ਬੈਠੇ ਰਹਿਣ ਦੇ ਨੁਕਸਾਨ
ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਿਰ, 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)-0175-2216783
ਹੁਣ ਤਕ ਦੀਆਂ ਹੋਈਆਂ ਸਾਰੀਆਂ ਖੋਜਾਂ ਇਹ ਸਾਬਤ ਕਰ ਚੁੱਕੀਆਂ ਹਨ ਕਿ ਹਰ ਹਫ਼ਤੇ 150 ਮਿੰਟ ਦੀ ਕਸਰਤ ਕਰਨੀ ਬਹੁਤ ਜ਼ਰੂਰੀ ਹੈ, ਪਰ ਇਸ ਤੋਂ ਇਲਾਵਾ ਬਾਕੀ ਦਾ ਸਮਾਂ ਵੀ ਬੈਠਣ ਲਈ ਨਹੀਂ ਹੈ।
ਅੱਜ ਕੱਲ੍ਹ ਦੀ ਜ਼ਿੰਦਗੀ ਵਿਚਲੇ ਰੁਝੇਵੇਂ ਵੇਖਦੇ ਹੋਏ ਤੇ ਜ਼ਿਆਦਾਤਰ ਬੈਠ ਕੇ ਕੰਮ ਕਰਦੇ ਬੱਚੇ ਤੇ ਵੱਡਿਆਂ ਲਈ ਇਹ ਜਾਣਕਾਰੀ ਜ਼ਰੂਰ ਹੋਣੀ ਚਾਹੀਦੀ ਹੈ ਕਿ ਉਹ ਕਿਵੇਂ ਹੌਲੀ-ਹੌਲੀ ਸਿਰਫ਼ ਜ਼ਿਆਦਾ ਬੈਠਣ ਕਰ ਕੇ ਛੇਤੀ ਮੌਤ ਦੇ ਮੂੰਹ ਵਿਚ ਜਾ ਰਹੇ ਹਨ।
ਖੋਜਾਂ ਅਨੁਸਾਰ, ਸ਼ੱਕਰ ਰੋਗ ਟਾਈਪ-2, ਮੋਟਾਪਾ, ਕੈਂਸਰ ਤੇ ਹਾਰਟ ਅਟੈਕ ਦਾ ਖ਼ਤਰਾ ਸਿਰਫ਼ ਬੈਠ ਕੇ ਕੰਮ ਕਰਨ ਵਾਲਿਆਂ ਵਿਚ ਕਈ ਗੁਣਾ ਵੱਧ ਹੋ ਚੁੱਕਿਆ ਹੈ।
ਹੁੰਦਾ ਕੀ ਹੈ ?
ਜ਼ਿਆਦਾ ਬੈਠਣ ਨਾਲ ਸਰੀਰ ਦਾ ਕੰਮ ਕਾਰ ਹੌਲੀ ਹੋ ਜਾਂਦਾ ਹੈ, ਹਾਜ਼ਮਾ ਘੱਟ ਜਾਂਦਾ ਹੈ, ਲਹੂ ਵਿਚਲੀ ਸ਼ੱਕਰ ਦੀ ਮਾਤਰਾ ਲੰਮੇ ਸਮੇਂ ਤੱਕ ਵਧੀ ਰਹਿ ਜਾਂਦੀ ਹੈ, ਬਲੱਡ ਪ੍ਰੈੱਸ਼ਰ ਵਧਣ ਲੱਗ ਪੈਂਦਾ ਹੈ ਤੇ ਸਰੀਰ ਅੰਦਰਲਾ ਥਿੰਦਾ ਖੁਰਦਾ ਨਹੀਂ।
ਇੰਗਲੈਂਡ ਵਿਚ ਹੋਈ ਖੋਜ ਅਨੁਸਾਰ 80 ਫੀਸਦੀ ਬਾਲਗ ਰੋਜ਼ ਸੱਤ ਘੰਟਿਆਂ ਤੋਂ ਵੱਧ ਬੈਠ ਕੇ ਕੰਮ ਕਰ ਰਹੇ ਹਨ। ਇਸ ਵਿਚ ਦਫ਼ਤਰੀ ਕੰਮ ਕਾਰ, ਕਾਲਜ ਦੀ ਪੜ੍ਹਾਈ ਤੇ ਟਿਊਸ਼ਨ, ਟੀ.ਵੀ., ਕੰਪਿਊਟਰ, ਆਦਿ ਸਭ ਸ਼ਾਮਲ ਹਨ। ਇਸ ਦੇ ਨਾਲੋ-ਨਾਲ ਬੱਸਾਂ, ਕਾਰਾਂ ਤੇ ਟੈਕਸੀਆਂ ਵਿਚ ਬਹਿ ਕੇ ਕੀਤਾ ਗਿਆ ਸਫ਼ਰ ਵੀ ਸ਼ਾਮਲ ਹੈ। ਸੌਣਾ ਇਸ ਸਮੇਂ ਵਿਚ ਸ਼ਾਮਲ ਨਹੀਂ ਕੀਤਾ ਗਿਆ।
