ੴ ਸਤਿ ਗੁਰ ਪ੍ਰਸਾਦਿ
ਸੇਵਾ ਦੀ ਪੁੰਜ-ਮਹਾਨ ਵਿਗਿਆਨਕਾ – ਮੇਰੀ ਕਿਊਰੀ
ਰਣਜੀਤ ਸਿੰਘ B.Sc., M.A., M.Ed. ਸਟੇਟ ਤੇ ਨੈਸ਼ਨਲ ਅਵਾਰਡੀ ਹੈਡਮਾਸਟਰ (ਸੇਵਾ ਮੁਕਤ) 105, ਮਾਇਆ ਨਗਰ ਸਿਵਲ ਲਾਈਨਜ਼, ਲੁਧਿਆਣਾ)-99155-15436
ਅਕਾਲ ਪੁਰਖ ਦੀ ਸਾਜੀ ਹੋਈ ਸ੍ਰਿਸ਼ਟੀ ਵਿੱਚ ਕੇਵਲ ਮਨੁੱਖ ਹੀ ਐਸਾ ਵਿਕਾਸਸ਼ੀਲ ਪ੍ਰਾਣੀ ਹੈ ਜਿਸ ਨੂੰ ਪ੍ਰਮਾਤਮਾ ਨੇ ਪੂਰਨ ਵਿਕਸਤ ਕੀਤਾ ਹੋਇਆ ਦਿਮਾਗ਼ ਬਖ਼ਸ਼ਸ਼ ਕੀਤਾ ਹੋਇਆ ਹੈ। ਇਸੇ ਵਿਕਸਤ ਹੋਏ ਦਿਮਾਗ਼ ਦੀ ਦੁਰਵਰਤੋਂ ਨਾਲ ਜਿੱਥੇ ਉਹ ਆਪਣਾ ਜੀਵਨ ਵਿਅਰਥ ਗੁਆ ਲੈਂਦਾ ਹੈ ਉੱਥੇ ਸਮਾਜ ਦਾ ਦੁਸ਼ਮਣ ਵੀ ਬਣ ਜਾਂਦਾ ਹੈ ਪ੍ਰੰਤੂ ਜੇ ਅਕਾਲ ਪੁਰਖ ਦੇ ਭੈ ਵਿੱਚ ਚੱਲੇ ਤਾਂ ਉਹ ਇਸੇ ਦਿਮਾਗ਼ ਨੂੰ ਸਹੀ ਦਿਸ਼ਾ ਦੇ ਕੇ ਪੂਰੀ ਦੁਨੀਆਂ ਲਈ ਵਰਦਾਨ ਸਾਬਤ ਹੁੰਦਾ ਹੈ। ਇਸ ਵਿਕਸਤ ਦਿਮਾਗ਼ ਕਾਰਨ ਹੀ ਮਨੁੱਖ ਦੀ ਇਸ ਧਰਤੀ ’ਤੇ ਬਾਕੀ ਸਾਰੇ ਜੀਵਾਂ ਦੇ ਮੁਕਾਬਲੇ ਸਰਦਾਰੀ ਬਣੀ ਚਲੀ ਆ ਰਹੀ ਹੈ, ‘‘ਅਵਰ ਜੋਨਿ; ਤੇਰੀ ਪਨਿਹਾਰੀ ॥ ਇਸੁ ਧਰਤੀ ਮਹਿ; ਤੇਰੀ ਸਿਕਦਾਰੀ ॥’’ (ਆਸਾ, ਮ: ੫, ਪੰਨਾ ੩੭੪)
ਸੰਸਾਰ ਵਿੱਚ ਕਿਸੇ ਵੀ ਚੀਜ਼ ਤੋਂ ਡਰਨ ਦੀ ਲੋੜ ਨਹੀਂ, ਸਗੋਂ ਉਸ ਨੂੰ ਸਮਝਣ ਦੀ ਜ਼ਰੂਰਤ ਹੈ। ਅੰਧ ਵਿਸ਼ਵਾਸ ਡਰ ਤੋਂ ਪੈਦਾ ਹੁੰਦਾ ਹੈ, ਨਿਰਭਉ ਹੋ ਕੇ ਹੀ ਸੱਚ ਤੱਕ ਪਹੁੰਚਿਆ ਜਾ ਸਕਦਾ ਹੈ। ਇਹ ਸ਼ਬਦ ਮੈਡਮ ਮੇਰੀ ਕੀਊਰੀ ਦੇ ਹਨ ਜਿਸ ਨੇ ਆਪਣਾ ਸਾਰਾ ਜੀਵਨ ਵਿਗਿਆਨਕ ਖੋਜਾਂ ਦੁਆਰਾ ਮਨੁੱਖੀ ਕਲਿਆਣ ਲਈ ਲਾ ਦਿੱਤਾ। ਰੱਬ ਦਾ ਭੈ ਮੰਨਣ ਵਾਲੀ ਅਤੇ ਮਨੁੱਖਤਾ ਦੀ ਸੇਵਾ ਕਰਨ ਵਾਲੀ ਇਸ ਮਹਾਨ ਔਰਤ ਦਾ ਜਨਮ 7 ਨਵੰਬਰ 1867 ਨੂੰ ਪੋਲੈਂਡ ਦੇ ਵਾਰਸਾ ਸ਼ਹਿਰ ਵਿੱਚ ਹੋਇਆ।
ਮੇਰੀ ਕਿਊਰੀ ਦੇ ਮਾਤਾ ਪਿਤਾ ਅਧਿਆਪਕ ਸਨ ਤੇ ਉਸ ਦੇ ਪਿਤਾ ਅੰਦਰ ਦੇਸ਼ ਭਗਤੀ ਦੀ ਭਾਵਨਾ ਕੁੱਟ-ਕੁੱਟ ਕੇ ਭਰੀ ਹੋਈ ਸੀ, ਜਿਸ ਕਰਕੇ ਉਸ ਨੂੰ ਨੌਕਰੀ ਤੋਂ ਵੀ ਹੱਥ ਧੋਣੇ ਪਏ ਕਿਉਂਕਿ ਉਸ ਸਮੇਂ ਪੋਲੈਂਡ; ਰੂਸ ਦੇ ਅਧੀਨ ਸੀ। ਮੇਰੀ ਅਜੇ 11 ਸਾਲ ਦੀ ਹੀ ਸੀ ਕਿ ਉਸ ਦੀ ਮਾਤਾ ਨੂੰ ਬਿਮਾਰੀ ਨੇ ਆਣ ਘੇਰਿਆ ਤੇ ਉਹ ਇਸ ਸੰਸਾਰ ਤੋਂ ਚੱਲ ਵਸੀ। ਮੇਰੀ ਉੱਤੇ ਮੁਸੀਬਤਾਂ ਦਾ ਪਹਾੜ ਡਿੱਗ ਪਿਆ ਪ੍ਰੰਤੂ ਪ੍ਰਮਾਤਮਾ ਤੇ ਭਰੋਸਾ ਰੱਖਦੀ ਹੋਈ ਨੇ ਇਸ ਦੁੱਖ ਨੂੰ ਸਹਿਣ ਕਰਕੇ ਮੁਸੀਬਤਾਂ ਦਾ ਡੱਟ ਕੇ ਮੁਕਾਬਲਾ ਕੀਤਾ ਅਤੇ ਆਪਣੀ ਪੜ੍ਹਾਈ ਜਾਰੀ ਰੱਖੀ। ਸਕੂਲ ਦੀ ਪੜ੍ਹਾਈ ਦੇ ਅਖੀਰਲੇ ਸਾਲ ਵਿੱਚ ਮੇਰੀ ਨੇ ਸਭ ਤੋਂ ਵੱਧ ਅੰਕ ਪ੍ਰਾਪਤ ਕੀਤੇ ਅਤੇ ਉਸ ਨੂੰ ਗੋਲਡ ਮੈਡਲ ਮਿਲਿਆ।
ਉਹ ਉੱਚ ਵਿੱਦਿਆ ਹਾਸਲ ਕਰਨਾ ਚਾਹੁੰਦੀ ਸੀ ਪਰ ਆਰਥਕ ਤੰਗੀ ਕਾਰਨ ਕੁੱਝ ਸਮਾ ਟੀਊਸ਼ਨ ਪੜ੍ਹਾ ਕੇ ਉਸ ਨੇ ਪੈਸਾ ਇਕੱਠਾ ਕੀਤਾ ਅਤੇ ਫਿਰ ਫਰਾਂਸ ਵਿੱਚ ਸਾਰਬੋਨੇ ਯੂਨੀਵਰਸਿਟੀ ਵਿੱਚ ਵਿਗਿਆਨ ਦੀ ਉਚੇਰੀ ਪੜ੍ਹਾਈ ਵਿੱਚ ਦਾਖ਼ਲਾ ਲਿਆ। ਇਸੇ ਹੀ ਯੂਨੀਵਰਸਿਟੀ ਤੋਂ ਉਸ ਨੇ 1893 ਵਿੱਚ ਫਜ਼ਿਕਸ ਵਿੱਚ ਅਤੇ 1894 ਵਿੱਚ ਕਮਿਸਟਰੀ ਤੇ ਮੈਥ ਵਿੱਚ ਡਿਗਰੀ ਪ੍ਰਾਪਤ ਕੀਤੀ। ਮੇਰੀ ਨੂੰ ਖੋਜ ਕਰਨ ਵਾਸਤੇ ਪ੍ਰਯੋਗਸ਼ਾਲਾ ਦੀ ਲੋੜ ਪਈ ਤਾਂ ਇੱਕ ਫਰਾਂਸੀਸੀ ਵਿਅਕਤੀ ਨੇ ਉਸ ਨੂੰ ਪੈਰੀ ਕਿਊਰੀ ਨਾਲ ਮਿਲਾ ਦਿੱਤਾ ਜੋ ਭੌਤਿਕ ਵਿਗਿਆਨੀ ਸੀ। ਬਾਅਦ ਵਿੱਚ ਸੰਨ 1895 ਵਿੱਚ ਦੋਹਾਂ ਨੇ ਵਿਆਹ ਕਰਵਾ ਲਿਆ ਜੋ ਇੱਕ ਆਦਰਸ਼ਕ ਵਿਗਿਆਨੀ ਜੋੜਾ ਬਣ ਗਿਆ ਅਤੇ ਦੋਵੇਂ ਜੀਉਂਦੇ ਜੀ ਇੱਕ ਦੂਜੇ ਪ੍ਰਤੀ ਅਤੇ ਵਿਗਿਆਨਕ ਪ੍ਰਤੀ ਸਮਰਪਿਤ ਰਹੇ।
ਮੇਰੀ ਹੁਣ ਕਿਸੇ ਯੂਨੀਵਰਸਿਟੀ ਵਿੱਚ ਕੰਮ ਕਰਨਾ ਚਾਹੁੰਦੀ ਸੀ। ਇਸ ਵਾਸਤੇ ਉਸ ਨੂੰ ਫੈਲੋਸ਼ਿਪ ਮਿਲ ਗਈ। ਡਾਕਾਰੇਟ ਦੀ ਪ੍ਰਾਪਤੀ ਲਈ ਉਹ ਕਿਸੇ ਅਹਿਮ ਵਿਸ਼ੇ ’ਤੇ ਖੋਜ ਕਰਨਾ ਚਾਹੁੰਦੀ ਸੀ। ਉਸ ਵੇਲੇ ਤੱਕ ਐਕਸ ਕਿਰਨਾਂ ਦੀ ਖੋਜ ਹੋ ਚੁੱਕੀ ਸੀ। ਇੱਕ ਫਰਾਂਸੀਸੀ ਵਿਗਿਆਨੀ ਨੇ ਇਹ ਪਤਾ ਲਗਾਇਆ ਕਿ ਯੂਰੇਨੀਅਮ ਦੇ ਵਿੱਚ ਅਦਿੱਖ ਕਿਰਨਾਂ ਪੈਦਾ ਹੁੰਦੀਆਂ ਹਨ ਪਰ ਇਸ ਗੱਲ ਦੀ ਖੋਜ ਨਹੀਂ ਸੀ ਹੋਈ ਕਿ ਉਹ ਕਿਰਨਾਂ ਕਿਵੇਂ ਪੈਦਾ ਹੁੰਦੀਆਂ ਹਨ। ਮੇਰੀ ਨੇ ਇਸ ਵਿਸ਼ੇ ’ਤੇ ਕੰਮ ਕਰਨ ਦਾ ਫ਼ੈਸਲਾ ਕੀਤਾ।
ਦੋਵੇਂ ਪਤੀ ਪਤਨੀ ਇਸ ਖੋਜ ਕਾਰਜ ਵਿੱਚ ਜੁਟ ਗਏ। ਯੂਰੇਨੀਅਮ ਵਿੱਚੋਂ ਨਿੱਕਲਣ ਵਾਲੀਆਂ ਕਿਰਨਾਂ ਬਾਰੇ ਉਸ ਨੇ ਮਹੱਤਵਪੂਰਨ ਜਾਣਕਾਰੀ ਇਕੱਠੀ ਕਰ ਲਈ। ਫਿਰ ਮੇਰੀ ਨੇ ਹੋਰ ਧਾਤਾਂ ਉੱਤੇ ਅਜਿਹੇ ਤਜਰਬੇ ਕਰਨੇ ਸ਼ੁਰੂ ਕਰ ਦਿੱਤੇ ਅਤੇ ਅੰਤ ਵਿੱਚ ਉਹ ਯੂਰੇਨੀਅਮ ਦੇ ਯੋਗਿਕਾਂ ਵਿੱਚੋਂ ਲੋੜੀਦੀਆਂ ਕਿਰਨਾਂ ਪ੍ਰਾਪਤ ਕਰਨ ਵਿੱਚ ਸਫਲ ਹੋ ਗਈ। ਫਿਰ ਮੇਰੀ ਨੇ ਪਿੱਚ ਬਲੈਂਡੇ ਧਾਤ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਲੰਬੀ ਖੋਜ ਤੋਂ ਬਾਅਦ ਉਹ ਇਸ ਸਿੱਟੇ ’ਤੇ ਪਹੁੰਚੀ ਕਿ ਪਿੱਚ ਬਲੈਂਡੇ ਵਿੱਚ ਯੂਰੇਨੀਅਮ ਅਤੇ ਥੋਰੀਅਮ ਨਾਲੋਂ ਵੀ ਵੱਧ ਸ਼ਕਤੀਸ਼ਾਲੀ ਕਿਰਨਾਂ ਹਨ। ਵਿਕੀਰਨਾ ਦੀ ਇਸ ਕਿਰਿਆ ਦਾ ਨਾਂ ਉਸ ਨੇ ਰੇਡੀਓ ਐਕਟੀਵੀਟੀ ਰੱਖਿਆ। ਪਤੀ ਤੇ ਪਤਨੀ ਨੇ ਦਿਨ ਰਾਤ ਮਿਹਨਤ ਕਰਕੇ ਅਖੀਰ ਵਿੱਚ ਨਵੇਂ ਤੱਤ ਦੀ ਖੋਜ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਜਿਸ ਦਾ ਨਾਂ ਉਹਨਾਂ ਨੇ ‘ਰੇਡੀਅਮ’ ਰੱਖਿਆ। ਰੇਡੀਓ ਦੀ ਪ੍ਰਾਪਤੀ ਲਈ ਉਹਨਾਂ ਨੇ 4 ਸਾਲ ਲਗਾਤਾਰ ਮਿਹਨਤ ਕੀਤੀ ਅਤੇ ਅਖੀਰ 1902 ਵਿੱਚ ਥੋੜ੍ਹੀ ਜਿਹੀ ਮਾਤਰਾ ’ਚ ਰੇਡੀਅਮ ਪ੍ਰਾਪਤ ਕਰਨ ਵਿੱਚ ਸਫਲ ਹੋ ਗਏ। ਕਿਊਰੀ ਦੰਪਤੀ ਦਾ ਨਾਂ ਸਾਰੇ ਵਿਸ਼ਵ ਵਿੱਚ ਫੈਲ ਗਿਆ। ਉਹਨਾਂ ਨੂੰ ਰੇਡੀਅਮ ਦਾ ਜਨਮ ਦਾਤਾ ਕਿਹਾ ਜਾਣ ਲੱਗਾ।
25 ਜੂਨ 1903 ਨੂੰ ਉਹਨਾਂ ਨੇ ਆਪਣਾ ਖੋਜ ਪੱਤਰ ਸਾਰਬੋਨੇ ਯੂਨੀਵਰਸਿਟੀ ਨੂੰ ਸੌਂਪ ਦਿੱਤਾ। ਯੂਨੀਵਰਸਿਟੀ ਨੇ ਉਹਨਾਂ ਨੂੰ ਡਾਕਟਰ ਆਫ ਫਿਜ਼ੀਕਲ ਸਾਇੰਸ ਦੀ ਉਪਾਧੀ ਨਾਲ ਸਨਮਾਨਿਤ ਕੀਤਾ। ਇਸ ਖੋਜ ਬਦਲੇ 1903 ਦਾ ਨੋਬਲ ਪੁਰਸਕਾਰ ਕਿਊਰੀ ਦੰਪਤੀ ਨੂੰ ਸਾਂਝੇ ਤੌਰ ’ਤੇ ਦੇ ਕੇ ਸਨਮਾਨਿਤ ਕੀਤਾ ਗਿਆ। ਸੰਸਾਰ ਭਰ ਵਿੱਚ ਮੇਰੀ ਕਿਊਰੀ ਪਹਿਲੀ ਔਰਤ ਸੀ ਜਿਸ ਨੂੰ ਨੋਬਲ ਇਨਾਮ ਹਾਸਲ ਹੋਇਆ ਅਤੇ ਪਹਿਲੀ ਵਾਰ ਪਤੀ ਪਤਨੀ ਨੂੰ ਇਹ ਪੁਰਸਕਾਰ ਮਿਲਿਆ। ਰੇਡੀਅਮ ਦੀ ਖੋਜ ਤੋਂ ਬਾਅਦ ਇੱਕ ਪੱਤਰਕਾਰ ਨੇ ਉਹਨਾਂ ਨੂੰ ਇਹ ਖੋਜ ਪੇਟੇਂਟ ਕਰਵਾਉਣ ਲਈ ਕਿਹਾ ਅਤੇ ਨਾਲ ਇਹ ਵੀ ਕਿਹਾ ਕਿ ਇਸ ਨਾਲ ਤੁਸੀਂ ਬਹੁਤ ਅਮੀਰ ਹੋ ਜਾਵੋਗੇ ਤਾਂ ਮੇਰੀ ਨੇ ਜੁਆਬ ਦਿੱਤਾ ਕਿ ਅਸੀਂ ਰੇਡੀਅਮ ਦੀ ਖੋਜ ਅਮੀਰ ਬਣਨ ਲਈ ਨਹੀਂ ਕੀਤੀ। ਇਹ ਤੱਤ ਸਾਰਿਆਂ ਦਾ ਸਾਂਝਾ ਹੈ ਅਤੇ ਇਸ ਦੀ ਵਰਤੋਂ ਮਨੁੱਖੀ ਕਲਿਆਣ ਲਈ ਹੋਣੀ ਚਾਹੀਦੀ ਹੈ। ਅਸੀਂ ਆਪਣੀ ਖੋਜ ਨੂੰ ਸਾਰੀਆਂ ਅਖਬਾਰਾਂ ਵਿੱਚ ਪ੍ਰਕਾਸ਼ਿਤ ਕਰਾਂਗੇ ਤਾਂ ਜੋ ਸਭ ਲੋਕ ਇਸ ਨੂੰ ਜਾਣ ਸਕਣ।
1905 ਵਿੱਚ ਪੈਰੀ ਕਿਊਰੀ ਨੂੰ ਸਰਬੋਨ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਨਿਯੁਕਤ ਕੀਤਾ ਗਿਆ ਅਤੇ ਮੇਰੀ ਕਿਊਰੀ ਉੱਥੇ ਹੀ ਡਾਇਰੈਕਟਰ ਨਿਯੁਕਤ ਹੋ ਗਈ ਪ੍ਰੰਤੂ ਇੱਕ ਸਾਲ ਬਾਅਦ 19 ਅਪ੍ਰੈਲ 1906 ਨੂੰ ਪੈਰੀ ਕਿਊਰੀ ਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਮੇਰੀ ਕਿਊਰੀ ਨੇ ਬਹੁਤ ਮੁਸ਼ਕਲ ਨਾਲ ਇਸ ਸਦਮੇ ਨੂੰ ਬਰਦਾਸ਼ਤ ਕੀਤਾ। ਪਤੀ ਦੇ ਅਧੂਰੇ ਪਏ ਕੰਮਾਂ ਨੂੰ ਉਸ ਨੇ ਪੂਰਾ ਕਰਨਾ ਅਰੰਭ ਕਰ ਦਿੱਤਾ ਅਤੇ ਯੂਨੀਵਰਸਿਟੀ ਨੇ ਉਸ ਨੂੰ ਪਤੀ ਦੀ ਥਾਂ ਪ੍ਰੋਫੈਸਰ ਨਿਯੁਕਤ ਕਰ ਦਿੱਤਾ।
