ਮੇਰੇ ਸਾਹਿਬਾ ! ਤੇਰੇ ਚੋਜ ਵਿਡਾਣਾ ॥

0
326

ਮੇਰੇ ਸਾਹਿਬਾ  ! ਤੇਰੇ ਚੋਜ ਵਿਡਾਣਾ ॥

ਕਿਰਪਾਲ ਸਿੰਘ (ਬਠਿੰਡਾ)-98554-80797

ਹਥਲਾ ਸ਼ਬਦ ਸੋਰਠ ਰਾਗ ਵਿੱਚ ਪਹਿਲੇ ਪਾਤਿਸ਼ਾਹ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੁਆਰਾ ਉਚਾਰਨ ਕੀਤਾ ਹੋਇਆ ਹੈ, ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ ੫੯੬ ਉੱਪਰ ਸੁਸ਼ੋਭਿਤ ਹੈ।  ਸ਼ਬਦ ਦੇ ਚਾਰ ਬੰਦ ਹਨ ਅਤੇ ਇੱਕ ਰਹਾਉ ਦਾ ਪਦਾ ਹੈ, ਜੋ ਬੰਦ ਤਰਤੀਬ ਦੇ ਪਹਿਲੇ ਪਦੇ ਤੋਂ ਬਾਅਦ ਦਰਜ ਕੀਤਾ ਗਿਆ ਹੈ।  ਗੁਰਬਾਣੀ ਲਿਖਤ ਨਿਯਮ ਮੁਤਾਬਕ ਰਹਾਉ ਪਦੇ ’ਚ ਪੂਰੇ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ, ਜਿਸ ਦਾ ਵਿਸਥਾਰ ਸ਼ਬਦ ਦੇ ਬਾਕੀ ਬੰਦ ਕਰਦੇ ਹਨ।

