ਆਵਨਿ ਅਠਤਰੈ ਜਾਨਿ ਸਤਾਨਵੈ

0
1225

ਆਵਨਿ ਅਠਤਰੈ ਜਾਨਿ ਸਤਾਨਵੈ

ਇੰਜ. ਜੋਗਿੰਦਰ ਸਿੰਘ (ਲੁਧਿਆਣਾ)-94630-55206

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ੭੨੨ ਉੱਤੇ ਰਾਗ ਤਿਲੰਗ ਮਹਲਾ ੧ ਦੇ ਸਿਰਲੇਖ ਅਧੀਨ ਆਏ ਸ਼ਬਦ ਦਾ ਪਾਠ ਇੰਞ ਹੈ: ਤਿਲੰਗ ਮਹਲਾ ੧ ॥  ਜੈਸੀ ਮੈ ਆਵੈ ਖਸਮ ਕੀ ਬਾਣੀ; ਤੈਸੜਾ ਕਰੀ ਗਿਆਨੁ ਵੇ ਲਾਲੋ  !॥  ਪਾਪ ਕੀ ਜੰਞ ਲੈ ਕਾਬਲਹੁ ਧਾਇਆ; ਜੋਰੀ ਮੰਗੈ ਦਾਨੁ ਵੇ ਲਾਲੋ  !॥  ਸਰਮੁ ਧਰਮੁ ਦੁਇ ਛਪਿ ਖਲੋਏ; ਕੂੜੁ ਫਿਰੈ ਪਰਧਾਨੁ ਵੇ ਲਾਲੋ  ! ॥  ਕਾਜੀਆ ਬਾਮਣਾ ਕੀ ਗਲ ਥਕੀ; ਅਗਦੁ ਪੜੈ ਸੈਤਾਨੁ ਵੇ ਲਾਲੋ  !॥  ਮੁਸਲਮਾਨੀਆ ਪੜਹਿ ਕਤੇਬਾ; ਕਸਟ ਮਹਿ ਕਰਹਿ, ਖੁਦਾਇ ਵੇ ਲਾਲੋ  !॥  ਜਾਤਿ ਸਨਾਤੀ ਹੋਰਿ ਹਿਦਵਾਣੀਆ; ਏਹਿ ਭੀ ਲੇਖੈ ਲਾਇ, ਵੇ ਲਾਲੋ  !॥  ਖੂਨ ਕੇ ਸੋਹਿਲੇ ਗਾਵੀਅਹਿ, ਨਾਨਕ ! ਰਤੁ ਕਾ ਕੁੰਗੂ ਪਾਇ, ਵੇ ਲਾਲੋ  !॥੧॥  ਸਾਹਿਬ ਕੇ ਗੁਣ ਨਾਨਕੁ ਗਾਵੈ; ਮਾਸ ਪੁਰੀ ਵਿਚਿ ਆਖੁ ਮਸੋਲਾ ॥  ਜਿਨਿ ਉਪਾਈ ਰੰਗਿ ਰਵਾਈ; ਬੈਠਾ ਵੇਖੈ ਵਖਿ ਇਕੇਲਾ ॥  ਸਚਾ ਸੋ ਸਾਹਿਬੁ, ਸਚੁ ਤਪਾਵਸੁ; ਸਚੜਾ ਨਿਆਉ ਕਰੇਗੁ ਮਸੋਲਾ ॥  ਕਾਇਆ ਕਪੜੁ ਟੁਕੁ ਟੁਕੁ ਹੋਸੀ; ਹਿਦੁਸਤਾਨੁ ਸਮਾਲਸੀ ਬੋਲਾ ॥  ਆਵਨਿ ਅਠਤਰੈ, ਜਾਨਿ ਸਤਾਨਵੈ; ਹੋਰੁ ਭੀ ਉਠਸੀ ਮਰਦ ਕਾ ਚੇਲਾ ॥  ਸਚ ਕੀ ਬਾਣੀ ਨਾਨਕੁ ਆਖੈ; ਸਚੁ ਸੁਣਾਇਸੀ, ਸਚ ਕੀ ਬੇਲਾ ॥੨॥੩॥੫॥ (ਮਹਲਾ ੧/ ਪੰਨਾ ੭੨੩)

ਅੱਖਰੀ ਅਰਥ ਹਨ :- ਹੇ (ਭਾਈ) ਲਾਲੋ ! ਜਿਸ ਤਰ੍ਹਾਂ ਮੈਨੂੰ ਖਸਮ-ਪ੍ਰਭੂ ਵੱਲੋਂ ਅਗੰਮੀ-ਸੈਨਤਾਂ ਦਾ ਅਨੁਭਵ ਹੋ ਰਿਹੈ, ਉਸੇ ਅਨੁਸਾਰ ਮੈਂ ਤੈਨੂੰ ਜਾਣੂ ਕਰਵਾ ਰਹਿਆ ਹਾਂ। (ਬਾਬਰ) ਕਾਬਲ ਤੋਂ (ਜ਼ਾਲਮ ਧਾੜਵੀਆਂ ਦੇ ਲਾਉ-ਲਸ਼ਕਰ ਰੂਪੀ) ਪਾਪ ਦੀ ਜੰਞ ਇਕੱਠੀ ਕਰ ਕੇ ਆ ਚੜ੍ਹਿਆ ਹੈ ਅਤੇ ਧਿੰਗਾਣੀ ਜ਼ੋਰ-ਜਬਰ ਦੁਆਰਾ ਹਿੰਦ-ਦੀ-ਹਕੂਮਤ ਰੂਪੀ ਕੰਨਿਆ ਦਾ ਦਾਨ ਮੰਗ ਰਿਹੈ। ਹਰ ਤਰ੍ਹਾਂ ਦੀ ਸ਼ਰਮ ਅਤੇ ਧਰਮ, ਦੋਵੇਂ ਹੀ ਅਲੋਪ ਹੋ ਚੁੱਕੇ ਹਨ ਤੇ ਸਭ ਪਾਸੇ ਝੂਠ ਹੀ ਝੂਠ ਚੌਧਰੀ ਬਣਿਆ ਫਿਰਦੈ ! (ਸ਼ਰੇਆਮ ਪੂਰੀ ਬੇ-ਹਯਾਈ (ਬੇਸ਼ਰਮੀ) ਦੁਆਰਾ ਔਰਤਾਂ, ਨੂੰਹਾਂ-ਧੀਆਂ ਨਾਲ ਬਲਾਤਕਾਰ ਅਜਿਹੀ ਬੇਕਿਰਕੀ ਤੇ ਖੁਦਾਈ-ਖ਼ੌਫ ਤੋਂ ਨਾਬਿਰ (ਇਨਕਾਰੀ) ਹੋ ਕੇ ਕੀਤੇ ਜਾ ਰਹੇ ਹਨ) ਮਾਨੋ ਖੁਦ ਸ਼ੈਤਾਨ ਆਪ ਹੀ ਸਮੂਹਿਕ ਨਿਕਾਹ-ਵਿਆਹ ਪੜ੍ਹਾਅ ਰਹਿਆ ਹੋਵੇ। ਕਾਜ਼ੀਆਂ-ਬ੍ਰਾਹਮਣਾਂ ਵਾਲੀਆਂ ਰੀਤਾਂ-ਰਸਮਾਂ ਦੀ ਪੁੱਛ-ਪ੍ਰਤੀਤ ਵੀ ਮਰ-ਮੁੱਕ ਚੁੱਕੀ ਹੈ। ਉੱਚੀਆਂ-ਨੀਵੀਆਂ ਜਾਤਾਂ ਦੀਆਂ ਸਾਰੀਆਂ ਹਿੰਦੂ-ਇਸਤ੍ਰੀਆਂ ਸਮੇਤ ਮੁਸਲਮਾਨ ਔਰਤਾਂ ਵੀ ਇਸ ਬੇਪਤੀ ਤੇ ਬਿਪਤਾ ਭਰੇ ਅੱਤਿਆਚਾਰਾਂ ਦੌਰਾਨ ਕੁਰਾਨ ਦੀਆਂ ਆਇਤਾਂ ਪੜ੍ਹਦਿਆਂ ਅੱਲ੍ਹਾ-ਤਾਲਾ ਅੱਗੇ ਚੀਕ-ਪੁਕਾਰ ਕਰ ਰਹੀਆਂ ਹਨ (ਕਿਹੋ ਜੇਹੀ ਜੰਞ ਤੇ ਕਿਹੋ ਜਿਹੇ ਵਿਆਹ ?) ਕਤਲੋਗਾਰਤ ਦੇ ਵਾਤਾਵਰਨ ’ਚ ਖੂਨ ਦੇ ਸੋਹਿਲੇ ਤੇ ਖੂਨ ਦਾ ਹੀ ਕੇਸਰ ਚਹੁਂ ਤਰਫ਼ੀ ਖਿਲਾਰਿਆ ਜਾ ਰਿਹਾ ਹੈ।

