ਧਰਮ ਕੀ ਗਤਿ ਰਹੀ

0
790

ਧਰਮ ਕੀ ਗਤਿ ਰਹੀ

ਗਿਆਨੀ ਸੰਤ ਸਿੰਘ ਮਸਕੀਨ

ਧਰਮ ਤੋਂ ਮੁਰਾਦ-ਜਿਸ ਨੇ ਸਭ ਕੁਛ ਨੂੰ ਧਾਰਨ ਕੀਤਾ ਹੋਇਆ ਹੈ, ਜਿਸ ਦੇ ਆਸਰੇ ’ਤੇ ਸਭ ਕੁਛ ਖੜ੍ਹਾ ਹੈ, ‘‘ਨਾਮ ਕੇ ਧਾਰੇ ਸਗਲੇ ਜੰਤ ॥ ਨਾਮ ਕੇ ਧਾਰੇ ਖੰਡ ਬ੍ਰਹਮੰਡ ॥’’ (ਗਉੜੀ ਸੁਖਮਨੀ, ਮ: ੫, ਪੰਨਾ  ੨੮੪) ਉਹ ਜਿਸ ਨੇ ਖੰਡ ਬ੍ਰਹਿਮੰਡ ਨੂੰ ਧਾਰਨ ਕੀਤਾ ਹੋਇਆ ਹੈ, ਐਸੇ ਪਰਮਾਤਮਾ ਦੇ ਨਾਮ ਨੂੰ, ਸਿਮਰਨ ਨੂੰ, ਬੰਦਗੀ ਨੂੰ, ਧਰਮ ਕਹਿੰਦੇ ਹਨ ।  ਧਰਮ ਨੂੰ ਮੰਨਣਾ ਈਸ਼ਵਰ ਨੂੰ ਮੰਨਣਾ ਹੈ ਔਰ ਈਸ਼ਵਰ ਨੂੰ ਮੰਨਣਾ ਧਰਮ ਨੂੰ ਮੰਨਣਾ ਹੈ, ਪਰ ਲੁਕਾਈ ਦੀ ਮਾਨਸਿਕਤਾ ਦਾ ਮੁਲੰਕਣ ਕਰਦਿਆਂ ਗੁਰੂ ਜੀ ਨੇ ਵਾਕ ਉਚਾਰੇ : ਸ੍ਰਿਸਟਿ ਸਭ ਇਕ ਵਰਨ ਹੋਈ ਧਰਮ ਕੀ ਗਤਿ ਰਹੀ ॥ (ਧਨਾਸਰੀ, ਮ: ੧, ਪੰਨਾ ੬੬੩)

ਪ੍ਰਾਚੀਨ ਵੇਦਾਂ ਮੁਤਾਬਕ ਚਾਰ ਵਰਣ ਬਣਾਏ ਗਏ : (1). ਬ੍ਰਾਹਮਣ, (2). ਖੱਤਰੀ, (3) ਸੂਦਰ, (4) ਵੈਸ਼।

ਔਰ ਚਾਰ ਹੀ ਆਸ਼੍ਰਮ ਨੇ: (1). ਬ੍ਰਹਮਚਾਰੀ, (2). ਗ੍ਰਹਿਸਥ, (3). ਬਾਣਪ੍ਰਸਤੀ, (4). ਸੰਨਿਆਸੀ।

ਚਾਰ ਵਰਣ; ਇਨ੍ਹਾਂ ਚਾਰ ਰੁਚੀਆਂ ਦੇ ਆਧਾਰ ’ਤੇ ਬਣਾਏ ਗਏ ਸਨ :

(1). ਜੋ ਹਰ ਕੰਮ ਲਈ ਆਪਣਾ ਸਿਰ ਅੱਗੇ ਰੱਖਦਾ ਹੈ। ਜੋ ਸੋਚਦਾ ਪਹਿਲੇ ਹੈ, ਬੋਲਦਾ ਪਹਿਲੇ ਹੈ, ਕਰਦਾ ਪਹਿਲੇ ਹੈ। ਜੋ ਹਰ ਕੰਮ ਲਈ ਸਿਰ ਨੂੰ ਅੱਗੇ ਰੱਖੇ, ਸੋਚ-ਵਿਚਾਰ ਅੱਗੇ ਰੱਖੇ, ਐਸੇ ਨੂੰ ਆਖਿਆ ਗਿਆ ਹੈ ਕਿ ਇਹ ‘ਬ੍ਰਾਹਮਣ’ ਹੈ, ਸਿਰਮੌਰ ਹੈ।

(2). ਜੋ ਹੱਥ ਨੂੰ ਅੱਗੇ ਕਰਦਾ ਹੈ, ਹੱਥਾਂ ਨੂੰ ਮਜ਼ਬੂਤ ਕਰਦਾ ਹੈ, ਹੱਥਾਂ ਨੂੰ ਸ਼ਕਤੀਸ਼ਾਲੀ ਕਰਦਾ ਹੈ, ਸਭ ਕੁਛ ਨੂੰ ਹੱਥਾਂ ਵਿੱਚ ਲਿਆਉਣਾ ਚਾਹੁੰਦਾ ਹੈ, ਸਭ ਕੁਛ ਨੂੰ ਹੱਥਾਂ ਵਿੱਚ ਰੱਖਣਾ ਚਾਹੁੰਦਾ ਹੈ, ਉਸ ਨੂੰ ਖੱਤਰੀ ਕਿਹਾ ਗਿਆ ਹੈ।

(3). ਜੋ ਹਰ ਤਰ੍ਹਾਂ ਦੇ ਭਾਰ ਚੁੱਕਣ ਵਿੱਚ ਸਮਰੱਥ ਹੈ, ਭਾਰੀ ਭਰਕਮ ਕੰਮ ਕਰਨ ਲਈ ਜਿਸ ਦੀ ਰੁਚੀ ਹੈ, ਜਿਸ ਨੂੰ ਬੋਝ ਪ੍ਰਤੀਤ ਨਹੀਂ ਹੁੰਦਾ, ਉਸ ਨੂੰ ਸ਼ੁਦਰ ਆਖਿਆ ਗਿਆ ਹੈ।

(4). ਜੋ ਹਰ ਵਕਤ ਪੇਟ ਨੂੰ ਹੀ ਅੱਗੇ ਰੱਖਦਾ ਹੈ, ਉਦਰ ਪੂਰਤੀ ਨੂੰ ਹੀ ਅੱਗੇ ਰੱਖਦਾ ਹੈ, ਹਰ ਵਕਤ ਜਿਸ ਨੂੰ ਆਪਣੇ ਪੇਟ ਦਾ ਹੀ ਖ਼ਿਆਲ ਆਉਂਦਾ ਹੈ, ਉਸ ਨੂੰ ਆਖਿਆ ਗਿਆ ਹੈ-ਵੈਸ਼।

ਬ੍ਰਾਹਮਣ-ਸਿਰ ਹੈ।

ਖੱਤਰੀ-ਬਾਂਹਵਾਂ ਹੈ।

ਸ਼ੂਦਰ-ਪੈਰ ਹੈ।

ਵੈਸ਼-ਪੇਟ ਹੈ।

ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਐਸਾ ਫ਼ੁਰਮਾਨ ਕਰਦੇ ਹਨ : ਖਤ੍ਰੀਆ ਤ ਧਰਮੁ ਛੋਡਿਆ ਮਲੇਛ ਭਾਖਿਆ ਗਹੀ ॥ ਸ੍ਰਿਸਟਿ ਸਭ ਇਕ ਵਰਨ ਹੋਈ ਧਰਮ ਕੀ ਗਤਿ ਰਹੀ ॥ (ਧਨਾਸਰੀ, ਮ: ੧, ਪੰਨਾ ੬੬੩) ਮਹਾਰਾਜ ਕਹਿੰਦੇ ਹਨ ਭਾਵੇਂ ਚਾਰ ਰੁਚੀਆਂ ਦੇ ਹਿਸਾਬ ਨਾਲ ਮਨੁੱਖਾਂ ਦੀ ਵੰਡ ਕੀਤੀ ਗਈ, ਲੇਕਿਨ ਇਸ ਵਕਤ ਤਾਂ ਵਰਣ ਸਿਰਫ਼ ਇੱਕੋ ਹੈ, ਚਾਰ ਵਰਣ ਨਹੀਂ ਹਨ, ਇੱਕੋ ਹੈ। ਸਾਰੀ ਸ਼੍ਰਿਸਟੀ ਦੇ ਮਨੁੱਖ ਇੱਕੋ ਹੀ ਲਪੇਟ ਵਿੱਚ ਆ ਗਏ ਨੇ ਔਰ ਇੱਕ ਐਸੇ ਵਰਣ ਦੀ ਲਪੇਟ ਵਿੱਚ ਆ ਗਏ ਨੇ, ਜਿਸ ਨਾਲ ਧਰਮ ਨਹੀਂ ਚਲਦਾ- ‘‘ਧਰਮ ਕੀ ਗਤਿ ਰਹੀ’’।-

ਧਰਮ ਕੀ ਗਤਿ ਰੁਕ ਗਈ; ਧਰਮ ਦਾ ਚੱਲਣਾ ਰੁਕ ਗਿਆ ਕਿਉਂਕਿ ਸ੍ਰਿਸ਼ਟੀ ਸਾਰੀ ਇੱਕ ਵਰਣ ਹੋ ਗਈ ਹੈ। ਤੋ ਕਿਆ ਸਾਰੀ ਸ਼੍ਰਿਸਟੀ ਬ੍ਰਾਹਮਣ ਹੋ ਗਈ ਹੈ ? ਕਤਈ ਨਹੀਂ, ਬਿਲਕੁਲ ਨਹੀਂ। ਬ੍ਰਾਹਮਣ ਨਾਲ ਧਰਮ ਚੱਲਦਾ ਹੈ ਔਰ ਬ੍ਰਾਹਮਣ; ਉਸ ਨੂੰ ਕਹਿੰਦੇ ਨੇ, ਜੋ ਬ੍ਰਹਮ ਬਾਰੇ ਸੋਚਦਾ ਹੈ, ਜੋ ਬ੍ਰਹਮ ਦਾ ਵਿਚਾਰ ਕਰਦਾ ਹੈ, ਜੋ ਬ੍ਰਹਮ ਦਾ ਚਿੰਤਨ ਕਰਦਾ ਹੈ : ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਕਹੀਐ.. ॥ (ਗੂਜਰੀ ਕੀ ਵਾਰ, ਮ: ੩, ਪੰਨਾ ੫੧੨), ਭਗਤ ਕਬੀਰ ਜੀ ਵੀ ਕਹਿੰਦੇ ਨੇ : ਕਹੁ ਕਬੀਰ ਜੋ ਬ੍ਰਹਮੁ ਬੀਚਾਰੈ ॥ ਸੋ ਬ੍ਰਾਹਮਣੁ ਕਹੀਅਤੁ ਹੈ ਹਮਾਰੈ ॥ (ਗਉੜੀ, ਬਾਬਾ ਕਬੀਰ, ਪੰਨਾ ੩੨੪)

