇ ਮਰਦੇ ਰਹਿੰਦੇ ਹਨ ਤੇ ਉਹ ਸਾਰਾ ਧਨ ਅਖ਼ੀਰ ਵੇਲੇ ਸੁਆਹ (ਵਾਂਗ) ਹੋ ਜਾਂਦਾ ਹੈ।  ਉਹ ਆਪਣੇ ਵੱਲੋਂ ਕਰਮ ਤੇ ਧਰਮ ਪਵਿਤ੍ਰਤਾ ਦੇ ਸਾਧਨ ਤੇ ਹੋਰ ਸੰਜਮ (ਭੀ) ਕਰਦੇ ਹਨ (ਪਰ) ਉਹਨਾਂ ਦੇ ਹਿਰਦੇ ਵਿੱਚ ਲੋਭ ਤੇ ਵਿਕਾਰ (ਹੀ) ਰਹਿੰਦਾ ਹੈ।  ਹੇ ਨਾਨਕ  !  ਮਨ ਦੇ ਅਧੀਨ ਹੋਇਆ ਮਨੁੱਖ, ਜੋ ਕੁਝ (ਭੀ) ਕਰਦਾ ਹੈ ਉਹ ਕਬੂਲ ਨਹੀਂ ਹੁੰਦਾ ਤੇ ਪ੍ਰਭੂ ਦੀ ਹਜ਼ੂਰੀ ਵਿੱਚ ਉਹ ਖ਼ੁਆਰ ਹੁੰਦਾ ਹੈ, ‘‘ਮਨਮੁਖ, ਮਾਇਆ ਮੋਹੁ ਹੈ;   ਨਾਮਿ ਨ ਲਗੋ ਪਿਆਰੁ ॥ ਕੂੜੁ ਕਮਾਵੈ, ਕੂੜੁ ਸੰਗ੍ਰਹੈ;   ਕੂੜੁ ਕਰੇ ਆਹਾਰੁ ॥ ਬਿਖੁ ਮਾਇਆ ਧਨੁ ਸੰਚਿ ਮਰਹਿ;  ਅੰਤੇ ਹੋਇ ਸਭੁ ਛਾਰੁ ॥ ਕਰਮ ਧਰਮ ਸੁਚ ਸੰਜਮ ਕਰਹਿ;  ਅੰਤਰਿ ਲੋਭੁ ਵਿਕਾਰੁ ॥ ਨਾਨਕ  !  ਜਿ ਮਨਮੁਖੁ ਕਮਾਵੈ, ਸੁ ਥਾਇ ਨਾ ਪਵੈ ;  ਦਰਗਹਿ ਹੋਇ ਖੁਆਰੁ ॥’’ (ਮ:੪/੫੫੨)  ਪਦ ਅਰਥ : ਸੰਗ੍ਰਹੈ = ਇਕੱਠਾ ਕਰਦਾ ਹੈ।, ਆਹਾਰੁ = ਖ਼ੁਰਾਕ।, ਬਿਖੁ = ਜ਼ਹਿਰ।, ਸੰਚਿ = ਇਕੱਠੀ ਕਰ ਕੇ।, ਛਾਰੁ = ਸੁਆਹ।, ਸੰਜਮ = ਇੰਦ੍ਰਿਆਂ ਨੂੰ ਕਾਬੂ ਰੱਖਣ ਦੇ ਸਾਧਨ।

(2). ਹੇ ਮਨ ! ਜਦੋਂ ਧਰਮਰਾਜ ਨੇ (ਤੈਥੋਂ ਜੀਵਨ ਵਿੱਚ ਕੀਤੇ ਕੰਮਾਂ ਦਾ) ਹਿਸਾਬ ਮੰਗਿਆ, ਤਾਂ ਕੀਹ ਮੂੰਹ ਲੈ ਕੇ ਉਸ ਦੇ ਸਾਹਮਣੇ ਹੋਵੇਂਗਾ ?  ਕਬੀਰ ਆਖਦਾ ਹੈ-ਹੇ ਸੰਤ ਜਨੋ !  ਸੁਣੋ, ਸਾਧ-ਸੰਗਤ ਵਿੱਚ ਰਹਿ ਕੇ ਹੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘੀਦਾ ਹੈ, ‘‘ਧਰਮ ਰਾਇ ਜਬ ਲੇਖਾ ਮਾਗੈ ; ਕਿਆ ਮੁਖੁ ਲੈ ਕੈ ਜਾਹਿਗਾ  ? ॥ ਕਹਤੁ ਕਬੀਰੁ, ਸੁਨਹੁ ਰੇ ਸੰਤਹੁ  ! ਸਾਧਸੰਗਤਿ ਤਰਿ ਜਾਂਹਿਗਾ ॥’’ (ਕਬੀਰ ਜੀਉ/੧੧੦੬) ਪਦ ਅਰਥ: ਕਿਆ ਮੁਖੁ ਲੈ ਕੇ = ਕਿਹੜਾ ਮੂੰਹ ਲੈ ਕੇ ?

