(ਭਾਗ-ਅ) ਨਿਯਮ ਨੰ.1
ਗੁਰਬਾਣੀ ਦੇ ਸ਼ਬਦਾਂ ਵਿਚ ਅੰਤਲੀ ਸਿਹਾਰੀ ਸੰਬੰਧੀ ਨਿਯਮ :
ਹੇਠ ਲਿਖੇ ਇੱਕੋ ਜਿਹੇ ਉਚਾਰਨ ਵਾਲੇ ਸ਼ਬਦਾਂ ’ਤੇ ਧਿਆਨ ਦੇਵੋ, ਜੀ :
ਭਗਤ-ਭਗਤਿ, ਚੰਚਲ-ਚੰਚਲਿ, ਕਾਮਣ-ਕਾਮਣਿ, ਸੁੰਦਰ-ਸੁੰਦਰਿ, ਸੇਵਕ-ਸੇਵਕਿ।
ਫ਼ਰਕ ਇਹ ਹੈ ਕਿ ਜੋ ਸ਼ਬਦ ਪਹਿਲਾਂ ਲਿਖੇ ਹਨ, ਉਹਨਾਂ ਦੇ ਅਖੀਰਲੇ ਅੱਖਰ ਨਾਲ ਕੋਈ ਮਾਤ੍ਰਿਕ ਚਿੰਨ੍ਹ ਨਹੀਂ ਭਾਵ ਮੁਕਤਾ ਅੰਤ ਹਨ, ਪਰ ਦੂਜੇ ਨੰਬਰ ’ਤੇ ਲਿਖੇ ਸਾਰੇ ਸ਼ਬਦਾਂ ਦੇ ਅਖੀਰਲੇ ਅੱਖਰਾਂ ਨੂੰ ਸਿਹਾਰੀ ( ਿ) ਆਈ ਹੈ; ਜਿਵੇਂ ‘ਚੰਚਲ ਤੇ ਚੰਚਲਿ’।
ਇਹ ਸਾਰੇ ਸ਼ਬਦ ਗੁਰਬਾਣੀ ਵਿੱਚੋਂ ਹੀ ਹਨ। ਆਓ, ਵਿਚਾਰੀਏ:
(1). ਤੇਰੀ ‘ਭਗਤਿ’ ਤੇਰੀ ‘ਭਗਤਿ’ ਭੰਡਾਰ ਜੀ ! ਭਰੇ ਬਿਅੰਤ ਬੇਅੰਤਾ॥ (ਮ: ੪/੧੧) ਅਤੇ
ਤੇਰੇ ‘ਭਗਤ’ ਤੇਰੇ ‘ਭਗਤ’ ਸਲਾਹਨਿ ਤੁਧੁ ਜੀ ! ਹਰਿ ਅਨਿਕ ਅਨੇਕ ਅਨੰਤਾ॥ (ਮ: ੪/੧੧)
(2). ‘ਚੰਚਲਿ’ ਸੰਗਿ ਨ ਚਾਲਤੀ ਸਖੀਏ ! ਅੰਤਿ ਤਜਿ ਜਾਵਤ ਮਾਇਆ॥ (ਮ: ੫/੮੦੩) (ਅਤੇ)
ਕਹੈ ਨਾਨਕੁ ਮਨ ‘ਚੰਚਲ’ ! ਚਤੁਰਾਈ ਕਿਨੈ ਨ ਪਾਇਆ॥ (ਮ: ੩/੯੧੮)
(3). ਗੁਣ ‘ਕਾਮਣ’, ‘ਕਾਮਣਿ’ ਕਰੈ; ਤਉ ਪਿਆਰੇ ਕਉ ਪਾਵੈ॥ (ਮ: ੧/੭੨੫)
(4). ‘ਸੁੰਦਰਿ’ ਸੁਜਾਣਿ ਚਤੁਰਿ ਬੇਤੀ; ਸਾਸ ਬਿਨੁ ਜੈਸੇ ਤਨਾ॥ (ਮ: ੫/੯੨੮) (ਅਤੇ)
ਸੇਈ ‘ਸੁੰਦਰ’ ਸੋਹਣੇ ॥ ਸਾਧ ਸੰਗਿ ਜਿਨ ਬੈਹਣੇ ॥ (ਮ: ੫/੧੩੨)
(5). ਸੋ ‘ਸੇਵਕਿ’ ਰਾਮ ਪਿਆਰੀ॥ (ਮ: ੧/੮੭੯) (ਅਤੇ)