ਵੀਚਾਰ ਅਧੀਨ ਸ਼ਬਦ ਦੇ ਰਹਾਉ ਬੰਦ ’ਚ ਅਕਾਲ ਪੁਰਖ ਅੱਗੇ ਬੇਨਤੀ ਕੀਤੀ ਗਈ ਹੈ ਤਾਂ ਜੋ ਕੁਦਰਤ ’ਚ ਚਾਰ ਖਾਣੀਆਂ ਰਾਹੀਂ ਪੈਦਾ ਹੋਏ ਸਾਰੇ ਜੀਵਾਂ ਦੇ ਮਨੇਰਥ ਤੋਂ ਆਪਣੇ ਟੀਚੇ ਨੂੰ ਭਿੰਨ ਸਮਝ ਕੇ ਉਸ ਨੂੰ ਸਰ ਕੀਤਾ ਜਾ ਸਕੇ। ਰੱਬ ਸਰਬ ਵਿਆਪਕ ਹੋਣ ਕਾਰਨ ਸਾਡੀਆਂ ਮੰਗਾਂ ਨੂੰ ਨੇੜੀਓਂ ਹੋ ਕੇ ਸੁਣਦਾ ਹੈ, ਇਹ ਰਾਜ ਗੁਰੂ ਸਾਹਿਬ ਜੀ ਨੇ ਸਾਨੂੰ ਸਮਝਾਇਆ ਹੈ। ਇਸ ਲਈ ਬੇਨਤੀ ਕਰਨ ਤੋਂ ਪਹਿਲਾਂ ਗੁਰੂ ਸਾਹਿਬ ਜੀ ਨੇ ਇੰਨੀ ਕੁ ਸਮਝ ਦੇ ਦਿੱਤੀ ਹੈ ਕਿ ਕੁਦਰਤ ਦਾ ਮਾਲਕ ਭਾਵੇਂ ਕਣ ਕਣ ਵਿੱਚ ਵਿਆਪਕ ਹੈ ਪਰ ਫਿਰ ਵੀ ਕਿਸੇ ਇੱਕ ਦੀ ਸ਼ਕਲ ਦੂਸਰੇ ਨਾਲ਼ ਨਹੀਂ ਮਿਲਦੀ।  ਦਰਖ਼ਤ ਦਾ ਇੱਕ ਪੱਤਾ, ਦੂਸਰੇ ਤੋਂ ਭਿੰਨ ਹੈ ਭਾਵੇਂ ਕਿ ਪੱਤਿਆਂ ਤੇ ਟਹਿਣੀਆਂ ਦੀ ਗਿਣਤੀ ਅਤੇ ਉਨ੍ਹਾਂ ਦੀ ਸ਼ਕਲ ਬਹੁ ਪੱਖੀ ਤੇ ਭਰਪੂਰ ਮਾਤਰਾ ’ਚ ਪਾਈ ਜਾਂਦੀ ਹੈ। ਕੁਦਰਤ ਰਾਹੀਂ ਹੁੰਦੇ ਇਸ ਰੱਬੀ ਸ਼ਕਤੀ ਦੇ ਵਿਸ਼ਾਲ ਦਿਦਾਰ ਬੰਦੇ ਨੂੰ ਸੋਚਣ ਲਈ ਮਜਬੂਰ ਕਰ ਦਿੰਦੇ ਹਨ ਕਿ ਅਜਿਹੀ ਭਿੰਨਤਾ ’ਚ ਏਕਤਾ ਬਣਾਏ ਰੱਖਣ ਵਾਲ਼ਾ ਮਾਲਕ ਕਿੰਨੀ ਵੱਡੀ ਸਮਰਥਾ ਦਾ ਮਾਲਕ ਹੋਏਗਾ, ਇਸ ਲਈ ਉਹ ਮੇਰੀ ਵੀ ਦਿਲੀ ਫ਼ਰਿਆਦ ਜ਼ਰੂਰ ਸੁਣੇਗਾ। ਇਹੀ ਭਾਵਨਾ ਰਹਾਉ ਬੰਦ ’ਚ ਦਰਜ ਹੈ, ਜੋ ਸ਼ਬਦ ਦਾ ਕੇਂਦਰੀ ਭਾਵ ਵੀ ਹੈ; ਜਿਵੇਂ ਕਿ ਹੇ ਮੇਰੇ ਮਾਲਿਕ ! ਤੂੰ ਪਾਣੀ ਵਿੱਚ, ਧਰਤੀ ਦੇ ਅੰਦਰ, ਧਰਤੀ ਦੇ ਉੱਪਰ (ਭਾਵ ਸਾਰੇ ਪੁਲਾੜ ਵਿੱਚ) ਭਰਪੂਰ ਵਿਆਪਕ ਹੈਂ। ਤੂੰ ਆਪ ਹੀ ਸਭ ਥਾਂ ਮੌਜੂਦ ਹੈਂ। ਤੇਰੇ ਅਜਿਹੇ ਕੌਤਕ ਅਚਰਜ ਪੈਦਾ ਕਰਨ ਵਾਲ਼ੇ ਹਨ, ‘‘ਮੇਰੇ ਸਾਹਿਬਾ  ! ਤੇਰੇ ਚੋਜ ਵਿਡਾਣਾ ॥ ਜਲਿ ਥਲਿ ਮਹੀਅਲਿ ਭਰਿਪੁਰਿ ਲੀਣਾ;  ਆਪੇ ਸਰਬ ਸਮਾਣਾ ॥ ਰਹਾਉ ॥’’ ਪਦ ਅਰਥ : ਚੋਜ = ਕੌਤਕ, ਤਮਾਸ਼ੇ।, ਜਲਿ ਥਲਿ = ਪਾਣੀ ਤੇ ਧਰਤੀ ਵਿੱਚ।, ਮਹੀਅਲਿ = ਮਹੀ ਤਲਿ ਭਾਵ ਧਰਤੀ ਦੇ ਤਲ ਉੱਤੇ ਜਾਂ ਖੁੱਲ੍ਹੇ ਆਕਾਸ਼ ਵਿੱਚ।, ਭਰਿਪੁਰਿ = ਭਰਪੂਰ, ਨੱਕਾ ਨੱਕ ।

