ਭਲੇ ਅਮਰਦਾਸ ਗੁਣ ਤੇਰੇ..॥

0
1635

ਭਲੇ ਅਮਰਦਾਸ ਗੁਣ ਤੇਰੇ..॥

ਭਾਈ ਅਮਰਿੰਦਰ ਸਿੰਘ ‘ਸੁਰਤਾਪੁਰ’

ਸ਼੍ਰੀ ਗੁਰੂ ਅਮਰਦਾਸ ਜੀ ਅਤਿ ਸ਼ੀਲ ਸੁਭਾਅ, ਨਿਮਰਤਾ, ਸੇਵਾ ਭਾਵ ਇਕ ਰਸ ਭਗਤੀ ਦੇ ਧਾਰਨੀ, ਮਨੁੱਖਤਾ ਦਾ ਭਲਾ ਲੋਚਣ ਵਾਲੇ, ਗ਼ਰੀਬਾਂ ਅਤੇ ਦੁਖੀਆਂ ਲਈ ਅਥਾਹ ਹਮਦਰਦੀ ਰੱਖਣ ਵਾਲੇ ਪਾਰਬ੍ਰਹਮ ਵਿਚ ਲੀਨ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ’ਤੇ ਬਿਰਾਜਮਾਨ ਹੋਣ ਵਾਲੇ ਤੀਜੇ ਪਾਤਸ਼ਾਹ ਜੀ ਹਨ।  ਆਪ ਜੀ ਦਾ ਪ੍ਰਕਾਸ਼ ਸੰਨ 1479 ਈ. ’ਚ ਪਿੰਡ ਬਾਸਰਕੇ, ਜ਼ਿਲ੍ਹਾ ਅੰਮ੍ਰਿਤਸਰ ਵਿੱਚ ਬਾਬਾ ਤੇਜਭਾਨ ਜੀ ਅਤੇ ਮਾਤਾ ਸੁਲਖਣੀ (ਮਾਤਾ ਲੱਖੋ) ਜੀ ਦੇ ਘਰ ਹੋਇਆ। ਆਪ ਜੀ ਦਾ ਵਿਆਹ ਬੀਬੀ ਮਨਸਾ ਦੇਵੀ ਜੀ ਨਾਲ਼ 1532 ਈਸਵੀ ’ਚ ਹੋਇਆ, ਜਿਨ੍ਹਾਂ ਦੀ ਕੁੱਖੋਂ 30 ਅਪ੍ਰੈਲ 1534 ਨੂੰ ਬੀਬੀ ਭਾਨੀ ਜੀ ਦਾ ਜਨਮ ਹੋਇਆ, 11 ਮਾਰਚ 1536 ਈ. ਨੂੰ ਪੁੱਤਰ ਮੋਹਨ ਜੀ ਅਤੇ 2 ਜੂਨ 1539 ਈ. ਨੂੰ ਦੂਜੇ ਪੁੱਤਰ ਬਾਬਾ ਮੋਹਰੀ ਜੀ ਦਾ ਜਨਮ ਹੋਇਆ। ਇਤਿਹਾਸਕਾਰ ਡਾਕਟਰ ਹਰਜਿੰਦਰ ਸਿੰਘ ਦਲਗੀਰ ਮੁਤਾਬਕ ਗੁਰੂ ਅਮਰਦਾਸ ਜੀ ਦਾ ਜਨਮ 18 ਅਪ੍ਰੈਲ 1509 ਈ. (ਸੰਮਤ ੧੫੬੬) ਨੂੰ ਹੋਇਆ ਹੈ, ਪਰ ਲੇਖਕਾਂ ਨੇ ਸੰਮਤ ੧੫੬੬ ਨੂੰ ਗ਼ਲਤੀ ਨਾਲ਼ ੧੫੩੬ ਮੰਨ ਕੇ ਸੰਨ 1479 (ਭਾਵ 30 ਸਾਲ ਪਹਿਲਾਂ) ਲਿਖ ਦਿੱਤਾ। ਜੇ ਗੁਰੂ ਜੀ ਦਾ ਜਨਮ ਸੰਨ 1479 ਮੰਨ ਲਈਏ ਤਾਂ ਗੁਰੂ ਜੀ ਦੀ ਸ਼ਾਦੀ ਸਮੇਂ ਉਮਰ 53 ਸਾਲ ਮੰਨਣੀ ਪਵੇਗੀ ਜਦਕਿ ਉਸ ਸਮੇਂ ਜ਼ਿਆਦਾਤਰ ਬੱਚਿਆਂ ਦੇ ਵਿਆਹ 20 ਕੁ ਸਾਲ ਤੋਂ ਪਹਿਲਾਂ ਹੀ ਕਰ ਦਿੱਤੇ ਜਾਂਦੇ ਸਨ।

ਆਪ ਜੀ ਦੇ ਪਿਤਾ ਵੈਸ਼ਨਵ ਖ਼ਿਆਲਾਂ ਦੇ ਧਾਰਨੀ ਸਨ, ਇਨ੍ਹਾਂ ਘਰੋਗੀ ਵਿਚਾਰਾਂ ਨੇ ਸ਼੍ਰੀ ਅਮਰਦਾਸ ਜੀ ਦੀ ਜ਼ਿੰਦਗੀ ’ਤੇ ਗਹਿਰਾ ਅਸਰ ਪਾਇਆ। ਆਪ ਜੀ ਨੇ ਸਾਰੇ ਧਾਰਮਿਕ ਕਰਮ ਬ੍ਰਤ, ਮੌਨ, ਜਪ-ਤਪ, ਤੀਰਥ ਇਸ਼ਨਾਨ ਇਤਿਆਦਿਕ ਕਰਕੇ ਵੇਖ ਲਏ ਪਰ ਕਿਸੇ ਨੇ ਵੀ ਆਤਮਾ ਦੀ ਤ੍ਰਿਪਤੀ ਨਾ ਕੀਤੀ। ਹਰ ਸਾਲ ਗੰਗਾ ਇਸ਼ਨਾਨ ਅਤੇ ਗੰਗਾ ਮਾਈ ਦਾ ਜਲ ਛਕ ਕੇ ਵੀ ਤ੍ਰਿਖਾ ਨਾ ਬੁਝੀ।  ਗੁਰੂ ਬਚਨ ਹਨ: ‘‘ਮਨ ਕਾਮਨਾ ਤੀਰਥ ਜਾਇ ਬਸਿਓ, ਸਿਰਿ ਕਰਵਤ ਧਰਾਏ ਮਨ ਕੀ ਮੈਲੁ ਉਤਰੈ ਇਹ ਬਿਧਿ, ਜੇ ਲਖ ਜਤਨ ਕਰਾਏ’’ (ਪੰਨਾ ੬੪੨)

