ਗੁਰੂ ਦੀ ਹਜ਼ੂਰੀ ਕੀ ਹੈ ?

0
322

ਗੁਰੂ ਦੀ ਹਜ਼ੂਰੀ ਕੀ ਹੈ ?

-ਸੁਖਦੇਵ ਸਿੰਘ ਲੁਧਿਆਣਾ, ਫੋਨ: 83605-68209

ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਕੀਤੇ ਜਾਣ ਵਾਲੇ ਹਰ ਸਮਾਗਮ ਨੂੰ ਕਹਿ ਦਿੰਦੇ ਹਾਂ ਕਿ ‘ਇਹ ਸਮਾਗਮ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਕੀਤਾ ਗਿਆ’ ! ਇਸ ਲੇਖ ਵਿੱਚ ਆਪਾਂ ਇਹ ਵਿਚਾਰ ਕਰਾਂਗੇ ਕਿ ਸਤਿਗੁਰਾਂ ਦੀ ਹਜ਼ੂਰੀ ਹੈ ਕੀ ? ਕੀ ਸਿਰਫ਼ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਣ ’ਤੇ ਹੀ ਗੁਰੂ ਦੀ ਹਜ਼ੂਰੀ ਮੰਨੀ ਜਾ ਸਕਦੀ ਹੈ ? ਆਮ ਦੇਖਣ ਨੂੰ ਇਹ ਗੱਲ ਸਹੀ ਲੱਗਦੀ ਹੋਵੇ ਪਰ ਜੇ ਗੁਰਮਤਿ ਦੀ ਡੂੰਘਾਈ ਨਾਲ ਵੀਚਾਰ ਕੀਤੀ ਜਾਵੇ ਤਾਂ ਇਹ ਗੱਲ ਸਹੀ ਨਹੀਂ ਹੈ। ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਕੇ ਸਮਾਗਮ ਕਰ ਲੈਣ ਨਾਲ ਗੁਰੂ ਜੀ ਦੀ ਹਜ਼ੂਰੀ ਨਹੀਂ ਮੰਨੀ ਜਾ ਸਕਦੀ, ਜਦ ਤੱਕ ਉਸ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਮੁਤਾਬਕ ਗੱਲ ਨਾ ਕੀਤੀ ਜਾਵੇ !

ਇਹ ਗੱਲ ਸਿੱਖਾਂ ਨੂੰ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੈ ਕਿ ਗੁਰਮਤਿ ਅਨੁਸਾਰ ਸਿੱਖਾਂ ਦਾ ਗੁਰੂ ਕੇਵਲ ਤੇ ਕੇਵਲ ਗਿਆਨ ਰੂਪੀ ਪ੍ਰਕਾਸ਼ ਹੈ। ਗਿਆਨ ਦਾ ਮਤਲਬ ਸੱਚ ਦਾ ਗਿਆਨ ਹੈ। ਸੱਚ ਨਾਲ ਜੁੜਨਾ ਹੀ ਸਿੱਖੀ ਹੈ। ਗੁਰਮਤਿ ਵਿੱਚ ਕਿਸੇ ਸਰੀਰਕ ਗੁਰੂ ਨੂੰ ਕੋਈ ਮਹੱਤਵ ਨਹੀਂ ਦਿੱਤਾ ਗਿਆ, ਬੇਸ਼ੱਕ ਦਸ ਗੁਰੂ ਸਾਹਿਬਾਨ ਸਰੀਰਕ ਜਾਮਿਆਂ ਵਿੱਚ ਆ ਕੇ ਸਿੱਖਾਂ ਦੀ ਅਗਵਾਈ ਕਰਦੇ ਰਹੇ। ਉਨ੍ਹਾਂ ਦਸ ਗੁਰੂ ਸਾਹਿਬਾਨ ਨੇ ਵੀ ਗਿਆਨ ਗੁਰੂ ਨੂੰ ਪ੍ਰਗਟ ਕਰਨ ਵਾਸਤੇ ਇਹ ਦਸ ਜਾਮੇ ਧਾਰਨ ਕੀਤੇ ਤੇ ਜਦੋਂ ਗੁਰੂ ਸਾਹਿਬਾਨ ਨੇ ਇਹ ਦੇਖਿਆ ਕਿ ਗਿਆਨ ਗੁਰੂ ਵਾਲੀ ਜੁਗਤ ਸੰਪੂਰਨ ਹੋ ਗਈ ਹੈ, ਤਾਂ ਉਨ੍ਹਾਂ ਸ਼ਖ਼ਸੀ ਗੁਰਤਾ ਵਾਲੀ ਜੁਗਤਿ ਨੂੰ ਸਮੇਟ ਦਿੱਤਾ ਅਤੇ ਹਮੇਸ਼ਾਂ ਲਈ ਗੁਰੂ ਦੀ ਪਦਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਖ਼ਸ਼ ਦਿੱਤੀ। ਵੈਸੇ ‘ਸਬਦ ਗੁਰੂ ਸੁਰਤਿ ਧੁਨਿ ਚੇਲਾ’ ਵਾਲੀ ਜੁਗਤਿ ਗੁਰੂ ਨਾਨਕ ਸਾਹਿਬ ਵੇਲੇ ਤੋਂ ਹੀ ਚੱਲੀ ਆ ਰਹੀ ਸੀ।

