ਹੋਲੀ ’ਤੇ ਵਿਸ਼ੇਸ਼
ਡਾ. ਅਮਨਦੀਪ ਸਿੰਘ ਟੱਲੇਵਾਲੀਆ-98146-99446
ਹੋਲੀ ਦਾ ਸੰਵਰਿਆ ਰੂਪ ਹੋਲਾ ਮਹੱਲਾ
ਬਸੰਤ ਦੀ ਰੁੱਤ ਸ਼ੁਰੂ ਹੋਣ ਨਾਲ ਸਰਦੀ ਦਾ ਪ੍ਰਭਾਵ ਘੱਟਣ ਲੱਗਦਾ ਹੈ। ਝੜ ਚੁੱਕੇ ਦਰਖ਼ਤ ਮੁੜ ਹਰੇ ਹੋਣੇ ਸ਼ੁਰੂ ਹੁੰਦੇ ਹਨ। ਰੰਗ ਬਿਰੰਗੇ ਪਤੰਗ ਅਸਮਾਨ ਵਿਚ ਉਡਦੇ ਦਿਖਾਈ ਦਿੰਦੇ ਹਨ। ਧੁੰਦ ਦੀ ਲਪੇਟ ’ਚ ਆਇਆ ਸੂਰਜ ਵੀ ਚਮਕ ਆਉਂਦਾ ਹੈ, ਖੇਤਾਂ ’ਚ ਖੜ੍ਹੀ ਸਰੋਂ ਦੇ ਫੁੱਲ ਅਤੇ ਗੇਂਦਿਆਂ ਦੇ ਖਿੜ ਰਹੇ ਸੁਨਹਿਰੀ ਫੁੱਲ ਇਸ ਰੁੱਤ ਨੂੰ ਚਾਰ ਚੰਨ ਲਾਉਂਦੇ ਹਨ। ਇਸ ਖਿੜੀ ਰੁੱਤ ਵਿੱਚ ਆਉਂਦਾ ਹੈ ਰੰਗਾਂ ਦਾ ਤਿਉਹਾਰ ‘ਹੋਲੀ’।
ਕਿਹਾ ਜਾਂਦਾ ਹੈ ਕਿ ਇਸ ਦਿਨ ਰਾਜਾ ਹਰਣਾਖਸ਼ ਨੇ ਭਗਤ ਪ੍ਰਹਿਲਾਦ ਨੂੰ ਆਪਣੀ ਭੈਣ ਹੋਲਿਕਾ ਦੀ ਗੋਦੀ ਵਿੱਚ ਬਿਠਾ ਕੇ ਸਾੜਨ ਦੀ ਕੋਸ਼ਿਸ਼ ਕੀਤੀ। ਹੋਲਿਕਾ ਨੂੰ ਵਰ ਸੀ ਕਿ ਉਹ ਅੱਗ ਵਿੱਚ ਨਹੀਂ ਸੜਦੀ ਪਰ ਹੋਲਿਕਾ ਸੜ ਗਈ ਅਤੇ ਪ੍ਰਹਿਲਾਦ ਬਚ ਗਿਆ। ਪ੍ਰਮਾਤਮਾ ਦੇ ਭਗਤ ਦੀ ਲਾਜ ਰੱਖਣ ਸਬੰਧੀ ਜ਼ਿਕਰ ਗੁਰਬਾਣੀ ਵਿੱਚ ਵੀ ਆਉਂਦਾ ਹੈ:-‘‘ਹਰਿ ਜੁਗੁ ਜੁਗੁ ਭਗਤ ਉਪਾਇਆ, ਪੈਜ ਰਖਦਾ ਆਇਆ ਰਾਮ ਰਾਜੇ॥ ਹਰਣਾਖਸੁ ਦੁਸਟੁ ਹਰਿ ਮਾਰਿਆ, ਪ੍ਰਹਲਾਦੁ ਤਰਾਇਆ॥’’