ਪ੍ਰੋ. ਸਟੂਆਰਟ ਨੇ ਅਨੇਕ ਖੋਜਾਂ ਬਾਅਦ ਇਹ ਤੱਤ ਕੱਢਿਆ ਹੈ ਕਿ ਹਰ ਅੱਧੇ ਘੰਟੇ ਬੈਠਣ ਬਾਅਦ ਇਕ ਜਾਂ ਦੋ ਮਿੰਟ ਦਾ ਤੁਰਨਾ ਜ਼ਰੂਰੀ ਹੈ। ਇਸੇ ਖੋਜ ਦੇ ਆਧਾਰ ਉੱਤੇ ਅਸਟ੍ਰੇਲੀਆ, ਅਮਰੀਕਾ ਤੇ ਫਿਨਲੈਂਡ ਵਿਚ ਬੱਚਿਆਂ ਨੂੰ ਟੀ. ਵੀ. ਜਾਂ ਵੀਡੀਓ ਖੇਡਾਂ ਲਈ ਵੱਧੋ ਵੱਧ ਪੂਰੇ ਦਿਨ ਵਿਚ, ਸਮਾਂ ਵੰਡ ਕੇ, ਇਕ ਜਾਂ ਦੋ ਘੰਟੇ ਹੀ ਖੇਡਣ ਲਈ ਕਿਹਾ ਗਿਆ ਹੈ।
ਦੂਜੀ ਗੱਲ ਇਹ ਸਾਹਮਣੇ ਆਈ ਕਿ ਜਿਸ ਕਿੱਤੇ ਵਿਚ ਉੱਠਣਾ ਸੰਭਵ ਹੀ ਨਾ ਹੋਵੇ, ਜਿਵੇਂ ਬੱਸ ਡਰਾਈਵਰ ਜਾਂ ਕੋਈ ਹੋਰ, ਤਾਂ ਉਸ ਨੂੰ ਰੋਜ਼ ਇਕ ਘੰਟਾ ਤਗੜੀ ਕਸਰਤ ਕਰਨੀ ਪੈਣੀ ਹੈ ਤਾਂ ਜੋ ਬੈਠੇ ਰਹਿਣ ਦੇ ਮਾੜੇ ਅਸਰਾਂ ਤੋਂ ਬਚਿਆ ਜਾ ਸਕੇ।
ਸੰਨ 1950 ਵਿਚ ਇਹ ਗੱਲ ਹਸਪਤਾਲਾਂ ਦੇ ਰਿਕਾਰਡ ਰਾਹੀਂ ਸਾਹਮਣੇ ਆਈ ਕਿ ਲੰਡਨ ਦੇ ਬਸ ਡਰਾਈਵਰਾਂ ਦੇ, ਬਸ ਦੇ ਕੰਡਕਟਰਾਂ ਨਾਲੋਂ ਦੁਗਣੇ ਕੇਸ ਹਾਰਟ ਅਟੈਕ ਨਾਲ ਦਾਖ਼ਲ ਹੋਏ। ਫੇਰ ਹੋਰਨਾਂ ਕਿੱਤਿਆਂ ਵਿਚ ਬੈਠ ਕੇ ਕੰਮ ਕਰਨ ਵਾਲਿਆਂ ਨੂੰ ਜਾਂਚਿਆ ਗਿਆ। ਇਹ ਵੇਖਣ ਵਿਚ ਆਇਆ ਕਿ ਉਨ੍ਹਾਂ ਸਾਰਿਆਂ ਦੀਆਂ ਹੱਡੀਆਂ ਤੇ ਪੱਠੇ ਕਾਫ਼ੀ ਕਮਜ਼ੋਰ ਸਨ ਤੇ ਬਹੁਤਿਆਂ ਨੂੰ ਬਲੱਡ ਪ੍ਰੈੱਸ਼ਰ ਜਾਂ ਸ਼ੱਕਰ ਰੋਗ ਸੀ।
