ਗੁਰਬਾਣੀ ਵਿੱਚ ਕਿਰਿਆਵਾਚੀ ਸ਼ਬਦਾਂ ਦਾ ਉਚਾਰਨ (ਭਾਗ 18)
ਕਿਰਪਾਲ ਸਿੰਘ (ਬਠਿੰਡਾ)-88378-13661
ਗੁਰਬਾਣੀ ਪਾਠ ਵਿੱਚ ਵਰਤੇ ਗਏ ਨਾਂਵ, ਪੜਨਾਂਵ, ਵਿਸ਼ੇਸ਼ਣ ਸ਼ਬਦਾਂ ਵਿੱਚ ਜੇਕਰ ਮੁਕਤਾ ਅੱਖਰ ਤੋਂ ਬਾਅਦ ‘ਉ’ ਲਗਾ ਹੋਵੇ ਤਾਂ ਉਸ ਦੀ ਉਚਾਰਨ ਧੁਨੀ ਇਸ ਤਰ੍ਹਾਂ ਦੀ ਹੁੰਦੀ ਹੈ; ਜਿਵੇਂ ‘ਉ’ ਤੋਂ ਪਹਿਲੇ ਅੱਖਰ ਨੂੰ ਕਨੌੜਾ ਲਗਾ ਹੋਵੇ : ਅਉਰਤ= ਔਰਤ
ਸੁੰਨਤਿ ਕੀਏ ਤੁਰਕੁ ਜੇ ਹੋਇਗਾ ; ਅਉਰਤ ਕਾ ਕਿਆ ਕਰੀਐ ?॥ (ਕਬੀਰ/੪੭੭) ਭਾਵ ਸਿਰਫ਼ ਸੁੰਨਤ ਕੀਤਿਆਂ ਹੀ ਜੇਕਰ ਮੁਸਲਮਾਨ ਬਣੀਦਾ ਹੈ ਤਾਂ ਔਰਤ ਦੀ ਸੁੰਨਤ ਤਾਂ ਹੋ ਹੀ ਨਹੀਂ ਸਕਦੀ (ਦੱਸੋ ਉਸ ਨੂੰ ਮੁਸਲਮਾਨ ਕਿਵੇਂ ਬਣਾਇਆ ਜਾਵੇ?)।
ਗੁਰਬਾਣੀ ਵਿੱਚ ਕਨੌੜੇ ਸਹਿਤ ‘ਔਰਤ’ ਸ਼ਬਦ ਜੋੜ ਦੀ ਵਰਤੋਂ ਬਿਲਕੁਲ ਹੀ ਨਹੀਂ ਹੈ ਅਤੇ ਜਿੱਥੇ ਵੀ ਇਸਤਰੀ ਦੇ ਅਰਥਾਂ ਵਿੱਚ ‘ਔਰਤ’ ਧੁਨੀ ਵਾਲੇ ਸ਼ਬਦ ਦੀ ਵਰਤੋਂ ਹੋਈ ਹੈ, ਉਥੇ ‘ਅਉਰਤ’ ਸਰੂਪ ਹੀ ਲਿਖਿਆ ਮਿਲਦਾ ਹੈ ਤੇ ਇਨ੍ਹਾਂ ਸ਼ਬਦਾਂ ਦਾ ਉਚਾਰਨ ਕਨੌੜਾ ਧੁਨੀ ਵਾਙ ‘ਔਰਤ’ ਕਰਨਾ ਯੋਗ ਹੈ। ਇਸੇ ਤਰ੍ਹਾਂ ਅੱਜ ਕੱਲ੍ਹ ਦੀ ਲਿਖਤ ਅਨੁਸਾਰ ਕਨੌੜੇ ਸਹਿਤ ਲਿਖੇ ਅਤੇ ਬੋਲੇ ਜਾਣ ਵਾਲੇ ਸ਼ਬਦ ਔਰ, ਔਰਨ, ਔਰੀ, ਔਰੇ, ਔਗਣ, ਕੌਰਾ, ਕੌੜਾ, ਪੌਣ, ਗੌਣ, ਭਗੌਤੀ ਗੁਰਬਾਣੀ ਵਿੱਚ ਅਉਰ, ਅਉਰਨ, ਅਉਰਾ, ਅਉਰੀ ਅਉਰੈ, ਅਉਰੋ, ਅਉਗਣੁ, ਕਉਰਾ, ਕਉੜਾ, ਪਉਣ, ਗਉਣੁ, ਭਗਉਤੀ ਆਦਿ ਲਿਖੇ ਮਿਲਦੇ ਹਨ ਜਿਵੇਂ ਕਿ ਹੇਠ ਲਿਖੀਆਂ ਉਦਾਹਰਨਾਂ ਤੋਂ ਸਪਸ਼ਟ ਹੈ :-