ਮਾਲਕ ਦੀ ਕਣ-ਕਣ ’ਚ ਮੌਜੂਦਗੀ ਦੇ ਬਾਵਜੂਦ ਵੱਡੇ ਛੋਟੇ ਦਾ ਅੰਤਰ, ਜਿਵੇਂ ਕਿ ਕੁਦਰਤ ਦੇ ਪੱਤਿਆਂ ਦੇ ਅੰਤਰ ਦੀ ਭਿੰਨਤਾ ਬਾਬਤ ਉਕਤ ਵਿਚਾਰ ਕੀਤੀ ਜਾ ਚੁੱਕੀ ਹੈ, ਨੂੰ ਸਮਝ ਕੇ ਵਿਸਮਾਦ ਪੈਦਾ ਕਰਨ ਵਾਲੇ ਗੁਰਬਾਣੀ ’ਚ ਕਈ ਪਾਵਨ ਸ਼ਬਦ ਹੋਰ ਵੀ ਹਨ ; ਜਿਵੇਂ ਕਿ

ਇਕਿ ਦਾਤੇ, ਇਕਿ ਭੇਖਾਰੀ ਜੀ !   ਸਭਿ ਤੇਰੇ ਚੋਜ ਵਿਡਾਣਾ ॥  (ਮ : ੪/੧੧) ਪਦ ਅਰਥ :  ਲਫ਼ਜ਼ ‘ਇਕ’ ਦਾ ਬਹੁ ਵਚਨ ਹੈ ‘ਇਕਿ’, ਜਿਸ ਦਾ ਅਰਥ ਹੈ ‘ਕਈ ਜੀਵ’।, ਵਿਡਾਣ = ਅਚਰਜ।, ਚੋਜ = ਕੌਤਕ, ਤਮਾਸ਼ੇ।

ਜਲਿ ਥਲਿ ਮਹੀਅਲਿ ਪੂਰਿਆ ;  ਸੁਆਮੀ ਸਿਰਜਨਹਾਰੁ ॥ ਅਨਿਕ ਭਾਂਤਿ ਹੋਇ ਪਸਰਿਆ ;  ਨਾਨਕ  ! ਏਕੰਕਾਰੁ ॥੧॥ (ਮ: ੫/੨੯੬)

ਜਲਿ ਥਲਿ ਮਹੀਅਲਿ, ਰਹਿਆ ਭਰਪੂਰਿ ॥ ਨਿਕਟਿ ਵਸੈ, ਨਾਹੀ ਪ੍ਰਭੁ ਦੂਰਿ ॥ (ਮ: ੫/੭੩੬)

ਤੂ ਜਲਿ ਥਲਿ ਮਹੀਅਲਿ, ਸਭ ਤੈ (ਭਾਵ ਹਰ ਥਾਂ) ਭਰਪੂਰਿ ॥ ਜਨ ਨਾਨਕ  ! ਹਰਿ ਜਪਿ, ਹਾਜਰਾ ਹਜੂਰਿ ॥ (ਮ: ੪/੧੧੩੪)

ਅਰਥ:  ਹੇ ਦਾਸ ਨਾਨਕ  ! ਉਸ ਹਰੀ ਦਾ ਨਾਮ ਜਪਿਆ ਕਰ, ਜੋ ਹਰ ਥਾਂ ਹਾਜ਼ਰ-ਨਾਜ਼ਰ (ਪ੍ਰਤੱਖ ਦਿੱਸ ਰਿਹਾ) ਹੈ ਤੇ ਬੇਨਤੀ ਕਰਿਆ ਕਰ ਕਿ ਹੇ ਹਰੀ  ! ਤੂੰ ਜਲ ਵਿੱਚ ਹੈਂ, ਆਕਾਸ਼ ਵਿੱਚ ਹੈਂ, ਹਰ ਥਾਂ ਵਿਆਪਕ ਹੈਂ (ਮੇਰੀ ਵੀ ਬੇਨਤੀ ਸੁਣ)।