ਲੋਥਾਂ-ਭਰੇ ਮਹੌਲ ਦੇ ਰੂ-ਬਰੂ (ਗੁਰੂ) ਨਾਨਕ, ਪੂਰੇ ਮਸਲੇ ਬਾਰੇ ਅਸਲ ਹਕੀਕਤ ਦੀ ਗੱਲ ਇਹ ਆਖਦੇ ਹਨ ਕਿ ਜਿਸ ਕਰਤੇ-ਪੁਰਖ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ, ਉਸੇ ਨੇ ਇਸ ਨੂੰ ਮਾਇਆ-ਮੋਹ ਵਿੱਚ ਪਰਵਿਰਤ ਕੀਤਾ ਹੋਇਆ ਹੈ, ਪਰ ਆਪ ਉਹ ਨਿਵੇਕਲਾ-ਨਿਰਲੇਪ ਰਹਿੰਦਿਆਂ ਜਗਤ-ਤਮਾਸ਼ਾ ਵੇਖ ਰਿਹੈ। ਉਹ ਮਾਲਕ ਸੱਚਾ ਹੈ, ਉਸ ਦਾ ਇਨਸਾਫ਼ ਵੀ ਸੱਚ-ਰੂਪ ਹੈ ਅਤੇ ਉਹ ਅਗਾਂਹ ਵੀ ਇਸ ਮਸਲੇ ਦਾ ਫ਼ੈਸਲਾ ਆਪਣੇ ਨਿਯਮਾਂ ਅਨੁਸਾਰ (ਸਚੜਾ ਨਿਆਉ) ਕਰੇਗਾ (ਕਰੇਗੁ) ! ਅਰਥਾਤ (ਇਸ ਦੇਸ਼ ਵਿੱਚ) ਸਰੀਰ ਰੂਪੀ ਕੱਪੜਾ ਟੋਟੇ-ਟੋਟੇ ਹੋਵੇਗਾ (ਹੋਸੀ) ਅਤੇ ਹਿੰਦੁਸਤਾਨ, ਮੇਰੇ ਇਨ੍ਹਾਂ ਬੋਲਾਂ (ਭਵਿੱਖਮੁਖੀ ਵਾਕਾਂ) ਨੂੰ ਯਾਦ ਰੱਖੇਗਾ (ਸਮਾਲਸੀ)। (ਕਾਬਲ ਤੋਂ ਮੁਗ਼ਲ) ਅਠਤਰੈ ਵਿੱਚ ਆਉਣਗੇ ਅਤੇ ਸਤਾਨਵੈ ’ਚ ਵਾਪਸ ਪਰਤਣਾ ਪਵੇਗਾ ਕਿਉਂਕਿ ਉਦੋਂ (ਕੋਈ) ਹੋਰ ‘ਮਰਦ ਕਾ ਚੇਲਾ’ ਰਾਜ ਸੰਭਾਲ ਲਵੇਗਾ। (ਗੁਰੂ) ਨਾਨਕ ਸੱਚੀ ਗੱਲ ਆਖਦਾ ਹੈ ਅਤੇ ਉਹ ਹਮੇਸ਼ਾਂ ਲੋਕਾਈ ਨੂੰ ਸਮੇਂ ਸਿਰ ਸੱਚ ਤੋਂ ਜਾਣੂ ਕਰਵਾ ਰਹਿਆ ਹੈ ।

ਉਪਰੋਕਤ ਸ਼ਬਦ ਸਾਡੇ ਇਸ ਵਿਸ਼ਾਲ ਭਾਰਤੀ ਉਪ-ਮਹਾਂਦੀਪ ਦੇ ਸਭਿਆਚਾਰਕ, ਸਮਾਜਕ ਵਿਵਸਥਾ ਅਤੇ ਰਾਜਨੀਤਕ ਉੱਥਲ-ਪੱੁਥਲ ਦੀਆਂ ਅਹਿਮ ਇਤਿਹਾਸਿਕ-ਘਟਨਾਵਾਂ ਦੀ ਅਸਲੀਅਤ ਅਤੇ ਭਵਿੱਖਮੁਖੀ ਹੋਣੀਆਂ ਦਾ ਵਿਸਤ੍ਰਿਤ ਉਲੇਖ ਉਜਾਗਰ ਕਰਦਾ ਹੈ, ਪਰ ਕੀ ਇਹ ਅੱਖੀਂ-ਡਿੱਠੇ ਹਾਲਾਤਾਂ ਦਾ ਬਿਆਨ ਹੈ ਜਾਂ ਕਿਸੇ ਭਵਿੱਖਮੁਖੀ ਘਟਨਾਕ੍ਰਮ ਸੰਬੰਧੀ ਅਗਾਊਂ ਪੇਸ਼ੀਨਗੋਈ ਹੈ। ਅਠਤਰੈ ਅਤੇ ਸਤਾਨਵੇਂ ਨਾਲ ਸੰਮਤ ਸ਼ਬਦ ਅੰਕਿਤ ਹੋਣ ਕਰ ਕੇ, ਇਸ ਘੁੰਡੀ ਬਾਰੇ ਵਿਦਵਾਨਾਂ ਵੱਲੋਂ ਟੀਕਾਕਾਰੀ-ਵਿਆਖਿਆ ਕਰਨ ਵਿੱਚ ਕਈ ਤਰ੍ਹਾਂ ਦੇ ਖ਼ਿਆਲ ਵੇਖੇ ਜਾਂਦੇ ਹਨ। ਵੱਖ ਵੱਖ ਸਰੋਤਾਂ ਤੋਂ ਮਿਲੀ ਜਾਣਕਾਰੀ ਨੂੰ ਪਾਠਕਾਂ ਨਾਲ ਸਾਂਝਾ ਕਰਨਾ ਇਸ ਲੇਖ ਦਾ ਦਿਲਚਸਪੀ-ਭਰਪੂਰ ਮੰਤਵ ਹੈ।

  1. ਪ੍ਰੋਫੈਸਰ ਸਾਹਿਬ ਸਿੰਘ, ਸਾਬਕਾ ਪ੍ਰਿੰਸੀਪਲ ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਅੰਮ੍ਰਿਤਸਰ:- ਹੇ (ਭਾਈ) ਲਾਲੋ ! ਮੈਨੂੰ ਜਿਹੋ ਜਿਹੀ ਖਸਮ-ਪ੍ਰਭੂ ਵੱਲੋਂ ਪ੍ਰੇਰਨਾ ਆਈ ਹੈ, ਉਸੇ ਅਨੁਸਾਰ ਮੈਂ ਤੈਨੂੰ (ਉਸ ਦੂਰ-ਘਟਨਾ ਦੀ) ਵਾਕਫ਼ੀਅਤ ਦੇਂਦਾ ਹਾਂ (ਜੋ ਇਸ ਸ਼ਹਿਰ ਸ਼ੈਦਪੁਰ ਵਿੱਚ ਵਾਪਰੀ ਹੈ)। (ਬਾਬਰ) ਕਾਬਲ ਤੋਂ (ਫ਼ੌਜ ਜੋ ਮਾਨੋ) ਪਾਪ-ਜ਼ੁਲਮ ਦੀ ਜੰਞ (ਹੈ) ਇਕੱਠੀ ਕਰ ਕੇ ਆ ਚੜ੍ਹਿਆ ਹੈ, ਅਤੇ ਜ਼ੋਰ-ਧੱਕੇ ਨਾਲ ਹਿੰਦ-ਦੀ-ਹਕੂਮਤ ਰੂਪ ਕੰਨਿਆ-ਦਾਨ ਮੰਗ ਰਿਹਾ ਹੈ। (ਸੈਦਪੁਰ ਵਿਚੋਂ) ਹਯਾ ਤੇ ਧਰਮ ਦੋਵੇਂ ਅਲੋਪ ਹੋ ਚੁੱਕੇ ਹਨ, ਝੂਠ ਹੀ ਝੂਠ ਚੌਧਰੀ ਬਣਿਆ ਫਿਰਦਾ ਹੈ। (ਬਾਬਰ ਦੇ ਸਿਪਾਹੀਆਂ ਵਲੋਂ ਸੈਦਪੁਰ ਦੀਆਂ ਇਸਤ੍ਰੀਆਂ ਉੱਤੇ ਇਤਨੇ ਅੱਤਿਆਚਾਰ ਹੋ ਰਹੇ ਹਨ ਕਿ, ਮਾਨੋ) ਸ਼ੈਤਾਨ (ਇਸ ਸ਼ਹਿਰ ਵਿਚ) ਵਿਆਹ ਪੜ੍ਹਾ ਰਿਹਾ ਹੈ ਤੇ ਕਾਜ਼ੀਆਂ ਅਤੇ ਬ੍ਰਾਹਮਣਾਂ ਦੀ (ਸਾਊਆਂ ਵਾਲੀ) ਮਰਯਾਦਾ ਮੁੱਕ ਚੁਕੀ ਹੈ। ਮੁਸਲਮਾਨ ਔਰਤਾਂ (ਭੀ ਇਸ ਜ਼ੁਲਮ ਦਾ ਸ਼ਿਕਾਰ ਹੋ ਰਹੀਆਂ ਹਨ ਜੋ) ਇਸ ਬਿਪਤਾ ਵਿਚ (ਆਪਣੀ ਧਰਮ-ਪੁਸਤਕ) ਕੁਰਾਨ (ਦੀਆਂ ਆਇਤਾਂ) ਪੜ੍ਹ ਰਹੀਆਂ ਹਨ ਤੇ ਖ਼ੁਦਾ ਅੱਗੇ ਪੁਕਾਰ ਕਰ ਰਹੀਆਂ ਹਨ। ਉੱਚੀਆਂ ਜਾਤਾਂ ਦੀਆਂ, ਨੀਵੀਆਂ ਜਾਤਾਂ ਦੀਆਂ ਅਤੇ ਹੋਰ ਭੀ ਸਭ ਹਿੰਦੂ ਇਸਤ੍ਰੀਆਂ-ਇਹਨਾਂ ਸਾਰੀਆਂ ਉੱਤੇ ਇਹੀ ਅੱਤਿਆਚਾਰ ਹੋ ਰਹੇ ਹਨ। (ਸੈਦਪੁਰ ਦੀ ਕਤਲੇਆਮ ਦੀ ਇਹ ਦੁਰ-ਘਟਨਾ ਬੜੀ ਭਿਆਨਕ ਹੈ, ਪਰ ਇਹ ਭੀ ਠੀਕ ਹੈ ਕਿ ਜਗਤ ਵਿਚ ਸਭ ਕੁਝ ਮਾਲਕ-ਪ੍ਰਭੂ ਦੀ ਰਜ਼ਾ ਵਿਚ ਹੋ ਰਿਹਾ ਹੈ, ਇਸ ਵਾਸਤੇ) ਲੋਥਾਂ-ਭਰੇ ਇਸ ਸ਼ਹਿਰ ਵਿਚ ਬੈਠ ਕੇ ਭੀ ਨਾਨਕ ਉਸ ਮਾਲਕ-ਪ੍ਰਭੂ ਦੇ ਗੁਣ ਹੀ ਗਾਂਦਾ ਹੈ, (ਹੇ ਭਾਈ ਲਾਲੋ ! ਤੂੰ ਭੀ ਇਸ) ਅਟੱਲ ਨਿਯਮ ਨੂੰ ਉਚਾਰ (ਚੇਤੇ ਰੱਖ ਕਿ) ਜਿਸ ਮਾਲਕ-ਪ੍ਰਭੂ ਨੇ (ਇਹ ਸ੍ਰਿਸ਼ਟੀ) ਪੈਦਾ ਕੀਤੀ ਹੈ, ਉਸੇ ਨੇ ਇਸ ਨੂੰ ਮਾਇਆ ਦੇ ਮੋਹ ਵਿਚ ਪਰਵਿਰਤ ਕੀਤਾ ਹੋਇਆ ਹੈ, ਉਹ ਆਪ ਹੀ ਨਿਰਲੇਪ ਰਹਿ ਕੇ (ਉਹਨਾਂ ਦੁਰ-ਘਟਨਾਵਾਂ ਨੂੰ) ਵੇਖ ਰਿਹਾ ਹੈ (ਜੋ ਮਾਇਆ ਦੇ ਮੋਹ ਦੇ ਕਾਰਨ ਵਾਪਰਦੀਆਂ ਹਨ) ।