ਇਸ ਲਈ ਇਹ ਗੱਲ ਸਿਧਾਂਤਕ ਰੂਪ ਵਿੱਚ ਸਪਸ਼ਟ ਹੋਣੀ ਚਾਹੀਦੀ ਹੈ ਕਿ ਸਿੱਖਾਂ ਦਾ ਗੁਰੂ, ‘ਗਿਆਨ’ ਹੀ ਹੈ। ਇਸ ਕਰ ਕੇ ਸੱਚੇ ਸਿੱਖ ਨੇ ਕਿਸੇ ਵਿਅਕਤੀ ਦੇ ਸਰੀਰ ਪਿੱਛੇ ਨਹੀਂ ਲੱਗਣਾ ਬਲਕਿ ਸ਼ਬਦ ਦੀ ਕਮਾਈ ਕਰ ਕੇ ਨਿਰੰਕਾਰ ਵਿੱਚ ਅਭੇਦ ਹੋਣਾ ਹੈ। ਦੇਹਧਾਰੀਆਂ ਪਿੱਛੇ ਸਿੱਖਾਂ ਨੂੰ ਨਾ ਲਾਉਣ ਦਾ ਇਕ ਕਾਰਨ ਇਹ ਵੀ ਹੈ ਕਿ ਦੇਹਧਾਰੀਆਂ ਵਿੱਚ ਕਈ ਤਰ੍ਹਾਂ ਦੀਆਂ ਕਮੀਆਂ ਹੋ ਸਕਦੀਆਂ ਹਨ ਤੇ ਉਹ ਹਰ ਥਾਂ ਹਾਜ਼ਰ ਵੀ ਨਹੀਂ ਹੋ ਸਕਦਾ ਜਦ ਕਿ ਸ਼ਬਦ (ਗਿਆਨ) ਦਾ ਪ੍ਰਕਾਸ਼ ਹਰ ਥਾਂ ਕੀਤਾ ਜਾ ਸਕਦਾ ਹੈ, ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਅੱਜ ਦਾ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦਾ ਹੋਇਆ ਵੀ ਗੁਰਬਾਣੀ ਗਿਆਨ ਨਾਲੋਂ ਟੁੱਟਿਆ ਹੋਇਆ ਹੈ, ਤਾਂ ਹੀ ਉਹ ਦੇਹਧਾਰੀਆਂ ਪਿੱਛੇ ਤੁਰਿਆ ਫਿਰਦਾ ਹੈ। ਅਖੰਡ ਪਾਠ, ਸੰਪਟ ਪਾਠ ਤੇ ਗਿਣਤੀ-ਮਿਣਤੀ ਦੇ ਪਾਠ ਤਾਂ ਹੀ ਹੋ ਰਹੇ ਹਨ ਕਿਉਂਕਿ ਅਜੋਕਾ ਸਿੱਖ ਗੁਰਮਤਿ ਦੇ ਗਿਆਨ ਤੋਂ ਵਿਹੂਣਾ ਹੈ। ਇਸੇ ਲਈ ਗੁਰੂ ਗ੍ਰੰਥ ਸਾਹਿਬ ਨੂੰ ਵੀ ਦੇਹਧਾਰੀਆਂ ਵਾਂਗ ਸਮਝਿਆ ਜਾਂਦਾ ਹੈ। ਸਰਦੀਆਂ ਵਿੱਚ ਇਸ ’ਤੇ ਕੰਬਲ, ਰਜ਼ਾਈਆਂ ਦਿੱਤੇ ਜਾਂਦੇ ਹਨ ਤੇ ਗ਼ਰਮੀਆਂ ਵਿੱਚ ਕੂਲਰ, ਏ. ਸੀ. ਲਾਏ ਜਾਂਦੇ ਹਨ। ਕਈ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਸੈਰ ਵੀ ਕਰਵਾਉਂਦੇ ਹਨ। ਇਸੇ ਤਰ੍ਹਾਂ ਕਈ ਇਸ਼ਨਾਨ ਵੀ ਕਰਵਾਉਣ ਲੱਗ ਪਏ ਹਨ।