ਸ਼ਬਦ ਦੇ ਪਹਿਲੇ ਬੰਦ ਵਿੱਚ ਸਮਝਾਇਆ ਗਿਆ ਹੈ ਕਿ ਹੇ ਪ੍ਰਭੂ ! ਇਹ ਸਾਰੀ ਸ੍ਰਿਸ਼ਟੀ (ਮਾਨੋ) ਤੇਰਾ ਇੱਕ ਚੁਬਾਰਾ ਹੈ, ਜਿਸ ਵਿੱਚ ਤੇਰਾ ਨਿਵਾਸ ਹੈ, ਚਾਰ ਦਿਸ਼ਾਵਾਂ ਉਸ (ਚੁਬਾਰੇ) ਦੀਆਂ ਕੰਧਾਂ ਹਨ, ਧਰਤੀ ਉਸ ਚੁਬਾਰੇ ਦਾ (ਹੇਠਲਾ) ਪੁੜ (ਭਾਵ ਫ਼ਰਸ਼ ਅਤੇ) ਆਕਾਸ਼ ਉਸ ਦਾ (ਉਪਰਲਾ) ਪੁੜ (ਭਾਵ ਛੱਤ) ਹੈ।  ਸਾਰੀ ਸ੍ਰਿਸ਼ਟੀ (ਦੇ ਜੀਆਂ ਜੰਤਾਂ) ਦੀਆਂ ਸ਼ਕਲਾਂ-ਮੂਰਤੀਆਂ ਤੇਰੀ ਹੀ ਬਣਾਈ ਸ੍ਰੇਸ਼ਟ ਟਕਸਾਲ ’ਚ ਘੜੀਆਂ ਗਈਆਂ ਹਨ, ‘‘ਪੁੜੁ ਧਰਤੀ, ਪੁੜੁ ਪਾਣੀ ਆਸਣੁ ;  ਚਾਰਿ ਕੁੰਟ, ਚਉਬਾਰਾ ॥ ਸਗਲ ਭਵਣ ਕੀ ਮੂਰਤਿ ਏਕਾ ;   ਮੁਖਿ ਤੇਰੈ ਟਕਸਾਲਾ ॥੧॥’’ ਪਦ ਅਰਥ :  ਪੁੜੁ = (ਚੱਕੀ ਦਾ) ਪੁੜ (ਭਾਵ ਚੁਬਾਰੇ ਦੀ ਛੱਤ)।, ਪਾਣੀ = ਬੱਦਲ, ਆਕਾਸ਼।, ਕੁੰਟ = ਪਾਸਾ, ਚਾਰਦਿਵਾਰੀ।, ਆਸਣੁ = ਨਿਵਾਸ ਸਥਾਨ।, ਭਵਣ = ਸ੍ਰਿਸ਼ਟੀ।, ਮੂਰਤਿ = ਮੂਰਤੀਆਂ, ਜੀਅ-ਜੰਤ, ਸ਼ਕਲਾਂ।, ਮੁਖਿ = ਮੁਖੀ, ਸ੍ਰੇਸ਼ਟ।, ਤੇਰੈ ਮੁਖਿ ਟਕਸਾਲਾ = ਤੇਰੀ ਮੁੱਖ (ਸ੍ਰੇਸ਼ਟ) ਟਕਸਾਲ ’ਚੋਂ ਘੜੇ ਗਏ ਹਨ।

ਪ੍ਰਭੂ ਦੀ ਵਿਸ਼ਾਲਤਾ ਵਿੱਚ ਹੇਠਲੇ ਪਾਸੇ ਧਰਤੀ ਅਤੇ ਉੱਪਰ ਅਕਾਸ਼ ਨੂੰ ਗੁਰਬਾਣੀ ਵਿੱਚ ਹੋਰ ਥਾਂ ਵੀ ‘ਦੋ ਪੁੜ’ ਮੰਨ ਕੇ ਸਮਝਾਇਆ ਗਿਆ ਹੈ ;ਜਿਵੇਂ ਕਿ  ‘‘ਦੁਇ ਪੁੜ ਜੋੜਿ ਵਿਛੋੜਿਅਨੁ;   ਗੁਰ ਬਿਨੁ, ਘੋਰੁ ਅੰਧਾਰੋ ॥’’  (ਮ: ੧/੫੮੦)

