ਜਿਨ੍ਹਾਂ ਲੋਕਾਂ ਕੋਲ ਕੋਈ ਦਲੀਲ ਨਹੀਂ ਹੁੰਦੀ ਉਹ ਬੁਖਲਾਹਟ ਵਿੱਚ ਆ ਕੇ ਹੱਥੋਪਾਈ ਦੀ ਕੋਸ਼ਿਸ ਕਰਦੇ ਹਨ।

0
215

ਜਿਨ੍ਹਾਂ ਲੋਕਾਂ ਕੋਲ ਕੋਈ ਦਲੀਲ ਨਹੀਂ ਹੁੰਦੀ ਉਹ ਬੁਖਲਾਹਟ ਵਿੱਚ ਆ ਕੇ ਹੱਥੋਪਾਈ ਦੀ ਕੋਸ਼ਿਸ ਕਰਦੇ ਹਨ।

ਅਜੇਹੇ ਬੇਦਲੀਲੇ ਗੁੰਡਾ ਟਾਈਪ ਲੋਕਾਂ ਨੂੰ ਸਰਕਾਰ ਨੇ ਨੱਥ ਨਾ ਪਾਈ ਤਾਂ ਸਮਝਿਆ ਜਾਵੇਗਾ ਕਿ ਸਰਕਾਰ ਉਨ੍ਹਾਂ ਨੂੰ ਸਿੱਧੇ ਤੌਰ ’ਤੇ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣ ਲਈ ਉਤਸ਼ਾਹਤ ਕਰ ਰਹੀ ਹੈ: ਗਿਆਨੀ ਨੰਦਗੜ੍ਹ

ਬਠਿੰਡਾ, 15 ਮਾਰਚ (ਕਿਰਪਾਲ ਸਿੰਘ): ਜਿਨ੍ਹਾਂ ਲੋਕਾਂ ਕੋਲ ਕੋਈ ਦਲੀਲ ਨਹੀਂ ਹੁੰਦੀ ਉਹ ਬੁਖ਼ਲਾਹਟ ਵਿੱਚ ਆ ਕੇ ਹੱਥੋਪਾਈ ਦੀ ਕੋਸ਼ਿਸ ਕਰਦੇ ਹਨ। ਅਜੇਹੇ ਬੇਦਲੀਲੇ ਗੁੰਡਾ ਟਾਈਪ ਲੋਕਾਂ ਨੂੰ ਸਰਕਾਰ ਨੇ ਨੱਥ ਨਾ ਪਾਈ ਤਾਂ ਸਮਝਿਆ ਜਾਵੇਗਾ ਕਿ ਸਰਕਾਰ ਉਨ੍ਹਾਂ ਨੂੰ ਸਿੱਧੇ ਤੌਰ ’ਤੇ ਕਾਨੂੰਨ ਆਪਣੇ ਹੱਥ ਵਿੱਚ ਲੈਣ ਲਈ ਉਤਸ਼ਾਹਤ ਕਰ ਰਹੀ ਹੈ। ਸਰਕਾਰ ਦੀ ਅਪਰਾਧਿਕ ਕਿਸਮ ਦੀ ਇਸ ਨੀਤੀ ਕਾਰਨ ਜੇ ਸਿੱਖ ਕੌਮ ਖਾਨਾਜੰਗੀ ਦਾ ਸ਼ਿਕਾਰ ਹੋਈ ਤਾਂ ਇਸ ਲਈ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੋਵੇਗੀ। ਇਹ ਸ਼ਬਦ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਬੀਤੇ ਦਿਨ ਫਰੀਦਕੋਟ ਨੇੜੇ ਪਿੰਡ ਮੋਰਾਂਵਾਲੀ ਵਿਖੇ ਚੱਲ ਰਹੇ ਗੁਰਮਤਿ ਸਮਾਗਮ ਵਿੱਚ ਡੇਰੇਦਾਰਾਂ ਦੇ ਕੁਝ ਚੇਲਿਆਂ ਵੱਲੋਂ ਵਿਘਨ ਪਾਉਣ ਅਤੇ ਸਮਾਪਤੀ ਉਪ੍ਰੰਤ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਜੀ ਦਾ ਰਸਤਾ ਰੋਕਣ ਵਾਲੀ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ ਕਹੇ।