ਇਸ ਦਾ ਮਤਲਬ ਇਹ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਹੀ ਨਾ ਕੀਤਾ ਜਾਵੇ ! ਗੁਰੂ ਗ੍ਰੰਥ ਸਾਹਿਬ ਜੀ ਦਾ ਬਾਹਰੀ ਸਤਿਕਾਰ ਵੀ ਬੇਹੱਦ ਜ਼ਰੂਰੀ ਹੈ। ਇਸ ਨੂੰ ਰੁਮਾਲਿਆਂ ਵਿੱਚ ਲਪੇਟ ਕੇ ਬਹੁਤ ਸਤਿਕਾਰ ਨਾਲ ਰੱਖਣਾ ਚਾਹੀਦਾ ਹੈ। ਇਸ ਦਾ ਪ੍ਰਕਾਸ਼ ਤੇ ਸੁਖਾਸਣ ਪੂਰੇ ਸਤਿਕਾਰ ਨਾਲ ਹੋਣਾ ਚਾਹੀਦਾ ਹੈ, ਪਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇਹ ਜਾਂ ਸਰੀਰ ਸਮਝ ਕੇ ਠੰਡ ਜਾਂ ਗ਼ਰਮੀ ਤੋਂ ਬਚਾਉਣ ਦਾ ਯਤਨ ਕਰਨਾ ਅਗਿਆਨਤਾ ਹੈ। ਇਸ ਉਪਰ ਰਜਾਈਆਂ, ਕੰਬਲ ਦੇਣੇ ਤੇ ਏ. ਸੀ., ਕੂਲਰ ਲਾਉਣੇ ਗੁਰਮਤਿ ਤੋਂ ਉਲਟ ਹਨ। ਸੁਖਾਸਣ ਕਰ ਕੇ ਇਹ ਸਮਝਣਾ ਕਿ ਗੁਰੂ ਸੌਂ ਗਿਆ ਹੈ, ਇਹ ਸਾਡੀ ਭੁੱਲ ਹੈ। ਗੁਰੂ ਤਾਂ ਸ਼ਬਦ ਹੈ, ਜੋ ਹਮੇਸ਼ਾਂ ਹੀ ਜਾਗਤ ਜੋਤ ਹੈ। ਅਸੀਂ ਸ਼ਬਦ (ਗਿਆਨ) ਗੁਰੂ ਦੇ ਪੁਜਾਰੀ ਹਾਂ, ਦੇਹਧਾਰੀ ਸਰੂਪ ਗੁਰੂ ਦੇ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇਹ ਵਾਂਗ ਸਮਝਣਾ ਸਾਡੀ ਮਨਮੁਖਤਾਈ ਹੈ। ਸਾਨੂੰ ਕੇਵਲ ਮੱਥਾ ਟੇਕਣ ਤੇ ਬਾਹਰੀ ਸਤਿਕਾਰ ਕਰਨ ਨਾਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ’ਤੇ ਚੱਲਣ ਦਾ ਯਤਨ ਕਰਨਾ ਚਾਹੀਦਾ ਹੈ। ਉਦਾਹਰਨ ਵਜੋਂ ਜੇਕਰ ਅਸੀਂ ਆਪਣੇ ਕਿਸੇ ਬਜ਼ੁਰਗ ਨੂੰ ਸੋਹਣੇ-ਸੋਹਣੇ ਕੱਪੜੇ ਵੀ ਪਹਿਨਾਈ ਜਾਈਏ, ਪਰ ਉਸ ਦੀ ਗੱਲ ਕੋਈ ਨਾ ਮੰਨੀਏ, ਤਾਂ ਇਹ ਉਸ ਦਾ ਸਤਿਕਾਰ ਨਹੀਂ, ਸਗੋਂ ਨਿਰਾਦਰੀ ਹੈ। ਗੁਰਬਾਣੀ ਇੱਕ ਜੀਵਨਜਾਚ ਹੈ ਅਤੇ ਗੁਰਬਾਣੀ ਅਨੁਸਾਰ ਜੀਵਨ ਨੂੰ ਢਾਲਣਾ ਹੀ ਸਹੀ ਮਾਇਨੇ ਵਿੱਚ ਸਿੱਖੀ ਹੈ।