ਵਰਣ ਵੰਡ ਦੇ ਮੂਲ ਯੁਗ ਵਿੱਚ, ਸ਼ੁਰੂਆਤ ਵਿੱਚ ਬ੍ਰਾਹਮਣ ਉਸੇ ਨੂੰ ਆਖਿਆ ਗਿਆ ਹੈ, ਜੋ ਬ੍ਰਹਮ ਦਾ ਚਿੰਤਨ ਕਰਦਾ ਹੈ; ਬ੍ਰਹਮ ਨੂੰ ਸੋਚਦਾ ਹੈ, ਬ੍ਰਹਮ ਨੂੰ ਵਿਚਾਰਦਾ ਹੈ, ਬ੍ਰਹਮ ਦੇ ਅਨੁਕੂਲ ਵਿਵਹਾਰ ਕਰਦਾ ਹੈ ਔਰ ਸਿਰ ਨੂੰ ਹਰ ਵਕਤ ਅੱਗੇ ਰੱਖਦਾ ਹੈ, ਸੋਚਦਾ ਹੈ, ਵਿਚਾਰਦਾ ਹੈ ਕਿ ਕੋਈ ਐਸਾ ਵਿਵਹਾਰ ਮੈਥੋਂ ਨਾ ਹੋਵੇ, ਜੋ ਬ੍ਰਹਮ ਦੇ ਅਨੁਕੂਲ ਨਾ ਹੋਵੇ :  ਬ੍ਰਹਮੁ ਬਿੰਦੈ ਤਿਸ ਦਾ ਬ੍ਰਹਮਤੁ ਰਹੈ ਏਕ ਸਬਦਿ ਲਿਵ ਲਾਇ ॥  ਨਵ ਨਿਧੀ ਅਠਾਰਹ ਸਿਧੀ ਪਿਛੈ ਲਗੀਆ ਫਿਰਹਿ ਜੋ ਹਰਿ ਹਿਰਦੈ ਸਦਾ ਵਸਾਇ ॥ (ਸੋਰਠਿ ਕੀ ਵਾਰ (ਮ: ੩, ਪੰਨਾ ੬੪੯)

ਉਸ ਦਾ ਸੋਚਣਾ, ਉਸ ਦਾ ਕਰਨਾ ਵੀ ਬ੍ਰਾਹਮਮਈ ਹੈ। ਬ੍ਰਹਮ ਉਸ ਦੇ ਵਿਚਾਰਾਂ ਵਿੱਚ ਹੈ, ਬ੍ਰਹਮ ਉਸ ਦੇ ਕਿਰਦਾਰ ਵਿੱਚ ਹੈ, ਬ੍ਰਹਮ ਉਸ ਦੀ ਸੋਚਣੀ ਵਿੱਚ ਹੈ, ਬ੍ਰਹਮ ਉਸ ਦੀ ਕਰਣੀ ਵਿਚ ਹੈ ; ਬ੍ਰਹਮ ਉਸ ਦੀ ਯਾਦ (ਸਿਮਰਤੀ) ਵਿੱਚ ਹੈ ਔਰ ਬ੍ਰਹਮ ਹੀ ਉਸ ਦੀ ਕ੍ਰਿਆ ਵਿੱਚ ਹੈ। ਐਸੇ ਪੁਰਸ਼ ਨੂੰ ਬ੍ਰਾਹਮਣ ਆਖਿਆ ਗਿਆ ਹੈ। ਐਸੇ ਬ੍ਰਾਹਮਣ ਨਾਲ ਤਾਂ ਧਰਮ ਚੱਲਦਾ ਹੀ ਹੈ। ਇਸ ਨੂੰ ਸਿਰਮੌਰ ਆਖਿਆ ਗਿਆ ਹੈ ਔਰ ਠੀਕ ਸਿਰਮੌਰ ਹੈ। ਜਿਸ ਦਾ ਮਨ ਬ੍ਰਹਮ ਵਰਗਾ ਹੈ, ਜਿਸ ਦੇ ਵਿਚਾਰਾਂ ਵਿੱਚ ਬ੍ਰਹਮ, ਜਿਸ ਦੀ ਕਰਨੀ ਵਿੱਚ ਬ੍ਰਹਮ, ਜਿਸ ਦੀ ਵਿਚਾਰ ਵਿੱਚ ਬ੍ਰਹਮ, ਜੋ ਬ੍ਰਹਮ ਨੂੰ ਸੋਚੇਗਾ, ਬ੍ਰਹਮ ਨੂੰ ਯਾਦ ਕਰੇਗਾ, ਬ੍ਰਹਮ ਜੈਸਾ ਹੋ ਜਾਏਗਾ। ਇਸ ਹਿਸਾਬ ਨਾਲ ਇਹ ਮਨੁੱਖੀ ਜਗਤ ਵਿੱਚ ਬ੍ਰਾਹਮਣ ਸਿਰਮੌਰ ਸੀ, ਮਹਾਨ ਸੀ, ਇਸ ਨਾਲ ਧਰਮ ਚੱਲਦਾ ਹੈ।

ਦੂਸਰਾ ਵਰਣ ਛੱਤ੍ਰੀ ਦਾ ਹੈ, ਸੂਰਬੀਰ ਦਾ ਹੈ, ਜਿਸ ਦਾ ਸ਼ੌਕ ਹੈ ਕਿ ਹੱਥ ਮਜ਼ਬੂਤ ਹੋਵਣ ਔਰ ਮੇਰੇ ਹੱਥਾਂ ਵਿੱਚ ਸਭ ਕੁਛ ਹੋਵੇ। ਸਾਡੇ ਦੇਸ਼ ਦੇ ਇਤਿਹਾਸ ਵਿੱਚ ਇੱਕ ਮਹਾਨ ਸੂਰਬੀਰ ਦਾ ਜ਼ਿਕਰ ਹੈ-ਸਹੰਸਰਬਾਹੂ, ਹਜ਼ਾਰ ਬਾਂਹਵਾਂ ਵਾਲਾ ਰਿਸ਼ੀ । ਦਰਅਸਲ ਹਜ਼ਾਰ ਬਾਂਹਵਾਂ ਕਿਸੇ ਦੀਆਂ ਵੀ ਨਹੀਂ ਹੋ ਸਕਦੀਆਂ। ਪ੍ਰਭੂ ਨੇ ਐਸਾ ਮਨੁੱਖ ਬਣਾਇਆ ਵੀ ਨਹੀਂ। ਹਜ਼ਾਰ ਬਾਂਹਵਾਂ 500 ਮਨੁੱਖਾਂ ਦੀਆਂ ਹੀ ਹੋ ਸਕਦੀਆਂ ਨੇ ਔਰ ਅਗਰ 500 ਮਨੁੱਖਾਂ ਜਿਤਨਾ ਇੱਕ ਮਨੁੱਖ ਦਾ ਆਕਾਰ ਹੋਵੇ, ਫਿਰ ਤਾਂ ਇੱਕੋ ਮਨੁੱਖ ਬਹੁਤ ਜਗ੍ਹਾ ਘੇਰੇਗਾ। ਸ਼ਾਇਦ ਉਸ ਦਾ ਕਿਤਿਓਂ ਲੰਘਣਾ ਵੀ ਮੁਸ਼ਕਲ ਹੋਵੇ ਤੇ ਜਿਸ ਦੀਆਂ ਦੋ ਬਾਂਹਵਾਂ ਵਿੱਚ ਹਜ਼ਾਰਾਂ ਬਾਂਹਵਾਂ ਜਿਤਨੀ ਤਾਕਤ ਹੋਵੇ; ਜਿਸ ਦੇ ਦੋ ਹੱਥ ਸੈਂਕੜੇ ਹੱਥਾਂ ਨੂੰ ਕਾਬੂ ਕਰ ਸਕਣ ਔਰ ਸੈਂਕੜੇ ਜਿਸ ਦੇ ਅੱਗੇ ਹੱਥ ਜੋੜ ਕੇ ਖੜ੍ਹੇ ਹੋਵਣ, ਉਸ ਦੀ ਜ਼ਬਾਨ ਵਿੱਚੋਂ ਇੱਕ ਬੋਲ ਨਿਕਲੇ ਔਰ ਹਜ਼ਾਰਾਂ ਮਨੁੱਖ ਸਿਰ ਝੁਕਾ ਕੇ ਮੰਨਣ, ਕਬੂਲ ਕਰਨ, ਐਸਾ ਮਨੁੱਖ ਵਾਕਈ ਸਹੰਸਰਬਾਹੂ ਹੁੰਦਾ ਹੈ। ਐਸਾ ਮਨੁੱਖ ਸੂਰਬੀਰ ਹੁੰਦਾ ਹੈ, ਸ਼ਕਤੀਸ਼ਾਲੀ ਹੁੰਦਾ ਹੈ। ਜਗਤ ਦੇ ਵਿੱਚ ਇਹ ਦੂਜੀ ਸ਼੍ਰੇਣੀ ਦੇ ਮਨੁੱਖ ਹਨ, ਜੋ ਸ਼ਕਤੀ ਵਿੱਚ ਸ਼ੌਕ ਰੱਖਦਿਆਂ ਆਪਣੇ ਹੱਥਾਂ ਨੂੰ ਮਜ਼ਬੂਤ ਰੱਖਦੇ ਹਨ ਔਰ ਸੂਰਬੀਰ ਉਸ ਨੂੰ ਕਹਿੰਦੇ ਨੇ, ਜੋ ਕਮਜ਼ੋਰ ਦੀ ਖ਼ਾਤਰ ਲੜੇ, ਜੋ ਕਮਜ਼ੋਰ ਦੀਆਂ ਬਾਂਹਵਾਂ ਦਾ ਸਹਾਰਾ ਬਣੇ : ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥  ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥ (ਮਾਰੂ, ਬਾਬਾ ਕਬੀਰ, ਪੰਨਾ ੧੧੦੫)

ਦੀਨ ਤੋਂ ਮੁਰਾਦ-ਨਿਮਾਣਾ, ਨਿਤਾਣਾ, ਕਮਜ਼ੋਰ, ਮੁਫ਼ਲਿਸ (ਕੰਗਾਲ), ਲਾਵਾਰਿਸ। ਜਿਹੜਾ ਆਪਣੀ ਸੂਰਬੀਰਤਾ ਕਮਜ਼ੋਰ ਨਾਲ ਜੋੜ ਦੇਵੇ, ਜਿਸ ਦੀਆਂ ਮਜ਼ਬੂਤ ਬਾਂਹਵਾਂ ਕਿਸੇ ਕਮਜ਼ੋਰ ਦੀਆਂ ਬਾਂਹਵਾਂ ਨੂੰ ਪਕੜ ਲੈਣ ; ਭਾਵੇਂ ਖ਼ੁਦ ਟੁਕੜੇ-ਟੁਕੜੇ ਹੋ ਜਾਵੇ, ਲੇਕਿਨ ਦੂਸਰੇ ਨੂੰ ਟੁਕੜੇ-ਟੁਕੜੇ ਹੋਣ ਤੋਂ ਬਚਾ ਦੇਵੇ। ਬਸ ਉਹ ਖੱਤਰੀ, ਸਹੀ ਮਾਨਿਆਂ ਵਿੱਚ ਛੱਤ੍ਰੀ ਹੈ। ਜੈਸੇ ਕਸ਼ਮੀਰ ਦੇ ਬ੍ਰਾਹਮਣ ਕਮਜ਼ੋਰ ਸਨ। ਇਹ ਕਮਜ਼ੋਰ ਬਾਂਹਵਾਂ ਧੰਨ ਸ਼੍ਰੀ ਗੁਰੂ ਤੇਗ਼ ਬਹਾਦਰ (ਨੌਵੀਂ ਜੋਤਿ) ਜੀ ਦੇ ਦਰਬਾਰ ਵਿੱਚ ਆਈਆਂ। ਇਨ੍ਹਾਂ ਬਾਂਹਵਾਂ ਨੇ ਖੜ੍ਹੇ ਹੋ ਕੇ ਧੰਨ ਸ਼੍ਰੀ ਗੁਰੂ ਤੇਗ਼ ਬਹਾਦਰ ਮਹਾਰਾਜ ਜੀ ਦੇ ਦਰਬਾਰ ਵਿੱਚ ਪੁਕਾਰ ਕੀਤੀ ਕਮਜ਼ੋਰ ਬਾਂਹਵਾਂ ਨੇ। ਇਨ੍ਹਾਂ ਕਮਜ਼ੋਰ ਬਾਂਹਵਾਂ ਨੂੰ ਧੰਨ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ ਪਕੜ ਲਿਆ, ਬੋਲ ਜੁੜ ਗਏ : ਬਾਂਹ ਜਿਨਹਾ ਦੀ ਪਕੜੀਏ ਸਿਰ ਦੀਜੈ ਬਾਂਹ ਨ ਛੋਡੀਏ। ਗੁਰ ਤੇਗ ਬਹਾਦਰ ਬੋਲਿਆ ਢਹਿ ਪਈਏ ਧਰਮ ਨ ਛੋਡੀਏ।