‘ਰਹਾਉ’ ਤੋਂ ਬਾਅਦ ਪਹਿਲੇ ਬੰਦ ਵਿੱਚ ਸਮਝਾਇਆ ਗਿਆ ਹੈ ਕਿ ਹੇ ਝੱਲੇ ! ਬੜੇ ਚਿਰਾਂ ਪਿੱਛੋਂ (ਤੈਨੂੰ) ਦੁਰਲੱਭ (ਮਨੁੱਖਾ) ਜਨਮ ਮਿਲਿਆ ਸੀ, ਪਰ ਇਹ ਤਾਂ ਕੌਡੀ ਦੇ ਵੱਟੇ ਜਾ ਰਿਹਾ ਹੈ। ਤੂੰ (ਇੱਥੇ) ਕਸਤੂਰੀ ਦਾ ਗਾਹਕ ਬਣਨ ਲਈ ਆਇਆ ਸੀ, ਪਰ ਤੂੰ ਇੱਥੋਂ ਕੱਲਰ ਲੱਦ ਰਿਹਾ  ਹੈਂ, ਜਿਵਾਂਹਾਂ ਦੇ ਬੂਟੇ ਲੱਦ ਲਏ ਹਨ । ਯਥਾ :  ‘‘ਦੁਲਭ (ਦੁ-ਲੱਭ) ਜਨਮੁ ਚਿਰੰਕਾਲ ਪਾਇਓ ; ਜਾਤਉ ਕਉਡੀ ਬਦਲਹਾ ॥  ਕਾਥੂਰੀ ਕੋ ਗਾਹਕੁ ਆਇਓ ; ਲਾਦਿਓ ਕਾਲਰ, ਬਿਰਖ ਜਿਵਹਾ ॥੧॥ ’’ ਪਦ ਅਰਥ : ਦੁਲਭ = ਬੜੀ ਮੁਸ਼ਕਲ ਨਾਲ ਮਿਲਣ ਵਾਲਾ।, ਚਿਰੰਕਾਲ = ਚਿਰਾਂ ਪਿੱਛੋਂ।, ਜਾਤਉ = ਜਾ ਰਿਹਾ ਹੈ।, ਬਦਲਹਾ = ਬਦਲੇ, ਵੱਟੇ ’ਚ।, ਕਾਥੂਰੀ = ਕਸਤੂਰੀ।, ਕੋ = ਦਾ।, ਲਾਦਿਓ = ਤੂੰ ਲੱਦ ਲਿਆ ਹੈ, ਤੂੰ ਖ਼ਰੀਦ ਲਿਆ ਹੈ।, ਬਿਰਖ ਜਿਵਹਾ = ਜਿਵਾਂਹ ਦੇ ਬੂਟੇ ।  ਗੁਰਬਾਣੀ ਵਿੱਚ ਇਸ ਤਰ੍ਹਾਂ ਦੇ ਹੋਰ ਪ੍ਰਮਾਣ ਵੀ ਮਿਲਦੇ ਹਨ; ਜਿਵੇਂ ਕਿ

(1). ਇਹ ਦੁਰਲੱਭ ਮਨੁੱਖਾ ਸਰੀਰ ਵੱਡੇ ਭਾਗਾਂ ਨਾਲ ਮਿਲਦਾ ਹੈ (ਪਰ) ਜੇਹੜੇ ਮਨੁੱਖ (ਇਹ ਸਰੀਰ ਪ੍ਰਾਪਤ ਕਰ ਕੇ) ਪਰਮਾਤਮਾ ਦਾ ਨਾਮ ਨਹੀਂ ਜਪਦੇ, ਉਹ ਆਤਮਕ ਮੌਤ ਸਹੇੜ ਲੈਂਦੇ ਹਨ। ਯਥਾ :  ‘‘ਦੁਲਭ ਦੇਹ ਪਾਈ ਵਡਭਾਗੀ (ਵਡਭਾਗੀਂ)॥ ਨਾਮੁ ਨ ਜਪਹਿ ; ਤੇ, ਆਤਮ ਘਾਤੀ ॥’’ (ਮ: ੫/੧੮੮) ਪਦ ਅਰਥ:  ਦੇਹ = ਸਰੀਰ।, ਪਾਇ = ਪ੍ਰਾਪਤ ਕਰ ਕੇ, ਪਾ ਕੇ।, ਬਿਰਥਾ = ਵਿਅਰਥ।, ਸਿਰਾਵੈ = ਬੀਤਦਾ ਹੈ।

(2).  (ਹੇ ਮੇਰੀ ਮਾਂ ! ਇਹ ਮਨ ਅਜਿਹਾ ਕੁਰਾਹੇ ਪਿਆ ਹੋਇਆ ਹੈ ਕਿ) ਬੜੀ ਮੁਸ਼ਕਲ ਨਾਲ ਮਿਲਣ ਵਾਲਾ ਮਨੁੱਖਾ ਸਰੀਰ ਪ੍ਰਾਪਤ ਕਰ ਕੇ (ਭੀ ਭਾਵ ਇਸ ਜਨਮ ’ਚ ਕੁਝ ਖੱਟਿਆ ਜਾ ਸਕਦਾ ਸੀ ਪਰ) ਇਸ ਜਨਮ ਨੂੰ ਵਿਅਰਥ ਲੰਘਾ ਰਿਹਾ ਹੈ। (ਹੇ ਮਾਂ ! ਇਹ ਸੰਸਾਰ) ਜੰਗਲ ਮਾਇਆ ਦੇ ਮੋਹ ਨਾਲ ਨੱਕੋ-ਨੱਕ ਭਰਿਆ ਪਿਆ ਹੈ (ਅਤੇ ਮੇਰਾ ਮਨ) ਇਸ (ਜੰਗਲ ਨਾਲ ਹੀ) ਪ੍ਰੇਮ ਬਣਾ ਰਿਹਾ ਹੈ। ਯਥਾ:  ‘‘ਦੁਰਲਭ ਦੇਹ ਪਾਇ ਮਾਨਸ ਕੀ ;  ਬਿਰਥਾ ਜਨਮੁ ਸਿਰਾਵੈ ॥ ਮਾਇਆ ਮੋਹ ਮਹਾ ਸੰਕਟ ਬਨ; ਤਾ ਸਿਉ ਰੁਚ ਉਪਜਾਵੈ ॥’’  (ਮ: ੯/੨੨੦)

ਸ਼ਬਦ ਦੇ ਦੂਸਰੇ ਬੰਦ ਵਿੱਚ ਦੱਸਿਆ ਹੈ – ਹੇ ਕਮਲੇ  ! (ਤੂੰ ਜਗਤ ਵਿਚ ਆਤਮਕ ਜੀਵਨ ਦਾ) ਲਾਭ ਖੱਟਣ ਲਈ ਆਇਆ ਸੀ, ਪਰ ਤੂੰ ਤਾਂ ਮਨ ਨੂੰ ਮੋਹਣ ਵਾਲੀ ਮਾਇਆ ਠਗ-ਬੂਟੀ ਨਾਲ ਹੀ ਆਪਣਾ ਮਨ ਜੋੜ ਬੈਠਾ ਹੈਂ, ਤੂੰ ਕੱਚ ਦੇ ਵੱਟੇ ਲਾਲ ਗਵਾ ਰਿਹਾ ਹੈਂ। ਹੇ ਕਮਲੇ ! ਇਹ ਮਨੁੱਖਾ ਜਨਮ ਵਾਲਾ ਸਮਾਂ ਫਿਰ ਕਦੋਂ ਲੱਭੇਂਗਾ ?  ਯਥਾ:  ‘‘ਆਇਓ ਲਾਭੁ, ਲਾਭਨ ਕੈ ਤਾਈ ; ਮੋਹਨਿ ਠਾਗਉਰੀ ਸਿਉ ਉਲਝਿ ਪਹਾ ॥  ਕਾਚ ਬਾਦਰੈ ਲਾਲੁ ਖੋਈ ਹੈ ; ਫਿਰਿ ਇਹੁ ਅਉਸਰੁ ਕਦਿ ਲਹਾ  ? ॥੨॥’’ ਪਦ ਅਰਥ:  ਲਾਭਨ ਕੈ ਤਾਈ = ਲੱਭਣ ਵਾਸਤੇ।, ਮੋਹਨਿ = ਮਨ ਨੂੰ ਮੋਹ ਲੈਣ ਵਾਲੀ।, ਠਾਗਉਰੀ = ਠਗ-ਮੂਰੀ, ਠਗ-ਬੂਟੀ।, ਉਲਝਿ ਪਹਾ = ਮਨ ਜੋੜ ਬੈਠਾ ਹੈਂ।, ਕਾਚ = ਕੱਚ।, ਬਾਦਰੈ = ਬਦਲੇ, ਵੱਟੇ ਵਿੱਚ।, ਖੋਈ ਹੈ = ਗਵਾ ਰਿਹਾ ਹੈਂ।, ਅਉਸਰੁ = ਸਮਾਂ।, ਕਦਿ = ਕਦੋਂ ?, ਲਹਾ = ਲੱਭੇਗਾ।

ਮਿਸਾਲ ਵਜੋਂ ਹੋਰ ਸ਼ਬਦ –

(1).  ਹੇ ਪ੍ਰਾਣੀ ! ਤੂੰ (ਜਗਤ ਵਿੱਚ ਪਰਮਾਤਮਾ ਦੇ ਨਾਮ ਦਾ) ਲਾਭ ਖੱਟਣ ਵਾਸਤੇ ਆਇਆ ਹੈਂ। ਤੂੰ ਕਿਸ ਖ਼ੁਆਰੀ ਵਾਲੇ ਕੰਮ ਵਿੱਚ ਰੁੱਝਾ ਪਿਆ ਹੈਂ ? ਤੇਰੀ ਸਾਰੀ ਜ਼ਿੰਦਗੀ ਰੂਪੀ ਰਾਤ ਮੁੱਕਦੀ ਜਾ ਰਹੀ ਹੈ। ਯਥਾ: ‘‘ਪ੍ਰਾਣੀ  ! ਤੂੰ ਆਇਆ ਲਾਹਾ ਲੈਣਿ ॥ ਲਗਾ ਕਿਤੁ ਕੁਫਕੜੇ (ਕੁ-ਫਕੜੇ) ? ਸਭ ਮੁਕਦੀ ਚਲੀ ਰੈਣਿ ॥੧॥ ਰਹਾਉ ॥’’ (ਮ:੫/੪੩) ਪਦ ਅਰਥ:  ਲਾਹਾ = ਲਾਭ।, ਲੈਣਿ = ਲੈਣ ਵਾਸਤੇ।, ਕਿਤੁ = ਕਿਸ ਵਿੱਚ ?, ਕੁਫਕੜੇ = ਫੱਕੜੀ ਪੈਣ ਵਾਲੇ ਕੰਮ ਵਿਚ, ਖ਼ੁਆਰੀ ਵਾਲੇ ਕੰਮ ਵਿਚ।, ਰੈਣਿ = (ਉਮਰ ਰੂਪੀ) ਰਾਤ।

(2). (ਪਰਮਾਤਮਾ ਦਾ ਨਾਮ ਅਮੋਲਕ ਰਤਨ ਹੈ, ਇਸ ਦੇ ਟਾਕਰੇ ’ਤੇ ਮਾਇਆ ਕੌਡੀ ਦੇ ਤੁੱਲ ਹੈ; ਪਰ ਸਾਕਤ ਮਨੁੱਖ) ਕੌਡੀ ਦੀ ਖ਼ਾਤਰ (ਕੀਮਤੀ) ਰਤਨ ਨੂੰ ਛੱਡ ਦੇਂਦਾ ਹੈ, ਉਸੇ ਦੀ ਹੀ ਪ੍ਰਾਪਤੀ ਦਾ ਜਤਨ ਕਰਦਾ ਹੈ, ਜੋ ਸਾਥ ਛੱਡ ਜਾਂਦੀ ਹੈ, ਉਸੇ (ਮਾਇਆ) ਨੂੰ ਹੀ ਇਕੱਠੀ ਕਰਦਾ ਰਹਿੰਦਾ ਹੈ, ਜਿਸ ਦੀ ਪੁੱਛ-ਪ੍ਰਤੀਤ ਥੋੜ੍ਹੀ ਕੁ ਹੀ ਹੈ; ਮਾਇਆ ਦੇ ਮੋਹ ਵਿੱਚ ਫਸਿਆ ਹੋਇਆ (ਸਾਕਤ) ਆਕੜ-ਆਕੜ ਕੇ ਤੁਰਦਾ ਹੈ। ਯਥਾ: ‘‘ਕਉਡੀ ਬਦਲੈ, ਤਿਆਗੈ ਰਤਨੁ ॥ ਛੋਡਿ ਜਾਇ, ਤਾਹੂ ਕਾ ਜਤਨੁ ॥ ਸੋ ਸੰਚੈ, ਜੋ ਹੋਛੀ ਬਾਤ ॥ ਮਾਇਆ ਮੋਹਿਆ, ਟੇਢਉ ਜਾਤ ॥’’ (ਮ: ੫/੮੯੨) ਪਦ ਅਰਥ: ਕਉਡੀ = ਤੁੱਛ ਜਿਹੀ ਚੀਜ਼।, ਬਦਲੈ = ਦੇ ਵੱਟੇ ਵਿਚ, ਦੀ ਖ਼ਾਤਰ।, ਛੋਡਿ ਜਾਇ = ਜੋ ਸਾਥ ਛੱਡ ਜਾਂਦੀ ਹੈ।, ਤਾਹੂ ਕਾ = ਉਸੇ (ਮਾਇਆ) ਦਾ ਹੀ।, ਸੰਚੈ = ਇੱਕਠੀ ਕਰਦਾ ਹੈ।, ਹੋਛੀ = ਥੋੜ੍ਹ-ਵਿਤੀ, ਥੋੜ੍ਹੇ ਵਿਤ ਵਾਲੀ।, ਟੇਢਉ = ਵਿੰਗਾ, ਆਕੜ ਆਕੜ ਕੇ ।