ਇਸ ਦਾ ਇੱਕ ਸਪਸ਼ਟ ਮਤਲਬ ਨਿਕਲਿਆ ਕਿ ਬੈਠੇ ਰਹਿਣ ਨਾਲ ਸਰੀਰ ਦਾ ਕਾਰਖ਼ਾਨਾ ਇਕ ਤਰ੍ਹਾਂ ਬੰਦ ਜਿਹਾ ਹੋ ਜਾਂਦਾ ਹੈ ਤੇ ਗੰਦਗੀ ਨੂੰ ਸਰੀਰ ਵਿੱਚੋਂ ਬਾਹਰ ਕੱਢਣ ਦਾ ਕੰਮ ਕਾਰ ਵੀ ਠੱਪ ਹੋ ਜਾਂਦਾ ਹੈ।
ਪੁਲਾੜ ਵਿਚ ਜਾਣ ਵਾਲੇ ਐਸਟਰੋਨੌਟ ਉੱਤੇ ਵੀ 1970 ਵਿਚ ਖੋਜ ਕੀਤੀ ਗਈ ਤਾਂ ਲੱਭਿਆ ਕਿ ਉਨ੍ਹਾਂ ਦੀਆਂ ਹੱਡੀਆਂ ਬਹੁਤ ਜ਼ਿਆਦਾ ਖੁਰ ਗਈਆਂ ਸਨ ਤੇ ਪੱਠੇ ਵੀ ਕਮਜ਼ੋਰ ਪੈ ਗਏ ਸਨ। ਇਕ ਤਰ੍ਹਾਂ ਨਾਲ ਉਨ੍ਹਾਂ ਦਾ ਸਰੀਰ ਉਮਰ ਨਾਲੋਂ ਦੁਗਣਾ ਬੁੱਢਾ ਹੋ ਗਿਆ ਸੀ।
ਮੈਲਬੋਰਨ, ਅਸਟ੍ਰੇਲੀਆ ਦੇ ‘ਹਾਰਟ ਐਂਡ ਡਾਇਆਬੀਟੀਜ਼ ਇੰਸਟੀਚਿਊਟ’ ਦੇ ਪ੍ਰੋ. ਡੇਵਿਡ ਡੰਸਟਨ ਨੇ ਖੋਜ ਰਾਹੀਂ ਸਪਸ਼ਟ ਕੀਤਾ ਹੈ ਕਿ ਨਾਸਾ ਦੇ ਐਸਟਰੋਨੌਟ ਜਦੋਂ ਪੁਲਾੜ ਤੋਂ ਵਾਪਸ ਆ ਕੇ ਕਸਰਤ ਕਰਨ ਲੱਗੇ ਤਾਂ ਉਨ੍ਹਾਂ ਦੀਆਂ ਹੱਡੀਆਂ ਫਿਰ ਤਗੜੀਆਂ ਹੋਣੀਆਂ ਸ਼ੁਰੂ ਹੋ ਗਈਆਂ ਜਿਵੇਂ ਸਰੀਰ ਦਾ ਇੰਜਨ ਚਾਲੂ ਹੋ ਗਿਆ ਹੋਵੇ।
ਪੰਜ ਸਾਲ ਤੋਂ ਛੋਟੇ ਬੱਚਿਆਂ ਲਈ ਜਾਰੀ ਕੀਤੀਆਂ ਗਈਆਂ ਹਦਾਇਤਾਂ :-
ਬੱਚਿਆਂ ਲਈ ਟੀ. ਵੀ., ਕੰਪਿਊਟਰ, ਖੇਡਾਂ ਇਕ ਜਾਂ ਦੋ ਘੰਟੇ ਪ੍ਰਤੀ ਦਿਨ ਤੋਂ ਵੱਧ ਨਹੀਂ ਹੋਣੀਆਂ ਚਾਹੀਦੀਆਂ। ਇਸ ਤੋਂ ਵੱਧ ਬੈਠਣ ਵਾਲੇ ਬੱਚਿਆਂ ਵਿਚ ਮੋਟਾਪਾ ਹੋਣ ਲੱਗ ਪੈਂਦਾ ਹੈ ਤੇ ਉਨ੍ਹਾਂ ਦੀ ਸਮਝ ਘੱਟ ਜਾਂਦੀ ਹੈ।
ਏਸੇ ਲਈ ਕੰਮ ਕਾਜੀ ਮਾਪਿਆਂ ਨੂੰ ਬੱਚਿਆਂ ਨੂੰ ਟੀ. ਵੀ. ਅੱਗੇ ਬਿਠਾ ਕੇ ਆਪਣੇ ਕੰਮ ਨਹੀਂ ਲੱਗੇ ਰਹਿਣਾ ਚਾਹੀਦਾ। ਸਿਰਫ਼ ਪਰੈਮ ਵਿਚ ਬਿਠਾਉਣ ਨਾਲੋਂ ਥੱਲੇ ਰਿੜ੍ਹਨ ਲਈ ਛੱਡਣਾ ਜ਼ਰੂਰੀ ਹੈ। ਤੁਰਦੇ ਹੋਏ ਵੀ, ਨਿੱਕੇ ਬੱਚੇ ਨੂੰ ਪਰੈਮ ਵਿਚ ਪਾਉਣ ਨਾਲੋਂ ਢਿੱਡ ਜਾਂ ਪਿੱਠ ਉੱਤੇ ਬੰਨ੍ਹ ਕੇ ਲਿਜਾਉਣਾ ਬਿਹਤਰ ਹੈ।