ਉਸ ਦਿਨ ਤੋਂ ਹੀ ਹੋਲੀ ਦਾ ਤਿਉਹਾਰ ਪੂਰੇ ਭਾਰਤ ’ਚ ਹਰ ਸਾਲ ਮਨਾਇਆ ਜਾਣ ਲੱਗਿਆ। ਹੌਲੀ-ਹੌਲੀ ਇਸ ਤਿਉਹਾਰ ਵਿੱਚ ਵਿਗਾੜ ਆਉਣਾ ਸ਼ੁਰੂ ਹੋ ਗਿਆ। ਬ੍ਰਾਹਮਣਾਂ ਵੱਲੋਂ ਤਿਉਹਾਰਾਂ ਦੀ ਵੰਡ ਵਰਣਾਂ ਦੀ ਵੰਡ ਮੁਤਾਬਿਕ ਕਰ ਦਿੱਤੀ ਗਈ। ਜਿਸ ਅਨੁਸਾਰ ਵਿਸਾਖੀ ਬ੍ਰਾਹਮਣਾਂ ਦੀ, ਦੁਸ਼ਹਿਰਾ ਕਸ਼ੱਤਰੀਆਂ ਦਾ, ਦਿਵਾਲੀ ਵੈਸ਼ਾਂ ਦੀ ਅਤੇ ‘ਹੋਲੀ’ ਆਈ ਸ਼ੂਦਰਾਂ ਹਿੱਸੇ। ‘ਹੋਲੀ’ ਦਾ ਤਿਉਹਾਰ ਰੰਗਾਂ ਦੀ ਥਾਂ ਸ਼ਰਾਬ ਪੀਣ ਅਤੇ ਸ਼ੂਦਰਾਂ ਦੀ ਬੇਇਜ਼ਤੀ ਕਰਨੀ ਜਾਂ ਔਰਤਾਂ ਨੂੰ ਤੰਗ ਕਰਨਾ, ਇਸ ਤਿਉਹਾਰ ਦਾ ਇੱਕ ਅੰਗ ਬਣ ਗਿਆ। ਸਮਾਂ ਬਦਲਿਆ, ਇਸ ਗਿਰਾਵਟ ਨੂੰ ਦੂਰ ਕਰਨ ਲਈ ਅਤੇ ਲਿਤਾੜੇ ਜਾ ਰਹੇ ਲੋਕਾਂ ਹੱਥ ਕਿ੍ਰਪਾਨ ਫੜਾਉਣ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਤਿਉਹਾਰ ਨੂੰ ਨਾ ਸਿਰਫ ਨਵੇਂ ਰੰਗਾਂ ਵਿੱਚ ਹੀ ਰੰਗਿਆਂ ਸਗੋਂ ਲੋਕਾਂ ਨੂੰ ਅਣਖ ਨਾਲ ਜਿਉਣ ਦੀ ਜਾਂਚ ਵੀ ਸਿਖਾਈ। ਜਿਹੜੇ ਲੋਕਾਂ ਨੂੰ ਆਸ ਨਹੀਂ ਸੀ ਕਿ ਉਨ੍ਹਾਂ ਦੇ ਹੱਥ ਵਿੱਚ ਕੱਚੇ ਭਾਂਡਿਆਂ ਦੀ ਥਾਂ ਤਲਵਾਰਾਂ ਹੋਣਗੀਆਂ, ਉਨ੍ਹਾਂ ਨੇ ਬੜੇ ਜੋਸ਼ ਨਾਲ ਤਲਵਾਰ ਦੇ ਮੁੱਠੇ ਨੂੰ ਹੱਥ ਪਾਇਆ। ਪਹਿਲਾਂ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਲੋਕਾਂ ਵਿਚ ‘ਮਰਦਊਪੁਣੇ’ ਦੀ ਭਾਵਨਾ ਜਾਗਿ੍ਰਤ ਕਰਨ ਲਈ ਇਸ ਦਾ ਨਾ ਬਦਲ ਕੇ ‘ਹੋਲਾ’ ਰੱਖਿਆ ਜਿਸ ਤਰ੍ਹਾਂ ਪਹਿਲਾਂ ਕਈ ਚੀਜ਼ਾਂ ਦੇ ਮਰਦਾਵੇਂ ਨਾਂ ਰੱਖੇ ਸਨ। ਫਿਰ ਸ਼ਬਦ ‘ਮੁਹੱਲਾ’ ਨਾਲ ਲਾ ਕੇ ਇਸ ਨੂੰ ‘ਹੋਲੇ ਮੁਹੱਲੇ’ ਦਾ ਨਾਂ ਦਿੱਤਾ ਗਿਆ। ‘ਹੋਲੇ’ ਦਾ ਅਰਥ ਹੈ ਹੱਲਾ, ‘ਮੁਹੱਲਾ’ ਉਸ ਥਾਂ ਨੂੰ ਕਿਹਾ ਜਾਂਦਾ ਹੈ ਜਿਸ ਨੂੰ ਜਿੱਤ ਕੇ ਉੱਥੇ ਆਸਣ ਲਾਇਆ ਜਾਵੇ। ਇਸ ਰੀਤ ਨੂੰ ਕਾਇਮ ਰੱਖਣ ਲਈ ਦਸਮੇਸ਼ ਪਿਤਾ ਨੇ 1757 ਬਿ. ਵਿੱਚ ਕਿਲ੍ਹਾ ਹੋਲਗੜ੍ਹ ਦੀ ਸਥਾਪਨਾ ਕੀਤੀ ਅਤੇ ‘ਹੋਲੇ ਮੁਹੱਲੇ’ ਦੇ ਤਿਉਹਾਰ ਨੂੰ ਆਪਣੀ ਦੇਖ-ਰੇਖ ਹੇਠ ਮਨਾਉਣਾ ਸ਼ੁਰੂ ਕੀਤਾ। ਸਿੰਘਾਂ ਦੀਆਂ ਫੌਜਾਂ ਦੇ ਦੋ ਦਲ ਬਣਾ ਲਏ ਜਾਂਦੇ ਸਨ। ਇੱਕ ਦਲ ਦੇ ਕੇਸਰੀ ਬਸਤਰ ਪਹਿਨੇ ਹੁੰਦੇ ਸਨ ਅਤੇ ਦੂਸਰੇ ਦਲ ਦੇ ਚਿੱਟੇ, ਇੱਕ ਦਲ ਕਿਲ੍ਹਾ ਹੋਲਗੜ੍ਹ ਦੀ ਰਾਖੀ ਕਰਦਾ ਅਤੇ ਦੂਜਾ ਦਲ ਉਸ ਉਪਰ ਹਮਲਾ ਕਰਦਾ। ਜਿੱਤਣ ਵਾਲੇ ਦਲ ਨੂੰ ਗੁਰੂ ਗੋਬਿੰਦ ਸਿੰਘ ਜੀ ਆਪਣੇ ਹੱਥੀਂ ਇਨਾਮ ਦਿੰਦੇ। ਇਹ ਬਨਾਉਟੀ ਯੁੱਧ ਕਰਨੇ ਉਸ ਸਮੇਂ ਦੀ ਲੋੜ ਬਣ ਚੁੱਕੀ ਸੀ ਕਿਉਂਕਿ ਗੁਰੂ ਸਾਹਿਬ ਇੱਕ ਬਹੁਤ ਵੱਡੇ ਮਨੋਵਿਗਿਆਨੀ ਵੀ ਸਨ। ਉਹ ਜਾਣਦੇ ਸਨ ਕਿ ਜਿਹੜੇ ਲੋਕੀ ਇਸ ਬਨਾਉਟੀ ਜੰਗ ਵਿੱਚ ਭਾਗ ਲੈਣਗੇ ਜਾਂ ਇਸ ਜੰਗ ਨੂੰ ਦੇਖਣਗੇ, ਉਨ੍ਹਾਂ ਦੇ ਹੌਂਸਲੇ ਹੋਰ ਬੁਲੰਦ ਹੋਣਗੇ। ਇਹ ਗੁਰੂ ਸਾਹਿਬ ਦੀ ਸੋਚ ਹੀ ਸੀ, ਜਿੰਨਾਂ ਨੇ ਬੜੇ ਸੁੰਦਰ ਤਰੀਕੇ ਨਾਲ ਲੋਕਾਂ ਨੂੰ ਜਿਉਣ ਦਾ ਢੰਗ ਸਿਖਾਇਆ ਜਿਹੜਾ ਸ਼ਾਇਦ ਕਿਸੇ ਹੋਰ ਕੋਲੋਂ ਨਹੀਂ ਸੀ ਹੋਣਾ।
ਅੱਜ ਵੀ ਹਰ ਸਾਲ ‘ਹੋਲੇ ਮੁਹੱਲੇ’ ਦੇ ਦਿਨ ਅਨੰਦਪੁਰ ਸਾਹਿਬ ਵਿਖੇ ਭਾਰੀ ਜੋੜ ਮੇਲਾ ਲੱਗਦਾ ਹੈ। ਅਭਿਆਸ ਯੁੱਧ ਲਈ ਤਿਆਰ-ਬਰ-ਤਿਆਰ ਹੋਏ ਨਿਹੰਗ ਸਿੰਘ ਕਿਲ੍ਹਾ ਆਨੰਦਗੜ੍ਹ ਦੇ ਸਾਹਮਣਿਓਂ ਗੁਰਦੁਆਰਾ ਸ਼ਹੀਦੀ ਬਾਗ਼ ਸਾਹਿਬ ਤੋਂ ਇੱਕ ਨਗਰ ਕੀਰਤਨ ਆਰੰਭ ਕਰਦੇ ਹਨ। ਗੱਤਕਾ ਖੇਡਦੇ ਗੁਲਾਲ ਦੀ ਵਰਖਾ ਕਰਦੇ ਹੋਏ ਨਿਹੰਗ ਸਿੰਘ ਤਖਤ ਸ੍ਰੀ ਕੇਸਗੜ੍ਹ ਸਾਹਿਬ, ਕਿਲ੍ਹਾ ਹੋਲਗੜ੍ਹ ਅਤੇ ਯਾਦਗਾਰ ਮਾਤਾ ਜੀਤੋ ਜੀ ਨੂੰ ਮੱਥਾ ਟੇਕਣ ਉਪਰੰਤ ‘ਚਰਨ ਗੰਗਾ’ ਦੇ ਸਥਾਨ ’ਤੇ ਖੁੱਲ੍ਹੀ ਜਗ੍ਹਾ ਵਿੱਚ ਆਪਣੀ ਕਲਾ ਦੇ ਜੌਹਰ ਦਿਖਾਉਂਦੇ ਹੋਏ ਮੇਲੇ ਦੀ ਸਮਾਪਤੀ ਕਰਦੇ ਹਨ, ਇਹ ਦਿ੍ਰਸ਼ ਬੜਾ ਮਨਮੋਹਕ ਹੁੰਦਾ ਹੈ।
ਪਾਉਂਟਾ ਸਾਹਿਬ ਦੀ ਪਵਿੱਤਰ ਧਰਤੀ ’ਤੇ ਵੀ ਬੜੀ ਸ਼ਾਨੋ-ਸ਼ੌਕਤ ਨਾਲ ‘ਹੋਲਾ-ਮੁਹੱਲਾ’ ਮਨਾਇਆ ਜਾਂਦਾ ਹੈ। ਹਰ ਤਿਉਹਾਰ ਦੀ ਆਪਣੀ-2 ਵਿਸ਼ੇਸ਼ਤਾ ਹੈ ਅਤੇ ਸਾਰੇ ਹੀ ਤਿਉਹਾਰਾਂ ’ਤੇ ਲੋਕ ਨਵੇਂ-ਨਵੇਂ ਸੋਹਣੇ ਕੱਪੜੇ ਪਾ ਕੇ ਮੇਲਾ ਵੇਖਣ ਜਾਂਦੇ ਹਨ, ਪਰ ਸਿਰਫ ਹੋਲੀ ਦਾ ਤਿਉਹਾਰ ਹੀ ਇੱਕ ਅਜਿਹਾ ਤਿਉਹਾਰ ਹੈ ਜਿਸ ਦਿਨ ਲੋਕੀਂ ਆਪਣੇ ਪੁਰਾਣੇ ਤੋਂ ਪੁਰਾਣੇ ਕੱਪੜੇ ਕੱਢ ਕੇ ਪਾਉਂਦੇ ਹਨ ਫਿਰ ਵੀ ਉਨ੍ਹਾਂ ਦੇ ਚਿਹਰਿਆਂ ’ਤੇ ਰੌਣਕ ਅਤੇ ਖੁਸ਼ੀ ਕਿਤੇ ਦੁੱਗਣੀ-ਚੌਗਣੀ ਝਲਕਦੀ ਹੁੰਦੀ ਹੈ। ਇਹ ਤਿਉਹਾਰ ਇਸ ਗੱਲ ਦਾ ਵੀ ਪ੍ਰਤੀਕ ਹੈ ਕਿ ਖੁਸ਼ ਰਹਿਣ ਲਈ ਕੇਵਲ ਭੌਤਿਕ ਵਸਤਾਂ ਜਾਂ ਗਹਿਣਿਆਂ ਦੀ ਹੀ ਲੋੜ ਨਹੀਂ ਹੁੰਦੀ ਸਗੋਂ ਅੰਦਰੂਨੀ ਖੁਸ਼ੀ ਦਾ ਹੋਣਾ ਬਹੁਤ ਹੀ ਜਰੂਰੀ ਹੁੰਦਾ ਹੈ।
ਜਿੱਥੇ ਇਹ ਰੰਗ ਆਪਣੀ ਮਹਿਕ ਨਾਲ ਲੋਕਾਂ ਦੇ ਚਿਹਰੇ ਨਸ਼ਿਆਉਂਦੇ ਹਨ, ਉੱਥੇ ਇਨ੍ਹਾਂ ਰੰਗਾਂ ਵਿੱਚ ਰੰਗੇ ਲੋਕ ਧਰਮਾਂ, ਜਾਤਾਂ, ਗੋਤਾਂ, ਮਜ੍ਹਬਾਂ ਅਤੇ ਗਰੀਬੀ-ਅਮੀਰੀ ਦੇ ਭੇਦ ਭੁਲਾ ਕੇ ਇੱਕ-ਦੂਜੇ ਨੂੰ ਗਲ ਨਾਲ ਲਾਉਂਦੇ ਹਨ। ਕਿੰਨਾ ਚੰਗਾ ਹੋਵੇ ਜੇ ਇਹ ਪਿਆਰ ਦੇ ਰੰਗ ਅਸੀਂ ਇੱਕ ਦੂਜੇ ’ਤੇ ਹਰ ਰੋਜ਼ ਛਿੜਕਦੇ ਰਹੀਏ ਅਤੇ ਨਫ਼ਰਤਾਂ ਦੀ ਚੱਲ ਰਹੀ ਹਨੇਰੀ ਨੂੰ ਠੱਲ੍ਹ ਪਾਈਏ, ਬਦੀ ਉੱਤੇ ਨੇਕੀ ਦੀ ਜਿੱਤ ਹੋਵੇ ਅਤੇ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਿਰਜੇ ਹੋਏ ਸੁਪਨੇ ਸਾਕਾਰ ਹੋਣ।