‘ਸੇਵਕ’ ਕਉ, ਸੇਵਾ ਬਨਿ ਆਈ॥ (ਮ: ੫/੨੯੨), ਆਦਿ।
ਉਕਤ ਇੱਕੋ ਸ਼ਬਦ ਦੇ ਦੋ-ਦੋ ਸਰੂਪ ਲਿਖਣ ਦਾ ਕੀ ਕਾਰਨ ਹੋ ਸਕਦਾ ਹੈ ? ਕਿਧਰੇ ਸਿਹਾਰੀ ਆ ਗਈ, ਕਿਧਰੇ ਨਾ ਆਈ । ਇਸ ਦਾ ਉੱਤਰ ਵੀ ਗੁਰਬਾਣੀ ਵਿੱਚੋਂ ਹੀ ਮਿਲੇਗਾ। ਇੱਕ ਵਾਰ ਮੁੜ ਉੱਪਰ ਲਿਖੀਆਂ ਕੇਵਲ ਸਿਹਾਰੀ ਵਾਲੀਆਂ ਪੰਕਤੀਆਂ ਨੂੰ ਪ੍ਰਸ਼ਨ/ਉੱਤਰ ਬਣਾ ਕੇ ਪਹਿਲਾਂ ਵਿਚਾਰੀਏ:
(1). ਤੇਰੀ ‘ਭਗਤਿ’ ਤੇਰੀ ‘ਭਗਤਿ’ ਭੰਡਾਰ ਜੀ ! ਭਰੇ ਬਿਅੰਤ ਬੇਅੰਤਾ॥
ਪ੍ਰਸ਼ਨ : ‘ਭਗਤਿ’ ਦਾ ਕੀ ਮਤਲਬ ਹੈ ?
ਉੱਤਰ : ਭਗਤੀ ਜਾਂ ਬੰਦਗੀ (ਜੋ ਇੱਕ ਵਚਨ ਇਸਤਰੀ ਲਿੰਗ ਨਾਉਂ ਹੈ ਜਦ ਕਿ ਦੂਸਰੀ ਸੰਬੰਧਿਤ ਤੁਕ ‘‘ਤੇਰੇ ‘ਭਗਤ’ ਤੇਰੇ ‘ਭਗਤ’ ਸਲਾਹਨਿ ਤੁਧੁ ਜੀ !’’ ਵਿੱਚ ‘ਭਗਤ’ (ਅੰਤ ਮੁਕਤਾ) ਬਹੁ ਵਚਨ ਪੁਲਿੰਗ ਨਾਉਂ ਹੈ, ਜਿਸ ਦਾ ਅਰਥ ਹੈ ਭਗਤੀ ਕਰਨ ਵਾਲੇ)।
(2). ‘ਚੰਚਲਿ’ ਸੰਗਿ ਨ ਚਾਲਤੀ ਸਖੀਏ ! ਅੰਤਿ ਤਜਿ ਜਾਵਤ ਮਾਇਆ॥
ਪ੍ਰਸ਼ਨ : ‘ਚੰਚਲਿ’ ਕੌਣ ਹੈ ?
ਉੱਤਰ : ਮਾਇਆ (ਜੋ ਇੱਕ ਵਚਨ ਇਸਤਰੀ ਲਿੰਗ ਨਾਉਂ ਹੈ ਜਦ ਕਿ ਦੂਸਰੀ ਸੰਬੰਧਿਤ ਤੁਕ ‘‘ਕਹੈ ਨਾਨਕੁ ਮਨ ‘ਚੰਚਲ’ ! ਚਤੁਰਾਈ ਕਿਨੈ ਨ ਪਾਇਆ॥’’ ਵਿੱਚ ‘ਚੰਚਲ’ (ਅੰਤ ਮੁਕਤਾ) ਇੱਕ ਵਚਨ ਪੁਲਿੰਗ ਤੇ ਸੰਬੋਧਨ ਰੂਪ ‘ਮਨ’ ਦਾ ਵਿਸ਼ੇਸ਼ਣ ਹੈ।)।
(3). ਗੁਣ ‘ਕਾਮਣ’ ‘ਕਾਮਣਿ’ ਕਰੈ, ਤਉ ਪਿਆਰੇ ਕਉ ਪਾਵੈ॥
ਪ੍ਰਸ਼ਨ : ‘ਕਾਮਣਿ’ ਕਿਸ ਨੂੰ ਕਹਿੰਦੇ ਹਨ ?