ਗੁਰਮਤਿ ਅਨੁਸਾਰ ਗੁਰੂ ਤਾਂ ਹਰ ਥਾਂ ਹੀ ਹਾਜ਼ਰ-ਨਾਜ਼ਰ ਹੈ। ਜੇਕਰ ਸਿਧਾਂਤਕ ਤੌਰ ’ਤੇ ਦੇਖੀਏ ਤਾਂ ਜਿਸ ਥਾਂ ’ਤੇ ਗੁਰੂ ਦੇ ਹੁਕਮ ਅਨੁਸਾਰ ਕੰਮ ਹੋ ਰਿਹਾ ਹੈ, ਉੱਥੇ ਗੁਰੂ ਜੀ ਹਾਜ਼ਰ-ਨਾਜ਼ਰ ਹਨ ਤੇ ਜਿੱਥੇ ਗੁਰਮਤਿ ਅਨੁਸਾਰ ਕੰਮ ਨਹੀਂ ਹੋ ਰਿਹਾ, ਉੱਥੇ ਗੁਰੂ ਦੀ ਹਜ਼ੂਰੀ ਨਹੀਂ ਮੰਨੀ ਜਾ ਸਕਦੀ, ਭਾਵੇਂ ਪ੍ਰਕਾਸ਼ ਕੀਤਾ ਹੀ ਹੋਵੇ। ਹਜ਼ੂਰੀ ਦਾ ਮਤਲਬ ਗੁਰੂ ਨੂੰ ਹਾਜ਼ਰ ਨਾਜ਼ਰ ਸਮਝ ਕੇ ਉਸ ਦੇ ਕਹੇ ਅਨੁਸਾਰ ਕੰਮ ਕਰਨੇ ਹਨ। ਗੁਰੂ ਦੀ ਹਜ਼ੂਰੀ ਵਿੱਚ ਕਿਸੇ ਨੂੰ ਸ਼ਰਧਾਂਜਲੀਆਂ ਦੇਣੀਆਂ, ਕਿਸੇ ਦੀਆਂ ਤਾਰੀਫਾਂ ਦੇ ਪੁਲ ਬੰਨ੍ਹਣੇ, ਚੌਧਰ ਖਾਤਰ ਸਿਰੋਪੇ ਦੇਣੇ, ਪਾਖੰਡੀਆਂ ਨੂੰ ਮੱਥਾ ਟੇਕਣਾ, ਕੱਚੀ ਬਾਣੀ ਪੜ੍ਹਨੀ ਜਾਂ ਹੋਰ ਕਰਮਕਾਂਡ ਕਰਨੇ ਗੁਰਮਤਿ ਤੋਂ ਉਲਟ ਹਨ। ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕਿਸੇ ਹੋਰ ਗ੍ਰੰਥ ਜਾਂ ਕਿਤਾਬ ਦਾ ਪ੍ਰਕਾਸ਼ ਕਰਨਾ ਵੀ ਗੁਰੂ ਸਾਹਿਬ ਦੀ ਨਿਰਾਦਰੀ ਹੈ। ਇਸ ਤੋਂ ਉਲਟ ਜੇਕਰ ਗੁਰੂ ਗ੍ਰੰਥ ਸਾਹਿਬ ਜੀ ਦਾ ਭਾਵੇਂ ਪ੍ਰਕਾਸ਼ ਨਹੀਂ ਵੀ ਕੀਤਾ ਗਿਆ, ਪਰ ਸੈਮੀਨਾਰ ਜਾਂ ਚਰਚਾ ਕਰ ਕੇ ਗੁਰਮਤਿ ਨੂੰ ਸਮਝਣ-ਸਮਝਾਉਣ ਦਾ ਕਾਰਜ ਕੀਤਾ ਜਾ ਰਿਹਾ ਹੋਵੇ, ਤਾਂ ਉੱਥੇ ਗੁਰੂ ਸਾਹਿਬ ਦੀ ਹਜ਼ੂਰੀ ਮੰਨੀ ਜਾਣੀ ਚਾਹੀਦੀ ਹੈ।