ਕਈ ਭਗਤਾਂ, ਸਾਧੂਆਂ ਦੀ ਸੰਗਤ ਕਰਨ ਦੇ ਨਾਲ ਇਹ ਨਿਸ਼ਚਾ ਹੋ ਗਿਆ ਕਿ ਤਨ ਧੋਤਿਆਂ ਮਨ ਉਜਲਾ ਨਹੀਂ ਹੋ ਸਕਦਾ। ਮਨ ਨੂੰ ਸਾਫ਼ ਕਰਨ ਲਈ ਕਿਸੇ ਮਾਨਸਿਕ ਤੀਰਥ ਉੱਤੇ ਜਾ ਕੇ ਇਸ਼ਨਾਨ ਕਰਨਾ ਪਵੇਗਾ ‘‘ਅੰਤਰਗਤਿ ਤੀਰਥਿ ਮਲਿ ਨਾਉ ’’ (ਜਪੁ/: ) ਪਵਿੱਤਰ ਤੀਰਥ ਦੀ ਖ਼ਬਰ ਆਪ ਜੀ ਨੂੰ ਆਪਣੇ ਹੀ ਘਰ ਤੋਂ ਮਿਲੀ।  ਇੱਕ ਦਿਨ ਬੀਬੀ ਅਮਰੋ ਜੀ, ਜੋ ਕਿ ਗੁਰੂ ਅੰਗਦ ਦੇਵ ਜੀ ਦੀ ਸਪੁੱਤਰੀ ਸੀ ਤੇ ਗੁਰੂ ਅਮਰਦਾਸ ਜੀ ਦੇ ਭਤੀਜੇ ਨਾਲ ਵਿਆਹੀ ਹੋਈ ਸੀ, ਅੰਮ੍ਰਿਤ ਵੇਲੇ ਗੁਰਬਾਣੀ ਪੜ੍ਹ ਰਹੇ ਸਨ: ‘‘ਕਰਣੀ ਕਾਗਦੁ ਮਨੁ ਮਸਵਾਣੀ; ਬੁਰਾ ਭਲਾ ਦੁਇ ਲੇਖ ਪਏ ਜਿਉ ਜਿਉ ਕਿਰਤ ਚਲਾਏ, ਤਿਉ ਚਲੀਐ; ਤਉ ਗੁਣ ਨਾਹੀ ਅੰਤੁ ਹਰੇ’’ (:/ਪੰਨਾ 990) ਜਦੋਂ ਪਾਵਨ ਸ਼ਬਦ ਦਾ ਪਾਠ ਸੁਣਿਆ ਤਾਂ ਅੰਦਰ ਨੂੰ ਕੁਝ ਆਤਮਿਕ ਹੁਲਾਰਾ ਮਿਲਿਆ। ਬੀਬੀ ਅਮਰੋ ਜੀ; ਆਪ ਜੀ ਨੂੰ ਆਪਣੇ ਪਿਤਾ (ਗੁਰੂ ਅੰਗਦ ਦੇਵ) ਜੀ ਪਾਸ ਖਡੂਰ ਸਾਹਿਬ ਵਿਖੇ ਲੈ ਆਏ।  ਸ਼੍ਰੀ ਅਮਰਦਾਸ ਜੀ ਨੇ ਕੁੜਮਾਚਾਰੀ ਦਾ ਖਿਆਲ ਨਾ ਕਰਦਿਆਂ ਹੋਇਆ ਗੁਰੂ ਅੰਗਦ ਸਾਹਿਬ ਜੀ ਨੂੰ ਨਮਸਕਾਰ ਕੀਤੀ।  ਇਸ ਮਿਲਾਪ ਨੇ ਮਾਨੋ ਵਡੇਰੀ ਉਮਰ ’ਚ ਨਵੀਂ ਜੁਆਨੀ ਦਾ ਹੁਲਾਰਾ ਪੈਦਾ ਕਰ ਦਿੱਤਾ। ਆਪ ਜੀ ਨੇ ਇਹ ਅਟਲ ਫ਼ੈਸਲਾ ਕਰ ਲਿਆ ਕਿ ਬਾਕੀ ਦੀ ਜ਼ਿੰਦਗੀ ਇਸ (ਗੁਰੂ) ਤੀਰਥ ਉੱਤੇ ਹੀ ਗੁਜਾਰਾਂਗਾ।  ਸ਼ੀ੍ਰ ਅਮਰਦਾਸ ਜੀ ਨੇ ਆਪਣੇ ਪੀ੍ਰਤਮ ਨੂੰ ਮਿਲਣ ਦੇ ਲਈ ‘ਗਾਖੜੀ ਸੇਵਾ’ ਕਰਨੀ ਸ਼ੁਰੂ ਕਰ ਦਿੱਤੀ। ਆਪ ਜੀ ਨੇ 10-12 ਸਾਲ ਦੇ ਸਮੇਂ ਦੌਰਾਨ ‘‘ਤਨੁ ਮਨੁ ਧਨੁ ਸਭ ਸਉਪਿ ਗੁਰ ਕਉ, ਹੁਕਮਿ ਮੰਨਿਐ ਪਾਈਐ’’ ਅਨੁਸਾਰ ਘਾਲਣਾ ਘਾਲੀ।  ਕੀਤੀ ਹੋਈ ਸੇਵਾ ਨੂੰ ਗੁਰੂ ਘਰ ਵੱਲੋਂ ਇਹ ਫਲ਼ ਲੱਗਾ ਕਿ ‘‘ਨਾਨਕ  ! ਕੁਲਿ ਨਿੰਮਲੁ ਅਵਤਰਿ, ਅੰਗਦ ਲਹਣੇ ਸੰਗਿ ਹੁਅ ’’ (ਭਟ ਕੀਰਤ/੧੩੯੫) ਭਾਵ ਸ਼੍ਰੀ ਗੁਰੂ ਅੰਗਦ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦੇ ਵਾਰਸ ਬਣਾ ਕੇ ਸ਼੍ਰੀ ਗੁਰੂ ਅਮਰਦਾਸ ਬਣਾ ਦਿੱਤਾ।

ਸ਼੍ਰੀ ਗੁਰੂ ਅੰਗਦ ਸਾਹਿਬ ਜੀ ਦੀ ਆਗਿਆ ਅਨੁਸਾਰ ਆਪ ਜੀ ਨੇ ਗੋਇੰਦਵਾਲ ਨਗਰ ਵਸਾਇਆ। ਆਪ ਜੀ ਨੇ ਇੱਥੇ ਹੀ ਸਿੱਖੀ ਦੀ ਫੁਲਵਾੜੀ ਲਾਉਣੀ ਸ਼ੁਰੂ ਕਰ ਦਿੱਤੀ।  ਉਸ ਸਮੇਂ ਦੇ ਸਮਾਜ ਵਿੱਚ ਜੋ ਜਾਤ-ਪਾਤ ਦਾ ਭੇਦ-ਭਾਵ ਬਹੁਤ ਵੱਡੇ ਪੱਧਰ ਉੱਤੇ ਫੈਲਿਆ ਹੋਇਆ ਸੀ, ਉਸ ਨੂੰ ਦੂਰ ਕਰਨ ਵਾਸਤੇ ਆਪ ਨੇ ਬਹੁਤ ਵੱਡਾ ਯੋਗਦਾਨ ਪਾਇਆ। ਉੱਚ ਜਾਤ ਦੇ ਲੋਕ ਨੀਵੀਂ ਜਾਤ ਵਾਲੇ ਲੋਕਾਂ ਨੂੰ ਖੂਹ ਤੋਂ ਪਾਣੀ ਵੀ ਨਹੀਂ ਭਰਨ ਦਿੰਦੇ ਸਨ।  ਸ਼੍ਰੀ ਗੁਰੂ ਅਮਰਦਾਸ ਜੀ ਨੇ ਲੋਕ ਭਲਾਈ ਵਾਸਤੇ ਸੰਨ 1556 ’ਚ 84 ਪਉੜੀਆਂ ਵਾਲ਼ੀ ਇੱਕ ਬਾਉਲੀ ਤਿਆਰ ਕਰਵਾਈ।  ਬਿਨਾਂ ਕਿਸੇ ਭੇਦ-ਭਾਵ ਦੇ ਲੋਕਾਂ ਨੂੰ ਪਾਣੀ ਪੀਣ ਦੀ ਖੁੱਲ੍ਹ ਦਿੱਤੀ ਗਈ।

ਜੋ ਲੋਕ ਆਖਦੇ ਹਨ ਕਿ ਗੁਰੂ ਜੀ ਦਾ ਮੰਤਵ ਇਹ ਸੀ ਕਿ ਇੱਥੇ ਨਹਾਉਣ ਨਾਲ ਚੁਰਾਸੀ ਕੱਟੀ ਜਾਇਆ ਕਰੇਗੀ, ਉਹ ਲੋਕ ਗੁਰੂ ਜੀ ਦੀ ਤਾਲੀਮ ਨੂੰ ਭੁੱਲ ਜਾਂਦੇ ਹਨ ਜੋ ਕਿ ਉਨ੍ਹਾਂ 20 ਸਾਲ ਆਪ ਗੰਗਾ ਦਾ ਇਸ਼ਨਾਨ ਕਰਦਿਆਂ ਤਜਰਬਾ ਕਰ ਕੇ ਕਹੀ ਸੀ : ‘‘ਮਨਿ ਮੈਲੈ, ਸਭੁ ਕਿਛੁ ਮੈਲਾ; ਤਨਿ ਧੋਤੈ, ਮਨੁ ਹਛਾ ਹੋਇ ’’ (: /੫੫੮)

ਸ਼੍ਰੀ ਗੁਰੂ ਅਮਰਦਾਸ ਜੀ ਦੇ ਗੁਰੂ ਘਰ ਆਉਣ ਤੋਂ ਬਾਅਦ ਦੀ ਸਾਰੀ ਜ਼ਿੰਦਗੀ ਇਨ੍ਹਾਂ ਕਰਮਕਾਂਡਾਂ ਵਿਰੁਧ ਆਵਾਜ਼ ਬੁਲੰਦ ਕਰਨਾ ਸੀ। ਉਨ੍ਹਾਂ ਜਾਤ-ਪਾਤ ਦੇ ਵਹਿਮ ਭਰਮ ਨੂੰ ਖ਼ਤਮ ਕਰਨ ਲਈ ਪਹਿਲੇ ਪੰਗਤ ਪਾਛੇ ਸੰਗਤ ਮਰਯਾਦਾ ਲਾਗੂ ਕੀਤੀ।

ਪੁਰਾਤਨ ਕਾਲ ਤੋਂ ਸਾਰੀ ਦੁਨੀਆਂ ਵਿੱਚ ਇਸਤਰੀ ਦਾ ਦਰਜਾ ਮਰਦ ਨਾਲੋਂ ਘੱਟ (ਛੋਟਾ) ਸਮਝਿਆ ਜਾਂਦਾ ਸੀ। ਸਿਰਫ਼ ਗੁਰੂ ਘਰ ਹੀ ਹੈ ਜਿੱਥੇ ਇਸਤਰੀ ਨੂੰ ਮਰਦ ਦੇ ਬਰਾਬਰ ਥਾਂ ਦਿੱਤੀ ਜਾਂਦੀ ਹੈ। ਸ਼੍ਰੀ ਗੁਰੂ ਨਾਨਕ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਇਸਤਰੀ ਦੇ ਹੱਕ ’ਚ ਅਵਾਜ਼ ਬੁਲੰਦ ਕਰਦਿਆਂ ਬਚਨ ਕੀਤਾ ‘‘ਸੋ ਕਿਉ ਮੰਦਾ ਆਖੀਐ; ਜਿਤੁ ਜੰਮਹਿ ਰਾਜਾਨ  ?’’ (: /ਪੰਨਾ ੮੭੩)

ਸ਼੍ਰੀ ਗੁਰੂ ਅੰਗਦ ਸਾਹਿਬ ਜੀ ਨੇ ਆਪਣੇ ਮਹਿਲ ਮਾਤਾ ਖੀਵੀ ਜੀ (ਜੋ ਕਿ ਇੱਕ ਇਸਤਰੀ ਸੀ) ਨੂੰ ਲੰਗਰ ਦੀ ਜ਼ਿੰਮੇਵਾਰੀ ਸੌਂਪੀ ਰੱਖੀ ਸੀ, ਜਿਸ ਦਾ ਜ਼ਿਕਰ ਗੁਰਬਾਣੀ ’ਚ ਇਉਂ ਦਰਜ ਹੈ ‘‘ਬਲਵੰਡ ਖੀਵੀ ਨੇਕ ਜਨ; ਜਿਸੁ ਬਹੁਤੀ ਛਾਉ ਪਤ੍ਰਾਲੀ ਲੰਗਰਿ ਦਉਲਤਿ ਵੰਡੀਐ; ਰਸੁ ਅੰਮ੍ਰਿਤੁ ਖੀਰਿ ਘਿਆਲੀ ’’ (ਬਲਵੰਡ ਸਤਾ/ਪੰਨਾ ੯੬੭)

ਸ਼੍ਰੀ ਗੁਰੂ ਅਮਰਦਾਸ ਜੀ ਨੇ ਇਸਤਰੀ ਦੇ ਉਥਾਨ (ਵਿਕਾਸ) ਲਈ ਠੋਸ ਯਤਨ ਕੀਤੇ।  ਉਨ੍ਹਾਂ ਨੇ ਸਭ ਤੋਂ ਪਹਿਲਾਂ ਪਰਦੇ (ਘੁੰਡ ਕੱਢਣ) ਦੀ ਰਸਮ ਨੂੰ ਖ਼ਤਮ ਕਰ ਦਿੱਤਾ। ਆਪ ਜੀ ਵੱਲੋਂ ਗੁਰੂ ਘਰ ਅੰਦਰ ਇਸਤਰੀਆਂ ਨੂੰ ਪਰਦਾ ਨਾ ਕਰਨ ਦਾ ਹੁਕਮ ਕੀਤਾ ਹੋਇਆ ਸੀ। ਇਸ ਨਾਲ ਉਨ੍ਹਾਂ ਨੂੰ ਅਜ਼ਾਦੀ ਨਾਲ ਸੰਗਤ ਵਿੱਚ ਵਿਚਰ ਕੇ ਸੇਵਾ ਕਰਨ ਦੀ ਖੁੱਲ੍ਹ ਮਿਲ ਗਈ।