ਉੱਤਰ : ਇਸਤਰੀ ਨੂੰ (ਇੱਕ ਵਚਨ ਇਸਤਰੀ ਲਿੰਗ ਨਾਉਂ ਹੈ ਜਦ ਕਿ ਇਸੇ ਤੁਕ ’ਚ ਦੂਸਰਾ ਸੰਬੰਧਿਤ ਸ਼ਬਦ ‘ਕਾਮਣ’ (ਅੰਤ ਮੁਕਤਾ) ਬਹੁ ਵਚਨ ਪੁਲਿੰਗ ਨਾਉਂ ਹੈ, ਜਿਸ ਦਾ ਅਰਥ ਹੈ: ‘ਟੂਣੇ ਜਾਂ ਜਾਦੂ’)।
(4). ‘ਸੁੰਦਰਿ’ ਸੁਜਾਣਿ ਚਤੁਰਿ ਬੇਤੀ; ਸਾਸ ਬਿਨੁ ਜੈਸੇ ਤਨਾ॥
ਪ੍ਰਸ਼ਨ : ‘ਸੁੰਦਰਿ’ ਕਿਸ ਨੂੰ ਕਿਹਾ ਗਿਆ ਹੈ ?
ਉੱਤਰ : ਇਸਤਰੀ (ਜਾਂ ਸੁੰਦਰੀ, ਸੋਹਣੀ) ਨੂੰ (ਇੱਕ ਵਚਨ ਇਸਤਰੀ ਲਿੰਗ ਨਾਉਂ ਹੈ ਜਦ ਕਿ ਦੂਸਰੀ ਸੰਬੰਧਿਤ ਤੁਕ ‘‘ਸੇਈ ‘ਸੁੰਦਰ’ ਸੋਹਣੇ ॥’’ ਵਿੱਚ ‘ਸੁੰਦਰ’ (ਅੰਤ ਮੁਕਤਾ) ਬਹੁ ਵਚਨ ਪੁਲਿੰਗ ਨਾਉਂ ਹੈ)।
(5). ਸੋ ‘ਸੇਵਕਿ’ ਰਾਮ ਪਿਆਰੀ॥
ਪ੍ਰਸ਼ਨ : ‘ਸੇਵਕਿ’ ਕਿਸ ਨੂੰ ਕਿਹਾ ਗਿਆ ਹੈ ?
ਉੱਤਰ : ਜੀਵ ਇਸਤਰੀ (ਸੇਵਕੀ, ਦਾਸੀ) ਨੂੰ (ਇੱਕ ਵਚਨ ਇਸਤਰੀ ਲਿੰਗ ਨਾਉਂ ਹੈ ਜਦ ਕਿ ਦੂਸਰੀ ਸੰਬੰਧਿਤ ਤੁਕ ‘ਸੇਵਕ’ ਕਉ, ਸੇਵਾ ਬਨਿ ਆਈ॥ ਵਿੱਚ ‘ਸੇਵਕ’ (ਅੰਤ ਮੁਕਤਾ) ਇੱਕ ਵਚਨ ਪੁਲਿੰਗ ਨਾਉਂ ਹੈ, ਜੋ ਸੰਬੰਧਕ ‘ਕਉ’ ਕਾਰਨ ਅੰਤ ਮੁਕਤਾ ਹੋ ਗਿਆ)।
ਉਕਤ ਵਿਚਾਰ ਤੋਂ ਸਪਸ਼ਟ ਹੈ ਕਿ ਜਿਨ੍ਹਾਂ ਸ਼ਬਦਾਂ ਦੇ ਅਖੀਰ ਵਿੱਚ ਸਿਹਾਰੀ ਆਈ ਹੈ, ਉਹ ਸਾਰੇ ਹੀ ਇੱਕ ਵਚਨ ਇਸਤਰੀ ਲਿੰਗ ਨਾਉਂ ਹਨ ਜਾਂ ਇਸਤਰੀ ਲਿੰਗ ਨਾਉਂ ਦੇ ਵਿਸ਼ੇਸ਼ਣ ਹਨ।