ਉਹ ਮਾਲਕ-ਪ੍ਰਭੂ ਅਟੱਲ ਨਿਯਮਾਂ ਵਾਲਾ ਹੈ, ਉਸ ਦਾ ਨਿਆਉਂ (ਹੁਣ ਤਕ) ਅਟੱਲ ਹੈ, ਉਹ (ਅਗਾਂਹ ਨੂੰ ਭੀ) ਅਟੱਲ ਨਿਯਮ ਵਰਤਾਇਗਾ ਉਹੀ ਨਿਆਉਂ ਕਰੇਗਾ ਜੋ ਅਟੱਲ ਹੈ। (ਉਸ ਅਟੱਲ ਨਿਯਮ ਅਨੁਸਾਰ ਹੀ ਇਸ ਵੇਲੇ ਸੈਦਪੁਰ ਵਿਚ ਹਰ ਪਾਸੇ) ਮਨੁੱਖਾ ਸਰੀਰ-ਰੂਪ ਕੱਪੜਾ ਟੋਟੇ ਟੋਟੇ ਹੋ ਰਿਹਾ ਹੈ। ਇਹ ਇਕ ਐਸੀ ਭਿਆਨਕ ਘਟਨਾ ਹੋਈ ਹੈ ਜਿਸ ਨੂੰ ਹਿੰਦੁਸਤਾਨ ਭੁਲਾ ਨਹੀਂ ਸਕੇਗਾ।

(ਪਰ ਹੇ ਭਾਈ ਲਾਲੋ ! ਜਦ ਤਕ ਮਨੁੱਖ ਮਾਇਆ ਦੇ ਮੋਹ ਵਿਚ ਪਰਵਿਰਤ ਹਨ, ਅਜੇਹੇ ਘੱਲੂ-ਘਾਰੇ ਵਾਪਰਦੇ ਹੀ ਰਹਿਣੇ ਹਨ, ਮੁਗ਼ਲ ਅੱਜ) ਸੰਮਤ ਅਠੱਤਰ (੧੫੭੮) ਵਿਚ ਆਏ ਹਨ, ਇਹ ਸੰਮਤ ਸਤਾਨਵੇ (੧੫੯੭) ਵਿਚ ਚਲੇ ਜਾਣਗੇ, ਕੋਈ ਹੋਰ ਸੂਰਮਾ ਭੀ ਉੱਠ ਖੜਾ ਹੋਵੇਗਾ। (ਜੀਵ ਮਾਇਆ ਦੇ ਰੰਗ ਵਿਚ ਮਸਤ ਹੋ ਕੇ ਉਮਰ ਅਜਾਈਂ ਗਵਾ ਰਹੇ ਹਨ) ਨਾਨਕ ਤਾਂ (ਇਸ ਵੇਲੇ ਭੀ) ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹੈ, (ਸਾਰੀ ਉਮਰ ਹੀ) ਇਹ ਸਿਫ਼ਤਿ-ਸਾਲਾਹ ਕਰਦਾ ਰਹੇਗਾ, ਕਿਉਂਕਿ ਇਹ ਮਨੁੱਖਾ ਜਨਮ ਦਾ ਸਮਾ ਸਿਫ਼ਤਿ-ਸਾਲਾਹ ਵਾਸਤੇ ਹੀ ਮਿਲਿਆ ਹੈ।

  1. ਜਨਮਸਾਖੀ ਮੇਹਰਬਾਨ: ਤਥ ਬਾਬੇ ਜੀ ਕਹਿਆ ਜੇ, ‘ਅਠਤਰੈ ਪਠਾਣ ਆਵਹਿਗੇ ਸਤਾਨਵੇ ਪਠਾਣ ਜਾਹਿਗੇ ! ਤਬ ਏਨਾ ਪਠਾਣਾਂ ਕੀ ਪਾਤਿਸਾਹੀ ਜਾਇਗੀ। ਏਕੁ ਮਰਦ ਕਾ ਚੇਲਾ ਅਵਰੁ ਉਠਿ ਖੜਾ ਹੋਵੇਗਾ, ਆਇ ਪਾਤਿਸ਼ਾਹੀ ਕਰੇਗਾ। ਹਿੰਦੁਸਤਾਨ ਖੁਰਾਸਾਨ ਕੀ ਪਾਤਿਸਾਹੀ ਕਰੇਗਾ। ਇਨਹੁ ਪਠਾਣਹੁ ਕੰਉ ਮਾਰਿ ਕਰਿ ਗਰਤ ਗੋਰ ਕਰੇਗਾ, ਅਰੁ ਪਾਤਿਸ਼ਾਹੀ ਉਹੁ ਕਰੇਗਾ। ਏਹੁ ਸਚ ਕੀ ਬਾਣੀ ਦਰਗ਼ਹ ਤੇ ਸਾਹਿਬ ਭੇਜੀ ਹੈ। ਏ ਲੋਕਹੁ ! ਤੁਮ ਚੇਤਾ ਕਰੀਅਹੁ ਦੇਖਹੁਗੇ ਜਿ ਈਹਾਂ ਹੋਇਗਾ।’
  2. ਗਿਆਨ ਰਤਨਾਵਲੀ ਭਾਈ ਮਨੀ ਸਿੰਘ: ਪੰਦਰਾ ਸੈ ਅਠਤਰੈ ਚਉ ਗੱਤੇ ਹਿੰਦੁਸਤਾਨ ਮੇ ਆਵਨਗੇ ਅਰ ਹਿੰਦ ਰਾਜ 219 ਦੋ ਸੈ ਉਨੀ ਬਰਸ ਕਰਹਿੰਗੇ ਅਰ ਸਤਾਰਾਂ ਸੈ ਛਿਆਨਵੇਂ ਮੇਂ ਈਰਾਨ ਸੋਂ ਇੱਕ ਮੁਗਲ ਆਵੇਗਾ ਔਰ ਗੁਰ ਜੀ ਦਾ ਜਾਪ ਜਪਾਵੈਗਾ ਅਰ ਏਨਾਂ ਦਾ ਰਾਜ ਜੀਤ ਕੇ ਫੇਰ 297 ਨੂੰ ਅਰ ਸਤਾਰਾਂ ਸੋ ਸਨਾਨਵੇਂ ਮੇਂ ਉੱਠ ਜਾਵੇਗਾ ਅਤੇ ਉਸ ਤੋਂ ਪਿੱਛੋਂ ਦਸਵਾਂ ਅਉਤਾਰ ਅਸਾਡਾ ਨਰ ਰੂਪ ਹੋਵੇਗਾ ਸੋ ਉਹ ਜੋ ਮਰਦ ਹੈ ਉਸ ਦੇ ਸਿੱਖ ਖਾਲਸਾ ਸਦਾਇਨਗੇ ਅਰ ਸਨੇ ਸਨੇ ਹਿੰਦੁਸਤਾਨ ਦਾ ਰਾਜ ਖੋਹ ਲਵਨਗੇ। ਸੋ ਜੇ ਆਪਸ ਵਿੱਚ ਇੱਤਫ਼ਾਕ ਕਰਨਗੇ ਤਾਂ ਹੋਰਨਾਂ ਵਲਾਇਤਾਂ ਦਾ ਰਾਜ ਭੀ ਮੱਲ ਲਵਨਗੇ ਅਤੇ ਜੇ ਆਪਸ ਮੇਂ ਵਿਰੋਧ ਕਰਨਗੇ ਤਾਂ ਹਿੰਦੁਸਤਾਨ ਵਿੱਚ ਦੁਖ ਪਏ ਪਾਵਨਗੇ।
  3. ਗਿ. ਹਰਬੰਸ ਸਿੰਘ: ਦਰਸ਼ਨ ਨਿਰਣੈ, ਪੋਥੀ ਅੱਠਵੀਂ ਪੰਨਾ 86:- (ਕਾਬਲ ਤੋਂ ਮੁਗਲ 78 ਵਿਚ ਆਉਣਗੇ (ਅਤੇ) 97 ਵਿਚ ਚਲੇ ਜਾਣਗੇ (ਉਨ੍ਹਾਂ ਤੋਂ ਮਗਰੋਂ ਇੱਕ) ਹੋਰ ਮਰਦ ਕਾ ਚੇਲਾ ਉੱਠੇਗਾ। ਨਾਨਕ ਸੱਚ ਕੀ ਬਾਣੀ (ਭਾਵ ਸੱਚੀ ਗਲ) ਆਖਦਾ ਹੈ ਸੱਚ ਹੀ ਸੁਣਾਇਗਾ (ਕਿਉਂਕਿ ਇਹ ਸੱਚ ਸੁਣਾਉਣ ਦਾ ਵੇਲਾ ਹੈ)
  4. ਮਹਾਨ ਕੋਸ਼- ਕ੍ਰਿਤ ਭਾਈ ਕਾਨ੍ਹ ਸਿੰਘ ਜੀ ਨਾਭਾ:-ਆਵਨਿ ਅਠਤਰੈ: ਤਿਲੰਗ ਰਾਗ ਵਿੱਚ ਗੁਰੂ ਨਾਨਕ ਦੇਵ ਦਾ ਇਹ ਭਵਿੱਖਤ ਦਾ ਹਾਲ ਪ੍ਰਗਟ ਕਰਨ ਵਾਲਾ ਵਾਕ ਹੈ, ਜੋ ਭਾਈ ਲਾਲੋ ਪ੍ਰੇਮੀ ਨੂੰ ਸੰਬੋਧਨ ਕਰਕੇ ਉਚਾਰਿਆ ਹੈ, ਯਥਾ:-