ਉੁਸ ਸਮੇਂ ਸਮਾਜ ਅੰਦਰ ਵਿਧਵਾ ਇਸਤਰੀ ਦਾ ਦੁਬਾਰਾ ਵਿਆਹ ਨਹੀਂ ਕੀਤਾ ਜਾਂਦਾ ਸੀ ਪਰ ਮਰਦ ਦੁਬਾਰਾ ਵਿਆਹ ਕਰਵਾ ਸਕਦਾ ਸੀ। ਆਪ ਜੀ ਨੇ ਵਿਧਵਾ ਇਸਤਰੀਆਂ ਦਾ ਵਿਆਹ ਕਰਨ ਦੀ ਰੀਤ ਨੂੰ ਆਰੰਭ ਕਰ ਦਿੱਤਾ। ਪ੍ਰਚਲਿਤ ਸਤੀ ਪ੍ਰਥਾ ਇਸਤਰੀ ਜ਼ਾਤੀ ਲਈ ਵੱਡੀ ਲਾਹਨਤ ਸੀ।  ਬਹੁਤੀ ਵਾਰੀ ਇਸਤਰੀ ਦੀ ਮਰਜ਼ੀ ਦੇ ਖਿਲਾਫ ਉਸ ਨੂੰ ਮੱਲੋ-ਮੱਲੀ ਪਤੀ ਦੇ ਨਾਲ ਸੜਨ ਲਈ ਜਿਊਂਦੀ ਨੂੰ ਹੀ ਅੱਗ ਵਿੱਚ ਸੁੱਟ ਦਿੱਤਾ ਜਾਂਦਾ ਸੀ। ਆਪ ਜੀ ਨੇ ਸਤੀ ਪ੍ਰਥਾ ਦੀ ਰਸਮ ਨੂੰ ਬੰਦ ਕਰਨ ਦਾ ਉਪਦੇਸ਼ ਦਿੱਤਾ ਤੇ ਸਮਝਾਇਆ ਕਿ ਅਸਲ ਵਿੱਚ ਸਤੀਆਂ ਉਨ੍ਹਾਂ ਨੂੰ ਕਿਹਾ ਜਾਂਦਾ ਹੈ, ਜੋ ਜੀਵ ਇਸਤ੍ਰੀਆਂ ਪ੍ਰਭੂ ਦੇ ਵਿਛੋੜੇ ਦੇ ਦੁੱਖ ’ਚ ਮਰਦੀਆਂ ਹਨ: ‘‘ਸਤੀਆ ਏਹਿ ਆਖੀਅਨਿ; ਜੋ ਮੜਿਆ ਲਗਿ ਜਲੰਨਿ੍ ਨਾਨਕ  ! ਸਤੀਆ ਜਾਣੀਅਨਿ੍; ਜਿ ਬਿਰਹੇ ਚੋਟ ਮਰੰਨਿ੍ ’’ (: / ਪੰਨਾ ੭੮੭)

ਗੁਰੂ ਅਮਰਦਾਸ ਜੀ ਨੇ ਵੀ ਉਨ੍ਹਾਂ ਮਾਰਗਾਂ ਉੱਤੇ ਹੀ ਪ੍ਰਚਾਰਕ ਦੌਰੇ ਸ਼ੁਰੂ ਕੀਤੇ ਜਿਨ੍ਹਾਂ ਮਾਰਗਾਂ ’ਤੇ ਗੁਰੂ ਨਾਨਕ ਸਾਹਿਬ ਜੀ ਨੇ ਪ੍ਰਚਾਰਕ ਦੌਰੇ ਆਰੰਭੇ ਕੀਤੇ ਸਨ। ਇਸ ਗੱਲ ਦੀ ਗਵਾਹੀ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਮਿਲਦੀ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਜਿੱਥੇ ਆਤਮਿਕ ਗਿਆਨ ਦੀ ਸੋਝੀ ਬਖ਼ਸ਼ਦੇ ਹਨ ਉੱਥੇ ਇਤਿਹਾਸਕ ਪੱਖੋਂ ਵੀ ਬਹੁਤ ਵੱਡੇ ਸੋਮੇ ਹਨ। ਬਾਬਰ ਬਾਣੀ ਦਾ ਸੰਬੰਧ ਜ਼ਿਆਦਾਤਰ ਇਤਿਹਾਸ ਨਾਲ ਹੈ, ਜਿਸ ਦੇ ਰਚੇਤਾ ਗੁਰੂ ਨਾਨਕ ਜੀ ਹਨ।  ਸ਼੍ਰੀ ਗੁਰੂ ਰਾਮਦਾਸ ਜੀ ਨੇ ਵੀ ਸ਼੍ਰੀ ਗੁਰੂ ਅਮਰਦਾਸ ਜੀ ਦੇ ਸਮੇਂ ਵਿੱਚ ਵਾਪਰੀਆਂ ਕੁਝ ਘਟਨਾਵਾਂ ਨੂੰ ਆਪਣੀ ਬਾਣੀ ਰਾਹੀਂ ਸੰਭਾਲ਼ਿਆ ਹੈ; ਜਿਵੇਂ ਕਿ ਤੁਖਾਰੀ ਰਾਗ ’ਚ ਪ੍ਰਚਾਰਕ ਦੌਰੇ ਬਾਰੇ ਜ਼ਿਕਰ ਕੀਤਾ ਮਿਲਦਾ ਹੈ: ‘‘ਪ੍ਰਥਮ ਆਏ ਕੁਲਖੇਤਿ; ਗੁਰ ਸਤਿਗੁਰ ਪੁਰਬੁ ਹੋਆ ਖਬਰਿ ਭਈ ਸੰਸਾਰਿ; ਆਏ ਤ੍ਰੈ ਲੋਆ ’’ (: /੧੧੧੬) ਆਦਿ ਘਟਨਾਵਾਂ ਨੇ ਸਾਨੂੰ ਸਮਝਾਇਆ ਕਿ ਗੁਰੂ ਅਮਰਦਾਸ ਜੀ ਕਿਨ੍ਹਾਂ ਮਾਰਗਾਂ ਉੱਤੇ ਪ੍ਰਚਾਰਕ ਦੌਰੇ ਕਰਿਆ ਕਰਦੇ ਸਨ।  ਭਾਰਤ ’ਚ ਤੀਰਥਾਂ ਦੀ ਹਾਲਤ ਤਾਂ ਐਸੀ ਬਣ ਚੁੱਕੀ ਸੀ : ‘‘ਥਾਨਸਟ ਜਗ ਭਰਿਸਟ ਹੋਏ; ਡੂਬਤਾ ਇਵ ਜਗੁ’’ (: /ਪੰਨਾ ੬੬੨)

