ਆਰ. ਐਸ. ਐਸ. ਸੋਚ ਦਾ ਦੂਸਰਾ ਨਾਮ ਹੈ: ‘ਹਰਦੇਵ ਸਿੰਘ ਜੰਮੂ’ (ਭਾਗ-1)

0
429

ਆਰ. ਐਸ. ਐਸ. ਸੋਚ ਦਾ ਦੂਸਰਾ ਨਾਮ ਹੈ: ‘ਹਰਦੇਵ ਸਿੰਘ ਜੰਮੂ’ (ਭਾਗ-1)

ਗਿਆਨੀ ਅਵਤਾਰ ਸਿੰਘ

ਕਿਸੇ ਵੀ ਕੌਮ ਦੀ ਫ਼ਿਲਾਸਫ਼ੀ ਨੂੰ ਸਮੂਹ ਮਾਨਵਤਾ ਦੀ ਭਲਾਈ ਲਈ ਆਪਣੀ (ਮਨੁੱਖੀ ) ਯੋਗਤਾ (ਸਮਝ) ਅਨੁਸਾਰ ਸਦੀਵੀ ਜਿਉਂ ਦਾ ਤਿਉਂ ਬਣਾਏ ਰੱਖਣ ਲਈ ਕੀਤੇ ਜਾਂਦੇ ਤਮਾਮ ਯਤਨ ਤਾਂ ਹੀ ਸਾਰਥਕ ਹੋ ਸਕਦੇ ਹਨ ਅਗਰ ਉਸ ਕੌਮ ਦੇ ਵਿਦਵਾਨ ਆਪਣੀਆਂ ਸੇਵਾਵਾਂ ਪਾਰਦਰਸੀ ਭਾਵਨਾ ਨਾਲ ਨਿਭਾਉਣ ਭਾਵ ਕਿਸੇ ਵਿਦਵਾਨ (ਆਪਣੀ ਫ਼ਿਲਾਸਫ਼ੀ ਦੀ ਪੂਰਨ ਸਮਝ ਰੱਖਣ ਵਾਲਾ) ਦਾ ਆਦਰਸ ਜੀਵਨ ਉਸ ਦੀ ਨਿਜੀ ਜਿੰਦਗੀ ਨਾਲ ਪੂਰਨ ਤੌਰ ’ਤੇ ਮੇਲ ਖਾਂਦਾ ਹੋਵੇ। ਇਸ ਲਈ ਇਹ ਹੱਕ ਪਾਠਕਾਂ ਲਈ ਅਤਿ ਜ਼ਰੂਰੀ ਬਣ ਜਾਂਦਾ ਹੈ ਕਿ ਉਹ ਆਪਣੇ ਵਲੋਂ ਮੰਨੇ ਜਾ ਰਹੇ ਕਿਸੇ ਵੀ ਵਿਦਵਾਨ ਦੀ ਜੀਵਨਸ਼ੈਲੀ ਨੂੰ ਚੰਗੀ ਤਰ੍ਹਾਂ ਘੋਖ-ਪੜਤਾਲ ਕਰ ਲੈਣ।

ਵਿਦਵਾਨਾਂ ਦੇ ਆਪਸੀ ਵੀਚਾਰਾਂ ’ਚ ਮਤਭੇਦ ਹੋਣਾ ਸੁਭਾਵਕ ਗੱਲ ਹੁੰਦੀ ਹੈ ਪਰ ਅਗਰ ਕੋਈ ਇੱਕ ਲੇਖਕ ਦੂਸਰੇ ਲੇਖਕ ਨਾਲ 99% ਵੀਚਾਰ ਮਿਲਣ ਤੋਂ ਉਪਰੰਤ ਵੀ 1% ਨਾ ਮਿਲਣ ਵਾਲੇ ਆਪਸੀ ਵੀਚਾਰਾਂ ਨੂੰ 99% ਬਣਾ ਕੇ ਆਪਣੀ ਵਿਦਵਤਾ ਵਿਖਾਉਣ ਦਾ ਯਤਨ ਕਰਦਾ ਹੋਵੇ ਤਾਂ ਉਸ ਲੇਖਕ ਦੀ ਮਨਸ਼ਾ ’ਤੇ ਸਵਾਲ ਉੱਠਾਉਣੇ ਜ਼ਰੂਰੀ ਬਣ ਜਾਂਦੇ ਹਨ।