5 ਤੋਂ 18 ਸਾਲ ਦੇ ਬੱਚੇ :-
ਟੀ. ਵੀ., ਕੰਪਿਊਟਰ ਤੋਂ ਇਲਾਵਾ ਮੋਬਾਈਲ ਖੇਡਾਂ, ਕਲਾਸਾਂ ਵਿਚ ਬੈਠਣਾ, ਟਿਊਸ਼ਨ ਪੜ੍ਹਨੀ ਆਦਿ ਕਾਫ਼ੀ ਸਮਾਂ ਬੱਚਿਆਂ ਨੂੰ ਬਦੋਬਦੀ ਬੈਠਣ ਉੱਤੇ ਮਜਬੂਰ ਕਰ ਦਿੰਦਾ ਹੈ। ਇਸੇ ਲਈ :-
(1). ਟੀ.ਵੀ. ਅੱਗੇ ਬੈਠਣਾ ਘਟਾਉਣ ਦੀ ਲੋੜ ਹੈ।
(2). ਸੌਣ ਵਾਲੇ ਕਮਰੇ ਵਿਚ ਟੀ. ਵੀ. ਤੇ ਕੰਪਿਊਟਰ ਨਹੀਂ ਹੋਣਾ ਚਾਹੀਦਾ।
(3). ਸ਼ਾਮ ਵੇਲੇ ਖੇਡਣਾ ਜਾਂ ਕਸਰਤ ਕਰਨੀ ਜ਼ਰੂਰੀ ਹੈ।
(4). ਬੈਠੇ ਜਾਂ ਲੇਟੇ ਹੋਏ ਨੂੰ ਉਠਾਉਣ ਲਈ ਬਹਾਨੇ ਨਾਲ ਹੀ ਸਹੀ, ਖਾਣੇ ਦੀ ਮੇਜ਼ ਉੱਤੇ ਪਲੇਟਾਂ ਲਗਵਾਉਣੀਆਂ, ਪਾਣੀ ਦੇ ਗਿਲਾਸ ਰੱਖਣੇ, ਖਾਣਾ ਪਰੋਸਣਾ ਤੋਂ ਲੈ ਕੇ ਪੌੜੀਆਂ ਚੜ੍ਹ ਕੇ ਉੱਤੋਂ ਸਮਾਨ ਲਿਆਉਣਾ, ਆਦਿ ਜ਼ਰੂਰ ਕਰਵਾਉਣੇ ਚਾਹੀਦੇ ਹਨ।
(5). ਖੇਡਾਂ ਵਿਚ ਸਮਾਂ ਵਧਾਉਣ ਲਈ ਫੁੱਟਬਾਲ, ਪਤੰਗ, ਸਕੇਟ ਬੋਰਡ, ਆਦਿ ਬੱਚੇ ਨੂੰ ਲੈ ਕੇ ਦੇਣੀਆਂ ਚਾਹੀਦੀਆਂ ਹਨ।
ਵੱਡਿਆਂ ਲਈ (19-64 ਸਾਲ ਤੱਕ)
(6). ਬਸ ਜਾਂ ਗੱਡੀ ਵਿਚ ਆਉਂਦੇ ਜਾਂਦੇ ਖੜ੍ਹੇ ਹੋਣਾ ਚਾਹੀਦਾ ਹੈ ਤੇ ਲੱਤਾਂ ਦੇ ਜੋੜ ਹਿਲਾਉਂਦੇ ਰਹਿਣੇ ਚਾਹੀਦੇ ਹਨ।
(7). ਕਲਾਸ ਵੱਲ ਜਾਂਦਿਆਂ ਜਾਂ ਦਫ਼ਤਰ ਜਾਂਦਿਆਂ ਲਿਫਟ ਲੈਣ ਦੀ ਥਾਂ ਪੌੜੀਆਂ ਚੜ੍ਹ ਕੇ ਜਾਣਾ ਚਾਹੀਦਾ ਹੈ
(8). ਘਰ ਵਿਚ ਕੁਰਸੀ ਜਾਂ ਮੰਜੇ ਉੱਤੇ ਬਹਿ ਕੇ ਪੜ੍ਹਨ ਨਾਲੋਂ ਤੁਰ ਫਿਰ ਕੇ ਪੜ੍ਹ ਲੈਣਾ ਚਾਹੀਦਾ ਹੈ।