ਕਲ ਮੈ ਏਕੁ ਨਾਮੁ ਕਿਰਪਾ ਨਿਧਿ; ਜਾਹਿ ਜਪੈ ਗਤਿ ਪਾਵੈ ॥ ‘ਅਉਰ’ ਧਰਮ ਤਾ ਕੈ ਸਮ ਨਾਹਨਿ ; ਇਹ ਬਿਧਿ ਬੇਦੁ ਬਤਾਵੈ ॥ (ਸੋਰਠਿ ਮ: ੯/੬੩੨) ਭਾਵ ਕਲਿਯੁਗ ਵਿੱਚ ਦਇਆ ਦਾ ਸਰੋਤ ਕੇਵਲ ਨਾਮ ਹੀ ਹੈ, ਜਿਸ ਨੂੰ ਜੋ ਜਪਦਾ ਹੈ ਉਹ ਉਚੀ ਅਵਸਥਾ ਪਾ ਲੈਂਦਾ ਹੈ, ਹੋਰ ਕੋਈ ਧਾਰਮਕ ਕਰਮ ਉਸ (ਨਾਮ-ਜਪਣ) ਦੀ ਬਰਾਬਰੀ ਨਹੀਂ ਕਰ ਸਕਦਾ- ਇਹ ਜੁਗਤਿ ਰੱਬੀ ਗਿਆਨ ਦੱਸਦਾ ਹੈ
ਆਪਸ ਕਉ ਦੀਰਘੁ ਕਰਿ ਜਾਨੈ ; ‘ਅਉਰਨ’ ਕਉ ਲਗ ਮਾਤ ॥ (ਮਾਰੂ, ਕਬੀਰ ਜੀ/੧੧੦੫) ਭਾਵ ਜੋ ਮਨੁੱਖ ਆਪਣੇ ਆਪ ਨੂੰ ਵੱਡਾ ਸਮਝਦਾ ਹੈ ਤੇ ਹੋਰਨਾਂ ਨੂੰ ਤੁੱਛ ਮਾਤਰ (ਉਹ ਅਹੰਕਾਰ ਕਾਰਨ ਦੋਜ਼ਕ ’ਚ ਸੜਦਾ ਹੈ)।
ਮੈ ਬਿਗਰਿਓ ; ਬਿਗਰੈ ਮਤਿ ‘ਅਉਰਾ’ ॥ (ਬਿਲਾਵਲੁ, ਕਬੀਰ ਜੀ/੮੫੫): (ਮੈਂ ਆਪਣੇ ਗੁਰੂ ਦੇ ਰਾਹ ’ਤੇ ਤੁਰ ਕੇ ਪ੍ਰਭੂ ਦਾ ਭਜਨ ਕਰਦਾ ਹਾਂ, ਪਰ ਜੇ ਲੋਕਾਂ ਦੀ ਨਜ਼ਰ ਵਿੱਚ) ਮੈਂ ਬਿਗੜ ਗਿਆ ਹਾਂ ਭਾਵ ਕੁਰਾਹੇ ਪੈ ਗਿਆ ਹਾਂ (ਤਾਂ ਲੋਕ ਆਪਣਾ ਧਿਆਨ ਰੱਖਣ) ਮਤਾ ਹੋਰ ਕੋਈ (ਮੇਰੇ ਵਾਙ) ਕੁਰਾਹੇ ਪੈ ਜਾਵੇ।
‘ਅਉਰੁ’ ਕੋਈ ਨਿੰਦ ਕਰੈ ਹਰਿ ਜਨ ਕੀ ; ਪ੍ਰਭੁ ਤਾ ਕਾ ਕਹਿਆ, ਇਕੁ ਤਿਲੁ ਨਹੀ ਮਾਨੈ ॥ (ਕਲਿਆਨ ਮ: ੪/੧੩੨੦) ਭਾਵ ਜੇ ਕੋਈ ਹੋਰ (ਨਿੰਦਕ ਮਨੁੱਖ) ਪਰਮਾਤਮਾ ਦੇ ਭਗਤ ਦੀ ਨਿੰਦਾ ਕਰਦਾ ਹੋਵੇ, ਪਰਮਾਤਮਾ ਉਸ ਦਾ ਆਖਿਆ ਹੋਇਆ (ਨਿੰਦਾ ਦਾ ਬਚਨ) ਰੱਤਾ ਭਰ ਭੀ ਨਹੀਂ ਮੰਨਦਾ।
ਨਰ ਚਾਹਤ ਕਛੁ ‘ਅਉਰ’ ; ‘ਅਉਰੈ’ ਕੀ ‘ਅਉਰੈ’ ਭਈ ॥ (ਮ: ੯/੧੪੨੮) ਭਾਵ (ਮਾਇਆਧਾਰੀ) ਮਨੁੱਖ (ਪ੍ਰਭੂ-ਸਿਮਰਨ ਦੇ ਥਾਂ) ਕੁਝ ਹੋਰ ਹੀ (ਪਦਾਰਥ) ਮੰਗਦਾ ਰਹਿੰਦਾ ਹੈ (ਪਰ ਰੱਬੀ ਦਰੋਂ ਆਏ ਮੌਤ ਦੇ ਸੰਦੇਸ਼ ਉਪਰੰਤ) ਹੋਰ ਦੀ ਹੋਰ ਹੋ ਜਾਂਦੀ ਹੈ।