ਮੈ ਖੁਦ ਇਕ ਮੈਗਜੀਨ (ਮਿਸ਼ਨਰੀ ਸੇਧਾਂ) ਦਾ ਸੰਪਾਦਕ ਹੋਣ ਦੇ ਕਾਰਨ, ਗੁਰਮਤਿ ਫ਼ਿਲਾਸਫ਼ੀ ਨਾਲ ਸੰਬੰਧਤ ਲਗਭਗ 50 ਤੋਂ ਵਧੀਕ ਲੇਖਕਾਂ ਦੀ ਵੀਚਾਰਧਾਰਾ ਨੂੰ ਚੰਗੀ ਤਰ੍ਹਾਂ ਸਮਝਦਾ ਹਾਂ। ਪਿੱਛਲੇ ਲਗਭਗ 3 ਸਾਲਾਂ ’ਚ ਮੈਂ 50,000 ਤੋਂ ਵੱਧ ਖਰਚਾ ਕੇਵਲ ਫੋਨ ਦੀ ਰਾਹੀਂ ਇਸ ਅਧਾਰ ’ਤੇ ਕਰ ਦਿੱਤਾ ਹੈ ਤਾਂ ਜੋ ਵਿਦਵਾਨਾਂ ਦੇ ਆਪਸੀ ਵੀਚਾਰਾਂ ’ਚ ਵੱਧ ਤੋਂ ਵੱਧ ਏਕਤਾ ਨੂੰ ਬਣਾਏ ਰੱਖਿਆ ਜਾ ਸਕੇ। ਮੇਰੀ ਨਿਜੀ ਸੋਚ ਅਨੁਸਾਰ ਸਿੱਖ ਸਮਾਜ ’ਚ ਬਹੁਤੀ ਦੁਬਿਧਾ ਦਾ ਕਾਰਨ ਇਹ ਲੇਖਕ ਹੀ ਹਨ, ਲੇਖਕਾਂ ਦਾ ਸੁਆਰਥ ਹੀ ਹੈ।

ਵਰਤਮਾਨ ਦੇ ਸਮੇਂ (ਜ਼ਮੀਨੀ ਹਾਲਾਤਾਂ) ਨੂੰ ਗਹੁ ਨਾਲ ਵੀਚਾਰਿਆਂ ਗੁਰਮਤਿ ਫ਼ਿਲਾਸਫੀ ’ਤੇ ਉਚਿਤ ਪਹਿਰਾ ਦੇਣ ਵਾਲੇ ਪੰਥ ਦਰਦੀਆਂ ਸਾਹਮਣੇ ਤਿੰਨ ਪ੍ਰਕਾਰ ਦੀਆਂ ਮੁੱਖ ਸਮੱਸਿਆਵਾਂ (ਚਨੌਤੀਆਂ) ਹਨ:

(1). ਬ੍ਰਾਹਮਣੀ ਅੰਧਵਿਸਵਾਸ ਨੂੰ ਬਢਾਵਾ ਦੇਣ ਵਾਲੀ ਸ਼ਕਤੀ ਦਾ ਦਿਨ ਪ੍ਰਤੀ ਦਿਨ ਮਜਬੂਤ ਹੋਣਾ, ਇਸ ਸੋਚ ਦਾ ਗੁਰਬਾਣੀ ਇਸ ਆਧਾਰ ’ਤੇ ਖੰਡਨ ਕਰਦੀ ਹੈ ਕਿਉਂਕਿ ਇਹ ਸਮਾਜਿਕ ਏਕਤਾ (ਸ਼ਾਂਤੀ) ਨੂੰ ਬਣਾਏ ਰੱਖਣ ਲਈ ਸਭ ਤੋਂ ਵੱਡੀ ਰੁਕਾਵਟ ਹੈ।

(2). ਸੁਆਰਥੀ ਰਾਜਨੀਤਿਕ ਸੋਚ (ਸ਼ਕਤੀ), ਜਿਸ ਨੇ ਧਰਮ (ਗੁਰਮਤਿ ਫ਼ਿਲਾਸਫ਼ੀ) ਨੂੰ ਆਪਣੇ ਨਿਜੀ ਸੁਆਰਥ ਲਈ ਵਰਤਨਾ ਸ਼ੁਰੂ ਕਰ ਦਿੱਤਾ ਹੈ।