     ‘‘ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ’’, ਇਸ ਦਾ ਅਰਥ ਹੈ ਕਿ ਇਸ ਥਾਂ ਸੈਦਪੁਰ (ਏਮਨਾਬਾਦ) ਵਿੱਚ ਮੁਗਲ ੧੫੭੮ ਬਿਕ੍ਰਮੀ ਨੂੰ ਆ ਕੇ ਹੰਕਾਰੀ ਪਠਾਣਾਂ ਨੂੰ ਤਬਾਹ ਕਰਨਗੇ ਅਤੇ ਭਾਰਤ ਤੋਂ ਸੰਮਤ ੧੫੯੭ ਨੂੰ ਚਲੇ ਜਾਣਗੇ, ਪਠਾਣਾਂ ਵਿੱਚੋਂ ਭੀ ਇੱਕ ਹੋਰ ਮਰਦ ਦਾ ਚੇਲਾ ਪ੍ਰਗਟ ਹੋਵੇਗਾ।

ਬਾਬਰ ਦੇ ਹਿੰਦੁਸਤਾਨ ਉੱਪਰ ਪੰਜ ਹੱਲੇ ਹੋਏ ਹਨ, ਇਹ ਤੀਜਾ ਹੱਲਾ ਸੰਮਤ ੧੫੭੮ ਦਾ ਸੀ, ਜਿਸ ਵਿੱਚ ਸੈਦਪੁਰ ਦੇ ਅਹੰਕਾਰੀ ਪਠਾਣ ਬਾਬਰ ਨੇ ਕਤਲ ਕੀਤੇ। ਸੰਮਤ ੧੫੯੭ ਵਿੱਚ ਕਨੌਜ ਦੀ ਲੜਾਈ ਅੰਦਰ ਸ਼ੇਰ ਸ਼ਾਹ ਤੋਂ ਹਾਰ ਖਾ ਕੇ ਹੁਮਾਯੂੰ ਭਾਰਤ ਛੱਡ ਗਿਆ। ‘ਭੀ’ ਸ਼ਬਦ ਬੋਧਨ ਕਰਦਾ ਹੈ ਕਿ ਮੁਗਲਾਂ ਕਰਕੇ ਜਿੱਤੇ ਹੋਏ ਪਠਾਣ ਫੇਰ ਭੀ ਰਾਜ ਪਾਉਣਗੇ, ਸੋ ਸ਼ੇਰ ਸ਼ਾਹ ਨੇ ਦਿੱਲੀ ਦਾ ਤਖ਼ਤ ਪ੍ਰਾਪਤ ਕੀਤਾ।

ਕਈ ਵਿਦਵਾਨ ਇਸ ਪੇਸ਼ੀਨਗੋਈ ਨੂੰ ਬਿਕ੍ਰਮੀ ਸੋਲਵੀਂ ਸਦੀ ਤੋਂ ਲੈ ਕੇ ਬੀਸਵੀਂ ਸਦੀ ਤਕ ਵਰਤਦੇ ਹਨ, ਅਰ ‘ਮਰਦ ਕਾ ਚੇਲਾ’ ਦਸਮੇਸ਼ ਅਤੇ ਖ਼ਾਲਸਾ ਪੰਥ ਨੂੰ, ਤਥਾ ਬੰਦਾ ਬਹਾਦਰ ਆਦਿ ਅਨੇਕਾਂ ਨੂੰ ਕਲਪਦੇ ਹਨ, ਪਰ ਇਹ ਉਨ੍ਹਾਂ ਦੀ ਭੁੱਲ ਹੈ, ਕਿਉਂਕਿ ਸਦੀ ਦਾ ਅੰਗ ਸਾਥ ਲਾਏ ਬਿਨਾ ਵਿਚਕਾਰਲੇ ਅੰਗ ਕੇਵਲ ਵਰਤਮਾਨ ਸਦੀ ਦੇ ਹੀ ਵਰਤੇ ਜਾ ਸਕਦੇ ਹਨ, ਜੇ ਸੋਲਵੀਂ ਸਦੀ ਤੋਂ ਬਾਹਰ ਦੀ ਘਟਨਾ ਸਤਿਗੁਰੂ ਵਰਣਨ ਕਰਦੇ, ਤਦ ਸਦੀ ਦਾ ਅੰਗ ਜ਼ਰੂਰ ਜੋੜਦੇ, ਏਥੇ ਕੇਵਲ ਸੋਲਵੀਂ ਸਦੀ ਦਾ ਅਠੱਤਰ ਅਤੇ ਸਤਾਨਵੇਂ ਹੈ।

  1. Gurbachan Singh Talib, in consultation with Bhai Jodh Singh, English Translation. Publication Bureau Punjabi University Patiala:-

Traditionally this hymn is stated to be addressed to Lalo, a carpenter of Saidpur (Eminabad) and a disciple of Guru Nanak Dev. ‘Lalo’ is apostrophized at the end of each line. The occasion is Babar’s invasion and sack of Sialkot and other areas. It may be possible that the holy Guru is here not addressing the man Lalo alone, but God, the Divine Beloved, ‘Mere Lal Jio’ is an expression occurring for God in the Scripture.

     Dān is the traditional term for giving away a daughter in wedlock and Satan making marriages, implies dishonour of Indian womanhood by Babar’s soldiery, ‘ਖੂਨ ਕੇ ਸੋਹਿਲੇ -ਵੇ ਲਾਲੋ॥’ ਵਾਲੀ ਤੁੱਕ ਨੂੰ ਸਾਹਮਣੇ ਰੱਖਦਿਆਂ, ਡਾ. ਤਾਲਿਬ ਹੁਰਾਂ ਪ੍ਰਭੂ-ਪ੍ਰਮਾਤਮਾ ਨੂੰ ਵੀ ਸੰਬੋਧਿਤ ਹੋਵਣ ਦਾ ਵਿਚਾਰ ਪੇਸ਼ ਕੀਤਾ ਹੈ।

  1. ਭਾਈ ਕੇਸਰ ਸਿੰਘ ਛਿੱਬਰ ਨੇ ‘ਅਠਤਰੈ’ ਦਾ ਭਾਵ ਅਰਥ ‘ਅੱਠ ਤੇ ਤਰੈ’ (83) ਤ੍ਰਿਆਸੀ ਕੀਤਾ ਹੈ। ਗਿਆਨੀ ਹਰਬੰਸ ਸਿੰਘ ਕਰਤਾ ‘ਦਰਸ਼ਨ ਨਿਰਣੈ’ ਨੇ ਉਕਤ ਵਿਆਖਿਆ ਵਿਚ ਬਾਬਰੀ ਹਮਲਿਆਂ ਦੇ ਕ੍ਰਮ-ਅੰਕ ਜਾਂ ਸਥਾਨ ਦਾ ਨਿਖੇੜਾ ਨਹੀਂ ਕੀਤਾ। ਪ੍ਰੋ. ਸਾਹਿਬ ਸਿੰਘ ਕਰਤਾ ‘ਦਰਪਣ’, ਹੁਰਾਂ ਨੇ ਇਸ ਸ਼ਬਦ ਦੇ ਵਿਸ਼ਾ-ਵਸਤੂ ਨੂੰ ਸੰਮਤ 1578 (ਸੰਨ 1521) ਵਿੱਚ ਬਾਬਰ ਦੇ ਤੀਜੇ ਹਮਲੇ ਦੌਰਾਨ ਸੈਦਪੁਰ (ਏਮਨਾਬਾਦ) ਦੀ ਹੋਈ ਬਰਬਾਦੀ ਤੇ ਕਤਲੇਆਮ ਨਾਲ ਜੋੜਿਆ ਹੈ।

* ਕਈ ਲਿਖਾਰੀਆਂ ਵੱਲੋਂ ‘ਮਹਾਰਾਜਾ ਰਣਜੀਤ ਸਿੰਘ ਜਾਂ ਸ. ਬਘੇਲ ਸਿੰਘ ਨੂੰ ‘ਮਰਦ ਕਾ ਚੇਲਾ’ ਕਹਿਣਾ ਠੀਕ ਨਹੀਂ ਕਿਉਂਕਿ ਇਨ੍ਹਾਂ ਦੋਹਾਂ ਨੇ ਦਿੱਲੀ ਦੇ ਤਖ਼ਤ ’ਤੇ ਬੈਠ ਕੇ ਹਕੂਮਤ ਨਹੀਂ ਕੀਤੀ’। ਇਹ ਵੀ ਜਾਣ ਲਈਏ ਕਿ ਸਹੀ ਤੱਥਾਂ ਤੱਕ ਅਪੜਨ ਲਈ ਪੁਰਾਤਨ ਲਿਖਤਾਂ ਦੀ ਬਹੁ-ਪੱਖੀ ਜਾਂਚ ਹੋਣੀ ਚਾਹੀਦੀ ਹੈ।