ਸ਼ਬਦ ਦੇ ਤੀਸਰੇ ਬੰਦ ਵਿੱਚ ਦੱਸਿਆ ਗਿਆ ਹੈ –  ਹੇ ਭਾਈ  ! ਅਸਾਂ ਜੀਵਾਂ ਵਿੱਚ ਸਾਰੀਆਂ ਤਰੁਟੀਆਂ ਹੀ ਹਨ, ਗੁਣ ਇੱਕ ਭੀ ਨਹੀਂ। ਅਸੀਂ ਮਾਲਕ-ਪ੍ਰਭੂ ਨੂੰ ਛੱਡ ਦੇਂਦੇ ਹਾਂ ਅਤੇ ਉਸ ਦੀ ਦਾਸੀ (ਮਾਯਾ) ਦੀ ਸੇਵਾ ਕਰਦੇ ਰਹਿੰਦੇ ਹਾਂ, ਜਿਵੇਂ ਕੋਈ ਚੋਰ, ਸੰਨ੍ਹ ਲਾਉਂਦੇ ਨੂੰ ਬੂਹੇ ’ਤੇ (ਫੜਨ ਉਪਰੰਤ ਮਾਰ ਖਾ-ਖਾ ਕੇ ਬੇਹੋਸ਼ ਹੋ ਜਾਂਦਾ ਹੈ, ਤਿਵੇਂ ਨਾਮ ਜਪਣ ਵੱਲੋਂ ਸਾਨੂੰ) ਜੜ੍ਹ ਪਦਾਰਥਾਂ ਵਾਂਗ ਮੂਰਛਾ (ਗਸ਼, ਬੇਹੋਸ਼ੀ) ਹੀ ਆਈ ਰਹਿੰਦੀ ਹੈ। ਯਥਾ: ‘‘ਸਗਲ ਪਰਾਧ, ਏਕੁ ਗੁਣੁ ਨਾਹੀ ; ਠਾਕੁਰੁ ਛੋਡਹ, ਦਾਸਿ ਭਜਹਾ ॥  ਆਈ ਮਸਟਿ, ਜੜਵਤ ਕੀ ਨਿਆਈ ; ਜਿਉ ਤਸਕਰੁ ਦਰਿ ਸਾਂਨਿ੍ਹਾ ॥੩॥’’  ਪਦ ਅਰਥ: ਪਰਾਧ = ਅਪਰਾਧ, ਖ਼ੁਨਾਮੀਆਂ।, ਛੋਡਹ = ਅਸੀਂ ਜੀਵ ਛੱਡ ਦੇਂਦੇ ਹਾਂ।, ਦਾਸਿ = ਦਾਸੀ, ਮਾਇਆ।, ਭਜਹਾ = ਭਜਹ, ਅਸੀਂ ਸੇਂਵਦੇ ਹਾਂ।, ਮਸਟਿ = ਚੁੱਪ, ਮੂਰਛਾ ਜਿਹੀ।, ਜੜਵਤ ਕੀ ਨਿਆਈ = ਜੜ੍ਹ (ਬੇ-ਜਾਨ) ਪਦਾਰਥਾਂ ਵਾਂਗ।, ਤਸਕਰੁ = ਚੋਰ।, ਦਰਿ = ਦਰ ਤੇ, ਬੂਹੇ ਤੇ।, ਸਾਂਨਿ੍ਹਾ = ਸੰਨ੍ਹ ਦੇ ਉੱਤੇ ਹੀ।