(3). ਵਿਗਿਆਨਕ ਯੁਗ (ਸੋਚ ਦੇ ਪ੍ਰਭਾਵ) ਅਧੀਨ ਕੀਤੀ ਜਾ ਰਹੀ ਉਨ੍ਹਾਂ ਅਦਿ੍ਰਸ਼ ਵਿਸ਼ਿਆਂ ਦੀ ਵਿਆਖਿਆ, ਜਿਸ ਬਾਰੇ ਗੁਰੂ ਨਾਨਕ ਸਾਹਿਬ ਜੀ ਬਿਆਨ ਕਰ ਰਹੇ ਹਨ ਕਿ ‘‘ਕੁਦਰਤਿ ਕਵਣ, ਕਹਾ ਵੀਚਾਰੁ॥’’ ਭਾਵ ਮੇਰੀ ਕੀ ਤਾਕਤ ਹੈ ਕਿ ਤੇਰੇ ਸੰਪੂਰਨ ਵਿਸਥਾਰ ਬਾਰੇ ਜਾਣ ਸਕਾਂ, ਨੂੰ ਸੀਮਤ ਮਨੁੱਖਾ ਬੁਧੀ ਰਾਹੀਂ ਅੰਤ ਪਾਉਣ ਦਾ ਯਤਨ ਕਰਨਾ। ਆਦਿ।

ਉਪਰੋਕਤ ਬਿਆਨ ਕੀਤੀਆਂ ਗਈਆਂ ਤਿੰਨੇ ਚਨੌਤੀਆਂ ਤੋਂ ਕੌਮੀ ਭਾਈਚਾਰੇ (ਸਿੱਖ ਸਮਾਜ) ਨੂੰ ਸੁਚੇਤ ਕਰਨਾ, ਕੌਮੀ ਵਿਦਵਾਨਾਂ ਦੁਆਰਾ ਨਿਭਾਈਆਂ ਜਾਂਦੀਆਂ ਸੇਵਾਵਾਂ ਦੇ ਅਧੀਨ ਆਉਂਦਾ ਹੈ ਪਰ ਵਿਦਵਾਨਾਂ ਦੇ ਵੀਚਾਰਾਂ ’ਚ ਆ ਰਿਹਾ ਆਪਸੀ ਵਿਰੋਧਾਵਾਸ ਇਸ ਸਮੱਸਿਆ ਨਾਲ ਇਕ ਜੁਟ ਹੋ ਕੇ ਲੜਨ ਲਈ ਸਭ ਤੋਂ ਵੱਡੀ ਰੁਕਾਵਟ ਹੈ।

ਵਿਦਵਾਨਾਂ ਦੇ ਵੀਚਾਰਾਂ ’ਚ ਵਿਰੋਧਾਵਾਸ ਹੋਣ ਦੇ ਕੁਝ ਮੂਲ ਕਾਰਨ ਹਨ:

(1). ਆਪਣੀ-ਆਪਣੀ ਦੁਨਿਆਵੀ ਸਮਝ ਅਨੁਸਾਰ ਗੁਰਬਾਣੀ ਦੇ ਕੀਤੇ ਜਾ ਰਹੇ ਪਦ-ਅਰਥ ਅਤੇ ਭਾਵ-ਅਰਥ।

(2). ਨਿਜੀ ਸੁਆਰਥ ਕਾਰਨ ਉਪਰੋਕਤ ਵਿਸ਼ਿਆਂ ਵਿੱਚੋਂ ਕੁਝ ਨੂੰ ਜ਼ਰੂਰਤ ਤੋਂ ਜ਼ਿਆਦਾ ਉਠਾਉਣਾ ਅਤੇ ਕੁਝ ’ਤੇ ਆਪਣੇ ਸੁਆਰਥ ਕਾਰਨ ਚੁਪੀ ਧਾਰੀ ਰੱਖਣਾ,ਆਦਿ।