ਪਦ ਅਰਥ: ਦੁਇ ਪੁੜ = ਦੋਵੇਂ ਪੁੜ (ਧਰਤੀ ਤੇ ਆਕਾਸ਼)।, ਵਿਛੋੜਿਅਨੁ = ਉਸ ਨੇ ਵਿਛੋੜ ਦਿੱਤੇ ਹਨ, ਉਸ ਨੇ ਵੱਖ ਵੱਖ ਕਰ ਦਿੱਤੇ ਹਨ।, ਘੋਰੁ ਅੰਧਾਰੋ = ਘੁੱਪ ਹਨੇਰਾ।

ਅਰਥ : ਜਿਸ ਤਰ੍ਹਾਂ ਪ੍ਰਭੂ ਨੇ ਦੋਵੇਂ ਪੁੜ (ਧਰਤੀ ਤੇ ਆਕਾਸ਼) ਜੋੜ ਕੇ ਭਾਵ ਜਗਤ-ਰਚਨਾ ਕਰ ਕੇ ਆਪਸ ਵਿੱਚ ਭਿੰਨ ਰੱਖੇ ਹਨ ਭਾਵ ਇੱਕ ਦੂਸਰੇ ਤੋਂ ਦੂਰ-ਦੂਰ ਕੀਤੇ ਹਨ ਇਸੇ ਤਰ੍ਹਾਂ ਉਸ ਪ੍ਰਭੂ ਨੇ ਆਪਣੇ ਆਪੇ ਤੋਂ ਜੀਵਾਂ ਦੀ ਰਚਨਾ ਕੀਤੀ ਤੇ ਫਿਰ ਉਨ੍ਹਾਂ ਨੂੰ ਮਾਇਆ ਦੇ ਮੋਹ ਵਿੱਚ ਫਸਾ ਕੇ ਆਪਣੇ ਨਾਲੋਂ ਵਿਛੋੜ ਦਿੱਤਾ ਹੈ।  ਗੁਰੂ ਤੋਂ ਬਿਨਾਂ (ਜਗਤ ਵਿੱਚ ਮਾਇਆ ਦੇ ਮੋਹ ਦਾ) ਘੁੱਪ ਹਨੇਰਾ ਹੈ।

ਸ਼ਬਦ ਦੇ ਦੂਸਰੇ ਪਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਅਕਾਲ ਪੁਰਖ ਨੂੰ ਸੰਬੋਧਨ ਹੁੰਦੇ ਹੋਏ ਬੇਨਤੀ ਕਰਦੇ ਹਨ ਕਿ ਮੈਂ ਜਿਸ ਪਾਸੇ ਤੱਕਦਾ ਹਾਂ ਤੇਰੀ ਹੀ ਜੋਤਿ (ਪ੍ਰਕਾਸ਼ ਕਰ ਰਹੀ) ਹੈ, ਪਰ ਤੇਰਾ ਸਰੂਪ ਕੈਸਾ ਹੈ (ਇਹ ਬਿਆਨ ਤੋਂ ਪਰੇ ਹੈ)। ਹਰ ਤਰਫ਼ ਤੂੰ ਆਪ ਹੀ ਆਪ ਹੁੰਦਿਆਂ ਭੀ ਇਹਨਾਂ ਬੇਅੰਤ ਜੀਵਾਂ ਵਿੱਚ ਲੁਕ ਕੇ ਵਿਚਰ ਰਿਹਾ ਹੈਂ (ਅਸਚਰਜ ਇਹ ਹੈ ਕਿ) ਕੋਈ ਇੱਕ ਜੀਵ ਕਿਸੇ ਦੂਜੇ ਵਰਗਾ ਨਹੀਂ ਹੈ, ‘‘ਜਹ ਜਹ ਦੇਖਾ, ਤਹ ਜੋਤਿ ਤੁਮਾਰੀ;  ਤੇਰਾ ਰੂਪੁ ਕਿਨੇਹਾ ? ॥ ਇਕਤੁ ਰੂਪਿ ਫਿਰਹਿ ਪਰਛੰਨਾ;  ਕੋਇ ਨ ਕਿਸ ਹੀ ਜੇਹਾ ॥੨॥’’ ਪਦ ਅਰਥ:  ਕਿਨੇਹਾ = ਕਿਹੋ ਜਿਹਾ ? ਬਿਆਨ ਤੋਂ ਪਰੇ।, ਇਕਤੁ ਰੂਪਿ = ਇਕੋ ਰੂਪ ਵਿੱਚ (ਹੁੰਦਿਆਂ), ਇਕ ਆਪ ਹੀ ਆਪ ਹੁੰਦਿਆਂ।, ਪਰਛੰਨਾ = ਲੁਕਿਆ ਹੋਇਆ।