ਸਿੱਖ ਸਾਹਿਤ ਤੋਂ ਬਾਹਰਲੇ ਹਮਲਿਆਂ ਨੂੰ ਵੀ ਵਿਚਾਰਨਾ ਉਚਿਤ ਹੋਵੇਗਾ। ਬਾਬਰ ਦੀ ਲਿਖਤ ਅਨੁਸਾਰ:-ਜਦੋਂ ਅਮੀਰ ਤੈਮੂਰ ਨਛੱਤ੍ਰ-ਸੂਰ (ਸਾਹਿਬ ਕਿਰਾਂ) ਹਿੰਦੁਸਤਾਨ ਵਿਚ ਆਏ ਤੇ ਮੁੜ ਗਏ ਸਨ, ਉਦੋਂ ਤੋਂ ਹੀ ਇਹ ਇਲਾਕੇ… ਭੇਰਾ, ਖੁਸ਼ਾਬ ਤੇ ਚਨਿਓਟ… ਉਨ੍ਹਾਂ ਤੇ ਉਨ੍ਹਾਂ ਦੀ ਸੰਤਾਨ ਦੇ ਕਬਜ਼ੇ ਵਿੱਚ ਰਹੇ ਹਨ।…ਇਸ ਕਰਕੇ ਅਸੀਂ ਇਸ ਇਲਾਕੇ ਨੂੰ ਤਾਂ ਆਪਣਾ ਹੀ ਸਮਝਦੇ ਸਾਂ। ਸੋ ਅਸਾਂ ਇੱਥੋਂ ਦੇ ਵਸਨੀਕਾਂ ਦਾ ਵਾਲ ਵਿੰਗਾ ਨਹੀਂ ਹੋਣ ਦਿੱਤਾ। ਏਥੇ (ਭੇਰੇ) ਵਾਲਿਆਂ ਨੇ ਭੀ ਆਖਿਆ ਕਿ ‘ਜੇ ਸੁਲਹ-ਸਫਾਈ ਨਾਲ ਦਿੱਲੀ ਦਰਬਾਰ ਨਾਲ ਗੱਲ ਕੀਤੀ ਜਾਵੇ; ਤਾਂ ਜੋ ਮੁਲਕ ਤੁਰਕਾਂ ਦਾ ਹੈ, ਉਸ ਪਰ ਓਹ ਦਾਵਾ ਨਹੀਂ ਕਰਨਗੇ।’

…ਇਸ ਵਾਸਤੇ, ਮੁੱਲਾ ਮੁਰਸ਼ਿਦ ਨੂੰ ਰਾਜਦੂਤ ਬਣਾ ਕੇ, ਸੁਲਤਾਨ ਇਬਰਾਹੀਮ ਪਾਸ ਭੇਜਿਆ ਅਰੁ ਜਿਤਨਾ ਮੁਲਕ ਕਦੀਮ ਤੋਂ ਤੁਰਕਾਂ ਦਾ ਸੀ, ਉਸ ਦਾ ਦਾਵਾ ਕੀਤਾ। ਜੋ ਪੱਤਰ ਦੌਲਤਖਾਨ ਸੂਬੇਦਾਰ ਲਾਹੌਰ ਅਤੇ ਸੁਲਤਾਨ ਇਬਰਾਹੀਮ ਦੇ ਨਾਮ ਲਿਖੇ; ਰਾਜਦੂਤ ਦੇ ਹੱਥ ਦਿੱਤੇ ਗਏ। ਕੁਝ ਜ਼ਬਾਨੀ ਸੁਨੇਹੇ ਵੀ ਦਿੱਤੇ ਅਰ ਮੁੱਲਾਂ ਮੁਰਸ਼ਿਦ ਨੂੰ ਟੋਰ ਦਿੱਤਾ ਗਿਆ।

…‘ਹਿੰਦੁਸਤਾਨੀ ਬੇ-ਵਕੂਫ ਹੁੰਦੇ ਹਨ। ਨਾ ਦੁਸ਼ਮਨੀ ਕਰਨ ਦੀ ਉਨ੍ਹਾਂ ਨੂੰ ਜਾਚ ਹੈ, ਨਾ ਦੋਸਤੀ ਨਿਬਾਹੁਣਾ ਜਾਣਦੇ ਹਨ। ਨਾ ਮੁਕਾਬਲੇ ਪੁਰ ਡਟਣ ਦਾ ਜਿਗਰਾ ਰੱਖਦੇ ਹਨ, ਤੇ ਨਾ ਨੱਸ ਜਾਣ ਦਾ ਉਨ੍ਹਾਂ ਨੂੰ ਵੱਲ ਆਉਂਦੈ।’ ਸਾਡੇ ਘਲੇ ਏਲਚੀ ਨੂੰ ਦੌਲਤ ਖਾਨ ਨੇ ਚੋਖਾ ਚਿਰ ਲਾਹੌਰ ਹੀ ਅਟਕਾ ਰੱਖਿਆ, ਨਾ ਤਾਂ ਖੁਦ ਉਸ ਨਾਲ ਮਿਲਣੀ ਕੀਤੀ ਤੇ ਨਾ ਉਸ ਨੂੰ ਸੁਲਤਾਨ ਇਬਰਾਹੀਮ ਪਾਸ ਜਾਣ ਦਿੱਤਾ। ਉਸ ਵਿਚਾਰੇ ਦੀ ਜਦ ਕਿਸੇ ਵਾਤ ਨਾ ਪੁੱਛੀ ਤੇ ਉਸ ਨੂੰ ਕੋਈ ਜਵਾਬ ਵੀ ਨਾ ਮਿਲਿਆ, ਤਾਂ ਉਹ ਨਿਰਾਸ਼ ਹੋ ਕੇ ਕੁਝ ਦਿਨ ਬਾਅਦ ਕਾਬੁਲ ਮੁੜ ਆਇਆ।’ (ਤੁਜ਼ਕਿ ਬਾਬਰੀ-ਉਰਦੂ ਸਫ਼ਾ 226-27)

ਬਾਬਰ ਦਾ ਉਕਤ ਬਿਆਨ, ਗੁਰੂ ਨਾਨਕ ਦੇਵ ਜੀ ਵੱਲੋਂ ਉਚਾਰੀ ਤੁੱਕ ‘ਜੋਰੀ ਮੰਗੈ ਦਾਨ ਵੇ ਲਾਲੋ॥’ ਦੇ ਪਿਛੋਕੜ ’ਚ ਰਹੀ ਅਸਲੀਅਤ ਦਾ ਕਬੂਲਨਾਮਾ ਹੀ ਤਾਂ ਹੈ !

ਕਾਬਲ ਦਾ ਮੀਰ ਬਾਬਰ, ਸਾਡੇ ਦੇਸ਼ ਉੱਤੇ ਕੁੱਲ 5 ਵਾਰੀ ਹਮਲਾਵਰ ਹੋਇਆ। ਪਹਿਲੇ ਦੋ ਹੱਲਿਆਂ ਸਮੇਂ ਉਹ ਦਰਿਆ ਅਟਕ ਪਾਰ ਨਹੀਂ ਕਰ ਸਕਿਆ। ਭੇਰਾ-ਖੁਸ਼ਾਬ ਦਾ ਇਲਾਕਾ (ਅਟਕ ਤੇ ਝਨਾ ਦਰਿਆਵਾਂ ਦੇ ਵਿਚਕਾਰਲਾ ਖੇਤਰ) ਫ਼ਤਹਿ ਕਰਨ ਦੀ ਤਾਰੀਕ 21,22 ਸਫ਼ਰ 925 ਹਿਜਰੀ ਬੁੱਧ-ਵੀਰਵਾਰ ਲਿਖੀ ਹੋਈ ਹੈ, ਜੋ ਫੱਗੁਣ 27, 28 ਸੰਮਤ 1575 ਬਣਦੀ ਹੈ। ਇਹ ਬਾਬਰ ਦਾ ਤੀਜਾ ਧਾਵਾ ਸੀ। ਬਾਬਰ ਨੇ ਚੌਥਾ ਹਮਲਾ 930 ਹਿਜਰੀ ਦੌਰਾਨ ਅਰਥਾਤ ਸੰਮਤ 1580 ਬਿ.’ਚ ਕੀਤਾ ਸੀ। ਇਸ ਮੁਹਿੰਮ ਰਾਹੀਂ ਉਸ ਨੇ ਬਿਆਸ ਦਰਿਆ ਤੋਂ ਪਾਰਲਾ ਸਾਰਾ ਮੁਲਕ ਦੀਪਾਲਪੁਰ ਤੱਕ ਫ਼ਤਹਿ ਕਰਕੇ, ਹਰ ਥਾਂ ਆਪਣੇ ਅਹੁਦੇਦਾਰ ਤੇ ਕਰਿੰਦੇ ਪ੍ਰਬੰਧ ਵਾਸਤੇ ਨੀਅਤ ਕਰ ਦਿੱਤੇ ਸਨ। ਇਸ ਹਿਸਾਬ ਨਾਲ ਸੰਮਤ 1578 ਸਹੀ ਨਹੀਂ ਬੈਠਦਾ। ਗੁਰੂ ਬਾਬਾ ਜੀ ਵੱਲੋਂ ‘ਕਾਬਲੁਹੁੰ ਧਾਇਆ’ ਆਖਣਾ ਇਹ ਨਿਸ਼ਚਿਤ ਕਰਦਾ ਹੈ ਕਿ ਬਾਬਰ ਨੇ ਹਮਲੇ ਸ਼ੁਰੂ ਕਰ ਦਿੱਤੇ ਸਨ, ਪਰ ਭਵਿੱਖਬਾਣੀ ਕਰਦੇ ਅਗੰਮੀ-ਬਚਨ, ਪੰਜਵੇ ਹਮਲੇ ਬਾਰੇ ਹੀ ਸਿੱਧ ਹੁੰਦੇ ਹਨ, ਜਿਸ ਰਾਹੀਂ ਮੀਰ ਬਾਬਰ ਪਾਣੀਪਤ ਦੇ ਮੈਦਾਨ ਅੰਦਰ ਸ਼ੁਕਰਵਾਰ 8 ਰੱਜਬ 932 ਹਿਜਰੀ ਅਰਥਾਤ ਵੈਸਾਖ 24 ਸੰਮਤ, 1583 ਬਿ. (20 ਅਪ੍ਰੈਲ 1526 ਈ.) ਨੂੰ ਭਿਆਨਕ ਜੰਗੀ ਤਬਾਹੀ ਤੇ ਕਤਲੋਗਾਰਤ ਕਰਦਿਆਂ, ਦਿੱਲੀ ਦੇ ਬਾਦਸ਼ਾਹ ਸੁਲਤਾਨ ਇਬਰਾਹੀਮ ਨੂੰ ਮਾਰਨ ਉਪਰੰਤ, ਹਿੰਦੋਸਤਾਨ ਦੀ ਹਕੂਮਤ ਦਾ ਮਾਲਕ ਬਣਿਆ ਸੀ।

ਸਤਿਗੁਰੂ ਨਾਨਕ ਦੇਵ ਜੀ ਦਾ ਜਨਮ ਇਤਿਹਾਸ ਦੇ ਉਸ ਮੁਕਾਮ ’ਤੇ ਹੋਇਆ ਜਦੋਂ ਸੰਸਾਰ ਵਿਚ ਸਮਾਜਕ ਮਜ਼ਹਬੀ, ਰਾਜਸੀ ਤੇ ਇਖਲਾਕੀ ਹਰ ਤਰ੍ਹਾਂ ਦੀ ਅਧੋਗਤੀ ਪਸਰੀ ਹੋਈ ਸੀ। ਬਾਲ ਨਾਨਕ ਦੇ ਬਚਪਨ ਦੌਰਾਨ ਹੀ ਸਭਨਾ ਵੱਲੋਂ ਵੇਖੀ ਜਾਂਦੀ ਗਹਿਰ-ਗੰਭੀਰਤਾ, ਸੁਘੜ ਸਿਆਣੇ ਪਾਂਧੇ ਤੇ ਮੁੱਲਾਂ ਜੀ ਨੂੰ ਬੜੀ ਸਰਲਤਾ ਨਾਲ ਆਪਣੀ ਵਿਲੱਖਣ ਸੂਝ-ਬੂਝ ਦੀ ਪਛਾਣ ਕਰਵਾ ਦੇਣੀ ਅਤੇ ਕਈ ਹੋਰ ਅਦਭੁਤ ਘਟਨਾਵਾਂ ਨੇ ਮੁਕਾਮੀ-ਹਾਕਿਮ ਰਾਇ ਭੋਇ ਭੱਟੀ ਤੇ ਉਨ੍ਹਾਂ ਦੇ ਪੂਰੇ ਪਰਿਵਾਰ ਨੂੰ ਬਾਲ-ਗੁਰੂ ਦਾ ਮੁਰੀਦ ਬਣਾ ਦਿੱਤਾ ਸੀ। ਆਸ-ਪਾਸ ਇਲਾਕੇ ਦੇ ਹੋਰ ਵੱਡੇ-ਵਡੇਰਿਆਂ ਉੱਤੇ ਵੀ ਪੈਗੰਬਰੀ-ਪ੍ਰਭਾਵ ਪੈਣਾ ਸਹਜ-ਸੁਭਾਵਕ ਹੀ ਸੀ। ਭਾਈਆ ਜੈ ਰਾਮ ਦੀ ਮਾਰਫ਼ਤ, ਨਵਾਬ ਦੌਲਤ ਖਾਨ ਲੋਧੀ ਦੇ ਮੋਦੀਖਾਨੇ ਦੀ ਨੌਕਰੀ ਕਰਦਿਆਂ ਗੁਰੂ ਜੀ ਨੂੰ ਆਮ ਰਿਆਇਆ ਤੇ ਸਰਕਾਰੀ-ਦਰਬਾਰੀ ਅਮਲੇ ਬਾਰੇ ਬਹੁਤ ਤਰ੍ਹਾਂ ਦੀ ਵਾਕਫ਼ੀਅਤ ਹੋਈ, ਜਿਸ ਸੰਬੰਧੀ ਕਰੜੀ-ਆਲੋਚਨਾ ਗੁਰਬਾਣੀ ਵਿਚ ਉਪਲਬਧ ਹੈ। ਇਸ ਸਮੇਂ ਪੰਜਾਬ ਪੂਰੀ ਤਰ੍ਹਾਂ ਦੌਲਤ ਖਾਨ ਲੋਧੀ ਜੋ ਦਿੱਲੀ ਦੇ ਹੁਕਮਰਾਨ ਸੁਲਤਾਨ ਇਬਰਾਹੀਮ ਲੋਧੀ ਦੇ ਵੰਸ਼ ਵਿੱਚੋਂ ਹੀ ਸੀ, ਦੇ ਪ੍ਰਸ਼ਾਸਕੀ-ਪ੍ਰਬੰਧਨ ਅਧੀਨ ਸੀ। ਨਵਾਬ ਸਾਹਿਬ ਦੀ ਪੱਕੀ ਰਿਹਾਇਸ਼ ਉਦੋਂ ਸੁਲਤਾਨਪੁਰ ਵਿਖੇ ਸੀ ਅਤੇ ਉਹ ਬ-ਜ਼ਾਤੇ ਖ਼ੁਦ ਨੇਕ ਨੀਅਤ ਇਨਸਾਨ ਤੇ ਨਾਨਕ-ਨਿੰਰਕਾਰੀ ਦੀਆਂ ਧਰਮ-ਸਿਖਿਆਵਾਂ ਤੋਂ ਭਲੀ ਪਰਕਾਰ ਵਰੋਸਾਇਆ ਹੋਇਆ ਸੀ। ਇਸ ਦੀ ਗਵਾਹੀ ਭਾਈ ਗੁਰਦਾਸ ਜੀ ਵੱਲੋਂ ੧੧ਵੀਂ ਵਾਰ ਦੀ ੧੩ਵੀਂ ਪਉੜੀ ’ਚ ਦਰਜ ਹੈ: ਦਉਲਤ ਖਾਂ ਲੋਦੀ ਭਲਾ ਹੋਆ ਜਿੰਦਪੀਰ ਅਬਿਨਾਸੀ।

ਗੁਰੂ ਨਾਨਕ ਸਾਹਿਬ ਅਰਬ, ਈਰਾਨ ਤੇ ਈਰਾਕ ਦੇ ਦੌਰੇੇ ਤੋਂ ਵਾਪਸੀ ਕਰਦਿਆਂ, ਕਾਬੁਲ-ਕੰਧਾਰ ਦੇ ਰਸਤੇ ਆਪਣੇ ਵਤਨਾਂ ਨੂੰ ਮੁੜੇ ਸਨ। ਦੇਸਾਂ-ਪਰਦੇਸਾਂ ਦੀਆਂ ਸਮਾਜਕ ਸਥਿਤੀਆਂ, ਰਾਜਨੀਤਿਕ ਵਿਉਂਤਬੰਦੀਆਂ ਤੇ ਮੁਗ਼ਲ ਮੀਰਾਂ-ਅਮੀਰਾਂ ਦੇ ਇਰਾਦਿਆਂ ਦੀਆਂ ਕੰਨਸੋਆਂ ਤੋਂ ਬਾਖ਼ੂਬੀ ਵਾਕਫ਼ ਹੋ ਚੁੱਕੇ ਸਨ। ਇਸੇ ਤਰ੍ਹਾਂ ਜਦੋਂ ਰਸਤੇ ਵਿੱਚ ਭਾਈ ਲਾਲੋ ਜੀ ਦੇ ਪ੍ਰੇਮ-ਬੰਧਨਾ ਦੇ ਬੱਧੇ ਸੈਦਪੁਰ-ਏਮਨਾਬਾਦ ਵਿਖੇ ਕੁਝ ਦਿਨਾਂ ਲਈ ਠਹਿਰੇ ਸਨ, ਉਹ ਆਪਣੇ ਅੰਤਰ ਆਤਮੇ ਆਮ ਲੋਕ-ਮਾਨਸਿਕਤਾ, ਭਾਰਤੀ ਰਾਜ ਸੱਤਾ ਦੀਆਂ ਕਮਜ਼ੋਰੀਆਂ ਤੇ ਰੱਬੀ-ਰਜ਼ਾ ਦੀਆਂ ਸੰਭਾਵੀ ਹੋਣੀਆਂ ਨੂੰ ਸੰਜੀਵ ਸਰੂਪ ਵਿੱਚ ਅਨੁਭਵ ਕਰ ਰਹੇ ਸਨ।’ ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ॥’ ਦੀ ਸ਼ੁਰੂਆਤੀ ਤੁਕ ਸਪਸ਼ਟ ਕਰਦੀ ਹੈ ਕਿ ‘ਇਹ’ ਪ੍ਰਕਰਣ ਦੁਨੀਆਵੀ ਜਾਣਕਾਰੀ ਨਹੀਂ ਬਲਕਿ ਪ੍ਰਭੂ-ਖਸਮ ਵਲੋਂ ਆਵੇਸ਼ਿਤ ਹੋ ਰਿਹਾ ਅਨੁਭਵੀ ਗਿਆਨ ਹੈ। ਧਾਰਮਿਕ, ਸਮਾਜਿਕ ਤੇ ਨੈਤਿਕ ਪਤਨ ਦਾ ਵਿਵੇਚਨ ਹਿੰਦੋਸਤਾਨੀ ਹੁਕਮਰਾਨਾ ਤੇ ਰਿਆਇਆ ਨਾਲ ਸੰਬਧਿਤ ਹੈ। ‘ਕਰੇਸ’, ‘ਟੁਕ ਟੁਕ ਹੋਸੀ’ ‘ਸਮਾਲਸੀ’ ਅਤੇ ‘ਆਵਨਿ ਅਠਤਰੈ ਜਾਨਿ ਸਤਾਨਵੈ’ ਅਤੇ ‘ਉਠਸੀ’ ਸਾਰੀਆਂ ਕਿਰਿਆਵਾਂ ਭਵਿੱਖਵਾਚੀ ਹਨ।