ਗੁਰਬਾਣੀ ਦੇ ਅਰਥਾਂ ’ਚ ਵਿਰੋਧਾਵਾਸ ਤਾਂ ਗੁਰਬਾਣੀ ਦੀ ਲਿਖਤ ਤੋਂ ਸੇਧ ਲੈ ਕੇ ਦੂਰ ਕੀਤਾ ਜਾ ਸਕਦਾ ਹੈ ਪਰ ਨਿਜੀ ਸੁਆਰਥ ਕਾਰਨ ਕਿਸੇ ਵਿਸ਼ੇ ’ਤੇ ਧਾਰੀ ਚੁੱਪੀ ਅਤੇ ਉਸ ਮਕਸਦ ਅਧੀਨ ਹੀ ਦੂਸਰੇ ਵਿਸ਼ੇ ਨੂੰ ਜ਼ਰੂਰਤ ਤੋਂ ਜ਼ਿਆਦਾ ਉਠਾਉਣਾ, ਕਿਸੇ ਤਰ੍ਹਾਂ ਵੀ ਕੌਮੀ ਏਕਤਾ ਲਈ ਪ੍ਰਵਾਨ ਨਹੀਂ, ਗੁਰਮਤਿ ਫ਼ਿਲਾਸਫ਼ੀ ਦੇ ਅਨੁਕੂਲ ਨਹੀਂ।

ਗੁਰਬਾਣੀ ਦੀ ਲਿਖਤ ਨੂੰ ਆਮ ਸੰਗਤ ਸਾਹਮਣੇ ਸਰਲ ਤਰੀਕੇ ਨਾਲ ਰੱਖਣ ਵਾਲਾ ਵਿਸ਼ਾ ਪਹਿਲੀ ਵਾਰ ਕੇਵਲ ਮੈਂ ਹੀ ਨਹੀਂ ਉੱਠਾ ਰਿਹਾ ਬਲਕਿ ਸਿੱਖ ਬੁਧੀਜੀਵੀਆਂ ਦੁਆਰਾ ਇਸ ਸਮੱਸਿਆ ਦਾ ਹੱਲ ਉਸ ਸਮੇਂ ਤੋਂ ਨਿਰੰਤਰ ਜਾਰੀ ਹੈ ਜਦ ਤੋਂ ਗੁਰਬਾਣੀ ਦੀ ਸੰਗਲੀ ਲਿਖਤ ਨੂੰ ਪਹਿਲੀ ਵਾਰ ਪਦ ਸੇਧ ਕੀਤਾ ਗਿਆ ਸੀ ਕਿਉਂਕਿ ਇਸ ਤੋਂ ਪਹਿਲਾਂ ਸੰਗਲੀ ਬੀੜ ਦੀ ਲਿਖਤ ਅਨੁਸਾਰ ਵਾਕ ਵੰਡ ਲਈ ਕੇਵਲ ਦੋ ਡੰਡੀਆਂ (॥) ਦੀ ਵਰਤੋਂ ਕੀਤੀ ਹੋਈ ਹੀ ਮਿਲਦੀ ਹੈ। ਜਿਵੇਂ ਕਿ ‘‘ਤੂ ਕੁਨੁ ਰੇ ॥ ਮੈ ਜੀ ॥ ਨਾਮਾ ॥ ਹੋ ਜੀ ॥’’ (ਭ. ਨਾਮਦੇਵ/੬੯੪) ਆਦਿ।

ਸਮੇਂ ਦੀ ਮੰਗ ਨੂੰ ਮੁਖ ਰੱਖਦਿਆਂ ਟਕਸਾਲੀ, ਅਖੰਡ ਕੀਰਤਨੀਏ, ਮਿਸ਼ਨਰੀ ਆਦਿ ਸਿੱਖ ਸਮਾਜ ਨਾਲ ਸੰਬੰਧਤ ਤਮਾਮ ਜਥੇਬੰਦੀਆਂ ਨੇ ਆਪਣੇ ਵਿਦਿਆਰਥੀਆਂ ਅਤੇ ਆਮ ਸਿੱਖ ਸਮਾਜ ਦੀ ਸੁਵਿਧਾ ਨੂੰ ਮੁਖ ਰੱਖਦਿਆਂ ਗੁਰਬਾਣੀ ਲਿਖਤ ਨੂੰ ਪੜ੍ਹਾਉਣ ਅਤੇ ਨਿਤਨੇਮ ਦੇ ਗੁਟਕਿਆਂ ਰਾਹੀਂ ਇਉਂ ਲਿਖ ਕੇ ਦੇਣਾ ਆਰੰਭ ਕਰ ਦਿੱਤਾ ਗਿਆ:

‘‘ਤਜਿ ਆਨ, ਸਰਣਿ ਗਹੀ॥ ਬਿਲਾਵਲੁ (ਮ:੫/੮੩੭)