ਮੈਂ ਟੁਕੜੇ-ਟੁਕੜੇ ਹੋ ਜਾਵਾਂਗਾ, ਲੇਕਿਨ ਇਹ ਬਾਂਹਵਾਂ ਨਹੀਂ ਛੱਡਾਂਗਾ। ਦਿੱਲੀ ਦੇ ਚਾਂਦਨੀ ਚੌਕ ਵਿੱਚ ਸਤਿਗੁਰਾਂ ਆਪਣੇ ਤਨ ਨੂੰ ਟੁਕੜੇ-ਟੁਕੜੇ ਕਰਵਾ ਲਿਆ, ਲੇਕਿਨ ਕਮਜ਼ੋਰਾਂ ਦੀਆਂ ਬਾਂਹਵਾਂ ਨੂੰ ਟੁਕੜੇ-ਟੁਕੜੇ ਨਹੀਂ ਹੋਣ ਦਿੱਤਾ। ਇਹ ਗੱਲ ਵੱਖਰੀ ਹੈ ਕਿ ਦੇਸ਼ਵਾਸੀਆਂ ਨੂੰ ਪੂਰਨ ਤੌਰ ’ਤੇ ਇਹ ਬੋਧ ਨਹੀਂ ਕਿ ਕਿਸੇ ਦਾ ਖ਼ੂਨ ਦਿੱਲੀ ਦੇ ਚਾਂਦਨੀ ਚੌਕ ਵਿੱਚ ਡੁੱਲ੍ਹਿਆ ਤੇ ਭਾਰਤ ਦੇ ਮਸਤਕ ਦਾ ਤਿਲਕ ਬਣ ਗਿਆ, ਹਿੰਦੂ ਧਰਮ ਦੇ ਮੱਥੇ ਦਾ ਤਿਲਕ ਬਣ ਗਿਆ। ਕਿਸੇ ਦੇ ਸਵਾਸਾਂ ਦੀ ਡੋਰੀ ਟੁੱਟ ਗਈ ਤੇ ਜਨੇਊ ਦੀ ਡੋਰੀ ਬਚ ਗਈ; ਕਿਸੇ ਨੇ ਆਪਣਾ ਸਿਰ ਕਟਵਾਇਆ ਤੇ ਦੇਸ਼ਵਾਸੀਆਂ ਦੇ ਸਿਰ ਦੀ ਚੋਟੀ ਬਚ ਗਈ : ਤਿਲਕ ਜੰਞੂ ਰਾਖਾ ਪ੍ਰਭ ਤਾ ਕਾ ॥ ਕੀਨੋ ਬਡੋ ਕਲੂ ਮਹਿ ਸਾਕਾ ॥

ਆਤਮ-ਚਿੰਤਨ ਕਰਨ ਵਾਲੇ, ਰੱਬੀ ਗੁਣਾਂ ਵਿੱਚ ਲੀਨ ਰਹਿਣ ਵਾਲੇ, ਹਰ ਵਕਤ ਬ੍ਰਹਮ ਦਾ ਚਿੰਤਨ ਕਰਨ ਵਾਲੇ ਗੁਰੂ ਜੀ ਬ੍ਰਾਹਮਣ ਵੀ ਸਨ, ਖੱਤਰੀ ਵੀ ਸਨ, ਸੂਰਬੀਰ ਵੀ ਸਨ, ਬਹਾਦਰ ਵੀ ਸਨ ਤਦੇ ਤਾਂ ਆਪ ਜੀ ਨੂੰ ਤੇਗ਼ ਬਹਾਦਰ ਕਿਹਾ ਗਿਆ। ਤੋ ਖੱਤਰੀ ਨਾਲ ਧਰਮ ਚੱਲਦੈ। ਉਹ ਆਪਣੀ ਸੂਰੀਰਤਾ ਨਾਲ ਕਿਸੇ ਕਮਜ਼ੋਰ ਦੀਆਂ ਬਾਂਹਵਾਂ ਨੂੰ ਮਜ਼ਬੂਤ ਬਣਾਉਣ ਵਾਸਤੇ ਆਪਣੇ ਜੀਵਨ ਦੀ ਅਹੂਤੀ ਦੇ ਦਿੰਦਾ ਹੈ, ਉਨ੍ਹਾਂ ਦਾ ਸਹਾਰਾ ਬਣਦਾ ਹੈ।

ਤੀਸਰੇ ਵਰਣ- ਸ਼ੂਦਰ; ਜੋ ਬਰੀਕੀਆਂ ਵਿੱਚ ਨਹੀਂ ਪੈਂਦਾ, ਚਿੰਤਨ ਦੀਆਂ ਡੂੰਘਾਈਆਂ ਵਿੱਚ ਨਹੀਂ ਪੈਂਦਾ, ਸੋਚ-ਵਿਚਾਰ ਦੀ ਪਰਵਾਜ਼ (ਉਡਾਰੀ) ਵਿੱਚ ਵੀ ਨਹੀਂ ਪੈਂਦਾ, ਉਸ ਨੂੰ ਭਾਰੀ ਭਰਕਮ ਸੇਵਾ ਕਰ ਕੇ ਖ਼ੁਸ਼ੀ ਮਿਲਦੀ ਹੈ। ਕਿਸੇ ਬੀਮਾਰ ਦੀ ਤੀਮਾਰਦਾਰੀ (ਸੇਵਾ) ਵਿੱਚ, ਕਿਸੇ ਪਿਆਸੇ ਨੂੰ ਪਾਣੀ ਪਿਲਾ ਦੇਣ ਵਿੱਚ, ਉਸ ਨੂੰ ਬਹੁਤ ਖ਼ੁਸ਼ੀ ਮਿਲਦੀ ਹੈ। ਲੰਗਰ ਬਣਾਉਣਾ, ਭੋਜਨ ਤਿਆਰ ਕਰਨਾ,  ਬਸਤਰ ਧੋ ਦੇਣੇ, ਰਸਤੇ ਬਣਾਉਣੇ,  ਰਸਤੇ ਸਜਾਉਣੇ ਇਤਿਆਦਿਕ ਕੰਮ ਨੂੰ ਜੋ ਸੇਵਾ-ਭਾਵ ਨਾਲ ਕਰੇ, ਉਸ ਨੂੰ ਸ਼ੂਦਰ ਕਹਿੰਦੇ ਨੇ। ਜੋ ਸੋਚੇ ਕਿ ਮੈਂ ਪ੍ਰਭੂ ਦੇ ਜੀਵਾਂ ਲਈ ਰਸਤਾ ਬਣਾ ਰਿਹਾ ਹਾਂ, ਭੋਜਨ ਬਣਾ ਰਿਹਾ ਹਾਂ, ਬਸਤਰ ਧੋ ਰਿਹਾ ਹਾਂ, ਐਸੀ ਅੰਤਰ-ਭਾਵਨਾ ਨਾਲ ਪ੍ਰਭੂ ਦੀ ਸੇਵਾ ਕਰੇ। ਤੋ ਸ਼ੂਦਰ ਨਾਲ ਵੀ ਧਰਮ ਚਲਦਾ ਹੈ।

ਉਸ ਦੀ ਸੇਵਾ ਵਿੱਚ ਭਗਵਾਨ ਪ੍ਰਗਟ ਹੁੰਦਾ ਹੈ। ਸੇਵਾ-ਭਗਤੀ ਦੁਆਰਾ ਉਹ ਸਿਰਮੌਰ ਹੋ ਜਾਂਦਾ ਹੈ, ਮਹਾਨ ਹੋ ਜਾਂਦਾ ਹੈ। ਹੋਰ ਐਸਾ ਕਿਹੜਾ ਵਰਣ ਹੈ, ਜਿਸ ਦਾ ਜ਼ਿਕਰ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰਬਾਣੀ ਵਿੱਚ ਕਰ ਰਹੇ ਨੇ ਤੇ ਉਸ ਵਰਣ ਨਾਲ ਧਰਮ ਨਹੀਂ ਚਲਦਾ  ? : ਸ੍ਰਿਸਟਿ ਸਭ ਇਕ ਵਰਨ ਹੋਈ ਧਰਮ ਕੀ ਗਤਿ ਰਹੀ ॥ (ਧਨਾਸਰੀ, ਮ: ੧, ਪੰਨਾ ੬੬੩)

ਸਾਰੀ ਸ੍ਰਿਸ਼ਟੀ ਇੱਕੋ ਹੀ ਵਰਣ ਹੋ ਗਈ, ਲਿਹਾਜ਼ਾ ਧਰਮ ਦੀ ਗਤੀ ਰੁਕ ਗਈ। ਅਸੀਂ ਦੇਖ ਰਹੇ ਹਾਂ, ਮਨੁੱਖ ਨਾਲ ਪਰਿਵਾਰ ਚੱਲ ਰਿਹਾ ਹੈ, ਮਨੁੱਖ ਨਾਲ ਕਾਰੋਬਾਰ ਵੀ ਚੱਲ ਰਿਹਾ ਹੈ, ਮਨੁੱਖ ਨਾਲ ਰਾਜਨੀਤੀ ਵੀ ਚੱਲ ਰਹੀ ਹੈ ਔਰ ਮਨੁੱਖ ਦੇ ਨਾਲ ਸੰਸਾਰਕ ਗਿਆਨ ਵੀ ਚੱਲ ਰਿਹਾ ਹੈ, ਪਰ ਮਨੁੱਖ ਦੇ ਨਾਲ ਧਰਮ ਨਹੀਂ ਚੱਲ ਰਿਹਾ। ਇਸ ਦਾ ਕਾਰਨ ਕੀ ਹੈ ਕਿ ਮਨੁੱਖ ਨਾਲ ਸਭ ਕੁਛ ਚੱਲ ਰਿਹਾ ਹੈ, ਪਰ ਧਰਮ ਨਹੀਂ ਚੱਲ ਰਿਹਾ ? ਕਿਉਂਕਿ ਪ੍ਰਿਥਵੀ ਦੀ ਸਾਰੀ ਮਨੁੱਖਤਾ ਇੱਕੋੋ ਹੀ ਵਰਣ ਦੀ ਲਪੇਟ ਵਿੱਚ ਆ ਗਈ ਹੈ ਔਰ ਉਹ ਵਰਣ ਹੈ-ਵੈਸ਼।