ਵੈਸਾਖ 24 ਸੰਮਤ 1583 (ਸ਼ੁਕਰਵਾਰ ਅੱਠਵੀਂ ਰੱਜਬ 932 ਹਿਜਰੀ ਜੋ ਈਸਵੀ ਸੰਨ 1526 ਦੇ ਅਪ੍ਰੈਲ ਮਹੀਨੇ ਦੀ 20 ਤਾਰੀਖ ਬਣਦੀ ਹੈ) ਨੂੰ ਪਾਣੀਪਤ ਦੇ ਮੁਕਾਮ ’ਤੇ ਘਮਸਾਣ ਦਾ ਯੁੱਧ ਹੋਇਆ। ਸੁਲਤਾਨ ਇਬਰਾਹੀਮ ਲੋਧੀ ਬੇਸ਼ੁਮਾਰ ਸਾਥੀਆਂ ਸਮੇਤ ਮਾਰਿਆ ਗਿਆ। ਲੋਧੀਆਂ ਦੇ ਪਠਾਣੀ-ਰਾਜ ਦੇ ਖਾਤਮੇ ਨਾਲ ਮੀਰ ਬਾਬਰ ਨੇ ਦਿੱਲੀ-ਤਖਤ ਸੰਭਾਲਿਆ ਅਤੇ ਮੁਗ਼ਲ-ਸਲਤਨਤ ਦੀ ਨੀਂਹ ਰੱਖੀ ਗਈ। ਇਸ ਜੰਗ ਰਾਹੀਂ ਹੋਏ ਰਾਜ-ਪਲਟੇ ਦੌਰਾਨ ਹੋਈ ਕਤਲੋਗਾਰਤ, ਅਮੀਰਾਂ-ਵਜ਼ੀਰਾਂ ਸਮੇਤ ਆਮ-ਮਖ਼ਲੂਕਾਤ ਦੀ ਹੋਈ ਬਰਬਾਦੀ ਅਤੇ ਪੂਰੇ ਘਟਨਾਕ੍ਰਮ ਦੇ ਕਾਰਨਾਂ-ਨਤੀਜਿਆਂ (causes & Effects) ਦੀ ਨਿਸ਼ਾਨਦੇਹੀ ਕਰਨ ਦੇ ਨਾਲੋ ਨਾਲ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ, ਰਚਨਾਵਾਂ ਅੰਦਰ, ਉਪਦੇਸ਼ਾਤਮਕ-ਚੇਤਾਵਨੀਆਂ ਵੀ ਦਰਜ ਕੀਤੀਆਂ ਹਨ:

  1. ਅਗੋ ਦੇ ਜੇ ਚੇਤੀਐ; ਤਾਂ ਕਾਇਤੁ ਮਿਲੈ ਸਜਾਇ ॥ ਸਾਹਾਂ ਸੁਰਤਿ ਗਵਾਈਆ; ਰੰਗਿ ਤਮਾਸੈ ਚਾਇ ॥ ਬਾਬਰਵਾਣੀ ਫਿਰਿ ਗਈ; ਕੁਇਰੁ ਨ ਰੋਟੀ ਖਾਇ ॥੫॥  ਇਕਨਾ ਵਖਤ ਖੁਆਈਅਹਿ; ਇਕਨ੍ਾ ਪੂਜਾ ਜਾਇ ॥  ਚਉਕੇ ਵਿਣੁ ਹਿੰਦਵਾਣੀਆ; ਕਿਉ ਟਿਕੇ ਕਢਹਿ ਨਾਇ  ?॥  ਰਾਮੁ ਨ ਕਬਹੂ ਚੇਤਿਓ; ਹੁਣਿ ਕਹਣਿ ਨ ਮਿਲੈ ਖੁਦਾਇ ॥੬॥  ਇਕਿ ਘਰਿ ਆਵਹਿ ਆਪਣੈ; ਇਕਿ ਮਿਲਿ ਮਿਲਿ ਪੁਛਹਿ ਸੁਖ ॥  ਇਕਨ੍ਾ ਏਹੋ ਲਿਖਿਆ; ਬਹਿ ਬਹਿ ਰੋਵਹਿ ਦੁਖ ॥  ਜੋ ਤਿਸੁ ਭਾਵੈ ਸੋ ਥੀਐ; ਨਾਨਕ ! ਕਿਆ ਮਾਨੁਖ  ?॥੭॥੧੧॥ (ਮਹਲਾ ੧/ ਪੰਨਾ ੪੧੭) ਅਤੇ ਆਸਾ ਮਹਲਾ ੧ ॥  ਕਹਾ ਸੁ ਖੇਲ ਤਬੇਲਾ ਘੋੜੇ ? ਕਹਾ ਭੇਰੀ ਸਹਨਾਈ ? ॥  ਕਹਾ ਸੁ ਤੇਗਬੰਦ ਗਾਡੇਰੜਿ ? ਕਹਾ ਸੁ ਲਾਲ ਕਵਾਈ  ?॥  ਕਹਾ ਸੁ ਆਰਸੀਆ ਮੁਹ ਬੰਕੇ ? ਐਥੈ ਦਿਸਹਿ ਨਾਹੀ ॥੧॥  ਇਹੁ ਜਗੁ ਤੇਰਾ; ਤੂ ਗੋਸਾਈ ॥  ਏਕ ਘੜੀ ਮਹਿ ਥਾਪਿ ਉਥਾਪੇ; ਜਰੁ ਵੰਡਿ ਦੇਵੈ ਭਾਂਈ ॥੧॥ ਰਹਾਉ ॥ (ਮਹਲਾ ੧/ ਪੰਨਾ ੪੧੮)
  2. ਬਾਦਸ਼ਾਹ ਬਾਬਰ, ਹਿੰਦੋਸਤਾਨ ਉੱਤੇ 5 ਕੁ ਸਾਲ ਹਕੂਮਤ ਕਰਨ ਮਗਰੋਂ ਇਸ ਆਤਸ਼-ਦੁਨੀਆਂ ਤੋਂ ਰੁਖਸਤ ਹੋਇਆ। ਉਸ ਦੇ ਚਾਰ ਪੁੱਤਰ ਮੁਹੰਮਦ ਹੁਮਾਯੂੰ, ਕਾਮਰਾਨ, ਅੱਸਕਰੀ ਤੇ ਹਿੰਦਾਲ ਸਨ। ਬਾਬਰ ਸਭਨਾਂ ਤੋਂ ਵੱਡਾ ਤੇ ਸਮਰੱਥ ਹੋਣ ਕਰਕੇ ਤਾਜੋ ਤਖਤ ਦਾ ਮਾਲਕ ਬਣਿਆ। ਪੂਰਬ ਵੱਲ ਬਿਹਾਰ ਦੀ ਸਰਹੱਦ ਤੱਕ ਤੇ ਦੱਖਣ ਵੱਲ ਗੁਜਰਾਤ-ਕਾਠੀਆਵਾੜ ਤੱਕ ਆਪਣੀ ਸਲਤਨਤ ਦਾ ਪਾਸਾਰ ਕਰਨ ਵਿੱਚ ਕਾਮਯਾਬ ਹੁੰਦਾ ਗਿਆ। ਉਦੋਂ ਦੇਸ ਬਿਹਾਰ ਜੌਨਪੁਰ ਤੇ ਚੂਨਾਰਗੜ੍ਹ ਉੱਤੇ ਅਫ਼ਗਾਨੀ ਸ਼ੇਰ ਖਾਨ ਸੂਰੀ ਰਾਜ ਕਰ ਰਿਹਾ ਸੀ। ਸ਼ੇਰ ਖਾਨ ਦਾ ਮੁੱਢਲਾ ਨਾਂ ‘ਫ਼ਰੀਦ’, ਪਿਤਾ ਹਸਨ ਤੇ ਦਾਦਾ ਇਬਰਾਹੀਮ ਸੂਰ-ਬੰਸੀ ਸੀ। ਫਰੀਦ ਨੇ ਬਿਹਾਰ ਦੇ ਤਤਕਾਲੀਨ ਹਾਕਿਮ ਸੁਲਤਾਨ ਮੁਹੰਮਦ ਕੋਲ ਨੌਕਰੀ ਕਰਦਿਆ, ਸ਼ਾਹੀ ਸ਼ਿਕਾਰ ਮੁਹਿੰਮ ਦੌਰਾਨ ਜਦੋਂ ਇੱਕ ਖੂੰਖਾਰ ਸ਼ੇਰ ਨੇ ਅਚਨਚੇਤ ਹਮਲਾ ਕਰਦਿਆ ਕਈਆਂ ਨੂੰ ਮੌਤ ਦਾ ਨਿਵਾਲਾ ਬਣਾ ਦਿੱਤਾ, ਉਦੋਂ ਫਰੀਦ ਨੇ ਹੈਰਾਨਕੁਨ ਹੌਸਲਾ ਕਰਦਿਆਂ, ਪੌਰਖਾ ਸੰਭਾਲ ਕੇ ਸ਼ੇਰ ਨੂੰ ਮਾਰ ਮੁਕਾਇਆ। ਸੁਲਤਾਨ ਨੇ ਸ਼ਾਬਾਸ਼ੀ ਦੇਂਦਿਆਂ ‘ਸ਼ੇਰ ਖਾਨ’ ਦਾ ਖਿਤਾਬ ਬਖ਼ਸ਼ਿਆ।

ਸ਼ੇਰ ਖਾਨ ਦੀ ਯੋਗਤਾ ਤੇ ਕਾਮਯਾਬੀਆਂ ਦਾ ਸਿਹਰਾ, ਸ਼ੇਰ ਖਾਨ ਦੇ ਮੁਰਸ਼ਿਦ ਪੀਰ ਸ਼ੇਖ ਖ਼ਲੀਲ ਸਾਹਿਬ ਦੇ ਸਿਰ ਬੱਝਦਾ ਹੈ, ਜਿਨ੍ਹਾਂ ਨੇ ਉਸ ਨੂੰ ਰਾਜ-ਯੋਗ ਦੀ ਸਿੱਖਿਆ-ਦੀਖਿਆ ਦੇ ਕੇ ਪੱਕੇ ਇਰਾਦੇ ਨਾਲ ਅਗਾਂਹ-ਵਧੂ ਸੂਰਮਾ ਬਣਾਇਆ ਸੀ। ਪੀਰ ਸਾਹਿਬ ਹਮੇਸ਼ਾ ਉਸ ਦੇ ਸੰਗ-ਸਾਥ ਰਹਿ ਕੇ ਸਹਾਇਤਾ ਤੇ ਸਹੀ-ਸੁਝਾਅ ਦਿੰਦੇ ਰਹਿੰਦੇ ਸਨ। ਸ਼ੇਖ ਖਲੀਲ ਹਜ਼ਰਤ ਸ਼ੇਖ ਫਰੀਦ ‘ਸ਼ਕਰਗੰਜ’ ਦੇ ਪੋਤਰੇ ਸਨ, ਜਿਸ ਕਾਰਨ ਗੁਰੂ ਨਾਨਕ ਸਾਹਿਬ ਨੇ ਸ਼ੇਰ ਖਾਨ ਨੂੰ ‘ਮਰਦ ਕਾ ਚੇਲਾ’ ਆਖਦਿਆਂ ਵਡਿਆਇਆ ਹੈ।