ਤਜਿ, ਆਨ ਕਤਹਿ ਨ ਜਾਹਿ॥ ਬਿਲਾਵਲੁ (ਮ:੫/੮੩੭), ਆਦਿ। ਤਾਂ ਜੋ ਆਮ ਸਿੱਖ ਨੂੰ ਵੀ ਗੁਰਬਾਣੀ ਦੀ ਸਮਝ ਆ ਸਕੇ ਅਤੇ ਆਪਸੀ ਵੀਚਾਰਾਂ ’ਚ ਸਾਂਝ ਨੂੰ ਬਣਾਏ ਰੱਖਿਆ ਜਾ ਸਕੇ। ਪਰ ਅੱਜ 21 ਵੀਂ ਸਦੀ ਵਿੱਚ ਵੀ ਕੁਝ ਅਜਿਹੇ ਵਿਦਵਾਨ ਅਖਵਾਉਣ ਵਾਲੇ ਮੌਜ਼ੂਦ ਹਨ ਜਿਨ੍ਹਾਂ ਵੱਲੋਂ ਇਸ ਸਰਲ ਤਰੀਕੇ ਦੁਆਰਾ ਕੀਤੇ ਜਾ ਰਹੇ ਯਤਨਾਂ ਨੂੰ ਵੀ ਗੁਰੂ ਲਿਖਤ ਦਾ ਅਪਮਾਨ ਬਿਆਨ ਕਰਦਿਆਂ ਸਿੱਖ ਸੰਗਤ ਨੂੰ ਗੁਮਰਾਹ ਕਰਨ ਵਿੱਚ ਆਪਣੀ ਬਣਦੀ ਭੂਮਿਕਾ ਨਿਭਾਈ ਜਾ ਰਹੀ ਹੈ। ਅਜਿਹੇ ਵਿਦਿਵਾਨਾਂ ਵਿੱਚੋਂ ਇੱਕ ਹਨ ‘ਸ. ਹਰਦੇਵ ਸਿੰਘ ਜੰਮੂ’।

ਮੈਂ ਆਪਣੀ ਉਪਰੋਕਤ ਭਾਵਨਾ (ਮੇਰੇ ਸੰਪਰਕ ’ਚ ਆਏ ਤਮਾਮ ਲੇਖਕਾਂ ਦੇ ਵੀਚਾਰਾਂ ’ਚ ਜ਼ਿਆਦਾ ਤੋਂ ਜ਼ਿਆਦਾ ਆਪਸੀ ਏਕਤਾ ਨੂੰ ਬਣਾਏ ਰੱਖਣ ਲਈ ਕੀਤੀ ਜਾ ਰਹੀ ਫੋਨ ਸੰਪਰਕ ਵਾਰਤਾਲਾਪ) ਅਨੁਸਾਰ ਸ. ਹਰਦੇਵ ਸਿੰਘ ਜੀ ਨੇ ਹੁਣ ਤੱਕ ਲਗਭਗ 1000 ਲੇਖ (ਕੇਵਲ ਵਾਰਤਕ ’ਚ) ਲਿਖੇ ਹਨ। ਜਿਨ੍ਹਾਂ ਵਿੱਚੋਂ ਜ਼ਿਆਦਾਤਰ ਕੇਵਲ ਤਤ ਗੁਰਮਤਿ ਲਿਖਾਰੀਆਂ ਦੇ ਪ੍ਰਥਾਏ ਹੀ ਹਨ। ਵਰਤਮਾਨ ਸਮੇਂ ਦੀਆਂ ਦੋ ਹੋਰ ਮੁੱਖ ਚੁਨੌਤੀਆਂ (ਬ੍ਰਾਹਮਣਵਾਦ ਅਤੇ ਸੁਆਰਥੀ ਰਾਜਨੀਤੀ) ਪ੍ਰਤੀ ਸ. ਹਰਦੇਵ ਸਿੰਘ ਜੀ ਦੁਆਰਾ ਕੋਈ ਵੀ ਲੇਖ ਨਹੀਂ ਲਿਖਿਆ ਗਿਆ ਹੈ। ਮੇਰੇ ਵੱਲੋਂ ਇਸ ਦਾ ਕਾਰਨ ਪੁੱਛਣ ’ਤੇ ਸ. ਹਰਦੇਵ ਸਿੰਘ ਜੀ ਦਾ ਜਵਾਬ ਸੀ ਕਿ ਮੈਂ ਸਰਕਾਰੀ ਮੁਲਾਜਮ ਹਾਂ ਜਿਸ ਕਾਰਨ ਮੇਰੀਆਂ ਕੁਝ ਮਜ਼ਬੂਰੀਆਂ ਹਨ। ਮੇਰੇ ਸਮੇਤ ਹਰ ਇੱਕ ਵਿਅਕਤੀ ਨੂੰ ਇਸ ਜਵਾਬ ਤੋਂ ਸੰਤੁਸ਼ਟ ਹੋ ਜਾਣਾ ਚਾਹੀਦਾ ਸੀ ਪਰ ਅਗਾਂਹ ਬਿਆਨ ਕੀਤੇ ਜਾ ਰਹੇ ਕੁਝ ਪੰਥਕ ਮੁੱਦੇ ਇਨ੍ਹਾਂ ਦੀ ਲਿਖਤ ਪ੍ਰਤੀ ਕਈ ਸਵਾਲ ਖੜੇ ਕਰ ਰਹੇ ਹਨ ਜਿਵੇਂ ਕਿ:

ਕੁਝ ਦਿਨਾਂ ਉਪਰੰਤ, ਅਖੰਡਪਾਠ ਦੀ ਸੇਵਾ ਨਿਭਾਉਂਦਿਆਂ ਨਾਨਕਸਰ ਸੰਸਥਾ ਦੇ ਕੁਝ ਸੁਤੇ ਪਏ ਪਾਠੀਆਂ ਬਾਰੇ ਸ. ਹਰਦੇਵ ਸਿੰਘ ਜੀ ਦੇ ਵੀਚਾਰ ਲੈਣੇ ਚਾਹੇ ਤਾਂ ਉਨ੍ਹਾਂ ਜਵਾਬ ਦਿੱਤਾ ਕਿ ਮੈਂ ਵੀ ਕਈ ਵਾਰ ਗੱਡੀ ਚਲਾਉਂਦਾ ਸੌਂ ਜਾਂਦਾ ਹਾਂ (ਭਾਵ ਇਸ ਵਿੱਚ ਕਿਹੜੀ ਖ਼ਾਸ ਅਵੱਗਿਆ ਹੋ ਗਈ ?)

ਸ. ਹਰਦੇਵ ਸਿੰਘ ਜੀ ਨੇ ਸ. ਪੁਰੇਵਾਲ ਜੀ ਦੁਆਰਾ ਤਿਆਰ ਕੀਤੇ ਗਏ ਨਾਨਕਸ਼ਾਹੀ ਕੈਲੰਡਰ ਉਪਰ ਆਪਣੀ ਲਿਖਤ ਰਾਹੀਂ ਕਈ ਵਾਰ ਸਵਾਲ ਖੜੇ ਕੀਤੇ ਹਨ ਪਰ ਬਿਕ੍ਰਮੀ ਕੈਲੰਡਰ ਉਪਰ ਉਸ ਨੂੰ ਕੋਈ ਸ਼ੰਕਾ ਨਹੀਂ। ਜਦ ਮੈਂ ਸੰਨ 2014 ’ਚ ਆਏ ਗੁਰੂ ਅਰਜੁਨ ਦੇਵ ਜੀ ਦੇ ਸ਼ਹੀਦੀ ਦਿਹਾੜੇ (1 ਜੂਨ 2014) ਤੋਂ 10 ਦਿਨ ਉਪਰੰਤ 11 ਜੂਨ 2014 (ਗੁਰੂ ਹਰਗੋਬਿੰਦ ਸਾਹਿਬ ਜੀ ਦੀ ਗੁਰਗੱਦੀ ਦਿਵਸ) ਵਾਲੇ ਦਿਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰਗੱਦੀ ਕਿਸ ਨੇ ਦਿੱਤੀ, ਬਾਰੇ ਪੁੱਛਿਆ ਤਾਂ ਉਹ ਇਨ੍ਹਾਂ (ਅੱਗੇ-ਪਿੱਛੇ) ਆਈਆਂ ਤਾਰੀਕਾਂ ਨੂੰ ਹੀ ਸਹੀ ਮੰਨਦੇ ਹਨ।