ਸੋ, ਅੰਤ ਸਿਹਾਰੀ ਸਮੇਤ ਇਹ ਪਹਿਲਾ ਨਿਯਮ ਸਾਹਮਣੇ ਆਇਆ ਕਿ ਇਸਤਰੀ ਲਿੰਗ ਨਾਉਂ ਜਾਂ ਇਸਤਰੀ ਲਿੰਗ ਵਿਸ਼ੇਸ਼ਣ ਸ਼ਬਦਾਂ ਨੂੰ ਅੰਤ ਸਿਹਾਰੀ ਹੁੰਦੀ ਹੈ, ਪਰ ਇਹ ਸਾਰੇ ਸ਼ਬਦ ਪੰਜਾਬੀ ਦੇ ਨਹੀਂ ਹੁੰਦੇ; ਜਿਵੇਂ ‘ਸੇਵਕਿ, ਦਾਸਿ’-ਵਾਲੇ ਇਸਤਰੀ ਲਿੰਗ ਨਾਂਵਾਂ ਨੂੰ ਪੰਜਾਬੀ ’ਚ ‘ਸੇਵਕਾ, ਗੋਲੀ, ਨੌਕਰਾਣੀ’ ਕਿਹਾ ਜਾਂਦਾ ਹੈ, ਜਿਸ ਦਾ ਪੁਲਿੰਗ ਨਾਉਂ ਹੈ ‘ਗੋਲਾ, ਦਾਸ,ਆਦਿ)।
‘ਚਤੁਰਿ’- ਇਸਤਰੀ ਲਿੰਗ ਨਾਉਂ ਦਾ ਵਿਸ਼ੇਸ਼ਣ ਹੈ, ਪੁਲਿੰਗ ਨਾਉਂ ਵਿਸ਼ੇਸ਼ਣ ’ਚ ‘ਚਤੁਰ, ਸਿਆਣਾ’ ਕਿਹਾ ਗਿਆ ਹੈ।
‘ਨਿਰਗੁਨਿ’- ਇਸਤਰੀ ਲਿੰਗ ਨਾਉਂ ਦਾ ਵਿਸ਼ੇਸ਼ਣ ਹੈ, ਇਸ ਦਾ ਪੁਲਿੰਗ ਰੂਪ ਗੁਰਬਾਣੀ ਵਿੱਚ ‘ਨਿਰਗੁਨ, ਮੂਰਖ ਦੇ ਰੂਪ ਵਿੱਚ ਅੰਕਿਤ ਹੈ।
‘ਕੁਰੂਪਿ’- ਇਸਤਰੀ ਲਿੰਗ ਨਾਉਂ ਦਾ ਵਿਸ਼ੇਸ਼ਣ ਹੈ, ਇਸ ਦਾ ਪੁਲਿੰਗ ਰੂਪ ਗੁਰਬਾਣੀ ਵਿੱਚ ‘ਕੁਰੂਪ, ਬਦਸ਼ਕਲ, ਬਦਸੂਰਤ’ ਦੇ ਰੂਪ ਵਿੱਚ ਅੰਕਿਤ ਹੈ।
ਇਸੇ ਤਰ੍ਹਾਂ ਗੁਰਬਾਣੀ ’ਚ ਇਸਤਰੀ ਲਿੰਗ (ਅੰਤ ਸਿਹਾਰੀ) ਨਾਉਂ ਹਨ: ‘ਸੋਹਾਗਣਿ, ਬਨਜਾਰਨਿ, ਰੈਣਿ, ਦਾਨਿ, ਕਰਤੂਤਿ, ਮਸੀਤਿ, ਜੁਗਤਿ, ਸੁਰਤਿ, ਅਕਲਿ, ਸਾਬਾਸਿ, ਖਬਰਿ, ਭੂਮਿ, ਆਦਿ। ਧਿਆਨ ਰਹੇ ਕਿ ਸੰਬੰਧਿਤ ਭਾਸ਼ਾ ਵਿੱਚ ਇਸ ਅੰਤ ਸਿਹਾਰੀ ਦਾ ਉਚਾਰਨ ਕੀਤਾ ਜਾਂਦਾ ਹੈ।