ਗੁਰੂ ਅਮਰਦਾਸ ਜੀ ਨੇ ਲੋਕਾਂ ਨੂੰ ਸਮਝਾਇਆ ਕਿ ਜ਼ਿੰਦਗੀ ਵਿੱਚ ਸੱਚਾ ਇਸ਼ਨਾਨ (ਤੀਰਥ) ਕੀ ਹੈ ਭਾਵ ਅਸਲੀ ਪਵਿੱਤਰਤਾ ਕੀ ਹੁੰਦੀ ਹੈ: ‘‘ਤੀਰਥਿ ਨਾਵਣ ਜਾਉ, ਤੀਰਥੁ ਨਾਮੁ ਹੈ ਤੀਰਥੁ ਸਬਦ ਬੀਚਾਰੁ; ਅੰਤਰ ਗਿਆਨੁ ਹੈ’’ (: /੬੮੭)

ਸ਼੍ਰੀ ਗੁਰੂ ਅਮਰਦਾਸ ਜੀ ਨੇ 17 ਰਾਗਾਂ ਵਿੱਚ ਬਾਣੀ ਉਚਾਰਨ ਕੀਤੀ।  ਆਪ ਜੀ ਨੇ ਬਾਣੀ ਅੰਦਰ ਗੁਰੂ ਜੀ ਦੀ ਸੇਵਾ ਕਰਨ ਉੱਤੇ ਵਧੇਰੇ ਜ਼ੋਰ ਦਿੱਤਾ। ਆਪ ਜੀ ਅਨੁਸਾਰ ਸੇਵਾ ਨਾਲ ਹਿਰਦਾ ਸ਼ੁੱਧ ਹੁੰਦਾ ਹੈ, ਹਉਮੈ ਦੂਰ ਹੁੰਦੀ ਹੈ ਅਤੇ ਪ੍ਰਮਾਤਮਾ ਦਾ ਨਾਮ ਮਨ ਵਿੱਚ ਵਸ ਜਾਂਦਾ ਹੈ। ਜੇਕਰ ਕੋਈ ਚਿੱਤ ਲਾ ਕੇ ਗੁਰੂ ਦੀ ਸੇਵਾ ਕਰਦਾ ਹੈ ਉਸ ਦਾ ਅਧਿਆਤਮਕ ਜੀਵਨ ਪ੍ਰਫੁਲਿਤ ਹੋ ਜਾਂਦਾ ਹੈ ਕਿਉਂਕਿ ਉੱਥੇ ਪ੍ਰਮਾਤਮਾ ਨਿਵਾਸ ਕਰਨ ਲੱਗ ਜਾਂਦੇ ਹਨ: ‘‘ਸਤਿਗੁਰ ਕੀ ਸੇਵਾ ਸਫਲ ਹੈ; ਜੇ ਕੋ ਕਰੇ ਚਿਤੁ ਲਾਇ ਨਾਮ ਪਦਾਰਥੁ ਪਾਇਐ; ਅਚਿੰਤੁ ਵਸੈ ਮਨਿ ਆਇ’’ (: /੫੫੨)

ਸ਼੍ਰੀ ਗੁਰੂ ਅਮਰਦਾਸ ਜੀ ਨੇ ਆਸਾ ਰਾਗ ਵਿੱਚ ਪੱਟੀ (ਬਾਣੀ) ਉਚਾਰਨ ਕੀਤੀ ਜਿਸ ਵਿੱਚ ਮਨੁੱਖਤਾ ਨੂੰ ਸਮਝਾਇਆ ਗਿਆ ਕਿ ਹੇ ਮਨ  ! ਤੂੰ ਜਿੰਨਾ ਮਰਜ਼ੀ ਪੜ੍ਹ ਲੈ ਪਰ ਯਾਦ ਰੱਖ ਕਿ ਜੇਕਰ ਤੂੰ ਆਪਣੇ ਕਰਮਾਂ ਦਾ ਹਿਸਾਬ ਕਿਤਾਬ (ਲੇਖਾ) ਖ਼ਤਮ ਨਾ ਕੀਤਾ ਤਾਂ ਇਹ ਲੇਖਾ ਤੈਨੂੰ ਅਗਲਾ ਜਨਮ ਦੁਬਾਰਾ ਕਰਵਾ ਦੇਵੇਗਾ। ਗੁਰ ਵਾਕ ਹੈ: ‘‘ਮਨ  ! ਐਸਾ ਲੇਖਾ ਤੂ ਕੀ ਪੜਿਆ  ? ਲੇਖਾ ਦੇਣਾ; ਤੇਰੈ ਸਿਰਿ ਰਹਿਆ’’ (:/ਪੰਨਾ ੪੩੪)

ਸ਼੍ਰੀ ਗੁਰੂ ਅਮਰਦਾਸ ਜੀ ਨੇ ਸਿੱਖਾਂ ਨੂੰ ਮ੍ਰਿਤਕ ਸੰਸਕਾਰ ਸਮੇਂ ਕੀਤੇ ਜਾ ਰਹੇ ਬ੍ਰਾਹਮਣੀ ਕਰਮਕਾਂਡਾਂ ਤੋਂ ਮੁਕਤ ਕਰਵਾਇਆ। ਆਪ ਜੀ ਅਨੁਸਾਰ ਸਿੱਖਾਂ ਕੋਲ ਆਪਣੀਆਂ ਰਸਮਾਂ ਹੋਣ ਤਾਂ ਜੋ ਬ੍ਰਾਹਮਣਾਂ ਦੀ ਮਦਦ ਨਾ ਲੈਣੀ ਪਵੇ, ਜਿਸ ਦੀ ਸੁੰਦਰ ਮਿਸਾਲ ਉਨ੍ਹਾਂ ਦੇ ਅੰਤਮ ਉਪਦੇਸ਼ਾਂ ਤੋਂ ਮਿਲਦੀ ਹੈ, ਜੋ ਕਿ ਰਾਮਕਲੀ ਰਾਗ ਵਿੱਚ ਸਦੁ ਬਾਣੀ ਦੇ ਸਿਰਲੇਖ ਹੇਠ (ਬਾਬਾ ਸੁੰਦਰ ਜੀ ਦੀ ਰਚਨਾ, ਜੋ ਕਿ ਗੁਰੂ ਅਮਰਦਾਸ ਜੀ ਦੇ ਪੜੋਤੇ ਸਨ, ਵੱਲੋਂ) ਦਰਜ ਹੈ : ‘‘ਅੰਤੇ ਸਤਿਗੁਰੂ ਬੋਲਿਆ, ਮੈ ਪਿਛੈ ਕੀਰਤਨੁ ਕਰਿਅਹੁ, ਨਿਰਬਾਣੁ ਜੀਉ ਕੇਸੋ ਗੋਪਾਲ ਪੰਡਿਤ ਸਦਿਅਹੁ; ਹਰਿ ਹਰਿ ਕਥਾ ਪੜਹਿ, ਪੁਰਾਣੁ ਜੀਉ’’ (ਬਾਬਾ ਸੁੰਦਰ ਜੀ/ਪੰਨਾ ੯੨੩)