(9). ਹਰ ਅੱਧੇ ਘੰਟੇ ਬਾਅਦ ਕੁਰਸੀ ਜਾਂ ਸੀਟ ਤੋਂ ਖੜ੍ਹੇ ਹੋ ਕੇ ਇਕ ਛੋਟਾ ਚੱਕਰ ਲਾ ਲੈਣਾ ਚਾਹੀਦਾ ਹੈ, ਭਾਵੇਂ ਪਾਣੀ ਪੀਣ ਜਾਂ ਗੁਸਲਖਾਨੇ ਜਾਣ ਲਈ ਹੀ ਸਹੀ।
(10). ਖੜ੍ਹੇ ਹੋ ਕੇ ਤੁਰਦੇ ਫਿਰਦੇ ਮੋਬਾਈਲ ਸੁਣ ਲਵੋ।
(11). ਕੰਪਿਊਟਰ ਜਾਂ ਲੈਪਟਾਪ ਉੱਚੀ ਥਾਂ ਉੱਤੇ ਰੱਖ ਕੇ, ਖਲੋ ਕੇ ਕੁੱਝ ਚਿਰ ਕੰਮ ਕਰ ਲਵੋ।
(12). ਕੌਫ਼ੀ ਜਾਂ ਚਾਹ ਪੀਣ ਲੱਗਿਆਂ ਖਲੋ ਕੇ ਪੀ ਲਵੋ।
(13). ਇੰਟਰਕੌਮ ਉੱਤੇ ਗੱਲ ਕਰਨ ਨਾਲੋਂ ਤੁਰ ਕੇ ਗੱਲ ਕਰ ਲਵੋ।
(14). ਰੋਜ਼ਾਨਾ ਸੈਰ, ਬਾਗ਼ਬਾਨੀ, ਦੋਸਤਾਂ ਨਾਲ ਮੇਲ-ਜੋਲ, ਬਜ਼ਾਰੋਂ ਸਬਜ਼ੀ ਲਿਆਉਣਾ, ਵਰਗੇ ਕੰਮ ਤੁਰ ਫਿਰ ਕੇ ਕਰਨ ਨਾਲ ਫ਼ਾਇਦਾ ਹੁੰਦਾ ਹੈ।
65 ਸਾਲ ਤੋਂ ਵੱਧ ਉਮਰ ਲਈ :-
ਕਾਫ਼ੀ ਜਣੇ 65 ਤੋਂ 90 ਸਾਲਾਂ ਦੇ ਵਿਚ ਲਗਭਗ 10 ਘੰਟੇ ਬੈਠਣ ਜਾਂ ਲੇਟਣ ਵਿਚ ਸਮਾਂ ਬਤੀਤ ਕਰਨ ਲੱਗ ਪੈਂਦੇ ਹਨ।
ਪਹਿਲਾਂ ਤੋਂ ਹੀ ਬੁਢੇਪਾ ਜੱਫਾ ਪਾ ਕੇ ਬੈਠਾ ਹੁੰਦਾ ਹੈ ਤੇ ਹੁਣ ਹੋਰ ਬਹਿ ਜਾਣ ਨਾਲ ਦੁਗਣੀ ਤੇਜ਼ੀ ਨਾਲ ਹੱਡੀਆਂ ਖੁਰਨ ਲੱਗ ਪੈਂਦੀਆਂ ਹਨ ਅਤੇ ਵੱਖੋ-ਵੱਖ ਅੰਗ ਵੀ ਕੰਮ ਕਾਰ ਘਟਾ ਦਿੰਦੇ ਹਨ ਜਿਸ ਨਾਲ ਸਰੀਰਕ ਕਮਜ਼ੋਰੀ ਤੇਜ਼ੀ ਨਾਲ ਹੋਣ ਲੱਗ ਪੈਂਦੀ ਹੈ ਤੇ ਉਮਰ ਵੀ ਛੋਟੀ ਕਰ ਦਿੰਦੀ ਹੈ।
ਪ੍ਰੋ. ਬਿਡਲ ਨੇ ਸਪਸ਼ਟ ਕਰ ਦਿੱਤਾ ਹੈ ਕਿ ਇਸ ਉਮਰ ਵਿਚ ਉੱਕਾ ਹੀ ਬੈਠਣਾ ਨਹੀਂ ਚਾਹੀਦਾ। ਪੈਰਾਂ ਭਾਰ ਖੜ੍ਹੇ ਹੋਣਾ ਤੇ ਤੁਰਨਾ ਇਸ ਉਮਰ ਵਿਚ ਸਭ ਤੋਂ ਵਧ ਲੋੜੀਂਦਾ ਹੈ। ਇਸ ਉਮਰ ਵਿਚ ਹਾਣੀਆਂ ਨੂੰ ਮਿਲਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ। ਖੜ੍ਹੇ ਹੋ ਕੇ ਟੀ. ਵੀ. ਵੇਖਣਾ ਜਾਂ ਕਮਰੇ ਅੰਦਰ ਹੀ ਤੁਰ ਕੇ ਅਲਮਾਰੀ ਵਿੱਚੋਂ ਚੀਜ਼ਾਂ ਕੱਢਣੀਆਂ ਤੇ ਫੇਰ ਵਾਪਸ ਰੱਖਣੀਆਂ ਵੀ ਚੰਗੀ ਕਸਰਤ ਹੈ।