ਦੱਸਣਯੋਗ ਹੈ ਕਿ ਪਿੰਡ ਮੋਰਾਂਵਾਲੀ ਵਿਖੇ 13, 14, 15 ਮਾਰਚ ਦੇ ਤਿੰਨ ਦਿਨਾਂ ਗੁਰਮਤਿ ਸਮਾਗਮ ਚੱਲ ਰਹੇ ਹਨ ਜਿਸ ਦੇ ਦੂਸਰੇ ਦਿਨ ਵਾਲੇ ਸਮਾਗਮ ’ਚ ਅੱਜ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਜੀ ਗੁਰਮਤਿ ਵੀਚਾਰਾਂ ਅਤੇ ਪੰਥ ਦੇ ਅਹਿਮ ਚਲੰਤ ਮਸਲੇ ਨਾਨਕਸ਼ਾਹੀ ਕੈਲੰਡਰ ਸਬੰਧੀ ਵੀਚਾਰਾਂ ਕਰ ਰਹੇ ਸਨ। ਭਾਈ ਪੰਥਪ੍ਰੀਤ ਸਿੰਘ, ਨਾਨਕਸ਼ਾਹੀ ਕੈਲੰਡਰ ਦੀ ਸਿੱਖ ਕੌਮ ਨੂੰ ਲੋੜ ਅਤੇ ਅਹਿਮੀਅਤ ਸਬੰਧੀ ਵਿਸਥਾਰਤ ਜਾਣਕਾਰੀ ਦੇ ਰਹੇ ਸਨ। ਉਨ੍ਹਾਂ ਦੱਸਿਆ ਕਿ ਪੰਥ ਦੋਖੀ ਤਾਕਤਾਂ ਨਹੀਂ ਚਾਹੁੰਦੀਆਂ ਕਿ ਸਿੱਖਾਂ ਦਾ ਆਪਣਾ ਵੱਖਰਾ ਕੈਲੰਡਰ ਹੋਵੇ ਇਸ ਲਈ ਉਨ੍ਹਾਂ ਦੇ ਇਸ਼ਾਰੇ ’ਤੇ ਸਾਡੇ ਡੇਰੇਦਾਰਾਂ, ਜਥੇਦਾਰਾਂ ਅਤੇ ਸਿਆਸਤਦਾਨਾਂ ਨੇ ਮਿਲ ਕੇ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰ ਦਿੱਤਾ ਹੈ ਜਿਸ ਨੂੰ ਜਾਗਰੂਕ ਹੋਈ ਸਿੱਖ ਕੌਮ ਕਦੀ ਵੀ ਬਰਦਾਸ਼ਤ ਨਹੀਂ ਕਰੇਗੀ। ਭਾਈ ਸਾਹਿਬ ਜੀ ਦੇ ਇਹ ਸ਼ਬਦ ਬਿਕ੍ਰਮੀ ਕੈਲੰਡਰ ਦੇ ਇੱਕ ਸਮਰਥਕ ਨੂੰ ਸੂਲਾਂ ਵਾਂਗ ਚੁਭੇ ਜਿਸ ਕਾਰਨ ਉਹ ਚਲਦੇ ਦੀਵਾਨ ਦੌਰਾਨ ਹੀ ਖੜ੍ਹਾ ਹੋ ਕੇ ਭਾਈ ਪੰਥਪ੍ਰੀਤ ਸਿੰਘ ਜੀ ਨੂੰ ਧਮਕੀ ਭਰੇ ਲਹਿਜੇ ਵਿੱਚ ਕਹਿਣ ਲੱਗਾ ਕਿ ਸਿਰਫ ਗੁਰਬਾਣੀ ਸਬੰਧੀ ਹੀ ਗੱਲ ਕਰੋ, ਨਾਨਕਸ਼ਾਹੀ ਕੈਲੰਡਰ ਸਬੰਧੀ ਕੋਈ ਗੱਲ ਨਾ ਕੀਤੀ ਜਾਵੇ। ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਨੇ ਮੋੜਵਾਂ ਉੱਤਰ ਦਿੰਦਿਆਂ ਕਿਹਾ ਕਿ ਇਸ ਵੇਲੇ ਨਾਨਕਸ਼ਾਹੀ ਕੈਲੰਡਰ ਪੰਥਕ ਮਸਲਾ ਹੈ ਅਤੇ ਪੰਥਕ ਮਸਲੇ ਸਬੰਧੀ ਬੋਲਣਾ ਹਰ ਸਿੱਖ ਦਾ ਫਰਜ਼ ਬਣਦਾ ਹੈ। ਇਸ ਲਈ ਨਾਨਕਸ਼ਾਹੀ ਕੈਲੰਡਰ ਸਬੰਧੀ ਪੂਰੀ ਜਾਣਕਾਰੀ ਸਿੱਖ ਸੰਗਤਾਂ ਨੂੰ ਹਰ ਹਾਲਤ ’ਚ ਦਿੱਤੀ ਜਾਵੇਗੀ; ਜੇ ਤੁਹਾਨੂੰ ਕੋਈ ਇਤਰਾਜ਼ ਹੈ ਜਾਂ ਇਸ ਸਬੰਧੀ ਕੋਈ ਵੀਚਾਰ ਕਰਨੀ ਚਾਹੋ ਤਾਂ ਦੀਵਾਨ ਦੀ ਸਮਾਪਤੀ ਉਪ੍ਰੰਤ ਬੜੀ ਖੁਸ਼ੀ ਨਾਲ ਕਰ ਸਕਦੇ ਹੋ? ਦੀਵਾਨ ਵਿੱਚ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਦੇ ਗੁਰਮਤਿ ਵੀਚਾਰਾਂ ਅਤੇ ਨਾਨਕਸ਼ਾਹੀ ਕੈਲੰਡਰ ਦੇ ਹਮਾਇਤੀਆਂ ਦੀ ਵੱਡੀ ਗਿਣਤੀ ਵੇਖ ਕੇ ਇੱਕ ਵਾਰ ਤਾਂ ਉਹ ਵਾਪਸ ਚਲਾ ਗਿਆ ਪਰ ਸਮਾਗਮ ਦੀ ਸਮਾਪਤੀ ਉਪ੍ਰੰਤ ਉਸ ਨੇ ਆਪਣੇ ਕੁਝ ਹੋਰ ਹਮਾਇਤੀ ਲੈ ਕੇ ਭਾਈ ਸਾਹਿਬ ਜੀ ਦੀ ਗੱਡੀ ਦਾ ਵਾਪਸੀ ਸਮੇਂ ਰਸਤਾ ਰੋਕ ਲਿਆ। ਅੱਗੋਂ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਵੀ ਗੱਡੀ ਤੋਂ ਉੱਤਰ ਕੇ ਬਾਹਰ ਆ ਗਏ ਤੇ ਉਨ੍ਹਾਂ ਨੂੰ ਚੁਣੌਤੀ ਦਿੱਤੀ ਕਿ ਜੇ ਤੱਥਾਂ ਦੇ ਅਧਾਰ ’ਤੇ ਬਾ-ਦਲੀਲ ਵੀਚਾਰ ਕਰਨੀ ਹੈ ਤਾਂ ਤੁਹਾਡਾ ਸੁਆਗਤ ਹੈ ਪਰ ਜੇ ਬਾਹੂ-ਬਲ ਦੇ ਜੋਰ ਸਾਡੀ ਆਵਾਜ਼ ਬੰਦ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਬਹੁਤ ਵੱਡੇ ਭੁਲੇਖੇ ਵਿੱਚ ਹੋ ਅਤੇ ਤੁਹਾਨੂੰ ਆਪਣਾ ਭੁਲੇਖਾ ਦੂਰ ਕਰਨ ਦੀ ਖੁੱਲ੍ਹ ਹੈ। ਬੁਖਲਾਏ ਹੋਏ ਡੇਰਾਵਾਦੀ ਸਮਰਥਕਾਂ ਨੇ ਕਿਹਾ ਕਿ ਠੀਕ ਹੈ ਅੱਜ ਤਾਂ ਤੁਸੀਂ ਆਪਣਾ ਸਮਾਗਮ ਕਰ ਲਿਆ ਹੈ ਪਰ ਕੱਲ੍ਹ ਨੂੰ ਤੁਹਾਨੂੰ ਬਿਲਕੁਲ ਇਜ਼ਾਜਤ ਨਹੀਂ ਦਿੱਤੀ ਜਾਵੇਗੀ। ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਨੇ ਡੇਰੇਦਾਰਾਂ ਦੀ ਚੁਣੌਤੀ ਕਬੂਲਦੇ ਹੋਏ ਕਿਹਾ ਕਿ ਕੱਲ੍ਹ ਨੂੰ ਰੌਟੀਨ ਦੇ ਤੌਰ ’ਤੇ ਦੀਵਾਨ ਚੱਲੇਗਾ ਜਿਸ ਵਿੱਚ ਉਹ ਹਰ ਹਾਲਤ ਹਾਜ਼ਰੀ ਭਰਨਗੇ। ਜੇ ਤੁਹਾਡੇ ਵਿੱਚ ਹਿੰਮਤ ਹੋਈ ਤਾਂ ਤੁਸੀਂ ਰੋਕ ਸਕਦੇ ਹੋ।

ਗਿਆਨੀ ਨੰਦਗੜ੍ਹ ਨੇ ਉਪ੍ਰੋਕਤ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ ਕਿਹਾ ਕਿ ਪੰਥ ਦੋਖੀਆਂ ਅਤੇ ਸਰਕਾਰ ਦੀ ਸ਼ਹਿ ’ਤੇ ਇਨ੍ਹਾਂ ਗੁੰਡਿਆਂ ਨੂੰ ਧਾਰਮਿਕ ਦੀਵਾਨਾਂ ਵਿੱਚ ਵਿਘਨ ਪਾਉਣ ਅਤੇ ਗੁਰਮਤਿ ਦੀ ਸਹੀ ਜਾਣਕਾਰੀ ਦੇ ਰਹੇ ਪ੍ਰਚਾਰਕਾਂ ਨੂੰ ਡਰਾਉਣ ਦੀ ਹਰਗਿਜ਼ ਇਜ਼ਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਗੁਰੂ ਨਾਨਕ ਸਾਹਿਬ ਜੀ ਨੇ ਜਗਨ ਨਾਥ ਪੁਰੀ ਜਾ ਕੇ ਹਿੰਦੂ ਪੁਜਾਰੀਆਂ ਵੱਲੋਂ ਕੀਤੀ ਜਾ ਰਹੀ ਆਰਤੀ ਦਾ ਖੰਡਨ ਕੀਤਾ, ਹਰਦੁਆਰ ਜਾ ਕੇ ਸ਼ਰਾਧਾਂ ਰਾਹੀਂ ਪੁਜਾਰੀਆਂ ਵੱਲੋਂ ਪਿੱਤਰਾਂ ਨੂੰ ਮਾਲ ਪਹੁੰਚਾਉਣ ਦਾ ਖੰਡਨ ਕੀਤਾ ਅਤੇ ਮੱਕੇ ਜਾ ਕੇ ਸਿੱਧ ਕੀਤਾ ਕਿ ਅੱਲ੍ਹਾ ਨੂੰ ਸਿਰਫ ਮੱਕੇ ਦੀ ਮਹਿਰਾਬ ਵਿੱਚ ਹੀ ਮੰਨ ਲੈਣਾ ਮੌਲਾਣਿਆਂ ਦੀ ਭਾਰੀ ਭੁੱਲ ਹੈ ਕਿਉਂਕਿ ਅੱਲ੍ਹਾ ਤਾਂ ਜ਼ਰੇ-ਜ਼ਰੇ ਵਿੱਚ ਮੌਜੂਦ ਹੈ। ਕਰਮਕਾਂਡੀ ਹਿੰਦੂ ਅਤੇ ਮੁਸਲਾਮਨ ਪੁਜਾਰੀਆਂ ਨੂੰ ਭਗਤ ਨਾਮਦੇਵ ਜੀ ਨੇ ਵੰਗਾਰ ਕੇ ਕਿਹਾ: ‘‘ਹਿੰਦੂ ਅੰਨ੍ਹਾ ਤੁਰਕੂ ਕਾਣਾ॥ ਦੁਹਾਂ ਤੇ ਗਿਆਨੀ ਸਿਆਣਾ॥ ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤਿ॥ ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ॥’ (ਪੰਨਾ 875) ਪਰ ਇਤਿਹਾਸ ਵਿੱਚ ਕਿਸੇ ਥਾਂ ਵੀ ਦਰਜ ਨਹੀਂ ਹੈ ਕਿ ਹਿੰਦੂ ਜਾਂ ਮੁਸਲਮਾਨ ਪੁਜਾਰੀਆਂ ਨੇ ਗੁਰੂ ਨਾਨਕ ਸਾਹਿਬ ਜੀ, ਜਾਂ ਭਗਤ ਨਾਮਦੇਵ ਜੀ ਨਾਲ ਸਿੱਧੇ ਤੌਰ ’ਤੇ ਹੱਥੋਪਾਈ ਹੋਏ ਹੋਣ ਪਰ ਸਾਡੇ ਡੇਰੇਦਾਰ ਦਲੀਲ ਨਾਲ ਗੱਲ ਕਰਨ ਦੀ ਬਜਾਏ ਹੱਥੋਪਾਈ ’ਤੇ ਉੱਤਰ ਕੇ ਸਿੱਖ ਧਰਮ ਨੂੰ ਬਦਨਾਮ ਕਰ ਰਹੇ ਹਨ ਜਿਨ੍ਹਾਂ ਨੂੰ ਸੰਗਤਾਂ ਵਿੱਚ ਬਾ-ਦਲੀਲ ਨੰਗਾ ਕੀਤਾ ਜਾਵੇਗਾ।