ਰੱਬੀ ਵਿਆਪਕਤਾ ਤੇ ਸਭ ਦਾ ਬਣਤਰ ਬਿਖਰੇਵਾ ਵਿਸ਼ਾ ਗੁਰਬਾਣੀ ਵਿੱਚ ਹੋਰ ਜਗ੍ਹਾ ਵੀ ਦਰਜ ਹੈ; ਜਿਵੇਂ ਕਿ

ਜਹ ਜਹ ਦੇਖਉ, ਤਹ ਤਹ ਸਾਚਾ ॥ (ਮ: ੧/੨੨੪)

ਮੇਰੈ ਪ੍ਰਭਿ ਸਾਚੈ (ਨੇ), ਇਕੁ ਖੇਲੁ ਰਚਾਇਆ ॥ ਕੋਇ ਨ ਕਿਸ ਹੀ ਜੇਹਾ ਉਪਾਇਆ ॥ (ਮ: ੩/੧੦੫੬) ਪਦ ਅਰਥ: ਪ੍ਰਭਿ ਸਾਚੈ = ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੇ।, ਖੇਲੁ = ਤਮਾਸ਼ਾ।, ਕਿਸ ਹੀ = (ਕ੍ਰਿਆ ਵਿਸ਼ੇਸ਼ਣ ‘ਹੀ’ ਦੇ ਕਾਰਨ ਲਫ਼ਜ਼ ‘ਕਿਸੁ’ ਦਾ (  ੁ) ਉੱਡ ਗਿਆ ਹੈ)।