(1). ਕਿਤਾਬ ਚੁੱਕ ਕੇ ਕਮਰੇ ਅੰਦਰ ਘੁੰਮਣਾ ਜਾਂ ਏਨੀ ਕੁ ਹੀ ਕੁੱਝ ਹੋਰ ਭਾਰੀ ਚੀਜ਼ ਚੁੱਕ ਕੇ ਤੁਰਨਾ ਠੀਕ ਰਹਿੰਦਾ ਹੈ।
(2). ਟੀ. ਵੀ. ਵਿਚ ਫ਼ਿਲਮ ਵੇਖਦੇ ਹੋਏ ਇਸ਼ਤਿਹਾਰ ਮੌਕੇ ਉੱਠ ਕੇ ਕਮਰੇ ਵਿੱਚੋਂ ਬਾਹਰ ਜਾ ਆਉਣਾ ਚਾਹੀਦਾ ਹੈ।
(3). ਫ਼ੋਨ ਸਿਰਫ਼ ਤੁਰ ਫਿਰ ਕੇ ਹੀ ਸੁਣਨਾ ਚਾਹੀਦਾ ਹੈ।
(4). ਪੌੜੀਆਂ ਦਿਨ ਵਿਚ ਦੋ ਵਾਰ ਜ਼ਰੂਰ ਚੜ੍ਹਨੀਆਂ ਚਾਹੀਦੀਆਂ ਹਨ।
(5). ਸਵੇਰੇ ਤੇ ਸ਼ਾਮ ਦੀ ਸੈਰ ਜ਼ਰੂਰੀ ਹੈ।
(6). ਗ਼ਮਲਿਆਂ ਵਿਚ ਗੋਡੀ ਜ਼ਰੂਰ ਕਰਨੀ ਚਾਹੀਦੀ ਹੈ।
(7). ਹਲਕਾ ਨੱਚਣਾ ਜਾਂ ਪੋਤਰਿਆਂ ਦੋਹਤਰਿਆਂ ਨਾਲ ਬੌਲ ਖੇਡਣਾ ਜ਼ਰੂਰੀ ਹੈ।
(8). ਬਾਹਰੋਂ ਸਬਜ਼ੀ ਜਾਂ ਫਲ਼ ਲਿਆਉਣ ਦਾ ਕੰਮ ਜ਼ਿੰਮੇ ਲੈ ਲੈਣਾ ਚਾਹੀਦਾ ਹੈ।
(9). ਪੋਤਰਿਆਂ ਦੋਹਤਰਿਆਂ ਨੂੰ ਸਕੂਲ ਛੱਡਣ ਤੇ ਲੈ ਕੇ ਆਉਣ ਦੀ ਜ਼ਿੰਮੇਵਾਰੀ ਚੁੱਕ ਲੈਣੀ ਚਾਹੀਦੀ ਹੈ।
ਇਨ੍ਹਾਂ ਸਾਰੇ ਕੰਮਾਂ ਨਾਲ ਹੱਡੀਆਂ ਤੇ ਪੱਠਿਆਂ ਦੀ ਕਮਜ਼ੋਰੀ ਠੀਕ ਹੋ ਜਾਂਦੀ ਹੈ ਤੇ ਸਾਰੇ ਅੰਗਾਂ ਦੇ ਕੰਮ ਕਾਰ ਵਿਚ ਵੀ ਚੁਸਤੀ ਆ ਜਾਂਦੀ ਹੈ।
ਬੈਠੇ ਰਹਿਣ ਨਾਲ ਘੇਰਦੀਆਂ ਬੀਮਾਰੀਆਂ :-
(1). ਰੀੜ੍ਹ ਦੀ ਹੱਡੀ ਦਾ ਟੇਢਾ ਹੋਣਾ।
(2). ਕਬਜ਼ ਹੋਣ ਲੱਗ ਪੈਣੀ।
(3). ਯਾਦਾਸ਼ਤ ਘਟਣੀ।
(4). ਇਕੱਲਾਪਨ ਮਹਿਸੂਸ ਹੋਣਾ।