ਮਿਠ ਬੋਲੜਾ ਜੀ, ਹਰਿ ਸਜਣੁ ਸੁਆਮੀ ਮੋਰਾ ॥ ਹਉ ਸੰਮਲਿ ਥਕੀ ਜੀ ; ਓਹੁ ਕਦੇ ਨ ਬੋਲੈ ‘ਕਉਰਾ’ ॥ ‘ਕਉੜਾ’ ਬੋਲਿ ਨ ਜਾਨੈ, ਪੂਰਨ ਭਗਵਾਨੈ ; ਅਉਗਣੁ ਕੋ ਨ ਚਿਤਾਰੇ ॥ (ਸੂਹੀ ਮ: ੫/੭੮੪) ਹੇ ਭਾਈ! ਮੇਰਾ ਮਾਲਕ-ਪ੍ਰਭੂ ਮਿੱਠੇ ਬੋਲ ਬੋਲਣ ਵਾਲਾ ਪਿਆਰਾ ਮਿੱਤਰ ਹੈ। ਮੈਂ ਸਾਵਧਾਨੀ ਨਾਲ ਵਾਚ-ਵਾਚ ਥੱਕ ਗਈ (ਕਿ ਉਸ ਦਾ ਕੋਈ ਕੌੜਾ ਬੋਲ ਸਾਹਮਣੇ ਆਏ ਪਰ ਮੈਨੂੰ) ਉਹ ਕਦੇ ਕੌੜਾ ਬੋਲ ਬੋਲਦਾ ਨਾ ਜਾਪਿਆ ਕਿਉਂਕਿ ਉਹ ਸਰਬ ਗੁਣਾਂ ਭਰਪੂਰ ਭਗਵਾਨ ਕੌੜਾ (ਖਰਵਾ) ਬੋਲਣਾ ਜਾਣਦਾ ਹੀ ਨਹੀਂ (ਕੌੜਾ ਬੋਲਣ ਲਈ ਤਰੁਟੀਆਂ ਵੇਖਣੀਆਂ ਜ਼ਰੂਰੀ ਹੁੰਦੀਆਂ ਹਨ ਪਰ ਉਹ ਸਾਡਾ) ਕੋਈ ਔਗੁਣ ਹੀ ਨਹੀਂ ਵਾਚਦਾ ।
ਖਸਮੁ ਮਰੈ, ਤਉ ਨਾਰਿ ਨ ਰੋਵੈ ॥ ਉਸੁ ਰਖਵਾਰਾ ‘ਅਉਰੋ’ ਹੋਵੈ ॥ (ਗੋਂਡ, ਕਬੀਰ ਜੀ/੮੭੧) ਭਾਵ (ਪਤਨੀ ਵਾਙ ਪਿਆਰ ਨਾਲ਼ ਜਮਾ ਕੀਤੀ) ਮਾਇਆ (ਜਦ) ਮਨੁੱਖ ਮਰ ਜਾਂਦਾ ਹੈ, ਰੌਂਦੀ ਨਹੀਂ (ਕਿਉਕਿ) ਉਸ ਦਾ ਖਸਮ ਕੋਈ ਹੋਰ ਬਣ ਜਾਂਦਾ ਹੈ।
ਅਹਿਨਿਸਿ ਅਉਧ ਘਟੈ, ਨਹੀ ਜਾਨੈ ; ਭਇਓ ਲੋਭ ਸੰਗਿ ‘ਹਉਰਾ’ ॥ (ਗਉੜੀ ਮ: ੯/੨੨੦) ਭਾਵ ਦਿਨ ਰਾਤ ਉਮਰ ਘਟਦੀ ਰਹਿੰਦੀ ਹੈ, ਪਰ ਮਨੁੱਖ ਇਹ ਭੇਤ ਸਮਝਦਾ ਨਹੀਂ ਸਗੋਂ ਲੋਭ ’ਚ ਫਸਦਾ ਜੀਵਨ ਹੋਰ ਹੌਲ਼ਾ (ਆਤਮ ਪੱਖੋਂ ਕਮਜ਼ੋਰ) ਬਣਾਉਂਦਾ ਜਾਂਦਾ ਹੈ
ਅਲਿਪਤੁ ਰਹਉ, ਜੈਸੇ ਜਲ ਮਹਿ ‘ਕਉਲਾ’ ॥ (ਆਸਾ ਮ: ੫/੩੮੪) ਭਾਵ (ਸਮਾਜਕ ਵਿਵਹਾਰ ਉਪਰੰਤ) ਮੈਂ ਨਿਰਲੇਪ ਰਹਿੰਦਾ ਹਾਂ ਜਿਵੇਂ ਪਾਣੀ ਵਿੱਚ (ਰਹਿੰਦਾ) ਕੌਲ-ਫੁੱਲ (ਪਾਣੀ ਤੋਂ ਅਛੋਹ)।
‘ਪਉਣੁ’ ਗੁਰੂ, ਪਾਣੀ ਪਿਤਾ, ਮਾਤਾ ਧਰਤਿ ਮਹਤੁ ॥ (ਮ: ੨/੧੪੬) ਭਾਵ ਹਵਾ (ਗੈਂਸ, ਆਕਾਰ ਰਚਨਾ ਦਾ ਅਰੰਭਕ) ਰਾਜ਼-ਗੁਰ ਹੈ, ਪਾਣੀ; ਜੀਵਾਂ ਦਾ ਵੱਡਾ ਪਿਤਾ ਤੇ ਵੱਡੀ ਧਰਤੀ ਸਭ ਜੀਵਾਂ ਦੀ ਮਾਤਾ ਹੈ।
