ਕੱਟੜ ਹਿੰਦੂ ਜਥੇਬੰਦੀਆਂ ਨੂੰ ਸੀ ਆਈ ਏ ਵੱਲੋਂ ਅੱਤਵਾਦੀ ਜਥੇਬੰਦੀਆਂ ਐਲਾਨਣ ਦਾ ਸਵਾਗਤ

0
258

ਕੱਟੜ ਹਿੰਦੂ ਜਥੇਬੰਦੀਆਂ ਨੂੰ ਸੀ ਆਈ ਏ ਵੱਲੋਂ ਅੱਤਵਾਦੀ ਜਥੇਬੰਦੀਆਂ ਐਲਾਨਣ ਦਾ ਸਵਾਗਤ

ਭਾਰਤ ਵਿੱਚ ਘੱਟ ਗਿਣਤੀਆਂ ਜੀਅ ਰਹੀਆਂ ਹਨ ਖ਼ਤਰੇ ਦੇ ਆਲਮ ਵਿੱਚ : ਹਿੰਮਤ ਸਿੰਘ

ਨਿਊਯਾਰਕ 24 ਜੂਨ : ਅਮਰੀਕਾ ਦੀ ਅੰਤਰਰਾਸ਼ਟਰੀ ਮਾਮਲਿਆਂ ਉੱਤੇ ਨਿਗਾਹ ਰੱਖਣ ਵਾਲੀ ਵਕਾਰੀ ਏਜੰਸੀ ‘ਸੀ.ਆਈ.ਏ’ ਵੱਲੋਂ ਭਾਰਤ ਦੀਆਂ ਸ਼ਿਵ ਸੈਨਾ, ਬਜਰੰਗ ਦਲ, ਵਿਸ਼ਵ ਹਿੰਦੂ ਪ੍ਰੀਸ਼ਦ ਵਰਗੀਆਂ ਆਰ.ਐਸ.ਐਸ. ਦੀਆਂ ਹਿੰਦੂ ਜਥੇਬੰਦੀਆਂ ਨੂੰ ਅੱਤਵਾਦੀ ਜਥੇਬੰਦੀਆਂ ਐਲਾਨ ਕੇ ਸਾਬਤ ਕਰ ਦਿੱਤਾ ਹੈ ਕਿ ਅੰਤਰਰਾਸ਼ਟਰੀ ਪੱਧਰ ਦੀਆਂ ਏਜੰਸੀਆਂ ਵੀ ਭਾਰਤ ਦੀਆਂ ਕੱਟੜ ਹਿੰਦੂ ਜਥੇਬੰਦੀਆਂ ਦੀਆਂ ਕਾਰਵਾਈਆਂ ’ਤੇ ਨਿਗਾਹ ਰੱਖ ਰਹੀਆਂ ਹਨ। ਇਸ ਸੱਚ ਨੂੰ ਦੁਨੀਆਂ ਭਰ ਵਿੱਚ ਉਜਾਗਰ ਕਰਨ ’ਤੇ ਅਮਰੀਕਾ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਪੰਥਕ ਜਥੇਬੰਦੀਆਂ ਵੱਲੋਂ ਸਾਂਝੇ ਤੌਰ ’ਤੇ ਬਣਾਈ ਗਈ ਜਥੇਬੰਦੀ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਨੇ ਸਵਾਗਤ ਕਰਦਿਆਂ ਕਿਹਾ ਹੈ ਕਿ ਹੁਣ ਬਿੱਲੀ ਥੈਲਿਓਂ ਬਿਲਕੁਲ ਬਾਹਰ ਆ ਗਈ ਹੈ।

ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਕਨਵੀਨਰ ਹਿੰਮਤ ਸਿੰਘ ਤੇ ਹੋਰ ਅਹੁਦੇਦਾਰਾਂ ਵਿੱਚ ਕੇਵਲ ਸਿੰਘ ਸਿੱਧੂ, ਹਰਜਿੰਦਰ ਸਿੰਘ, ਵੀਰ ਸਿੰਘ ਮਾਂਗਟ, ਦਵਿੰਦਰ ਸਿੰਘ ਦਿਓ ਨੇ ਕਿਹਾ ਕਿ ਭਾਰਤ ਵਿੱਚ ਜੇਕਰ ਸਿੱਖ ਆਪਣਾ ਰਾਜ ਸਥਾਪਤ ਕਰਨ ਲਈ ਸੰਵਿਧਾਨਕ ਤਰੀਕੇ ਨਾਲ ਰਿਫਰੈਂਡਮ 20-20 ਵੀ ਕਰਾਉਣ ਦੀ ਗੱਲ ਕਰਦੇ ਹਨ ਤਾਂ ਉਨ੍ਹਾਂ ਨੂੰ ਅੱਤਵਾਦੀ-ਵੱਖਵਾਦੀ ਵਰਗੀਆਂ ਗੱਲਾਂ ਕਰ ਕੇ ਬਦਨਾਮ ਕਰ ਕੇ ਉਨ੍ਹਾਂ ’ਤੇ ਕੇਸ ਦਰਜ ਕਰਨ ਦੀ ਗੱਲ ਕੀਤੀ ਜਾਂਦੀ ਹੈ ਪਰ ਆਰ.ਐਸ.ਐਸ. ਨੇ ਸਿੱਧੇ ਰੂਪ ਵਿੱਚ ਕਿਹਾ ਹੋਇਆ ਹੈ ਕਿ ਭਾਰਤ ਨੂੰ 2023 ਤੱਕ ਹਿੰਦੂ ਰਾਸ਼ਟਰ ਘੋਸ਼ਿਤ ਕਰ ਦਿੱਤਾ ਜਾਵੇਗਾ ਤਾਂ ਉਸ ’ਤੇ ਕੋਈ ਦੇਸ਼ ਧਰੋਹ ਦਾ ਮਾਮਲਾ ਦਰਜ ਕਰਨ ਦੀ ਗੱਲ ਨਹੀਂ ਹੁੰਦੀ, ਭਾਰਤ ਵਿੱਚ ਇਹ ਇੱਕ ਪਾਸੜ ਅਣਮਨੁੱਖੀ ਤੌਰ ’ਤੇ ਖੇਡੀ ਜਾ ਰਹੀ ਖੇਡ ਘੱਟ ਗਿਣਤੀਆਂ ਲਈ ਬਹੁਤ ਖ਼ਤਰਨਾਕ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਇੱਕ ਸਾਜ਼ਸ਼ ਤਹਿਤ ਨੌਜਵਾਨਾਂ ਨੂੰ ਖ਼ਤਮ ਕੀਤਾ ਜਾ ਰਿਹਾ ਹੈ।  ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਫੜ੍ਹ ਕੇ ਪੰਜਾਬ ਵਿੱਚ ਨਸ਼ੇ ਖ਼ਤਮ ਕਰਨ ਦੀ ਸੌਂਹ ਖਾਈ ਸੀ, ਜੋ ਮਹਿਜ਼ ਸਿਆਸੀ ਡਰਾਮਾ ਹੀ ਸਾਬਤ ਹੋਈ ਪਰ ਪੰਜਾਬ ਵਿੱਚ ਨਸ਼ਿਆਂ ਨਾਲ ਜਵਾਨੀਆਂ ਅਜੇ ਵੀ ਖ਼ਤਮ ਹੋ ਰਹੀਆਂ ਹਨ। ਇਹ ਕੱਟੜ ਹਿੰਦੂ ਜਥੇਬੰਦੀ ਆਰ.ਐਸ.