ਸ਼ਬਦ ਦੇ ਤੀਸਰੇ ਪਦੇ ਵਿੱਚ ਫ਼ੁਰਮਾਇਆ ਗਿਆ ਕਿ ਅੰਡੇ ਵਿੱਚੋਂ, ਜਿਓਰ ਵਿੱਚੋਂ, ਧਰਤੀ ਵਿੱਚੋਂ, ਮੁੜ੍ਹਕੇ ਵਿੱਚੋਂ ਜੰਮੇ ਹੋਏ ਇਹ ਸਾਰੇ ਜੀਵ ਤੇਰੇ ਹੀ ਪੈਦਾ ਕੀਤੇ ਹੋਏ ਹਨ।  ਮੈਂ ਤੇਰੀ ਇਹ ਅਚਰਜ ਖੇਡ ਵੇਖਦਾ ਹਾਂ ਕਿ ਭਿੰਨ ਭਿੰਨ ਖਾਣੀਆਂ ਦੇ ਸਰੂਪ ਹੋਣ ਦੇ ਬਾਵਜੂਦ ਵੀ ਤੂੰ ਇਹਨਾਂ ਸਭਨਾਂ ਵਿੱਚ ਮੌਜੂਦ ਹੈਂ, ‘‘ਅੰਡਜ ਜੇਰਜ ਉਤਭੁਜ ਸੇਤਜ;  ਤੇਰੇ ਕੀਤੇ ਜੰਤਾ ॥ ਏਕੁ ਪੁਰਬੁ ਮੈ ਤੇਰਾ ਦੇਖਿਆ;  ਤੂ ਸਭਨਾ ਮਾਹਿ ਰਵੰਤਾ ॥੩॥’’ ਪਦ ਅਰਥ : ਅੰਡਜ = ਅੰਡੇ ਤੋਂ ਪੈਦਾ ਹੋਏ ਜੀਵ, (ਪੰਛੀ ਆਦਿਕ)।, ਜੇਰਜ = ਜਿਓਰ ਤੋਂ ਜੰਮੇ ਹੋਏ (ਮਨੁੱਖ ਅਤੇ ਪਸ਼ੂ)।, ਸੇਤਜ = (ਸੈਤ = ਪਸੀਨਾ) ਮੁੜ੍ਹਕੇ ਤੋਂ ਜੰਮੇ ਹੋਏ (ਜੂੰਆਂ ਆਦਿਕ)।, ਉਤਭੁਜਾ = ਪਾਣੀ ਦੀ ਮਦਦ ਨਾਲ ਧਰਤੀ ਵਿੱਚੋਂ ਜੰਮੇ ਹੋਏ (ਬਨਸਪਤੀ)। , ਪੁਰਬੁ = ਵਡਿਆਈ, ਅਚਰਜ ਖੇਡ।, ਰਵੰਤਾ = ਰਮਿਆ ਹੋਇਆ, ਵਿਆਪਕ।

ਅਜਿਹੇ ਦੀ ਸੰਕੇਤ ਦਿੰਦੇ ਗੁਰਬਾਣੀ ਵਿੱਚ ਹੋਰ ਜਗ੍ਹਾ ਸ਼ਬਦ ਵੀ ਦਰਜ ਹਨ; ਜਿਵੇਂ ਕਿ

ਅੰਡਜ, ਜੇਰਜ, ਸੇਤਜ, ਉਤਭੁਜਾ;   ਪ੍ਰਭ ਕੀ ਇਹ ਕਿਰਤਿ (ਭਾਵ ਰਚਨਾ)॥  (ਮ: ੫/੮੧੬)

ਅੰਡਜ, ਜੇਰਜ, ਸੇਤਜ, ਉਤਭੁਜ;   ਸਭਿ ਵਰਨ ਰੂਪ, ਜੀਅ ਜੰਤ ਉਪਈਆ ॥  (ਮ: ੪/੮੩੫)

ਉਕਤ ਤਿੰਨ ਪਦਿਆਂ ’ਚ ਕਰਤਾਰ ਦੀ ਵਿਸ਼ਾਲਤਾ ਨੂੰ ਸੰਖੇਪ ਰੂਪ ਦੇਣ ਉਪਰੰਤ ਸ਼ਬਦ ਦੇ ਚੌਥੇ ਤੇ ਆਖਰੀ ਪਦੇ ਵਿੱਚ ਨਾਨਕ ਬੇਨਤੀ ਕਰਦਾ ਹੈ ਕਿ ਹੇ ਪ੍ਰਭੂ ! ਤੇਰੇ ਅਨੇਕਾਂ ਗੁਣ ਹਨ (ਅਨੇਕਤਾ ਦੀ ਸਮਝ ਆਵੇ ਤਾਂ ਹੀ ਕੋਈ ਇੱਕ ਗਿਣਾਂ ਪਰ) ਮੈਨੂੰ ਕਿਸੇ ਇੱਕ ਦੀ ਭੀ ਪੂਰੀ ਸਮਝ ਨਹੀਂ ਹੈ, ਮੈਨੂੰ ਮੂਰਖ ਨੂੰ ਕੋਈ ਚੰਗੀ ਅਕਲ ਦੇਹ  !  ਮੇਰੀ ਬੇਨਤੀ ਸੁਣ  !  ਵਿਕਾਰਾਂ ਵਿੱਚ ਡੁੱਬ ਰਹੇ ਮੈਨੂੰ ਪੱਥਰ ਦਿਲ ਨੂੰ ਬਚਾ ਲੈ, ‘‘ਤੇਰੇ ਗੁਣ ਬਹੁਤੇ ਮੈ ਏਕੁ ਨ ਜਾਣਿਆ;   ਮੈ ਮੂਰਖ ਕਿਛੁ ਦੀਜੈ ॥ ਪ੍ਰਣਵਤਿ ਨਾਨਕ, ਸੁਣਿ ਮੇਰੇ ਸਾਹਿਬਾ  !  ਡੁਬਦਾ ਪਥਰੁ ਲੀਜੈ ॥੪॥੪॥’’ ਪਦ ਅਰਥ:  ਕਿਛੁ = ਕੋਈ ਚੰਗੀ ਅਕਲ।, ਲੀਜੈ = ਕੱਢ ਲੈ ।