‘ਗਉਣੁ’ ਕਰੇ ਚਹੁ ਕੁੰਟ ਕਾ ; ਘੜੀ ਨ ਬੈਸਣੁ ਸੋਇ ॥ ਚਿਤਿ ਆਵੈ ਓਸੁ ਪਾਰਬ੍ਰਹਮੁ ; ਤਨੁ ਮਨੁ ਸੀਤਲੁ ਹੋਇ ॥ ਸਿਰੀਰਾਗੁ ਮ: ੫/੭੦) ਭਾਵ ਜੋ ਮਨੁੱਖ ਚਾਰੋਂ ਦਿਸ਼ਾਵਾਂ ਭਰਮਣ ਕਰਦਾ ਫਿਰੇ, ਕਦੇ ਘੜੀ ਬੈਠਣਾ ਵੀ ਉਸ ਨੂੰ ਨਸੀਬ ਨਾ ਹੋਇਆ ਹੋਵੇ (ਤਾਂ ਵੀ ਸ਼ਾਂਤੀ ਨਹੀਂ ਪਾ ਸਕਦਾ, ਪਰ ਜਦ) ਉਸ ਦੇ ਚਿੱਤ ਵਿੱਚ ਰੱਬੀ ਯਾਦ ਆ ਵੱਸੇ, ਤਾਂ (ਭਟਕਦਾ) ਤਨ ਤੇ ਮਨ ਸ਼ਾਂਤ ਹੋ ਜਾਂਦਾ ਹੈ।
‘ਕਉਣ’ ਕਰਮ, ਕਉਣ ਨਿਹਕਰਮਾ ; ‘ਕਉਣੁ’ ਸੁ ਕਹੈ, ਕਹਾਏ ਜੀਉ ॥ (ਮਾਝ ਮ: ੫/੧੩੧) ਭਾਵ ਉਹ ਕੌਣ ਹੈ, ਜੋ ਸਮਾਜਕ ਕਰਮ ਕਰਦਿਆਂ ਵੀ ਨਿਰਲੇਪ ਰਹੇ? ਉਹ ਕੌਣ ਹੈ ਜੋ (ਰੱਬੀ ਉਸਤਤ ਆਪ) ਕਰਦਾ ਹੈ ਤੇ (ਹੋਰਨਾਂ ਪਾਸੋਂ) ਕਰਵਾਉਂਦਾ ਹੈ?
ਸੋ ‘ਭਗਉਤੀ’ ਜੁੋ ਭਗਵੰਤੈ ਜਾਣੈ ॥ (ਮ: ੩/੮੮) ਭਾਵ ਉਹੀ ਭਗੌਤੀ (ਰੱਬੀ ਭਗਤ) ਹੈ ਜੋ ਪ੍ਰਭੂ ਨੂੰ (ਬਾਰੇ) ਜਾਣਦਾ ਹੈ (ਪ੍ਰਭੂ ਨਾਲ ਡੂੰਘੀ ਸਾਂਝ ਪਾਂਦਾ ਹੈ)
ਕਿਰਿਆ: ਇੱਕ ਵਚਨ, ਉੱਤਮ ਪੁਰਖ ਵਰਤਮਾਨ ਕਾਲ ਦੀ ਕਿਰਿਆ ਜੇਕਰ ‘ਉ’ ਅੰਤ ਲਿਖੀ ਗਈ ਹੋਵੇ ਤਾਂ ਆਮ ਤੌਰ ’ਤੇ ਬੇਧਿਆਨੀ ਨਾਲ ਇਸ ‘ਉ’ ਤੋਂ ਪਹਿਲੇ ਸ਼ਬਦ ਨੂੰ ਹੋੜਾ ਸਹਿਤ ਵਾਙ ਪੜ੍ਹਿਆ ਜਾਂਦਾ ਹੈ, ਜੇ ਇਹ ਚੇਤੇ ਆ ਜਾਵੇ ਕਿ ਇਹ ਅਨ ਪੁਰਖ ਦੀ ਨਹੀਂ ਬਲਕਿ ਉੱਤਮ ਪੁਰਖ ਦੀ ਕਿਰਿਆ ਹੈ ਇਸ ਲਈ ਨਾਸਕੀ ਉਚਾਰਨ ਕਰਨਾ ਚਾਹੀਦਾ ਹੈ ਤਾਂ ਔਂਕੜ ਦੀ ਬਜਾਏ ਬਿੰਦੀ ਸਹਿਤ ਦੁਲੈਂਕੜ ਵਾਙ ‘ਊਂ’ ਉਚਾਰਨ ਕਰ ਦਿੱਤਾ ਜਾਂਦਾ ਹੈ ਪਰ ਇਹ ਦੋਵੇਂ ਉਚਾਰਨ ਗਲਤ ਹਨ। ਸਹੀ ਉਚਾਰਨ ‘ਉਂ’ ਤੋਂ ਪਹਿਲੇ ਦਰਜ ਮੁਕਤਾ ਅੱਖਰ ਨੂੰ ਕਨੌੜਾ ‘ ੌਂ ’ ਬਿੰਦੀ ਸਹਿਤ ਹੈ; ਜਿਵੇਂ ਕਿ