ਵੈਸ਼ ਨਾਲ ਧਰਮ ਨਹੀਂ ਚੱਲਦਾ। ਹੁਣ ਵੈਸ਼ ਕੋਈ ਛੋਟਾ-ਮੋਟਾ ਟੋਲਾ ਨਹੀਂ ਰਹਿ ਗਿਆ। ਪ੍ਰਿਥਵੀ ਦੇ ਸਾਰੇ ਹੀ ਮਨੁੱਖ ਵੈਸ਼ ਨੇ। ਬਸ ਧਨ ਹੀ ਇਸ ਲਈ ਪਰਮਾਤਮਾ ਹੈ, ਧਨ ਹੀ ਜਿਸ ਦੀ ਜ਼ਿੰਦਗੀ ਦਾ ਲਕਸ਼ ਹੈ, ਜਿਸ ਨੇ ਹਰ ਜਗ੍ਹਾ ਤਜੌਰੀ ਨੂੰ, ਪੇਟ ਨੂੰ ਅੱਗੇ ਕੀਤਾ ਹੋਇਆ ਹੈ । ਵੈਸ਼ ਉਸ ਨੂੰ ਨਹੀਂ ਕਹਿੰਦੇ, ਜੋ ਛੋਟੀ-ਮੋਟੀ ਦੁਕਾਨ ਖੋਲ੍ਹ ਕੇ ਬੈਠਾ ਹੋਇਆ ਹੈ, ਸਾਜ਼ੋ-ਸਾਮਾਨ ਵੇਚਦਾ ਹੈ। ਨਹੀਂ, ਇਹ ਤਾਂ ਕਿਰਤ ਹੈ-ਇਸ ਨੂੰ ਵੈਸ਼ ਨਹੀਂ ਕਹਿੰਦੇ। ਜੋ ਐਸੀ ਬਿਰਤੀ ਰੱਖਦਾ ਹੈ ਕਿ ਮੁੱਲ ਮਿਲਣਾ ਚਾਹੀਦਾ ਹੈ, ਉਹ ਆਪਣਾ ਈਮਾਨ ਵੀ ਵੇਚ ਸਕਦਾ ਹੈ। ਮੁੱਲ ਮਿਲਣਾ ਚਾਹੀਦਾ ਹੈ, ਐਸਾ ਮਨੁੱਖ ਆਪਣੀ ਇੱਜ਼ਤ ਵੇਚ ਸਕਦਾ ਹੈ, ਆਪਣੀ ਅਸਮਤ ਵੇਚ ਸਕਦਾ ਹੈ। ਇੱਜ਼ਤ ਦੀ, ਅਸਮਤ ਦੀ ਗੱਲ ਤਾਂ ਦੂਰ ਰਹੀ, ਮਾਇਆ ਦੀ ਖ਼ਾਤਰ ਆਪਣਾ ਦੇਸ਼ ਵੀ ਵੇਚ ਸਕਦਾ ਹੈ, ਆਪਣੀ ਕਲਾ ਨੂੰ, ਗਿਆਨ ਨੂੰ, ਕੌਮ ਨੂੰ ਵੇਚ ਸਕਦਾ ਹੈ ਔਰ ਸਭ ਕੁਛ ਵੇਚੇਗਾ। ਐਸੇ ਨੂੰ ਕਹਿੰਦੇ ਨੇ-ਵੈਸ਼।

ਜਦ ਪ੍ਰਿਥਵੀ ’ਤੇ ਮਨੁੱਖੀ ਜੀਵਨ ਵਿੱਚ ਲੋਭ ਸਿਖਰ ’ਤੇ ਹੋਵੇ, ਜੈਸਾ ਕਿ ਸਤਿਗੁਰੂ ਜੀ ਫ਼ੁਰਮਾ ਰਹੇ ਨੇ : ਲਬੁ ਪਾਪੁ ਦੁਇ ਰਾਜਾ ਮਹਤਾ ਕੂੜੁ ਹੋਆ ਸਿਕਦਾਰੁ ॥ (ਆਸਾ ਕੀ ਵਾਰ, ਮ: ੧, ਪੰਨਾ ੪੬੮) ਸੀਮਾ ਤੋਂ ਵਧਿਆ ਹੋਇਆ ਲੋਭ ਇਸ ਵਕਤ ਲੋਕਾਂ ਦੇ ਸਿਰ ’ਤੇ ਅਸਵਾਰ ਹੈ ਔਰ ਇਹ ਲੋਭ ਮਨੁੱਖ ਦੀ ਬਿਰਤੀ ਨੂੰ ਵੈਸ਼ ਬਣਾ ਦਿੰਦਾ ਹੈ ਕਿ ਸਭ ਕੁਛ ਵੇਚਣਾ ਹੈ, ਸਿਰਫ਼ ਮੁੱਲ ਮਿਲਣਾ ਚਾਹੀਦਾ ਹੈ। ਇਕ ਆਲਮ ਦਾ ਕਹਿਣਾ ਹੈ : ਹਵਸ ਕੇ ਬੰਦੇ ਵਫ਼ਾ ਕੋ ਬੇਚ ਦੇਤੇ ਹੈਂ। ਖ਼ੁਦਾ ਦੇ ਘਰ ਕੀ ਕਿਆ ਕਹੀਏ ਖ਼ੁਦਾ ਕੋ ਬੇਚ ਦੇਤੇ ਹੈਂ। ਇਹ ਤਾਂ ਧਰਮ ਨੂੰ ਵੀ ਵੇਚ ਦੇਂਦੇ ਨੇ। ਕਹਿੰਦੇ ਨੇ ਕਿ ਪ੍ਰਿਥਵੀ ’ਤੇ ਸਭ ਤੋਂ ਖ਼ੁਸ਼ਕਿਸਮਤ ਦਿਹਾੜਾ ਉਹ ਸੀ, ਜਦ ਕਿਸੇ ਅਵਤਾਰ ਦਾ ਆਗਮਨ ਹੋਇਆ। ਇਸ ਲੰਬੇ ਚੌੜੇ ਸਮੇਂ ਦੀ ਸ਼੍ਰਿੰਖਲਾ ਵਿੱਚ ਬਸ ਕੁਛ ਹੀ ਦਿਨ ਹੋਏ ਨੇ ਜਦ ਇੱਕ ਅਵਤਾਰੀ ਪੁਰਖ ਦਾ ਆਗਮਨ ਹੋਇਆ। ਮਨੁੱਖੀ ਗੁਲਿਸਤਾਨ ਵਿੱਚ ਇੱਕ ਐਸਾ ਫੁੱਲ ਖਿੜਿਆ, ਜੋ ਗੁਲਿਸਤਾਨ ਦੀ ਸ਼ੋਭਾ ਬਣਿਆ ਔਰ ਜਿਸ ਨੇ ਗੁਲਿਸਤਾਨ ਨੂੰ ਮੁਅੱਤਰ (ਸੁਗੰਧੀ ਭਰਪੂਰ) ਕੀਤਾ। ਇੱਕ ਵਿਦਵਾਨ ਸ਼ਾਇਰ ਦਾ ਕਹਿਣਾ ਹੈ : ਹਜ਼ਾਰੋਂ ਸਾਲ ਨਰਗਿਸ ਅਪਨੀ ਬੇਨੂਰੀ ਪੇ ਰੋਤੀ ਹੈ। ਬੜੀ ਮੁਸ਼ਕਲ ਸੇ ਹੌਤਾ ਹੈ ਚਮਨ ਮੇਂ ਦੀਦਾਵਰ ਪੈਦਾ। ਕਦੀ-ਕਦਾਈਂ ਮਨੁੱਖਤਾ ਦੇ ਬਗ਼ੀਚੇ ਵਿੱਚ ਐਸਾ ਫੁੱਲ ਖਿੜਦਾ ਹੈ, ਜੋ ਅੱਖਾਂ ਨੂੰ ਠਾਰ ਦਿੰਦਾ ਹੈ, ਮਨੁੱਖਤਾ ਦਾ ਆਧਾਰ ਬਣਦਾ ਹੈ ਔਰ ਸਾਰੇ ਗੁਲਿਸਤਾਨ ਨੂੰ ਮੁਅੱਤਰ ਕਰ ਦਿੰਦਾ ਹੈ, ਬਾਗ਼ੋ ਬਾਗ਼ ਕਰ ਦਿੰਦਾ ਹੈ : ਕੁਛ ਐਸੇ ਭੀ ਸ਼ਗੂਫ਼ੇ ਹੈਂ ਹਮਾਰੇ ਸਿਹਨ ਮੇਂ, ਜਿਨ ਪੇ ਬਹਾਰੇਂ ਨਾਜ਼ ਕਰਤੀ ਹੈਂ।

ਵਾਕਈ ਕੁਝ ਐਸੇ ਫੁੱਲ ਖਿੜੇ ਨੇ, ਜਿਨ੍ਹਾਂ ’ਤੇ ਮਨੁੱਖਤਾ ਮਾਣ ਕਰ ਸਕਦੀ ਹੈ। ਮਨੁੱਖੀ ਇਤਿਹਾਸ ਵਿੱਚ ਅਗਰ ਗੁਰੂ ਨਾਨਕ ਨੂੰ ਕੱਢ ਦੇਈਏ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾ ਹੋਵਣ, ਮਾਨਵਤਾ ਦੇ ਇਤਿਹਾਸ ਵਿੱਚ ਜੇ ਸ਼੍ਰੀ ਕ੍ਰਿਸ਼ਨ ਜੀ ਦੀ ਛਾਪ ਨਹੀਂ, ਰਾਮ ਦੀ ਮਰਿਆਦਾ ਨਹੀਂ, ਮਨੁੱਖੀ ਇਤਿਹਾਸ ਦੇ ਵਿੱਚ ਈਸਾ ਦਾ ਪ੍ਰੇਮ ਨਹੀਂ ਔਰ ਮੁਹੰਮਦ ਸਾਹਿਬ ਦਾ ਭਾਈਚਾਰਾ ਨਹੀਂ, ਧੰਨ ਗੁਰੂ ਨਾਨਕ ਦੇਵ ਜੀ ਦੇ ਸਰਬਤ ਦੇ ਭਲੇ ਦੀ ਭਾਵਨਾ ਨਹੀਂ, ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਕਮਜ਼ੋਰ ਦੀ ਬਾਂਹ ਫੜ ਲੈਣ ਦਾ ਜਜ਼ਬਾ ਨਹੀਂ, ਤੋ ਫਿਰ ਮਨੁੱਖੀ ਬਗ਼ੀਚਾ ਕੰਡਿਆਂ ਨਾਲ ਭਰਿਆ ਹੀ ਦਿੱਸੇਗਾ। ਗੁਲ ਨਹੀਂ, ਫੁੱਲ ਨਹੀਂ ਫਿਰ ਤਾਂ ਕੰਡੇ ਹੀ ਕੰਡੇ। ਬਸ ਇਹ ਥੋੜ੍ਹੇ ਹੀ ਫੁੱਲ ਹਨ, ਜਿਸ ਨਾਲ ਮਨੁੱਖੀ ਇਤਿਹਾਸ ਪੁਰ-ਰੌਣਕ ਬਣਿਆ ਹੋਇਆ ਹੈ, ਪੜ੍ਹਨ ਯੋਗ, ਅਨੰਦਮਈ ਬਣਿਆ ਹੋਇਆ ਹੈ।