ਮਿਸਾਲ ਵਜੋਂ ਹੋਰ ਸ਼ਬਦ –

(1). ਹੇ ਹਰੀ  ! ਮੇਰੇ ਅੰਦਰ ਬੇਅੰਤ ਅਉਗਣ ਹਨ, ਗਿਣੇ ਨਹੀਂ ਜਾ ਸਕਦੇ, ਮੈਂ ਮੁੜ ਮੁੜ ਔਗੁਣ ਕਰਦਾ ਰਹਿੰਦਾ ਹਾਂ। ਤੂੰ ਗੁਣਾਂ ਦਾ ਮਾਲਕ ਹੈਂ, ਦਇਆ ਦਾ ਘਰ ਹੈਂ ਜਦੋਂ ਤੇਰੀ ਰਜ਼ਾ ਹੁੰਦੀ ਹੈ ਤੂੰ ਆਪ ਹੀ ਬਖ਼ਸ਼ ਲੈਂਦਾ ਹੈਂ। (ਹੇ ਭਾਈ !) ਸਾਡੇ ਵਰਗੇ ਪਾਪੀਆਂ ਨੂੰ ਹਰੀ ਗੁਰੂ ਦੀ ਸੰਗਤ ਵਿੱਚ ਰੱਖਦਾ ਹੈ, ਉਪਦੇਸ਼ ਦੇਂਦਾ ਹੈ ਤੇ ਉਸ ਦਾ ਨਾਮ ਵਿਕਾਰਾਂ ਤੋਂ ਖ਼ਲਾਸੀ ਕਰਾ ਦੇਂਦਾ ਹੈ। ਯਥਾ: ‘‘ਹਮਰੇ ਅਵਗੁਣ ਬਹੁਤੁ ਬਹੁਤੁ ਹੈ (ਹੈਂ); ਬਹੁ ਬਾਰ ਬਾਰ, ਹਰਿ  ! ਗਣਤ ਨ ਆਵੈ ॥ ਤੂੰ ਗੁਣਵੰਤਾ ਹਰਿ ਹਰਿ ਦਇਆਲੁ; ਹਰਿ  ! ਆਪੇ ਬਖਸਿ ਲੈਹਿ (ਲੈਂਹ), ਹਰਿ ਭਾਵੈ ॥ ਹਮ ਅਪਰਾਧੀ, ਰਾਖੇ ਗੁਰ ਸੰਗਤੀ; ਉਪਦੇਸੁ ਦੀਓ, ਹਰਿ ਨਾਮੁ ਛਡਾਵੈ ॥’’  (ਮ: ੪/੧੬੭) ਪਦ ਅਰਥ : ਗਣਤ ਨ ਆਵੈ = ਗਿਣਤੀ ਕੀਤੀ ਨਹੀਂ ਜਾ ਸਕਦੀ।