ਜਉ ਲਉ ਹਉ ਕਿਛੁ ‘ਸੋਚਉ’ ‘ਚਿਤਵਉ’; ਤਉ ਲਉ ਦੁਖਨੁ ਭਰੇ ॥ ਜਉ ਕ੍ਰਿਪਾਲੁ ਗੁਰੁ ਪੂਰਾ ਭੇਟਿਆ; ਤਉ ਆਨਦ ਸਹਜੇ ॥ (ਗਉੜੀ ਮ: ੫/੨੧੪) ਭਾਵ ਜਦ ਤੱਕ ਮੈਂ (ਆਪਣੀ ਦਲੀਲ ਨਾਲ਼) ਕੁਝ ਸੋਚੌਂ- ਚਿਤਵੌਂ (ਸੋਚਦਾ ਹਾਂ, ਯਾਦ ਕਰਦਾ ਹਾਂ) ਤਦ ਤਕ ਮੈਂ ਦੁੱਖਾਂ ਨਾਲ ਭਰਿਆ ਰਿਹਾ, ਪਰ ਜਦੋਂ ਪੂਰਨ ਮਿਹਰਵਾਨ ਗੁਰੂ ਮਿਲ ਪਿਆ ਤਦ ਤੋਂ ਅਨੰਦ ਤੇ ਸਥਿਰਤਾ ਆ ਗਈ।
ਅਉਰ ਇਕ ‘ਮਾਗਉ’, ਭਗਤਿ ਚਿੰਤਾਮਣਿ ॥ (ਆਸਾ, ਰਵਿਦਾਸ ਜੀ/੪੮੬) ਭਾਵ (ਹੇ ਪ੍ਰਭੂ! ਸੰਤ ਸੰਗਤ, ਸੰਤ ਮਾਰਗ ਤੇ ਸੰਤ ਸੇਵਾ ਤੋਂ ਇਲਾਵਾ) ਮੈਂ ਇਕ ਹੋਰ (ਦਾਤਿ ਭੀ) ਮੰਗਦਾ ਹਾਂ ਕਿ ਮਨ-ਚਿੰਦੇ ਫਲ਼ ਦੇਣ ਵਾਲੀ ਮਣੀ-ਤੇਰੀ ਭਗਤੀ ਬਖ਼ਸ਼।
ਰਿਦੈ ਪ੍ਰਗਾਸੁ ਪ੍ਰਗਟ ਭਇਆ; ਨਿਸਿ ਬਾਸੁਰ ‘ਜਾਗਉ’ ॥ (ਬਿਲਾਵਲੁ, ਮ: ੫/੮੦੮) ਭਾਵ (ਜਦ) ਹਿਰਦੇ ਵਿੱਚ ਰੌਸ਼ਨੀ ਪ੍ਰਗਟ ਹੋ ਗਈ ਤਾਂ (ਕਾਮਾਦਿਕ ਪ੍ਰਭਾਵ ਤੋਂ) ਦਿਨ ਰਾਤ ਜਾਗੌਂ (ਸੁਚੇਤ ਰਹਿੰਦਾ ਹਾਂ)।
ਕਾਮੁ ਕ੍ਰੋਧੁ ਸੰਗਤਿ ਦੁਰਜਨ ਕੀ ; ਤਾ ਤੇ ਅਹਿਨਿਸਿ ‘ਭਾਗਉ’ ॥ (ਗਉੜੀ, ਮ: ੯/੨੧੯) ਭਾਵ ਵਿਕਾਰੀ ਮਨੁੱਖਾਂ ਦੀ ਕੁਸੰਗਤ (ਵਾਂਗ) ਕਾਮ ਤੇ ਕ੍ਰੋਧ ਹੈ, ਮੈਂ ਇਨ੍ਹਾਂ ਦੇ ਕੁਸਾਥ ਤੋਂ ਹਰ ਵੇਲ਼ੇ ਭਾਗੌਂ (ਦੂਰ ਭੱਜਦਾ ਹਾਂ)।
ਕਿਆ ‘ਕਹਉ ਸੁਣਉ’ ? ਸੁਆਮੀ ! ਤੂੰ ਵਡ ਪੁਰਖੁ ਸੁਜਾਣਾ ॥ (ਸਿਰੀ ਰਾਗੁ, ਮ: ੫/੫੧) ਭਾਵ ਹੇ ਮਾਲਕ ! ਤੂੰ ਸਭ ਵਿੱਚ ਵਿਆਪਕ, ਸਭ ਦੇ ਦਿਲਾਂ ਦੀ ਜਾਣਨ ਵਾਲਾ ਤੇ ਸਭ ਤੋਂ ਵੱਡਾ ਹੈਂ (ਇਸ ਤੋਂ ਵਧੀਕ ਤੇਰੀ ਬਾਬਤ) ਮੈਂ ਹੋਰ ਕੀ ਕਹੌਂ (ਆਖਾਂ) ਤੇ ਕੀ ਸੁਣੌਂ (ਸੁਣਾਂ)?