ਸੰਨ 1911 ਵਿੱਚ ਰਸਾਇਣਕ ਵਿਗਿਆਨ ਦੀ ਮੌਲਿਕ ਖੋਜ ਬਦਲੇ ਮੇਰੀ ਨੂੰ ਦੂਜੀ ਵਾਰ ਨੋਬਲ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਸੰਨ 1920 ਦੀ ਗੱਲ ਹੈ ਕਿ ਇੱਕ ਅਮਰੀਕਨ ਔਰਤ ਸ਼੍ਰੀਮਤੀ ਮੈਲੋਨ; ਮੇਰੀ ਨੂੰ ਉਸ ਦੇ ਜਨਮ ਦਿਨ ’ਤੇ ਮਿਲਣ ਆਈ ਤੇ ਪੁੱਛਣ ਲੱਗੀ ਕਿ ਤੁਹਾਨੂੰ ਕਿਸ ਤਰ੍ਹਾਂ ਦਾ ਤੋਹਫ਼ਾ ਪਸੰਦ ਹੈ। ਮੇਰੀ ਨੇ ਕਿਹਾ ਕਿ ਮੈਨੂੰ ਆਪਣੀ ਖੋਜ ਲਈ ਇੱਕ ਗ੍ਰਾਮ ਰੇਡੀਅਮ ਦੀ ਲੋੜ ਹੈ ਪ੍ਰੰਤੂ ਉਹ ਏਨਾ ਮਹਿੰਗਾ ਹੈ ਕਿ ਮੈਂ ਕਦੀ ਵੀ ਖਰੀਦ ਨਹੀਂ ਸਕਾਂਗੀ। ਉਸ ਔਰਤ ਨੇ ਅਮਰੀਕਾ ਜਾ ਕੇ ਚੰਦਾ ਇਕੱਠਾ ਕੀਤਾ ਤੇ ਇੱਕ ਗ੍ਰਾਮ ਰੇਡੀਅਮ ਖਰੀਦਿਆ। 20 ਮਈ 1921 ਨੂੰ ਅਮਰੀਕਾ ਦੇ ਰਾਸ਼ਟਰਪਤੀ ਨੇ ਮੇਰੀ ਦੇ ਸਨਮਾਨ ਵਿੱਚ ਵਾਈਟ ਹਾਊਸ ਵਿੱਚ ਇੱਕ ਸਨਮਾਨ ਸਮਾਰੋਹ ਕਰਕੇ ਉਸ ਨੂੰ ਇੱਕ ਗ੍ਰਾਮ ਰੇਡੀਅਮ ਭੇਂਟ ਕੀਤਾ। ਰਾਸ਼ਟਰਪਤੀ ਨੇ ਮੇਰੀ ਨੂੰ ਇੱਕ ਆਦਰਸ਼ਕ ਮਾਂ ਅਤੇ ਆਦਰਸ਼ਕ ਪਤਨੀ ਕਹਿ ਕੇ ਸੰਬੋਧਨ ਕੀਤਾ।
ਰੇਡੀਅਮ ਦਾ ਮਨੁੱਖੀ ਸਰੀਰ ’ਤੇ ਪ੍ਰਭਾਵ ਜਾਨਣ ਲਈ ਮਨੁੱਖੀ ਸੇਵਾ ਨੂੰ ਸਮਰਪਿਤ ਮੇਰੀ ਨੇ ਆਪਣੀ ਬਾਂਹ ਉੱਤੇ ਪ੍ਰਭਾਵ ਵੇਖਣਾ ਸ਼ੁਰੂ ਕਰ ਦਿੱਤਾ ਜਿਸ ਨਾਲ ਬਾਂਹ ’ਤੇ ਕਾਫ਼ੀ ਡੂੰਘਾ ਜ਼ਖ਼ਮ ਹੋ ਗਿਆ। ਫਿਰ ਉਸ ਨੇ ‘ਜਾਨਵਰਾਂ’ ਉੱਤੇ ਕਈ ਪ੍ਰਕਾਰ ਦੇ ਤਜਰਬੇ ਕਰਨੇ ਸ਼ੁਰੂ ਕਰ ਦਿੱਤੇ। ਅੰਤ ਉਹ ਇਸ ਸਿੱਟੇ ’ਤੇ ਪਹੁੰਚੀ ਕਿ ਰੇਡੀਅਮ ਦੁਆਰਾ ਮਨੁੱਖੀ ਨਾੜੀਆਂ ਦਾ ਇਲਾਜ ਕੀਤਾ ਜਾ ਸਕਦਾ ਹੈ। ਰੇਡੀਅਮ ’ਤੇ ਲਗਾਤਾਰ ਖੋਜ ਕਰਨ ਨਾਲ ਮੇਰੀ ਦੇ ਸਰੀਰ ’ਤੇ ਰੇਡੀਅਮ ਦਾ ਪ੍ਰਭਾਵ ਪੈਣਾ ਸ਼ੁਰੂ ਹੋ ਗਿਆ। ਮਈ 1934 ਵਿੱਚ ਉਸ ਨੂੰ ਪ੍ਰਯੋਗਸ਼ਾਲਾ ਵਿੱਚ ਹੀ ਬੁਖ਼ਾਰ ਹੋ ਗਿਆ। ਉਸ ਦੇ ਫੇਫੜੇ ਗਲ ਗਏ। ਉਸ ਨੂੰ ਇਲਾਜ ਲਈ ਸਵਿਟਜ਼ਰਲੈਂਡ ਲਿਜਾਇਆ ਗਿਆ ਪਰ ਉਹ ਠੀਕ ਨਾ ਹੋ ਸਕੀ ਅਤੇ ਅੰਤ 4 ਜੁਲਾਈ 1934 ਨੂੰ ਉਸ ਦੀ ਮੌਤ ਹੋ ਗਈ। ਜਿਸ ਰੇਡੀਅਮ ਦੀ ਖੋਜ ਉਸ ਨੇ ਮਨੁੱਖੀ ਕਲਿਆਣ ਲਈ ਕੀਤੀ ਸੀ, ਉਹ ਰੇਡੀਅਮ ਹੀ ਉਸ ਲਈ ਜਾਨ ਲੇਵਾ ਸਾਬਤ ਹੋਇਆ। ਵਿਗਿਆਨ ਅਤੇ ਚਕਿਤਸਾ ਜਗਤ ਵਿੱਚ ਰੇਡੀਅਮ ਦੀ ਖੋਜ ਲਈ ਉਸ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ।
ਏਨਾ ਮਾਨ ਸਨਮਾਨ ਹਾਸਲ ਕਰਨ ਦੇ ਬਾਵਜੂਦ ਵੀ ਮੇਰੀ ਨੇ ਕਦੇ ਵਿਖਾਵੇ ਵਾਲਾ ਜੀਵਨ ਨਹੀਂ ਜੀਵਿਆ। ਪੱਤਰਕਾਰਾਂ ਤੋਂ ਹਮੇਸ਼ਾਂ ਹੀ ਉਹ ਦੂਰ ਰਹਿੰਦੀ ਰਹੀ। ਛੁੱਟੀਆਂ ਬਿਤਾਉਣ ਲਈ ਜਦੋਂ ਉਹ ਪਿੰਡ ਵਿੱਚ ਗਈ ਤਾਂ ਇੱਕ ਅਮਰੀਕੀ ਪੱਤਰਕਾਰ ਨੂੰ ਪਤਾ ਲੱਗ ਗਿਆ ਤੇ ਉਹ ਉੱਥੇ ਪਹੁੰਚ ਗਿਆ। ਘਰ ਦੇ ਬਾਹਰ ਬੈਠੀ ਔਰਤ ਨੂੰ ਉਸ ਨੇ ਪੁੱਛਿਆ ਕਿ ਤੂੰ ਇਸ ਘਰ ਦੀ ਨਿਗਰਾਨ ਹੈ ਤਾਂ ਉਸ ਨੇ ਜਵਾਬ ਦਿੱਤਾ ਨਿਗਰਾਨ ਹੀ ਸਮਝੋ। ਫਿਰ ਉਸ ਨੇ ਪੁੱਛਿਆ ਕੀ ਘਰ ਦੀ ਮਾਲਕਨ ਅੰਦਰ ਹੈ ਤਾਂ ਉਸ ਨੇ ਜਵਾਬ ਵਿੱਚ ਕਿਹਾ ਨਹੀਂ ਬਾਹਰ ਹੈ। ਫਿਰ ਪੱਤਰਕਾਰ ਨੇ ਉਸ ਬਾਰੇ ਕੋਈ ਖਾਸ ਗੱਲ ਪੁੱਛਣੀ ਚਾਹੀ ਤਾਂ ਜੁਆਬ ਮਿਲਿਆ ਕੋਈ ਖਾਸ ਗੱਲ ਨਹੀਂ ਪਰ ਉਸ ਨੇ ਪੱਤਰਕਾਰ ਨੂੰ ਕਿਹਾ ਕਿ ਕਿਸੇ ਮਨੁੱਖ ਬਾਰੇ ਜਾਣਨ ਦੀ ਬਜਾਇ ਉਸ ਦੇ ਵਿਚਾਰਾਂ ਬਾਰੇ ਜਗਿਆਸਾ ਹੋਣੀ ਹੀ ਜੀਵਨ ਦਾ ਆਧਾਰ ਹੈ। ਇਹ ਜਵਾਬ ਸੁਣ ਕੇ ਪੱਤਰਕਾਰ ਸਮਝ ਗਿਆ ਕਿ ਬਾਹਰ ਬੈਠੀ ਔਰਤ ਹੀ ਮੇਰੀ ਕਿਊਰੀ ਹੈ ਤੇ ਚੁੱਪ ਚਾਪ ਉੱਥੋਂ ਚਲਾ ਗਿਆ।
ਮਹਾਨ ਵਿਗਿਆਨੀ ਆਈਨ ਸਟਾਈਨ ਨੇ ਮੇਰੀ ਕਿਊਰੀ ਬਾਰੇ ਲਿਖਿਆ ਹੈ ਕਿ ਉਹ ਸਤਿਕਾਰੇ ਜਾਂਦੇ ਸਭਨਾ ਵਿਅਕਤੀਆਂ ਵਿੱਚੋਂ ਇੱਕ ਹੈ ਜਿਸ ਨੂੰ ਏਨੀ ਪ੍ਰਸਿੱਧੀ ਮਿਲਨ ’ਤੇ ਵੀ ਹਮੇਸ਼ਾਂ ਨਿਮਰਤਾ ਵਿੱਚ ਰਹੀ ਹੈ। ਮੇਰੀ ਕਿਊਰੀ ਦਾ ਕਹਿਣਾ ਹੈ ਕਿ ਜੋ ਕੁੱਝ ਹੋ ਚੁੱਕਾ ਹੈ ਉਸ ਵੱਲ ਧਿਆਨ ਨਾ ਦਿਓ ਬਲਕਿ ਕੀ ਕਰਨਾ ਹੈ ਉਸ ਵੱਲ ਕੇਂਦਰਿਤ ਹੋਵੋ।
ਜੀਵਨ ਦੇ ਅਸਲ ਮਨੋਰਥ ਨੂੰ ਮੇਰੀ ਨੇ ਪੂਰੀ ਤਰ੍ਹਾਂ ਸਮਝਿਆ ਸੀ। ਉਹ ਕਹਿੰਦੀ ਸੀ ਕਿ ਸਾਨੂੰ ਸਾਰਿਆਂ ਨੂੰ ਪ੍ਰਮਾਤਮਾ ਦੇ ਭਰੋਸੇ ’ਤੇ ਯਤਨ ਜਾਰੀ ਰੱਖਣੇ ਚਾਹੀਦੇ ਹਨ। ਸਾਨੂੰ ਪੱਕਾ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਪ੍ਰਮਾਤਮਾ ਨੇ ਮਨੁੱਖਾ ਜੀਵਨ ਕੁੱਝ ਕਰਨ ਲਈ ਦਿੱਤਾ ਹੈ ਅਤੇ ਸਾਨੂੰ ਉਸ ਦੀ ਪ੍ਰਾਪਤੀ ਲਈ ਸੱਚੇ ਦਿਲੋਂ ਯਤਨ ਕਰਨੇ ਚਾਹੀਦੇ ਹਨ। ਉਹ ਕਹਿੰਦੀ ਸੀ ਕਿ ਭਾਵੇਂ ਕੋਲ ਕੁੱਝ ਵੀ ਨਾ ਹੋਵੇ ਫਿਰ ਵੀ ਕੁੱਝ ਨਹੀਂ ਵਿੱਚੋਂ ਵੀ ਬਹੁਤ ਕੁੱਝ ਦਾ ਨਿਰਮਾਣ ਹੋ ਸਕਦਾ ਹੈ।