(2). ਅਸੀਂ ਅਉਗੁਣਾਂ ਨਾਲ ਭਰੇ ਹੋਏ ਹਾਂ, (ਸਾਡੇ ਅੰਦਰ) ਇੱਕ ਭੀ ਗੁਣ ਨਹੀਂ ਹੈ, ਅੰਮ੍ਰਿਤ (-ਨਾਮ) ਨੂੰ ਛੱਡ ਕੇ ਅਸਾਂ ਨਿਰੀ ਵਿਹੁ (ਨੁਕਸਾਨ ਦੇਣ ਵਾਲ਼ੀ ਵਸਤੂ) ਹੀ ਖਾਧੀ ਹੈ। ਮਾਇਆ ਦੇ ਮੋਹ ਅਤੇ ਭਰਮਾਂ ਵਿੱਚ ਪੈ ਕੇ ਅਸੀਂ (ਸਹੀ ਜੀਵਨ-ਰਾਹ ਤੋਂ) ਭੁੱਲੇ ਹੋਏ ਹਾਂ ਅਤੇ ਪੁੱਤਰ ਇਸਤ੍ਰੀ ਨਾਲ ਅਸਾਂ ਪਿਆਰ ਪਾਇਆ ਹੋਇਆ ਹੈ। ਯਥਾ: ‘‘ਹਮ ਅਵਗੁਣਿ ਭਰੇ, ਏਕੁ ਗੁਣੁ ਨਾਹੀ;   ਅੰਮ੍ਰਿਤੁ ਛਾਡਿ, ਬਿਖੈ ਬਿਖੁ ਖਾਈ ॥ ਮਾਯਾ ਮੋਹ, ਭਰਮ ਪੈ ਭੂਲੇ;  ਸੁਤ ਦਾਰਾ ਸਿਉ, ਪ੍ਰੀਤਿ ਲਗਾਈ ॥’’ (ਭੱਟ ਕੀਰਤ/੧੪੦੬) ਪਦ ਅਰਥ –  ਬਿਖੁ = ਜ਼ਹਿਰ।, ਬਿਖੈ ਬਿਖੁ = ਜ਼ਹਿਰ ਹੀ ਜ਼ਹਿਰ।, ਬਿਖੈ ਬਿਖੁ ਖਾਈ = ਅਸਾਂ ਨਿਰੋਲ ਵਿਹੁ ਹੀ ਖਾਧੀ ਹੈ।, ਪੈ = ਪੈ ਕੇ।, ਸੁਤ = ਪੁੱਤਰ।, ਦਾਰਾ = ਇਸਤ੍ਰੀ।, ਸਉ = ਨਾਲ।, ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ।

ਸ਼ਬਦ ਦੇ ਅੰਤਮ ਜਾਂ ਚੌਥੇ ਬੰਦ ਵਿੱਚ ਦੱਸਿਆ ਹੈ –  ਹੇ ਭਾਈ ! (ਇਸ ਮੋਹਨੀ ਮਾਇਆ ਦੇ ਪੰਜੇ ਵਿੱਚੋਂ ਨਿਕਲਣ ਵਾਸਤੇ ਮੈਨੂੰ ਤਾਂ) ਕੋਈ ਹੋਰ ਢੰਗ ਨਹੀਂ ਸੁੱਝਦਾ, ਮੈਂ ਤਾਂ ਪਰਮਾਤਮਾ ਦੇ ਦਾਸਾਂ ਦੀ ਸ਼ਰਨ ਪਿਆ ਰਹਿੰਦਾ ਹਾਂ। ਨਾਨਕ ਆਖਦਾ ਹੈ- ਹੇ ਮਨ ! ਮਾਇਆ ਦੇ ਮੋਹ ਵਿੱਚੋਂ ਤਦੋਂ ਹੀ ਬਚੀਦਾ ਹੈ ਜਦੋਂ (ਪ੍ਰਭੂ ਦੇ ਸੇਵਕਾਂ ਦੀ ਸ਼ਰਨੀ ਪੈ ਕੇ ਆਪਣੇ ਅੰਦਰੋਂ) ਅਸੀਂ ਸਾਰੇ ਔਗੁਣ ਮਿਟਾ ਦੇਈਏ। ਯਥਾ: ‘‘ਆਨ ਉਪਾਉ, ਨ ਕੋਊ ਸੂਝੈ ; ਹਰਿ ਦਾਸਾ ਸਰਣੀ ਪਰਿ ਰਹਾ ॥  ਕਹੁ ਨਾਨਕ,  ਤਬ ਹੀ, ਮਨ  ! ਛੁਟੀਐ ; ਜਉ ਸਗਲੇ ਅਉਗਨ ਮੇਟਿ ਧਰਹਾ ॥੪॥’’ ਪਦ ਅਰਥ – ਉਪਾਉ = ਉਪਾਅ, ਇਲਾਜ।, ਪਰਿ ਰਹਾ = ਮੈਂ ਪਿਆ ਰਹਿੰਦਾ ਹਾਂ।, ਮਨ = ਹੇ ਮਨ !, ਛੁਟੀਐ = ਮਾਇਆ ਦੇ ਪੰਜੇ ਤੋਂ ਬਚ ਸਕੀਦਾ ਹੈ।, ਜਉ = ਜਦੋਂ।, ਮੇਟਿ ਧਰਹਾ = ਮੇਟਿ ਧਰਹ, ਅਸੀਂ ਮਿਟਾ ਦੇਵੀਏ ।