ਪ੍ਰਿਥਵੀ ’ਤੇ ਉਹ ਖ਼ਸ਼ਕਿਸਮਤ ਦਿਹਾੜਾ ਸੀ, ਜਿਸ ਦਿਨ ਗੁਰੂ ਨਾਨਕ ਦਾ ਆਗਮਨ ਹੋਇਆ, ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਹੋਇਆ, ਰਾਮ ਕ੍ਰਿਸ਼ਨ ਜੈਸੀ ਚੇਤਨਾ ਦਾ ਆਗਮਨ ਹੋਇਆ ਔਰ ਸੰਸਾਰ ਦਾ ਉਹ ਸਭ ਤੋਂ ਬਦਕਿਸਮਤ ਦਿਹਾੜਾ ਸੀ, ਜਦ ਐਸੇ ਮਹਾਂਪੁਰਸ਼ਾਂ ਦੁਆਰਾ ਦਿੱਤਾ ਹੋਇਆ ਗਿਆਨ, ਚਿੰਤਨ, ਧਰਮ, ਸਭ ਕੁਝ ਕਾਰੋਬਾਰ ਬਣ ਗਿਆ, ਧੰਦਾ ਬਣ ਗਿਆ ਔਰ ਐਸਾ ਅਸੀਂ ਦੇਖ ਸਕਦੇ ਹਾਂ-ਬ੍ਰਾਹਮਣ ਪੂਜਾ ਵੇਚ ਰਿਹਾ ਹੈ, ਪਾਠ ਵੇਚਿਆ ਜਾ ਰਿਹਾ ਹੈ। ਮੌਲਵੀ ਆਵਾਜ਼ ਵੇਚ ਰਿਹਾ ਹੈ, ਅਮਾਨਤ ਵੇਚ ਰਿਹਾ ਹੈ ਔਰ ਗੁਰੂ ਘਰਾਣੇ ਵਿੱਚ ਵੇਖੀਏ, ਵਿਕ ਰਿਹਾ ਹੈ ਕੀਰਤਨ, ਵਿਕ ਰਿਹਾ ਹੈ ਪਾਠ। ਬਕਾਇਦਾ ਮੋਲ-ਤੋਲ ਹੁੰਦਾ ਹੈ।  ਕਥਾ, ਕੀਰਤਨ, ਪਾਠ ਦਾ ਭਾਓ ਦੱਸਿਆ ਜਾਂਦਾ ਹੈ, ਕੀਮਤ ਦੱਸੀ ਜਾਂਦੀ ਹੈ ਔਰ ਬਕਾਇਦਾ ਕੀਮਤ ਚੁਕਾਈ ਵੀ ਜਾਂਦੀ ਹੈ। ਇਹ ਲੋਕ ਕੀਰਤਨੀਏ ਨਹੀਂ ਬਲਕਿ ਵੈਸ਼ ਨੇ, ਪਾਠੀ, ਕਥਾਵਾਚਕ ਨਹੀਂ, ਵੈਸ਼ ਨੇ।

ਅੱਜ ਪੂਜਾ ਪਾਠ ਕਰਨ ਵਾਲੇ ਪੂਜਾਰੀ ਨਹੀਂ ਮਿਲਣਗੇ, ਪਾਠ ਕਰਨ ਵਾਲੇ ਪਾਠੀ ਨਹੀਂ ਮਿਲਣਗੇ, ਸਭ ਵੈਸ਼ ਨੇ। ਤੋ ਵੈਸ਼ ਦੇ ਨਾਲ ਧਰਮ ਨਹੀਂ ਚੱਲਦਾ ਕਿਉਂਕਿ ਉਹ ਧਰਮ ਨੂੰ ਵੇਚਦਾ ਹੈ। ਔਰ ਜਿਸ ਦਿਨ ਤੋਂ ਪੂਜਾ-ਪਾਠ ਕਰਨ ਵਾਲੇ ਪੁਜਾਰੀ, ਕੀਰਤਨੀਆਂ ਦੀ ਦ੍ਰਿਸ਼ਟੀ ਵਿੱਚ ਧਾਰਮਿਕ ਮੰਦਿਰ, ਕਾਮਨਾਵਾਂ ਦੀ ਪੂਰਤੀ ਦੇ ਅਖਾੜੇ ਬਣ ਗਏ, ਬਾਜ਼ਾਰ, ਮਾਰਕੀਟ ਬਣ ਗਏ। ਇਹ ਆਪਣੀਆਂ ਕਾਮਨਾਵਾਂ ਦੀ ਪੂਰਤੀ ਲਈ ਗੁਰਦੁਆਰੇ ਆਉਂਦੇ ਹੈ, ਮੰਦਿਰ, ਮਸਜਿਦ ਆਉਂਦੇ ਹੈਂ, ਦੂਸਰਾ ਉਨ੍ਹਾਂ ਦੀਆਂ ਤੇ ਆਪਣੀਆਂ ਕਾਮਨਾਵਾਂ ਨੂੰ ਅੱਗੇ ਰੱਖਦਾ ਹੈ। ਵੈਸ਼ ਸਰੋਤੇ ਵੀ ਨੇ, ਵੈਸ਼ ਵਕਤੇ ਵੀ ਨੇ। ਵੈਸ਼ ਹੀ ਪੁਜਾਰੀ ਨੇ, ਵੈਸ਼ ਹੀ ਧਰਮ ਮੰਦਿਰਾਂ ਵਿੱਚ ਦਰਸ਼ਨ ਕਰਨ ਆਏ ਹੋਏ ਨੇ ਔਰ ਇਸ ਤਰ੍ਹਾਂ ਪ੍ਰਿਥਵੀ ਵੈਸ਼ ਲੋਕਾਂ ਨਾਲ ਭਰਦੀ ਗਈ। ਤੋ ਵੈਸ਼ ਦੇ ਨਾਲ ਧਰਮ ਨਹੀਂ ਚੱਲਦਾ- ‘‘ਸ੍ਰਿਸਟਿ ਸਭ ਇਕ ਵਰਨ ਹੋਈ ਧਰਮ ਕੀ ਗਤਿ ਰਹੀ ॥’’

ਕਈ ਦਫ਼ਾ ਇਕ ਆਮ ਮਨੁੱਖ ਵਿੱਚ ਤਾਂ ਨੈਤਿਕਤਾ ਦੇਖਣ ਨੂੰ ਮਿਲਦੀ ਹੈ, ਪਰ ਪੁਜਾਰੀਆਂ ਦੇ ਵਿੱਚ ਜਾਂ ਕਥਾ-ਕੀਰਤਨ ਕਰਨ ਵਾਲਿਆਂ ਵਿੱਚ ਨਹੀਂ ਮਿਲਦੀ। ਉਸ ਦਾ ਕਾਰਨ, ਕਥਾ ਕਰਨਾ ਇੱਕ ਧੰਦਾ ਹੈ, ਸੌਦਾ ਹੈ, ਜਿਸ ਨੂੰ ਵੇਚਣਾ ਹੈ। ਉਪਜੀਵਕਾ ਤਾਂ ਹਰ ਇੱਕ ਨੇ ਚਲਾਣੀ ਹੈ, ਉਦਰ ਪੂਰਤੀ ਤਾਂ ਹਰ ਇਕ ਨੇ ਕਰਨੀ ਹੀ ਹੈ ਔਰ ਉਦਰ ਪੂਰਤੀ ਹੋ ਹੀ ਜਾਂਦੀ ਹੈ, ਜਗਤ ਦੇ ਜੀਵਾਂ ਨੇ ਤਾਂ ਸਮਝਾਉਣਾ ਹੈ : ਨਾ ਕਰਿ ਚਿੰਤ ਚਿੰਤਾ ਹੈ ਕਰਤੇ ॥ (ਮਾਰੂ, ਮ: ੪, ਪੰਨਾ ੧੦੭੦)  ਲੇਕਿਨ ਪਾਠੀ, ਪੂਜਾਰੀ, ਆਪ ਖ਼ੁਦ ਮੁੱਲ ਭਾਉ ਕਰਦੇ ਹਨ। ਆਪ ਕੀਮਤ ਮੰਗਣੀ, ਕੀਰਤਨ ਦੀ ਤੇ ਪਾਠ ਦੀ । ਜਿਨ੍ਹਾਂ ਕੋਲ ਧਰਮ ਮੰਦਿਰਾਂ ਦਾ ਪ੍ਰਬੰਧਕੀ ਢਾਂਚਾ ਹੈ, ਉਨ੍ਹਾਂ ਦੀ ਦ੍ਰਿਸ਼ਟੀ ਵਿੱਚ ਵੀ ਇਹ ਕੀਰਤਨੀਏ, ਕਥਾ-ਵਾਚਕ, ਪਾਠੀ, ਪੁਜਾਰੀ ਆਦਿ ਮੁਲਾਜ਼ਮ ਨੇ ਬਲਕਿ ਮੁਲਾਜ਼ਮ ਵੀ ਘਟੀਆ ਤੇ ਚੌਥੇ ਦਰਜੇ ਦੇ। ਉਨ੍ਹਾਂ ਦੀ ਅਣਖ ਨੂੰ ਪਨਪਣ ਦਾ ਮੌਕਾ ਹੀ ਨਹੀਂ ਦੇਂਦੇ। ਉਹ ਪ੍ਰਬੰਧਕ ਵੀ ਧਰਮ ਦੇ ਬਾਰੇ ਜਾਣਕਾਰੀ ਨਾ ਰੱਖਦਿਆਂ ਹੋਇਆਂ ਵੀ, ਧਰਮ ਮੰਦਿਰਾਂ ਨੂੰ ਮਾਰਕਿਟ, ਇੱਕ ਬਾਜ਼ਾਰ ਵਾਂਗ ਚਲਾਉਣ ਦੇ ਅਧਿਕਾਰੀ ਹੋ ਜਾਂਦੇ ਨੇ ਕਿਉਂਕਿ ਉਹ ਵੀ ਤਾਂ ਵੈਸ਼ ਨੇ, ਉਨ੍ਹਾਂ ਦੇ ਵੀ ਕੁਛ ਸੁਆਰਥ ਨੇ। ਇਸ ਤਰ੍ਹਾਂ ਵੈਸ਼ ਲੋਕਾਂ ਨਾਲ ਪ੍ਰਿਥਵੀ ਭਰ ਗਈ ਹੈ। ਮੰਦਿਰ, ਮਸਜਿਦ, ਧਾਰਮਿਕ ਸਥਲ ਮਾਰਕੀਟ ਬਣ ਕੇ ਰਹਿ ਗਏ ਨੇ। ਇਨ੍ਹਾਂ ਧਰਮ ਮੰਦਿਰਾਂ ਵਿੱਚ ਕਥਾ-ਕੀਰਤਨ ਦੁਆਰਾ ਲੋਕਾਂ ਦਾ ਇਖ਼ਲਾਕ ਉੱਚਾ ਹੋਣਾ ਚਾਹੀਦਾ ਸੀ, ਮਨੁੱਖਤਾ ਪੈਦਾ ਹੋਣੀ ਚਾਹੀਦੀ ਸੀ, ਪਰਮ-ਅਨੰਦ ਪੈਦਾ ਹੋਣਾ ਚਾਹੀਦਾ ਸੀ, ਪਰ ਹੋਇਆ ਕੀ ?  ਧਰਮ ਧੰਦਾ ਬਣ ਗਿਆ। ਸੁਰਤਿ ਉੱਚੀ ਕਰਨ ਦਾ ਕੋਈ ਵਸੀਲਾ ਹੀ ਨਾ ਰਿਹਾ ਔਰ ਇਸ ਤਰ੍ਹਾਂ ‘‘ਧਰਮ ਕੀ ਗਤਿ ਰਹੀ ॥’’, ਧਰਮ ਦਾ ਚੱਲਣਾ ਰੁਕ ਗਿਆ।