(5). ਢਹਿੰਦੀ ਕਲਾ ਮਹਿਸੂਸ ਹੋਣੀ।
(6). ਢਿੱਡ ਦਾ ਵਧਣਾ।
(7). ਸਰੀਰ ਵਿਚ ਪੀੜਾਂ ਹੁੰਦੀਆਂ ਰਹਿਣੀਆਂ।
(8). ਸਿਰ ਪੀੜ ਹੁੰਦੀ ਰਹਿਣੀ।
(9). ਮਾੜੇ ਖ਼ਿਆਲਾਂ ਨਾਲ ਦਿਮਾਗ਼ ਦਾ ਜਕੜਿਆ ਜਾਣਾ।
(10). ਮੌਤ ਬਾਰੇ ਸੋਚਣ ਲੱਗ ਪੈਣਾ।
(11). ਹਾਰਟ ਅਟੈਕ ਨਾਲ ਛੇਤੀ ਮੌਤ ਹੋ ਜਾਣੀ। ਇਹ ਤੱਥ ਢਾਈ ਲੱਖ ਅਸਟ੍ਰੇਲੀਅਨ ਲੋਕਾਂ ਦਾ ਮੈਡੀਕਲ ਰਿਕਾਰਡ ਵਾਚ ਕੇ ਸਾਬਤ ਹੋਇਆ ਹੈ।
(12). ਮੈਟਾਬੌਲਿਕ ਸਿੰਡਰੋਮ।
(13). ਦਿਲ ਦੇ ਰੋਗ।
(14). ਸ਼ੱਕਰ ਰੋਗ।
(15). ਲਹੂ ਵਿੱਚੋਂ ਵਾਧੂ ਥਿੰਦੇ ਦਾ ਛੇਤੀ ਸਾਫ਼ ਨਾ ਹੋਣਾ।
(16). ਇਨਸੂਲਿਨ ਦਾ ਅਸਰ ਘਟਣਾ।
(17). ਮੋਢਿਆਂ ਦਾ ਅਗਾਂਹ ਨੂੰ ਝੁਕਣਾ।
(18). ਰੀੜ੍ਹ ਦੀ ਹੱਡੀ ਦਾ ਹੇਠਲਾ ਕੁਦਰਤੀ ਘੁਮਾਓ ਦਾ ਸਿੱਧਾ ਹੋ ਜਾਣਾ ਤੇ ਪੀੜ੍ਹ ਕਰਨ ਲੱਗ ਪੈਣਾ।
(19). ਮਨੋਰੋਗੀ ਬਣ ਜਾਣਾ।
(20). ਵਿਟਾਮਿਨ ਡੀ ਦੀ ਘਾਟ ਹੋਣ ਨਾਲ ਨਕਾਰਾਤਮਕ ਸੋਚ ਬਣ ਜਾਣੀ।
(21). ਹੱਥਾਂ ਪੈਰਾਂ ਦਾ ਸੁੰਨ ਹੋਣਾ।
(22). ਓਸਟੀਓਆਰਥਰਾਈਟਿਸ ਵਿਚ ਵਾਧਾ।
(23). ਰਿਊਮੈਟਾਇਡ ਆਰਥਰਾਈਟਿਸ ਵਿਚ ਵਾਧਾ।
(24). ਅੱਡੀਆਂ ਵਿਚ ਪੀੜ ਹੋਣ ਲੱਗ ਪੈਣੀ।
(25). ਬੈਠੀਆਂ ਰਹਿਣ ਵਾਲੀਆਂ ਸ਼ੰਘਾਈ ਦੀਆਂ ਔਰਤਾਂ ਵਿਚ ਛਾਤੀ, ਬੱਚੇਦਾਨੀ ਤੇ ਅੰਡਕੋਸ਼ ਦਾ ਕੈਂਸਰ ਕਈ ਗੁਣਾਂ ਵਧਿਆ ਲੱਭਿਆ।
(26). ਦਿਲ ਦੇ ਰੋਗ 64 ਫੀਸਦੀ ਵੱਧ ਗਏ।
(27). 6.9 ਫੀਸਦੀ ਮੌਤਾਂ ਸਿਰਫ਼ ਬੈਠੇ ਰਹਿਣ ਨਾਲ ਹੋ ਰਹੀਆਂ ਹਨ।
(28). ਨਿਊਰੋਪੈਥੀ।
(29). ਕੋਲੈਸਟਰੋਲ ਵਿਚ ਤਿੰਨ ਗੁਣਾਂ ਵਾਧਾ।
(30). ਐਨਜਾਈਨਾ ਵਿਚ 125 ਫੀਸਦੀ ਵਾਧਾ।
(31). ਵੈਰੀਕੋਜ਼ ਵੇਨ।
(32). ਪੈਰਾਂ ਉੱਤੇ ਸੋਜਾ ਆਉਣਾ।
ਸਿਰਫ਼ ਇਕ ਸਾਲ ਦੇ ਅੰਦਰ, ਵਾਧੂ ਬੈਠੇ ਰਹਿਣ ਨਾਲ ਸਰੀਰ ਅੰਦਰ ਟਰਾਈਗਲਿਸਰਾਈਡ ਵਧਣ ਲੱਗ ਪੈਂਦੇ ਹਨ।
ਸਿਰਫ਼ ਏਨੇ ਤੋਂ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਬੈਠੇ ਰਹਿਣਾ ਕਿਵੇਂ ਸਾਡੀ ਜ਼ਿੰਦਗੀ ਨੂੰ ਛੋਟੀ ਕਰ ਰਿਹਾ ਹੈ।
ਹੋਰ ਤੱਥ ਸਭ ਕੁੱਝ ਸਪਸ਼ਟ ਕਰ ਦੇਣਗੇ :-
- ਚੰਗਾ ਕੋਲੈਸਟਰੋਲ ਸਿਰਫ਼ ਦੋ ਘੰਟੇ ਲਗਾਤਾਰ ਬੈਠਣ ਨਾਲ ਹੀ 20 ਫੀਸਦੀ ਘੱਟ ਜਾਂਦਾ ਹੈ।
- ਸਿਰਫ਼ ਇਕ ਦਿਨ ਲੋੜੋਂ ਵੱਧ ਬੈਠੇ ਰਹਿਣ ਨਾਲ ਸਰੀਰ ਅੰਦਰ ਇਨਸੂਲਿਨ ਦਾ ਅਸਰ ਘਟਿਆ ਵੇਖਿਆ ਗਿਆ ਹੈ।
- 9 ਘੰਟੇ ਰੋਜ਼ ਲਗਾਤਾਰ ਬੈਠੇ ਰਹਿਣ ਬਾਅਦ ਇਕ ਘੰਟਾ ਰੋਜ਼ ਦੀ ਕਸਰਤ ਵੀ ਸਾਰੇ ਮਾੜੇ ਅਸਰ ਵਾਪਸ ਨਹੀਂ ਕਰ ਸਕਦੀ। ਏਸੇ ਲਈ ਵਿੱਚੋਂ ਹਿਲਜੁਲ ਕਰਦੇ ਰਹਿਣ ਦੀ ਲੋੜ ਹੈ।
- ਤਿੰਨ ਘੰਟੇ ਲਗਾਤਾਰ ਬੈਠੇ ਰਹਿਣ ਬਾਅਦ ਦਿਮਾਗ਼ ਦਾ ਕੰਮ ਕਾਰ ਹੌਲੀ ਹੋਣ ਲੱਗ ਪੈਂਦਾ ਹੈ ਤੇ ਉਹ ਘੱਟ ਆਕਸੀਜਨ ਲੈਣ ਲੱਗ ਪੈਂਦਾ ਹੈ।
- ਹਰ ਹਫ਼ਤੇ 23 ਘੰਟੇ ਬੈਠੇ ਰਹਿਣ ਵਾਲੇ 88 ਫੀਸਦੀ ਲੋਕਾਂ ਨੂੰ ਦਿਲ ਦੇ ਰੋਗ ਹੋ ਚੁੱਕੇ ਹਨ।
ਕੀ ਇਹ ਸਭ ਜਾਣ ਲੈਣ ਬਾਅਦ ਹੁਣ ਖਲੋ ਕੇ ਕੰਮ ਕਰਨ ਦੀ ਆਦਤ ਨਹੀਂ ਪਾ ਲੈਣੀ ਚਾਹੀਦੀ ? ਜੇ ਉਮਰ ਲੰਮੀ ਕਰਨੀ ਹੈ ਤੇ ਢੇਰਾਂ ਦੀਆਂ ਢੇਰ ਬੀਮਾਰੀਆਂ ਤੋਂ ਬਚਣਾ ਹੈ ਤਾਂ ਬੈਠਣਾ ਹਰ ਹਾਲ ਵਿਚ ਘਟਾਉਣਾ ਪੈਣਾ ਹੈ !