ਗੁਰੂ ਸਾਹਿਬ ਦੇ ਇਸ ਉਪਦੇਸ਼ ਤੋਂ ਤੰਗ ਆ ਕੇ ਸੰਨ 1566 ਵਿੱਚ ਹਿੰਦੂਆਂ ਦੇ ਪਰੋਹਿਤਾਂ ਨੇ ਅਕਬਰ ਬਾਦਸ਼ਾਹ ਕੋਲ ਜਾ ਕੇ ਸ਼ਿਕਾਇਤ ਕੀਤੀ ਕਿ ਗੁਰੂ ਸਾਹਿਬ ਜੀ ਗਾਇਤ੍ਰੀ ਮੰਤਰ ਤੇ ਗਰੁੜ ਪੁਰਾਣ ਤੋਂ ਹਟਾ ਕੇ ਗੁਰਬਾਣੀ ਪੜ੍ਹਾਉਂਦੇ ਹਨ।  ਸ਼ਿਕਾਇਤ ਦੇ ਆਧਾਰ ’ਤੇ ਰਾਜਾ ਅਕਬਰ ਨੇ ਆਪ ਜੀ ਨੂੰ ਆਪਣੇ ਕੋਲ ਬੁਲਾਇਆ। ਗੁਰੂ ਸਾਹਿਬ ਜੀ ਨੇ ਆਪ ਜਾਣ ਦੀ ਬਜਾਏ ਭਾਈ ਜੇਠਾ (ਗੁਰੂ ਰਾਮਦਾਸ) ਜੀ ਨੂੰ ਭੇਜ ਦਿੱਤਾ। ਜੇਠਾ ਜੀ ਨੇ ਜਾ ਕੇ ਰਾਜਾ ਅਕਬਰ ਨੂੰ ਸਚਾਈ ਦੱਸੀ ਕਿ ਗੁਰੂ ਘਰ ਦੀ ਰੀਤ ਹੈ : ‘‘ਪੰਡਿਤ ਮੁਲਾਂ; ਜੋ ਲਿਖਿ ਦੀਆ ਛਾਡਿ ਚਲੇ ਹਮ; ਕਛੂ ਲੀਆ (ਭਗਤ ਕਬੀਰ ਜੀ/੧੧੫੯), ਹਿੰਦੂ ਪੂਜੈ ਦੇਹੁਰਾ; ਮੁਸਲਮਾਣੁ ਮਸੀਤਿ ਨਾਮੇ ਸੋਈ ਸੇਵਿਆ; ਜਹ ਦੇਹੁਰਾ ਮਸੀਤਿ ’’ (ਭਗਤ ਨਾਮਦੇਵ/੮੭੫) ਕਿਉਂਕਿ ‘‘ਨਾ ਹਮ ਹਿੰਦੂ; ਮੁਸਲਮਾਨ ਅਲਹ ਰਾਮ ਕੇ; ਪਿੰਡੁ ਪਰਾਨ (੧੧੩੬), ਤੁਮ੍ ਤਉ ਬੇਦ ਪੜਹੁ ਗਾਇਤ੍ਰੀ; ਗੋਬਿੰਦੁ ਰਿਦੈ ਹਮਾਰੇ ’’ (ਭਗਤ ਕਬੀਰ/੪੮੨) ਇਸ ਲਈ ‘‘ਹਿੰਦੂ ਕੈ ਘਰਿਹਿੰਦੂ ਆਵੈ ’’ (: /੯੫੧) ਪਰ ਅਸੀਂ ਹਿੰਦੂ ਨਹੀਂ ਤੇ ਗੁਰਮਤਿ ਦੀ ਵਿਲੱਖਣਤਾ ਬਾਰੇ ਜਾਣਕਾਰੀ ਦਿੱਤੀ।  ਰਾਜਾ ਅਕਬਰ ਇੱਕ ਧਰਮੀ ਬੰਦਾ ਸੀ ਜਿਸ ਨੇ ਨਵੇਂ ਦੀਨ ਇਲਾਹੀ ਧਰਮ ਦੀ ਸਥਾਪਨਾ ਕਰ ਰੱਖੀ ਸੀ। ਜਦ ਅਕਬਰ ਨੂੰ ਹਕੀਕਤ ਪਤਾ ਲੱਗੀ ਤਾਂ ਉਸ ਨੇ ਹਿੰਦੂਆਂ ਨੂੰ ਕਿਹਾ ਕਿ ਜਦ ਸਿੱਖ, ਹਿੰਦੂ ਹੀ ਨਹੀਂ ਤਾਂ ਫਿਰ ਹਿੰਦੂ ਰਸਮਾਂ ਕਿਉਂ ਨਿਭਾਉਣ ? ਉਸ ਨੇ ਸ਼ਿਕਾਇਤਾਂ ਕਰਨ ਵਾਲੇ ਬ੍ਰਾਹਮਣਾਂ ਨੂੰ ਝਿੜਕਾਂ ਪਾਈਆਂ ਅਤੇ ਗ਼ਲਤ ਬਿਆਨਬਾਜ਼ੀ ਕਰਨ ਬਾਰੇ ਤਾੜਨਾ ਕੀਤੀ। ਇਸ ਘਟਨਾ ਤੋਂ 5 ਕੁ ਸਾਲ ਬਾਅਦ ਅਕਬਰ ਬਾਦਸ਼ਾਹ ਆਪ ਸੰਨ 1571 ’ਚ ਗੁਰੂ ਜੀ ਦੇ ਦਰਸ਼ਨ ਕਰਨ ਲਈ ਗੋਇੰਦਵਾਲ ਆਇਆ।