ਸ਼ਬਦ ‘ਵੈਸ਼’ ਹਿੰਦੀ ਦੇ ਸ਼ਬਦ ‘ਵੈਸ਼ਿਆ’ ਦੇ ਬਹੁਤ ਨੇੜੇ ਹੈ। ਵੈਸ਼ਿਆ, ਜੋ ਪੈਸੇ ਦੀ ਖ਼ਾਤਰ ਆਪਣੀ ਅਸਮਤ (ਆਪਣਾ ਤਨ) ਵੇਚਦੀ ਹੈ, ਵੈਸ਼ ਜੋ ਧਨ ਕਰ ਕੇ ਸਭ ਕੁਛ ਵੇਚਦਾ ਹੈ, ਦੇਸ਼ ਕੌਮ ਵੇਚਦਾ ਹੈ, ਈਮਾਨ ਵੇਚਦਾ ਹੈ, ਕਥਾ ਵੇਚਦਾ ਹੈ, ਕੀਰਤਨ, ਪਾਠ-ਪੂਜਾ ਵੇਚਦਾ ਹੈ, ਸ਼ਰਧਾ ਨੂੰ ਵੇਚਦਾ ਹੈ, ਸਭ ਕੁਛ ਨੂੰ ਵੇਚਦਾ ਹੈ, ਸਿਰਫ਼ ਮੁੱਲ ਮਿਲਣਾ ਚਾਹੀਦਾ ਹੈ : ਹਵਸ ਕੇ ਬੰਦੇ ਵਫ਼ਾ ਕੋ ਬੇਚ ਦੇਤੇ ਹੈਂ। ਖ਼ੁਦਾ ਦੇ ਘਰ ਕੀ ਕਿਆ ਕਹੀਏ ਖ਼ੁਦਾ ਕੋ ਬੇਚ ਦੇਤੇ ਹੈਂ। ਵੈਸ਼ ਮਨੁੱਖਾਂ ਦੇ ਹੱਥ ਵਿੱਚ ਜੇ ਖ਼ੁਦਾ ਵੀ ਆ ਜਾਏ ਤਾਂ ਇਸ ਦੀ ਵੀ ਬੋਲੀ ਲਗਾ ਦੇਣਗੇ, ਇਸ ਦੀ ਵੀ ਕੀਮਤ ਮੰਗਣਗੇ। ਐਸੇ ਮਨੁੱਖਾਂ ਦੇ ਨਾਲ ਧਰਮ ਕੈਸੇ ਚੱਲੇਗਾ ?

ਧੰਦਾ ਤਾਂ ਭਗਤ ਵੀ ਕਰਦੇ ਬਨ। ਸਾਰਾ ਦਿਨ ਖੱਡੀ ’ਤੇ ਬੈਠ ਕੇ ਭਗਤ ਕਬੀਰ ਜੀ ਕੱਪੜਾ ਬੁਣਦੇ ਨੇ। ਚੌਕ ਵਿੱਚ ਬੈਠ ਕੇ ਰਵੀਦਾਸ ਜੀ ਜੁੱਤੀਆਂ ਗੰਢਦੇ ਨੇ, ‘‘ਪਾਣ੍ਹਾ ਗੰਢੈ ਰਾਹ ਵਿਚਿ ਕੁਲਾ ਧਰਮ ਢੋਇ ਢੋਰ ਸਮੇਟਾ।’’ (ਭਾਈ ਗੁਰਦਾਸ ਜੀ, ਵਾਰ ੧੦ ਪਉੜੀ ੧੭) ਸਾਰਾ ਦਿਨ ਕੱਪੜਿਆਂ ਨੂੰ ਸਿੰਜਦੇ ਨੇ, ਰੰਗਦੇ ਨੇ, ਭਗਤ ਨਾਮਦੇਵ ਜੀ ਮਹਾਰਾਜ, ਪਰ ਐਸੇ ਪਿਆਰੇ ਮਹਾਨ ਮਨੁੱਖਾਂ ਨੇ ਧੰਦੇ ਵਿੱਚ ਵੀ ਧਰਮ ਨੂੰ ਜੋੜੀ ਰੱਖਿਆ।  ਸੰਤ ਹੋ, ਭਗਤ ਹੋ, ਆਪ ਜੀ ਦੀ ਪੂਜਾ ਪ੍ਰਤਿਸ਼ਟਾ ਹੈ, ਲਿਹਾਜ਼ਾ ਹੁਣ ਇਹ ਕੱਪੜੇ ਬੁਣਨਾ ਛੋੜ ਦਿਓ। ਕਬੀਰ ਜੀ ਨੇ ਕਿਹਾ ਕਿ ਜਦ ਕੱਪੜੇ ਬੁਣਨਾ ਧਰਮ ਬਣ ਗਿਆ, ਅੱਜ ਛੋੜਣ ਨੂੰ ਕਹਿੰਦੇ ਹੋ। ਹੁਣ ਤਾਂ ਮੈਂ ਸੇਵਾ ਕਰ ਰਿਹਾ ਹਾਂ, ਹੁਣ ਤਾਂ ਮੈਂ ਪ੍ਰਭੂ ਲਈ ਕੱਪੜਾ ਬਣਾ ਰਿਹਾ ਹਾਂ। ਧੰਦੇ ਵਿੱਚ ਵੀ ਸੇਵਾ ਭਾਉ ਆ ਗਿਆ। ਕਿਰਤ; ਕੀਰਤਨ ਬਣ ਗਈ। ਕੋਈ ਤੱਕੜੀ ਤੋਲ ਰਿਹਾ ਹੈ। ਤੱਕੜੀ ਤੋਲਦਿਆਂ ਜਦ ਆਖਿਆ, ਗਿਆਰਾਂ-ਗਿਆਰਾਂ, ਬਾਰ੍ਹਾਂ-ਬਾਰ੍ਹਾਂ, ਤੇਰਾਂ ਆਖਿਆ ਹੀ ਨਹੀਂ। ਸੁਰਤਿ ਜੁੜ ਗਈ ਪ੍ਰਭੂ ਨਾਲ, ਸੁਰਤਿ ਪਰਮਾਤਮਾ ਨਾਲ ਜੁੜ ਗਈ। ਤੱਕੜੀ ਤੋਲਣਾ ਵੀ ਧਰਮ ਬਣ ਗਿਆ। 

ਕਿਸੇ ਦਾ ਮਾਲਾ ਫੇਰਨਾ ਵੀ ਤੱਕੜੀ ਤੋਲਣਾ ਹੈ। ਕਿਸੇ ਦਾ ਵਾਹਿਗੁਰੂ ਜਪਣਾ ਵੀ ਤੱਕੜੀ ਤੋਲਣਾ ਹੈ। ਗਿਣਤੀ-ਮਿਣਤੀ ਵਿੱਚ ਪਏ ਰਹਿੰਦੇ ਨੇ-ਇਤਨੇ ਸੌ ਪਾਠ ਕਰ ਲਏ ਨੇ, ਇਤਨੀਆਂ ਮਾਲਾ ਫੇਰ ਲਈਆਂ ਨੇ ਔਰ ਇਸ ਢੰਗ ਦੀਆਂ ਕਾਮਨਾਵਾਂ ਦੀ ਪੂਰਤੀ ਹੋਣੀ ਚਾਹੀਦੀ ਹੈ ?  ਇਹ ਸਭ ਧਰਮ ਦੇ ਨਾਮ ’ਤੇ ਧੰਦਾ ਚੱਲ ਰਿਹਾ ਹੈ। ਕੋਈ ਵਿਰਲੇ ਬ੍ਰਾਹਮਣ ਤੇ ਪੁਜਾਰੀ ਹੋਣਗੇ, ਕੋਈ ਵਿਰਲੇ ਕਥਾ-ਵਾਚਕ ਤੇ ਕੀਰਤਨੀਏ ਹੋਵਣਗੇ, ਜੋ ਸੇਵਾ ਜਾਣ ਕੇ ਕੀਰਤਨ ਕਰਦੇ ਹੋਵਣ, ਉਪਜੀਵਕਾ ਤਾਂ ਪ੍ਰਭੂ ਨੇ ਚਲਾਣੀ ਹੀ ਹੈ, ਬਸ ਉਨ੍ਹਾਂ ਦਾ ਕੀਰਤਨ ਹੀ ਵਾਸਤਵਿਕ ਕੀਰਤਨ ਹੁੰਦਾ ਹੈ, ਨਹੀਂ ਕੀਰਤਨ ਕਾਰੋਬਾਰੀ ਹੈ। ਵਾਜਾ; ਸੁਰ ਵਿੱਚ ਕਰ ਲਿਆ, ਤਬਲ; ਸੁਰ ਵਿੱਚ ਕਰ ਲਿਆ, ਪਰ ਉਨ੍ਹਾਂ ਦਾ ਆਪਣਾ ਮਨ, ਆਪਣੀ ਜ਼ਿੰਦਗੀ; ਸੁਰ ਵਿੱਚ ਨਹੀਂ ਹੈ। ਬੇ-ਸੁਰੇ ਮਨ ਨਾਲ; ਇਸ ਵਾਜੇ ਦੀ ਸੁਰ ਨੂੰ ਆਪਣੀ ਕੰਠ ਦੀ ਸੁਰ ਨਾਲ ਰਲਾ ਕੇ ਤੇ ਗਾਇਨ ਕਰ ਕੇ ਕੀਰਤਨ ਕਰ ਰਹੇ ਨੇ। ਜਿਸ ਦੇ ਜੀਵਨ ਦਾ ਸੁਰ; ਸ਼ਰਧਾ ਨਹੀਂ ਹੈ, ਜਿਸ ਵਿੱਚ ਮਨ ਦਾ ਤਾਲ; ਭਗਤੀ ਨਹੀਂ ਹੈ, ਭਾਵਨਾ ਨਹੀਂ ਹੈ, ਭਲਾ ਉਹ ਕੀਰਤਨ; ਭਾਵਨਾ ਭਰਪੂਰ ਕਿਸ ਤਰ੍ਹਾਂ ਹੋਇਆ ? ਉਹ ਸੰਸਾਰ ਹੀ ਕਿਰਤ ਹੋ ਜਾਂਦਾ ਹੈ। ਬਹੁਤ ਸਾਰਾ ਕੀਰਤਨ, ਕੀਰਤਨ ਨਹੀਂ ਹੁੰਦਾ ਹੈ-ਕਿਰਤ ਹੈ, ਧੰਦਾ ਹੈ। ਬਹੁਤ ਸਾਰੀਆਂ ਕੀਤੀਆਂ ਜਾ ਰਹੀਆਂ ਕਥਾਵਾਂ, ਕਥਾਵਾਂ ਨਹੀਂ; ਧੰਦਾ ਬਣ ਕੇ ਰਹਿ ਜਾਂਦੀਆਂ ਹਨ। ਜਿਸ ਗੱਲ ਨੂੰ ਆਖ ਕੇ ਕਥਾ-ਵਾਚਕ ਨੂੰ ਸਵੈਮ; ਆਪਣੇ ਆਪ ਨੂੰ ਸੁਆਦ ਨਾ ਆਇਆ, ਰਸ ਨਹੀਂ ਆਇਆ, ਉਸ ਦੀ ਵਿਚਾਰ ਸੁਣ ਕੇ ਕਿਸੇ ਨੂੰ ਵੀ ਰਸ ਨਹੀਂ ਆਵੇਗਾ। ਕੀਰਤਨ ਕਰ ਕੇ, ਖ਼ੁਦ ਜਿਸ ਨੂੰ ਰਸ ਨਹੀਂ ਆਇਆ, ਸਰੋਤੇ ਦਾ ਹਿਰਦਾ ਵੀ ਨਹੀਂ ਜੁੜੇਗਾ। ਕਬੀਰ ਜੀ ਤਾਂ ਇਥੋਂ ਤੱਕ ਕਹਿੰਦੇ ਨੇ : ਹ੍ਰਿਦੈ ਕਪਟੁ ਮੁਖ ਗਿਆਨੀ ॥  ਝੂਠੇ ਕਹਾ ਬਿਲੋਵਸਿ ਪਾਨੀ ॥ (ਸੋਰਠਿ, ਬਾਬਾ ਕਬੀਰ, ਪੰਨਾ ੬੫੬)