ਹੁਮਾਯੂੰ ਬਾਦਸ਼ਾਹ ਨੇ ਜਦੋਂ ਸ਼ੇਰ ਖਾਨ ਉੱਤੇ ਚੜਾਈ ਕੀਤੀ ਤਾਂ ਵਿਚੋਲਗੀ ਦੁਆਰਾ ਸੁਲਹ ਕਰ ਕੇ ਜੰਗ ਟਾਲਣ ਵਾਸਤੇ ਰਜ਼ਾਮੰਦੀ ਬਣ ਗਈ। ਇਹ ਸ਼ੇਰ ਖਾਨ ਦੀ ਫ਼ੌਜੀ ਪੈਂਤੜੇਬਾਜ਼ੀ ਸੀ। ਉਸ ਨੇ ਅੱਧੀ ਰਾਤ ਅਚਨਚੇਤੀ ਬਹੁਤ ਤੇਜ਼ੀ ਨਾਲ ਵੱਡੇ ਭਾਰੀ ਬਾਦਸ਼ਾਹੀ-ਲਸ਼ਕਰ ਉੱਤੇ ਹੱਲਾ ਬੋਲ ਦਿੱਤਾ। ਸ਼ਾਹੀ ਫ਼ੌਜੀਆਂ ਨੂੰ ਸ਼ਸਤਰ ਸੰਭਾਲਣ ਦੀ ਵੀ ਫੁਰਸਤ ਨਾ ਮਿਲੀ। ਬਾਦਸ਼ਾਹ ਹੁਮਾਯੂੰ ਸਣੇ ਸਾਰੇ ਮੁਗ਼ਲੀਆਂ ਸਿਪਹਸਲਾਰ ਤੇ ਸੂਰਮੇ ਸਿਪਾਹੀਆਂ ਦੇ ਵਹੀਰ, ਜਿੱਧਰ ਨੂੰ ਮੂੰਹ ਹੋਇਆ ਭੱਜਣ ਲੱਗੇ। ਬਹੁਤੇ ਮਾਰੇ ਗਏ, ਕਈ ਗੰਗਾਂ ’ਚ ਰੁੜ੍ਹ ਕੇ ਖੁਦਾ ਨੂੰ ਪਿਆਰੇ ਹੋ ਗਏ। ਬਾਦਸ਼ਾਹ ਆਪੂੰ, ਮਾਸ਼ਕੀ ਨਿਜ਼ਾਮ ਸੱਕੇ ਦੀ ਮਸ਼ਕ ਰਾਹੀਂ ਬਚ ਕੇ ਪਾਰ ਲੰਘਿਆ। ਆਗਰੇ ਪਹੁੰਚ ਕੇ ਅਜੇ ਟਿਕਾਣਾ ਕੀਤਾ ਹੀ ਸੀ ਕਿ ਪਿਛੋਂ ਸ਼ੇਰ ਖਾਨ ਦੇ ਜੰਗਜੂ ਜਵਾਨਾਂ ਦੇ ਅੱਪੜ ਪੈਣ ਦੀ ਖ਼ਬਰ ਮਿਲੀ। ਉਸ ਸਮੇਂ ਸ਼ਾਹੀ ਸੈਨਾ ਵਿਚ ਇੱਕ ਲੱਖ ਸਵਾਰ ਸਨ ਤੇ ਸ਼ੇਰ ਖਾਨ ਦੀ ਕਮਾਨ ਥੱਲੇ ਮਸਾਂ ਪੰਜਾਹ ਹਜ਼ਾਰ। ਵੱਡੇ ਵੱਡੇ ਇਤਬਾਰੀ ਤੇ ਰਿਸ਼ਤੇਦਾਰੀਆਂ ਵਿੱਚੋਂ ਆਏ ਲੜਾਕੂ ਸੂਰਮੇ ਵੀ ਬਾਦਸ਼ਾਹ ਨੂੰ ਦਗ਼ਾ ਦੇ ਗਏ ਅਤੇ ਇਉਂ ਸ਼ਾਹੀ-ਦਲ ਵਿਚ ਆਪੌ ਧਾਪੀ ਛਿੜ ਪਈ। ਵਰਖਾ ਰੱੁਤ ਹੋਣ ਕਾਰਨ, ਮੋਹਲੇਧਾਰ ਮੀਂਹ ਵਰਿਆ। ਬਾਦਸ਼ਾਹੀ-ਲਸ਼ਕਰ ਦਾ ਟਿਕਾਣਾ ਨੀਵੇਂ ਥਾਂ ਹੋਣ ਕਰਕੇ ਮੁਸ਼ਕਲਾਤ ਵਧ ਚੁੱਕੀ ਸੀ ਤੇ ਉਤੋਂ ਸ਼ੇਰ ਖਾਨ ਅਚਿੰਤੇ ਬਾਜ਼ ਵਾਂਗ ਆ ਪਿਆ। ਬਹੁਤੇ ਤਾਂ ਬਿਨਾ ਲੜੇ ਹੀ ਭੱਜ ਨਿਕਲੇ, ਥੋੜੇ ਜਿਹੇ ਵਫ਼ਾਦਾਰ, ਜਾਨਾਂ ਹੂਲ ਕੇ ਲੜ ਮਰੇ, ਪਰ ਉਨ੍ਹਾਂ ਦੀ ਕੋਈ ਪੇਸ਼ ਨਾ ਗਈ, ਪਾਸਾ ਪਲਟ ਚੁੱਕਾ ਸੀ। ਬਾਦਸ਼ਾਹ ਹੁਮਾਯੂੰ ਨੇ ਆਪਣਾ ਘੋੜਾ ਦਰਿਆ ਵਿੱਚ ਠੇਲ੍ਹ ਦਿੱਤਾ। ਇਹ ਫੈਸਲਾਕੁਨ ਲੱਕ ਤੋੜਵੀਂ ਹਾਰ 10 ਮੁਹੱਰਮ 947 ਹਿਜਰੀ ਅਰਥਾਤ ਸੰਮਤ 1597 ਬਿ. 21 ਜੇਠ ਸੋਮਵਾਰ ਨੂੰ ਹੋਈ ਸੀ। ਇੱਥੋਂ ਜਾਨ ਬਚਾ ਕੇ ਨਸੇ ਜਾਂਦੇ ਬਾਬਰਕਿਆ ਦੇ, ਆਗਰੇ-ਦਿੱਲੀ-ਲਾਹੌਰ ਕਿਤੇ ਵੀ ਪੈਰ ਟਿੱਕ ਨਾ ਸਕੇ ਤੇ ਪੰਜ ਛੇ ਮਹੀਨਿਆਂ ਦੀ ਭਾਜੜ ਮਗਰੋਂ ਹੁਮਾਯੂੰ, ਰਾਵੀ ਦਰਿਆ ਲੰਘਦਿਆ ਭੇਰੇ ਵੱਲ ਤੇ ਫਿਰ ਦਰਿਆ ਸਿੰਧ ਪਾਰ ਕਰ ਗਿਆ। ਇਸ ਤਰ੍ਹਾਂ ਨਾਨਕ ਨਿਰੰਕਾਰੀ ਸਤਿਗੁਰੂ ਦਾ ਉਕਤ ਅਗੰਮੀ ਵਾਕ ‘‘ਆਵਨਿ ਅਠਤਰੈ ਜਾਨਿ ਸਤਾਨਵੈ; ਹੋਰੁ ਭੀ ਉਠਸੀ ਮਰਦ ਕਾ ਚੇਲਾ ॥’’ (ਮਹਲਾ ੧/ ਪੰਨਾ ੭੨੩) ਅਟਲਾਧਾ (ਅਟੱਲ) ਸਿੱਧ ਹੋਇਆ, ‘‘ਇਕਿ ਸਾਧ ਬਚਨ ਅਟਲਾਧਾ ॥’’ (ਮਹਲਾ ੫/ ੧੨੦੪)

ਸੋ ਹਥਲਾ ਵਿਸ਼ਾ ‘‘ਆਵਨਿ ਅਠਤਰੈ ਜਾਨਿ ਸਤਾਨਵੈ’’ ’ਚ ਭਾਵੇਂ ਟੀਕਾਕਰਾਂ ਵੱਲੋਂ ਦਰਸਾਏ ਗਏ ਕਈ ਪੱਖਾਂ ਨੂੰ ਰੂਪਮਾਨ ਕੀਤਾ ਗਿਆ, ਵਿਚਾਰਿਆ ਗਿਆ ਹੈ ਪਰ ਇਹ ਘਟਨਾ ਸੈਦਪੁਰ (ਤਦ ਇਹ ਇਲਾਕਾ ਹਿੰਦੋਸਤਾਨ ’ਚ ਆਉਂਦਾ ਸੀ) ’ਚ ਬਾਬਰ ਦੇ ਸੰਮਤ 1578 (ਸੰਨ 1521) ’ਚ ਹਮਲਾ ਕਰਨ ਅਤੇ ਸੰਮਤ 1597 (ਸੰਨ 1540) ’ਚ ਸ਼ੇਰ ਖਾਨ ਹੱਥੋਂ ਹਾਰ ਕੇ ਭੱਜਦੇ ਹਮਾਯੂੰ ਦੀ ਜੰਗ ਨਾਲ ਸੰਬੰਧਿਤ ਵਧੇਰੇ ਜਾਪਦਾ ਹੈ; ਜਿਵੇਂ ਕਿ ਟੀਕਾਕਾਰ ਪ੍ਰੋਫੈਸਰ ਸਾਹਿਬ ਸਿੰਘ ਜੀ ਅਤੇ ਗਿਆਨੀ ਹਰਬੰਸ ਸਿੰਘ ਜੀ ਅਰਥ ਕਰਦੇ ਹਨ।