ਸ਼੍ਰੀ ਗੁਰੂ ਅਮਰਦਾਸ ਜੀ ਨੇ ਸਿੱਖ ਧਰਮ ਨੂੰ ਸੁਚੱਜੇ ਢੰਗ ਨਾਲ ਪ੍ਰਚਾਰਨ ਅਤੇ ਸਿੱਖਾਂ ਨੂੰ ਜਥੇਬੰਦ ਕਰਨ ਵਾਸਤੇ ਸਾਰੇ ਇਲਾਕਿਆਂ ਵਿੱਚ, ਜਿੱਥੇ ਵੀ ਸਿੱਖ ਵੱਡੀ ਗਿਣਤੀ ਵਿੱਚ ਰਹਿੰਦੇ ਸਨ, ਉਨ੍ਹਾਂ ਇਲਾਕਿਆਂ ਨੂੰ 22 ਮੰਜੀਆਂ ਵਿੱਚ ਵੰਡ ਦਿੱਤਾ ਤੇ ਜਿੱਥੇ ਸਿੱਖਾਂ ਦੀ ਗਿਣਤੀ ਘੱਟ ਸੀ ਉਨ੍ਹਾਂ ਇਲਾਕਿਆਂ ਵਿੱਚ 52 ਪੀੜੇ ਸਥਾਪਤ ਕੀਤੇ, ਜਿਨ੍ਹਾਂ ਵਿੱਚ ਬੀਬੀਆਂ ਨੂੰ ਵੀ ਵਿਸ਼ੇਸ਼ ਜਗ੍ਹਾ ਦਿੱਤੀ ਗਈ। ਇਸ ਤਰ੍ਹਾਂ ਸਾਰੇ ਸਿੱਖ ਇੱਕ ਲੜੀ ਵਿੱਚ ਪਰੋਏ ਗਏ ਇਸ ਨਾਲ ਇੱਕ ਤਾਂ ਗੁਰੂ ਸਾਹਿਬ ਦੇ ਪੈਗ਼ਾਮ ਸਿੱਖਾਂ ਨੂੰ ਸੌਖੇ ਮਿਲਣ ਲੱਗ ਪਏ, ਦੂਜਾ ਸਿੱਖਾਂ ਦਾ ਦਸਵੰਧ ਠੀਕ ਤਰੀਕੇ ਨਾਲ ਗੁਰੂ ਘਰ ਤੱਕ ਪੁੱਜਣ ਲੱਗ ਪਿਆ, ਤੀਜਾ ਸਿੱਖ ਆਪਸ ਵਿੱਚ ਵੀ ਇੱਕ ਪਰਿਵਾਰ ਵਾਂਗ ਜੁੜ ਗਏ। ਇਸ ਤਰੀਕੇ ਨਾਲ ਆਪ ਜੀ ਨੇ ਸਿੱਖੀ ਲਹਿਰ ਨੂੰ ਮਜ਼ਬੂਤ ਕੀਤਾ।

ਆਪ ਜੀ ਨੇ ਸਿੱਖ ਜਥੇਬੰਦੀਆਂ ਨੂੰ ਮਜ਼ਬੂਤ ਕਰਨ ਲਈ ਵਿਸਾਖੀ ਦੇ ਦਿਨ ਸਾਲਾਨਾ ਜੋੜ-ਮੇਲਾ ਵੀ ਸੰਗਤਾਂ ਵਿੱਚ ਪ੍ਰਚਲਿਤ ਕਰ ਦਿੱਤਾ। ਭਾਵੇਂ ਕਿ ਸਿੱਖਾਂ ਵਿੱਚ ਰੁਜ਼ਾਨਾ ਸੰਗਤ ਕਰਨ ਦਾ ਰਿਵਾਜ ਸੀ ਫਿਰ ਵੀ ਦੇਸ਼ਾਂ ਪ੍ਰਦੇਸ਼ਾਂ ਤੋਂ ਆ ਕੇ ਸੰਗਤਾਂ ਨੂੰ ਇੱਕ ਥਾਂ (ਕੇਂਦਰ ਵਿੱਚ) ਮਿਲ ਬੈਠਣ ਲਈ ਸਾਲਾਨਾ ਪ੍ਰੋਗਰਾਮ ਉਲੀਕਿਆ ਗਿਆ ਤਾਂ ਜੋ ਆਪਸੀ ਮਸਲੇ ਆਸਾਨੀ ਨਾਲ ਹੱਲ ਕੀਤੇ ਜਾ ਸਕਣ।  ਗੁਰਮੁਖੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵੀ ਆਪ ਨੇ ਕਈ ਕਦਮ ਪੁੱਟੇ।

ਸ਼੍ਰੀ ਗੁਰੂ ਅਮਰਦਾਸ ਜੀ ਨੇ ਸਿੱਖਾਂ ਨੂੰ ਸਬਦੁ ਗੁਰੂ ਨਾਲ ਜੁੜਨ ਦਾ ਉਪਦੇਸ਼ ਦਿੱਤਾ ‘‘ਵਾਹੁ ਵਾਹੁ ਬਾਣੀ ਨਿਰੰਕਾਰ ਹੈ; ਤਿਸੁ ਜੇਵਡੁ ਅਵਰੁ ਕੋਇ ’’ (: /੫੧੫) ਉਸ ਸਮੇਂ ਵੀ ਕੁਝ ਲੋਕ ਆਪਣੀ ਵਡਿਆਈ ਕਰਵਾਉਣ ਲਈ ਆਪਣੇ ਆਪ ਨੂੰ ਗੁਰੂ ਸਦਵਾਉਂਦੇ ਸਨ।  ਉਨ੍ਹਾਂ ਦੇ ਚੇਲੇ ਵੀ ਲੋਕਾਂ ਨੂੰ ਆਪਣੇ ਗੁਰੂ ਦੀ ਵਡਿਆਈ ਬਾਰੇ ਕੂੜ ਕਹਾਣੀਆਂ ਜੋੜ-ਜੋੜ ਕੇ ਸੁਣਾਉਂਦੇ ਰਹਿੰਦੇ ਸਨ। ਅੱਜ ਵੀ ਕਈ ਅਖੌਤੀ ਡੇਰੇਦਾਰ ਐਸੇ ਹੀ ਹਨ ਜੋ ਸਿੱਖ ਇਤਿਹਾਸ ਨੂੰ ਵਿਗਾੜ ਕੇ ਆਪਣੇ ਆਪ ਨੂੰ ਅਖੌਤੀ ਗੁਰੂ ਸਿੱਧ ਕਰਨ ਦਾ ਯਤਨ ਕਰਦੇ ਹਨ।  ਅਜਿਹੇ ਦੰਭੀ ਗੁਰੂ ਅਤੇ ਉਨ੍ਹਾਂ ਦੇ ਚੇਲੇ ਗਿਆਨਹੀਣ ਤੇ ਜਨਤਾ ਦੀ ਮਿਹਨਤ ਦੀ ਕਮਾਈ ਨੂੰ ਹਜ਼ਮ ਕਰਨ ਵਾਲ਼ੇ ਹੁੰਦੇ ਹਨ।  ਉਨ੍ਹਾਂ ਦੀ ਮਨੋਬ੍ਰਿਤੀ ਕਬੀਰ ਜੀ ਦੇ ਇਸ ਪਾਵਨ ਬਚਨ ਵਰਗੀ ਹੁੰਦੀ ਹੈ ‘‘ਕਬੀਰ  ! ਸਿਖ ਸਾਖਾ ਬਹੁਤੇ ਕੀਏ; ਕੇਸੋ ਕੀਓ ਮੀਤੁ ਚਾਲੇ ਥੇ ਹਰਿ ਮਿਲਨ ਕਉ; ਬੀਚੈ ਅਟਕਿਓ ਚੀਤੁ ’’ (ਭਗਤ ਕਬੀਰ/੧੩੬੯), ਸਤਿਗੁਰੂ ਜੀ ਨੇ ਬਾਣੀ ਰਾਹੀਂ ਅਜਿਹੇ ਗੁਰੂਆਂ ਅਤੇ ਉਨ੍ਹਾਂ ਦੇ ਸਿੱਖਾਂ ਦੀ ਨਿਖੇਧੀ ਕੀਤੀ ‘‘ਗੁਰੂ ਜਿਨਾ ਕਾ ਅੰਧੁਲਾ; ਸਿਖ ਭੀ ਅੰਧੇ ਕਰਮ ਕਰੇਨਿ ਓਇ ਭਾਣੈ ਚਲਨਿ ਆਪਣੈ; ਨਿਤ ਝੂਠੋ ਝੂਠੁ ਬੋਲੇਨਿ ਕੂੜੁ ਕੁਸਤੁ ਕਮਾਵਦੇ; ਪਰ ਨਿੰਦਾ ਸਦਾ ਕਰੇਨਿ ਓਇ ਆਪਿ ਡੁਬੇ ਪਰ ਨਿੰਦਕਾ; ਸਗਲੇ ਕੁਲ ਡੋਬੇਨਿ ’’ (: /੯੫੧)