ਹਿਰਦੇ ਵਿੱਚ ਕਪਟ ਰੱਖ ਕੇ, ਮੁਖ ਨਾਲ ਗਿਆਨ ਦੀਆਂ ਗੱਲਾਂ ਕਰਨੀਆਂ, ਇਹ ਤਾਂ ਪਾਣੀ ਨੂੰ ਰਿੜਕਣ ਵਾਲੀ ਗੱਲ ਹੈ, ਇਸ ਤਰ੍ਹਾਂ ਕਰਨ ਨਾਲ ਮੱਖਣ ਦੀ ਪ੍ਰਾਪਤੀ ਕਿੱਥੋਂ ਹੋ ਜਾਏਗੀ : ਕਬੀਰ ਅਵਰਹ ਕਉ ਉਪਦੇਸਤੇ ਮੁਖ ਮੈ ਪਰਿ ਹੈ ਰੇਤੁ ॥ ਰਾਸਿ ਬਿਰਾਨੀ ਰਾਖਤੇ ਖਾਯਾ ਘਰ ਕਾ ਖੇਤੁ ॥ (ਸਲੋਕ, ਬਾਬਾ ਕਬੀਰ, ਪੰਨਾ ੧੩੬੯)

ਪਰਮਾਤਮਾ ਦੀ ਗੱਲ ਦੂਜੇ ਨੂੰ ਸੁਣਾ ਰਹੇ ਹੋ, ਆਪਣੇ ਲਈ ਨਹੀਂ ਹੈ। ਇਹ ਤਾਂ ਆਪਣੇ ਮੂੰਹ ਵਿੱਚੋਂ ਮਿੱਟੀ ਕੱਢ ਕੇ ਦੂਜੇ ਦੇ ਕੰਨਾਂ ਵਿੱਚ ਪਾਈ ਜਾ ਰਹੀ ਹੈ। ਜੇ ਦਿਲ ਮੋਮ ਵਰਗਾ ਨਹੀਂ ਹੋਇਆ ਤਾਂ ਮੌਲਵੀ ਕਿਸ ਗੱਲ ਦਾ। ਜੇ ਬ੍ਰਹਮ ਦਾ ਚਿੰਤਨ ਹੀ ਨਹੀਂ ਤਾਂ ਬ੍ਰਾਹਮਣ ਕੈਸਾ, ਇਹ ਪੁਜਾਰੀ ਕੈਸਾ ?  ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ-ਸਾਰੀ ਸ੍ਰਿਸ਼ਟੀ ਇੱਕੋ ਹੀ ਵਰਣ ਹੋ ਗਈ ਏ- ਵੈਸ਼। ਇਹ ਤਾਂ ਕੇਵਲ ਵੇਚਣ ਦੀ ਭਾਸ਼ਾ ਜਾਣਦੀ ਹੈ। ਕੀਮਤ ਮਿਲਣੀ ਚਾਹੀਦੀ ਹੈ। ਗਿਆਨ ਵਿੱਚ ਰਿਹਾ ਹੈ, ਕਥਾ, ਕੀਰਤਨ ਪੂਜਾ-ਪਾਠ ਵਿਕ ਰਿਹਾ ਹੈ। ਇਹ ਗੱਲ ਵੱਖਰੀ ਹੈ ਕਿ ਇਨ੍ਹਾਂ ਦੇ ਹੱਥ ਵਿੱਚ ਪਰਮਾਤਮਾ ਨਹੀਂ ਆਇਆ, ਨਹੀਂ ਤਾਂ ਇਹ ਉਸ ਨੂੰ ਵੀ ਵੇਚ ਕੇ ਰੱਖ ਦੇਣ। ਵਾਕਈ ਜਿਸ ਕਥਾ ਵਿੱਚ ਪਰਮਾਤਮਾ ਹੀ ਨਹੀਂ, ਉਹ ਕਥਾ ਪਰਮਾਤਮਾ ਦੀ ਕੈਸੀ ਹੋਈ ?  ਜਿਸ ਕੀਰਤਨ ਵਿੱਚ ਪਰਮਾਤਮਾ ਦੀ ਕੀਰਤੀ ਨਹੀਂ, ਪਰਮ ਰਸ ਹੀ ਨਹੀਂ, ਉਹ ਪਰਮਾਤਮਾ ਦਾ ਕੀਰਤਨ ਕੈਸੇ ਹੋਇਆ ? ਜਿਸ ਪੂਜਾ ਦੇ ਵਿੱਚ ਨਿਛਾਵਰ ਹੋਣ ਦੀ ਬਿਰਤੀ ਹੀ ਨਹੀਂ, ਉਹ ਪੂਜਾ ਕਿਵੇਂ ਹੋ ਗਈ ? ਜਿਸ ਪਾਠ ਵਿੱਚ ਅਧਿਆਤਮਕ ਤਰੰਗ ਹੀ ਨਹੀਂ, ਉਹ ਪਾਠ; ਪਾਠ ਕਿਵੇਂ ਹੋ ਗਿਆ ? ਵੈਸ਼; ਪਾਠ ਨਹੀਂ ਕਰ ਸਕਦਾ, ਵੈਸ਼; ਕਥਾ-ਕੀਰਤਨ ਨਹੀਂ ਕਰ ਸਕਦਾ, ਉਹ ਇਸ ਸਭ ਨੂੰ ਦੁਕਾਨਦਾਰ ਦੀ ਤਰ੍ਹਾਂ ਵੇਚ ਸਕਦਾ ਹੈ ਔਰ ਇਹ ਬੜੇ ਸੋਹਣੇ ਢੰਗ ਨਾਲ ਕਥਾ ਵੇਚ ਰਹੇ ਨੇ। ਕੀਰਤਨੀਏ; ਕੀਰਤਨ ਵੇਚ ਰਹੇ ਨੇ, ਪੁਜਾਰੀ ਪੂਜਾ ਵੇਚ ਰਹੇ ਨੇ ਔਰ ਇਸੇ ਤਰ੍ਹਾਂ ਪਾਠੀ; ਪਾਠ ਵੇਚ ਰਹੇ ਨੇ। ਗਤੀ ਤਾਂ ਰਹਿ ਗਈ, ਰੁਕ ਗਈ। ਧਾਰਮਿਕ ਮੰਦਿਰ; ਬਾਜ਼ਾਰ ਬਣ ਕੇ ਰਹਿ ਗਏ ਨੇ। ਧੰਨ ਗੁਰੂ ਨਾਨਕ ਦੇਵ ਜੀ ਦੇ ਇਹ ਬੋਲ : ਸ੍ਰਿਸਟਿ ਸਭ ਇਕ ਵਰਨ ਹੋਈ ਧਰਮ ਕੀ ਗਤਿ ਰਹੀ ॥ ਸਾਰੀ ਸ੍ਰਿਸ਼ਟੀ ਇੱਕੋ ਹੀ ਵਰਣ ਹੋ ਗਈ ਹੈ, ਧਰਮ ਨਹੀਂ ਚੱਲ ਰਿਹਾ, ਧਰਮ ਦੀ ਗਤੀ ਨਹੀਂ ਰਹੀ।

ਜੇ ਕਿਧਰੇ ਕੀਰਤਨੀਆਂ ਦਿਲ ਦੀ ਗਹਿਰਾਈ ਵਿੱਚੋਂ ਕੀਰਤਨ ਕਰੇ : ਭਲੋ ਭਲੋ ਰੇ ਕੀਰਤਨੀਆ ॥  ਰਾਮ ਰਮਾ ਰਾਮਾ ਗੁਨ ਗਾਉ ॥  ਛੋਡਿ ਮਾਇਆ ਕੇ ਧੰਧ ਸੁਆਉ ॥੧॥ ਰਹਾਉ ॥ (ਰਾਮਕਲੀ, ਮ: ੫, ਪੰਨਾ ੮੮੫) ਐਸੇ ਕੀਰਤਨੀਏ ਤੋਂ ਪਰਮਾਤਮਾ ਵੀ ਨਿਛਾਵਰ ਹੁੰਦਾ ਹੈ। ਧਨ ਵੀ ਉਸ ਤੋਂ ਨਿਛਾਵਰ ਹੁੰਦਾ ਹੈ, ਪਦਾਰਥ ਵੀ ਉਸ ਦੇ ਕਦਮਾਂ ’ਚ ਰੁਲਣਗੇ ਲੇਕਿਨ ਜਿਸ ਦੇ ਕੀਰਤਨ ਵਿੱਚ ਮਾਇਆ ਦਾ ਧੰਦਾ ਹੈ, ਰਾਮ ਉਸ ਦੇ ਹੱਥ ਨਹੀਂ ਆਵੇਗਾ, ਮਾਇਆ ਵੀ ਉਸ ਦੇ ਹੱਥ ਨਹੀਂ ਆਵੇਗੀ। ਐਸਾ ਹੋ ਸਕਦਾ ਹੈ ਔਰ ਏਹੀ ਗੱਲ ਹੈ ਕਿ ਧਰਮ ਦੀ ਗੱਲ ਅਲਾਪਣ ਵਾਲੇ ਵੀ ਬੇਚੈਨ, ਬੇਜ਼ਾਰ (ਰੁਦਨ) ਤੇ ਦੁਖੀ ਨੇ। ਇੱਕ ਆਮ ਮਨੁੱਖ ਕੋਲ ਜਿਹੜੀ ਨੈਤਿਕਤਾ ਹੁੰਦੀ ਹੈ, ਉਹ ਇਨ੍ਹਾਂ ਵਿੱਚ ਦੇਖਣ ਨੂੰ ਵੀ ਨਹੀਂ ਮਿਲਦੀ। ਪ੍ਰਭੂ ਰਹਿਮਤ ਕਰਨ, ਵੈਸ਼ ਦੇ ਨਾਲ ਅਗਰ ਧਰਮ ਚੱਲੇ ਤਾਂ ਵੈਸ਼ ਫਿਰ ਵੈਸ਼ ਨਹੀਂ ਰਹਿ ਜਾਂਦਾ, ਬ੍ਰਾਹਮਣ ਹੋ ਜਾਂਦਾ ਹੈ ਔਰ ਬ੍ਰਾਹਮਣ ਦੇ ਨਾਲ ਧਰਮ ਚੱਲਦਾ ਹੈ, ਪੁਜਾਰੀ, ਕੀਰਤਨੀਏ ਦੇ ਨਾਲ ਧਰਮ ਚੱਲਦਾ ਹੈ, ਕਥਾ-ਵਾਚਕ ਦੇ ਨਾਲ ਧਰਮ ਚੱਲਦਾ ਹੈ, ਪਰ ਜੇ ਬਿਰਤੀ ਵੈਸ਼ ਹੈ, ਵਰਣ ਵੈਸ਼ ਹੈ ਤਾਂ ਧਰਮ ਕਾਰੋਬਾਰ ਹੋਵੇਗਾ, ਧੰਦਾ ਹੋਵੇਗਾ ਔਰ ਕਾਰੋਬਾਰ ਦੀ ਬੇਈਮਾਨੀ, ਕਾਰੋਬਾਰ ਦੀ ਹੇਰਾ-ਫੇਰੀ ਤੇ ਧੰਦੇ ਦਾ ਥੋੜ੍ਹਾ ਬਹੁਤ ਝੂਠ, ਧਰਮ ਵਿੱਚ ਵੀ ਆ ਜਾਏਗਾ। ਸਰੋਤੇ ਗਾਹਕ ਹੋਵਣਗੇ ਅਤੇ ਉਹ ਖ਼ੁਦ ਧਰਮ ਨੂੰ ਵੇਚਣ ਵਾਲੇ ਹੋਵਣਗੇ, ਵਸਤੂ ਜਾਣ ਕੇ। ਤੋ ਇਸ ਤਰ੍ਹਾਂ ਕਾਰੋਬਾਰ ਵਿੱਚ ਜੋ ਥੋੜ੍ਹਾ ਬਹੁਤ ਉਤਾਰ ਚੜ੍ਹਾਉ ਹੁੰਦਾ ਹੈ, ਜੋ ਥੋੜ੍ਹਾ ਬਹੁਤ ਝੂਠ ਹੁੰਦਾ ਹੈ ਜਾਂ ਧੰਦੇ ਵਿੱਚ ਜਿਹੜੀ ਬੇਈਮਾਨੀ ਹੁੰਦੀ ਹੈ, ਉਹ ਧਰਮ ਵਿੱਚ ਵੀ ਆ ਜਾਵੇਗੀ ਔਰ ਵਿਆਪਕ ਪੱਧਰ ’ਤੇ ਆ ਚੁੱਕੀ ਹੈ।