‘ਕਰਉ’ ਬੇਨੰਤੀ, ਸੁਣਹੁ ਮੇਰੇ ਮੀਤਾ ! ਸੰਤ ਟਹਲ ਕੀ ਬੇਲਾ ॥ (ਸੋਹਿਲਾ, ਗਉੜੀ, ਮ: ੫/੧੩) ਭਾਵ ਮੈਂ ਬੇਨਤੀ ਕਰੌਂ (ਕਰਦਾ ਹਾਂ), ਹੇ ਮੇਰੇ ਮਿੱਤਰੋ! ਸੁਣੋ! – (ਹੁਣ) ਗੁਰਮੁਖਾਂ ਦੀ ਸੇਵਾ ਕਰਨ ਦਾ (ਢੁੱਕਵਾਂ) ਵੇਲ਼ਾ ਹੈ।
ਕਿਸੁ ‘ਪੂਛਉ’, ਕਿਸੁ ‘ਲਾਗਉ’ ਪਾਇ ॥ (ਗਉੜੀ, ਮ: 1/221) ਭਾਵ (ਹੇ ਮਾਲਕ ! ਤੇਰੇ ਬਿਨਾਂ) ਮੈਂ ਹੋਰ ਕਿਸ ਨੂੰ ਪੁੱਛਾਂ, ਕਿਸ ਦੇ ਚਰਨੀਂ ਲੱਗਾਂ? ਭਾਵ ਮੇਰਾ ਤੇਰੇ ਬਿਨਾਂ ਕੋਈ ਵੀ ਆਸਰਾ ਨਹੀਂ)
ਉਪਰੋਕਤ ਉਦਾਹਰਨਾਂ ਤੋਂ ਵੇਖਿਆ ਜਾ ਸਕਦਾ ਹੈ ਕਿ ਉੱਤਮ ਪੁਰਖ ਦੀ ਕਿਰਿਆ ਨੂੰ ਪ੍ਰਗਟ ਕਰਨ ਵਾਲੇ ਸ਼ਬਦਾਂ ਦਾ ਨਾਸਕੀ ਉਚਾਰਨ ਭਾਵ ਬਿੰਦੀ ਸਹਿਤ ਕਰਨਾ ਯੋਗ ਹੈ; ਜਿਵੇਂ ਕਿ ‘ਸੋਚਉਂ, ਚਿਤਵਉਂ, ਮਾਗਉਂ, ਜਾਗਉਂ, ਕਹਉਂ, ਸੁਣਉਂ, ਕਰਉਂ, ਪਰ ਅਨ ਪੁਰਖ ਦੀ ਕਿਰਿਆ ਹੋਣ ਦੀ ਸੂਰਤ ਵਿੱਚ ਨਾਸਕੀ ਉਚਾਰਨ ਕੀਤੇ ਜਾਣਾ ਗਲਤ ਹੋਵੇਗਾ; ਜਿਵੇਂ ਕਿ
ਆਗਿਆ ਤੁਮਰੀ ਮੀਠੀ ‘ਲਾਗਉ’, ਕੀਓ ਤੁਹਾਰੋ ‘ਭਾਵਉ’ ॥ (ਟੋਡੀ, ਮ: 5/713) ਭਾਵ (ਹੇ ਪ੍ਰਭੂ! ਮਿਹਰ ਕਰ) ਮੈਨੂੰ ਤੇਰੀ ਰਜ਼ਾ ਮਿੱਠੀ ਲੱਗਦੀ ਰਹੇ, ਮੈਨੂੰ ਤੇਰਾ ਕੀਤਾ ਚੰਗਾ ਲੱਗਦਾ ਰਹੇ। (ਉਚਾਰਨ ਲਾਗੌ, ਭਾਵੌ, ਅਨ ਪੁਰਖ ਇੱਕ ਵਚਨ)
ਭਲੀ ਸਰੀ, ਮੁਈ ਮੇਰੀ ਪਹਿਲੀ ਬਰੀ ॥ ਜੁਗੁ ਜੁਗੁ ‘ਜੀਵਉ’, ਮੇਰੀ ਅਬ ਕੀ ਧਰੀ ॥ (ਆਸਾ, ਕਬੀਰ ਜੀਉ/483) ਭਾਵ ਚੰਗਾ ਹੀ ਹੋਇਆ ਹੈ ਕਿ ਮੇਰੀ ਉਹ ਮੱਤ ਖ਼ਤਮ ਹੋ ਗਈ ਜੋ (ਮਾਇਆਧਾਰੀ ਹੋਣ ਦੇ ਬਾਵਜੂਦ ਵੀ) ਪਹਿਲਾਂ ਮੈਨੂੰ ਚੰਗੀ ਲੱਗਦੀ ਸੀ। ਜੋ (ਗੁਰੂ ਰਾਹੀਂ) ਮੱਤ ਮੈਨੂੰ ਹੁਣ ਮਿਲੀ ਹੈ, ਰੱਬ ਕਰੇ ਉਹ ਸਦਾ ਜਿਊਂਦੀ ਰਹੇ (ਕਿਉਂਕਿ ਇਹ ਸਦੀਵੀ ਰੱਬ ਨਾਲ਼ ਜੁੜੀ ਹੈ)। (ਉਚਾਰਨ ਜੀਵੌ, ਅਨ ਪੁਰਖ ਇੱਕ ਵਚਨ)
ਉਕਤ ਦਰਸਾਈਆਂ ਪੰਗਤੀਆਂ ਵਿੱਚ ‘ਲਾਗਉ, ਭਾਵਉ, ਜੀਵਉ’ ਸ਼ਬਦ-ਜੋੜ ਵੇਖਣ ਨੂੰ ਭਾਵੇਂ ਉੱਤਮ ਪੁਰਖ ਦੀਆਂ ਕਿਰਿਆਵਾਂ ਜਾਪਦੀਆਂ ਹਨ ਪਰ ਅਸਲ ਵਿੱਚ ਇਹ ਅਨ ਪੁਰਖ ਦੀਆਂ ਕਿਰਿਆਵਾਂ ਹਨ ਇਸ ਕਾਰਨ ਇਨ੍ਹਾਂ ਦਾ ਉਚਾਰਨ ਬਿਨਾਂ ਬਿੰਦੀ ਤੋਂ ਕਰਨਾ ਹੀ ਠੀਕ ਰਹੇਗਾ।
ਉਕਤ ਮਿਸਾਲਾਂ ਤੋਂ ਇਲਾਵਾ ਹੇਠ ਲਿਖੇ ਪਦੇ ਵਿੱਚ ‘ਥਾਉ, ਨਾਉ, ਸਮਾਉ, ਜਿਉ, ਤਿਉ, ਖਾਉ, ਪਾਉ ਅਦਿਕ ਸ਼ਬਦਾਂ ਦਾ ਬਿੰਦੀ ਸਹਿਤ ਨਾਸਕੀ ਉਚਾਰਨ ਕਰਨਾ ਯੋਗ ਹੋਵੇਗਾ ਪਰ ‘ਅਮਾਉ ਅਤੇ ਸਮਾਉ’ ਸ਼ਬਦ ਬਿਨਾਂ ਬਿੰਦੀ ਤੋਂ ਉਚਾਰੇ ਜਾਣੇ ਚਾਹੀਦੇ ਹਨ:-
ਸਰਬ ਕਲਾ ਪ੍ਰਭ ਪੂਰਣੋ ; ਮੰਞੁ ਨਿਮਾਣੀ ‘ਥਾਉ’ ॥ ਹਰਿ ਓਟ ਗਹੀ ਮਨ ਅੰਦਰੇ ; ਜਪਿ ਜਪਿ ਜੀਵਾਂ ‘ਨਾਉ’ ॥ ਕਰਿ ਕਿਰਪਾ ਪ੍ਰਭ ! ਆਪਣੀ ; ਜਨ ਧੂੜੀ ਸੰਗਿ ‘ਸਮਾਉ’ ॥ ‘ਜਿਉ’ ਤੂੰ ਰਾਖਹਿ, ‘ਤਿਉ’ ਰਹਾ ; ਤੇਰਾ ਦਿਤਾ ਪੈਨਾ ‘ਖਾਉ’ ॥ ਉਦਮੁ ਸੋਈ ਕਰਾਇ ਪ੍ਰਭ ! ਮਿਲਿ ਸਾਧੂ ਗੁਣ ‘ਗਾਉ’ ॥ ਦੂਜੀ ਜਾਇ ਨ ਸੁਝਈ ; ਕਿਥੈ ਕੂਕਣ ‘ਜਾਉ’ ? ॥ ਅਗਿਆਨ ਬਿਨਾਸਨ, ਤਮ ਹਰਣ ; ਊਚੇ ਅਗਮ ਅਮਾਉ (ਅ-ਮਾਪ, ਅ-ਮਿੱਤ, ਨਾਂਵ)।॥ ਮਨੁ ਵਿਛੁੜਿਆ ਹਰਿ ਮੇਲੀਐ ; ਨਾਨਕ ! ਏਹੁ ਸੁਆਉ (ਸੁਆਰਥ, ਮਨੋਰਥ, ਨਾਂਵ)॥ ਸਰਬ ਕਲਿਆਣਾ ਤਿਤੁ ਦਿਨਿ ; ਹਰਿ ਪਰਸੀ ਗੁਰ ਕੇ ‘ਪਾਉ’ ॥ (ਮਾਝ, ਮ: 5, ਦਿਨ ਰੈਣਿ/137) ਭਾਵ ਹੇ ਪ੍ਰਭੂ! ਤੂੰ ਸਾਰੀਆਂ ਸ਼ਕਤੀਆਂ ਨਾਲ ਭਰਪੂਰ ਹੈਂ, ਮੈਂ ਨਿਮਾਣੀ ਦਾ ਤੂੰ ਆਸਰਾ ਹੈਂ। ਹੇ ਹਰੀ! ਮੈਂ ਆਪਣੇ ਮਨ ਵਿੱਚ ਤੇਰੀ ਓਟ ਲਈ ਹੈ, ਤੇਰਾ ਨਾਮ ਜਪ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ। ਹੇ ਪ੍ਰਭੂ! ਆਪਣੀ ਮਿਹਰ ਕਰ ਤਾਂ ਜੋ ਮੈਂ ਤੇਰੇ ਸੰਤ ਜਨਾਂ ਦੀ ਚਰਨ-ਧੂੜ ਵਿੱਚ ਸਮਾਇਆ ਰਹਾਂ। ਜਿਸ ਹਾਲ ਵਿੱਚ ਤੂੰ ਮੈਨੂੰ ਰੱਖਦਾ ਹੈਂ ਮੈਂ (ਖ਼ੁਸ਼ੀ ਨਾਲ) ਉਸੇ ਹਾਲ ਵਿੱਚ ਰਹਿੰਦਾ ਹਾਂ, ਜੋ ਕੁਝ ਤੂੰ ਮੈਨੂੰ ਦੇਂਦਾ ਹੈਂ, ਉਹੀ ਮੈਂ ਪਹਿਨਦਾ ਹਾਂ, ਉਹੀ ਖਾਂਦਾ ਹਾਂ। ਹੇ ਪ੍ਰਭੂ ! ਮੇਰੇ ਪਾਸੋਂ ਉਹੀ ਉੱਦਮ ਕਰਾ (ਜਿਸ ਦੀ ਬਰਕਤਿ ਨਾਲ) ਮੈਂ ਗੁਰੂ ਨੂੰ ਮਿਲ ਕੇ ਤੇਰੇ ਗੁਣ ਗਾਂਦਾ ਰਹਾਂ। (ਤੈਥੋਂ ਬਿਨਾਂ) ਮੈਨੂੰ ਹੋਰ ਕੋਈ ਥਾਂ ਨਹੀਂ ਸੁਝਦੀ, ਮੈਂ ਹੋਰ ਕਿਸ ਦੇ ਅੱਗੇ ਫਰਿਆਦ ਕਰਾਂ? ਹੇ ਅਗਿਆਨਤਾ ਦਾ ਨਾਸ਼ ਕਰਨ ਵਾਲੇ ਹਰੀ! ਹੇ (ਮੋਹ ਦਾ) ਹਨ੍ਹੇਰਾ ਦੂਰ ਕਰਨ ਵਾਲੇ ਹਰੀ! ਹੇ (ਸਭ ਤੋਂ) ਉੱਚੇ! ਹੇ ਅਪਹੁੰਚ! ਹੇ ਅਮਿੱਤ ਹਰੀ!। ਨਾਨਕ ਦਾ ਇਹ ਮਨੋਰਥ ਹੈ ਕਿ (ਤੈਥੋਂ) ਵਿਛੜੇ ਮਨ ਨੂੰ (ਆਪਣੇ ਚਰਨਾਂ ’ਚ ਮਿਲਾ ਲੈ।) ਹੇ ਹਰੀ! ਉਸ ਦਿਨ ਸਾਰੇ ਹੀ ਸੁਖ (ਪ੍ਰਾਪਤ ਹੋ ਜਾਂਦੇ ਹਨ) ਜਦੋਂ ਮੈਂ ਗੁਰੂ ਦੇ ਚਰਨ ਪਕੜਦਾ ਹਾਂ।
ਇਨ੍ਹਾਂ ਸ਼ਬਦਾਂ ਨੂੰ ਬਿੰਦੀ ਸਹਿਤ ਉਚਾਰਨ ਕੀਤੇ ਜਾਣ ਦੀ ਸੇਧ ਸਾਨੂੰ ਗੁਰਬਾਣੀ ਵਿੱਚੋਂ ਹੀ ਮਿਲ ਜਾਂਦੀ ਹੈ; ਜਿਵੇਂ ਕਿ
ਜਪਿ ਜਪਿ ਜੀਵਹਿ ਤੇਰਾ ਨਾਂਉ ॥ (ਮਲਾਰ, ਮ: 5/1270): ਹੇ ਪ੍ਰਭੂ! ਤੇਰਾ ਨਾਮ ਜਪ-ਜਪ ਕੇ (ਭਗਤ) ਆਤਮਕ ਜੀਵਨ ਹਾਸਲ ਕਰਦੇ ਹਨ।
‘ਜਿਉਂ’ ਜਲ ਤੰਤੁ ਪਸਾਰਿਓ ਬਧਕਿ ; ਗ੍ਰਸਿ ਮੀਨਾ ਵਸਗਤਿ ਖਰਿਆ ॥ (ਮ: 4/1294) ਭਾਵ ਜਿਵੇਂ ਸ਼ਿਕਾਰੀ ਨੇ ਜਾਲ ਖਿਲਾਰਿਆ ਤੇ ਮੱਛੀਆਂ ਨੂੰ (ਕੁੰਡੇ ’ਚ) ਫਸਾ ਕੇ ਕਾਬੂ ਕਰ ਕੇ ਲੈ ਗਿਆ (ਇਉਂ ਸੰਤ ਸੰਗਤ ਨਾਲ਼ ਮਨ ਕਾਬੂ ਆ ਜਾਂਦਾ ਹੈ)।
ਰਾਤੀ ਦਿਨਸ ਸੁਹੇਲੀਆ ; ਨਾਨਕ ! ਹਰਿ ਗੁਣ ਗਾਂਉ ॥ (ਮ: 5/1284) ਭਾਵ ਹੇ ਨਾਨਕ! ਜੋ ਜੀਵ-ਇਸਤ੍ਰੀਆਂ ਪ੍ਰਭੂ ਦੇ ਗੁਣ ਗਾਂਦੀਆਂ ਹਨ, ਉਹਨਾਂ ਦੇ ਦਿਨ ਰਾਤ (ਭਾਵ ਹਰ ਪਲ) ਸੁਖੀ ਗੁਜ਼ਰਦੇ ਹਨ।
ਅੰਤਰਿ ਪਿਆਸ ਚਾਤ੍ਰਿਕ ਜਿਉ ਜਲ ਕੀ ; ਸਫਲ ਦਰਸਨੁ ਕਦਿ ਪਾਂਉ ॥ (ਸਾਰੰਗ, ਮ: 5/1202) ਭਾਵ ਜਿਵੇਂ ਪਪੀਹੇ ਨੂੰ (ਸ੍ਵਾਂਤੀ ਨਛੱਤ੍ਰ ਦੀ ਵਰਖਾ ਬੂੰਦ) ਪਾਣੀ ਦੀ ਪਿਆਸ ਹੁੰਦੀ ਹੈ (ਤਿਵੇਂ ਮੇਰੇ) ਅੰਦਰ ਇਹ ਤਾਂਘ ਰਹਿੰਦੀ ਹੈ ਕਿ ਮੈਂ (ਗੁਰੂ ਦੀ ਰਾਹੀਂ) ਕਦੋਂ ਉਸ ਹਰੀ ਦਾ ਦਰਸ਼ਨ ਕਰਾਂਗਾ ਜੋ ਸਾਰੀਆਂ ਮੁਰਾਦਾਂ ਪੂਰੀਆਂ ਕਰਨ ਵਾਲ਼ਾ ਹੈ।
— ਸਮਾਪਤ—