ਆਪ ਜੀ ਨੇ ਗੋਇੰਦਵਾਲ ਸਾਹਿਬ ਨੂੰ ਸਿੱਖੀ ਦਾ ਕੇਂਦਰ ਬਣਾਇਆ। ਇੰਨੀ ਰਮਣੀਕ ਥਾਂ ਜਿਸ ਦਾ ਜ਼ਿਕਰ ਭੱਟ ਸਾਹਿਬਾਨਾਂ ਨੇ ਵੀ ਆਪਣੀ ਰਚਨਾ ਵਿੱਚ ਕੀਤਾ ਹੈ ‘‘ਗੋਬਿੰਦ ਵਾਲੁ ਗੋਬਿੰਦ ਪੁਰੀ ਸਮ; ਜਲ੍ਹਨ ਤੀਰਿ ਬਿਪਾਸ ਬਨਾਯਉ ਗਯਉ ਦੁਖੁ ਦੂਰਿ ਬਰਖਨ ਕੋ; ਸੁ ਗੁਰੂ ਮੁਖੁ ਦੇਖਿ, ਗੁਰੂ (ਵੱਡਾ) ਸੁਖ ਪਾਯਉ’’ (ਭੱਟ ਨਲ੍ਹ/ਪੰਨਾ ੧੪੦੦)

ਸ਼੍ਰੀ ਗੁਰੂ ਅਮਰਦਾਸ ਜੀ ਨੇ ਆਪਣਾ ਦੁਨਿਆਵੀ ਅੰਤਮ ਸਮਾਂ ਨੇੜੇ ਆਉਂਦਾ ਵੇਖ ਸਿੱਖਾਂ ਦੀ ਪ੍ਰੀਖਿਆ ਲਈ; ਜਿਨ੍ਹਾਂ ਵਿੱਚੋਂ ਭਾਈ ਜੇਠਾ ਜੀ ਨੂੰ ਯੋਗ ਸਮਝ ਕੇ ਗੁਰਿਆਈ ਦੀ ਬਖ਼ਸ਼ਸ਼ ਕਰ ਦਿੱਤੀ।  ਸਭ ਸਿੱਖਾਂ ਨੂੰ ਬਚਨ ਕੀਤਾ ਗਿਆ ਕਿ ਮੇਰੇ ਸਰੀਰ ਤਿਆਗਣ ਉਪਰੰਤ ਸੋਗ ਨਹੀਂ ਕਰਨਾ ਬਲਕਿ ਕੀਰਤਨ ਕਰਨਾ ਹੈ। ਸ਼੍ਰੀ ਗੁਰੂ ਰਾਮਦਾਸ ਜੀ ਦੀ ਅਗਵਾਈ ਵਿੱਚ ਚਲਦਿਆਂ ਸਿੱਖੀ ਨੂੰ ਪ੍ਰਫੁਲਿਤ ਕਰਨਾ ਹੈ। ਮੇਰੀ ਜੋਤ ਨੂੰ ਗੁਰੂ ਰਾਮਦਾਸ ਜੀ ਵਿੱਚ ਤੱਕਣਾ ਹੈ। ਇਹ ਸੁਣ ਕੇ ਬਾਬਾ ਮੋਹਰੀ ਜੀ ਸਮੇਤ ਤਮਾਮ ਸਿੱਖ ਸੰਗਤਾਂ ਗੁਰੂ ਰਾਮਦਾਸ ਜੀ ਦੇ ਚਰਣੀ ਆ ਲਗੀਆਂ ‘‘ਮੋਹਰੀ ਪੁਤੁ ਸਨਮਖੁ ਹੋਇਆ; ਰਾਮਦਾਸੈ ਪੈਰੀ ਪਾਇ ਜੀੳ’’ (ਬਾਬਾ ਸੁੰਦਰ ਜੀ/ਪੰਨਾ ੯੨੩) ਤੇ ਆਪ ਜੀ ਪਹਿਲੀ ਸਤੰਬਰ 1574 ਈ. ਨੂੰ ਗੋਇੰਦਵਾਲ ਵਿਖੇ ਜੋਤੀ ਜੋਤ ਸਮਾ ਗਏ।

ਭੱਟ ਭਲੵ ਜੀ ਦੇ ਬਚਨਾਂ ਅਨੁਸਾਰ ਬੱਦਲਾਂ ਦੀਆ ਕਣੀਆਂ, ਧਰਤੀ ਦੀ ਬਨਸਪਤੀ, ਬਸੰਤ ਦੇ ਫੁੱਲ, ਸੂਰਜ ਅਤੇ ਚੰਦ੍ਰਮਾ ਦੀਆਂ ਕਿਰਣਾਂ, ਸਮੁੰਦਰ ਦੀਆਂ ਲਹਿਰਾਂ ਦੀ ਤਾਂ ਗਿਣਤੀ ਕੀਤੀ ਜਾ ਸਕਦੀ ਹੈ, ਪਰ ਹੇ ਗੁਰੂ ਅਮਰਦਾਸ ਜੀ  !  ਆਪ ਜੀ ਦੇ ਸੰਪੂਰਨ ਗੁਣਾਂ ਦੀ ਗਿਣਤੀ ਨਹੀਂ ਹੋ ਸਕਦੀ ‘‘ਭਲੇ ਅਮਰਦਾਸ  ! ਗੁਣ ਤੇਰੇ; ਤੇਰੀ ਉਪਮਾ, ਤੋਹਿ ਬਨਿ ਆਵੈ’’ (ਭਟ ਭਲੵ/ਪੰਨਾ ੧੩੯੬)