ਜੇਕਰ ਤੁਸੀਂ ਧਾਰਮਿਕ ਮੁਖੀਆਂ ਨੂੰ ਥੋੜ੍ਹਾ ਜਿਹਾ ਵੀ ਉਘਾੜ ਕੇ ਵੇਖੋਗੇ ਤਾਂ ਵੈਸ਼ ਦੇ ਦਰਸ਼ਨ ਹੋਣਗੇ, ਬ੍ਰਾਹਮਣ ਦੇ ਨਹੀਂ। ਵੈਸ਼ ਦੇ ਦਰਸ਼ਨ ਹੋਣਗੇ, ਖੱਤਰੀ ਸੂਰਬੀਰ ਦੇ ਨਹੀਂ। ਵੈਸ਼ ਦੇ ਹੀ ਦਰਸ਼ਨ ਹੋਣਗੇ, ਸ਼ੂਦਰ ਦੇ ਨਹੀਂ। ਦੇਖਣ ਵਿੱਚ ਆਇਆ ਹੈ ਕਿ ਕੀਤੀ ਜਾ ਰਹੀ ਸੇਵਾ ਵੀ ਕਾਮਨਾਵਾਂ ਨਾਲ ਭਰਪੂਰ ਹੈ। ਕੋਈ ਸੂਰਬੀਰ ਨਹੀਂ ਰਹਿ ਗਏ, ਸਭ ਵੇਚਣ ਵਾਲੇ ਹੀ ਮਿਲਣਗੇ ਬਲਕਿ ਆਪਣੀ ਸੂਰਬੀਰਤਾ ਨੂੰ ਵੇਚਣ ਵਾਲੇ ਹੀ ਹਨ, ਕਿਸੇ ਕਮਜ਼ੋਰ ਦੀ ਬਾਂਹ ਫੜ ਕੇ ਸਹਾਰਾ ਬਣਨ ਵਾਲੇ ਨਹੀਂ। ਇਹ ਸੂਰਬੀਰ ਦੇਸ਼ ਦੀ ਰਖਸ਼ਾ ਕਰਨ ਵਾਲੇ ਨਹੀਂ, ਬਲਕਿ ਦੇਸ਼ ਦੇ ਰਾਜ਼ ਵੇਚਣ ਵਾਲੇ ਹੀ ਮਿਲਣਗੇ ਕਿਉਂਕਿ ਐਸਾ ਅਸੀਂ ਦੇਖ ਰਹੇ ਹਾਂ।

ਵੈਸ਼; ਦੇਸ਼ ਭਗਤ ਵੀ ਨਹੀਂ ਹੋ ਸਕਦਾ ਤੇ ਨਾ ਹੀ ਕੌਮਪ੍ਰਸਤ ਹੋ ਸਕਦਾ ਹੈ। ਵੈਸ਼; ਆਪਣਾ ਹਿਰਦਾ ਸੱਖਣਾ ਰੱਖਦਾ ਹੈ। ਪ੍ਰਭੂ-ਭਗਤੀ ਇਸ ਪਾਸੋਂ ਕਿੱਥੋਂ ਨਸੀਬ ਹੋ ਸਕਦੀ ਹੈ, ਵੈਸ਼ ਦਾ ਹਿਰਦਾ ਖ਼ਾਲੀ ਹੁੰਦਾ ਹੈ। ਇਸ ਦੇ ਹਿਰਦੇ ਵਿੱਚ ਸਦੀਵੀ ਖ਼ਲਾਅ ਰਹਿੰਦਾ ਹੈ, ਇਸ ਦੇ ਹਿਰਦੇ ਦੀ ਸੇਜ ਖ਼ਾਲੀ ਰਹਿੰਦੀ ਹੈ। ਵੈਸ਼; ਸੋਨੇ ਦੇ ਨਾਂ ’ਤੇ ਲੰਕਾਂ ਦਾ ਰਾਵਣ, ਝੋਲ਼ੀ ਵਿੱਚ ਮਿੱਟੀ ਪਾਉਂਦਾ ਹੈ। ਹੀਰੀਆਂ ਦੀ ਥਾਂ ’ਤੇ ਝੋਲ਼ੀ ਵਿੱਚ ਕੰਕਰ ਪਾਉਂਦਾ ਹੈ ਲੇਕਿਨ ਕੰਕਰ ਸਜਾ ਕੇ ਰੱਖੇ ਹੋਏ ਨੇ, ਇਸ ਕਰ ਕੇ ਇਨ੍ਹਾਂ ਦਾ ਥੋੜ੍ਹਾ ਬਹੁਤਾ ਸਨਮਾਨ ਹੋ ਜਾਂਦਾ ਹੈ। ਸਰੋਤਿਆਂ ਦੀ ਦ੍ਰਿਸ਼ਟੀ ਵਿੱਚ, ਜੋ ਸਮਝ ਲੈਂਦੇ ਨੇ ਕਿ ਐਸੇ ਹੀਰੇ ਨੇ, ਭਗਤ ਨੇ ਔਰ ਇਹ ਸੰਤ ਨੇ, ਪਰ ਬੜੇ ਵੱਡੇ-ਵੱਡੇ ਐਸੇ ਸੰਤ; ਸੰਗਤਾਂ ਨੂੰ ਕਾਰੋਬਾਰੀ ਬਿਰਤੀਆਂ ਤੋਂ ਇਲਾਵਾ, ਹੋਰ ਕੁਛ ਨਹੀਂ ਰੱਖਣਗੇ। ਬੜੇ ਧਨਾਢ ਲੋਕਾਂ ਦੇ ਉਨ੍ਹਾਂ ਕੋਲ ਪਤੇ ਹੋਣਗੇ, ਉਨ੍ਹਾਂ ਕੋਲ ਠਹਿਰਣਗੇ, ਉਹ ਉਨ੍ਹਾਂ ਦੀ ਹੀ ਆਉ ਭਗਤ ਕਬੂਲ ਕਰਨਗੇ, ਬਾਕੀ ਕਿਸੇ ਹੋਰ ਨੂੰ ਮੱਥੇ ਲਾਉਣ ਨੂੰ ਵੀ ਰਾਜ਼ੀ ਨਹੀਂ ਹੋਣਗੇ। ਬੜੇ ਬੜੇ ਡੇਰੇ, ਧਾਰਮਿਕ ਮੰਦਿਰ ਤੇ ਇਨ੍ਹਾਂ ਨੂੰ ਚਲਾਉਣ ਵਾਲੇ, ਬਸ ਕਾਰੋਬਾਰੀ ਅਦਾਰੇ ਬਣ ਕੇ ਹੀ ਰਹਿ ਗਏ ਨੇ।

ਸਤਿਗੁਰ ਜੀ ਦਇਆ ਦੇ ਘਰ ਵਿੱਚ ਆਵਣ, ਰਹਿਮਤ ਕਰਨ ਤੇ ਅਸੀਂ ਸਾਰੇ ਰਲ਼ ਕੇ ਸਾਰੇ ਸੰਸਾਰ ਨੂੰ ਹਰੀ-ਮੰਦਿਰ ਬਣਾ ਸਕੀਏ। ਸਤਿਗੁਰੂ ਜੀ ਸਾਨੂੰ ਸਭਨਾਂ ਨੂੰ ਐਸੀ ਯੋਗਤਾ, ਐਸੀ ਤਾਕਤ, ਐਸੀ ਸਮਰੱਥਾ ਬਖ਼ਸ਼ਣ, ਅਸੀਂ ਸੰਸਾਰ ਨੂੰ ਖ਼ਾਨਾ-ਏ-ਪੇਸ਼ਾ ਬਣਾ ਸਕੀਏ।

ਮੈਂ ਖ਼ੁਦ ਇਸ ਪੈਸ਼ੇ ਵਿੱਚ ਰਿਹਾ ਹਾਂ ਔਰ ਅੱਜ ਇਸੇ ਪੇਸ਼ੇ ਵਿੱਚ ਹਾਂ। ਮੈਂ ਆਪਣੇ ਅਨੁਭਵ ਸਾਂਝੇ ਕਰ ਰਿਹਾ ਹਾਂ, ਆਪਣੇ ਆਪ ਨੂੰ ਵੱਖ ਨਹੀਂ ਕਰ ਰਿਹਾ। ਇਸ ਬਿਰਤੀ ਨੇ ਹਮੇਸ਼ਾ ਰਸਾਤਲ ਵਿੱਚ ਰੱਖਿਐ, ਰਸਾਤਲ ਦੀਆਂ ਠੌਕਰਾਂ ਖਾ ਕੇ ਇਹ ਖ਼ਿਆਲ ਬਣੇ ਨੇ, ਇਹ ਸੋਚਣੀ ਬਣੀ ਹੈ। ਇਸ ਸੋਚਣੀ ਤੋਂ ਮੇਰੇ ਹਮ-ਪੇਸ਼ਾ, ਪੁਜਾਰੀ ਤਬਕਾ, ਮੌਲਵੀ ਤਬਕਾ ਔਰ ਸਾਰੇ ਉਹ ਲੋਕ, ਜਿਨ੍ਹਾਂ ਨੇ ਧਰਮ ਚਲਾਉਣ ਦਾ ਕੰਮ ਆਪਣੇ ਜ਼ੁੰਮੇ ਲਿਆ ਹੋਇਆ ਹੈ, ਸਤਿਗੁਰੂ ਜੀ ਉਨ੍ਹਾਂ ਦੇ ਅੰਦਰ ਸ਼ਰਧਾ, ਪ੍ਰੇਮ ਤੇ ਭਾਵਨਾ ਪੈਦਾ ਕਰਨ ਤੇ ਉਹ ਕਥਾ, ਕੀਰਤਨ ਦੀ ਭੇਟਾ ਲੈਣ, ਮੁੱਲ ਨਹੀਂ।