ਉਪਰੋਕਤ ਵਿਚਾਰ ਦਾ ਨਿਚੋੜ ਇਹੀ ਨਿਕਲਦਾ ਹੈ ਕਿ ਜਿੱਥੇ ਗੁਰੂ ਸਾਹਿਬ ਦੀ ਵਿਚਾਰਧਾਰਾ ਅਨੁਸਾਰ ਕੰਮ ਹੋ ਰਿਹਾ ਹੈ, ਉੱਥੇ ਹੀ ਸਤਿਗੁਰੂ ਦੀ ਹਜ਼ੂਰੀ ਮੰਨੀ ਜਾ ਸਕਦੀ ਹੈ ਤੇ ਜਿੱਥੇ ਗੁਰੂ ਦੀ ਵਿਚਾਰਧਾਰਾ ਤੋਂ ਉਲਟ ਕੰਮ ਹੋ ਰਿਹਾ ਹੈ, ਉੱਥੇ ਸਤਿਗੁਰੂ ਜੀ ਦੀ ਹਜ਼ੂਰੀ ਨਹੀਂ ਮੰਨੀ ਜਾ ਸਕਦੀ, ਭਾਵੇਂ ਕਿੰਨੇ ਵੀ ਪ੍ਰਕਾਸ਼ ਕਿਉਂ ਨਾ ਕੀਤੇ ਹੋਣ ? ਕੇਵਲ ਪ੍ਰਕਾਸ਼ ਕਰਨ ਨਾਲ ਹੀ ਗੁਰੂ ਦੀ ਹਜ਼ੂਰੀ ਨਹੀਂ ਬਣ ਜਾਂਦੀ, ਸਗੋਂ ਗੁਰੂ ਦੀ ਮੱਤ ਅਨੁਸਾਰ ਚੱਲਣਾ ਜ਼ਿਆਦਾ ਜ਼ਰੂਰੀ ਹੈ। ਇਸ ਲਈ ਦੁਨਿਆਵੀ ਵਾਹ-ਵਾਹ ਲਈ ਪ੍ਰਕਾਸ਼ ਕਰਨ ਦੀ ਪ੍ਰਵਿਰਤੀ ਛੱਡੀਏ ਤੇ ਗੁਰਬਾਣੀ ’ਤੇ ਅਮਲ ਕਰਨ ਦਾ ਯਤਨ ਕਰੀਏ ! ਗੁਰੂ ਗ੍ਰੰਥ ਸਾਹਿਬ ਨੂੰ ਸ਼ੋਅ ਪੀਸ ਨਾ ਬਣਾਈਏ ਸਗੋਂ ਇਸ ਦੀ ਵਿਚਾਰਧਾਰਾ ਅਨੁਸਾਰ ਆਪਣੇ ਜੀਵਨ ਨੂੰ ਢਾਲੀਏ !