ਇਸੇ ਭਾਵਨਾ ਨੂੰ ਦਰਸਾਉਂਦੇ ਗੁਰਬਾਣੀ ਵਿੱਚ ਕੁਝ ਹੋਰ ਪਾਵਨ ਵਚਨ ਵੀ ਹਨ; ਜਿਵੇਂ ਕਿ

ਕਾਮਿ ਕ੍ਰੋਧਿ ਭਰੇ, ਹਮ ਅਪਰਾਧੀ ॥  ਕਿਆ ਮੁਹੁ ਲੈ ਬੋਲਹ  ?   ਨਾ ਹਮ ਗੁਣ, ਨ ਸੇਵਾ ਸਾਧੀ ॥ ਡੁਬਦੇ ਪਾਥਰ, ਮੇਲਿ ਲੈਹੁ ਤੁਮ ਆਪੇ;   ਸਾਚੁ ਨਾਮੁ ਅਬਿਨਾਸੀ ਹੇ ॥  (ਮ: ੩/੧੦੪੮) ਪਦ ਅਰਥ: ਕਾਮਿ ਕ੍ਰੋਧਿ = ਕਾਮ ਕ੍ਰੋਧ (ਦੇ ਚਿੱਕੜ) ਨਾਲ।, ਅਪਰਾਧੀ = ਭੁੱਲਣਹਾਰ।, ਬੋਲਹ = ਅਸੀਂ ਬੋਲੀਏ।, ਕਿਆ ਮੁਹੁ ਲੈ = ਕਿਹੜਾ ਮੂੰਹ ਲੈ ਕੇ ? (ਗੰਦੇ ਹੋਣ ਕਾਰਨ) ਕਿਸ ਮੂੰਹ ਨਾਲ ?, ਸਾਧੀ = ਕੀਤੀ।, ਤੁਮ ਆਪੇ = ਤੂੰ ਆਪ ਹੀ।, ਸਾਚੁ = ਸਦਾ-ਥਿਰ ।

ਸਭਿ ਗੁਣ ਤੇਰੇ, ਮੈ ਨਾਹੀ ਕੋਇ ॥ (ਜਪੁ)

ਅਰਥ: ਹੇ ਮੇਰੇ ਮਾਲਕ  ! (ਮੇਰੇ ਅੰਦਰ ਪੈਦਾ ਹੋਏ) ਸਾਰੇ ਗੁਣ (ਵਡਿਆਈਆਂ) ਤੇਰੇ ਉਪਕਾਰ ਹਨ, ਨਹੀਂ ਤਾਂ ਮੇਰੇ ’ਚ ਕੋਈ ਤਾਕਤ ਨਹੀਂ ਸੀ (ਕਿ ਤੇਰੇ ਰੱਬੀ ਗੁਣ, ਤੇਰੀ ਮਿਹਰ ਬਿਨਾਂ ਮੈਂ ਗ੍ਰਹਿਣ ਕਰ ਸਕਦਾ)।