ਜਦ ਕੋਈ ਲਿਖਾਰੀ ਕਿਸੇ ਇੱਕ ਵਿਸ਼ੇ ਨੂੰ ਹੀ ਜ਼ਰੂਰਤ ਤੋਂ ਜ਼ਿਆਦਾ ਤਰਜੀਹ ਦੇਈ ਬੈਠਾ ਹੋਵੇ ਅਤੇ ਉਸ ਕੋਲ ਕੋਈ ਵੀ ਦੂਸਰਾ ਪੰਥਕ ਮੁੱਦਾ ਉਠਾਇਆਂ ਜਵਾਬ ਨਾ ਮਿਲ ਰਿਹਾ ਹੋਵੇ ਤਾਂ ਸਹਿਜੇ ਹੀ ਸਵਾਲ ਖੜਾ ਹੁੰਦਾ ਹੈ ਕਿ ਆਖਿਰ ਇਹ ਵਿਦਵਾਨ ਕਿਸ ਲਈ ਕੰਮ ਕਰ ਰਹੇ ਹਨ? ਕੀ ਇਹ ਰਾਜਨੀਤਿਕ ਲੋਕਾਂ ਦੀ ਬੋਲੀ ਬੋਲਣ ਕਾਰਨ ਹੀ ਸਿੱਖ ਸਮਾਜ ’ਚ ਵਿਦਵਾਨ ਬਣ ਕੇ ਵਿਚਰ ਰਹੇ ਹਨ?

ਮੈਂ ਆਰ.ਐਸ. ਐਸ. ਦੀ ਸੋਚ ਅਤੇ ਸ. ਹਰਦੇਵ ਸਿੰਘ ਜੰਮੂ ਜੀ ਦੀ ਸੋਚ ਨੂੰ ਸਮਾਨੰਤਰ ਇਸ ਅਧਾਰ ’ਤੇ ਮੰਨ ਰਿਹਾ ਹਾਂ:

(1). ਆਰ.ਐਸ. ਐਸ. ਅਤੇ ਸ. ਹਰਦੇਵ ਸਿੰਘ ਜੰਮੂ ਦੋਵੇਂ ਹੀ ਬ੍ਰਾਹਮਣਵਾਦ ਦੇ ਵਿਰੁਧ ਕੁਝ ਵੀ ਨਹੀਂ ਬੋਲ ਰਹੇ ਹਨ।

(2). ਆਰ.ਐਸ. ਐਸ. ਅਤੇ ਸ. ਹਰਦੇਵ ਸਿੰਘ ਜੰਮੂ ਸੁਆਰਥੀ ਰਾਜਨੀਤਿਕ ਦੇ ਵਿਰੁਧ ਬਿਲਕੁਲ ਵੀ ਨਹੀਂ ਬੋਲ ਰਹੇ ਹਨ। ਪਿੱਛੇ ਜਿਹੇ ਦਮਦਮਾ ਸਾਹਿਬ ਦੇ ਜਥੇਦਾਰ ਨੂੰ ਪੱਦ ਤੋਂ ਹਟਾਉਣਾ ਅਤੇ ਦੂਸਰੇ ਨੂੰ ਲਗਾਉਣ ਬਾਰੇ ਸ. ਹਰਦੇਵ ਸਿੰਘ ਜੀ ਕੁਝ ਵੀ ਨਹੀਂ ਲਿਖ ਰਹੇ ਹਨ।

(3). ਆਰ.ਐਸ. ਐਸ. ਅਤੇ ਸ. ਹਰਦੇਵ ਸਿੰਘ ਜੰਮੂ ਸਿੱਖ ਸਮਾਜ ਨਾਲ ਸੰਬੰਧਤ ਜਾਗਰੂਕ ਵਰਗ ਨਾਲ ਨਿਜੀ ਰੰਜਸ਼ ਰੱਖਦੇ ਹਨ, ਜਿਸ ਦੀ ਉਦਾਹਰਨ ਸ. ਹਰਦੇਵ ਸਿੰਘ ਜੀ ਦੁਆਰਾ ਲਿਖੇ ਗਏ ਇਸ ਵੀਚਾਰ ਤੋਂ ਭਲੀ ਭਾਂਤੀ ਸਮਝ ਆ ਜਾਂਦੀ ਹੈ:

ਸਿੱਖ ਆਪਣੇ ਆਪ ਨੂੰ ਕਿਵੇਂ ਖ਼ਤਮ ਕਰਣਗੇ ?