ਐਸ. ਦੇ ਨਕਸ਼ੇ ਕਦਮ ’ਤੇ ਚੱਲਦਿਆਂ ਘੱਟ ਗਿਣਤੀਆਂ ਦੀਆਂ ਜਵਾਨੀਆਂ ਰੋਲਣ ਦਾ ਜੋ ਕੰਮ ਪੰਜਾਬ ਦੀ ਸਰਕਾਰ ਨੇ ਵੀ ਜਾਰੀ ਰੱਖਿਆ ਹੋਇਆ ਹੈ, ਉਹ ਬਿਲਕੁਲ ਹੀ ਬਰਦਾਸ਼ਤ ਤੋਂ ਬਾਹਰ ਹੈ। ਉਨ੍ਹਾਂ ਕਿਹਾ ਕਿ ਆਰ.ਐਸ.ਐਸ. ਵੱਲੋਂ ਸ਼ਿਕਾਗੋ ਵਿੱਚ ਇੱਕ ਹਿੰਦੂ ਕਾਨਫ਼ਰੰਸ 7, 8, 9 ਸਤੰਬਰ ਨੂੰ ਕੀਤੀ ਜਾ ਰਹੀ ਹੈ ਉਸ ਦਾ ਸਿੱਖ ਕੋਆਰਡੀਨੇਸ਼ਨ ਕਮੇਟੀ ਡੱਟ ਕੇ ਵਿਰੋਧ ਕਰੇਗੀ, ਕਿਉਂਕਿ ਇਹ ਅਸਲ ਵਿੱਚ ਹਿੰਦੂ ਰਾਸ਼ਟਰ ਨੂੰ ਦੁਨੀਆਂ ਵਿੱਚ ਪ੍ਰਚਾਰਨ ਦਾ ਹੀ ਇਨ੍ਹਾਂ ਦੇ ਏਜੰਡੇ ਤਹਿਤ ਹੋ ਰਿਹਾ ਹੈ। ਤਿੰਨੇ ਦਿਨ ਇਸ ਕਾਨਫ਼ਰੰਸ ਦਾ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਜ਼ਬਰਦਸਤ ਰੋਸ ਪ੍ਰਦਰਸ਼ਨ ਵੀ ਹੋਣਗੇ, ਜਿਸ ਸਬੰਧੀ ਅਮਰੀਕਾ ਦੇ ਸਟੇਟ ਡਿਪਾਰਟਮੈਂਟ (ਵਿਦੇਸ਼ ਮੰਤਰਾਲਾ) ਨੂੰ ਵੀ ਪੱਤਰ ਲਿਖ ਕੇ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਦੀ ਵਕਾਰੀ ਏਜੰਸੀ ਵੱਲੋਂ ਕੱਟੜ ਹਿੰਦੂ ਜਥੇਬੰਦੀਆਂ ਨੂੰ ਅੱਤਵਾਦੀ ਗਰਦਾਨ ਦੇਣਾ ਇਕ ਤਰ੍ਹਾਂ ਇਹ ਸਪਸ਼ਟ ਕਰਦਾ ਹੈ ਕਿ ਭਾਰਤ ਵਿੱਚ ਘੱਟ ਗਿਣਤੀਆਂ ਬਹੁਤ ਖ਼ਤਰੇ ਵਿੱਚ ਜੀਅ ਰਹੀਆਂ ਹਨ, ਜਿਸ ਦੇ ਖ਼ਿਲਾਫ਼ ਉਹ ਆਪਣਾ ਪੂਰਾ ਜ਼ੋਰ ਤਾਣ ਲਾ ਦੇਣਗੇ ਅਤੇ ਅਮਰੀਕਾ ਸਰਕਾਰ ਨੂੰ ਅਜਿਹੀ ਕਾਨਫ਼ਰੰਸ ਨੂੰ ਹੋਣ ’ਤੇ ਰੋਕ ਲਗਾਉਣ ਲਈ ਵੀ ਜ਼ੋਰ ਪਾਉਣਗੇ।

ਜਾਰੀ ਕਰਤਾ, ਹਿੰਮਤ ਸਿੰਘ ਕੋਆਰਡੀਨੇਟਰ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਯੂ.ਐਸ.ਏ.)