ਮਿਸਾਲ ਵਜੋਂ ਹੋਰ ਸ਼ਬਦ –

(1).  ਹੇ ਪ੍ਰਭੂ ਪਾਤਿਸ਼ਾਹ ! ਕਿਰਪਾ ਕਰ ਕੇ ਤੂੰ ਮੈਥੋਂ ਉਹੀ ਕੰਮ ਕਰਾਇਆ ਕਰ ਜੋ ਤੈਨੂੰ ਚੰਗਾ ਲੱਗਦਾ ਹੋਵੇ ਕਿਉਂਕਿ ਮੈਨੂੰ ਤਾਂ ਕੋਈ ਅਕਲ ਦੀ ਗੱਲ ਨਹੀਂ ਕਰਨੀ ਆਉਂਦੀ। ਹੇ ਪ੍ਰਭੂ ! ਅਸੀਂ (ਤੇਰੇ) ਬੱਚੇ, ਤੇਰੀ ਸ਼ਰਨ ਆਏ ਹਾਂ। (ਗੁਰੂ ਦੁਆਰਾ ਸਾਨੂੰ ਦੱਸਿਆ ਗਿਆ ਹੈ ਕਿ) ਹੇ ਭਾਈ ! (ਸ਼ਰਨ ਪਏ ਜੀਵ ਦੀ) ਪ੍ਰਭੂ ਨੇ ਆਪ ਹੀ ਇੱਜ਼ਤ (ਸਦਾ) ਰੱਖੀ ਹੈ। ਯਥਾ: ‘‘ਮੋਹਿ, ਸਿਆਣਪ ਕਛੂ ਨ ਆਵੈ ॥ ਹਮ ਬਾਰਿਕ, ਤਉ ਸਰਣਾਈ ॥ ਪ੍ਰਭਿ, ਆਪੇ ਪੈਜ ਰਖਾਈ ॥’’ (ਮ:ਪ/੬੨੬) ਪਦ ਅਰਥ : ਮੋਹਿ = ਮੈਨੂੰ।, ਤਉ = ਤੇਰੀ।, ਪ੍ਰਭਿ = ਪ੍ਰਭੂ ਨੇ।, ਆਪੇ = ਆਪ ਹੀ।, ਪੈਜ = ਇੱਜ਼ਤ।

(2).  ਹੇ ਭਾਈ ! ਜਿੰਦ ਦੀ (ਅਰਦਾਸ) ਕੇਵਲ ਪਰਮਾਤਮਾ ਕੋਲ਼ ਹੀ ਸੁਣੀ ਤੇ ਮੰਨੀ ਜਾਂਦੀ ਹੈ। (ਰੱਬੀ ਆਸਰੇ ਤੋਂ ਬਿਨਾਂ ਲੋਕ) ਹੋਰ ਬਥੇਰੇ ਜਤਨ ਕਰ-ਕਰ ਕੇ ਥੱਕ ਜਾਂਦੇ ਹਨ, ਉਹਨਾਂ ਜਤਨਾਂ ਦਾ ਮੁੱਲ ਇੱਕ ਤਿਲ ਮਾਤਰ ਭੀ ਨਹੀਂ ਸਮਝਿਆ ਜਾਂਦਾ। ਯਥਾ: ‘‘ਜੀਅ ਕੀ, ਏਕੈ ਹੀ ਪਹਿ ਮਾਨੀ ॥  ਅਵਰਿ ਜਤਨ ਕਰਿ ਰਹੇ ਬਹੁਤੇਰੇ ;  ਤਿਨ, ਤਿਲੁ ਨਹੀ ਕੀਮਤਿ ਜਾਨੀ ॥ ਰਹਾਉ ॥’’  (ਮ: ੫/੬੭੧)  ਪਦ ਅਰਥ : ਜੀਅ ਕੀ = ਜਿੰਦ ਦੀ।, ਏਕੈ ਹੀ ਪਹਿ = ਇਕ ਪਰਮਾਤਮਾ ਦੇ ਪਾਸ ਹੀ।, ਮਾਨੀ = ਮੰਨੀ ਜਾਂਦੀ ਹੈ।, ਅਵਰਿ = ਹੋਰ ਕਈ (ਨੋਟ: ਲਫ਼ਜ਼ ‘ਅਵਰੁ’ ਤੋਂ ਬਹੁ-ਵਚਨ ‘ਅਵਰਿ’ ਸਰੂਪ ਬਣਿਆ) ।, ਤਿਨ ਕੀਮਤਿ = ਉਹਨਾਂ (ਜਤਨਾਂ) ਦੀ ਕੀਮਤਿ।, ਜਾਨੀ = ਜਾਣੀ ਜਾਂਦੀ।