ਜਵਾਬ ਆਸਾਨ ਹੈ। ਆਪਣੇ ਸਵਾਲ, ਸ਼ੱਕ ਅਤੇ ਯਕੀਨ ਨਾਲ !
ਪਹਿਲਾਂ ਉਹ ਗੁਰੂ ਦੀ ਪ੍ਰਮਾਣਿਕਤਾ ਬਾਰੇ ਸਵਾਲ ਕਰਨਗੇ, ਫਿਰ ਉਹੀ ਸਵਾਲ ਸ਼ੱਕ ਵਿਚ ਬਦਲਣਗੇ ਅਤੇ ਫ਼ਿਰ ਸ਼ੱਕ ਯਕੀਨ ਵਿਚ ! ਬਸ ਖ਼ਤਮ ਹੋਣ ਲਈ ਸਵਾਲ, ਸ਼ੱਕ ਅਤੇ ਭਰੋਸੇ ਦੀ ਲੋੜ ਹੈ। ਬਹੁਤੀ ਵਿਦੇਸ਼ੀ ਪ੍ਰਚਾਰ ਮਾਰਕੀਟ ਵਿਚ ਅੱਜ ਕਲ ਇਹੀ ਸਮਾਨ ਵਿੱਕ ਰਿਹਾ ਹੈ। ਹੁਣ ਇਸ ਦੀਆਂ ਕੁੱਝ ਦੁਕਾਨਾਂ ਦੇਸ਼ ਵਿਚ ਵੀ ਖੁੱਲ ਗਈਆਂ ਹਨ।

ਹਰਦੇਵ ਸਿੰਘ, ਜੰਮੂ-27-01-2015

(ਨੋਟ: ਸ. ਹਰਦੇਵ ਸਿੰਘ ਜੀ ਨੇ ਇੱਕ ਵਾਰ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨ ਪਾਠ ਅਰਥਾਂ ਸਮੇਤ ਨਹੀਂ ਕੀਤਾ ਹੈ ਇਹ ਗੱਲ ਮੈਂ ਪੂਰਨ ਵਿਸਵਾਸ ਨਾਲ ਕਹਿ ਰਿਹਾ ਹਾਂ। ਕੇਵਲ ਇੱਕ ਅੱਖ ਨਾਲ ਵੇਖਣ ਵਾਲਾ ਵਿਅਕਤੀ ਹੀ ਹਮੇਸ਼ਾ ਇਸ ਤਰ੍ਹਾਂ ਦੀ ਈਰਖਾ ਦਾ ਸ਼ਿਕਾਰ ਹੁੰਦਾ ਹੈ। ਭਗਤ ਨਾਮਦੇਵ ਜੀ ਨਾਲ ਵੀ ਕੁਝ ਅਜਿਹਾ ਹੀ ਹੋਇਆ ਸੀ ‘‘ਹਿੰਦੂ ਅੰਨ੍ਹਾ ਤੁਰਕੂ ਕਾਣਾ॥’’ (ਭਗਤ ਨਾਮਦੇਵ/੮੭੫)

ਮਿਸ਼ਨਰੀਆਂ ਪ੍ਰਤੀ ਮੰਦੀ ਸੋਚ ਰੱਖਣ ਵਾਲਾ ਕੋਈ ਵੀ ਵਿਅਕਤੀ ਸਿੱਖ ਸਮਾਜ ਨੂੰ ਇਹ ਦੱਸੇ ਕਿ ਉਸ ਨੇ ਆਪਣੇ ਜੀਵਨ ਕਾਲ ਵਿੱਚ ਕਿਤਨੀਆਂ ਸਿੱਖ ਰਹਿਤ ਮਰਿਆਦਾ ਛਪਵਾ ਕੇ ਵੰਡੀਆਂ ਹਨ? ਜਦਕਿ ਮਿਸ਼ਨਰੀਆਂ ਨੇ ਸ੍ਰੋਮਣੀ ਕਮੇਟੀ ਤੋਂ ਬਾਅਦ ਤਮਾਮ ਜਥੇਬੰਦੀਆਂ ਤੋਂ ਵੱਧ, ਪੰਖਕ ਏਕਤਾ ਨੂੰ ਬਣਾਏ ਰੱਖਣ ਲਈ ਲੱਖਾਂ ਦੀ ਤਾਦਾਦ ’ਚ ਸਿੱਖ ਰਹਿਤ ਮਰਿਆਦਾਵਾਂ ਆਪਣੀ ਛਪਵਾ ਕੇ ਵੰਡੀਆਂ ਹਨ।)

ਗਿਆਨੀ ਅਵਤਾਰ ਸਿੰਘ